editor@sikharchives.org
Darbar Sahib

ਸਿੱਖ ਦਾ ਮੁੱਢਲਾ ਕਰਮ- ਬਾਣੀ ਪੜ੍ਹਨਾ ਅਤੇ ਸਿਮਰਨ ਕਰਨਾ

ਅੱਜ ਵੀ ਜਦੋਂ ਅਸੀਂ ਪਾਵਨ ਗੁਰਬਾਣੀ ਦੇ ਉਪਦੇਸ਼ਾਂ ’ਤੇ ਅਮਲ ਕਰਨ ਵਾਲੇ ਪਿਆਰੇ, ਭਗਤਾਂ ਅਤੇ ਪਿਆਰੇ ਗੁਰਸਿੱਖਾਂ ਦੇ ਦਰਸ਼ਨ ਕਰਦੇ ਹਾਂ ਤਾਂ ਸਾਡੇ ਮਨ ਅੰਦਰ ਵੀ ਵਾਹਿਗੁਰੂ ਜੀ ਦੇ ਸਿਮਰਨ ਕਰਨ ਦਾ ਬਹੁਤ ਵੱਡਾ ਚਾਅ ਪੈਦਾ ਹੋ ਜਾਂਦਾ ਹੈ
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਸ੍ਰੀ ਸੁਖਮਨੀ ਸਾਹਿਬ ਦੀ ਸਮੂਹ ਪਾਵਨ ਬਾਣੀ ਨੂੰ ਬਹੁਤ ਹੀ ਪਿਆਰ ਨਾਲ ਪੜ੍ਹ ਕੇ ਅਤੇ ਵਿਚਾਰ ਕੇ ਵੇਖੋ, ਤੁਹਾਨੂੰ ਹਰ ਪਾਵਨ ਪੰਕਤੀ ਵਿੱਚੋਂ ਵਾਹਿਗੁਰੂ ਜੀ ਦੇ ਸਿਮਰਨ ਕਰਨ ਬਾਰੇ ਹੀ ਪ੍ਰੇਰਨਾ ਆ ਰਹੀ ਹੋਵੇਗੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਦੋਂ ਇਸ ਪਾਵਨ ਬਾਣੀ ਦੀਆਂ ਪਿਆਰੀਆਂ ਪੋਥੀਆਂ ਆਪਣੇ ਪਿਆਰੇ ਗੁਰਸਿੱਖਾਂ ਕੋਲੋਂ ਲਿਖਵਾ ਕੇ, ਸਿੱਖ ਸੰਗਤਾਂ ਨੂੰ ਤਾਰਨ ਲਈ, ਸੰਗਤਾਂ ਵਿਚ ਵੰਡੀਆਂ ਸਨ ਤਾਂ ਉਸ ਵਕਤ ਦੇ ਬਹੁਤ ਹੀ ਪਿਆਰੇ ਗੁਰਸਿੱਖਾਂ ਨੇ ਜਦੋਂ ਇਹ ਪਾਵਨ ਬਾਣੀ ਬਹੁਤ ਹੀ ਪਿਆਰ ਨਾਲ ਪੜ੍ਹੀ, ਸੁਣੀ ਅਤੇ ਬਹੁਤ ਹੀ ਗਹੁ ਨਾਲ ਵੀਚਾਰੀ ਤਾਂ ਇਸ ਪਵਿੱਤਰ ਬਾਣੀ ਨੇ ਉਨ੍ਹਾਂ ਪਿਆਰੇ ਗੁਰਸਿੱਖਾਂ ਦੇ ਹਿਰਦਿਆਂ ਉੱਤੇ ਵਾਹਿਗੁਰੂ ਜੀ ਦੇ ਸਿਮਰਨ ਕਰਨ ਦਾ ਬਹੁਤ ਹੀ ਗਹਿਰਾ ਅਸਰ ਪਾਇਆ, ਜਿਸ ਸਦਕਾ ਉਨ੍ਹਾਂ ਮਹਾਨ ਗੁਰਸਿੱਖਾਂ ਦੇ ਹਿਰਦਿਆਂ ਅੰਦਰ ਸਤਿ, ਸੰਤੋਖ, ਦਇਆ, ਧਰਮ ਅਤੇ ਪ੍ਰੇਮ ਦਾ ਵੱਡਾ ਖ਼ਜ਼ਾਨਾ ਪੈਦਾ ਹੋ ਗਿਆ। ਉਨ੍ਹਾਂ ਪੁਰਾਣੇ ਮਹਾਨ ਗੁਰਸਿੱਖਾਂ ਦਾ ਇਤਿਹਾਸ ਪੜ੍ਹ ਕੇ ਤਾਂ ਵੇਖੋ ਕਿ ਉਹ ਹਰ ਰੋਜ਼ ਸ੍ਰੀ ਜਪੁਜੀ ਸਾਹਿਬ, ਸ੍ਰੀ ਸੁਖਮਨੀ ਸਾਹਿਬ ਅਤੇ ਹੋਰ ਪਾਵਨ ਬਾਣੀਆਂ ਦੇ ਕਿੰਨੇ-ਕਿੰਨੇ ਪਾਠ ਕਰਦੇ ਹੁੰਦੇ ਸਨ। ਉਹ ਸਿੱਖ ਦੁਨਿਆਵੀ ਮਾਇਆ ਦੇ ਰੁਝੇਵਿਆਂ ਨਾਲੋਂ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਅਤੇ ਨਾਮ- ਸਿਮਰਨ ਦੇ ਅਭਿਆਸ ਵੱਲ ਜ਼ਿਆਦਾ ਧਿਆਨ ਦਿੰਦੇ ਹੁੰਦੇ ਸਨ। ਇਸੇ ਕਰਕੇ ਹੀ ਉਨ੍ਹਾਂ ਪਿਆਰੇ ਗੁਰਸਿੱਖਾਂ ਨੇ ਆਪਣੇ ਮਨ ਦੀਆਂ ਖ਼ਾਹਿਸ਼ਾਂ ’ਤੇ ਵੱਡਾ ਕਾਬੂ ਪਾ ਕੇ, ਸਦਾ ਹੀ ਸਾਦੇ ਜੀਵਨ ਦਾ ਅਮਲੀ ਚੋਲਾ ਪਾਇਆ ਹੋਇਆ ਹੁੰਦਾ ਸੀ। ਅੱਜ ਵੀ ਜਦੋਂ ਅਸੀਂ ਪਾਵਨ ਗੁਰਬਾਣੀ ਦੇ ਉਪਦੇਸ਼ਾਂ ’ਤੇ ਅਮਲ ਕਰਨ ਵਾਲੇ ਪਿਆਰੇ, ਭਗਤਾਂ ਅਤੇ ਪਿਆਰੇ ਗੁਰਸਿੱਖਾਂ ਦੇ ਦਰਸ਼ਨ ਕਰਦੇ ਹਾਂ ਤਾਂ ਸਾਡੇ ਮਨ ਅੰਦਰ ਵੀ ਵਾਹਿਗੁਰੂ ਜੀ ਦੇ ਸਿਮਰਨ ਕਰਨ ਦਾ ਬਹੁਤ ਵੱਡਾ ਚਾਅ ਪੈਦਾ ਹੋ ਜਾਂਦਾ ਹੈ। ਪਰ ਅਫ਼ਸੋਸ ਹੈ ਕਿ ਅੱਜ ਮਾਇਆ ਦੇ ਰੁਝੇਵਿਆਂ ਦੇ ਵਧ ਜਾਣ ਕਰਕੇ ਜ਼ਿਆਦਾ ਸਿੱਖ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਪਾਵਨ ਗੁਰਬਾਣੀ ਪਿਆਰ ਨਾਲ ਪੜ੍ਹਨ ਤੋਂ ਅਵੇਸਲੇ ਹੋ ਰਹੇ ਹਨ ਜਦੋਂ ਕਿ ਸਿੱਖ ਦਾ ਅਸਲੀ ਜੀਵਨ ਹੀ ਸਤਿਗੁਰੂ ਜੀ ਦੀ ਪਾਵਨ ਬਾਣੀ ਅਤੇ ਵਾਹਿਗੁਰੂ ਜੀ ਦਾ ਸਿਮਰਨ ਹੈ। ਗੁਰੂ ਕੇ ਪਿਆਰਿਉ, ਹਰ ਸਿੱਖ ਵੱਲੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਸਾਧਾਰਨ ਪਾਠ ਦੇ ਭੋਗ ਆਪੋ-ਆਪਣੇ ਘਰਾਂ ਵਿਚ ਪਾਉਂਦੇ ਹੀ ਰਹਿਣਾ ਚਾਹੀਦਾ ਹੈ, ਪਰ ਜੇ ਕੋਈ ਸਿੱਖ ਇਤਨਾ ਉੱਦਮ ਨਹੀਂ ਕਰ ਸਕਦਾ ਤਾਂ ਮਹਾਨ ਸਤਿਗੁਰਾਂ ਨੇ ਇਸੇ ਕਰਕੇ ਹੀ ਸ੍ਰੀ ਸੁਖਮਨੀ ਸਾਹਿਬ, ਸ੍ਰੀ ਜਪੁਜੀ ਸਾਹਿਬ, ਸ੍ਰੀ ਅਨੰਦ ਸਾਹਿਬ, ਸ੍ਰੀ ਚੌਪਈ ਸਾਹਿਬ ਅਤੇ ਸ੍ਰੀ ਜਾਪੁ ਸਾਹਿਬ ਜੀ ਦੀਆਂ ਪਿਆਰੀਆਂ ਬਾਣੀਆਂ ਰਚ ਦਿੱਤੀਆਂ ਸਨ, ਉਹ ਇਸ ਕਰਕੇ ਕਿ ਪਿਆਰੇ ਸਿੱਖ ਜਿੱਥੇ ਹਰ ਰੋਜ਼ ਆਪਣੇ ਕਾਰੋਬਾਰ, ਨੌਕਰੀ, ਵਪਾਰ, ਵਾਹੀ ਜਾਂ ਹੋਰ ਧੰਦਿਆਂ ਰਾਹੀਂ ਸੱਚੀ ਅਤੇ ਸੁੱਚੀ ਕਿਰਤ-ਕਮਾਈ ਕਰਨ, ਉਥੇ ਇਹ ਪਾਵਨ ਤੇ ਪਵਿੱਤਰ ਬਾਣੀਆਂ ਆਪਣੇ ਹਿਰਦੇ ਅੰਦਰ ਕੰਠ ਕਰ ਕੇ ਅਤੇ ਬਾਣੀ ਦੇ ਉਪਦੇਸ਼ਾਂ ’ਤੇ ਅਮਲ ਕਰ ਕੇ, ਹਰ ਵਕਤ ‘ਵਾਹਿਗੁਰੂ’ ਗੁਰਮੰਤ੍ਰ ਦਾ ਜਾਪ ਬਹੁਤ ਹੀ ਪਿਆਰ ਨਾਲ ਕਰਦੇ ਹੀ ਰਿਹਾ ਕਰਨ।

