ਜੂਨ 1716 ਈ. ਨੂੰ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਦਿੱਲੀ ਵਿਖੇ ਲਿਜਾ ਕੇ ਸ਼ਹੀਦ ਕਰ ਦਿੱਤਾ ਗਿਆ। ਉਸ ਤੋਂ ਬਾਅਦ ਪੰਜਾਬ ਵਿਚ ਸਿੱਖਾਂ ਦੇ ਵਿਰੁੱਧ ਸਖ਼ਤੀਆਂ ਦਾ ਜੋ ਦੌਰ ਸ਼ੁਰੂ ਹੋਇਆ ਉਹ ਕਰੀਬ ਅੱਧੀ ਸਦੀ ਤਕ ਜਾਰੀ ਰਿਹਾ। ਇਹ ਉਹ ਸਮਾਂ ਸੀ ਜਦੋਂ ਸਿੱਖਾਂ ਨੇ ਆਪਣੀ ਨਿਵੇਕਲੀ ਹੋਂਦ ਤੇ ਸਿੱਖੀ ਸਰੂਪ ਨੂੰ ਬਚਾਈ ਰੱਖਣ ਵਾਸਤੇ ਬੰਦ-ਬੰਦ ਕਟਵਾਏ, ਚਰਖੜੀਆਂ ’ਤੇ ਚੜ੍ਹੇ, ਆਰਿਆਂ ਨਾਲ ਚੀਰੇ ਗਏ, ਖੋਪਰੀਆਂ ਲੁਹਾਈਆਂ ਅਤੇ ਸਿਦਕਵਾਨ ਬੀਬੀਆਂ ਨੇ ਆਪਣੇ ਬੱਚਿਆਂ ਦੇ ਟੋਟੇ-ਟੋਟੇ ਕਰਵਾ ਕੇ ਉਨ੍ਹਾਂ ਦੇ ਹਾਰ ਆਪਣੇ ਗਲੇ ਵਿਚ ਪੁਆਏ, ਲਾਹੌਰ ਦੀਆਂ ਜੇਲ੍ਹਾਂ ਵਿਚ ਅਨੇਕ ਪ੍ਰਕਾਰ ਦੇ ਤਸੀਹੇ ਸਹਿ ਕੇ ਕੁਰਬਾਨੀਆਂ ਕੀਤੀਆਂ ਪਰ ਨਾ ਤਾਂ ਉਨ੍ਹਾਂ ਨੇ ਆਪਣਾ ਧਰਮ ਹੀ ਤਿਆਗਿਆ ਅਤੇ ਨਾ ਹੀ ਦਿੱਲੀ ਜਾਂ ਪੰਜਾਬ ਦੇ ਹੁਕਮਰਾਨਾਂ ਦੀ ਈਨ ਹੀ ਮੰਨੀ। ਸਿੱਖਾਂ ’ਤੇ ਸਖਤੀਆਂ ਦਾ ਇਹ ਦੌਰ ਕਰੀਬ 1765 ਈ. ਤਕ ਚਲਦਾ ਰਿਹਾ। ਜਦੋਂ ਉਨ੍ਹਾਂ ਨੇ ਪਹਿਲੀ ਵਾਰ ਲਾਹੌਰ ਨੂੰ ਜਿੱਤ ਕੇ ਇਹ ਸਾਬਤ ਕਰ ਦਿੱਤਾ ਕਿ ਸਿੱਖ ਕੌਮ ਨੂੰ ਸਮੇਂ ਦੀ ਕੋਈ ਵੀ ਹਕੂਮਤ ਆਪਣੀ ਸਖ਼ਤੀ ਜਾਂ ਜ਼ੁਲਮ ਨਾਲ ਦਬਾ ਨਹੀਂ ਸਕਦੀ।
ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰਦਾਸ ਨੰਗਲ ਦੀ ਗੜ੍ਹੀ ’ਚੋਂ ਗ੍ਰਿਫ਼ਤਾਰ ਕਰਨ ਵਾਲਾ ਲਾਹੌਰ ਦਾ ਸੂਬੇਦਾਰ ਅਬਦੁਸ-ਸਮਦ ਖਾਂ ਬੁੱਢਾ ਹੋ ਰਿਹਾ ਸੀ। 1726 ਈ. ਵਿਚ ਦਿੱਲੀ ਦੀ ਮੁਗ਼ਲ ਹਕੂਮਤ ਨੇ ਉਸ ਨੂੰ ਇਸ ਅਹੁਦੇ ਤੋਂ ਹਟਾ ਕੇ ਉਸ ਦੇ ਪੁੱਤਰ ਜ਼ਕਰੀਆ ਖਾਂ ਨੂੰ ਪੰਜਾਬ ਦਾ ਸੂਬੇਦਾਰ ਬਣਾ ਦਿੱਤਾ। ਉਹ ਆਪਣੇ ਪਿਤਾ ਵਾਂਗ ਹੀ ਜ਼ਾਲਮ ਅਤੇ ਨਿਰਦਈ ਸੀ। ਪੰਜਾਬ ਪ੍ਰਾਂਤ ਦੀ ਵਾਗਡੋਰ ਸੰਭਾਲਦਿਆਂ ਹੀ ਉਸ ਨੇ ਪੰਜਾਬ ’ਚੋਂ ਸਿੱਖਾਂ ਨੂੰ ਮੁਕਾ ਦੇਣ ਦਾ ਨਿਸ਼ਚਾ ਕਰ ਲਿਆ। ਉਹ 1726 ਈ. ਤੋਂ 1745 ਈ. ਤਕ ਪੰਜਾਬ ਦਾ ਸੂਬੇਦਾਰ ਰਿਹਾ। ਉਸ ਦੇ ਸਮੇਂ ਵਿਚ ਹਜ਼ਾਰਾਂ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ। ਇਨ੍ਹਾਂ ਸ਼ਹੀਦ ਹੋਣ ਵਾਲੇ ਜਾਂਬਾਜ਼ ਮੋਢੀ ਸਿੱਖਾਂ ਵਿਚ ਭਾਈ ਤਾਰਾ ਸਿੰਘ ਵਾਂ ਦਾ ਨਾਮ ਵਰਣਨਯੋਗ ਹੈ ਜੋ ਲਾਹੌਰ ਵੱਲੋਂ ਭੇਜੀ ਗਈ ਇਕ ਤਕੜੀ ਫੌਜ ਦਾ ਮੁਕਾਬਲਾ ਕਰਦਾ ਹੋਇਆ ਆਪਣੇ ਬਾਕੀ ਸਾਥੀਆਂ ਨਾਲ ਸ਼ਹਾਦਤ ਦਾ ਜਾਮ ਪੀ ਗਿਆ ਸੀ।
ਵਾਂ ਜ਼ਿਲ੍ਹਾ ਅੰਮ੍ਰਿਤਸਰ ਦੇ ਇਕ ਪਿੰਡ ਦਾ ਨਾਮ ਹੈ। ਇਸ ਦੇ ਨਾਲ ਹੀ ਡਲ ਪਿੰਡ ਲੱਗਦਾ ਹੈ। ਡਾ. ਗੰਡਾ ਸਿੰਘ, ਡਾ. ਭਗਤ ਸਿੰਘ ਅਤੇ ‘ਐਨਸਾਈਕਲੋਪੀਡੀਆ ਆਫ਼ ਸਿਖਇਜ਼ਮ’ ਅਨੁਸਾਰ ਇਨ੍ਹਾਂ ਦੋਹਾਂ ਪਿੰਡਾਂ ਨੂੰ ਸਾਂਝੇ ਤੌਰ ’ਤੇ ਰਲਾ ਕੇ ਡਲ-ਵਾਂ ਵੀ ਕਿਹਾ ਜਾਂਦਾ ਹੈ। ਭਾਈ ਕਾਹਨ ਸਿੰਘ ਨਾਭਾ (ਮਹਾਨ ਕੋਸ਼, ਪੰਨਾ 439) ਅਨੁਸਾਰ ਇਸ ਪਿੰਡ ਦਾ ਪੁਰਾਣਾ ਨਾਮ ‘ਬਾਇਡਲ’ ਸੀ ਅਤੇ ਇਹ ਜ਼ਿਲ੍ਹਾ ਲਾਹੌਰ, ਤਹਿਸੀਲ ਕਸੂਰ ਵਿਚ ਪੈਂਦਾ ਸੀ। ਇਸ ਦਾ ਅਜੋਕਾ ਨਾਂ ਪਿੰਡ ਵਾਂ ਹੀ ਹੈ ਜਿਸ ਨੂੰ ‘ਬੁਟਰਾਂ ਦੀ ਵਾਂ’ (ਭੰਗੂ) ਵੀ ਕਿਹਾ ਜਾਂਦਾ ਹੈ। ਭਾਈ ਤਾਰਾ ਸਿੰਘ ਵਾਂ ਇਸੇ ਪਿੰਡ ਦਾ ਰਹਿਣ ਵਾਲਾ ਸੀ।
