editor@sikharchives.org

ਸਿੱਖ ਇਤਿਹਾਸ ਦੀ ਅਦੁੱਤੀ ਸ਼ਖ਼ਸੀਅਤ ਬਾਬਾ ਬੰਦਾ ਸਿੰਘ ਬਹਾਦਰ

ਬਾਬਾ ਬੰਦਾ ਸਿੰਘ ਬਹਾਦਰ ਦੀ ਪ੍ਰਸਿੱਧੀ ਦੂਰ-ਦੂਰ ਤਕ ਫੈਲ ਗਈ ਸੀ ਤੇ ਬਹੁਤ ਲੋਕ ਜੋ ਜ਼ਾਲਮ ਸ਼ਾਸਕਾਂ ਤੋਂ ਦੁਖੀ ਸਨ, ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਆ ਰਲੇ ਸਨ।
ਬੁੱਕਮਾਰਕ ਕਰੋ (1)

No account yet? Register

ਪੜਨ ਦਾ ਸਮਾਂ: 1 ਮਿੰਟ

ਬਾਬਾ ਬੰਦਾ ਸਿੰਘ ਬਹਾਦਰ ਭਾਰਤ ਦੇ ਇਤਿਹਾਸ ਵਿਚ ਨਾ-ਭੁੱਲਣਵਾਲੀ ਉਹ ਮਹਾਨ ਸ਼ਖ਼ਸੀਅਤ ਹੋਈ ਹੈ, ਜਿਸ ਨੇ ਅਤਿਆਚਾਰ ਤੇ ਜ਼ੁਲਮ ਵਿਰੁੱਧ, ਦੁਖੀ ਲੋਕਾਂ ਦੀ ਲੜਾਈ ਲੜ ਕੇ ਜ਼ਾਲਮ ਸਾਮਰਾਜ ’ਤੇ ਕਰਾਰੀ ਸੱਟ ਮਾਰਨ ਚ ਸਫ਼ਲਤਾ ਪ੍ਰਾਪਤ ਕੀਤੀ। ਉਸ ਨੇ ਦੱਬੀ-ਕੁਚਲੀ ਜਨਤਾ ਨੂੰ ਇਨਸਾਫ ਦਿਵਾਉਣ ਲਈ ਸ਼ਾਹੀ ਸਲਤਨਤ ਨਾਲ ਸਿੱਧੀ ਟੱਕਰ ਲਈ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਿਸ਼ਨ ’ਤੇ ਚੱਲ ਕੇ ਲੋਕਾਂ ਵਿਚ ਅਜ਼ਾਦੀ ਪ੍ਰਾਪਤ ਕਰਨ ਦੀ ਭਾਵਨਾ ਕਾਇਮ ਕੀਤੀ।

ਬਾਬਾ ਬੰਦਾ ਸਿੰਘ ਬਹਾਦਰ ਦਾ ਮੁੱਢਲਾ ਨਾਮ ਲਛਮਣ ਦੇਵ ਸੀ, ਉਸ ਦਾ ਜਨਮ ਪੁਣਛ ਜ਼ਿਲ੍ਹੇ ’ਚ ਜੰਮੂ ਨੇੜੇ ਰਾਜੌਰੀ ਵਿਚ ਹੋਇਆ ਸੀ। ਉਸ ਨੂੰ ਮੁੱਢ ਤੋਂ ਹੀ ਘੋੜ-ਸਵਾਰੀ ਅਤੇ ਸ਼ਿਕਾਰ ਖੇਡਣ ਦਾ ਸ਼ੌਂਕ ਸੀ। ਇਕ ਦਿਨ ਸ਼ਿਕਾਰ ਦੌਰਾਨ ਉਸ ਨੇ ਨਦੀ ਦੇ ਕਿਨਾਰੇ ਇਕ ਹਿਰਨੀ ਦੇ ਤੀਰ ਮਾਰਿਆ ਜੋ ਗਰਭਵਤੀ ਸੀ। ਮਰੀ ਹੋਈ ਹਿਰਨੀ ਵਿੱਚੋਂ ਦੋ ਜਿਊਂਦੇ ਬੱਚੇ ਨਿਕਲੇ ਜੋ ਵੇਖਦਿਆਂ-ਵੇਖਦਿਆਂ ਹੀ ਮਰ ਗਏ, ਜਿਸ ਨਾਲ ਉਸ ਦੇ ਮਨ ’ਤੇ ਡੂੰਘਾ ਅਸਰ ਪਿਆ ਤੇ ਉਹ ਵੈਰਾਗੀ ਸਾਧੂ ਬਣ ਗਿਆ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਰਾਜਪੂਤਾਨੇ ਵਿਚ ਬਾਦਸ਼ਾਹ ਬਹਾਦਰ ਸ਼ਾਹ ਨਾਲ ਦੱਖਣ ਵੱਲ ਜਾ ਰਹੇ ਸਨ ਤਾਂ ਗੁਰੂ ਜੀ ਨੇ ਨਾਂਦੇੜ ਹੀ ਰੁਕ ਜਾਣ ਦਾ ਫੈਸਲਾ ਕਰ ਲਿਆ। ਇਥੇ ਜਦੋਂ ਗੁਰੂ ਜੀ ਨੂੰ ਵੈਰਾਗੀ ਸਾਧੂ ਮਾਧੋਦਾਸ ਨੂੰ ਮਿਲਣ ਲਈ ਉਸ ਦੇ ਡੇਰੇ ਗਏ। ਗੁਰੂ ਜੀ ਉਸ ਦੀ ਗ਼ੈਰ-ਹਾਜ਼ਰੀ ’ਚ ਉਸ ਦੇ ਪਲੰਘ ’ਤੇ ਆ ਕੇ ਬੈਠ ਗਏ ਤੇ ਜਦੋਂ ਮਾਧੋਦਾਸ ਨੂੰ ਪਤਾ ਲੱਗਾ ਤਾਂ ਉਸ ਨੇ ਗੁੱਸੇ ’ਚ ਆ ਕੇ ਗੁਰੂ ਜੀ ਦੀ ਹੇਠੀ ਕਰਨੀ ਚਾਹੀ, ਪਰ ਜਦੋਂ ਗੁਰੂ ਜੀ ਅੱਗੇ ਉਸ ਦੀ ਕਿਸੇ ਵੀ ਤਾਕਤ ਨੇ ਕੁਝ ਨਾ ਕੀਤਾ ਤਾਂ ਉਹ ਹਾਰ ਮੰਨ ਕੇ ਗੁਰੂ ਸਾਹਿਬ ਦੇ ਚਰਨਾਂ ’ਚ ਡਿੱਗ ਪਿਆ ਤੇ ਕਿਹਾ, “ਮੈਂ ਤੁਹਾਡਾ ਬੰਦਾ ਹਾਂ।”

