ਸੱਭਿਆਚਾਰ ਜਾਂ ਸੰਸਕ੍ਰਿਤੀ ਵਧੀਆ ਸੰਤੁਲਿਤ ਸੁਘੜ ਜੀਵਨ-ਜਾਚ ਹੈ, ਜੋ ਸਾਨੂੰ ਮਨ, ਬਾਣੀ,ਕਰਮ ਕਰਕੇ ਸਹੀ ਤੇ ਸੁਹਣਾ ਕੰਮ ਸੁਹਣੀ ਤਰ੍ਹਾਂ ਕਰਨਾ ਸਿਖਾਉਂਦੀ ਹੈ। ਇਹ ਬਾਣੀ ਦੇ ਬਗ਼ੀਚੇ ਵਿੱਚੋਂ ਉੱਠੀ ਟਹਿਕ-ਮਹਿਕ ਹੀ ਹੈ ਜਿਸ ਨੇ ਸਿੱਖੀ ਨੂੰ ਰਸ-ਰੰਗ ਰੱਤਾ ਤੇ ਮਾਣਮੱਤਾ ਬਣਾਇਆ ਹੈ। ਇਸ ਨੇ ਸਾਨੂੰ ਖਾਸ ਰਹਿਣੀ-ਬਹਿਣੀ, ਚਾਲ-ਢਾਲ, ਰਸਮ-ਰੀਤ, ਖਾਣ-ਪਹਿਨਣ ਤੇ ਬੋਲ-ਬਾਣੀ ਵੀ ਬਖਸ਼ੀ ਹੈ, ਜੋ ਨਿਰਾਲੇ ਹੋਣ ਦੀ ਝਲਕ ਦਿਖਾਉਂਦੀ ਹੈ। ਸਿੱਖ ਸੱਭਿਆਚਾਰ ਕੇਸਾਧਾਰੀ, ਦਸਤਾਰਧਾਰੀ, ਸਿਮਰਨ-ਸੇਵਾਧਾਰੀ, ਖੜਗਧਾਰੀ, ਰਾਜਜੋਗੀ ਸੱਭਿਆਚਾਰ ਹੈ, ਜੋ ਚੜ੍ਹਦੀ ਕਲਾ ਤੇ ਸਰਬੱਤ ਦਾ ਭਲਾ ਜਿਹੇ ਉਚੇਰੇ ਨਿਸ਼ਾਨੇ ਰੱਖਦਾ ਹੈ। ਰੂਹਾਨੀ ਚੜ੍ਹਦੀ ਕਲਾ ਇਸ ਲਈ ਮੰਗੀ ਗਈ ਹੈ ਤਾਂ ਕਿ ਪਦਾਰਥਕ ਮਾਰੂਥਲ ਦੀ ਮਾਰ ਤੋਂ ਬਚਿਆ ਜਾ ਸਕੇ ਤੇ ਸਰਬੱਤ ਦਾ ਭਲਾ ਇਸ ਲਈ ਨਿਸ਼ਾਨਾ ਬਣਾਇਆ ਹੈ ਤਾਂ ਕਿ ਹਉਮੈ ਤੇ ਸਵਾਰਥ ਦਾ ਸ਼ਿਕਾਰ ਬਣ ਕੇ ਸੀਮਿਤ ਹੋ ਕੇ ਨਾ ਰਹਿ ਜਾਵੇ। ਪੁਰਾਣੇ ਲੋਕ ਧਾਰਮਿਕ ਜੀਵਨ ਨਿਭਾਉਣ ਲਈ ਦੁਨਿਆਵੀ ਭੋਗ ਪਦਾਰਥ ਛੱਡ ਬਹਿੰਦੇ ਸਨ। ਲੇਕਿਨ ਗੁਰੂ ਸਾਹਿਬਾਨ ਨੇ ਸਮਝਾਇਆ ਕਿ ਗ੍ਰਿਹਸਤ ਕੁਦਰਤੀ ਜੀਵਨ ਹੈ, ਖਾਣਾ-ਪੀਣਾ ਪਵਿੱਤਰ ਵਸਤੂ ਹੈ। ਇਸ ਲਈ ਸਿੱਖ ਲਈ ਬੁਰੀਆਂ ਆਦਤਾਂ ਦਾ ਹੀ ਤਿਆਗ ਜ਼ਰੂਰ ਕਰਨਾ ਹੈ ਅਤੇ ਸੰਸਾਰ ਦਾ ਤਿਆਗ ਕਰ ਕੇ ਭਗੌੜੇ ਨਹੀਂ ਹੋਣਾ, ਸਗੋਂ ‘ਅੰਜਨ ਮਾਹਿ ਨਿਰੰਜਨਿ’ ਅਨੁਸਾਰ ਇਉਂ ਰਹਿਣਾ ਹੈ ਜਿਵੇਂ ਕਿ ਪਾਣੀ ਵਿਚ ਕਮਲ ਅਲੇਪ ਰਹਿ ਕੇ ਖਿੜਦਾ-ਵਿਗਸਦਾ ਹੈ। ਯਤਨ ਅਜਿਹਾ ਕਰਨਾ ਹੈ ਕਿ ਸਤਿਗੁਰੂ ਦੀ ਦੱਸੀ ਜੀਵਨ-ਜੁਗਤਿ ਨੂੰ ਅਪਣਾ ਕੇ ਗ੍ਰਿਹਸਤ ਵਿਚ ਨਿਰਲੇਪ ਰਹਿ ਕੇ ਰਾਜ-ਜੋਗ ਦੋਹਾਂ ਦਾ ਅਨੰਦ ਮਾਣਿਆ ਜਾ ਸਕੇ:
ਰਾਜ ਲੀਲਾ ਤੇਰੈ ਨਾਮਿ ਬਨਾਈ॥
ਜੋਗੁ ਬਨਿਆ ਤੇਰਾ ਕੀਰਤਨੁ ਗਾਈ॥
ਸਰਬ ਸੁਖਾ ਬਨੇ ਤੇਰੈ ਓਲੈ੍॥
ਭ੍ਰਮ ਕੇ ਪਰਦੇ ਸਤਿਗੁਰ ਖੋਲੇ੍॥ (ਪੰਨਾ 385)
ਇਹ ਕੰਮ ਔਖਾ ਜ਼ਰੂਰ ਹੈ ਪਰ ਗੁਰੂ ਸਾਹਿਬਾਨ ਨੇ ਲੰਮੀ ਘਾਲਣਾ ਘਾਲ ਕੇ ਸਿੱਖ ਨੂੰ ਸਮਝਾ ਦਿੱਤਾ ਹੈ ਕਿ ਉਸ ਨੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਆਦਿ ਔਗੁਣ ਤਿਆਗ ਕੇ ਸਤ, ਸੰਤੋਖ, ਧੀਰਜ, ਸ਼ਾਂਤੀ, ਸਹਿਨਸ਼ੀਲਤਾ ਤੇ ਨਿਮਰਤਾ ਆਦਿ ਗੁਣਾਂ ਨੂੰ ਧਾਰਨ ਕਰਨਾ ਹੈ- ਤਾਂ ਹੀ ਸੱਚੇ ਰਾਜਜੋਗੀ ਬਣ ਸਕੀਦਾ ਹੈ। ਇਸ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਜੋ ਆਚਾਰ, ਸ਼ਾਸਤਰ, ਸਦਾਚਾਰ ਦ੍ਰਿੜ੍ਹ ਕਰਵਾਇਆ ਗਿਆ ਹੈ, ਉਹ ਇਸ ਦਾ ਮੂਲ ਆਧਾਰ ਹੈ। ਬਾਣੀ ਦੇ ਉਪਦੇਸ਼ ਹਨ:
ਜਾਲਉ ਐਸੀ ਰੀਤਿ ਜਿਤੁ ਮੈ ਪਿਆਰਾ ਵੀਸਰੈ॥ (ਪੰਨਾ 590)
ਜਿਤੁ ਸੇਵਿਐ ਸੁਖੁ ਪਾਈਐ ਸੋ ਸਾਹਿਬੁ ਸਦਾ ਸਮ੍ਾਲੀਐ॥
ਜਿਤੁ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ॥
ਮੰਦਾ ਮੂਲਿ ਨ ਕੀਚਈ ਦੇ ਲੰਮੀ ਨਦਰਿ ਨਿਹਾਲੀਐ॥ (ਪੰਨਾ 474)
ਵਿਚਿ ਦੁਨੀਆ ਸੇਵ ਕਮਾਈਐ॥
ਤਾ ਦਰਗਹ ਬੈਸਣੁ ਪਾਈਐ॥ (ਪੰਨਾ 26)
ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ॥ (ਪੰਨਾ 766)
ਐਸਾ ਕੰਮੁ ਮੂਲੇ ਨ ਕੀਚੈ ਜਿਤੁ ਅੰਤਿ ਪਛੋਤਾਈਐ॥ (ਪੰਨਾ 918)
ਦਸਮੇਸ਼-ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਨੂੰ ‘ਸਿੰਘ’ ਸਜਾਇਆ, ਜਬਰ ਵਿਰੁੱਧ ਸੰਘਰਸ਼ ਲਈ ਤੇਗ, ਕਿਰਪਾਨ ਫੜਾ ਕੇ ਜੁਝਾਰੂ ਹੋਣ ਦਾ ਸਬਕ ਸਿਖਾਇਆ ਪਰ ਨਾਲ ਹੀ ਮਾਨਵ ਸੱਭਿਆਚਾਰ ਦੀਆਂ ਉੱਚੀਆਂ ਕਦਰਾਂ-ਕੀਮਤਾਂ ਨੂੰ ਬਰਕਰਾਰ ਰੱਖਣ ਲਈ ਵਾਰ-ਵਾਰ ਜ਼ੋਰ ਦਿੱਤਾ:
(ੳ) ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ॥
(ਅ) ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ॥
(ੲ) ਦੇਹ ਸਿਵਾ ਬਰ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋਂ॥
ਸਿੱਖੀ ਨੇ ‘ਮਨ ਤੂੰ ਜੋਤਿ ਸਰੂਪੁ ਹੈ’ ਕਹਿ ਕੇ ਇਸ ਸਵੈਮਾਣ ਨੂੰ ਜਗਾਇਆ ਪਰ ਨਾਲ ਹੀ ਫਿਰ ਅਭਿਮਾਨ ਤੋਂ ਨਿਰਮਲ ਹੋਣ ਲਈ ਥਾਂ-ਥਾਂ ਗ਼ਰੀਬੀ ਧਾਰਨ ਦੀ ਵੀ ਸਖ਼ਤ ਤਾਕੀਦ ਇਉਂ ਕੀਤੀ :
ਕਰਿ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ॥
ਨਾਨਕ ਈਹਾ ਮੁਕਤੁ ਆਗੈ ਸੁਖੁ ਪਾਵੈ॥ (ਪੰਨਾ 278)
ਇਸ ਤੋਂ ਇਲਾਵਾ ਸਿੱਖ ਵਿਚਾਰਧਾਰਾ ਨੇ ਸਿਮਰਨ ਦੇ ਨਾਲ ਸੇਵਾ ਦਾ ਜੋ ਸਬਕ ਦਿੱਤਾ ਹੈ, ਉਹ ਸੰਤੁਲਨ ਪੈਦਾ ਕਰਨ ਵਿਚ ਸਹਾਈ ਹੁੰਦਾ ਹੈ। ਜਦ ਨਿਰਮਾਣਤਾ, ਸਹਿਣਸ਼ੀਲਤਾ ਤੇ ਮਧੁਰਤਾ ਹੋਵੇ ਤਾਂ ਫਿਰ ਕਿਸੇ ਕਿਸਮ ਦੀ ਤਲਖੀ ਪੈਦਾ ਹੋਣ ਦਾ ਸਵਾਲ ਹੀ ਨਹੀਂ। ਫਿੱਕਾ ਬੋਲਣ ’ਤੇ ਪਾਬੰਦੀ ਹੈ। ਭਾਣਾ ਮੰਨਣ ਦਾ ਭਾਵ ਹਰ ਦੁੱਖ ਸੁਖ ਨੂੰ ਮਿੱਠਾ ਕਰ ਕੇ ਮੰਨਣਾ ਹੈ ਤਾਂ ਕਿ ਸ਼ਿਕਾਇਤ ਦੀ ਗੁੰਜਾਇਸ਼ ਹੀ ਨਾ ਰਹੇ। ਇਹ ਬਿਰਤੀ, ਸਹਿਣ-ਸ਼ਕਤੀ ਨੂੰ ਮਜ਼ਬੂਤ ਕਰਦੀ ਹੈ, ਆਤਮ-ਵਿਸ਼ਵਾਸ ਪੱਕਿਆਂ ਕਰ ਕੇ ਸ਼ਖ਼ਸੀਅਤ ਨੂੰ ਅਟੱਲ ਤੇ ਅਡੋਲ ਬਣਾਉਂਦੀ ਹੈ। ਸਿੱਖੀ ਉਦਾਰ-ਚਿਤ ਹੈ। ਉਸ ਦੀਆਂ ਸੰਗਤਾਂ ਸਾਂਝੀਆਂ ਤੇ ਲੰਗਰ ਵੀ ਸਾਂਝੇ ਹਨ। ਉਥੇ ‘ਜੋ ਜੀਅ ਆਵੇ ਸੋ ਰਾਜ਼ੀ ਜਾਵੇ’ ਦਾ ਵਰਤਾਰਾ ਹੈ। ਜਾਤ, ਜਨਮ, ਰੰਗ, ਨਸਲ, ਮਜ਼੍ਹਬ ਜਾਂ ਊਚ-ਨੀਚ ਦਾ ਕੋਈ ਭੇਦ ਨਹੀਂ। ਰੂਹਾਨੀ ਰੰਗ ਨੇ ਸਰਬ-ਸਾਂਝ ਪੈਦਾ ਕਰ ਕੇ ਮਨੁੱਖ ਮਾਤਰ ਲਈ ਸਤਿਕਾਰ ਪੈਦਾ ਕੀਤਾ ਹੈ। ਇਸਤਰੀ ਨੂੰ ਬਰਾਬਰ ਦਾ ਦਰਜਾ ਪ੍ਰਦਾਨ ਕੀਤਾ ਹੈ ਅਤੇ ਕਿਰਤ ਕਰਨ ਵਾਲਿਆਂ ਨੂੰ ਵਿਸ਼ੇਸ਼ ਸਨਮਾਨ ਬਖ਼ਸ਼ਿਆ ਹੈ। ਅੱਗੇ ਲੋਕ, ਧਰਮ ਕਮਾਉਣ ਲਈ ਕਿਰਤ-ਕੰਮ ਨੂੰ ਛੱਡ ਦੇਣਾ ਹੀ ਜ਼ਰੂਰੀ ਸਮਝਦੇ ਸਨ, ਪਰ ਸਤਿਗੁਰਾਂ ਸਮਝਾਇਆ ਕਿ ਕਿਰਤ ਨੂੰ ਕਦਾਚਿਤ ਨਹੀਂ ਤਿਆਗਣਾ, ਸਗੋਂ ਕਮਾਈ ਕਰਕੇ ਵੰਡ ਛਕਣ ਦੀ ਰੀਤ ਪਾਉਣੀ ਹੈ ਤਾਂ ਕਿ ਕੋਈ ਭੁੱਖਾ-ਨੰਗਾ ਨਾ ਰਹੇ। ‘ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ’ ਸੁਨਹਿਰੀ ਸਿਧਾਂਤ ਹੈ। ‘ਘਾਲਿ ਖਾਇ ਕਿਛੁ ਹਥਹੁ ਦੇਇ’ ਦੀ ਸਿਖਿਆ ਇਸ ਵਿਚ ਸੋਨੇ ਤੇ ਸੁਗੰਧੀ ਭਰਨ ਵਾਲੀ ਹੈ। ਲੇਕਿਨ ਫਿਰ ਵੀ ਸਮਝਾਇਆ ਇਹ ਗਿਆ ਹੈ ਕਿ ਸਰਬੱਤ ਦਾ ਭਲਾ ਕਰ ਕੇ ਵੀ ਇਸ ਉੱਤੇ ਅਭਿਮਾਨ ਨਹੀਂ ਕਰਨਾ ਸਗੋਂ ਇਉਂ ਅਰਦਾਸ ਕਰਨੀ ਹੈ:
ਦਾਣਾ ਪਾਣੀ ਗੁਰੂ ਕਾ, ਟਹਿਲ ਪਾਣੀ ਸਿੱਖਾਂ ਸੇਵਕਾਂ ਕੀ।
ਦੇਗ ਨਾਲ ਤੇਗ ਦੀ ਫਤਹਿ ਇਸ ਲਈ ਮੰਗੀ ਜਾਂਦੀ ਹੈ ਕਿਉਂਕਿ ਅੰਨ-ਪਾਣੀ ਤਾਂ ਸਭ ਦੀ ਜ਼ਰੂਰਤ ਹੈ। ਧੱਕਾਖੋਰ ਲੋਕ ਸਭ ਨੂੰ ਬਰਾਬਰ ਦਾ ਵਰਤਾਰਾ ਲੈਣ ਨਹੀਂ ਦਿੰਦੇ। ਵੱਡੇ ਸਾਮਰਾਜ, ਛੋਟੇ-ਛੋਟੇ ਦੇਸ਼ਾਂ ਜਾਂ ਕੌਮਾਂ ਨੂੰ ਸਦਾ ਦਬੈਲ ਬਣਾਉਣ ਵਿਚ ਲੱਗੇ ਰਹਿੰਦੇ ਹਨ। ਇਸ ਲਈ ਤੇਗ ਦੀ ਫਤਹਿ ਵੀ ਮੰਗੀ ਗਈ ਹੈ ਤਾਂ ਕਿ ਕੋਈ ਕਿਤੇ ਧੱਕਾ ਨਾ ਹੋਵੇ, ਸਭ ਦਾ ਆਤਮ-ਸਨਮਾਨ ਕਾਇਮ ਰਹੇ। ਖਾਲਸੇ ਨੂੰ ਦੇਗ-ਤੇਗ ਦਾ ਵਰਦਾਨ ਅਤੇ ਪੰਥ ਕੀ ਜੀਤ ਦਾ ਆਸ਼ੀਰਵਾਦ ਇਸੇ ਲਈ ਦਿੱਤਾ ਗਿਆ ਹੈ ਕਿ ਉਹ ਸਰਬੱਤ ਦੇ ਭਲੇ ਦਾ ਮਿਸ਼ਨ ਲੈ ਕੇ ਹਰ ਕਿਸਮ ਦੇ ਅਨਿਆਂ ਵਿਰੁੱਧ ਸੰਗਰਾਮ ਰਚਾਵੇ ਤੇ ਇਸ ਧਰਤੀ ਨੂੰ ਸੁਰਗ ਬਣਾਵੇ।
ਕੇਵਲ ਮਾਰੂ ਹਥਿਆਰ ਹੀ ਵਿਗੜੀ ਨਹੀਂ ਸੰਵਾਰ ਸਕਦੇ। ਇਹ ਵੀ ਧਿਆਨ-ਗੋਚਰੇ ਕਰਨ ਵਾਲੀ ਗੱਲ ਹੈ ਕਿ ਸਾਡਾ ਸ਼ਾਨਦਾਰ ਸੱਭਿਆਚਾਰ, ਕੇਵਲ ਰਾਜਨੀਤਕ ਅੱਤਿਆਚਾਰ ਦੀ ਮਾਰ ਹੇਠ ਹੀ ਨਹੀਂ ਸਗੋਂ ਇਹ ਪਦਾਰਥਵਾਦ, ਕੱਟੜਵਾਦ, ਦੰਭ ਪ੍ਰਪੰਚਵਾਦ ਤੇ ਫੈਸ਼ਨਵਾਦ ਦਾ ਵੀ ਸ਼ਿਕਾਰ ਹੋ ਰਿਹਾ ਹੈ। ਇਸ ਕਰਕੇ ਸਾਰੇ ਪਾਸਿਆਂ ਤੋਂ ਸਾਵਧਾਨੀ ਵਰਤਣ ਦੀ ਲੋੜ ਹੈ, ਤਾਂ ਹੀ ਇਸ ਖਾਲਸਾਈ ਸ੍ਰੇਸ਼ਟ ਸੱਭਿਆਚਾਰ ਨੂੰ ਬਚਾਇਆ ਜਾ ਸਕਦਾ ਹੈ। ਜੇ ਸਿੱਖ ਦੇ ਦੁਨਿਆਵੀ ਜੀਵਨ ਵਿਚ ਕੋਈ ਵਾਧ-ਘਾਟ ਆਵੇ ਜਾਂ ਅਣਭਾਉਂਦੀ ਗੱਲ ਵਾਪਰੇ ਤਾਂ ਉਹ ਉਸ ਨੂੰ ਰੱਬ ਦਾ ਭਾਣਾ ਜਾਂ ਗੁਰੂ ਦੀ ਖੇਡ ਕਹਿ ਕੇ ਝੱਲਦਾ ਜਾਂਦਾ ਹੈ ਪਰ ਉਸ ਦਾ ਨਿਸ਼ਚਾ ਹੈ ਕਿ ਗੁਰੂ-ਘਰ ਵਿਚ ਆ ਕੇ ਸੱਚੀ ਬਾਣੀ ਸੁਣ ਕੇ ਸੁਖਾਂ-ਭਰੀ ਸੰਗਤ ਦੇ ਦੀਦਾਰ ਪਾ ਕੇ ਖੁਸ਼ੀਆਂ ਮਿਲਦੀਆਂ ਹਨ, ਕੋਈ ਦੁੱਖ-ਕਲੇਸ਼ ਰਹਿ ਹੀ ਨਹੀਂ ਜਾਂਦਾ। ਇਹ ਬੜਾ ਆਸ਼ਾਵਾਦੀ ਦ੍ਰਿਸ਼ਟੀਕੋਣ ਹੈ:
ਹਰਖ ਅਨੰਤ ਸੋਗ ਨਹੀ ਬੀਆ॥
ਸੋ ਘਰੁ ਗੁਰਿ ਨਾਨਕ ਕਉ ਦੀਆ॥ (ਪੰਨਾ 186)
ਸ਼ੁਕਰਾਨਾ ਸਿੱਖ ਦਾ ਇਕ ਹੋਰ ਗੁਣ ਹੈ। ਉਹ ਮਾਲਕ ਨੂੰ ਸਦਾ ਸਲਾਹੁੰਦਾ ਨਹੀਂ ਥੱਕਦਾ। ਜੇ ਨਵਾਬ ਮਲੇਰਕੋਟਲਾ ਨੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਮੇਂ ਸਰਹਿੰਦ ਹਾਅ ਦਾ ਨਾਅਰਾ ਮਾਰਿਆ ਤਾਂ ਦਲ ਖਾਲਸਾ ਦੀ ਖ਼ੂਬੀ ਇਹ ਰਹੀ ਕਿ ਕਦੀ ਉਨ੍ਹਾਂ ਕੋਟਲੇ ’ਤੇ ਚੜ੍ਹਾਈ ਨਹੀਂ ਕੀਤੀ। ਇਹ ਸਿੱਖਾਂ ਦੇ ਕੌਮੀ ਕਿਰਦਾਰ ਦੀ ਖ਼ੂਬਸੂਰਤੀ ਹੈ। ਉਹ ਚੜ੍ਹਦੀ ਕਲਾ ਦੇ ਨਾਲ ਸਭ ਦਾ ਭਲਾ ਵੀ ਮੰਗਦਾ ਹੈ। ‘ਨਾ ਕੋ ਬੈਰੀ ਨਾਹੀ ਬਿਗਾਨਾ’ ਇਹ ਬਚਨ ਕੇਵਲ ਗਾਉਣ ਲਈ ਹੀ ਨਹੀਂ ਸਗੋਂ ਕਮਾਉਣ ਲਈ ਹੈ। ਇਸੇ ਕਰਕੇ ਅਨੰਦਪੁਰ ਸਾਹਿਬ ਦੇ ਭਿਆਨਕ ਜੰਗ ਵਿਚ ਭਾਈ ਘਨ੍ਹਈਆ ਜੀ ਨੇ ਆਪਣੀ ਮਸ਼ਕ ਦਾ ਜਲ, ਹਰ ਜ਼ਖਮੀ ਦੇ ਬੁੱਲ੍ਹਾਂ ਨੂੰ ਛੁਹਾਇਆ- ਚਾਹੇ ਉਹ ਦੁਸ਼ਮਣ ਸੀ, ਚਾਹੇ ਸਿੱਖ ਭਾਈ। ਕੀਰਤਪੁਰ ਸਾਹਿਬ ਇਕ ਨਿਹੰਗ ਸਿੰਘ, ਸੰਗਤ ਦੇ ਲੰਘਣ ਲਈ ਇਧਰੋਂ-ਉੱਧਰੋਂ ਮਿੱਟੀ ਪੱਧਰੀ ਕਰ ਕੇ ਕਿਤੇ ਕੱਚਾ ਰਸਤਾ ਤਿਆਰ ਕਰ ਰਿਹਾ ਸੀ, ਉਥੇ ਇਕ ਅੰਗਰੇਜ਼ ਅਫਸਰ ਆ ਗਿਆ। ਉਸ ਨੇ ਆਉਂਦਿਆਂ ਹੀ ਸਵਾਲ ਕੀਤਾ…. ‘ਸਿੰਘ ਜੀ! ਇਸ ਕੰਮ ’ਤੇ ਤੁਹਾਨੂੰ ਕਿਸ ਲਾਇਆ ਹੈ ਤੇ ਕਿੰਨੀ ਮਜੂਰੀ ਮਿਲੇਗੀ?’ ਨਿਹੰਗ ਸਿੰਘ ਸੁਣ ਕੇ ਜੋਸ਼ ਵਿਚ ਆ ਗਿਆ। ਕਹਿਣ ਲੱਗਾ, ‘ਖਾਲਸਾ ਖ਼ੁਦ ਬਾਦਸ਼ਾਹ ਹੈ। ਇਸ ਨੂੰ ਮਜੂਰੀ ਦੀ ਕੀ ਲੋੜ ਹੈ? ਮੈਂ ਤਾਂ ਆਉਣ ਵਾਲੀਆਂ ਸੰਗਤਾਂ ਦੇ ਲੰਘਣ ਲਈ ਇਹ ਸੇਵਾ ਕਰ ਰਿਹਾ ਹਾਂ ਤੇ ਬਸ।’
