ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਜੇ ਖਾਲਸਾ ਪੰਥ ਨੇ ਹਿੰਦੋਸਤਾਨ ਅਤੇ ਹੱਕ-ਸੱਚ ਦੀ ਰਾਖੀ ਲਈ ਜੋ ਸੁਨਹਿਰੀ ਇਤਿਹਾਸ ਰਚਿਆ ਹੈ, ਇਸ ਦੀ ਮਿਸਾਲ ਦੁਨੀਆਂ ਦੇ ਇਤਿਹਾਸ ਵਿਚ ਹੋਰ ਕਿਤੇ ਨਹੀਂ ਮਿਲਦੀ। ਅਮਨ-ਸ਼ਾਂਤੀ ਦੇ ਸਮੇਂ ਤਾਂ ਧਰਮ ਦੇ ਰਾਖੇ ਬਣ ਬੈਠਣਾ ਕੋਈ ਵੱਡੀ ਗੱਲ ਨਹੀਂ ਹੁੰਦੀ, ਸੁਆਦ ਤਾਂ ਉਸ ਸਮੇਂ ਰਾਖੇ ਬਣਨ ਦਾ ਹੁੰਦਾ ਹੈ, ਜਦੋਂ ਹੱਕ-ਸੱਚ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੋਵੇ ਤੇ ਧਰਮ ਦਾ ਨਾਂ ਲੈਣਾ ਵੀ ਜ਼ੁਲਮ ਸਮਝਿਆ ਜਾਂਦਾ ਹੋਵੇ। ਜ਼ੁਲਮ ਵੀ ਅਜਿਹਾ ਜਿਸ ਦੀ ਕੋਈ ਦਾਦ-ਫ਼ਰਿਆਦ ਨਾ ਹੋਵੇ ਤੇ ਕਿਸੇ ਤੋਂ ਨਿਆਂ ਦੀ ਕੋਈ ਆਸ ਨਾ ਹੋਵੇ। ਮੁਗ਼ਲ ਰਾਜ ਸਮੇਂ ਖਾਸ ਕਰਕੇ ਬਾਦਸ਼ਾਹ ਔਰੰਗਜ਼ੇਬ ਦੇ ਸਮੇਂ ਗ਼ੈਰ-ਮੁਸਲਮਾਨਾਂ ’ਤੇ ਅਨੇਕ ਪ੍ਰਕਾਰ ਦੀਆਂ ਬੰਦਸ਼ਾਂ ਲਗਾ ਦਿੱਤੀਆਂ ਗਈਆਂ ਤੇ ਤਲਵਾਰ ਦੇ ਜ਼ੋਰ ਨਾਲ ਗ਼ੈਰ-ਮੁਸਲਮਾਨਾਂ ਨੂੰ ਜਬਰੀ ਮੁਸਲਮਾਨ ਬਣਾਇਆ ਜਾਣ ਲੱਗਾ।
ਅਜਿਹੇ ਘੋਰ ਸੰਕਟ ਦੇ ਸਮੇਂ ਜਦੋਂ ਇਸ ਜ਼ੁਲਮ ਅੱਗੇ ਸਾਰੇ ਹਿੰਦੋਸਤਾਨ ਦੀ ਜਨਤਾ ਥਰ-ਥਰ ਕੰਬ ਰਹੀ ਸੀ, ਉਸ ਸਮੇਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਧਰਮ ਨੂੰ ਬਚਾਉਣ ਲਈ ਅਤੇ ਹੱਕ-ਸੱਚ ਦੀ ਰਾਖੀ ਲਈ ਜ਼ਾਲਮ ਹਕੂਮਤ ਨੂੰ ਠੱਲ੍ਹ ਪਾਉਣ ਲਈ ਖਾਲਸੇ ਦੀ ਸਾਜਨਾ ਕੀਤੀ। ਅਕਾਲ ਪੁਰਖ ਨੇ ਖਾਲਸਾ ਦਲਾਂ ਨੂੰ ਅਜਿਹਾ ਹੌਂਸਲਾ ਤੇ ਬਲ ਬਖਸ਼ਿਆ ਕਿ ਸੂਰਬੀਰ ਸਿੰਘਾਂ ਨੇ ਹਰ ਜ਼ੁਲਮ ਦਾ ਟਾਕਰਾ ਆਪਣਾ ਸਿਰ ਤਲੀ ’ਤੇ ਧਰ ਕੇ ਦੁਨੀਆਂ ਅੱਗੇ ਅਜਿਹੇ ਕਾਰਨਾਮੇ ਪੇਸ਼ ਕੀਤੇ ਕਿ ਲੋਕ ਮੂੰਹ ਵਿਚ ਉਂਗਲਾਂ ਪਾ ਕੇ ਸੋਚਣ ਲੱਗ ਪਏ।
ਸਿੱਖਾਂ ਦੀਆਂ 12 ਮਿਸਲਾਂ ’ਚੋਂ ਸ਼ਹੀਦਾਂ ਦੀ ਮਿਸਲ ਦੇ ਬਾਨੀ ਬਾਬਾ ਦੀਪ ਸਿੰਘ ਜੀ ਦਾ ਜਨਮ 1682 ਈ. ਵਿਚ ਅੰਮ੍ਰਿਤਸਰ ਪਰਗਣੇ ਦੇ ਪਹੂਵਿੰਡ ਪਿੰਡ ਵਿਖੇ ਹੋਇਆ। ਜੁਆਨ ਅਵਸਥਾ ਵਿਚ ਆਪ ਖੰਡੇ-ਬਾਟੇ ਦੀ ਪਾਹੁਲ ਛਕ ਕੇ ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਵਿਚ ਰਹਿਣ ਲੱਗ ਪਏ। ਜਥੇਦਾਰ ਬੁੱਢਾ ਸਿੰਘ ਜੀ ਵੀ ਆਪ ਜੀ ਦੇ ਸਾਥੀ ਸਨ।
ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਮਕੌਰ ਦੀ ਜੰਗ ਤੋਂ ਬਾਅਦ ਜੰਗਲਾਂ ਦੇ ਵਿਚ ਦੀ ਹੁੰਦੇ ਹੋਏ ਪਿੰਡਾਂ ਵਿਚ ਠਹਿਰਦੇ ਤਲਵੰਡੀ ਸਾਬੋ ਪਹੁੰਚੇ ਅਤੇ ਇਸ ਜਗ੍ਹਾ ‘ਤੇ ਆ ਕੇ ਟਿਕ ਗਏ ਅਤੇ ਸਿੱਖਾਂ ਨੂੰ ਹੁਕਮਨਾਮੇ ਜਾਰੀ ਕੀਤੇ, ਜਿਸ ਕਾਰਨ ਇਸ ਜਗ੍ਹਾ ਦਾ ਨਾਂ ਦਮਦਮਾ ਸਾਹਿਬ ਪੈ ਗਿਆ। ਤਲਵੰਡੀ ਸਾਬੋ ਵਿਖੇ ਅੱਜ ਜਿੱਥੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਇਮਾਰਤ ਬਣੀ ਹੋਈ ਹੈ, ਇਸ ਜਗ੍ਹਾ ‘ਤੇ ਗੁਰੂ ਜੀ ਦਰਬਾਰ ਸਜਾਇਆ ਕਰਦੇ ਸਨ। ਇਸੇ ਜਗ੍ਹਾ ‘ਤੇ ਮਾਤਾ ਜੀ ਨੇ ਪੁੱਤਰਾਂ ਦੀ ਸ਼ਹੀਦੀ ਦਾ ਹਾਲ ਪੁੱਛਿਆ ਸੀ। ਤਲਵੰਡੀ ਸਾਬੋ ਵਿਚ ਗੁਰੂ ਸਾਹਿਬ ਦੇ ਕਾਫ਼ੀ ਸਮਾਂ ਟਿਕੇ ਰਹਿਣ ਕਰਕੇ ਇਸ ਜਗ੍ਹਾ ਦੇ ਕਈ ਸਥਾਨ ਗੁਰੂ ਸਾਹਿਬ ਦੀਆਂ ਯਾਦਾਂ ਨਾਲ ਜੁੜੇ ਹੋਏ ਹਨ ਅਤੇ ਦੂਰੋਂ-ਦੂਰੋਂ ਸਿੱਖ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਇਸ ਜਗ੍ਹਾ ‘ਤੇ ਆਉਂਦੇ ਹਨ। ਉੱਚ-ਕੋਟੀ ਦੇ ਵਿਦਵਾਨ, ਨਾਮ-ਅਭਿਆਸੀ, ਕੁਰਬਾਨੀ ਦੇ ਪੁੰਜ, ਧਰਮੀ ਸੂਰਬੀਰ, ਸਿੱਖ ਪੰਥ ਦੇ ਅਣਖੀਲੇ ਜਥੇਦਾਰ ਬਾਬਾ ਦੀਪ ਸਿੰਘ ਜੀ ਵੀ ਇਸ ਜਗ੍ਹਾ ‘ਪੁਰ ਗੁਰੂ ਜੀ ਪਾਸ ਰਹਿੰਦੇ ਰਹੇ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਦੱਖਣ ਦੀ ਯਾਤਰਾ ਤੋਂ ਪਹਿਲਾਂ ਦਮਦਮਾ ਸਾਹਿਬ ਤਲਵੰਡੀ ਸਾਬੋ ਠਹਿਰੇ ਹੋਏ ਸਨ, ਉਸ ਸਮੇਂ ਉਨ੍ਹਾਂ ਨੇ ਇਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਿਚ ਪਿਤਾ ਗੁਰੂ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਰਜ ਕਰਵਾ ਕੇ ਨਵਾਂ ਸਰੂਪ ਤਿਆਰ ਕਰਵਾਇਆ। ਬਾਬਾ ਦੀਪ ਸਿੰਘ ਜੀ ਨੇ ਇਸ ਸਰੂਪ ਦੇ ਉਤਾਰੇ ਕੀਤੇ।
ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੱਖਣ ਯਾਤਰਾ ’ਤੇ ਗਏ ਤਾਂ ਬਾਬਾ ਦੀਪ ਸਿੰਘ ਜੀ ਅਤੇ ਜਥੇਦਾਰ ਬੁੱਢਾ ਸਿੰਘ ਜੀ ਦੀ ਡਿਊਟੀ ਦਮਦਮਾ ਸਾਹਿਬ ਵਿਖੇ ਸੇਵਾ-ਸੰਭਾਲ ਲਈ ਲਗਾਈ। ਦਮਦਮਾ ਸਾਹਿਬ ਵਿਖੇ ਸੇਵਾ-ਸੰਭਾਲ ਕਰਦਿਆਂ ਬਾਬਾ ਦੀਪ ਸਿੰਘ ਜੀ ਨੇ ਇਕ ਖੂਹ ਲਗਵਾਇਆ ਜੋ ਤਖ਼ਤ ਸਾਹਿਬ ਦੀ ਪਰਕਰਮਾ ਵਿਚ ਹੈ, ਜੋ ਸ਼ਹੀਦਾਂ ਦੇ ਖੂਹ ਨਾਲ ਜਾਣਿਆ ਜਾਂਦਾ ਹੈ। ਜਥੇਦਾਰ ਬੁੱਢਾ ਸਿੰਘ ਜੀ ਨੇ ਬੇਰੀਆਂ ਦੇ ਦਰੱਖ਼ਤ ਲਗਵਾਏ।
ਦੱਖਣ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾ ਕੇ ਪੰਜਾਬ ਭੇਜਿਆ, ਉਸ ਸਮੇਂ ਬਾਬਾ ਦੀਪ ਸਿੰਘ ਜੀ ਆਪਣੇ ਸਾਥੀ ਸਿੰਘਾਂ ਸਮੇਤ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਸਹਾਇਤਾ ਕੀਤੀ। ਇਹ ਮੈਦਾਨ-ਏ-ਜੰਗ ਵਿਚ ਸਭ ਤੋਂ ਅੱਗੇ ਹੋ ਕੇ ਲੜਦੇ ਜਿਸ ਨਾਲ ਵਿਰੋਧੀਆਂ ਵਿਚ ਬਾਬਾ ਜੀ ਦਾ ਇਤਨਾ ਦਬਦਬਾ ਬੈਠ ਗਿਆ ਕਿ ਬਾਬਾ ਦੀਪ ਸਿੰਘ ਜੀ ਦਾ ਨਾਂ ਸੁਣ ਕੇ ਹੀ ਮੈਦਾਨ ਵਿੱਚੋਂ ਤਿੱਤਰ ਹੋ ਜਾਂਦੇ ਸਨ ਅਤੇ ਇਨ੍ਹਾਂ ਦੇ ਜਥੇ ਦਾ ਨਾਂ ਸ਼ਹੀਦੀ ਜਥਾ ਪ੍ਰਸਿੱਧ ਹੋ ਗਿਆ ਸੀ।
ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਮੁਗ਼ਲ ਸਰਕਾਰ ਵੱਲੋਂ ਸਿੱਖਾਂ ’ਤੇ ਸਖ਼ਤੀਆਂ ਦਾ ਦੌਰ ਚੱਲਿਆ। ਜ਼ਕਰੀਆ ਖਾਨ ਦੇ ਸਮੇਂ ਇਹ ਸਖ਼ਤੀ ਇਕ ਭਿਆਨਕ ਸੰਘਰਸ਼ ਦਾ ਰੂਪ ਧਾਰਨ ਕਰ ਗਈ। ਉਸ ਸਮੇਂ ਖਾਲਸਾ ਪੰਥ ਇਕ ਜਥੇ ਦੇ ਰੂਪ ਵਿਚ ਵਿਚਰਦਾ ਸੀ ਅਤੇ ਬਾਬਾ ਦੀਪ ਸਿੰਘ ਜੀ ਨੂੰ ਜਥੇ ਦੇ ਮੁਖੀ ਸਿੰਘਾਂ ਵਿਚ ਗਿਣਿਆ ਜਾਂਦਾ ਸੀ। ਗਿਆਨੀ ਗਿਆਨ ਸਿੰਘ ਅਨੁਸਾਰ ਉਸ ਸਮੇਂ ਜਥੇਦਾਰ ਦਰਬਾਰਾ ਸਿੰਘ ਦੀਵਾਨ, ਜਥੇਦਾਰ ਸੰਗਤ ਸਿੰਘ ਖ਼ਜ਼ਾਨਚੀ, ਜਥੇਦਾਰ ਹਰੀ ਸਿੰਘ ਲਾਂਗਰੀ, ਜਥੇਦਾਰ ਭਗਤ ਸਿੰਘ ਮੋਦੀ, ਜਥੇਦਾਰ ਬੁੱਢਾ ਸਿੰਘ ਦੇਸੀ, ਜਥੇਦਾਰ ਹਰਦਿੱਤ ਸਿੰਘ, ਜਥੇਦਾਰ ਗਰਜਾ ਸਿੰਘ, ਜਥੇਦਾਰ ਸੱਜਨ ਸਿੰਘ, ਜਥੇਦਾਰ ਈਸ਼ਰ ਸਿੰਘ, ਜਥੇਦਾਰ ਗਿਆਨ ਸਿੰਘ, ਜਥੇਦਾਰ ਸਾਧੂ ਸਿੰਘ, ਜਥੇਦਾਰ ਦੇਵਾ ਸਿੰਘ, ਨਵਾਬ ਕਪੂਰ ਸਿੰਘ, ਜਥੇਦਾਰ ਹਰੀ ਸਿੰਘ ਸੁਖਈ, ਬਾਬਾ ਦੀਪ ਸਿੰਘ ਜੀ, ਜਥੇਦਾਰ ਗੁਰਬਖਸ਼ ਸਿੰਘ (ਸ਼ਹੀਦ), ਜਥੇਦਾਰ ਥਰਾਜ ਸਿੰਘ, ਜਥੇਦਾਰ ਜੱਸਾ ਸਿੰਘ, ਜਥੇਦਾਰ ਕਰਮ ਸਿੰਘ, ਜਥੇਦਾਰ ਭੋਲਾ ਸਿੰਘ, ਜਥੇਦਾਰ ਅਤਰ ਸਿੰਘ, ਜਥੇਦਾਰ ਸੀਹਾਂ ਸਿੰਘ, ਜਥੇਦਾਰ ਬਚਨ ਸਿੰਘ, ਜਥੇਦਾਰ ਕੇਹਰ ਸਿੰਘ, ਜਥੇਦਾਰ ਬ੍ਰਜ ਸਿੰਘ, ਜਥੇਦਾਰ ਘਨਘੋਰ ਸਿੰਘ ਅਤੇ ਜਥੇਦਾਰ ਅਮਰ ਸਿੰਘ ਆਦਿ ਮੁਖੀ ਸਿੰਘ ਸਨ।
1735 ਈ. ਵਿਚ ਜ਼ਕਰੀਆ ਖਾਨ ਨੇ ਸ੍ਰੀ ਅੰਮ੍ਰਿਤਸਰ ਦੇ ਇਰਦ-ਗਿਰਦ ਪਹਿਰੇ ਲਾ ਕੇ ਸ੍ਰੀ ਦਰਬਾਰ ਸਾਹਿਬ ਵੱਲ ਜਾਂਦੇ ਸਾਰੇ ਰਸਤੇ ਬੰਦ ਕਰ ਦਿੱਤੇ। ਭਾਈ ਮਨੀ ਸਿੰਘ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਅਤੇ ਜੰਡਿਆਲੇ ਦਾ ਤੁਅੱਲਕਦਾਰ ਮੱਸਾ ਰੰਘੜ ਹਰਿਮੰਦਰ ਸਾਹਿਬ ਦੀ ਬੇਅਦਬੀ ਕਰ ਰਿਹਾ ਸੀ। ਉਸ ਨੂੰ ਸਜ਼ਾ ਦੇਣ ਲਈ ਭਾਈ ਮਹਿਤਾਬ ਸਿੰਘ ਅਤੇ ਭਾਈ ਸੁਖਾ ਸਿੰਘ ਨੂੰ ਜਥੇਦਾਰ ਬੁੱਢਾ ਸਿੰਘ ਨੇ ਬੀਕਾਨੇਰ ਤੋਂ ਭੇਜਿਆ। ਉਹ ਜਾਂਦੇ ਸਮੇਂ ਬਾਬਾ ਦੀਪ ਸਿੰਘ ਜੀ ਪਾਸ ਦਮਦਮਾ ਸਾਹਿਬ ਠਹਿਰੇ ਸਨ ਅਤੇ ਮੱਸੇ ਰੰਘੜ ਨੂੰ ਉਸ ਦੇ ਕੀਤੇ ਦੀ ਸਜ਼ਾ ਦੇਣ ਤੋਂ ਬਾਅਦ ਉਸ ਦਾ ਸਿਰ ਨੇਜਿਆਂ ’ਤੇ ਟੰਗ ਕੇ ਲਿਜਾਂਦੇ ਹੋਏ ਵਾਪਸੀ ’ਤੇ ਵੀ ਦਮਦਮਾ ਸਾਹਿਬ ਵਿਖੇ ਬਾਬਾ ਦੀਪ ਸਿੰਘ ਜੀ ਪਾਸ ਠਹਿਰੇ।
ਜਦ ਅਦੀਨਾ ਬੇਗ ਦੇ ਮਰਨ ਪਿੱਛੋਂ ਜਲੰਧਰ ਸਿੱਖਾਂ ਦੇ ਕਬਜ਼ੇ ਵਿਚ ਆ ਗਿਆ ਉਸ ਸਮੇਂ ਬਾਬਾ ਦੀਪ ਸਿੰਘ ਜੀ ਨੇ ਸਿਆਲਕੋਟ ਦਾ ਇਲਾਕਾ ਮੁਹੰਮਦ ਅਮੀਨ ਤੋਂ ਫ਼ਤਹਿ ਕਰ ਕੇ ਆਪਣੇ ਸਾਥੀ ਭਾਈ ਦਿਆਲ ਸਿੰਘ ਤੇ ਭਾਈ ਨੱਥਾ ਸਿੰਘ ਸ਼ਹੀਦ ਨੂੰ ਦੇ ਦਿੱਤਾ, ਜੋ ਸ਼ਹੀਦ ਭਾਈ ਕਰਮ ਸਿੰਘ ਦੇ ਸਮੇਂ ਤਕ ਮਿਸਲ ਸ਼ਹੀਦਾਂ ਨੂੰ ਸਾਲਾਨਾ ਕੁਝ ਨਾ ਕੁਝ ਪਹੁੰਚਾਉਂਦੇ ਰਹੇ, ਕਿੰਤੂ ਗੁਲਾਬ ਸਿੰਘ ਦਾ ਅਵੈੜਪੁਣਾ ਦੇਖ ਕੇ ਉਹ ਜਾਗੀਰ ਦਰਬਾਰ ਬੇਰ ਬਾਬਾ ਨਾਨਕ ਸਾਹਿਬ ਦੇ ਨਾਮ ਲਾ ਦਿੱਤੀ।
