editor@sikharchives.org
Sikh Woman

ਸਿੱਖ ਇਸਤਰੀ ਦਾ ਪਰਵਾਰ ਤੇ ਪੰਥ ਪ੍ਰਤੀ ਫ਼ਰਜ਼

ਸਿੱਖ-ਪੰਥ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ ਲਈ ਇਸਤਰੀ ਬਹੁਤ ਮਹੱਤਤਾ ਰੱਖਦੀ ਹੈ
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਅੱਜ ਦੇ ਯੁੱਗ ਵਿਚ ਹਰ ਇਕ ਵਿਅਕਤੀ ਸੁਖ, ਆਰਾਮ ਅਤੇ ਸ਼ਾਂਤੀ ਚਾਹੁੰਦਾ ਹੈ ਪਰ ਇਹ ਪੈਸੇ ਨਾਲ ਹੀ ਇਹ ਸਭ ਖ਼ਰੀਦਣਾ ਚਾਹੁੰਦਾ ਹੈ। ਇਸ ਲਈ ਇਹ ਪੈਸੇ ਦੀ ਦੌੜ ਮਗਰ ਪੈ ਗਿਆ ਹੈ ਜੋ ਸਰਾਸਰ ਗ਼ਲਤ ਹੈ। ਜੇਕਰ ਅੱਜ ਦੀ ਇਸਤਰੀ ਸਬਰ-ਸੰਤੋਖ ਵਿਚ ਯਕੀਨ ਰੱਖ ਲਵੇ ਜਿਵੇਂ ਗੁਰੂ ਮਹਾਰਾਜ ਫ਼ਰਮਾਉਂਦੇ ਹਨ-

ਬਿਨਾ ਸੰਤੋਖ ਨਹੀ ਕੋਊ ਰਾਜੈ ॥
ਸੁਪਨ ਮਨੋਰਥ ਬ੍ਰਿਥੇ ਸਭ ਕਾਜੈ ॥ (ਪੰਨਾ 279)

ਤਾਂ ਉਹ ਸਹੀ ਅਰਥਾਂ ਵਿਚ ਆਪਣੇ ਘਰ-ਪਰਵਾਰ ਪ੍ਰਤੀ ਅਤੇ ਸਿੱਟੇ ਦੇ ਤੌਰ ’ਤੇ ਪੰਥ ਪ੍ਰਤੀ ਵੱਡਾ ਉਸਾਰੂ ਰੋਲ ਅਦਾ ਕਰ ਸਕਦੀ ਹੈ। ਜਦੋਂ ਇਸ ਗੱਲ ਦੀ ਇਸਤਰੀ ਨੂੰ ਸਮਝ ਆ ਜਾਵੇਗੀ ਤਦ ਉਹ ਆਪਣੇ ਪਰਵਾਰ ਨੂੰ ਸਬਰ ਦੀ ਜ਼ਿੰਦਗੀ ਬਤੀਤ ਕਰਨੀ ਸਿਖਾ ਦੇਵੇਗੀ। ਸਬਰ-ਸੰਤੋਖ ਵਿਚ ਜੀਵਨ ਗੁਜ਼ਾਰਨ ਵਾਲੇ ਸਿੱਖ ਪਰਵਾਰ ਸਿੱਖ ਪੰਥ ਦੀ ਗੌਰਵਮਈ ਇਤਿਹਾਸਕ ਆਨ-ਸ਼ਾਨ ਨੂੰ ਕਾਇਮ ਕਰ ਸਕਦੇ ਹਨ। ਸਿੱਖ-ਪੰਥ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ ਲਈ ਇਸਤਰੀ ਬਹੁਤ ਮਹੱਤਤਾ ਰੱਖਦੀ ਹੈ। ਗੁਰ-ਇਤਿਹਾਸ ਇਸ ਤੱਥ ਨੂੰ ਸਬੂਤ ਦੇ ਰੂਪ ਵਿਚ ਉਜਾਗਰ ਕਰਦਾ ਹੈ। ਜਿਵੇਂ ਕਿ: ਬੇਬੇ ਨਾਨਕੀ ਜੀ ਜਿਨ੍ਹਾਂ ਨੂੰ ਸਾਰੇ ਪੰਥ ਦੀ ਭੈਣ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ,