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ-ਬਾਟੇ ਦਾ ਅੰਮ੍ਰਿਤ ਛਕਾ ਕੇ ਸਿੱਖੀ ਬਾਣਾ ਪਹਿਨਾ ਕੇ ਉਸ ਨੂੰ “ਬੰਦਾ ਸਿੰਘ” ਬਣਾ ਦਿੱਤਾ ਸੀ ਤੇ ਫਿਰ ਬਾਬਾ ਜੀ ਨੂੰ ਪੰਜ ਤੀਰ, ਪੰਜ ਪਿਆਰੇ ਤੇ ਹੋਰ ਸਿੰਘ ਦੇ ਕੇ ਪੰਜਾਬ ਵੱਲ ਤੋਰ ਦਿੱਤਾ। ਗੁਰੂ ਜੀ ਦੇ ਅਸ਼ੀਰਵਾਦ ਨਾਲ ਬਾਬਾ ਬੰਦਾ ਸਿੰਘ ਬਹਾਦਰ ਦੱਖਣ ਨਾਂਦੇੜ ਤੋਂ ਕੁਝ ਸਾਥੀਆਂ ਸਮੇਤ ਪੰਜਾਬ ਵੱਲ ਚੱਲ ਪਿਆ ਤੇ ਰੋਹਤਕ ਲੰਘ ਕੇ ਬਾਬਾ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਨਾਮੇ ਮਾਲਵੇ, ਮਾਝੇ ਅਤੇ ਦੁਆਬੇ ਦੇ ਸਿੰਘਾਂ ਵੱਲ ਭੇਜ ਦਿੱਤੇ। ਬਾਬਾ ਬੰਦਾ ਸਿੰਘ ਬਹਾਦਰ ਨੇ ਦਿੱਲੀ ਲਿਜਾਇਆ ਜਾ ਰਿਹਾ ਸਰਕਾਰੀ ਖਜ਼ਾਨਾ ਕੈਥਲ ਵਿਖੇ ਲੁੱਟ ਲਿਆ। ਕੈਥਲ ਦੇ ਆਮਿਲ ਨੂੰ ਈਨ ਮਨਾ ਕੇ ਉਸ ਪਾਸੋਂ ਅਸਲਾ, ਘੋੜੇ ਤੇ ਬਹੁਤ ਮਾਲ ਹਥਿਆ ਲਿਆ। ਉਸ ਤੋਂ ਬਾਅਦ ਧਨੀ ਤੇ ਅਮੀਰਾਂ ਦਾ ਨਗਰ ਸਮਾਣਾ ਸੀ, ਇਥੇ ਉਸ ਨੂੰ ਬਹੁਤ ਭਾਰੀ ਲੜਾਈ ਲੜਨੀ ਪਈ ਤੇ ਸ਼ਹਿਰ ’ਤੇ ਕਬਜ਼ਾ ਕਰ ਲਿਆ ਗਿਆ। ਬਾਬਾ ਬੰਦਾ ਸਿੰਘ ਬਹਾਦਰ ਦੀ ਪ੍ਰਸਿੱਧੀ ਦੂਰ-ਦੂਰ ਤਕ ਫੈਲ ਗਈ ਸੀ ਤੇ ਬਹੁਤ ਲੋਕ ਜੋ ਜ਼ਾਲਮ ਸ਼ਾਸਕਾਂ ਤੋਂ ਦੁਖੀ ਸਨ, ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਆ ਰਲੇ ਸਨ।

