editor@sikharchives.org

ਸਿੱਖੀ ਸ਼ਾਨ ਅਤੇ ਗੌਰਵ ਦੇ ਚਿੰਨ੍ਹ ਸਰਦਾਰ ਸ਼ਾਮ ਸਿੰਘ ਅਟਾਰੀ

ਸਰਦਾਰ ਸ਼ਾਮ ਸਿੰਘ ਅਟਾਰੀ ਨੂੰ ਬਹਾਦਰੀ, ਦਲੇਰੀ, ਦ੍ਰਿੜ੍ਹਤਾ ਅਤੇ ਪੰਥਕ ਜਜ਼ਬਾ ਵਿਰਸੇ ਵਿਚ ਮਿਲਿਆ ਸੀ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਮਨੁੱਖ ਜਾਤੀ ਦੇ ਸਮੁੱਚੇ ਇਤਿਹਾਸ ਨੂੰ ਵਾਚਿਆਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਸਭਿਆਤਾਵਾਂ ਦੀਆਂ ਪ੍ਰਾਪਤੀਆਂ ਸਮੁੱਚੀ ਲੋਕਾਈ ਦੀ ਮਿਹਨਤ ਦਾ ਨਤੀਜਾ ਨਹੀਂ ਸਗੋਂ ਕੁਝ ਮਹਾਨ ਵਿਅਕਤੀਆਂ ਦੀਆਂ ਘਾਲਨਾਵਾਂ, ਕੁਰਬਾਨੀਆਂ, ਸੋਚ, ਸੰਘਰਸ਼ ਅਤੇ ਸੁਯੋਗ ਅਗਵਾਈ ਦਾ ਨਤੀਜਾ ਹੁੰਦੀਆਂ ਹਨ। ਇਤਿਹਾਸ ਨੂੰ ਵਾਚਿਆਂ ਇਹ ਵੀ ਪਤਾ ਲੱਗਦਾ ਹੈ ਕਿ ਜਿੱਥੇ ਸਮੇਂ-ਸਮੇਂ ਧਾਰਮਿਕ ਖੇਤਰ ਵਿਚ ਮਹਾਨ ਗੁਰੂ, ਪੀਰ, ਪੈਗੰਬਰ, ਔਲੀਏ, ਸੰਤ, ਭਗਤ ਅਤੇ ਮਹਾਂਪੁਰਸ਼ ਪੈਦਾ ਹੋਏ ਜਿਨ੍ਹਾਂ ਨੇ ਮਨੁੱਖ-ਮਾਤਰ ਨੂੰ ਅਧਿਆਤਮਕ ਖੇਤਰ ਵਿਚ ਅਗਵਾਈ ਦਿੱਤੀ, ਉੱਥੇ ਰਾਜਨੀਤਕ ਖੇਤਰ ਵਿਚ ਬਹੁਤ ਸਾਰੇ ਰਾਜੇ, ਮਹਾਰਾਜੇ, ਨਵਾਬ, ਬਾਦਸ਼ਾਹ ਆਦਿ ਹੋਏ, ਜਿਨ੍ਹਾਂ ਵਿਚ ਕੁਝ ਧਰਮੀ ਅਤੇ ਪਰਉਪਕਾਰੀ ਵੀ ਸਨ ਪਰੰਤੂ ਬਹੁਤੇ ਜ਼ਾਲਮ, ਜਾਬਰ, ਵਿਲਾਸੀ ਅਤੇ ਡਿਕਟੇਟਰ ਹੀ ਹੋਏ ਹਨ। ਪਹਿਲੀ ਕਿਸਮ ਦੇ ਰਾਜਨੀਤਕਾਂ ਨੇ ਆਪਣੇ-ਆਪਣੇ ਦੇਸ਼ ਵਾਸੀਆਂ ਨੂੰ ਸੁਖ, ਖੁਸ਼ਹਾਲੀ, ਧਾਰਮਿਕ ਅਤੇ ਮਨੁੱਖੀ ਅਜ਼ਾਦੀਆਂ ਯਕੀਨੀ ਬਣਾਈਆਂ ਪਰੰਤੂ ਦੂਸਰੀ ਕਿਸਮ ਦੇ ਰਾਜ-ਨੇਤਾਵਾਂ ਨੇ ਲੋਕਾਂ ਨੂੰ ਲੁੱਟਿਆ, ਕੁੱਟਿਆ, ਧਾਰਮਿਕ ਅਤੇ ਮਨੁੱਖੀ ਅਜ਼ਾਦੀਆਂ ਦਾ ਘਾਣ ਕੀਤਾ ਅਤੇ ਆਪਣੀ ਜ਼ਾਲਮ ਤਲਵਾਰ ਨਾਲ ਨਿਰਦੋਸ਼ਾਂ ਦਾ ਖੂਨ ਵਹਾਇਆ। ਮੈਦਾਨ-ਏ-ਜੰਗ ਵਿਚ ਜੂਝਣ ਵਾਲੇ ਜੰਗਜੂ ਜਰਨੈਲ ਵੀ ਸੰਸਾਰ ਨੇ ਵੇਖੇ ਜਿਨ੍ਹਾਂ ਨੇ ਆਪਣੇ-ਆਪਣੇ ਸਮੇਂ ਜੰਗਾਂ, ਯੁੱਧਾਂ ਵਿਚ ਨਾਮਣਾ ਖੱਟਿਆ ਅਤੇ ਉਹ ਆਪਣੇ-ਆਪਣੇ ਦੇਸ਼ ਜਾਂ ਧਰਮ ਲਈ ਜੂਝੇ। ਅਜੋਕੇ ਸੰਸਾਰ ਇਤਿਹਾਸ ਵਿਚ ਮਹਾਂਭਾਰਤ ਦੇ ਯੁੱਧ ਵਿਚ ਜੂਝਣ ਵਾਲੇ ਅਰਜਨ ਮਹਾਂਬਲੀ, ਫਰਾਂਸ ਦੇ ਸਮਰਾਟ ਨੈਪੋਲੀਅਨ ਬੋਨਾ ਪਾਰਟ, ਯੂਨਾਨ ਦੇ ਬਾਦਸ਼ਾਹ ਸਿਕੰਦਰੇ ਆਜ਼ਮ, ਬਿਸਮਾਰਕ, ਹਿਟਲਰ, ਚਰਚਿਲ ਆਦਿ ਦੀ ਸੰਸਾਰ-ਪ੍ਰਸਿੱਧ ਜਰਨੈਲਾਂ ਵਿਚ ਚਰਚਾ ਕੀਤੀ ਹੋਈ ਹੈ। ਇਹ ਸਾਰੇ ਹੀ ਜਰਨੈਲ ਆਪਣੇ-ਆਪਣੇ ਦੇਸ਼ ਦੇ ਜਾਂ ਤਾਂ ਬਾਦਸ਼ਾਹ ਸਨ ਜਾਂ ਆਪਣੇ-ਆਪਣੇ ਦੇਸ਼ ਦੀਆਂ ਮਜਬੂਤ ਅਤੇ ਪੂਰੀ ਮੁਹਾਰਤ ਪ੍ਰਾਪਤ ਫੌਜਾਂ ਦੇ ਮੁਖੀ ਸਨ ਪਰੰਤੂ ਖਾਲਸਾ ਪੰਥ ਨੇ ਜਿਨ੍ਹਾਂ ਜਰਨੈਲਾਂ ਨੂੰ ਪੈਦਾ ਕੀਤਾ ਜਦੋਂ ਉਨ੍ਹਾਂ ਦੇ ਸਮੇਂ ਦੇ ਹਾਲਾਤ ਅਤੇ ਸਥਿਤੀ ਦੇ ਪਰਿਪੇਖ ਵਿਚ ਉਨ੍ਹਾਂ ਨੂੰ ਪਰਖਦੇ ਹਾਂ ਤਾਂ ਸਹਿਜੇ ਹੀ ਹਰ ਸਿਆਣਾ ਮਨੁੱਖ, ਭਾਵੇਂ ਉਹ ਵਿਚਾਰਾਂ ਜਾਂ ਹੋਰ ਕਾਰਨਾਂ ਕਰਕੇ ਵਿਰੋਧੀ ਹੀ ਕਿਉਂ ਨਾ ਹੋਵੇ ਇਹ ਮੰਨਦਾ ਹੈ ਕਿ ਖਾਲਸਾ ਪੰਥ ਦੇ ਜਰਨੈਲ ਬੇਜੋੜ, ਲਾਸਾਨੀ ਅਤੇ ਬੇਮਿਸਾਲ ਸਨ। ਸ਼ੁਰੂ-ਸ਼ੁਰੂ ਵਿਚ ਉਨ੍ਹਾਂ ਦਾ ਕੋਈ ਘਰ-ਘਾਟ ਨਹੀਂ ਸੀ, ਉਨ੍ਹਾਂ ਪਾਸ ਕੋਈ ਮੁਲਕੀ ਮੁਹਾਰਤ ਪ੍ਰਾਪਤ ਸੰਗਠਤ ਰੂਪ ਵਿਚ ਬਾਕਾਇਦਾ ਫੌਜ ਨਹੀਂ ਸੀ। ਗੋਲ਼ਾ-ਬਾਰੂਦ ਜਾਂ ਹੋਰ ਜੰਗੀ ਹਥਿਆਰ ਅਤੇ ਸਾਜ਼ੋ-ਸਾਮਾਨ ਨਹੀਂ ਸਨ। ਬਸ ਕੇਵਲ ਸਤਿਗੁਰਾਂ ਦਾ ਥਾਪੜਾ, ਦੇਸ਼ ਅਤੇ ਕੌਮ ਦੀ ਸੇਵਾ ਦਾ ਜਜ਼ਬਾ ਅਤੇ ਨਿਸ਼ਾਨਾ ਸੀ, ਨੇਕ, ਇਮਾਨਦਾਰ, ਕਿਰਤੀ, ਧਰਮੀ ਲੋਕਾਂ ਦੀ ਸੁਰੱਖਿਆ, ਧੀਆਂ-ਭੈਣਾਂ ਦੀ ਇਜ਼ਤ-ਆਬਰੂ ਨੂੰ ਮਹਿਫੂਜ਼ ਰੱਖਣਾ ਸੀ। ਵਿਰੋਧ ਕੇਵਲ ਤੇ ਕੇਵਲ ਜਾਬਰ ਦੇ ਜਬਰ, ਜ਼ਾਲਮ ਦੇ ਜ਼ੁਲਮ, ਬੇਇਨਸਾਫੀ, ਲੁੱਟ, ਕੁੱਟ, ਧੱਕੇਸ਼ਾਹੀ ਅਤੇ ਧਾਰਮਿਕ ਕੱਟੜਤਾ ਦਾ ਹੀ ਸੀ। ਉਹ ਮਨੁੱਖੀ ਅਧਿਕਾਰਾਂ, ਧਾਰਮਿਕ ਅਤੇ ਮਨੁੱਖੀ ਅਜ਼ਾਦੀਆਂ, ਸਾਂਝੀਵਾਲਤਾ ਅਤੇ ਸਦਾਚਾਰਕ ਕਦਰਾਂ-ਕੀਮਤਾਂ ਦੇ ਅਲੰਬਰਦਾਰ ਸਨ। ਇਨ੍ਹਾਂ ਮਹਾਨ ਜਰਨੈਲਾਂ ਨੇ ਆਪਣੇ ਬਹਾਦਰੀ ਅਤੇ ਸੂਰਮਗਤੀ ਦੇ ਕਾਰਨਾਮਿਆਂ, ਉੱਚੇ-ਸੁੱਚੇ ਜੀਵਨ ਅਤੇ ਪ੍ਰਾਪਤੀਆਂ ਨਾਲ ਇਤਿਹਾਸ ਦੇ ਰੁਖ ਹੀ ਮੋੜ ਦਿੱਤੇ ਅਤੇ ਇਸ ਵਿਚ ਨਵੇਂ ਤੋਂ ਨਿਵੇਕਲੇ ਅਧਿਆਇ ਜੋੜ ਦਿੱਤੇ।

ਭਾਰਤ ਉੱਤੇ ਹਜ਼ਰਤ ਮੁਹੰਮਦ ਜੀ ਦੇ 632 ਈ: ਵਿਚ ਵਫਾਤ (ਚਲਾਣੇ) ਪਾਉਣ ਤੋਂ 80 ਵਰ੍ਹੇ ਬਾਅਦ ਅਫਗਾਨਿਸਤਾਨ ਦੇ ਮੁਹੰਮਦ ਬਿਨ ਕਾਸਮ ਨੇ ਹਮਲਾ ਕੀਤਾ। ਉਸ ਉਪਰੰਤ ਇਸਲਾਮ ਦੇ ਅਲੰਬਰਦਾਰਾਂ ਵੱਲੋਂ ਹਮਲਾ-ਦਰ-ਹਮਲਾ ਹੁੰਦਾ ਰਿਹਾ ਅਤੇ ਉਹ ਦੇਸ਼ ਨੂੰ ਲੁੱਟ ਕੇ, ਕੁੱਟ ਕੇ, ਇੱਥੋਂ ਦੇ ਧਾਰਮਿਕ ਅਸਥਾਨਾਂ ਦੀ ਬੇਹੁਰਮਤੀ ਕਰਕੇ ਅਤੇ ਦੇਸ਼ ਦੀਆਂ ਬਹੁ-ਬੇਟੀਆਂ ਦੀ ਇੱਜ਼ਤ-ਆਬਰੂ ਨਾਲ ਖਿਲਵਾੜ ਕਰਕੇ ਜਾਂਦੇ ਰਹੇ ਪਰੰਤੂ ਉਨ੍ਹਾਂ ਨੂੰ ਅੱਗੋਂ ਰੋਕਣ ਅਤੇ ਟੋਕਣ ਵਾਲਾ ਕੋਈ ਨਹੀਂ ਸੀ। ਜਾਤ-ਪਾਤ, ਊਚ-ਨੀਚ ਤੇ ਵਰਣ-ਵੰਡ ਕਾਰਨ ਜਨਤਾ ਖਿੱਲਰੀ ਪਈ ਸੀ। ਛੋਟੇ-ਛੋਟੇ ਰਾਜੇ ਆਪਸ ਵਿਚ ਲੜਨ, ਲੋਕਾਂ ਦਾ ਖੂਨ ਚੂਸਣ ਅਤੇ ਆਪਣੇ ਵਿਲਾਸੀ ਜੀਵਨ ਵਿਚ ਮਸ਼ਰੂਫ ਹਨ। ਉਹ ਆਪਣੇ ਦੇਸ਼-ਪ੍ਰੇਮ ਅਤੇ ਰਾਜ-ਧਰਮ ਤੋਂ ਕੋਰੇ ਹੋ ਗਏ ਸਨ। ਉਹ ਆਪਣੇ ਭਾਰਤੀ ਭਾਈ ਰਾਜਿਆਂ ਨੂੰ ਸ਼ਰੀਕ ਸਮਝਦੇ ਸਨ ਅਤੇ ਉਨ੍ਹਾਂ ਵਿਰੁੱਧ ਵਿਦੇਸ਼ੀ ਜਰਵਾਣਿਆਂ ਦੀ ਮਦਦ ਕਰਦੇ ਸਨ। ਉਨ੍ਹਾਂ ਲਈ ‘ਘਰ ਦਾ ਦੂਰ ਗਵਾਂਢੀ ਨੇੜੇ’ ਸੀ। 1192 ਈ: ਵਿਚ ਮੁਹੰਮਦ ਗੋਰੀ ਨੇ ਦਿੱਲੀ ਦੇ ਤਖਤ ਉੱਤੇ ਕਬਜ਼ਾ ਕਰ ਕੇ ਭਾਰਤ ਵਿਚ ਇਸਲਾਮੀ ਰਾਜ ਲਾਗੂ ਕਰ ਦਿੱਤਾ। ਲੋਧੀ ਖਾਨਦਾਨ ਦੇ ਬਾਦਸ਼ਾਹ ਇਬਰਾਹੀਮ ਲੋਧੀ, ਬਹਿਲੋਲ ਲੋਧੀ, ਸਿਕੰਦਰ ਲੋਧੀ ਵੀ ਆਪਣੀਆਂ ਕਮੀਆਂ ਅਤੇ ਕਮਜ਼ੋਰੀਆਂ ਦਾ ਸ਼ਿਕਾਰ ਹੋ ਗਏ ਜਿਸ ਕਾਰਨ ਸੰਮਤ 1578 ਵਿਚ ਅਫਗਾਨਿਸਤਾਨ ਦੇ ਬਾਦਸ਼ਾਹ ਬਾਬਰ ਨੇ ਹਮਲਾ ਕੀਤਾ ਅਤੇ ਉਸ ਨੇ ਦੇਸ਼ ਵਿਚ ਮੁਗਲ ਰਾਜ ਸਥਾਪਤ ਕਰ ਲਿਆ। ਉਸ ਦੇ ਪੁੱਤਰ ਹਮਾਯੂੰ ਨੂੰ ਸੰਮਤ 1597 ਵਿਚ ਸ਼ੇਰ ਸ਼ਾਹ ਸੂਰੀ ਨੇ ਹਰਾ ਕੇ ਦੇਸ਼ ਉੱਤੇ ਆਪਣਾ ਰਾਜ ਸਥਾਪਿਤ ਕੀਤਾ। ਸ੍ਰੀ ਗੁਰੂ ਨਾਨਕ ਦੇਵ ਜੀ ਇਸ ਦੀ ਗਵਾਹੀ ਇਉਂ ਭਰਦੇ ਹਨ,“ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ” ਗੱਲ ਕੀ, ਦੇਸ਼ ਉੱਤੇ ਵਾਰ-ਵਾਰ ਹਮਲੇ ਹੁੰਦੇ ਰਹੇ ਪਰੰਤੂ ਉਨ੍ਹਾਂ ਨੂੰ ਹਟਕਣ ਅਤੇ ਵਰਜਣ ਵਾਲਾ ਕੋਈ ਨਹੀਂ ਸੀ। ਪਹਿਲੀ ਵਾਰ ਭਾਰਤ ਦੇ ਪੰਜਾਬ ਸੂਬੇ ਤੋਂ ਇਕ ਬੁਲੰਦ ਅਵਾਜ਼ ਗੁੰਜੀ ਅਤੇ ਉਸ ਨੇ ਬਾਬਰ ਨੂੰ ਜਾਬਰ, ਜਮ ਰੂਪ ਆਦਿ ਕਹਿ ਕੇ ਵੰਗਾਰਿਆ ਅਤੇ ਆਪਣੇ ਦੇਸ਼-ਵਾਸੀਆਂ ਅਤੇ ਦੇਸ਼ ਵਿਚ ਭਿੰਨ-ਭਿੰਨ ਇਲਾਕਿਆਂ ਉੱਤੇ ਰਾਜ ਕਰਨ ਵਾਲੇ ਰਜਵਾੜਿਆਂ ਅਤੇ ਧਾਰਮਿਕ ਖੇਤਰ ਵਿਚ ਕਾਰਜਸ਼ੀਲ ਲੋਕਾਂ ਨੂੰ ਬਾਬਰ ਦੇ ਹਮਲੇ ਵਿਰੁੱਧ ਉੱਠ ਖੜ੍ਹੇ ਹੋਣ ਲਈ ਵੰਗਾਰਿਆ। ਇਹ ਬੁਲੰਦ ਅਵਾਜ਼ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ। ਸਰ ਮੁਹੰਮਦ ਇਕਬਾਲ ਇਸੇ ਬੁਲੰਦ ਅਵਾਜ਼ ਬਾਰੇ ਇਉਂ ਲਿਖਦੇ ਹਨ:

ਫਿਰ ਉਠੀ ਆਖਿਰ ਸਦਾ ਤੋਹੀਦ ਕੀ ਪੰਜਾਬ ਸੇ,
ਹਿੰਦ ਕੋ ਇਕ ਮਰਦੇ ਕਾਮਲ ਨੇ ਜਗਾਇਆ ਖ਼ਾਬ ਸੇ।

ਇਹ ਬੁਲੰਦ ਅਵਾਜ਼ ਲਗਾਤਾਰ ਦਸ ਗੁਰੂ ਸਾਹਿਬਾਨ ਦੇ ਰੂਪ ਵਿਚ ਗੂੰਜਦੀ ਰਹੀ ਅਤੇ ਭਾਰਤ ਵਿਚ (ਧਰਮ ਯੁੱਧ) ਮੁਕੰਮਲ ਇਨਕਲਾਬ ਦੀ ਸ਼ੁਰੂਆਤ ਹੋਈ। ਇਸ (ਧਰਮ ਯੁੱਧ) ਇਨਕਲਾਬੀ ਸੰਘਰਸ਼ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬੇਟਿਆਂ ਅਤੇ ਮਾਤਾ ਜੀ ਅਤੇ ਅਨੇਕ ਹੋਰ ਸਿੰਘਾਂ-ਸਿੰਘਣੀਆਂ ਨੇ ਸ਼ਹੀਦੀਆਂ ਪਾਈਆਂ। 1699 ਈ: ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਿਰਜਨਾ ਅਤੇ ਸਾਜਨਾ ਕੀਤੀ ਜਿਸ ਦਾ ਮਨੋਰਥ ਅਤੇ ਨਿਸ਼ਾਨਾ ਦਸਮੇਸ਼ ਜੀ ਨੇ ਆਪਣਾ ਜੀਵਨ-ਮਨੋਰਥ ਦੱਸਦਿਆਂ ਸਪਸ਼ਟ ਰੂਪ ਵਿਚ ਨਿਸ਼ਚਿਤ ਕਰ ਦਿੱਤਾ। ਫੁਰਮਾਨ ਹੈ:

ਯਾਹੀ ਕਾਜ ਧਰਾ ਹਮ ਜਨਮੰ।
ਸਮਝ ਲੇਹੁ ਸਾਧੂ ਸਭ ਮਨਮੰ।
ਧਰਮ ਚਲਾਵਨ ਸੰਤ ਉਭਾਰਨ ਦੁਸਟ ਸਭਨ ਕੋ ਮੂਲ ਉਪਾਰਨ।

