ਕਿਸੇ ਵੀ ਮਹਾਨ ਸਾਹਿਤ ਦੀ ਸਭ ਤੋਂ ਵੱਡੀ ਪਹਿਚਾਣ ਇਹ ਹੁੰਦੀ ਹੈ ਕਿ ਉਹ ਆਪਣੇ ਦੇਸ਼-ਕਾਲ ਦੀਆਂ ਸਮੱਸਿਆਵਾਂ ਨੂੰ ਉਲੰਘ ਕੇ ਦੂਜੇ ਦੇਸ਼ਾਂ ਅਤੇ ਕਾਲਾਂ ਲਈ ਵੀ ਸਾਰਥਕ ਅਤੇ ਅਰਥ ਭਰਪੂਰ ਰਹਿੰਦਾ ਹੈ। ਇਸ ਤੋਂ ਇਲਾਵਾ ਮਹਾਨ ਸਾਹਿਤ ਵਿਚ ਮਨੁੱਖ ਦੇ ਜੀਵਨ ਨਾਲ ਸੰਬੰਧਿਤ ਸੇਧ ਦੇਣ ਵਾਲੇ ਸਵਾਲ ਪੇਸ਼ ਕੀਤੇ ਜਾਂਦੇ ਹਨ। ਬਾਬਾ ਫ਼ਰੀਦ ਜੀ ਦੀ ਬਾਣੀ ਦਾ ਅਧਿਐਨ ਕਰਦਿਆਂ ਪਤਾ ਚੱਲਦਾ ਹੈ ਕਿ ਇਹ ਬਾਣੀ ਮਹਾਨ ਸਾਹਿਤ ਹੋਣ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ ਰੱਖਦੀ ਹੈ। ਬਾਬਾ ਫ਼ਰੀਦ ਜੀ ਦੀ ਬਾਣੀ ਨੂੰ ਕਿਸੇ ਖ਼ਾਸ ਕਾਲ ਅਤੇ ਖ਼ਾਸ ਦੇਸ਼ ਦੀ ਸੀਮਾ ਵਿਚ ਬੰਨ੍ਹ ਕੇ ਨਹੀਂ ਰੱਖਿਆ ਜਾ ਸਕਦਾ। ਬਾਬਾ ਫ਼ਰੀਦ ਜੀ ਦੁਆਰਾ ਪੇਸ਼ ਵਿਚਾਰ/ਸਿਧਾਂਤ ਅਜੋਕੇ ਸਮੇਂ ਵੀ ਉਤਨੇ ਸਾਰਥਕ ਹਨ, ਜਿੰਨੇ ਕਿ ਸ਼ੇਖ ਫ਼ਰੀਦ ਜੀ ਦੇ ਕਾਲ ਵਿਚ ਸਨ।
ਬਾਬਾ ਫ਼ਰੀਦ ਜੀ ਨੇ ਆਪਣੀ ਬਾਣੀ ਵਿਚ ਆਪਣੇ ਯੁੱਗ ਦੀਆਂ ਪਰਿਸਥਿਤੀਆਂ ਦੇ ਪ੍ਰਸੰਗ ਵਿਚ ਇਕ ਆਦਰਸ਼ਕ ਮਨੁੱਖ ਦਾ ਮਾਡਲ ਤਿਆਰ ਕੀਤਾ। ਇਸ ਆਦਰਸ਼ਕ ਮਨੁੱਖ ਦੇ ਮਾਡਲ ਨੂੰ ਉਲੀਕਣ ਸਮੇਂ ਬਾਬਾ ਫ਼ਰੀਦ ਜੀ ਨੇ ਮਨੁੱਖੀ ਮਨ ਦੇ ਅੰਦਰਲੇ ਸੰਘਰਸ਼ ਨੂੰ ਇਤਨਾ ਵਿਆਪਕ ਧਰਾਤਲ ਪ੍ਰਦਾਨ ਕਰ ਦਿੱਤਾ ਹੈ ਕਿ ਅਜੋਕੇ ਸਮੇਂ ਦੇ ਮਨੁੱਖ ਵੀ ਇਸ ਨੂੰ ਆਪਣਾ ਪ੍ਰੇਰਨਾ-ਸ੍ਰੋਤ ਬਣਾ ਸਕਦੇ ਹਨ। ਭਗਤ ਫ਼ਰੀਦ ਜੀ ਦੁਆਰਾ ਪੇਸ਼ ਮਨੁੱਖ ਇਕ ਅਜਿਹਾ ਵਿਅਕਤੀ ਹੈ ਜੋ ਸੰਸਾਰਕ ਵਸਤੂਆਂ ਦੇ ਲੋਭ ਤੋਂ ਮੁਕਤ ਅਤੇ ਪਰਮਾਤਮਾ ਨੂੰ ਮਿਲਣ ਦੀ ਤਾਂਘ ਰੱਖਣ ਵਾਲਾ ਹੈ। ਮੋਹ- ਮਾਇਆ ਦੇ ਲੋਭ ਉਸ ਨੂੰ ਆਪਣੇ ਜਾਲ ਵਿਚ ਗ੍ਰਿਫ਼ਤਾਰ ਨਹੀਂ ਕਰ ਸਕਦੇ ਅਤੇ ਨਾ ਹੀ ਉਹ ਵਿਕਾਰਾਂ ਦੇ ਸ਼ਿਕੰਜੇ ਵਿਚ ਆਉਂਦਾ ਹੈ।
ਸ਼ੇਖ ਫ਼ਰੀਦ ਜੀ ਦੀ ਸਮੁੱਚੀ ਬਾਣੀ ਵਿਚ ਜੀਵ ਰੂਪੀ ਕੰਨਿਆ ਦੇ ਸੱਚੀ ਸੁਹਾਗਣ ਸਿੱਧ ਹੋਣ ਦੀ ਦਾਸਤਾਨ ਕਲਮਬੰਦ ਹੈ। ਭਗਤ ਫ਼ਰੀਦ ਜੀ ਦੀ ਬਾਣੀ ਦਾ ਸਮੁੱਚਾ ਅਵਲੋਕਨ ਕਰਨ ’ਤੇ ਇਹ ਤੱਥ ਸਹਿਜੇ ਹੀ ਨਜ਼ਰ ਆ ਜਾਂਦਾ ਹੈ ਕਿ ਹਰ ਸਲੋਕ ਦੀ ਤਹਿ ਵਿਚ ਆਦਰਸ਼ਕ ਜੀਵ ਜਾਂ ਜੀਵ ਰੂਪੀ ਇਸਤਰੀ ਬਣਨ ਦੀ ਮਰਯਾਦਾ ਕਿਰਿਆਸ਼ੀਲ ਹੈ। ਇਨ੍ਹਾਂ ਸਲੋਕਾਂ ਵਿਚ ਨੈਤਿਕਤਾ ਦੇ ਵਿਵੇਚਨ ਦੇ ਨਾਲ-ਨਾਲ ਅਧਿਆਤਮਕ ਖਿੱਚ ਵੀ ਮੂਰਤੀਮਾਨ ਹੁੰਦੀ ਹੈ। ਇਸ ਅਧਿਆਤਮਕ ਖਿੱਚ ਦੀ ਅਣਹੋਂਦ ਵਿਚ ਸਮੁੱਚੀ ਨੈਤਿਕਤਾ ਕੇਵਲ ਕਰਮਕਾਂਡ ਬਣ ਕੇ ਹੀ ਰਹਿ ਜਾਂਦੀ ਹੈ। ਸ਼ੇਖ ਫ਼ਰੀਦ ਜੀ ਦੁਆਰਾ ਪੇਸ਼ ਕੀਤਾ ਗਿਆ ਆਦਰਸ਼ ਮਾਡਲ ਬੁਰੇ ਕਰਮ ਨਹੀਂ ਕਰਦਾ। ਉਹ ਮਨੁੱਖ ਹਿੰਸਾ ਦਾ ਜਵਾਬ ਪ੍ਰਤੀ-ਹਿੰਸਾ ਵਿਚ ਨਹੀਂ ਦਿੰਦਾ। ਆਪਣੇ ਸੱਜਣਾਂ ਮਿੱਤਰਾਂ ਦੀ ਸਹਾਇਤਾ ਲਈ ਹਰ ਸਮੇਂ ਤਿਆਰ ਰਹਿੰਦਾ ਹੈ। ਕਿਸੇ ਨੂੰ ਕੌੜਾ ਨਹੀਂ ਬੋਲਦਾ ਕਿਉਂਕਿ ਉਹ ਜਾਣਦਾ ਹੈ ਕਿ ਹਰ ਮਨੁੱਖ ਦੇ ਦਿਲ ਵਿਚ ਪਰਮਾਤਮਾ ਦਾ ਨਿਵਾਸ ਹੈ।
ਸ਼ੇਖ ਫ਼ਰੀਦ ਜੀ ਦੇ ਬਾਣੀ-ਸੰਸਾਰ ਅੰਦਰ ਮੌਤ ਅਤੇ ਇਸ ਦਾ ਡਰ ਇਕ ਲਗਾਤਾਰ ਆਉਣ ਵਾਲਾ ਵਿਸ਼ਾ-ਵਸਤੂ ਹੈ। ਬਾਬਾ ਫ਼ਰੀਦ ਜੀ ਜੀਵਨ ਦੀ ਨਾਸ਼ਮਾਨਤਾ ਦੇ ਬੜੇ ਭਿਆਨਕ ਚਿੱਤਰ ਪੇਸ਼ ਕਰਦੇ ਹਨ।
ਜ਼ਿੰਦਗੀ ਅਤੇ ਮੌਤ ਦਾ ਇਹ ਪੜਾਅ ਸ਼ੇਖ ਫ਼ਰੀਦ ਜੀ ਦੀ ਬਾਣੀ ਵਿਚ ਨਿਰੰਤਰ ਗਤੀਮਾਨ ਹੈ। ਸ਼ੇਖ ਫ਼ਰੀਦ ਜੀ ਦੀ ਬਾਣੀ ਵਿਚ ਪਲੋ-ਪਲੀ ਵਧੀ ਆ ਰਹੀ ਮੌਤ ਦਾ ਵਰਣਨ ਤਾਂ ਭਰਵਾਂ ਹੈ ਪਰ ਜੀਵਨ ਦੇ ਪ੍ਰਵਾਹ ਨਾਲੋਂ ਭਗਤ ਫ਼ਰੀਦ ਜੀ ਅਸਲੋਂ ਹੀ ਟੁੱਟਦੇ ਨਹੀਂ ਸਗੋਂ ਉਸ ਨੂੰ ਪ੍ਰਤੱਖ ਵਿਚ ਰੱਖ ਕੇ ਜੀਵਨ-ਜਾਚ ਦੀ ਉਸਾਰੀ ਕਰਦੇ ਹਨ। ਜੇਕਰ ਇਸ ਪੱਖ ਨੂੰ ਹੋਰ ਸਪੱਸ਼ਟ ਕਰਕੇ ਵੇਖਣਾ ਹੋਵੇ ਤਾਂ ਬਾਬਾ ਫ਼ਰੀਦ ਜੀ ਦੇ ਸਦਾਚਾਰ ਸੰਬੰਧੀ ਉਪਦੇਸ਼ਾਂ ਨੂੰ ਰੂਪਮਾਨ ਕਰਦੇ ਸਲੋਕਾਂ ਦਾ ਅਧਿਐਨ ਕਰਨਾ ਜ਼ਰੂਰੀ ਹੈ ਜਿਨ੍ਹਾਂ ਵਿਚ ਜ਼ਿੰਦਗੀ ਦੇ ਉੱਚੇ-ਸੁੱਚੇ ਮੁੱਲਾਂ ’ਤੇ ਡਟ ਕੇ ਪਹਿਰਾ ਦੇਣ ਦੀ ਗੱਲ ਕੀਤੀ ਗਈ ਹੈ। ਐਸਾ ਦ੍ਰਿਸ਼ਟੀਕੋਣ ਜ਼ਿੰਦਗੀ ਪ੍ਰਤੀ ਸਾਰਥਕ ਪਹੁੰਚ ਰੱਖਣ ਵਾਲੇ ਭਗਤ ਦਾ ਹੀ ਹੋ ਸਕਦਾ ਹੈ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਬਾਬਾ ਫ਼ਰੀਦ ਜੀ ਮੌਤ ਦਾ ਉਚੇਚਾ ਜ਼ਿਕਰ ਵੀ ਉਚੇਰੀ ਜੀਵਨ-ਜਾਚ ਦੀ ਪ੍ਰੇਰਨਾ ਲਈ ਕਰ ਰਹੇ ਹਨ। ਇਸ ਤੋਂ ਇਲਾਵਾ ਸ਼ੇਖ ਫ਼ਰੀਦ ਜੀ ਦੀ ਬਾਣੀ ਵਿਚ ਉਨ੍ਹਾਂ ਕਾਵਿ-ਜੁਗਤਾਂ ਦੀ ਸਿਰਜਣਾ ਕੀਤੀ ਗਈ ਹੈ ਜੋ ਲੋਕ-ਮਨਾਂ ਲਈ ਵਧੇਰੇ ਸਮਝਣਯੋਗ ਹਨ। ਇਸ ਲਈ ਬਾਬਾ ਫ਼ਰੀਦ ਜੀ ਨੇ ਸੰਦੇਸ਼ ਸੰਚਾਰ ਕਰਨ ਲਈ ਸਲੋਕ ਕਾਵਿ-ਰੂਪ ਨੂੰ ਚੁਣਿਆ ਹੈ। ਬਾਬਾ ਫ਼ਰੀਦ ਜੀ ਨੇ ਆਪਣੇ ਕਲਾਮ ਵਿਚ ਵੱਡੇ ਤੋਂ ਵੱਡੇ ਅਧਿਆਤਮਕ ਸੰਦੇਸ਼ ਨੂੰ ਸੌਖੇ ਤੋਂ ਸੌਖੇ ਪ੍ਰਤੀਕ-ਵਿਧਾਨ ਵਿਚ ਢਾਲ ਕੇ ਪੇਸ਼ ਕੀਤਾ ਹੈ। ਸ਼ੇਖ ਫ਼ਰੀਦ ਜੀ ਦੀ ਬਾਣੀ ਵਿਚ ਲੋਕਾਂ ਲਈ ਜਾਣੀਆਂ-ਪਛਾਣੀਆਂ ਵਸਤਾਂ ਜਿਵੇਂ ਬਗਲਾ, ਕੰਬਲੀ, ਮਸਾਣ, ਚੋਪੜੀ ਰੋਟੀ, ਸ਼ੱਕਰ, ਖੰਡ, ਗੁੜ, ਦੁੱਧ ਆਦਿ ਦੁਆਰਾ ਅਧਿਆਤਮਕ ਸੰਦੇਸ਼ ਦਾ ਸੰਚਾਰ ਕੀਤਾ ਗਿਆ ਹੈ। ਇਸ ਬਾਣੀ ਵਿਚ ਪੇਸ਼ ਕੀਤੇ ਗਏ ਅਲੰਕਾਰ, ਬਿੰਬ ਅਤੇ ਰਸ-ਵਿਧਾਨ ਅਜਿਹੇ ਬਣਾ ਕੇ ਪੇਸ਼ ਕੀਤੇ ਗਏ ਹਨ ਕਿ ਪਾਠਕ ਦੇ ਬੌਧਿਕ ਪੱਧਰ ’ਤੇ ਜਾ ਕੇ ਉਸ ਨੂੰ ਸਮਝਾਉਂਦੇ ਹਨ। ਅਤਿ ਸਰਲ ਤੇ ਸਪੱਸ਼ਟ ਅਤੇ ਬਹੁਤ ਹੀ ਭਾਵ-ਭਿੰਨੀ ਹੋਣ ਕਰਕੇ ਹੀ ਸ਼ੇਖ ਫ਼ਰੀਦ ਜੀ ਦੀ ਬਾਣੀ ਆਮ ਲੋਕਾਂ ਵਿਚ ਹਰਮਨ-ਪਿਆਰੀ ਹੈ। ਸ਼ੇਖ ਫ਼ਰੀਦ ਜੀ ਦੀ ਬਾਣੀ ਦੇ ਸਮੁੱਚੇ ਅਧਿਐਨ ਤੋਂ ਬਾਅਦ ਇਹ ਗੱਲ ਭਲੀ-ਭਾਂਤ ਸਿੱਧ ਹੁੰਦੀ ਹੈ ਕਿ ਧਨ ਅਤੇ ਪਿਰ ਜਾਂ ਪਤਨੀ ਅਤੇ ਪਤੀ ਇਸ ਬਾਣੀ ਦੇ ਦੋ ਕੇਂਦਰੀ ਧੁਰੇ ਹਨ। ਕਈ ਵਾਰ ਇਹ ਧੁਰੇ ਦਰਵੇਸ਼/ਭਗਤ ਅਤੇ ਪਰਮਾਤਮਾ ਦੇ ਰੂਪ ਵਿਚ ਪ੍ਰਤੱਖ ਤੌਰ ’ਤੇ ਪੇਸ਼ ਹੁੰਦੇ ਹਨ। ਸ਼ੇਖ ਫ਼ਰੀਦ ਜੀ ਦੇ ਅਨੁਸਾਰ ਸੱਚਾ ਦਰਵੇਸ਼ ਉਹ ਹੈ ਜੋ ਰੁੱਖਾਂ ਵਰਗਾ ਜਿਗਰਾ ਰੱਖਦਾ ਹੈ, ਕਿਉਂਕਿ ਦਰਵੇਸ਼ ਦਾ ਜੀਵਨ ਬੜਾ ਔਖਾ ਹੈ। ਇਸ ਨੂੰ ਆਮ ਦੁਨੀਆਂ ਦੀ ਰਵਾਇਤ ਨਾਲ ਨਹੀਂ ਨਿਭਾਇਆ ਜਾ ਸਕਦਾ। ਸ਼ੇਖ ਫ਼ਰੀਦ ਜੀ ਦੁਆਰਾ ਪੇਸ਼ ਕੀਤਾ ਗਿਆ ਦਰਵੇਸ਼ ਸੰਸਾਰਕ ਸੁੰਦਰਤਾ ਦੇ ਪਿੱਛੇ ਲੱਗ ਕੇ ਵਿਲਾਸਤਾ ਵਿਚ ਨਹੀਂ ਡੁੱਬਦਾ। ਅਸਲ ਵਿਚ ਉਹ ਆਪਣੀ ਸਾਧਨਾ ਦੇ ਬਦਲੇ ਕੋਈ ਸੰਸਾਰਕ ਸੁਖ ਦੀ ਤਾਂਘ ਨਹੀਂ ਰੱਖਦਾ, ਉਹ ਤਾਂ ਕੇਵਲ ਪਰਮਾਤਮਾ ਦੇ ਮਿਲਾਪ ਦੀ ਇੱਛਾ ਪੂਰਤੀ ਚਾਹੁੰਦਾ ਹੈ। ਉਹ ਸੰਸਾਰ ਦੀਆਂ ਨਾਸ਼ਮਾਨ ਵਸਤਾਂ ਦੇ ਪਿੱਛੇ ਨਹੀਂ ਭਟਕਦਾ। ਬਾਬਾ ਫ਼ਰੀਦ ਜੀ ਅਨੁਸਾਰ ਆਤਮਿਕ ਤੌਰ ਉੱਤੇ ਇਤਨਾ ਸ਼ੁੱਧ ਵਿਅਕਤੀ ਹੀ ਪਰਮਾਤਮਾ ਦੀ ਪ੍ਰਾਪਤੀ ਕਰ ਸਕਦਾ ਹੈ।
ਭਗਤ ਫ਼ਰੀਦ ਜੀ ਦੀ ਬਾਣੀ ਦਾ ਅਸਲ ਸੰਦੇਸ਼ ਸਮੁੱਚੀ ਲੋਕਾਈ ਨਾਲ ਪਿਆਰ ਅਤੇ ਸਨੇਹ ਹੈ। ਬਾਬਾ ਫ਼ਰੀਦ ਜੀ ਅਨੁਸਾਰ ਇੱਟ ਦਾ ਜੁਆਬ ਪੱਥਰ ਨਾਲ ਨਹੀਂ ਦੇਣਾ ਬਲਕਿ ਉਨ੍ਹਾਂ ਨਾਲ ਵੀ ਪਿਆਰ ਕੀਤਾ ਜਾਣਾ ਚਾਹੀਦਾ ਹੈ, ਜੋ ਤੁਹਾਨੂੰ ਮਾਰਦੇ ਹਨ। ਆਪਸੀ ਪਿਆਰ ਅਤੇ ਭਾਈਚਾਰੇ ਨੂੰ ਦਰਸਾਉਣ ਵਾਲੀ ਅਜਿਹੀ ਮਿਸਾਲ ਸ਼ਾਇਦ ਹੀ ਦੁਨੀਆਂ ਦੇ ਕਿਸੇ ਹੋਰ ਮਹਾਂਪੁਰਸ਼ ਨੇ ਦਿੱਤੀ ਹੋਵੇ। ਇਸ ਦਾ ਮਤਲਬ ਇਹ ਨਹੀਂ ਕਿ ਬਾਬਾ ਫ਼ਰੀਦ ਜੀ ਆਪਣੇ ਆਪ ਨੂੰ ਹੀਣਾ ਕਰ ਦੇਣ ਵਿਚ ਵਿਸ਼ਵਾਸ ਕਰਦੇ ਹਨ। ਸਵੈਮਾਣ ਦੀ ਭਾਵਨਾ ਵੀ ਬਾਬਾ ਫ਼ਰੀਦ ਜੀ ਦੀ ਦੇਣ ਹੈ। ਉਹ ਆਖਦੇ ਹਨ ਕਿ ਕਿਸੇ ਦੇ ਅਧੀਨ ਹੋਣ ਨਾਲੋਂ ਮਰ ਜਾਣਾ ਚੰਗਾ ਹੈ। ਸ਼ੇਖ ਫ਼ਰੀਦ ਜੀ ਦੇ ਅਨੁਸਾਰ ਨਿਮਰਤਾ ਅਤੇ ਗ਼ੁਲਾਮੀ ਵਿਚ ਫ਼ਰਕ ਹੈ। ਨਿਮਰਤਾ ਮਨੁੱਖ ਨੂੰ ਮਹਾਨ ਅਤੇ ਉਦਾਰ ਬਣਾਉਂਦੀ ਹੈ, ਪਰ ਗ਼ੁਲਾਮੀ ਵਿਅਕਤੀ ਦੀ ਹੋਂਦ ਨੂੰ ਖ਼ਤਮ ਕਰ ਦਿੰਦੀ ਹੈ।
