editor@sikharchives.org
Sidh Ghosat Te Gurmat Sidhaant

ਸਿਧ ਗੋਸਟਿ ਤੇ ਗੁਰਮਤਿ ਸਿਧਾਂਤ

ਸਿਧ ਗੋਸਟਿ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਮਤ ਤੇ ਸਿੱਧਾਂ ਦੇ ਮਤ ਦੇ ਫ਼ਰਕ ਨੂੰ ਪ੍ਰਸ਼ਨ-ਉੱਤਰ ਦੇ ਰੂਪ ਵਿਚ ਪ੍ਰਗਟ ਕੀਤਾ ਹੈ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਸਿਧ ਗੋਸਟਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇਕ ਅਨੂਪਮ ਅਤੇ ਦਾਰਸ਼ਨਿਕ ਰਚਨਾ ਹੈ, ਜਿਸ ਵਿੱਚੋਂ ਗੁਰੂ ਜੀ ਦੇ ਮੌਲਿਕ ਚਿੰਤਨ ਅਤੇ ਪ੍ਰਪੱਕ ਸੋਚ ਦੇ ਦਰਸ਼ਨ ਕੀਤੇ ਜਾ ਸਕਦੇ ਹਨ। ਸਿਧ ਗੋਸਟਿ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਲੰਮੇਰੀਆਂ ਬਾਣੀਆਂ ਵਿੱਚੋਂ ਇਕ ਬਾਣੀ ਹੈ। ਇਸ ਦੇ 73 ਪੰਨੇ ਹਨ ਜਿਨ੍ਹਾਂ ਵਿਚ ਪ੍ਰਸ਼ਨੋਤਰੀ ਦੇ ਰੂਪ ਵਿਚ ਜੋਗਮਤਿ ਅਤੇ ਉਸ ਦੀ ਕਿਰਿਆ ਬਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਚਾਰ ਦਰਜ ਹਨ। ਇਹ ਅਸਲ ਵਿਚ ਪ੍ਰਭੂ ਨੂੰ ਪ੍ਰਾਪਤ ਕਰਨ ਦੀਆਂ ਦੋ ਵੱਖ-ਵੱਖ ਵਿਧੀਆਂ ਦਾ ਸੰਵਾਦ ਹੈ। ਇਹ ਸੰਵਾਦ ਜਾਂ ਵਾਰਤਾਲਾਪ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਿੱਧਾਂ ਵਿਚ ਹੁੰਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਗੁਰਮਤਿ ਦੇ ਸਿਧਾਂਤਾਂ ਅਨੁਸਾਰ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹਨ ਜਦਕਿ ਸਿੱਧ ਜੋਗੀ ਆਪਣੇ ਧਰਮ ਦੀਆਂ ਵਿਧੀਆਂ ਅਨੁਸਾਰ ਪ੍ਰਭੂ ਨੂੰ ਪ੍ਰਾਪਤ ਕਰਨ ਦਾ ਰਾਹ ਦੱਸਦੇ ਹਨ।

ਸਿਧ ਗੋਸਟਿ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਮਤ ਤੇ ਸਿੱਧਾਂ ਦੇ ਮਤ ਦੇ ਫ਼ਰਕ ਨੂੰ ਪ੍ਰਸ਼ਨ-ਉੱਤਰ ਦੇ ਰੂਪ ਵਿਚ ਪ੍ਰਗਟ ਕੀਤਾ ਹੈ। ਇਸ ਵਿਚਾਰ-ਵਟਾਂਦਰੇ ਵਿਚ ਅਧਿਆਤਮਕ ਬਿੰਦੂਆਂ ਬਾਰੇ ਵਿਚਾਰ ਦੱਸਿਆ ਹੈ ਤੇ ਧਾਰਮਿਕ ਵਿਸ਼ਿਆਂ ਬਾਰੇ ਵੀ। ਗੁਰੂ ਜੀ ਨੇ ਸਿੱਧ ਮਤ ਦੀਆਂ ਕਿੰਨਾਂ ਗੱਲਾਂ ਦਾ ਖੰਡਨ ਕੀਤਾ ਅਤੇ ਕਿਹੜੀਆਂ ਗੱਲਾਂ ਦਾ ਸਮਰਥਨ ਕੀਤਾ, ਇਸ ਅਧਿਐਨ ਦਾ ਵਰਣਨ ਇਸ ਤਰ੍ਹਾਂ ਹੈ:

ਪੂਰਨ ਬ੍ਰਹਮ ਨਾਲ ਜੁੜਨ ਸੰਬੰਧੀ ਸਭ ਧਰਮਾਂ ਦਾ ਸਾਂਝਾ ਵਿਚਾਰ:

ਸਾਰਿਆਂ ਧਰਮਾਂ ਦਾ ਲਗਭਗ ਵਿਸ਼ਵਾਸ ਹੈ ਕਿ ਮਨੁੱਖੀ ਆਤਮਾ ਦਾ ਪਰਮ ਆਤਮਾ ਨਾਲ ਜਾ ਮਿਲਣਾ ਹੀ ਪੂਰਨ ਬ੍ਰਹਮ ਦੀ ਸੋਝੀ ਕਰਾਉਂਦਾ ਹੈ। ਜੋਗ ਦਾ ਤਾਂ ਅਰਥ ਹੀ ਇਹ ਹੈ ਕਿ ਉਸ ਪੂਰਨ ਬ੍ਰਹਮ ਨਾਲ ਜੁੜਿਆ ਜਾਵੇ। ਮਨੁੱਖ ਆਪਣੀਆਂ ਅੰਦਰਲੀਆਂ ਬੁਰਾਈਆਂ ਦਾ ਸਾਹਮਣਾ ਕਰੇ। ਸਭ ਧਰਮਾਂ ਦਾ ਉਦੇਸ਼ ਇੱਕ ਹੈ ਪਰ ਪਰਮਾਤਮਾ ਨਾਲ ਮਿਲਣ ਦੇ ਰਸਤੇ ਵੱਖ-ਵੱਖ ਹਨ।

ਸ੍ਰੀ ਗੁਰੂ ਨਾਨਕ ਦੇਵ ਜੀ ਤਾਂ ਪ੍ਰੇਮ ਦੀ ਅਦੁੱਤੀ ਸ਼ਕਤੀ ਰਾਹੀਂ ਅਕਾਲ ਪੁਰਖ ਵਿਚ ਲੀਨ ਹੋਣ ਦੇ ਅਮਰ ਸੰਦੇਸ਼ ਦੀ ਗੱਲ ਕਰਦੇ ਹਨ, ਜਿਸ ਵਿਚ ਯੋਗੀਆਂ ਵਾਲੇ ਪ੍ਰਾਣਾਯਾਮ ਦੇ ਮੁਕਾਬਲੇ ਵਿਚ ਗੁਰੂ ਉੱਤੇ ਅਟੱਲ ਵਿਸ਼ਵਾਸ, ਅਣਮਿਥੀ ਸ਼ਰਧਾ ਅਤੇ ਉਸ ਦੇ ਭਾਣੇ ਵਿਚ ਰਹਿਣ ਦਾ ਆਦੇਸ਼ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਤਾਂ ਆਪਾ- ਭਾਵ ਭੁਲਾ ਕੇ ਗੁਰੂ ਵਿਚ ਸੰਮਿਲਤ ਹੋਣ ਦੀ ਗੱਲ ਕਰਦੇ ਹਨ। ਅਜਿਹਾ ਕਰਨ ਨਾਲ ਹੀ ਯੋਗ ਦੀਆਂ ਅਨੇਕਾਂ ਕਠਿਨ ਕਿਰਿਆਵਾਂ ਦੀ ਆਪਣੇ ਆਪ ਹੀ ਪੂਰਤੀ ਹੋ ਜਾਂਦੀ ਹੈ ਤੇ ਗੁਰੂ ਦੁਆਰਾ ਦਿੱਤਾ ‘ਨਾਮ’ ਹੀ ਮਨੁੱਖ ਨੂੰ ਪਰਮ ਸਤਿ ਵਿਚ ਲੀਨ ਹੋਣ ਲਈ ਸਹਾਈ ਹੋ ਨਿਬੜਦਾ ਹੈ। ਨਾਮ ਰਸ ਵਿਚ ਲੀਨ ਹੋਣ ਨਾਲ ਹੀ ਯੋਗ ਦੀਆਂ ਜੁਗਤੀਆਂ ਤੇ ਵਿਚਾਰਾਂ ਦੀ ਪੂਰਤੀ ਸੰਭਵ ਹੈ। ਇਹੀ ਮੁਕਤੀ ਦਾ ਦੁਆਰ ਹੈ। ਇਸ ਤੋਂ ਹੀ ਦਿਬ-ਦ੍ਰਿਸ਼ਟੀ ਦਾ ਪ੍ਰਕਾਸ਼ ਅਤੇ ਤ੍ਰਿਲੋਕੀ ਦਾ ਗਿਆਨ ਹੁੰਦਾ ਹੈ। ਇਸ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਧਾਂ ਨੂੰ ਇੱਕੋ ਹੀ ਮੂਲ ਗੱਲ ਜੋ ਬ੍ਰਹਮ ਵਸਲ ਵਿਚ ਸਹਾਈ ਹੁੰਦੀ ਹੈ, ਕਹਿੰਦੇ ਹਨ ਕਿ ਸੁਖ ਦੀ ਕਾਮਨਾ ਕਰਨ ਵਾਲੇ ਦਾ ਸਿਰਫ਼ ਇੱਕੋ ਹੀ ਆਸਰਾ, ਪ੍ਰਭੂ ਦਾ ਨਾਮ ਸਿਮਰਨ ਹੈ।

ਨਾਮਿ ਰਤੇ ਜੋਗ ਜੁਗਤਿ ਬੀਚਾਰੁ॥
ਨਾਮਿ ਰਤੇ ਪਾਵਹਿ ਮੋਖ ਦੁਆਰੁ॥
ਨਾਮਿ ਰਤੇ ਤ੍ਰਿਭਵਣ ਸੋਝੀ ਹੋਇ॥
ਨਾਨਕ ਨਾਮਿ ਰਤੇ ਸਦਾ ਸੁਖੁ ਹੋਇ॥ (ਪੰਨਾ 941)

ਜੋ ਪ੍ਰਾਣੀ ਪ੍ਰਭੂ ਦੇ ਨਾਮ ਵਿਚ ਰੰਗੇ ਜਿੱਥੇ ਮੋਹ ਮਾਇਆ ਤੇ ਹਉਮੈ ਤੋਂ ਛੁਟਕਾਰਾ ਪਾ ਲੈਂਦੇ ਹਨ, ਉਥੇ ਉਨ੍ਹਾਂ ਨੂੰ ਤ੍ਰਿਲੋਕੀ ਦੀ ਵੀ ਸੂਝ ਪੈ ਜਾਂਦੀ ਹੈ:

ਨਾਮਿ ਰਤੇ ਸਿਧ ਗੋਸਟਿ ਹੋਇ॥
ਨਾਮਿ ਰਤੇ ਸਦਾ ਤਪੁ ਹੋਇ॥
ਨਾਮਿ ਰਤੇ ਸਚੁ ਕਰਣੀ ਸਾਰੁ॥
ਨਾਮਿ ਰਤੇ ਗੁਣ ਗਿਆਨ ਬੀਚਾਰੁ॥ (ਪੰਨਾ 941)

ਇਸ ਲਈ ਜਿੱਥੇ ਗੁਰੂ ਦੀ ਖੋਜ ਕਰਨੀ ਚਾਹੀਦੀ ਹੈ ਉਸ ਤੋਂ ਸੱਚੇ ਨਾਮ ਦੀ ਕਮਾਈ ਕਰਨਾ ਹੀ ਸੱਚਾ ਜੋਗ ਹੈ। ਸਿੱਖ ਧਰਮ ਦੀ ਫ਼ਿਲਾਸਫ਼ੀ ਇਹ ਹੈ ਕਿ ਆਤਮਾ ਅਤੇ ਪਰਮ-ਆਤਮਾ ਵਿਚਕਾਰ ਪਈ ਹਉਮੈ ਭੌਤਿਕ ਤ੍ਰਿਸ਼ਨਾਵਾਂ ਦੀ ਕੰਧ ਨੂੰ ਢਾਹ ਕੇ ਆਤਮਾ ਅਤੇ ਪਰਮ-ਆਤਮਾ ਦੀ ਪ੍ਰਾਪਤੀ ਸੰਜੋਗ ਹੈ। ਆਤਮਾ ਨੂੰ ਪਰਮ ਆਤਮਾ ਵਿਚ ਲੀਨ ਕਰਨਾ ਹੀ ਮੁੱਢਲੀ ਮੁਕਤੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਫ਼ਰਮਾਉਂਦੇ ਹਨ:

ਸਾਚੌ ਉਪਜੈ ਸਾਚਿ ਸਮਾਵੈ ਸਾਚੇ ਸੂਚੇ ਏਕ ਮਇਆ॥
ਝੂਠੇ ਆਵਹਿ ਠਵਰ ਨ ਪਾਵਹਿ ਦੂਜੈ ਆਵਾ ਗਉਣੁ ਭਇਆ॥ (ਪੰਨਾ 940)

ਸਭ ਸੱਚ ਤੋਂ ਉਪਜਦੇ ਹਨ, ਪਰਮਾਤਮਾ ਨੂੰ ਅਰਾਧਣ ਨਾਲ ਸੱਚ ਵਿਚ ਲੀਨ ਹੋ ਜਾਈਦਾ ਹੈ। ਬਾਕੀ ਆਵਾਗਵਣ ਵਿਚ ਪੈ ਜਾਂਦੇ ਹਨ।

ਹਠ ਜੋਗ:

ਹਠ ਜੋਗੀਆਂ ਦਾ ਨਿਸ਼ਚਾ ਹੈ ਕਿ ਮਨੁੱਖ ਆਪਣੇ ਸਰੀਰ ਨੂੰ ਵੱਧ ਤੋਂ ਵੱਧ ਕਸ਼ਟ ਦੇਣੇ ਚਾਹੀਦੇ ਹਨ ਅਤੇ ਤਰ੍ਹਾਂ-ਤਰ੍ਹਾਂ ਦੇ ਕਸ਼ਟ ਦੇ ਕੇ ਆਪਣੇ ਸਰੀਰ ਨੂੰ ਬਿਲਕੁਲ ਨਿਰਬਲ ਬਣਾ ਲੈਣਾ ਚਾਹੀਦਾ ਹੈ। ਇਸ ਤਰ੍ਹਾਂ ਪਰਮਾਤਮਾ ਨਾਲ ਅਭੇਦ ਹੋ ਜਾਈਦਾ ਹੈ। ਜੋਗ ਦੇ ਇਸ ਸਿਧਾਂਤ ਨੂੰ ਗੁਰਮਤਿ ਨੇ ਬਿਲਕੁਲ ਹੀ ਪ੍ਰਵਾਨ ਨਹੀਂ ਕੀਤਾ। ਗੁਰਮਤਿ ਅਨੁਸਾਰ ਪ੍ਰਾਣਾਯਾਮ ਦਾ ਅਭਿਆਸ ਤਾਂ ਇਕ ਭੌਤਿਕ ਕ੍ਰਿਆ ਹੈ। ਇਹ ਸਰੀਰ ਦੀ ਅਰੋਗਤਾ ਲਈ ਤਾਂ ਸਹਾਈ ਹੋ ਸਕਦਾ ਹੈ ਪਰ ਪਰਮਾਤਮਾ ਦੀ ਪ੍ਰਾਪਤੀ ਦਾ ਅਸਲੀ ਸਾਧਨ ਨਹੀਂ ਹੈ। ਗੁਰੂ ਜੀ ਅਨੁਸਾਰ ਸੱਚਾ ਜੋਗੀ ਤਾਂ ਉਹ ਹੈ ਜੋ ਬਾਹਰਲੇ ਅਡੰਬਰਾਂ ਦੇ ਮੁਕਾਬਲੇ ਉਤੇ ਨਾਮ ਧੁਨ ਦੀ ਕਿੰਗਰੀ ਵਜਾਉਂਦਾ ਹੈ ਤੇ ਮਨ ਨੂੰ ਸਦਾ ਸਤਿ-ਪੁਰਖ ਵਿਚ ਲੀਨ ਰੱਖਦਾ ਹੈ। ਸਤਿ ਦੀ ਗੋਦੜੀ ਧਾਰਨ ਕਰਦਾ ਹੋਇਆ ਸੰਤੋਖ ਦੇ ਭਾਂਡੇ ਵਿੱਚੋਂ ਨਾਮ-ਅੰਮ੍ਰਿਤ ਦਾ ਭੋਜਨ ਕਰਦਾ ਹੈ ਅਤੇ ਰੱਬ ਵਿਚ ਧਿਆਨ ਤੇ ਸ਼ੁੱਧ ਆਤਮਾ ਦਾ ਸੰਖ ਵਜਾਉਂਦਾ ਹੈ:

ਐਸੀ ਕਿੰਗੁਰੀ ਵਜਾਇ ਜੋਗੀ॥
ਜਿਤੁ ਕਿੰਗੁਰੀ ਅਨਹਦੁ ਵਾਜੈ ਹਰਿ ਸਿਉ ਰਹੈ ਲਿਵ ਲਾਇ॥1॥ ਰਹਾਉ॥
ਸਤੁ ਸੰਤੋਖੁ ਪਤੁ ਕਰਿ ਝੋਲੀ ਜੋਗੀ ਅੰਮ੍ਰਿਤ ਨਾਮੁ ਭੁਗਤਿ ਪਾਈ॥
ਧਿਆਨ ਕਾ ਕਰਿ ਡੰਡਾ ਜੋਗੀ ਸਿੰਙੀ ਸੁਰਤਿ ਵਜਾਈ॥ (ਪੰਨਾ 908)

ਸਹਿਜ ਸੁਭਾ ਹੀ ਪਰਮਾਤਮਾ ਨਾਲ ਮਿਲਾਪ : ਗੁਰਮਤਿ ਨੇ ਪ੍ਰਾਣਾਯਾਮ ਦੇ ਅਭਿਆਸ ਨੂੰ ਪਰਮਾਤਮਾ ਨਾਲ ਲਿਵ ਜੋੜਨ ਲਈ ਜ਼ਰੂਰੀ ਨਹੀਂ ਸਮਝਿਆ। ਗੁਰਮਤਿ ਦੇ ਸਿਧਾਂਤਾਂ ਅਨੁਸਾਰ ਚੱਲਣ ਵਾਲਾ ਵਿਅਕਤੀ ਤਾਂ ਏਨਾ ਸ਼ਕਤੀਸ਼ਾਲੀ ਹੋ ਜਾਂਦਾ ਹੈ ਕਿ ਉਹ ਸੰਸਾਰਿਕ ਖਿੱਚਾਂ ਦੇ ਟਾਕਰੇ ਵਿਚ ਵੀ ਆਪਣੇ ਮਨ ਤੇ ਇਸ ਢੰਗ ਨਾਲ ਕਾਬੂ ਪਾ ਲੈਂਦਾ ਹੈ ਕਿ ਮਨ ਫਿਰ ਇਧਰ ਉਧਰ ਭਟਕਣ ਦੀ ਬਜਾਏ ਪਰਮਾਤਮਾ ਨਾਲ ਜੁੜ ਜਾਂਦਾ ਹੈ ਅਤੇ ਇਸ ਤਰ੍ਹਾਂ ਸਹਿਜ ਸੁਭਾ ਹੀ ਆਤਮਾ ਨਾਲ ਮੇਲ ਹੋ ਜਾਂਦਾ ਹੈ:

ਸਹਜ ਜਗੋਟਾ ਬੰਧਨ ਤੇ ਛੂਟਾ॥
ਕਾਮੁ ਕ੍ਰੋਧੁ ਗੁਰ ਸਬਦੀ ਲੂਟਾ॥
ਮਨ ਮਹਿ ਮੁੰਦ੍ਰਾ ਹਰਿ ਗੁਰ ਸਰਣਾ॥
ਨਾਨਕ ਰਾਮ ਭਗਤਿ ਜਨ ਤਰਣਾ॥ (ਪੰਨਾ 879)

ਇਸ ਤਰ੍ਹਾਂ ਜੀਵਨ ਮੁਕਤ ਹੋ ਕੇ ਜੀਵ ਅਧਿਆਤਮਕ ਮਨੋਰਥਾਂ ਦਾ ਸਮਾਜੀਕਰਣ ਕਰਦਾ ਹੋਇਆ ਗੁਰੂ ਵਿਚ ਹੀ ਲੀਨ ਹੋ ਜਾਂਦਾ ਹੈ। ਇਹ ਲੀਨਤਾ ਹੀ ਸਹਿਜ ਅਵਸਥਾ ਅਖਵਾਉਂਦੀ ਹੈ।

ਹਉਮੈ ਨੂੰ ਦੂਰ ਕਰਕੇ ਸ਼ਾਂਤ ਅਵਸਥਾ ਵਿਚ ਲਿਆਉਣਾ:

ਗੁਰਮਤਿ ਅਨੁਸਾਰ ਹਉਮੈ ਨੂੰ ਦੂਰ ਕਰਕੇ ਮਨ ਨੂੰ ਟਿਕਾਉ ਅਵਸਥਾ ਵਿਚ ਲਿਆਉਣਾ ਹੀ ਪ੍ਰਭੂ ਦੇ ਮਿਲਾਪ ਲਈ ਸਭ ਤੋਂ ਵੱਡਾ ਸਾਧਨ ਹੈ। ਜਿੰਨਾ ਚਿਰ ਤਕ ਹਉਮੈ ਦੂਰ ਨਹੀਂ ਹੁੰਦੀ, ਉਨਾ ਚਿਰ ਤਕ ਪ੍ਰਭੂ ਦਾ ਮਿਲਾਪ ਹੋਣਾ ਅਸੰਭਵ ਹੈ ਅਤੇ ਜੀਵ ਦੁਆਰਾ ਕੀਤੇ ਗਏ ਆਸਨ ਤੇ ਪ੍ਰਾਣਾਯਾਮ ਵੀ ਉਨਾ ਚਿਰ ਤਕ ਵਿਅਰਥ ਹੀ ਹੁੰਦੇ ਹਨ ਤੇ ਬੰਦੇ ਨੂੰ ਆਪਣੇ ਆਦਰਸ਼ ਦੀ ਪ੍ਰਾਪਤੀ ਨਹੀਂ ਹੁੰਦੀ:

ਸਿਧਾ ਕੇ ਆਸਣ ਜੇ ਸਿਖੈ ਇੰਦ੍ਰੀ ਵਸਿ ਕਰਿ ਕਮਾਇ॥
ਮਨ ਕੀ ਮੈਲੁ ਨ ਉਤਰੈ ਹਉਮੈ ਮੈਲੁ ਨ ਜਾਇ॥ (ਪੰਨਾ 558)

ਸੰਸਾਰ/ਘਰ ਦੇ ਤਿਆਗ ਦਾ ਖੰਡਨ:

ਜੋਗਮਤਿ ਦਾ ਵਿਚਾਰ ਹੈ ਕਿ ਪ੍ਰਭੂ ਦੀ ਪ੍ਰਾਪਤੀ ਲਈ ਸੰਸਾਰ ਨੂੰ ਤਿਆਗ ਕੇ ਵਿਕਰਤ ਹੋ ਜਾਣਾ ਚਾਹੀਦਾ ਹੈ ਪਰ ਗੁਰਮਤਿ ਇਨ੍ਹਾਂ ਵਿਚਾਰਾਂ ਦਾ ਖੰਡਨ ਕਰਦਾ ਹੈ। ਗੁਰਮਤਿ ਦੇ ਅਨੁਸਾਰ ਮਨੁੱਖ ਗ੍ਰਿਹਸਤ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਾ ਹੋਇਆ ਵੀ ਪ੍ਰਭੂ ਨਾਲ ਏਕਤਾ ਦਾ ਰਸਤਾ ਕਾਇਮ ਕਰ ਸਕਦਾ ਹੈ। ਗੁਰਮਤਿ ਅਨੁਸਾਰ ਜੇ ਤਿਆਗ ਕਰਨਾ ਹੈ ਤਾਂ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਦਾ ਕਰੋ:

ਤਿਆਗਨਾ ਤਿਆਗਨੁ ਨੀਕਾ ਕਾਮੁ ਕ੍ਰੋਧੁ ਲੋਭੁ ਤਿਆਗਨਾ॥ (ਪੰਨਾ 1018)

ਗੁਰਮਤਿ ਵਿਚ ਗ੍ਰਿਹਸਤ ਦੀ ਸਭ ਤੋਂ ਵੱਧ ਮਹਿਮਾ ਹੈ, ਜੋ ਧਰਮ-ਕਿਰਤ ਨਾਲ ਕਮਾਈ ਕਰਦੇ ਪਰਉਪਕਾਰੀ ਹੋ ਕੇ ਦੂਜਿਆਂ ਨੂੰ ਲਾਭ ਪਹੁੰਚਾਉਂਦੇ ਹਨ। ਸੰਸਾਰ ਦੇ ਵਿਕਾਰਾਂ ਵਿਚ ਮਨ-ਖਚਿਤ ਨਹੀਂ ਕਰਦੇ, ਉਹ ਹੀ ਉੱਤਮ ਗ੍ਰਿਹਸਤੀ ਸਿੱਖ ਹਨ। ਇਸ ਸੰਬੰਧ ਵਿਚ ਸਿਧ ਗੋਸਟਿ ਦਾ ਚਰਪਟ ਜੋਗੀ ਗੁਰੂ ਨਾਨਕ ਸਾਹਿਬ ਜੀ ਨੂੰ ਪ੍ਰਸ਼ਨ ਕਰਦਾ ਹੈ:

ਦੁਨੀਆ ਸਾਗਰੁ ਦੁਤਰੁ ਕਹੀਐ ਕਿਉ ਕਰਿ ਪਾਈਐ ਪਾਰੋ॥
ਚਰਪਟੁ ਬੋਲੈ ਅਉਧੂ ਨਾਨਕ ਦੇਹੁ ਸਚਾ ਬੀਚਾਰੋ॥ (ਪੰਨਾ 938)

