‘ਸ਼ਬਦ-ਗੁਰੂ’ ਦਾ ਸਿਧਾਂਤ ਗੁਰਮਤਿ ਵਿਚਾਰਧਾਰਾ ਦਾ ਕੇਂਦਰੀ ਧੁਰਾ ਅਤੇ ਸਿੱਖ ਜੀਵਨ-ਜਾਚ ਦਾ ਅਨਿੱਖੜਵਾਂ ਅੰਗ ਹੈ ਜਿਸ ਨੇ ਸਿੱਖ ਧਰਮ ਨੂੰ ਸੰਪੂਰਨਤਾ ਤੇ ਵਿਲੱਖਣਤਾ ਬਖ਼ਸ਼ੀ ਹੈ। ‘ਸ਼ਬਦ-ਗੁਰੂ’ ਤੋਂ ਭਾਵ ‘ਗੁਰੂ ਦੀ ਬਾਣੀ’, ‘ਗੁਰੂ ਦੇ ਬਚਨ’, ‘ਗੁਰੂ ਦਾ ਉਪਦੇਸ਼’, ‘ਗੁਰੂ ਦਾ ਹੁਕਮ’,‘ਗੁਰੂ ਦੀ ਸਿੱਖਿਆ’, ਆਦਿ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ‘ਸ਼ਬਦ’ ਤੇ ‘ਗੁਰੂ’ ਦੀ ਅਭੇਦਤਾ (unity) ਨੂੰ ਪ੍ਰਵਾਨ ਕਰਦਿਆਂ ਦ੍ਰਿੜ੍ਹ ਕਰਵਾਇਆ ਗਿਆ ਹੈ ਕਿ ‘ਸ਼ਬਦ’ ਦਾ ਮਹੱਤਵ ‘ਗੁਰੂ’ ਜਿੰਨਾ ਹੈ। ਹੇਠ ਲਿਖੇ ਗੁਰ-ਫ਼ੁਰਮਾਨ ਇਸ ਤੱਥ ਦੀ ਪ੍ਰੋੜ੍ਹਤਾ ਕਰਦੇ ਹਨ:
ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ॥ (ਪੰਨਾ 304)
ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ॥ (ਪੰਨਾ 646)
ਸਬਦੇ ਰਵਿ ਰਹਿਆ ਗੁਰ ਰੂਪਿ ਮੁਰਾਰੇ॥ (ਪੰਨਾ 1112) “
ਸਤਿਗੁਰ ਬਾਣੀ ਪੁਰਖੁ ਪੁਰਖੋਤਮ ਬਾਣੀ ਸਿਉ ਚਿਤੁ ਲਾਵੈਗੋ॥ (ਪੰਨਾ 1308)
ਸਤਿਗੁਰ ਬਚਨ ਬਚਨ ਹੈ ਸਤਿਗੁਰ…॥ (ਪੰਨਾ 1309)
ਇਸ ਵਿਚਾਰ ਨੂੰ ਭਾਈ ਗੁਰਦਾਸ ਜੀ ਨੇ ਦ੍ਰਿਸ਼ਟਾਂਤ ਦੇ ਕੇ ਵਿਸਥਾਰ-ਸਹਿਤ ਉਜਾਗਰ ਕੀਤਾ ਹੈ:
ਜੈਸੇ ਫਲ ਸੈ ਬਿਰਖ, ਬਿਰਖੁ ਸੈ ਹੋਤ ਫਲ, ਅਤਿਭੁਤਿ ਗਤਿ ਕਛੁ ਕਹਨੁ ਨ ਆਵੈ ਜੀ।
ਜੈਸੇ ਬਾਸੁ ਬਾਵਨ ਮੈ, ਬਾਵਨ ਹੈ ਬਾਸੁ ਬਿਖੈ, ਬਿਸਮ ਚਰਿਤ੍ਰ ਕੋਊ ਮਰਮੁ ਨ ਪਾਵੈ ਜੀ।
ਕਾਸਟਿ ਮੈ ਅਗਨਿ, ਅਗਨਿ ਮੈ ਕਾਸਟਿ ਹੈ, ਅਤਿ ਅਸਚਰਜੁ ਹੈ ਕਉਤਕ ਕਹਾਵੈ ਜੀ।
ਸਤਿਗੁਰ ਮੈ ਸਬਦ, ਸਬਦ ਮੈ ਸਤਿਗੁਰ ਹੈ, ਨਿਰਗੁਨ ਗਿਆਨ ਧਿਆਨ ਸਮਝਾਵੈ ਜੀ। (ਕਬਿੱਤ 534)
ਸਿੱਖ ਧਰਮ ਵਿਚ (ਵਿਸ਼ਵ ਦੇ ਬਾਕੀ ਧਰਮਾਂ ਨਾਲੋਂ) ‘ਸ਼ਬਦ’ ਦੀ ਮਹਾਨਤਾ ਤੇ ਵਿਲੱਖਣਤਾ ਦਾ ਪ੍ਰਮਾਣ ਇਹ ਹੈ ਕਿ ਗੁਰੂ ਸਾਹਿਬਾਨ ਨੇ ‘ਸ਼ਬਦ’ ਨੂੰ ਆਪ ਗੁਰੂ ਦੀ ਪਦਵੀ ਦਿੱਤੀ ਤੇ ਸਿੱਖਾਂ ਨੂੰ ਵੀ ਗੁਰੂ ਮੰਨਣ ਦਾ ਹੁਕਮ ਦਿੱਤਾ। ਗੁਰਬਾਣੀ ਵਿਚ ‘ਸ਼ਬਦ’ ਨੂੰ ‘ਗੁਰ ਪੀਰਾ’ ਭਾਵ (ਸੰਸਾਰਕ ਜੀਵਾਂ ਦਾ) ਮਾਰਗ-ਦਰਸ਼ਕ ਆਖਿਆ ਗਿਆ ਹੈ ਜਿਸ ਦੀ ਅਗਵਾਈ ਤੋਂ ਬਿਨਾਂ ਜਗਤ (ਮਾਇਆ ਦੇ ਮੋਹ ਵਿਚ) ਕਮਲਾ ਹੋਇਆ ਫਿਰਦਾ ਹੈ ਤੇ ਮਨੁੱਖਾ-ਜਨਮ ਵਿਅਰਥ ਗਵਾ ਰਿਹਾ ਹੈ:
ਸਬਦੁ ਗੁਰ ਪੀਰਾ ਗਹਿਰ ਗੰਭੀਰਾ ਬਿਨੁ ਸਬਦੈ ਜਗੁ ਬਉਰਾਨੰ॥ (ਪੰਨਾ 635)
ਬਿਨੁ ਸਬਦੈ ਸਭੁ ਜਗੁ ਬਉਰਾਨਾ ਬਿਰਥਾ ਜਨਮੁ ਗਵਾਇਆ॥ (ਪੰਨਾ 644)
ਹਥਲੇ ਲੇਖ ਵਿਚ ਸਾਡੀ ਵਿਚਾਰ ਦਾ ਵਿਸ਼ਾ ‘ਸਿੱਖ ਧਰਮ ਵਿਚ ਸ਼ਬਦ-ਗੁਰੂ ਦਾ ਸਿਧਾਂਤ’ ਹੈ। ਪਰ ਇਸ ਵਿਸ਼ੇ ਨੂੰ ਵਿਚਾਰਨ ਤੋਂ ਪਹਿਲਾਂ ‘ਗੁਰੂ’ ਤੇ ‘ਸ਼ਬਦ’ ਪਦਾਂ ਸੰਬੰਧੀ ਸੰਖੇਪ ਜਾਣਕਾਰੀ ਹੋਣੀ ਜ਼ਰੂਰੀ ਹੈ। ਵਿਦਵਾਨਾਂ ਅਨੁਸਾਰ ‘ਗੁਰੂ’ ਸੰਸਕ੍ਰਿਤ ਦਾ ਸ਼ਬਦ ਹੈ ਜਿਸ ਦੇ ਵਿਉਤਪਤੀ-ਮੂਲਕ ਅਰਥ ਹਨ: ‘ਜੋ ਧਰਮ ਦਾ ਉਪਦੇਸ਼ ਕਰੇ, ਅਥਵਾ ਅਗਿਆਨ ਨੂੰ ਦੂਰ ਕਰੇ…ਉਪਨਿਸ਼ਦਾਂ ਵਿਚ ‘ਗੁ’ ਦਾ ਅਰਥ ਅੰਨ੍ਹੇਰਾ ਅਤੇ ‘ਰੂ’ ਦਾ ਅਰਥ ਦੂਰ ਕਰਨ ਵਾਲਾ ਕੀਤਾ ਗਿਆ ਹੈ। ਇਸ ਅਨੁਸਾਰ ਗੁਰੂ ਉਹ ਹੈ ਜੋ ਅਗਿਆਨ ਅੰਧਕਾਰ ਨੂੰ ਦੂਰ ਕਰੇ।’1 ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ‘ਇਹ ‘ਗ੍ਰੀ’ ਧਾਤੂ ਤੋਂ ਬਣਿਆ ਹੈ ਅਤੇ ਇਸ ਦੇ ਅਰਥ ਹਨ- ਨਿਗਲਣਾ ਅਤੇ ਸਮਝਾਉਣਾ ਭਾਵ ਗੁਰੂ ਉਹ ਹੈ ਜੋ ਗਿਆਨ ਰੂਪੀ ਪ੍ਰਕਾਸ਼ ਰਾਹੀਂ ਅਗਿਆਨ ਰੂਪੀ ਹਨੇਰੇ ਨੂੰ ਖਾ ਜਾਂਦਾ ਹੈ ਅਤੇ ਸਿੱਖ ਨੂੰ ਤੱਤ੍ਵ ਗਿਆਨ ਸਮਝਾਉਂਦਾ ਹੈ।’2 ਲੱਗਭਗ ਸਾਰੀਆਂ ਹੀ ਧਾਰਮਿਕ ਪ੍ਰੰਪਰਾਵਾਂ ਵਿਚ, ਅਧਿਆਤਮਿਕ ਪ੍ਰਾਪਤੀ ਲਈ, ਗੁਰੂ ਦੀ ਭੂਮਿਕਾ ਨੂੰ ਮੰਨਿਆ ਹੈ। ਪਰ ਸਿੱਖ ਧਰਮ ਵਿਚ ‘ਗੁਰੂ’ ਵਿਸ਼ੇਸ਼ ਸਥਾਨ ਰੱਖਦਾ ਹੈ ਕਿਉਂਕਿ ਸਿੱਖ ਦੀ ਤਾਂ ਹੋਂਦ ਹੀ ਗੁਰੂ ਨਾਲ ਹੈ। ‘ਸਿਖੀ ਸਿਖਿਆ ਗੁਰ ਵੀਚਾਰ’ ਕਥਨ ਅਨੁਸਾਰ ਸਿੱਖ ਉਹ ਹੈ, ਜਿਸ ਨੇ ਗੁਰੂ ਦੀ ਸਿੱਖਿਆ ਲੈ ਕੇ ਉਸ ਨੂੰ ਵਿਚਾਰਿਆ ਹੈ। ਭਾਈ ਗੁਰਦਾਸ ਜੀ ਸਿੱਖੀ ਦੀ ਪਹਿਲੀ ਪੌੜੀ ਗੁਰੂ ਪਾਸੋਂ ਸਿੱਖਿਆ ਲੈਣੀ ਦੱਸਦੇ ਹਨ:
ਗੁਰ ਦੀਖਿਆ ਲੈ ਸਿਖਿ ਸਿਖੁ ਸਦਾਇਆ। (ਵਾਰ 3:11)
ਗੁਰ ਸਿਖ ਲੈ ਗੁਰਸਿਖ ਹੋਇ…। (ਵਾਰ 7:1)
ਭਾਈ ਕਾਨ੍ਹ ਸਿੰਘ ਨਾਭਾ ਨੇ ‘ਸਬਦ’ (ਸੰਸਕ੍ਰਿਤ ਮੂਲ) ਦੇ ਅਰਥ ‘ਧੁਨਿ, ਆਵਾਜ਼, ਸੁਰ, ਪਦ, ਲਫਜ਼, ਗੁਫਤਗੂ, ਗੁਰਉਪਦੇਸ਼, ਬ੍ਰਹਮ, ਕਰਤਾਰ, ਪੈਗ਼ਾਮ, ਸੁਨੇਹਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਛੰਦ ਰੂਪ ਵਾਕਯ ਆਦਿ’3 ਅਤੇ ‘ਸ਼ਬਦ’ (ਪੰਜਾਬੀ) ਦੇ ਅਰਥ ‘ਕਰਤਾਰ, ਸਤਿਗੁਰਾਂ ਦੁਆਰਾ ਪ੍ਰਾਪਤ ਹੋਇਆ ਕਰਤਾਰ ਦਾ ਹੁਕਮ, ਧਰਮ, ਗੁਰੁ ਮੰਤ੍ਰ ਅਤੇ ਗੁਰੁਬਾਣੀ’ ਕੀਤੇ ਹਨ।4 ਪ੍ਰਾਚੀਨ ਕਾਲ ਤੋਂ ‘ਸ਼ਬਦ’ ਦੀ ਵਿਆਖਿਆ ਸਾਮੀ ਤੇ ਭਾਰਤੀ ਧਰਮ ਪ੍ਰੰਪਰਾਵਾਂ ਵਿਚ ਹੋਈ ਹੈ। ਪੱਛਮੀ ਫ਼ਲਸਫ਼ੇ ਅਨੁਸਾਰ ‘ਸ਼ਬਦ’ ਦਾ ਭਾਵ ਦੈਵੀ-ਸਿਆਣਪ (Divine Wisdom) ਜਿਸ ਨਾਲ ਇਹ ਬ੍ਰਹਿਮੰਡ ਚੱਲ ਰਿਹਾ ਹੈ ਅਤੇ ਪੁਰਾਣੇ ਫ਼ਲਸਫ਼ੇ ਅਨੁਸਾਰ ‘ਸ਼ਬਦ’ ਦੇ ਭਾਵ- ਦੈਵੀ ਸਚਾਈ ਬਾਰੇ ਮਹਾਂਪੁਰਸ਼ਾਂ ਦੇ ਕਥਨ (ਭਾਵ ਬਾਣੀ) ਜੋ ਅਨੁਭਵ ਦਾ ਸਿੱਟਾ ਹੁੰਦੇ ਹਨ, ਅਨਾਦੀ ਆਵਾਜ਼, ਦੈਵੀ-ਸਿਆਣਪ, ਮੰਤ੍ਰ ਆਦਿ ਲਏ ਗਏ ਹਨ।5 ਰਿਗਵੇਦ, ਉਪਨਿਸ਼ਦਾਂ, ਪੁਰਾਣਾਂ, ਨਾਥ ਪੰਥ ਦੇ ਸਾਹਿਤ, ਯੋਗ ਸੂਤ੍ਰ, ਤੰਤ੍ਰ ਗ੍ਰੰਥਾਂ ਆਦਿ ਅਤੇ ਗੁਰੂ ਨਾਨਕ-ਬਾਣੀ ਵਿਚ ਬ੍ਰਹਮ ਦਾ ਸ਼ਬਦ ਰੂਪ ਵਿਚ ਕਈ ਥਾਵਾਂ ’ਤੇ ਉਲੇਖ ਹੈ।6
ਪਾਰਸੀ ਮੱਤ ਵਿਚ ਸ਼ਬਦ ਨੂੰ ‘ਰੱਬ ਦੀ ਰੂਹ’, ਇਸਾਈ ਧਰਮ ਵਿਚ ‘ਪਰਮਾਤਮਾ ਦੇ ਪੁੱਤਰ’, ਵੇਦਾਂ ਵਿਚ ‘ਮੰਤ੍ਰ ਅਤੇ ਗਿਆਨ’ ਅਤੇ ਉਪਨਿਸ਼ਦਾਂ ਵਿਚ ‘ਆਦਿ ਧੁਨੀ’ ਦਾ ਸ਼ਕਤੀ ਰੂਪ ਆਖਿਆ ਗਿਆ ਹੈ।7 ਪਰ ‘ਸ਼ਬਦ’ ਦੇ ਉਪਰੋਕਤ ਸਾਰੇ ਅਰਥਾਂ ਨਾਲ ਗੁਰਬਾਣੀ ਸਹਿਮਤ ਨਹੀਂ ਹੈ ਕਿਉਂਕਿ ਸਿੱਖ ਧਰਮ ਵਿਚ ‘ਸ਼ਬਦ’ ਦਾ ਸਥਾਨ ਹੋਰ ਧਰਮ ਪ੍ਰੰਪਰਾਵਾਂ ਨਾਲੋਂ ਵਿਲੱਖਣ ਤੇ ਵਿਸ਼ੇਸ਼ ਭਾਵ ਵਾਲਾ ਹੈ ਜਿਵੇਂ ਸ਼ਬਦ ਦੇ ‘ਮੰਤ੍ਰ’ ਭਾਵ ਦੇ ਵਿਰੋਧ ਵਿਚ ਗੁਰ-ਫ਼ੁਰਮਾਨ ਹੈ:
ਤੰਤੁ ਮੰਤੁ ਪਾਖੰਡੁ ਨ ਜਾਣਾ ਰਾਮੁ ਰਿਦੈ ਮਨੁ ਮਾਨਿਆ॥ (ਪੰਨਾ 766)
ਭਾਰਤੀ ਧਰਮ-ਪ੍ਰੰਪਰਾਵਾਂ ਵਿਚ ਪ੍ਰਚਲਿਤ ਪੂਜਾ-ਵਿਧੀਆਂ ਨਾਲ ਤੁਲਨਾ ਕਰਦਿਆਂ ਡਾ. ਬਲਬੀਰ ਸਿੰਘ ਲਿਖਦੇ ਹਨ, “ਸਿੱਖੀ ਵਿਚ ਮੂਰਤੀ ਪੂਜਾ ਨਹੀਂ, ਨਾ ਹੀ ਅਵਤਾਰਵਾਦ ਦੀ ਵਿਸ਼ੇਸ਼ਤਾ ਹੈ, ਨਾ ਹੀ ਯਗ ਅਗਨੀ ਦੀ ਆਤਸ਼ਪ੍ਰਸਤੀ ਹੈ। ਨਾ ਹੀ ਚਿੰਨ੍ਹਾਂ ਲਈ (ਸਾਲਿਗਰਾਮ, ਸ਼ਿਵਲਿੰਗ ਆਦਿ ਲਈ) ਕੋਈ ਵਿਸ਼ੇਸ਼ ਆਦਰ ਭਾਵ ਹੈ। ਨਾ ਹੀ ਪਸ਼ੂਆਂ ਲਈ (ਬੈਲ, ਗਰੁੜ, ਨਾਗ ਆਦਿਕ ਲਈ) ਕੋਈ ਵਿਸ਼ੇਸ਼ ਸ਼ਰਧਾ ਭਾਵ ਹੈ। ਨਾ ਹੀ ਦਰੱਖ਼ਤਾਂ, ਦਰਿਆਵਾਂ ਲਈ ਮਨੌਤ ਹੈ। ਸਿੱਖੀ ਵਿਚ ਵੇਦ ਪ੍ਰਮਾਣ ਪੁਸਤਕ ਵੀ ਨਹੀਂ। ਇਨ੍ਹਾਂ ਸਾਰੀਆਂ ਵਸਤਾਂ ਨੂੰ ਅਲੱਗ ਕਰ ਕੇ ਇਨ੍ਹਾਂ ਦੀ ਸਥਾਨ ਪੂਰਤੀ ਕੀਤੀ ਹੈ। ਇਨ੍ਹਾਂ ਦੇ ਬਦਲੇ ਗੁਰੂ ਹੈ; ਗੁਰੂ ਦਾ ਉਪਦੇਸ਼ ਹੈ, ਗੁਰੂ ਦਾ ਸ਼ਬਦ ਹੈ, ਗੁਰੂ ਦੀ ਬਾਣੀ ਹੈ, ਗੁਰੂ ਦਾ ਬਚਨ ਅਤੇ ਗੁਰੂ ਇਕੋ ਰੂਪ ਹਨ।” “ਗੁਰੂ ਦੀ ਬਾਣੀ ਨਿਰੀ ਛੰਦ ਰਚਨਾ ਦਾ ਕਾਵਯ ਸੰਗ੍ਰਹਿ ਨਹੀਂ। ਗੁਰੂ ਦਾ ਵਾਕ ਇਕ ਸੁਤੰਤਰ ਅਧਿਕਾਰ ਵਿਚ ਸ਼ਖ਼ਸੀਅਤ ਧਾਰ ਲੈਂਦਾ ਹੈ। ਇਹ ਪੁਰਖ ਬਣ ਜਾਂਦਾ ਹੈ, ਪੁਰਖੋਤਮ ਹੋ ਜਾਂਦਾ ਹੈ, ਇਹ ਆਪਣੇ ਸਤਿ ਸਰੂਪ ਵਿਚ ਅਕਾਲ ਪੁਰਖ ਨਾਲ ਅਭੇਦ ਵਰਤਦਾ ਹੈ।”8 ਸਿੱਖ ਧਰਮ ਅਨੁਸਾਰ ਸ਼ਬਦ ਦੀ ਪੂਜਾ ਹੀ ਸੱਚੀ ਪੂਜਾ ਹੈ ਕਿਉਂਕਿ ‘ਗੁਰ ਮੂਰਤਿ’ ਹੀ ‘ਗੁਰ-ਸ਼ਬਦ’ ਹੈ ਅਤੇ ਇਸ ਦੀ ਸੋਝੀ ‘ਸਾਧਸੰਗਤਿ’ ਵਿੱਚੋਂ ਹੁੰਦੀ ਹੈ। ਇਸ ਸਿਧਾਂਤ ਦੀ ਵਿਆਖਿਆ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿਚ ਕੀਤੀ ਹੈ। ਉਨ੍ਹਾਂ ਵਿੱਚੋਂ ਹੇਠ ਲਿਖੀਆਂ ਕੁਝ ਸਤਰਾਂ ਵਿਚਾਰਨ ਯੋਗ ਹਨ:
ਗੁਰ ਮੂਰਤਿ ਗੁਰ ਸਬਦੁ ਹੈ ਸਾਧਸੰਗਤਿ ਮਿਲਿ ਅੰਮ੍ਰਿਤ ਵੇਲਾ। (ਵਾਰ 24:11)
ਖੋਲਿ ਖਜਾਨਾ ਸਬਦੁ ਦਾ ਸਾਧਸੰਗਤਿ ਸਚੁ ਮੇਲਿ ਮਿਲਾਇਆ। (ਵਾਰ 24:12)
ਗੁਰ ਮੂਰਤਿ ਗੁਰ ਸਬਦੁ ਹੈ ਸਾਧਸੰਗਤਿ ਵਿਚਿ ਪਰਗਟੀ ਆਇਆ। (ਵਾਰ 24:25)
ਗੁਰ ਮੂਰਤਿ ਗੁਰ ਧਿਆਨੁ ਧਰਿ ਘਟਿ ਘਟਿ ਪੂਰਨ ਬ੍ਰਹਮੁ ਦਿਖਾਇਆ।
ਸਬਦ ਸੁਰਤਿ ਉਪਦੇਸੁ ਲਿਵ ਪਾਰਬ੍ਰਹਮ ਗੁਰ ਗਿਆਨੁ ਜਣਾਇਆ। (ਵਾਰ 25:2)
ਸਾਧਸੰਗਤਿ ਗੁਰ ਸਬਦੁ ਲਿਵ ਕਾਰਣੁ ਕਰਤਾ ਕਰਦਾ ਆਇਆ। (ਵਾਰ 26:10)
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ‘ਸ਼ਬਦ’ ਪਦ ਅਨੇਕਾਂ ਰੂਪਾਂ ਵਿਚ ਆਇਆ ਹੈ (ਜਿਵੇਂ- ਸਬਦ, ਸਬਦੁ, ਸਬਦੰ, ਸਬਦੇ, ਸਬਦੈ, ਸਬਦੋ, ਸਬਦੋਂ, ਆਦਿ) ਅਤੇ ਅਨੇਕਾਂ ਭਾਵਾਂ ਨੂੰ ਪ੍ਰਗਟਾਉਂਦਾ ਹੈ (ਜਿਵੇਂ ਗੁਰਬਾਣੀ, ਸਾਰ, ਗੁਝੀ ਤੇ ਦੈਵੀ ਜੋਤ, ਅਨਾਦੀ ਅਵਾਜ਼ ਤੇ ਸਾਰ, ਸੱਤ ਦਾ ਗਿਆਨ, ਆਦਿ)।9 ਗੁਰਬਾਣੀ ਵਿਚ ‘ਸ਼ਬਦ’ ਨੂੰ ਇਕ ਵਿਆਪਕ ਸ਼ਕਤੀ ਮੰਨਿਆ ਗਿਆ ਹੈ ਜਿਸ ਦਾ ਨਾ ਕੋਈ ਰੂਪ ਹੈ, ਨਾ ਰੰਗ ਤੇ ਨਾ ਹੀ ਜਾਤ ਹੈ। ਇਹ ਸ਼ਕਤੀ ਸਮੇਂ ਜਾਂ ਸਥਾਨ ਤਕ ਸੀਮਤ ਨਹੀਂ ਹੈ ਸਗੋਂ ਹਰ ਸਮੇਂ, ਹਰ ਸਥਾਨ ਤੇ ਹਰੇਕ ਵਿਅਕਤੀ ਲਈ ਪ੍ਰੇਰਨਾ ਦਾ ਸ੍ਰੋਤ ਹੈ। “ਸਬਦੁ ਦੀਪਕੁ ਵਰਤੈ ਤਿਹੁ ਲੋਇ” ਕਥਨ ਅਨੁਸਾਰ ‘ਸ਼ਬਦ’ ਦੀ ਰੋਸ਼ਨੀ ਤਿੰਨਾਂ ਲੋਕਾਂ ਵਿਚ ਵਰਤ ਰਹੀ ਹੈ। ‘ਸ਼ਬਦ’ ਦੁਆਰਾ (ਪਰਮਾਤਮਾ ਦੇ ਹੁਕਮ ਵਿਚ) ਜਗਤ ਦੀ ਉਤਪਤੀ ਤੇ ਵਿਨਾਸ਼ (ਪਰਲੋ) ਹੁੰਦਾ ਹੈ ਅਤੇ ਫਿਰ ‘ਪਰਲੋ’ ਤੋਂ ਬਾਅਦ ‘ਸ਼ਬਦ’ ਦੁਆਰਾ ਹੀ ਜਗਤ ਦੀ ਰਚਨਾ ਹੁੰਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੀਵਾਂ ਦਾ ਉੱਧਾਰ ਹੋਣ ਦਾ ਸਾਧਨ ਵੀ‘ਸ਼ਬਦ’ ਹੀ ਦੱਸਿਆ ਹੈ। ਗੁਰਵਾਕ ਹਨ:
ਉਤਪਤਿ ਪਰਲਉ ਸਬਦੇ ਹੋਵੈ॥
ਸਬਦੇ ਹੀ ਫਿਰਿ ਓਪਤਿ ਹੋਵੈ॥ (ਪੰਨਾ 117)
ਓਅੰਕਾਰਿ ਸਬਦਿ ਉਧਰੇ॥ (ਪੰਨਾ 930)
ਗੁਰਬਾਣੀ ਵਿਚ ‘ਸ਼ਬਦ’ ‘ਜੀਵ ਧਰਮ’ ਦੇ ਅਰਥ ਵਿਚ ਵੀ ਆਇਆ ਹੈ। ਸ੍ਰੀ ਗੁਰੂ ਅੰਗਦ ਦੇਵ ਜੀ ਫ਼ੁਰਮਾਉਂਦੇ ਹਨ ਕਿ ਜੋਗ ਦਾ ਧਰਮ ਗਿਆਨ ਪ੍ਰਾਪਤ ਕਰਨਾ ਹੈ (ਬ੍ਰਹਮ ਦੀ ਵਿਚਾਰ ਕਰਨਾ ਹੈ), ਬ੍ਰਾਹਮਣਾਂ ਦਾ ਧਰਮ ਵੇਦਾਂ ਦੀ ਵਿਚਾਰ ਹੈ, ਖੱਤਰੀਆਂ ਦਾ ਧਰਮ ਸੂਰਮਿਆਂ ਵਾਲੇ ਕੰਮ ਕਰਨਾ ਹੈ ਅਤੇ ਸ਼ੂਦਰਾਂ ਦਾ ਧਰਮ ਦੂਜਿਆਂ ਦੀ ਸੇਵਾ ਕਰਨੀ ਪਰ ਸਾਰਿਆਂ ਦਾ ਮੁੱਖ ਧਰਮ ਇਹ ਹੈ ਕਿ ਇਕ ਪ੍ਰਭੂ ਦਾ ਸਿਮਰਨ ਕਰੀਏ। ਜੋ ਮਨੁੱਖ ਇਸ ਭੇਦ ਨੂੰ ਜਾਣਦਾ ਹੈ, ਉਹ ਪ੍ਰਭੂ ਦਾ ਰੂਪ ਹੈ ਤੇ ਨਾਨਕ ਉਸ ਦਾ ਦਾਸ ਹੈ:
ਜੋਗ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ॥
ਖਤ੍ਰੀ ਸਬਦੰ ਸੂਰ ਸਬਦੰ ਸੂਦ੍ਰ ਸਬਦੰ ਪਰਾ ਕ੍ਰਿਤਹ॥
ਸਰਬ ਸਬਦੰ ਏਕ ਸਬਦੰ ਜੇ ਕੋ ਜਾਣੈ ਭੇਉ॥
ਨਾਨਕੁ ਤਾ ਕਾ ਦਾਸੁ ਹੈ ਸੋਈ ਨਿਰੰਜਨ ਦੇਉ॥ (ਪੰਨਾ 469)
ਗੁਰਬਾਣੀ ਅਨੁਸਾਰ ਸ਼ਬਦ ਸੱਚ ਹੈ ਜੋ ਅਤੀ ਸੂਖਮ ਰੂਪ ਵਿਚ ਜੀਵ ਦੇ ਅੰਤਰ-ਆਤਮੇ ਵੱਸਦਾ ਹੋਣ ਕਾਰਨ ਆਪੇ ਦੀ ਸੋਝੀ ਦਾ ਸਾਧਨ ਬਣਦਾ ਹੈ। ‘ਸ਼ਬਦ’ ਸਾਰੀਆਂ ਵਸਤੂਆਂ ਦਾ ਸਾਰ ਹੈ। ਇਸ ਨੂੰ ਸਮਝਣ ਨਾਲ ਦੈਵੀ ਸਚਾਈ (ਸਤਿ) ਦਾ ਗਿਆਨ ਪ੍ਰਾਪਤ ਹੋ ਸਕਦਾ ਹੈ ਤੇ ਮਨੁੱਖ ਅਕਾਲ ਪੁਰਖ (ਅਨਾਦੀ ਸਤਿ) ਨਾਲ ਇਕਮਿਕ ਹੋ ਸਕਦਾ ਹੈ। ਸਤਿਗੁਰੂ ਦੇ ਗਿਆਨ ਰਾਹੀਂ ਇਸ ਨੂੰ ਪਰਗਟ ਕੀਤਾ ਜਾ ਸਕਦਾ ਹੈ ਪਰ ਇਹ ਅਨੁਭਵ ਪਰਮਾਤਮਾ ਦੀ ਬਖ਼ਸ਼ਿਸ਼ ਨਾਲ ਕਿਸੇ ਪਵਿੱਤਰ ਆਤਮਾ ਨੂੰ ਹੀ ਹੋ ਸਕਦਾ ਹੈ। ‘ਸ਼ਬਦ’ ਦੁਆਰਾ ਮਨੁੱਖ ਨੂੰ ਪਰਮਾਤਮਾ ਦੀ ਸੋਝੀ ਹੁੰਦੀ ਹੈ ਤੇ ਨਾਮ ਦੀ ਦਾਤ ਬਖਸ਼ਿਸ਼ ਹੁੰਦੀ ਹੈ ਅਤੇ ਸ਼ਬਦ ਨੂੰ ਪਛਾਣਿਆਂ ਪਰਮਾਤਮਾ ਦਾ ਨਾਮ ਮਨ ਵਿਚ ਵੱਸ ਜਾਂਦਾ ਹੈ। ਇਸ ਤਰ੍ਹਾਂ ‘ਸ਼ਬਦ’ ਹੀ ਜੀਵ-ਆਤਮਾ ਦਾ ਪਰਮਾਤਮਾ ਨਾਲ ਮੇਲ ਕਰਵਾਉਣ ਵਿਚ ਸਹਾਇਕ ਮੰਨਿਆ ਗਿਆ ਹੈ। ਪਾਵਨ ਗੁਰ-ਫ਼ੁਰਮਾਨ ਹਨ:
ਇਸੁ ਜਗ ਮਹਿ ਸਬਦੁ ਕਰਣੀ ਹੈ ਸਾਰੁ॥
ਬਿਨੁ ਸਬਦੈ ਹੋਰੁ ਮੋਹੁ ਗੁਬਾਰੁ॥
ਸਬਦੇ ਨਾਮੁ ਰਖੈ ਉਰਿ ਧਾਰਿ॥
ਸਬਦੇ ਗਤਿ ਮਤਿ ਮੋਖ ਦੁਆਰੁ॥ (ਪੰਨਾ 1342)
ਸਬਦੇ ਹੀ ਨਾਉ ਊਪਜੈ ਸਬਦੇ ਮੇਲਿ ਮਿਲਾਇਆ॥ (ਪੰਨਾ 644)
ਨਾਨਕ ਸਬਦੁ ਪਛਾਣੀਐ ਨਾਮੁ ਵਸੈ ਮਨਿ ਆਇ॥ (ਪੰਨਾ 646)
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਬਾਰ-ਬਾਰ ‘ਸ਼ਬਦ-ਗੁਰੂ’ ਦੀ ਮਹਿਮਾ ਗਾਇਨ ਕੀਤੀ ਗਈ ਹੈ ਅਤੇ ਜਗਿਆਸੂ ਨੂੰ ਨਿਸਚਾ ਕਰਵਾਇਆ ਗਿਆ ਹੈ ਕਿ ‘ਗੁਰ ਕਾ ਸਬਦੁ’ ਹੀ ਮਨ ਦੀ ਮੈਲ ਧੋਣ, ਭਰਮਾਂ ਦਾ ਨਾਸ ਕਰਨ, ਦੁੱਖਾਂ ਤੋਂ ਛੁਟਕਾਰਾ ਪਾਉਣ, ਹਉਮੈ ਦਾ ਨਿਵਾਰਨ ਕਰਨ, ਜਨਮ-ਮਰਨ (ਆਵਾਗਉਣ) ਦੇ ਚੱਕਰ ਵਿੱਚੋਂ ਕੱਢ ਕੇ ਪਰਮਾਤਮਾ ਦੇ ਦਰ ’ਤੇ ਪਹੁੰਚਾਉਂਦਾ ਹੈ ਅਤੇ ਸਦੀਵ-ਕਾਲ ਲਈ ਉਸ ਵਿਚ ਲੀਨ ਕਰ ਦਿੰਦਾ ਹੈ। ਹੇਠ ਲਿਖੇ ਗੁਰਵਾਕ ਇਨ੍ਹਾਂ ਤੱਥਾਂ ਦੀ ਪੁਸ਼ਟੀ ਕਰਦੇ ਹਨ:
ਗੁਰ ਕਾ ਸਬਦੁ ਮਨਿ ਵਸੈ ਮਨੁ ਤਨੁ ਨਿਰਮਲੁ ਹੋਇ॥ (ਪੰਨਾ 32)
ਗੁਰ ਸਬਦੀ ਹਰਿ ਪਾਈਐ ਬਿਨੁ ਸਬਦੈ ਭਰਮਿ ਭੁਲਾਇ॥…
ਗੁਰ ਸਬਦੀ ਸਚੁ ਪਾਇਆ ਦੂਖ ਨਿਵਾਰਣਹਾਰੁ॥…
ਗੁਰ ਸਬਦੀ ਮਨੁ ਮੋਹਿਆ ਕਹਣਾ ਕਛੂ ਨ ਜਾਇ॥ (ਪੰਨਾ 36)
ਗੁਰ ਕੈ ਸਬਦਿ ਪਛਾਣੀਐ ਜਾ ਆਪੇ ਨਦਰਿ ਕਰੇਇ॥…
ਗੁਰ ਸਬਦੀ ਸਾਲਾਹੀਐ ਹਉਮੈ ਵਿਚਹੁ ਖੋਇ॥ (ਪੰਨਾ 37)
ਗੁਰ ਕੈ ਸਬਦਿ ਹਰਿ ਦਰਿ ਨੀਸਾਣੈ॥…
ਗੁਰ ਸਬਦੁ ਨਿਹਚਲੁ ਸਦਾ ਸਚਿ ਸਮਾਹਿ॥ (ਪੰਨਾ 842)
ਗੁਰੂ ਜੀ ਨੇ ‘ਗੁਰ ਕਾ ਸਬਦੁ ਮਹਾ ਰਸੁ’ ਵਾਲਾ ਦੱਸਿਆ ਹੈ ਪਰ ਇਸ ਨੂੰ ਚੱਖੇ ਬਿਨਾਂ ਸੁਆਦ ਦਾ ਪਤਾ ਨਹੀਂ ਲੱਗ ਸਕਦਾ। ਗੁਰੂ ਦੇ ਸ਼ਬਦ ਨਾਲ ਸਾਂਝ ਪਾ ਕੇ ਜੀਵ ਦਾ ਆਤਮਿਕ ਜੀਵਨ ਰੌਸ਼ਨ ਹੋ ਜਾਂਦਾ ਹੈ ਇਸ ਲਈ ਉਹ ਸਹਿਜ ਵਿਚ ਲੀਨ ਰਹਿੰਦਾ ਹੈ। ਗੁਰਮੁਖ ਸਦਾ ਗੁਰੂ ਦੇ ਸ਼ਬਦ ਨੂੰ ਗਾਉਂਦਾ, ਗੁਰੂ ਦੇ ਸ਼ਬਦ ਨੂੰ ਬੁੱਝਦਾ ਅਤੇ ਗੁਰੂ ਦੇ ਸ਼ਬਦ ਨੂੰ ਵਿਚਾਰਦਾ ਹੈ। ਪਰਮਾਤਮਾ ਉਸ ਨੂੰ ਗੁਰੂ ਦੇ ਸ਼ਬਦ ਵਿਚ ਹੀ ਅਠਾਹਠ ਤੀਰਥ ਵਿਖਾ ਦਿੰਦਾ ਹੈ। ਗੁਰ-ਸ਼ਬਦ ਵਿਚ ਇਸ਼ਨਾਨ ਕੀਤਿਆਂ ਵਿਕਾਰਾਂ ਦੀ ਮੈਲ ਲਹਿ ਜਾਂਦੀ ਹੈ ਤੇ ਗੁਰੂ ਦੇ ਸ਼ਬਦ ਵਿਚ ਰੰਗਿਆ ਜੀਵ ਹਮੇਸ਼ਾਂ ਆਤਮਿਕ ਅਡੋਲਤਾ ਵਿਚ ਲੀਨ ਰਹਿੰਦਾ ਹੈ:
ਗੁਰ ਕਾ ਸਬਦੁ ਮਹਾ ਰਸੁ ਮੀਠਾ ਬਿਨੁ ਚਾਖੇ ਸਾਦੁ ਨ ਜਾਪੈ॥ …
ਸਬਦੁ ਚੀਨਿ੍ ਆਤਮੁ ਪਰਗਾਸਿਆ ਸਹਜੇ ਰਹਿਆ ਸਮਾਈ॥
ਗੁਰਮੁਖਿ ਗਾਵੈ ਗੁਰਮੁਖਿ ਬੂਝੈ ਗੁਰਮੁਖਿ ਸਬਦੁ ਬੀਚਾਰੇ॥…
ਸਾਚਾ ਸਬਦੁ ਸਿਫਤਿ ਹੈ ਸਾਚੀ ਸਾਚਾ ਮੰਨਿ ਵਸਾਏ॥ …
ਅਠਸਠਿ ਤੀਰਥ ਗੁਰ ਸਬਦਿ ਦਿਖਾਏ ਤਿਤੁ ਨਾਤੈ ਮਲੁ ਜਾਏ॥
ਸਚਾ ਸਬਦੁ ਸਚਾ ਹੈ ਨਿਰਮਲੁ ਨਾ ਮਲੁ ਲਗੈ ਨ ਲਾਏ॥ …
ਗੁਰ ਕੈ ਸਬਦਿ ਰਾਤਾ ਸਹਜੇ ਮਾਤਾ ਸਹਜੇ ਰਹਿਆ ਸਮਾਏ॥ (ਪੰਨਾ 753)
ਗੁਰਬਾਣੀ ਵਿਚ ਮਿਥਿਹਾਸਿਕ ਹਵਾਲੇ ਦੇ ਕੇ ਦੱਸਿਆ ਗਿਆ ਹੈ ਕਿ ਸ਼ਬਦ ਦੁਆਰਾ ਅਨੇਕਾਂ ਬ੍ਰਹਮਾ, ਸਨਕਾਦਕ, ਤਪੱਸਵੀ, ਮੁਨੀ ਆਦਿ ਤਰ ਗਏ ਹਨ, ਕ੍ਰਿਸ਼ਨ ਨੇ ਗੋਵਰਧਨ ਪਰਬਤ ਨੂੰ ਧਾਰਨ ਕੀਤਾ ਸੀ ਅਤੇ ਰਾਮਚੰਦਰ ਨੇ ਸਮੁੰਦਰ ਵਿਚ ਪੱਥਰਾਂ ਨੂੰ ਤਾਰਿਆ ਸੀ। “ਆਵਾ ਗਉਣੁ ਮਿਟੈ ਗੁਰ ਸਬਦੀ”, “ਗੁਰ ਕੈ ਸਬਦਿ ਸੁ ਮੁਕਤੁ ਭਇਆ”, “ਭਵਜਲੁ ਸਬਦਿ ਲੰਘਾਵਣਹਾਰੁ”, “ਸਬਦਿ ਗੁਰੂ ਭਵ ਸਾਗਰੁ ਤਰੀਐ” ਆਦਿ ਅਨੇਕਾਂ ਤੁਕਾਂ ਇਸ ਤੱਥ ਨੂੰ ਪ੍ਰਮਾਣਿਤ ਕਰਦੀਆਂ ਹਨ ਕਿ ‘ਗੁਰੂ-ਸ਼ਬਦ’ ਜੀਵ ਨੂੰ ਭਵ-ਸਾਗਰ ਤੋਂ ਤਾਰਨ ਦੇ ਸਮਰੱਥ ਹੈ। ਇਸ ਦਾ ਕਾਰਨ ਇਹ ਹੈ ਕਿ ਗੁਰੂ ਦੇ ਸ਼ਬਦ ਦੁਆਰਾ ਆਸਾ, ਮਨਸਾ, ਹਉਮੈ ਆਦਿ ਬੰਧਨਾਂ, ਜਿਨ੍ਹਾਂ ਕਾਰਨ ਜੀਵ ਪਰਮਾਤਮਾ ਤੋਂ ਵਿਛੜਿਆ ਹੈ, ਦਾ ਨਾਸ ਹੋ ਜਾਂਦਾ ਹੈ:
ਮਨਸਾ ਆਸਾ ਸਬਦਿ ਜਲਾਈ॥ (ਪੰਨਾ 940)
ਗੁਰ ਕੈ ਸਬਦਿ ਹਉਮੈ ਬਿਖੁ ਮਾਰੇ॥ (ਪੰਨਾ 1133)
‘ਸਿੱਖਾਂ ਦੀ ਭਗਤਮਾਲਾ’ ਦੇ ਪੰਨਾ 120 ’ਤੇ ਇਕ ਸਾਖੀ ਹੈ ਜਿਸ ਵਿਚ ਵੇਦ-ਗਿਆਨ ਨਾਲੋਂ ਸ਼ਬਦ-ਗਿਆਨ ਦੀ ਮਹਿਮਾ ਇਉਂ ਦਰਸਾਈ ਹੈ: “ਵੇਦਾਂ ਕਰਕੇ ਚਤੁਰਾਈ ਦੀ ਪ੍ਰਾਪਤੀ ਹੁੰਦੀ ਹੈ, ਮਨ ਨੀਵਾਂ ਨਹੀਂ ਹੁੰਦਾ ਤੇ ਸ਼ਬਦ ਕਰਕੇ ਮਨ ਨੀਵਾਂ ਹੁੰਦਾ ਹੈ।” ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਪੁ ਜੀ ਸਾਹਿਬ ਦੀ 38ਵੀਂ ਪਉੜੀ ਵਿਚ ਸ਼ਬਦ ਨੂੰ ਅਧਿਆਤਮਿਕ ਜੀਵਨ ਦੀ ਘਾੜਤ ਦਾ ਸਾਧਨ ਵੀ ਦੱਸਿਆ ਹੈ। ‘ਸ਼ਬਦ’ ਰੂਪੀ ਟਕਸਾਲ ਦੁਆਰਾ ਘੜੀ ਜਾਣ ਵਾਲੀ ਸ਼ਖ਼ਸੀਅਤ ਨੈਤਿਕ ਗੁਣਾਂ ਨਾਲ ਭਰਪੂਰ ਹੁੰਦੀ ਹੈ ਜਿਸ ਨੂੰ ਗੁਰੂ ਦੀ ਦਰਗਾਹ ਵਿਚ ਪ੍ਰਵਾਨ ਕੀਤਾ ਜਾਂਦਾ ਹੈ:
ਜਤੁ ਪਾਹਾਰਾ ਧੀਰਜੁ ਸੁਨਿਆਰੁ॥
ਅਹਰਣਿ ਮਤਿ ਵੇਦੁ ਹਥੀਆਰੁ॥
ਭਉ ਖਲਾ ਅਗਨਿ ਤਪ ਤਾਉ॥
ਭਾਂਡਾ ਭਾਉ ਅੰਮ੍ਰਿਤੁ ਤਿਤੁ ਢਾਲਿ॥
ਘੜੀਐ ਸਬਦੁ ਸਚੀ ਟਕਸਾਲ॥
ਜਿਨ ਕਉ ਨਦਰਿ ਕਰਮੁ ਤਿਨ ਕਾਰ॥
ਨਾਨਕ ਨਦਰੀ ਨਦਰਿ ਨਿਹਾਲ॥ (ਪੰਨਾ 8)
ਇਹ ਆਦਰਸ਼ ਸ਼ਖ਼ਸੀਅਤ ‘ਗੁਰਮੁਖ’ ਹੈ ਜਿਸ ਦੇ ਹਿਰਦੇ ਵਿਚ ਗੁਰੂ ਦਾ ਸ਼ਬਦ (ਪਰਮਾਤਮਾ ਦੀ ਕਿਰਪਾ ਨਾਲ) ਵੱਸ ਜਾਂਦਾ ਹੈ ਇਸ ਲਈ ਉਹ ਉੱਚੇ ਆਚਰਨ ਵਾਲਾ ਬਣ ਜਾਂਦਾ ਹੈ। ਉਸ ਦੇ ਤਨ, ਮਨ ਤੇ ਬਾਣੀ ਪਵਿੱਤਰ ਹੋ ਜਾਂਦੇ ਹਨ; ਉਸ ਦਾ ਹੰਕਾਰ ਦੂਰ ਹੋ ਜਾਂਦਾ ਹੈ, ਉਸ ਦੀ ਮੇਰ-ਤੇਰ ਖ਼ਤਮ ਹੋ ਜਾਂਦੀ ਹੈ, ਉਹ ਸਦਾ ਪਰਮਾਤਮਾ ਦੇ ਰੰਗ ਵਿਚ ਰੰਗਿਆ ਰਹਿੰਦਾ ਹੈ। ਸਤਿਗੁਰੂ ਦੇ ਸ਼ਬਦ ਦੀ ਵਿਚਾਰ ਕਰਦਿਆਂ ਉਸ ਨੂੰ (ਮਾਇਆ ਦੇ ਬੰਧਨਾਂ ਤੋਂ) ਆਜ਼ਾਦੀ ਦਾ ਵੱਡਾ ਸੁਖ ਮਿਲਦਾ ਹੈ। ਜਦੋਂ ਮਨੁੱਖ ਗੁਰ-ਸ਼ਬਦ ਰਾਹੀਂ ਪਰਮਾਤਮਾ ਨਾਲ ਪਿਆਰ ਪਾ ਕੇ ਉਸ ਦੇ ਰੰਗ ਵਿਚ ਰੰਗਿਆ ਜਾਂਦਾ ਹੈ ਤਾਂ ਸੱਚੇ ਵਿਚ ਰੱਤਾ ਹੋਇਆ (ਗੁਰਮੁਖ) ਇੱਜ਼ਤ ਲੈ ਕੇ ਆਪਣੇ ਘਰ ਜਾਂਦਾ ਹੈ। ਉਹ ਗੁਰੂ ਦੇ ਸ਼ਬਦ ਨਾਲ (ਆਪਣੇ ਮਨ ਨੂੰ) ਪਿਰੋ ਕੇ ਪਰਮਾਤਮਾ ਨੂੰ ਪਛਾਣਦਾ ਹੈ ਤੇ ਹੋਰਨਾਂ ਨੂੰ ਵੀ ਉਸ ਦੈਵੀ-ਸ਼ਕਤੀ ਦੀ ਪਛਾਣ ਕਰਵਾਉਂਦਾ ਹੈ। ਇਸ ਤਰ੍ਹਾਂ ਗੁਰਮੁਖ ਗੁਰੂ ਦੇ ਸ਼ਬਦ ਰਾਹੀਂ ਦੂਜਿਆਂ ਨੂੰ ਭੀ ਤਾਰ ਦੇਂਦਾ ਹੈ। ਗੁਰਬਾਣੀ ਦੀਆਂ ਹੇਠ ਲਿਖੀਆਂ ਤੁਕਾਂ ਇਸ ਤੱਥ ਦੀ ਪ੍ਰੋੜ੍ਹਤਾ ਕਰਦੀਆਂ ਹਨ:
ਗੁਰਮੁਖਿ ਪਾਈਐ ਸਬਦਿ ਅਚਾਰਿ॥ (ਪੰਨਾ 941)
ਸਬਦੁ ਵਸੈ ਸਚੁ ਅੰਤਰਿ ਹੀਆ॥
ਤਨੁ ਮਨੁ ਸੀਤਲੁ ਰੰਗਿ ਰੰਗੀਆ॥ (ਪੰਨਾ 943)
ਸਬਦਿ ਰਤੇ ਅੰਮ੍ਰਿਤ ਰਸੁ ਪਾਇਆ ਸਾਚੇ ਰਹੇ ਅਘਾਈ॥ (ਪੰਨਾ 945)
ਗੁਰ ਕੈ ਸਬਦਿ ਜੋ ਮਰਿ ਜੀਵੈ ਸੋ ਪਾਏ ਮੋਖ ਦੁਆਰੁ॥…
ਗੁਰ ਕੈ ਸਬਦਿ ਰਪੈ ਰੰਗੁ ਲਾਇ॥ ਸਾਚਿ ਰਤਉ ਪਤਿ ਸਿਉ ਘਰਿ ਜਾਇ॥…
ਨਾਨਕ ਗੁਰਮੁਖਿ ਸਬਦਿ ਨਿਸਤਾਰੇ॥ (ਪੰਨਾ 941)
ਸਿੱਧਾਂ ਨਾਲ ਚਰਚਾ ਕਰਦਿਆਂ ਗੁਰੂ ਜੀ ਨੇ ਜਿੱਥੇ ਗੁਰਮੁਖ ਦੇ ਚੰਗੇ ਆਚਰਣ ਸੰਬੰਧੀ ਦੱਸਿਆ ਹੈ ਉੱਥੇ ਮਨਮੁਖ ਦੇ ਬੁਰੇ ਆਚਰਣ ’ਤੇ ਵੀ ਚਾਨਣਾ ਪਾਇਆ ਹੈ। ਮਨਮੁਖ ਗੁਰੂ ਦੇ ਸ਼ਬਦ ਨੂੰ ਨਹੀਂ ਪਛਾਣਦਾ ਇਸ ਲਈ ਦੁਰਬਚਨ ਬੋਲਦਾ ਹੈ, ਸੜ-ਬਲ ਕੇ ਖਿੱਝਦਾ ਰਹਿੰਦਾ ਹੈ, ਸੰਸਾਰ ਵਿਚ ਇੱਜ਼ਤ ਹਾਸਲ ਨਹੀਂ ਕਰ ਸਕਦਾ ਅਤੇ ਕੋਈ ਉਸ ਦਾ ਇਤਬਾਰ ਨਹੀਂ ਕਰਦਾ। ਗੁਰ-ਫ਼ੁਰਮਾਨ ਹਨ:
ਸਬਦੁ ਨ ਚੀਨੈ ਲਵੈ ਕੁਬਾਣਿ॥ (ਪੰਨਾ 941)
ਬਿਨੁ ਗੁਰ ਸਬਦੈ ਜਲਿ ਬਲਿ ਤਾਤਾ॥ (ਪੰਨਾ 945)
ਸਾਚ ਸਬਦ ਬਿਨੁ ਪਤਿ ਨਹੀ ਪਾਵੈ॥ (ਪੰਨਾ 941)
ਬਿਨੁ ਸਬਦੈ ਨਾਹੀ ਪਤਿ ਸਾਖੈ॥ (ਪੰਨਾ 944)
ਪਰ ਜੇ ਡੂੰਘੀ ਵਿਚਾਰ ਕਰ ਕੇ ਵੇਖੀਏ ਤਾਂ ਅਸੀਂ ਦੁਨਿਆਵੀ ਲੋਕ ਗੁਰੂ ਦੇ ਸ਼ਬਦ ਵਿਚ ਜੁੜਨ ਦੀ ਥਾਂ ਹੋਰ ਰੁਝੇਵਿਆਂ ਵਿਚ ਲੱਗੇ ਹੋਏ ਹਾਂ:
ਬਿਨੁ ਸਬਦੈ ਸਭਿ ਦੂਜੈ ਲਾਗੇ ਦੇਖਹੁ ਰਿਦੈ ਬੀਚਾਰਿ॥ (ਪੰਨਾ 942)
ਕਿਉਂਕਿ ਸਿੱਖ ਧਰਮ ਆਸ਼ਾਵਾਦੀ ਧਰਮ ਹੈ ਇਸ ਲਈ ਗ਼ਲਤ ਰਸਤੇ ’ਤੇ ਚੱਲ ਰਹੇ ਜੀਵਾਂ ਨੂੰ ਗੁਰਬਾਣੀ ਉਮੀਦ ਬੰਨ੍ਹਾਉਂਦੀ ਹੈ ਕਿ ਸਤਿਗੁਰੂ ਦਾ ਸ਼ਬਦ ਵੀਚਾਰਿਆਂ ਭੈੜੀ ਮਤ ਦੂਰ ਹੁੰਦੀ ਹੈ। ਜਦੋਂ ਗੁਰੂ ਮਿਲ ਪੈਂਦਾ ਹੈ, ਤਦੋਂ ਇਸ ਭੈੜੀ ਮਤ ਤੋਂ ਖ਼ਲਾਸੀ ਦਾ ਰਾਹ ਲੱਭ ਪੈਂਦਾ ਹੈ। ਪਰਮਾਤਮਾ ਉਨ੍ਹਾਂ ਦੇ ਮਨਾਂ ਨੂੰ ਗੁਰੂ ਦੇ ਸ਼ਬਦ ਵਿਚ ਜੋੜ ਕੇ (ਤੇ ਉੱਚਾ ਆਤਮਕ ਜੀਵਨ ਬਖ਼ਸ਼ ਕੇ) ਵਿਹੁਲੇ ਤੇ ਸੜਦੇ-ਬਲਦੇ ਸੰਸਾਰ ਵਿਚੋਂ ਪਾਰ ਲੰਘਾ ਦਿੰਦਾ ਹੈ। ਗੁਰੂ ਦੇ ਸ਼ਬਦ ਦੀ ਬਰਕਤ ਨਾਲ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀਤਾ ਜਾ ਸਕਦਾ ਹੈ।‘ਮਨੁ ਲੋਚੇ ਬੁਰਿਆਈਆਂ ਗੁਰ ਸ਼ਬਦੀਂ ਇਹ ਮਨ ਹੋੜੀਐ’ (ਕਿਸੇ ਕਵੀ ਦੇ ਕਥਨ) ਦਾ ਭਾਵ ਹੈ ਕਿ ਗੁਰੂ ਦੇ ‘ਸ਼ਬਦ’ ਦੁਆਰਾ ਮਨ ਦੀਆਂ ਬਿਰਤੀਆਂ ਨੂੰ ਗ਼ਲਤ ਪਾਸੇ ਤੋਂ ਮੋੜ ਕੇ ਚੰਗੇ ਪਾਸੇ ਲਗਾਇਆ ਜਾ ਸਕਦਾ ਹੈ। ‘ਅੰਮ੍ਰਿਤੁ’ ਰੂਪੀ ਗੁਰੂ ਦੇ ਸ਼ਬਦ ਵਿਚ ਮਨ ਨੂੰ ਲਗਾਇਆਂ ਬੇਚੈਨ ਮਨਾਂ ਨੂੰ ਸ਼ਾਂਤੀ ਮਿਲ ਸਕਦੀ ਹੈ। ਗੁਰਬਾਣੀ ਵਿਚ ਉਦਾਹਰਣ ਦੇ ਕੇ ਸਮਝਾਇਆ ਹੈ ਕਿ ਜਿਵੇਂ ਘਰ (ਦੇ ਛੱਤ) ਨੂੰ ਥੰਮ੍ਹ ਸਹਾਰਾ ਦੇਂਦਾ ਹੈ, ਤਿਵੇਂ ਗੁਰੂ ਦਾ ਸ਼ਬਦ ਮਨ ਦਾ ਸਹਾਰਾ ਹੈ। ਹੇਠ ਲਿਖੇ ਗੁਰਵਾਕ ਜੀਵ ਨੂੰ ਆਸ ਬੰਨ੍ਹਾਉਂਦੇ ਹਨ:
ਕੁਬੁਧਿ ਮਿਟੈ ਗੁਰ ਸਬਦੁ ਬੀਚਾਰਿ॥ (ਪੰਨਾ 944)
ਇਹੁ ਸੰਸਾਰੁ ਬਿਖੁ ਵਤ ਅਤਿ ਭਉਜਲੁ ਗੁਰ ਸਬਦੀ ਹਰਿ ਪਾਰਿ ਲੰਘਾਈ॥ (ਪੰਨਾ 353)
ਅੰਮ੍ਰਿਤੁ ਰਸੁ ਪੀਆ ਗੁਰ ਸਬਦੀ ਹਮ ਨਾਮ ਵਿਟਹੁ ਕੁਰਬਾਨ॥ (ਪੰਨਾ 1335)
ਝਿਮਿ ਝਿਮਿ ਵਰਸੈ ਅੰਮ੍ਰਿਤ ਧਾਰਾ॥
ਮਨੁ ਪੀਵੈ ਸੁਨਿ ਸਬਦੁ ਬੀਚਾਰਾ॥ (ਪੰਨਾ 102)
ਗੁਰ ਸਬਦਿ ਵਿਗਾਸੀ ਸਹੁ ਰਾਵਾਸੀ ਫਲੁ ਪਾਇਆ ਗੁਣਕਾਰੀ॥ (ਪੰਨਾ 689)
ਇਹੁ ਜਗੁ ਜਲਤਾ ਨਦਰੀ ਆਇਆ ਗੁਰ ਕੈ ਸਬਦਿ ਸੁਭਾਇ॥
ਸਬਦਿ ਰਤੇ ਸੇ ਸੀਤਲ ਭਏ ਨਾਨਕ ਸਚੁ ਕਮਾਇ॥ (ਪੰਨਾ 643)
ਅੰਮ੍ਰਿਤੁ ਏਕੋ ਸਬਦੁ ਹੈ ਨਾਨਕ ਗੁਰਮੁਖਿ ਪਾਇਆ॥ (ਪੰਨਾ 644)
ਜਿਉ ਮੰਦਰ ਕਉ ਥਾਮੈ ਥੰਮਨੁ॥
ਤਿਉ ਗੁਰ ਕਾ ਸਬਦੁ ਮਨਹਿ ਅਸਥੰਮਨੁ॥ (ਪੰਨਾ 282)
ਜਨਮ ਸਾਖੀਆਂ ਵਿਚ ਦਿੱਤੀਆਂ ਅਨੇਕਾਂ ਸਾਖੀਆਂ ਤੋਂ ਪਤਾ ਲੱਗਦਾ ਹੈ ਕਿ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਉਦਾਸੀਆਂ ਦੌਰਾਨ ‘ਸ਼ਬਦ’ ਦੁਆਰਾ ‘ਹੈ ਹੈ’ ਕਰਦੀ ਲੋਕਾਈ ਨੂੰ ਸ਼ਾਂਤ ਕੀਤਾ ਅਤੇ ਅਨੇਕਾਂ ਪਾਪੀਆਂ (ਸੱਜਣ ਠੱਗ ਤੇ ਕੌਡੇ ਰਾਖਸ਼ ਵਰਗਿਆਂ) ਨੂੰ ਤਾਰਿਆ ਜਿਨ੍ਹਾਂ ਦੀ ਗਿਣਤੀ ਕਰਨੀ ਅਸੰਭਵ ਹੈ। ਇਸ ਪ੍ਰਥਾਇ ‘ਤਾਰੇ (stars) ਗਿਨੇ ਜਾਤ ਹੈਂ ਨਾ ਤਾਰੇ (enlightened) ਗਿਨੇ ਜਾਤ ਹੈਂ’ ਕਹਿਣਾ ਬਿਲਕੁਲ ਢੁਕਵਾਂ ਹੈ। ਆਪ ਜੀ ਨੇ ਹਨੇਰੇ ਵਿਚ ਭਟਕਦੀ ਲੋਕਾਈ ਨੂੰ ਅਗਿਆਨਤਾ ਦੇ ਹਨੇਰੇ ਵਿੱਚੋਂ ਕੱਢ ਕੇ ਅਕਾਲ ਪੁਰਖ ਦੇ ਨਾਲ ਜੋੜਨ ਲਈ ਸ਼ਬਦ ਦੀ ਓਟ ਲਈ ਤੇ ਕੁਰਾਹੇ ਪਏ ਜੀਵਾਂ ਨੂੰ ਸ਼ਬਦ ਦੇ ਲੜ ਲਾ ਦਿੱਤਾ ਅਤੇ ਸਿੱਧਾਂ ਦੇ ਭਟਕਦੇ ਮਨਾਂ ਨੂੰ ਵੀ ਸ਼ਬਦ ਦੀ ਸ਼ਕਤੀ ਦੁਆਰਾ ਸ਼ਾਂਤ ਕੀਤਾ:
ਬਾਬੇ ਕੀਤੀ ਸਿਧਿ ਗੋਸਟਿ ਸਬਦਿ ਸਾਂਤਿ ਸਿਧਾਂ ਵਿਚਿ ਆਈ। (ਵਾਰਾਂ ਭਾਈ ਗੁਰਦਾਸ ਜੀ, ਵਾਰ 1:44)
ਸਿੱਖ ਇਤਿਹਾਸ ਗਵਾਹ ਹੈ ਕਿ ਸਿੱਧਾਂ ਨੇ ਵੀ ਅੰਤ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰੂ-ਸ਼ਬਦ ਦੇ ਸਿਧਾਂਤ ਨੂੰ ਪ੍ਰਵਾਨ ਕੀਤਾ। ਉਨ੍ਹਾਂ ਨੇ ਮੰਨਿਆ ਕਿ ਅਸਲ ਵਿਚ ਸ਼ਬਦ ਹੀ ਗੁਰੂ ਹੈ ਜਿਸ ਦੀ ਰਾਹੀਂ ਪਰਮਾਤਮਾ ਦੇ ਗੁਣ ਵਿਚਾਰੇ ਜਾ ਸਕਦੇ ਹਨ। ਭਾਈ ਗੁਰਦਾਸ ਜੀ ਨੇ ਆਪਣੀ ਰਚਨਾ ਵਿਚ ਇਸ ਤੱਥ ਨੂੰ ਇਸ ਤਰ੍ਹਾਂ ਅੰਕਿਤ ਕੀਤਾ ਹੈ:
ਸਬਦਿ ਜਿਤੀ ਸਿਧਿ ਮੰਡਲੀ ਕੀਤੋਸੁ ਅਪਣਾ ਪੰਥੁ ਨਿਰਾਲਾ। (ਵਾਰ 1:31)
ਬਾਬੇ ਕੀਤੀ ਸਿਧਿ ਗੋਸਟਿ ਸਬਦਿ ਸਾਂਤਿ ਸਿਧਾਂ ਵਿਚਿ ਆਈ।…
ਸਿਧਿ ਬੋਲਨਿ ਸੁਭਿ ਬਚਨਿ ਧਨੁ ਨਾਨਕ ਤੇਰੀ ਵਡੀ ਕਮਾਈ। (ਵਾਰ 1:44)
ਸ਼ਬਦ ਦੀ ਮਹਤੱਤਾ ਨੂੰ ਸਦੀਵ-ਕਾਲ ਲਈ ਬਣਾਈ ਰੱਖਣ ਦੇ ਉਦੇਸ਼ ਨਾਲ ਗੁਰੂ ਜੀ ਨੇ ਜੋਤੀ-ਜੋਤਿ ਸਮਾਉਣ ਤੋਂ ਪਹਿਲਾਂ ਆਪਣੀ ਉਚਾਰਨ ਕੀਤੀ ਸ਼ਬਦ ਰੂਪ ‘ਧੁਰ ਕੀ ਬਾਣੀ’ ਤੇ (ਉਦਾਸੀਆਂ ਸਮੇਂ ਇਕੱਤਰ ਕੀਤੀ) ਭਗਤਾਂ ਦੀ ਪਵਿੱਤਰ ਬਾਣੀ ਨੂੰ ਗੁਰਗੱਦੀ ਦੇ ਵਾਰਸ, ਦੂਸਰੇ ਗੁਰੂ, ਸ੍ਰੀ ਗੁਰੂ ਅੰਗਦ ਦੇਵ ਜੀ ਦੇ ਹਵਾਲੇ ਕਰ ਦਿੱਤਾ। ਇਸ ਦੀ ਗਵਾਹੀ ‘ਪੁਰਾਤਨ ਜਨਮ ਸਾਖੀ’ ਵਿੱਚੋਂ ਮਿਲਦੀ ਹੈ:
ਤਿਤੁ ਮਹਲ ਜੋ ਸ਼ਬਦ ਹੋਆ ਸੋ ਪੋਥੀ ਗੁਰੂ ਅੰਗਦ ਜੋਗਿ ਮਿਲੀ।
ਤੀਸਰੇ ਗੁਰੂ, ਸ੍ਰੀ ਗੁਰੂ ਅਮਰਦਾਸ ਜੀ ਨੇ ਸ਼ਬਦ ਨੂੰ ਨਾ ਸਮਝਣ ਵਾਲੇ ਜੀਵਾਂ ਨੂੰ “ਸਬਦੁ ਨ ਜਾਣਹਿ ਸੇ ਅੰਨੇ ਬੋਲੇ ਸੇ ਕਿਤੁ ਆਏ ਸੰਸਾਰਾ” ਆਖ ਕੇ ਝੰਜੋੜਿਆ ਤੇ ਸਿੱਖਾਂ ਨੂੰ ਪ੍ਰੇਰਨਾ ਦਿੰਦਿਆਂ ਆਖਿਆ ਕਿ ‘ਹੇ ਸਤਿਗੁਰੂ ਦੇ ਪਿਆਰੇ ਸਿੱਖੋ! ਆਵੋ, ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਜੋੜਨ ਵਾਲੀ ਸ਼ਬਦ-ਰੂਪ ਬਾਣੀ ਗਾਵੋ। ਇਹ ਗੁਰਬਾਣੀ ਹੋਰ ਸਭ ਬਾਣੀਆਂ ਨਾਲੋਂ ਸ਼ਿਰੋਮਣੀ ਹੈ’:
ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ॥
ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆ ਸਿਰਿ ਬਾਣੀ॥ (ਪੰਨਾ 920)
ਚੌਥੇ ਗੁਰੂ, ਸ੍ਰੀ ਗੁਰੂ ਰਾਮਦਾਸ ਜੀ ਨੇ ਸ਼ਬਦ ਰੂਪ ਬਾਣੀ ਨੂੰ ‘ਪਰਤਖਿ ਗੁਰੂ’ ਦਾ ਦਰਜਾ ਦਿੱਤਾ ਤੇ ਗੁਰਸਿੱਖਾਂ ਨੂੰ ਫ਼ੁਰਮਾਇਆ ਕਿ ‘ਹੇ ਗੁਰਸਿੱਖੋ! ਸਤਿਗੁਰੂ ਦੀ ਬਾਣੀ ਨਿਰੋਲ ਸੱਚ ਸਮਝੋ (ਕਿਉਂਕਿ) ਸਿਰਜਣਹਾਰ ਅਕਾਲ ਪੁਰਖ ਆਪ ਇਹ ਬਾਣੀ ਸਤਿਗੁਰੂ ਦੇ ਮੂੰਹ ਤੋਂ ਅਖਵਾਉਂਦਾ ਹੈ:
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥
ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ॥ (ਪੰਨਾ 982)
ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ ਹਰਿ ਕਰਤਾ ਆਪਿ ਮੁਹਹੁ ਕਢਾਏ॥ (ਪੰਨਾ 308)
ਪੰਜਵੇਂ ਗੁਰੂ, ਸ੍ਰੀ ਗੁਰੂ ਅਰਜਨ ਦੇਵ ਜੀ ਨੇ ਵੀ ਇਸ ਵਿਚਾਰ ਦੀ ਪ੍ਰੋੜ੍ਹਤਾ ਕੀਤੀ ਹੈ:
ਹਉ ਆਪਹੁ ਬੋਲਿ ਨ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ॥ (ਪੰਨਾ 763)