ਗੁਰਮਤਿ ਫਲਸਫਾ ਆਤਮਿਕ ਅਤੇ ਸੰਸਾਰਕ ਪੱਧਰ ਉੱਤੇ ਰਸਾਤਲ ਵੱਲ ਚਲੀ ਗਈ ਮਨੁੱਖੀ ਜ਼ਿੰਦਗੀ ਨੂੰ ਸਹੀ ਸੇਧ ਦੇ ਕੇ ਉਸ ਅੰਦਰ ਉੱਚੇ-ਸੁੱਚੇ ਅਤੇ ਮਿਆਰੀ ਜੀਵਨ-ਅਚਾਰ, ਵਿਹਾਰ, ਸੋਚ ਅਤੇ ਸ਼ੁੱਧ ਅਹਾਰ ਦੁਆਰਾ ਨਵਾਂ, ਨਰੋਆ, ਨਿਰਮਲ, ਉੱਚਤਮ ਗੁਣਾਂ ਵਾਲਾ, ਹਰ ਖੇਤਰ ਵਿਚ ਸੂਰਮਿਆਂ ਵਾਲਾ ਜੀਵਨ ਜਿਉਣ ਦਾ ਚੱਜ ਬਖਸ਼ਦੀ ਹੈ। ਅਜਿਹਾ ਮਨੁੱਖ ਇੱਕੋ ਸਮੇਂ ਸੰਤ ਵੀ ਹੈ ਅਤੇ ਸਿਪਾਹੀ ਵੀ, ਗ੍ਰਿਹਸਤੀ ਵੀ ਹੈ ਤੇ ਤਿਆਗੀ ਵੀ, ਉਹ ਕਿਰਤੀ ਵੀ ਹੈ ਅਤੇ ਪਰਉਪਕਾਰੀ ਵੀ। ਗੁਰਮਤਿ ਮਨੁੱਖ ਨੂੰ ਸਰਬਗੁਣਾਂ ਭਰਪੂਰ ਮਨੁੱਖ ਬਣਾਉਣ ਦੇ ਸਮਰੱਥ ਹੈ। ਉਸ ਦੀ ਸੋਚ “ਸੂਰੁ ਕਿ ਸਨਮੁਖ ਰਨ ਤੇ ਡਰਪੈ ਸਤੀ ਕਿ ਸਾਂਚੈ ਭਾਂਡੇ” ਦੀ ਵੰਗਾਰ ਹੋ ਨਿੱਬੜਦੀ ਹੈ। ਉਹ ਛਾਤੀ ਡਾਹ ਕੇ ਹਰ ਪ੍ਰਕਾਰ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤੱਤਪਰ ਰਹਿੰਦਾ ਹੈ। ਮਨੁੱਖ ਅੰਦਰ ਹਉਮੈ, ਵਿਸ਼ੇ-ਵਿਕਾਰਾਂ, ਕਰਮ- ਕਾਂਡਾਂ, ਪਾਖੰਡਵਾਦ, ਨਿਜ ਸੁਆਰਥ, ਭਰਮ-ਭੁਲੇਖਿਆਂ ਕਾਰਨ ਉਸ ਦੀ ਆਤਮਾ ਉੱਤੇ ਜੰਮੀ ਅਗਿਆਨਤਾ ਦੀ ਧੁੰਦ ਕਾਰਨ ਉਹ ਆਤਮਿਕ ਅਤੇ ਸੰਸਾਰਕ ਤੌਰ ਉੱਤੇ ਬਲਹੀਣ, ਨਿਕਾਰਾ, ਬੇਵੱਸ ਅਤੇ ਨਿਤਾਣਾ ਹੋ ਜਾਂਦਾ ਹੈ। ਡੂੰਘੇ ਨਿਘਾਰ ਵੱਲ ਗਈ ਅਜਿਹੀ ਮਨੁੱਖੀ ਜ਼ਿੰਦਗੀ ਬਾਰੇ ਗੁਰੂ ਜੀ ਇਉਂ ਦੱਸਦੇ ਹਨ:

ਬਲੁ ਛੁਟਕਿਓ ਬੰਧਨ ਪਰੇ ਕਛੂ ਨ ਹੋਤ ਉਪਾਇ॥
ਕਹੁ ਨਾਨਕ ਅਬ ਓਟ ਹਰਿ ਗਜ ਜਿਉ ਹੋਹੁ ਸਹਾਇ॥ (ਪੰਨਾ 1429)

ਗੁਰਮਤਿ ਮਨੁੱਖ ਨੂੰ ਰਸਾਤਲ ਵਿੱਚੋਂ ਕੱਢ ਕੇ ਸੰਸਾਰ ਦਾ ਹਰ ਪ੍ਰਕਾਰੀ ਬਲਸ਼ਾਲੀ ਉਚਤਮ ਜੀਵ ਬਣਾਉਣ ਦਾ ਮਹਾਨ, ਨਿਵੇਕਲਾ ਅਤੇ ਅਦੁੱਤੀ ਫਲਸਫਾ ਹੈ। ਇਸ ਤਰ੍ਹਾਂ ‘ਗੁਰਮਤਿ ਦੇ ਗਾਡੀ ਰਾਹ’ ਚੱਲਣ ਵਾਲਾ ਮਨੁੱਖ ਸਾਰੀਆਂ ਅਧਿਆਤਮਕ ਅਤੇ ਸੰਸਾਰਕ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਸਮਰੱਥ ਹੀ ਨਹੀਂ ਹੋ ਜਾਂਦਾ ਸਗੋਂ ਉਹ ਉਨ੍ਹਾਂ ਉੱਤੇ ਫ਼ਤਿਹ ਵੀ ਪਾ ਲੈ‘ਦਾ ਹੈ। ਉਸ ਅੰਦਰ ਸਵੈ-ਵਿਸ਼ਵਾਸ ਅਤੇ ਦ੍ਰਿੜ੍ਹਤਾ ਪਰਪੱਕ ਹੋ ਜਾਂਦੀ ਹੈ। ਉਹ ਮਨੁੱਖੀ ਵਿਕਾਸ ਦਾ ਸਿਖਰ ਹੈ। ਉਹ ਖਾਲਸਾ ਹੈ, ਗੁਰਸਿੱਖ ਹੈ, ਗੁਰਮੁਖ ਹੈ, ਸੰਤ-ਸਿਪਾਹੀ ਹੈ। ਗੁਰਵਾਕ ਹੈ:

ਬਲੁ ਹੋਆ ਬੰਧਨ ਛੁਟੇ ਸਭੁ ਕਿਛੁ ਹੋਤ ਉਪਾਇ॥
ਨਾਨਕ ਸਭੁ ਕਿਛੁ ਤੁਮਰੈ ਹਾਥ ਮੈ ਤੁਮ ਹੀ ਹੋਤ ਸਹਾਇ॥ (ਪੰਨਾ 1429)

ਇੱਥੇ ਪਹੁੰਚ ਕੇ ਮਨੁੱਖ ਪਰਮਾਤਮਾ ਨਾਲ ਇਕਰੂਪ ਹੀ ਹੋ ਜਾਂਦਾ ਹੈ ਅਤੇ ਉਸ ਦੀ ਰੂਹ ਪੁਕਾਰ ਉੱਠਦੀ ਹੈ, “ਨਾ ਕੋ ਮੇਰਾ ਦੁਸਮਨੁ ਰਹਿਆ ਨਾ ਹਮ ਕਿਸ ਕੇ ਬੈਰਾਈ” ਤਥਾ “ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ” ਅਤੇ ਕਬੀਰ ਜੀ ਇਉਂ ਫਰਮਾਉਂਦੇ ਹਨ:-

ਅਬ ਤਉ ਜਾਇ ਚਢੇ ਸਿੰਘਾਸਨਿ ਮਿਲੇ ਹੈ ਸਾਰਿੰਗਪਾਨੀ॥
ਰਾਮ ਕਬੀਰਾ ਏਕ ਭਏ ਹੈ ਕੋਇ ਨ ਸਕੈ ਪਛਾਨੀ॥ (ਪੰਨਾ 969)

ਬਸ! ਵਿਰੋਧ ਕੇਵਲ ਤੇ ਕੇਵਲ ਜਾਬਰ, ਜਾਲਮ, ਪਾਖੰਡਵਾਦ, ਕਰਮਕਾਂਡ, ਕੂੜ ਅਤੇ ਕਪਟ ਦਾ ਹੈ ਕਿਉਂਕਿ ਇਹ ਸਭ ਗੈਰ-ਕੁਦਰਤੀ ਵਰਤਾਰਾ ਹੈ। ‘ਗੁਰ ਸੋਭਾ’ ਗ੍ਰੰਥ ਦੇ ਪੰਜਵੇਂ ਅਧਿਆਇ ਵਿਚ ਖਾਲਸੇ ਦੇ ਨਿਸ਼ਾਨੇ ਬਾਰੇ ਇਉਂ ਸਪਸ਼ਟ ਕੀਤਾ ਗਿਆ ਹੈ:-

ਅਸੁਰ ਸੰਘਾਰਬੇ ਕੋ ਦੁਰਜਨ ਕੇ ਮਾਰਬੇ ਕੋ।
ਸੰਕਟ ਨਿਬਾਰਬੇ ਕੋ ਖਾਲਸਾ ਬਨਾਯੋ ਹੈ।

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਚਾਰ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 14 ਲੜਾਈਆਂ ਲੜੀਆਂ ਅਤੇ ਇਨ੍ਹਾਂ ਸਾਰੀਆਂ ਲੜਾਈਆਂ ਵਿਚ ਜਿੱਤ ਪ੍ਰਾਪਤ ਕਰ ਕੇ ਗੁਰੂ ਸਾਹਿਬਾਨ ਨੇ ਮੁਸਲਮਾਨ ਮੁਗਲਾਂ ਅਤੇ ਪਠਾਣਾਂ ਦੇ ‘ਅਜਿੱਤ ਹੋਣ’ ਦਾ ਭਰਮ ਤੋੜਿਆ ਅਤੇ ਵੱਡੇ-ਵੱਡੇ ਮੁਗਲ ਅਤੇ ਪਠਾਣ ਜਰਨੈਲਾਂ ਨੂੰ ਧੂਲ ਚਟਾ ਦਿੱਤੀ। ਹੁਣ ਭਾਰਤ ਦੀ ਧਰਤੀ ਉੱਤੇ ‘ਸਿੰਘ ਨਾਦ’ ਗੂੰਜਣ ਲੱਗਾ। 7 ਅਗਸਤ, 1708 ਈ: ਨੂੰ ਦਸਮੇਸ਼ ਪਿਤਾ ਤੋਂ ਅੰਮ੍ਰਿਤਪਾਨ ਕਰ ਕੇ, ਥਾਪੜਾ ਪ੍ਰਾਪਤ ਕਰਕੇ, ਪੰਜ ਤੀਰ, ਨਗਾਰਾ, ਕੇਸਰੀ ਨਿਸ਼ਾਨ ਸਾਹਿਬ, ਖੰਡਾ, ਪੰਜ ਸਲਾਹਕਾਰ ਅਤੇ ਵੀਹ ਸੰਘਰਸ਼ੀ ਯੋਧੇ ਲੈ ਕੇ ਨੰਦੇੜ (ਹੁਣ ਸ੍ਰੀ ਹਜ਼ੂਰ ਸਾਹਿਬ) ਤੋਂ ਬਾਬਾ ਬੰਦਾ ਸਿੰਘ ਬਹਾਦਰ ਜਾਬਰਾਂ, ਜ਼ਾਲਮਾਂ ਅਤੇ ਭਾਰਤੀ ਅਕ੍ਰਿਤਘਣ, ਵਿਲਾਸੀ ਅਤੇ ਮੁਗਲਾਂ ਦੇ ਗੁਲਾਮ ਰਜਵਾੜਿਆਂ ਨੂੰ ਸਬਕ ਸਿਖਾਉਣ ਅਤੇ ਤੁਰਕਾਂ ਵੱਲੋਂ 700 ਸਾਲ ਪਹਿਲਾਂ ਖੋਹੀ ਭਾਰਤੀ ਅਜ਼ਾਦੀ ਨੂੰ ਬਹਾਲ ਕਰਾਉਣ ਹਿਤ ਚੱਲਿਆ। ਥੋੜ੍ਹੇ ਸਮੇਂ ਵਿਚ ਹੀ ਉਸ ਨੇ ਉੱਤਰੀ ਭਾਰਤ ਦਾ ਵੱਡਾ ਹਿੱਸਾ ਜਿੱਤ ਕੇ 14 ਮਈ, 1710 ਈ: ਨੂੰ ਪਹਿਲੇ ਸਿੱਖ ਲੋਕ ਰਾਜ ਦੀ ਸਥਾਪਨਾ ਕੀਤੀ। ਦੁਨੀਆਂ ਦੇ ਵੱਡੇ ਤੋਂ ਵੱਡੇ ਜਰਨੈਲ ਵੀ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਪ੍ਰਾਪਤੀਆਂ ਸਾਹਮਣੇ ਬੌਣੇ ਨਜ਼ਰ ਆਉਂਦੇ ਹਨ। ਉਨ੍ਹਾਂ ਦੇ 9 ਜੂਨ, 1716 ਈ: ਨੂੰ ਸ਼ਹੀਦੀ ਪਾ ਜਾਣ ਉਪਰੰਤ ਵੀ ਸਿੱਖ ਸੰਘਰਸ਼ ਜਾਰੀ ਰਿਹਾ। ਭਾਵੇਂ ਸਿੱਖਾਂ ਨੇ ਜਾਬਰਾਂ ਦੇ ਬਹੁਤ ਵੱਡੇ ਜ਼ੁਲਮ ਝੱਲੇ ਪਰ ਉਨ੍ਹਾਂ ਨੇ ਧਰਮ ਅਤੇ ਹੌਂਸਲਾ ਨਹੀਂ ਹਾਰਿਆ। 1746 ਈ: ਵਿਚ ਜ਼ਿਲ੍ਹਾ ਗੁਰਦਾਸਪੁਰ ਦੇ ਕਾਹਨੂੰਵਾਨ ਛੰਭ ਵਿਚ ਹੋਏ ਖੂਨੀ ਸੰਘਰਸ਼ ਜਿਸ ਨੂੰ ‘ਛੋਟਾ ਘੱਲੂਘਾਰਾ’ ਕਰਕੇ ਜਾਣਿਆ ਜਾਂਦਾ ਹੈ, ਵਿਚ ਖਾਲਸਾ ਪੰਥ ਦਾ ਬਹੁਤ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਪਰੰਤੂ ਹੌਂਸਲੇ ਨਹੀਂ ਢਾਹੇ ਸਗੋਂ 29 ਮਾਰਚ, 1748 ਈ: ਨੂੰ ਸੰਘਰਸ਼ੀ ਖਾਲਸਾ ਪੰਥ ਦੀ ਵਿਉਂਤਬੰਦੀ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਉੱਤੇ 12 ਜਥੇ ਵੱਖ-ਵੱਖ ਜਥੇਦਾਰਾਂ ਦੀ ਕਮਾਨ ਹੇਠ ਗਠਿਤ ਕੀਤੇ ਗਏ ਜਿਨ੍ਹਾਂ ਨੂੰ ਬਾਅਦ ਵਿਚ 12 ਮਿਸਲਾਂ ਦਾ ਨਾਮ ਦਿੱਤਾ ਗਿਆ। ਇਨ੍ਹਾਂ ਬਾਰਾਂ ਮਿਸਲਾਂ ਨੇ ਵੀ ਦੇਸ਼ ਦੀ ਅਜ਼ਾਦੀ ਅਤੇ ਧਰਮ ਦੀ ਰੱਖਿਆ ਹਿਤ ਮਹੱਤਵਪੂਰਨ ਸੰਘਰਸ਼ ਜਾਰੀ ਰੱਖਿਆ। ਇਨ੍ਹਾਂ ਦੇ ਜਰਨੈਲ (ਸਰਦਾਰ) ਧਰਮੀ ਅਤੇ ਸੰਘਰਸ਼ੀ ਯੋਧੇ ਸਨ ਭਾਵ ਉਹ ਸੰਤ ਵੀ ਸਨ ਅਤੇ ਸਿਪਾਹੀ ਵੀ ਸਨ। ਉਹ ਮੈਦਾਨ-ਏ-ਜੰਗ ਵਿਚ ਦੁਸ਼ਮਣ ਨੂੰ ਧੂਲ ਵੀ ਚਟਾਉਂਦੇ ਸਨ ਅਤੇ ਵਿਹਲੇ ਸਮੇਂ ਧਰਮ ਪ੍ਰਚਾਰ/ਅੰਮ੍ਰਿਤ ਸੰਚਾਰ ਵੀ ਕਰਦੇ ਸਨ। ਇਨ੍ਹਾਂ ਵਿਚ ਜਥੇ. ਜੱਸਾ ਸਿੰਘ ਆਹਲੂਵਾਲੀਆ, ਨਵਾਬ ਕਪੂਰ ਸਿੰਘ, ਜਥੇਦਾਰ ਜੱਸਾ ਸਿੰਘ ਰਾਮਗੜ੍ਹੀਆ, ਜਥੇ. ਬਘੇਲ ਸਿੰਘ ਅਤੇ ਜਥੇ. ਚੜ੍ਹਤ ਸਿੰਘ ਸ਼ੁਕਰਚੱਕੀਆ ਖਾਸ ਵਰਣਨਯੋਗ ਹਨ। ਇਨ੍ਹਾਂ ਮਹਾਨ ਜਰਨੈਲਾਂ ਦੀ ਬਹਾਦਰੀ ਦਾ ਅੰਦਾਜ਼ਾ ਇਸ ਇਕ ਘਟਨਾ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ 5 ਫਰਵਰੀ, 1762 ਈ: ਨੂੰ ਅਹਿਮਦ ਸ਼ਾਹ ਅਬਦਾਲੀ, ਨਵਾਬ ਮਲੇਰਕੋਟਲਾ, ਸੂਬੇਦਾਰ ਸਰਹੰਦ, ਰਾਏਕੋਟ ਅਤੇ ਲੁਧਿਆਣਾ ਦੀਆਂ ਫੌਜਾਂ ਦੇ ਅਚਾਨਕ ਕੀਤੇ ਹਮਲੇ ਵਿਚ ਇਤਿਹਾਸਕਾਰਾਂ ਅਨੁਸਾਰ 30 ਤੋਂ 35 ਹਜ਼ਾਰ ਸਿੰਘ-ਸਿੰਘਣੀਆਂ ਅਤੇ ਭੁਝੰਗੀਆਂ ਨੇ ਸ਼ਹੀਦੀ ਪਾਈ ਪਰੰਤੂ ਅੰਤ ਜਿੱਤ ਖਾਲਸਾ ਪੰਥ ਦੀ ਹੋਈ। ਇਸ ਯੁੱਧ ਨੂੰ ਇਤਿਹਾਸ ਵਿਚ ‘ਵੱਡਾ ਘੱਲੂਘਾਰਾ’ ਕਰਕੇ ਯਾਦ ਕੀਤਾ ਜਾਂਦਾ ਹੈ ਜੋ ਜ਼ਿਲ੍ਹਾ ਸੰਗਰੂਰ ਦੇ ਪਿੰਡ ਕੁੱਪ ਕਲਾਂ, ਰਹੀੜਾ, ਕੁਤਬਾ ਬਾਹਮਣੀਆਂ ਅਤੇ ਗਹਿਲਾਂ ਦੀ ਸਰ-ਜ਼ਮੀਨ ਉੱਤੇ ਲੜਿਆ ਗਿਆ। ਹੈਰਾਨੀਜਨਕ ਹੀ ਸੀ ਕਿ ਇਨ੍ਹਾਂ ਮਿਸਲਾਂ ਉੱਤੇ ਅਧਾਰਿਤ ਇਹੋ ‘ਦਲ ਖਾਲਸਾ’ 7 ਮਾਰਚ, 1763 ਈ: ਨੂੰ ਦਿੱਲੀ ਫਤਿਹ ਕਰ ਰਿਹਾ ਹੈ ਅਤੇ ਇਸ ਤਰ੍ਹਾਂ ਸਿੰਘਾਂ ਦੇ ਦਲ ਖਾਲਸੇ ਨੇ ਦਿੱਲੀ ਕਈ ਵਾਰ ਫਤਿਹ ਕੀਤੀ। ਲੰਮੇ ਸੰਘਰਸ਼ ਉਪਰੰਤ 1799 ਈ: ਵਿਚ ਜਥੇ. ਚੜ੍ਹਤ ਸਿੰਘ ਸ਼ੁਕਰਚੱਕੀਆ ਦੇ ਪੋਤਰੇ ਅਤੇ ਜਥੇਦਾਰ ਮਹਾਂ ਸਿੰਘ ਦੇ ਪੁੱਤਰ 19 ਵਰ੍ਹਿਆਂ ਦੇ ਸਰਦਾਰ ਰਣਜੀਤ ਸਿੰਘ ਨੇ ਅਹਿਮਦ ਸ਼ਾਹ ਅਬਦਾਲੀ ਦੇ ਪੋਤਰੇ ਸ਼ਾਹ ਜਮਾਨ ਖਾਨ ਨੂੰ ਹਰਾ ਕੇ ਲਾਹੌਰ ਫਤਿਹ ਕਰਕੇ ਸਰਕਾਰ-ਏ-ਖਾਲਸਾ ਦੀ ਨੀਂਹ ਰੱਖ ਦਿੱਤੀ ਅਤੇ ਮਗਰੋਂ ਕਾਫੀ ਹੋਰ ਇਲਾਕੇ ਜਿੱਤ ਕੇ 1801 ਈ: ਵਿਚ ‘ਸਰਕਾਰ-ਏ-ਖਾਲਸਾ’ ਦੀ ਪੱਕੇ ਤੌਰ ਉੱਤੇ ਸਥਾਪਨਾ ਕਰ ਦਿੱਤੀ। ਉਪਰੰਤ ਜਿੱਤਾਂ ਦਾ ਸਿਲਸਲਾ ਜਾਰੀ ਰਿਹਾ ਅਤੇ ਨਤੀਜੇ ਦੇ ਤੌਰ ਉੱਤੇ ਬਹੁਤ ਵਿਸ਼ਾਲ ਸਿੱਖ ਰਾਜ ਹੋਂਦ ਵਿਚ ਆਇਆ। ਇਸ ਸੰਘਰਸ਼ ਵਿਚ ਮਹਾਨ ਜਰਨੈਲਾਂ ਜਿਹਾ ਕਿ ਜਥੇ. ਸਰਦਾਰ ਹਰੀ ਸਿੰਘ ਨਲਵਾ, ਅਕਾਲੀ ਫੂਲਾ ਸਿੰਘ, ਦੀਵਾਨ ਮੋਹਕਮ ਚੰਦ, ਜਥੇ. ਸਰਦਾਰ ਸ਼ਾਮ ਸਿੰਘ ਅਟਾਰੀ, ਜਰਨੈਲ ਵੈਂਤੂਰਾ ਆਦਿ ਨੇ ਮਹੱਤਵਪੂਰਨ ਹਿੱਸਾ ਪਾਇਆ। ਇਨ੍ਹਾਂ ਮਹਾਨ ਜਰਨੈਲਾਂ ਨੇ ਅਜਿੱਤ ਸਮਝੇ ਜਾਂਦੇ ਡਰਾਉਣੇ ਪਠਾਣ ਜਰਨੈਲਾਂ ਨੂੰ ਮਿੱਟੀ ਵਿਚ ਮਿਲਾ ਦਿਤਾ ਅਤੇ ਉਨ੍ਹਾਂ ਦੇ ਕਿਲ੍ਹੇ, ਕੋਟ ਅਤੇ ਗੜ੍ਹ ਫਤਿਹ ਕਰਕੇ ਉਨ੍ਹਾਂ ਦੇ ਇਲਾਕਿਆਂ ਨੂੰ ਖਾਲਸਾ ਰਾਜ ਦਾ ਹਿੱਸਾ ਬਣਾ ਦਿੱਤਾ। ਜਦੋਂ ਅਸੀਂ ਅਜ਼ਾਦ ਭਾਰਤ ਦੇ ਇਤਿਹਾਸ ਵੱਲ ਝਾਤੀ ਮਾਰਦੇ ਹਾਂ ਅਤੇ 1948, 1962, 1965 ਅਤੇ 1971 ਦੀਆਂ ਪਾਕਿਸਤਾਨ ਅਤੇ ਭਾਰਤ ਵਿਚਕਾਰ ਅਤੇ 1962 ਦੀ ਭਾਰਤ ਅਤੇ ਚੀਨ ਵਿਚਕਾਰ ਹੋਈ ਲੜਾਈ ਉੱਤੇ ਨਜ਼ਰ ਮਾਰਦੇ ਹਾਂ ਤਾਂ ਸਪਸ਼ਟ ਹੋ ਜਾਂਦਾ ਹੈ ਕਿ ਬਹਾਦਰ ਏਅਰ ਚੀਫ ਮਾਰਸ਼ਲ ਸ. ਅਰਜਨ ਸਿੰਘ, 1965 ਈ: ਦੀ ਭਾਰਤ-ਪਾਕ ਜੰਗ ਦੇ ਨਾਇਕ ਜਰਨਲ ਹਰਬਖਸ਼ ਸਿੰਘ, 1971 ਈ: ਦੀ ਭਾਰਤ-ਪਾਕ ਜੰਗ ਵਿਚ 93000 ਤਰਾਨਵੇਂ ਹਜ਼ਾਰ ਪਾਕੀ ਫੌਜੀਆਂ ਦੇ ਪਾਕੀ ਜਰਨੈਲ ਏ.ਏ.ਕੇ. ਨਿਆਜ਼ੀ ਦੀ ਕਮਾਨ ਹੇਠ ਹਥਿਆਰ ਸੁਟਵਾ ਕੇ ਸੰਸਾਰ ਯੁੱਧਾਂ ਦੇ ਇਤਿਹਾਸ ਵਿਚ ਇਕ ਅਨੋਖਾ ਅਤੇ ਅਦੁੱਤੀ ਇਤਿਹਾਸ ਸਿਰਜਣ ਵਾਲਾ ਵੀ ਸਿੱਖ ਜਰਨੈਲ ਜਰਨਲ ਸ. ਜਗਜੀਤ ਸਿੰਘ (ਅਰੋੜਾ) ਸੀ। ਜਰਨਲ ਦੋਲਤ ਸਿੰਘ, ਜਰਨਲ ਕੁਲਵੰਤ ਸਿੰਘ ਆਦਿ ਮਹਾਨ ਜਰਨੈਲਾਂ ਨੇ ਆਪਣੇ ਸਿੱਖ ਜਰਨੈਲਾਂ ਦੀ ਵਿਰਾਸਤ ਨੂੰ ਕਾਇਮ ਹੀ ਨਹੀਂ ਰੱਖਿਆ ਸਗੋਂ ਉਸ ਵਿਚ ਸਨਮਾਨਯੋਗ ਵਾਧਾ ਕੀਤਾ। ਇਹ ਸਾਰੇ ਹੀ ਭਾਰਤ ਦੇ ਮਹਾਨ ਸਪੂਤ ਅਤੇ ਨਿਵੇਕਲੇ ਪੰਜਾਬੀ ਸਿੱਖ ਜਰਨੈਲ ਹੋ ਨਿੱਬੜੇ। ਇਨ੍ਹਾਂ ਮਹਾਨ ਜਰਨੈਲਾਂ ਦੇ ਸਾਹਮਣੇ ਵੱਡੇ-ਵੱਡੇ ਦੁਸ਼ਮਣ ਜਰਨੈਲਾਂ ਦੀਆਂ ਲੱਤਾਂ ਕੰਬਦੀਆਂ ਸਨ। ਦੇਸ਼ ਅਤੇ ਕੌਮ ਨੂੰ ਹਮੇਸ਼ਾਂ ਹੀ ਇਨ੍ਹਾਂ ਮਹਾਨ ਸ਼ਖਸੀਅਤਾਂ ਉੱਤੇ ਮਾਣ ਅਤੇ ਗੌਰਵ ਰਹੇਗਾ। ਇਸ ਲੇਖ ਵਿਚ ਜਥੇ. ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਦੇ ਜੀਵਨ, ਸੰਘਰਸ਼ ਅਤੇ ਪ੍ਰਾਪਤੀਆਂ ਬਾਰੇ ਸੰਖੇਪ ਰੂਪ ਵਿਚ ਚਰਚਾ ਕਰ ਰਹੇ ਹਾਂ ਤਾਂ ਜੋ ਸਾਨੂੰ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਦੀ ਚੜ੍ਹਤ, ਮਹਾਰਾਜਾ ਰਣਜੀਤ ਸਿੰਘ ਨਾਲ ਰਿਸ਼ਤੇਦਾਰੀ, ਖਾਲਸਾ ਰਾਜ ਪ੍ਰਤੀ ਵਫਾਦਾਰੀ, ਕੂਟਨੀਤਕ ਅਤੇ ਪ੍ਰਬੰਧਕੀ ਨੁਕਤਿਆਂ ਉੱਤੇ ਮਹਾਰਾਜਾ ਰਣਜੀਤ ਸਿੰਘ ਨਾਲ ਅਣਬਣ ਅਤੇ ਰਾਜ ਦੇ ਅੰਤਲੇ ਸਮੇਂ ਜਦੋਂ ਗ਼ੱਦਾਰਾਂ ਦੀ ਗ਼ੱਦਾਰੀ ਕਾਰਨ ਵਿਸ਼ਾਲ ਖਾਲਸਾ ਰਾਜ ਡਗਮਗਾ ਰਿਹਾ ਸੀ, ਪੰਜਾਬ ਦੀ ਸ਼ੇਰਨੀ ਮਹਾਰਾਣੀ ਜਿੰਦ ਕੌਰ (ਮਹਾਰਾਣੀ ਜਿੰਦਾਂ) ਦੇ ਵੰਗਾਰਨ ਉੱਤੇ ਮੁੜ ਮੈਦਾਨ-ਏ-ਜੰਗ ਵਿਚ ਜੂਝਣ ਅਤੇ ਸਭਰਾਵਾਂ ਦੀ ਲੜਾਈ ਵਿਚ ‘ਅਤ ਹੀ ਰਨ ਮੈਂ ਤਬ ਜੂਝ ਮਰੋਂ’ ਅਨੁਸਾਰ ਸ਼ਹੀਦੀ ਪਾਉਣ ਬਾਰੇ ਜਾਣਕਾਰੀ ਹਾਸਲ ਕਰ ਸਕੀਏ।