ਅਹਿਮਦਸ਼ਾਹ ਅਬਦਾਲੀ ਨੇ ਜਹਾਨ ਖਾਨ ਨੂੰ ਸਿੰਘਾਂ ’ਤੇ ਹਮਲਾ ਕਰਨ ਲਈ ਭੇਜਿਆ। ਦੁਰਾਨੀਆਂ ਦਾ ਜ਼ੋਰ ਦੇਖ ਕੇ ਕੁਝ ਸਿੰਘ ਮਾਲਵੇ ਵੱਲ ਨੂੰ ਚਲੇ ਗਏ। ਜਹਾਨ ਖਾਨ ਅੰਮ੍ਰਿਤਸਰ ਵਿਖੇ ਡੇਰੇ ਲਾ ਕੇ ਬੈਠ ਗਿਆ ਅਤੇ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਕਰਨ ਲੱਗ ਪਿਆ। ਸ੍ਰੀ ਅੰਮ੍ਰਿਤਸਰ ਦਾ ਸਰੋਵਰ ਮਿੱਟੀ ਨਾਲ ਪੂਰ ਦਿੱਤਾ ਗਿਆ। ਜਦੋਂ ਬਾਬਾ ਦੀਪ ਸਿੰਘ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਆਪ ਨੇ ਉਸੇ ਵੇਲੇ ਅੰਮ੍ਰਿਤਸਰ ਪਹੁੰਚ ਕੇ ਬਦਲਾ ਲੈਣ ਦਾ ਫ਼ੈਸਲਾ ਕਰ ਲਿਆ। ਝਟਪਟ ਆਪਣੀ ਜਗ੍ਹਾ ਭਾਈ ਨੱਥਾ ਸਿੰਘ ਨੂੰ ਛੱਡ ਕੇ ਸ਼ਹੀਦ ਹੋਣ ਦੇ ਇਰਾਦੇ ਨਾਲ ਅੰਮ੍ਰਿਤਸਰ ਵੱਲ ਨੂੰ ਕੂਚ ਕਰ ਦਿੱਤਾ। ਉਸ ਸਮੇਂ ਆਪ ਜੀ ਦੇ ਨਾਲ ਸਿਰਫ਼ 500 ਸਿੰਘਾਂ ਦਾ ਜਥਾ ਸੀ। ਰਸਤੇ ਵਿਚ ਲਾਗਲੇ ਪਿੰਡਾਂ ਜੋਗਾ, ਦੋਰਾਜ, ਭੁੱਚੋ, ਗੋਬਿੰਦਪੁਰਾ, ਲੱਖੀ ਜੰਗਲ, ਬਹਿਮਨ, ਮਾਹਨਵਾਲ, ਕੋਟ, ਪੰਜੋ ਕੇ, ਗੁਰੂ ਚੌਤਰਾ, ਫੂਲ, ਮਹਿਰਾਜ ਤੋਂ ਹੋਰ ਸਿੰਘ ਜਥੇ ਵਿਚ ਰਲਦੇ ਗਏ, ਇਸ ਤਰ੍ਹਾਂ ਤਰਨ ਤਾਰਨ ਪਹੁੰਚਣ ਤੀਕ ਉਨ੍ਹਾਂ ਨਾਲ ਪੰਜ ਹਜ਼ਾਰ ਜੁਝਾਰੂ ਸਿੰਘਾਂ ਦਾ ਜਥਾ ਬਣ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਜੋ ਗੁਰੂ ਦੇ ਰਾਹ ’ਤੇ ਸਿਰ ਦੇਣ ਲਈ ਤਿਆਰ ਹੈ ਉਹੀ ਉਨ੍ਹਾਂ ਨਾਲ ਆਵੇ। ਉਨ੍ਹਾਂ ਦੇ ਸੱਦੇ ’ਤੇ ਪੰਜ ਹਜ਼ਾਰ ਗੁਰੂ ਕੇ ਸਿੰਘ ਸ਼ਹੀਦ ਹੋਣ ਲਈ ਤਿਆਰ-ਬਰ-ਤਿਆਰ ਹੋ ਕੇ ਆ ਪਹੁੰਚੇ। ਉਧਰ ਲਾਹੌਰ ਦੇ ਸੂਬੇ ਨੂੰ ਵੀ ਖ਼ਬਰ ਲੱਗ ਗਈ ਕਿ ਸਿੱਖ ਦੀਵਾਲੀ ਦੇ ਮੌਕੇ ‘ਤੇ ਅੰਮ੍ਰਿਤਸਰ ਇਕੱਠੇ ਹੋ ਰਹੇ ਹਨ। ਹਾਜੀ ਅਤਾਈ ਖਾਂ ਗਸ਼ਤੀ ਫ਼ੌਜ ਲੈ ਕੇ ਸਿੱਖਾਂ ਦਾ ਖੁਰਾ-ਖੋਜ ਮਿਟਾਉਣ ਲਈ ਚੱਕਰ ਲਗਾ ਰਿਹਾ ਸੀ। ਅੰਮ੍ਰਿਤਸਰ ਪਹੁੰਚ ਕੇ ਸਿੱਖਾਂ ਨੂੰ ਦਬਾਉਣ ਦਾ ਹੁਕਮ ਹੋਇਆ। ਉਧਰੋਂ ਸੂਬੇ ਨੇ ਢੋਲ ਵਜਵਾ ਕੇ ਲਾਹੌਰ ਵਿਚ ਜਹਾਦ ਦਾ ਐਲਾਨ ਕਰਵਾ ਦਿੱਤਾ ਅਤੇ ਸਾਰੇ ਮੋਮਨਾਂ ਨੂੰ ਨਿੱਤਰਨ ਲਈ ਵੰਗਾਰਿਆ। ਲਾਹੌਰ ਦਾ ਫ਼ੌਜਦਾਰ ਜਹਾਨ ਖਾਂ ਦੋ ਹਜ਼ਾਰ ਸਵਾਰ ਲੈ ਕੇ ਅੰਮ੍ਰਿਤਸਰ ਵੱਲ ਚੱਲ ਪਿਆ। ਸਿੰਘਾਂ ਦੇ ਆਉਣ ਦੀ ਖ਼ਬਰ ਦੁਰਾਨੀ ਨੂੰ ਵੀ ਮਿਲ ਚੁੱਕੀ ਸੀ ਉਹ ਵੀ ਆਪਣੀ ਫ਼ੌਜ ਲੈ ਕੇ ਗੋਹਲਵੜ ਕੋਲ ਆਣ ਪਹੁੰਚਾ। ਦੋਵਾਂ ਦਲਾਂ ਦਾ ਮੁਕਾਬਲਾ ਗੋਹਲਵੜ ਕੋਲ ਹੋ ਗਿਆ। ਗਹਿਗੱਚ ਲੜਾਈ ਹੋਈ, ਛੇ ਕੋਹ ਦੇ ਵਿਚਕਾਰ ਲਾਸ਼ਾਂ ਹੀ ਲਾਸ਼ਾਂ ਵਿੱਛ ਗਈਆਂ। ਗਿਆਨੀ ਗਿਆਨ ਸਿੰਘ ਅਨੁਸਾਰ, ‘ਚੱਬੇ ਪਿੰਡ ਦੇ ਕੋਲ ਸ਼ਾਹ ਜਮਾਲ ਨਾਲ ਬਾਬਾ ਜੀ ਦੀ ਇਤਨੀ ਭਿਆਨਕ ਲੜਾਈ ਹੋਈ ਕਿ ਬਾਬਾ ਜੀ ਸਿਰ ਤਲੀ ’ਤੇ ਧਰ ਕੇ ਲੜੇ ਅਤੇ ਸ੍ਰੀ ਅੰਮ੍ਰਿਤਸਰ ਪਹੁੰਚ ਕੇ ਬਾਬਾ ਜੀ ਸ਼ਹੀਦੀ ਪਾ ਗਏ।’
ਇਸੇ ਤਰ੍ਹਾਂ ਜਥੇਦਾਰ ਰਾਮ ਸਿੰਘ ਬਹੁਤਿਆਂ ਨੂੰ ਮਾਰ ਕੇ ਸ਼ਹੀਦ ਹੋ ਗਿਆ, ਜਿਨ੍ਹਾਂ ਦਾ ਸ਼ਹੀਦ ਗੰਜ ਰਾਮਗੜ੍ਹੀਆਂ ਦੇ ਕਟੜੇ ਵਿਚ ਹੈ। ਬਾਬਾ ਸੱਜਣ ਸਿੰਘ, ਬਾਬਾ ਬਹਾਦਰ ਸਿੰਘ ਤੇ ਕਈ ਹੋਰ ਸਿੰਘ ਗੁਰੂ ਦੇ ਬਾਗ਼ ਵਿਚ ਲੜਦੇ ਸ਼ਹੀਦ ਹੋ ਗਏ, ਉਨ੍ਹਾਂ ਦਾ ਸਥਾਨ ਬਾਗ਼ ਵਿਚ ਹੈ। ਬਾਗ਼ ਦੀ ਜਗ੍ਹਾ ਅੱਜਕਲ੍ਹ ਦੀਵਾਨ ਹਾਲ ਮੰਜੀ ਸਾਹਿਬ ਬਣ ਗਿਆ ਹੈ। ਇਨ੍ਹਾਂ ਸ਼ਹੀਦਾਂ ਦੀ ਯਾਦ ਵਿਚ ਮੰਜੀ ਸਾਹਿਬ ਦੇ ਨੇੜੇ ਨਿਸ਼ਾਨ ਸਾਹਿਬ ਝੁਲਾਇਆ ਹੋਇਆ ਹੈ, ਜਿਸ ਦੇ ਥੜ੍ਹੇ ਉੱਪਰ ਹੇਠ ਲਿਖੇ ਸਿੰਘਾਂ ਦੇ ਨਾਮ ਲਿਖੇ ਹੋਏ ਹਨ:
- 1. ਬਾਬਾ ਦੀਪ ਸਿੰਘ ਜੀ ਸ਼ਹੀਦ ਹੈੱਡ ਜਥੇਦਾਰ
- 2. ਬਾਬਾ ਬਲਵੰਤ ਸਿੰਘ ਜੀ ਸ਼ਹੀਦ ਜਥੇਦਾਰ
- 3. ਬਾਬਾ ਹੀਰਾ ਸਿੰਘ ਜੀ ਸ਼ਹੀਦ ਜਥੇਦਾਰ
- 4. ਬਾਬਾ ਗੰਡਾ ਸਿੰਘ ਜੀ ਸ਼ਹੀਦ ਜਥੇਦਾਰ
- 5. ਬਾਬਾ ਲਹਿਣਾ ਸਿੰਘ ਜੀ ਸ਼ਹੀਦ ਜਥੇਦਾਰ
- 6. ਬਾਬਾ ਰਣ ਸਿੰਘ ਜੀ ਸ਼ਹੀਦ ਜਥੇਦਾਰ
- 7. ਬਾਬਾ ਗੁਪਾਲ ਸਿੰਘ ਜੀ ਸ਼ਹੀਦ ਜਥੇਦਾਰ
- 8. ਬਾਬਾ ਭਾਗ ਸਿੰਘ ਜੀ ਸ਼ਹੀਦ ਜਥੇਦਾਰ
- 9. ਬਾਬਾ ਸੱਜਣ ਸਿੰਘ ਜੀ ਸ਼ਹੀਦ ਜਥੇਦਾਰ
- 10. ਬਾਬਾ ਬਹਾਦਰ ਸਿੰਘ ਜੀ ਸ਼ਹੀਦ ਜਥੇਦਾਰ
ਜਦੋਂ ਇਸ ਲੜਾਈ ਦਾ ਹਾਲ ਬਾਬਾ ਗੁਰਬਖਸ਼ ਸਿੰਘ ਅਤੇ ਭਾਈ ਦਰਗਾਹ ਸਿੰਘ ਨੇ ਸੁਣਿਆ ਤਾਂ ਉਹ ਉਸੇ ਵੇਲੇ ਅਨੰਦਪੁਰ ਸਾਹਿਬ ਤੋਂ ਦੋ ਹਜ਼ਾਰ ਸਵਾਰ ਲੈ ਕੇ ਚੜ੍ਹ ਆਏ ਤੇ ਵੈਰੀਆਂ ਨਾਲ ਲੜਦੇ-ਭਿੜਦੇ ਅੰਮ੍ਰਿਤਸਰ ਪਹੁੰਚ ਗਏ। ਸਿੰਘਾਂ ਨੂੰ ਪਵਿੱਤਰ ਗੁਰ-ਅਸਥਾਨ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਨੂੰ ਦੇਖ ਕੇ ਬਹੁਤ ਦੁੱਖ ਹੋਇਆ। ਉਨ੍ਹਾਂ ਨੇ ਰਾਤ ਨੂੰ ਛਾਪੇ ਮਾਰ ਕੇ ਵੈਰੀਆਂ ਦੇ ਥਾਣੇ ਤਹਿਸੀਲਾਂ ਸਭ ਸਾੜ ਦਿੱਤੇ। ਸਿੰਘਾਂ ਦੇ ਮੁਕਾਬਲੇ ਲਈ ਹੋਰ ਮੁਗ਼ਲ ਫ਼ੌਜਾਂ ਬੁਲਾ ਲਈਆਂ ਗਈਆਂ ਅਤੇ ਸਿੰਘਾਂ ਦਾ ਖੁਰਾ-ਖੋਜ ਮਿਟਾਉਣ ਦਾ ਹੁਕਮ ਦੇ ਦਿੱਤਾ। ਸ਼ਾਹ ਨਾਜਮ ਦੀਨ, ਸਰ ਬੁਲੰਦ ਖਾਂ, ਜਾਬਰ ਖਾਂ, ਜਾਲਮ ਖਾਂ ਆਦਿ ਫ਼ੌਜਦਾਰ 20 ਹਜ਼ਾਰ ਲੜਾਕੇ ਪਠਾਣਾਂ ਨੂੰ ਲੈ ਕੇ ਮੈਦਾਨ ਵਿਚ ਆ ਗਏ। ਉਧਰ ਜਥੇਦਾਰ ਗੁਰਬਖਸ਼ ਸਿੰਘ ਆਦਿ ਦੁਸ਼ਮਣ ਦੀ ਚੜ੍ਹਾਈ ਸੁਣ ਕੇ ਧਰਮ ਯੁੱਧ ਲਈ ਅਰਦਾਸ ਕਰ ਕੇ ਸ਼ਹੀਦ ਹੋਣ ਲਈ ਤਿਆਰ ਹੋ ਬੈਠੇ। ਦਿਨ ਚੜ੍ਹਦੇ ਤਕ ਪਠਾਣਾਂ ਦੀ ਚੰਗੀ ਫ਼ੌਜ ਅੰਮ੍ਰਿਤਸਰ ਪਹੁੰਚ ਗਈ। ਅੰਮ੍ਰਿਤਸਰ ਸਰੋਵਰ ਦੇ ਪਿਛਲੇ ਪਾਸੇ ਬੜੀ ਭਿਆਨਕ ਲੜਾਈ ਹੋਈ, ਜਿਸ ਵਿਚ ਬਾਬਾ ਗੁਰਬਖਸ਼ ਸਿੰਘ, ਬਾਬਾ ਨਿਹਾਲ ਸਿੰਘ, ਬਾਬਾ ਬਸੰਤ ਸਿੰਘ ਆਦਿ ਵੱਡੇ ਜਥੇਦਾਰ ਸ਼ਹੀਦ ਹੋ ਗਏ। ਦੁਰਾਨੀਆਂ ਦੀ ਫ਼ੌਜ ਪਿੱਛੋਂ ਹੋਰ ਆਉਂਦੀ ਗਈ ਤਾਂ ਸਿੰਘ ਬਸਰੇ ਦੇ ਜੰਗਲਾਂ ਵਿਚ ਚਲੇ ਗਏ ਅਤੇ ਦੁਰਾਨੀ ਮੈਦਾਨ ਖ਼ਾਲੀ ਦੇਖ ਕੇ ਅੰਮ੍ਰਿਤਸਰ ਵਿਚ ਖੜਦੁੰਮ ਮਚਾ ਕੇ ਵਾਪਸ ਚਲੇ ਗਏ। ਅਕਾਲ ਤਖ਼ਤ ਸਾਹਿਬ ਦੇ ਪਿਛਲੇ ਪਾਸੇ ਬਾਬਾ ਬਸੰਤ ਸਿੰਘ ਦੇ ਥੜ੍ਹੇ ਦੇ ਪਾਸ ਬਾਬਾ ਗੁਰਬਖਸ਼ ਸਿੰਘ ਦੀ ਯਾਦਗਾਰ ਬਣੀ ਹੋਈ ਹੈ। ਬਾਬਾ ਨਿਹਾਲ ਸਿੰਘ ਚੁਰਸਤੀ ਅਟਾਰੀ ਦੇ ਪਾਸ ਸ਼ਹੀਦ ਹੋਏ ਸਨ, ਉਸੇ ਜਗ੍ਹਾ ‘ਤੇ ਉਨ੍ਹਾਂ ਦੀ ਯਾਦਗਾਰ ਬਣੀ ਹੋਈ ਹੈ। ਇਹ ਸਥਾਨ ਹੁਣ ਅੰਮ੍ਰਿਤਸਰ ਵਿਚ ਸ਼ਹੀਦ ਗੰਜ ਦੇ ਨਾਂ ਨਾਲ ਮਸ਼ਹੂਰ ਹੈ।
ਇਸ ਜੰਗ ਵਿਚ ਭਾਵੇਂ ਬਾਬਾ ਦੀਪ ਸਿੰਘ ਜੀ ਸ਼ਹੀਦੀ ਪਾ ਗਏ ਪਰ ਉਹ ਆਪਣਾ ਪ੍ਰਣ ਨਿਭਾਉਣ ਵਿਚ ਸਫਲ ਰਹੇ। ਦੁਰਾਨੀ ਦੀਆਂ ਫ਼ੌਜਾਂ ਨੂੰ ਚੀਰਦੇ ਹੋਏ ਉਨ੍ਹਾਂ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਦਾ ਬਦਲਾ ਲੈਂਦਿਆਂ ਆਪਣਾ ਸੀਸ ਗੁਰੂ-ਚਰਨਾਂ ਵਿਚ ਭੇਟ ਕਰ ਦਿੱਤਾ:
ਤੂ ਚਉ ਸਜਣ ਮੈਡਿਆ ਡੇਈ ਸਿਸੁ ਉਤਾਰਿ॥