ਸ਼ਬਦ-ਰੂਪ ਬਾਣੀ ਨੂੰ ਸੰਪਾਦਿਤ ਕਰ ਕੇ ਪੰਚਮ ਪਾਤਸ਼ਾਹ ਨੇ ਪਵਿੱਤਰ ਗ੍ਰੰਥ ਸਾਹਿਬ ਦਾ ਪ੍ਰਕਾਸ਼ ਭਾਦਰੋਂ ਸੁਦੀ 1 ਸੰਮਤ 1661 (ਸੰਨ 1604 ਈ.) ਨੂੰ ਸ੍ਰੀ ਹਰਿਮੰਦਰ ਸਾਹਿਬ (ਸ੍ਰੀ ਅੰਮ੍ਰਿਤਸਰ) ਵਿਖੇ ਕਰ ਕੇ ਸਿੱਖ-ਸੰਗਤਾਂ ਨੂੰ “ਪੋਥੀ ਪਰਮੇਸਰ ਕਾ ਥਾਨੁ” ਮੰਨਣ ਅਤੇ ‘ਗ੍ਰੰਥ ਗੁਰੂ ਸਮ ਮਾਨਿਉ ਭੇਦ ਨ ਕੋਊ ਵਿਚਾਰ’ ਦਾ ਹੁਕਮ ਦਿੱਤਾ। ਗੁਰੂ ਜੀ ਲਈ ਸ਼ਬਦ ਦਾ ਦਰਜਾ ਸਰੀਰ ਨਾਲੋਂ ਉੱਚਾ ਸੀ ਇਸ ਲਈ ‘ਸ਼ਬਦ-ਗੁਰੂ’ ਦਾ ਸਤਿਕਾਰ ਕਰਦਿਆਂ ਆਪ ਜੀ ਸੁਖਆਸਣ ਵਾਲੀ ਕੋਠੜੀ ਵਿਚ ਭੁਇੰ ’ਤੇ ਹੀ ਬਿਰਾਜਦੇ ਰਹੇ। ਇਸ ਦਾ ਜ਼ਿਕਰ ਭਾਈ ਸੰਤੋਖ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰੋਜ਼ਾਨਾ ਸ਼ਾਮ ਵੇਲੇ ਦੀ ਸੇਵਾ ਦੀ ਮਰਿਆਦਾ ਸੰਬੰਧੀ ਦੱਸਦਿਆਂ ਇਉਂ ਕੀਤਾ ਹੈ:
ਪਢਹਿ ਸੋਹਿਲਾ ਕੀਰਤ ਬਹੁਰੋ ਲੈ ਜਾਵਹੁ ਅਸਵਾਰਾ।
ਜਿਸੀ ਕੋਠਰੀ ਰਹਿਨ ਹਮਾਰਾ॥10
ਅਗਲੇ ਗੁਰੂ ਸਾਹਿਬਾਨ ਨੇ ਵੀ ਸ਼ਬਦ-ਗੁਰੂ ਦੇ ਸਿਧਾਂਤ ’ਤੇ ਦ੍ਰਿੜ੍ਹਤਾ ਨਾਲ ਪਹਿਰਾ ਦਿੱਤਾ ਤੇ ਸ਼ਬਦ-ਗੁਰੂ ਦਾ ਪ੍ਰਚਾਰ ਕੀਤਾ। ਉਨ੍ਹਾਂ ਨੇ ਦੇਹ ਨੂੰ ਕਦੇ ਵੀ ਸ਼ਬਦ ਤੋਂ ਉੱਤਮ ਨਹੀਂ ਮੰਨਿਆ। ਇਸ ਦਾ ਜ਼ਿਕਰ ਸਿੱਖ ਵਿਦਵਾਨਾਂ ਦੀਆਂ ਰਚਨਾਵਾਂ ਵਿਚ ਆਉਂਦਾ ਹੈ: ‘ਜਨਮਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਕੀ’ ਅਨੁਸਾਰ: “ਤੇ ਸਬਦਿ ਦੀ ਮੁਹਰ ਗੁਰੂ ਅੰਗਦ ਜੀ ਚਲਾਈ॥… ਗੁਰੂ ਅੰਗਦ ਜੀ ਸਬਦਿ ਦੀ ਜੋਤ ਜਗਾਈ॥… ਏਹ ਗਿਆਨ ਅਮਰਦਾਸ ਜੀ ਨੂੰ ਪਰਪਕ ਹੋਇਆ… ਤਾਂ ਉਨਾ ਦੇ ਅਗੇ (ਗੁਰੂ ਅੰਗਦ ਜੀ) ਪੰਜ ਪੈਸੇ ਤੇ ਨਲੀਏਰ ਤੇ ਮਿਸਰੀ ਦੀ ਰੋੜੀ ਰਖਿ ਕੇ ਮਥਾ ਟੇਕਿਆ ਤਾਂ ਗੁਰੂ ਅੰਗਦ ਜੀ ਕਹਿਆ ਅਧਿਕਾਰੀ ਦੀ ਵਸਤ ਗਿਆਨ ਹੈ… ਸਤਿਗੁਰੂ (ਅਮਰਦਾਸ ਤੇ) ਸਤਿਗੁਰ ਜੀ ਰਾਮਦਾਸ (ਵੀ)… ਸਬਦਿ ਦੀ ਜੋਤ ਜਗਾਈ॥… (ਫਿਰ) ਗੁਰੂ ਅਰਜਨ ਜੀ ਨੂੰ ਗੁਰਿਆਈ ਬਖਸੀ॥… ਗੁਰੂ ਅਰਜਨ ਜੀ ਬਚਨ ਕੀਤਾ॥… ਮੈ ਆਪਣੀ ਜੋਤਿ ਤਿਸ (ਗੁਰੂ ਹਰਿਗੋਬਿੰਦ ਜੀ) ਵਿਚ ਧਰੀ ਹੈ॥ ਗਿਆਨ ਦੀ ਭੀ ਸਕਤਿ ਇਸ ਨੂੰ ਦਿਤੀ ਹੈ॥…” ‘ਸਾਖੀ ਰਹਿਤ ਕੀ’ ਵਿਚ ਲਿਖਿਆ ਹੈ: “ਸ਼ਬਦ-ਗੁਰੂ ਮੰਨਣ ਦੀ ਇੱਛਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਨੰਦ ਲਾਲ ਜੀ ਸਾਹਮਣੇ ਇਉਂ ਜ਼ਾਹਿਰ ਕੀਤੀ, “ਇਕ ਦਿਨ ਗੁਰੂ ਗੋਬਿੰਦ ਸਿੰਘ ਜੀ ਬੋਲਿਆ ਏਹੁ ਕਹਿਆ- ‘ਗੁਰਮੁਖਿ ਮੇਰਾ ਸਿੱਖ ਹੋਵੇਗਾ ਸੋ ਸ਼ਬਦ ਥੀਂ ਸਿਵਾਇ ਹੋਰ ਥਾਇ ਪ੍ਰਤੀਤ ਨਾ ਕਰਨੀ॥’”11 ਦਸਮੇਸ਼ ਪਿਤਾ ਜੀ ਨੇ ਜੋਤੀ ਜੋਤਿ ਸਮਾਉਣ ਤੋਂ ਪਹਿਲਾਂ ਨਾਂਦੇੜ ਦੱਖਣ ਵਿਖੇ 1765 ਬਿਕ੍ਰਮੀ (1708 ਈ.) ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਦੇ ਕੇ ਦੇਹਧਾਰੀ ਗੁਰੂ-ਪਰੰਪਰਾ ਖ਼ਤਮ ਕਰ ਦਿੱਤੀ ਤੇ ਪੰਥ ਨੂੰ ਸਥਾਈ ਸ੍ਰੀ ਗੁਰੂ ਗ੍ਰੰਥ ਸਾਹਿਬ (ਸ਼ਬਦ-ਗੁਰੂ) ਦੇ ਤਾਬੇ ਕਰ ਦਿੱਤਾ। ਗੁਰੂ ਜੀ ਨੇ ਸਿੱਖਾਂ ਨੂੰ ਆਪਣੇ ਪਿੱਛੋਂ ‘ਗੁਰੂ ਮਾਨੀਓ ਗ੍ਰੰਥ’ ਤੇ ‘ਖੋਜ ਸਬਦ ਮੈਂ ਲੇਹੁ’ ਦਾ ਹੁਕਮ ਦੇ ਕੇ ਪਹਿਲੇ ਗੁਰੂ ਸਾਹਿਬਾਨ ਦੇ ਵਿਚਾਰਾਂ ਨੂੰ ਅਮਲੀ ਜਾਮਾ ਪਹਿਨਾਇਆ ਅਤੇ ‘ਸ਼ਬਦ-ਗੁਰੂ’ ਦੇ ਸਿਧਾਂਤ ’ਤੇ ਮੋਹਰ ਲਗਾ ਦਿੱਤੀ। ਹੇਠ ਲਿਖੇ ਕਥਨ ਇਸ ਤੱਥ ਦੀ ਗਵਾਹੀ ਦਿੰਦੇ ਹਨ:
ਸਬ ਸਿੱਖਨ ਕੋ ਹੁਕਮ ਹੈ ਗੁਰੂ ਮਾਨੀਓ ਗ੍ਰੰਥ।
ਗੁਰੂ ਗ੍ਰੰਥ ਕੋ ਮਾਨੀਓ ਪ੍ਰਗਟ ਗੁਰਾਂ ਕੀ ਦੇਹ।
ਜੋ ਪ੍ਰਭ ਕੋ ਮਿਲਬੋ ਚਹੇ ਖੋਜ ਸਬਦ ਮੈਂ ਲੇਹ। (ਗਿਆਨੀ ਗਿਆਨ ਸਿੰਘ, ਪੰਥ ਪ੍ਰਕਾਸ਼, ਪੰਨਾ 353)
ਗ੍ਰੰਥ ਪੰਥ ਗੁਰ ਮਾਨੀਏ ਤਾਰੈ ਸਕਲ ਜਹਾਨ।(ਰਹਿਤਨਾਮਾ ਭਾਈ ਦਯਾ ਸਿੰਘ)
ਗੁਰ ਕਾ ਪਾਹੁਲ ਸਿਖ ਲੇ ਰੀਤ ਕਮਾਵਹਿ ਗ੍ਰੰਥ। (ਰਹਿਤਨਾਮਾ ਭਾਈ ਸਾਹਿਬ ਸਿੰਘ)
ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਆਗਿਆ ਗ੍ਰੰਥ ਕੀ। (ਰਹਿਤਨਾਮਾ ਭਾਈ ਚਉਪਾ ਸਿੰਘ)
ਗੁਰੂ ਗ੍ਰੰਥ ਮੋਂ ਭੇਦ ਨ ਕਾਈ, ਗ੍ਰੰਥ ਹੋਇ ਤੋਂ ਨਿਕਟ ਧਰਾਈ। (ਰਹਿਤਨਾਮਾ ਭਾਈ ਦੇਸਾ ਸਿੰਘ)
ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੀਓ ਗ੍ਰੰਥ। (ਰਹਿਤਨਾਮਾ ਭਾਈ ਪ੍ਰਹਿਲਾਦ ਸਿੰਘ)
ਗ੍ਰੰਥ ਗੁਰੂ ਮੈਂ ਨਿਹਚਾ ਧਾਰੈ। (ਭਾਈ ਕੁਇਰ ਸਿੰਘ, ਗੁਰਬਿਲਾਸ, ਪੰਨਾ 283)
ਜਿਹ ਦੇਖਨਾ ਸ੍ਰੀ ਗ੍ਰੰਥ ਦਰਸਾਇ।
ਬਾਤ ਕਰਨ ਗੁਰ ਸੇਂ ਚਹੈ ਪੜ੍ਹ ਗ੍ਰੰਥ ਮਨ ਲਾਇ। (ਗੁਰਬਿਲਾਸ ਪਾ. 6)
ਸ਼ਬਦ ਨੂੰ ਗੁਰੂ ਦੀ ਪਦਵੀ ਦੇ ਕੇ ਗੁਰੂ ਸਾਹਿਬਾਨ ਨੇ ਵਿਸ਼ਵ ਧਰਮ-ਪਰੰਪਰਾ ਵਿਚ ਨਵਾਂ ਮੋੜ ਲਿਆਂਦਾ ਜਿਸ ਕਾਰਨ ਸਿੱਖ ਧਰਮ ਵਿਲੱਖਣ ਧਰਮ ਬਣ ਗਿਆ। ‘ਸ਼ਬਦ ਗੁਰੂ’ ਦੇ ਸਿਧਾਂਤ ਨੂੰ ਦ੍ਰਿੜ੍ਹ ਕਰਨ ਲਈ “ਸਤਿਗੁਰੁ ਜਾਗਤਾ ਹੈ ਦੇਉ” ਦੇ ਕਥਨ ਨੂੰ ਸਮਝਣਾ ਜ਼ਰੂਰੀ ਹੈ। ਇਕ ਵਿਦਵਾਨ ਦਾ ਵਿਚਾਰ ਹੈ:
“Most of the world religions seek God through visible objects such as idols and pictures in one form or the other. Not, however, Sikhism. Basic tenet of Sikh religion is to adore only the One Formless God- Nirankar. But due to impact of our an- cient culture and beliefs prevailing in our country and teaching by some so-called saints and sects, veneration of the Guru’s picture and idols is subtly creeping in. Reverence to Guru Granth Sahib is not a worship of a physical object, it is adoration of the shabad, or the spiritual con- tent embodied in it. Guru Gobind Singh has proclaimed in very clear terms- Guru manio Granth- that the Guruship hereafter is vested in the Shabad which is the Divine Light- Jot of the Ten Gurus. He also ordained that Guru Granth Sahib is the visible person of the Guru- Pargat guran ki deh, and that whosoever seeks God, could do so by con-templating on the shabad. Guru Granth Sahib or shabad, therefore, is a living Guru.” (Reflections on Shabad as Guru Everlasting, Gateways to Sikhism- net)