ਸੋ ਸਿੱਖ ਸੱਭਿਆਚਾਰ ਨੇ ਸਦਾ-ਸਦਾ ਸੇਵਕ ਬਣ ਕੇ ਸੇਵਾ-ਟਹਿਲ ਕਰ ਕੇ ਅਨੰਦ-ਖੇੜੇ ਵਿਚ ਰਹਿਣ ਦੀ ਜੀਵਨ-ਜਾਚ ਸਿਖਾਈ ਹੈ ਜਿਸ ਕਰਕੇ ਮਨ ਕਦੀ ਢਹਿੰਦੀ ਕਲਾ ਵੱਲ ਜਾਂਦਾ ਹੀ ਨਹੀਂ। ਫਿਰ ਇਹ ਅਵਸਥਾ ਆਪਣੇ ਆਪ ਨਹੀਂ ਆ ਜਾਂਦੀ। ਇਸ ਲਈ ਇਕ ਖਾਸ ਕਿਸਮ ਦੇ ਅਭਿਆਸ ਵਿੱਚੋਂ ਲੰਘਣਾ ਪੈਂਦਾ ਹੈ। ਗੁਰਸਿੱਖ ਆਪਣਾ ਦਿਨ ਇਸ਼ਨਾਨ ਤੇ ਰੱਬੀ ਧਿਆਨ ਨਾਲ ਅਰੰਭ ਕਰਦਾ ਹੈ ਤਾਂ ਉਹ ‘ਜੀਅਹੁ ਨਿਰਮਲ ਬਾਹਰਹੁ ਨਿਰਮਲ’ ਹੁੰਦਾ ਹੋਇਆ ਪੂਰੀ ਤਰ੍ਹਾਂ ਤਿਆਰ-ਬਰ-ਤਿਆਰ ਹੋ ਜਾਂਦਾ ਹੈ। ਭਾਈ ਗੁਰਦਾਸ ਜੀ ਨੇ ਸਿੱਖ ਸ੍ਰਿਸ਼ਟਾਚਾਰ ਦੀ ਸੰਖੇਪ ਝਾਕੀ ਇਸ ਤਰ੍ਹਾਂ ਪੇਸ਼ ਕੀਤੀ ਹੈ-
ਕੁਰਬਾਣੀ ਤਿਨ੍ਹਾਂ ਗੁਰਸਿਖਾਂ ਪਿਛਲ ਰਾਤੀਂ ਉਠਿ ਬਹੰਦੇ।
ਕੁਰਬਾਣੀ ਤਿਨ੍ਹਾਂ ਗੁਰਸਿਖਾਂ ਅੰਮ੍ਰਿਤ ਵਾਲਾ ਸਰ ਨ੍ਹਾਵੰਦੇ।
ਕੁਰਬਾਣੀ ਤਿਨ੍ਹਾਂ ਗੁਰਸਿਖਾਂ ਇਕ ਮਨਿ ਹੋਇ ਗੁਰ ਜਾਪੁ ਜਪੰਦੇ।
ਕੁਰਬਾਣੀ ਤਿਨ੍ਹਾਂ ਗੁਰਸਿਖਾਂ ਸਾਧ ਸੰਗਤਿ ਚਲਿ ਜਾਇ ਜੁੜੰਦੇ।
ਕੁਰਬਾਣੀ ਤਿਨ੍ਹਾਂ ਗੁਰਸਿਖਾਂ ਗੁਰਬਾਣੀ ਨਿਤਿ ਗਾਇ ਸੁਣੰਦੇ।
ਕੁਰਬਾਣੀ ਤਿਨ੍ਹਾਂ ਗੁਰਸਿਖਾਂ ਮਨਿ ਮੇਲੀ ਕਰਿ ਮੇਲਿ ਮਿਲੰਦੇ।
ਕੁਰਬਾਣੀ ਤਿਨ੍ਹਾਂ ਗੁਰਸਿਖਾਂ ਭਾਇ ਭਗਤਿ ਗੁਰਪੁਰਬ ਕਰੰਦੇ।
ਗੁਰ ਸੇਵਾ ਫਲੁ ਸੁਫਲ ਫਲੰਦੇ॥ (ਵਾਰ 12:2)
ਇਸੇ ਤਰ੍ਹਾਂ ਇਹ ਵੀ ਦੱਸਿਆ ਹੈ ਕਿ ਇਹ ਗੱਲਾਂ ਨਹੀਂ ਕਰਨੀਆਂ; ਇਸ ਨਾਲ ਸੱਭਿਆਚਾਰ ਦੀ ਥਾਂ ਦੁਰਾਚਾਰ ਜ਼ੋਰ ਫੜਦਾ ਹੈ-
ਹਉਂ ਤਿਸੁ ਘੋਲਿ ਘੁਮਾਇਆ ਗੁਰਮਤਿ ਰਿਦੈ ਗਰੀਬੀ ਆਵੈ।
ਹਉਂ ਤਿਸੁ ਘੋਲਿ ਘੁਮਾਇਆ ਪਰ ਨਾਰੀ ਦੇ ਨੇੜਿ ਨ ਜਾਵੈ।
ਹਉਂ ਤਿਸੁ ਘੋਲਿ ਘੁਮਾਇਆ ਪਰ ਦਰਬੈ ਨੂੰ ਹਥ ਨ ਲਾਵੈ॥
ਹਉਂ ਤਿਸੁ ਘੋਲਿ ਘੁਮਾਇਆ ਪਰ ਨਿੰਦਾ ਸੁਣ ਆਪੁ ਹਟਾਵੈ।
ਹਉਂ ਤਿਸੁ ਘੋਲਿ ਘੁਮਾਇਆ ਸਤਿਗੁਰ ਦਾ ਉਪਦੇਸੁ ਕਮਾਵੈ।
ਹਉਂ ਤਿਸੁ ਘੋਲਿ ਘੁਮਾਇਆ ਥੋੜਾ ਸਵੈ ਥੋੜਾ ਹੀ ਖਾਵੈ।
ਗੁਰਮੁਖਿ ਸੋਈ ਸਹਜਿ ਸਮਾਵੈ॥ (ਵਾਰ 12:4)
ਸਿੱਖ ਦਾ ਜੋ ਬਾਹਰਲਾ ਸਰੂਪ ਹੈ, ਉਹ ਵੀ ਵਿਲੱਖਣ ਹੋਣ ਕਰਕੇ ਹਰੇਕ ਲਈ ਆਕਰਸ਼ਣ ਦਾ ਕਾਰਨ ਹੈ। ਖਾਸ ਕਰਕੇ ਸਿੱਖ ਦੀ ਦਸਤਾਰ ਦੀ ਆਪਣੀ ਵੱਖਰੀ ਲਿਸ਼ਕਾਰ ਹੈ।
ਦਸਤਾਰ ਸੱਭਿਆਚਾਰ
ਆਮ ਤੌਰ ’ਤੇ ਇਹ ਠੀਕ ਹੀ ਹੈ ਕਿ ਬਾਹਰ ਦਾ ਦਰਸ਼ਨ-ਦੀਦਾਰ, ਅੰਤਰੀਵ ਸੱਭਿਆਚਾਰ ਦਾ ਪ੍ਰਦਰਸ਼ਨ ਕਰਦਾ ਹੈ। ਫ਼ਾਰਸੀਦਾਨਾਂ ਇਹ ਤੱਤ ਕੱਢਿਆ ਸੀ ਕਿ ਕਿਸੇ ਦੇ ਕਿਰਦਾਰ ਨੂੰ ਜਾਣਨ ਲਈ ਉਸ ਦੀ ਗੁਫ਼ਤਾਰ, ਦਸਤਾਰ ਤੇ ਰਫਤਾਰ ਆਪਣੇ ਆਪ ਉਸ ਦਾ ਪਰਿਚਯ ਕਰਾ ਦਿੰਦੀ ਹੈ। ਸਿੱਖ ਪੰਥ ਕੇਸਾਧਾਰੀ ਹੈ, ਦਸਤਾਰਧਾਰੀ ਹੈ। ਇਸੇ ਦੂਹਰੇ ਗੁਣ ਨੂੰ ਗੁਰਬਾਣੀ ਵਿਚ ‘ਸਾਬਤ ਸੂਰਤਿ ਦਸਤਾਰ ਸਿਰਾ’ ਕਹਿ ਕੇ ਵਿਸ਼ੇਸ਼ ਸਥਾਨ ਦਿੱਤਾ ਗਿਆ ਹੈ ਜਦੋਂ ਕਿ ਹੋਰ ਬਾਹਰੀ ਚਿੰਨ੍ਹਾਂ ਦੀ ਚਰਚਾ ਕਰਨ ਦੀ ਲੋੜ ਨਹੀਂ ਸਮਝੀ। ਇਹ ਤਾਂ ਹਕੀਕਤ ਹੀ ਹੈ ਕਿ ਇਹ ਕੰਚਨ-ਕਾਇਆ ਦਾ ਕੋਟਗੜ੍ਹ ਜੋ ਹੈ, ਇਸ ਦਾ ਸਿੰਘ ਦੁਆਰ ਸੀਸ ਹੈ। ਇਸ ਦੇ ਅੰਦਰ ਸੋਚਣ, ਮਹਿਸੂਸ ਕਰਨ, ਗਿਆਨ-ਸੰਗ੍ਰਹਿਣ, ਦੇਖਣ, ਸੁੰਘਣ, ਛੂਹਣ, ਚੱਖਣ ਆਦਿ ਦੇ ਕਈ ਪ੍ਰਕਾਰ ਦੇ ਸੂਖਮ ਤੱਤ ਹਨ, ਜਿਨ੍ਹਾਂ ਦੀ ਸੁਰੱਖਿਆ ਲਈ ਕੁਦਰਤ ਨੇ ਇਨ੍ਹਾਂ ਦੁਆਲੇ ਹਜ਼ਾਰਾਂ ਕੇਸਾਂ ਦਾ ਜਾਲ ਤਣਿਆ ਹੋਇਆ ਹੈ ਤਾਂ ਕਿ ਇਹ ਗਰਮੀ-ਸਰਦੀ ਤੇ ਹੋਰ ਹਰ ਕਿਸਮ ਦੀ ਛੋਟੀ-ਵੱਡੀ ਸੱਟ-ਫੇਟ ਤੋਂ ਬਚਿਆ ਰਹੇ।
ਇਹ ਤਾਂ ਕੁਦਰਤ ਦਾ ਪ੍ਰਬੰਧ ਹੈ। ਫਿਰ ਮਨੁੱਖੀ ਸੱਭਿਅਤਾ ਦੇ ਵਿਕਾਸ ਨੇ ਇਹ ਅਨੁਭਵ ਕੀਤਾ ਕਿ ਇਸ ਅਮੋਲਕ ਸੀਸ ਨੂੰ ਦਸਤਾਰ ਜਾਂ ਪਗੜੀ ਦੁਆਰਾ ਵੀ ਵੱਧ ਤੋਂ ਵੱਧ ਸੰਭਾਲਿਆ ਜਾਵੇ। ਸੋ ਸਿਰ ਉੱਤੇ ਲਪੇਟੇ ਜਾਣ ਵਾਲੇ ਇਸ ਬਸਤਰ ਲਈ ਪੱਗ, ਪਗੜੀ, ਸਾਫਾ, ਚੀਰਾ, ਦਸਤਾਰ, ਦੁਲਬੰਦ, ਇਮਾਮਾ ਤੇ ਉਸ਼ਣੀਕ ਆਦਿ ਅਨੇਕਾਂ ਪਦ ਵਰਤੇ ਜਾਂਦੇ ਰਹੇ ਹਨ। ‘ਉਸ਼ਣੀਕ’ ਸੰਸਕ੍ਰਿਤ ਸ਼ਬਦ ਹੈ। ‘ਚੀਰਾ’ ਸੰਸਕ੍ਰਿਤ ਅਤੇ ਫ਼ਾਰਸੀ ਦੋਹਾਂ ਵਿਚ ਵਰਤੀਂਦਾ ਹੈ। ‘ਸਾਫਾ’ ਅਰਬੀ ਪਦ ਹੈ ਜੋ ਸ਼ੁੱਧਤਾ ਅਤੇ ਸਫਾਈ ਦਾ ਵਾਚਕ ਹੈ। ਅਰਬੀ ਵਿਚ ਪਗੜੀ ਲਈ ‘ਇਮਾਮਾ’ ਸੰਕੇਤ ਵੀ ਇਸਤੇਮਾਲ ਹੁੰਦਾ ਹੈ ਕਿਉਂਕਿ ਜੋ ਮਜ਼੍ਹਬੀ ਪਰੋਹਤ ਨਿਮਾਜ਼ ਆਦਿ ਰਹੁਰੀਤੀ ਦੀ ਅਗਵਾਈ ਕਰਦਾ ਹੈ, ਉਸ ਨੂੰ ‘ਇਮਾਮ’ ਕਹਿੰਦੇ ਹਨ ਤੇ ਉਹ ਆਮ ਤੌਰ ’ਤੇ ਦਸਤਾਰਧਾਰੀ ਹੁੰਦਾ ਹੈ, ਇਸ ਕਰਕੇ ਪਗੜੀ ਦਾ ਨਾਮ ਇਮਾਮਾ ਪੈ ਗਿਆ। ਅਰਬੀ ਵਿਚ ਦੁਲਬੰਦ ਵੀ ਕਹਿੰਦੇ ਹਨ, ਇਸ ਤਰ੍ਹਾਂ ਫਰਾਂਸੀਸੀ ਤੁਰਬੰਦ ਤੇ ਇਤਾਲਵੀ ‘ਤੁਰਬਾਂਤੇ’ ਤੇ ਅੰਗਰੇਜ਼ੀ ‘ਟਰਬਨ’ ਪਦ ਬਣਿਆ ਜਾਪਦਾ ਹੈ।
‘ਦਸਤਾਰ’ ਫ਼ਾਰਸੀ ਲਫਜ਼ ਹੈ, ਜਿਸ ਦਾ ਭਾਵ ਹੈ ਹੱਥਾਂ ਨਾਲ ਬਣਾ-ਸਵਾਰ ਕੇ ਬੰਨ੍ਹਿਆ ਬਸਤਰ। ਜਿਸ ਆਦਮੀ ਨੇ ਅਰਬੀ ਤਾਲੀਮ ਦੀ ਯੋਗਤਾ ਪਾ ਲਈ ਹੋਵੇ ਤੇ ਚਿੰਨ੍ਹ ਵਜੋਂ ਦਸਤਾਰ ਬੰਨ੍ਹਾ ਲਈ ਹੋਵੇ, ਉਸ ਨੂੰ ਦਸਤਾਰਬੰਦ ਕਿਹਾ ਜਾਂਦਾ ਹੈ। ਸੋ ਦਸਤਾਰਬੰਦੀ ਇਕ ਤਰ੍ਹਾਂ ਸੰਪੂਰਨਤਾ ਦਾ ਲੱਛਣ ਹੈ। ਦਸਤਾਰਚਾ ਨਿੱਕੀ ਪੱਗ ਨੂੰ ਕਹਿੰਦੇ ਹਨ, ਜਿਸ ਨੂੰ ਖਾਲਸਾਈ ਬੋਲਿਆਂ ਵਿਚ ‘ਕੇਸਕੀ’ ਕਿਹਾ ਗਿਆ ਹੈ।