ਪੰਜਾਬ ਦੇ ਸਿੰਘਾਂ ਪਾਸ ਜਦੋਂ ਗੁਰੂ ਜੀ ਦਾ ਹੁਕਮਨਾਮਾ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਸੰਦੇਸ਼ ਪਹੁੰਚੇ ਤਾਂ ਉਹ ਖੁਸ਼ੀ-ਖੁਸ਼ੀ ਘਰਾਂ ਤੋਂ ਚੱਲ ਪਏ। ਮਾਲਵੇ ਦੇ ਸਿੰਘਾਂ ਵਾਸਤੇ ਤਾਂ ਬਾਬਾ ਬੰਦਾ ਸਿੰਘ ਬਹਾਦਰ ਪਾਸ ਪਹੁੰਚਣ ਦੀ ਕੋਈ ਮੁਸ਼ਕਿਲ ਨਹੀਂ ਸੀ ਆਈ ਪਰ ਮਾਝੇ ਦੇ ਸਿੰਘਾਂ ਦਾ ਰਸਤਾ ਦੂਜੇ ਪਾਸੇ ਹੋਣ ਕਰਕੇ ਸਿੱਧਾ ਪਹੁੰਚਣਾ ਮੁਸ਼ਕਿਲ ਸੀ। ਇਸ ਤੋਂ ਇਲਾਵਾ ਸਰਹਿੰਦ ਦੇ ਸੂਬੇ ਵਜ਼ੀਰ ਖਾਨ ਨੇ ਹੋਰ ਚੌਕਸੀ ਦੇ ਹੁਕਮ ਦੇ ਦਿੱਤੇ ਸਨ ਕਿਉਂਕਿ ਉਸ ਨੂੰ ਸਿੰਘਾਂ ਦੇ ਕੀਰਤਪੁਰ ਇਕੱਠੇ ਹੋਣ ਦੀ ਸੂਚਨਾ ਮਿਲ ਚੁੱਕੀ ਸੀ। ਵਜ਼ੀਰ ਖਾਨ ਨੇ ਮਲੇਰਕੋਟਲੇ ਦੇ ਸ਼ੇਰ ਮੁਹੰਮਦ ਖਾਨ ਨੂੰ ਹੁਕਮ ਦੇ ਦਿੱਤਾ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਪਹੁੰਚਣ ਤੋਂ ਪਹਿਲਾਂ ਹੀ ਸਿੱਖਾਂ ਨੂੰ ਸਤਲੁਜ ਪਾਰ ਨਾ ਕਰਨ ਦਿੱਤਾ ਜਾਵੇ ਤੇ ਸਿੱਖਾਂ ਦੀ ਮਲੇਰਕੋਟਲੇ ਦੇ ਪਠਾਣਾਂ ਨਾਲ ਝੜਪ ਹੋ ਗਈ। ਸਿੰਘ ਏਨੀ ਬਹਾਦਰੀ ਨਾਲ ਲੜੇ ਕਿ ਸ਼ਾਹੀ ਫੌਜ ਦੀ ਹਾਰ ਹੋ ਗਈ। ਜਰਨੈਲ ਖਿਜਰ ਖਾਨ ਮਾਰਿਆ ਗਿਆ ਤੇ ਸਿੰਘ ਸਤਲੁਜ ਪਾਰ ਕਰਨ ’ਚ ਸਫ਼ਲ ਹੋ ਗਏ। ਉਧਰ ਬਾਬਾ ਬੰਦਾ ਸਿੰਘ ਬਹਾਦਰ ਵੀ ਉਸ ਵਕਤ ਬਨੂੜ ਨੂੰ ਜਿੱਤ ਚੁੱਕਾ ਸੀ।

ਇਸ ਤੋਂ ਬਾਅਦ ਚੱਪੜਚਿੜੀ ਦੇ ਮੈਦਾਨ ’ਚ ਦੋਹਾਂ ਧਿਰਾਂ ਦੀਆਂ ਫੌਜਾਂ ਉਤਰੀਆਂ। ਘਮਸਾਨ ਦਾ ਯੁੱਧ ਹੋਇਆ। ਫੌਜਦਾਰ ਵਜ਼ੀਰ ਖਾਨ ਪਾਸ ਚਾਹੇ ਤੋਪਾਂ ਤੇ ਸ਼ਾਹੀ ਫੌਜ ਸੀ ਪਰ ਬਾਬਾ ਬੰਦਾ ਸਿੰਘ ਬਹਾਦਰ ਪਾਸ ਮਰ ਮਿਟਣ ਵਾਲੇ ਤੇ ਕਦੇ ਵੀ ਮੈਦਾਨੋਂ ਨਾ ਭੱਜਣ ਵਾਲੇ ਕੱਟੜ ਯੋਧੇ ਸਨ। ਬਾਬਾ ਜੀ ਦੇ ਨਾਲ ਭਾਈ ਬਾਜ ਸਿੰਘ, ਭਾਈ ਬਿਨੋਦ ਸਿੰਘ, ਭਾਈ ਰਾਮ ਸਿੰਘ ਅਤੇ ਭਾਈ ਸ਼ਾਮ ਸਿੰਘ ਵਰਗੇ ਸਿਰ-ਧੜ ਦੀਆਂ ਲਾਉਣ ਵਾਲੇ ਸੂਰਬੀਰ ਜਰਨੈਲ ਸਨ। ਜੰਗ ਵਿਚ ਮੁਗ਼ਲਾਂ ਦੇ ਵੱਡੇ-ਵੱਡੇ ਜਰਨੈਲ ਸ਼ੇਰ ਮੁਹੰਮਦ ਖਾਨ ਤੇ ਖੁਆਜਾ ਅਲੀ ਵਰਗੇ ਮਾਰੇ ਗਏ। ਸਿੰਘਾਂ ਨੇ ਵਜ਼ੀਰ ਖਾਨ ਨੂੰ ਘੇਰ ਲਿਆ ਤੇ ਵਜ਼ੀਰ ਖਾਨ ਮਾਰਿਆ ਗਿਆ। ਉਸ ਦੀ ਫੌਜ ਦੇ ਪੈਰ ਉਖੜ ਗਏ ਤੇ ਸ਼ਾਹੀ ਫੌਜ ਦੇ ਬਹੁਤ ਸਾਰੇ ਸਿਪਾਹੀ ਮਾਰੇ ਗਏ ਤੇ ਉਨ੍ਹਾਂ ਦੇ ਹੀ ਹਥਿਆਰ ਖੋਹ ਕੇ ਸਿੰਘਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ ਸਰਹਿੰਦ ਫਤਹਿ ਕਰ ਲਿਆ।