‘ਸ਼ਬਦ-ਗੁਰੂ’ ਦੇ ਸਿਧਾਂਤ ਵਿਚ ਵਿਸ਼ਵਾਸ ਕਰਨ ਵਾਲੇ ਜਗਿਆਸੂਆਂ ਲਈ ਇਹ ਵਿਸ਼ਵਾਸ ਕਰਨਾ ਵੀ ਲਾਜ਼ਮੀ ਹੈ ਕਿ ਜਦੋਂ ਗੁਰੂ ਸਾਹਿਬਾਨ ਸਰੀਰ ਰੂਪ ਵਿਚ ਮੌਜੂਦ ਸਨ ਤਾਂ ਸ਼ਬਦ ਦਾ ਅਥਾਹ ਸਤਿਕਾਰ ਕਰਦੇ ਰਹੇ ਤੇ ਸਿੱਖਾਂ ਨੂੰ ਸਰੀਰਕ ਬੰਧਨਾਂ ਤੋਂ ਮੁਕਤ ਕਰਨ ਦੇ ਉਦੇਸ਼ ਨਾਲ ਉਨ੍ਹਾਂ ਨੂੰ ਸ਼ਬਦ-ਗੁਰੂ ਦੇ ਲੜ ਲਾਉਂਦੇ ਰਹੇ। ਸਿੱਖ ਗੁਰੂ ਸਾਹਿਬਾਨ ਨੇ ਕਦੇ ਵੀ ਆਪਣੀ ਵਿਅਕਤੀਗਤ ਸਰੀਰਕ ਹੋਂਦ ਨੂੰ ਗੁਰੂ ਰੂਪ ਵਿਚ ਪੇਸ਼ ਨਹੀਂ ਕੀਤਾ, ਸਗੋਂ ਸਾਧਾਰਨ ਮਨੁੱਖ ਹੀ ਸਮਝਿਆ ਹੈ। “ਹਉ ਢਾਢੀ ਹਰਿ ਪ੍ਰਭ ਖਸਮ ਕਾ॥”, “ਹਮ ਭੀਖਕ ਭੇਖਾਰੀ ਤੇਰੇ ਤੂ ਨਿਜ ਪਤਿ ਹੈ ਦਾਤਾ॥”, “ਮੋ ਕਉ ਦਾਸੁ ਤਵਨ ਕਾ ਜਾਨੋ॥ ਯਾ ਮੈ ਭੇਦੁ ਨ ਰੰਚ ਪਛਾਨੋ॥” (ਬਚਿੱਤਰ ਨਾਟਕ) ਆਦਿ ਅਨੇਕਾਂ ਤੁਕਾਂ ਇਸ ਤੱਥ ਦਾ ਪ੍ਰਮਾਣ ਹਨ। ਇਸ ਦਾ ਭਾਵ ਇਹ ਹੈ ਕਿ ਦਸਾਂ ਗੁਰੂ ਸਾਹਿਬਾਨ ਦੇ ਪੰਜ ਭੂਤਕ ਸਰੀਰ ਗੁਰੂ ਨਹੀਂ ਸਨ ਸਗੋਂ ਅਦ੍ਰਿਸ਼ਟ ‘ਗੁਰੂ ਜੋਤਿ’ ਸੀ ਜੋ ਸ਼ਬਦ-ਰੂਪ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਸ੍ਰੀ ਗੁਰੂ ਅੰਗਦ ਦੇਵ ਜੀ ਵਿਚ ਪ੍ਰਵੇਸ਼ ਕਰ ਗਈ ਤੇ ਫਿਰ ਅਗਲੇ ਅੱਠ ਗੁਰੂ ਸਾਹਿਬਾਨ (ਸ੍ਰੀ ਗੁਰੂ ਅਮਰਦਾਸ ਜੀ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ) ਦੇ ਮਨੁੱਖੀ ਸਰੀਰਾਂ ਵਿਚ ਵਿਚਰਦੀ ਰਹੀ। ਇਹੀ ਗੁਰੂ-ਜੋਤਿ (ਸ਼ਬਦ ਰੂਪ ਵਿਚ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਸਮਾ ਗਈ। ਇਸ ਪ੍ਰਸੰਗ ਵਿਚ ਵਿਦਵਾਨਾਂ ਦੀਆਂ ਹੇਠ ਲਿਖੀਆਂ ਟਿੱਪਣੀਆਂ ਪੜ੍ਹਨ-ਯੋਗ ਹਨ:
ਇਸ ਤੱਥ ਦੀ ਨਿਰਭ੍ਰਾਂਤ ਪੁਸ਼ਟੀ ਗੁਰੂ-ਬਾਣੀ ਦੇ ਸੰਕਲਨ ‘ਆਦਿ ਗ੍ਰੰਥ’ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਗੁਰੂ ਪਦਵੀ ਪ੍ਰਦਾਨ ਕਰਨ ਤੋਂ ਹੋ ਜਾਂਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਿੱਖ ਗੁਰੂ ਸਾਹਿਬਾਨ ਦਾ ਅਧਿਆਤਮਿਕ ਅਨੁਭਵ ਸ਼ਬਦ-ਰੂਪ ਵਿਚ ਸੁਰੱਖਿਅਤ ਹੈ। ਉਸ ਦਾ ਅਧਿਐਨ ਅਥਵਾ ਪਠਨ-ਪਾਠਨ ਗੁਰੂ ਦੇ ਉਪਦੇਸ਼ ਦੇ ਸੁਣਨ ਤੁਲ ਹੈ।13 ਸਾਡੇ ਵਿੱਚੋਂ ਕਈਆਂ ਦੇ ਮਨਾਂ ਵਿਚ ਇਹ ਪ੍ਰਸ਼ਨ ਪੈਦਾ ਹੋ ਸਕਦਾ ਹੈ ਕਿ ਜਦੋਂ ਗੁਰੂ ਸਾਹਿਬਾਨ ਮਨੁੱਖੀ ਰੂਪ ਵਿਚ ਮੌਜੂਦ ਸਨ, ਉਦੋਂ ਸ਼ਬਦ ਦਾ ਏਨਾ ਸਤਿਕਾਰ ਕਿਉਂ ਕੀਤਾ ਤੇ ਬਾਣੀ ਨੂੰ ਗੁਰੂ ਕਿਉਂ ਮੰਨਿਆ? ਇਸ ਦਾ ਕਾਰਨ ਇਹ ਹੈ ਕਿ ਮਨੁੱਖ ਅਰੰਭ ਤੋਂ ਹੀ ਦੇਹਧਾਰੀ ਗੁਰੂ ਦੀ ਪੂਜਾ ਕਰਦਾ ਰਿਹਾ ਹੈ ਅਤੇ ਗੁਰੂ ਦੇ ਸਰੀਰ ਤਿਆਗਣ ਉਪਰੰਤ ਉਸ ਦੀ ਮੂਰਤੀ ਜਾਂ ਤਸਵੀਰ ਨੂੰ ਪੂਜਦਾ ਰਿਹਾ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਮਨੁੱਖੀ ਕਮਜ਼ੋਰੀ ਨੂੰ ਸਮਝ ਲਿਆ ਸੀ ਇਸੇ ਲਈ ਆਪ ਨੇ ਆਪਣੇ ਸਿੱਖਾਂ ਨੂੰ ਸਦੀਵ-ਕਾਲ ਤਕ ਅਟੱਲ ਰਹਿਣ ਵਾਲੇ ਸ਼ਬਦ-ਗੁਰੂ ਦੇ ਲੜ ਲਾ ਦਿੱਤਾ। ਇਹ ਸ਼ਬਦ-ਗੁਰੂ ਜਨਮ-ਮਰਨ, ਬਚਪਨ, ਜਵਾਨੀ ਤੇ ਬੁਢੇਪੇ ਦੇ ਬੰਧਨਾਂ ਵਿਚ ਕੈਦ ਨਹੀਂ ਹੈ। ਉਹ ਸਦੀਵ-ਕਾਲ ਤਕ ਜੀਵਾਂ ਦੀ ਅਗਵਾਈ ਕਰਦਾ ਹੋਇਆ ਜੀਵ ਨੂੰ ਪਰਮ-ਅਨੰਦ ਤਕ ਪਹੁੰਚਾਉਣ ਦੇ ਸਮਰੱਥ ਹੈ। ਗੁਰੂ ਸਾਹਿਬਾਨ ਨੇ ਸਦੀਵ-ਕਾਲ ਤਕ ਸਿੱਖਾਂ ਨੂੰ ਮਨੁੱਖੀ ਸਰੀਰਾਂ ਦੇ ਬੰਧਨ ’ਚੋਂ ਮੁਕਤ ਕਰ ਦਿੱਤਾ ਹੈ। ਜੇ ਗੁਰ-ਸ਼ਬਦ ਨੂੰ ਧਿਆਨ ਨਾਲ ਸੁਣ ਕੇ ਜਾਂ ਪੜ੍ਹ ਕੇ ਉਸ ਨੂੰ ਵਿਚਾਰੀਏ ਤਾਂ ਅਹਿਸਾਸ ਹੋ ਜਾਵੇਗਾ ਕਿ ਦਸ ਗੁਰੂ ਸਾਹਿਬਾਨ ਵਿਚ ਸ਼ਬਦ-ਜੋਤਿ ਦਾ ਹੀ ਪ੍ਰਕਾਸ਼ ਸੀ ਜਿਸ ਦੇ ਕਾਰਨ ਉਨ੍ਹਾਂ ਨੂੰ ਗੁਰੂ ਦੀ ਪਦਵੀ ਮਿਲੀ।14 ਹੁਣ ਓਹੀ ਸ਼ਬਦ-ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ ਸਾਡੇ ਜ਼ਾਹਰਾ-ਜ਼ਹੂਰ (live) ਸਤਿਗੁਰੂ ਹਨ।
ਜੇ ਸਿਧਾਂਤਿਕ ਤੇ ਇਤਿਹਾਸਿਕ ਪੱਖ ਤੋਂ ਵਿਚਾਰੀਏ ਤਾਂ ਪਤਾ ਲੱਗਦਾ ਹੈ ਕਿ ਸ਼ਬਦ ਨੂੰ ਗੁਰੂ ਦੇ ਤੌਰ ’ਤੇ ਸਥਾਪਤ ਕਰਨ ਦਾ ਸੰਕੇਤ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੇ ਦਿੱਤਾ ਸੀ ਜਦੋਂ ਉਨ੍ਹਾਂ ਨੇ ਸਿੱਧਾਂ ਦੁਆਰਾ ਪੁੱਛੇ ਪ੍ਰਸ਼ਨ- ‘ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ’ ਦਾ ਦ੍ਰਿੜ੍ਹਤਾ ਨਾਲ ਜਵਾਬ ਦਿੰਦਿਆਂ ਸ਼ਬਦ ਨੂੰ ਗੁਰੂ ਅਤੇ ਸੁਰਤਿ ਨੂੰ ਚੇਲਾ ਕਿਹਾ। ‘ਸਿਧ ਗੋਸਟਿ’ ਬਾਣੀ ਵਿਚ ਇਹ ਵਾਰਤਾਲਾਪ ਇਸ ਤਰ੍ਹਾਂ ਅੰਕਿਤ ਹੈ:
ਕਵਣ ਮੂਲੁ ਕਵਣ ਮਤਿ ਵੇਲਾ॥
ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ॥ (ਪੰਨਾ 942)
ਪਵਨ ਅਰੰਭੁ ਸਤਿਗੁਰ ਮਤਿ ਵੇਲਾ॥
ਸਬਦੁ ਗੁਰੂ ਸੁਰਤਿ ਧੁਨਿ ਚੇਲਾ॥ (ਪੰਨਾ 943)
ਭਾਈ ਗੁਰਦਾਸ ਜੀ ਨੇ ਇਸ ਕਥਨ ਦੀ ਵਿਆਖਿਆ ਹੇਠ ਲਿਖੇ ਸ਼ਬਦਾਂ ਵਿਚ ਕੀਤੀ ਹੈ:
ਸਬਦੁ ਗੁਰੂ ਗੁਰੁ ਜਾਣੀਐ ਗੁਰਮੁਖਿ ਹੋਇ ਸੁਰਤਿ ਧੁਨਿ ਚੇਲਾ। (ਵਾਰ 7:20)
ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ “ਸਬਦੁ ਗੁਰੂ ਸੁਰਤਿ ਧੁਨਿ ਚੇਲਾ” ਬਚਨ ਉਚਾਰਨ ਕਰ ਕੇ ਸ਼ਬਦ-ਗੁਰੂ ਸੰਸਥਾ ਦੀ ਨੀਂਹ ਰੱਖੀ। ‘ਸ਼ਬਦ-ਗੁਰੂ’ ਦੇ ਸਿਧਾਂਤ ਵਿਚ ‘ਸੁਰਤਿ’ ਪਦ ਦਾ ਵਿਸ਼ੇਸ਼ ਸਥਾਨ ਹੈ ਕਿਉਂਕਿ ਗੁਰੂ ਸਾਹਿਬ ਨੇ ‘ਸੁਰਤਿ’ ਨੂੰ ਚੇਲਾ ਆਖਿਆ ਹੈ। ਸਵਾਲ ਪੈਦਾ ਹੁੰਦਾ ਹੈ ਕਿ ‘ਸੁਰਤਿ’ ਤੋਂ ਕੀ ਭਾਵ ਹੈ? ਇਸ ਸੰਬੰਧੀ ਸੰਖੇਪ ਵਿਚਾਰ ਕਰਦੇ ਹਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ‘ਸੁਰਤਿ’ ਸੋਝੀ, ਹੋਸ਼, ਸਮਝ, ਸੂਝ, ਚੇਤਾ, ਪਛਾਣ, ਬਿਰਤੀ, ਲਿਵ, ਧਿਆਨ, ਕੰਨ, ਨਾਦ, ਰੁਚੀ, ਸੁਭਾਉ, ਅਕਲ, ਖਿਆਲ, ਕਲਪਨਾ, ਵਿਚਾਰ, ਉਡਾਰੀ, ਚੇਤਨਤਾ, ਮੂਲ ਚੇਤਨਾ, ਸੰਸਕਾਰ, ਖੇਲ, ਮਨ, ਵੇਦ, ਜਾਗਰਤ, ਪ੍ਰੇਮ, ਸਨੇਹ, ਅਨੁਰਾਗ, ਸਾਰ, ਖ਼ਬਰ, ਆਦਿ ਦੇ ਅਰਥਾਂ ਵਿਚ ਆਇਆ ਹੈ।15 ਵਿਦਵਾਨਾਂ ਨੇ ਸੁਰਤਿ ਪਦ ਦੇ ਅਨੇਕਾਂ ਅਰਥ ਕੀਤੇ ਹਨ।16 ਸਾਧਾਰਨ ਸ਼ਬਦਾਂ ਵਿਚ ‘ਸ਼ਬਦ-ਸੁਰਤਿ ਸਿਧਾਂਤ’ ਦਾ ਅਰਥ ਇਹ ਹੈ ਕਿ ਗੁਰੂ ਦੇ ਸ਼ਬਦ ਵਿਚ ਸੁਰਤਿ ਲਗਾਉਣ ਨਾਲ ਜਗਿਆਸੂ ਸੰਸਾਰ ਰੂਪੀ ਭਵ-ਸਾਗਰ ਤੋਂ ਤਰ ਸਕਦਾ ਹੈ। ਪਰ ਇਸ ਦੇ ਭਾਵ ਨੂੰ ਸਮਝਣ ਦਾ ਯਤਨ ਕਰਦੇ ਹਾਂ। ਗੁਰਵਾਕ ਹੈ:
ਅੰਮ੍ਰਿਤ ਬਾਣੀ ਤਤੁ ਵਖਾਣੀ ਗਿਆਨ ਧਿਆਨ ਵਿਚਿ ਆਈ॥
