editor@sikharchives.org

ਸਰਹਿੰਦ ਦਾ ਪਹਿਲਾ ਸਿੱਖ ਨਾਇਬ ਸੂਬੇਦਾਰ ਬਾਬਾ ਆਲੀ ਸਿੰਘ ਜੀ ਸਲੌਦੀ

ਬਾਬਾ ਆਲੀ ਸਿੰਘ ਜੀ ਤੇ ਬਾਬਾ ਮਾਲੀ ਸਿੰਘ ਜੀ ਦੋਵੇਂ ਭਰਾ ਪਹਿਲਾਂ ਘੋੜਿਆਂ ਦਾ ਵਪਾਰ ਕਰਿਆ ਕਰਦੇ ਸਨ ਅਤੇ ਇਹ ਬਹੁਤ ਹੀ ਵਧੀਆ ਨਸਲ ਦੇ ਘੋੜੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿਚ ਵੀ ਲੈ ਕੇ ਜਾਇਆ ਕਰਦੇ ਸਨ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਦਸਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਟਨਾ ਸਾਹਿਬ ਵਿਖੇ 22 ਦਸੰਬਰ, 1666 ਈ. ਦੇ ਪ੍ਰਕਾਸ਼ ਤੋਂ 4 ਮਹੀਨੇ ਦੇ ਫ਼ਰਕ ਨਾਲ ਭਾਵ 25 ਅਪ੍ਰੈਲ, 1667 ਈ ਨੂੰ ਬਾਬਾ ਸੰਗਤ ਸਿੰਘ ਜੀ ਨੇ ਭਾਈ ਰਣੀਆ ਜੀ ਤੇ ਬੀਬੀ ਅਮਰੋ ਜੀ ਦੇ ਗ੍ਰਹਿ ਵਿਖੇ ਜਨਮ ਲਿਆ। – delete before publishing

ਬੇਟੇ ਕੇ ਕਤਲ ਹੋਨੇ ਕੀ ਪਹੁੰਚੀ ਯੂੰਹੀ ਖ਼ਬਰ,
ਸ਼ੁਕਰੇ ਅੱਲਾਹ ਕੀਆ ਝਟ ਉਠਾ ਕੇ ਸਰ।
ਮੁਝ ਪਰ ਸੇ ਆਜ ਤੇਰੀ ਅਮਾਨਤ ਅਦਾ ਹੂਈ,
ਬੇਟੋਂ ਕੀ ਜਾਂ ਧਰਮ ਕੀ ਖ਼ਾਤਿਰ ਫ਼ਿਦਾ ਹੂਈ।
—delete before publishing

“ਦਸਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਟਨਾ ਸਾਹਿਬ ਵਿਖੇ 22 ਦਸੰਬਰ, 1666 ਈ. ਦੇ ਪ੍ਰਕਾਸ਼ ਤੋਂ 4 ਮਹੀਨੇ ਦੇ ਫ਼ਰਕ ਨਾਲ ਭਾਵ 25 ਅਪ੍ਰੈਲ, 1667 ਈ. ਨੂੰ ਬਾਬਾ ਸੰਗਤ ਸਿੰਘ ਜੀ ਨੇ ਭਾਈ ਰਣੀਆ ਜੀ ਤੇ ਬੀਬੀ ਅਮਰੋ ਜੀ ਦੇ ਗ੍ਰਹਿ ਵਿਖੇ ਜਨਮ ਲਿਆ।” – delete before publishing