ਸਰਹਿੰਦ ’ਤੇ ਕਬਜ਼ਾ ਕਰਨ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਰਾ ਸ਼ਾਸਨ ਸਿੱਖਾਂ ਦੇ ਹਵਾਲੇ ਕਰ ਦਿੱਤਾ ਸੀ । ਭਾਈ ਬਾਜ ਸਿੰਘ ਨੂੰ ਸਰਹਿੰਦ ਦਾ ਹਾਕਮ ਥਾਪ ਦਿੱਤਾ ਸੀ। ਭਾਈ ਫਤਹਿ ਸਿੰਘ ਨੂੰ ਸਮਾਣੇ ਦਾ ਹਾਕਮ ਬਣਾਇਆ। ਬਾਬਾ ਬੰਦਾ ਸਿੰਘ ਬਹਾਦਰ ਦਾ ਡੇਹਰਾ ਤੋਂ ਤਰਾਵੜੀ ਤਕ, ਸਢੌਰੇ ਤੋਂ ਰਾਏਕੋਟ ਤਕ, ਮਾਛੀਵਾੜੇ-ਲੁਧਿਆਣੇ ਤੋਂ ਕਰਨਾਲ ਤਕ ਰਾਜ ਸਥਾਪਤ ਹੋ ਗਿਆ ਸੀ ਤੇ ਬਹੁਤ ਸਾਰੇ ਹਾਕਮਾਂ ਨੇ ਈਨਾਂ ਮੰਨ ਕੇ ਸਿੰਘ ਸਜਣਾ ਸ਼ੁਰੂ ਕਰ ਦਿੱਤਾ ਸੀ।