ਸਭਰਾਉਂ ਦੀ ਜੰਗ ਸਿੱਖ ਇਤਿਹਾਸ ਵਿਚ ਵਿਸੇਸ਼ ਮਹੱਤਵ ਰੱਖਦੀ ਹੈ। ਇਸ ਜੰਗ ਵਿਚ ਅੰਗਰੇਜ਼ਾਂ ਦੇ ਖ਼ਿਲਾਫ਼ ਲੜਦਿਆਂ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਿਆਂ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ। 10 ਫਰਵਰੀ, 1846 ਦੇ ਦਿਨ ਸਿੱਖ ਫੌਜਾਂ ਦੇ ਹਾਰ ਜਾਣ ’ਤੇ ਖਾਲਸਾ ਰਾਜ ਦੀ ਸੁਤੰਤਰਤਾ ਖ਼ਤਮ ਹੋ ਗਈ ਸੀ। ਸਰਦਾਰ ਸ਼ਾਮ ਸਿੰਘ ਵਾਹਘਾ ਬਾਰਡਰ ਦੇ ਨੇੜੇ ਅਟਾਰੀ ਪਿੰਡ ਦੇ ਰਹਿਣ ਵਾਲੇ ਸਨ। ਇਹ ਪਿੰਡ ਸਰਦਾਰ ਸ਼ਾਮ ਸਿੰਘ ਦੇ ਵਡੇਰੇ ਸਰਦਾਰ ਗੌਰ ਸਿੰਘ ਨੇ ਬੰਨਿਆ ਸੀ। ਸਰਦਾਰ ਗੌਰ ਸਿੰਘ ਅਤੇ ਸਰਦਾਰ ਕੌਰ ਸਿੰਘ ਦੋਵੇਂ ਸਕੇ ਭਰਾ ਸਨ। ਜਦੋਂ ਮਿਸਲਾਂ ਸਥਾਪਿਤ ਹੋਈਆਂ ਤਾਂ ਇਹ ਦੋਵੇਂ ਭਰਾ ਸਰਦਾਰ ਗੁਰਬਖਸ਼ ਸਿੰਘ ਭੰਗੀ ਦੀ ਮਿਸਲ ਵਿਚ ਸ਼ਾਮਲ ਹੋ ਗਏ। ਸਰਦਾਰ ਗੌਰ ਸਿੰਘ ਦਾ ਪੁੱਤਰ ਸਰਦਾਰ ਨਿਹਾਲ ਸਿੰਘ ਵੀ ਆਪਣੇ ਪਿਤਾ ਵਾਂਗ ਭੰਗੀ ਮਿਸਲ ਦਾ ਹੀ ਜਾਗੀਰਦਾਰ ਸੀ। ਇਕ ਵਾਰ ਉਹ ਸਰਦਾਰ ਸਾਹਿਬ ਸਿੰਘ ਭੰਗੀ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਵਿਰੁੱਧ ਲੜਨ ਵੀ ਆਇਆ ਸੀ। ਪਰ ਛੇਤੀ ਹੀ ਸਰਦਾਰ ਨਿਹਾਲ ਸਿੰਘ ਦੀ ਭੰਗੀ ਮਿਸਲ ਦੇ ਆਗੂਆਂ ਨਾਲ ਅਣਬਣ ਹੋ ਗਈ ਅਤੇ 1803 ਈ: ਵਿਚ ਮਹਾਰਾਜਾ ਰਣਜੀਤ ਸਿੰਘ ਦੇ ਸੱਦੇ ’ਤੇ ਲਾਹੌਰ ਦਰਬਾਰ ਦੀ ਸੇਵਾ ਵਿਚ ਲੱਗ ਗਏ। ਇਨ੍ਹਾਂ ਦੇ ਹੀ ਸਪੁੱਤਰ ਸਨ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ।

ਸਰਦਾਰ ਸ਼ਾਮ ਸਿੰਘ ਦਾ ਜਨਮ ਕਦੋਂ ਹੋਇਆ ਇਸ ਬਾਰੇ ਨਿਸ਼ਚਿਤ ਤਾਰੀਕ ਬਾਰੇ ਕੁਝ ਜਾਣਕਾਰੀ ਪ੍ਰਾਪਤ ਨਹੀਂ ਹੈ। ਇਹ ਅਨੁਮਾਨ ਹੀ ਲਾਇਆ ਜਾ ਸਕਦਾ ਹੈ ਕਿ ਉਹ ਆਪਣੇ ਪਿਤਾ ਦੇ ਨਾਲ ਹੀ ਜਾਂ ਕੁਝ ਦੇਰ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਦੇ ਦਰਬਾਰ ਵਿਚ ਆਏ ਹੋਣਗੇ। ‘ਈਵੈਂਟਸ ਐਟ ਦੀ ਕੋਰਟ ਆਫ਼ ਰਣਜੀਤ ਸਿੰਘ’ ਵਿਚ 12 ਮਾਰਚ 1816 ਈ: ਦੀਆਂ ਖਬਰਾਂ ਹੇਠ ਅੰਕਿਤ ਹੈ ਕਿ “ਇਕ ਹੀਰਿਆਂ ਜੜ੍ਹਤ ਅੰਗੂਠੀ ਸਰਦਾਰ ਨਿਹਾਲ ਸਿੰਘ ਅਟਾਰੀ ਵਾਲੇ ਦੇ ਪੁੱਤਰ ਨੂੰ ਬਖਸ਼ੀ ਗਈ।”

ਸਰਦਾਰ ਨਿਹਾਲ ਸਿੰਘ ਅਟਾਰੀ ਵਾਲਾ ਨੇ ਕਸੂਰ, ਮੁਲਤਾਨ ਆਦਿ ਦੀਆਂ ਲੜਾਈਆਂ ਵਿਚ ਬੀਰਤਾ ਦਿਖਾ ਕੇ ਮਹਾਰਾਜਾ ਰਣਜੀਤ ਸਿੰਘ ਦਾ ਦਿਲ ਜਿੱਤ ਲਿਆ ਅਤੇ ਜਾਗੀਰਾਂ ਪ੍ਰਾਪਤ ਕੀਤੀਆਂ। ਉਨ੍ਹਾਂ ਦਾ ਮਹਿਲਾਂ ਵਿਚ ਖੁੱਲ੍ਹਾ ਆਉਣ-ਜਾਣ ਹੋ ਗਿਆ ਸੀ। 1817 ਈ: ਵਿਚ ਅਚਾਨਕ ਮਹਾਰਾਜਾ ਰਣਜੀਤ ਸਿੰਘ ਬਿਮਾਰ ਹੋ ਗਏ ਸਨ ਅਤੇ ਬਚਣ ਦੀ ਕੋਈ ਆਸ ਨਹੀਂ ਸੀ। ਕਿਹਾ ਜਾਂਦਾ ਹੈ ਕਿ ਸਰਦਾਰ ਨਿਹਾਲ ਸਿੰਘ ਨੇ ਅਰਦਾਸ ਕਰ ਕੇ ਉਨ੍ਹਾਂ ਦਾ ਕਸ਼ਟ ਆਪਣੇ ਉੱਤੇ ਲੈ ਲਿਆ ਅਤੇ ਆਪਣੇ ਪਿੰਡ ਜਾ ਕੇ ਪ੍ਰਾਣ ਤਿਆਗ ਦਿੱਤੇ ਸਨ। ਸਰਦਾਰ ਨਿਹਾਲ ਸਿੰਘ ਦੀ ਮ੍ਰਿਤੂ ਤੋਂ ਬਾਅਦ ਉਨ੍ਹਾਂ ਦੀ ਪਦਵੀ ਉੱਤੇ ਉਨ੍ਹਾਂ ਦੇ ਸਪੁੱਤਰ ਸਰਦਾਰ ਸ਼ਾਮ ਸਿੰਘ ਨੂੰ ਨਿਯੁਕਤ ਕੀਤਾ ਗਿਆ ਅਤੇ ਜਾਗੀਰ ਵੀ ਸਰਦਾਰ ਸ਼ਾਮ ਸਿੰਘ ਦੇ ਨਾਂ ਚਾੜ੍ਹ ਦਿੱਤੀ ਗਈ।

ਸਰਦਾਰ ਸ਼ਾਮ ਸਿੰਘ ਅਟਾਰੀ ਨੂੰ ਬਹਾਦਰੀ, ਦਲੇਰੀ, ਦ੍ਰਿੜ੍ਹਤਾ ਅਤੇ ਪੰਥਕ ਜਜ਼ਬਾ ਵਿਰਸੇ ਵਿਚ ਮਿਲਿਆ ਸੀ। ਉਨ੍ਹਾਂ ਦੇ ਦਾਦਾ ਜੀ ਸਰਦਾਰ ਗੌਰ ਸਿੰਘ ਅਤੇ ਸਰਦਾਰ ਕੌਰ ਸਿੰਘ ਨੇ 1735 ਈ: ਵਿਚ ਸ੍ਰੀ ਅੰਮ੍ਰਿਤਸਰ ਸਾਹਿਬ ਜਾ ਕੇ ਉਦੋਂ ਅੰਮ੍ਰਿਤ ਪਾਨ ਕੀਤਾ ਸੀ, ਜਦੋਂ ਸਿੰਘਾਂ ਦੇ ਸਿਰਾਂ ਦੇ ਮੁੱਲ ਪਾਏ ਜਾ ਰਹੇ ਸਨ ਅਤੇ ਮੀਰ ਮੰਨੂ ਅਤੇ ਜਕਰੀਆ ਖਾਨ ਵਰਗੇ ਜ਼ਾਲਮ ਸੂਬੇਦਾਰ ਸਿੱਖਾਂ ਦਾ ਖੁਰਾ-ਖੋਜ ਮਿਟਾਉਣ ਲਈ ਪੂਰੀ ਸ਼ਕਤੀ ਲਾ ਰਹੇ ਸਨ। ਸਰਦਾਰ ਗੌਰ ਸਿੰਘ ਅਤੇ ਉਸ ਦੇ ਪੁੱਤਰ ਸਰਦਾਰ ਨਿਹਾਲ ਸਿੰਘ, ਜੋ ਸਰਦਾਰ ਸ਼ਾਮ ਸਿੰਘ ਦੇ ਪਿਤਾ ਜੀ ਸਨ, ਨੇ ਸਿੱਖ ਰਾਜ ਦੀ ਸਥਾਪਨਾ ਅਤੇ ਉਸ ਵਿਚ ਨਵੇਂ-ਨਵੇਂ ਅਜਿੱਤ ਸਮਝੇ ਜਾਂਦੇ ਇਲਾਕੇ ਜਿੱਤ ਕੇ ਸਰਕਾਰ-ਏ-ਖਾਲਸਾ ਦੇ ਅਧੀਨ ਕਰਨ ਹਿੱਤ ਬੜਾ ਲੰਮਾ ਸੰਘਰਸ਼ ਕੀਤਾ ਅਤੇ ਮਹੱਤਵਪੂਰਨ ਯੋਗਦਾਨ ਪਾਇਆ।

ਹੁਣ ਸਰਦਾਰ ਸ਼ਾਮ ਸਿੰਘ ਸ਼ਹਿਜ਼ਾਦਾ ਖੜਕ ਸਿੰਘ, ਕੰਵਰ ਸ਼ੇਰ ਸਿੰਘ ਆਦਿ ਨਾਲ ਮਿਲ ਕੇ ਹਰ ਮੁਹਿੰਮ ਵਿਚ ਅੱਗੇ ਵਧ ਕੇ ਆਪਣੀ ਸੂਰਮਗਤੀ ਵਿਖਾਉਣ ਲੱਗਾ। ਉਸ ਨੂੰ ਲੜਾਈ ਦੇ ਦਾਅ ਪੇਚਾਂ ਦੀ ਪੂਰੀ ਮੁਹਾਰਤ ਹਾਸਲ ਸੀ। 1818 ਈ: ਵਿਚ ਉਸ ਨੇ ਮੁਲਤਾਨ ਦੀ ਜੰਗ ਵਿਚ ਮੂਹਰੇ ਹੋ ਕੇ ਹਿੱਸਾ ਲਿਆ ਅਤੇ ਸੂਰਮਗਤੀ ਦੇ ਅਦੁੱਤੀ ਜੌਹਰ ਵਿਖਾਏ। ਇਸ ਲੜਾਈ ਵਿਚ ਉਸ ਦੇ ਮੋਢੇ ਉੱਤੇ ਡੂੰਘਾ ਜ਼ਖਮ ਆਇਆ ਸੀ। ਇਸ ਤੋਂ ਪਿੱਛੋਂ ਵੀ ਉਨ੍ਹਾਂ ਨੇ ਪਿਸ਼ਾਵਰ ਅਤੇ ਕਸ਼ਮੀਰ ਦੀਆਂ ਮੁਹਿੰਮਾਂ ਵਿਚ ਮਿਸਾਲੀ ਬਹਾਦਰੀ ਵਿਖਾਈ। 1831 ਈ: ਵਿਚ ਉਨ੍ਹਾਂ ਨੇ ਸ਼ਹਿਜ਼ਾਦਾ ਸ਼ੇਰ ਸਿੰਘ ਦੇ ਨਾਲ ਸੱਯਦ ਅਹਿਮਦ ਵੱਲੋਂ ਇਕੱਠੇ ਕੀਤੇ ਜਹਾਦੀਆਂ ਨੂੰ ਹਰਾ ਕੇ ਭਜਾ ਦਿੱਤਾ। ਇਸ ਜੰਗ ਵਿਚ ਸੱਯਦ ਅਹਿਮਦ ਮਾਰਿਆ ਗਿਆ ਸੀ। ਇਸ ਤੋਂ ਬਾਅਦ ਉਹ ਸੰਘੜ ਬੰਨੂ ਆਦਿ ਮੁਹਿੰਮਾਂ ’ਤੇ ਗਏ ਅਤੇ ਇਨ੍ਹਾਂ ਇਲਾਕਿਆਂ ਨੂੰ ਸਿੱਖ ਰਾਜ ਨਾਲ ਮਿਲਾਇਆ। 1834 ਈ: ਵਿਚ ਸਿੱਖ ਫੌਜਾਂ ਨੇ ਪਿਸ਼ਾਵਰ ਉੱਤੇ ਪੱਕੀ ਤਰ੍ਹਾਂ ਕਬਜ਼ਾ ਕਰ ਲਿਆ। ਇਸ ਮੁਹਿੰਮ ਵਿਚ ਕੰਵਰ ਨੌਨਿਹਾਲ ਸਿੰਘ ਨਾਲ ਸਰਦਾਰ ਹਰੀ ਸਿੰਘ ਨਲੂਆ ਅਤੇ ਸਰਦਾਰ ਸ਼ਾਮ ਸਿੰਘ ਅਟਾਰੀ ਵੀ ਸਨ।

ਇਸ ਤਰ੍ਹਾਂ ਸਰਦਾਰ ਸ਼ਾਮ ਸਿੰਘ ਅਟਾਰੀ 1817 ਈ: ਤੋਂ ਲੈ ਕੇ 1834 ਈ: ਤਕ ਜੰਗਾਂ-ਯੁੱਧਾਂ ਵਿਚ ਸ਼ਹਿਜ਼ਾਦਿਆਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਦੁਸ਼ਮਣ ਵਿਰੁੱਧ ਲੜਦੇ ਰਹੇ ਅਤੇ ਸਿੱਖ ਫੌਜਾਂ ਨੂੰ ਯੋਗ ਅਗਵਾਈ ਦਿੰਦੇ ਰਹੇ। 1831 ਈ: ਵਿਚ ਸੱਯਦ ਅਹਿਮਦ ਬਰੇਲਵੀ ਵਿਰੁੱਧ ਦਰਿਆ ਅਟਕ ਦੇ ਲਾਗੇ ਹੋਏ ਯੁੱਧ ਵਿਚ ਸਰਦਾਰ ਸ਼ਾਮ ਸਿੰਘ ਅਟਾਰੀ ਨੇ ਐਸੇ ਜੌਹਰ ਦਿਖਾਏ ਕਿ ਪਠਾਣ ਇਹ ਕਹਿਣ ਲੱਗ ਪਏ ਸਨ, ‘ਖੁਦਾ ਹਮ ਖਾਲਸਾ ਸੁਦਾ’ ਭਾਵ ਸਾਡੇ ਲਈ ਤਾਂ ਖਾਲਸਾ ਹੀ ਖੁਦਾ ਦੇ ਤੁਲ ਹੈ। ਇਹ ਉਹੀ ਪਠਾਣ ਕੌਮ ਸੀ ਜਿਸ ਨੂੰ ਸ਼ਕਤੀਸ਼ਾਲੀ ਅੰਗਰੇਜ਼ ਵੀ ਫਤਿਹ ਨਹੀਂ ਸੀ ਕਰ ਸਕਿਆ।