ਗੁਰਮੁਖਿ ਆਖੀ ਗੁਰਮੁਖਿ ਜਾਤੀ ਸੁਰਤੀਂ ਕਰਮਿ ਧਿਆਈ॥ (ਪੰਨਾ 1243)
ਇਸ ਦੇ ਅਰਥ ਹਨ- ਬਾਣੀ ਗੁਰੂ ਨੇ ਉਚਾਰੀ ਹੈ, (ਜਿਸ ਦੇ ਡੂੰਘੇ ਭੇਤ ਨੂੰ) ਗੁਰੂ ਨੇ ਸਮਝਿਆ ਹੈ ਤੇ (ਜਿਸ ਨੂੰ) ਸੁਰਤਿਆਂ ਨੇ ਜਪਿਆ ਹੈ। ਉਹ ਬਾਣੀ ਨਾਮ- ਅੰਮ੍ਰਿਤ ਨਾਲ ਭਰੀ ਹੋਈ ਹੈ, ਤੇ ਪ੍ਰਭੂ ਦੇ ਗੁਣ ਬਿਆਨ ਕਰਦੀ ਹੈ, ਇਹ ਬਾਣੀ ਪ੍ਰਭੂ ਦੇ ਗੁਣਾਂ ਦੀ ਵਿਚਾਰ ਕੀਤਿਆਂ ਤੇ ਪਰਮਾਤਮਾ ਵਿਚ ਸੁਰਤਿ ਜੋੜਿਆਂ ਪ੍ਰਗਟ ਹੋਈ ਹੈ। ਗੁਰੂ ਆਪਣੇ ਸ਼ਬਦ ਨਾਲ ਇਕ ਰੂਪ ਸੀ। ਗੁਰੂ ਦਾ ਉਪਦੇਸ਼ ਹੀ ਗੁਰੂ ਸੀ। ਭਾਈ ਗੁਰਦਾਸ ਜੀ ਨੇ ਇਸ ਦੀ ਵਿਆਖਿਆ ਕੀਤੀ ਹੈ:
ਪਾਰਬ੍ਰਹਮੁ ਪੂਰਨੁ ਬ੍ਰਹਮੁ ਸਬਦਿ ਸੁਰਤਿ ਸਤਿਗੁਰੂ ਗੁਰ ਚੇਲਾ।(ਵਾਰ 12:16)
ਭਾਵ ਸਤਿਗੁਰ ਪਾਰਬ੍ਰਹਮ ਹੈ (ਨਿਰਗੁਣ ਬ੍ਰਹਮ), ਸਤਿਗੁਰੂ ਹੀ ਪੂਰਨ ਬ੍ਰਹਮ ਹੈ (ਸਰਗੁਣ ਬ੍ਰਹਮ), ਅਤੇ ਜੋ ਉਸ ਦੇ ਸ਼ਬਦ ਵਿਚ ਸੁਰਤਿ ਜੋੜਦਾ ਹੈ ਉਹ ਹੀ ‘ਗੁਰ-ਚੇਲਾ’ ਹੈ। ਇਸ ਤਰ੍ਹਾਂ ਗੁਰਬਾਣੀ ਵਿਚ‘ਸਬਦੁ’ ਤੇ ‘ਸੁਰਤਿ’ ਦੇ ਅਨਿੱਖੜਵੇਂ ਸੰਬੰਧ ਨੂੰ ਪ੍ਰਵਾਨ ਕੀਤਾ ਗਿਆ ਹੈ।
‘ਸਬਦੁ’ ਤੇ ‘ਸੁਰਤਿ’ ਦੇ ਸੰਬੰਧ ਨੂੰ ਡਾ. ਬਲਬੀਰ ਸਿੰਘ ਨੇ ਬਹੁਤ ਸਰਲ ਤਰੀਕੇ ਨਾਲ ਸਮਝਾਇਆ ਹੈ: “ਸ਼ਬਦ ਅਤੇ ਸੁਰਤਿ ਵਿਚ ਜੋ ਸੰਬੰਧ ਹੈ ਉਹ ਸ਼ਖ਼ਸੀ (ਪੲਰਸੋਨੳਲ) ਰਿਸ਼ਤਾ ਹੈ। ਉਹ ਐਸਾ ਹੈ ਜੈਸਾ ਕਿ ਦੋ ਹਸਤੀਆਂ ਵਿਚ ਨੇਹੁੰ ਹੁੰਦਾ ਹੈ। ਸ਼ਬਦ ਵਿਚ ਸ਼ਖ਼ਸੀਅਤ ਹੈ, ਆਪਣਾ ਨਿੱਜੀਪਨ ਹੈ, ਆਪਣੀ ਖ਼ੁਦੀ ਹੈ। ਉਹ ਗੁਰੂ ਦਾ ਰੂਪ ਹੈ, ਉਹ ਗੁਰੂ ਹੈ। ਸੁਰਤਿ ਜੀਵ ਰੂਪ ਹੈ, ਉਹ ਜੀਵ ਹੈ। ਦੋਹਾਂ ਦਾ ਸਨੇਹ ਸੰਬੰਧ ਹੈ। ਇਸ ਸ਼ਖ਼ਸੀ ਪੱਧਰ ਉੱਪਰ ਇਹ ਨਿੱਜੀ ਰਿਸ਼ਤੇਦਾਰੀ ਹੈ। ਇਹੋ ਜਾਤੀ ਪ੍ਰੇਮ ‘ਸ਼ਬਦ ਸੁਰਤਿ’ ਸੰਜੋਗ ਹੈ। “ਚਰਨ ਕਮਲ ਮਨੁ ਬੇਧਿਓ ਬੂਝਨੁ ਸੁਰਤਿ ਸੰਜੋਗ॥” ਸ਼ਬਦ ਸਥਾਨਪਤਿ ਹੈ ਗੁਰੂ ਦਾ, ਸੁਰਤਿ ਪ੍ਰਤਿਨਿਧ ਹੈ ਜੀਵ ਦੀ। ਰਿਸ਼ਤਾ ਪ੍ਰੇਮ ਦੀ ਤਾਰ ਦਾ ਹੈ ਜੋ ਲਿਵ ਹੈ। ਇਹ ਪਿਆਰ ਨਿੱਤ ਵਧਦਾ ਹੈ, ਹਮੇਸ਼ਾ ਨਵਾਂ ਹੈ, ਇਹ ਨੇਹ ਨਵੇਲਾ ਹੈ। ਇਹ ਪਾਠ ਪੁਸਤਕ ਦਾ ਨਿਰਜਿੰਦ ਸਬਕ ਨਹੀਂ ਸੀ। ਇਹ ਇਕ ਸਾਜਿੰਦ ਤੱਤ ਪ੍ਰਾਣਾਂ ਵਿਚ ਪ੍ਰਵੇਸ਼ ਸੀ। ਇਹ ਸ਼ਬਦ ਅਤੇ ਸੁਰਤਿ, ਦੋ ਜਿਉਂਦੀਆਂ ਚੀਜ਼ਾਂ ਦਾ ਮਿਲਾਪ ਸੀ, ਜਿਸ ਵਿੱਚੋਂ ਸਿੱਖਿਆ ਦੀ ਰਹੁ ਰੀਤ ਚਲਦੀ ਹੈ। ਬਸ ਸਿੱਖੀ ਦਾ ਇਹੋ ਸਬਕ ਸੀ।”17 ਭਾਈ ਗੁਰਦਾਸ ਜੀ ਅਨੁਸਾਰ:
ਗੁਰਸਿਖੀ ਦਾ ਸਿਖਣਾ ਸਬਦਿ ਸੁਰਤਿ ਸਤਿਸੰਗਤਿ ਸਿਖੈ। (ਵਾਰ 28:5)
ਗੁਰਬਾਣੀ ਅਨੁਸਾਰ ਸਿੱਖ ਨੇ ਸ਼ਬਦ-ਗੁਰੂ ਨਾਲ ਮਾਨਸਿਕ ਤੌਰ ’ਤੇ ਜੁੜਨਾ ਹੈ। ਇਸ ਸੰਦਰਭ ਵਿਚ ‘ਗੁਰਮਤਿ ਪ੍ਰਕਾਸ਼’ ਵਿਚ ਛਪੇ ਵਿਚਾਰ ਪਾਠਕਾਂ ਨਾਲ ਸਾਂਝੇ ਕਰਦੇ ਹਾਂ ਜਿਨ੍ਹਾਂ ਵਿਚ ‘ਸ਼ਬਦ’ ਸੰਬੰਧੀ ਲੋਕਾਂ ਵਿਚ ਪਏ ਭੁਲੇਖਿਆਂ ਨੂੰ ਦੂਰ ਕਰਨ ਦੀ ਗੱਲ ਕੀਤੀ ਹੈ: “ਸ਼ਬਦ ਉਹ ਗੁਰੂ-ਮੰਤਰ ਹੈ ਜੋ ਸਾਰੀ ਮਨੁੱਖਤਾ ਨੂੰ ਆਵਾਜਾ ਬੁਲੰਦ ਕਰ ਕੇ ਦਿੱਤਾ ਜਾਂਦਾ ਹੈ ਤਾਂ ਕਿ ਕੋਈ ਇਸ ਗੁਰੂ-ਮੰਤਰ ਤੋਂ ਵਾਂਝਾ ਨਾ ਰਹਿ ਜਾਏ। ਸ਼ਬਦ ਨੂੰ ਕੰਨਾਂ ਚ ਖੁਸਰ-ਫੁਸਰ ਕਰ ਕੇ ਦੇਣਾ ਜਾਂ ਫਿਰ ਕਾਗਜ਼ ’ਤੇ ਲਿਖ ਉਸ ਦੀ ਪੁੜੀ ਬਣਾ ਕੇ ਘੋਲ ਕੇ ਪੀਣ ਲਈ ਜਾਂ ਗਲ ’ਚ ਬੰਨ੍ਹਣ ਲਈ ਕਹਿਣਾ ਸ਼ਬਦ-ਗੁਰੂ ਦਾ ਘੋਰ ਨਿਰਾਦਰ ਹੈ। ਦੱਸੋ, ਕੀ ਇਸ ਤਰ੍ਹਾਂ ਨਾਲ ਅਸੀਂ ਵਾਕਈ ਸ਼ਬਦ-ਗੁਰੂ ਨਾਲ ਜੁੜ ਜਾਂਦੇ ਹਾਂ? ਕੀ ਬਿਨਾਂ ਪੜ੍ਹੇ, ਵਿਚਾਰੇ, ਅਮਲ ’ਚ ਲਿਆਏ, ਘੋਲ ਕੇ ਪੀਤਾ ਸ਼ਬਦ ਸਾਡੇ ਜੀਵਨ ਨੂੰ ਸੰਵਾਰ ਦੇਵੇਗਾ? ਨਹੀਂ। ਸਾਨੂੰ ਸ਼ਬਦ ਨਾਲ ਮਾਨਸਿਕ ਤੌਰ ’ਤੇ ਜੁੜਨਾ ਹੀ ਪਵੇਗਾ। ਉਸ ਨੂੰ ਪੜ੍ਹ ਕੇ, ਵਿਚਾਰ ਕੇ, ਜੀਵਨ ’ਚ ਢਾਲ ਕੇ ਹੀ ਕਲਿਆਣ ਹੋਣਾ ਹੈ। ਸ਼ਬਦ ਐਸੀ ਕੋਈ ਤਾਂਤਰਿਕ ਵਿੱਦਿਆ ਨਹੀਂ ਜਿਸ ਨਾਲ ਕਿਸੇ ਨੂੰ ਇੱਛਾ ਅਨੁਸਾਰ ਵੱਸ ਵਿਚ ਕੀਤਾ ਜਾ ਸਕੇ। ਸ਼ਬਦ ਤਾਂ ਗੁਰੂ ਦਾ ਇਲਾਹੀ ਹੁਕਮ ਹੈ, ਗੁਰੂ ਦਾ ਨਿਰਮਲ ਉਪਦੇਸ਼ ਹੈ, ਸ਼ਬਦ ਤਾਂ ਧਰਮ ਦਾ ਅਹਿਸਾਸ ਕਰਾਉਣ ਵਾਲੀ ਚੀਜ਼ ਹੈ। ਸ਼ਬਦ ਤਾਂ ਸਾਨੂੰ ਸਾਡੇ ਮੂਲ ਮਨੋਰਥ ਤੇ ਫ਼ਰਜ਼ ਦੀ ਸੋਝੀ ਕਰਾਉਂਦਾ ਹੈ। ਸ਼ਬਦ ਨੂੰ ਪੜ੍ਹਨਾ, ਵਿਚਾਰਨਾ ਗੁਰੂ ਨਾਲ ਵਾਰਤਾਲਾਪ ਕਰਨਾ ਹੈ।”18 “ਏਕੋ ਜਾਤਾ ਸਬਦੁ ਵੀਚਾਰੈ” ਤੇ “ਏਕੁ ਸਬਦੁ ਜਿਤੁ ਕਥਾ ਵੀਚਾਰੀ” ਕਥਨ ਸਾਨੂੰ ਦ੍ਰਿੜ੍ਹ ਕਰਵਾਉਂਦੇ ਹਨ ਕਿ ਗੁਰੂ ਦੇ ਸ਼ਬਦ ਦੀ ਵਿਚਾਰ ਕਰਨ ਨਾਲ ਹਰ ਥਾਂ ਵੱਸਦੇ ਇਕ ਪਰਮਾਤਮਾ ਨੂੰ ਪਛਾਣਨ ਦੀ ਸੋਝੀ ਆਉਂਦੀ ਹੈ ਅਤੇ ਭੈੜੀ ਮੱਤ ਦੂਰ ਹੋ ਜਾਂਦੀ ਹੈ। ਗੁਰੂ ਦੇ ਸ਼ਬਦ ਨੂੰ ਸੁਣਨ/ਪੜ੍ਹਨ ਤੋਂ ਬਾਅਦ ਸ਼ਬਦ ਨੂੰ ਬੁੱਝਣਾ/ਚੀਨਣਾ/ਪਛਾਣਨਾ ਤੇ ਵਿਚਾਰਨਾ ਹੈ। ਗੁਰੂ ਸਾਹਿਬ ਨੇ ਸ਼ਬਦ ਨੂੰ ਪੜ੍ਹਨ ਤੋਂ ਬਾਅਦ ‘ਸ਼ਬਦ’ ਦੀ ਵਿਚਾਰ ਨਾ ਕਰਨ ਵਾਲਿਆਂ ਦੀ ਸੰਗਿਆ ਮੂਰਖ ਕਹੀ ਹੈ:
ਮੂਰਖ ਪੜਹਿ ਸਬਦੁ ਨ ਬੂਝਹਿ॥ (ਪੰਨਾ 1053)
ਪਰ ਬਹੁਤ ਦੁੱਖ ਹੁੰਦਾ ਹੈ ਜਦੋਂ ਅਸੀਂ ਵੇਖਦੇ ਹਾਂ ਕਿ ਗੁਰੂ ਦੇ ਸਿੱਖ ਅਖਵਾਉਣ ਵਾਲਿਆਂ ਵਿੱਚੋਂ (ਬਹੁਤੇ) ਸਿੱਖ ਸ਼ਬਦ-ਗੁਰੂ ਨੂੰ ਭੁਲਾ ਕੇ ਦੇਹਧਾਰੀ ਗੁਰੂਆਂ, ਢੌਂਗੀ ਤੇ ਪਾਖੰਡੀ ਬਾਬਿਆਂ ਦੇ ਜਾਲ ਵਿਚ ਫਸੇ ਹੋਏ ਅਗਿਆਨਤਾ ਦੇ ਹਨੇਰੇ ਵਿਚ ਭਟਕ ਰਹੇ ਹਨ। ਪਰ ਸਾਡੇ ਵਿੱਚੋਂ (ਕੁਝ) ਸਿੱਖ ਅਜਿਹੇ ਵੀ ਹਨ ਜੋ ਬੜੇ ਮਾਣ ਨਾਲ ਕਹਿੰਦੇ ਹਨ ਕਿ ਉਹ ਦੇਹਧਾਰੀ ਗੁਰੂਆਂ ਦੇ ਪਿੱਛੇ ਨਹੀਂ ਲੱਗਦੇ ਪਰ ਉਨ੍ਹਾਂ ਵਿੱਚੋਂ ਵੀ ਬਹੁਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਗੇ ਮੱਥਾ ਟੇਕਣ ਅਤੇ ਰੁਮਾਲਾ ਚੁੱਕ ਕੇ ਦਰਸ਼ਨ ਕਰਨ ਤਕ ਸੀਮਿਤ ਹਨ ਤੇ ਕਦੀ ਸ਼ਬਦ ਦੀ ਵਿਚਾਰ ਨਹੀਂ ਸੁਣੀ। ਗੁਰਬਾਣੀ ਵਿਚ ਅਜਿਹੇ ਸਿੱਖਾਂ ਨੂੰ ਸਪੱਸ਼ਟ ਸ਼ਬਦਾਂ ਵਿਚ ਸਮਝਾਇਆ ਗਿਆ ਹੈ ਕਿ ਕੇਵਲ ਗੁਰੂ ਦੇ ਦਰਸ਼ਨ ਕਰਨੇ ਹੀ ਕਾਫ਼ੀ ਨਹੀਂ ਹਨ ਸਗੋਂ ਸ਼ਬਦ ਦੀ ਵਿਚਾਰ ਕਰਨੀ ਲਾਜ਼ਮੀ ਹੈ:
ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ॥ (ਪੰਨਾ 594)