ਬਾਬਾ ਬੰਦਾ ਸਿੰਘ ਬਹਾਦਰ ਨੇ ਸ਼ਾਹੀ ਸੜਕ ਤੋਂ ਹਟ ਕੇ ਮੁਖਲਸਗੜ੍ਹ ਦੇ ਕਿਲ੍ਹੇ ਨੂੰ ਰਾਜਧਾਨੀ ਬਣਾਇਆ ਅਤੇ ਇਸ ਦਾ ਨਾਂ ਬਦਲ ਕੇ ਲੋਹਗੜ੍ਹ ਰੱਖ ਦਿੱਤਾ। ਉਨ੍ਹਾਂ ਨੇ ਗੁਰੂ ਸਾਹਿਬਾਨ ਦੇ ਨਾਂ ’ਤੇ ਨਵੇਂ ਸਿੱਕੇ ਚਲਾਏ ਤੇ ਮੋਹਰਾਂ ਬਣਾਈਆਂ। ਇਸ ਤੋਂ ਇਲਾਵਾ ਇਕ ਬਹੁਤ ਹੀ ਇਤਿਹਾਸਕ ਕੰਮ ਕੀਤਾ ਜੋ ਅੱਜ ਤੱਕ ਬਾਬਾ ਬੰਦਾ ਸਿੰਘ ਬਹਾਦਰ ਦੀ ਦੇਣ ਹੀ ਸਮਝੀ ਜਾਂਦੀ ਹੈ। ਉਨ੍ਹਾਂ ਨੇ ਰਿਵਾਜੀ ਜ਼ਿਮੀਂਦਾਰਾ ਖੇਤੀ ਪ੍ਰਬੰਧ ਨੂੰ ਖ਼ਤਮ ਕਰਕੇ ਮਾਲਕੀ ਅਧਿਕਾਰ ਵਾਹੀਕਾਰਾਂ ਨੂੰ ਦੇ ਦਿੱਤੇ। ਇਸ ਤਰ੍ਹਾਂ ਬਾਬਾ ਜੀ ਨੇ ਗਰੀਬ ਤੇ ਕੁਚਲੇ ਹੋਏ ਲੋਕਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ। ਬਾਬਾ ਬੰਦਾ ਸਿੰਘ ਬਹਾਦਰ ਸਹਾਰਨਪੁਰ ਵੱਲ ਨਿਕਲ ਗਏ ਅਤੇ ਉਨ੍ਹਾਂ ਨੇ ਜਮਨ-ਗੰਗ ਦੁਆਬ ਦੇ ਇਲਾਕੇ ਵਿਚ ਮੱਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਦੂਜੇ ਪਾਸੇ ਸਰਹਿੰਦ ਦੀ ਜਿੱਤ ਦੇ ਬਾਅਦ ਸਿੰਘਾਂ ਦੇ ਹੌਂਸਲੇ ਬੁਲੰਦ ਹੋ ਗਏ ਸਨ ਤਾਂ ਮਾਝੇ ਤੇ ਦੁਆਬੇ ਦੇ ਸਿੰਘ ਉੱਠ ਖੜ੍ਹੇ ਹੋਏ ਤੇ ਉਨ੍ਹਾਂ ਨੇ ਮੁਗ਼ਲ ਰਾਜ ਦੇ ਖਾਤਮੇ ਅਤੇ ਪੰਜਾਬ ’ਚ ਸਿੱਖ ਰਾਜ ਸਥਾਪਤ ਕਰਨ ਦੀ ਸੋਚ ਲਈ। ਇਸ ਤਰ੍ਹਾਂ ਸਿੰਘਾਂ ਨੇ ਥੋੜ੍ਹੇ ਹੀ ਦਿਨਾਂ ’ਚ ਬਟਾਲੇ ਤੇ ਕਲਾਨੌਰ ਦੇ ਪਰਗਨੇ ਰੋਕ ਲਏ ਤੇ ਫੇਰ ਲਾਹੌਰ ਵੱਲ ਮੂੰਹ ਕੀਤਾ। ਦੂਜੇ ਪਾਸੇ ਦੁਆਬੇ ਵਿਚ ਸਿੰਘਾਂ ਨੇ ਰਾਹੋਂ ’ਤੇ ਕਬਜ਼ਾ ਕਰਨ ਬਾਅਦ ਜਲੰਧਰ ਤੇ ਹੁਸ਼ਿਆਰਪੁਰ ਦੇ ਇਲਾਕੇ ਕਬਜ਼ੇ ਵਿਚ ਲੈ ਲਏ ਅਤੇ ਆਪਣੇ ਥਾਣੇ ਕਾਇਮ ਕਰ ਦਿੱਤੇ। ਸਿੰਘ ਮਾਝਾ ਰਿਆੜਕੀ ਤੋਂ ਪਠਾਨਕੋਟ ਤੱਕ ਕਾਬਜ਼ ਹੋ ਗਏ। ਹੁਣ ਇਕ ਲਾਹੌਰ ਹੀ ਬਚਿਆ ਸੀ ਜੋ ਸਿੰਘਾਂ ਪਾਸ ਨਹੀਂ ਸੀ।

ਬਾਦਸ਼ਾਹ ਬਹਾਦਰ ਸ਼ਾਹ ਨੇ ਦੱਖਣ ਤੋਂ ਵਾਪਸ ਆਉਣ ਸਾਰ ਹੀ ਸਿੱਖਾਂ ਦੀ ਇਸ ਹੱਦ ਤੱਕ ਵਧ ਚੁੱਕੀ ਤਾਕਤ ਤੇ ਪੰਜਾਬ ਦੀ ਚਿੰਤਾਮਈ ਖ਼ਬਰ ਸੁਣ ਕੇ ਬਹੁਤ ਵੱਡੀ ਫੌਜ ਨਾਲ ਸਰਹਿੰਦ ਵੱਲ ਚਾਲੇ ਪਾ ਦਿੱਤੇ ਤੇ ਉਸ ਨੇ ਰਾਜਪੂਤਾਂ ਨੂੰ ਸਬਕ ਸਿਖਾਉਣ ਦਾ ਕੰਮ ਵਿੱਚੇ ਹੀ ਛੱਡ ਦਿੱਤਾ ਸੀ। ਪਹਾੜੀ ਰਾਜੇ ਵੀ ਬਾਦਸ਼ਾਹ ਦੀ ਫੌਜ ਨਾਲ ਆ ਰਲੇ ਸਨ, ਹਜ਼ਾਰਾਂ ਹੋਰ ਨਾਲ ਰਲਣ ਤੇ ਸਿੰਘ ਘੱਟ-ਗਿਣਤੀ ’ਚ ਰਹਿ ਗਏ ਸਨ। ਫੇਰ ਵੀ ਸਿੰਘਾਂ ਨੇ ਡਟ ਕੇ ਮੁਕਾਬਲਾ ਕੀਤਾ। ਥਾਨੇਸਰ, ਸਰਹਿੰਦ ਜਦੋਂ ਦੁਬਾਰਾ ਸ਼ਾਹੀ ਫੌਜਾਂ ਦੇ ਕਬਜ਼ੇ ਹੇਠ ਆ ਗਿਆ ਤਾਂ ਸਿੰਘ ਪਿੱਛੇ ਹੱਟਦੇ-ਹੱਟਦੇ ਲੋਹਗੜ੍ਹ ਦੇ ਕਿਲ੍ਹੇ ’ਚ ਆ ਟਿਕੇ। ਜਦੋਂ ਇਸ ਕਿਲ੍ਹੇ ’ਤੇ ਸ਼ਾਹੀ ਫੌਜਾਂ ਨੇ ਚੜ੍ਹਾਈ ਕੀਤੀ ਤਾਂ ਰਣਨੀਤੀ ਦੇ ਮਾਹਰ ਬਾਬਾ ਬੰਦਾ ਸਿੰਘ ਬਹਾਦਰ ਫੇਰ ਬਚ ਕੇ ਨਿਕਲ ਗਏ ਸਨ। ਇਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਤੇ ਉਨ੍ਹਾਂ ਦੇ ਸਾਥੀ ਪਹਾੜੀ ਇਲਾਕੇ ਨੂੰ ਸੋਧਣ ਬਹਿਰਾਮ ਬਟਾਲੇ ਵੱਲ ਹੋ ਤੁਰੇ। ਇਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਇਕੱਲੇ ਹੀ ਚੰਬੇ ਵੱਲ ਗਏ, ਉਥੋਂ ਦੇ ਰਾਜੇ ਉਦੈ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਬਹੁਤ ਆਉ-ਭਗਤ ਕੀਤੀ ਤੇ ਇਥੇ ਹੀ ਰਾਜੇ ਨੇ ਆਪਣੇ ਰਾਜ-ਘਰਾਣੇ ’ਚੋਂ ਬਾਬਾ ਬੰਦਾ ਸਿੰਘ ਬਹਾਦਰ ਦਾ ਇਕ ਲੜਕੀ ਨਾਲ ਵਿਆਹ ਕਰਵਾ ਦਿੱਤਾ ਤੇ ਜਿਸ ਦੀ ਕੁੱਖੋਂ ਬੇਟਾ ਅਜੈ ਸਿੰਘ ਹੋਇਆ ਸੀ।

