editor@sikharchives.org
Sikh Sangeetkaar

ਸਿੱਖ ਸੰਗੀਤਕਾਰ

ਸਤਿਗੁਰੂ ਨਾਨਕ ਪਾਤਸ਼ਾਹ ਨੇ ਸਿੱਖ ਮਤ ਦੀ ਨੀਂਹ ਰੱਖਣ ਵੇਲੇ ਦੋ ਬੁਨਿਆਦੀ ਥੰਮ੍ਹ ਚਿਣੇ ਸੀ- ਇਕ ਬਾਣੀ, ਦੂਜਾ ਸੰਗੀਤ
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਸਤਿਗੁਰੂ ਨਾਨਕ ਪਾਤਸ਼ਾਹ ਨੇ ਸਿੱਖ ਮਤ ਦੀ ਨੀਂਹ ਰੱਖਣ ਵੇਲੇ ਦੋ ਬੁਨਿਆਦੀ ਥੰਮ੍ਹ ਚਿਣੇ ਸੀ- ਇਕ ਬਾਣੀ, ਦੂਜਾ ਸੰਗੀਤ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਾਰੀ ਦੀ ਸਾਰੀ ਬਾਣੀ, ਸਿਵਾਏ ਮੁੱਢ ਵਿਚ ‘ਜਪੁ’ ਅਤੇ ਅਖੀਰ ਵਿਚ ਸਵੱਯਾਂ, ਸਲੋਕਾਂ ਦੇ, ਸਭ ਰਾਗਾਂ ਵਿਚ ਰੰਗੀ ਹੋਈ ਹੈ। ਜਦੋਂ ਸਤਿਗੁਰਾਂ ਨੂੰ ਇਲਾਹੀ ਇਲਹਾਮ ਆਉਂਦਾ, ਬਾਣੀ ਨਾਜ਼ਲ ਹੁੰਦੀ, ਉਹ ਭਾਈ ਮਰਦਾਨੇ ਨੂੰ ਆਖਦੇ- ਮਰਦਾਨਿਆ! ਛੇੜ ਰਬਾਬ, ਬਾਣੀ ਆਈ ਹੈ। ਮਰਦਾਨਾ ਰਬਾਬ ਵਜਾਉਂਦਾ ਅਤੇ ਨਿਰੰਕਾਰੀ ਪਾਤਸ਼ਾਹ ਰਾਗ ਵਿਚ ਹੀ ਬਾਣੀ ਉਚਾਰੀ ਜਾਂਦੇ ਜੋ ਫੇਰ ਲਿਖ ਕੇ ਉਤਾਰ ਲਈ ਜਾਂਦੀ। ਪ੍ਰਚਾਰ-ਫੇਰੀਆਂ ਦਾ ਜ਼ਿਕਰ ਕਰਦੇ ਹੋਏ ਭਾਈ ਗੁਰਦਾਸ ਜੀ ਲਿਖਦੇ ਹਨ ਕਿ ਸਤਿਗੁਰਾਂ ਦੇ ਹੱਥ ਵਿਚ ‘ਆਸਾ’ (ਲੰਬਾ ਸੋਟਾ) ਤੇ ਕੱਛ ਵਿਚ ਕਿਤਾਬ ਹੁੰਦੀ ਸੀ।

ਜਿਵੇਂ ਗੁਰੂ ਨਾਨਕ ਦੇਵ ਜੀ ਮਹਾਰਾਜ ਵਿਚ ਰੱਬੀ-ਨੂਰ ਦੇਖਣ ਵਾਲਾ ਸਭ ਤੋਂ ਪਹਿਲਾ ਵਿਅਕਤੀ ਰਾਇ ਭੋਇ ਦੀ ਤਲਵੰਡੀ ਦਾ ਚੌਧਰੀ ਰਾਇ ਬੁਲਾਰ ਸੀ, ਤਿਵੇਂ ਪ੍ਰਚਾਰ ਉਦਾਸੀਆਂ ਵਿਚ ਆਪ ਦਾ ਪਹਿਲਾ ਸਾਥੀ ਵੀ ਮੁਸਲਮਾਨ ਪਰਵਾਰ ’ਚ ਪੈਦਾ ਹੋਇਆ ਭਾਈ ਮਰਦਾਨਾ ਸੀ, ਜੋ ਉਨ੍ਹਾਂ ਦੇ ਘਰ ਦਾ ਮਿਰਾਸੀ ਸੀ ਅਤੇ ਸੰਗੀਤ ਦਾ ਵਧੀਆ ਕਲਾਕਾਰ ਸੀ। ਉਸ ਨੂੰ ਵਜਾਉਣ ਲਈ ਰਬਾਬ ਨਿਰੰਕਾਰੀ ਸਤਿਗੁਰੂ ਨੇ ਹੀ ਦਿੱਤੀ ਸੀ। ਰਬਾਬੀਆਂ ਦੀ ਪ੍ਰਥਾ ਭਾਈ ਮਰਦਾਨਾ ਜੀ ਤੋਂ ਹੀ ਚੱਲੀ ਹੈ।

ਭਾਈ ਮਰਦਾਨਾ ਜੀ 54 ਸਾਲ ਸਤਿਗੁਰਾਂ ਦੀ ਸੇਵਾ ਵਿਚ ਹਾਜ਼ਰ ਰਹੇ। ਆਪਣੇ ਅਖੀਰਲੇ ਸੁਆਸਾਂ ਤਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਹੀ ਪਰਸਦੇ ਰਹੇ। ਚੁਰੰਜਾ ਸਾਲਾਂ ਦੀ ਅਤੁੱਟ ਸੇਵਾ ਅਤੇ ਹਜ਼ੂਰ ਦੀ ਹਾਜ਼ਰੀ ਭਰ ਕੇ ਉਨ੍ਹਾਂ ਨੇ ਆਪਣੇ ਭਾਗ ਇੰਨੇ ਚੰਗੇ ਬਣਾ ਲਏ ਸੀ ਕਿ ਉਨ੍ਹਾਂ ਦਾ ਅੰਤਮ ਸੰਸਕਾਰ ਸਤਿਗੁਰਾਂ ਨੇ ਆਪਣੇ ਹਸਤ-ਕੰਵਲਾਂ ਨਾਲ ਕੀਤਾ।

ਫੇਰ, ਜੋ ਦੂਸਰੇ ਸਤਿਗੁਰਾਂ ਵੇਲੇ ਤੋਂ ਗੁਰੂ-ਦਰਬਾਰ ਵਿਚ ਕੀਰਤਨ ਦੀ ਸੇਵਾ ਰਾਇ ਬਲਵੰਡ ਜੀ ਤੇ ਭਾਈ ਸੱਤਾ ਜੀ ਕਰਦੇ ਰਹੇ। ਪੰਜਵੇਂ ਸਤਿਗੁਰਾਂ ਵੇਲੇ ਇਹ ਇਕੇਰਾਂ ਰੁੱਸ ਗਏ ਸਨ ਅਤੇ ਸੇਵਾ ਛੱਡ ਕੇ ਘਰ ਜਾ ਬੈਠੇ ਸਨ, ਪਰ ਪਿੱਛੋਂ ਭਾਈ ਲੱਧਾ ਜੀ ਦੇ ਵਿਚ ਪੈਣ ਨਾਲ ਮੁਆਫ਼ੀ ਮੰਗ ਕੇ ਫੇਰ ਆਪਣੀ ਜਗ੍ਹਾ ’ਤੇ ਸੇਵਾ ’ਤੇ ਆ ਲੱਗੇ ਸਨ। ਉੱਚ-ਕੋਟੀ ਦੇ ਸੰਗੀਤਕਾਰ ਹੋਣ ਦੇ ਨਾਲ-ਨਾਲ ਇਹ ਉੱਚ-ਕੋਟੀ ਦੇ ਵਿਦਵਾਨ ਕਵੀ ਵੀ ਸਨ, ਜਿਸ ਦਾ ਪਤਾ ਇਨ੍ਹਾਂ ਦੀ ਉਚਾਰੀ ਰਾਮਕਲੀ ਕੀ ਵਾਰ ਤੋਂ ਲੱਗਦਾ ਹੈ। ਇਨ੍ਹਾਂ ਦੀ ਉਚਾਰੀ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੋਈ।

