ਬਾਈਧਾਰ ਦਿਆਂ ਰਾਜਿਆਂ ਰੱਖਿਆ ਸੀ ਕਹਿਰ ਗੁਜ਼ਾਰ।
ਨਿੱਕੇ ਨਿੱਕੇ ਉਹ ਰਾਜੜੇ,
ਨਾ ਉਨ੍ਹਾਂ ਸਮਝ ਨਾ ਸਾਰ।
ਵੈਰਾਂ ਦੇ ਭਾਂਬੜੀ ਬਲ ਰਹੇ, ਜਿਉਂ ਭੱਠ ਬਲਣ ਅੰਗਿਆਰ।
ਵਿਚ ਦੂਜੇ ਦੀ ਚੜਤ ਭੁੱਜਦੇ, ਹੋ ਹੋ ਕੇ ਬਹੁਤ ਬੁਰਿਆਰ।
ਉਨ੍ਹਾਂ ਝਗੜੇ ਹੱਦਾਂ ਬੰਨਿਆਂ, ਆਉਂਦੇ ਨਵਿਉਂ ਨਵੇਂ ਸੂ ਵਾਰ।
ਉਨ੍ਹਾਂ ਈਰਖਾ ਕੋਈ ਅੰਤ ਨਾ, ਘੋੜੇ ਨਫ਼ਰਤਾਂ ਰੋਜ਼ ਸਵਾਰ
ਇਕ ਹਾਥੀ ਮਣਸਣ ਆਂਵਦੇ, ਇਕ ਮੰਗਣ ਨੂੰ ਹੋਣ ਤਿਆਰ।
ਅੱਗੋਂ ਦਸਮ ਗੁਰਾਂ ਦੀ ਵਰਜਣਾ, ਬਹੁਤੀ ਖਾ ਜਾਵਣ ਉਹ ਖਾਰ
ਉਹ ਆਪਣੀ ਗੱਲ ਹੀ ਵੇਖਦੇ, ਉਹ ਤਜ ਕੇ ਜੀਣ ਵਿਚਾਰ।
ਉਹ ਸੋਚਾਂ ਭੁੱਲ ਵਡੇਰੀਆਂ, ਰਾਜ ਗੱਦੀਆਂ ਦੇ ਭੁੱਲ ਵਕਾਰ।
ਉਨ੍ਹਾਂ ਗੈਰਤਾਂ ਗਿਰਵੀ ਰੱਖੀਆਂ,
ਪਾਸ ਦਿੱਲੀ ਦੇ ਮੁਗ਼ਲ ਦਰਬਾਰ।
ਭੰਗਾਣੀ, ਨਦੌਣ, ਅਨੰਦਪੁਰ, ਉਨ੍ਹਾਂ ਜੰਗਾਂ ਦਾ ਪਾਇਆ ਭਾਰ।
ਜਦ ਜਿੱਤ ਮਿਲੀ ਨਾ ਕਿਤੇ ਵੀ, ਉਨ੍ਹਾਂ ਇੱਕੋ ਹੀ ਰਾਹ ਦਰਕਾਰ।
ਕੋਲ ਦਿੱਲੀ ਦਰਬਾਰ ਦੇ,
ਉਨ੍ਹਾਂ ਜਾ ਕੀਤੀ ਹਾਲ ਪੁਕਾਰ।
ਵੱਡਾ ਤੁਸਾਂ ਦੇ ਰਾਜ ਨੂੰ ਖ਼ਤਰਾ, ਗੁਰੂ ਰਿਹਾ ਹੈ ਬਾਂਹ ਉਲਾਰ।
ਸ਼ਕਤੀ ਬੰਨ੍ਹਾਂ ਵਿਚ ਨਾ ਆਂਵਦੀ, ਕਿਹੜਾ ਸਕਦਾ ਜੇ ਡੱਕਾ ਡਾਰ।
ਬਿਨਾਂ ਦਿੱਲੀ ਦਰਬਾਰ ਦੇ, ਕੋਈ ਸਕੇ ਨਾ ਬੰਨ ਖਲਿਆਰ।
ਹਾਥੀ, ਘੋੜੇ ਲਸ਼ਕਰ ਗੁਰੂ ਦੇ, ਰਹੇ ਨੇ ਰੋਜ਼ ਰੋਜ਼ ਫੁੰਕਾਰ।
ਦਿੱਲੀ ਤੋਂ ਹੁਕਮ ਪਾ ਕੇ,
ਉੱਥੇ ਕੁਮਕਾਂ ਨੂੰ ਆਏ ਕਰਾਰ।
‘ਕੱਠੇ ਹੋਏ ਸਰਹਿੰਦੀ ਸਹਾਰਨਪੁਰੀ ਲਾਹੌਰ, ਜਲੰਧਰ ਦੇ ਫੌਜਦਾਰ।