ਜਿਨ੍ਹਾਂ ਨੇ ਆਪਣੇ ਵੀਰ ਸ੍ਰੀ ਗੁਰੂ ਨਾਨਕ ਦੇਵ ਜੀ ਅੰਦਰ ਜਗਦੀ ਜੋਤ ਨੂੰ ਸਭ ਤੋਂ ਪਹਿਲਾਂ ਮਹਿਸੂਸ ਕੀਤਾ ਅਤੇ ਆਪਣੇ ਪਿਤਾ ਮਹਿਤਾ ਕਾਲੂ ਜੀ ਨੂੰ ਕਿਹਾ ਕਿ ਮੇਰਾ ਵੀਰ ਤਾਂ ਨਿਰੰਕਾਰ ਵੱਲੋਂ ਭੇਜੀ ਹੋਈ ਦੁਨੀਆਂ ਨੂੰ ਰੋਸ਼ਨੀ ਦੇਣ ਵਾਲੀ ਜੋਤ ਹੈ। ਫਿਰ ਜਦ ਸ੍ਰੀ ਗੁਰੂ ਨਾਨਕ ਦੇਵ ਜੀ ਦੁਨੀਆਂ ਦਾ ਉਧਾਰ ਕਰਨ ਲਈ ਨਿਕਲੇ ਤਾਂ ਇਹ ਬੇਬੇ ਨਾਨਕੀ ਜੀ ਹੀ ਸਨ ਜਿਨ੍ਹਾਂ ਨੇ ਮਾਤਾ ਸੁਲੱਖਣੀ ਜੀ ਅਤੇ ਉਨ੍ਹਾਂ ਦੇ ਬੱਚਿਆਂ ਦੀ ਜ਼ਿੰਮੇਵਾਰੀ ਲੈ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਮਨੁੱਖਤਾ ਦੀ ਸੇਵਾ ਨਿਭਾਉਣ ਵਾਸਤੇ ਘਰ-ਪਰਵਾਰ ਦੀਆਂ ਜ਼ਿੰਮੇਵਾਰੀਆ ਤੋਂ ਕਾਫ਼ੀ ਹੱਦ ਤਕ ਸੁਰਖਰੂ ਕੀਤਾ। ਬੇਬੇ ਨਾਨਕੀ ਜੀ ਦੇ ਵੱਡੇ ਭੈਣ ਜੀ ਹੋਣ ਦਾ ਮਾਣ ਉਨ੍ਹਾਂ ਦੀ ਝੋਲੀ ਵਿਚ ਕੁੱਲ ਸੰਸਾਰ ਵੱਲੋਂ ਪੈਂਦਾ ਆ ਰਿਹਾ ਹੈ। ਇਥੋਂ ਤਕ ਕਿ ਉਨ੍ਹਾਂ ਦੇ ਪਤੀ ਸ੍ਰੀ ਜੈ ਰਾਮ ਜੀ ਨੇ ਇਹ ਕਹਿੰਦਿਆਂ ਨਾਨਕੀ ਜੀ ਅਤੇ ਉਨ੍ਹਾਂ ਦੇ ਵੀਰ ਨਾਨਕ ਨੂੰ ਵਡਿਆਇਆ ਹੈ ਕਿ ਧੰਨ- ਧੰਨ ਹੈ ਤੇਰਾ ਵੀਰ ਜੋ ਜਗਤ-ਉਧਾਰ ਦੇ ਵਾਸਤੇ ਇੰਨਾ ਕੁਝ ਕਰ ਰਿਹਾ ਏ।

ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸੁਪਤਨੀ ਮਾਤਾ ਖੀਵੀ ਜੀ ਲੰਗਰ ਸੰਸਥਾ ਦੇ ਪਹਿਲੇ ਸੰਚਾਲਕ ਬਣੇ। ਘਿਉ ਦੀ ਖੀਰ ਵਰਤਾ ਮਾਤਾ ਜੀ ਸੰਘਣੇ ਪੱਤਿਆਂ ਵਾਲੀ ਛਾਂ ਬਣੇ। ਵਰਤਮਾਨ ਸਮੇਂ ਵਿਚ ਵੀ ਇਸ ਰਵਾਇਤ ਨੂੰ ਜਾਰੀ ਰੱਖਦਿਆਂ ਸ੍ਰੀ ਖਡੂਰ ਸਾਹਿਬ ਦੇ ਗੁਰਦੁਆਰੇ ਵਿਚ ਘਿਉ ਵਾਲੀ ਖੀਰ ਵਰਤਾਈ ਜਾਂਦੀ ਹੈ। ਇਨ੍ਹਾਂ ਬਾਰੇ ਗੁਰੂ-ਘਰ ਦੇ ਰਬਾਬੀ ਨੇ ਫ਼ਰਮਾਇਆ ਹੈ:

ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ ॥
ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰਿ ਘਿਆਲੀ ॥ (ਪੰਨਾ 967)

ਸਿੱਖ-ਪੰਥ ਦੇ ਪਹਿਲੇ ਇਸਤਰੀ ਪ੍ਰਚਾਰਕ ਬੀਬੀ ਅਮਰੋ ਜੀ ਨੂੰ ਸਵੀਕਾਰਿਆ ਜਾ ਸਕਦਾ ਹੈ ਜਿਨ੍ਹਾਂ ਨੂੰ ਮਾਂ ਖੀਵੀ ਜੀ ਨੇ ਗੁਰਬਾਣੀ ਦੀ ਐਸੀ ਗੁੜ੍ਹਤੀ ਦਿੱਤੀ ਕਿ ਉਨ੍ਹਾਂ ਨੂੰਹ ਦੇ ਰਿਸ਼ਤੇ ਨਾਲ ਸਹੁਰੇ ਘਰ ਵਿਚ ਬਾਣੀ ਦਾ ਐਸਾ ਬੀਜ, ਬੀਜ ਦਿੱਤਾ ਕਿ ਇਸ ਪਰਵਾਰ ਵਿੱਚੋਂ ਬਾਬਾ ਅਮਰਦਾਸ ਜੀ ਨੂੰ ਗੁਰੂ-ਪਦਵੀ ਪ੍ਰਾਪਤ ਹੋਈ। ਮਾਤਾ ਸਾਹਿਬ ਕੌਰ ਨੂੰ ਖਾਲਸੇ ਦੀ ਮਾਤਾ ਦਾ ਖਿਤਾਬ ਮਿਲਿਆ। ਮਾਤਾ ਗੁਜਰੀ ਜੀ ਸਿੱਖ ਇਤਿਹਾਸ ਵਿਚ ਪਹਿਲੀ ਸ਼ਹੀਦ ਇਸਤਰੀ ਹੈ ਜਿਨ੍ਹਾਂ ਨੇ ਮਾਂ, ਪਤਨੀ ਅਤੇ ਦਾਦੀ ਦੇ ਰਿਸ਼ਤਿਆਂ ਨੂੰ ਅਦੁੱਤੀ ਰੂਪ ’ਚ ਨਿਭਾਇਆ ਅਤੇ ਸਿੱਖ-ਪੰਥ ਦੀ ਸੁਯੋਗ ਅਗਵਾਈ ਕੀਤੀ। ਮਾਤਾ ਸੁੰਦਰ ਕੌਰ ਜੀ ਨੇ ਪੰਥ ਨੂੰ ਦੋ-ਫਾੜ ਹੋਣ ਤੋਂ ਬਚਾ ਕੇ ਇਤਿਹਾਸ ਨੂੰ ਨਵਾਂ ਮੋੜ ਦਿੱਤਾ। ਜੇਕਰ ਮਾਤਾ ਭਾਗੋ ਜੀ ਗੁਰੂ ਸਾਹਿਬ ਤੋਂ ਵਿੱਛੜ ਕੇ ਆਏ ਸਿੱਖਾਂ ਨੂੰ ਲਾਹਨਤਾਂ ਨਾ ਪਾਉਂਦੀ ਤਾਂ ਅੱਜ ਸਿੱਖ-ਪੰਥ ਦੇ ਇਤਿਹਾਸ ਵਿਚ ਸ੍ਰੀ ਮੁਕਤਸਰ ਸਾਹਿਬ ਦੀ ਅਪਾਰ ਮਹਿਮਾ ਦਾ ਜ਼ਿਕਰ ਕਿਵੇਂ ਹੁੰਦਾ?