ਜਦ ਰਾਇ ਬਲਵੰਡ ਜੀ ਤੇ ਭਾਈ ਸੱਤਾ ਜੀ ਰੁੱਸ ਗਏ ਤਾਂ ਪੰਜਵੇਂ ਪਾਤਸ਼ਾਹ ਨੇ ਸਿੱਖਾਂ ਨੂੰ ਆਪ ਹੀ ਕੀਰਤਨ ਕਰਨ ਦੀ ਆਗਿਆ ਕੀਤੀ ਅਤੇ ਸਾਰੰਗੀ ਦੀਆਂ ਬਹੁਤੀਆਂ ਤਾਰਾਂ ਨੂੰ ਘੱਟ, ਥੋੜ੍ਹੀਆਂ ਕਰ ਕੇ ਤੇ ਢਿੱਡ ਜ਼ਰਾ ਵੱਡਾ ਕਰ ਕੇ ਸਿਰੰਦਾ ਸਾਜ਼ ਈਜਾਦ ਕੀਤਾ ਅਤੇ ਮ੍ਰਿਦੰਗ ਦੇ ਦੋ ਹਿੱਸੇ ਕਰ ਕੇ ਤਬਲਾ ਜੋੜੀ ਨਾਲ ਮਿਲਾ ਦਿੱਤੇ। ਤਦੋਂ ਤੋਂ ਰਬਾਬੀਆਂ ਦੇ ਨਾਲ ਰਾਗੀਆਂ ਦੀ ਪ੍ਰਥਾ ਵੀ ਚੱਲ ਪਈ।

ਇਹ ਦੋਵੇਂ ਹੀ, ਰਬਾਬੀ ਤੇ ਰਾਗੀਆਂ ਦੀਆਂ ਸੰਪ੍ਰਦਾਵਾਂ, ਮੁਲਕ ਦੇ ਬਟਵਾਰੇ 1947 ਤਕ ਬਰਾਬਰ ਕੀਰਤਨ-ਸੇਵਾ ਕਰਦੀਆਂ ਚਲੀਆਂ ਆਈਆਂ। ਰਬਾਬੀ ਵੈਸੇ ਮੁਸਲਮਾਨ ਹੀ ਹੁੰਦੇ ਸਨ ਜਿਨ੍ਹਾਂ ਦੇ ਵਿਰਸੇ ਵਿਚ ਹੀ ਸੰਗੀਤ ਚਲਿਆ ਆਉਂਦਾ ਹੈ ਅਤੇ ਰਾਗੀ ਸਿੱਖ। ਦੇਸ਼ ਦੀ ਵੰਡ ਕਾਰਨ 1947 ਦੇ ਪਿੱਛੋਂ ਬਹੁਤ ਸਾਰੇ ਰਬਾਬੀ ਪਾਕਿਸਤਾਨ ਚਲੇ ਗਏ। ਉਸ ਵਕਤ ਉਨ੍ਹਾਂ ਕਲਾਕਾਰਾਂ ਦੀ ਸਾਥੋਂ ਯੋਗ ਸੰਭਾਲ ਨਾ ਕੀਤੀ ਜਾ ਸਕੀ, ਜਿਸ ਕਰਕੇ ਪੰਥ ਨੂੰ ਬੜਾ ਭਾਰੀ ਘਾਟਾ ਪਿਆ ਹੈ। ਜੋ ਰਬਾਬੀਆਂ ਦਾ ਕੰਮ ਕਰਨ ਵਾਲੇ ਕਿਸੇ ਨਾ ਕਿਸੇ ਤਰੀਕੇ ਅਥਵਾ ਵਸੀਲੇ, ਆਸਰੇ, ਇਧਰ ਹੀ ਟਿਕੇ ਰਹੇ ਉਹ ਆਮ ਕਰਕੇ ਅੰਮ੍ਰਿਤਧਾਰੀ ਸਿੰਘ ਸਜ ਗਏ ਹਨ ਅਤੇ ਹੁਣ ਰਬਾਬੀਆਂ ਅਤੇ ਰਾਗੀਆਂ ਦਾ ਵਿਤਕਰਾ ਬਹੁਤ ਹੱਦ ਤਕ ਮਿਟ ਗਿਆ ਹੈ। ਪਰੰਤੂ ਅੱਜ ਵੀ ਕੁਝ ਰਬਾਬੀ ਪਾਕਿਸਤਾਨ ਵਿਚ ਮੌਜੂਦ ਹਨ, ਜਿਨ੍ਹਾਂ ਦੇ ਗਾਇਨ ਕੀਤੇ ਸ਼ਬਦ ਕਦੇ-ਕਦੇ ਰੇਡੀਓ ’ਤੇ ਸੁਣਨ ਵਿਚ ਆਉਂਦੇ ਹਨ।

ਮੈਨੂੰ ਛੋਟੀ ਉਮਰ ਤੋਂ ਹੀ, ਜਦ ਤੋਂ ਸੁਰਤ ਸੰਭਲੀ ਹੈ, ਕੀਰਤਨ ਸੁਣਨ ਦਾ ਮੌਕਾ ਮਿਲਦਾ ਰਿਹਾ ਹੈ ਕਿਉਂਕਿ ਸਾਡੇ ਘਰ ਵਿਚ ਮੁੱਢ ਤੋਂ ਹੀ ਕੀਰਤਨ ਦਾ ਰਸ ਮਾਣਨ ਦਾ ਚਾਉ ਚਲਿਆ ਆਉਂਦਾ ਹੈ ਅਤੇ ਕੋਈ ਨਾ ਕੋਈ ਚੰਗਾ ਕੀਰਤਨ ਕਰਨ ਵਾਲਾ ਮੇਰੇ ਸੁਰਗਵਾਸੀ ਪੂਜ੍ਯ ਪਿਤਾ ਜੀ ਪਾਸ ਅਕਸਰ ਆਉਂਦਾ ਰਹਿੰਦਾ। ਉਹ ਆਪ ਵੀ ਕੀਰਤਨ ਕਰਦੇ ਸਨ ਅਤੇ ਸਿਤਾਰ, ਹਾਰਮੋਨੀਅਮ, ਤਬਲਾ, ਦਿਲਰੁਬਾ ਤੇ ਬਾਂਸੁਰੀ ਵਜਾਉਣ ਵਿਚ ਮੁਹਾਰਤ ਰੱਖਦੇ ਸਨ। ਮੇਰੇ ਪਿਤਾ ਭਾਈ ਅਰਜਨ ਸਿੰਘ ਜੀ ਚੀਫ਼ ਖ਼ਾਲਸਾ ਦੀਵਾਨ ਦੇ ਫਾਊਂਡਰ ਪ੍ਰਧਾਨ ਸਨ ਅਤੇ ਉਹ ਇਹ ਸੇਵਾ ਲਗਾਤਾਰ ਪੰਦਰਾਂ ਸਾਲ ਨਿਭਾਉਂਦੇ ਰਹੇ। ਜਦ ਉਹ ਦੀਵਾਨ ਦੇ ਪ੍ਰਚਾਰ ਜਥੇ ਨਾਲ ਲੈ ਕੇ ਸਿੰਧ, ਪੋਠੋਹਾਰ, ਫਰੰਟੀਅਰ ਅਤੇ ਯੂ.ਪੀ. ਜਾਂਦੇ ਤਾਂ ਕੀਰਤਨ ਆਮ ਤੌਰ ’ਤੇ ਉਹ ਆਪ ਹੀ ਕਰਦੇ ਸਨ।