ਉਧਰ ਬਾਦਸ਼ਾਹ ਬਹਾਦਰ ਸ਼ਾਹ ਚਲਦਾ-ਚਲਦਾ ਅਗਸਤ 1711 ਈ: ਨੂੰ ਲਾਹੌਰ ਪਹੁੰਚ ਗਿਆ। ਪਰ ਜਨਵਰੀ 1712 ਈ: ਨੂੰ ਉਸ ਦੀ ਸਿਹਤ ਅਚਾਨਕ ਹੀ ਖਰਾਬ ਹੋ ਗਈ। ਉਹ ਪਾਗ਼ਲ ਜਿਹਾ ਹੋ ਕੇ ਫਰਵਰੀ 1712 ਈ: ਨੂੰ ਕਾਲ ਵੱਸ ਹੋ ਗਿਆ। ਉਸ ਪਿੱਛੋਂ ਉਸ ਦੇ ਪੁੱਤਰਾਂ ਵਿਚ ਗੱਦੀ ਲਈ ਯੁੱਧ ਸ਼ੁਰੂ ਹੋ ਗਿਆ। ਉਸ ਦਾ ਲੜਕਾ ਜਹਾਂਦਾਰ ਸ਼ਾਹ ਰਾਜ ਭਾਗ ’ਤੇ ਬੈਠ ਗਿਆ। ਪਰ ਫੇਰ ਉਸ ਨੂੰ ਉਸ ਦੇ ਭਤੀਜੇ ਫਰੁੱਖ਼ਸੀਅਰ ਨੇ ਹੀ ਕਤਲ ਕਰਕੇ ਆਪ ਗੱਦੀ ’ਤੇ ਕਬਜ਼ਾ ਕਰ ਲਿਆ। ਉਸ ਨੇ ਸਿੱਖਾਂ ਨੂੰ ਖ਼ਤਮ ਕਰਨ ਲਈ ਸਖ਼ਤ ਹੁਕਮ ਜਾਰੀ ਕਰ ਦਿੱਤੇ।

ਬਾਬਾ ਬੰਦਾ ਸਿੰਘ ਬਹਾਦਰ ਨੇ ਫਿਰ ਆਪਣੇ ਸਿੰਘਾਂ ਨੂੰ ਇਕੱਠੇ ਕੀਤਾ ਤੇ ਕਲਾਨੌਰ, ਬਟਾਲਾ ਅਤੇ ਕਾਹਨੂੰਵਾਨ ਦਾ ਇਲਾਕਾ ਕਬਜ਼ੇ ਹੇਠ ਕਰਕੇ ਗੁਰਦਾਸਪੁਰ ਦੀ ਪੁਰਾਣੀ ਹਵੇਲੀ ਦੀ ਮੁਰੰਮਤ ਕਰਵਾਉਣੀ ਸ਼ੁਰੂ ਕਰ ਦਿੱਤੀ। ਇਹ ਹਵੇਲੀ ਚਾਰ ਕੁ ਮੀਲ ਗੁਰਦਾਸਪੁਰ ਤੋਂ ਗੁਰਦਾਸ ਨੰਗਲ ਪਿੰਡ ਕੋਲ ਹੈ। ਬਾਦਸ਼ਾਹ ਨੇ ਦਲੇਰ ਜੰਗ ਅਬਦੁੱਸਮਦ ਖਾਨ ਤੇ ਆਰਿਫ ਬੇਗ ਨੂੰ ਵੱਡੀ ਫੌਜ ਨਾਲ ਸਿੰਘਾਂ ’ਤੇ ਹਮਲਾ ਕਰਨ ਦਾ ਹੁਕਮ ਦਿੱਤਾ ਤੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ ਪਕੜਿਆ ਜਾਵੇ ।