ਪੰਜਾਬੀ ਸੱਭਿਆਚਾਰ ਦੀ ਤਰਜ਼ਮਾਨੀ ਕਰਦਿਆਂ ਬਾਬਾ ਫ਼ਰੀਦ ਜੀ ਆਪਣੇ ਕਲਾਮ ਵਿਚ ਮਨੁੱਖ ਅੰਦਰ ਗ਼ੈਰਤ, ਸਵੈਮਾਣ ਦੀ ਭਾਵਨਾ ਦੇ ਵਿਭਿੰਨ ਰੂਪਾਂ ਨੂੰ ਪੇਸ਼ ਕਰਦੇ ਹਨ। ਬਾਬਾ ਫ਼ਰੀਦ ਜੀ ਵੱਲੋਂ ਪੇਸ਼ ਗ਼ੈਰਤ ਆਧੁਨਿਕ ਪੰਜਾਬੀ ਸੱਭਿਆਚਾਰ ਵਿੱਚ ਵੀ ਸਾਰਥਿਕ ਹੈ। ਇਸ ਤੋਂ ਇਲਾਵਾ ਸ਼ੇਖ ਫ਼ਰੀਦ ਜੀ ਦੀ ਬਾਣੀ ਸਚਿਆਰੇ ਮਨੁੱਖ ਦਾ ਸੰਕਲਪ ਪੇਸ਼ ਕਰਦੀ ਹੈ। ਬਾਬਾ ਫ਼ਰੀਦ ਜੀ ਇਕ ਪਾਸੇ ਜਿੱਥੇ ਗ਼ੁਲਾਮੀ ਨੂੰ ਮੌਤ ਦੇ ਬਰਾਬਰ ਮੰਨਦੇ ਹਨ, ਉੱਥੇ ਨਾਲ ਹੀ ਕਿਸੇ ਦੂਜੇ ਵਿਅਕਤੀ ਦੇ ਦਰਵਾਜੇ ’ਤੇ ਮੰਗਣ ਵਾਲੇ ਵਿਅਕਤੀ ਨੂੰ ਤਾੜਨਾ ਕਰਦੇ ਹਨ। ਉਹ ਮੰਗ ਕੇ ਖਾਣ ਨਾਲੋਂ ਮੌਤ ਨੂੰ ਵਧੇਰੇ ਚੰਗਾ ਸਮਝਦੇ ਹਨ। ਇਸ ਤੋਂ ਇਲਾਵਾ ਸੂਫ਼ੀ ਦਾ ਅਸਲ ਉਦੇਸ਼ ਪਰਮਾਤਮਾ ਦੀ ਪ੍ਰਾਪਤੀ ਹੈ। ਸੂਫ਼ੀ ਸਾਧਕ ਪੂਰੀ ਜ਼ਿੰਦਗੀ ਪਰਮਾਤਮਾ ਨੂੰ ਪ੍ਰਾਪਤ ਕਰਨ ਲਈ ਯਤਨਸ਼ੀਲ ਰਹਿੰਦਾ ਹੈ। ਸੂਫ਼ੀ ਦੀ ਅੰਤਮ ਮੰਜ਼ਿਲ ਪ੍ਰਭੂ-ਪਿਤਾ ਪਰਮਾਤਮਾ ਵਿਚ ਅਭੇਦ ਹੋਣਾ ਹੈ। ਉਸ ਨੂੰ ਸੰਸਾਰਕ ਵਸਤੂਆਂ, ਸੁਖਾਂ ਅਤੇ ਵਿਲਾਸਤਾ ਦਾ ਮੋਹ ਨਹੀਂ ਹੈ। ਸੂਫ਼ੀ ਆਪਣੇ ਆਪ ਨੂੰ ਪਰਮਾਤਮਾ ਨਾਲੋਂ ਵਿਛੜੀ ਆਤਮਾ ਮੰਨਦੇ ਹਨ ਅਤੇ ਪਰਮਾਤਮਾ ਵਿਚ ਅਭੇਦਤਾ ਹੀ ਉਨ੍ਹਾਂ ਦਾ ਅੰਤਮ ਲਖ਼ਸ਼ ਹੈ।
ਬਾਬਾ ਫ਼ਰੀਦ ਜੀ ਦੀ ਪੰਜਾਬੀ ਸਾਹਿਤ ਨੂੰ ਸਭ ਤੋਂ ਵੱਡੀ ਅਤੇ ਅਹਿਮ ਦੇਣ ਉਸ ਸਮੇਂ ਆਮ ਲੋਕਾਂ ਵਿਚ ਪ੍ਰਚੱਲਤ ਪੰਜਾਬੀ ਭਾਸ਼ਾ ਵਿਚ ਬਾਣੀ ਦੀ ਰਚਨਾ ਕਰਨਾ ਹੈ। ਇਹ ਪਹਿਲੀ ਵਾਰ ਹੋਇਆ ਕਿ ਵਿਦਵਾਨਾਂ ਦੀ ਭਾਸ਼ਾ ਦੀ ਬਜਾਇ ਕਿਸੇ ਵਿਅਕਤੀ ਨੇ ਆਮ ਬੋਲ-ਚਾਲ ਦੀ ਬੋਲੀ ਦੇ ਅੰਤਰਗਤ ਆਮ ਲੋਕਾਂ ਲਈ ਬਾਣੀ ਦੀ ਰਚਨਾ ਕੀਤੀ। ਇਸ ਵਿਚ ਸਭ ਨੂੰ ਸਾਂਝਾ ਉਪਦੇਸ਼ ਦਿੱਤਾ ਗਿਆ। ਬਾਬਾ ਫ਼ਰੀਦ ਜੀ ਦੀ ਬਾਣੀ ਵਿਚ ਕਿਤੇ ਵੀ ਜਾਤ-ਪਾਤ, ਧਰਮ, ਰੰਗ-ਰੂਪ, ਇਸਤਰੀ-ਪੁਰਸ਼ ਆਦਿ ਦਾ ਵਿਤਕਰਾ ਨਹੀਂ ਕੀਤਾ ਗਿਆ। ਸ਼ੇਖ ਫ਼ਰੀਦ ਜੀ ਦੀ ਬਾਣੀ ਵਿਚ ਮਨੁੱਖ ਨੂੰ ਨਿਮਰਤਾ, ਬਖਸ਼ਿਸ, ਤਿਆਗ ਅਤੇ ਰੱਬੀ ਚਿੰਤਨ ਦੀ ਪ੍ਰੇਰਨਾ ਦਿੱਤੀ ਗਈ ਹੈ। ਆਪ ਜੀ ਨੇ ਮਨੁੱਖ ਦੇ ਕਰਮ ਨੂੰ ਹੀ ਸੱਚੀ ਭਗਤੀ ਮੰਨਿਆ ਹੈ। ਆਪ ਜੀ ਨੇ ਧਰਮ ਨਿਰਪੱਖਤਾ ਰਾਹੀਂ ਮਨੁੱਖ ਦੀਆਂ ਕੱਟੜਵਾਦ ਦੀਆਂ ਬੇੜੀਆਂ ਕੱਟੀਆਂ। ਉਨ੍ਹਾਂ ਨੇ ਆਪਣੇ ਕਲਾਮ ਵਿਚ ਮਨੁੱਖ ਨੂੰ ਆਪਸੀ ਭਾਈਚਾਰੇ, ਬਰਾਬਰੀ ਅਤੇ ਆਜ਼ਾਦੀ ਦਾ ਸੰਦੇਸ਼ ਦਿੱਤਾ।
ਸ਼ੇਖ ਫ਼ਰੀਦ ਜੀ ਦੀ ਬਾਣੀ ਦਾ ਕੇਂਦਰੀ ਬਿੰਦੂ ਪਰਮਾਤਮਾ ਦੀ ਪ੍ਰਾਪਤੀ ਹੈ। ਇਸ ਪ੍ਰਾਪਤੀ ਦਾ ਰਾਹ ਦੱਸਦੇ ਹੋਏ ਬਾਬਾ ਫ਼ਰੀਦ ਜੀ ਆਪਣੇ ਕਲਾਮ ਵਿਚ ਮਨੁੱਖ ਨੂੰ ਮੌਤ ਦਾ ਡਰ, ਅੱਗੇ ਮਿਲਣ ਵਾਲੀਆਂ ਸਜਾਵਾਂ ਦੀ ਯਾਦ ਦਿਵਾਉਂਦੇ ਹਨ ਤਾਂ ਕਿ ਮਨੁੱਖ ਪਰਮਾਤਮਾ ਦੀ ਭਗਤੀ ਦੇ ਮਾਰਗ ’ਤੇ ਤੁਰ ਸਕੇ। ਉਸ ਪਰਮਾਤਮਾ ਲਈ ਬਾਬਾ ਫ਼ਰੀਦ ਜੀ ਨੇ ਅੱਲ੍ਹਾ, ਖ਼ੁਦਾ ਜਾਂ ਸਾਹਿਬ ਦੀਆਂ ਵਿਸ਼ੇਸ਼ਣੀ ਸੰਗਿਆ ਜਾਂ ਨਾਂਵ ਹਨ। ਇਨ੍ਹਾਂ ਸਾਰੇ ਵਿਸ਼ੇਸ਼ਣਾਂ ਦਾ ਸੰਬੰਧ ਇਸਲਾਮੀ ਸੰਸਕ੍ਰਿਤੀ ਨਾਲ ਹੈ। ਇਸ ਲਈ ਬਾਬਾ ਫ਼ਰੀਦ ਜੀ ਪਰਮਾਤਮਾ ਦੇ ਇਸਲਾਮੀ ਸੰਕਲਪ ਦਾ ਚਿੱਤਰ ਪੇਸ਼ ਕਰਦੇ ਹਨ ਜਿਸ ਅਨੁਸਾਰ ਪਰਮਾਤਮਾ ਦੋਸ਼ੀਆਂ ਨੂੰ ਸਖ਼ਤ ਸਜਾਵਾਂ ਦਿੰਦਾ ਹੈ। ਸ਼ੇਖ ਫ਼ਰੀਦ ਜੀ ਦੀ ਬਾਣੀ ਦਾ ਪੰਜਾਬੀ ਸੂਫ਼ੀ-ਕਾਵਿ ਪਰੰਪਰਾ ਵਿਚ ਮਹੱਤਵਪੂਰਨ ਸਥਾਨ ਹੈ। ਇਹ ਉਹ ਬਾਣੀ ਹੈ ਜਿਸ ਦੁਆਰਾ ਪੰਜਾਬੀ ਪਾਠਕਾਂ ਦੀ ਸੂਫ਼ੀ ਕਵਿਤਾ ਨਾਲ ਪਹਿਲੀ ਸਾਂਝ ਪਈ। ਸ਼ੇਖ ਫ਼ਰੀਦ ਜੀ ਦੀ ਬਾਣੀ ਵਿਚ ਆਤਮਾ ਅਤੇ ਪਰਮਾਤਮਾ ਦੇ ਰਿਸ਼ਤੇ ਨੂੰ ਪਤੀ-ਪਤਨੀ ਜਾਂ ਕੰਤ ਦੇ ਪ੍ਰਤੀਕ ਦੁਆਰਾ ਰੂਪਮਾਨ ਕੀਤਾ ਗਿਆ ਹੈ। ਦੂਜੇ ਪਾਸੇ ਸ਼ੇਖ ਫ਼ਰੀਦ ਜੀ ਦੀ ਬਾਣੀ ਤੋਂ ਬਾਅਦ ਦੀ ਸਾਰੀ ਸੂਫ਼ੀ ਕਵਿਤਾ ਪਤੀ-ਪਤਨੀ ਦੇ ਪ੍ਰਤੀਕ ਨੂੰ ਛੱਡ ਕੇ ਪ੍ਰੇਮੀ-ਪ੍ਰੇਮਿਕਾ ਦੇ ਪ੍ਰਤੀਕ ਦੀ ਸਿਰਜਣਾ ਵੱਲ ਪਰਤ ਜਾਂਦੀ ਹੈ।
ਉਪਰੋਕਤ ਕੀਤੀ ਗਈ ਸਮੁੱਚੀ ਵਿਚਾਰ-ਚਰਚਾ ਦੇ ਆਧਾਰ ’ਤੇ ਅਸੀਂ ਇਸ ਨਤੀਜੇ ’ਤੇ ਪੁੱਜਦੇ ਹਾਂ ਕਿ ਸ਼ੇਖ ਫ਼ਰੀਦ ਜੀ ਦੀ ਬਾਣੀ ਦਾ ਥੀਮ ਮਨੁੱਖ ਨੂੰ ਪਰਮਾਤਮਾ ਦੀ ਭਗਤੀ ਕਰਨ ਲਈ ਪ੍ਰੇਰਿਤ ਕਰਨਾ ਹੈ। ਸ਼ੇਖ ਫ਼ਰੀਦ ਜੀ ਦੀ ਬਾਣੀ ਅਨੁਸਾਰ ਮਨੁੱਖ ਦਾ ਅਸਲ ਮਕਸਦ ਪ੍ਰਭੂ ਦੀ ਪ੍ਰਾਪਤੀ ਹੈ। ਬਾਬਾ ਫ਼ਰੀਦ ਜੀ ਆਪਣੀ ਬਾਣੀ ਵਿਚ ਮਨੁੱਖ ਨੂੰ ਪਰਮਾਤਮਾ ਦੀ ਪ੍ਰਾਪਤੀ ਲਈ ਸੰਸਾਰਕ ਵਸਤੂਆਂ, ਸੁਖਾਂ, ਐਸ਼ਪ੍ਰਸਤੀ ਅਤੇ ਵਿਲਾਸਤਾ ਦੇ ਜੀਵਨ ਦਾ ਤਿਆਗ ਕਰਨ ਦਾ ਉਪਦੇਸ਼ ਦਿੰਦੇ ਹਨ। ਸ਼ੇਖ ਫ਼ਰੀਦ ਜੀ ਦੀ ਬਾਣੀ ਅਨੁਸਾਰ ਮਨੁੱਖ ਦਾ ਪਰਮਾਤਮਾ ਵਿਚ ਅਭੇਦ ਹੋਣਾ ਹੀ ਅਸਲ ਅਤੇ ਅੰਤਮ ਲਖ਼ਸ਼ ਹੈ, ਜਿਸ ਨੂੰ ਸੂਫ਼ੀ ਸਾਧਕ ਆਪਣੀ ਪ੍ਰੇਮਾ-ਭਗਤੀ ਨਾਲ ਪ੍ਰਾਪਤ ਕਰਦਾ ਹੈ।
ਲੇਖਕ ਬਾਰੇ
- ਹੋਰ ਲੇਖ ਉਪਲੱਭਧ ਨਹੀਂ ਹਨ