ਵਿਚਿ ਦੁਨੀਆ ਸੇਵਿ ਕਮਾਈਐ॥
ਤਾ ਦਰਗਹ ਬੈਸਣੁ ਪਾਈਐ॥ (ਪੰਨਾ 26)
ਸਮੇਂ-ਸਮੇਂ ਗੁਰੂ-ਘਰਾਂ ਵਿਚ ਸੇਵਾਵਾਂ ਚੱਲਦੀਆਂ ਰਹਿੰਦੀਆਂ ਹਨ, ਜਿਸ ਵਿਚ ਕਈ ਕਮੇਟੀਆਂ, ਸੰਸਥਾਵਾਂ ਅਤੇ ਜਥਿਆਂ ਦਾ ਅਹਿਮ ਯੋਗਦਾਨ ਹੁੰਦਾ ਹੈ, ਕਿਉਂਕਿ ਗੁਰੂ ਜੀ ਸਾਡੇ ਵਿੱਚੋਂ ਕਈ ਜੀਵਾਂ ਦੇ ਹਿਰਦਿਆਂ ਵਿਚ ਵੱਸ ਕੇ ਆਪ ਹੀ ਸੇਵਾਵਾਂ ਕਰਵਾਉਂਦੇ ਹਨ। ਇਸੇ ਤਰ੍ਹਾਂ ਕਈ ਜਥੇ ਤੇ ਸੰਸਥਾਵਾਂ ਗੁਰੂ-ਘਰ ਤੋਂ ਖੁਸ਼ੀਆਂ ਪ੍ਰਾਪਤ ਕਰਨ ਲਈ ਗੁਰੂ-ਦਰ ਦੀ ਸੇਵਾ ਦਾ ਕੋਈ ਵੀ ਮੌਕਾ ਨਹੀਂ ਛੱਡਣਾ ਚਾਹੁੰਦੀਆਂ।
ਸੰਸਥਾਵਾਂ ਦੀ ਇਸੇ ਲੜੀ ਵਿਚ ਇਕ ਨਾਮ ਸੇਵਕ ਜਥਾ ਦਾਦਰ ਦਾ ਹੈ, ਜੋ ਪਿਛਲੇ ਲੱਗਭਗ 50 ਸਾਲਾਂ ਤੋਂ ਗੁਰੂ-ਘਰਾਂ ਦੇ ਪ੍ਰੋਗਰਾਮਾਂ ਵਿਚ ਵਧ-ਚੜ੍ਹ ਕੇ ਹਿੱਸਾ ਪਾਉਂਦਾ ਆ ਰਿਹਾ ਹੈ। ਇਹ ਜਥਾ ਕਰੀਬ ਸੰਨ 1957 ਤੋਂ ਹੋਂਦ ਵਿਚ ਆਇਆ। ਇਹ ਧਾਰਮਿਕ ਤੇ ਸਮਾਜਿਕ ਸੰਸਥਾ ਹੈ ਅਤੇ ਸੇਵਕ ਜਥਾ ਦਾਦਰ ਨੂੰ ਮੁੰਬਈ ਦੇ ਸਾਰੇ ਗੁਰਦੁਆਰਿਆਂ ਦੀ ਕੇਂਦਰੀ ਸਭਾ, ਸ੍ਰੀ ਗੁਰੂ ਸਿੰਘ ਸਭਾ ਦਾਦਰ ਦਾ ਹਿੱਸਾ ਹੋਣ ਦਾ ਮਾਣ ਹਾਸਲ ਹੈ। ਇਸ ਜਥੇ ਨੂੰ ਹੋਂਦ ਵਿਚ ਲਿਆਉਣ ਵਿਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦਾਦਰ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਇਹ ਜਥਾ ਸੰਗਤਾਂ ਦੀ ਸੇਵਾ ਲਈ ਗੁਰਦੁਆਰਾ ਸਿੰਘ ਸਭਾ ਦਾਦਰ ਵਿਖੇ, ਦਿੱਤੇ ਹੋਏ ਕਮਰੇ ਵਿਚ ਦਫ਼ਤਰ ਬਣਾ ਕੇ ਸੰਗਤਾਂ ਦੀ ਸੇਵਾ ਕਰ ਰਿਹਾ ਹੈ।
ਪਿਛਲੇ 35 ਸਾਲਾਂ ਤੋਂ ਦਾਦਰ ਵਿਖੇ, ਇਸ ਜਥੇ ਦੇ ਉੱਦਮ-ਉਪਰਾਲੇ ਸਦਕਾ ਮੀਰੀ-ਪੀਰੀ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਬੜੇ ਹੀ ਉਤਸ਼ਾਹ ਨਾਲ ਵੱਡੇ ਪੱਧਰ ’ਤੇ ਮਨਾਇਆ ਜਾਂਦਾ ਰਿਹਾ ਹੈ, ਜਿਸ ਵਿਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਜਥਿਆਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਦਵਾਨਾਂ, ਢਾਡੀਆਂ, ਕਵੀਸ਼ਰਾਂ ਤੇ ਪ੍ਰਚਾਰਕਾਂ ਦੀਆਂ ਵੱਧ ਤੋਂ ਵੱਧ ਸੇਵਾਵਾਂ ਲਈਆਂ ਜਾਂਦੀਆਂ ਹਨ।
ਸੰਨ 1967 ਵਿਚ ਦਸਮ ਪਾਤਸ਼ਾਹ ਦੇ ਪਾਵਨ ਸ਼ਸਤਰ ਜੋ ਇੰਗਲੈਂਡ ਤੋਂ ਬੰਬਈ ਵਿਖੇ ਲਿਆਂਦੇ ਗਏ ਸਨ, ਜਥੇ ਨੇ ਨਗਰ ਕੀਰਤਨ ਵਿਚ ਉਸ ਵੇਲੇ ਮੁੱਖ ਸੇਵਾਵਾਂ ਨੂੰ ਕਮਰਬੰਦ ਹੋ ਕੇ ਨਿਭਾਇਆ।
ਅੱਜ ਦੇ ਯੁੱਗ ਵਿਚ ਨੌਜਵਾਨ ਪੀੜ੍ਹੀ ਨੂੰ ਗੁਰੂ-ਘਰ ਨਾਲ ਸਦੀਵੀ ਤੌਰ ’ਤੇ ਜੋੜਨ ਲਈ ਜਥੇ ਵੱਲੋਂ 22 ਜੁਲਾਈ, 2007 ਨੂੰ ਸੰਸਥਾ ਦੀ 50ਵੀਂ ਵਰ੍ਹੇਗੰਢ ਦੇ ਮੌਕੇ ’ਤੇ ਅਨੇਕਾਂ ਸ਼ਲਾਘਾਯੋਗ ਕਦਮ ਚੁੱਕੇ, ਜਿਸ ਵਿਚ ਸਾਬਤ-ਸੂਰਤ, ਗੁਰਮਤਿ ਮਰਯਾਦਾ ਦੇ ਧਾਰਨੀ ਸਿੱਖ ਬੱਚਿਆਂ ਨੂੰ (ਜੋ ਦਸਵੀਂ ਦੀ ਪ੍ਰੀਖਿਆ ਵਿੱਚੋਂ 75% ਤੋਂ ਵੱਧ ਨੰਬਰਾਂ ਨਾਲ ਪਾਸ ਹੋਏ) ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਸਾਬਤ-ਸੂਰਤ ਸਿੱਖ ਬੱਚਿਆਂ ਨੂੰ ਉਚੇਰੀ ਸਿੱਖਿਆ ਲਈ 1,22,000 ਰੁਪਏ ਸੇਵਕ ਜਥਾ, ਦਾਦਰ ਵੱਲੋਂ ਵਜ਼ੀਫ਼ਿਆਂ ਦੇ ਰੂਪ ਵਿਚ ਬੱਚਿਆਂ ਨੂੰ ਦੇ ਕੇ ਉਤਸ਼ਾਹਿਤ ਕੀਤਾ ਗਿਆ। ਇਹ ਜਥਾ ਜਿੱਥੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਪਿਛਲੇ 35 ਸਾਲਾਂ ਤੋਂ ਲੰਗਰਾਂ ਦੀ ਨਿਯਮਬੱਧ ਸੇਵਾ ਕਰ ਰਿਹਾ ਹੈ, ਉਥੇ ਦਰਬਾਰ ਖਾਲਸਾ (ਦੁਸਹਿਰੇ) ਤੇ ਹੋਲੇ-ਮਹੱਲੇ ’ਤੇ 8 ਦਿਨਾਂ ਤਕ ਅਨੁਸ਼ਾਸਨ ਦੀ ਸੇਵਾ ਸੰਭਾਲਣ ਦੀ ਜ਼ਿੰਮੇਵਾਰੀ ਵੀ ਨਿਭਾਉਂਦਾ ਆ ਰਿਹਾ ਹੈ।
