ਸਿੱਖ ਧਰਮ ਸਭ ਦਾ ਭਲਾ ਮੰਗਣ ਵਾਲਾ ਧਰਮ ਹੈ। ਸਿੱਖ ਕਦੀ ਵੀ ਕਿਸੇ ਦਾ ਬੁਰਾ ਆਪਣੇ ਮਨ ਵਿਚ ਨਹੀਂ ਚਿਤਵ ਸਕਦਾ। ਸਿੱਖ ਧਰਮ ਇਕ ਨਿਵੇਕਲਾ ਧਰਮ ਹੈ। ਇਹ ਇਕ ਵਿਗਿਆਨਕ ਧਰਮ ਹੈ। ਇਸ ਦੀਆਂ ਨਿਮਨ-ਲਿਖਤ ਖ਼ੂਬੀਆਂ ਹਨ:
1. ਸਿੱਖ ਧਰਮ ਅੰਤਰਰਾਸ਼ਟਰੀ ਧਰਮ ਹੈ:
ਸਿੱਖ ਧਰਮ ਦੇਸ਼ ਕਾਲ ਦੀਆਂ ਹੱਦਾਂ ਨੂੰ ਨਹੀਂ ਮੰਨਦਾ। ਉਸ ਵਾਸਤੇ ਤਾਂ ਸਾਰੀ ਖਲਕਤ ਹੀ ਉਸ ਕਰਤਾਰ ਦੀ ਰਚਨਾ ਹੈ। ਉਸ ਵਾਸਤੇ ਕੋਈ ਵੀ ਮੁਲਕ ਵਾਸੀ ਗ਼ੈਰ ਨਹੀਂ ਕਿਉਂਕਿ ਸਭ ਇਕ ਪਿਤਾ ਦੀ ਸੰਤਾਨ ਹਨ। ਜਿਵੇਂ:
ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ॥ (ਪੰਨਾ 1299)
2. ਸਿੱਖ ਧਰਮ ਦੇ ਦਸ ਗੁਰੂ ਸਾਹਿਬਾਨ :
ਸਿੱਖ ਧਰਮ ਦੀ ਵਿਲੱਖਣਤਾ ਹੈ ਕਿ ਇਸ ਦੇ ਦਸ ਗੁਰੂ ਸਾਹਿਬਾਨ ਹਨ। ਇਨ੍ਹਾਂ ਦਸ ਗੁਰੂ ਸਾਹਿਬਾਨ ਦੀ ਜੋਤਿ ਇਕ ਹੈ।
3. ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਮੋਢੀ ਗੁਰੂ :
ਸਿੱਖ ਧਰਮ ਦੀ ਬੁਨਿਆਦ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰੱਖੀ। ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਪਹਿਲੇ ਗੁਰੂ ਸਾਹਿਬਾਨ ਹਨ।
4. ਜਾਤ-ਪਾਤ ਦੀ ਵਿਰੋਧਤਾ :
ਸਿੱਖ ਧਰਮ ਵਿਚ ਜਾਤ-ਪਾਤ ਲਈ ਕੋਈ ਥਾਂ ਨਹੀਂ ਹੈ ਕਿਉਂਕਿ ਗੁਰੂ ਕਲਗੀਧਰ ਨੇ ਖੰਡੇ-ਬਾਟੇ ਦਾ ਅੰਮ੍ਰਿਤ ਛਕਾ ਕੇ ਜਾਤ-ਪਾਤ ਦੇ ਵਖਰੇਵੇਂ ਨੂੰ ਦੂਰ ਕਰਕੇ ਸਭ ਨੂੰ ਖਾਲਸਾ ਸਜਾ ਦਿੱਤਾ। ਗੁਰਬਾਣੀ ਦਾ ਫ਼ਰਮਾਨ ਹੈ:
ਜਨਮੁ ਨਹ ਪੂਛੀਐ ਸਚ ਘਰੁ ਲੇਹੁ ਬਤਾਇ॥
ਸਾ ਜਾਤਿ ਸਾ ਪਤਿ ਹੈ ਜੇਹੇ ਕਰਮ ਕਮਾਇ॥ (ਪੰਨਾ 1330)
5. ਨਿਸ਼ਾਨ ਸਾਹਿਬ ਦੀ ਮਹਾਨਤਾ :
ਨਿਸ਼ਾਨ ਫ਼ਾਰਸੀ ਦਾ ਸ਼ਬਦ ਹੈ, ਜਿਸ ਦਾ ਅਰਥ ਹੈ ਝੰਡਾ, ਚਿੰਨ੍ਹ, ਧ੍ਵਜ। ਸਿੰਘਾਂ ਦੇ ਸਿਰ ’ਤੇ ਖੜਗ ਦਾ ਚਿੰਨ੍ਹ ਹੋਇਆ ਕਰਦਾ ਹੈ ਅਤੇ ਫਰਹਰਾ ਬਸੰਤੀ ਕੇਸਰੀ ਰੰਗ ਦਾ। ਇਸ ਨੂੰ ਸਤਿਕਾਰ ਨਾਲ ਝੰਡਾ ਸਾਹਿਬ ਅਰਥਾਤ ਨਿਸ਼ਾਨ ਸਾਹਿਬ ਵੀ ਕਿਹਾ ਜਾਂਦਾ ਹੈ। ਸਿੱਖ ਇਤਿਹਾਸ ਵਿਚ ਲਿਖਿਆ ਹੈ ਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਨਿਸ਼ਾਨ ਸਾਹਿਬ ਦਾ ਰਿਵਾਜ ਚਾਲੂ ਕੀਤਾ ਸੀ। ਨਿਸ਼ਾਨ ਉਤਲੇ ਸਾਰੇ ਸ਼ਸਤਰਾਂ (ਚੱਕਰ, ਖੰਡਾ, ਕ੍ਰਿਪਾਨ) ਦੇ ਚਿੰਨ੍ਹ ਸ਼ਕਤੀ ਅਤੇ ਦੁਰਜਨਾਂ ਦੇ ਵਿਨਾਸ਼ ਦੇ ਪ੍ਰਤੀਕ ਹਨ ਅਤੇ ਬਸੰਤੀ ਫਰਹਰਾ ਭਗਤੀ ਦਾ ਪ੍ਰਤੀਕ ਹੈ।
6. ਰਹਿਤ ਮਰਯਾਦਾ :
ਰਹਿਤ ਮਰਯਾਦਾ ਤੋਂ ਭਾਵ ਉਹ ਨਿਯਮ ਹਨ, ਜਿਨ੍ਹਾਂ ਦੀ ਪਾਲਣਾ ਕਰਦੇ ਹੋਏ ਗੁਰਬਾਣੀ ਨੂੰ ਸਮਝਣਾ, ਮੰਨਣਾ ਤੇ ਉਸ ਅਨੁਸਾਰ ਜੀਵਨ ਜੀਊਣਾ ਹੈ। ਜਿਵੇਂ:
ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ॥
ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ॥ (ਪੰਨਾ 305)
ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ॥ (ਪੰਨਾ 920)
7. ਸਿੱਖ ਧਰਮ ਦੀ ਵਿਲੱਖਣਤਾ-ਗੁਰੂ ਕਾ ਲੰਗਰ :
ਅਤਿਆਚਾਰ, ਜ਼ੁਲਮ, ਊਚ-ਨੀਚ, ਅਮੀਰੀ-ਗਰੀਬੀ ਦਾ ਖ਼ਾਤਮਾ ਕਰਨ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੰਗਤ ਤੇ ਪੰਗਤ ਦੀ ਨੀਂਹ ਰੱਖੀ। ਪੰਗਤ ਵਿਚ ਬੈਠ ਕੇ ਬਿਨਾਂ ਕਿਸੇ ਵਿਤਕਰੇ ਦੇ ਪ੍ਰਸ਼ਾਦ ਲੰਗਰ ਛਕਣ ਦੀ ਸਿੱਖ ਧਰਮ ਵਿਚ ਬਹੁਤ ਮਹਾਨਤਾ ਹੈ। ਇਕ ਸੱਚੇ ਸਿੱਖ ਦਾ ਫਰਜ਼ ਬਣਦਾ ਹੈ ਕਿ ਆਪ ਕਮਾਵੇ, ਰੱਜ ਕੇ ਖਾਵੇ ਤੇ ਲੋੜ ਪੈਣ ’ਤੇ ਲੋੜਵੰਦਾਂ ਦੀ ਸਹਾਇਤਾ ਕਰੇ। ਜਿਵੇਂ:
ਕਿਰਤਿ ਵਿਰਤਿ ਕਰਿ ਧਰਮੁ ਦੀ ਲੈ ਪ੍ਰਸ਼ਾਦਿ ਆਣਿ ਵਰਤੰਦਾ।