ਸਲੌਦੀ ਇਕ ਇਤਿਹਾਸਕ ਪਿੰਡ ਹੈ ਜੋ ਜ਼ਿਲ੍ਹਾ ਲੁਧਿਆਣਾ ਦੀ ਸਮਰਾਲਾ ਤਹਿਸੀਲ ਵਿਚ ਖੰਨਾ-ਸਮਰਾਲਾ ਸੜਕ ’ਤੋਂ ਇਕ ਕਿਲੋਮੀਟਰ ਦੀ ਦੂਰੀ ਅਤੇ ਖੰਨਾ ਰੇਲਵੇ ਸਟੇਸ਼ਨ ਤੋਂ 5 ਕਿਲੋਮੀਟਰ ਦੂਰੀ ’ਤੇ ਵਾਕਿਆ ਹੈ। ਇਸ ਪਿੰਡ ਬਾਰੇ ਪੱਕੇ ਤੌਰ ’ਤੇ ਭਾਵੇਂ ਕੁਝ ਨਹੀਂ ਕਿਹਾ ਜਾ ਸਕਦਾ ਕਿ ਇਹ ਕਦੋਂ ਆਬਾਦ ਹੋਇਆ ਪਰ ਸਥਾਨਕ ਪ੍ਰੰਪਰਾਵਾਂ ਅਨੁਸਾਰ ਇਸ ਪਿੰਡ ਦੇ ਨਾਮਕਰਨ ਬਾਰੇ ਅਤੇ ਆਬਾਦ ਹੋਣ ਬਾਰੇ ਕਈ ਧਾਰਨਾਵਾਂ ਪ੍ਰਚਲਿਤ ਹਨ ਜਿਵੇਂ ਕਿ ਇੱਥੇ ਪਹਿਲਾਂ ਸੰਘਣਾ ਜੰਗਲ ਹੋਇਆ ਕਰਦਾ ਸੀ ਜਿਸ ਵਿਚ ਸਿੰਘ ਆ ਕੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਸਲਾਹ-ਮਸ਼ਵਰਾ ਕਰਿਆ ਕਰਦੇ ਸਨ, ਸਿੰਘਾਂ ਦੀ ਸੁਲ੍ਹਾ ਦੀ ਥਾਂ ਹੋਣ ਕਰਕੇ ਇਸ ਨੂੰ ‘ਸਿੰਘਾਂ ਦੀ ਸੁਲ੍ਹਾ ਦੀ’ ਕਿਹਾ ਜਾਣ ਲੱਗ ਪਿਆ ਜੋ ਬਾਅਦ ਵਿਚ ਸਮੇਂ ਦੇ ਫੇਰ ਨਾਲ ‘ਸਿੰਘਾਂ ਦੀ ਸਲੌਦੀ’ ਵਿਚ ਤਬਦੀਲ ਹੋ ਗਿਆ। ਕਈ ਲੋਕਾਂ ਦਾ ਵਿਚਾਰ ਇਹ ਵੀ ਹੈ ਕਿ ਇਹ ਪਿੰਡ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਆਗਿਆ ਲੈ ਕੇ ਸਿੰਘਾਂ ਨੇ ਵਸਾਇਆ ਸੀ। ਸਲੌਦੀ ਪਿੰਡ ਦੇ ਵਸਨੀਕ ਮਾਨ ਬੰਸ ਦੇ ਭਾਈਚਾਰੇ ਦੇ ਲੋਕ ਮਾਝੇ ਦੇ ਪਿੰਡ ਮਾਨਾਂਵਾਲਾ ਤੋਂ ਆ ਕੇ ਇੱਥੇ ਆਬਾਦ ਹੋਏ ਹਨ। ਇਨ੍ਹਾਂ ਦੇ ਇੱਥੇ ਵੱਸ ਜਾਣ ਤੋਂ ਬਾਅਦ ਇੱਥੋਂ ਦੇ ਕਈ ਮਾਨ ਘਰਾਣੇ ਨਾਲ ਦੇ ਪਿੰਡਾਂ ਵਿਚ ਵੀ ਜਾ ਕੇ ਆਬਾਦ ਹੋ ਗਏ।

ਬਾਬਾ ਆਲੀ ਸਿੰਘ ਜੀ ਦੇ ਜਨਮ ਬਾਰੇ ਭਾਵੇਂ ਕੋਈ ਪੱਕੀ ਜਾਣਕਾਰੀ ਨਹੀਂ ਮਿਲਦੀ ਅਨੁਮਾਨ ਅਨੁਸਾਰ ਬਾਬਾ ਆਲੀ ਸਿੰਘ ਜੀ ਦੀ ਸੰਨ 1716 ਈ: ਵਿਚ ਹੋਈ ਸ਼ਹੀਦੀ ਸਮੇਂ ਉਨ੍ਹਾਂ ਦੀ ਉਮਰ ਲੱਗਭਗ 70 ਸਾਲ ਦੀ ਸੀ। ਇਸ ਅਨੁਸਾਰ ਉਨ੍ਹਾਂ ਦਾ ਜਨਮ 1646 ਈ: ਦੇ ਲੱਗਭਗ ਹੋਇਆ ਮੰਨਿਆ ਜਾਂਦਾ ਹੈ। ਉਨ੍ਹਾਂ ਦੇ ਛੋਟੇ ਭਰਾ ਬਾਬਾ ਮਾਲੀ ਸਿੰਘ ਉਨ੍ਹਾਂ ਨਾਲੋਂ ਦੋ ਸਾਲ ਛੋਟੇ ਸਨ ਇਸ ਲਈ ਉਨ੍ਹਾਂ ਦਾ ਜਨਮ 1648 ਈ: ਦੇ ਲੱਗਭਗ ਹੋਇਆ ਅਨੁਮਾਨ ਕੀਤਾ ਜਾਂਦਾ ਹੈ।