ਸਰਦਾਰ ਸ਼ਾਮ ਸਿੰਘ ਅਟਾਰੀ ਨੇ ਖਾਲਸਾ ਰਾਜ ਦੀ ਵਿਸ਼ਾਲਤਾ ਲਈ ਲੜੀਆਂ ਗਈਆਂ ਤਕਰੀਬਨ ਸਾਰੀਆਂ ਹੀ ਲੜਾਈਆਂ ਵਿਚ ਮੂਹਰੇ ਹੋ ਕੇ ਮਹੱਤਵਪੂਰਨ ਯੋਗਦਾਨ ਪਾਇਆ। ਇਨ੍ਹਾਂ ਲੜਾਈਆਂ ਵਿੱਚੋਂ ਮੁਲਤਾਨ, ਕਸ਼ਮੀਰ, ਅਟਕ, ਬਨੂੰ ਕੁਹਾਟ, ਜਮਰੌਦ ਅਤੇ ਪਿਸ਼ਾਵਰ ਨੂੰ 1818 ਈ:, 1822 ਈ: ਅਤੇ 1834 ਈ: (ਮੁਕੰਮਲ ਕਬਜ਼ਾ) ਦੀਆਂ ਲੜਾਈਆਂ ਮਹੱਤਵਪੂਰਨ ਸਨ।

ਸਰਦਾਰ ਸ਼ਾਮ ਸਿੰਘ ਵੱਲੋਂ ਸਾਰੇ ਜੰਗਾਂ-ਯੁੱਧਾਂ ਵਿਚ ਦਿਖਾਈ ਜਾਂਬਾਜ਼ੀ, ਬਹਾਦਰੀ, ਨਿਪੁੰਨ ਯੁੱਧ-ਨੀਤੀ ਸਦਕਾ ਉਹ ਖਾਲਸਾ ਫੌਜਾਂ ਵਿਚ ਬਹੁਤ ਸਤਿਕਾਰਿਆ ਜਾਣ ਲੱਗਾ। ਇਸ ਲੰਮੇ ਅਤੇ ਖ਼ਤਰਿਆਂ ਭਰੇ ਜੀਵਨ ਅਤੇ ਵਫਾਦਾਰੀ ਕਾਰਨ ਸਰਦਾਰ ਸ਼ਾਮ ਸਿੰਘ ਅਟਾਰੀ ਮਹਾਰਾਜਾ ਰਣਜੀਤ ਸਿੰਘ ਅਤੇ ਉਨ੍ਹਾਂ ਦੇ ਪਰਵਾਰ ਦੇ ਬਹੁਤ ਨੇੜੇ ਹੋ ਗਿਆ ਸੀ। ਲਾਹੌਰ ਦਰਬਾਰ ਵਿਚ ਵੀ ਉਸ ਦਾ ਸਤਿਕਾਰ ਬਹੁਤ ਵਧ ਗਿਆ ਸੀ।

ਇਸੇ ਨੇੜਤਾ ਅਤੇ ਵਿਸ਼ਵਾਸ ਦਾ ਨਤੀਜਾ ਸੀ ਕਿ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਪੋਤਰੇ ਕੰਵਰ ਨੌਨਿਹਾਲ ਸਿੰਘ ਦੀ ਸ਼ਾਦੀ ਸਰਦਾਰ ਸ਼ਾਮ ਸਿੰਘ ਅਟਾਰੀ ਦੀ ਲੜਕੀ ਬੀਬੀ ਨਾਨਕੀ ਨਾਲ ਨੀਯਤ ਕੀਤੀ। ਇਸ ਤਰ੍ਹਾਂ ਉਹ ਲਾਹੌਰ ਦਰਬਾਰ ਦਾ ਇਕ ਜਰਨੈਲ ਨਾ ਰਹਿ ਕੇ ਸ਼ਾਹੀ ਪਰਵਾਰ ਦਾ ਰਿਸ਼ਤੇਦਾਰ ਬਣ ਗਿਆ। ਮੰਗਣੀ ਦੀ ਰਸਮ 1835 ਈ: ਵਿਚ ਕੀਤੀ ਗਈ ਸੀ। 1837 ਈ: ਵਿਚ ਵਿਆਹ ਰਚਾਇਆ ਗਿਆ।

ਇਹ ਵਿਆਹ ਬੜੀ ਧੂਮ-ਧਾਮ ਨਾਲ ਕੀਤਾ ਗਿਆ। ਇਸ ਲਈ ਮਹਾਰਾਜਾ ਸਾਹਿਬ ਵੱਲੋਂ ਲੱਗਭਗ ਪੰਜ ਲੱਖ ਸੱਦਾ-ਪੱਤਰ ਭੇਜੇ ਗਏ। ਇਸ ਵਿਚ ਸਿੱਖ ਰਿਆਸਤਾਂ ਦੇ ਰਾਜੇ, ਪਹਾੜੀ ਰਾਜੇ, ਪੰਜਾਬ ਦੇ ਸਾਰੇ ਜਾਗੀਰਦਾਰ, ਈਸਟ ਇੰਡੀਆ ਕੰਪਨੀ ਵੱਲੋਂ ਕਮਾਂਡਰ-ਇਨ-ਚੀਫ਼ ਸਰ ਹੈਨਰੀ ਫੇਨ ਸ਼ਾਮਲ ਹੋਏ। ਵਿਆਹ ਤੋਂ ਦੋ ਦਿਨ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਰਾਮ ਬਾਗ ਸ੍ਰੀ ਅੰਮ੍ਰਿਤਸਰ ਵਿਖੇ ਚਲੇ ਗਏ। 6 ਮਾਰਚ ਨੂੰ ਨਿਉਂਦਰੇ ਦੀ ਰਸਮ ਹੋਈ। ਸਭ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀਆਂ ਨੇ 125 ਰੁਪਏ ਤੇ ਬਲੋ ਪਾਇਆ। ਸਰ ਹੈਨਰੀ ਫੇਨ ਨੇ 15000 ਤੇ ਬਲੋ ਭੇਟਾ ਕੀਤੇ। 7 ਮਾਰਚ ਨੂੰ ਫੌਜਾਂ ਦੀਆਂ ਟੁਕੜੀਆਂ ਨੂੰ ਅਟਾਰੀ ਵੱਲ ਕੂਚ ਕਰਨ ਦਾ ਹੁਕਮ ਦਿੱਤਾ ਗਿਆ। ਸਿਹਰੇ ਦੀ ਰਸਮ ਸ੍ਰੀ ਦਰਬਾਰ ਸਾਹਿਬ ਵਿਖੇ ਕੀਤੀ ਗਈ। ਇਸ ਰਾਤ ਪਿੰਡ ਬੋਪਾਰਾਏ ਉਤਾਰਾ ਕੀਤਾ ਗਿਆ। 8 ਮਾਰਚ ਨੂੰ ਬਰਾਤ ਹਾਥੀਆਂ ਉੱਤੇ ਅਟਾਰੀ ਪਿੰਡ ਵੱਲ ਚੱਲੀ। ਮਹਾਰਾਜਾ ਰਣਜੀਤ ਸਿੰਘ ਨੇ ਹੀਰੇ-ਜਵਾਹਰਾਤ ਪਹਿਨੇ ਹੋਏ ਸਨ ਅਤੇ ਡੌਲੇ ਉੱਤੇ ਕੋਹਿਨੂਰ ਹੀਰਾ ਚਮਕ ਰਿਹਾ ਸੀ। ਸਾਰੇ ਰਸਤੇ ਮਹਾਰਾਜਾ ਸਾਹਿਬ ਖ਼ੈਰਾਤ ਲੈਣ ਵਾਲਿਆਂ ਨੂੰ ਸੋਟ ਕਰਦੇ ਗਏ। ਸਰਦਾਰ ਸ਼ਾਮ ਸਿੰਘ ਨੇ ਅਟਾਰੀ ਪਹੁੰਚਣ ’ਤੇ ਬਰਾਤ ਦਾ ਸ਼ਾਨਦਾਰ ਸਵਾਗਤ ਕੀਤਾ। ਪਹਿਲਾਂ ਮਿਲਣੀ ਹੋਈ। ਫਿਰ ਮਹਾਰਾਜਾ ਰਣਜੀਤ ਸਿੰਘ ਦਾ ਉਤਾਰਾ ਬਾਰਾਂਦਰੀ ਵਿਚ ਕਰਵਾਇਆ ਗਿਆ। ਬਾਰਾਂਦਰੀ ਤੋਂ ਅਟਾਰੀ ਤਕ ਦੀਪਮਾਲਾ ਕੀਤੀ ਗਈ ਸੀ। ਮਹਾਰਾਜਾ ਸਾਹਿਬ ਜੰਝ ਦੇ ਅੱਗੇ ਲੱਗ ਕੇ ਅਨੰਦ ਕਾਰਜ ਲਈ ਗਏ। ਵਾਪਸ ਆ ਕੇ ਬਾਰਾਂਦਰੀ ਵਿਚ ਇਕ ਜਸ਼ਨ ਮਨਾਇਆ ਗਿਆ।

9 ਮਾਰਚ ਦੇ ਦਿਨ ਫੌਜਾਂ ਦੀ ਟੁੱਕੜੀ ਅਤੇ ਸਰਦਾਰ ਅਟਾਰੀ ਹੀ ਰਹੇ। ਲੌਢੇ ਵੇਲੇ ਖਟ ਦਾ ਵਿਹਾਰ ਵੇਖਣ ਲਈ ਮਹਾਰਾਜਾ ਸਾਹਿਬ ਖੁਦ ਗਏ। ਖਟ ਵਿਚ ਇਹ ਸਮਾਨ ਰੱਖਿਆ ਗਿਆ ਸੀ। 11 ਜੋੜੇ ਤਿਉਰ ਤੇ ਬਿਉਰ, 4 ਸੋਨੇ ਜੜੇ ਕੱਪੜੇ ਦੇ ਜੋੜੇ, 101 ਊਠ, 101 ਘੋੜੇ, 101 ਗਾਈਆਂ, 101 ਮੱਝਾਂ, 101 ਬੱਕਰੀਆਂ, ਛੇ ਹਾਥੀ ਅਤੇ ਹੋਰ ਸੋਨੇ ਦੇ ਗਹਿਣੇ ਅਤੇ ਭਾਂਡੇ ਆਦਿ। ਡੋਲੀ ਦੀ ਰਵਾਨਗੀ 10 ਮਾਰਚ ਨੂੰ ਹੋਈ। ਮਹਾਰਾਜਾ ਰਣਜੀਤ ਸਿੰਘ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚ ਕੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ। ਅੰਗਰੇਜ਼ ਪ੍ਰਾਹੁਣਿਆਂ ਦੀ ਵਾਪਸੀ ਦੇ ਮੌਕੇ ਇਕ ਹੋਰ ਸਮਾਗਮ ਸਰਦਾਰ ਸ਼ਾਮ ਸਿੰਘ ਵੱਲੋਂ ਕਸੂਰ ਵਿਖੇ ਕਰਵਾਇਆ ਗਿਆ। ਇਸ ਵਿਆਹ ਨਾਲ ਸਰਦਾਰ ਸ਼ਾਮ ਸਿੰਘ ਨੂੰ ਦੇਸ਼ਾਂ-ਵਿਦੇਸ਼ਾਂ ਵਿਚ ਵੀ ਪ੍ਰਸਿੱਧੀ ਹਾਸਲ ਹੋਈ।

ਵਿਆਹ ਤੋਂ ਬਾਅਦ ਅਗਲੇ ਮਹੀਨੇ ਹੀ ਅਫਗਾਨਾਂ ਨੇ ਜਮਰੌਦ ਉੱਤੇ ਹਮਲਾ ਕਰ ਦਿੱਤਾ। ਸਰਦਾਰ ਹਰੀ ਸਿੰਘ ਨਲੂਆ ਨੇ ਭਾਵੇਂ ਅਫਗਾਨਾਂ ਨੂੰ ਭਜਾ ਦਿੱਤਾ ਸੀ ਪਰ ਉਹ ਆਪ ਇਕ ਅਫਗਾਨ ਦੀ ਗੋਲੀ ਦਾ ਸ਼ਿਕਾਰ ਹੋ ਕੇ ਸ਼ਹੀਦ ਹੋ ਗਏ। ਸਰਦਾਰ ਹਰੀ ਸਿੰਘ ਦੀ ਮ੍ਰਿਤੂ ਦੀ ਖਬਰ ਸੁਣਦਿਆਂ ਹੀ ਮਹਾਰਾਜਾ ਰਣਜੀਤ ਸਿੰਘ ਨੇ ਸਰਦਾਰ ਤੇਜ ਸਿਹੁੰ ਅਤੇ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਨੂੰ ਪਿਸ਼ਾਵਰ ਵੱਲ ਨੂੰ ਕੂਚ ਕਰਨ ਦਾ ਹੁਕਮ ਦਿੱਤਾ। ਕੰਵਰ ਨੌਨਿਹਾਲ ਸਿੰਘ ਅਤੇ ਮਹਾਰਾਜਾ ਰਣਜੀਤ ਸਿੰਘ ਨੇ ਵੀ ਪਿਸ਼ਾਵਰ ਨੂੰ ਚਾਲੇ ਪਾਏ। ਸਿੱਖ ਫੌਜਾਂ ਦੇ ਪਹੁੰਚਦਿਆਂ ਹੀ ਅਫਗਾਨ ਨੱਸ ਉੱਠੇ। 1838 ਈ: ਵਿਚ ਅੰਗਰੇਜ਼ਾਂ ਨੇ ਸ਼ਾਹ ਸੁਜਾਹ ਨੂੰ ਕਾਬਲ ਦੇ ਤਖਤ ਉੱਤੇ ਬਿਠਾਉਣ ਲਈ ਸਹਾਇਤਾ ਕੀਤੀ। ਇਸ ਮੌਕੇ ਮਹਾਰਾਜਾ ਰਣਜੀਤ ਸਿੰਘ ਨੇ ਵੀ ਕੰਵਰ ਨੌਨਿਹਾਲ ਸਿੰਘ ਅਤੇ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਨੂੰ ਸਿੱਖ ਫੌਜ ਦੇ ਕੇ ਨਾਲ ਭੇਜਿਆ। ਮਹਾਰਾਜਾ ਰਣਜੀਤ ਸਿੰਘ ਦੀ ਵਿਗੜ ਰਹੀ ਸਿਹਤ ਅਤੇ ਡੋਗਰਿਆਂ ਦੇ ਲਾਹੌਰ ਦਰਬਾਰ ਵਿਚ ਨਿੱਤ ਵਧ ਰਹੇ ਪ੍ਰਭਾਵ ਅਤੇ ਦਖਲ-ਅੰਦਾਜ਼ੀ ਕਾਰਨ ਸਰਦਾਰ ਸ਼ਾਮ ਸਿੰਘ ਅਟਾਰੀ ਚਿੰਤਤ ਸਨ। ਕਦੇ-ਕਦਾਈਂ ਉਹ ਮਹਾਰਾਜਾ ਸਾਹਿਬ ਨਾਲ ਇਸ ਸੰਬੰਧੀ ਗੱਲ ਵੀ ਕਰਦੇ ਪਰੰਤੂ ਕਪਟੀ ਡੋਗਰੇ ਮਹਾਰਾਜਾ ਸਾਹਿਬ ਨੂੰ ਚਿਕਨੀਆਂ-ਚੋਪੜੀਆਂ ਗੱਲਾਂ ਕਰਕੇ ਅਤੇ ਮਹਾਰਾਜੇ ਦੇ ਰਿਸ਼ਤੇਦਾਰਾਂ ਅਤੇ ਸਰਦਾਰਾਂ ਬਾਰੇ ਚੁਗਲੀਆਂ ਕਰਕੇ ਕੰਨ ਭਰਦੇ ਰਹਿੰਦੇ ਸਨ, ਜਿਸ ਕਰ ਕੇ ਮਹਾਰਾਜਾ ਉਨ੍ਹਾਂ ਉੱਤੇ ਪੂਰਾ ਵਿਸ਼ਵਾਸ ਕਰਦਾ ਸੀ। ਰਾਜ-ਕੁਰਸੀ ਉੱਤੇ ਬਿਰਾਜਮਾਨ ਹਰ ਵਿਅਕਤੀ ਦੀ ਇਹ ਕਮਜ਼ੋਰੀ ਹੋ ਨਿੱਬੜਦੀ ਹੈ ਜੋ ਅੰਤ ਨੂੰ ਰਾਜ ਕਰਨ ਵਾਲੇ ਅਤੇ ਰਾਜ (ਦੇਸ਼) ਲਈ ਅਤਿ ਘਾਤਕ ਸਿੱਧ ਹੁੰਦੀ ਹੈ। ਅਨੇਕਾਂ ਮੁਲਕਾਂ ਦੇ ਇਤਿਹਾਸ ਇਸ ਤੱਥ ਦੀ ਗਵਾਹੀ ਭਰਦੇ ਹਨ।

1839 ਈ: ਵਿਚ ਮਹਾਰਾਜਾ ਰਣਜੀਤ ਸਿੰਘ ਦੇ ਦੇਹਾਂਤ ਪਿੱਛੋਂ ਲਾਹੌਰ ਦਰਬਾਰ ਨਿੱਤ ਦੀਆਂ ਨਵੀਆਂ ਸਾਜ਼ਿਸ਼ਾਂ ਦਾ ਗੜ੍ਹ ਬਣ ਕੇ ਰਹਿ ਗਿਆ ਸੀ। ਡੋਗਰਿਆਂ ਦੀਆਂ ਸਾਜ਼ਿਸ਼ਾਂ ਦੇ ਸ਼ਿਕਾਰ ਹੋਏ ਮਹਾਰਾਜਾ ਖੜਕ ਸਿੰਘ, ਕੰਵਰ ਨੌਨਿਹਾਲ ਸਿੰਘ ਅਤੇ ਮਹਾਰਾਜਾ ਸ਼ੇਰ ਸਿੰਘ ਦੇ ਚਲਾਣੇ ਪਿੱਛੋਂ ਮਹਾਰਾਜਾ ਰਣਜੀਤ ਸਿੰਘ ਦੇ ਛੋਟੇ ਸਪੁੱਤਰ ਬਾਲਕ ਦਲੀਪ ਸਿੰਘ ਨੂੰ ਤਖਤ ਉੱਤੇ ਬਿਠਾਇਆ ਗਿਆ। ਹੁਣ ਉੱਥੇ ਸਰਦਾਰ ਧਿਆਨ ਸਿਹੁੰ ਅਤੇ ਉਸ ਦੇ ਪੁੱਤਰ ਸਰਦਾਰ ਹੀਰਾ ਸਿਹੁੰ ਆਦਿ ਡੋਗਰਿਆਂ ਦੀ ਨੀਤੀ ਚੱਲਦੀ ਸੀ ਜੋ ਅਸਲ ਵਿਚ ਰਾਜ-ਭਾਗ ਉੱਤੇ ਕਾਬਜ਼ ਸਨ। ਸਰਦਾਰਾਂ ਦੀਆਂ ਜਾਗੀਰਾਂ ਖੋਹੀਆਂ ਜਾਣ ਲੱਗੀਆਂ। ਡੋਗਰਿਆਂ ਦੀਆਂ ਗ਼ਲਤ ਅਤੇ ਸਿੱਖ-ਵਿਰੋਧੀ ਨੀਤੀਆਂ ਅਤੇ ਸੁਆਰਥੀ ਪਹੁੰਚ ਕਾਰਨ ਸਰਦਾਰ ਸ਼ਾਮ ਸਿੰਘ ਅਟਾਰੀ ਦੇ ਡੋਗਰਿਆਂ ਨਾਲ ਮੱਤਭੇਦ ਡੂੰਘੇ ਹੋ ਗਏ। ਜੋ ਅੱਗ ਨੂੰ ਆਈ ਹੀ ਘਰਵਾਲੀ ਬਣ ਬੈਠੀ ਸੀ। ਇਸ ਤੋਂ ਨਰਾਜ਼ ਹੋ ਕੇ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਛੁੱਟੀ ਲੈ ਕੇ ਕੁਝ ਦਿਨਾਂ ਲਈ ਆਪਣੀ ਜਾਗੀਰ ’ਤੇ ਚਲਾ ਗਿਆ। ਇਸ ਤੋਂ ਛੇਤੀ ਹੀ ਪਿੱਛੋਂ ਮਹਾਰਾਣੀ ਜਿੰਦਾਂ ਦੀ ਡੋਗਰਿਆਂ ਨਾਲ ਵਿਗੜ ਗਈ। ਇਸ ਲਈ ਸਰਦਾਰ ਸ਼ਾਮ ਸਿੰਘ ਨੂੰ ਵਾਪਸ ਬੁਲਾਇਆ ਗਿਆ। ਇਸ ਵੇਲੇ ਮਹਾਰਾਜਾ ਦਲੀਪ ਸਿੰਘ ਤਖਤ ਦਾ ਮਾਲਕ ਸੀ ਅਤੇ ਰਾਜਾ ਹੀਰਾ ਸਿਹੁੰ ਉਸ ਦਾ ਵਜ਼ੀਰ। ਮਹਾਰਾਣੀ ਜਿੰਦਾਂ ਰਾਜਾ ਹੀਰਾ ਸਿਹੁੰ ਦੇ ਹੱਥੋਂ ਤੰਗ ਆ ਗਈ ਸੀ। ਉਸ ਨੇ ਰਾਜਾ ਹੀਰਾ ਸਿਹੁੰ ਦੇ ਖਿਲਾਫ਼ ਸਿੱਖ ਫੌਜਾਂ ਦੀ ਮਦਦ ਮੰਗੀ। ਸਿੱਖ ਫੌਜਾਂ ਨੇ ਮਹਾਰਾਜਾ ਦਲੀਪ ਸਿੰਘ ਨੂੰ ਪੰਜਾਬ ਦਾ ਬਾਦਸ਼ਾਹ ਮੰਨਿਆ ਅਤੇ ਮਹਾਰਾਣੀ ਜਿੰਦਾਂ ਦਾ ਸਾਥ ਦਿੱਤਾ। ਇਹ ਵੇਖ ਕੇ ਰਾਜਾ ਹੀਰਾ ਸਿਹੁੰ ਅਤੇ ਸਾਜ਼ਸ਼ੀ ਪੰਡਤ ਜੱਲ੍ਹਾ ਸ਼ਾਹਦਰੇ ਵੱਲ ਨੂੰ ਭੱਜ ਨਿਕਲੇ ਜਿੱਥੇ ਉਹ ਲਾਹੌਰ ਦਰਬਾਰ ਦੇ ਖ਼ਿਲਾਫ਼ ਫੌਜ ਇਕੱਠੀ ਕਰ ਰਹੇ ਸਨ। ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਉਹ ਰਸਤੇ ਵਿਚ ਹੀ ਮਾਰ ਦਿੱਤੇ ਗਏ।