ਸੋ ਪਗੜੀ ਦੀ ਪ੍ਰਭੁਤਾ ਬਹੁਤ ਮਹਾਨ ਤੇ ਪੁਰਾਤਨ ਹੈ। ਪੰਜਾਬੀ ਮੁਹਾਵਰਾ ਤਾਂ ਪੱਗ-ਦਾਹੜੀ ਦੀ ਸ਼ਰਮ ਦਾ ਸਦਾ ਵਾਸਤਾ ਪਾਉਂਦਾ ਆਇਆ ਹੈ। ਬੰਬਈ ਅਜਾਇਬ ਘਰ ਵਿਚ ਪਈਆਂ ਦੇਵ ਮੂਰਤੀਆਂ ਤੇ ਕਈ ਰਾਜੇ-ਰਾਣੀਆਂ ਦੇ ਬੁੱਤ ਦੱਸਦੇ ਹਨ ਕਿ ਉਹ ਸਿਰਾਂ ’ਤੇ ਦਸਤਾਰ ਸਜਾਉਂਦੇ ਸਨ। ਬ੍ਰਿਟਿਸ਼ ਮਿਊਜ਼ੀਅਮ ਲੰਡਨ ਵਿਚ ਮਿਸਰੀ ਸੱਭਿਅਤਾ ਤੇ ਬੈਬੋਲਿਨੀਆਂ ਸੱਭਿਅਤਾ ਦੇ ਕਈ ਪ੍ਰਮੁੱਖ ਬੁੱਤ ਪਏ ਦੇਖੇ ਹਨ। ਉਹ ਸਾਰੇ ਹੀ ਦਸਤਾਰਧਾਰੀ ਹਨ। ਪਾਰਸੀਆਂ ਦੇ ਮਹਾਂਪੁਰਸ਼ ਜਰਦੁਸ਼ਤਰਾਸਟਰ ਦਾ ਪ੍ਰਾਚੀਨ ਚਿੱਤਰ ਦਸਤਾਰ ਵਾਲਾ ਹੈ ਤੇ ਮੁਸਲਮਾਨ ਸੂਫ਼ੀ ਸਾਰੇ ਹੀ ਪਗੜੀ ਬੰਨ੍ਹ ਕੇ ਰੱਖਦੇ ਸਨ। ਈਰਾਨੀ ਤੇ ਅਰਬੀ ਲਿਬਾਸ ਵਿਚ ਦਸਤਾਰ ਨੂੰ ਵਿਸ਼ੇਸ਼ ਆਦਰ ਪ੍ਰਾਪਤ ਹੈ। ਮਾਲੂਮ ਇਹ ਹੁੰਦਾ ਹੈ ਕਿ ਪਗੜੀ ਸਿਰ ਦਾ ਪੁਰਾਣਾ ਪਹਿਰਾਵਾ ਹੈ, ਜੋ ਜਿੱਥੇ ਸਿਰ ਨੂੰ ਗਰਮੀ-ਸਰਦੀ ਤੋਂ ਬਚਾਉਂਦਾ ਆਇਆ ਹੈ, ਉਥੇ ਆਦਮੀ ਦੀ ਸ਼ਾਨੋ-ਸ਼ੌਕਤ ਨੂੰ ਵੀ ਦਰਸਾਉਂਦਾ ਆਇਆ ਹੈ।
ਜਦੋਂ ਤੁਰਕ ਸੁਲਤਾਨਾਂ ਨੇ ਦਿੱਲੀ ਉੱਤੇ ਕਬਜ਼ਾ ਕਰ ਲਿਆ ਤਾਂ ਇਹ ਲੋਕ ਬਰਦਾਸ਼ਤ ਨਾ ਕਰ ਸਕੇ ਕਿ ਗ਼ੁਲਾਮ ਹਿੰਦੁਸਤਾਨੀ ਵੀ ਸਿਰ ’ਤੇ ਦਸਤਾਰ ਪਹਿਨੀ ਰੱਖਣ। ਇਸ ਲਈ ਉਨ੍ਹਾਂ ਇਹ ਰੀਤ ਤੋਰੀ ਕਿ ਜਿਨ੍ਹਾਂ ਬੰਦਿਆਂ ਨੂੰ ਗ਼ੁਲਾਮ ਬਣਾ ਕੇ ਪਾਸ ਰੱਖਿਆ ਜਾਵੇ, ਉਨ੍ਹਾਂ ਨੂੰ ਪਗੜੀ ਉਤਾਰ ਕੇ ਨਿੱਕੀ ਜਿਹੀ ਟੋਪੀ ਪੁਆ ਦਿੱਤੀ ਜਾਵੇ। ਇਸ ਤਰ੍ਹਾਂ ਹੌਲੀ-ਹੌਲੀ ਹਿੰਦ ਵਾਸੀਆਂ ਦੀ ਪੱਗ ਲਾਹੀ ਗਈ ਤੇ ਇਸ ਦੀ ਥਾਂ ਉਨ੍ਹਾਂ ਨੂੰ ਟੋਪੀ ਪਾ ਕੇ ਸਦਾ ਲਈ ਗ਼ੁਲਾਮ ਬਣਾ ਦਿੱਤਾ ਗਿਆ। ਸੋ ਪੱਗ ਕੇਵਲ ਸਿਰ ਦਾ ਲਿਬਾਸ ਮਾਤਰ ਹੀ ਨਹੀਂ ਸਗੋਂ ਇਸ ਤਰ੍ਹਾਂ ਆਦਰ-ਸਤਿਕਾਰ ਦਾ ਵੀ ਮੰਨਿਆ-ਪ੍ਰਮੰਨਿਆ ਪ੍ਰਤੀਕ ਹੈ। ਮੁਗ਼ਲ ਜ਼ਮਾਨੇ ਵਿਚ ਕਿਸੇ ਅਮੀਰ-ਵਜ਼ੀਰ ਦਾ ਸਤਿਕਾਰ ਕਰਨ ਲਈ ਉਸ ਨੂੰ ਸ਼ਾਹੀ ਦਰਬਾਰ ਵੱਲੋਂ ਜੋੜਾ-ਜਾਮਾ ਦਿੱਤਾ ਜਾਂਦਾ ਸੀ ਤੇ ਦਸਤਾਰ ਵੀ ਬੰਨ੍ਹਾਈ ਜਾਂਦੀ ਸੀ। ਇਸੇ ਨੂੰ ਸਿਰੋਪਾਉ ਕਹਿੰਦੇ ਹਨ। ਕਿਸੇ ਘਰ ਦੇ ਬਜ਼ੁਰਗ ਦੀ ਮੌਤ ਬਾਅਦ ਜਦ ਅਗਲੇ ਬੰਸ-ਅਧਿਕਾਰੀ ਨੂੰ ਜ਼ਿੰਮੇਵਾਰੀ ਸੌਂਪੀ ਜਾਂਦੀ ਤਾਂ ਸਾਰੇ ਸਮਾਜ ਦੀ ਮੌਜੂਦਗੀ ਵਿਚ ਉਸ ਨੂੰ ਪੱਗ ਬੰਨ੍ਹਾਈ ਜਾਂਦੀ ਸੀ। ਹੁਣ ਵੀ ਜੇ ਕੋਈ ਆਦਰਯੋਗ ਮਹਿਮਾਨ ਘਰ ਆਉਂਦਾ ਜਾਂ ਕਿਸੇ ਸਮਾਗਮ ਦੀ ਰੌਣਕ ਵਧਾਉਂਦਾ ਹੈ ਤਾਂ ਸਨਮਾਨ ਵਜੋਂ ਪਗੜੀ ਹੀ ਦਿੱਤੀ ਜਾਂਦੀ ਹੈ। ਸਤਿਗੁਰਾਂ ਬਾਣੀ ਵਿਚ ਅਨੇਕ ਥਾਈਂ ਇਹ ਪ੍ਰਤੀਕ ਵਰਤਿਆ ਹੈ ਕਿ ਅਕਾਲ ਪੁਰਖ ਨੇ ਆਪਣਿਆਂ ਸੇਵਕ-ਜਨਾਂ ਨੂੰ ਸਿਰੋਪਾਉ ਬਖ਼ਸ਼ ਕੇ ਦਰ ਪ੍ਰਵਾਨ ਕਰ ਲਿਆ ਹੈ:
ਪਹਿਰਿ ਸਿਰਪਾਉ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾਰੇ॥ (ਪੰਨਾ 631)
ਇਸ ਲੰਮੀ ਚਰਚਾ ਦਾ ਭਾਵ ਇਹ ਹੈ ਕਿ ਦਸਤਾਰ ਕੇਵਲ ਆਮ ਪਹਿਰਾਵਾ ਮਾਤਰ ਨਹੀਂ, ਸਗੋਂ ਭਾਰਤੀ ਸੱਭਿਆਚਾਰ ਦਾ ਇਹ ਵਿਸ਼ੇਸ਼ ਚਿੰਨ੍ਹ ਹੈ, ਜਿਸ ਨੂੰ ਗੁਰੂ ਸਾਹਿਬਾਨ ਨੇ ਸਿੱਖਾਂ ਦੇ ਸੀਸ ਉੱਤੇ ਮੁੜ ਸਜਾ ਕੇ ਇਸ ਗੁਆਚੇ ਗੌਰਵ ਨੂੰ ਸਥਾਪਤ ਕੀਤਾ। ਸੋ ਸੀਸ ਦਾ ਰਿਸ਼ਤਾ ਕੇਸਾਂ ਨਾਲ ਹੈ ਤੇ ਕੇਸਾਂ ਦਾ ਦਸਤਾਰ ਨਾਲ। ਇਹ ਦੋਵੇਂ ਸਿੱਖ ਸੱਭਿਆਚਾਰ ਦੇ ਚੋਟੀ ਦੇ ਚੋਬਦਾਰ ਅਤੇ ਸਨਮਾਨਿਤ ਸ਼ਾਹਕਾਰ ਹਨ। ਸੋ ਇਹ ਦਸਤਾਰ ਖਾਲਸੇ ਦਾ ਖਾਸ ਪਛਾਣ-ਚਿੰਨ੍ਹ ਹੈ, ਜਿਸ ਦੇ ਸਦਕੇ ਕੀ ਯੂਰਪ, ਕੀ ਅਮਰੀਕਾ ਤੇ ਕੀ ਅਫਰੀਕਾ ਸਭ ਥਾਂ, ਜਿੱਥੇ ਵੀ ਗੁਰੂ ਕਾ ਖਾਲਸਾ ਮੌਜੂਦ ਹੈ, ਉਥੇ ਹੋਰ ਬਹੁਤੀ ਪੁੱਛ-ਪੜਤਾਲ ਦੀ ਲੋੜ ਨਹੀਂ ਪੈਂਦੀ। ਕੇਵਲ ਕੇਸਧਾਰੀ ਤੇ ਦਸਤਾਰਧਾਰੀ ਸੂਰਤ ਤੋਂ ਹੀ ਇਹ ਲੱਗਣ ਲੱਗ ਜਾਂਦਾ ਹੈ ਕਿ ਇਹ ਗੁਰੂ ਦਾ ਨਿਵਾਜਿਆ ਸਿੱਖ ਸਰਦਾਰ ਹੈ। ਸੋ ਅਸੀਂ ਕਹਿ ਸਕਦੇ ਹਾਂ ਕਿ ਇਹ ਦਸਤਾਰ, ਸਿੱਖ ਸੱਭਿਆਚਾਰ ਦਾ ਦੂਰੋਂ ਨਜ਼ਰ ਆ ਰਿਹਾ ਕੋਈ ਉੱਚਾ ਮੀਨਾਰ ਹੈ, ਜਿਸ ਦੀ ਸ਼ੋਭਾ ਆਖਣ ਵਿਚ ਨਹੀਂ ਆਉਂਦੀ। ਗੁਰਬਾਣੀ ਦੀ ਗੂੰਜ ਇਸ ਗੌਰਵ ਨੂੰ ਹੋਰ ਭਾਗ ਲਾਉਂਦੀ ਹੈ, ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਬਚਨ ਕਰਦੇ ਹਨ ਕਿ ਮੇਰਾ ਦੂਹਰਾ ਦਸਤਾਰਾ ਜਾਂ ਦੁਮਾਲਾ ਫਤਹਿ ਦਾ ਡੰਕਾ ਵਜਾ ਰਿਹਾ ਹੈ:
ਹਉ ਗੋਸਾਈ ਦਾ ਪਹਿਲਵਾਨੜਾ॥
ਮੈ ਗੁਰ ਮਿਲਿ ਉਚ ਦੁਮਾਲੜਾ॥
ਸਭ ਹੋਈ ਛਿੰਝ ਇਕਠੀਆ ਦਯੁ ਬੈਠਾ ਵੇਖੈ ਆਪਿ ਜੀਉ॥ (ਪੰਨਾ 74)
ਗੁਰੂ ਗ੍ਰੰਥ ਤੇ ਗੁਰੂ ਪੰਥ
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿੱਥੇ ਵਿਅਕਤੀਵਾਦ ਦੇ ਬੰਧਨ ਤੋਂ ਛੁਟਕਾਰਾ ਦਿਵਾਉਣ ਲਈ ਸ਼ਬਦ ਜਾਂ ਬਾਣੀ ਨੂੰ ‘ਗੁਰੂ’ ਕਹਿ ਕੇ ਸਤਿਕਾਰਿਆ, ਉਥੇ ਨਾਲ ਹੀ ਸੰਗਤਵਾਦ ਦਾ ਸਿਧਾਂਤ ਪ੍ਰਚਾਰਿਆ। ਜੋ ਕਿ ਦਸਮੇਸ਼ ਗੁਰੂ ਜੀ ਦੇ ਸਮੇਂ ਪੰਥ ਦਾ ਰੂਪ ਧਾਰਨ ਕਰ ਗਿਆ। ਕੋਈ ਸਿਧਾਂਤ ਕਿਤਨਾ ਮਹਾਨ ਹੋਵੇ, ਜਿਤਨਾ ਚਿਰ ਉਸ ਨੂੰ ਕਮਾਉਣ ਵਾਲੇ ਸੰਗਠਿਤ ਹੋ ਕੇ ਇਕ ਸ਼ਕਤੀਸ਼ਾਲੀ ਰੂਪ ਨਹੀਂ ਧਾਰਦੇ, ਉਤਨਾ ਚਿਰ ਉੱਚ ਸਿਧਾਂਤ ਵੀ ਸੰਸਾਰਿਕ ਭਲਾਈ ਲਈ ਸਾਰਥਿਕ ਸਿੱਧ ਨਹੀਂ ਹੁੰਦੇ। ਭਾਰਤੀ ਉੱਚ ਸਿਧਾਂਤਾਂ ਦਾ ਇਹੋ ਦੁਖਾਂਤ ਰਿਹਾ ਹੈ ਕਿ ਇਸ ਝੰਡੇ ਨੂੰ ਉਠਾਉਣ ਵਾਲਾ ਦਲ ਕੋਈ ਨਹੀਂ ਸੀ, ਇਸ ਕਰਕੇ ਚੰਗੇ ਉੱਚੇ ਸਿਧਾਂਤ ਕੇਵਲ ਗ੍ਰੰਥਾਂ ਦਾ ਸ਼ਿੰਗਾਰ ਮਾਤਰ ਬਣ ਕੇ ਰਹਿ ਗਏ। ਮਹਾਤਮਾ ਬੁੱਧ ਇਸ ਘਾਟ ਨੂੰ ਪਛਾਣ ਗਏ ਸਨ, ਇਸ ਕਰਕੇ ਉਨ੍ਹਾਂ ਬੁੱਧ ਮਤ ਦੇ ਵਿਕਾਸ ਲਈ ਤ੍ਰਿਬੇਣੀ ਦਾ ਸੰਗਮ ਕੀਤਾ:-