ਉਨ੍ਹੀਵੀਂ ਸਦੀ ਦੇ ਅਖ਼ੀਰ ਅਤੇ ਵੀਹਵੀਂ ਸਦੀ ਦੇ ਸ਼ੁਰੂ ਵਿਚ ਇਥੇ ਪਿਤਾ ਜੀ ਪਾਸ ਭਾਈ ਵਜੀਰੂ ਤੇ ਭਾਈ ਵਲਾਇਤੀ ਰਬਾਬੀ ਹੁੰਦੇ ਸਨ ਜੋ ਸੁਬ੍ਹਾ-ਸ਼ਾਮ ਕੀਰਤਨ ਕਰਦੇ। ਮੈਂ ਵੀ ਸੁਣਿਆ ਕਰਦਾ ਸੀ। ਉਹ ਸੰਗੀਤ ਦੇ ਬੜੇ ਉਸਤਾਦ ਸਨ। ਭਾਈ ਵਜੀਰੂ ਵਿਚ ਇਹ ਵਾਧਾ ਸੀ ਕਿ ਉਹ ਖੁਦ ਮ੍ਰਿਦੰਗ ਵਜਾਇਆ ਕਰਦੇ ਸੀ ਅਤੇ ਨਾਲ ਹੀ ਗਾਉਣ ਵਿਚ ਵੀ ਲੀਡ ਕਰਦੇ ਸੀ। ਭਾਈ ਵਲਾਇਤੀ ਨਾਲ ਸਾਰੰਗੀ ’ਤੇ ਉਨ੍ਹਾਂ ਦੀ ਸੰਗਤ ਕਰਦਾ ਸੀ। ਮ੍ਰਿਦੰਗ ਜਾਂ ਤਬਲਾ ਵਜਾਉਣ ਵਾਲੇ ਮੋਢੀ ਗਾਇਕ ਬੜੇ ਹੀ ਘੱਟ ਦੇਖੀਦੇ ਹਨ। ਭਾਈ ਵਜੀਰੂ ਕਾਫੀ ਉਮਰ ਦੇ ਸਨ, ਪਰ ਤਾਨ ਪਲਟਾ ਐਸਾ ਮਾਰਦੇ ਸਨ ਕਿ ਨੌਜਵਾਨਾਂ ਨੂੰ ਵੀ ਮਾਤ ਕਰ ਦਿੰਦੇ ਸਨ।

ਸਿੱਖਾਂ ਵਿਚ ਬੜੇ ਉੱਚ ਕੋਟੀ ਦੇ ਤਾਊਸ ਵਜਾਉਣ ਵਾਲੇ ਸੰਗੀਤ ਦੇ ਮਾਹਰ ਮਹੰਤ ਗੱਜਾ ਸਿੰਘ ਜੀ ਹੋਏ ਹਨ। ਉਹ ਪਟਿਆਲੇ ਹੀ ਰਹਿੰਦੇ ਸਨ। ਭਾਵੇਂ ਉਹ ਆਪ ਗਾਇਆ ਨਹੀਂ ਕਰਦੇ ਸਨ, ਇੰਸਟਰੂਮੈਂਟਲਿਸਟ ਹੀ ਸਨ, ਪਰ ਅੱਧੀ ਰਾਤ ਪਿੱਛੋਂ ਉੱਠ ਕੇ ਸੁਰ-ਅਭਿਆਸ ਜ਼ਰੂਰ ਕਰਦੇ ਸਨ। ਉਨ੍ਹਾਂ ਦਾ ਗਲਾ ਇੰਨਾ ਮਿੱਠਾ ਤੇ ਆਵਾਜ਼ ਦਾ ਘੇਰਾ ਇਤਨਾ ਵਿਸ਼ਾਲ ਸੀ ਕਿ ਸਾਡਾ ਸਾਰਾ ਕਿਲ੍ਹਾ ਹੀ ਗੂੰਜ ਉੱਠਦਾ ਸੀ। ਗਲੇ ਦਾ ਰਿਆਜ਼ ਉਹ ਨਿਤਨੇਮ ਵਾਂਙੂ ਸਵੇਰੇ ਢਾਈ ਵਜੇ ਉੱਠ ਕੇ ਘੰਟਾ ਭਰ ਜ਼ਰੂਰ ਕਰਦੇ ਸਨ। ਪਿਤਾ ਜੀ ਸਾਨੂੰ ਸਾਰਿਆਂ ਨੂੰ ਨਾਲ ਲੈ ਕੇ ਉਨ੍ਹਾਂ ਪਾਸ ਜਾ ਬੈਠਿਆ ਕਰਦੇ ਸਨ। ਮੈਂ ਦਿਲਰੁਬਾ ਵਜਾਉਣਾ ਉਨ੍ਹਾਂ ਤੋਂ ਹੀ ਸਿੱਖਣਾ ਸ਼ੁਰੂ ਕੀਤਾ ਸੀ। ਜਦ ਉਹ ਆਪਣੀ ਮੌਜ ਵਿਚ ਆ ਜਾਂਦੇ ਤਾਂ ਬੜੀਆਂ ਦੁਰਲੱਭ ਤੇ ਦਿਲਕਸ਼ ਪੁਰਾਤਨ ਰੀਤੀਆਂ ਵੀ ਕਦੇ-ਕਦੇ ਗਾ ਕੇ ਸੁਣਾਉਣ ਲੱਗ ਜਾਂਦੇ। ਗੋਂਡ, ਸਾਰੰਗ, ਸਿੰਧੜਾ ਅਤੇ ਬਿਲਾਵਲ ਦੀਆਂ ਰੀਤੀਆਂ ਅਜੇ ਵੀ ਮੇਰੇ ਕੰਨਾਂ ਵਿਚ ਵੱਜਣ ਲੱਗ ਜਾਂਦੀਆਂ ਹਨ।

