ਅਨਹਦ ਨਾਦ, ਵਿਸਮਾਦ ਨਾਦ, ਕੀਰਤਨ-ਸੰਗੀਤ ਤੇ ਨਿਰਭਉ-ਨਿਰਵੈਰ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਵਿਚਾਰਧਾਰਾ ਦਾ ਪ੍ਰਚਾਰ-ਕਾਰਜ ਲੱਗਭਗ 16 ਸਾਲ ਦੀ ਭਰ ਜਵਾਨੀ ਵਿਚ ਅਰੰਭ ਕੀਤਾ। ਪਿਛਲੇ 500 ਸਾਲਾਂ ਤੋਂ ਵੱਧ ਸਮੇਂ ਵਿਚ ਪਸਚਾਤਵਰਤੀ ਗੁਰੂ-ਜਨਾਂ ਨੇ ਵੀ ਇਸੇ ਵਿਚਾਰਧਾਰਾ ਨੂੰ ਇਕ ‘ਸੱਭਿਆਚਾਰਕ ਬੁਨਿਆਦ’ ਵਜੋਂ ਸਥਾਪਤ ਕੀਤਾ ਤੇ ਇਸ ਦੇ ਵਿਕਾਸ ਵਿਚ ਆਪਣਾ ਯੋਗਦਾਨ ਪਾਇਆ। ਸਮੁੱਚੇ ਰੂਪ ਵਿਚ ਅਸੀਂ ਕਹਿ ਸਕਦੇ ਹਾਂ ਕਿ ‘ਸਿੱਖੀ ਜੀਵਨ ਦੇ ਸੰਸਕਾਰਾਂ ਦੀ ਸਥਾਪਨਾ’ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤੀ ਅਤੇ ‘ਸਿੱਖ ਸੱਭਿਆਚਾਰਕ ਸਮਾਜ’ ਦੀ ਸਥਾਪਨਾ ਪਹਿਲੇ ਪਾਤਸ਼ਾਹ ਜੀ ਦੇ ਨਾਲ-ਨਾਲ ਪਸਚਾਤਵਰਤੀ ਗੁਰੂ-ਜਨਾਂ ਨੇ ਕੀਤੀ ਹੈ ਜਿਸ ਵਿਚ ਜਾਤ-ਪਾਤ, ਊਚ-ਨੀਚ ਤੇ ਵਹਿਮਾਂ-ਭਰਮਾਂ ਦੇ ਲਈ ਕੋਈ ਥਾਂ ਨਹੀਂ ਹੈ। ਇਹ ਵੱਖਰੀ ਤੇ ‘ਧਾਰਮਿਕ ਵਿਗਿਆਨਕ ਸੋਚ’ ਦਾ ਆਧਾਰ ਹੈ ਜਿਸ ਨੂੰ ਸਿੱਖੀ ਜੀਵਨ ਦੇ ਸੰਸਕਾਰ ਜਾਂ ‘ਸਿੱਖ ਸੱਭਿਆਚਾਰ’ ਕਿਹਾ ਜਾਂਦਾ ਹੈ।
ਸੰਸਕਾਰ :
ਆਪਣੇ ਘਰ-ਪਰਵਾਰ, ਪਾਲਣ-ਪੋਸ਼ਣ ਅਤੇ ਜੀਵਨ-ਯਾਪਨ ਦੇ ਸਾਧਨਾਂ ਵਿੱਚੋਂ ਬਣਦੇ ਹਨ ਪਰੰਤੂ ਸੱਭਿਆਚਾਰਕ ਆਦਤਾਂ ਆਪਣੇ ਚੌਗਿਰਦੇ ਵਿੱਚੋਂ ਸੰਗੀ-ਸਾਥੀਆਂ ਅਤੇ ਪੜ੍ਹਾਈ-ਲਿਖਾਈ ਵਿੱਚੋਂ ਬਣਦੀਆਂ ਹਨ ਜਿਸ ਤੋਂ ਸੱਭਿਆਚਾਰਕ ਮਾਹੌਲ ਤੇ ਸੱਭਿਅਕ-ਸ਼ਖ਼ਸੀਅਤਾਂ ਬਣਦੀਆਂ ਹਨ, ਵਿਕਸਿਤ ਵੀ ਹੁੰਦੀਆਂ ਹਨ ਅਤੇ ਸਮਾਜ ਨੂੰ ਪ੍ਰਭਾਵਿਤ ਵੀ ਕਰਦੀਆਂ ਹਨ। ਗੁਰੂ ਸਾਹਿਬਾਨ ਨੇ ਸਿੱਖ-ਸੱਭਿਆਚਾਰ ਦੀ ਇਕ ਵੱਖਰੀ-ਪਹਿਚਾਨ ਸਥਾਪਤ ਕੀਤੀ। ਸਮੇਂ ਦੀਆਂ ਸਰਕਾਰਾਂ ਦੇ ਰਾਜਸੀ, ਧਾਰਮਿਕ ਤੇ ਪੱਖਪਾਤੀ ਰਵੱਈਏ ਦੇ ਸਨਮੁਖ ਸਿੱਖਾਂ ਨੇ ਆਪਣੀ ਧਾਰਮਕ-ਵਿਚਾਰਧਾਰਾ ਵਿਚ ਕਾਇਮ ਰਹਿ ਕੇ ਸੰਘਰਸ਼ ਕੀਤਾ ਜਿਸ ਦੇ ਨਤੀਜੇ ਵਜੋਂ ਅੱਜ ਵਿਸ਼ਵ-ਭਰ ਵਿਚ ਸਿੱਖ ਸਮਾਜ ਨੇ ਆਪਣੀ ਮਹੱਤਵਪੂਰਨ ਥਾਂ ਬਣਾਈ ਹੈ।
ਹਰੇਕ ਸੱਭਿਆਚਾਰ ਦਾ ਇਕ ਸੱਭਿਆਚਾਰਕ-ਅਵਚੇਤਨ (Moral Principle) ਹੁੰਦਾ ਹੈ ਜਿਹੜਾ ਸੰਬੰਧਿਤ ਸੱਭਿਆਚਾਰ ਦੀ ਸੱਭਿਆਚਾਰਕ ਉਚਤਿਤਾ ਦਾ ਵਿਸ਼ੇਸ਼ ਤੌਰ ’ਤੇ ਜ਼ਾਮਨ ਹੁੰਦਾ ਹੈ। ਅੰਮ੍ਰਿਤ-ਰਾਗ-ਪ੍ਰਗਾਸ, ਸਿੱਖ-ਸੱਭਿਆਚਾਰ ਦੇ, ਸੱਭਿਆਚਾਰਕ-ਅਵਚੇਤਨ ਦਾ ਮੂਲ-ਧੁਰਾ ਜਾਂ ਸੰਗੀਤਕ-ਤਰਕ ਹੈ। ਹਰੇਕ ਵੱਡੇ ਸੱਭਿਅਚਾਰ ਦੀਆਂ ਕੁਝ ਨਿਸ਼ਾਨੀਆਂ ਹੁੰਦੀਆਂ ਹਨ। ਭਾਰਤੀ ਸੱਭਿਆਚਾਰ ਦੀ ਵੱਡੀ ਨਿਸ਼ਾਨੀ ਸੰਗੀਤ ਅਤੇ ਨ੍ਰਿਤ ਹੈ। ਸਿੱਖ-ਸੱਭਿਆਚਾਰ ਜਾਂ ਮਨ ਦਾ ਸਭ ਤੋਂ ਸੁੱਚਾ-ਨੀਸਾਨ, ਸ਼ਬਦ ਦੀ ਸਰੋਦੀ-ਸੰਗੀਤ/ਹੋਂਦ ਹੈ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਕੀਰਤਨ ਮਰਯਾਦਾ ਆਦਿ ਗੁਰੂ ਪਾਤਸ਼ਾਹ ਹੀ ਬੰਨ੍ਹ ਕੇ ਗਏ ਹਨ। ਬਾਬਾ ਬੁੱਢਾ ਜੀ ਦਾ ਸ਼ਬਦ-ਸੁਰਤਿ ਦੀ ਸਰੋਦੀ- ਹਾਜ਼ਰੀ ਦਾ ਪਹਿਰਾ, ਪੰਚਮ ਪਾਤਸ਼ਾਹ ਨੇ ਐਵੇਂ ਤਾਂ ਨਿਸ਼ਚਿਤ ਨਹੀਂ ਸੀ ਕੀਤਾ। ਕਵੀ ਚੂੜਾਮਣਿ ਭਾਈ ਸੰਤੋਖ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਸਮੇਂ ਦੇ, ਰਾਗਾਂ ਦਾ ਸਮਾਂ ਤੇ ਨਾਮ ਤੀਕ ਵੀ ਦੇਂਦੇ ਹਨ। ‘ਚੌਕੀਆਂ ਦਾ ਸੰਸਥਾਪਨ’ ਵੀ ਉਸੇ ਸਰੋਦੀ-ਤਰਤੀਬ ਦੀ ਦੇਣ ਹੈ। ਸਿੱਖ-ਸੱਭਿਆਚਾਰ ਦੀ ਸਭ ਤੋਂ ਸੁੱਚੀ ਪਰਵਾਜ਼, ਕੀਰਤਨ ਦਾ ਇਲਾਹੀ-ਅਵਚੇਤਨ (Metaphysical Presence) ਜਾਂ ਉਸ ਦਾ ਨੂਰੀ-ਆਰੋਹਣ ਹੈ। ਬਾਣੀ ਦਾ ਕੀਰਤਨ, ਸਿੱਖ-ਸੱਭਿਆਚਾਰ ਦੀ ਭਾਵੀ-ਨਿਧੀ ਹੈ। ਸਿੱਖ-ਮਨ ਦਾ ਵਡੇਰਾ ਭਾਗ, ‘ਏਸ ਸੁੱਚਮ’ ਨੇ ਮੱਲਿਆ ਹੋਇਆ ਹੈ।
ਚਿੰਤਾ ਦਾ ਵਿਸ਼ਾ ਹੈ ਕਿ ਅੱਜ ਆਡੀਓ-ਵੀਡੀਓ ਅਤੇ ਸੀ-ਡੀਜ਼ ਦੀ ਦੁਕਾਨਦਾਰੀ ਵਿਚ ਲੱਗੇ ਹੋਣ ਕਾਰਨ ਰਾਗ-ਰਸ ਤੇ ਬੋਲ-ਬਾਣੀ ਦੀ ਮਧੁਰਤਾ ਗਾਇਬ ਹੋ ਰਹੀ ਹੈ। ਪਰ ਕੀ ਅਸੀਂ ਸੰਗੀਤ ਨੂੰ ਇਸ ਪ੍ਰਵਿਰਤੀ ਨਾਲ, ਸੱਭਿਆਚਾਰਕ-ਪਤਨ ਵੱਲ ਤਾਂ ਨਹੀਂ ਲਿਜਾ ਰਹੇ? ਕੀ ਸੱਭਿਆਚਾਰਕ ਮਿਲਾਵਟ ਪ੍ਰਤੀ ਅਸੀਂ ਚੇਤੰਨ ਹਾਂ?
ਭਾਰਤੀ ਸਮਾਜ ਵਿਚ ਕੀਰਤਨ ਦੇ ਸੰਸਕਾਰ ਪ੍ਰਾਚੀਨ ਕਾਲ ਦੇ ਇਤਿਹਾਸ ਤੋਂ ਭਲੀਭਾਂਤ ਦ੍ਰਿਸ਼ਟੀਗੋਚਰ ਹਨ। ਕੀਰਤਨ ਦੀ ਪੁਸ਼ਟ-ਪਰੰਪਰਾ ਦਾ ਵਿਕਾਸ ਹੋਇਆ। ਇਹ ਕੀਰਤਨ ਦੀ ਪਰੰਪਰਾ ਅੱਜ ਵੀ ਸੰਗਤਾਂ ਦਾ ਸ਼ਿੰਗਾਰ ਬਣੀ ਹੋਈ ਹੈ।
ਪੰਜਾਬ ਵਿਚ ਇਸ ਅਧਿਆਤਮਕ-ਸੰਗੀਤ ਦੀ ਪਰੰਪਰਾ, ਭਗਤੀ ਕਾਲ ਵਿਚ ਭਗਤ ਜਨਾਂ ਦੇ ਪਦ, ਗੁਰਬਾਣੀ ਦੇ ਸ਼ਬਦਾਂ, ਸੂਫੀ-ਦਰਵੇਸ਼ਾਂ ਦੀਆਂ ਕਾਫੀਆਂ- ਦੋਹੜੇ ਅਤੇ ਮੁਸਲਮਾਨਾਂ ਵਿਚ ਪ੍ਰਚੱਲਿਤ ‘ਹਮਦਾਂ ਤੇ ਨਾਤਾਂ’ ਤੋਂ ਮਿਲ ਜਾਂਦੇ ਹਨ। ਇਸ ਵਿਵਿਧਮੁਖੀ-ਸੰਸਕ੍ਰਿਤੀ ਤੇ ਬਹਮੁਖੀ ਗਾਇਨ ਸਮੱਗਰੀ ਦੀ ਰਚਨਾਕਾਰੀ ਵੱਲ ਸੰਕੇਤ ਕਰਦੇ ਹਨ। ਇਨ੍ਹਾਂ ਨੂੰ ਵੱਖ-ਵੱਖ ਸ਼੍ਰੇਣੀਆਂ ਦੇ ਵਰਗਬੱਧ ਗਾਇਕਾਂ ਨੇ ਨਿਸ਼ਚਿਤ-ਰੀਤੀਆਂ ਅਨੁਸਾਰ ਸਦੀਆਂ ਤਕ ਗਾਇਆ ਹੈ। ਇਹ ਸਭ ਕੁਝ ਪੰਜਾਬ ਦੀ ਅਮੀਰ ਸਾਹਿਤਕ ਅਤੇ ਸੰਗੀਤਕ ਪਰੰਪਰਾ ਵੱਲ ਇਸ਼ਾਰਾ ਕਰਦਾ ਹੈ। ਇਸ ਦਾ ਇਤਿਹਾਸ ਕਈ ਸਦੀਆਂ ਪੁਰਾਣਾ ਅਤੇ ਸ਼ਾਨਦਾਰ ਹੈ।
ਇਸ ਸਾਰੀ ਪਰੰਪਰਾ ਨੂੰ ਅਸੀਂ, ਪੰਜਾਬ ਦੀ ਅਧਿਆਤਮਕ-ਸੰਗੀਤ ਪਰੰਪਰਾ ਕਹਿ ਸਕਦੇ ਹਾਂ ਜੋ ਇਕ ਤਰ੍ਹਾਂ ਨਾਲ ਅਧਿਆਤਮਕ ਕਾਵਿ-ਧਾਰਾ ਨਾਲ ਜੁੜੀ ਹੋਈ ਹੈ।4
ਇਸ ਲਈ ਪੰਜਾਬ ਨੂੰ ਧਾਰਮਿਕ ਅਤੇ ਸੱਭਿਆਚਾਰਕ ਵਿਰਾਸਤ ਵਿਚ ਸਿੱਖ ਗੁਰੂ ਸਾਹਿਬਾਨ ਦੀ ਮਹੱਤਵਪੂਰਨ ਦੇਣ ਹੈ।
ਲਲਿਤ ਕਲਾ :
ਕਵਿਤਾ, ਸੰਗੀਤ ਜਾਂ ਕੀਰਤਨ ਦੀ ਪ੍ਰਤਿਭਾ ਕਈ ਵਾਰੀ ਘਰ- ਪਰਵਾਰ ਵਿੱਚੋਂ, ਜਨਮਜਾਤ ਆਪਣੇ ਚੌਗਿਰਦੇ ਜਾਂ ਰੋਜ਼ਾਨਾ ਗੁਰਦੁਆਰੇ ਜਾਂ ਸੰਗਤ ਵਿੱਚੋਂ ਵੀ ਵਿਕਸਤ ਹੋ ਕੇ ਉਜਾਗਰ ਹੁੰਦੀ ਹੈ। ਜਿਵੇਂ: ਪਦਮ ਸ੍ਰੀ ਸੋਹਣ ਸਿੰਘ, ਪ੍ਰੋ. ਤਾਰਾ ਸਿੰਘ, ਭਾਈ ਦੇਵਿੰਦਰ ਸਿੰਘ, ਗਿਆਨੀ ਸੋਹਣ ਸਿੰਘ ਸੀਤਲ, ਸ੍ਰੀ ਓਂਕਾਰ ਨਾਥ ਠਾਕੁਰ ਆਦਿ ਅਨੇਕਾਂ ਕਲਾਕਾਰ। ਪ੍ਰਾਚੀਨ, ਮੱਧਕਾਲੀਨ ਤੇ ਆਧੁਨਿਕ ਪੰਜਾਬ ਵਿਚ ਵੀ ਪੰਜਾਬ ਦੀ ਵਿਰਾਸਤ ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਪੱਧਰ ’ਤੇ ਲੋਕ- ਪ੍ਰਿਅ ਹੈ।