ਬਾਈਧਾਰ ਦਿਆਂ ਈਰਖਾਲੂਆਂ, ਨਾਲ ਫੜ ਵੀ ਲਈ ਤਲਵਾਰ।
ਘੇਰਾ ਅਨੰਦਪੁਰ ਨੂੰ ਘੱਤਿਆ, ਸਭਨਾਂ ਹੋ ਕੇ ਤੇਜ਼ ਤਰਾਰ।
ਅੱਗੋਂ ਕਿਲ੍ਹਾ ਬੰਦੀ ਦਸਮੇਸ਼ ਜੀ, ਸਾਰੇ ਝੱਲਦੀ ਗਈ ਸੀ ਵਾਰ।
ਵੱਡੀ ਗਿਣਤੀ ਸ਼ਾਹੀ ਫੌਜ ਦੀ, ਪਰ ਕੁਝ ਨਾ ਸਕੀ ਸਵਾਰ।
ਗੁਰ ਯੋਧਿਆਂ ਝਾਲਾਂ ਝੱਲੀਆਂ ਹਮਲੇ ਹੋ ਗਏ ਬੇਕਾਰ।
ਰਿਹਾ ਕਈ ਸੀ ਮਾਹ ਮੁਹਾਸਰਾ, ਸਭ ਸੂਬੇ ਹੁੰਦੇ ਗਏ ਲਾਚਾਰ।
ਰਾਜੇ ਵੀ ਸਭ ਪਹਾੜੀਏ,
ਲਾ ਲਾ ਜ਼ੋਰ ਗਏ ਸੀ ਹਾਰ।
ਈਨ ਮਨਾਉਣ ਲਈ ਗੁਰੂ ਸਾਹਿਬਾਂ, ਕੱਠੇ ਹੋਏ ਉਹ ਸੱਭ ਮੱਕਾਰ।
ਨਹੀਂ ਜਾਣਦੇ ਬੇੜੀ ਕੂੜ ਦੀ, ਕਦੀ ਲਾ ਨਹੀਂ ਸਕਦੀ ਪਾਰ।
ਨਾ ਸਮਝ ਗੜ੍ਹੀ ਦੰਭ ਦੀ, ਨਹੀਂ ਝੱਲਦੀ ਸੱਚ ਵਸਾਰ।
ਜਾਣਨ ਭਾਂਡਾ ਨਫ਼ਰਤਾਂ
ਨਾ ਚੁੱਕ ਸਕੇ ਸੱਚ ਸੁੱਚ ਦਾ ਭਾਰ।
ਜਦ ਸੋਚਾਂ ਹੋਣ ਨਾ ਗਹਿਰੀਆਂ, ਪੈਰ ਧਸਣ ਵਿਚ ਹਾਰ ਦੀ ਗਾਰ।
ਲੇਖਕ ਬਾਰੇ
ਪੱਤਣ ਵਾਲੀ ਸੜਕ, ਪੁਰਾਣਾ ਸ਼ਾਲਾ, ਗੁਰਦਾਸਪੁਰ
- ਡਾ. ਸੁਰਿੰਦਰਪਾਲ ਸਿੰਘhttps://sikharchives.org/kosh/author/%e0%a8%a1%e0%a8%be-%e0%a8%b8%e0%a9%81%e0%a8%b0%e0%a8%bf%e0%a9%b0%e0%a8%a6%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98/
- ਡਾ. ਸੁਰਿੰਦਰਪਾਲ ਸਿੰਘhttps://sikharchives.org/kosh/author/%e0%a8%a1%e0%a8%be-%e0%a8%b8%e0%a9%81%e0%a8%b0%e0%a8%bf%e0%a9%b0%e0%a8%a6%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98/April 1, 2009