ਉਨ੍ਹਾਂ ਦਾ ਇਕ ਕਲਕੱਤੇ ਦਾ ਵਾਕਿਆ ਬੜਾ ਦਿਲਚਸਪ ਹੈ। ਕਿਤੇ ਮਹਾਰਾਜਾ ਪਟਿਆਲਾ ਨਾਲ ਕਲਕੱਤੇ ਚਲੇ ਗਏ। ਉਦੋਂ ਉਥੋਂ ਦੀ ਮਸ਼ਹੂਰ ਗਾਇਕਾ ਗੌਹਰਜਾਨ ਹੁੰਦੀ ਸੀ। ਦਿਲ ਆਇਆ ਕਿ ਚਲੋ, ਉਸ ਨੂੰ ਸੁਣ ਕੇ ਆਈਏ। ਜਦ ਉਸ ਦੇ ਮਕਾਨ ’ਤੇ ਪਹੁੰਚੇ ਤਾਂ ਉਨ੍ਹਾਂ ਦੀ ਸਿੱਧੀ-ਸਾਦੀ ਗੁਰਮੁਖ ਰਹਿਣੀ-ਬਹਿਣੀ ਦੇਖ ਕੇ ਬਾਹਰ ਖੜ੍ਹੇ ਦਰਬਾਨ ਨੇ ਅੰਦਰ ਨਾ ਜਾਣ ਦਿੱਤਾ। ਕੁਝ ਦੇਰ ਉਡੀਕ ਕਰ ਕੇ ਮੁੜ ਆਏ ਤੇ ਆਪਣੇ ਡੇਰੇ ਤੋਂ ਆਪਣਾ ਤਾਊਸ ਚੁੱਕ ਕੇ ਨਾਲ ਲੈ ਗਏ ਅਤੇ ਉਸ ਦੇ ਦਰਵਾਜ਼ੇ ਦੇ ਬਾਹਰ ਬੈਠ ਕੇ ਵਜਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੇ ਹੱਥ ਵਿਚ ਰਸ ਤੇ ਕਸ਼ਿਸ਼ ਸੀ, ਰਾਗ ਦੀ ਖਿੱਚੀ ਗੌਹਰਜਾਨ ਹੇਠਾਂ ਉਤਰ ਕੇ ਉਨ੍ਹਾਂ ਪਾਸ ਆ ਗਈ ਤੇ ਉਨ੍ਹਾਂ ਨੂੰ ਨਾਲ ਲੈ ਕੇ ਅੰਦਰ ਚਲੀ ਗਈ। ਪਹਿਲਾਂ ਉਨ੍ਹਾਂ ਪਾਸੋਂ ਤਾਊਸ ਸੁਣਿਆ ਤੇ ਫੇਰ ਆਪ ਗਾਣਾ ਸੁਣਾਉਣ ਲੱਗ ਪਈ। ਤਾਨ ਪਲਟਾ ਮਾਰਦੀ ਹੋਈ ਤੋਂ ਕਿਤੇ ਉੱਪਰਲਾ ਸੁਰ ਸਹੀ ਨਾ ਲੱਗਿਆ। ਇਕ-ਦੋ ਵਾਰ ਜਦ ਕੋਸ਼ਿਸ਼ ਕੀਤੀ ਅਤੇ ਸਫ਼ਲ ਨਾ ਹੋਈ ਤਾਂ ਮਹੰਤ ਗੱਜਾ ਸਿੰਘ ਜੀ ਨੇ ਉਸ ਦਾ ਸਿਰ ਪਲੋਸਦਿਆਂ ਕਿਹਾ ਕਿ ਬੱਚੀ! ਦੋਵੇਂ ਗੱਲਾਂ ਨਹੀਂ ਹੋਇਆ ਕਰਦੀਆਂ। ਜਾਂ ਸੰਗੀਤਕਾਰੀ ਹੋਊ ਜਾਂ ਦੂਸਰਾ ਕੰਮ।

ਅੱਗੇ ਰਿਆਸਤਾਂ ਦੇ ਹੁਕਮਰਾਨ ਗੁਣੀਆਂ ਦੀ ਕਦਰ ਤੇ ਸਰਪ੍ਰਸਤੀ ਖੁੱਲ੍ਹੇ ਦਿਲ ਨਾਲ ਕਰਿਆ ਕਰਦੇ ਸੀ। ਪਟਿਆਲੇ ਵਿਚ ਬਹੁਤ ਸਾਰੇ ਉੱਚ-ਕੋਟੀ ਦੇ ਸੰਗੀਤਕਾਰ ਵੀ ਹੁੰਦੇ ਸਨ ਜੈਸੇ ਕਿ ਮਹੰਤ ਗੱਜਾ ਸਿੰਘ ਜੀ ਤੋਂ ਇਲਾਵਾ ਬਰਕਤੁੱਲਾ ਖਾਂ ਵਰਗੇ ਮਸ਼ਹੂਰ ਸਿਤਾਰ-ਵਾਦਕ ਅਤੇ ਅੱਲਾ ਬਖਸ਼ ਖਾਂ ਵਰਗੇ ਮੰਨੇ-ਪ੍ਰਮੰਨੇ ਗਵੱਈਏ। ਤਾਹੀਉਂ ਭਾਰਤੀ ਸੰਗੀਤ ਮੰਡਲ ਵਿਚ ਪਟਿਆਲੇ ਦਾ ਘਰਾਣਾ ਜਗਤ-ਪ੍ਰਸਿੱਧ ਹੈ। ਉਨ੍ਹਾਂ ਰਤਨਾਂ ਵਿਚ ਕਈ ਰਬਾਬੀ ਵੀ ਹੁੰਦੇ ਸਨ। ਇਕ ਉੱਘੇ ਰਬਾਬੀ ਭਾਈ ਘਸੀਟਾ ਜੀ ਹੁੰਦੇ ਸਨ ਜੋ ਸਾਡੇ ਪਾਸ ਅਕਸਰ ਆਉਂਦੇ ਅਤੇ ਠਹਿਰਿਆ ਕਰਦੇ ਸਨ। ਉਹ ਵੈਸੇ ਕਈ ਸਾਜ਼-ਤਬਲਾ, ਵਾਜਾ, ਤਾਊਸ ਵਗੈਰਾ ਵਜਾਉਂਦੇ ਸਨ ਪਰ ਅਸਲ ਵਿਚ ਉਹ ਗਵੱਈਏ ਸਨ। ਉਨ੍ਹਾਂ ਵਰਗਾ ਭਰਵਾਂ ਤਰਬਾਂ ਤੇ ਵਾਲਯੂਮ ਵਾਲਾ ਗਲਾ ਮੈਂ ਅੱਜ ਤਕ ਹੋਰ ਕਿਸੇ ਗਵੱਈਏ ਦਾ ਨਹੀਂ ਵੇਖਿਆ-ਸੁਣਿਆ। ਤਿੰਨ ਸਪਤਕਾਂ ਵਿਚ ਫਿਰ ਜਾਂਦੇ ਅਤੇ ਤਿੰਨ-ਤਿੰਨ ਘੰਟੇ ਉਸੇ ਜ਼ੋਰ ਨਾਲ ਗਾਈ ਜਾਂਦੇ। ਪੁਰਾਣੀਆਂ ਸੰਪ੍ਰਦਾਈ ਰੀਤੀਆਂ ਅਤੇ ਬੰਦਸ਼ਾਂ ਦਾ ਉਨ੍ਹਾਂ ਪਾਸ ਅਮੁੱਕ ਖਜ਼ਾਨਾ ਸੀ। ਗਾਉਣਾ ਮੈਂ ਉਨ੍ਹਾਂ ਤੋਂ ਹੀ ਸਿੱਖਿਆ ਸੀ, ਭਾਵ ਹਰਮੋਨੀਅਮ ਵਜਾਉਣਾ ਮੈਨੂੰ ਪਿਤਾ ਜੀ ਨੇ ਛੋਟੇ ਹੁੰਦੇ ਨੂੰ ਹੀ ਸ਼ੁਰੂ ਕਰਾ ਦਿੱਤਾ ਸੀ। ਵਾਜੇ ’ਤੇ ਹੱਥ ਧਰਦਿਆਂ ਹੀ ਉਨ੍ਹਾਂ ਮੈਨੂੰ ਗੋਂਡ ਮਲਾਰ ਦੇ ਸੁਰਾਂ ’ਤੇ ਉਂਗਲਾਂ ਰਖਾਈਆਂ ਜੋ ਮੇਰੇ ਹੁਣ ਤਕ ਯਾਦ ਹਨ। ਮੇਰੇ ਵੱਡੇ ਭੁਝੰਗੀ ਨੂੰ ਵੀ ਸੰਗੀਤ-ਵਿੱਦਿਆ ਦੇਣੀ ਭਾਈ ਘਸੀਟਾ ਜੀ ਨੇ ਸ਼ੁਰੂ ਕੀਤੀ ਸੀ। ਉਨ੍ਹਾਂ ਦਾ ਆਪਣਾ ਲੜਕਾ ਨਿਸਾਰ ਹੁਸੈਨ ਬੰਬਈ ਸਿਨੇਮਾ ਵਿਚ ਕੰਮ ਕਰਨ ਚਲਾ ਗਿਆ ਤੇ ਕਾਫੀ ਪ੍ਰਸਿੱਧਤਾ ਹਾਸਲ ਕਰ ਗਿਆ ਸੀ।