ਗੁਰਸਿਖਾਂ ਨੂੰ ਦੇਇ ਕਰਿ ਪਿਛੋਂ ਬਚਿਆ ਆਪਿ ਖਵੰਦਾ। (ਭਾਈ ਗੁਰਦਾਸ ਜੀ)
ਸ੍ਰੀ ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਵਿਖੇ ਸਰੀਰਕ ਮਜ਼ਬੂਤੀ ਲਈ ‘ਮੱਲ ਅਖਾੜੇ’ ਕਾਇਮ ਕੀਤੇ। ਆਤਮਿਕ ਖੁਰਾਕ ਤੇ ਸਰੀਰਕ ਖੁਰਾਕ ਦੀ ਪੂਰਤੀ ਲਈ ਦੋ ਮਹਾਨ ਲੰਗਰ ਜਾਰੀ ਰੱਖੇ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰ ਸਬਦਿ ਦਾ ਲੰਗਰ ਤੇਜ਼ੀ ਨਾਲ ਮਨੁੱਖਤਾ ਵਿਚ ਵਰਤਾਉਣਾ ਸ਼ੁਰੂ ਕੀਤਾ:
ਲੰਗਰੁ ਚਲੈ ਗੁਰ ਸਬਦਿ ਹਰਿ ਤੋਟਿ ਨ ਆਵੀ ਖਟੀਐ॥
ਖਰਚੇ ਦਿਤਿ ਖਸੰਮ ਦੀ ਆਪ ਖਹਦੀ ਖੈਰਿ ਦਬਟੀਐ॥ (ਪੰਨਾ 967)
8. ਕੀਰਤਨ :
ਕੀਰਤਨ ਉਸ ਗਾਇਨ ਨੂੰ ਕਹਿੰਦੇ ਹਨ, ਜਿਸ ਵਿਚ ਗੁਰੂ-ਘਰ ਦੀ ਕੀਰਤੀ ਗਾਈ ਜਾਵੇ। ਕੀਰਤਨ ਸਿੱਖ ਧਰਮ ਦਾ ਇਕ ਖਾਸ ਅੰਗ ਹੈ। ਗੁਰੂ ਜੀ ਨੇ ਫ਼ਰਮਾਇਆ ਹੈ:
ਕੀਰਤਨੁ ਨਿਰਮੋਲਕ ਹੀਰਾ॥ (ਪੰਨਾ 893)
ਆਤਮਿਕ ਸ਼ਾਂਤੀ ਲਈ ਪਾਵਨ ਗੁਰਬਾਣੀ ਦਾ ਕੀਰਤਨ ਬਹੁਤ ਜ਼ਰੂਰੀ ਹੈ। ਸਿੱਖ ਧਰਮ ਦੇ ਲਗਭਗ ਸਾਰੇ ਸੰਸਕਾਰਾਂ ਵਿਚ ਕੀਰਤਨ ਦਾ ਭਾਗ ਹੁੰਦਾ ਹੈ। ਸਾਰੇ ਕਰਮਾਂ ਵਿੱਚੋਂ ਇਸ ਨੂੰ ਮੁਖ ਮੰਨਿਆ ਜਾਂਦਾ ਹੈ:
ਹਰਿ ਕੀਰਤਿ ਸਾਧਸੰਗਤਿ ਹੈ ਸਿਰਿ ਕਰਮਨ ਕੈ ਕਰਮਾ॥ (ਪੰਨਾ 642)
ਪਰ ਇਹ ਗੱਲ ਧਿਆਨ ਦੇਣ ਯੋਗ ਹੈ ਕਿ ਸਿੱਖ ਸੰਗਤ ਵਿਚ ਰਾਗ ਦੁਆਰਾ ਕੀਰਤਨ ਦੀ ਮਰਯਾਦਾ ਕਾਇਮ ਕੀਤੀ ਗਈ ਹੈ।
9. ਦਸਵੰਧ :
ਹਰ ਸਿੱਖ ਲਈ ਇਹ ਅਸੂਲ ਹੈ ਕਿ ਉਹ ਆਪਣੀ ਕਿਰਤ ਕਮਾਈ ਵਿੱਚੋਂ ਦਸਵਾਂ ਹਿੱਸਾ ਦਾਨ-ਪੁੰਨ ਕਰੇ ਭਾਵ ਆਪਣੀ ਕਿਰਤ ਕਮਾਈ ਨੂੰ ਵੰਡ ਕੇ ਛਕੇ। ਇਸ ਵੰਡ ਕੇ ਛਕਣ ਦੇ ਅਸੂਲ ਦੀ ਪ੍ਰੋੜ੍ਹਤਾ ਹਿਤ ਦਸਵੰਧ ਕੱਢਣ ਦੀ ਰੀਤ ਸਿੱਖ ਗੁਰੁ ਸਾਹਿਬਾਨ ਨੇ ਸਿੱਖ ਧਰਮ ਵਿਚ ਪ੍ਰਚੱਲਤ ਕੀਤੀ। ਦਸਵੰਧ ਬਾਰੇ ਮੁਖੀ ਸਿੱਖਾਂ ਦੁਆਰਾ ਰਚੇ ਗਏ ਰਹਿਤਨਾਮਿਆਂ ਵਿਚ ਵੀ ਗਵਾਹੀਆਂ ਮਿਲਦੀਆਂ ਹਨ:-