ਸਿੱਖੀ ਜੀਵਨ ਸੰਸਕਾਰ, ਸਿੱਖ ਸੱਭਿਆਚਾਰ ਤੇ ਕੀਰਤਨ :
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਦੇਸ਼ ਹੈ ਕਿ
ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ॥(ਪੰਨਾ 920)
ਬਾਣੀ ਦੇ ਗਾਇਨ ਕਰਨ ਦਾ ਆਦੇਸ਼ ਇਸ ਦਾ ਸੰਦੇਸ਼ ਤੇ ਹੁਕਮ ਹੈ।
ਪ੍ਰੋ. ਪਿਆਰਾ ਸਿੰਘ ਪਦਮ ਨੇ ਆਪਣੀ ਪੁਸਤਕ ‘ਰਬਾਬ’ ਨੂੰ ਪਰਮਾਤਮ- ਨਾਦ, ਆਤਮ-ਨਾਦ, ਧਰਮ-ਨਾਦ ਅਤੇ ਜੁਗਤ-ਨਾਦ ਵਿਚ ਵਿਭਾਜਿਤ ਕੀਤਾ ਹੈ।5
ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਤੇ ਆਦੇਸ਼ ਅਨੁਸਾਰ :
ਘਰਿ ਘਰਿ ਅੰਦਰਿ ਧਰਮਸਾਲ ਹੋਵੈ ਕੀਰਤਨੁ ਸਦਾ ਵਿਸੋਆ। (ਵਾਰ 1:27)
ਅਰਥਾਤ : ਹਰੇਕ ਘਰ ਇਕ ਗੁਰਦੁਆਰਾ (ਧਰਮ ਦੀ ਸ਼ਾਲ) ਹੋਵੇ ਅਤੇ ਜਿੱਥੇ ਸਵੇਰੇ-ਸ਼ਾਮ ‘ਕੀਰਤਨ’ ਵੀ ਹੋਵੇ। ਬਾਬੇ ਨੇ ਹੀ ਚਾਰੇ ਕੁੰਟਾਂ ਵਿਚ ਅਨਹਦ-ਬਾਣੀ ਤੇ ਰਬਾਬ ਦੇ ਨਾਲ ਕੀਰਤਨ ਦੀ ਮਰਿਆਦਾ ਬੰਨ੍ਹ ਕੇ ਆਪਣਾ ਅਧਿਆਤਮਕ ਸੰਦੇਸ਼ ਦਿੱਤਾ।
‘ਕੀਰਤਨ ਦੇ ਸੰਸਕਾਰ ਦੀ’ ਸਥਾਪਨਾ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਰੰਭ ਤੋਂ ਹੀ ਕਰ ਦਿੱਤੀ ਸੀ। ਉਨ੍ਹਾਂ ਨੇ ਆਪਣਾ ਸਾਥੀ ਭਾਈ ਮਰਦਾਨਾ ਜੀ ਤੇ ਉਨ੍ਹਾਂ ਦੀ ਰਬਾਬ ਨੂੰ ਚੁਣਿਆ। ਭਾਈ ਫਿਰੰਦਾ ਜੀ ਕੋਲੋਂ ਬਾਕਾਇਦਾ ‘ਰਬਾਬ’ ਬਣਵਾ ਕੇ, ਭਾਈ ਮਰਦਾਨਾ ਜੀ ਨੂੰ ਬਖਸ਼ਿਸ਼ ਕੀਤੀ ਕਿਉਂਕਿ ‘ਰਬਾਬ’ ਉਨ੍ਹਾਂ ਦਾ ਮਨਭਾਉਂਦਾ ਸਾਜ਼ ਸੀ। ਸਾਜ਼ਾਂ ਦੇ ਅਨੇਕਾਂ ਪ੍ਰਕਾਰਾਂ ਨੂੰ ਉਦੋਂ ਵਾਜੇ ਕਿਹਾ ਜਾਂਦਾ ਸੀ। ਗੁਰੂ ਨਾਨਕ ਦੇਵ ਜੀ ਨੇ, ਵਾਜਿਆਂ ਬਾਰੇ ਬਾਣੀ ਵਿਚ ਇਸ ਤਰ੍ਹਾਂ ਜ਼ਿਕਰ ਕੀਤਾ ਹੈ:
ਵਾਜਾ ਮਤਿ ਪਖਾਵਜੁ ਭਾਉ॥
ਹੋਇ ਅਨੰਦੁ ਸਦਾ ਮਨਿ ਚਾਉ॥ (ਪੰਨਾ 350)
ਬਿਨੁ ਬਾਜੇ ਕੈਸੋ ਨਿਰਤਿਕਾਰੀ॥
ਬਿਨੁ ਕੰਠੈ ਕੈਸੇ ਗਾਵਨਹਾਰੀ॥
ਜੀਲ ਬਿਨਾ ਕੈਸੇ ਬਜੈ ਰਬਾਬ॥ (ਪੰਨਾ 1140)
ਘਟਿ ਘਟਿ ਵਾਜੈ ਕਿੰਗੁਰੀ ਅਨਦਿਨੁ ਸਬਦਿ ਸੁਭਾਇ॥ (ਪੰਨਾ 62)
ਕਿੰਕੁਰੀ ਅਨੂਪ ਵਾਜੈ॥
ਜੋਗੀਆ ਮਤਵਾਰੋ ਰੇ॥ (ਪੰਨਾ 886)
ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕੀਰਤਨ ਤੇ ਕੀਰਤਨੀਏ ਦੀ ਪਰਿਭਾਸ਼ਾ ਤੇ ਕੀਰਤਨ ਦੀ ਮਹਿਮਾ ਕੀਤੀ ਹੈ:
ਓਅੰਕਾਰਿ ਏਕ ਧੁਨਿ ਏਕੈ ਏਕੈ ਰਾਗੁ ਅਲਾਪੈ॥
ਏਕਾ ਦੇਸੀ ਏਕੁ ਦਿਖਾਵੈ ਏਕੋ ਰਹਿਆ ਬਿਆਪੈ॥
ਏਕਾ ਸੁਰਤਿ ਏਕਾ ਹੀ ਸੇਵਾ ਏਕੋ ਗੁਰ ਤੇ ਜਾਪੈ॥ (ਪੰਨਾ 885)
ਭਲੋ ਭਲੋ ਰੇ ਕੀਰਤਨੀਆ॥
ਰਾਮ ਰਮਾ ਰਾਮਾ ਗੁਨ ਗਾਉ॥
ਛੋਡਿ ਮਾਇਆ ਕੇ ਧੰਧ ਸੁਆਉ॥(ਉਹੀ)