ਪਹਿਲੋਂ ਪਹਿਲ ਭਾਈ ਹੀਰਾ ਸਿੰਘ ਜੀ-ਭਾਈ ਭਾਗ ਸਿੰਘ ਜੀ ਨੂੰ ਜਦ ਮੈਂ ਸੁਣਿਆ ਤਾਂ ਉਹ ਬਾਗੜੀਏ ਹੀ ਆਏ ਸਨ ਤੇ ਮੈਂ ਘਰ ਹੀ ਸਕੂਲ ਦੀਆਂ ਜਮਾਤਾਂ ਦੀ ਪੜ੍ਹਾਈ ਕਰਦਾ ਸੀ। ਪਿੱਛੋਂ ਵੀ ਉਨ੍ਹਾਂ ਦਾ ਅਦਭੁਤ ਕੀਰਤਨ ਸੁਣਨ ਦਾ ਅਕਸਰ ਮੌਕਾ ਮਿਲਦਾ ਰਿਹਾ। ਸਾਖੀ ਪ੍ਰਮਾਣ ਦਾ ਕੀਰਤਨ ਅਸਲ ਵਿਚ ਬਹੁਤਾ ਉਨ੍ਹਾਂ ਨੇ ਪ੍ਰਚੱਲਤ ਕੀਤਾ ਸੀ। ਪਹਿਲਾਂ ਤਾਂ ਸ਼ਬਦ ਪ੍ਰਮਾਣ ਦਾ ਹੀ ਕੀਰਤਨ ਕਰ ਦਿੰਦੇ ਸਨ। ਜੋ ਸਾਖੀ ਸੁਣਾਉਣ ਦਾ ਰਸ ਭਾਈ ਹੀਰਾ ਸਿੰਘ ਜੀ ਦੀ ਰਸਨਾ ਵਿਚ ਸੀ ਵੈਸਾ ਅੱਜ ਤਕ ਮੇਰੇ ਕੰਨੀਂ ਹੋਰ ਕਿਤਿਓਂ ਨਹੀਂ ਪਿਆ। ਉਨ੍ਹਾਂ ਦੇ ਪਿਤਾ ਭਾਈ ਭਾਗ ਸਿੰਘ ਜੀ ਤਾਊਸ ਵਜਾਉਂਦੇ ਸਨ ਅਤੇ ਨਾਲ ਗਾਉਂਦੇ-ਗਾਉਂਦੇ ਤਾਊਸ ਦੀ ਆਵਾਜ਼ ਨਾਲ ਹੀ ਆਪਣੀ ਆਵਾਜ਼ ਮਿਲਾ ਦਿੰਦੇ ਸਨ। ਭਾਈ ਹੀਰਾ ਸਿੰਘ ਜੀ ਨੂੰ ਛੇਤੀ ਹੀ ਅਕਾਲ ਪੁਰਖ ਵੱਲੋਂ ਸੱਦਾ ਆ ਗਿਆ। ਜਦ ਉਹ ਬਿਮਾਰ ਅਵਸਥਾ ਵਿਚ ਕਸ਼ਮੀਰ ਗਾਂਦਰਬਲ ਠਹਿਰੇ ਹੋਏ ਸਨ ਤਾਂ ਮੇਰੇ ਛੋਟੇ ਭਾਈ ਦੇ ਅਨੰਦ ਕਾਰਜ ਵੇਲੇ ਮੈਂ ਉਨ੍ਹਾਂ ਨੂੰ ਸ੍ਰੀਨਗਰ ਲੈ ਕੇ ਆਇਆ ਤੇ ਉਨ੍ਹਾਂ ਨੇ ਅਸ਼ੀਰਵਾਦ ਦਿੱਤੀ। ਉਹ ਦਰਸ਼ਨ ਉਨ੍ਹਾਂ ਦੇ ਅਖੀਰੀ ਹੋਏ ਸਨ।

ਭਾਈ ਹੀਰਾ ਸਿੰਘ ਜੀ ਦੇ ਗੁਰਪੁਰੀ ਜਾ ਹਾਜ਼ਰ ਹੋਣ ਤੋਂ ਉਪਰੰਤ ਉਨ੍ਹਾਂ ਦੇ ਰਾਗ ਸਰੂਪ ਪਿਤਾ ਜੀ ਨੇ ਆਪਣੇ ਛੋਟੇ ਸਪੁੱਤਰ ਭਾਈ ਪ੍ਰਧਾਨ ਸਿੰਘ ਨੂੰ ਤਿਆਰ ਕਰ ਕੇ ਭਾਈ ਹੀਰਾ ਸਿੰਘ ਵਾਂਙੂੰ ਹੀ ਸਾਖੀ ਪ੍ਰਮਾਣ ਵਾਲਾ ਕੀਰਤਨ ਬੜਾ ਸੁਹਣਾ ਤੇ ਦਿਲਖਿਚਵਾਂ ਕਰਨ ਲਾ ਲਿਆ ਸੀ। ਭਾਵੇਂ ਵੱਡੇ ਅਤੇ ਛੋਟੇ ਭਾਈ ਵਾਂਙੂੰ ਕੀਰਤਨ ਵਿਚ ਵੀ ਫਰਕ ਸੀ ਪਰ ਉਹ ਕਾਫੀ ਦੇਰ ਮੁਲਕ ਦੇ ਬਟਵਾਰੇ ਦੇ ਪਿੱਛੋਂ ਵੀ ਕੀਰਤਨ ਕਰਦੇ ਰਹੇ।