ਰਾਜਾ ਹੀਰਾ ਸਿਹੁੰ ਤੋਂ ਬਾਅਦ ਸਰਦਾਰ ਜਵਾਹਰ ਸਿੰਘ ਵਜ਼ੀਰ ਬਣਿਆ ਅਤੇ ਮਿਸਰ ਲਾਲ ਸਿਹੁੰ ਸਲਾਹਕਾਰ ਨਿਯੁਕਤ ਕੀਤਾ ਗਿਆ। ਆਪਣੇ ਆਪ ਨੂੰ ਇਨਸਾਫ-ਪਸੰਦ ਅਤੇ ਸਭਿਅਕ ਹੋਣ ਦਾ ਦਾਅਵਾ ਕਰਨ ਵਾਲੇ ਅੰਗਰੇਜ਼ ਦੇ ਚਿੱਟੇ ਸਰੀਰ ਵਿਚ ਪਿਆ ਕਾਲਾ ਦਿਲ ਪ੍ਰਗਟ ਹੋ ਗਿਆ। ਅੰਗਰੇਜ਼ ਮੁੱਢੋਂ ਹੀ ਮਨ ਦਾ ਕਾਲਾ ਸੀ ਅਤੇ ਸ਼ਾਤਰ ਸੀ। ਫਿਰੰਗੀ ਮਹਾਰਾਜੇ ਦੇ ਚਲਾਣੇ ਤੋਂ ਬਾਅਦ ਲਗਾਤਾਰ ਪੰਜਾਬ ਉੱਤੇ ਕਬਜ਼ਾ ਕਰਨ ਦੀਆਂ ਵਿਉਂਤਾਂ ਬਣਾ ਰਹੇ ਸਨ। ਬਾਕੀ ਦਾ ਸਾਰਾ ਭਾਰਤ ਅੰਗਰੇਜ਼ ਨੇ ਬਹੁਤ ਦੇਰ ਪਹਿਲਾਂ ਹੀ ਆਪਣਾ ਗੁਲਾਮ ਬਣਾ ਲਿਆ ਸੀ। ਅੰਗਰੇਜ਼ ਨੇ ਸਿੱਖ ਫੌਜ ਦੇ ਕਮਾਂਡਰ-ਇਨ-ਚੀਫ ਮਿਸਰ ਤੇਜ ਸਿਹੁੰ ਅਤੇ ਸਲਾਹਕਾਰ ਮਿਸਰ ਲਾਲ ਸਿਹੁੰ ਦੋਨਾਂ ਪੂਰਬੀਆਂ ਅਤੇ ਜੰਮੂ ਦੇ ਡੋਗਰੇ ਰਾਜਾ ਗੁਲਾਬ ਸਿਹੁੰ ਨੂੰ ਆਪਣੇ ਨਾਲ ਗੰਢ ਲਿਆ। ਅੰਗਰੇਜ਼ਾਂ ਨਾਲ ਮਿਲੀ ਭੁਗਤ ਦੇ ਨਤੀਜੇ ਵਜੋਂ ਮਿਸਰ ਤੇਜ ਸਿਹੁੰ ਅਤੇ ਮਿਸਰ ਲਾਲ ਸਿਹੁੰ ਨੇ 15-16 ਦਸੰਬਰ ਨੂੰ ਜ਼ਮੀਨੀ ਸਥਿਤੀ ਦੇ ਉਲਟ ਮੰਦਭਾਵਨਾ ਨਾਲ ਖਾਲਸਾ ਫੌਜਾਂ ਤੋਂ ਬਿਨਾਂ ਕਿਸੇ ਵਿਉਂਤਬੰਦੀ ਦੇ ਸਤਲੁਜ ਪਾਰ ਕਰ ਕੇ ਮੁਦਕੀ ’ਤੇ ਹਮਲਾ ਕਰਵਾ ਦਿੱਤਾ। ਉਨ੍ਹਾਂ ਨੇ ਸਿੱਖ ਫੌਜ ਨੂੰ ਦੋ ਹਿੱਸਿਆਂ ਵਿਚ ਵੰਡ ਕੇ ਇਸ ਦੀ ਹਾਰ ਕਰਵਾ ਦਿੱਤੀ। ਇਸ ਤੋਂ ਪਿੱਛੋਂ 22 ਦਸੰਬਰ ਨੂੰ ਫੇਰੂ ਸ਼ਹਿਰ ਦੇ ਮੈਦਾਨ ਵਿਚ ਖਾਲਸਾ ਫੌਜ ਨੇ ਗੋਰਿਆਂ ਦੇ ਛੱਕੇ ਛੁਡਵਾ ਦਿੱਤੇ, ਪਰ ਤੇਜ ਸਿਹੁੰ ਅਤੇ ਲਾਲ ਸਿਹੁੰ ਦੀ ਬੇਈਮਾਨੀ ਅਤੇ ਗ਼ੱਦਾਰੀ ਕਾਰਨ ਇਸ ਜਿੱਤ ਦਾ ਫਾਇਦਾ ਨਾ ਉਠਾਇਆ ਗਿਆ। ਇਸ ਤੋਂ ਬਾਅਦ 6 ਜਨਵਰੀ, 1846 ਈ: ਨੂੰ ਬੱਦੋਵਾਲ ਅਤੇ 28 ਜਨਵਰੀ ਨੂੰ ਅਲੀਵਾਲ ਵਿਖੇ ਸਿੱਖ ਫੌਜ ਨੂੰ ਯੋਗ ਅਗਵਾਈ ਅਤੇ ਲੋੜੀਂਦਾ ਗੋਲਾ- ਬਾਰੂਦ ਨਾ ਮਿਲਣ ਕਰਕੇ ਹਾਰ ਦਾ ਮੂੰਹ ਵੇਖਣਾ ਪਿਆ। ਸਰਦਾਰ ਸ਼ਾਮ ਸਿੰਘ ਅਟਾਰੀ ਇਨ੍ਹਾਂ ਲੜਾਈਆਂ ਵਿਚ ਮੌਜੂਦ ਨਹੀਂ ਸੀ। ਫੇਰੂ ਸ਼ਹਿਰ ਦੀ ਜੰਗ ਪਿੱਛੋਂ ਮਹਾਰਾਣੀ ਜਿੰਦਾਂ ਨੇ ਸਰਦਾਰ ਸ਼ਾਮ ਸਿੰਘ ਨੂੰ ਲਾਹੌਰ ਆਉਣ ਲਈ ਸੁਨੇਹਾ ਦੇਣ ਲਈ 10 ਘੋੜ-ਸਵਾਰ ਭੇਜੇ। ਮਹਾਰਾਣੀ ਜਿੰਦ ਕੌਰ ਵੱਲੋਂ ਸਰਦਾਰ ਸ਼ਾਮ ਸਿੰਘ ਅਟਾਰੀ ਨੂੰ ਲਿੱਖੀ ਚਿੱਠੀ ਵਿਚ ਅੰਕਿਤ ਜਜ਼ਬਾਤ ਅਤੇ ਵਾਰਤਲਾਪ ਨੂੰ ਪੰਥ ਦੇ ਪ੍ਰਸਿੱਧ ਕਵੀ, ਢਾਡੀ, ਸਾਹਿਤਕਾਰ ਅਤੇ ਇਤਿਹਾਸਕਾਰ ਗਿਆਨੀ ਸੋਹਣ ਸਿੰਘ ਸੀਤਲ ਵੱਲੋਂ ਇਉਂ ਬਿਆਨ ਕੀਤਾ ਗਿਆ ਹੈ:

ਚਿੱਠੀ ਲਿਖੀ ਮਹਾਰਾਣੀ ਨੇ ਸ਼ਾਮ ਸਿੰਘ ਨੂੰ,
ਬੈਠ ਰਿਹੋਂ ਕੀ ਚਿੱਤ ਵਿਚ ਧਾਰ ਸਿੰਘਾ!
ਦੋਵੇਂ ਜੰਗ ਮੁੱਦਕੀ ਫੇਰੂ ਸ਼ਹਿਰ ਵਾਲੇ,
ਸਿੰਘ ਆਏ ਅੰਗਰੇਜ਼ਾਂ ਤੋਂ ਹਾਰ ਸਿੰਘਾ!
ਕਾਹਨੂੰ ਹਾਰਦੇ ਕਿਉਂ ਮਿਹਣੇ ਜੱਗ ਦਿੰਦਾ,
ਜਿਉਂਦੀ ਹੁੰਦੀ ਜੇ ਅੱਜ ਸਰਕਾਰ ਸਿੰਘਾ?
ਤੇਗ ਸਿੰਘਾਂ ਦੀ ਤਾਂ ਖੁੰਢੀ ਨਹੀਂ ਹੋਈ,
ਐਪਰ ਆਪਣੇ ਹੋ ਗਏ ਗ਼ੱਦਾਰ ਸਿੰਘਾ!
ਹੁਣ ਵੀ ਚਮਕੀ ਨਾ ਜੇ ਸਿੰਘਾਂ ਤੇਗ ਤੇਰੀ,
ਤਾਂ ਫਿਰ ਸਾਰੇ ਨਿਸ਼ਾਨ ਸਭ ਮਿਟਾਏ ਜਾਸਨ।
ਤੇਰੇ ਲਾਡਲੇ ਕੌਰ ਦੀ ਹਿੱਕ ਉੱਤੇ,
ਕੱਲ੍ਹ ਨੂੰ ਗੈਰਾਂ ਦੇ ਝੰਡੇ ਝੁਲਾਏ ਜਾਸਨ।
ਪੁੱਟ ਸ਼ੇਰੇ-ਪੰਜਾਬ ਦੀ ਮੜ੍ਹੀ ਤਾਈਂ,
ਉਹਦੇ ਪੈਰਾਂ ਵਿਚ ਫੁੱਲ ਰੁਲਾਏ ਜਾਸਨ।
ਬਦਲੀ ਜਿਨ੍ਹੇ ਤਕਦੀਰ ਪੰਜਾਬ ਦੀ ਸੀ,
ਉਹਦੀ ਆਤਮਾ ਨੂੰ ਤੀਰ ਲਾਏ ਜਾਸਨ।
ਅਜੇ ਸਮਾਂ ਈ ਵਕਤ ਸੰਭਾਲ ਸਿੰਘਾ,
ਰੁੜ੍ਹੀ ਜਾਂਦੀ ਪੰਜਾਬ ਦੀ ਸ਼ਾਨ ਰੱਖ ਲੈ!
ਲਹਿੰਦੀ ਦਿੱਸੇ ਰਣਜੀਤ ਦੀ ਪੱਗ ਮੈਨੂੰ,
ਮੋਏ ਮਿੱਤਰ ਦੀ ਯੋਧਿਆ ਆਨ ਰੱਖ ਲੈ!

ਸਰਦਾਰ ਸ਼ਾਮ ਸਿੰਘ ਸੁਨੇਹਾ ਮਿਲਦੇ ਸਾਰ ਲਾਹੌਰ ਪਹੁੰਚੇ। ਸਰਦਾਰ ਸ਼ਾਮ ਸਿੰਘ ਨੇ ਜਦੋਂ ਸਾਰੀ ਸਥਿਤੀ ਦੀ ਛਾਣਬੀਣ ਕੀਤੀ ਤਾਂ ਸਿੱਖ ਫੌਜ ਦੀ ਕਮਾਨ ਸੰਭਾਲਣ ਤੋਂ ਉਨ੍ਹਾਂ ਦਾ ਮਨ ਹਿਚਕਿਚਾਇਆ ਕਿਉਂਕਿ ਫੌਜ ਵਿਚ ਡੋਗਰਿਆਂ ਅਤੇ ਪੂਰਬੀਆਂ ਵੱਲੋਂ ਪੈਦਾ ਕੀਤੀ ਗਈ ਫੁੱਟ, ਇਨ੍ਹਾਂ ਗ਼ੱਦਾਰਾਂ ਦੀ ਅੰਗਰੇਜ਼ ਨਾਲ ਸਾਜ਼ਬਾਜ਼ ਅਤੇ ਲਾਹੌਰ ਦਰਬਾਰ ਦੇ ਰਾਜ-ਪ੍ਰਬੰਧ ਉੱਤੇ ਮੁਕੰਮਲ ਕਬਜ਼ਾ ਆਦਿ ਕਾਰਨਾਂ ਦੇ ਮੱਦੇ ਨਜ਼ਰ ਉਹ ਸਮਝ ਗਏ ਸਨ ਕਿ ਜਿਹੋ ਜਿਹੇ ਹਾਲਾਤ ਹਨ ਇਨ੍ਹਾਂ ਵਿਚ ਉਹ ਕੁਝ ਕਰ ਤਾਂ ਨਹੀਂ ਸਕਦੇ, ਬਸ ਆਪਣੀ ਕੁਰਬਾਨੀ ਹੀ ਦੇ ਸਕਦੇ ਹਨ। ਲਾਹੌਰ ਦਰਬਾਰ ਅਤੇ ਪੰਜਾਬ ਦੀ ਸੁਤੰਤਰਤਾ ਦੀ ਭਾਵਨਾ ਉਨ੍ਹਾਂ ਦੇ ਦਿਲ ਵਿਚ ਇੰਨੀ ਧੱਸੀ ਹੋਈ ਸੀ ਕਿ ਉਨ੍ਹਾਂ ਨੇ ਇਕ ਵਾਰ ਅੰਗਰੇਜ਼ਾਂ ਨਾਲ ਦੋ ਹੱਥ ਕਰ ਕੇ ਕਿਸਮਤ ਅਜ਼ਮਾਉਣ ਦਾ ਫੈਸਲਾ ਕਰ ਲਿਆ। ਕਿਉਂਕਿ ਸਰਦਾਰ ਸ਼ਾਮ ਸਿੰਘ ‘ਗੁਰੂ ਕਾ ਸਿੱਖ’ ਸਿੰਘ ਸੂਰਮਾ ਅਤੇ ਲਾਹੌਰ ਦਰਬਾਰ ਅਤੇ ਸਰਕਾਰ-ਏ-ਖਾਲਸਾ ਦਾ ਪੱਕਾ ਹਿਤੈਸ਼ੀ ਸੀ। ਉਸ ਨੇ ਡਗਮਗ ਛੱਡ ਕੇ ਮੈਦਾਨ-ਏ-ਜੰਗ ਵਿਚ ਜੂਝਣ ਦਾ ਫੈਸਲਾ ਕਰ ਲਿਆ। ਉਨ੍ਹਾਂ ਦੇ ਸਾਹਮਣੇ ਭਗਤ ਕਬੀਰ ਜੀ ਵੱਲੋਂ ਸੰਸਾਰ ਨੂੰ ਬਖਸ਼ਿਆ ਮਹਾਨ ਸਿਧਾਂਤ ਬਤੌਰ ਪੱਥ- ਪਰਦਰਸ਼ਕ ਸੀ। ਭਗਤ ਕਬੀਰ ਜੀ ਇਉਂ ਫ਼ੁਰਮਾਉਂਦੇ ਹਨ:

ਡਗਮਗ ਛਾਡਿ ਰੇ ਮਨ ਬਉਰਾ॥
ਅਬ ਤਉ ਜਰੇ ਮਰੇ ਸਿਧਿ ਪਾਈਐ ਲੀਨੋ ਹਾਥਿ ਸੰਧਉਰਾ॥ (ਪੰਨਾ 338)

ਅਤੇ

ਕਬੀਰ ਐਸੀ ਹੋਇ ਪਰੀ ਮਨ ਕੋ ਭਾਵਤੁ ਕੀਨੁ॥
ਮਰਨੇ ਤੇ ਕਿਆ ਡਰਪਨਾ ਜਬ ਹਾਥਿ ਸਿਧਉਰਾ ਲੀਨ॥ (ਪੰਨਾ 1368)

ਗ਼ੱਦਾਰ ਤੇਜ ਸਿਹੁੰ ਨੇ ਸਰਦਾਰ ਸ਼ਾਮ ਸਿੰਘ ਨੂੰ ਅੰਗਰੇਜ਼ਾਂ ਨਾਲ ਜੰਗ ਨਾ ਕਰਨ ਅਤੇ ਅੰਗਰੇਜ਼ ਦੀ ਅਧੀਨਗੀ ਕਬੂਲਣ ਦੀ ਸਲਾਹ ਦਿੱਤੀ। ਸਭਰਾਉਂ ਦੀ ਜੰਗ ਤੋਂ ਪਹਿਲੀ ਰਾਤ 9 ਫਰਵਰੀ ਨੂੰ ਉਸ ਨੇ ਸਰਦਾਰ ਸ਼ਾਮ ਸਿੰਘ ਨਾਲ ਫਿਰ ਮੁਲਾਕਾਤ ਕੀਤੀ। ਉਸ ਨੇ ਕਿਹਾ ਅੰਗਰੇਜ਼ ਨੂੰ ਜਿੱਤਣਾ ਅਸੰਭਵ ਹੈ। ਇਸ ਲਈ ਉਸ ਨੇ ਸਰਦਾਰ ਸ਼ਾਮ ਸਿੰਘ ਨੂੰ ਰਣ ਵਿੱਚੋਂ ਭੱਜ ਜਾਣ ਦੀ ਪ੍ਰੇਰਨਾ ਵੀ ਦਿੱਤੀ। ਪਰ ਉਹ ਆਪਣੇ ਇਰਾਦੇ ਤੋਂ ਪਿੱਛੇ ਨਾ ਹਟੇ। ਇਹ ਤੱਥ ਕਨਿੰਘਮ ਨੇ ਆਪਣੀ ਪੁਸਤਕ ‘ਹਿਸਟਰੀ ਆਫ਼ ਦਾ ਸਿਖਸ’ ਵਿਚ ਅੰਕਿਤ ਕੀਤੇ ਹਨ। ਸਿੰਘਾਂ ਅਤੇ ਫਿਰੰਗੀਆਂ ਦੀਆਂ ਪਹਿਲੀਆਂ ਚਾਰ ਲੜਾਈਆਂ ਵਿਚ ਡੋਗਰਿਆਂ ਅਤੇ ਪੂਰਬੀਆਂ ਦੀਆਂ ਕਪਟੀ ਚਾਲਾਂ ਅਤੇ ਖਾਲਸਾ ਫੌਜਾਂ ਦੀ ਗਲਤ ਤਾਇਨਾਤੀ ਅਤੇ ਅਯੋਗ ਅਗਵਾਈ ਅਤੇ ਅੰਗਰੇਜ਼ ਨਾਲ ਮਿਲੀ-ਭੁਗਤ ਕਾਰਨ ਬਹੁਤ ਸਾਰੇ ਸਿੰਘ ਸਿਪਾਹੀਆਂ ਨੇ ਸ਼ਹੀਦੀ ਪਾਈ ਅਤੇ ਬਹੁਤਿਆਂ ਨੂੰ ਖਾਲਸਾ ਫੌਜਾਂ ਵਿੱਚੋਂ ਆਪਣੇ ਘਰਾਂ ਨੂੰ ਜਾਣ ਲਈ ਮਜਬੂਰ ਕਰ ਦਿੱਤਾ ਗਿਆ ਸੀ। ਇਤਿਹਾਸਕਾਰਾਂ ਅਨੁਸਾਰ ਸਰਦਾਰ ਸ਼ਾਮ ਸਿੰਘ ਅਟਾਰੀ ਨੂੰ ਸਭ ਕੁਝ ਚਿੱਟੇ ਦਿਨ ਵਾਂਗ ਸਪਸ਼ਟ ਸੀ ਪਰੰਤੂ ਉਹ ਸਿੰਘ ਸੂਰਮਾ ਅਤੇ ਮਹਾਨ ਯੋਧਾ ਸੀ। ਯੁੱਧ ਵਿੱਚੋਂ ਭੱਜਣਾ ਉਹ ਜਾਣਦਾ ਹੀ ਨਹੀਂ ਸੀ ਪਰੰਤੂ ਮੈਦਾਨ-ਏ-ਜੰਗ ਵਿਚ ਜੂਝਦਿਆਂ ਆਪਣੇ ਦੇਸ਼, ਕੌਮ, ਰਾਜ, ਗੈਰਤ ਅਤੇ ਗੌਰਵ ਦੀ ਖਾਤਰ ਸ਼ਹੀਦੀ ਪਾ ਜਾਣਾ ਹੀ ਉਸ ਦਾ ਪਰਮ ਧਰਮ-ਕਰਮ ਸੀ ਜਿਸ ਨੂੰ ਨਿਭਾਉਣ ਲਈ ਉਹ ਪੂਰੀ ਤਰ੍ਹਾਂ ਤਿਆਰ ਅਤੇ ਦ੍ਰਿੜ੍ਹ-ਸੰਕਲਪ ਸੀ। ਸਰਦਾਰ ਸ਼ਾਮ ਸਿੰਘ ਅਟਾਰੀ ਦੇ ਸਾਹਮਣੇ ਤਾਂ ਭਗਤ ਕਬੀਰ ਜੀ ਵੱਲੋਂ ਦਿੱਤਾ ਮਹਾਨ ਸਿਧਾਂਤ ਸਾਹਮਣੇ ਸੀ:-

ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥ (ਪੰਨਾ 1105)