ਵਿਦਿਅਕ ਖੇਤਰ ਵਿਚ ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਪੱਧਰ ’ਤੇ ਯੋਗਦਾਨ ਪਾਉਣ ਹਿਤ ਸੰਨ 1973 ਵਿਚ ਸਿੱਖ ਐਜੂਕੇਸ਼ਨ ਕਾਨਫਰੰਸ, ਜੋ ਚੀਫ਼ ਖਾਲਸਾ ਦੀਵਾਨ (ਅੰਮ੍ਰਿਤਸਰ) ਵੱਲੋਂ ਬੰਬਈ ਵਿਖੇ ਕਰਵਾਈ ਗਈ, ਜਥੇ ਦੇ ਭਰਪੂਰ ਸਹਿਯੋਗ ਦਾ ਸਦਕਾ ਸੇਵਕ ਜਥਾ ਦਾਦਰ, ਇਸ ਖੇਤਰ ਵਿਚ ਵੀ ਜਾਣਿਆ- ਪਹਿਚਾਣਿਆ ਨਾਂ ਬਣ ਚੁਕਾ ਹੈ।
ਅਕਤੂਬਰ ਸੰਨ 2008 ਵਿਚ ਆ ਰਿਹਾ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 300 ਸਾਲਾ ਗੁਰਤਾਗੱਦੀ ਦਿਹਾੜਾ ਜੋ ਪੂਰੇ ਸਿੱਖ ਜਗਤ ਵੱਲੋਂ ਬੜੇ ਉਤਸ਼ਾਹ ਨਾਲ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ, ਵਿਚ ਵੀ ਸੇਵਕ ਜਥਾ ਦਾਦਰ ਉੱਘੀਆਂ ਸੇਵਾਵਾਂ ਨਿਭਾ ਰਿਹਾ ਹੈ।
ਸੇਵਕ ਜਥਾ ਦਾਦਰ ਵਿਚ ਤਕਰੀਬਨ 150 ਮੈਂਬਰ ਸ਼ਾਮਲ ਹਨ, ਜੋ ‘ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ’ ਦੇ ਸਿਧਾਂਤ ਨੂੰ ਬਾਖ਼ੂਬੀ ਨਿਭਾ ਰਹੇ ਹਨ। ਸਿੱਖ ਸੰਸਥਾਵਾਂ ਦੀ ਸਿੱਖੀ ਪ੍ਰਚਾਰ ਵਿਚ ਅਹਿਮ ਭੂਮਿਕਾ ਨੂੰ ਜੇਕਰ ਵਾਚਣਾ ਹੋਵੇ ਤਾਂ ਸੇਵਕ ਜਥਾ ਦਾਦਰ, ਇਸ ਖੇਤਰ ਦੀ ਇਕ ਚੰਗੀ ਉਦਾਹਰਣ ਹੈ। ਇਹ ਜਥਾ ਸੱਚਮੁਚ ਕਿਸੇ ਕਵੀ ਦੀ ਕਲਪਨਾ ਦੇ ਅਨੁਰੂਪ ਆਪਣੀ ਰਵਾਨੀ ਸਹਿਤ ਗੁਰੂ ਕਿਰਪਾ ਸਦਕਾ ਗੁਰਮਤਿ ਵਿਚਾਰਧਾਰਾ ਤੇ ਸਿੱਖੀ ਸਿਧਾਂਤਾਂ ਅਤੇ ਗੁਰਬਾਣੀ ਦੇ ਪ੍ਰਚਾਰ-ਪ੍ਰਸਾਰ ’ਚ ਆਪਣੀ ਚਾਲੇ ਚੱਲਦਾ ਜਾ ਰਿਹਾ ਹੈ-
ਜੇ ਘਰਾਂ ਤੋਂ ਤੁਰ ਪਏ ਹੋ ਵੀਰਿਓ,
ਤਾਂ ਮੁਸ਼ਕਲਾਂ ਤੇ ਔਕੜਾਂ ਤੋਂ ਨਾ ਡਰੋ।
ਜੇ ਰੁਕੋ ਤਾਂ ਨਕਸ਼ ਬਣ ਕੇ ਰੁਕੋ,
ਜੇ ਤੁਰੋ ਤਾਂ ਰੋਸ਼ਨੀ ਵਾਂਗੂੰ ਤੁਰੋ।
ਲੇਖਕ ਬਾਰੇ
ਪ੍ਰਚਾਰਕ, ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਗੁ: ਪ੍ਰ: ਕਮੇਟੀ, ਸ੍ਰੀ ਅੰਮ੍ਰਿਤਸਰ
- ਹੋਰ ਲੇਖ ਉਪਲੱਭਧ ਨਹੀਂ ਹਨ