ਆਪ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਕਰ ਕੇ (ਸੰਨ 1604 ਈ.) ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਵਿਖੇ ਸਥਾਪਿਤ ਕੀਤਾ।
ਪੰਜਾਬ ਵਿਚ ਸੰਗੀਤ-ਵਾਦਯ ਅਤੇ ਇਨ੍ਹਾਂ ਦੀ ਸਾਜ਼-ਕਲਾ ਦਾ ਵਿਕਾਸ ਤੇ ਨਿਰਮਾਣ ਵੀ ਪਿਛਲੇ ਦੋ ਸੌ ਸਾਲਾਂ ਤੋਂ ਹੋ ਰਿਹਾ ਹੈ। ਪੰਜਾਬੀ ਤਬਲਾ-ਵਾਦਕਾਂ, ਰਬਾਬ-ਵਾਦਕਾਂ ਤੇ ਮ੍ਰਿਦੰਗ-ਵਾਦਕਾਂ ਦੇ ਘਰਾਣਿਆਂ ਅਤੇ ਮ੍ਰਿਦੰਗ, ਤਬਲਾ ਤੇ ਪੰਜਾਬੀ-ਵਾਜਿਆਂ ਦਾ ਵਿਕਾਸ ਹੁੰਦਾ ਰਿਹਾ ਹੈ। ਗੁਰਮਤਿ ਸੰਗੀਤ ਦੇ ਅਰੰਭ, ਕਰਤਾ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਹੁਣ ਤਕ ਦੀਆਂ ਟਕਸਾਲਾਂ ਵਿਚ ਇਨ੍ਹਾਂ ਦੀ ਬਾਕਾਇਦਾ ਸਿੱਖਿਆ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ।
ਗੁਰਬਾਣੀ ਵਿਚ ਵੀਣਾ, ਰਬਾਬ, ਬੀਨ, ਕਿੰਗਰੀ, ਮੁਰਲੀ (ਬੰਸੀ), ਪਖਾਵਜ, ਮ੍ਰਿਦੰਗ, ਢੋਲਕ, ਮਜੀਰਾ, ਸਿੰਗੀ, ਘੁੰਗਰੂ ਆਦਿ ਅਨੇਕਾਂ ਸਾਜ਼ਾਂ ਦਾ ਵਰਣਨ ਉਪਲਬਧ ਹੈ। ਗੁਰੂ ਸਾਹਿਬਾਨ ਦੇ ਦਰਬਾਰੀ-ਕੀਰਤਨ ਵਿਚ ਰਬਾਬ, ਸਾਰੰਦਾ, ਸਾਰੰਗੀ, ਤਾਊਸ, ਇਸਰਾਜ (ਦਿਲਰੁਬਾ) ਅਤੇ ਮ੍ਰਿਦੰਗ ਜਾਂ ਪਖਾਵਜ ਦਾ ਆਮ ਪ੍ਰਯੋਗ ਹੁੰਦਾ ਸੀ। ਹਾਰਮੋਨੀਅਮ ਦੇ ਆਉਣ ਅਤੇ ਵਧੇਰੇ ਪ੍ਰਚੱਲਤ ਹੋ ਜਾਣ ਨਾਲ ਤੰਤੀ ਸਾਜ਼ਾਂ (ਤਾਰ-ਸਾਜ਼) ਦੀ ‘ਕਠਿਨ ਸਾਧਨਾ’ ਦੇ ਕਾਰਨ ਇਨ੍ਹਾਂ ਦੀ ਲੋਕਪ੍ਰਿਅਤਾ ਘਟ ਗਈ ਹੈ ਪ੍ਰੰਤੂ ਅੱਜਕਲ੍ਹ ਵੀ ਅਨੇਕਾਂ ਰਾਗੀ ਕੀਰਤਨ ਨਾਲ ਸਿਤਾਰ ਜਾਂ ਦਿਲਰੁਬਾ ਦੀ ਸੰਗਤ ਕਰਵਾਉਂਦੇ ਹਨ। ਪ੍ਰਭਾਤ ਫੇਰੀਆਂ, ਇਸਤਰੀ ਸਤਿਸੰਗ ਅਤੇ ਪੇਂਡੂ ਖੇਤਰਾਂ ਵਿਚ ਢੋਲਕੀ, ਚਿਮਟਾ ਅਤੇ ਕੈਂਸੀਆਂ-ਖੜਤਾਲਾਂ ਨਾਲ ਕੀਰਤਨ ਕੀਤਾ ਜਾਂਦਾ ਹੈ। ਗੁਰਮਤਿ ਸੰਗੀਤ ਦੇ ਵਿਦਵਾਨਾਂ ਦਾ ਮਤ ਹੈ ਕਿ ਸਾਨੂੰ ਗੁਰਬਾਣੀ ਗਾਇਨ ਦੇ ਨਾਲ-ਨਾਲ ਤੰਤੀ ਸਾਜ਼ਾਂ ਦੀ ਸਿਖਲਾਈ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਪ੍ਰੋ. ਕਰਤਾਰ ਸਿੰਘ ਜੀ ਤੇ ਉਨ੍ਹਾਂ ਦੇ ਅਨੇਕਾਂ ਸ਼ਿਸ਼ ਤਾਨਪੂਰੇ (ਤੰਬੂਰੇ), ਰਬਾਬ, ਸੁਰਮੰਡਲ ਤੇ ਤਬਲੇ ਨਾਲ ਕੀਰਤਨ ਕਰਨ ਦੇ ਮੁਦਈ ਹਨ।
ਭਾਈ ਬਾਤਨ ਸਿੰਘ ਪੰਜਾਬ ਦੇ ਪ੍ਰਸਿੱਧ ਦਿਲਰੁਬਾ-ਵਾਦਕ ਸਨ। ਤਾਊਸ ਦੀ ਰਚਨਾ ਪਟਿਆਲਾ ਦੇ ਹਜ਼ੂਰੀ ਰਾਗੀ ਭਾਈ ਕਾਹਨ ਸਿੰਘ ਨੇ ਕੀਤੀ ਸੀ। ਹਾਰਮੋਨੀਅਮ ਦਾ ਪ੍ਰਯੋਗ ਪਹਿਲਾਂ ਫਿਲਮੀ ਸੰਗੀਤਕਾਰਾਂ ਨੇ 19ਵੀਂ ਸਦੀ ਵਿਚ ਕੀਤਾ। ਫੇਰ ਲੋਕ-ਗਾਇਕਾਂ ਅਤੇ ਸ਼ਾਸਤਰੀ-ਗਾਇਕਾਂ ਨੇ ਵੀ ਕੀਤਾ। 20ਵੀਂ ਸਦੀ ਵਿਚ ਦਰਬਾਰ ਸਾਹਿਬ ਦੇ ਰਾਗੀਆਂ ਨੇ ਵੀ ਇਸ ਦੀ ਵਰਤੋਂ ਅਰੰਭੀ।
ਧਰਮ ਦੇ ਅਨੇਕਾਂ ਸਿਧਾਂਤ ਤੇ ਰੀਤਾਂ, ਲੋਕ-ਧਾਰਾ ਤੋਂ ਵਿਗਸੀਆਂ ਹਨ। ਕਲਾ ਦੇ ਮੁੱਢਲੇ ਪੈਟਰਨ ਦੀ ਜਨਮਦਾਤੀ ਵੀ ਲੋਕ-ਧਾਰਾ ਹੈ; ਸਾਹਿਤ ਦੇ ਵਿਭਿੰਨ ਰੂਪ, ਮੁੱਢਲੀਆਂ ਕਾਵਿ-ਸ਼ੈਲੀਆਂ, ਕਾਵਿ ਦੇ ਤੱਤ, ਲੈਅ, ਤਾਲ, ਛੰਦ ਤੇ ਅਲੰਕਾਰ ਆਦਿ ਸਭ ਲੋਕਧਾਰਾ ਵਿੱਚੋਂ ਨਿੰਮੇ ਹਨ।