ਭਾਈ ਤਾਰਾ ਸਿੰਘ ਬੜਾ ਹਠੀ, ਜਪੀ, ਤਪੀ ਤੇ ਗੁਰਬਾਣੀ ਨਾਲ ਹਿੱਤ ਕਰਨ ਵਾਲਾ, ਗੁਰੂ-ਚਰਨਾਂ ਦਾ ਸ਼ਰਧਾਵਾਨ ਤੇ ਸਿਦਕੀ ਸਿੱਖ ਸੀ। ਉਹ ਨੀਲੇ ਬਸਤ੍ਰ ਧਾਰਨ ਕਰਦਾ ਅਤੇ ਹਮੇਸ਼ਾ ਸ਼ਸਤਰ ਸਜਾ ਕੇ ਰਹਿੰਦਾ ਸੀ। ਭਾਈ ਰਤਨ ਸਿੰਘ ਭੰਗੂ ਉਸ ਬਾਰੇ ਲਿਖਦਾ ਹੈ:
ਹਠੀ, ਤਪੀ, ਜਤਵਾਨ, ਰਹਿਤ ਵਹਿ ਰਹੈ ਸੁ ਚੰਗੀ।
ਨੀਲ ਬਸਤ੍ਰ ਤਨ ਸਜੈ, ਸਜੈ ਤਨ ਸ਼ਸਤਰ ਜੰਗੀ।
ਗੁਰਬਾਣੀ ਹਿਤ ਰਖੇ, ਸਿਦਕ ਗੁਰ ਚਰਨਨ ਧਾਰੇ।
ਮੁਖ ਤੇ ਕਢੈ ਜੁ ਬਚਨ, ਸਤੀ ਜਿਸ ਸੁ ਪ੍ਰਿਤਪਾਰੇ॥ (ਸ੍ਰੀ ਗੁਰ ਪੰਥ ਪ੍ਰਕਾਸ਼)
ਉਹ ਮੌਤ ਤੋਂ ਡਰਨ ਵਾਲਾ ਨਹੀਂ ਸੀ। ਉਹ ਤਾਂ ਹਰ ਵੇਲੇ ਆਪਣਾ ਸੀਸ ਤਲੀ ’ਤੇ ਰੱਖ ਕੇ ਨਿਡਰ ਹੋ ਕੇ ਵਿਚਰਨ ਵਾਲਾ ਯੋਧਾ ਸੀ:
ਸੀਸ ਧਰੇ ਹਥ ਪੁਰ ਫਿਰੈ ਨਹਿ ਮਰਨੋ ਸੰਕਾਇ॥ (ਉਹੀ)
ਸਿੱਖ ਪੰਥ ਵਿਚ ਉਸ ਦਾ ਬੜਾ ਆਦਰ ਤੇ ਸਤਿਕਾਰ ਸੀ। ਮੁਗ਼ਲ ਫੌਜਾਂ ਦੇ ਗਸ਼ਤੀ ਦਸਤਿਆਂ ਤੋਂ ਪ੍ਰੇਸ਼ਾਨ ਸਿੱਖ ਜਥੇ ਕਈ ਵਾਰ ਉਸ ਦੇ ਡੇਰੇ (ਘਰ) ਆ ਕੇ ਠਹਿਰ ਜਾਂਦੇ। ਭਾਈ ਤਾਰਾ ਸਿੰਘ ਉਨ੍ਹਾਂ ਨੂੰ ਸ਼ਰਨ ਵੀ ਦਿੰਦਾ ਤੇ ਲੰਗਰ-ਪਾਣੀ ਨਾਲ ਸੇਵਾ ਵੀ ਕਰਦਾ। ਉਸ ਦਾ ਘਰ ਇਕ ਤਰ੍ਹਾਂ ਨਾਲ ਮੁਸੀਬਤ ਵਿਚ ਘਿਰੇ ਸਿੱਖਾਂ ਲਈ ਸਰਾਂ ਵੀ ਸੀ ਤੇ ਧਰਮਸ਼ਾਲ ਵੀ। ਸੁਰੱਖਿਆ ਦੀ ਦ੍ਰਿਸ਼ਟੀ ਤੋਂ ਭਾਈ ਤਾਰਾ ਸਿੰਘ ਨੇ ਆਪਣੇ ਡੇਰੇ ਦੇ ਬਾਹਰਵਾਰ ਕੰਡਿਆਲੀ ਵਾੜ ਵੀ ਲਗਾਈ ਹੋਈ ਸੀ ਤੇ ਦੇਰ-ਸਵੇਰ ਆਉਂਦੇ ਧਰਮ ਭਰਾਵਾਂ (ਸਿੱਖਾਂ) ਦੇ ਠਹਿਰਨ ਲਈ ਚੁਬਾਰੇ ਵੀ ਛੱਤ ਲਏ ਸਨ। ਕਈ ਵਾਰੀ ਇਲਾਕੇ ਦੇ ਲੋਕ ਵੀ ਆਪਣੀਆਂ ਸ਼ਿਕਾਇਤਾਂ ਲੈ ਕੇ ਉਸ ਕੋਲ ਆ ਜਾਂਦੇ। ਭਾਈ ਤਾਰਾ ਸਿੰਘ ਉਨ੍ਹਾਂ ਦੀ ਮਦਦ ਵੀ ਕਰਦਾ ਤੇ ਉਨ੍ਹਾਂ ਨੂੰ ਤਕੜਿਆਂ ਬਣਨ ਤੇ ਦਲੇਰ ਹੋਣ ਦੀ ਪ੍ਰੇਰਨਾ ਵੀ ਦਿੰਦਾ। ਆਪਣੀ ਧਾਰਮਿਕ ਬਿਰਤੀ, ਸੱਚੇ-ਸੁੱਚੇ ਤੇ ਸੇਵਾ-ਭਾਵ ਵਾਲੇ ਜੀਵਨ ਕਰਕੇ ਇਲਾਕੇ ਦੇ ਲੋਕ ਉਸ ਨੂੰ ਬੜਾ ਪਿਆਰ ਕਰਦੇ ਸਨ। ਭਾਈ ਤਾਰਾ ਸਿੰਘ ਵੀ ਆਏ-ਗਏ ਦੀ ਟਹਿਲ-ਸੇਵਾ ਵਿਚ ਹੀ ਲੱਗਾ ਰਹਿੰਦਾ ਸੀ।
‘ਬੰਸਾਵਲੀ ਨਾਮਾ’ ਦਾ ਕਰਤਾ ਭਾਈ ਕੇਸਰ ਸਿੰਘ ਛਿੱਬਰ ਲਿਖਦਾ ਹੈ:
ਤਾਰਾ ਸਿੰਘ ਜ਼ਿੰਮੀਂਦਾਰ ਡਲਵਾਂਇ ਵਿਚ ਰਹੇ।
ਕਰੇ ਕਿਰਤ ਧਰਮ ਦੀ, ਸਿੱਖ ਸਾਧ ਸੰਗਤ ਦੀ ਟਹਿਲ ਵਿਚ ਅਹੇ॥
ਇਸ ਦੇ ਨਾਲ ਹੀ ਉਹ ਹਰ ਪੰਥਕ ਕਾਰਵਾਈ ਵਿਚ ਵੀ ਵਧ-ਚੜ੍ਹ ਕੇ ਹਿੱਸਾ ਲੈਂਦਾ ਸੀ। ਪਿੰਡ ਵਾਂ ਵਿਚ ਆ ਕੇ ਵੱਸਣ ਤੋਂ ਪਹਿਲਾਂ ਉਹ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਮੁਗ਼ਲਾਂ ਵਿਰੁੱਧ ਲੜੀਆਂ ਗਈਆਂ ਕਈ ਲੜਾਈਆਂ ਵਿਚ ਭਾਗ ਲੈ ਚੁੱਕਾ ਸੀ। ਨਿਡਰ ਯੋਧਾ ਤੇ ਭਜਨੀਕ ਭਾਈ ਤਾਰਾ ਸਿੰਘ ਸਹੀ ਅਰਥਾਂ ਵਿਚ ਸੰਤ- ਸਿਪਾਹੀ ਸੀ ਜੋ ਥੋੜ੍ਹੀ-ਬਹੁਤ ਖੇਤੀ ਕਰਕੇ ਆਪਣੇ ਧਰਮ-ਭਰਾਵਾਂ ਦੀ ਸੇਵਾ ਵਿਚ ਲੱਗਾ ਹੋਇਆ ਸੀ। ਉਸ ਦੇ ਡੇਰੇ ’ਤੇ ਹਰ ਵੇਲੇ ਵੀਹ-ਪੱਚੀ ਸਿੰਘ ਟਿਕੇ ਰਹਿੰਦੇ ਸਨ।
‘ਐਨਸਾਈਕਲੋਪੀਡੀਆ ਆਫ਼ ਸਿੱਖਇਜ਼ਮ’ (ਭਾਗ ਚੌਥਾ, ਪੰਨਾ 310) ਅਨੁਸਾਰ ਭਾਈ ਤਾਰਾ ਸਿੰਘ ਦੇ ਪਿਤਾ ਦਾ ਨਾਮ ਭਾਈ ਗੁਰਦਾਸ ਸਿੰਘ ਸੀ। ਉਹ ਬੁਟਰ ਗੋਤ ਦੇ ਜੱਟ ਸਨ। ਉਨ੍ਹਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਸਿੱਖੀ ਧਾਰਨ ਕੀਤੀ ਸੀ ਅਤੇ ਅੰਮ੍ਰਿਤ ਛਕ ਕੇ ਸਿੰਘ ਸਜੇ ਸਨ। ਭਾਈ ਤਾਰਾ ਸਿੰਘ ਪੰਜਾਂ ਭਰਾਵਾਂ ਵਿੱਚੋਂ ਸਭ ਤੋਂ ਵੱਡਾ ਸੀ। ਉਸ ਨੇ ਅੰਮ੍ਰਿਤ ਦੀ ਦਾਤ ਭਾਈ ਮਨੀ ਸਿੰਘ ਜੀ ਤੋਂ ਪ੍ਰਾਪਤ ਕੀਤੀ ਸੀ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜ਼ਾਲਮ ਹਾਕਮਾਂ ਨੂੰ ਸੋਧਣ ਲਈ ਪੰਜਾਬ ਆਇਆ ਤਾਂ ਉਹ ਉਸ ਦੀ ਸੈਨਾ ਵਿਚ ਰਲ ਗਿਆ। ਉਸ ਨੇ ਮੁਗ਼ਲਾਂ ਵਿਰੁੱਧ ਲੜੀਆਂ ਗਈਆਂ ਕਈ ਲੜਾਈਆਂ ਵਿਚ ਹਿੱਸਾ ਲਿਆ। ਇਸ ਤੋਂ ਪਹਿਲਾਂ ਵੀ ਉਹ 6 ਅਪ੍ਰੈਲ 1709 ਈ. ਵਿਚ ਪੱਟੀ ਦੇ ਮਾਲ ਮਹਿਕਮੇ ਦੇ ਅਧਿਕਾਰੀ ਹਰਿ ਸਹਾਇ ਵਿਰੁੱਧ ਅੰਮ੍ਰਿਤਸਰ ਦੇ ਨੇੜੇ ਹੋਈ ਲੜਾਈ ਵਿਚ ਉਸ ਦਾ ਸਿਰ ਵੱਢ ਕੇ ਬੜਾ ਨਾਮ ਖੱਟ ਚੁੱਕਾ ਸੀ। (ਸਿੱਖ ਰੈਫਰੈਂਸ ਬੁਕ, ਹਰਜਿੰਦਰ ਸਿੰਘ ਦਿਲਗੀਰ, ਸਫਾ 632)
ਜ਼ਕਰੀਆ ਖਾਂ ਦੇ ਸਮੇਂ ਸਰਕਾਰ ਵੱਲੋਂ ਢਾਹੇ ਜਾ ਰਹੇ ਜ਼ੁਲਮਾਂ ਕਾਰਨ ਬਹੁਤ ਸਾਰੇ ਸਿੱਖ ਲਾਹੌਰ ਸ਼ਹਿਰ ਛੱਡ ਕੇ ਲੁਕਵੀਆਂ ਥਾਵਾਂ ’ਤੇ ਚਲੇ ਗਏ ਸਨ। ਵੈਸੇ ਵੀ ਸਰਕਾਰੀ ਅਫ਼ਸਰ ਸਿੱਖਾਂ ਨੂੰ ਪ੍ਰੇਸ਼ਾਨ ਕਰਨ ਲਈ ਉਨ੍ਹਾਂ ਨੂੰ ਪਕੜਾਉਣ ਜਾਂ ਕਤਲ ਕਰਕੇ ਇਨਾਮ ਹਾਸਲ ਕਰਨ ਦੇ ਬਹਾਨੇ ਲੱਭਦੇ ਰਹਿੰਦੇ ਸਨ।
ਭਾਈ ਤਾਰਾ ਸਿੰਘ ਦੇ ਡੇਰੇ ਦੇ ਨਾਲ ਚੌਧਰੀ ਸਾਹਿਬ ਰਾਇ ਨੌਸ਼ਹਿਰਾ ਪੰਨੂੰਆਂ ਦਾ ਇਲਾਕਾ ਲੱਗਦਾ ਸੀ। ਉਹ ਬੜਾ ਹੰਕਾਰੀ, ਅੱਤਿਆਚਾਰੀ ਤੇ ਸਿੱਖਾਂ ਦਾ ਕੱਟੜ ਵੈਰੀ ਸੀ ਅਤੇ ਅਕਸਰ ਸਿੱਖ ਧਰਮ ਦਾ ਮਜ਼ਾਕ ਉਡਾਉਣ ਲਈ ਮਾੜੇ ਬਚਨ ਬੋਲਦਾ ਰਹਿੰਦਾ ਸੀ। ਸਿੱਖ ਮਿਹਨਤ ਕਰ ਕੇ ਆਪਣੇ ਖੇਤਾਂ ਵਿਚ ਫਸਲਾਂ ਉਗਾਉਂਦੇ ਪਰ ਸਾਹਿਬ ਰਾਇ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣ ਅਤੇ ਪ੍ਰੇਸ਼ਾਨ ਕਰਨ ਲਈ ਆਪਣੇ ਪਸ਼ੂ ਤੇ ਘੋੜੀਆਂ ਚਰਨ ਲਈ ਉਨ੍ਹਾਂ ਦੇ ਖੇਤਾਂ ਵਿਚ ਛੱਡ ਦਿੰਦਾ। ਉਸ ਦੇ ਪਸ਼ੂ ਪੱਕੇ ਹੋਏ ਖੇਤਾਂ ਨੂੰ ਚਰ ਕੇ ਉਜਾੜ ਦਿੰਦੇ। ਪਿੰਡ ਭਰਾਣੇ ਦੇ ਭਾਈ ਗੁਰਬਖਸ਼ ਸਿੰਘ ਅਤੇ ਭਾਈ ਮਾਲੀ ਸਿੰਘ ਕਈ ਵਾਰ ਉਸ ਨੂੰ ਇਸ ਗੱਲ ਦੀ ਸ਼ਿਕਾਇਤ ਕਰ ਚੁੱਕੇ ਸਨ ਤੇ ਬੇਨਤੀ ਵੀ ਕਿ ਉਹ ਆਪਣੇ ਪਸ਼ੂਆਂ ਨੂੰ ਬੰਨ੍ਹ ਕੇ ਰਖਿਆ ਕਰੇ। ਸਾਹਿਬ ਰਾਇ ਸਿੱਖਾਂ ਦੀ ਸ਼ਿਕਾਇਤ ਸੁਣ ਕੇ ਹੱਸ ਛੱਡਦਾ ਤੇ ਕਹਿੰਦਾ, ‘ਤੁਸੀਂ ਮੈਨੂੰ ਘੋੜੀਆਂ ਬੰਨ੍ਹ ਕੇ ਰੱਖਣ ਦੀ ਗੱਲ ਕਰਦੇ ਹੋ, ਮੇਰੀਆਂ ਤਾਂ ਕੈਂਚੀਆਂ ਤੁਹਾਡੇ ਕੇਸਾਂ ਤੇ ਦਾੜ੍ਹੀ ਵਿਚ ਚੱਲਣਗੀਆਂ।
“ਤੌ ਚੌਧਰੀ ਕਹੀ ਸਿੰਘਨ ਉਚਾਰ,
ਤੁਮ ਘੋੜੀ ਰਖਾਵੋ, ਹਮ ਮੁੰਨੈਂ ਚਹੈ ਤੁਮ ਵਾਰ” (ਸ੍ਰੀ ਗੁਰ ਪੰਥ ਪ੍ਰਕਾਸ਼)
ਚੌਧਰੀ ਸਾਹਿਬ ਰਾਇ ਨੇ ਇਹ ਵੀ ਕਿਹਾ ਕਿ ਹੁਣ ਤਾਂ ਉਹ ਸਿੱਖਾਂ ਦੇ ਲੰਮੇ ਕੇਸਾਂ ਦੇ ਰੱਸੇ ਵੱਟ ਕੇ ਹੀ ਆਪਣੀਆਂ ਘੋੜੀਆਂ ਨੂੰ ਬੰਨ੍ਹੇਗਾ।
ਇਹੋ ਜਿਹੀਆਂ ਅਪਮਾਨਜਨਕ ਗੱਲਾਂ ਸੁਣ ਕੇ ਸਿੱਖਾਂ ਨੂੰ ਗੁੱਸਾ ਆਉਣਾ ਸੁਭਾਵਕ ਸੀ। ਉਨ੍ਹਾਂ ਇਹ ਗੱਲ ਪਿੰਡ ਭੁੱਸ ਦੇ ਸ. ਬਘੇਲ ਸਿੰਘ ਅਤੇ ਸ. ਅਮਰ ਸਿੰਘ (ਢਿੱਲੋਂ) ਨੂੰ ਜਾ ਕੇ ਦੱਸੀ। ਉਹ ਬੜੇ ਬਹਾਦਰ ਤੇ ਵੀਰ ਯੋਧੇ ਸਨ। ਉਹ ਸਾਹਿਬ ਰਾਇ ਦੀਆਂ ਦੋ ਘੋੜੀਆਂ ਪਕੜ ਕੇ ਲੈ ਆਏ ਜਿਨ੍ਹਾਂ ਨੂੰ ਸ. ਲਖਮੀਰ ਸਿੰਘ ਸੰਧੂ ਨੇ ਮਾਲਵੇ ਵਿਚ ਲਿਜਾ ਕੇ ਵੇਚ ਦਿੱਤਾ ਤੇ ਉਹ ਸਾਰਾ ਪੈਸਾ ਭਾਈ ਤਾਰਾ ਸਿੰਘ ਵੱਲੋਂ ਚਲਾਏ ਜਾ ਰਹੇ ਲੰਗਰ ਵਿਚ ਪਾ ਦਿੱਤਾ। ਸਾਹਿਬ ਰਾਇ ਦੀਆਂ ਘੋੜੀਆਂ ਦਾ ਇਸ ਤਰ੍ਹਾਂ ‘ਚੋਰੀ’ ਹੋ ਜਾਣਾ ਉਸ ਦੇ ਹੰਕਾਰ ਨੂੰ ਬੜੀ ਵੱਡੀ ਸੱਟ ਸੀ। ਉਸ ਨੇ ਇਸ ਗੱਲ ਦਾ ਪਤਾ ਲਗਾਉਣ ਲਈ ਹਰ ਪਾਸੇ ਆਪਣੇ ਸੂਹੀਏ ਭੇਜੇ ਕਿ ਉਹ ਪਤਾ ਲਗਾਉਣ ਕਿ ਆਖ਼ਰ ਉਸ ਦੀਆਂ ਘੋੜੀਆਂ ਨੂੰ ਕੌਣ ਲੈ ਗਿਆ ਹੈ। ਪਤਾ ਲੱਗਣ ’ਤੇ ਕਿ ਘੋੜੀਆਂ ਲਿਜਾਣ ਵਾਲੇ ਭਾਈ ਤਾਰਾ ਸਿੰਘ ਦੇ ਡੇਰੇ ਵਿਚ ਟਿਕੇ ਹੋਏ ਹਨ, ਉਹ ਆਪਣੇ ਕੁਝ ਬੰਦਿਆਂ ਨੂੰ ਲੈ ਕੇ ਡੇਰੇ ’ਤੇ ਆਇਆ ਤੇ ਕਹਿਣ ਲੱਗਾ, ‘ਤੇਰੇ ਡੇਰੇ ਵਿਚ ਮੇਰੇ ਚੋਰ ਹਨ ਜੋ ਮੇਰੀਆਂ ਘੋੜੀਆਂ ਚੁਰਾ ਕੇ ਲਿਆਏ ਹਨ। ਜਾਂ ਤਾਂ ਮੇਰੀਆਂ ਘੋੜੀਆਂ ਤੇ ਉਹ ਚੋਰ ਮੇਰੇ ਹਵਾਲੇ ਕਰ ਦਿਉ ਨਹੀਂ ਤਾਂ ਮੈਂ ਇਸ ਗੱਲ ਦੀ ਸ਼ਿਕਾਇਤ ਲਾਹੌਰ ਦੇ ਹਾਕਮ ਕੋਲ ਜਾ ਕੇ ਕਰਾਂਗਾ।’ ਸਾਹਿਬ ਰਾਇ ਦੀ ਗੱਲ ਸੁਣ ਕੇ ਭਾਈ ਤਾਰਾ ਸਿੰਘ ਨੇ ਕਿਹਾ, ‘ਮੇਰੇ ਡੇਰੇ ਵਿਚ ਤੇਰਾ ਚੋਰ ਕੋਈ ਨਹੀਂ। ਚੋਰ ਤਾਂ ਤੇਰੇ ਬੰਦੇ ਹਨ ਜੋ ਜਬਰੀ ਦੂਜਿਆਂ ਦੇ ਖੇਤਾਂ ਵਿਚ ਆਪਣੇ ਪਸ਼ੂ ਚਰਨ ਲਈ ਛੱਡ ਦਿੰਦੇ ਹਨ। ਬਾਕੀ ਤੂੰ ਕਿਸੇ ਵੀ ਹਾਕਮ ਕੋਲ ਆਪਣੀ ਫ਼ਰਿਆਦ ਕਰ ਲੈ। ਅਸੀਂ ਕਿਸੇ ਕੋਲੋਂ ਡਰਦੇ ਨਹੀਂ। ਚੌਧਰੀ ਨੇ ਕਿਹਾ:
ਹਮਰੇ ਦੇਹੁ ਤੂੰ ਚੋਰ ਫੜਾਇ, ਨਹਿਂ ਦੇਹੈਂ, ਲਿਊਂ ਲਹੌਰ ਮੰਗਵਾਇ।
ਸਿੰਘ ਕਹੀ ਏਹ ਸਿੰਘ, ਨਹਿਂ ਚੋਰ, ਚੋਰ ਤੂੰਹੀ ਚਰਾਵਹਿਂ ਖੇਤੀ ਕਰ ਜੋਰ॥ (ਸ੍ਰੀ ਗੁਰ ਪੰਥ ਪ੍ਰਕਾਸ਼)
ਗਰਮਾ-ਗਰਮੀ ਵਿਚ ਇਹ ਗੱਲ ਵਧ ਗਈ। ਆਖ਼ਰ ਸਿੰਘਾਂ ਨੇ ਸਾਹਿਬ ਰਾਇ ਦੇ ਬੰਦਿਆਂ ਨੂੰ ਮਾਰ ਕੇ ਉਥੋਂ ਭਜਾ ਦਿੱਤਾ।
ਸਾਹਿਬ ਰਾਇ ਨੇ ਇਸ ਗੱਲ ਦੀ ਸ਼ਕਾਇਤ ਪੱਟੀ ਦੇ ਹਾਕਮ ਜਾਫ਼ਰ ਬੇਗ ਕੋਲ ਜਾ ਕੇ ਕਰ ਦਿੱਤੀ ਤੇ ਕਿਹਾ ਕਿ ਤੁਸੀਂ ਇਥੇ ਅਰਾਮ ਨਾਲ ਬੈਠੇ ਹੋ ਜਦ ਕਿ ਸਿੱਖ ਸਾਡੇ ਮਾਲ-ਡੰਗਰ ਚੁਰਾ ਕੇ ਵੇਚਦੇ ਤੇ ਸਾਨੂੰ ਅੱਖਾਂ ਵਿਖਾਉਂਦੇ ਹਨ। ਸਾਹਿਬ ਰਾਇ ਨੇ ਇਹ ਵੀ ਕਿਹਾ ਕਿ ਇਨ੍ਹਾਂ ਸਿੱਖਾਂ ਦਾ ਜਥੇਦਾਰ ਵਾਂ ਪਿੰਡ ਦਾ ਭਾਈ ਤਾਰਾ ਸਿੰਘ ਹੈ ਜਿਸ ਕੋਲ ਹਰ ਵੇਲੇ ਕਈ ਅਖੌਤੀ ‘ਅਪਰਾਧੀ’ ਸਿੱਖ ਆ ਕੇ ਟਿਕੇ ਰਹਿੰਦੇ ਹਨ। ਉਸ ਨੇ ਆਪਣੇ ਨਿਵਾਸ ਵਾਲੀ ਥਾਂ ’ਤੇ ਇਕ ਬੁੰਗਾ ਬਣਾ ਕੇ ਰੱਖਿਆ ਹੈ। ਉਹ ਤੁਰਕਾਂ ਦੀ ਈਨ ਮੰਨਣ ਨੂੰ ਤਿਆਰ ਨਹੀਂ। ਉਸ ਦੇ ਸਾਥੀ (ਸਿੱਖ) ਸ਼ਸਤਰ ਚਲਾਣ ਵਿਚ ਇਤਨੇ ਨਿਪੁੰਨ ਹਨ ਕਿ ਉਹ ਕਿਸੇ ਵੀ ਘੋੜ ਸਵਾਰ ਨੂੰ ਨੇਜ਼ਾ ਜਾਂ ਤਲਵਾਰ ਮਾਰ ਕੇ ਥੱਲੇ ਡੇਗ ਲੈਂਦੇ ਹਨ ਤੇ ਫਿਰ ਪਲਾਂ ਵਿਚ ਹੀ ਉਸ ਨੂੰ ਅਗਲੇ ਰਾਹ ਤੋਰ ਦਿੰਦੇ ਹਨ।
ਜਾਫ਼ਰ ਬੇਗ ਸਿੱਖਾਂ ਨੂੰ ਸਜ਼ਾ ਦੇਣ ਲਈ ਆਪਣੇ 25 ਘੋੜ ਸਵਾਰ ਤੇ 80 ਪੈਦਲ ਸਿਪਾਹੀ ਲੈ ਕੇ ਪਿੰਡ ਵਾਂ ਵੱਲ ਚੱਲ ਪਿਆ। (ਐੱਸ.ਐੱਸ.ਗਾਂਧੀ, Struggle of the Sikhs for Sovereignty, Page 61, ਐਨਸਾਈਕਲੋਪੀਡੀਆ ਆਫ ਸਿੱਖਇਜ਼ਮ, ਪੰਨਾ 310 ਅਤੇ ਡਾ. ਗੰਡਾ ਸਿੰਘ, ਸਿੱਖ ਇਤਿਹਾਸ, ਪੰਨਾ 138) ਰਾਤ ਦਾ ਆਖ਼ਰੀ ਪਹਿਰ ਸੀ। ਅਜੇ ਦਿਨ ਨਹੀਂ ਸੀ ਚੜ੍ਹਿਆ। ਭਾਈ ਤਾਰਾ ਸਿੰਘ ਦੇ ਡੇਰੇ ਦੇ ਕੁਝ ਸਿੰਘ ‘ਜੰਗਲ ਪਾਣੀ’ ਲਈ ਡੇਰੇ ਤੋਂ ਦੂਰ ਆਏ ਹੋਏ ਸਨ। ਇਨ੍ਹਾਂ ਵਿਚ ਸ. ਬਘੇਲ ਸਿੰਘ ਵੀ ਸੀ। ਜਦੋਂ ਉਸ ਨੇ ਮੁਗ਼ਲ ਸੈਨਾ ਆਉਂਦੀ ਵੇਖੀ ਤਾਂ ਉਹ ਸੋਚੀਂ ਪੈ ਗਿਆ ਕਿ ਹੁਣ ਕੀ ਕਰਾਂ? ਜੇ ਡੇਰੇ ’ਤੇ ਜਾ ਕੇ ਖ਼ਬਰ ਕਰਦਾ ਹਾਂ ਤਾਂ ਇਤਨੇ ਵਿਚ ਇਹ ਸੈਨਿਕ ਉਥੇ ਪਹੁੰਚ ਕੇ ਡੇਰੇ ਨੂੰ ਘੇਰ ਲੈਣਗੇ ਤੇ ਮੇਰੇ ਸਾਥੀ (ਸਿੰਘ) ਕੀ ਕਹਿਣਗੇ ਕਿ ਡਰ ਕੇ ਭੱਜ ਆਇਆ ਹੈ। ਬਹੁਤਾ ਸਮਾਂ ਨਾ ਗੁਆਏ ਉਸ ਨੇ ਇਕੱਲਿਆਂ ਹੀ ਮੁਗ਼ਲ ਸੈਨਾ ਨੂੰ ਵੰਗਾਰ ਕੇ ਯੁੱਧ ਸ਼ੁਰੂ ਕਰ ਦਿੱਤਾ। ਜਾਫ਼ਰ ਬੇਗ ਦੇ ਬੰਦਿਆਂ ਵੱਲੋਂ ਚਲਾਈਆਂ ਬੰਦੂਕਾਂ ਦੀ ਆਵਾਜ਼ ਸੁਣ ਕੇ ਭਾਈ ਤਾਰਾ ਸਿੰਘ ਤੇ ਉਨ੍ਹਾਂ ਦੇ ਸਾਥੀ ਆਪਣੀਆਂ ਤਲਵਾਰਾਂ ਤੇ ਨੇਜ਼ੇ ਸੂਤ ਕੇ ਤੁਰੰਤ ਉੱਥੇ ਪਹੁੰਚ ਗਏ। ਉਨ੍ਹਾਂ ਦੇ ਪਹੁੰਚਦਿਆਂ ਹੀ ਘਮਸਾਣ ਦਾ ਯੁੱਧ ਛਿੜ ਗਿਆ। ਇਸ ਯੁੱਧ ਵਿਚ ਜਾਫ਼ਰ ਬੇਗ ਦਾ ਭਤੀਜਾ ਤੇ ਕਈ ਮੁਗ਼ਲ ਸੈਨਿਕ ਮਾਰੇ ਗਏ। ਸਿੰਘਾਂ ਵਿਚ ਸ. ਬਘੇਲ ਸਿੰਘ ਸ਼ਹੀਦ ਹੋ ਗਏ ਜਿਨ੍ਹਾਂ ਨੇ ਇਕੱਲਿਆਂ ਹੀ ਮੁਗ਼ਲ ਸੈਨਾ ਨੂੰ ਵੰਗਾਰਨ ਦਾ ਹੌਸਲਾ ਕੀਤਾ ਸੀ। ਇਹ ਲੜਾਈ ਖਾਦਿਮ ਗੜ੍ਹੀ ਦੇ ਨਜ਼ਦੀਕ ਹੋਈ ਸੀ। ਇਸ ਲੜਾਈ ਵਿਚ ਹਾਰ ਜਾਣ ਮਗਰੋਂ ਜਾਫ਼ਰ ਬੇਗ ਦੀ ਸੈਨਾ ਪੱਟੀ ਵੱਲ ਭੱਜ ਗਈ। ਜਾਫ਼ਰ ਬੇਗ਼ ਆਪ ਵੀ ਬੜੀ ਮੁਸ਼ਕਲ ਨਾਲ ਭੱਜ ਕੇ ਆਪਣੀ ਜਾਨ ਬਚਾ ਸਕਿਆ।
ਸਿੱਖਾਂ ਨਾਲ ਹੋਈ ਇਸ ਝੜਪ ਮਗਰੋਂ ਜਾਫ਼ਰ ਬੇਗ ਸਮਝ ਗਿਆ ਸੀ ਕਿ ਸਿੱਖਾਂ ਨੂੰ ਦਬਾ ਸਕਣਾ ਉਸ ਦੇ ਵੱਸ ਦੀ ਗੱਲ ਨਹੀਂ। ਉਹ ਸਾਹਿਬ ਰਾਇ ਨੂੰ ਨਾਲ ਲੈ ਕੇ ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਂ ਕੋਲ ਗਿਆ ਤੇ ਉਸ ਨੂੰ ਪ੍ਰੇਰਿਆ ਕਿ ਉਹ ਭਾਈ ਤਾਰਾ ਸਿੰਘ ਵਿਰੁੱਧ ਕੋਈ ਸਖ਼ਤ ਕਾਰਵਾਈ ਕਰੇ ਨਹੀਂ ਤੇ ਇਨ੍ਹਾਂ ਸਿੱਖਾਂ ਦੇ ਹੌਸਲੇ ਹੋਰ ਵਧ ਜਾਣਗੇ ਤੇ ਫਿਰ ਇਨ੍ਹਾਂ ਨੂੰ ਦਬਾ ਸਕਣਾ ਔਖਾ ਹੋ ਜਾਵੇਗਾ। ਜ਼ਕਰੀਆ ਖਾਂ ਨੇ ਭਾਈ ਤਾਰਾ ਸਿੰਘ ਬਾਰੇ ਖ਼ਬਰ ਮਿਲਦਿਆਂ ਹੀ ਉਨ੍ਹਾਂ ਦੇ ਵਿਰੁੱਧ ਇਕ ਤਕੜੀ ਸੈਨਾ ਪਿੰਡ ਵਾਂ ਵੱਲ ਰਵਾਨਾ ਕਰ ਦਿੱਤੀ। ਡਾ. ਗੰਡਾ ਸਿੰਘ ਤੇ ਪ੍ਰਿੰਸੀਪਲ ਸਤਿਬੀਰ ਸਿੰਘ ਲਿਖਦੇ ਹਨ ਕਿ ਇਸ ਸੈਨਾ ਵਿਚ 2200 ਘੋੜ ਸਵਾਰ, 40 ਜੰਬੂਰਕ, 5 ਜੰਗੀ ਹਾਥੀ ਅਤੇ 4 ਰਹਿਕਲੇ ਸ਼ਾਮਲ ਸਨ। ਇਸ ਸੈਨਾ ਦੀ ਅਗਵਾਈ ਉਸ ਦਾ ਨਾਇਬ ਮੋਮਨ ਖਾਂ ਕਰ ਰਿਹਾ ਸੀ। ਜ਼ਕਰੀਆ ਖ਼ਾਂ ਦੇ ਡਰ ਕਰਕੇ ਪਿੰਡ ਵਾਂ ਵੱਲ ਜਾਂਦਿਆਂ ਇਲਾਕੇ ਦੇ ਕਈ ਹੋਰ ਫੌਜਦਾਰ ਅਤੇ ਚੌਧਰੀ ਵੀ ਮੋਮਨ ਖਾਂ ਦੀ ਸੈਨਾ ਨਾਲ ਰਲ ਗਏ ਸਨ।
ਲਾਹੌਰ ਤੋਂ ਭੇਜੀ ਗਈ ਇਸ ਸੈਨਾ ਦੀ ਸੂਚਨਾ ਕਿਸੇ ਤਰ੍ਹਾਂ ਲਾਹੌਰ ਵਿਚ ਰਹਿੰਦੇ ਕੁਝ ਸਿੱਖਾਂ ਨੂੰ ਮਿਲ ਗਈ। ਉਨ੍ਹਾਂ ਤੁਰੰਤ ਇਸ ਗੱਲ ਦੀ ਖ਼ਬਰ ਭਾਈ ਤਾਰਾ ਸਿੰਘ ਤਕ ਪਹੁੰਚਾ ਦਿੱਤੀ ਤੇ ਇਹ ਵੀ ਬੇਨਤੀ ਲਿਖ ਭੇਜੀ ਕਿ ਕਿਸੇ ਤਰ੍ਹਾਂ ਇਸ ਮੌਕੇ ਨੂੰ ਟਾਲ ਕੇ ਇਧਰ-ਉਧਰ ਹੋ ਜਾਉ ਤੇ ਆਪਣੀ ਜਾਨ ਬਚਾ ਲਉ। ਜਦੋਂ ਮੁਗ਼ਲ ਸੈਨਾ ਦਾ ਇਹ ਤੂਫਾਨ ਟਲ ਜਾਵੇਗਾ ਤਾਂ ਆਪ ਫਿਰ ਆਪਣੇ ਪਿੰਡ ਪਰਤ ਆਉਣਾ। ਇਸੇ ਕਿਸਮ ਦੀ ਸੂਚਨਾ ਤੇ ਸਲਾਹ ਇਕ ਹੋਰ ਸੂਹੀਏ ਘਮੰਡਾ ਨੇ ਵੀ ਭਾਈ ਤਾਰਾ ਸਿੰਘ ਨੂੰ ਦਿੱਤੀ ਸੀ। ਪਰ ਮੁਗ਼ਲ ਸੈਨਾ ਵੱਲੋਂ ਹੋਣ ਵਾਲੇ ਹਮਲੇ ਤੋਂ ਡਰ ਕੇ ਭੱਜ ਜਾਣ ਤੋਂ ਭਾਈ ਤਾਰਾ ਸਿੰਘ ਨੇ ਸਾਫ਼ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਅਜਿਹਾ ਕਰਨਾ ਤਾਂ ਕਾਇਰਤਾ ਹੈ। ਅਸੀਂ ਲੜ ਕੇ ਮਰਨ ਲਈ ਤਿਆਰ ਹਾਂ ਪਰ ਡੇਰਾ ਛੱਡ ਕੇ ਭੱਜ ਜਾਣ ਲਈ ਤਿਆਰ ਨਹੀਂ। ਭਾਈ ਰਤਨ ਸਿੰਘ ਭੰਗੂ ‘ਪ੍ਰਾਚੀਨ ਪੰਥ ਪ੍ਰਕਾਸ਼’ ਵਿਚ ਲਿਖਦਾ ਹੈ ਕਿ ਭਾਈ ਤਾਰਾ ਸਿੰਘ ਨੇ ਸੂਚਨਾ ਲਿਆਉਣ ਵਾਲਿਆਂ ਨੂੰ ਸਪੱਸ਼ਟ ਸ਼ਬਦਾਂ ਵਿਚ ਕਹਿ ਦਿੱਤਾ:
ਤੌ ਸਿੰਘ ਜੀ ਉਨ ਅਗਯੋਂ ਉਚਾਰੀ,
‘ਹਮ ਤੌ ਕਰਹਿੰ ਨ ਜਾਨ ਪਿਆਰੀ।
ਹਮ ਪਯਾਰੇ ਕਰਹੈਂ ਗੁਰ ਵਾਕ,
ਜਿਮ ਕਰ ਸਤਿਗੁਰ ਦਯੋ ਹੈ ਭਾਖ।
ਸਿੰਘ ਸੋਊ ਜੁ ਕਰੈ ਨਿਤ ਜੰਗ,
ਸਿੰਘ ਸੋਊ ਕਰੈ ਮਰਨੋਂ ਨ ਸੰਗ।
ਅਸੀਂ ਲਰ ਮਰੈਂਗੇ ਬੁੰਗੇ ਮਾਹਿ,
ਨਹਿਂ ਨਠਿ ਕੈ ਹਮ ਜਾਨ ਬਚਾਹਿਂ॥
ਲਾਹੌਰ ਵੱਲੋਂ ਭੇਜੀ ਗਈ ਸੈਨਾ ਦੀ ਖ਼ਬਰ ਮਿਲਦਿਆਂ ਹੀ ਭਾਈ ਤਾਰਾ ਸਿੰਘ ਨੇ ਡੇਰੇ ਵਿਚ ਸ਼ਰਨ ਲੈ ਰਹੇ ਸਾਰੇ ਸਿੰਘਾਂ ਨੂੰ ਆਪਣੇ ਕੋਲ ਸੱਦਿਆ ਤੇ ਕਿਹਾ ਕਿ ਇਸ ਲੜਾਈ ਵਿਚ ਮੌਤ ਯਕੀਨੀ ਹੈ। ਜਿਹੜੇ ਤੁਹਾਡੇ ਵਿੱਚੋਂ ਡੇਰਾ ਛੱਡ ਕੇ ਜਾਣਾ ਚਾਹੁੰਦੇ ਹਨ, ਬੇਸ਼ੱਕ ਚਲੇ ਜਾਉ। ਪਰ ਜੋ ਲੜ ਕੇ ਸ਼ਹੀਦ ਹੋਣਾ ਚਾਹੁੰਦੇ ਹਨ, ਉਹ ਸਾਡੇ ਕੋਲ ਹੀ ਟਿਕੇ ਰਹਿਣ:
ਹੁਤੇ ਜੁ ਭੁਜੰਗੀ ਤਾਰੈ ਸਿੰਘ ਪਾਸ, ਉਨੈਂ ਸਭਨ ਕੌ ਯੋਂ ਦਯੋ ਭਾਖ।
ਜਿਨ ਹੋਣਾ ਹੈ ਇਹਾਂ ਸ਼ਹੀਦ, ਰਹੇ ਸੋਊ ਔਰ ਜਾਹੁ ਵਗੀਦ। (ਅਰਥਾਤ ਵਗ ਜਾਉ, ਚਲੇ ਜਾਉ)
ਭਾਈ ਤਾਰਾ ਸਿੰਘ ਦੀ ਵੰਗਾਰ ਸੁਣ ਕੇ ਸ਼ਹੀਦ ਹੋਣ ਵਾਲੇ ਗੁਰੂ ਕੇ ਲਾਲ ਉਨ੍ਹਾਂ ਦੇ ਨਾਲ ਹੀ ਟਿਕੇ ਰਹੇ:
ਹੁਤ ਕੱਚੇ ਸੋ ਨੱਠ ਤੁਰੇ, ਰਹੇ ਪੱਕੇ ਸਿੰਘ ਨਾਲ।
ਸੂਰੇ ਪੂਰੇ ਜੋ ਮਹਾਂ, ਸਾਬਤ ਸਿੰਘ ਗੁਰ ਲਾਲ॥ (ਉਹੀ)
ਭਾਈ ਰਤਨ ਸਿੰਘ ਭੰਗੂ ਅਨੁਸਾਰ ਲੜਾਈ ਲੱਗਣ ਸਮੇਂ ਭਾਈ ਤਾਰਾ ਸਿੰਘ ਕੋਲ ਕੇਵਲ 22 ਸਿੰਘ ਸਨ ਜਿਨ੍ਹਾਂ ਵਿੱਚੋਂ ਹੇਠ ਲਿਖੇ 18 ਸਿੰਘਾਂ ਦੇ ਨਾਵਾਂ ਦਾ ਸਾਨੂੰ ਪਤਾ ਚੱਲਦਾ ਹੈ:
ਭਾਈ ਵਸਾਵਾ ਸਿੰਘ, ਭਾਈ ਕੁਇਰ ਸਿੰਘ, ਭਾਈ ਸੁਮੰਦ ਸਿੰਘ, ਭਾਈ ਝਾਬ ਸਿੰਘ, ਭਾਈ ਸੂਰਾ ਸਿੰਘ, ਭਾਈ ਲਖਮੀਰ ਸਿੰਘ, ਭਾਈ ਆਲੀ ਸਿੰਘ, ਭਾਈ ਗੁਰਬਖਸ਼ ਸਿੰਘ, ਭਾਈ ਭੀਮ ਸਿੰਘ, ਭਾਈ ਬਾਦਲ ਸਿੰਘ, ਭਾਈ ਮੇਘ ਸਿੰਘ, ਭਾਈ ਹਾਤਾ ਸਿੰਘ, ਭਾਈ ਬੁਲਾਕਾ ਸਿੰਘ, ਭਾਈ ਜੋਧ ਸਿੰਘ, ਭਾਈ ਭੰਗੜ ਸਿੰਘ, ਭਾਈ ਰਸਾਲ ਸਿੰਘ, ਭਾਈ ਅਮਰ ਸਿੰਘ, ਭਾਈ ਮਿਹਰ ਸਿੰਘ। (ਵਿਸਥਾਰ ਲਈ ਵੇਖੋ, ਉਹੀ)
ਕੁਝ ਨਾਮ ਐੱਸ.ਐੱਸ.ਗਾਂਧੀ ਨੇ ਆਪਣੀ ਕਿਤਾਬ (Struggle of the Sikhs for Sovereignty, ਸਫ਼ਾ 62 ਦੇ ਫੁੱਟ ਨੋਟ) ਵਿਚ ਦਿੱਤੇ ਹਨ, ਜਿਨ੍ਹਾਂ ਨੂੰ ਮਿਲਾ ਕੇ ਇਨ੍ਹਾਂ ਦੀ ਸੰਖਿਆ 22 ਹੋ ਜਾਂਦੀ ਹੈ:
ਸਭੈ ਸਿੰਘ ਰਲ ਬਾਈ ਭਏ।
ਕਿਛੁ ਅਗਲੇ ਕਿਛੁ ਮਗਰੋਂ ਅਏ॥ (ਉਹੀ)
ਇਨ੍ਹਾਂ ਸਿੰਘਾਂ ਨੇ ਜਿਸ ਡੇਰੇ (ਬੁੰਗਾ) ਵਿਚ ਪਨਾਹ ਲੈ ਰਖੀ ਸੀ, ਉਹ ਕੋਈ ਕਿਲ੍ਹਾ ਜਾਂ ਗੜ੍ਹੀ ਨਹੀਂ ਸੀ। ਮੋਮਨ ਖਾਂ ਨੇ ਇਸ ਬੁੰਗੇ ਉੱਪਰ ਹਮਲਾ ਰਾਤ ਵੇਲੇ ਕੀਤਾ ਕਿਉਂਕਿ ਉਹ ਸੋਚਦਾ ਸੀ ਕਿ ਇਸ ਵੇਲੇ ਸੁੱਤੇ ਪਏ ਸਿੰਘਾਂ ਨੂੰ ਚੁਪਾਸਿਓਂ ਘੇਰ ਕੇ ਮਾਰਨਾ ਸੌਖਾ ਸੀ। ਭਾਈ ਤਾਰਾ ਸਿੰਘ ਦੇ ਸਾਥੀ ਸਿੰਘ ਪਹਿਲਾਂ ਹੀ ਜਾਗ ਰਹੇ ਸਨ। ਉਨ੍ਹਾਂ ਨੇ ਪੂਰੀ ਰਾਤ ਮੋਮਨ ਖਾਂ ਦੀ ਵਿਸ਼ਾਲ ਸੈਨਾ ਦਾ ਡੱਟ ਕੇ ਮੁਕਾਬਲਾ ਕੀਤਾ। ਸਿੰਘ ਸਾਰੀ ਰਾਤ ਜੰਗੀ ਨਗਾਰਾ ਵਜਾਉਂਦੇ, ਬਾਣੀ ਪੜ੍ਹਦੇ ਤੇ ਜੈਕਾਰੇ ਛੱਡਦੇ ਰਹੇ। ਭਾਈ ਤਾਰਾ ਸਿੰਘ ਆਪਣੇ ਸਾਥੀਆਂ ਨੂੰ ਥਾਪੜਾ ਦੇ ਕੇ ਇਕ-ਇਕ ਕਰ ਕੇ ਬਾਹਰ ਭੇਜਦੇ ਰਹੇ। ਮੁਗ਼ਲ ਡਰੇ ਹੋਏ ਸਨ ਤੇ ਉਸ ਵੇਲੇ ਤਕ ਉਨ੍ਹਾਂ ਨੂੰ ਸਿੱਖਾਂ ਦੀ ਪੂਰੀ ਗਿਣਤੀ ਦਾ ਸਹੀ ਅੰਦਾਜ਼ਾ ਨਹੀਂ ਸੀ। ਪਰ ਸਵੇਰ ਹੁੰਦਿਆਂ ਹੀ ਇਹ ਭੇਤ ਖੁੱਲ੍ਹ ਗਿਆ ਕਿ ਸਿੱਖਾਂ ਕੋਲ ਮੁੱਠੀ ਭਰ ਸਿੰਘ ਹੀ ਬਚੇ ਹਨ। ਇਸ ਗੱਲ ਨੇ ਮੁਗ਼ਲਾਂ ਦੇ ਹੌਸਲੇ ਵਧਾ ਦਿੱਤੇ ਤੇ ਮੋਮਨ ਖਾਂ ਨੇ ਭਾਈ ਤਾਰਾ ਸਿੰਘ ਦੇ ਡੇਰੇ ’ਤੇ ਜ਼ਬਰਦਸਤ ਹਮਲਾ ਬੋਲ ਦਿੱਤਾ:
ਦੋਊ ਤਰਫ਼ ਤੇ ਮਚ ਗਯੋ ਘਾਣ।
ਥਾਕ ਗਏ ਦੁਵੱਲੋਂ ਲਾ ਲਾ ਤਾਣ॥ (ਉਹੀ)
ਸਿੰਘਾਂ ਵੱਲੋਂ ਸਭ ਤੋਂ ਪਹਿਲਾਂ ਭਾਈ ਭੰਗੜ ਸਿੰਘ, ਭਾਈ ਬੁਲਾਕਾ ਸਿੰਘ, ਭਾਈ ਲਖਮੀਰ ਸਿੰਘ, ਭਾਈ ਰਸਾਲ ਸਿੰਘ ਤੇ ਭਾਈ ਅਮਰ ਸਿੰਘ ਅੱਗੇ ਹੋਏ ਤੇ ਲੜ ਕੇ ਸ਼ਹੀਦ ਹੋ ਗਏ। ਸਿੰਘਾਂ ਕੋਲ ਕੇਵਲ ਤੀਰ, ਤਲਵਾਰ ਤੇ ਨੇਜ਼ੇ ਹੀ ਸਨ ਜਦ ਕਿ ਮੋਮਨ ਖਾਂ ਕੋਲ ਕਾਫੀ ਮਾਤਰਾ ਵਿਚ ਗੋਲਾ-ਬਾਰੂਦ ਤੇ ਹੋਰ ਹਥਿਆਰ ਵੀ ਸਨ। ਇਨ੍ਹਾਂ ਸਿੰਘਾਂ ਦੇ ਸ਼ਹੀਦ ਹੋ ਜਾਣ ਬਾਅਦ ਭਾਈ ਤਾਰਾ ਸਿੰਘ ਬਾਕੀ ਬਚੇ ਸਾਥੀਆਂ ਨੂੰ ਲੈ ਕੇ ਡੇਰੇ ’ਚੋਂ ਬਾਹਰ ਨਿਕਲੇ ਤੇ ਮੁਗ਼ਲ ਸੈਨਾ ’ਤੇ ਟੁੱਟ ਕੇ ਪੈ ਗਏ। ਉਨ੍ਹਾਂ ਦੇ ਧਾਰਮਿਕ ਜੋਸ਼ ਤੇ ਮਰਨ ਦੇ ਚਾਅ ਅੱਗੇ ਮੁਗ਼ਲਾਂ ਦਾ ਟਿਕ ਸਕਣਾ ਔਖਾ ਹੋ ਰਿਹਾ ਸੀ। ਭਾਈ ਭੀਮ ਸਿੰਘ ਨੇ ਮੋਮਨ ਖਾਂ ਦੇ ਭਤੀਜੇ ਦਾ ਸਿਰ ਵੱਢ ਲਿਆ ਜਦ ਕਿ ਮੋਮਨ ਖਾਂ ਦਾ ਜਰਨੈਲ ਤਕੀ ਖਾਂ ਭਾਈ ਤਾਰਾ ਸਿੰਘ ਦੇ ਹੱਥੋਂ ਜ਼ਖ਼ਮੀ ਹੋ ਕੇ ਮਾਰਿਆ ਗਿਆ। ਸਿੰਘਾਂ ਵਿੱਚੋਂ ਭਾਈ ਬੁਲਾਕਾ ਸਿੰਘ ਤੇ ਭਾਈ ਲਖਮੀਰ ਸਿੰਘ ਨੇ ਬੜੀ ਬਹਾਦਰੀ ਵਿਖਾਈ ਤੇ ਆਖ਼ਰ ਭਾਈ ਤਾਰਾ ਸਿੰਘ ਤੇ ਉਨ੍ਹਾਂ ਦੇ ਸਾਥੀ ਮੁਗ਼ਲਾਂ ਦੀ ਵਿਸ਼ਾਲ ਸੈਨਾ ਦੇ ਵਿਰੁੱਧ ਲੜਦੇ ਹੋਏ ਸ਼ਹੀਦ ਹੋ ਗਏ। ਭਾਈ ਤਾਰਾ ਸਿੰਘ ਦੀ ਸ਼ਹੀਦੀ ਦੇ ਸੰਬੰਧ ਵਿਚ ਭਾਈ ਰਤਨ ਸਿੰਘ ਭੰਗੂ ਲਿਖਦਾ ਹੈ:
ਇਮ ਤਾਰੈ ਸਿੰਘ ਸ਼ਹੀਦੀ ਪਾਈ।
ਸਿੰਘ ਨਿਭੇ ਉਸ ਸੰਗ ਸਭ ਬਾਈ।
ਇਮ ਤਾਰੈ ਸਿੰਘ ਜੀ ਸਾਕੋ ਕੀਆ,
ਮਸ਼ਹੂਰ ਸਭ ਜਗ ਮੈਂ ਥੀਆ॥
ਗੁਰ ਕੋ ਵਾਕ ਜਿਸ ਐਸ ਕਮੱਯਾ,
ਸੀਸ ਦਯੋ ਪਰ ਸਿਰਰ ਨ ਦੱਯਾ॥
‘ਐਨਸਾਈਕਲੋਪੀਡੀਆ ਆਫ਼ ਸਿੱਖਇਜ਼ਮ’, ਭਾਗ ਚੌਥਾ ਅਨੁਸਾਰ ਇਹ ਘਟਨਾ 24 ਦਸੰਬਰ ਸੰਨ 1732 ਨੂੰ ਵਾਪਰੀ ਜਦ ਕਿ ਬਹੁਤੇ ਇਤਿਹਾਸਕਾਰ ਇਸ ਸਾਕੇ ਦੇ ਵਾਪਰਨ ਦਾ ਸਾਲ 1726 ਈ. ਦਿੰਦੇ ਹਨ। ਹੋਰ ਤਾਂ ਹੋਰ ਐਨਸਾਈਕਲੋਪੀਡੀਆ ਆਫ ਸਿੱਖਇਜ਼ਮ ਭਾਗ ਦੂਜਾ ਦੇ ਸਫ਼ਾ 154 ’ਤੇ ਵੀ ਇਹੀ ਸਾਲ ਦਰਜ ਕੀਤਾ ਗਿਆ ਹੈ।
ਭਾਈ ਤਾਰਾ ਸਿੰਘ ਦੀ ਸ਼ਹੀਦੀ ਪੰਜਾਬ ਦੇ ਇਤਿਹਾਸ ਵਿਚ ਇਕ ਨਵਾਂ ਮੋੜ ਸਾਬਤ ਹੋਈ। ਇਸ ਸ਼ਹਾਦਤ ਨੇ ਪੰਜਾਬ ਦੇ ਸਿੱਖਾਂ ਵਿਚ ਮੁਗ਼ਲ ਹਕੂਮਤ ਵਿਰੁੱਧ ਰੋਸ ਦੀ ਅਜਿਹੀ ਅੱਗ ਬਾਲੀ ਕਿ ਉਹ ਮੁਗ਼ਲ ਹਕੂਮਤ ਦੀਆਂ ਜੜ੍ਹਾਂ ਵੱਢ ਦੇਣ ਲਈ ਦ੍ਰਿੜ੍ਹ-ਸੰਕਲਪ ਹੋ ਗਏ। ਐਨਸਾਈਕਲੋਪੀਡੀਆ ਆਫ਼ ਸਿੱਖਇਜ਼ਮ ਭਾਗ ਦੋ (ਸਫ਼ਾ 154) ਅਨੁਸਾਰ They resolved at a general assembly at Amritsar in 1726 to avenge the slaying of Tara Singh Van and his companions and rise to obstruct the functioning of the government. They attacked treasuries (ਸਰਕਾਰੀ ਖ਼ਜ਼ਾਨਾ) and arsenals (ਗੋਲੇ-ਬਾਰੂਦ ਦੇ ਭੰਡਾਰ) and chastised the officials (ਸਰਕਾਰੀ ਕਰਮਚਾਰੀਆਂ ਨੂੰ ਸੋਧਣਾ) who had been spying on them.
ਇਸੇ ਗੱਲ ਨੂੰ ਡਾ. ਗੰਡਾ ਸਿੰਘ ਇਸ ਤਰ੍ਹਾਂ ਬਿਆਨ ਕਰਦੇ ਹਨ ਕਿ ਸਿੱਖ ਪੰਥ ਨੇ ਪੰਜਾਬ ਦੇ ਹਾਕਮਾਂ ਕੋਲੋਂ ਭਾਈ ਤਾਰਾ ਸਿੰਘ ਦੀ ਸ਼ਹੀਦੀ ਦਾ ਬਦਲਾ ਲੈਣ ਦਾ ਪ੍ਰਣ ਕਰ ਲਿਆ। ਉਨ੍ਹਾਂ ਨੇ ਸ਼ਾਹੀ ਖਜ਼ਾਨਿਆਂ ਨੂੰ ਲੁੱਟਣ, ਮੁਗ਼ਲਾਂ ਦੇ ਗੋਲਾ-ਬਾਰੂਦ ਦੇ ਟਿਕਾਣਿਆਂ ’ਤੇ ਹਮਲੇ ਕਰਨਾ ਅਤੇ ਜ਼ਾਲਮ ਅਧਿਕਾਰੀਆਂ ਨੂੰ ਸੋਧਣਾ ਸ਼ੁਰੂ ਕਰ ਦਿੱਤਾ। ਹੌਲੀ-ਹੌਲੀ ਉਹ ਇਤਨੇ ਸ਼ਕਤੀਸ਼ਾਲੀ ਹੋ ਗਏ ਕਿ ਉਨ੍ਹਾਂ ਨੇ ਸਰਹੰਦ ਅਤੇ ਲਾਹੌਰ ਨੂੰ ਜਿੱਤ ਕੇ ਪੰਜਾਬ ਵਿਚ ਖਾਲਸਾ ਰਾਜ ਦੀ ਨੀਂਹ ਰੱਖ ਦਿੱਤੀ।
ਭਾਈ ਤਾਰਾ ਸਿੰਘ ਵਾਂ ਪੂਰਨ ਗੁਰਸਿੱਖ, ਰਹਿਣੀ-ਬਹਿਣੀ ਦਾ ਪੱਕਾ ਤੇ ਮਹਾਨ ਵੀਰ ਯੋਧਾ ਸੀ। ਜੇ ਉਹ ਇਕ ਪਾਸੇ ਸੇਵਾ, ਸਿਮਰਨ ਤੇ ਬੰਦਗੀ ਵਿਚ ਜੁੜੇ ਰਹਿਣ ਵਾਲਾ ਸਿੰਘ ਸੀ ਤਾਂ ਦੂਸਰੇ ਪਾਸੇ ਅਣਖ ਤੇ ਸ੍ਵੈਮਾਨ ਨਾਲ ਜਿਊਣ ਵਾਲਾ ਮਹਾਨ ਸੂਰਬੀਰ ਸੀ। ਉਹ ਸਦਾ ਪੰਥਕ ਕੰਮਾਂ ਵਿਚ ਵਧ-ਚੜ੍ਹ ਕੇ ਹਿੱਸਾ ਲੈਂਦਾ ਸੀ। ਸੰਕਟ ਦੇ ਸਮੇਂ ਉਸ ਦੀ ਵੀਰਤਾ ਕਮਾਲ ਦੀ ਹੁੰਦੀ ਸੀ। ਉਸ ਨੇ ਕਦੇ ਵੀ ਮੌਤ ਦੇ ਡਰ ਨੂੰ ਆਪਣੇ ਨੇੜੇ ਨਹੀਂ ਸੀ ਆਉਣ ਦਿੱਤਾ। 1726 ਈ. ਵਿਚ ਜਿਸ ਥਾਂ ’ਤੇ ਉਹ ਸ਼ਹੀਦ ਹੋਏ ਸਨ (ਪਿੰਡ ਖ਼ਾਦਮ ਗੜ੍ਹੀ) ਉਥੇ ਉਨ੍ਹਾਂ ਦੀ ਯਾਦ ਵਿਚ ਹੁਣ ਇਕ ਸੁੰਦਰ ਗੁਰਦੁਆਰਾ ਸਥਾਪਿਤ ਹੈ:
ਧੰਨ ਧੰਨ ਉਨ ਸਿੰਘਨ ਕੈ, ਜਿਨਿ ਕਰ ਸਾਕਾ ਤਜੇ ਪਰਾਨ।
ਰਹੈ ਨਾਮ ਥਿਰ ਕਰਮ ਕਾ, ਹੈ ਜਗ ਆਵਨ ਜਾਨ॥ (ਉਹੀ)
ਲੇਖਕ ਬਾਰੇ
- ਡਾ. ਹਰਬੰਸ ਸਿੰਘhttps://sikharchives.org/kosh/author/%e0%a8%a1%e0%a8%be-%e0%a8%b9%e0%a8%b0%e0%a8%ac%e0%a9%b0%e0%a8%b8-%e0%a8%b8%e0%a8%bf%e0%a9%b0%e0%a8%98/July 1, 2007
- ਡਾ. ਹਰਬੰਸ ਸਿੰਘhttps://sikharchives.org/kosh/author/%e0%a8%a1%e0%a8%be-%e0%a8%b9%e0%a8%b0%e0%a8%ac%e0%a9%b0%e0%a8%b8-%e0%a8%b8%e0%a8%bf%e0%a9%b0%e0%a8%98/September 1, 2007
- ਡਾ. ਹਰਬੰਸ ਸਿੰਘhttps://sikharchives.org/kosh/author/%e0%a8%a1%e0%a8%be-%e0%a8%b9%e0%a8%b0%e0%a8%ac%e0%a9%b0%e0%a8%b8-%e0%a8%b8%e0%a8%bf%e0%a9%b0%e0%a8%98/
- ਡਾ. ਹਰਬੰਸ ਸਿੰਘhttps://sikharchives.org/kosh/author/%e0%a8%a1%e0%a8%be-%e0%a8%b9%e0%a8%b0%e0%a8%ac%e0%a9%b0%e0%a8%b8-%e0%a8%b8%e0%a8%bf%e0%a9%b0%e0%a8%98/April 1, 2009
- ਡਾ. ਹਰਬੰਸ ਸਿੰਘhttps://sikharchives.org/kosh/author/%e0%a8%a1%e0%a8%be-%e0%a8%b9%e0%a8%b0%e0%a8%ac%e0%a9%b0%e0%a8%b8-%e0%a8%b8%e0%a8%bf%e0%a9%b0%e0%a8%98/March 1, 2010
- ਡਾ. ਹਰਬੰਸ ਸਿੰਘhttps://sikharchives.org/kosh/author/%e0%a8%a1%e0%a8%be-%e0%a8%b9%e0%a8%b0%e0%a8%ac%e0%a9%b0%e0%a8%b8-%e0%a8%b8%e0%a8%bf%e0%a9%b0%e0%a8%98/July 1, 2010
- ਡਾ. ਹਰਬੰਸ ਸਿੰਘhttps://sikharchives.org/kosh/author/%e0%a8%a1%e0%a8%be-%e0%a8%b9%e0%a8%b0%e0%a8%ac%e0%a9%b0%e0%a8%b8-%e0%a8%b8%e0%a8%bf%e0%a9%b0%e0%a8%98/