ਨੈਣ ਮਹਿੰਜੇ ਤਰਸਦੇ ਕਦਿ ਪਸੀ ਦੀਦਾਰੁ॥ (ਪੰਨਾ 1094)
ਬਾਬਾ ਦੀਪ ਸਿੰਘ ਜੀ ਜੰਗਾਂ-ਯੁੱਧਾਂ ਦੇ ਨਾਲ-ਨਾਲ ਨਾਮ-ਸਿਮਰਨ ਦੇ ਵੀ ਪੱਕੇ ਅਭਿਆਸੀ ਸਨ। ਆਪਣੇ ਹੱਥਾਂ ਨਾਲ ਗੁਰਬਾਣੀ ਲਿਖਣ ਦੀ ਸੇਵਾ ਕਰਦੇ ਹੋਏ ਦਮਦਮਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਉਤਾਰੇ ਕੀਤੇ। ਉਨ੍ਹਾਂ ਦਾ ਮਨ ਪੂਰੀ ਤਰ੍ਹਾਂ ਬਾਣੀ ਦੇ ਰੰਗ ਵਿਚ ਰੰਗਿਆ ਰਹਿੰਦਾ ਸੀ। ਉਹ ਆਮ ਸੰਸਾਰੀ ਯੋਧਿਆਂ ਵਾਂਗ ਹੰਕਾਰ ਵਿਚ ਜਾਂ ਕ੍ਰੋਧ ਵੱਸ ਹੋ ਕੇ ਯੁੱਧ ਨਹੀਂ ਸੀ ਕਰਦੇ। ਯੁੱਧ ਕਰਦਿਆਂ ਉਨ੍ਹਾਂ ਦੀ ਅਵਸਥਾ ਠੀਕ ਉਸੇ ਤਰ੍ਹਾਂ ਹੁੰਦੀ ਜਿਸ ਬਾਰੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਫੁਰਮਾਇਆ ਹੈ:
ਧੰਨਿ ਜੀਓ ਤਿਹ ਕੋ ਜਗ ਮੈ ਮੁਖ ਤੇ ਹਰਿ ਚਿਤ ਮੈ ਜੁੱਧੁ ਬਿਚਾਰੈ॥
ਦੇਹ ਅਨਿੱਤ ਨ ਨਿੱਤ ਰਹੈ ਜਸੁ ਨਾਵ ਚੜ੍ਹੈ ਭਵ ਸਾਗਰ ਤਾਰੈ॥
ਧੀਰਜ ਧਾਮ ਬਨਾਇ ਇਹੈ ਤਨ ਬੁੱਧਿ ਸੁ ਦੀਪਕ ਜਿਉ ਉਜੀਆਰੈ॥
ਗਿਆਨਹਿ ਕੀ ਬਢਨੀ ਮਨਹੂ ਹਾਥ ਲੈ ਕਾਤਰਤਾ ਕੁਤਵਾਰ ਬੁਹਾਰੈ॥ (ਕ੍ਰਿਸ਼ਨਾਵਤਾਰ)
ਲੇਖਕ ਬਾਰੇ
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/June 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/June 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/August 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/September 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/October 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/December 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/January 1, 2008
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/March 1, 2008
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/May 1, 2008