ਤੇਜ ਸਿਹੁੰ ਅਤੇ ਲਾਲ ਸਿਹੁੰ ਨੇ ਸਿੱਖਾਂ ਦੀ ਮੋਰਚਾਬੰਦੀ ਦਾ ਨਕਸ਼ਾ ਅੰਗਰੇਜ਼ਾਂ ਨੂੰ ਦੇ ਦਿੱਤਾ ਸੀ ਅਤੇ ਖਾਲਸਾ ਫੌਜਾਂ ਦੀ ਹਾਰ ਅਤੇ ਗੋਰਿਆਂ ਦੀ ਜਿੱਤ ਯਕੀਨੀ ਬਣਾਉਣ ਹਿੱਤ ਸਾਰੀ ਸਾਜ਼ਸ਼ ਤਹਿ ਕਰ ਲਈ ਗਈ। ਇਸ ਨਾਲੋਂ ਵੀ ਖ਼ਤਰਨਾਕ ਲਾਹੌਰ ਦਰਬਾਰ ਦੇ ਮੁਖਤਿਆਰੇ ਆਮ ਵਜ਼ੀਰ ਡੋਗਰੇ ਰਾਜਾ ਗੁਲਾਬ ਸਿਹੁੰ ਨੇ ਅੰਗਰੇਜ਼ ਨਾਲ ਆਪਣੇ ਨਿੱਜੀ ਲਾਭਾਂ ਦੇ ਬਦਲ ਵਿਚ ਅੰਗਰੇਜ਼ ਦੀ ਜਿੱਤ ਯਕੀਨੀ ਬਣਾਉਣ ਹਿੱਤ ਸਾਜ਼ਸ਼ ਤਹਿ ਕਰ ਲਈ ਜੋ ਇਸ ਤਰ੍ਹਾਂ ਸੀ ਕਿ ਪਹਿਲਾਂ ਅੰਗਰੇਜ਼ ਸਿੱਖ ਫੌਜ ਉੱਤੇ ਹਮਲਾ ਕਰਨਗੇ ਅਤੇ ਤੁਰੰਤ ਖਾਲਸਾ ਫੌਜ ਦੇ ਸਰਦਾਰ ਫੌਜ ਤੋਂ ਵੱਖ ਹੋ ਜਾਣਗੇ। ਖਾਲਸਾ ਫੌਜਾਂ ਦੇ ਹਾਰ ਜਾਣ ਮਗਰੋਂ ਲਾਹੌਰ ਦਰਬਾਰ ਖਾਲਸਾ ਫੌਜਾਂ ਦਾ ਸਾਥ ਛੱਡ ਦੇਵੇਗਾ। ਸਤਲੁਜ ਤੋਂ ਅੱਗੇ ਅੰਗਰੇਜ਼ਾਂ ਦਾ ਕਿਤੇ ਟਾਕਰਾ ਨਹੀਂ ਕੀਤਾ ਜਾਵੇਗਾ ਅਤੇ ਲਾਹੌਰ ਨੂੰ ਜਾਣ ਵਾਲੀ ਸੜਕ ਅੰਗਰੇਜ਼ੀ ਫੌਜ ਲਈ ਖੁੱਲ੍ਹੀ ਛੱਡ ਦਿੱਤੀ ਜਾਵੇਗੀ। ਰਾਜਾ ਗੁਲਾਬ ਸਿਹੁੰ ਭਾਰੀ ਇਨਾਮ ਦੇ ਨਾਲ-ਨਾਲ ਜੰਮੂ ਦਾ ਸੁਤੰਤਰ ਰਾਜਾ ਮੰਨ ਲਿਆ ਜਾਵੇਗਾ।

ਇਸ ਲਈ ਸੂਰਜ ਚੜ੍ਹਦੇ ਸਾਰ ਹੀ ਜਦੋਂ ਧੁੰਦ ਹਲਕੀ ਹੋਣ ਲੱਗੀ ਤਾਂ ਅੰਗਰੇਜ਼ਾਂ ਨੇ ਗੋਲਾਬਾਰੀ ਸ਼ੁਰੂ ਕਰ ਦਿੱਤੀ। ਅੰਗਰੇਜ਼ਾਂ ਨੇ ਪਹਿਲਾਂ ਸਜੇ ਮੋਰਚਿਆਂ ਉੱਤੇ ਹਮਲਾ ਕੀਤਾ। ਸਰਦਾਰ ਸ਼ਾਮ ਸਿੰਘ ਹਰ ਥਾਂ ਜਾ ਕੇ ਸਿੱਖਾਂ ਨੂੰ ਹੱਲਾਸ਼ੇਰੀ ਦਿੰਦੇ ਰਹੇ। ਅੰਗਰੇਜ਼ਾਂ ਦਾ ਪਹਿਲਾ ਹਮਲਾ ਪਛਾੜ ਦਿੱਤਾ ਗਿਆ। ਅੰਗਰੇਜ਼ ਜਰਨੈਲ ਗਿਲਬਰਟ ਦੇ ਦਸਤਿਆਂ ਨੇ ਦੂਜਾ ਹਮਲਾ ਕੀਤਾ ਪਰ ਉਸ ਨੂੰ ਨੁਕਸਾਨ ਉਠਾ ਕੇ ਪਿੱਛੇ ਹਟਣਾ ਪਿਆ। ਫਿਰ ਸਰ ਹੈਰੀ ਸਮਿਥ ਦਾ ਡਵੀਜ਼ਨ ਸਿੱਖ ਫੌਜਾਂ ਦੇ ਖੱਬੇ ਮੋਰਚੇ ਵੱਲ ਵਧਿਆ ਪਰ ਉਸ ਦਾ ਹਮਲਾ ਵੀ ਬੁਰੀ ਤਰ੍ਹਾਂ ਪਛਾੜ ਦਿੱਤਾ ਗਿਆ। ਇਸ ਲੜਾਈ ਦਾ ਜ਼ਿਕਰ ਸ਼ਾਹ ਮੁਹੰਮਦ ਨੇ ਇਸ ਤਰ੍ਹਾਂ ਕੀਤਾ ਹੈ:

ਸਿੰਘਾਂ ਮਾਰ ਕੇ ਕਟਕ ਮੁਕਾਇ ਦਿੱਤੇ,
ਹਿੰਦੁਸਤਾਨੀ ਤੇ ਪੂਰਬੀ ਦੱਖਣੀ ਜੀ।
ਲੰਦਨ ਟਾਪੂਆਂ ਵਿਚ ਕੁਰਲਾਹਟ ਪਈ,
ਕੁਰਸੀ ਚਾਰ ਹਜ਼ਾਰ ਹੈ ਸੱਖਣੀ ਸੀ।

ਗਹਿਗੱਚ ਲੜਾਈ ਹੋ ਰਹੀ ਸੀ। ਅੰਗਰੇਜ਼ਾਂ ਨੇ ਆਪਣਾ ਤੋਪਖਾਨਾ ਅੱਗੇ ਵਧਾ ਕੇ ਗੋਲਾਬਾਰੀ ਕੀਤੀ ਅਤੇ ਪਿਆਦਾ ਫੌਜ ਸਿੱਖਾਂ ਦੇ ਕੇਂਦਰੀ ਮੋਰਚੇ ਤਕ ਪਹੁੰਚ ਗਈ। ਇਸ ਵੇਲੇ ਵੀ ਸਿੱਖ ਡਟੇ ਰਹੇ ਅਤੇ ਅੰਗਰੇਜ਼ੀ ਫੌਜ ਦਾ ਮੁਕਾਬਲਾ ਕਰਦੇ ਰਹੇ। ਗਣੇਸ਼ ਦਾਸ ਲਿਖਦੇ ਹਨ ਕਿ ਸਿੰਘਾਂ ਨੇ ਫਿਰੰਗੀਆਂ ਨੂੰ ਵੱਢ ਕੇ ਧਰਤੀ ਉੱਤੇ ਇਵੇਂ ਵਿਛਾ ਦਿੱਤਾ ਜਿਵੇਂ ਜੰਗਲ ਵਿਚ ਵਾਢੀ ਸਮੇਂ ਬਿਰਛਾਂ ਨੂੰ ਵੱਢ ਕੇ ਧਰਤੀ ਉੱਤੇ ਸੁੱਟ ਦੇਈਦਾ ਹੈ। ਉਹ ਲਿਖਦੇ ਹਨ:

ਸਿੰਘਨ ਮਾਰੇ ਤੁਰਕ ਬਹੁ, ਡਿੱਗੇ ਮੂਰਛਾ ਖਾਇ।
ਜਿਉਂ ਵਾਢੀ ਬਨ ਮੇਂ ਪਰਤ, ਬਿਰਛਮ ਕਾਟ ਵਿਛਾਏ।

ਇਸ ਵੇਲੇ ਗ਼ੱਦਾਰ ਤੇਜ ਸਿਹੁੰ, ਜੋ ਖਾਲਸਾ ਫੌਜਾਂ ਦਾ ਕਮਾਂਡਰ ਸੀ, ਜੋ ਕਿ ਪਹਿਲਾਂ ਤਹਿਸ਼ੁਦਾ ਸਾਜਸ਼ ਅਧੀਨ ਮੈਦਾਨ ਵਿੱਚੋਂ ਭੱਜ ਗਿਆ ਅਤੇ ਜਾਂਦਾ ਹੋਇਆ ਬੇੜੀਆਂ ਦੇ ਪੁਲ ਦੀ ਵਿਚਕਾਰਲੀ ਬੇੜੀ ਡੋਬ ਗਿਆ। ਅੰਗਰੇਜ਼ ਸਿੱਖਾਂ ਉੱਤੇ ਭਾਰੂ ਹੋ ਚੁੱਕੇ ਸਨ ਅਤੇ ਉਨ੍ਹਾਂ ਦੀਆਂ ਤੋਪਾਂ ਉੱਤੇ ਵੀ ਕਬਜ਼ਾ ਹੋ ਗਿਆ ਸੀ। ਆਪਣੀ ਫੌਜ ਦੀ ਹਾਰ ਹੁੰਦੀ ਵੇਖ ਕੇ ਸਰਦਾਰ ਸ਼ਾਮ ਸਿੰਘ ਘੋੜੀ ਭਜਾ ਕੇ ਤੇਗ ਚਲਾਉਂਦਿਆਂ ਲੜਾਈ ਵਿਚ ਘੁਸ ਗਏ। ਉਨ੍ਹਾਂ ਨੇ ਅਖੀਰੀ ਦਮ ਤਕ ਜਵਾਨਾਂ ਨੂੰ ਡਟੇ ਰਹਿਣ ਲਈ ਵੰਗਾਰ ਪਾਈ। ਉਨ੍ਹਾਂ ਦੀ ਛਾਤੀ ਗੋਲੀਆਂ ਨਾਲ ਛਲਣੀ-ਛਲਣੀ ਹੋ ਗਈ ਅਤੇ ਉਹ ਲੜਦੇ ਹੋਏ ਸ਼ਹੀਦ ਹੋ ਗਏ। ਇਉਂ ਸਰਦਾਰ ਸ਼ਾਮ ਸਿੰਘ ਦੀ ਇੰਨੀ ਬਹਾਦਰੀ ਦੇ ਬਾਵਜੂਦ ਸਭਰਾਵਾਂ ਦੀ ਜੰਗ ਖਾਲਸਾ ਫੌਜ ਹਾਰ ਗਈ। ਸ਼ਾਹ ਮੁਹੰਮਦ ਇਸ ਬਾਰੇ ਇਉਂ ਵੈਣ ਪਾਉਂਦਾ ਹੋਇਆ ਹੰਝੂ ਕੇਰਦਾ ਹੈ:

ਜੰਗ ਹਿੰਦ ਪੰਜਾਬ ਦਾ ਹੋਣ ਲੱਗਾ,
ਫੌਜਾਂ ਦੋਵੇਂ ਪਾਤਸ਼ਾਹੀ ਭਾਰੀਆਂ ਨੇ,
ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ,
ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ।
ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ,
ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ।
ਸਣੇ ਆਦਮੀ ਗੋਲੀਆਂ ਨਾਲ ਉੱਡਣ,
ਹਾਥੀ ਢਾਉਂਦੇ ਸਣੇ ਅੰਬਾਰੀਆਂ ਨੇ।
ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ,
ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ।

ਅਤੇ ਇਸ ਜੰਗ ਦੇ ਹਾਲਾਤ ਨੂੰ ਬੜੀ ਬਰੀਕੀ ਨਾਲ ਸ਼ਾਹ ਮੁਹੰਮਦ ਬਿਆਨ ਕਰਦਾ ਹੋਇਆ ਸਿੰਘ ਸੂਰਮਿਆਂ ਅਤੇ ਖਾਲਸਾ ਫੌਜ ਦੀ ਸੂਰਮਗਤੀ, ਯੁੱਧ-ਬੀਰਤਾ ਸਿੰਘਤਵ ਦੇ ਜੋਸ਼ ਅਤੇ ਜਜ਼ਬੇ ਅਤੇ ਯੋਗਦਾਨ ਬਾਰੇ ਇਉਂ ਬਿਆਨ ਕਰਦਾ ਹੈ:

ਆਈਆਂ ਪੜਤਲਾਂ ਜੋੜ ਕੇ ਤੋਪਖਾਨੇ,
ਅੱਗੋਂ ਸਿੰਘਾਂ ਨੇ ਪਾਸੜੇ ਮੋੜ ਦਿੱਤੇ।
ਸੇਵਾ ਸਿੰਘ ਤੇ ਮਾਖੇ ਖਾਂ ਹੋਏ ਸਿੱਧੇ,
ਹੱਲੇ ਤਿੰਨ ਫਰੰਗੀ ਦੇ ਤੋੜ ਦਿੱਤੇ।
ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ,
ਬੰਨ੍ਹ ਸ਼ਸਤ੍ਰੀਂ ਜੋੜ ਵਿਛੋੜ ਦਿੱਤੇ।
ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ,
ਵਾਂਗ ਨਿੰਬੂਆਂ ਲਹੂ ਨਿਚੋੜ ਦਿੱਤੇ।

ਅੰਗਰੇਜ਼ ਲਿਖਾਰੀ ਕਰਨਲ ਕਨਿੰਘਮ ਲਿਖਦਾ ਹੈ ਕਿ ਉਹ (ਸਰਦਾਰ ਸ਼ਾਮ ਸਿੰਘ ਅਟਾਰੀ) ਸ਼ਹੀਦ ਤਾਂ ਹੋ ਗਏ ਪਰ ਅੰਗਰੇਜ਼ ਕੌਮ ਉੱਤੇ ਸਿੱਖਾਂ ਦੀ ਬਹਾਦਰੀ ਦਾ ਸਿੱਕਾ ਬਿਠਾ ਗਏ। ਅੰਗਰੇਜ਼ਾਂ ਨੂੰ ਇਹ ਗਿਆਨ ਹੋ ਗਿਆ ਕਿ ਸਿੱਖਾਂ ਨਾਲ ਸਾਹਮਣੇ ਮੱਥੇ ਸੱਚਾਈ ਅਤੇ ਅਸੂਲਾਂ ਦੀ ਲੜਾਈ ਲੜ ਕੇ ਨਹੀਂ ਜਿੱਤਿਆ ਜਾ ਸਕਦਾ। ਸ਼ਹੀਦ ਹੋਇਆ ਸਰਦਾਰ ਸ਼ਾਮ ਸਿੰਘ ਅਟਾਰੀ ਉਨ੍ਹਾਂ ਨੂੰ ਇਕ ਜੇਤੂ ਜਰਨੈਲ ਨਜ਼ਰ ਆਉਂਦਾ ਸੀ। ਫਿਰੰਗੀ ਸੱਚਮੁੱਚ ਹੀ ਉਸ ਦੀ ਦਲੇਰੀ, ਦ੍ਰਿੜਤਾ ਅਤੇ ਸੂਰਮਗਤੀ ਉੱਤੇ ਅੱਸ਼-ਅੱਸ਼ ਕਰ ਰਿਹਾ ਸੀ। ਸਰਦਾਰ ਸ਼ਾਮ ਸਿੰਘ ਨੇ ਉਸ ਲੜਾਈ ਵਿਚ ਅੰਗਰੇਜ਼ਾਂ ਦੇ ਕਈ ਹਮਲੇ ਪਛਾੜ ਦਿੱਤੇ ਸਨ ਜਿਸ ਵਿਚ ਉਸ ਦਾ ਆਪਣਾ ਗ਼ੱਦਾਰ ਕਮਾਂਡਰ ਹੀ ਹਰਾਉਣ ਵਾਲਾ ਸੀ। ਉਹ ਗ਼ੱਦਾਰ ਕਮਾਂਡਰ ਹੀ ਆਪ ਜੰਗ ਵਿੱਚੋਂ ਭੱਜ ਗਿਆ ਸੀ। ਉਸ ਨੇ ਸਰਦਾਰ ਸ਼ਾਮ ਸਿੰਘ ਨੂੰ ਆਪਣੇ ਨਾਲ ਭਗੌੜਾ ਬਣਨ ਦੀ ਸਾਲਾਹ ਦਿੱਤੀ ਸੀ। ਉਸ ਦੀ ਪ੍ਰੇਰਨਾ ਨਾਲ ਹੀ ਕਈ ਸਿਪਾਹੀ ਰਣ ਵਿੱਚੋਂ ਭੱਜ ਗਏ ਅਤੇ ਗੋਲਾ-ਬਾਰੂਦ ਸਪਲਾਈ ਕਰਨ ਵਾਲਿਆਂ ਨੇ ਵੀ ਹੇਰਾ-ਫੇਰੀ ਕਰ ਕੇ ਬਰੂਦ ਦੀ ਥਾਂ ਸਰ੍ਹੋਂ ਭੇਜ ਕੇ ਤੋਪਖਾਨੇ ਨੂੰ ਕਮਜ਼ੋਰ ਕੀਤਾ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਜਦੋਂ ਫੌਜ ਦਾ ਨਕਸ਼ਾ ਹੀ ਦੁਸ਼ਮਣ ਨੂੰ ਦੇ ਦਿਤਾ ਜਾਵੇ ਤਾਂ ਦੁਸ਼ਮਣ ਲਈ ਜਿੱਤਣਾ ਬਹੁਤ ਅਸਾਨ ਹੋ ਜਾਂਦਾ ਹੈ ਅਤੇ ਇਹ ਅੰਗਰੇਜ਼ ਦੀ ਬਹਾਦਰੀ ਦੀ ਲੜਾਈ ਨਾ ਰਹਿ ਕੇ ਧੋਖੇ, ਛਲ, ਕਪਟ ਅਤੇ ਗ਼ੱਦਾਰ ਡੋਗਰੇ ਅਤੇ ਪੂਰਬੀ ਕਮਾਂਡਰਾਂ ਦੀ ਗ਼ੱਦਾਰੀ ਦੀ ਲੜਾਈ ਬਣ ਜਾਂਦੀ ਹੈ। ਇਸੇ ਲਈ ਸ਼ਾਹ ਮੁਹੰਮਦ ਸਿੱਖਾਂ ਦੀ ਹਾਰ ’ਤੇ ਕੂਕ ਉੱਠਦਾ ਹੈ:

ਅੱਜ ਹੋਵੇ ਸਰਕਾਰ ਤਾਂ ਮੁਲ ਪਾਵੇ,
ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੀ।
ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ
ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੀ।

ਗਿਆਨੀ ਗਿਆਨ ਸਿੰਘ ‘ਤਵਾਰੀਖ ਗੁਰੂ ਖਾਲਸਾ’ (ਭਾਗ ਦੂਜਾ) ਦੇ ਸਫ਼ਾ 478 ਉੱਤੇ ਖਾਲਸਾ ਫੌਜਾਂ ਵੱਲੋਂ ਵਿਖਾਏ ਬੇਮਿਸਾਲ ਜੌਹਰ, ਫੌਜ ਦੇ ਮੁਖੀਆਂ ਮਿਸਰ ਲਾਲ ਸਿਹੁੰ, ਮਿਸਰ ਤੇਜ ਸਿਹੁੰ ਪੂਰਬੀਆਂ ਅਤੇ ਲਾਹੌਰ ਦਰਬਾਰ ਦੇ ਮੁਖੀ ਵਜ਼ੀਰ, ਜੰਮੂ ਦੇ ਡੋਗਰੇ ਰਾਜਾ ਗੁਲਾਬ ਸਿਹੁੰ ਦੀ ਸਰਕਾਰ-ਏ-ਖਾਲਸਾ, ਪੰਜਾਬ ਦੇਸ਼ ਅਤੇ ਖਾਲਸਾਈ ਫੌਜਾਂ ਨਾਲ ਕੀਤੀ ਗ਼ੱਦਾਰੀ, ਧੋਖਾਧੜੀ ਅਤੇ ਬੇਈਮਾਨੀ ਬਾਰੇ ਲਿਖਦਿਆਂ ਇਸ ਮਹਾਂਯੁੱਧ ਦੀ ਤੁਲਨਾ ਸੰਸਾਰ-ਪ੍ਰਸਿੱਧ ਲੜਾਈਆਂ ਨਾਲ ਕਰਦਿਆਂ ਲਿਖਦੇ ਹਨ ਕਿ ‘ਜਦੋਂ ਫੌਜ ਦੇ ਮੁਖੀ ਭੱਜ ਨਿਕਲੇ ਅਤੇ ਜਾਂਦੇ ਸਮੇਂ ਦਰਿਆ ਉੱਤੇ ਬਣਿਆ ਕਿਸ਼ਤੀਆਂ ਦਾ ਪੁਲ ਵੀ ਤਬਾਹ ਕਰ ਗਏ ਤਾਂ ਸਰਦਾਰ ਸ਼ਾਮ ਸਿੰਘ ਅਟਾਰੀ ਨੇ ਰਹਿੰਦੀ-ਖੂੰਹਦੀ ਖਾਲਸਾ ਫੌਜ ਨੂੰ ਵੰਗਾਰਿਆ ਅਤੇ ਕਿਹਾ, ‘ਐ ਬਹਾਦਰ ਖਾਲਸਾ ਕੌਮ! ਲੂਣ ਤੇ ਧਰਮ ਦੀ ਸ਼ਰਤ ’ਤੇ ਜਿਊਣ ਨਾਲੋਂ ਮਰ ਜਾਣਾ ਹੱਛਾ ਹੈ। ਆਪਣੇ ਗੁਰੂ ਸਾਹਿਬਾਨ ਦਾ ਹੁਕਮ ਪੂਰਾ ਕਰੋ ਕਿਉਂਕਿ ਉਸ ’ਤੇ ਚਲਣਾ ਆਪ ਦਾ ਧਰਮ ਹੈ। ਅੱਗੇ ਵਧ ਕੇ ਮਰੋ ਮਾਰੋ, ਜਿਸ ਤੋਂ ਉਹ ਦਰਜਾ ਮਿਲੇਗਾ ਜਿਸ ਦੇ ਵਾਸਤੇ ਬੜੇ-ਬੜੇ ਰਿਸ਼ੀ, ਮੁਨੀ ਤੇ ਤਪੱਸਵੀ ਯਾਚਨਾ ਕਰਦੇ ਹਨ। ਪਿਆਰੇ ਭਰਾਓ! ਲੂਣ ਅਤੇ ਧਰਮ ਦੀ ਸ਼ਰਤ ਖਾਤਰ ਜਾਨ ਦੇਣੀ ਹੀ ਫਤਿਹ ਹੈ, ਲੜਾਈ ਦੇ ਮੈਦਾਨ ਵਿੱਚੋਂ ਨੱਸ ਜਾਣਾ ਸਿੰਘਾਂ ਦਾ ਕੰਮ ਨਹੀਂ ਤੇ ਇਹ ਵੀ ਸਮਝ ਲਉ ਕਿ ਹੁਣ ਨੱਸ ਕੇ ਵੀ ਜਾਨ ਨਾ ਬਚੇਗੀ ਕਿਉਂਕਿ ਕੋਈ ਰਾਹ ਨੱਸ ਜਾਣ ਨੂੰ ਨਹੀਂ ਰਿਹਾ, ਤਿੰਨ ਪਾਸੀਂ ਦੁਸ਼ਮਣ ਦੀ ਸੈਨਾ ਤੁਹਾਡੀ ਜਾਨ ਲੈਣ ਲਈ ਤਿਆਰ ਖੜ੍ਹੀ ਹੈ, ਚੌਥੇ ਪਾਸੇ ਦਰਿਆ ਸਤਲੁਜ ਜ਼ੋਰਾਂ ’ਤੇ ਹੈ ਜੋ ਪੁਲ ਸੀ ਬੇਧਰਮੀ ਤੇਜ ਸਿਹੁੰ ਉਹ ਤੋੜ ਗਿਆ ਹੈ, ਸਵਾਏ ਸਾਹਮਣੇ ਹੋ ਕੇ ਲੜਨ ਦੇ ਹੋਰ ਕੋਈ ਰਾਹ ਨਹੀਂ ਦੀਹਦਾ, ਹੁਣ ਤੇਗ ਤਲਵਾਰ ਪੂਰੇ ਸਿੰਘਤਵ ਦੇ ਜੋਸ਼ ਅਤੇ ਜਜ਼ਬੇ ਨਾਲ ਵਾਹ ਦਿਓ, ਦਸਮੇਸ਼ ਜੀ ਦਾ ਫੁਰਮਾਨ ਹੈ:

ਚੂੰ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ।
ਹਲਾਲੱਸਤ ਬੁਰਦਨ ਬ ਸ਼ਮਸ਼ੀਰ ਦਸਤ।

(ਜਦ ਕੰਮ ਸਾਰਿਆਂ ਹੀਲਿਆਂ ਤੋਂ ਲੰਘ ਜਾਵੇ ਤਾਂ ਤਲਵਾਰ ਨੂੰ ਹੱਥ ਵਿਚ ਲੈਣਾ ਜਾਇਜ਼ ਹੈ)

ਸਰਦਾਰ ਸ਼ਾਮ ਸਿੰਘ ਦੀਆਂ ਇਨ੍ਹਾਂ ਗੱਲਾਂ ਨੇ ਸਿੰਘਾਂ ਵਿਚ ਜਾਨ ਪਾ ਦਿੱਤੀ। ਤੋਪਾਂ ਨੂੰ ਤਖਤਿਆਂ ਤੋਂ ਗਿਰਾ ਕੇ ਬੰਦੂਕਾਂ ਨੂੰ ਮੋਢਿਆ ਤੋਂ ਸੁੱਟ ਆਪਣੀ ਸਦਾ ਦੀ ਮਿਆਰੀ ਕ੍ਰਿਪਾਨ (ਸ੍ਰੀ ਸਾਹਿਬ) ਨੂੰ ਧੂਹ ਕੇ ਵੈਰੀ ਦੇ ਦਲਾਂ ਉੱਤੇ ਸ਼ੇਰਾਂ ਵਾਂਗ ਗੱਜ ਕੇ ਜਾ ਪਏ, ਇੱਕ ਵਜੇ ਦੁਪਹਿਰ ਤਕ ਇਨ੍ਹਾਂ ਸ਼ੇਰਾਂ ਦੇ ਅੱਗੇ ਅੰਗਰੇਜ਼ ਸਿਪਾਹੀ ਬੱਕਰੀਆਂ ਦੀ ਤਰ੍ਹਾਂ ਨੱਸਦੇ ਜਾ ਰਹੇ ਸਨ। ਜਿੱਧਰ ਚਿੱਟੇ ਕੱਪੜੇ ਵਾਲਿਆਂ ਦਾ ਝੁੰਡ ਵੇਖਦੇ ਉੱਧਰ ਹੀ ਜਾ ਪੈਂਦੇ ਇਨ੍ਹਾਂ ਦੇ ਪੈਂਦੇ ਹੀ ਮੈਦਾਨ ਖਾਲੀ ਨਜ਼ਰ ਆ ਜਾਂਦਾ। ਸਿੱਖਾਂ ਉੱਤੇ 120 ਤੋਪਾਂ ਅਤੇ 18000 ਬੰਦੂਕਾਂ ਅੱਗ ਵਰ੍ਹਾ ਰਹੀਆਂ ਸਨ, ਜਿਸ ਤੋਂ ਛਾਨਣੀ ਵਾਂਗ ਛੇਕ-ਛੇਕ ਹੋ ਸਿੱਖ ਪਤੰਗਿਆ ਦੀ ਤਰ੍ਹਾਂ ਗਿਰ ਰਹੇ ਸਨ ਪਰੰਤੂ ਪਿੱਛੇ ਨਹੀਂ ਸਨ ਹਟਦੇ। ਲਾਸ਼ਾਂ ਦੇ ਢੇਰ ਲੱਗ ਗਏ ਅਤੇ ਜ਼ਮੀਨ ਲਾਲ ਹੋ ਗਈ। ਇਸ ਲੜਾਈ ਦਾ ਹਾਲ ਲਿਖਦਿਆਂ ਤਾਂ ਕਲਮ ਦਾ ਸੀਨਾ ਫਟਦਾ ਹੈ। ਲਾਰਡ ਗਫ਼ ਤੇ ਲਾਰਡ ਹਾਰਡਿੰਗ ਆਦਿ ਵੱਡੇ-ਵੱਡੇ ਅੰਗਰੇਜ਼ਾਂ ਨੇ ਬੜੇ ਸੁਨੇਹੇ ਭੇਜੇ ਕਿ ਤੁਸੀ ਹਥਿਆਰ ਸੁੱਟ ਦੇਵੋ ਤਾਂ ਜੋ ਤੁਹਾਡੀ ਜਾਨ ਬਖਸ਼ੀ ਕੀਤੀ ਜਾਵੇ, ਪਰੰਤੂ ਸਿੱਖਾਂ ਨੇ ਦੁਸ਼ਮਣ ਦਾ ਪੱਲਾ ਫੜ ਕੇ ਜਿਊਣ ਨਾਲੋ ਸ਼ਹੀਦ ਹੋਣਾ ਹੀ ਠੀਕ ਸਮਝਿਆ ਅਰਥਾਤ ਅਧੀਨਤਾ ਸਵੀਕਾਰ ਨਹੀਂ ਕੀਤੀ। ਖਾਲਸਾ ਅਕਾਲ ਪੁਰਖ ਅਤੇ ਆਪਣੇ ਸਤਿਗੁਰਾਂ ਤੋਂ ਸਿਵਾਏ ਹੋਰ ਕਿਸੇ ਦੀ ਅਧੀਨਗੀ ਕਬੂਲ ਹੀ ਨਹੀਂ ਕਰਦਾ। ਸਰਦਾਰ ਸ਼ਾਮ ਸਿੰਘ ਗਲ਼ ਵਿਚ ਕਫ਼ਨੀ ਪਾਈ, ਘੋੜੇ ਉੱਤੇ ਸਵਾਰ ਹੱਥ ਵਿਚ ਨੰਗੀ ਤੇਗ ਲਈ ਕਿੱਥੇ ਹੈ ਲਾਟ? ਕਿੱਥੇ ਹੈ ਲਾਟ? ਕਹਿੰਦਾ ਅੰਗਰੇਜ਼ਾਂ ਦੀ ਫੌਜ ਦੇ ਸਮੁੰਦਰ ਵਿਚ ਜਾ ਵੜਿਆ, ਦਸਾਂ ਵੀਹਾਂ ਨੂੰ ਕਤਲ ਕਰਦਾ ਆਪ ਵੀ ਟੁਕੜੇ-ਟੁਕੜੇ ਹੋ ਆਪਣੇ ਸ਼ਹੀਦ ਭਰਾਵਾਂ ਦੀਆਂ ਲਾਸ਼ਾਂ ਵਿਚ ਸੌਂ ਗਿਆ। ਭਾਵੇਂ ਸਰਦਾਰ ਸ਼ਾਮ ਸਿੰਘ ਦੇ ਡਿੱਗਦੇ ਹੀ ਮੈਦਾਨ ਅੰਗਰੇਜ਼ਾਂ ਦੇ ਹੱਥ ਆਇਆ। ਅੰਤ ਨੂੰ ਜਦ ਅੰਗਰੇਜ਼ੀ ਰਸਾਲੇ ਅਤੇ ਪਲਟਣਾਂ ਨੇ ਜਿਨ੍ਹਾਂ ਦੀ ਗਿਣਤੀ 30 ਹਜ਼ਾਰ ਦੇ ਕਰੀਬ ਸੀ ਇੱਕੋ ਵੇਰ ਤਿੰਨਾਂ ਪਾਸਿਆਂ ਤੋਂ ਸਿੱਖਾਂ ਨੂੰ ਘੇਰ ਕੇ ਅੱਗ ਵਰਸਾਉਂਦੇ ਹੋਏ ਅੱਗੇ ਵਧਣਾ ਸ਼ੁਰੂ ਕੀਤਾ। ਭਲਾ ਫਿਰ ਤਲਵਾਰ ਦੀ ਲੜਾਈ ਕਿਸ ਤਰ੍ਹਾਂ ਲੜੀ ਜਾਵੇ? ਪਾਣੀਪਤ ਦੀ ਜੰਗ ਤੋਂ ਪਿੱਛੋਂ ਜੰਗ ਦੁਰਾਨੀਆਂ ਅਤੇ ਮਰਹੱਟਿਆਂ ਦੇ ਵਿਚਕਾਰ ਹੋਇਆ ਸੀ। ਇਤਨੇ ਜਵਾਨ ਅਤੇ ਘੋੜੇ ਸ਼ਾਇਦ ਕਿਸੇ ਜੰਗ ਵਿਚ ਨਹੀਂ ਮੋਏ ਹੋਣਗੇ ਜਿੰਨੇ ਕਿ ਸਭਰਾਵਾਂ ਦੇ ਜੰਗ ਵਿਚ ਮੋਏ। ਇਹ ਜੰਗ ਵੀ ਦੂਜਾ ਮਹਾਂਭਾਰਤ ਦਾ ਯੁੱਧ ਕਿਹਾ ਜਾ ਸਕਦਾ ਹੈ, ਸਿੱਖਾਂ ਨੂੰ ਬੇਹੱਦ ਹਾਨੀ ਤੇ ਨੁਕਸਾਨ ਪੁੱਜਾ ਪਰੰਤੂ ਅੰਗਰੇਜ਼ਾਂ ਨੂੰ ਵੀ ਮੁਰਦਿਆਂ’ਤੇ ਗੋਲੀ ਚਲਾਉਣ ਦੇ ਕਾਰਨ ਬੇਹੱਦ ਬਦਨਾਮੀ ਮਿਲੀ। ਕਨਿੰਘਮ ਲਿਖਦਾ ਹੈ ਕਿ ਭਾਵੇਂ ਇਹ ਸਭ ਕੁਝ ਹੋਇਆ ਪਰੰਤੂ ਕਿਸੇ ਸਿੱਖ ਨੇ ਅਧੀਨਤਾ ਸਵੀਕਾਰ ਨਹੀਂ ਕੀਤੀ ਅਤੇ ਨਾ ਕਿਸੇ ਨੇ ਪਨਾਹ ਮੰਗੀ। ਉਹ ਬਰਾਬਰ ਆਪਣੇ ਦੁਸ਼ਮਣ ਦੇ ਸਾਹਮਣੇ ਤਲਵਾਰਾਂ ਉਠਾ-ਉਠਾਕੇ ਗਰਜਦੇ ਰਹੇ, ਫਤਿਹ ਪਾਉਣ ਵਾਲੀ ਕੌਮ ਹਾਰਨ ਵਾਲਿਆਂ ਦੀ ਇਸ ਬੇਅੰਤ ਦਲੇਰੀ ਅਤੇ ਅਦੁੱਤੀ ਬਹਾਦਰੀ ਵੇਖ ਕੇ ਹੈਰਾਨ ਸੀ। ਸਾਰੇ ਅੰਗਰੇਜ਼ ਅਫਸਰਾਂ ਦੇ ਮੂੰਹ ਤੋਂ ਬਦੋਬਦੀ ਵਾਹ-ਵਾਹ ਨਿਕਲਦੀ ਸੀ। ਇਸ ਲੜਾਈ ਵਿਚ 2083 ਅੰਗਰੇਜ਼ੀ ਫੌਜ਼ ਦੇ ਫੱਟੜ ਹੋਏ ਅਤੇ 320 ਮਾਰੇ ਗਏ। 5-6 ਹਜ਼ਾਰ ਸਿੱਖ ਉਸ ਦਿਨ ਲੂਣ ਹਲਾਲ ਕਰਦੇ ਹੋਏ ਸ਼ਹੀਦ ਹੋ ਗਏ।

ਇਹ ਭਾਰੀ ਹਾਰ ਸਿੱਖਾਂ ਨੂੰ ਧੋਖੇਬਾਜ਼ ਤੇ ਨਮਕ ਹਰਾਮੀ ਆਗੂਆਂ ’ਤੇ ਵਿਸ਼ਵਾਸ਼ ਕਰਨ ਦੀ ਸਜ਼ਾ ਵਜੋਂ ਮਿਲੀ। ਇਨ੍ਹਾਂ ਲੜਾਈਆਂ ਵਿਚ ਸਿੱਖਾਂ ਨੂੰ ਮਾਲੂਮ ਹੋ ਗਿਆ ਕਿ ਅੰਗਰੇਜ਼ਾਂ ਤੋਂ ਬਾਜ਼ੀ ਜਿੱਤ ਖੜਨਾ ਬਹੁਤ ਮੁਸ਼ਕਲ ਨਹੀਂ ਹੈ ਭਾਵੇਂ ਮੈਦਾਨ ਦੇ ਜੰਗ ਵਿਚ ਸਿੱਖਾਂ ਨੇ ਬਹਾਦਰੀ ਅਤੇ ਦਲੇਰੀ ਅੰਗਰੇਜ਼ਾਂ ਨਾਲੋਂ ਘੱਟ ਨਹੀ ਵਿਖਾਈ ਪਰੰਤੂ ਜਦ ਸਿੱਖਾਂ ਦੇ ਅਫ਼ਸਰਾਂ ਦੀ ਨੀਯਤ ਵਿਚ ਹੀ ਬਦੀ ਹੋਵੇ ਤਦ ਸਿੱਖ ਵਿਚਾਰੇ ਕੀ ਕਰ ਸਕਦੇ ਸਨ? ਕਨਿੰਘਮ ਦੇ ਲਿਖੇ ਅਨੁਸਾਰ ‘ਬਹਾਦਰੀ ਵਾਲੇ ਦਿਲ ਤੇ ਕੰਮ ਕਰਨ ਵਾਲੇ ਹੱਥ ਸਿੱਖਾਂ ਜਿਹੇ ਸ਼ਾਇਦ ਹੀ ਕਿਸੇ ਦੂਜੀ ਕੌਮ ਦੇ ਹੋਣਗੇ ਪਰੰਤੂ ਸ਼ੋਕ ਹੈ ਕਿ ਇਨ੍ਹਾਂ ਨੂੰ ਹੌਂਸਲਾ ਤੇ ਇੱਕ ਬਣਾਉਣ ਵਾਲਾ ਆਗੂ ਨਾ ਮਿਲਿਆ।’

ਉਕਤ ਸੰਖੇਪ ਪਰੰਤੂ ਗੰਭੀਰ ਵਿਚਾਰ-ਚਰਚਾ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਸਿੱਖ ਧਰਮ ਇਨਕਲਾਬ ਇਕ ਸੰਪੂਰਨ ਕ੍ਰਾਂਤੀ ਸੀ। ਇਹ ਨਿਮਾਣਿਆਂ ਲਈ ਮਾਣ, ਨਿਤਾਣਿਆਂ ਲਈ ਤਾਣ, ਨਿਆਸਰਿਆਂ ਲਈ ਆਸਰਾ, ਹੱਕ ਅਤੇ ਸੱਚ ਉੱਤੇ ਪਹਿਰਾ ਦੇਣ, ਗੌਰਵ-ਗ਼ੈਰਤ-ਅਣਖ ਦੀ ਜ਼ਿੰਦਗੀ ਜਿਊਣ, ਗਰੀਬਾਂ-ਮਸਕੀਨਾਂ ਅਤੇ ਅਖੌਤੀ ਸ਼ੂਦਰਾਂ ਦੀ ਬੰਦ-ਖਲਾਸੀ, ਕਿਰਤ ਅਤੇ ਕਿਰਤੀ ਦੇ ਸਨਮਾਨ, ਮਨੁੱਖੀ ਅਧਿਕਾਰਾਂ ਦੀ ਜ਼ਾਮਨੀ, ਮਨੁੱਖੀ ਬਰਾਬਰੀ ਦੀ ਗਰੰਟੀ ਅਤੇ ਜਗਤ-ਜਣਨੀ ਇਸਤਰੀ ਦਾ ਪੂਰਾ ਮਾਣ-ਸਨਮਾਨ ਬਹਾਲ ਕਰਨ ਦੀ ਇਕ ਸੰਪੂਰਨ ਕ੍ਰਾਂਤੀ ਸੀ ਜਿਸ ਨੇ ਪੁਰਾਤਨ ਭਾਰਤੀ ਸਮਾਜਿਕ, ਜਾਤ-ਪਾਤੀ, ਰਾਜਨੀਤਕ, ਧਾਰਮਿਕ, ਆਰਥਿਕ ਢਾਂਚੇ ਅਤੇ ਜਗੀਰਦਾਰੀ ਸਿਸਟਮ ਨੂੰ ਪੂਰੀ ਤਰ੍ਹਾਂ ਤਹਿਸ-ਨਹਿਸ ਕਰਕੇ ਇਕ ਨਵੇਂ-ਨਿਰਾਲੇ ਅਤੇ ਵਿਲੱਖਣ ਸਰਬਪੱਖੀ ‘ਨਿਰਮਲ ਪੰਥ’ ਦੇ ਲੋਕ-ਹਿਤੈਸ਼ੀ ਢਾਂਚੇ ਦੀ ਉਸਾਰੀ ਕੀਤੀ ਜਿਸ ਦੇ ਨਤੀਜੇ ਵਜੋਂ ਹੇਠਲੀ ਉੱਤੇ ਆ ਗਈ। ‘ਭੂਰਿਆਂ ਵਾਲੇ ਰਾਜੇ ਕੀਤੇ ਮੁਗਲਾਂ ਜਹਿਰ ਪਿਆਲੇ ਪੀਤੇ’ ਵਾਲੀ ਹਾਲਤ ਬਣ ਗਈ। ਦਲਿਤ ਅਤੇ ਕਿਰਤੀ ਰਾਜਭਾਗ ਅਤੇ ਸਰਦਾਰੀਆਂ ਦੇ ਮਾਲਕ ਬਣ ਗਏ। ਭਾਈ ਰਤਨ ਸਿੰਘ (ਭੰਗੂ) ਆਪਣੇ ‘ਪ੍ਰਾਚੀਨ ਪੰਥ ਪ੍ਰਕਾਸ਼’ ਵਿਚ ਇਸ ਸਿੱਖ ਧਰਮ ਦੇ ਇਨਕਲਾਬ ਦੇ ਨਿਸ਼ਾਨੇ ਬਾਰੇ ਇਉਂ ਸਪਸ਼ਟ ਕਰਦਾ ਹੈ:

ਸਤੁ ਸਨਾਤਿ ਔ ਬਾਰਹ ਜਾਤਿ।
ਜਾਨ ਨਹਿ ਰਾਜਨੀਤ ਕੀ ਬਾਤ।
ਜੱਟ ਬੂਟ ਕਹਿ ਜਿਹ ਜਗ ਮਾਹੀਂ।
ਬਣੀਏ ਕਲਾਲ ਕਿਰਾੜ ਖੱਤ੍ਰੀ ਸਦਾਈ।
ਇਨ ਗ੍ਰੀਬ ਸਿੰਘਨ ਕੌ ਦਯੈ ਪਾਤਸ਼ਾਹੀ।
ਏ ਯਾਦ ਰਖੈਂ ਹਮਰੀ ਗੁਰਿਆਈ।

ਇਸ ਤਰ੍ਹਾਂ ਖਾਲਸਾ ਪੰਥ ਨੇ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਨਿਮਨ ਸ਼ਬਦ ਦੇ ਸੱਚ ਨੂੰ ਪ੍ਰਗਟ ਕਰ ਦਿੱਤਾ। ਗੁਰਵਾਕ ਹੈ:

ਹਰਿ ਕੀ ਗਤਿ ਨਹਿ ਕੋਊ ਜਾਨੈ॥
ਜੋਗੀ ਜਤੀ ਤਪੀ ਪਚਿ ਹਾਰੇ ਅਰੁ ਬਹੁ ਲੋਗ ਸਿਆਨੇ॥1॥ ਰਹਾਉ॥
ਛਿਨ ਮਹਿ ਰਾਉ ਰੰਕ ਕਉ ਕਰਈ ਰਾਉ ਰੰਕ ਕਰਿ ਡਾਰੇ॥ (ਪੰਨਾ 537)