‘ਸ਼ਬਦ-ਗੁਰੂ’ ਦੇ ਸਿਧਾਂਤ ਨੂੰ ਘਰ-ਘਰ ਪਹੁੰਚਾਉਣ ਦੇ ਉਦੇਸ਼ ਨਾਲ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ-ਗੱਦੀ ਦੀ ਤੀਸਰੀ ਸ਼ਤਾਬਦੀ ਮਨਾਉਂਦਿਆਂ,‘ਤਿੰਨ ਸੌ ਸਾਲ ਗੁਰੂ ਦੇ ਨਾਲ’ ਨਾਅਰਾ ਬੁਲੰਦ ਕੀਤਾ ਗਿਆ ਹੈ। ਗੁਰੂ-ਪਿਆਰਿਓ! ਆਪਾਂ ਆਪਣੇ ਅੰਦਰ ਝਾਤੀ ਮਾਰ ਕੇ ਵੇਖੀਏ ਕਿ ਕੀ ਅਸੀਂ ਸੱਚਮੁੱਚ ਗੁਰੂ ਦੇ ਨਾਲ ਹਾਂ? ਕਿਤੇ ਪਾਖੰਡੀ ਤੇ ਢੌਂਗੀ ਬਾਬਿਆਂ ਨਾਲ ਤਾਂ ਨਹੀਂ ਜੁੜ ਗਏ ਜੋ ਆਪ ‘ਸ਼ਬਦ-ਗੁਰੂ’ ਤੋਂ ਬੇਮੁਖ ਹੋਏ ਭਟਕ ਰਹੇ ਹਨ। ਖਾਲਸੇ ਨੂੰ ਗੁਰੂ ਸਾਹਿਬ ਨੇ ਸਿੱਧਾ ਗੁਰਬਾਣੀ ਨਾਲ ਜੁੜਨ ਦਾ ਰਾਹ ਦੱਸਿਆ ਹੈ ਇਸ ਲਈ ਵਿਚੋਲੇ ਦੀ ਲੋੜ ਨਹੀਂ ਹੈ। ਆਓ! ਅੱਜ ਤੋਂ ਹੀ ਆਪਾਂ ਸੰਕਲਪ ਕਰੀਏ ਕਿ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਮੱਥਾ ਟੇਕਣਾ ਹੈ ਤੇ ‘ਸ਼ਬਦ-ਗੁਰੂ’ ਤੋਂ ਅਗਵਾਈ ਲੈਣੀ ਹੈ।
ਵਾਹਿਗੁਰੂ ਬਖ਼ਸ਼ਿਸ਼ ਕਰਨ! ਸਾਨੂੰ ਸੁਮਤਿ ਬਖਸ਼ਣ ਕਿ ਅਸੀਂ (ਸ਼ਬਦ-ਗੁਰੂ ਦੇ ਵਾਰਸ ਅਖਵਾਉਣ ਵਾਲੇ) ਸੱਚੇ ਸਿੱਖ ਬਣਨ ਲਈ ‘ਸ਼ਬਦ-ਗੁਰੂ’ ਦੇ ਸਿਧਾਂਤ ਦੀ ਮਹੱਤਤਾ ਨੂੰ ਸਮਝ ਕੇ ਸ਼ਬਦ-ਗੁਰੂ ਨਾਲ ਜੁੜੀਏ, ਸ਼ਬਦ-ਗੁਰੂ ਦੇ ਰਹੱਸ ਨੂੰ ਜਾਣੀਏ, ਜ਼ਾਹਰਾ-ਜ਼ਹੂਰ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਅਨੁਸਾਰ ਆਪਣੀ ਜੀਵਨ-ਜਾਚ ਬਣਾਈਏ ਅਤੇ ‘ਸ਼ਬਦ-ਗੁਰੂ’ ਦੇ ਮਹਾਨ ਤੇ ਵਿਲੱਖਣ ਸਿਧਾਂਤ ਨੂੰ ਹਰ ਪ੍ਰਾਣੀ ਤਕ ਪਹੁੰਚਾਉਣ ਦਾ ਅਮਲੀ ਰੂਪ ਵਿਚ ਉਪਰਾਲਾ ਕਰੀਏ।
ਪਦ-ਟਿੱਪਣੀਆਂ ਤੇ ਹਵਾਲੇ
1. ਸ. ਰਤਨ ਸਿੰਘ (ਜੱਗੀ), ਗੁਰੂ ਨਾਨਕ ਦੀ ਵਿਚਾਰਧਾਰਾ, ਨਵਯੁਗ ਪਬਲਿਸ਼ਰਜ਼, ਦਿੱਲੀ-1969, ਪੰਨਾ 320.
2. ਗੁਰ ਸ਼ਬਦ ਰਤਨਾਕਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ-1981, ਪੰਨਾ 311.
3. ਉਹੀ, ਪੰਨਾ 156.
4. ਗੁਰੁਮਤ ਮਾਰਤੰਡ, ਸ਼੍ਰੋ. ਗੁ. ਪ੍ਰ. ਕਮੇਟੀ, ਸ੍ਰੀ ਅੰਮ੍ਰਿਤਸਰ, 1995, ਪੰਨਾ 131.
5. ਪ੍ਰੋ. ਪ੍ਰੀਤਮ ਸਿੰਘ, ਗੁਰੂ ਨਾਨਕ ਵਿਚਾਰ ਅਧਿਐਨ, ਗੁਰੂ ਨਾਨਕ ਪੰਜ ਸੌ ਸਾਲਾ ਪ੍ਰਕਾਸ਼ ਉਤਸਵ ਕਮੇਟੀ, ਸ੍ਰੀ ਅੰਮ੍ਰਿਤਸਰ- 1969, ਪੰਨਾ 41.
6. ਗੁਰੂ ਨਾਨਕ ਦੀ ਵਿਚਾਰਧਾਰਾ, ਪੰਨਾ 135.
7. ਸ਼ਬਦ ਦੀ ਪ੍ਰੰਪਰਾ (ਟ੍ਰੈਕਟ), ਪ੍ਰਬੰਧਕ ਕਮੇਟੀ, ਗੁ. ਸ੍ਰੀ ਗੁਰੂ ਤੇਗ ਬਹਾਦਰ, ਸੈਕਟਰ 15 ਸੀ, ਚੰਡੀਗੜ੍ਹ, ਪੰਨਾ 1.
8 ‘ਸੁਰਤਿ ਸ਼ਬਦ’ ਵਿਚਾਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ-1987, ਪੰਨਾ 23.
9. ਪ੍ਰੋ. ਪ੍ਰੀਤਮ ਸਿੰਘ, ਗੁਰੂ ਨਾਨਕ ਵਿਚਾਰ ਅਧਿਐਨ, ਪੰਨੇ 37-41.
10. ਗੁਰ ਪ੍ਰਤਾਪ ਸੂਰਜ ਪ੍ਰਕਾਸ਼, ਰਾਸ 3, ਅੰਸੁ 50.
11. ਗੁਰਮੇਲ ਸਿੰਘ, ‘ਸਿੱਖ ਗੁਰੂ ਸੰਸਥਾ…’ ਗੁਰਮਤਿ ਪ੍ਰਕਾਸ਼, ਅਕਤੂਬਰ 2008.
12. ਡਾ. ਦਲਵਿੰਦਰ ਸਿੰਘ, ‘ਸ਼ਬਦ-ਗੁਰੂ’, ਗੁਰਮਤਿ ਪ੍ਰਕਾਸ਼, ਅਕਤੂਬਰ 2008.
13. ਗੁਰੂ ਨਾਨਕ ਦੀ ਵਿਚਾਰਧਾਰਾ, ਪੰਨਾ 331.
14. ਡਾ. ਤਾਰਨ ਸਿੰਘ, ‘ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰੂ ਪਦਵੀ’, ਗੁਰਮਤਿ ਪ੍ਰਕਾਸ਼, ਸਤੰਬਰ 2004.
15. ‘ਸੁਰਤਿ ਸ਼ਬਦ’ ਵਿਚਾਰ, ਪੰਨਾ 2.
16. (i) ਧਯਾਨ, ਸ੍ਰੇਸ਼ਟ ਪ੍ਰੀਤੀ, ਬੇਦ, ਖਬਰ (ਗ੍ਰੰਥ ਗੁਰੂ ਗਿਰਾਰਥ ਕੋਸ਼, ਕ੍ਰਿਤ ਪੰ. ਤਾਰਾ ਸਿੰਘ ਨਰੋਤਮ); ਗਯਾਤ, ਸੋਝੀ ਵਾਲੀ ਸ਼ਕਤੀ, ਖ਼ਬਰ, ਚਿਤ ਬ੍ਰਿਤੀ, ਹੋਸ਼, ਵੇਦ, ਭਲੀ ਪ੍ਰੀਤ, ਆਦਿ।(ਖਾਲਸਾ ਟ੍ਰੈਕਟ ਸੋਸਾਇਟੀ ਦੇ ਸ੍ਰੀ ਗੁਰੂ ਗ੍ਰੰਥ ਕੋਸ਼); ਚਿੱਤ, ਧਿਆਨ, ਉੱਤਮ ਪ੍ਰੀਤਿ, ਵੇਦ, ਸੁਣਨਾ, ਸਵਰ ਦਾ ਵਿਭਾਗ (ਮਹਾਨ ਕੋਸ਼); ਵੇਖੋ ਹਵਾਲੇ: ਉਹੀ, ਪੰਨਾ 1.
(ii) Ordinary Consciousness, Sub and Superconsciousness, theBudhi, Inner superior knowledge; knowing, Attention, Contem- plation, profound Prayer/Meditation. (net)
17. ‘ਸੁਰਤਿ ਸ਼ਬਦ’ ਵਿਚਾਰ, ਪੰਨੇ 22-23.
18. ਸ. ਜਗਜੀਤ ਸਿੰਘ, ਸ਼ਬਦ-ਗੁਰੂ ਦੇ ਰਹੱਸ ਤੇ ਮਹੱਤਤਾ ਨੂੰ ਸਮਝੀਏ, ਗੁਰਮਤਿ ਪ੍ਰਕਾਸ਼, ਸਤੰਬਰ 2004.
ਲੇਖਕ ਬਾਰੇ
ਪਿੰਡ ਤੇ ਡਾਕ: ਸੂਲਰ, ਜ਼ਿਲ੍ਹਾ ਪਟਿਆਲਾ-147001
- ਡਾ. ਗੁਰਵਿੰਦਰ ਕੌਰhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%b5%e0%a8%bf%e0%a9%b0%e0%a8%a6%e0%a8%b0-%e0%a8%95%e0%a9%8c%e0%a8%b0/December 1, 2007
- ਡਾ. ਗੁਰਵਿੰਦਰ ਕੌਰhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%b5%e0%a8%bf%e0%a9%b0%e0%a8%a6%e0%a8%b0-%e0%a8%95%e0%a9%8c%e0%a8%b0/
- ਡਾ. ਗੁਰਵਿੰਦਰ ਕੌਰhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%b5%e0%a8%bf%e0%a9%b0%e0%a8%a6%e0%a8%b0-%e0%a8%95%e0%a9%8c%e0%a8%b0/
- ਡਾ. ਗੁਰਵਿੰਦਰ ਕੌਰhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%b5%e0%a8%bf%e0%a9%b0%e0%a8%a6%e0%a8%b0-%e0%a8%95%e0%a9%8c%e0%a8%b0/April 1, 2008
- ਡਾ. ਗੁਰਵਿੰਦਰ ਕੌਰhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%b5%e0%a8%bf%e0%a9%b0%e0%a8%a6%e0%a8%b0-%e0%a8%95%e0%a9%8c%e0%a8%b0/May 1, 2008
- ਡਾ. ਗੁਰਵਿੰਦਰ ਕੌਰhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%b5%e0%a8%bf%e0%a9%b0%e0%a8%a6%e0%a8%b0-%e0%a8%95%e0%a9%8c%e0%a8%b0/June 1, 2008
- ਡਾ. ਗੁਰਵਿੰਦਰ ਕੌਰhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%b5%e0%a8%bf%e0%a9%b0%e0%a8%a6%e0%a8%b0-%e0%a8%95%e0%a9%8c%e0%a8%b0/July 1, 2008
- ਡਾ. ਗੁਰਵਿੰਦਰ ਕੌਰhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%b5%e0%a8%bf%e0%a9%b0%e0%a8%a6%e0%a8%b0-%e0%a8%95%e0%a9%8c%e0%a8%b0/
- ਡਾ. ਗੁਰਵਿੰਦਰ ਕੌਰhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%b5%e0%a8%bf%e0%a9%b0%e0%a8%a6%e0%a8%b0-%e0%a8%95%e0%a9%8c%e0%a8%b0/September 1, 2008
- ਡਾ. ਗੁਰਵਿੰਦਰ ਕੌਰhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%b5%e0%a8%bf%e0%a9%b0%e0%a8%a6%e0%a8%b0-%e0%a8%95%e0%a9%8c%e0%a8%b0/October 1, 2008