ਬਾਬਾ ਆਲੀ ਸਿੰਘ ਜੀ ਤੇ ਬਾਬਾ ਮਾਲੀ ਸਿੰਘ ਜੀ ਦੋਵੇਂ ਭਰਾ ਪਹਿਲਾਂ ਘੋੜਿਆਂ ਦਾ ਵਪਾਰ ਕਰਿਆ ਕਰਦੇ ਸਨ ਅਤੇ ਇਹ ਬਹੁਤ ਹੀ ਵਧੀਆ ਨਸਲ ਦੇ ਘੋੜੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿਚ ਵੀ ਲੈ ਕੇ ਜਾਇਆ ਕਰਦੇ ਸਨ। ਇਸ ਤਰ੍ਹਾਂ ਆਪ ਜੀ ਦਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸ ਅਨੰਦਪੁਰ ਸਾਹਿਬ ਆਉਣਾ-ਜਾਣਾ ਬਣਿਆ ਰਹਿੰਦਾ ਸੀ। ਇਹ ਬਹਾਦਰ ਯੋਧੇ ਵੀ ਸਨ ਜਿਸ ਕਾਰਨ ਗੁਰੂ ਸਾਹਿਬ ਆਪ ਜੀ ਨਾਲ ਬਹੁਤ ਪਿਆਰ ਕਰਦੇ ਸਨ। ਬਾਬਾ ਆਲੀ ਸਿੰਘ ਜੀ ਨੇ ਆਪਣੀ ਕਮਾਨ ਵਿਚ 60 ਕੁ ਸੂਰਬੀਰ ਯੋਧਿਆਂ ਦਾ ਜਥਾ ਤਿਆਰ ਕੀਤਾ ਹੋਇਆ ਸੀ। ਆਪ ਜੀ ਨੇ ਸੰਨ 1701 ਈ: ਦੇ ਲੱਗਭਗ ਅਨੰਦਪੁਰ ਸਾਹਿਬ ਜਾ ਕੇ ਗੁਰੂ ਜੀ ਤੋਂ ਆਪਣੇ ਜਥੇ ਸਮੇਤ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਪੱਕੇ ਤੌਰ ’ਤੇ ਸਿੰਘ ਸੱਜ ਗਏ ਅਤੇ ਆਪ ਦਾ ਜਥਾ ਸਿੰਘਾਂ ਦੇ ਜਥੇ ਦੇ ਨਾਂ ਨਾਲ ਪ੍ਰਸਿੱਧ ਹੋ ਗਿਆ।