ਗੁਰੂ ਕੇ ਪਿਆਰਿਉ! ਪਾਵਨ ਗੁਰਬਾਣੀ ਸੁਖਮਨੀ ਸਾਹਿਬ ਜੀ ਦੀ ਹੋਵੇ ਜਾਂ ਜਪੁਜੀ ਸਾਹਿਬ ਜੀ ਦੀ, ਚੌਪਈ ਸਾਹਿਬ ਜੀ ਦੀ ਹੋਵੇ ਜਾਂ ਅਨੰਦ ਸਾਹਿਬ ਜੀ ਦੀ, ਸਾਰੀ ਪਾਵਨ ਗੁਰਬਾਣੀ ਵਾਹਿਗੁਰੂ ਜੀ ਦੇ ਪਿਆਰੇ ਸਿਮਰਨ ਦੇ ਰਸ ਨਾਲ ਹੀ ਭਰੀ ਪਈ ਹੈ। ਮਿਸਾਲ ਦੇ ਤੌਰ ’ਤੇ ਜਿਸ ਤਰ੍ਹਾਂ ਮਹਾਨ ਸਤਿਗੁਰੂ ਜੀ ਨੇ ਸ੍ਰੀ ਸੁਖਮਨੀ ਸਾਹਿਬ ਜੀ ਦੀ ਪਹਿਲੀ ਅਸਟਪਦੀ ਦੀ 5ਵੀਂ ਪਉੜੀ ਦੇ ਪਵਿੱਤਰ ਉਪਦੇਸ਼ ਵਿਚ ਇਕ ਗੁਰੂ ਕੇ ਪਿਆਰੇ ਸਿੱਖ ਦੇ ਜੀਵਨ ਦੀ ਬਹੁਤ ਹੀ ਸੁਹਣੀ ਘਾੜਤ ਘੜੀ ਹੈ ਕਿ ਮੇਰਾ ਬਹੁਤ ਵੱਡੇ ਧਨ ਵਾਲਾ, ਇੱਜ਼ਤ ਵਾਲਾ ਅਤੇ ਰਾਜਾ ਸਿੱਖ ਕਿਹੜਾ ਹੋਵੇਗਾ, ਐਸੇ ਸਿੱਖ ਬਾਰੇ ਸਤਿਗੁਰੂ ਜੀ ਇਸ ਪਾਵਨ ਪਦੇ ਦੇ ਉਪਦੇਸ਼ ਵਿਚ ਫ਼ੁਰਮਾ ਰਹੇ ਹਨ:

ਪ੍ਰਭ ਕਉ ਸਿਮਰਹਿ ਸੇ ਧਨਵੰਤੇ॥
ਪ੍ਰਭ ਕਉ ਸਿਮਰਹਿ ਸੇ ਪਤਿਵੰਤੇ॥

ਮਹਾਨ ਸਤਿਗੁਰੂ ਜੀ ਸਿੱਖ ਨੂੰ ਦ੍ਰਿੜ੍ਹ ਕਰਵਾ ਰਹੇ ਹਨ ਕਿ ਸਾਡੀਆਂ ਨਜ਼ਰਾਂ ਵਿਚ ਉਹ ਸਿੱਖ ਹੀ ਬਹੁਤ ਵੱਡੇ ਧਨ ਵਾਲਾ ਅਤੇ ਵੱਡੀ ਇੱਜ਼ਤ ਵਾਲਾ ਹੋਵੇਗਾ, ਜੋ ਸਿੱਖ ਆਪਣੇ ਮੁੱਖ ਵਿੱਚੋਂ ਹਰ ਸਵਾਸ-ਸਵਾਸ ਨਾਲ ਵਾਹਿਗੁਰੂ ਜੀ ਦਾ ਪਿਆਰਾ ਸਿਮਰਨ ਕਰਨ ਦਾ ਪੱਕਾ ਧਾਰਨੀ ਹੋ ਜਾਵੇਗਾ:

ਪ੍ਰਭ ਕਉ ਸਿਮਰਹਿ ਸੇ ਜਨ ਪਰਵਾਨ॥
ਪ੍ਰਭ ਕਉ ਸਿਮਰਹਿ ਸੇ ਪੁਰਖ ਪ੍ਰਧਾਨ॥

ਮਹਾਨ ਸਤਿਗੁਰੂ ਜੀ ਅੱਗੇ ਫ਼ੁਰਮਾ ਰਹੇ ਹਨ ਕਿ ਸਾਡੇ ਪਵਿੱਤਰ ਦਰ ’ਤੇ ਉਹ ਸਿੱਖ ਹੀ ਪ੍ਰਵਾਨ ਹੋਵੇਗਾ ਅਤੇ ਉਹ ਸਿੱਖ ਹੀ ਸਾਡਾ ਮੁਖੀ ਸਿੱਖ ਹੋਵੇਗਾ, ਜਿਹੜਾ ਸਿੱਖ ਵਾਹਿਗੁਰੂ ਜੀ ਦੇ ਗੁਰਮੰਤ੍ਰ ਨੂੰ ਆਪਣੇ ਹਿਰਦੇ ਅੰਦਰ ਪੂਰੀ ਤਰ੍ਹਾਂ ਵਸਾ ਲਵੇਗਾ:

ਪ੍ਰਭ ਕਉ ਸਿਮਰਹਿ ਸਿ ਬੇਮੁਹਤਾਜੇ॥
ਪ੍ਰਭ ਕਉ ਸਿਮਰਹਿ ਸਿ ਸਰਬ ਕੇ ਰਾਜੇ॥

ਮਹਾਨ ਸਤਿਗੁਰੂ ਜੀ ਅੱਗੇ ਉਪਦੇਸ਼ ਕਰ ਰਹੇ ਹਨ ਕਿ ਸਾਡੀਆਂ ਨਜ਼ਰਾਂ ਵਿਚ ਉਹ ਸਿੱਖ ਕਦੇ ਵੀ ਕਿਸੇ ਦਾ ਮੁਹਤਾਜ ਨਹੀਂ ਹੋਵੇਗਾ, ਅਤੇ ਸਾਡਾ ਰਾਜਾ ਪੁੱਤਰ ਹੋਵੇਗਾ, ਜੋ ਸਿੱਖ ਸਾਡੇ ਇਸ ਪਾਵਨ ਪੰਕਤੀਆਂ ਦੇ ਉਪਦੇਸ਼ ਨੂੰ ਪੂਰੀ ਤਰ੍ਹਾਂ ਮੰਨਦਾ ਹੋਇਆ ਹਰ ਵਕਤ ਵਾਹਿਗੁਰੂ ਜੀ ਦੇ ਨਾਮ ਨੂੰ ਮਾਲਾ ਦੇ ਮੋਤੀਆਂ ਵਾਂਗੂੰ ਆਪਣੇ ਹਿਰਦੇ ਅੰਦਰ ਪਰੋ ਲਵੇਗਾ:

ਪ੍ਰਭ ਕਉ ਸਿਮਰਹਿ ਸੇ ਸੁਖਵਾਸੀ॥
ਪ੍ਰਭ ਕਉ ਸਿਮਰਹਿ ਸਦਾ ਅਬਿਨਾਸੀ॥

ਸਤਿਗੁਰੂ ਜੀ ਅੱਗੇ ਫ਼ੁਰਮਾ ਰਹੇ ਹਨ ਕਿ ਅਸੀਂ ਉਸ ਸਿੱਖ ਨੂੰ ਲੋਕ ਅਤੇ ਪਰਲੋਕ ਦੋਵਾਂ ਥਾਵਾਂ ’ਤੇ ਪੂਰਾ ਸੁਖੀ ਰੱਖ ਕੇ, ਨਿਹਾਲ-ਨਿਹਾਲ ਕਰਕੇ ਰੱਖਾਂਗੇ ਅਤੇ ਐਸੇ ਸਿੱਖ ਨੂੰ ਜਿਊਂਦਾ ਹੀ ਮੁਕਤ ਕਰ ਦੇਵਾਂਗੇ ਜੋ ਸਿੱਖ ਵਾਹਿਗੁਰੂ ਜੀ ਦੇ ਸਿਮਰਨ ਨੂੰ ਆਪਣੀ ਜਿੰਦ-ਜਾਨ ਤੋਂ ਵੀ ਪਿਆਰਾ ਬਣਾ ਕੇ ਸਾਡੀਆਂ ਵੱਡੀਆਂ ਖੁਸ਼ੀਆਂ ਲੈਣ ਦਾ ਸਦਾ ਯਤਨ ਕਰਦਾ ਹੀ ਰਹੇਗਾ:

ਸਿਮਰਨ ਤੇ ਲਾਗੇ ਜਿਨ ਆਪਿ ਦਇਆਲਾ॥
ਨਾਨਕ ਜਨ ਕੀ ਮੰਗੈ ਰਵਾਲਾ॥ (ਪੰਨਾ 263)

ਪਉੜੀ ਦੇ ਅਖ਼ੀਰ ਵਿਚ ਮਹਾਨ ਸਤਿਗੁਰੂ ਜੀ ਸਿੱਖ ਨੂੰ ਦ੍ਰਿੜ੍ਹ ਕਰਵਾ ਰਹੇ ਹਨ ਕਿ ਜਿਹੜਾ ਵੀ ਪਿਆਰਾ ਸਿੱਖ ਸਾਡੇ ਇਸ ਪਵਿੱਤਰ ਉਪਦੇਸ਼ ’ਤੇ ਅਮਲ ਕਰਦਾ ਹੋਇਆ ਵਾਹਿਗੁਰੂ ਜੀ ਦੇ ਪਿਆਰੇ ਸਿਮਰਨ ਨਾਲ ਸਦਾ-ਸਦਾ ਲਈ ਜੁੜ ਜਾਵੇਗਾ, ਐਸੇ ਸਿੱਖ ’ਤੇ ਮਹਾਨ ਸਤਿਗੁਰੂ ਜੀ ਸਦਾ-ਸਦਾ ਲਈ ਬਲਿਹਾਰ-ਬਲਿਹਾਰ ਜਾਂਦੇ ਹਨ।