ਜੋ ਆਪਣੀ ਕਛੁ ਕਰਹੁ ਕਮਾਈ।
ਗੁਰੂ ਹਿਤ ਦੇਹੁ ਦਸਵੰਧ ਬਨਾਈ। (ਰਹਿਤਨਾਮਾ ਭਾਈ ਨੰਦ ਲਾਲ ਜੀ)
10. ਵਾਹਿਗੁਰੂ ਜੀ ਕਾ ਖਾਲਸਾ-ਵਾਹਿਗੁਰੂ ਜੀ ਕੀ ਫਤਹਿ:
ਵਾਹਿਗੁਰੂ ਨਿੱਤ ਬਚਨ ਉਚਾਰੈ।
ਵਾਹਿਗੁਰੂ ਕੋ ਹਿਰਦੈ ਧਾਰੈ।
ਆਗੈ ਆਵਤ ਸਿੰਘ ਜੋ ਪਾਵੈ।
ਵਾਹਿਗੁਰੂ ਕੀ ਫਤਹਿ ਬੁਲਾਵੈ। (ਭਾਈ ਦੇਸਾ ਸਿੰਘ ਜੀ)
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਵੱਲੋਂ ਇਕ ਪੰਥ-ਪ੍ਰਵਾਨਿਤ ਰਹਿਤ ਮਰਯਾਦਾ ਵੀ ਸਿੱਖਾਂ ਦੇ ਸਮਾਜਿਕ ਤੇ ਧਾਰਮਿਕ ਨਿਯਮਾਂ ਨੂੰ ਸਪਸ਼ਟ ਕਰਨ ਲਈ ਛਾਪੀ ਹੋਈ ਹੈ। ਉਸ ਵਿੱਚੋਂ ਵੀ ਉੱਪਰ ਲਿਖੇ ਅਨੁਸਾਰ ਸਪਸ਼ਟ ਕੀਤਾ ਹੈ ਕਿ ਖਾਲਸਾ ਆਪਣੇ ਆਮ ਜੀਵਨ ਵਿਚ ਆਪੋ ਵਿਚ ਮਿਲਣ-ਗਿਲਣ ਸਮੇਂ ਫਤਹਿ ਬੁਲਾਏ। ਫਤਹਿ ਦਾ ਨਾਹਰਾ ਆਪਣੇ ਆਪ ਵਿਚ ਬੜਾ ਚੜ੍ਹਦੀ ਕਲਾ ਵਾਲਾ ਹੈ।
11. ਇਸਤਰੀ ਦੀ ਮਹਾਨਤਾ :
ਪਹਿਲਾਂ ਇਸਤਰੀ ਨੂੰ ਨੀਚ ਸਮਝਿਆ ਜਾਂਦਾ ਸੀ। ਜਦੋਂ ਘਰ ਵਿਚ ਲੜਕੀ ਜਨਮ ਲੈਂਦੀ ਸੀ ਤਾਂ ਮਾੜਾ ਸ਼ਗਨ ਗਿਣਿਆ ਜਾਂਦਾ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸਤਰੀ ਨੂੰ ਮਾਣ ਤੇ ਸਤਿਕਾਰ ਦਿੱਤਾ ਤੇ ਆਪ ਨੇ ਕਿਹਾ:
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ (ਪੰਨਾ 473)
12. ਅਰਦਾਸ :
ਸਿਰਦਾਰ ਕਪੂਰ ਸਿੰਘ ਨੇ ਲਿਖਿਆ ਹੈ ਕਿ ਅਰਦਾਸ ਸੰਸਕ੍ਰਿਤ ਦੇ ਸ਼ਬਦ ਅਰਦ-ਆਸ ਤੋਂ ਹੈ, ਜਿਸ ਦੇ ਅਰਥ ਹਨ ਮਨੋਕਾਮਨਾ। ਅਰਦਾਸ ਨਾਲ ਮਨ ਨੂੰ ਸ਼ਾਂਤੀ ਪ੍ਰਾਪਤ ਹੁੰਦੀ ਹੈ ਤੇ ਆਦਮੀ ਮਹਿਸੂਸ ਕਰਦਾ ਹੈ ਕਿ ਉਹ ਆਪਣੇ ਤੋਂ ਵੱਡੀ ਕਿਸੇ ਸ਼ਕਤੀ ਨਾਲ ਜੁੜਿਆ ਹੈ। ਸਿੱਖ ਧਰਮ ਵਿਚ ਅਰਦਾਸ ਦੀ ਬਹੁਤ ਮਹਾਨਤਾ ਹੈ। ਹਰ ਕਾਰਜ ਦੇ ਅਰੰਭ ਸਮੇਂ ਤੇ ਸੰਪੂਰਨ ਹੋਣ ’ਤੇ ਸਿੱਖ ਪਰਮਾਤਮਾ ਦੇ ਸ਼ੁਕਰਾਨੇ ਵਜੋਂ ਅਰਦਾਸ ਕਰਦਾ ਹੈ। ਸਿੱਖੀ ਦਾ ਵਿਸ਼ਵਾਸ ਹੈ ਕਿ ਇਕ ਚਿਤ ਇਕ ਮਨ ਹੋ ਕੇ ਕੀਤੀ ਅਰਦਾਸ ਕਦੇ ਨਿਹਫ਼ਲ ਨਹੀਂ ਜਾਂਦੀ ਫਿਰ ਵੀ ਅਰਦਾਸ ਕਰਨਾ ਮਨੁੱਖ ਦਾ ਫਰਜ਼ ਹੈ, ਉਸ ਨੂੰ ਪੂਰਾ ਕਰਨਾ ਵਾਹਿਗੁਰੂ ਦੀ ਮਰਜ਼ੀ ਹੈ।
ਆਪੇ ਜਾਣੈ ਕਰੇ ਆਪਿ ਆਪੇ ਆਣੈ ਰਾਸਿ॥
ਤਿਸੈ ਅਗੈ ਨਾਨਕਾ ਖਲਿਇ ਕੀਚੈ ਅਰਦਾਸਿ॥ (ਪੰਨਾ 1093)
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।
ਅਰਦਾਸ ਵਾਹਿਗੁਰੂ, ਗੁਰੂ, ਸ਼ਹੀਦਾਂ, ਭਗਤਾਂ, ਸੰਤਾਂ, ਗੁਰਦੁਆਰਿਆਂ ਤੇ ਪੰਥਕ ਜਥੇਬੰਦੀ ਨਾਲ ਜੋੜਦੀ ਹੈ। ਅਰਦਾਸ ਕਰਦੇ ਵਕਤ ਸਾਡਾ ਮਨ ਪਵਿੱਤਰ ਹੋ ਹੋ ਕੇ ਵਾਹਿਗੁਰੂ ਅਤੇ ਗੁਰੂ ਨਾਲ ਜੁੜ ਜਾਂਦਾ ਹੈ।
13. ਅੰਮ੍ਰਿਤ ਵੇਲਾ :
ਸਿੱਖ ਧਰਮ ਵਿਚ ਅੰਮ੍ਰਿਤ ਵੇਲੇ ਦੀ ਬਹੁਤ ਮਹਾਨਤਾ ਹੈ। ਸ੍ਰੀ ਗੁਰੂ ਰਾਮਦਾਸ ਜੀ ਨੇ ਅੰਮ੍ਰਿਤ ਵੇਲੇ ਉੱਠਣ ਦੀ ਮਹਾਨਤਾ ਨੂੰ ਇਸ ਤਰ੍ਹਾਂ ਦਰਸਾਇਆ ਹੈ:
ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ॥
ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ॥
ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ॥ (ਪੰਨਾ 305)
ਅੰਮ੍ਰਿਤ ਵੇਲਾ ਐਸਾ ਸਮਾਂ ਹੈ ਜਿਸ ਸਮੇਂ ਮਨੁੱਖ ਦਾ ਮਨ ਇਕਾਗਰ ਹੁੰਦਾ ਹੈ ਤੇ ਪਰਮਾਤਮਾ ਦੀ ਯਾਦ ਵਿਚ ਸਹਿਜੇ ਹੀ ਜੁੜ ਜਾਂਦਾ ਹੈ।
14. ਸਤਸੰਗਤਿ :
ਸਿੱਖ ਧਰਮ ਵਿਚ ਸਤਸੰਗਤਿ ਨੂੰ ਸਿੱਖੀ ਆਚਰਣ ਦਾ ਥੰਮ੍ਹ ਕਰਕੇ ਮੰਨਿਆ ਗਿਆ ਹੈ। ਬਗੈਰ ਸਤਸੰਗਤਿ ਦੇ ਸਿੱਖੀ ਜੀਵਨ ਦੀ ਉਸਾਰੀ ਹੋ ਹੀ ਨਹੀਂ ਸਕਦੀ। ਹਰ ਸਿੱਖ ਅਰਦਾਸ ਵਿਚ ਇਹੀ ਮੰਗ ਕਰਦਾ ਹੈ:
ਸੇਈ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੈ।
ਗੁਰਮੁਖ ਪਿਆਰਿਆਂ ਦੇ ਇਕੱਠ ਦਾ ਨਾਮ ਹੀ ਸਤਿਸੰਗਤਿ ਹੈ, ਜਿਥੇ ਮਿਲ ਕੇ ਪ੍ਰਭੂ ਦੇ ਨਾਮ ਦੀ ਅਰਾਧਨਾ ਕੀਤੀ ਜਾਂਦੀ ਹੈ। ਸਤਿ ਸੰਗਤ ਉਹੋ ਹੀ ਹੈ, ਜਿਥੇ ਕੇਵਲ ਪ੍ਰਭੂ ਦੇ ਨਾਮ ਦੀ ਚਰਚਾ ਕੀਤੀ ਜਾਵੇ। ਪ੍ਰਭੂ ਦਾ ਹੁਕਮ ਮੰਨਿਆ ਜਾਵੇ ਤੇ ਪ੍ਰਭੂ ਕੌਣ ਹੈ ਬਾਰੇ ਵਿਚਾਰ ਕੀਤੀ ਜਾਵੇ?
15. ਨਿਸ਼ਕਾਮ ਸੇਵਾ :
ਸੇਵਾ ਤੇ ਸਿਮਰਨ ਸਿੱਖ ਧਰਮ ਦੇ ਦੋ ਵੱਡੇ ਮਹਾਨ ਥੰਮ੍ਹ ਹਨ। ਜੋ ਰੁਤਬਾ ਸੇਵਾ ਨੂੰ ਸਿੱਖ ਧਰਮ ਵਿਚ ਪ੍ਰਾਪਤ ਹੈ, ਉਹ ਸ਼ਾਇਦ ਹੀ ਹੋਰ ਕਿਤੇ ਹੋਵੇ। ਸਤਿਗੁਰਾਂ ਨੇ ਨਾ ਕੇਵਲ ਸਿੱਖ ਨੂੰ ਹੀ ਵਿਸ਼ਵ ਦਾ ਸੇਵਕ ਬਣਾਇਆ ਹੈ ਸਗੋਂ ਆਪ ਵੀ ਉੱਚ ਭਾਵੀ ਪੱਧਰ ਉੱਤੇ ਆਦਰਸ਼ ਸੇਵਕ ਬਣ ਕੇ ਦੱਸਿਆ। ਰੱਬ ਦੀ ਦਰਗਾਹ ਵਿਚ ਤਾਂ ਹੀ ਮਾਣ ਵਾਲਾ ਸਥਾਨ ਪ੍ਰਾਪਤ ਹੋ ਸਕਦਾ ਹੈ ਜੇਕਰ ਗੁਰੂ ਦਾ ਸਿੱਖ ਬਿਨਾਂ ਕਿਸੇ ਵਿਤਕਰੇ ਦੇ ਰੱਬ ਦੇ ਬੰਦਿਆਂ ਦੀ ਸੇਵਾ ਕਰੇ। ਜਿਵੇਂ ਗੁਰਬਾਣੀ ਅੰਦਰ ਦਰਜ ਹੈ:
ਵਿਚਿ ਦੁਨੀਆ ਸੇਵ ਕਮਾਈਐ॥ (ਪੰਨਾ 26)
ਗੁਰੂ ਜੀ ਅਨੁਸਾਰ ਸੇਵਕ ਨੇ ਇਹ ਸੇਵਾ ਨਿਸ਼ਕਾਮ ਤੇ ਨਿਹਕਪਟ ਹੋ ਕੇ ਕਰਨੀ ਹੈ। ਜਿਵੇਂ ਫ਼ਰਮਾਨ ਹੈ:
ਚਾਰਿ ਪਦਾਰਥ ਜੇ ਕੋ ਮਾਗੈ॥
ਸਾਧ ਜਨਾ ਕੀ ਸੇਵਾ ਲਾਗੈ॥ (ਪੰਨਾ 266)
ਨਿਹਕਪਟ ਸੇਵਾ ਕੀਜੈ ਹਰਿ ਕੇਰੀ ਤਾਂ ਮੇਰੇ ਮਨ ਸਰਬ ਸੁਖ ਪਈਐ॥ (ਪੰਨਾ 861)
ਨਾਨਕ ਸੇਵਕੁ ਕਾਢੀਐ ਜਿ ਸੇਤੀ ਖਸਮ ਸਮਾਇ॥ (ਪੰਨਾ 475)
16. ਕੁਰਬਾਨੀ ਦੀ ਭਾਵਨਾ :