ਆਓ! ਵਿਚਾਰ ਕਰੀਏ ਕਿ ਅੱਜ ਵਰਤਮਾਨ ਸਮੇਂ ਅੰਦਰ ਸਿੱਖ ਬੀਬੀਆਂ ਪਰਵਾਰਾਂ ਵਿਚ ਕਿੰਨਾ ਯੋਗਦਾਨ ਪਾ ਸਕਦੀਆਂ ਹਨ।

ਪਰਵਾਰ ਨੂੰ ਖੁਸ਼, ਸੰਤੁਸ਼ਟ ਰੱਖਣ, ਆਪਸੀ ਪਿਆਰ, ਸ਼ਾਂਤੀ ਤੇ ਮਿਲਵਰਤਨ ਬਣਾਈ ਰੱਖਣ ਲਈ ਮਾਂ ਤੇ ਪਤਨੀ ਦਾ ਸਭ ਤੋਂ ਵੱਡਾ ਰੋਲ ਹੁੰਦਾ ਹੈ। ਅੱਜ ਲੜਕੀਆਂ ਦਾ ਲਿਬਾਸ ਦੇਖ ਕੇ ਅਤੇ ਟੀ.ਵੀ. ਵਿਚ ਇਨ੍ਹਾਂ ਦੇ ਉਲਟੇ-ਸਿੱਧੇ ਰੋਲ ਵੇਖ ਕੇ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। ਦੁਪੱਟਾ ਜਿਸ ਨੂੰ ਇਸਤਰੀ ਦੀ ਇੱਜ਼ਤ ਸਮਝਿਆ ਜਾਂਦਾ ਸੀ ਅੱਜ ਸਿਰ ’ਤੇ ਕੀ, ਗਲੇ ਵਿੱਚੋਂ ਵੀ ਗਾਇਬ ਹੋ ਗਿਆ ਹੈ। ਇਸ ਸਬੰਧ ਵਿਚ ਸਿੱਖ ਆਪਣੀ ਧੀ ਨੂੰ ਆਪਣੇ ਸਿੱਖੀ ਜੀਵਨ ਅਤੇ ਪਿਆਰ ਭਰੀ ਪ੍ਰੇਰਨਾ ਨਾਲ ਸਹੀ ਮਾਰਗ ’ਤੇ ਲਿਆ ਸਕਦੀ ਹੈ।

ਜੋ ਇਸਤਰੀ ਗੁਣਵੰਤੀ, ਬੱਤੀਹ ਸੁਲਖਣੀ ਹੋਵੇਗੀ, ਪਰਵਾਰ ਨੂੰ ਸਿੱਧੇ ਰਸਤੇ ਪਾਵੇਗੀ ਅਤੇ ਉਹ ਘਰ ਸਵਰਗ ਹੋਵੇਗਾ ਅਤੇ ਉਥੇ ਦੀਨ-ਦੁਨੀਆਂ ਦੇ ਸਾਰੇ ਸੁਖ ਅਤੇ ਖੁਸ਼ੀਆਂ ਹੋਣਗੀਆਂ। ਨੂੰਹ-ਸੱਸ ਦੇ ਰਿਸ਼ਤੇ ਨੂੰ ਸੁਖਾਵਾਂ ਬਣਾਉਣ ਲਈ ਨੂੰਹ ਦੀ, ਸੱਸ ਮਾਂ ਦੀ ਜ਼ਿੰਮੇਵਾਰੀ ਇਕੋ ਜਿਹੀ ਮਹੱਤਵਪੂਰਨ ਹੈ। ਸਿੱਖ ਸੱਸ-ਮਾਂ ਅਤੇ ਸਿੱਖ ਨੂੰਹ ਜੇਕਰ ਦੋਵੇਂ ਗੁਰਮਤਿ ਜੀਵਨ-ਜਾਚ ਤੋਂ ਜਾਣੂੰ ਹੋਣ ਤਾਂ ਜਿੱਥੇ ਉਨ੍ਹਾਂ ਵਿਚ ਆਪਸੀ ਪਿਆਰ ਤੇ ਮਿਲਵਰਤਨ ਹੋ ਸਕਦਾ ਹੈ ਉਥੇ ਘਰੇਲੂ ਕਲੇਸ਼ ਤੇ ਲੜਾਈ-ਝਗੜਿਆਂ ਤੋਂ ਰਹਿਤ ਮਾਹੌਲ ਪੈਦਾ ਹੋ ਸਕਦਾ ਹੈ। ਇਉਂ ਅੰਤਮ ਰੂਪ ’ਚ ਸਿੱਖ-ਪੰਥ ਦੀ ਚੜ੍ਹਦੀ ਕਲਾ ਯਕੀਨੀ ਹੋ ਸਕਦੀ ਹੈ।