ਮੈਂ ਮੈਟ੍ਰਿਕੁਲੇਸ਼ਨ ਪਾਸ ਕਰ ਕੇ 1915 ਵਿਚ ਖਾਲਸਾ ਕਾਲਜ ਸ੍ਰੀ ਅੰਮ੍ਰਿਤਸਰ ਦਾਖਲ ਹੋ ਗਿਆ ਸੀ ਪਰ 1919 ਵਿਚ ਬੀ.ਏ. ਪਾਸ ਕਰ ਕੇ ਇਕ ਸਾਲ ਐਮ.ਏ. ਵਿਚ ਲਾ ਕੇ ਲਾਹੌਰ ਲਾਅ ਕਾਲਜ ਵਿਚ ਚਲਿਆ ਗਿਆ ਸੀ। ਇਹ ਪੰਜ ਸਾਲ ਪੂਰੇ ਜੋ ਮੈਂ ਸ੍ਰੀ ਅੰਮ੍ਰਿਤਸਰ ਬਿਤਾਏ, ਉਨ੍ਹਾਂ ਵਿਚ ਸ੍ਰੀ ਹਰਿਮੰਦਰ ਸਾਹਿਬ ਵਿਚ ਕੀਰਤਨ ਸੁਣਨ ਦਾ ਅਕਸਰ ਅਵਸਰ ਮਿਲਦਾ ਰਿਹਾ। ਹਫ਼ਤੇ ਵਿਚ ਤਿੰਨ ਕੁ ਵੇਰ ਤਾਂ ਮੈਂ ਜ਼ਰੂਰ ਉੱਥੇ ਚਲਿਆ ਜਾਂਦਾ ਸੀ। ਭਾਈ ਲਾਲ ਜੀ, ਭਾਈ ਚਾਂਦ ਜੀ ਅਤੇ ਭਾਈ ਮੋਤੀ ਜੀ ਤੋਂ ਇਲਾਵਾ ਸੰਤ ਸ਼ਾਮ ਸਿੰਘ ਜੀ ਦਾ ਵੀ ਸਰੰਦੇ ਨਾਲ ਅਰਸ਼ੀ ਪ੍ਰੇਮ ਭਰਪੂਰ ਕੀਰਤਨ ਸੁਣਨ ਦਾ ਮੌਕਾ ਮਿਲਦਾ ਰਿਹਾ। ਭਾਈ ਮੋਤੀ ਜੀ ਦਾ ਸਪੁੱਤਰ ਤਾਂ ਕਾਲਜ ਵਿਚ ਮੇਰਾ ਹਮਜਮਾਤੀ ਸੀ ਅਤੇ ਮੈਂ ਉਨ੍ਹਾਂ ਦੇ ਘਰ ਜਾ ਕੇ ਵੀ ਅਕਸਰ ਸ਼ਬਦ- ਗਾਇਨ ਦਾ ਰਸ ਮਾਣਦਾ ਰਿਹਾ। ਭਾਵੇਂ ਕੁਝ ਤੁਅੱਸਬੀ ਖਿਆਲ ਦੇ ਲੋਕ ਰਬਾਬੀ ਸੱਜਣਾਂ ਨੂੰ ‘ਮੁਸਲਮਾਨ-ਮੁਸਲਮਾਨ’ ਕਹਿ ਕੇ ਭੰਡਣ ਦੀ ਕੋਸ਼ਿਸ਼ ਕਰਦੇ ਸਨ, ਪਰ ਮੇਰਾ ਜੋ ਜ਼ਾਤੀ ਤਜ਼ਰਬਾ ਹੈ, ਮੇਰੇ ਆਪਣੇ ਦੇਖਣ ਵਿਚ ਜੋ ਆਇਆ ਹੈ ਮੈਂ ਉਸ ਤੋਂ ਆਖ ਸਕਦਾ ਹਾਂ ਕਿ ਉਹ ਸੰਗੀਤ ਦੀ ਕਲਾਕਾਰੀ ਅਤੇ ਗੁਰਮਤਿ ਦੇ ਕੀਰਤਨ ਵਿਚ ਤਾਂ ਨਿਪੁੰਨ ਅਤੇ ਉੱਚ-ਕੋਟੀ ਦੇ ਮਾਹਰ ਸਨ ਹੀ ਪਰ ਨਾਲ ਹੀ ਉਹ ਸ਼ਰਧਾ, ਪ੍ਰੇਮ ਭਾਵਨਾ ਅਤੇ ਸਿਦਕ ਵਿਚ ਵੀ ਪੱਕੇ ਸਨ।

ਰਬਾਬੀ ਕਲਾਕਾਰਾਂ ਤੋਂ ਇਲਾਵਾ ਰਾਗੀ ਸਿੰਘ ਵੀ ਪੰਥ ਵਿਚ ਬੜੇ ਉੱਘੇ ਨਾਮਵਰ ਕਲਾਕਾਰ ਹੋਏ ਹਨ ਅਤੇ ਹੁਣ ਵੀ ਹਨ। ਕੁਝ ਕੁ ਦਾ ਜ਼ਿਕਰ ਮੈਂ ਉੱਪਰ ਕਰ ਆਇਆ ਹਾਂ। ਸਾਰਿਆਂ ਦਾ ਜ਼ਿਕਰ ਕਰਨ ਲਈ ਨਾ ਥਾਂ ਹੈ ਅਤੇ ਨਾ ਵਕਤ ਪਰ ਭਾਈ ਜੁਆਲਾ ਸਿੰਘ ਜੀ ਉੱਚੇ ਟਿੱਬੇ ਵਾਲੇ ਅਤੇ ਭਾਈ ਸਮੁੰਦ ਸਿੰਘ ਜੀ ਨਨਕਾਣਾ ਸਾਹਿਬ ਵਾਲੇ ਤੇ ਭਾਈ ਸੁਧ ਸਿੰਘ ਸਰਗੋਧੇ ਵਾਲੇ ਗੁਰਮੁਖ ਉੱਚ-ਕੋਟੀ ਦੇ ਕਲਾਕਾਰਾਂ ਦਾ ਜ਼ਿਕਰ ਕਰੇ ਬਿਨਾਂ ਇਹ ਲੇਖ ਅਧੂਰਾ ਹੀ ਰਹੇਗਾ। ਜੋ ਸੰਗੀਤ ਕਲਾ ਤੇ ਸੰਪ੍ਰਦਾਈ ਟਕਸਾਲੀ ਧੁਨੀਆਂ, ਰੀਤੀਆਂ, ਪੰਜਤਾਲਾ ਤੇ ਧਰੁਪਦ ਧਮਾਰਾਂ ਦਾ ਖ਼ਜ਼ਾਨਾ ਭਾਈ ਜੁਆਲਾ ਸਿੰਘ ਜੀ ਪਾਸ ਸੀ ਉਹ ਅਦੁੱਤੀ ਹੀ ਸੀ। ਜੋ ਗਲੇ ਵਿਚ ਮਿਠਾਸ ਅਤੇ ਮਧੁਰ ਮੁਰਕੀ ਤੇ ਤਾਨ ਅਤੇ ਸੰਪ੍ਰਦਾਈ ਕੀਰਤਨ ਕਲਾ ਭਾਈ ਸਮੁੰਦ ਸਿੰਘ ਜੀ ਪਾਸ ਸੀ ਉਹ ਇਕ ਅਕਾਲੀ ਬਖਸ਼ਿਸ਼ ਹੀ ਸੀ। ਇਸੇ ਤਰ੍ਹਾਂ ਭਾਈ ਹੀਰਾ ਸਿੰਘ ਜੀ ਦੇ ਪਿੱਛੋਂ ਜੋ ਸਾਖੀ ਪ੍ਰਮਾਣ ਦਾ ਰਸੀਲਾ ਅਤੇ ਦਿਲਖਿਚਵਾਂ ਕੀਰਤਨ ਭਾਈ ਸੁਧ ਸਿੰਘ ਜੀ ਕਰਦੇ ਸਨ ਉਹ ਵੀ ਸਤਿਗੁਰਾਂ ਦੀ ਖਾਸ ਮਿਹਰ ਦਾ ਹੀ ਲਖਾਇਕ ਸੀ।