ਬੁਧੰ ਸ਼ਰਣੰ ਗੱਛਾਮੀ।
ਧੰਮੰ ਸਰਣੰ ਗੱਛਾਮੀ।
ਸੰਘੰ ਸ਼ਰਣੰ ਗੱਛਾਮੀ।
ਸਾਮੀ ਮਜ਼੍ਹਬਾਂ ਵਿੱਚੋਂ ਇਸਲਾਮ ਨੇ ‘ਉੱਮਤ’ ਦੀ ਜਥੇਬੰਦੀ ਲਈ ਵਿਸ਼ੇਸ਼ ਉਪਰਾਲੇ ਕੀਤੇ, ਜਿਸ ਕਰਕੇ ਵੀਰਾਨ-ਰੇਗਿਸਤਾਨ ਦਾ ਈਮਾਨ ਛੇਤੀ ਹੀ ਜਹਾਨ ਦਾ ਈਮਾਨ ਬਣ ਗਿਆ। ਗੁਰੂ ਸਾਹਿਬਾਨ ਦੇ ਸਨਮੁਖ ਇਹ ਤਜਰਬੇ ਮੌਜੂਦ ਸਨ, ਇਸ ਕਰਕੇ ਨਾ ਤਾਂ ਉਨ੍ਹਾਂ ਸੁੰਨਵਾਦੀ ਭਿੱਖੂਆਂ ਦੇ ਇਕੱਠ ਨੂੰ ਸੰਘ ਜਾਂ ਸੰਗਤ ਆਖਿਆ ਤੇ ਨਾ ਹੀ ਕੇਵਲ ਜਹਾਦ ਦੇ ਨਾਂ ’ਤੇ ਸੰਗਠਿਤ ਹੋਏ ਬੇਮੁਹਾਰ ਲੋਕਾਂ ਨੂੰ ‘ਉੱਮਤ’ ਕਰਾਰ ਦਿੱਤਾ। ਉਨ੍ਹਾਂ ਦੀ ਦ੍ਰਿਸ਼ਟੀ ਵਿਚ ਸੰਗਤ ਦਾ ਸੰਕਲਪ ਬਿਲਕੁਲ ਨਿਰਾਲਾ ਸੀ, ਉਹ ਸੀ ਅਕਾਲ ਪੁਰਖ ਦੇ ਸੱਚੇ ਨਾਮ ਕੀਰਤਨ ਵਿਚ ਮਸਤ ਜੁੜੀ ਮਜਲਸ:
ਸਤਸੰਗਤਿ ਕੈਸੀ ਜਾਣੀਐ॥
ਜਿਥੈ ਏਕੋ ਨਾਮੁ ਵਖਾਣੀਐ॥
ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ॥ (ਪੰਨਾ 72)
ਅਰਥਾਤ ਉਹੋ ਸੰਗਠਨ, ਸਤਿਸੰਗ ਹੈ, ਜਿੱਥੇ ਕੇਵਲ ਨਾਮ ਦਾ ਹੀ ਵਖਾਨ ਹੁੰਦਾ ਹੈ ਤੇ ਇਹ ‘ਨਾਮ’ ਉਹੋ ਇੱਕੋ-ਇੱਕ ਰੱਬੀ ਹੁਕਮ ਹੈ, ਜਿਸ ਨੂੰ ਗੁਰੂ-ਜੋਤਿ ਕਿਹਾ ਗਿਆ ਹੈ। ਸਪੱਸ਼ਟ ਹੈ ਕਿ ਕੁਝ ਆਦਮੀਆਂ ਦਾ ਜੋੜ-ਮੇਲ ਸਤਿਸੰਗ ਨਹੀਂ ਬਲਕਿ ਗੁਰੂ-ਜੋਤਿ ਦੀ ਮੌਜੂਦਗੀ ਹੀ ਇਸ ਨੂੰ ‘ਸਤਿਸੰਗ’ ਦਾ ਰੂਪ ਦਿੰਦੀ ਹੈ:
ਸਤਿਗੁਰ ਬਾਝਹੁ ਸੰਗਤਿ ਨ ਹੋਈ॥
ਬਿਨੁ ਸਬਦੇ ਪਾਰੁ ਨ ਪਾਏ ਕੋਈ॥ (ਪੰਨਾ 1068)
ਭਾਈ ਗੁਰਦਾਸ ਜੀ ਨੇ ਪੰਜ ਸ੍ਵੱਛ ਆਤਮਾਵਾਂ ਦੇ ਸੰਮੇਲਨ ਨੂੰ ਪਰਮੇਸ਼ਰ ਤੁਲ ਕਿਹਾ ਹੈ-
ਇਕੁ ਸਿਖੁ ਦੁਇ ਸਾਧ ਸੰਗੁ ਪੰਜੀਂ ਪਰਮੇਸਰੁ। (ਵਾਰ 13:19)
ਸਿੱਖ ਇਤਿਹਾਸ ਵਿਚ ਇਹ ਸੰਕੇਤ ਇੱਕ ਤੋਂ ਵੱਧ ਵਾਰ ਆਇਆ ਹੈ। ਜਦੋਂ ਸਤਿਗੁਰਾਂ ਇਹ ਫ਼ਰਮਾਇਆ-
‘ਗੁਰੂ ਵੀਹ ਵਿਸਵੇ, ਸੰਗਤ ਇੱਕੀ ਵਿਸਵੇ’
ਤਾਂ ਜ਼ਾਹਿਰ ਹੈ ਕਿ ਗੁਰੂ ਸਾਹਿਬ ਚੇਤੰਨ ਹੋ ਕੇ ਸਤਿਸੰਗ ਦਾ ਗੌਰਵ ਸਥਾਪਨ ਕਰ ਰਹੇ ਸਨ, ਪਰ ਇਹ ਗੱਲ ਧਿਆਨ-ਗੋਚਰੇ ਕਰਨ ਵਾਲੀ ਹੈ ਇਹ ਸੰਗਤ ਜਾਂ ਪੰਥ, ਜਿਸ ਆਲੀਸ਼ਾਨ ਪੱਕੀ ਇਮਾਰਤ ਦਾ ਨਾਮ ਹੈ, ਉਸ ਦੀ ਹਰ ਇਕਾਈ ਗੁਰਸਿੱਖ ਹੈ। ਜਿਵੇਂ ਪੱਕੀਆਂ ਇੱਟਾਂ ਲੱਗ ਕੇ ਹੀ ਪੱਕੀ ਇਮਾਰਤ ਬਣਦੀ ਹੈ, ਕੱਚੀਆਂ ਨਾਲ ਨਹੀਂ ਤਿਵੇਂ ਸੰਗਤ ਜਾਂ ਪੰਥ ਦੇ ਸਰੂਪ ਦੀ ਸਾਜਨਾ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦੱਸੀ ਜੀਵਨ-ਜਾਚ ਅਨੁਸਾਰ ਚੱਲਣ ਵਾਲੇ ਸਿੱਖ ਹੀ ਸਿਰਜਦੇ ਹਨ। ਇਸ ਕਰਕੇ ਚੰਗੇ ਗੁਰਸਿੱਖ, ਗੁਰਮੁਖ, ਸੰਤ, ਸਾਧੂ, ਬ੍ਰਹਮ-ਗਿਆਨੀ ਦੇ ਜੋ ਲੱਛਣ ਦਿੱਤੇ ਗਏ ਹਨ, ਉਨ੍ਹਾਂ ਦੀ ਕਮਾਈ ਹੀ ਪੰਥਕ ਹਸਤੀ ਦੀ ਅਸਲ ਆਤਮਾ ਹੈ। ਇਹ ਉੱਚ ਜੀਵਨ ਵਾਲੇ ਨਾਮ ਦੀ ਚੜ੍ਹਦੀ ਕਲਾ ਤੇ ਸਰਬੱਤ ਦਾ ਭਲਾ ਚਾਹੁਣ ਵਾਲੇ ਮਹਾਂਪੁਰਸ਼, ਪਰਮ-ਸੱਤਾ ਨਾਲ ਅਭੇਦ ਹੁੰਦੇ ਹਨ, ਇਸ ਕਰਕੇ ਇਨ੍ਹਾਂ ਨੂੰ ਵੱਖ ਨਹੀਂ ਕਿਹਾ ਜਾ ਸਕਦਾ:
ਜਿਨਾ੍ ਨ ਵਿਸਰੈ ਨਾਮੁ ਸੇ ਕਿਨੇਹਿਆ॥
ਭੇਦੁ ਨ ਜਾਣਹੁ ਮੂਲਿ ਸਾਂਈ ਜੇਹਿਆ॥ (ਪੰਨਾ 397)
ਸੋਈ ਸੰਤੁ ਜਿ ਭਾਵੈ ਰਾਮ॥
ਸੰਤ ਗੋਬਿੰਦ ਕੈ ਏਕੈ ਕਾਮ॥ (ਪੰਨਾ 867)
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਜੀਵਨ-ਜੁਗਤੀ ਦੀ ਪਛਾਣ ਵਾਲੇ ਪੂਰਨ ਪੁਰਖ ਦੀ ਇਹ ਤਾਰੀਫ਼ ਕੀਤੀ ਗਈ ਹੈ:
ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ॥
ਸੁਖ ਸਨੇਹੁ ਅਰੁ ਭੈ ਨਹੀ ਜਾ ਕੈ ਕੰਚਨ ਮਾਟੀ ਮਾਨੈ॥1॥ ਰਹਾਉ॥
ਨਹ ਨਿੰਦਿਆ ਨਹ ਉਸਤਤਿ ਜਾ ਕੈ ਲੋਭੁ ਮੋਹੁ ਅਭਿਮਾਨਾ॥
ਹਰਖ ਸੋਗ ਤੇ ਰਹੈ ਨਿਆਰਉ ਨਾਹਿ ਮਾਨ ਅਪਮਾਨਾ॥1॥
ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੈ ਨਿਰਾਸਾ॥
ਕਾਮੁ ਕ੍ਰੋਧੁ ਜਿਹ ਪਰਸੈ ਨਾਹਨਿ ਤਿਹ ਘਟਿ ਬ੍ਰਹਮੁ ਨਿਵਾਸਾ॥2॥
ਗੁਰ ਕਿਰਪਾ ਜਿਹ ਨਰ ਕਉ ਕੀਨੀ ਤਿਹ ਇਹ ਜੁਗਤਿ ਪਛਾਨੀ॥
ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗਿ ਪਾਨੀ॥ (ਪੰਨਾ 633)
ਦਸਮ ਗ੍ਰੰਥ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ‘ਖਾਲਸਾ’ ਦੇ ਲੱਛਣ ਇਹ ਕੀਤੇ ਹਨ:
ਜਾਗਤ ਜੋਤ ਜਪੈ ਨਿਸ ਬਾਸੁਰ, ਏਕ ਬਿਨਾ ਮਨ ਨੈਕ ਨ ਆਨੈ॥
ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ, ਗੋਰ ਮੜੀ ਮਟ ਭੂਲਿ ਨ ਮਾਨੈ॥
ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨਹ ਏਕ ਪਛਾਨੈ॥
ਪੂਰਨ ਜੋਤਿ ਜਗੈ ਘਟ ਮੈ, ਤਬ ਖਾਲਸ ਤਾਂਹਿ ਨਖਾਲਸ ਜਾਨੈ॥
ਸੋ ਹਰ ਗੁਰਸਿੱਖ ਜਾਂ ਤਿਆਰ-ਬਰ-ਤਿਆਰ ਖਾਲਸਾ, ਪੰਥਕ ਹਸਤੀ ਦਾ ਅੰਗ ਹੈ, ਅਜਿਹੇ ਘਾਲ-ਕਮਾਈ ਵਾਲੇ ਨੇਕ-ਪੁਰਸ਼ਾਂ ਦਾ ਸੰਗਠਨ ਹੀ ‘ਪੰਥ’ ਕਹਾਉਂਦਾ ਹੈ। ਇਸ ਲੜੀ ਵਿਚ ਉਹੋ ਮਾਣਕ ਮੋਤੀ ਆਉਂਦੇ ਹਨ-