ਸਿੱਖ ਲਈ ਜਿੱਥੇ ਈਸ਼ਵਰ ਭਗਤੀ, ਗੁਰੂ ਸੇਵਾ, ਸੰਗਤ ਤੇ ਜਥੇਬੰਦੀ ਆਦਿ ਗੁਣ ਹੁੰਦੇ ਹਨ, ਉਥੇ ਉਸ ਅੰਦਰ ਆਪਣੇ ਆਪ ਨੂੰ ਆਪਣੇ ਧਰਮ ਤੋਂ ਕੁਰਬਾਨ ਕਰਨ ਦਾ ਗੁਣ ਵੀ ਸ਼ਾਮਲ ਹੈ। ਸਿੱਖੀ ਦਾ ਅਰੰਭ ਹੀ ਕੁਰਬਾਨੀ ਤੋਂ ਹੁੰਦਾ ਹੈ। ਸਿੱਖ ਦਾ ਮਤਲਬ ਹੈ ਆਪਣਾ ਆਪ ਮਿਟਾ ਕੇ ਗੁਰੂ ਵਿਚ ਲੀਨ ਹੋਣਾ। ਸ੍ਰੀ ਗੁਰੂ ਨਾਨਕ ਦੇਵ ਜੀ ਫ਼ਰਮਾਉਂਦੇ ਹਨ:
ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥
ਸਿਰੁ ਦੀਜੈ ਕਾਣਿ ਨ ਕੀਜੈ॥ (ਪੰਨਾ 1412)
ਸ੍ਰੀ ਗੁਰੂ ਅਮਰਦਾਸ ਜੀ ਫ਼ਰਮਾਉਂਦੇ ਹਨ:
ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ ਹੁਕਮਿ ਮੰਨਿਐ ਪਾਈਐ॥ (ਪੰਨਾ 918)
17. ਚੜ੍ਹਦੀ ਕਲਾ :
ਚੜ੍ਹਦੀ ਕਲਾ ਸਿੱਖੀ ਦਾ ਇਕ ਸੰਕੇਤਕ ਸ਼ਬਦ ਹੈ। ਇਹ ਅਰਦਾਸ ਦੇ ਅੰਤ ਵਿਚ ਵਰਤਿਆ ਜਾਂਦਾ ਹੈ। ਇਸ ਦਾ ਭਾਵ ਹੈ ਵਾਹਿਗੁਰੂ ਨਾਲ ਜੁੜ ਕੇ ਉਹ ਸ਼ਕਤੀ ਹਾਸਲ ਕਰਨੀ ਜਿਸ ਨਾਲ ਮਨੁੱਖ ਦੁੱਖ-ਸੁਖ ਤੇ ਹਰ ਹਾਲਤ ਵਿਚ ਉਤਸ਼ਾਹੀ, ਆਸ਼ਾਵਾਦੀ ਤੇ ਦ੍ਰਿੜ੍ਹ ਵਿਸ਼ਵਾਸੀ ਹੋ ਕੇ ਕੰਮ ਕਰੇ। ਸਿੱਖੀ ਨੇ ਇਹ ਮੰਨਿਆ ਹੈ ਕਿ ਮਨੁੱਖ ਸਾਰੀਆਂ ਜੂਨਾਂ ਤੋਂ ਉੱਤਮ ਹੈ ਪਰ ਸਾਰੀਆਂ ਸ਼ਕਤੀਆਂ ਦਾ ਕੇਂਦਰ ਨਹੀਂ। ਨਾ ਹੀ ਇਸ ਦਾ ਮਨ ਆਪਣੇ ਆਪ ਚੜ੍ਹਦੀ ਕਲਾ ਵਿਚ ਰਹਿ ਸਕਦਾ ਹੈ; ਇਸ ਲਈ ‘ਨਾਨਕ ਨਾਮ ਚੜ੍ਹਦੀ ਕਲਾ’ ਕਿਹਾ ਜਾਂਦਾ ਹੈ।
18. ਦ੍ਰਿੜ੍ਹਤਾ :
ਕਿਸੇ ਕੰਮ ਨੂੰ ਪੂਰਾ ਕਰਨ ਦਾ ਸੰਕਲਪ ਕਰਨਾ ਅਤੇ ਫਿਰ ਸੌ ਔਕੜਾਂ ਦੇ ਹੁੰਦਿਆਂ ਵੀ ਉਸ ਨੂੰ ਪੂਰਾ ਕਰ ਕੇ ਛੱਡਣਾ ਇਹ ਦ੍ਰਿੜ੍ਹਤਾ ਹੈ। ਇਹ ਐਸਾ ਗੁਣ ਹੈ ਕਿ ਇਸ ਬਿਨਾਂ ਕੋਈ ਕੌਮ ਜਿਊਂਦੀ ਨਹੀਂ ਰਹਿ ਸਕਦੀ। ਸਿੱਖ ਕੌਮ ਵਿਚ ਦ੍ਰਿੜ੍ਹਤਾ ਬਹੁਤ ਵਧ ਕੇ ਹੈ, ਇਸ ਲਈ ਕਿਹਾ ਜਾ ਸਕਦਾ ਹੈ ਕਿ ਜਿਸ ਕੰਮ ਨੂੰ ਹੱਥ ਪਾ ਬਹਿਣਗੇ ਉਸ ਨੂੰ ਪੂਰਾ ਕਰਕੇ ਹੀ ਛੱਡਣਗੇ।
19. ਕੁਰਬਾਨੀ ਭਰਿਆ ਇਤਿਹਾਸ :