ਹੁਣ ਆਪਾਂ ਬਹੁਤ ਹੀ ਗਹੁ ਨਾਲ ਵਿਚਾਰ ਕਰ ਕੇ ਵੇਖੀਏ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੂਹ ਪਾਵਨ ਬਾਣੀ ਸਿੱਖ ਨੂੰ ਸਿਮਰਨ ਕਰਨ ਵੱਲ ਹੀ ਪ੍ਰੇਰ ਰਹੀ ਹੈ ਕਿ ਅਸੀਂ ਮਹਾਨ ਸਤਿਗੁਰੂ ਜੀ ਦੇ ਉਪਦੇਸ਼ਾਂ ’ਤੇ ਅੱਜ ਤਕ ਅਮਲ ਕੀਤਾ ਹੈ ਕਿ ਨਹੀਂ। ਗੁਰੂ ਕੇ ਪਿਆਰਿਉ, ਮਹਾਨ ਸਤਿਗੁਰੂ ਜੀ ਨੇ ਤਾਂ ਵਾਰ-ਵਾਰ ਪਵਿੱਤਰ ਗੁਰਬਾਣੀ ਵਿਚ ਉਪਦੇਸ਼ ਕੀਤਾ ਹੈ ਕਿ ਪਿਆਰਿਆ! ਯਾਦ ਰੱਖੀਂ, ਉਸ ਰੱਬ ਦੀ ਸੱਚੀ ਦਰਗਾਹ ਵਿਚ ਵਾਹਿਗੁਰੂ ਦੇ ਪਿਆਰੇ ਸਿਮਰਨ ਨੇ ਹੀ ਤੇਰਾ ਛੁਟਕਾਰਾ ਕਰਵਾਉਣਾ ਹੈ। ਸੋ ਜਿਸ ਵੀ ਪਿਆਰੇ ਗੁਰਸਿੱਖ ਨੇ ਮਹਾਨ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨ ਖੁਸ਼ੀ ਪ੍ਰਾਪਤ ਕਰਨੀ ਹੋਵੇ, ਉਹ ਸਿੱਖ ਅੱਜ ਹੀ ਆਪੋ-ਆਪਣੇ ਹਿਰਦੇ ਅੰਦਰ ਬਹੁਤ ਹੀ ਪਿਆਰ ਨਾਲ ਸਤਿਗੁਰੂ ਜੀ ਦੇ ਚਰਨਾਂ ਵਿਚ ਦੋਵੇਂ ਹੱਥ ਜੋੜ ਕੇ ਅਰਦਾਸ ਕਰੇ ਕਿ ਸਤਿਗੁਰੂ ਜੀ, ਮੈਂ ਅੱਜ ਤੋਂ ਹਰ ਰੋਜ਼ ਜਿੱਥੇ ਆਪ ਜੀ ਦੀ ਪਾਵਨ ਤੇ ਪਵਿੱਤਰ ਗੁਰਬਾਣੀ ਦੇ ਪਾਠ ਬਹੁਤ ਹੀ ਪਿਆਰ ਨਾਲ ਕਰਾਂਗਾ, ਸੁਣਾਂਗਾ, ਉਥੇ ਆਪ ਜੀ ਦੀ ਪਾਵਨ ਬਾਣੀ ਦੇ ਹਰ ਉਪਦੇਸ਼ ’ਤੇ ਅਮਲ ਕਰਦਾ ਹੋਇਆ ਹਰ ਵਕਤ ਵਾਹਿਗੁਰੂ ਜੀ ਦਾ ਪਿਆਰਾ ਸਿਮਰਨ ਕਰਨ ਦਾ ਸਦਾ-ਸਦਾ ਲਈ ਯਤਨ ਕਰਦਾ ਹੀ ਰਹਾਂਗਾ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

ਮਜੀਠਾ ਰੋਡ, ਅੰਮ੍ਰਿਤਸਰ

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)