ਸੰਗੀਤ ਦਾ ਖੇਤਰ, ਉਦੇਸ਼ ਤੇ ਸਥਾਨ :
ਸੰਗੀਤ ਮਨੁੱਖੀ ਸਮਾਜ ਦੀ ਇਕ ਮਹਾਨ ਪ੍ਰਾਪਤੀ ਹੈ। ਇਸ ਦੀ ਲੈਅ ਤੇ ਸੁਰ (ਆਵਾਜ਼) ਸਦੀਆਂ ਤੋਂ ਚਲੀ ਆ ਰਹੀ ਸਾਂਸਕ੍ਰਿਤਕ-ਪਰੰਪਰਾ ਦੀ ‘ਪ੍ਰਤੀਕ’ ਹੈ। ਮਨੁੱਖੀ-ਭਾਵਨਾ ਦੀ ਉੱਚ ਕਲਾਕਿਰਤ ਹੈ। ਇਸ ਵਿਚ ਹਿਰਦੇ ਦੀਆਂ ਭਾਵਨਾਵਾਂ ਨੂੰ ਸਪਰਸ਼ ਤੇ ਉਜਾਗਰ ਕਰਨ ਦਾ ਗੁਣ ਹੈ। ਇਹ ਮਾਨਵ-ਮਨ ਦੀਆਂ ਤਰਬਾਂ ਨੂੰ ਗੁੰਜਾਇਮਾਨ ਕਰਨ ਦੇ ਸਮਰੱਥ ਹੈ। ਰਾਗ-ਰਸ ਤੇ ਭਾਵਨਾਵਾਂ ਦਾ ਸਾਗਰ ਸੰਗੀਤਕ-ਸੱਭਿਆਚਾਰ ਤੇ ਸੰਗੀਤ-ਸੌਂਦਰਯ ਰਾਹੀਂ ਪ੍ਰਗਟ ਹੁੰਦਾ ਹੈ, ਅਧਿਆਤਮਕ ਅਤੇ ਸੰਸਾਰਕ ਅਨੰਦ ਦੀ ਲਲਿਤ ਅਭਿਵਿਅਕਤੀ ਹੈ। ਇਹ ਖੇਤਰ ਸਰਬ ਵਿਆਪਕ ਹੈ। ਮਾਨਵ-ਸ੍ਰਿਸ਼ਟੀ ਅਤੇ ਪ੍ਰਕ੍ਰਿਤੀ ਦੇ ਕਣ-ਕਣ ਵਿਚ ਸੰਗੀਤ ਹੈ। ਹਰੇਕ ਧਰਮ ਤੇ ਸਮਾਜ ਵਿਚ ਇਸ ਦੀ ਵਰਤੋਂ ਹੈ।
ਸੰਗੀਤ ਖੇਤਰ ਦੇ ਪ੍ਰਮੁੱਖ ਆਧਾਰ ਇਹ ਹਨ:
1. ਸੌਂਦਰਯ (ਸੁਹਜ) 2. ਭਾਵ ਪ੍ਰਦਰਸ਼ਨ 3. ਸਾਧਨਾ
4. ਲਲਿਤ-ਕਲਾ 5. ਲੋਕ-ਪਰਲੋਕ 6. ਮਨੁੱਖੀ ਸਮਾਜ
7. ਸਰਬ ਵਿਆਪਕਤਾ 8. ਮਾਨਵ ਹਿਰਦਾ 9. ਸਮਾਜਿਕ ਜੀਵਨ
10.ਸਿੱਖਿਆ ਖੇਤਰ 11. ਵਿਗਿਆਨ 12. ਆਵਾਜ਼ ਸ਼ਾਸਤਰੀ 13.ਭਾਰਤੀ ਸੱਭਿਆਚਾਰ
ਉਪਰੋਕਤ ਖੇਤਰਾਂ ਦੀ ਵੱਖੋ-ਵੱਖਰੀ ਜਾਣਕਾਰੀ ਵਿਸਥਾਰ ਦੇ ਡਰ ਤੋਂ ਨਹੀਂ ਦਿੱਤੀ ਜਾ ਰਹੀ। ਤੱਥਾਂ ਦੇ ਆਧਾਰ ’ਤੇ ਇਹ ਸਵੀਕਾਰ ਕਰਨ ਵਿਚ ਕੋਈ ਸੰਕੋਚ ਨਹੀਂ ਕਿ, ਸੰਗੀਤ ਵਿਚ ਉੱਤਮ ਕਾਵਿ ਵੀ ਹੋ ਜਾਵੇ ਤਾਂ ਭਾਵ-ਰਸ ਦੀ ਸੁੰਦਰਤਾ ਫੁੱਟਦੀ ਹੈ। ਗੁਰੂ ਸਾਹਿਬਾਨ, ਭਗਤ ਸਾਹਿਬਾਨ ਅਤੇ ਭੱਟ ਸਾਹਿਬਾਨ ਦੀ ਪਾਵਨ ਬਾਣੀ ‘ਰਾਗ’ (ਸੰਗੀਤ) ਵਿਚ ਹੈ। ਇਸ ਲਈ ਗੁਰੂ ਸਾਹਿਬਾਨ, ਭਗਤ ਸਾਹਿਬਾਨ, ਭੱਟ ਸਾਹਿਬਾਨ ਦੇ ਕਾਵਿ ਤੇ ਰਾਗ ਗੇਯਾਤਮਕ ਤੱਤਾਂ ਦੇ ਸਫਲ ਸਿੱਧ ਪ੍ਰਯੋਗ ਨਾਲ ਅਮਰ (ਅਮਿਟ) ਹੋ ਗਏ ਹਨ। ਲੋਕ-ਕਾਵਿ ਵਿਚ ਕਿੱਸੇ ਅਤੇ ਪੁਰਾਤਨ ਵਾਰਾਂ ਦੀਆਂ ਧੁਨਾਂ ਅੱਜ ਵੀ ਲੋਕਪ੍ਰਿਅ ਹਨ। ਭਗਤੀ-ਸੰਗੀਤ ਦਾ ਸਥਾਨ ਅੱਜ ਵੀ ਸਰਬਉੱਚ ਹੈ ਤੇ ਰਹੇਗਾ।
ਭਗਤੀ ਕਾਲੀਨ ਕਵੀਆਂ ਦੀਆਂ ਕੁਝ ਸਮਾਨਤਾਵਾਂ :
ਸਾਰਿਆਂ ਨੇ ਰਾਗਾਂ ਦੇ ਸਮੇਂ-ਸਿਧਾਂਤ ਅਤੇ ਰੁੱਤ-ਵਰਣਨ ਵੀ ਕੀਤਾ ਹੈ। ਜਿਵੇਂ ਬਸੰਤ ਰੁੱਤ ਤੇ ਵਰਖਾ ਰੁੱਤ ਦਾ ਵਰਣਨ ਤੇ ਰਾਗ ਤਰਕਸੰਗਤ ਹੈ। ਸੰਗੀਤਕ ਸਾਜ਼ਾਂ ਦੀ ਵਰਤੋਂ ਵਿਚ ਵੀ ਅਦਭੁਤ ਸਮਾਨਤਾ ਹੈ। ਸਾਰਿਆਂ ਨੇ ਹੀ ਅਘੌਟੀ, ਅੰਮ੍ਰਿਤ-ਕੁੰਡਲੀ, ਉਪੰਗ, ਕਠਤਾਲ, ਕਾਤਰ, ਕਿੰਨਰੀ, ਘੰਟਾ, ਝਾਂਝ, ਡਫ, ਢੋਲ, ਤਾਰ, ਤੂਰ, ਦਮਾਮਾ, ਦੁੰਦਭੀ, ਧੌਂਸਾ, ਨਿਸ਼ਾਨ, ਪਖਾਵਜ, ਬਾਂਸੁਰੀ, ਬੇਨਾ, ਬੇਲਾ, ਵੇਲਾ, ਬੇਨ, ਬੀਨ, ਭੇਰੀ, ਤੰਬੂਰਾ, ਵੀਣਾ, ਮੁਹਵਰੀ, ਮੁਰਜ, ਮੁਰਲੀ, ਮ੍ਰਿਦੰਗ, ਰਬਾਬ, ਰੂੰਜ, ਸ਼ੀਰੰਗੀ, ਸ਼ਹਿਨਾਈ, ਸੰਖ, ਇਕ-ਤਾਰਾ, ਦੋ-ਤਾਰਾ ਆਦਿ ਦਾ ਉਲੇਖ ਕੀਤਾ ਹੈ।
ਨ੍ਰਿਤ, ਨ੍ਰਿਤ ਕਲਾ, ਨ੍ਰਿਤਕਾਰੀ, ਨ੍ਰਿਤ ਦੇ ਬੋਲ ਆਦਿ ਵੀ ਲਿਖੇ ਹਨ। ਕਈਆਂ ਨੇ ਪਖਾਵਜ (ਮ੍ਰਿਦੰਗ) ਦੇ ਬੋਲ ਵੀ ਲਿਖੇ ਹਨ। ਸੰਗੀਤਕ ਕ੍ਰਿਆਵਾਂ ਦੇ ਲਈ ਪਰਿਭਾਸ਼ਕ-ਸ਼ਬਦ ਵੀ ਵਰਤੇ ਹਨ। ਉਨ੍ਹਾਂ ਦੀ ‘ਸੰਗੀਤ-ਸਿੱਖਿਆ-ਸਿਖਿਅਕ’ ਬਾਰੇ ਇਤਿਹਾਸਕਾਰਾਂ ਨੇ ਪ੍ਰਕਾਸ਼ ਨਹੀਂ ਕੀਤਾ।
ਉਨ੍ਹਾਂ ਦੇ ਰਾਗਾਂ ਵਿਚ ਲੱਗਭਗ ਸਮਾਨਤਾ ਸੀ। ਮੁੱਖ ਵਿਸ਼ਾ ਭਗਤੀ ਸੀ।6
ਪੁਰਾਤਨ ਕਾਲ ਦੇ ਰਿਸ਼ੀ-ਮੁਨੀ ਲੱਗਭਗ ਸਾਰੇ ਹੀ ਆਪਣੇ ਕੋਲ ਕੋਈ ਨਾ ਕੋਈ ਸੰਗੀਤਕ ਸਾਜ਼ ਜ਼ਰੂਰ ਰੱਖਦੇ ਸਨ। ਪ੍ਰਮੇਸ਼ਰ ਦੀ ਬੰਦਗੀ ਵਿਚ ਨਾਮ ਨੂੰ ਦ੍ਰਿੜ੍ਹ ਕਰਨ-ਕਰਾਉਣ ਲਈ ਅਨੇਕਾਂ ਸਾਧਨ ਵਰਤਦੇ ਸਨ।
ਡਾ. ਗੁਰਭਗਤ ਸਿੰਘ ਜੀ ਲਿਖਦੇ ਹਨ ਕਿ ਬਾਬਾ ਸੁੱਚਾ ਸਿੰਘ ਜੀ ਨੇ ਗੁਰਬਾਣੀ ਸ਼ਬਦ ਸੰਗੀਤ ਦੇ ਵਿਚ ਕ੍ਰਾਂਤੀਕਾਰੀ ਮੌਲਿਕਤਾ ਨੂੰ ਪਛਾਣਿਆ। ਇਹ ਬਹੁਤ ਗੌਰਵਸ਼ੀਲ ਯੋਗਦਾਨ ਹੈ। ਇਥੇ ਇਹ ਵਰਣਨ ਕਰਨਾ ਵੀ ਜ਼ਰੂਰੀ ਹੈ ਕਿ ਜਿਸ ਵਿਸਮਾਦੀ ਇਕਸੁਰਤਾ ਵਿਚ ਸ਼ਬਦ-ਸੰਗੀਤ ਪਰਵੇਸ਼ ਤੇ ਪ੍ਰੇਰਨਾ ਦਿੰਦਾ ਹੈ, ਉਹ ਨਾ ਕੇਵਲ ਰਹੱਸਮਈ ਅਤੇ ਨਾ ਹੀ ਕਿਸੇ ਪ੍ਰਕਾਰ ਦਾ ਇਕਵਾਦ ਹੈ ਜੋ ਸ੍ਰਿਸ਼ਟੀ ਦੀ ਭਿੰਨਤਾ ਤੇ ਵਚਿੱਤਰਤਾ ਤੋਂ ਦੂਰ ਲੈ ਜਾਵੇ।7
‘ਆਸਾ ਕੀ ਵਾਰ’ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਪੱਸ਼ਟ ਰੂਪ ਵਿਚ ਫ਼ਰਮਾਇਆ ਹੈ:
ਵਿਸਮਾਦੁ ਨਾਦ ਵਿਸਮਾਦੁ ਵੇਦ॥
ਵਿਸਮਾਦੁ ਜੀਅ ਵਿਸਮਾਦੁ ਭੇਦ॥
ਵਿਸਮਾਦੁ ਰੂਪ ਵਿਸਮਾਦੁ ਰੰਗ॥
ਵਿਸਮਾਦੁ ਨਾਗੇ ਫਿਰਹਿ ਜੰਤ॥ (ਪੰਨਾ 463)
ਡਾ. ਮੇਜਰ ਸਿੰਘ ਲਿਖਦੇ ਹਨ:
ਅੱਜ ਸਾਰੀ ਦੁਨੀਆਂ ਨੇ ਆਪਣੀ ਇਕ ਸਰਬਸਾਂਝੀ ਪਹਿਚਾਣ ਬਣਾਉਣੀ ਅਰੰਭ ਕਰ ਦਿੱਤੀ ਹੈ। ਇਸ ਲਈ ਜੇਕਰ ਸਿੱਖ-ਸੱਭਿਆਚਾਰ ਨੇ ਅੱਜ ਦੇ ਯੁੱਗ ਵਿਚ ਕੋਈ ਅਹਿਮ ਭੂਮਿਕਾ ‘ਸਾਂਸਕ੍ਰਿਤਕ ਅਤੇ ਵਿਚਾਰਧਾਰਾ’ ਦੇ ਸੰਗਠਨ ਨਿਭਾਉਣ ਦੇ ਯੋਗ ਹੋਣਾ ਹੈ ਤਾਂ ਉਸ ਨੂੰ ਗਿਆਨ-ਵਿਗਿਆਨ ਕਲਾ ਅਤੇ ਵਿਚਾਰਧਾਰਕ ਹਰੇਕ ਖੇਤਰ ਵਿਚ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ’ਤੇ ਉਤਪਾਦਨ ਅਤੇ ਖਪਤ (Production Consume) ਦੀ ਭਾਈਵਾਲੀ ਕਰਨੀ ਹੋਵੇਗੀ। ਇਸ ਸਭ ਕੁਝ ਦੇ ਲਈ ਸ਼ਕਤੀਸ਼ਾਲੀ ਲਹਿਰ ਪੈਦਾ ਕਰਨ ਦੀ ਲੋੜ ਹੈ।
ਪਰ ਕਿਰਪਾ ਕਰਕੇ ਇਸ ਦਾ ਭਾਵ ਇਹ ਨਾ ਲਿਆ ਜਾਵੇ ਕਿ ਉਤਪਾਦਨ ਅਤੇ ਖਪਤ ਦੇ ਵਾਧੇ ਵਾਸਤੇ ਗੁਰਬਾਣੀ ਕੀਰਤਨ ਦੇ ਕਲਾਸੀਕਲ ਪੱਧਰ ਨੂੰ ਘਟਾਉਣਾ ਸਵੀਕਾਰ ਕਰ ਲਿਆ ਜਾਵੇ।
ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਗੁਰਬਾਣੀ ਦੇ ਵਿਵਿਧ ਪਰਿਪੇਖ ਹਨ ਜਿਨ੍ਹਾਂ ਵਿਚ ਧਾਰਮਿਕ, ਦਾਰਸ਼ਨਿਕ, ਸੰਗੀਤਕ, ਸਮਾਜਿਕ, ਇਤਿਹਾਸਕ ਤੇ ਸਾਹਿਤਕ ਪੱਖਾਂ ਨੂੰ ਨਿਵੇਕਲੇ ਢੰਗ ਨਾਲ ਪੇਸ਼ ਕੀਤਾ ਗਿਆ ਹੈ, ਉਹ ਇਸ ਨੂੰ ਅਦੁੱਤੀ ਸਥਾਨ ਪ੍ਰਦਾਨ ਕਰਦਾ ਹੈ। ਆਪਣੀਆਂ ਵਿਲੱਖਣਤਾਵਾਂ ਕਾਰਨ ਗੁਰੂ ਗ੍ਰੰਥ ਸਾਹਿਬ ਨਵੀਨ ਜਾਣਕਾਰੀ ਵੀ ਦੇਂਦਾ ਆ ਰਿਹਾ ਹੈ ਤੇ ਸਮਾਜ ਨੂੰ ਪ੍ਰਭਾਵਿਤ ਵੀ ਕਰਦਾ ਆ ਰਿਹਾ ਹੈ। ਇਸ ਦੀ ਰਹਿਨੁਮਾਈ ਇਕ ਨਰੋਏ ਸਮਾਜ ਦੀ ਸਿਰਜਣਾ ਕਰਨ ਵਿਚ ਸਹਾਈ ਹੋ ਸਕਦੀ ਹੈ। ਅੱਜ ਵਿਸ਼ਵ ਜਿਸ ਅਸ਼ਾਂਤੀ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ ਉਸ ਦਾ ਸਮਾਧਾਨ ਗੁਰਬਾਣੀ ਦੇ ਦਰਸਾਏ ਆਦਰਸ਼ਾਂ ਨੂੰ ਅਪਣਾ ਕੇ ਹੀ ਹੋ ਸਕਦਾ ਹੈ।
ਡਾ. ਰਤਨ ਸਿੰਘ ਜੱਗੀ ਕੀਰਤਨ ਦੇ ਮੂਲਿਕ ਅਤੇ ਇਤਿਹਾਸਕ ਯੋਗਦਾਨ ਨੂੰ ਉਜਾਗਰ ਕਰਦਿਆਂ ਲਿਖਦੇ ਹਨ:
ਮਨ ਮਾਰਨ ਤੋਂ ਬਾਅਦ ਭਗਤੀ ਦੀ ਕਾਰਵਾਈ ਸ਼ੁਰੂ ਹੁੰਦੀ ਹੈ। ਸਭ ਤੋਂ ਪਹਿਲਾਂ ਕੀਰਤਨ ਦੀ ਸਥਿਤੀ ਹੈ। ਕੀਰਤਨ ਤੋਂ ਭਾਵ: ਭਗਵਾਨ ਦੇ ਗੁਣਾਂ, ਮਹਾਤਮ ਤੇ ਯਸ਼ ਦਾ ਗਾਇਨ ਕਰਨਾ। ਨਵਧਾ-ਭਗਤੀ ਦੇ ਇਸ ਅੰਗ ਨੂੰ ਮੱਧ ਯੁੱਗ ਦੇ ਸਾਰੇ ਸੰਤਾਂ-ਭਗਤਾਂ ਨੇ ਆਪਣੀ ਸਾਧਨਾ ਲਈ ਸਵੀਕਾਰ ਕੀਤਾ ਹੈ। ਗੁਰੂ ਨਾਨਕ ਦੇਵ ਜੀ ਨੇ ਹਰਿ ਭਗਤੀ ਵਿਚ ਕੀਰਤਨ ਦੀ ਘੋਸ਼ਣਾ ਕੀਤੀ ਕਿਉਂਕਿ:
ਹਰਿ ਦਿਨੁ ਰੈਨਿ ਕੀਰਤਨੁ ਗਾਈਐ॥
ਬਹੁੜਿ ਨ ਜੋਨੀ ਪਾਈਐ॥ (ਪੰਨਾ 623)
ਜਪੁਜੀ ਸਾਹਿਬ ਵਿਚ ਕੀਰਤਨ ਨੂੰ ‘ਸ੍ਰਵਣ ਤੇ ਮਨਨ’ ਵਿਚ ਪ੍ਰਥਮ ਸਥਾਨ ਦਿੱਤਾ ਗਿਆ ਹੈ।8
ਡਾ. ਦੇਵਿੰਦਰ ਸਿੰਘ, ਜੰਮੂ ਯੂਨੀਵਰਸਿਟੀ ਅਨੁਸਾਰ :
ਸ੍ਰੀ ਗੁਰੂ ਗ੍ਰੰਥ ਸਾਹਿਬ, ਮੱਧਕਾਲੀਨ ਯੁੱਗ ਦਾ ਉਹ ਧਾਰਮਿਕ, ਇਤਿਹਾਸਕ ਤੇ ਰਾਜਨੀਤਿਕ ਵਿਹਾਰ ਸੰਬੰਧੀ ਗ੍ਰੰਥ ਹੈ ਜਿਸ ਦੇ ਵੱਖ-ਵੱਖ ਪਰਿਪੇਖ ਮਹੱਤਵਪੂਰਨ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ 12ਵੀਂ ਸਦੀ ਤੋਂ 17ਵੀਂ ਸਦੀ ਦੇ ਪ੍ਰਮੁੱਖ ਧਰਮ ਗਿਆਨੀਆਂ ਦੀ ਪ੍ਰਤੀਨਿਧਤਾ ਕਰਦਾ ਹੋਇਆ, ਸੰਸਾਰ ਅੱਗੇ ਇਕ ਆਧੁਨਿਕ ਧਰਮ-ਮਾਡਲ ਪ੍ਰਸਤੁਤ ਕਰਦਾ ਹੈ। ਇਸ ਦੇ ਸੰਬੰਧ ਵਿਚ ਕੋਈ ਵੀ ਇਤਿਹਾਸਕ, ਸੱਭਿਆਚਾਰਕ, ਭਾਸ਼ਾਈ ਜਾਂ ਸਾਹਿਤਕ ਦਸਤਾਵੇਜ਼ ਤਿਆਰ ਕਰਨ ਲਈ, ਇਸ ਗ੍ਰੰਥ ਨੂੰ ਆਧਾਰ ਸਮੱਗਰੀ ਬਣਾਉਣਾ ਅਤਿ ਆਵੱਸ਼ਕ ਹੈ।
ਪ੍ਰੋ: ਬਲਵਿੰਦਰ ਸਿੰਘ ਜੌੜਾ ਸਿੰਘਾ, ਸਿੱਖ ਇਤਿਹਾਸ ਰੀਸਰਚ ਬੋਰਡ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਅਨੁਸਾਰ :
ਸੱਭਿਆਚਾਰ ਆਪਣੇ ਆਪ ਵਿਚ ਇਕ ਅਤਿ ਵਿਸ਼ਾਲ ਸੰਕਲਪ ਤੇ ਵਿਸ਼ਾ ਹੈ ਜਿਸ ਵਿਚ ਕਿਸੇ ਜਨ-ਸਮੂਹ ਜਾਂ ਮਨੁੱਖੀ ਸਮਾਜ ਦੇ ਜੀਵਨ ਖੇਤਰ ਵਿਚਲੀਆਂ ਕਿਰਿਆਵਾਂ ਅਤੇ ਉਨ੍ਹਾਂ ਨੂੰ ਕਰਨ ਦੇ ਢੰਗ ਆ ਜਾਂਦੇ ਹਨ। ਇਸ ਲਈ ‘ਸੱਭਿਆਚਾਰ’ ਦੇ ਕਲਾਵੇ ਵਿਚ ਜੀਵਨ ਦੇ ਅਨੇਕਾਂ ਪੱਖ ਆ ਜਾਂਦੇ ਹਨ। ‘ਸੱਭਿਆਚਾਰ’ ਬਹੁਅਰਥਕ ਵੀ ਹੈ। ਇਹ ਵਿਭਿੰਨ-ਪ੍ਰਣਾਲੀਆਂ ਦੇ ਸੰਕਲਪ ਤੇ ਵਿਚਾਰਧਾਰਾ ਦਾ ਸੂਚਕ ਹੈ। ਵਿਕਾਸ ਕਰਨਾ, ਪੂਰਨਤਾ, ਮਨੋਵਿਕਾਸ ਹੈ ਜਿਸ ਵਿਚ ਗਿਆਨ, ਕਲਾ, ਵਿਸ਼ਵਾਸ, ਨੈਤਿਕਤਾ, ਕਾਨੂੰਨ, ਰੀਤੀ-ਰਿਵਾਜ਼, ਆਦਤਾਂ ਅਤੇ ਕਈ ਹੋਰ ਸਮਰੱਥਾਵਾਂ ਆ ਜਾਂਦੀਆਂ ਹਨ। ਕਦਰਾਂ-ਕੀਮਤਾਂ, ਸਮਾਜਿਕ ਉੱਨਤੀ ਤੇ ਪ੍ਰਫੁੱਲਤਾ ਲਈ ਤੇ ਸਭ ਲਈ ਉੱਤਮ-ਸਮਝੀਏ ਤਾਂ ਉਹ ਸਾਡਾ ਸੱਭਿਆਚਾਰ ਹੈ।