“ਜਿਨ੍ਹਾਂ ਨਾਮ ਜਪਿਆ, ਵੰਡ ਕੇ ਛਕਿਆ, ਦੇਖ ਕੇ ਅਣਡਿੱਠ ਕੀਤਾ, ਦੇਗ ਚਲਾਈ, ਤੇਗ ਵਾਹੀ, ਧਰਮ ਦੀ ਖ਼ਾਤਰ ਸੀਸ ਦਿੱਤੇ” ਇਹ ਕੁਰਬਾਨੀ ਵਾਲੇ ਪਰਉਪਕਾਰੀ, ਬ੍ਰਹਮ-ਗਿਆਨੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦੱਸੇ ਪੂਰਨ ਪੁਰਖ ਜਾਂ ਮਰਦ-ਏ-ਕਾਮਲ ਦਾ ਜੀਊਂਦਾ ਜਾਗਦਾ ਰੂਪ ਹਨ, ਇਸ ਕਰਕੇ ਇਥੇ ਆ ਕੇ ਗੁਰੂ ਗ੍ਰੰਥ-ਪੰਥ ਅਭੇਦ ਹੋ ਜਾਂਦੇ ਹਨ। ਮਨੋਵਿਗਿਆਨਕ ਦ੍ਰਿਸ਼ਟੀਕੋਣ ਤੋਂ ਵੀ ਇਸ ਗੱਲ ਦੀ ਪੁਸ਼ਟੀ ਹੁੰਦੀ ਹੈ ਕਿ ਮਨੁੱਖੀ ਹਸਤੀ, ਆਪਾ ਮਾਤਰ ਨਹੀਂ, ਇਸ ਵਿਚ ਸਮਾਜਿਕਤਾ ਦਾ ਤੱਤ ਵਧੇਰੇ ਬਲਵਾਨ ਹੈ। ਮਨੁੱਖ ਸਮੂਹ ਵਿਚ ਵਿਚਰ ਕੇ ਰਾਜ਼ੀ ਹੈ ਤੇ ਆਪਣੇ ਸਾਥ ਦੀ ਰੀਸ ਅਚੇਤ ਹੀ ਕਰਦਾ ਰਹਿੰਦਾ ਹੈ। ਇਹ ਪ੍ਰਵਿਰਤੀ ਸਤਿਸੰਗ ਤੋਂ ਪੁਸ਼ਟੀ ਪ੍ਰਾਪਤ ਕਰ ਕੇ ਮਨੁੱਖੀ ਆਤਮਾ ਨੂੰ ਨੇਕੀ ਪਾਸੇ ਚੱਲਣ ਲਈ ਪ੍ਰੇਰਿਤ ਕਰਦੀ ਹੈ।
ਇਸੇ ਅਵਸਥਾ ਨੂੰ ਮੁੱਖ ਰੱਖ ਕੇ ਗੁਰੂ ਸਾਹਿਬਾਨ ਨੇ ਸੰਨਿਆਸੀ, ਜੋਗੀ, ਤਿਆਗੀ, ਵੈਰਾਗੀ ਆਦਿ ਦੀਆਂ ਅਪਸਾਰਵਾਦੀ ਰੁਚੀਆਂ ਨੂੰ ਰੱਦ ਕਰਕੇ ਨਾਮ ਸਿਮਰਨ ਦੇ ਨਾਲ ਬੰਦਗੀ ਦਾ ਜ਼ਰੂਰੀ ਅੰਗ ਬਣਾਇਆ ਤਾਂ ਕਿ ਸਮੂਹਿਕ ਵਿਕਾਸ ਭਲੀ-ਭਾਂਤ ਹੋ ਸਕੇ। ਇਸ ਪ੍ਰਯੋਜਨ ਲਈ ਸਤਿਸੰਗ ਇਕ ਵਧੀਆ ਮਾਧਿਅਮ ਸੀ ਜਿਸ ਨੂੰ ਗੁਰੂ ਸਾਹਿਬਾਨ ਨੇ ਦੋ ਸੌ ਵਰ੍ਹਾ ਲਾ ਕੇ ਵਿਕਸਿਤ ਕੀਤਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਖਰੀ ਗੁਰੂ ਸਨ, ਜਿਨ੍ਹਾਂ ਅੰਤਮ ਛੋਹਾਂ ਦੇ ਕੇ ਇਸ ਸੰਗਤ ਨੂੰ ‘ਖਾਲਸਾ ਪੰਥ’ ਦੇ ਰੂਪ ਵਿਚ ਢਾਲਿਆ। ਇਹ ਇਕ ਤਰ੍ਹਾਂ ਜੋਤਿ-ਜੁਗਤਿ ਦਾ ਆਖਰੀ ਸਿੱਟਾ ਸੀ। ਸੋ ਇਹ ‘ਪੰਥ’ ਕੋਈ ਸਿੱਖ ਸ਼ਰਧਾਲੂਆਂ ਦਾ ਜਥਾ, ਸੰਪ੍ਰਦਾਇ ਦਾ ਕੋਈ ਫ਼ਿਰਕਾ ਮਾਤਰ ਨਹੀਂ, ਬਲਕਿ ਇਹ ਦਸ ਗੁਰੂ ਸਾਹਿਬਾਨ ਦਾ ਜੀਵਨ-ਆਦਰਸ਼ ਸੀ। ਇਸੇ ਜੀਵਨ-ਆਦਰਸ਼ ਦੀ ਸਫ਼ਲਤਾ ਲਈ ਗੁਰੂ ਜੀ ਅਕਾਲ ਪੁਰਖ ਤੋਂ ਵਰਦਾਨ ਚਾਹੁੰਦੇ ਸਨ :
ਠਾਂਢਿ ਭਯੋ ਮੈ ਜੋਰਿ ਕਰਿ, ਬਚਨ ਕਹਾ ਸਿਰ ਨ੍ਯਾਇ॥
ਪੰਥ ਚਲੈ ਤਬ ਜਗਤ ਮੈ ਜਬ ਤੁਮ ਕਰਹੁ ਸਹਾਇ॥
ਇਕ ਪ੍ਰਾਚੀਨ ਸਿੱਖ ਵਿਦਵਾਨ ਨੇ ਖਾਲਸੇ ਨੂੰ ਅਕਾਲ ਪੁਰਖ ਦੀ ਮੌਜ ਤੇ ਫੌਜ ਕਿਹਾ ਹੈ:
ਖਾਲਸਾ ਅਕਾਲ ਪੁਰਖ ਕੀ ਫੌਜ।
ਪ੍ਰਗਟਯੋ ਖਾਲਸਾ ਪ੍ਰਮਾਤਮ ਕੀ ਮੌਜ। (ਸਰਬ ਲੋਹ)
ਜਦੋਂ ਬਾਣੀ ਰਾਹੀਂ ਤਿਆਰ ਕੀਤੇ ਅੰਮ੍ਰਿਤ ਦੁਆਰਾ ਸੰਗਤ ਨੂੰ ਸੰਸਕਾਰਿਆ-ਸਵਾਰਿਆ ਗਿਆ ਤਾਂ ਇਹ ਖਾਲਸਾ ਪੰਥ ਸਾਜਿਆ। ਇਸ ਖਾਲਸਾ ਸਰੂਪ ਨੂੰ ਤੱਕ ਕੇ ਗੁਰਦੇਵ ਦੀ ਆਤਮਾ ਅਤਿਅੰਤ ਪ੍ਰਸੰਨ ਹੋਈ ਤੇ ਇਉਂ ਗੁਣਗੁਣਾਈ :
ਖਾਲਸਾ ਮੇਰੋ ਰੂਪ ਹੈ ਖਾਸ।
ਖਾਲਸੇ ਮਹਿˆ ਹਉ ਕਰਉ ਨਿਵਾਸ।…
ਖਾਲਸਾ ਮੇਰੋ ਸਤਿਗੁਰ ਪੂਰਾ।
ਖਾਲਸਾ ਮੇਰੋ ਸਜਨ ਸੂਰਾ। (ਸਰਬ ਲੋਹ)
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਭ ਤੋਂ ਪਹਿਲਾਂ ਗੁਰੂ-ਜੋਤਿ ਨੂੰ ਪੰਥ ਵਿਚ ਹਲੂਲ ਹੋਈ ਮੰਨ ਕੇ ਉਸ ਤੋਂ ਆਪ ਅੰਮ੍ਰਿਤਪਾਨ ਕੀਤਾ ਤੇ ਗੁਰੂ ਹੁੰਦਿਆਂ ਵੀ ਉਸ ਦੀ ਸ਼ਾਗਿਰਦੀ ਪ੍ਰਵਾਨ ਕੀਤੀ। ਦੂਸਰੀ ਵਾਰ, ਚਮਕੌਰ ਦੀ ਗੜ੍ਹੀ ਨੂੰ ਪੰਥਕ ਆਗਿਆ ਅਨੁਸਾਰ ਹੀ ਤਿਆਗਿਆ ਤਾਂ ਕਿ ਤਮਾਮ ਜਨਤਾ ਜੋਤਿ-ਜੁਗਤਿ ਨੂੰ ਗੁਰੂ ਗ੍ਰੰਥ-ਪੰਥ ਵਿਚ ਅਭੇਦ ਹੋਈ ਮੰਨ ਲਵੇ। ਉਸੇ ਥਾਂ ਆਪ ਨੇ ਪੰਥ ਨੂੰ ਬਾਕਾਇਦਾ ਗੁਰਿਆਈ ਦੇਣ ਦੀ ਰਸਮ ਅਦਾ ਕੀਤੀ। ਇਸ ਦਾ ਬਿਉਰਾ ਦਿੰਦੇ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ-
ਦਯਾ ਸਿੰਘ ਅਰ ਧਰਮ ਸਿੰਘ ਜੀ, ਮਾਨ ਸਿੰਘ ਤੀਜੋ ਬਰ ਬੀਰ।
ਸੰਗਤ ਸਿੰਘ ਸੰਤ ਸਿੰਘ ਪੰਚਮ, ਤਿਹੂੰ ਬਿਠਾਯੋ ਦੇ ਕਰਿ ਧੀਰ।
ਗੁਰਤਾ ਅਰਪਣ ਲਗੇ ਖਾਲਸੇ, ਪੰਚ ਸਿੰਘ ਤਿˆਹ ਸੋਹਿ ਸਰੀਰ।
ਪੰਚਹੁ ਮੇਂ ਨਿਤ ਵਰਤਤ ਮੈਂ ਹੋ ਪੰਚ ਮਿਲਹਿ ਸੇ ਪੀਰਨ ਪੀਰ।
ਗੁਰ ਘਰ ਕੀ ਮਿਰਜਾਦਾ ਪੰਚਹੁ, ਪੰਚਹੁ ਪਾਹੁਲ ਪੂਰਬ ਪੀਨ।
ਹੁਇ ਤਨਖਾਹੀ ਬਖਤਹਿ ਪੰਚਹੁ, ਪਾਹੁਲ ਦੇ ਮਿਲ ਪੰਚ ਪ੍ਰਬੀਨ।
ਲਖਹੁ ਪੰਚ ਕੀ ਬਡ ਬਡਿਆਈ, ਪੰਚ ਕਰਹਿ ਸੁ ਨਿਫਲ ਨ ਚੀਨ।
ਭੋਜਨ ਛਾਦਨ ਪੰਚਨ ਅਰਪਹਿ, ਅਰਜ਼ ਕਰਹਿ ਤਿਨ ਬਾਂਛਤ ਲੀਨ।
ਇਨ ਪੰਚਨ ਕੀ ਮਹਿਮਾ ਕਰਕੈ, ਤੀਨ ਪਰਿਕ੍ਰਮਾ ਫਿਰ ਕਰਿ ਦੀਨ।
ਅਰਪੇ ਸ਼ਸਤਰੋ ਜਿਗਾ ਅਰ ਕਲਗੀ, ਨਿਜ ਕਰ ਤੇ ਸਿਰ ਬੰਧਨ ਕੀਨ।
ਸ਼ਸਤ੍ਰ ਗਾਤ੍ਰੇ ਤਬ ਪਹਿਰਾਏ, ਕਟਿ ਕਸਾਇ ਕਰਿ ਬਿਲਮ ਬਿਹੀਨ।
ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਫਤਹਿ ਵਾਹਿਗੁਰੂ ਜੀ ਕੀ ਚੀਨ। (ਗੁਰਪ੍ਰਤਾਪ ਸੂਰਯ, ਰੁਤ 6, ਅਧਿਆਇ 41)
ਇਕ ਮੌਕਾ ਫਿਰ ਆਇਆ ਜਦੋਂ ਗੁਰੂ ਸਾਹਿਬ ਨੇ ਜਾਣ-ਬੁੱਝ ਕੇ ਖਾਲਸੇ ਦੀ ਪਰਖ ਕਰਨ ਲਈ ਸੰਤ ਦਾਦੂ ਦੀ ਸਮਾਧ ਨੂੰ ਤੀਰ ਨਾਲ ਨਮਸ਼ਕਾਰ ਕਰ ਕੇ ਇਹ ਗੱਲ ਲੋਕਾਂ ਸਾਹਮਣੇ ਲਿਆਂਦੀ ਕਿ ਅਸੀਂ ਜਿਸਮਾਂ ਦੇ ਪੁਜਾਰੀ ਨਹੀਂ, ਗੁਰੂ-ਜੋਤਿ ਜੋ ਆਖਦੀ ਹੈ, ਸੋਈ ਕੁਝ ਕਰਨਾ ਹੈ। ਜੋਤਿ ਇਉਂ ਫ਼ੁਰਮਾ ਰਹੀ ਹੈ-