ਗੁਰੂ ਜੀ ਇਸ ਦੇ ਜੁਆਬ ਵਿਚ ਫ਼ਰਮਾਉਂਦੇ ਹਨ:

ਜੈਸੇ ਜਲ ਮਹਿ ਕਮਲੁ ਨਿਰਾਲਮੁ ਮੁਰਗਾਈ ਨੈ ਸਾਣੇ॥
ਸੁਰਤਿ ਸਬਦਿ ਭਵ ਸਾਗਰੁ ਤਰੀਐ ਨਾਨਕ ਨਾਮੁ ਵਖਾਣੇ॥ (ਪੰਨਾ 938)

ਇਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿਧ ਗੋਸਟਿ ਵਿਚ ਸਿਧ ਜੋਗੀਆਂ ਨੂੰ ਸੰਸਾਰ ਵਿਚ ਰਹਿ ਕੇ ਕਰਮਯੋਗੀ ਜੀਵਨ ਬਿਤਾਂਦਿਆਂ ਮਾਇਆ ਤੋਂ ਨਿਰਲੇਪ ਰਹਿਣ ਦੀ ਜਾਚ ਦੱਸੀ। ਗੁਰਮਤਿ ਅਨੁਸਾਰ ਪਰਮਾਤਮਾ ਨਾ ਤਾਂ ਜੰਗਲਾਂ ਵਿਚ ਹੀ ਮਿਲਦਾ ਹੈ ਤੇ ਨਾ ਹੀ ਸਰੀਰ ਤੇ ਵਿਭੂਤੀਆਂ ਮਲਣ ਨਾਲ। ਇਸ ਲਈ ਗ੍ਰਿਹਸਤ ਵਿਚ ਹੀ ਮਨੁੱਖ ਆਪਣੇ ਸ਼ੁਭ-ਕਰਮਾਂ ਨਾਲ ਪ੍ਰਭੂ ਨੂੰ ਪਾ ਸਕਦਾ ਹੈ।

ਜੋਗੀਆਂ ਦੇ ਭੇਖਾਂ ਦਾ ਖੰਡਨ:

ਜੋਗਮਤਿ ਵਿਚ ਭੇਖ ਨੂੰ ਕਾਫ਼ੀ ਮਹਾਨਤਾ ਦਿੱਤੀ ਜਾਂਦੀ ਹੈ। ਜੋਗਮਤਿ ਵਿਚ ਭੇਖ ਦੇ ਸਾਰੇ ਅੰਗਾਂ ਨੂੰ ਕਿਸੇ ਨਾ ਕਿਸੇ ਡੂੰਘੀ ਅਧਿਆਤਮਕ ਸੱਚਾਈ ਦੇ ਪ੍ਰਤੀਕ ਮੰਨਿਆ ਹੈ। ਪਰ ਸਮਾਂ ਪਾ ਕੇ ਜੋਗੀਆਂ ਵਿਚ ਅਜਿਹੇ ਲੋਕ ਵੀ ਆ ਵੜੇ ਜਿੰਨਾ ਨੇ ਕੇਵਲ ਭੇਖ ਨੂੰ ਹੀ ਸਭ ਕੁਝ ਸਮਝ ਲਿਆ ਤੇ ਉਸ ਵਿਚ ਲੁਕੇ ਅੰਤਰੀਵੀ ਅਰਥਾਂ ਤੋਂ ਮੂੰਹ ਮੋੜ ਲਿਆ ਹੈ। ਗੁਰੂ ਜੀ ਨੇ ਜੋਗਮਤਿ ਦੇ ਭੇਖ ਦਾ ਖੰਡਨ ਕੀਤਾ ਅਤੇ ਕਿਹਾ ਕਿ ਬਾਹਰ ਮੁਖੀ ਵਿਖਾਵਾ ਕਰਨ ਦੀ ਥਾਂ ਇਨ੍ਹਾਂ ਦੇ ਅੰਤਰੀਵ ਭਾਵਾਂ ਨੂੰ ਸਮਝਣ ਦਾ ਯਤਨ ਕਰਨਾ ਚਾਹੀਦਾ ਹੈ। ਗੁਰੂ ਜੀ ਫ਼ਰਮਾਉਂਦੇ ਹਨ:

ਮੁੰਦਾ ਸੰਤੋਖੁ ਸਰਮੁ ਪਤੁ ਝੋਲੀ ਧਿਆਨ ਕੀ ਕਰਹਿ ਬਿਭੂਤਿ॥
ਖਿੰਥਾ ਕਾਲੁ ਕੁਆਰੀ ਕਾਇਆ ਜੁਗਤਿ ਡੰਡਾ ਪਰਤੀਤਿ॥ (ਪੰਨਾ 6)

ਇਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਮਝਾਇਆ ਕਿ ਵੱਖ-ਵੱਖ ਭੇਖ ਕਰਨ ਦਾ ਕੋਈ ਲਾਭ ਨਹੀਂ ਹੈ।

ਜੋਗਮਤਿ ਵਿਚ ਕਰਾਮਾਤ:

ਜੋਗਮਤਿ ਵਿਚ ਕਰਾਮਾਤ ਅਥਵਾ ਵਿਭੂਤੀਆਂ ਨੂੰ ਬੜਾ ਮਹੱਤਵਪੂਰਨ ਸਥਾਨ ਪ੍ਰਾਪਤ ਹੈ। ਜੋਗੀ ਕਰਾਮਾਤ ਨੂੰ ਆਪਣੀ ਇਕ ਮਹਾਨ ਪ੍ਰਾਪਤੀ ਸਮਝਦੇ ਹਨ। ਕਰਾਮਾਤਾਂ ਨੂੰ ਹੀ ਉਨ੍ਹਾਂ ਨੇ ਰਿਧੀਆਂ-ਸਿਧੀਆਂ ਤੇ ਨਿਧੀਆਂ ਦਾ ਨਾਂ ਦਿੱਤਾ ਹੈ। ਜੋਗੀ ਕਰਾਮਾਤਾਂ ਦਾ ਵਿਖਾਵਾ ਕਰਨ ਵਿਚ ਬੜੀ ਮਾਣ ਵਾਲੀ ਗੱਲ ਸਮਝਦੇ ਹਨ ਪਰ ਗੁਰਮਤਿ ਦਾ ਵਿਚਾਰ ਹੈ ਕਿ ਇਹ ਕਰਾਮਾਤਾਂ ਦੀ ਵਰਤੋਂ ਅਧਿਆਤਮਕ ਪ੍ਰਗਤੀ ਦੇ ਰਾਹ ਵਿਚ ਰੁਕਾਵਟ ਬਣਦੀ ਹੈ। ਕਰਾਮਾਤ ਹਉਮੈ ਨੂੰ ਜਨਮ ਦਿੰਦੀ ਹੈ ਅਤੇ ਸਾਧਕ ਨੂੰ ਪ੍ਰਭੂ ਦੇ ਭਾਣੇ ਅਨੁਸਾਰ ਚੱਲਣ ਤੋਂ ਰੋਕਦੀ ਹੈ। ਗੁਰੂ ਜੀ ਰਿਧੀਆਂ-ਸਿਧੀਆਂ ਨੂੰ ਅਧਿਆਤਮਕ ਰਸਤੇ ਨੂੰ ਖੁੰਝਾਉਣ ਵਾਲਾ ਰਸਤਾ ਮੰਨਦੇ ਹਨ:

ਆਪਿ ਨਾਥੁ ਨਾਥੀ ਸਭ ਜਾ ਕੀ ਰਿਧਿ ਸਿਧਿ ਅਵਰਾ ਸਾਦ॥ (ਪੰਨਾ 6)

ਅਰਥਾਤ ਰਿਧੀਆਂ-ਸਿਧੀਆਂ ਪ੍ਰਭੂ ਦੀ ਪ੍ਰਾਪਤੀ ਦੇ ਮਾਰਗ ਦਾ ਸੁਆਦ ਨਹੀਂ ਬਲਕਿ ਹੰਕਾਰ ਪੈਦਾ ਕਰਨ ਵਾਲਾ ਸੁਆਦ ਹੈ। ਗੁਰਮਤਿ ਦਾ ਜ਼ੋਰ ਇਸ ਗੱਲ ’ਤੇ ਹੈ ਕਿ ਪ੍ਰਭੂ ਦੇ ਨਾਮ ਵਿਚ ਰੰਗੇ ਰਹਿਣ ਤੇ ਉਸ ਦੀ ਬਖਸ਼ਿਸ਼ ਦੀ ਸਿੱਕ ਬਣਾਉਂਦੇ ਰਹਿਣਾ ਹੀ ਅਧਿਆਤਮਕ ਜੀਵਨ ਦੀ ਅਸਲੀ ਕਰਾਮਾਤ ਹੈ। ਗੁਰਮਤਿ ਵਿਚ ਤਾਂ ਉਹੀ ਕਰਾਮਾਤ ਹੈ ਜੋ ਪਰਮਾਤਮਾ ਦੀ ਰਹਿਮਤ ਸਦਕਾ ਮਿਲਦਾ ਹੋਏ:

ਨਾਨਕ ਸਾ ਕਰਮਾਤਿ ਸਾਹਿਬ ਤੁਠੈ ਜੋ ਮਿਲੈ॥ (ਪੰਨਾ 475)

ਅਸਲ ਵਿਚ ਗੁਰਮਤਿ ਕਰਾਮਾਤ ਦੀ ਹੋਂਦ ਤੋਂ ਇਨਕਾਰੀ ਨਹੀਂ ਪਰ ਉਹ ਕਰਾਮਾਤ ਨੂੰ ਪ੍ਰਭੂ ਦੀ ਪ੍ਰਾਪਤੀ ਦੇ ਰਸਤੇ ਦੀ ਰੁਕਾਵਟ ਜ਼ਰੂਰ ਮੰਨਦੀ ਹੈ। ਗੁਰਮਤਿ ਵਿਚ ਤਾਂ ਸਿਰਫ਼ ਨਾਮ ਦੀ ਕਰਾਮਾਤ ਦੀ ਹੀ ਵਿਸ਼ੇਸ਼ਤਾ ਹੈ।

ਨਾਮ ਦੀ ਕਰਾਮਾਤ:

ਨਾਮ ਬਾਰੇ ਵੱਖ-ਵੱਖ ਮੱਤਾਂ-ਮਤਾਤਰਾਂ ਨੇ ਕਾਫ਼ੀ ਮਤਭੇਦ ਪੈਦਾ ਕੀਤੇ ਹਨ। ਧਾਰਮਿਕ ਖੇਤਰ ਵਿਚ ਨਾਮ ਦਾ ਅਰਥ ਹੈ, ਜਿਸ ਦਾ ਜਾਪ ਕਰਨ ਨਾਲ ਆਤਮਿਕ ਸ਼ਾਂਤੀ ਮਿਲਦੀ ਹੈ। ਜੋਗੀ ਮਤ ਦਾ ਜਾਪ ਕਰਦੇ ਰਹਿੰਦੇ ਹਨ। ਗੁਰਮਤਿ ਵਿਚ ਸੱਚ ਦੀ ਪਛਾਣ ਨੂੰ ਹੀ ਨਾਮ ਦੀ ਸੰਗਿਆ ਦਿੱਤੀ ਜਾਂਦੀ ਹੈ। ਇਥੇ ਨਾਮ ਤੋਂ ਭਾਵ ਉਹ ਅਕਾਲ ਪੁਰਖ ਅਤੇ ਉਸ ਦੇ ਮਿਲਾਪ ਦੀ ਅਵਸਥਾ ਦਾ ਨਾਂ ਹੈ। ਗੁਰਮਤਿ ਵਿਚ ਨਾਮ ਦੀ ਪ੍ਰਾਪਤੀ ਹੀ ਜੀਵਨ ਦਾ ਧਰਮ ਲਕਸ਼ ਹੈ ਤੇ ਜੀਵਨ ਦਾਨ ਦੇਣ ਵਾਲਾ ਹੈ:

ਕਰਿ ਬੀਚਾਰੁ ਮਨਿ ਦੇਖਹੁ ਨਾਨਕ ਬਿਨੁ ਨਾਵੈ ਮੁਕਤਿ ਨ ਹੋਈ॥ (ਪੰਨਾ 946)

ਗੁਰਮਤਿ ਵਿਚ ਸਿਮਰਨ ਦਾ ਸੰਬੰਧ ਵੀ ਨਾਮ ਹੀ ਹੈ। ਗੁਰਮਤਿ ਵਿਚ ਸਭ ਤੋਂ ਵੱਧ ਜ਼ੋਰ ਨਾਮ ਸਿਮਰਨ ’ਤੇ ਹੀ ਦਿੱਤਾ ਜਾਂਦਾ ਹੈ।

ਸ਼ਬਦ ਦੀ ਮਹਾਨਤਾ ’ਤੇ ਜ਼ੋਰ:

ਸਮੁੱਚੀ ਬਾਣੀ ਵਿਚ ਗੁਰੂ ਜੀ ਨੇ ਸ਼ਬਦ ਦੀ ਮਹਾਨਤਾ ’ਤੇ ਬੜਾ ਜ਼ੋਰ ਦਿੱਤਾ ਹੈ। ਗੁਰਮਤਿ ਵਿਚ ‘ਸ਼ਬਦ’ ਤੋਂ ਭਾਵ ਨਾ ਤਾਂ ਕੋਈ ਕਲਪਤਿ ਰਸਮਈ ਧੁਨੀ ਹੈ ਅਤੇ ਨਾ ਹੀ ਕੋਈ ਧੁਨੀਆਂ ਦੇ ਸੁਮੇਲ ਤੋਂ ਬਣਿਆ ਹੋਇਆ ਕੋਈ ਹੋਰ ਸ਼ਬਦ ਹੈ। ਗੁਰਬਾਣੀ ਵਿਚ ਉਸ ਨੂੰ ਅਨੰਤ ਸਰਬ-ਵਿਆਪਕ ਅਤੇ ਸਰਬ-ਸ਼ਕਤੀਮਾਨ ਪ੍ਰਭੂ ਦੀ ਹੋਂਦ ਨੂੰ ਹੀ ਸ਼ਬਦ ਦੇ ਰੂਪ ਵਿਚ ਚਿਤਰਿਆ ਗਿਆ ਹੈ।

ਜੋਗੀਆਂ ਵਿਚ ਅਨਹਦ ਸ਼ਬਦ ਨੂੰ ਬੜਾ ਮਹੱਤਵ ਦਿੱਤਾ ਗਿਆ ਹੈ। ਅਨਹਦ ਸ਼ਬਦ ਨੂੰ ਸੁਣ ਕੇ ਜੋਗੀ ਖੁਸ਼ੀ ਵਿਚ ਨੱਚ ਉੱਠਦਾ ਹੈ। ਜੋਗ ਵਿਚ ਜਿਸ ਰਸਦਾਇਕ ਧੁਨੀ ਨੂੰ ਸ਼ਬਦ ਕਿਹਾ ਹੈ। ਗੁਰਬਾਣੀ ਦਾ ਸ਼ਬਦ ਉਸ ਤੋਂ ਭਿੰਨ ਅਤੇ ਉੱਚਾ ਹੈ। ਸਿਧ ਗੋਸ਼ਟਿ ਦਾ ਸਾਰ ਤੱਤ ਭਾਵ ਕੇਂਦਰੀ ਭਾਵ ਵੀ ਸ਼ਬਦ ਦੀ ਮਹਾਨਤਾ ਬਾਰੇ ਹੈ:

ਕਿਆ ਭਵੀਐ ਸਚਿ ਸੂਚਾ ਹੋਇ॥
ਸਾਚ ਸਬਦ ਬਿਨੁ ਮੁਕਤਿ ਨ ਕੋਇ॥ (ਪੰਨਾ 938)

ਗੁਰੂ ਦੀ ਮਹਾਨਤਾ:

ਗੁਰਮਤਿ ਦੇ ਅਨੁਸਾਰ ਪ੍ਰਭੂ ਨਾਲ ਮਿਲਣ ਦੀ ਅਵਸਥਾ ਦਾ ਗਿਆਨ ਪ੍ਰਾਪਤ ਕਰਨ ਲਈ ਗੁਰੂ ਦਾ ਆਸਰਾ ਲੈਣਾ ਚਾਹੀਦਾ ਹੈ। ਸੱਚਾ ਗੁਰੂ ਆਤਮਿਕ ਤੌਰ ’ਤੇ ਹਨੇਰੇ ਨੂੰ ਖ਼ਤਮ ਕਰਕੇ ਸੱਚ ਦੇ ਚਾਨਣ ਨੂੰ ਸਾਕਾਰ ਕਰ ਦਿੰਦਾ ਹੈ। ਗੁਰੂ ਦੀ ਮਹਾਨਤਾ ਬਾਰੇ ਗੁਰੂਦੇਵ ਫ਼ਰਮਾਉਂਦੇ ਹਨ:

ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ॥
ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ॥ (ਪੰਨਾ 463)

ਜਪੁਜੀ ਸਾਹਿਬ ਦੇ ਮੁੱਢ ਵਿਚ ਮੂਲ ਮੰਤਰ ਦੁਆਰਾ ਪ੍ਰਭੂ ਦੇ ਸਰੂਪ ਦਾ ਨਿਰੂਪਣ ਕਰਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਉਥੇ ਵੀ ਇਹੀ ਨਿਰਣਾ ਦੇਂਦੇ ਹਨ ਕਿ ‘ਗੁਰਪ੍ਰਸਾਦਿ’ ਭਾਵ ਗੁਰੂ ਦੀ ਕਿਰਪਾ ਨਾਲ ਹੀ ਇਨ੍ਹਾਂ ਗੁਣਾਂ ਵਾਲੇ ਪ੍ਰਭੂ ਦੀ ਪਛਾਣ ਹੋ ਸਕਦੀ ਹੈ:

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥

ਜੋਗਮਤਿ ਅਤੇ ਗੁਰਮਤਿ ਵਿਚ ਅੰਤਰ ਕਰਦਿਆਂ ਇਹ ਗੱਲ ਸਿੱਧ ਹੁੰਦੀ ਹੈ ਕਿ ਜਿਥੇ ਜੋਗੀਆਂ ਨੇ ਅਪਣਾ ਆਦਰਸ਼ ‘ਕੈਵਲਯ’ ਪ੍ਰਵਾਨ ਕੀਤਾ ਹੈ, ਉਥੇ ਸਿੱਖੀ ਦਾ ਆਦਰਸ਼ ਵੀ ਮੁਕਤੀ ਪ੍ਰਾਪਤ ਕਰਨਾ ਹੈ। ਗੁਰਮਤਿ ਵਿਚ ਵੀ ਮੁਕਤੀ ਦੇ ਵਿਚਾਰ ਨੂੰ ਪ੍ਰਵਾਨ ਕੀਤਾ ਹੈ ਪਰ ਇਸ ਬਾਰੇ ਗੁਰਮਤਿ ਦਾ ਸੰਕਲਪ ਨਿਵੇਕਲਾ ਤੇ ਵਿਲੱਖਣ ਹੈ। ਗੁਰਮਤਿ ਸਿਧਾਂਤ ਮੁਕਤੀ ਨੂੰ ਕਿਸੇ ਅਣਡਿੱਠ ਸੰਸਾਰ ਅਧੀਨ ਨਹੀਂ ਸਮਝਦੇ ਸਗੋਂ ਜੀਵਨ ਮੁਕਤ ਨੂੰ ਹੀ ਪ੍ਰਵਾਨ ਕੀਤਾ ਗਿਆ ਹੈ। ਗੁਰਮੁਖਾਂ ਦੀ ਸੰਗਤ ਦੁਆਰਾ ਵਾਹਿਗੁਰੂ ਨਾਲ ਜੁੜ ਕੇ ਹਉਮੈ ਦਾ ਤਿਆਗ, ਪਰਉਪਕਾਰ, ਸੇਵਾ ਕਰਨੀ, ਮਨ ਨੂੰ ਸ਼ੁੱਧ ਰੱਖਣਾ, ਸਰੀਰ ਨੂੰ ਸ਼ੁਭ ਕੰਮਾਂ ਵੱਲ ਪ੍ਰੇਰਿਤ ਕਰਨਾ ਤੇ ਨਾਮ, ਦਾਨ, ਇਸ਼ਨਾਨ ਦੇ ਸੁਨਹਿਰੀ ਅਸੂਲਾਂ ’ਤੇ ਚੱਲਦੇ ਹੋਏ ਪਰਮ ਸੱਤਾ ਨਾਲ ਇਕਸੁਰ ਹੋਣਾ ਹੀ ਗੁਰਮਤਿ ਦੇ ਦ੍ਰਿਸ਼ਟੀਕੋਣ ਤੋਂ ਮੁਕਤੀ ਦੀ ਅਵਸਥਾ ਹੈ। ਪ੍ਰੇਮ-ਭਗਤੀ, ਨਾਮ ਸਿਮਰਨ ਅਤੇ ਸੇਵਾ ਭਗਤੀ ਗੁਰਮਤਿ ਦੀ ਮੁਕਤੀ ਦੇ ਵੱਡੇ ਸਾਧਨ ਹਨ:

ਕਰਮ ਧਰਮ ਕਰਿ ਮੁਕਤਿ ਮੰਗਾਹੀ॥
ਮੁਕਤਿ ਪਦਾਰਥੁ ਸਬਦਿ ਸਲਾਹੀ॥
ਬਿਨੁ ਗੁਰ ਸਬਦੈ ਮੁਕਤਿ ਨ ਹੋਈ ਪਰਪੰਚੁ ਕਰਿ ਭਰਮਾਈ ਹੇ॥ (ਪੰਨਾ 1024)

ਗੁਰਮਤਿ ਵਿਚ ਜੋਗ ਵਾਂਗ ਮੁਕਤੀ ਦੀ ਪ੍ਰਾਪਤੀ ਨੂੰ ਹੀ ਸਭ ਕੁਝ ਨਹੀਂ ਮੰਨਿਆ ਹੋਇਆ ਸਗੋਂ ਇੱਥੇ ਤਾਂ ਸਭ ਤੋਂ ਵੱਧ ਮਹੱਤਵ ਪ੍ਰਭੂ ਦੇ ਚਰਨ ਕੰਵਲਾਂ ਦੀ ਪ੍ਰੀਤ ਨੂੰ ਹੀ ਦਿੱਤਾ ਗਿਆ ਹੈ। ਜੋਗ ਦਰਸ਼ਨ ਦਾ ਤਾਂ ਆਧਾਰ ਹੀ ਸਮਾਧੀ ਹੈ। ਪ੍ਰਭੂ ਦੀ ਪ੍ਰਾਪਤੀ ਲਈ ਜੋਗੀ ਅਨੇਕ ਪ੍ਰਕਾਰ ਦੇ ਉਪਚਾਰ ਕਰਦਾ ਹੈ।

ਉਪਰੋਕਤ ਸਾਰੀ ਵਿਚਾਰ-ਚਰਚਾ ਤੋਂ ਇਹ ਗੱਲ ਭਲੀ-ਭਾਂਤ ਸਪੱਸ਼ਟ ਹੋ ਜਾਂਦੀ ਹੈ ਕਿ ਜੋਗਮਤਿ ਤੇ ਗੁਰਮਤਿ ਦੋਵੇਂ ਇੱਕੋ ਆਦਰਸ਼ ਵੱਲ ਸਮਬੱਧ ਹੁੰਦੇ ਹੋਏ ਵੀ ਇਕ ਦੂਜੇ ਤੋਂ ਬੜੇ ਦੂਰ ਹਨ। ਗੁਰਮਤਿ ਜੋਗਮਤਿ ਤੋਂ ਵਧੇਰੇ ਅਮਲੀ ਤੇ ਆਦਰਸ਼ਕ ਮਾਰਗ ਹੈ। ਜੋਗ ਦੀਆਂ ਹੱਦਾਂ ਸੀਮਿਤ ਹਨ ਪਰ ਗੁਰਮਤਿ ਦਾ ਖੇਤਰ ਵਿਸ਼ਾਲ ਹੈ। ਗੁਰਮਤਿ ਮਾਰਗ ਜੀਵਨ ਹੈ ਜਦ ਕਿ ਜੋਗ ਦਾ ਮਾਰਗ ਜੀਵਨ ਪ੍ਰਤੀ ਉਦਾਸੀਨਤਾ ਨਾਲ ਪੂਰੀ ਤਰ੍ਹਾਂ ਰੰਗਿਆ ਹੋਇਆ ਹੈ।

ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਜੋਗਮਤਿ ਦੀ ਵਿਚਾਰਧਾਰਾ ਗੁਰਮਤਿ ਨਾਲ ਮੇਲ ਨਹੀਂ ਖਾਂਦੀ ਤੇ ਗੁਰੂ ਸਾਹਿਬ ਨੇ ਇਸ ਵਿਚਾਰਧਾਰਾ ਦਾ ਗੁਰਬਾਣੀ ਵਿਚ ਭਰਵਾਂ ਖੰਡਨ ਕੀਤਾ ਹੈ। ਜੋਗਮਤਿ ਨੇ ਜਿਨ੍ਹਾਂ ਗੱਲਾਂ ਨੂੰ ਲੋਕਾਂ ਦੀ ਪਹੁੰਚ ਤੋਂ ਪਰ੍ਹੇ ਕਰਾਰ ਦਿੱਤਾ ਸੀ; ਉਸ ਦੀ ਪ੍ਰਾਪਤੀ ਗੁਰਮਤਿ ਵਿਚ ਸਹਿਜ ਅਤੇ ਸੁਭਾਵਿਕ ਬਣਾ ਦਿੱਤੀ ਗਈ ਹੈ। ਗੁਰਮਤਿ ਆਮ ਲੋਕਾਂ ਦਾ ਮੱਤ ਹੋ ਨਿਬੜਿਆ ਹੈ ਜਦ ਕਿ ਜੋਗਮਤਿ ਕਿਸੇ ਵਿਸ਼ੇਸ਼ ਫਿਰਕੇ, ਟੋਲੇ ਜਾਂ ਸੰਪਰਦਾ ਤਕ ਹੀ ਸੀਮਿਤ ਰਿਹਾ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)