ਸਿੱਖ ਧਰਮ ਦਾ ਇਤਿਹਾਸ ਕੁਰਬਾਨੀ ਭਰਿਆ ਹੈ। ਜਿਥੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਉੱਪਰ ਬਿਠਾ ਕੇ ਸ਼ਹੀਦ ਕੀਤਾ ਗਿਆ, ਉਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਦੇ ਚਾਂਦਨੀ ਚੌਂਕ ਵਿਚ ਸ਼ਹੀਦ ਕੀਤਾ ਗਿਆ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦੇ ਧਰਮ ਕੌਮ ਲਈ ਕੁਰਬਾਨ ਹੋ ਗਏ। ਮੁਗ਼ਲਾਂ ਦੇ ਜ਼ੁਲਮਾਂ ਦਾ ਸ਼ਿਕਾਰ ਸਿੱਖ ਧਰਮ ਦੇ ਬੱਚੇ ਅਤੇ ਇਸਤਰੀਆਂ ਬਣੇ। ਆਧੁਨਿਕ ਕਾਲ ਤਕ ਸਿੱਖਾਂ ਨੇ ਦੇਸ਼-ਕੌਮ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਹਨ। ਕਿਸੇ ਹੋਰ ਕੌਮ ਦਾ ਇਤਿਹਾਸ ਇੰਨੀਆਂ ਕੁਰਬਾਨੀਆਂ ਨਾਲ ਭਰਿਆ ਨਹੀਂ ਹੋਇਆ।
20. ਸ੍ਰੀ ਗੁਰੂ ਗ੍ਰੰਥ ਸਾਹਿਬ :
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਛੇ ਗੁਰੂ ਸਾਹਿਬਾਨ ਅਤੇ ਭਗਤ ਸਾਹਿਬਾਨ ਦੀ ਬਾਣੀ ਦਰਜ ਹੈ। ਇਸ ਵਿਚ ਬਿਨਾਂ ਜਾਤ, ਧਰਮ ਦੇ ਭਗਤਾਂ ਦੀ ਬਾਣੀ ਦਰਜ ਕੀਤੀ ਗਈ ਹੈ। ਇਨ੍ਹਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਿਆਈ ਬਖ਼ਸ਼ੀ ਅਤੇ ਇਹ ਸਿੱਖਾਂ ਦੇ ਪ੍ਰਗਟ ਗੁਰੂ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਇਕ ਅਮੋਲਕ ਖਜ਼ਾਨਾ ਹਨ। ਇਨ੍ਹਾਂ ਦੀ ਮਹਾਨਤਾ ਜੁਗੋ-ਜੁਗ ਅਟੱਲ ਹੈ।
ਉਪਰੋਕਤ ਖ਼ੂਬੀਆਂ ਸਿੱਖ ਧਰਮ ਦੀ ਵਿਲੱਖਣਤਾ ਨੂੰ ਪ੍ਰਗਟਾਉਂਦੀਆਂ ਹਨ।
ਲੇਖਕ ਬਾਰੇ
- ਡਾ. ਰਮਿੰਦਰ ਕੌਰhttps://sikharchives.org/kosh/author/%e0%a8%a1%e0%a8%be-%e0%a8%b0%e0%a8%ae%e0%a8%bf%e0%a9%b0%e0%a8%a6%e0%a8%b0-%e0%a8%95%e0%a9%8c%e0%a8%b0/October 1, 2009