…ਗੋਰ ਮੜੀ ਮਟ ਭੂਲਿ ਨ ਮਾਨੈ॥
ਬਸ ਫੈਸਲਾ ਹੋਇਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਤਨਖਾਹ ਲੱਗਣੀ ਚਾਹੀਦੀ ਹੈ। ਸੰਗਤ ਨੂੰ ਸਿੱਖਿਆ ਦੇ ਰਹੇ ਗੁਰੂ ਪਾਤਸ਼ਾਹ ਨੇ ਇਸ ਗੱਲ ਨੂੰ ਖੁਸ਼ੀ-ਖੁਸ਼ੀ ਪ੍ਰਵਾਨ ਕੀਤਾ ਤਾਂ ਕਿ ਸਿੱਖੀ ਆਦਰਸ਼ਾਂ ਨੂੰ ਸਮਝਣ ਵਿਚ ਕੋਈ ਰਤਾ-ਮਾਸਾ ਭੁਲੇਖਾ ਨਾ ਰਹੇ।
ਇਹ ਸੀ ਦਸ ਗੁਰੂ ਸਾਹਿਬਾਨ ਦੀ ਘਾਲ ਕਿ ਆਚਰਣਕ ਉਸਾਰੀ ਇਤਨੀ ਉੱਚੀ ਤੇ ਮਜ਼ਬੂਤ ਹੋ ਜਾਵੇ ਕਿ ਚੇਲੇ ਗੁਰੂ ਬਣਨ ਦੇ ਯੋਗ ਹੋ ਜਾਣ। ਮਨੁੱਖਤਾ ਨੂੰ ਕਦੀ ਆਪਣੀ ਅਗਵਾਈ ਲਈ ਅਸਮਾਨਾਂ ਵੱਲ ਨਾ ਝਾਕਣਾ ਪਵੇ। ਉਹ ਆਪਣੀ ਆਤਮ ਚੰਗਿਆੜੀ ਨੂੰ ਪ੍ਰਜ੍ਵਲਤ ਕਰ ਕੇ ਹੀ ਹੋਰਾਂ ਨੂੰ ਵੀ ਪ੍ਰਕਾਸ਼ ਦੇਣ ਜੋਗੀ ਹੋ ਜਾਵੇ। ਇਹ ਪ੍ਰਕਾਸ਼, ਇਹ ਜੋਤਿ ਸਿਧਾਂਤਕ ਰੂਪ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਮੌਜੂਦ ਸੀ; ਪਰੰਤੂ ਇਹ ਅਮਲੀ ਰੂਪ ਵਿਚ ਸੰਗਤ ਅੰਦਰ ਵਰਤਦੀ ਦਿਖਾ ਕੇ ਪੰਥ ਨੂੰ ਗੁਰੂ ਰੂਪ ਵਿਚ ਮੂਰਤੀਮਾਨ ਕੀਤਾ ਗਿਆ। ਸ਼ਾਇਦ ਸੰਸਾਰ ਦੇ ਧਾਰਮਿਕ ਇਤਿਹਾਸ ਵਿਚ ਇਹ ਇਕ ਵਚਿੱਤਰ ਘਟਨਾ ਸੀ ਕਿ ਗੁਰੂ ਨੇ ਆਪਣੇ ਚੇਲਿਆਂ ਨੂੰ ਗੁਰੂ ਬਣਾ ਕੇ ਫਿਰ ਉਨ੍ਹਾਂ ਦੇ ਖੁੱਲ੍ਹ ਕੇ ਗੁਣ ਗਾਏ। ਇਥੋਂ ਤਕ ਕਿਹਾ ਕਿ ਮੈਨੂੰ ਤਾਂ ਇਸ ਪੰਥ ਦੀ ਸੇਵਾ ਕਰਨਾ ਹੀ ਚੰਗਾ ਲੱਗਦਾ ਹੈ, ਹੋਰਾਂ ਦੀ ਸੇਵਾ ਭਾਉਂਦੀ ਹੀ ਨਹੀਂ :
ਜੁੱਧ ਜਿਤੇ ਇਨਹੀ ਕੇ ਪ੍ਰਸਾਦਿ, ਇਨਹੀ ਕੇ ਪ੍ਰਸਾਦਿ ਸੁ ਦਾਨ ਕਰੇ॥
ਅਘ ਅਉਘ ਟਰੇ ਇਨਹੀ ਕੇ ਪ੍ਰਸਾਦਿ, ਇਨਹੀ ਕੀ ਕ੍ਰਿਪਾ ਫੁਨ ਧਾਮ ਭਰੇ॥
ਇਨਹੀ ਕੇ ਪ੍ਰਸਾਦਿ ਸੁ ਵਿਦਿਆ ਲਈ, ਇਨਹੀ ਕੀ ਕ੍ਰਿਪਾ ਸਭ ਸਤ੍ਰ ਮਰੇ॥
ਇਨਹੀ ਕੀ ਕ੍ਰਿਪਾ ਕੇ ਸਜੇ ਹਮ ਹੈਂ, ਨਹੀਂ ਮੋ ਸੇ ਗਰੀਬ ਕ੍ਰੋਰ ਪਰੇ॥
ਸੇਵ ਕਰੀ ਇਨਹੀ ਕੀ ਭਾਵਤ, ਅਉਰ ਕੀ ਸੇਵ ਸੁਹਾਤ ਨ ਜੀ ਕੋ॥
ਦਾਨ ਦਯੋ ਇਨਹੀ ਕੋ ਭਲੋ ਅਰੁ ਆਨ ਕੋ ਦਾਨ ਨ ਲਾਗਤ ਨੀਕੋ॥
ਆਗੈ ਫਲੈ ਇਨਹੀ ਕੋ ਦਯੋ ਜਗ ਮੈ ਜਸੁ ਅਉਰ ਦਯੋ ਸਭ ਫੀਕੋ॥
ਮੌ ਗ੍ਰਹਿ ਮੈ ਤਨ ਤੇ ਮਨ ਤੇ ਸਿਰ ਲਉ ਧਨ ਹੈ ਸਬਹੀ ਇਨਹੀ ਕੋ॥
ਇਸ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਖਾਲਸੇ ਨੂੰ ਸੰਤ-ਸਿਪਾਹੀ, ਰਾਜ-ਜੋਗੀ ਬਣਾਇਆ ਤੇ ਦੇਗ-ਤੇਗ ਦਾ ਵਰ ਦਿੱਤਾ। ਇਹ ਗੱਲ ਇਕਪੁਰਖੀ ਰਾਜ ਵਾਲਿਆਂ ਲਈ ਅਸਹਿ ਸੀ, ਉਨ੍ਹਾਂ ਗੁਰੂ ਸਾਹਿਬ ਲਈ ਅਨੇਕਾਂ ਸੰਕਟ ਖੜ੍ਹੇ ਕੀਤੇ, ਪਰਵਾਰ ਵਿਛੋੜਿਆ, ਬੱਚੇ ਸ਼ਹੀਦ ਕੀਤੇ ਤੇ ਸਾਰਾ ਕੁਝ ਤਹਿਸ-ਨਹਿਸ ਕਰਨ ਦੀ ਅਸਫਲ ਕੋਸ਼ਿਸ਼ ਕੀਤੀ; ਪਰੰਤੂ ਗੁਰੂ ਸਾਹਿਬ ਖਾਲਸੇ ਦੀ ਅਮਰ ਅਟੱਲਤਾ ਤੋਂ ਜਾਣੂ ਸਨ, ਜਿਸ ਪੰਥ ਨੂੰ ਉਨ੍ਹਾਂ ਅੰਮ੍ਰਿਤ ਛਕਾ ਕੇ ਅਮਰ ਕੀਤਾ ਸੀ, ਉਹ ਕਿਵੇਂ ਨਸ਼ਟ ਹੋ ਸਕਦਾ ਸੀ। ਉਨ੍ਹਾਂ ਹਕੂਮਤ ਨੂੰ ਵੰਗਾਰ ਕੇ ਲਿਖਿਆ ਕਿ ਔਰੰਗਜ਼ੇਬ! ਕੀ ਹੋਇਆ ਜੇ ਤੂੰ ਚਾਰ ਬੱਚੇ ਸ਼ਹੀਦ ਕਰ ਦਿੱਤੇ? ਭੁਝੰਗੀ ਖਾਲਸਾ ਤਾਂ ਅਜੇ ਬਾਕੀ ਹੈ! ਕੀ ਹੋਇਆ ਜੇ ਕੁਝ ਚੰਗਿਆੜੀਆਂ ਬੁਝਾ ਦਿੱਤੀਆਂ! ਦਗ-ਦਗ ਕਰਦੀ ਭੱਠੀ ਤਾਂ ਅਜੇ ਜਗਮਗਾਉਂਦੀ ਹੈ:
ਚਿਹ ਮਰਦੀ ਕਿ ਅਖ਼ਗਰ ਖਮੋਸ਼ਾ ਕੁਨੀ॥
ਕਿ ਆਤਸ਼ ਦਮਾਂ ਰਾ ਬ ਦੌਰਾਂ ਕੁਨੀ॥ (ਜ਼ਫ਼ਰਨਾਮਾ)
ਇਹ ਗੁਰੂ-ਪੰਥ ਦਾ ਜੁਆਲਾਮੁਖੀ ਜਿੱਥੇ ਨਿਮਾਣਿਆਂ-ਨਿਤਾਣਿਆਂ ਨੂੰ ਨਿੱਘ ਦੇ ਰਿਹਾ ਸੀ, ਉਥੇ ਦੁਰਜਨਾਂ ਦੇ ਦਿਲ ਦਾ ਢਾਹ ਰਿਹਾ ਸੀ। ਇਸ ਨੇ ਗੁਰਤਾ ਦਾ ਜ਼ਿੰਮਾ ਲੈ ਕੇ ਕ੍ਰਾਂਤੀ ਲਈ ਪੂਰੀ ਤਿਆਰੀ ਕੀਤੀ। ਇਹ ਗੁਰੂ ਪੰਥ ਦੀ ਪੰਚ ਕੌਂਸਲ, ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਕਰਦੀ ਰਹੀ ਤੇ ਸਿੱਖ ਮਿਸਲਾਂ ਦੇ ਜ਼ਮਾਨੇ ‘ਸਰਬੱਤ ਖਾਲਸਾ’ ਦੇ ਰੂਪ ਵਿਚ ਦੀਵਾਲੀ ਵਿਸਾਖੀ ਨੂੰ ਜੁੜ ਕੇ ਜੋ ਫੈਸਲੇ ਕਰਦੀ, ਉਸ ਨੂੰ ‘ਗੁਰਮਤਾ’ ਕਿਹਾ ਜਾਂਦਾ ਸੀ, ਇਸ ਦਾ ਭਾਵ ਇਹ ਸੀ ਕਿ ਪੰਥਕ ਫੈਸਲਾ ਗੁਰੂ ਦਾ ਫੈਸਲਾ ਸੀ।
ਉੱਨ੍ਹੀਵੀਂ ਸਦੀ ਵਿਚ ਰਾਜ-ਸੱਤਾ ਪੂਰਨ ਭਾਂਤ ਇਸ ਦੇ ਹੱਥਾਂ ਵਿਚ ਸੀ ਤੇ ਗ਼ੈਰ-ਸਿੱਖ ਵੀ ਇਸ ਵਿਸ਼ਵਾਸ ਦੇ ਹੋ ਗਏ ਸਨ-
ਸ਼ਾਹ ਮੁਹੰਮਦਾ ਅੰਤ ਨੂੰ ਸੋਈ ਹੋਣਾ, ਜੋ ਕਰੇਗਾ ਖਾਲਸਾ ਪੰਥ ਮੀਆਂ।
ਸਾਡੇ ਇਤਿਹਾਸਕ ਗ੍ਰੰਥਾਂ ਵਿਚ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਸੌਂਪਣ ਦਾ ਮਹਾਨ ਹਵਾਲਾ ਮਿਲਦਾ ਹੈ, ਉਥੇ ਨਾਲ ਹੀ ਪੰਥ ਨੂੰ ਗੁਰੂ ਥਾਪਣ ਦਾ ਵੀ ਸੰਕੇਤ ਹੈ। ਜੋ ਇਨ੍ਹਾਂ ਦੇ ਦੋ ਵੱਖ-ਵੱਖ ਵਜੂਦ ਮੰਨਦਾ ਹੈ, ਉਹ ਸਿੱਖ ਸਿਧਾਂਤ ਦੀ ਬੁਨਿਆਦੀ ਏਕਤਾ ਨੂੰ ਨਹੀਂ ਪਛਾਣਦਾ। ਮੂਲਕ ਤੌਰ ’ਤੇ ਦੋਵੇਂ ਇੱਕੋ ਹਨ। ਜੇ ਗੁਰੂ ਗ੍ਰੰਥ ਸਾਹਿਬ ਆਤਮਾ ਹੈ ਤਾਂ ਪੰਥ ਖਾਲਸਾ ਇਸ ਦੀ ਕਾਇਆ ਹੈ। ਜੋ ਲੋਕ ਦੇਹਧਾਰੀ-ਗੁਰੂ ਦਾ ਮਹੱਤਵ ਬਿਆਨ ਕਰਦੇ ਹਨ, ਉਹ ਇਹ ਨਹੀਂ ਸਮਝਦੇ ਕਿ ਸਤਿਗੁਰਾਂ ਇਸ ਅਵੱਸ਼ਕਤਾ ਨੂੰ ਅਨੁਭਵ ਕਰ ਕੇ ਪਹਿਲਾਂ ਹੀ ਇਹ ਤ੍ਰੈ-ਸੂਤਰੀ ਸਿਧਾਂਤ ਸਥਾਪਤ ਕੀਤਾ ਸੀ:
ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਜੀਵਨ-ਮਿਸ਼ਨ ਦੱਸਦਿਆਂ ਕਿਹਾ ਸੀ ਕਿ ਮੇਰਾ ਕੰਮ ਧਰਮ ਪ੍ਰਚਾਰਨਾ, ਧਰਮੀ ਪੁਰਸ਼ਾਂ ਨੂੰ ਉਬਾਰਨਾ ਤੇ ਦੁਸ਼ਟਾਂ ਨੂੰ ਸੰਘਾਰਨਾ ਹੈ। ਇਹੋ ਮਿਸ਼ਨ ਖਾਲਸਾ ਪੰਥ ਨੂੰ ਸੌਂਪਿਆ ਗਿਆ ਹੈ ਜਿਸ ਨੂੰ ਇਹ ਤਾਂ ਹੀ ਨਿਭਾ ਸਕਦਾ ਹੈ, ਜੇਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਗਿਆ ਵਿਚ ਚੱਲੇ। ਸਿੱਖਾਂ ਦੀ ਰੋਜ਼ਾਨਾ ਅਰਦਾਸ ਹੈ-
ਸਿੱਖਾਂ ਦਾ ਮਨ ਨੀਵਾ, ਮਤਿ ਉੱਚੀ, ਮਤਿ ਕਾ ਰਾਖਾ ਅਕਾਲ ਪੁਰਖ ਵਾਹਿਗੁਰੂ।
ਇਸ ਦਾ ਭਾਵ ਇਹ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਪੰਥ ਨੇ ਚੱਲਣਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਧਿਆਤਮਕ ਬਿਬੇਕ ਦਾ ਭੰਡਾਰ ਹੈ ਤੇ ਇਸ ਬਿਬੇਕ ਨੂੰ ਜੁਗਤੀ ਨਾਲ ਕਮਾਉਣਹਾਰ ਪੰਥ ਹੈ। ਇਸ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਗੌਰਵ ਘਟਾਉਣ ਲਈ ਪ੍ਰਪੰਚੀ ਦੇਹਧਾਰੀ-ਗੁਰੂ ਯਤਨਸ਼ੀਲ ਹਨ ਤੇ ਦੂਜੇ ਪਾਸੇ ਪੰਥਕ ਗੌਰਵ ’ਤੇ ਸੱਟ ਮਾਰਨ ਲਈ ਬਹੁਪ੍ਰਕਾਰੀ ਵਿਉਂਤਾਂ ਵਿਉਂਤਦੇ ਪਏ ਹਨ। ਇਸ ਅਵਸਥਾ ਵਿਚ ਸਾਵਧਾਨੀ ਤੋਂ ਕੰਮ ਲੈਂਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦੱਸੀ ਜੀਵਨ-ਜਾਚ ਨੂੰ ਪੂਰਨ ਭਰੋਸੇ ਨਾਲ ਕਮਾਉਣ ਦੀ ਲੋੜ ਹੈ। ਦੋਵੇਂ ਇਕ ਦੂਜੇ ਦੇ ਪੂਰਕ ਹਨ ਤੇ ਦੋਹਾਂ ਦੀ ਬੁਨਿਆਦੀ ਏਕਤਾ ਨੂੰ ਜਾਣਨਾ ਸਿੱਖੀ ਵਿਕਾਸ ਦਾ ਮੂਲ-ਮੰਤਰ ਹੈ।
ਲੇਖਕ ਬਾਰੇ
ਪਿਆਰਾ ਸਿੰਘ ਪਦਮ (ਪ੍ਰੋ) (28-05-1921-ਤੋਂ -01-05-2001) ਇੱਕ ਪੰਜਾਬੀ ਲੇਖਕ ਅਤੇ ਅਕਾਦਮਿਕ ਵਿਦਵਾਨ ਸਨ, ਜਿਨ੍ਹਾਂ ਦਾ ਜਨਮ ਨੰਦ ਕੌਰ ਅਤੇ ਗੁਰਨਾਮ ਸਿੰਘ ਦੇ ਘਰ ਪਿੰਡ ਘੁੰਗਰਾਣਾ ਪਰਗਨਾ, ਜ਼ਿਲ੍ਹਾ ਲੁਧਿਆਣਾ ਵਿੱਚ ਹੋਇਆ। ਉਨ੍ਹਾਂ ਦਾ ਵਿਆਹ ਜਸਵੰਤ ਕੌਰ ਨਾਲ ਹੋਇਆ ਸੀ। ਉਨ੍ਹਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ (1943-1947) ਵਿੱਚ ਲੈਕਚਰਾਰ ਵਜੋਂ ਕੀਤੀ। ਉਹ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ (1948-1950) ਦੇ ਗੁਰਦੁਆਰਾ ਗਜ਼ਟ ਦੇ ਸੰਪਾਦਕ ਰਹੇ ਹਨ। ਇਸ ਤੋਂ ਬਾਅਦ ਉਹ ਭਾਸ਼ਾ ਵਿਭਾਗ ਪੰਜਾਬ, ਪਟਿਆਲਾ (1950-1965) ਵਿੱਚ ਸ਼ਾਮਲ ਹੋ ਗਏ ਅਤੇ ਇਸ ਦੇ ਰਸਾਲੇ ਪੰਜਾਬੀ ਦੁਨੀਆ ਦਾ ਸੰਪਾਦਨ ਵੀ ਕੀਤਾ। ਉਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ (1966-1983) ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਦਾ ਵਿਸ਼ੇਸ਼ ਸੀਨੀਅਰ ਓਰੀਐਂਟਲ ਫੈਲੋ ਨਿਯੁਕਤ ਕੀਤਾ ਗਿਆ।
- ਪ੍ਰੋ. ਪਿਆਰਾ ਸਿੰਘ ਪਦਮhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%aa%e0%a8%bf%e0%a8%86%e0%a8%b0%e0%a8%be-%e0%a8%b8%e0%a8%bf%e0%a9%b0%e0%a8%98-%e0%a8%aa%e0%a8%a6%e0%a8%ae/June 1, 2007
- ਪ੍ਰੋ. ਪਿਆਰਾ ਸਿੰਘ ਪਦਮhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%aa%e0%a8%bf%e0%a8%86%e0%a8%b0%e0%a8%be-%e0%a8%b8%e0%a8%bf%e0%a9%b0%e0%a8%98-%e0%a8%aa%e0%a8%a6%e0%a8%ae/October 1, 2007
- ਪ੍ਰੋ. ਪਿਆਰਾ ਸਿੰਘ ਪਦਮhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%aa%e0%a8%bf%e0%a8%86%e0%a8%b0%e0%a8%be-%e0%a8%b8%e0%a8%bf%e0%a9%b0%e0%a8%98-%e0%a8%aa%e0%a8%a6%e0%a8%ae/February 1, 2008
- ਪ੍ਰੋ. ਪਿਆਰਾ ਸਿੰਘ ਪਦਮhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%aa%e0%a8%bf%e0%a8%86%e0%a8%b0%e0%a8%be-%e0%a8%b8%e0%a8%bf%e0%a9%b0%e0%a8%98-%e0%a8%aa%e0%a8%a6%e0%a8%ae/May 1, 2008
- ਪ੍ਰੋ. ਪਿਆਰਾ ਸਿੰਘ ਪਦਮhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%aa%e0%a8%bf%e0%a8%86%e0%a8%b0%e0%a8%be-%e0%a8%b8%e0%a8%bf%e0%a9%b0%e0%a8%98-%e0%a8%aa%e0%a8%a6%e0%a8%ae/August 1, 2008
- ਪ੍ਰੋ. ਪਿਆਰਾ ਸਿੰਘ ਪਦਮhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%aa%e0%a8%bf%e0%a8%86%e0%a8%b0%e0%a8%be-%e0%a8%b8%e0%a8%bf%e0%a9%b0%e0%a8%98-%e0%a8%aa%e0%a8%a6%e0%a8%ae/January 1, 2009
- ਪ੍ਰੋ. ਪਿਆਰਾ ਸਿੰਘ ਪਦਮhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%aa%e0%a8%bf%e0%a8%86%e0%a8%b0%e0%a8%be-%e0%a8%b8%e0%a8%bf%e0%a9%b0%e0%a8%98-%e0%a8%aa%e0%a8%a6%e0%a8%ae/March 1, 2009