ਸਿੱਖ ਮਾਤਾ-ਪਿਤਾ ਨੂੰ ਆਪਣੀ ਬੱਚੀ ਨੂੰ ਵਿਆਹੁਣ ਤੋਂ ਪਹਿਲਾਂ ਜਾਂ ਸਹੁਰੇ- ਘਰ ਲਈ ਤੋਰਨ ਸਮੇਂ ਸਮਝਾਉਣਾ ਚਾਹੀਦਾ ਹੈ ਕਿ ਸੱਸ ਵੀ ਇਕ ਸਹੀ ਮਾਂ ਹੈ ਜੋ ਆਪਣੇ ਪੁੱਤਰ ਦੀ ਘਰ-ਗ੍ਰਿਹਸਥੀ ਦੀ ਨੀਂਹ ਤਿਆਰ ਕਰਦੀ ਹੈ। ਜੇਕਰ ਸੱਸ, ਨੂੰਹ ਦੇ ਪਿਆਰ ਅਤੇ ਸਤਿਕਾਰ ਦੇ ਮਿੱਠੇ ਬੋਲਾਂ ਦਾ ਦਿਲੋਂ ਵਜੋਂ ਸਵਾਗਤ ਕਰੇਗੀ ਤਾਂ ਨੂੰਹ ਵੀ ਇਸ ਦਾ ਚੰਗਾ ਹੁੰਗਾਰਾ ਭਰੇਗੀ ਅਤੇ ਇਵੇਂ ਘਰ ਸਵਰਗ ਬਣ ਜਾਵੇਗਾ। ਸੱਸ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਨੂੰਹ ਵੀ ਕਿਸੇ ਦੀ ਪਿਆਰੀ ਬੇਟੀ ਹੈ। ਅੱਜ ਪੜ੍ਹਿਆ-ਲਿਖਿਆ ਸਮਾਜ ਹੋਣ ਕਰਕੇ ਉਹ ਦਿਨ ਲੰਘ ਗਏ ਹਨ ਜਦੋਂ ਔਰਤ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ। ਪਰ ਅਜੇ ਵੀ ਔਰਤ ਦੇ ਸਮਾਜ ਵਿਚ ਉਚਿਤ ਮਾਣ-ਸਨਮਾਨ ਵਾਸਤੇ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ। ਭਾਰਤ ਵਿਚ ਅੱਜ ਵੀ ਔਰਤ ਨੂੰ ਤਿੰਨ ਪੱਪਿਆਂ (ਪ) ਦੀ ਮੁਥਾਜ ਸਮਝਿਆ ਜਾਂਦਾ ਹੈ- ਬਚਪਨ ਵਿਚ ਪਿਤਾ, ਜਵਾਨੀ ਵਿਚ ਪਤੀ ਅਤੇ ਬੁਢਾਪੇ ਵਿਚ ਪੁੱਤਰਾਂ ਦੀ। ਸੰਵਿਧਾਨ ਨੇ ਔਰਤਾਂ ਨੂੰ ਕਾਫ਼ੀ ਹੱਕ ਦਿੱਤੇ ਹਨ। ਲੜਕੀਆਂ ਪੜ੍ਹਾਈ ਕਰ ਰਹੀਆਂ ਹਨ, ਜੋ ਚੰਗੀ ਗੱਲ ਹੈ। ਪਰ ਫ਼ਿਕਰ ਵਾਲੀ ਗੱਲ ਇਹ ਹੈ ਕਿ ਪਰਵਾਰ ਟੁੱਟਦੇ ਜਾ ਰਹੇ ਹਨ। ਅੱਜ 75% ਅਦਾਲਤਾਂ ਵਿਚ ਕੇਸ ਤਲਾਕ ਦੇ ਚੱਲ ਰਹੇ ਹਨ ਅਤੇ ਲੱਗਭਗ ਹਰ ਕੇਸ ਵਿਚ ਦਾਜ ਦਾ ਇਲਜ਼ਾਮ ਲਾਇਆ ਜਾ ਰਿਹਾ ਹੈ।

ਅਸਲ ਵਿਚ ਔਰਤ ਦੀ ਉਥੇ ਹਾਲਤ ਮਾੜੀ ਹੈ ਜਿੱਥੇ ਪਰਵਾਰਿਕ ਜੀਅ ਗੁਰੂ ਸਾਹਿਬ ਦੀ ਸਿੱਖਿਆ ਭੁੱਲਦੇ ਜਾ ਰਹੇ ਹਨ। ਗੁਰਬਾਣੀ ਦਾ ਤਾਂ ਸੰਦੇਸ਼ ਹੈ ਕਿ ਸਾਰੀ ਦੁਨੀਆਂ ਹੀ ਇਕ ਪਰਵਾਰ ਹੈ। ਫਿਰ ਘਰ-ਪਰਵਾਰ ’ਚ ਤਾਂ ਵੱਖ-ਵੱਖ ਜੀਆਂ ਵਿਚਕਾਰ ਆਪਸੀ ਪਿਆਰ ਤੇ ਮਿਲਵਰਤਨ ਹੋਣਾ ਹੋਰ ਵੀ ਜ਼ਰੂਰੀ ਹੈ। ਗੁਰਬਾਣੀ ਦੀ ਸੇਧ ’ਚ ਚੱਲਿਆਂ ਸਭ ਤਰ੍ਹਾਂ ਦੇ ਘਰੇਲੂ ਝਗੜੇ ਖ਼ਤਮ ਹੋ ਸਕਦੇ ਹਨ। ਨਿਮਰਤਾ, ਹਲੀਮੀ, ਕੁਰਬਾਨੀ ਤੇ ਆਪਾ-ਤਿਆਗ ਦੇ ਗੁਣ ਗੁਰਬਾਣੀ ਦੀ ਸੇਧ ਵਿਚ ਚੱਲਿਆਂ ਘਰ ਪਰਵਾਰ ’ਚ ਰਹਿੰਦਿਆਂ ਹੀ ਵਿਕਸਤ ਹੋ ਸਕਦੇ ਹਨ।

ਕੁੱਲ ਸਮੱਸਿਆਵਾਂ ਦੀ ਮੂਲ ਜੜ੍ਹ ਇਹ ਹੈ ਕਿ ਸਿੱਖ-ਇਸਤਰੀ ਸਿੱਖ ਪਰਵਾਰ ਨਾਲ ਸੰਬੰਧਿਤ ਹੋ ਕੇ ਗੁਰੂ ਦੀ ਨਿਰਮਲ ਸਿੱਖਿਆ ਤੋਂ ਅਨਜਾਣ ਹੈ। ਅਗਰ ਅਸੀਂ ਲੜਕੀ ਦੇ ਜੰਮਣ ਤੋਂ ਪਹਿਲਾਂ ਹੀ ਉਸ ਨੂੰ ਮਾਰ ਦੇਣ ਦੀ ਗੱਲ ਸੁਣਦੇ ਹਾਂ ਤਾਂ ਉਹ ਵੀ ਨੂੰਹ, ਸੱਸ, ਨਨਾਣ, ਭਰਜਾਈ ਤੋਂ ਹੀ ਚੱਲਦੀ ਹੈ ਤੇ ਖ਼ੁਦ ਇਸਤਰੀ ਹੀ ਇਸ ਦੀ ਜ਼ਿੰਮੇਵਾਰ ਹੈ। ਜੇਕਰ ਉਹ “ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ” ਦੇ ਗੁਰ-ਫ਼ਰਮਾਨ ਨੂੰ ਸਮਝ ਲਵੇ ਤਾਂ ਉਹ ਇਸ ਕੁਰਾਹੇ ਤੋਂ ਤੋਬਾ ਕਰ ਲਵੇਗੀ। ਅਸਲ ਵਿਚ ਗੁਰਮਤਿ ਜੀਵਨ-ਜਾਚ ਤੋਂ ਥਿੜਕ ਕੇ ਔਰਤ ਹੀ ਔਰਤ ਦੀ ਦੁਸ਼ਮਣ ਬਣ ਗਈ ਹੈ। ਬਹੁਤ ਹੱਦ ਤਕ ਔਰਤ ਆਪਣੀ ਬਰਬਾਦੀ ਦੀ ਆਪ ਜ਼ਿੰਮੇਵਾਰ ਹੈ। ਔਰਤ ਨੂੰ ਆਪਣਾ ਅਸਲੀ ਵਜੂਦ ਬਰਕਰਾਰ ਰੱਖਣ ਵਾਸਤੇ ਇਸ ਮਸਲੇ ’ਤੇ ਉਸਾਰੂ ਸੋਚ ਤੇ ਅਮਲ ਦਰਸਾਉਣਾ ਪਵੇਗਾ।