ਬੜੇ ਅਫ਼ਸੋਸ ਦੀ ਗੱਲ ਹੈ ਕਿ ਇਨ੍ਹਾਂ ਗੁਰਮੁਖ ਗੁਰਸਿੱਖ ਕਲਾਕਾਰਾਂ ਦੀ ਪੀੜ੍ਹੀ ਅੱਗੇ ਨਹੀਂ ਚੱਲੀ, ਸਿਵਾਏ ਭਾਈ ਜੁਆਲਾ ਸਿੰਘ ਜੀ ਦੇ ਜੋ ਆਪਣੀ ਸਭ ਕਲਾ ਤੇ ਕਰਤਵ ਆਪਣੇ ਸੁਯੋਗ ਸਪੁੱਤਰ ਭਾਈ ਅਵਤਾਰ ਸਿੰਘ ਜੀ ਦਿੱਲੀ ਵਾਲਿਆਂ ਨੂੰ ਦੇ ਕੇ ਐਨ ਨਿਪੁੰਨ ਕਰ ਗਏ ਹਨ। ਇਸ ਵੇਲੇ ਪੁਰਾਣੀਆਂ ਪ੍ਰਾਚੀਨ ਬੰਦਸ਼ਾਂ, ਧੁਨੀਆਂ ਅਤੇ ਪੜਤਾਲਾਂ, ਰੀਤੀਆਂ ਦਾ ਅਮੁੱਕ ਭੰਡਾਰ ਜੋ ਭਾਈ ਅਵਤਾਰ ਸਿੰਘ ਜੀ ਪਾਸ ਹੈ ਉਹ ਮੈਂ ਕਿਸੇ ਹੋਰ ਕਲਾਕਾਰ ਪਾਸ ਨਹੀਂ ਦੇਖਿਆ। ਉਨ੍ਹਾਂ ਨੇ ਸੰਗੀਤ-ਵਿੱਦਿਆ ਬਾਲ-ਵਰੇਸ ਵਿਚ ਹੀ ਸਿੱਖਣੀ ਸ਼ੁਰੂ ਕਰ ਦਿੱਤੀ ਸੀ। ਭਾਵੇਂ ਉਨ੍ਹਾਂ ਦਾ ਗਲਾ ਆਪਣੇ ਪੂਜ੍ਯ ਪਿਤਾ ਜਾਂ ਭਾਈ ਸਮੁੰਦ ਸਿੰਘ ਜੀ ਵਰਗਾ ਨਹੀਂ, ਪਰ ਉਹ ਇਕ ਹੋਰ ਅਦੁੱਤੀ ਤੇ ਪੱਕੀ ਕਾਇਮ ਰਹਿਣ ਵਾਲੀ ਗੁਰਮਤਿ ਸੰਗੀਤ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਆਪਣਾ ਅਦੁੱਤੀ ਪੁਰਾਤਨ ਸੰਪਰਦਾਈ ਸਿੱਖ ਸੰਗੀਤ ਦਾ ਖਜ਼ਾਨਾ ਟੇਪ ਰੀਕਾਰਡ ਅਤੇ ਨੋਟੇਸ਼ਨ ਕਰ ਕੇ ਸਭ ਸਪੁਰਦ ਕਰ ਦਿੱਤਾ ਹੈ। ਉਹ ਵੀ ਜਿੱਥੋਂ-ਕਿਤੋਂ ਪਤਾ ਲੱਗਦਾ ਹੈ ਪੁਰਾਣੀਆਂ ਟਕਸਾਲੀ ਬੰਦਸ਼ਾਂ ਸਿੱਖ ਸੰਗੀਤ ਦੀਆਂ ਪੰਜਾਬੀ ਯੂਨੀਵਰਸਿਟੀ ਦੇ ਡਾਕਟਰ ਤਾਰਨ ਸਿੰਘ ਜੀ ਚਾਉ ਤੇ ਉੱਦਮ ਨਾਲ ਰੀਕਾਰਡ ਕਰੀ ਜਾਂਦੇ ਹਨ। ਸਾਡੀ ਇਸ ਕਲਾ ਨੂੰ ਸਤਿਗੁਰਾਂ ਨੇ ਦੋ ਸੌ ਸਾਲ ਦੀ ਘਾਲਣਾ ਘਾਲ ਕੇ ਇਕ ਉੱਚੀ-ਸੁੱਚੀ ਟੀਸੀ ਉੱਪਰ ਲਿਜਾ ਕੇ ਬਿਰਾਜਮਾਨ ਕੀਤਾ ਸੀ ਅਤੇ ਇਹ ਪੰਜਾਬ ਦੀ ਭਾਰਤੀ ਸੰਗੀਤ ਨੂੰ ਸੋਲ੍ਹਵੀਂ ਤੇ ਸਤਾਰ੍ਹਵੀਂ ਸਦੀ ਦੀ ਇਕ ਅਦੁੱਤੀ ਦੇਣ ਸੀ। ਇਹ ਹੁਣ ਦਬਾ-ਦਬ ਅਲੋਪ ਹੋਈ ਜਾਂਦੀ ਹੈ। ਕੋਈ ਟਾਵਾਂ-ਟਾਵਾਂ ਹੀ ਸੰਗੀਤਕਾਰ ਸਾਡੇ ਵਿਚ ਇਸ ਦੀ ਵਰਤੋਂ ਕਰਦਾ ਹੈ ਪਰ ਪੰਜਾਬੀ ਯੂਨੀਵਰਸਿਟੀ ਦੇ ਉੱਦਮ ਨਾਲ ਜੋ ਵੀ ਇਸ ਕਲਾ ਦਾ ਅੰਸ਼ ਬਾਕੀ ਹੈ ਉਹ ਸੰਭਾਲਿਆ ਜਾਵੇਗਾ, ਜਿਸ ਤੋਂ ਕਿਸੇ ਵੇਲੇ ਵੀ ਲਾਭ ਉਹ ਕਲਾਕਾਰ ਉਠਾ ਸਕੇਗਾ ਜਿਸ ਦੇ ਚੰਗੇ ਭਾਗ ਹੋਣਗੇ ਅਤੇ ਜਿਸ ਪੁਰ ਸਤਿਗੁਰਾਂ ਦੀ ਨਜ਼ਰ ਸਵੱਲੀ ਹੋਵੇਗੀ।

ਮੇਰਾ ਮਤਲਬ ਇਹ ਨਹੀਂ ਕਿ ਅੱਜਕਲ੍ਹ ਕੋਈ ਚੰਗਾ ਸਿੱਖ ਸੰਗੀਤ ਵਿਚ ਮਾਹਰ ਕਲਾਕਾਰ ਹੈ ਹੀ ਨਹੀਂ। ਅਜੇ ਵੀ ਪੰਥ ਵਿਚ ਕਾਫ਼ੀ ਗੁਰਮੁਖ ਸਿਦਕ ਭਾਵਨਾ ਵਾਲੇ ਰਸੀਲੇ ਕੀਰਤਨ ਕਰਨ ਵਾਲੇ ਸੰਪਰਦਾਈ ਸਿੱਖ ਸੰਗੀਤ ਦੇ ਮਾਹਰ ਮੌਜੂਦ ਹਨ। ਇਸ ਕਲਾ ਨੂੰ ਤਾਂ ਸੁਰੱਖਿਅਤ ਕਰਨਾ, ਪਰਚਾਰਨਾ ਅਤੇ ਚਮਕਾਉਣਾ ਉਨ੍ਹਾਂ ਦਾ ਹੀ ਫਰਜ਼ ਹੈ ਤਾਂਕਿ ਸਤਿਗੁਰ ਦੀਆਂ ਘਾਲਣਾਂ ਘਾਲੀਆਂ ਅਜਾਈਂ ਨਾ ਜਾਣ। ਸਤਿਗੁਰੂ ਉਨ੍ਹਾਂ ਨੂੰ ਬਰਕਤ ਬਖਸ਼ੇ ਅਰ ਅੰਗ-ਸੰਗ ਸਹਾਈ ਹੋਵੇ!