ਧਾਰਮਿਕ ਸੱਭਿਆਚਾਰ ਤੋਂ ਅੱਗੇ ਸਮਾਜਿਕ ਸੱਭਿਆਚਾਰ ਵਿਚ ਇਕ ਅਜਿਹੇ ਸੱਭਿਆਚਾਰਕ ਸਮਾਜ ਦੀ ‘ਲੋਚਨਾ’ ਕੀਤੀ ਹੈ ਜਿਸ ਵਿਚ ਕੋਈ ਜਾਤ-ਪਾਤ ਨਹੀਂ ਹੈ। ‘ਇਕ ਨੂਰ ਤੋਂ ਸਭ ਜਗ ਉਪਜੇ’ ਹੋਣ ਕਰਕੇ ਸਾਰੇ ਮਨੁੱਖ ਇਕ ਸਮਾਨ ਹਨ।
ਆਰਤੀ :
ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇਕ ਵਿਸ਼ੇਸ਼ ਰਚਨਾ ਹੈ।
ਕੈਸੀ ਆਰਤੀ ਹੋਇ ਭਵ ਖੰਡਨਾ ਤੇਰੀ ਆਰਤੀ॥
ਅਨਹਤਾ ਸਬਦ ਵਾਜੰਤ ਭੇਰੀ॥1॥ ਰਹਾਉ॥ (ਪੰਨਾ 663)
ਅਰਥਾਤ : ਹੇ ਪਰਮਾਤਮਾ! ਤੇਰੀ ਆਰਤੀ ਤਾਂ ਅਨਹਦ-ਨਾਦ (ਸੰਗੀਤ- ਉਤਪਤੀ) ਦਾ ‘ਸ਼ਬਦ’ ਹੀ ਆਪਣੇ ਆਪ ਸਾਜ਼ (ਭੇਰੀ) ਵਜਾ ਰਿਹਾ ਹੈ। ਇਹ ਧੂਫ਼ (ਅਗਰਬੱਤੀਆਂ) ਤੇ ਥਾਲੀ-ਫੁੱਲਾਂ ਦੀ ਤੇ ਘਿਉ ਦੀ ਜ਼ਰੂਰਤ ਨਹੀਂ ਹੈ। ਕੁਦਰਤੀ ਫੁੱਲਾਂ ਤੇ ਬਨਸਪਤੀ ਦੀ ਖੁਸ਼ਬੋ ਤਾਂ ਸਾਰੇ ਬ੍ਰਹਿਮੰਡ ਵਿਚ ਕੁਦਰਤੀ ਤੌਰ ’ਤੇ ਹੋ ਰਹੀ ਹੈ।
ਭਾਈ ਗੁਰਦਾਸ ਜੀ ਲਿਖਦੇ ਹਨ:
ਸਤਿਗੁਰਿ ਨਾਨਕੁ ਪ੍ਰਗਟਿਆ ਮਿਟੀ ਧੁੰਦ ਜਗਿ ਚਾਨਣੁ ਹੋਆ। (ਵਾਰ 1, ਪਉੜੀ 27)
ਇਸ ਪਉੜੀ ਦੀਆਂ ਅੰਤਿਮ ਪੰਗਤੀਆਂ ਹਨ
ਘਰਿ ਘਰਿ ਅੰਦਰਿ ਧਰਮਸਾਲ ਹੋਵੈ ਕੀਰਤਨੁ ਸਦਾ ਵਿਸੋਆ। ਗੁਰਮੁਖਿ ਕਲਿ ਵਿਚਿ ਪਰਗਟ ਹੋਆ॥
ਅਰਥਾਤ : ਹਰੇਕ ਘਰ-ਪਰਵਾਰ ਧਰਮਸ਼ਾਲ (ਧਰਮ ਦੀ ਸ਼ਾਲ) ਹੋਵੇ ਅਤੇ ਉਥੇ ਰੋਜ਼ਾਨਾ ਕੀਰਤਨ ਹੋਇਆ ਕਰੇ। ਇਹ ਸੰਕਲਪ ਹੈ ਅਤੇ ਆਏ-ਗਏ ਨੂੰ ਜਲ-ਪਾਣੀ, ਲੰਗਰ-ਪਰਸ਼ਾਦਾ ਵੀ ਮਿਲੇ ਅਤੇ ਨਿਤਾਪ੍ਰਤੀ ਕੀਰਤਨ ਵੀ ਹੋਵੇ, ਉਹ ਧਰਮਸ਼ਾਲ ਹੈ, ਗੁਰਦੁਆਰਾ ਹੈ। ਹਰੇਕ ਗ੍ਰਿਹਸਤੀ ਦੇ ‘ਘਰ’ ਵੀ ਗੁਰਦੁਆਰਾ ਸਾਹਿਬ ਵਰਗਾ ਨਿੱਤਨੇਮ ਤੇ ਕੀਰਤਨ ਹੋਵੇ, ਇਥੇ ਇਹ ਪ੍ਰੇਰਨਾ ਹੈ। ਗੁਰਬਾਣੀ ਦੀਆਂ ਅੰਦਰਲੀਆਂ ਗਵਾਹੀਆਂ ਇਸ ਨੂੰ ਗਾਇਨ ਕਰਨ ਦੀ ਪ੍ਰੇਰਨਾ ਦਿੰਦੀਆਂ ਹਨ। ਸਿੱਖ ਪੰਥ ਨੂੰ ਧਰਮ-ਫ਼ਿਲਾਸਫੀ ਅਤੇ ਕੀਰਤਨ-ਸੰਗੀਤ ਨੂੰ ਹੋਰ ਵਧੇਰੇ ਮਾਨਤਾ ਦੇਣੀ ਚਾਹੀਦੀ ਹੈ। ਅੱਜ ਦੀ ਸਥਿਤੀ ਵਿਚ ਗੁਰਮਤਿ ਸੰਗੀਤ ਦਾ ਵਿਕਾਸ ਤੇ ਲੋਕਪ੍ਰਿਅਤਾ ਸਿਖਰ ’ਤੇ ਹੈ। ਟਕਸਾਲਾਂ ਤੇ ਯੂਨੀਵਰਸਿਟੀਆਂ ਵਿਚ ਇਹ ਵਿਸ਼ਾ ਬਾਕਾਇਦਾ ਪੜ੍ਹਾਇਆ ਜਾ ਰਿਹਾ ਹੈ।9
ਲੇਖਕ ਬਾਰੇ
Chandigarh; author of several books and articles on Sikhism.
# 1360, ਸੈਕਟਰ 40-ਬੀ, ਚੰਡੀਗੜ੍ਹ
- ਡਾ. ਦਰਸ਼ਨ ਸਿੰਘhttps://sikharchives.org/kosh/author/%e0%a8%a1%e0%a8%be-%e0%a8%a6%e0%a8%b0%e0%a8%b6%e0%a8%a8-%e0%a8%b8%e0%a8%bf%e0%a9%b0%e0%a8%98/