ਇਹ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਾਹੀ ਫੌਜ ਨਾਲ ਆਖਰੀ ਲੜਾਈ ਸੀ। ਬਾਬਾ ਬੰਦਾ ਸਿੰਘ ਬਹਾਦਰ ਪਾਸ ਗਿਣਤੀ ਦੇ ਸਿੰਘ ਸਨ। ਸ਼ਾਹੀ ਫੌਜ ਤੀਹ ਹਜ਼ਾਰ ਦੀ ਤਦਾਦ ’ਚ ਸੀ ਸਿੰਘਾਂ ਨੂੰ ਚਾਰੇ ਪਾਸਿਉਂ ਘੇਰ ਲਿਆ ਗਿਆ ਸੀ। ਬਾਹਰੋਂ ਰਾਸ਼ਨ ਪਾਣੀ ਦੀ ਸਪਲਾਈ ਬੰਦ ਹੋ ਚੁੱਕੀ ਸੀ। ਸਿੰਘ ਜਦੋਂ ਵੀ ਮੌਕਾ ਮਿਲਦਾ ਸ਼ਾਹੀ ਫੌਜ ਦਾ ਨੁਕਸਾਨ ਕਰਦੇ ਰਹੇ। ਸ਼ਾਹੀ ਫੌਜ ਨੇ ਸੁਰੰਗਾਂ ਪੁਟ ਕੇ ਘੇਰਾ ਹੋਰ ਤੰਗ ਕਰ ਦਿੱਤਾ ਸੀ। ਖਾਣ-ਪੀਣ ਦਾ ਸਭ ਸਾਮਾਨ ਮੁੱਕ ਗਿਆ। ਸਿੰਘਾਂ ਨੇ ਘਾਹ-ਫੂਸ ਖਾ ਕੇ ਗੁਜ਼ਾਰਾ ਕੀਤਾ। ਸਿੰਘ ਭੁੱਖੇ-ਭਾਣੇ ਕਮਜ਼ੋਰ ਹੋ ਚੁੱਕੇ ਸਨ। ਉਨ੍ਹਾਂ ਪਾਸ ਹਥਿਆਰ ਚੁੱਕਣ ਜੋਗੀ ਵੀ ਤਾਕਤ ਨਹੀਂ ਸੀ। ਸ਼ਾਹੀ ਫੌਜ ਨੇ ਉਨ੍ਹਾਂ ਨੂੰ ਕੈਦੀ ਬਣਾ ਲਿਆ।