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

Ardaman Singh Bagrian

ਭਾਈ ਅਰਦਮਨ ਸਿੰਘ ਬਾਗੜੀਆਂ ਦਾ ਜਨਮ ਸੰਗਰੂਰ ਜ਼ਿਲ੍ਹੇ ਦੇ ਪਿੰਡ ਬਾਗੜੀਆਂ ਵਿਖੇ 20 ਸਤੰਬਰ, 1899 ਨੂੰ ਹੋਇਆ। ਭਾਈ ਸਾਹਿਬ ਦੇ ਪਿਤਾ ਦਾ ਨਾਂ 'ਹਿਜ਼ ਹੋਲੀਨੈੱਸ ਭਾਈ ਅਰਜਨ ਸਿੰਘ' ਅਤੇ ਮਾਤਾ ਦਾ ਨਾਂ ਸਰਦਾਰਨੀ ਦਵਿੰਦਰ ਕੌਰ ਸੀ। ਭਾਈ ਸਾਹਿਬ ਦੇ ਪਿਤਾ ਸਿੰਘ ਸਭਾ ਲਹਿਰ ਦੇ ਸਮਰਥਕਾਂ ਅਤੇ ਚੀਫ਼ ਖ਼ਾਲਸਾ ਦੀਵਾਨ ਦੇ ਮੋਢੀਆਂ ਵਿਚੋਂ ਸਨ ਜਿਨ੍ਹਾਂ ਨੇ ਚੀਫ਼ ਖ਼ਾਲਸਾ ਦੀਵਾਨ ਦੀ 15 ਸਾਲ ਪ੍ਰਧਾਨਗੀ ਵੀ ਕੀਤੀ। ਭਾਈ ਅਰਦਮਨ ਸਿੰਘ ਨੇ ਆਪਣੀ ਮੁਢਲੀ ਵਿਦਿਆ ਲੁਧਿਆਣੇ ਦੇ ਖ਼ਾਲਸਾ ਸਕੂਲ ਤੋਂ ਪ੍ਰਾਪਤ ਕੀਤੀ। ਸੰਨ 1918 ਵਿਚ ਖ਼ਾਲਸਾ ਕਾਲਜ, ਅੰਮ੍ਰਿਤਸਰ ਤੋਂ ਬੀ. ਏ. ਦੀ ਡਿਗਰੀ ਪ੍ਰਾਪਤ ਕਰਨ ਉਪਰੰਤ ਐਲ. ਐਲ. ਬੀ. ਦੀ ਪੜ੍ਹਾਈ ਸ਼ੁਰੂ ਕੀਤੀ। ਸੰਨ 1919 ਵਿਚ ਪੜ੍ਹਾਈ ਵਿਚਾਲੇ ਹੀ ਛੱਡ ਕੇ ਪਿਤਾ ਜੀ ਨਾਲ ਸਮਾਜਿਕ ਕਾਰਜਾਂ ਵਿਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ। ਸੰਨ 1923 ਤੋਂ 1947 ਤਕ ਭਾਈ ਸਾਹਿਬ ਇਲਾਕੇ ਦੇ ਆਨਰੇਰੀ ਮੈਜਿਸਟਰੇਟ ਰਹੇ। ਦੇਸ਼ ਭਗਤੀ ਦੀ ਜਾਗ ਆਪ ਨੂੰ ਖ਼ਾਲਸਾ ਕਾਲਜ ਵਿਚ ਹੀ ਲੱਗ ਗਈ ਸੀ। ਬਾਬਾ ਗੁਰਦਿੱਤ ਸਿੰਘ ਕਾਮਾਗਾਟਾਮਾਰੂ ਅਤੇ ਉਨ੍ਹਾਂ ਦੇ ਸਾਥੀ ਬਾਬਾ ਰਾਇ ਸਿੰਘ ਨਾਲ ਆਪ ਦਾ ਬਹੁਤ ਨੇੜੇ ਦਾ ਸਬੰਧ ਸੀ। ਪ੍ਰਸਿੱਧ ਵਿਦਵਾਨ ਸਰਦੂਲ ਸਿੰਘ 'ਕਵੀਸ਼ਰ' ਜੋ ਸੁਭਾਸ਼ ਚੰਦਰ ਬੋਸ ਦੇ ਨੇੜਲੇ ਸਾਥੀਆਂ ਵਿਚੋਂ ਅਤੇ ਭਾਈ ਸਾਹਿਬ ਦੀ ਭੂਆ ਦੇ ਪੁੱਤਰ ਸਨ, ਗ੍ਰਿਫ਼ਤਾਰੀ ਤੋਂ ਬਚਣ ਲਈ ਕਈ ਵਾਰ ਆਪ ਦੇ ਪਿੰਡ ਬਾਗੜੀਆਂ ਆ ਕੇ ਠਹਿਰਦੇ ਹੁੰਦੇ ਸਨ। ਭਾਈ ਸਾਹਿਬ ਨੂੰ ਸੰਗੀਤ ਦਾ ਵੀ ਬਹੁਤ ਸ਼ੌਕ ਸੀ। ਆਪ ਨੂੰ ਮਹੰਤ ਗੱਜਾ ਸਿੰਘ ਜੋ ਆਪਣੇ ਸਮੇਂ ਦੇ ਪ੍ਰਸਿੱਧ ਸੰਗੀਤਕਾਰ ਸਨ ਦਾ ਸ਼ਿਸ਼ ਹੋਣ ਦਾ ਸੁਭਾਗ ਪ੍ਰਾਪਤ ਹੋਇਆ। ਵੈਸੇ ਵੀ ਇਸ ਘਰ ਵਿਚ ਰਾਗੀ-ਰਬਾਬੀ ਆਮ ਆਉਂਦੇ ਰਹਿੰਦੇ ਸਨ। ਭਾਈ ਸਾਹਿਬ ਨੇ ਘਸੀਟੇ ਪਾਸੋਂ ਵੀ ਸੰਗੀਤ ਸਬੰਧੀ ਕਾਫ਼ੀ ਜਾਣਕਾਰੀ ਹਾਸਲ ਕੀਤੀ। ਭਾਈ ਜੁਆਲਾ ਸਿੰਘ ਰਾਗੀ ਠੱਟੇ ਟਿੱਬੇ ਵਾਲਿਆਂ ਨਾਲ ਆਪ ਦਾ ਡੂੰਘਾ ਸਨੇਹ ਸੀ। ਉਨ੍ਹਾਂ ਦੀ ਗੁਰਮਤਿ ਸੰਗੀਤ ਪ੍ਰਤਿ ਵਿਦਵਤਾ ਦਾ ਆਪ ਬਹੁਤ ਮਾਣ ਕਰਦੇ ਸਨ। ਆਪ ਨੇ ਵਿਸ਼ੇਸ਼ ਰੁਚੀ ਲੈ ਕੇ ਉਨ੍ਹਾਂ ਦੀਆਂ ਪੁਰਾਤਨ ਰੀਤਾਂ ਨੂੰ ਸੰਭਾਲਣ ਦਾ ਉਪਰਾਲਾ ਕੀਤਾ। ਭਾਈ ਸਾਹਿਬ ਨੇ ਪ੍ਰਸਿੱਧ ਰਾਗੀਆਂ ਪਾਸੋਂ ਗੁਰਮਤਿ ਸੰਗੀਤ ਦੀਆਂ ਬੰਦਸ਼ਾਂ ਨੂੰ ਰਿਕਾਰਡ ਕਰਵਾਉਣ ਦਾ ਕਾਰਜ ਵੀ ਆਰੰਭ ਕਰਵਾਇਆ ।ਲਗਭਗ ਸਾਰੀਆਂ ਸਿੱਖ ਸੰਸਥਾਵਾਂ ਭਾਈ ਸਾਹਿਬ ਦੀ ਰਾਇ ਲੈਣ ਵਿਚ ਫ਼ਖਰ ਮਹਿਸੂਸ ਕਰਦੀਆਂ ਸਨ। ਪੰਜਾਬੀ ਯੂਨੀਵਰਸਿਟੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪ ਹਮੇਸ਼ਾ ਅਗਵਾਈ ਦਿੰਦੇ ਰਹਿੰਦੇ ਸਨ। ਭਾਈ ਸਾਹਿਬ ਕੇਂਦਰੀ ਸਿੰਘ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਅਕੈਡਮੀ ਆਫ਼ ਸਿੱਖ ਰਿਲੀਜਨ ਐਂਡ ਕਲਚਰ ਦੇ ਪ੍ਰਧਾਨ ਵੀ ਰਹੇ। 25 ਦਸੰਬਰ, 1976 ਨੂੰ ਭਾਈ ਸਾਹਿਬ ਦਾ ਦੇਹਾਂਤ ਹੋ ਗਿਆ।

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)