ਅਫ਼ਸੋਸ! ਅੱਜ ਦੇ ਫੈਸ਼ਨ ਦੇ ਯੁੱਗ ਵਿਚ ਔਰਤ ਆਪਣੇ ਗੁਣਾਂ ਨੂੰ ਪਹਿਲ ਦੇਣ ਦੀ ਥਾਂ ਔਗੁਣਾਂ ਨੂੰ ਸੱਦਾ ਦੇ ਰਹੀ ਹੈ। ਔਰਤ ਕੋਲ ਹੁਣ ਆਪਣੇ ਬੱਚਿਆਂ ਲਈ ਅਤੇ ਪਤੀ ਲਈ ਕੋਈ ਵਕਤ ਨਹੀਂ ਹੈ। ਹੋਰ ਤਾਂ ਹੋਰ ਅੱਜ ਦੀ ਔਰਤ ਨਸ਼ੇ ਵਰਗੀ ਘਾਤਕ ਚੀਜ਼ ਜਿਸ ਵੱਲ ਉਹ ਤੱਕਦੀ ਵੀ ਨਹੀਂ ਸੀ, ਅੱਜ ਅਪਣਾ ਰਹੀ ਦਿੱਸਦੀ ਹੈ ਜੋ ਘੋਰ ਚਿੰਤਾ ਦਾ ਮਸਲਾ ਹੈ। ਪਹਿਲਾਂ ਇਸਤਰੀ ਵਿਚ ਸਹਿਨਸ਼ੀਲਤਾ, ਦਇਆ ਅਤੇ ਹਮਦਰਦੀ ਦੇ ਗੁਣ ਮਿਲਦੇ ਸਨ। ਅੱਜ ਦੀ ਇਸਤਰੀ ਆਪਣੇ ਬਾਰੇ ਸੋਚਦੀ ਹੈ ਅਤੇ ਸੁਪਨਿਆਂ ਦੀ ਦੁਨੀਆਂ ਵਿਚ ਰਹਿ ਕੇ ਝੂਠੀ ਸ਼ੁਹਰਤ ਅਤੇ ਸ਼ਾਨ ਦੀ ਖ਼ਾਤਰ ਆਪਣੀ ਅਸਲ ਪਹਿਚਾਨ ਨੂੰ ਗਵਾ ਰਹੀ ਹੈ। ਇਹ ਉਸ ਦੇ ਗੁਰਬਾਣੀ ਦੇ ਉਪਦੇਸ਼ ਨੂੰ ਭੁੱਲ ਜਾਣ ਕਰਕੇ ਵਾਪਰ ਰਿਹਾ ਹੈ।

ਪੁਰਾਣੇ ਜ਼ਮਾਨੇ ਵਿਚ ਜਦ ਪਰਵਾਰ ਇਕੱਠੇ ਹੁੰਦੇ ਸਨ ਤਦ ਦਾਦੀ ਮਾਂ ਜਾਂ ਨਾਨੀ ਮਾਂ ਬੱਚਿਆਂ ਨੂੰ ਰਾਤ ਨੂੰ ਸੁਹਣੀਆਂ ਕਹਾਣੀਆਂ ਅਤੇ ਗੁਰਮਤਿ ਦੀਆਂ ਸਾਖੀਆਂ ਸੁਣਾਉਂਦੀਆਂ ਸਨ ਜਿਹੜੀਆਂ ਬੱਚਿਆਂ ’ਤੇ ਬਹੁਤ ਚੰਗਾ ਅਸਰ ਪਾਉਂਦੀਆਂ ਸਨ। ਅੱਜ ਦੀ ਪਨੀਰੀ ਕੱਲ੍ਹ ਦੀ ਵਾਰਸ ਹੈ। ਗੁਰਬਾਣੀ ਵਿਚ ਪਤੀ-ਪਰਮਾਤਮਾ ਨੂੰ ਪਾਉਣ ਦਾ ਤਰੀਕਾ ਪ੍ਰੇਮ ਹੀ ਦੱਸਿਆ ਹੈ। ਦਸਮ ਪਾਤਸ਼ਾਹ ਉਚਾਰਨ ਕਰਦੇ ਹਨ:

ਸਾਚੁ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ॥  (ਸਵੱਯੇ ਪਾ: 10)

ਜੇਕਰ ਅਸੀਂ ਨਿਸਚੈ ਤੇ ਪਿਆਰ ਨਾਲ ਪਰਮਾਤਮਾ ਦੀ ਪ੍ਰਾਪਤੀ ਕਰ ਸਕਦੇ ਹਾਂ ਤਾਂ ਕੀ ਦੁਨਿਆਵੀ ਪਤੀ ਨੂੰ ਨਹੀਂ ਜਿੱਤਿਆ ਜਾ ਸਕਦਾ?

ਜੇਕਰ ਇਸਤਰੀ ਪਿਆਰ, ਲਗਨ ਅਤੇ ਸਤਿਕਾਰ ਦਾ ਹਥਿਆਰ ਅਪਣਾ ਲਵੇ ਤਾਂ ਘਰ ਵਿਚ ਨਾ ਸਿਰਫ਼ ਸੁਖ-ਸ਼ਾਂਤੀ ਦਾ ਹੀ ਵਰਤਾਰਾ ਹੋਵੇਗਾ ਬਲਕਿ ਉਹ ਘਰ ਸੱਚਖੰਡ ਬਣ ਜਾਵੇਗਾ। ਔਰਤ ਘਰ ਦਾ ਸ਼ਿੰਗਾਰ ਹੀ ਨਹੀਂ ਬਲਕਿ ਰੂਹ ਵੀ ਹੈ। ਔਰਤ ਸੁਚੇਤ ਹੋਵੇ ਤਾਂ ਮਰਦ ਜੀਵਨ ਦੇ ਸਹੀ ਮਾਰਗ ’ਤੇ ਜਾਵੇਗਾ ਅਤੇ ਘਰ, ਪਰਵਾਰ ਤੇ ਸਮਾਜ ਦੀ ਤਰੱਕੀ ’ਚ ਭਰਪੂਰ ਹਿੱਸਾ ਪਾਏਗਾ।

ਜੇਕਰ ਅੱਜ ਵੀ ਭੈਣਾਂ ਅਤੇ ਬੱਚੀਆਂ ਆਪਣੇ ਧਰਮ, ਆਪਣੇ ਸਭਿਆਚਾਰ ਨਾਲ ਜੁੜਨ ਦੀ ਕੋਸ਼ਿਸ਼ ਕਰਨ ਤਾਂ ਅੱਜ ਵੀ ਬੀਬੀਆਂ ਪਹਿਲੀਆਂ ਮਾਤਾਵਾਂ ਵਾਂਗ, ਸਿੱਖ ਬੀਬੀਆਂ ਤੇ ਪਹਿਲੇ ਵਾਂਗ ਵਾਹਿਗੁਰੂ ਦੀ ਬਖਸ਼ਿਸ਼ ਦੀਆਂ ਪਾਤਰ ਬਣ ਜਾਣਗੀਆਂ। ਸਿੱਖ ਬੀਬੀਆਂ ਦੁਆਰਾ ਗੁਰਮਤਿ ਅਸੂਲਾਂ, ਗੁਰਬਾਣੀ ਵਿਚ ਵਰਣਤ ਰੂਹਾਨੀ ਅਤੇ ਸਦਾਚਾਰਕ ਗੁਣਾਂ ਦਾ ਸੰਚਾਰ ਤੇ ਪਾਸਾਰ ਸਿੱਖ ਕੌਮ ਨੂੰ ਸਭ ਤਰ੍ਹਾਂ ਦੇ ਮੌਜੂਦ ਸੰਕਟਾਂ ’ਚੋਂ ਕੱਢ ਕੇ ਚੜ੍ਹਦੀ ਕਲਾ ਵੱਲ ਲਿਜਾ ਸਕਦਾ ਹੈ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

7/2, ਰਾਣੀ ਕਾ ਬਾਗ, ਨੇੜੇ ਸਟੇਟ ਬੈਂਕ ਆਫ ਇੰਡੀਆ, ਅੰਮ੍ਰਿਤਸਰ
ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)