ਅਜੋਕੇ ਦੌਰ ਵਿਚ ਸਿੱਖੀ ਸਰੂਪ ਨੂੰ ਸੰਭਾਲਣਾ ਸਿੱਖ ਸਮਾਜ ਦਾ ਇਕ ਅਹਿਮ ਮੁੱਦਾ ਹੈ, ਜਿਸ ਨੂੰ ਗੰਭੀਰਤਾ ਨਾਲ ਵਿਚਾਰਨਾ ਪਵੇਗਾ ਕਿਉਂਕਿ ਸਾਡੀ ਨੌਜਵਾਨ ਪੀੜ੍ਹੀ ਪਤਿਤਪੁਣੇ ਵੱਲ ਪ੍ਰੇਰਿਤ ਹੋ ਰਹੀ ਹੈ। ਕੁਝ ਪਰਵਾਰ ਜਿਨ੍ਹਾਂ ਦੇ ਮੁਖੀ ਆਪਣੇ ਆਪ ਨੂੰ ਸ਼ਬਦ-ਗੁਰੂ ਦੇ ਲੜ ਲਗਾ ਚੁਕੇ ਹਨ ਉਨ੍ਹਾਂ ਦੇ ਘਰਾਂ ਵਿਚ ਹੀ ਇਹ ਵਾਪਰ ਰਿਹਾ ਹੈ। ਉਹ ਸਮਾਜ ਸਾਹਮਣੇ ਸ਼ਰਮਸਾਰ ਮਹਿਸੂਸ ਕਰ ਰਹੇ ਹਨ। ਆਖ਼ਰ ਅਜਿਹਾ ਕਿਉਂ ਹੁੰਦਾ ਹੈ? ਇਹ ਵਿਚਾਰ ਗੰਭੀਰ ਵਿਚਾਰ-ਚਰਚਾ ਦੀ ਮੰਗ ਕਰਦਾ ਹੈ। ਹਰ ਉਹ ਗੁਰਸਿੱਖ ਜਿਸ ਦੇ ਬੱਚੇ ਆਪਣੇ ਰੋਮਾਂ ਦੀ ਬੇਅਦਬੀ ਕਰਵਾਉਂਦੇ ਹਨ, ਉਹ ਅੰਦਰੋਂ ਜ਼ਖ਼ਮੀ ਹੋਇਆ ਹਾਅ ਦਾ ਨਾਅਰਾ ਵੀ ਨਹੀਂ ਮਾਰ ਸਕਦਾ। ਪਤਾ ਨਹੀਂ ਕਿੰਨੇ ਹੀ ਨਾਮ-ਲੇਵਾ ਗੁਰਸਿੱਖ ਪਰਵਾਰ ਸ਼ਰਮ ਦੇ ਸਾਗਰ ਵਿਚ ਰਹਿ ਰਹੇ ਹਨ। ਉਹ ਕਿਸੇ ਨੂੰ ਵੀ ਨਹੀਂ ਕਹਿ ਸਕਦੇ ਕਿ ਉਹ ਉਨ੍ਹਾਂ ਦੀ ਸਹਾਇਤਾ ਕਰਨ। ਅਜਿਹੇ ਮਾਹੌਲ ਵਿਚ ਵਿਚਰਦਾ ਹਰ ਗੁਰਸਿੱਖ ਧਰਮ ਵਿਚ ਸ਼ਰਧਾ ਰੱਖਣ ਦੀ ਆਸ ਕਰਦਾ ਹੈ ਕਿ ਪਰਮਾਤਮਾ ਉਨ੍ਹਾਂ ਦੇ ਬੱਚਿਆਂ ਨੂੰ ਬਲ-ਬੁੱਧੀ ਬਖ਼ਸ਼ੇ ਕਿ ਉਹ ਧਰਮ ਦੇ ਰਾਹੋਂ ਨਾ ਭਟਕਣ ਤੇ ਗੁਰਮਤਿ ਦੇ ਰਾਹ ’ਤੇ ਚੱਲਣ ਲਈ ਵਚਨਬੱਧ ਹੋਣ! ਪਰ ਅਫ਼ਸੋਸ ਹੈ ਕਿ ਬਹੁਤ ਸਾਰੇ ਗੁਰਮਤਿ ਪ੍ਰੇਮੀਆਂ ਦੀਆਂ ਭਾਵਨਾਵਾਂ ਚਕਨਾਚੂਰ ਹੋ ਜਾਂਦੀਆਂ ਹਨ ਜਦੋਂ ਉਨ੍ਹਾਂ ਦੀਆਂ ਆਂਦਰਾਂ ਦੀਆਂ ਬੋਟੀਆਂ ਆਪਣਾ ਹੁਲੀਆ ਵਿਗਾੜ ਕਹਿੰਦੀਆਂ ਹਨ ਕਿ ਉਨ੍ਹਾਂ ਜੋ ਰੂਪ ਧਾਰਨ ਕਰ ਲਿਆ, ਸੋ ਕਰ ਲਿਆ। ਅਜਿਹਾ ਕੀ ਕਾਰਨ ਹੈ ਕਿ ਸਾਡੀ ਨੌਜਵਾਨ ਪੀੜ੍ਹੀ ਪਤਿਤਪੁਣੇ ਵੱਲ ਪ੍ਰੇਰਿਤ ਹੋ ਰਹੀ ਹੈ। ਉਹ ਗੁਰਮਤਿ ਫ਼ਲਸਫ਼ੇ ਤੋਂ ਕਿਉਂ ਬੇਮੁਖ ਹੋ ਰਹੇ ਹਨ? ਅਜਿਹੇ ਕਿੰਨੇ ਹੀ ਸਵਾਲ ਮਨ ਵਿਚ ਜਨਮਦੇ ਹਨ ਪਰ ਉਨ੍ਹਾਂ ਦਾ ਜਵਾਬ ਆਮ ਕਰਕੇ ਨਹੀਂ ਮਿਲਦਾ ਹੈ। ਮੇਰਾ ਭਾਵ ਸਿਰਫ਼ ਹੈ ਕਿ ਸਾਡੀ ਅਜੋਕੀ ਪਨੀਰੀ ਜਿਹੜੀ ਧਾਰਮਿਕ ਗਿਆਨ ਤੋਂ ਵਿਹੂਣੀ ਹੋ ਰਹੀ ਹੈ, ਭਟਕ ਰਹੀ ਹੈ, ਇਸ ਨੂੰ ਧਾਰਮਿਕ ਗਿਆਨ-ਮਾਰਗ ’ਤੇ ਲਿਆਉਣ ਦੀ ਲੋੜ ਹੈ। ਅਜੋਕੇ ਦੌਰ ਵਿਚ ਨੌਜਵਾਨਾਂ ਨੂੰ ਸਿੱਖੀ ਸਰੂਪ ਸੰਭਾਲਣ ਦੀ ਲੋੜ ਹੈ। ਇਸ ਮਾਮਲੇ ਨੂੰ ਸੰਜੀਦਾ ਹੋ ਕੇ ਪਤਿਤਪੁਣੇ ਬਾਰੇ ਨਜਿੱਠ ਕੇ ਵਿਚਾਰਨ ਦੀ ਲੋੜ ਹੈ ਕਿ ਸਾਡੀ ਪਨੀਰੀ ਸਿੱਖੀ ਸਰੂਪ ਤੋਂ ਬੇਮੁਖ ਕਿਉਂ ਹੋ ਰਹੀ ਹੈ? ਕੀ ਅਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਧਰਮ ਬਾਰੇ ਸਹੀ ਗਿਆਨ ਪ੍ਰਦਾਨ ਕੀਤਾ ਹੈ? ਜੇਕਰ ਸਾਨੂੰ ਅਜਿਹੇ ਸਵਾਲਾਂ ਦੇ ਜਵਾਬ ਮਿਲ ਜਾਂਦੇ ਹਨ ਤਾਂ ਅਸੀਂ ਅਜੋਕੀ ਪੀੜ੍ਹੀ ਨੂੰ ਗੁਰੂ ਦੇ ਲੜ ਲਾਉਣ ਦੀ ਦਿਸ਼ਾ ਵਿਚ ਤੁਰਨ ਵਿਚ ਜ਼ਰੂਰ ਕਾਮਯਾਬ ਹੋ ਜਾਵਾਂਗੇ।
ਲੇਖਕ ਬਾਰੇ
#4649, ਸਰਵਰਪੁਰਾ, ਸੁਲਤਾਨਵਿੰਡ ਰੋਡ, ਅੰਮ੍ਰਿਤਸਰ।
- ਹੋਰ ਲੇਖ ਉਪਲੱਭਧ ਨਹੀਂ ਹਨ