ਪਰੰਤੂ ਇਸ ਗੰਭੀਰ ਅਤੇ ਲੰਮੇ ਸੰਘਰਸ਼ ਦੌਰਾਨ ਇਹ ਗੱਲ ਵੀ ਪੱਕੇ ਤੌਰ ਉੱਤੇ ਸਾਹਮਣੇ ਆਉਂਦੀ ਹੈ ਕਿ ਫੁੱਲ ਨਾਲ ਕੰਡਾ ਸਦਾ ਹੀ ਮੌਜੂਦ ਸੀ, ਨੇਕੀ ਨਾਲ ਬਦੀ ਵੀ ਬਰਾਬਰ ਚੱਲਦੀ ਰਹੀ। ਪਰਉਪਕਾਰੀ ਅਤੇ ਨਿਜਸੁਆਰਥੀ ਅਕ੍ਰਿਤਘਣ ਲੋਕ ਵੀ ਇੱਕੋ ਸਮੇਂ ਨਾਲੋਂ-ਨਾਲ ਵਿਚਰਦੇ ਰਹੇ। ਦੇਸ਼-ਭਗਤ ਅਤੇ ਦੇਸ਼-ਧਰੋਹੀ ਸ਼ਕਤੀਆਂ ਵੀ ਨਾਲੋਂ-ਨਾਲ ਹੀ ਚਲਦੀਆਂ ਰਹੀਆਂ। ਅੱਜ ਵੀ ਇਹੋ ਵਰਤਾਰਾ ਬਾਦਸਤੂਰ ਜਾਰੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਦਸ ਗੁਰੂ ਸਾਹਿਬਾਨ ਅਤੇ ਖਾਲਸਾ ਪੰਥ ਦੇ ਸਮੁੱਚੇ ਇਤਿਹਾਸ ਵਿਚ ਇਹ ਸਿਲਸਲਾ ਲਗਾਤਾਰ ਜਾਰੀ ਰਿਹਾ। ਗੁਰੂ ਸਾਹਿਬ ਸਮੇਂ ਵੀ ਅੰਦਰੋਂ ਅਤੇ ਬਾਹਰੋਂ ਵਿਰੋਧ ਜਾਰੀ ਰਿਹਾ। ਬਾਈਧਾਰ ਦੇ ਪਹਾੜੀ ਰਾਜਪੂਤ ਰਾਜੇ ਇਸ ਦੀ ਜਿਉਂਦੀ-ਜਾਗਦੀ ਮਿਸਾਲ ਹਨ। ਬਾਬਾ ਬੰਦਾ ਸਿੰਘ ਬਹਾਦਰ, 12 ਮਿਸਲਾਂ ਦਾ ਸਮਾਂ, ਮਹਾਰਾਜਾ ਰਣਜੀਤ ਸਿੰਘ ਦੀ ਸਰਕਾਰ-ਏ-ਖਾਲਸਾ ਦਾ ਸਮਾਂ ਇਨ੍ਹਾਂ ਦੁਖਾਂਤਾਂ ਅਤੇ ਅਲਾਮਤਾਂ ਨਾਲ ਪੀੜਤ ਰਿਹਾ ਜਿਸ ਕਾਰਨ ਗੁਰੂ ਸਾਹਿਬਾਨ ਅਤੇ ਖਾਲਸਾ ਪੰਥ ਨੂੰ ਬਹੁਤ ਤਸੀਹੇ ਝੱਲਣੇ ਪਏ, ਢੇਰ ਸਾਰੀਆਂ ਮੁਸ਼ਕਲਾਂ ਦਾ ਮੂੰਹ ਵੇਖਣਾ ਪਿਆ ਪਰੰਤੂ ਇਸ ਦੇ ਬਾਵਜੂਦ ਗੁਰੂ ਕਿਰਪਾ ਦੁਆਰਾ ਸਿੱਖ ਧਰਮ ਲਹਿਰ ਜਾਰੀ ਰਹੀ। ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਅੱਜ ਤੀਕ ਦੇ ਸਿੱਖ ਇਤਿਹਾਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਭਾਰਤੀ ਸਮਾਜਿਕ ਜਾਤ-ਪਾਤੀ ਤਾਣਾ-ਬਾਣਾ, ਜਗੀਰਦਾਰੀ ਸਿਸਟਮ, ਧਰਮ ਅਤੇ ਅਰਥ ਉੱਤੇ ਏਕਾਧਿਕਾਰ ਅਤੇ ਰਾਜਸੀ ਸ਼ਕਤੀ ਉੱਤੇ ਕੁਝ ਵਿਸ਼ੇਸ਼ ਜਾਤੀ ਦੇ ਲੋਕਾਂ ਤੀਕ ਸੀਮਤ ਹੋਣ ਦੀ ਸਥਿਤੀ ਨੂੰ ਹਰ ਹਾਲਤ ਵਿਚ ਕਾਇਮ ਰੱਖਣ ਦੀ (ਰੂੜ੍ਹੀਵਾਦੀ) ਭਾਵਨਾ ਹੀ ਇਸ ਨਵੀਂ ਰੋਸ਼ਨੀ, ਸੰਪੂਰਨ ਇਨਕਲਾਬ ਅਤੇ ਸ਼ੂਦਰਾਂ ਅਤੇ ਕਿਰਤੀਆਂ ਦੀ ਮੁਕੰਮਲ ਕ੍ਰਾਂਤੀ ਦੇ ਵਿਰੋਧ ਦਾ ਕਾਰਨ ਬਣਦੇ ਰਹੇ। ਇਨ੍ਹਾਂ ਵਿਰੋਧੀ ਸ਼ਕਤੀਆਂ ਦਾ ਕੇਂਦਰ ਹਮੇਸ਼ਾਂ ਹੀ ਦਿੱਲੀ ਹੀ ਰਹੀ ਹੈ। ਸਿੱਖਾਂ ਅਤੇ ਕੇਂਦਰ ਦੇ ਰਿਸ਼ਤੇ ਦੀ ਪੁਣਛਾਣ ਕਰਨ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਦਿੱਲੀ ਵਿਚ ਭਾਵੇਂ ਭਾਰਤੀ ਉੱਚ ਸ਼੍ਰੇਣੀ ਦੇ ਲੋਕਾਂ ਕੋਲ ਸਭ ਸ਼ਕਤੀਆਂ ਦੀ ਕੁੰਜੀ ਸੀ, ਭਾਵੇਂ ਵਿਦੇਸ਼ੀ ਜਰਵਾਣਿਆਂ ਭਾਵ ਮੁਗਲ ਜਾਂ ਅੰਗਰੇਜ਼ ਲੋਕਾਂ ਦਾ ਕਬਜ਼ਾ ਸੀ। ਇਨ੍ਹਾਂ ਸਾਰਿਆਂ ਦਾ ਨਜ਼ਰੀਆ ਇੱਕੋ ਸੀ ਕਿ ਸਮਾਜਿਕ, ਧਾਰਮਿਕ, ਆਰਥਿਕ ਅਤੇ ਰਾਜਨੀਤਕ ਖੇਤਰ ਵਿਚ ਉਨ੍ਹਾਂ ਦਾ ਏਕਾਧਿਕਾਰ ਹਰ ਹੀਲੇ ਕਾਇਮ ਰਹੇ। ਸਮਾਜਿਕ ਸ਼੍ਰੇਣੀ ਵੰਡ ਭਾਵ ਜਾਤ-ਪਾਤੀ ਪ੍ਰਬੰਧ ਅਤੇ ਜਗੀਰਦਾਰੀ ਸਿਸਟਮ ਕਾਇਮ ਰਹੇ। ਭਾਰਤੀ ਉੱਚ ਸ਼੍ਰੇਣੀਆਂ ਦੇ ਲੋਕ, ਭਾਰਤੀ ਇਸਲਾਮੀ ਲੋਕਾਂ ਅਤੇ ਭਾਰਤੀ ਈਸਾਈ ਭਾਈਚਾਰੇ ਵਿਚ ਵੀ ਭਾਰਤੀ ਜਾਤ-ਪਾਤੀ ਸਿਸਟਮ ਮੌਜੂਦ ਹੋਣ ਕਰਕੇ ਉਹ ਆਪਣੇ ਆਪ ਨੂੰ ਉੱਚਾ ਸਮਝਦੇ ਸਨ ਜਦੋਂ ਕਿ ਕਿਰਤੀ-ਸ਼ੂਦਰ ਨੂੰ ਇਹ ਨੀਵਾਂ ਸਮਝਦੇ ਸਨ। ਜਗੀਰਦਾਰੀ ਅਤੇ ਪੂੰਜੀਪਤੀ ਸਿਸਟਮ ਵਿਚ ਇਨ੍ਹਾਂ ਤਥਾ-ਕਥਿਤ ਉੱਚ ਸ਼੍ਰੇਣੀਆਂ ਵਾਲੇ ਲੋਕਾਂ ਦੀ ਹੀ ਅਜਾਰੇਦਾਰੀ ਅਤੇ ਏਕਾਅਧਿਕਾਰ ਨਿਸ਼ਚਿਤ ਹੀ ਸੀ ਜਿਸ ਨੂੰ ਕਾਇਮ ਰੱਖਣ ਲਈ ਉਹ ਸ਼ਾਮ, ਦਾਮ, ਦੰਡ ਅਤੇ ਭੇਦ ਦੀ ਕੁਟਨੀਤੀ ਅਨੁਸਾਰ ਚੱਲਦੇ ਸਨ। ਇਸ ਸੋਚ ਅਤੇ ਸਿਸਟਮ ਦਾ ਨਤੀਜਾ ਹੀ ਹੈ ਕਿ ਖਾਲਸਾ ਪੰਥ ਨੂੰ ਅਣਕਿਆਸੇ ਤਸੀਹੇ ਝੱਲਣੇ ਪਏ, ਵਾਰ-ਵਾਰ ਲਹੂ-ਲੁਹਾਣ ਹੋਣਾ ਪਿਆ ਅਤੇ ਸ਼ਹੀਦੀਆਂ ਦੇਣੀਆਂ ਪਈਆਂ। ਦਿੱਲੀ ਹਮੇਸ਼ਾਂ ਹੀ ਖਾਲਸਾ ਪੰਥ ਅੰਦਰ ਆਪਣੇ ਕੂਟਨੀਤਕ ਹੱਥ-ਕੰਡੇ ਵਰਤ ਕੇ ਫੁੱਟ ਦੇ ਬੀਜ ਬੀਜਦੀ ਰਹੀ ਹੈ। ਨਮਕ ਹਰਾਮ ਡੋਗਰੇ ਅਤੇ ਮਿਸਰ ਤੇਜ ਸਿਹੁੰ ਅਤੇ ਮਿਸਰ ਲਾਲ ਸਿਹੁੰ ਵੀ ਸਿੱਖੀ ਸਰੂਪ ਵਿਚ ਹੀ ਸਨ ਅਤੇ ਉਹ ਲਗਾਤਾਰ ਅਕ੍ਰਿਤਘਣਾ ਦੀ ਖੇਡ ਖੇਡਦੇ ਰਹੇ। ਸਭ ਤੋਂ ਵੱਧ ਅਫ਼ਸੋਸ ਦੀ ਗੱਲ ਤਾਂ ਇਹ ਹੈ ਕਿ ਜਿਨ੍ਹਾਂ ਭਾਰਤੀ ਲੋਕਾਂ ਦੇ ਧਰਮ, ਗੈਰਤ, ਅਣਖ ਅਤੇ ਦੇਸ਼ ਦੀ ਸੁਰੱਖਿਆ ਲਈ ਗੁਰੂ ਸਾਹਿਬਾਨ ਅਤੇ ਉਨ੍ਹਾਂ ਵੱਲੋਂ ਸਿਰਜੇ ਅਤੇ ਸਾਜੇ ਖਾਲਸਾ ਪੰਥ ਨੇ ਜਗਤ ਨੂੰ ਹੈਰਾਨ ਅਤੇ ਦੰਗ ਕਰ ਦੇਣ ਵਾਲੀਆਂ ਕੁਰਬਾਨੀਆਂ ਕੀਤੀਆਂ, ਘਾਲਨਾਵਾਂ ਘਾਲੀਆਂ, ਆਪਣੇ ਪਰਵਾਰ ਕੁਰਬਾਨ ਕਰਵਾਏ ਅਤੇ ਆਪਣੇ ਘਰ-ਘਾਟ ਤਬਾਹ ਕਰਵਾਏ ਉਨ੍ਹਾਂ ਵੱਲੋਂ ਹੀ ਹਮੇਸ਼ਾਂ ਖੁਦ ਸਿੱਧੇ ਤੌਰ ਉੱਤੇ ਜਾਂ ਫਿਰ ਵਿਦੇਸ਼ੀ ਜਰਵਾਣਿਆਂ ਨਾਲ ਰਲ ਕੇ ਦੇਸ਼ ਭਗਤ ਖਾਲਸਾ ਪੰਥ ਉੱਤੇ ਜ਼ੁਲਮ ਢਾਹੇ ਜਾਂਦੇ ਰਹੇ। ਜਦੋਂ ਵੀ ਗੁਰੂ ਸਾਹਿਬਾਨ ਜਾਂ ਫਿਰ ਖਾਲਸਾ ਪੰਥ ਨੂੰ ਦੇਸ਼ ਅਤੇ ਦੇਸ਼ ਦੇ ਧਰਮ ਦੀ ਖ਼ਾਤਰ ਮੈਦਾਨ-ਏ-ਜੰਗ ਵਿਚ ਜੂਝਣਾ ਪਿਆ ਹਮੇਸ਼ਾਂ ਹੀ ਭਾਰਤੀ ਰਜਵਾੜੇ ਵਿਦੇਸ਼ੀ ਜਰਵਾਣਿਆਂ ਦਾ ਸਾਥ ਦਿੰਦੇ ਰਹੇ। ਵਿਦੇਸ਼ੀ ਦੀ ਗੁਲਾਮੀ ਵਿਚ ਉਨ੍ਹਾਂ ਦੇ ਹੱਥ-ਠੋਕੇ ਬਣ ਕੇ ਆਪਣੇ ਹੀ ਰੱਖਿਅਕ ਭਰਾਵਾਂ ਉੱਤੇ ਜ਼ੋਰ, ਜਬਰ ਅਤੇ ਜ਼ੁਲਮ ਕਰਦੇ ਅਤੇ ਕਰਵਾਉਂਦੇ ਰਹੇ। ਗੁਰੂ ਸਾਹਿਬਾਨ, ਮਹਾਰਾਜਾ ਰਣਜੀਤ ਸਿੰਘ ਅਤੇ ਉਸ ਉਪਰੰਤ ਖਾਲਸਾ ਫੌਜਾਂ ਨੇ ਜਿਤਨੀਆਂ ਲੜਾਈਆਂ ਅੰਗਰੇਜ਼ਾਂ ਜਾਂ ਪਠਾਣਾਂ ਵਿਰੁੱਧ ਲੜੀਆਂ ਉਨ੍ਹਾਂ ਸਾਰੀਆਂ ਵਿਚ ਭਾਰਤੀ ਰਾਜੇ ਵਿਦੇਸ਼ੀਆਂ ਦਾ ਹੀ ਸਾਥ ਦਿੰਦੇ ਰਹੇ। ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਦੀ ਅਗਵਾਈ ਵਿਚ ਲੜੀ ਗਈ ਸਭਰਾਵਾਂ ਦੀ ਲੜਾਈ ਵਿਚ ਵੀ ਇਹੋ ਕੁਝ ਹੋਇਆ। ਸ਼ਾਹ ਮੁਹੰਮਦ ‘ਜੰਗਨਾਮਾ ਸਿੰਘਾਂ ਤੇ ਫਰੰਗੀਆਂ’ ਵਿਚ ਇਸ ਤੱਥ ਦੀ ਇਉਂ ਤਸਦੀਕ ਕਰਦਾ ਹੈ:

ਜੰਗ ਹਿੰਦ ਪੰਜਾਬ ਦਾ ਹੋਣ ਲਗਾ।
ਫੌਜਾਂ ਦੋਵੇਂ ਪਾਤਸ਼ਾਹੀ ਭਾਰੀਆਂ ਨੇ।

ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਦੇ ਸਮੁੱਚੇ ਜੀਵਨ, ਪ੍ਰਾਪਤੀਆਂ ਅਤੇ ਸ਼ਹੀਦੀ ਦੀ ਉਕਤ ਚਰਚਾ ਤੋਂ ਸਪਸ਼ਟ ਹੈ ਕਿ ਉਨ੍ਹਾਂ ਨੇ ਹਮੇਸ਼ਾਂ ਹੀ ਆਪਣੇ ਫਰਜ਼ ਅਤੇ ਸਮੇਂ ਦੇ ਸੱਚ ਨੂੰ ਪਛਾਣਿਆ। ਉਹ ਦੇਸ਼, ਕੌਮ ਅਤੇ ਧਰਮ ਲਈ ਹਮੇਸ਼ਾਂ ਜੂਝੇ ਅਤੇ ਅੰਤ ਨੂੰ, ‘ਜਬ ਆਵ ਕੀ ਅਉਧ ਨਿਦਾਨ ਬਨੈ ਅਤ ਹੀ ਰਨ ਮੈ ਤਬ ਜੂਝ ਮਰੋਂ’ ਅਨੁਸਾਰ ਸ਼ਹੀਦੀ ਪਾ ਗਏ ਅਤੇ ਉਨ੍ਹਾਂ ਦੀ ਸ਼ਹੀਦੀ ਪ੍ਰਵਾਨ ਚੜ੍ਹੀ। ਗੁਰਵਾਕ ਹੈ:

ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ॥
ਸੂਰੇ ਸੇਈ ਆਗੈ ਆਖੀਅਹਿ ਦਰਗਹ ਪਾਵਹਿ ਸਾਚੀ ਮਾਣੋ॥ (ਪੰਨਾ 579-80)

ਸਰਦਾਰ ਸ਼ਾਮ ਸਿੰਘ ਅਟਾਰੀ ਦੀ ਕੁਰਬਾਨੀ ਪੰਜਾਬ ਦੀ ਮਹਾਨ ਵੀਰ ਰਣ-ਭੂਮੀ ਲਈ ਇਕ ਚਾਨਣ-ਮੁਨਾਰੇ ਦਾ ਕੰਮ ਦਿੰਦੀ ਰਹੇਗੀ। ਉਨ੍ਹਾਂ ਨੇ ਦੇਸ਼ ਪੰਜਾਬ ਦੀ ਰੱਖਿਆ, ਅਜ਼ਾਦੀ ਅਤੇ ਸਵੈਮਾਣ ਲਈ ਸਿਰ ਧੜ ਦੀ ਬਾਜੀ ਲਾ ਦਿੱਤੀ। ਅੰਗਰੇਜ਼ ਵਿਰੁੱਧ 1846 ਈ: ਵਿਚ ਹੋਈ ਸਿੰਘਾਂ ਅਤੇ ਫਿਰੰਗੀਆਂ ਦਰਮਿਆਨ ਲੜਾਈ ਵਿਚ ਮੂਹਰਲੀ ਕਤਾਰ ਵਿਚ ਲੜ ਕੇ ਅਤੇ ਸ਼ਹੀਦੀ ਦੇ ਕੇ ਸਰਦਾਰ ਸ਼ਾਮ ਸਿੰਘ ਅਟਾਰੀ ਅੰਗਰੇਜ਼ ਪਾਸੋਂ ਦੇਸ਼ ਦੀ ‘ਅਜ਼ਾਦੀ ਦੀ ਲਹਿਰ’ ਦੇ ਮੋਢੀ ਬਣੇ। ਸੱਚਮੁੱਚ ਹੀ ਸਰਦਾਰ ਸ਼ਾਮ ਸਿੰਘ ਅਟਾਰੀ ਭਾਵੇਂ ਰਣ-ਭੂਮੀ ਵਿਚ ਸਿੱਖੀ ਸਿਦਕ, ਸਿੰਘਤਵ ਦਾ ਜਜ਼ਬਾ, ਆਪਣੀ ਕੌਮ ਅਤੇ ਦੇਸ ਪੰਜਾਬ ਪ੍ਰਤੀ ਵਫਾਦਾਰੀ ਨਿਭਾਉਂਦਿਆਂ ਤੂੰਬਾ-ਤੂੰਬਾ ਹੋ ਗਏ ਪਰੰਤੂ ਆਖਰੀ ਦਮ ਤੀਕ ਉਹ ਚਟਾਨ ਵਾਂਗ ਦ੍ਰਿੜ੍ਹ ਰਹੇ। ਕਿਸੇ ਕਵੀ ਨੇ ਠੀਕ ਹੀ ਕਿਹਾ ਹੈ:

ਬੋਟੀ ਬੋਟੀ ਹੋ ਗਿਆ, ਸਿੱਖੀ ਨਹੀਂ ਸੂਰਮੇ ਹਾਰੀ।
ਵਿਰਲੇ ਜੰਮਣ ਜੱਗ ’ਤੇ, ਇਹੋ ਜਿਹੇ ਪਰਉਪਕਾਰੀ।

ਮਹਾਨ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀ ਦੀ ਯਾਦ ਵਿਚ ਭਾਰਤ-ਪਾਕ ਵਾਹਗਾ ਸਰਹੱਦ ਉੱਤੇ ਜਰਨਲ ਸ਼ਾਮ ਸਿੰਘ ਅਟਾਰੀ ਯਾਦਗਾਰੀ ਗੇਟ, ਉਨ੍ਹਾਂ ਦੇ ਨਗਰ ਅਟਾਰੀ ਵਿਖੇ ਉਨ੍ਹਾਂ ਦੀ ਯਾਦਗਾਰ ਅਤੇ ਸਭਰਾਵਾਂ ਵਿਖੇ, ਜਿੱਥੇ ਸਰਦਾਰ ਸ਼ਾਮ ਸਿੰਘ ਅਟਾਰੀ ਨੇ ਮੈਦਾਨ-ਏ-ਜੰਗ ਵਿਚ ਜੂਝਦਿਆਂ ਸ਼ਹੀਦੀ ਪਾਈ ਸੀ, ਵਿਖੇ ਉਨ੍ਹਾਂ ਦੀ ਯਾਦ ਵਿਚ ਇੱਕ ਗੁਰਦੁਆਰਾ ਸਾਹਿਬ, ਕਾਲਜ ਅਤੇ ਸਕੂਲ ਸੁਸ਼ੋਭਿਤ ਹਨ। ਇਸ ਗੁਰਦੁਆਰਾ ਸਾਹਿਬ ਅਤੇ ਉਨ੍ਹਾਂ ਦੇ ਨਗਰ ਵਿਖੇ ਹਰ ਸਾਲ ਸ਼ਹੀਦੀ ਜੋੜ-ਮੇਲਾ ਕਰਵਾਇਆ ਜਾਂਦਾ ਹੈ।

ਨਿਰਸੰਦੇਹ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਦਾ ਸਮੁੱਚਾ ਜੀਵਨ ਸਾਡੇ ਸਾਰਿਆਂ ਅਤੇ ਖਾਸ ਕਰਕੇ ਭਵਿੱਖੀ ਨੌਜੁਆਨ ਪੀੜ੍ਹੀ ਲਈ ਇਕ ਚਾਨਣ-ਮੁਨਾਰੇ ਦਾ ਕੰਮ ਕਰਦਾ ਰਹੇਗਾ। ਉਹ ਸਾਡੀ ਨੌਜੁਆਨ ਪੀੜ੍ਹੀ ਲਈ ਇਕ ਸਹੀ ਅਤੇ ਯੋਗ ਰੋਲ- ਮਾਡਲ ਬਣੇ ਰਹਿਣਗੇ। ਆਓ! ਆਪਣੇ ਦੇਸ਼, ਕੌਮ ਅਤੇ ਧਰਮ ਪ੍ਰਤੀ ਆਪਣਾ ਫਰਜ਼ ਪਛਾਣੀਏ ਅਤੇ ਸਮੇਂ ਦੇ ਸੱਚ ਨੂੰ ਪਛਾਣੀਏ ਤਾਂ ਜੋ ਆਪਣੀ ਹੋਂਦ-ਹਸਤੀ ਨੂੰ ਕਾਇਮ ਰੱਖ ਸਕੀਏ ਅਤੇ ਆਪਣੀ ਮਹਾਨ ਅਤੇ ਸ਼ਾਨਾਂਮਤੀ ਵਿਰਾਸਤ ਦੇ ਸਹੀ ਵਾਰਸ ਬਣ ਸਕੀਏ। ਇਹੋ ਹੀ ਸਾਡੀ ਉਸ ਮਹਾਨ ਅਤੇ ਉੱਚ ਕੋਟੀ ਦੇ ਸਿੱਖ ਜਰਨੈਲ, ਅਣਖ, ਗੈਰਤ ਦੇ ਮੁਜੱਸਮੇ ਗੁਰੂ ਕੇ ਸਿੱਖ ਅਤੇ ਸਿੱਖੀ ਸ਼ਾਨ ਅਤੇ ਗੌਰਵ ਦੇ ਚਿੰਨ੍ਹ ਪੰਜਾਬੀ ਮਾਂ ਦੇ ਲਾਸਾਨੀ ਸਪੂਤ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)