ਬਾਦਸ਼ਾਹ ਅਨੁਸਾਰ ਸਾਰੇ ਸਿੱਖ ਕੈਦੀਆਂ ਨੂੰ ਲਾਹੌਰ ਤੋਂ ਦਿੱਲੀ ਲਿਆਉਣ ਦਾ ਹੁਕਮ ਹੋਇਆ। ਸਿੰਘਾਂ ਨੂੰ ਬਹੁਤ ਦੁਰਗਤੀ ਤੇ ਅਪਮਾਨ ਨਾਲ ਜਲੂਸ ਦੀ ਸ਼ਕਲ ਵਿਚ ਦਿੱਲੀ ਲਿਜਾਇਆ ਗਿਆ। ਸਾਰੇ ਸਿੰਘਾਂ ਦਾ ਰੋਜ਼ਾਨਾ ਸੌ-ਸੌ ਕਰਕੇ ਕਤਲ ਕੀਤਾ ਗਿਆ। 9 ਜੂਨ 1716 ਈ: ਨੂੰ ਬਾਬਾ ਬੰਦਾ ਸਿੰਘ ਬਹਾਦਰ ਤੇ ਉਨ੍ਹਾਂ ਦੇ ਪੰਜ ਸਾਲ ਦੇ ਪੁੱਤਰ ਅਜੈ ਸਿੰਘ ਨੂੰ ਸ਼ਹੀਦ ਕਰ ਦਿੱਤਾ ਗਿਆ। ਬਾਬਾ ਬੰਦਾ ਸਿੰਘ ਬਹਾਦਰ ਲੋਕਾਂ ਵਿਚ ਗ਼ੁਲਾਮੀ ਦੀਆਂ ਜ਼ੰਜੀਰਾਂ ਲਾਹ ਦੇਣ ਤੇ ਅਜ਼ਾਦ ਹੋਣ ਦੀ ਭਾਵਨਾ ਦੇ ਬੀਜ ਬੀਜਣ ਵਿਚ ਸਫ਼ਲ ਹੋ ਕੇ ਸਦਾ ਲਈ ਜਿੰਦਾ ਸ਼ਹੀਦ ਹੋ ਗਏ। ਬਾਬਾ ਬੰਦਾ ਸਿੰਘ ਬਹਾਦਰ ਨੇ ਬਹੁਤ ਹੀ ਨਾਜ਼ੁਕ ਤੇ ਕਾਲੇ ਦੌਰ ਵੇਲੇ ਸਿੱਖ ਕੌਮ ਦੀ ਵਾਗਡੋਰ ਸੰਭਾਲ ਕੇ ਸਿੱਖ ਇਤਿਹਾਸ ਵਿਚ ਨਵਾਂ ਮੋੜ ਲਿਆਂਦਾ। ਨਵੀਆਂ ਪਰੰਪਰਾਵਾਂ ਸਥਾਪਤ ਕਰਦਿਆਂ ਇਕ ਕ੍ਰਾਂਤੀਕਾਰੀ ਰੋਲ ਨਿਭਾਇਆ। ਬਾਬਾ ਬੰਦਾ ਸਿੰਘ ਬਹਾਦਰ ਮਹਾਨ ਯੋਧੇ ਹੋਏ ਹਨ, ਜਿਨ੍ਹਾਂ ਨੇ ਆਪਣੇ ਬਾਹੂਬਲ ਦੁਆਰਾ ਜ਼ਾਲਮ ਸਲਤਨਤ ਨੂੰ ਖਦੇੜ ਕੇ ਸਿੱਖ ਇਤਿਹਾਸ ਵਿਚ ਪਹਿਲਾ ਹੁਕਮਰਾਨ ਬਣ ਕੇ ਲੋਕਾਈ ਨੂੰ ਸੁਤੰਤਰਤਾ ਪ੍ਰਦਾਨ ਕੀਤੀ। ਚਾਹੇ ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਭਾਗ ਦਾ ਬਹੁਤ ਥੋੜ੍ਹਾ ਸਮਾਂ ਸੀ ਪਰ ਉਨ੍ਹਾਂ ਨੇ ਪ੍ਰਚੱਲਤ ਜਾਗੀਰਦਾਰੀ/ਜ਼ਿਮੀਂਦਾਰੀ ਪ੍ਰਣਾਲੀ ਨੂੰ ਖਤਮ ਕਰਨ ਦਾ ਇਕ ਇਤਿਹਾਸਕ ਮਾਅਰਕੇ ਵਾਲਾ ਕੰਮ ਕਰ ਵਿਖਾਇਆ। ਜਾਗੀਰਦਾਰਾਂ ਕੋਲੋਂ ਦੱਬੀਆਂ ਜ਼ਮੀਨਾਂ ਖੋਹ ਕੇ ਗਰੀਬ ਵਾਹੀਕਾਰਾਂ, ਦਲਿਤਾਂ, ਮੁਜ਼ਾਰ੍ਹਿਆਂ ਵਿਚ ਤਕਸੀਮ ਕਰਕੇ ਉਨ੍ਹਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ। ਬਾਬਾ ਬੰਦਾ ਸਿਘ ਬਹਾਦਰ ਨੇ ਦਲਿਤਾਂ, ਦੱਬੇ-ਕੁਚਲੇ ਗਰੀਬ ਲੋਕਾਂ ਨੂੰ ਸੀਨੇ ਨਾਲ ਲਾ ਕੇ ਰੱਖਿਆ, ਬਾਬਾ ਜੀ ਦੀ ਫੌਜ ਵਿਚ ਇਕੱਲੇ ਸਿੱਖ ਹੀ ਨਹੀਂ ਸਨ ਸਗੋਂ ਹਿੰਦੂ ਮੁਸਲਮ ਤੇ ਪੱਛੜੀਆਂ ਜਾਤੀਆਂ ਦੇ ਲੋਕ ਸ਼ਾਮਲ ਸਨ।

ਬਾਬਾ ਬੰਦਾ ਸਿੰਘ ਬਹਾਦਰ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਦੇਸ਼ ’ਤੇ  ਪੂਰੀ ਤਰ੍ਹਾਂ ਪਹਿਰਾ ਦਿੰਦਿਆਂ ਖਿੰਡੀ ਹੋਈ ਸ਼ਕਤੀ ਨੂੰ ਇਕੱਤਰ ਕੀਤਾ ਜਿਸ ਦੇ ਫਲਸਰੂਪ ਇਕ ਨਿਰੋਲ ਸਿੱਖ ਰਾਜ ਦੀ ਸਥਾਪਤੀ ਲਈ ਰਾਹ ਪੱਧਰਾ ਕੀਤਾ ਤੇ ਨਤੀਜੇ ਵਜੋਂ ਬਹੁਤ ਹੀ ਸ਼ਕਤੀਸ਼ਾਲੀ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵਾਲਾ ਸਿੱਖ ਰਾਜ ਹੋਂਦ ਵਿਚ ਆਇਆ। ਇਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਿਸ਼ਨ ’ਤੇ ਚਲਦੇ ਹੋਏ ਸਿੱਖ ਇਤਿਹਾਸ ਦੀ ਇਕ ਅਦੁੱਤੀ ਸ਼ਖ਼ਸੀਅਤ ਹੋ ਨਿਬੜੇ।

ਬੁੱਕਮਾਰਕ ਕਰੋ (1)

No account yet? Register

ਲੇਖਕ ਬਾਰੇ

ਰੀਸਰਚ ਸਕਾਲਰ

ਕਲਗੀਧਰ ਨਿਵਾਸ 27-ਬੀ ਚੰਡੀਗੜ੍ਹ।

ਬੁੱਕਮਾਰਕ ਕਰੋ (1)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)