ਜਦੋਂ ਅਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਸ਼ਾਹੀ ਸੈਨਾ ਨੇ ਘੇਰਾ ਪਾ ਲਿਆ ਤਾਂ ਆਪ ਵੀ ਆਪਣੇ ਜਥੇ ਸਮੇਤ ਗੁਰੂ ਜੀ ਦੀ ਹਜ਼ੂਰੀ ਵਿਚ ਪਹੁੰਚ ਗਏ। ਜਦੋਂ ਕਈ ਵਾਰ ਕਿਲ੍ਹੇ ਅੰਦਰ ਅੰਨ ਦੀ ਕਮੀ ਆ ਜਾਂਦੀ ਤਾਂ ਇਹ ਜਥਾ ਅਨੇਕਾਂ ਵਾਰ ਹਨ੍ਹੇਰੀਆਂ ਰਾਤਾਂ ਵਿਚ ਸ਼ਾਹੀ ਸੈਨਾ ਦਾ ਮੁਕਾਬਲਾ ਕਰਦਾ ਹੋਇਆ ਅੰਨ ਰਾਸ਼ਨ ਆਦਿ ਲੈ ਆਉਂਦਾ। ਜਦੋਂ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਖਾਲੀ ਕਰਨ ਦਾ ਫੈਸਲਾ ਕੀਤਾ ਤਾਂ ਗੁਰੂ ਜੀ ਦੀ ਹਜ਼ੂਰੀ ਵਿਚ ਹਾਜ਼ਰ ਸਿੰਘਾਂ ਦੇ ਅਲੱਗ-ਅਲੱਗ ਜਥੇ ਬਣਾ ਦਿੱਤੇ ਗਏ ਅਤੇ ਉਨ੍ਹਾਂ ਦੇ ਕੰਮ ਉਨ੍ਹਾਂ ਨੂੰ ਸਮਝਾ ਦਿੱਤੇ ਗਏ। ਜਦੋਂ ਗੁਰੂ ਜੀ ਦਾ ਕਾਫਲਾ ਸਰਸਾ ਨਦੀ ਦੇ ਕੰਢੇ ’ਤੇ ਪਹੁੰਚਿਆ ਤਾਂ ਸ਼ਾਹੀ ਸੈਨਾ ਨੇ ਆਪਣੀਆਂ ਕਸਮਾਂ ਭੁਲਾ ਕੇ ਗੁਰੂ ਜੀ ਦੇ ਕਾਫਲੇ ’ਤੇ ਪਿੱਛੋਂ ਹਮਲਾ ਕਰ ਦਿੱਤਾ। ਇਸ ਹਮਲੇ ਨੂੰ ਰੋਕਣ ਲਈ ਸਭ ਤੋਂ ਪਹਿਲਾਂ ਗੁਰੂ ਜੀ ਨੇ ਭਾਈ ਉਦੈ ਸਿੰਘ ਜੀ ਨੂੰ ਉਨ੍ਹਾਂ ਦੇ ਜਥੇ ਸਮੇਤ ਭੇਜਿਆ। ਇਹ ਸਿੰਘ ਸ਼ਾਹੀ ਟਿੱਬੀ ’ਤੇ ਸ਼ਾਹੀ ਸੈਨਾ ਦਾ ਡੱਟ ਕੇ ਮੁਕਾਬਲਾ ਕਰਦੇ ਰਹੇ ਅਤੇ ਅੰਤ ਨੂੰ ਸ਼ਹੀਦੀਆਂ ਪ੍ਰਾਪਤ ਕਰ ਗਏ। ਇਨ੍ਹਾਂ ਤੋਂ ਬਾਅਦ ਭਾਈ ਜੀਵਨ ਸਿੰਘ ਜੀ (ਭਾਈ ਜੈਤਾ ਜੀ) ਦੇ ਜਥੇ ਨੇ ਸ਼ਾਹੀ ਸੈਨਾ ਨੂੰ ਰੋਕਣ ਦੀ ਜ਼ਿੰਮੇਵਾਰੀ ਲਈ। ਇਨ੍ਹਾਂ ਨੇ ਸ਼ਾਹੀ ਸੈਨਾ ਨੂੰ ਸਰਸਾ ਦੇ ਕੰਢੇ ’ਤੇ ਹੀ ਰੋਕੀ ਰੱਖਿਆ ਜਦ ਤਕ ਗੁਰੂ ਜੀ ਦਾ ਕਾਫਲਾ ਸਰਸਾ ਨਦੀ ਪਾਰ ਨਾ ਕਰ ਗਿਆ। ਇਨ੍ਹਾਂ ਤੋਂ ਉਪਰੰਤ ਭਾਈ ਆਲੀ ਸਿੰਘ ਤੇ ਭਾਈ ਮਾਲੀ ਸਿੰਘ ਦੇ ਜਥੇ ਨੇ ਸ਼ਾਹੀ ਸੈਨਾ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਸ਼ਾਹੀ ਸੈਨਾ ਨੂੰ ਅੱਗੇ ਵਧਣ ਤੋਂ ਰੋਕੀ ਰੱਖਿਆ ਅਤੇ ਨਾਲ ਦੀ ਨਾਲ ਸਰਸਾ ਨਦੀ ਨੂੰ ਵੀ ਪਾਰ ਕਰਦਾ ਗਿਆ। ਸਰਸਾ ਨਦੀ ਪਾਰ ਕਰਨ ਉਪਰੰਤ ਸ਼ਾਹੀ ਸੈਨਾ ਨਾਲ ਜੂਝਦੇ ਇਸ ਜਥੇ ਦੇ ਬਹੁਤ ਸਾਰੇ ਸਿੰਘ ਸ਼ਹੀਦ ਹੋ ਗਏ ਅਤੇ ਬਹੁਤ ਸਾਰੇ ਜ਼ਖ਼ਮੀ ਹੋ ਗਏ। ਬਾਬਾ ਆਲੀ ਸਿੰਘ ਤੇ ਬਾਬਾ ਮਾਲੀ ਸਿੰਘ ਜੀ ਖੁਦ ਵੀ ਇਸ ਜੰਗ ਵਿਚ ਕਾਫੀ ਜ਼ਖ਼ਮੀ ਹੋ ਗਏ। ਜ਼ਖ਼ਮੀ ਹਾਲਤ ਵਿਚ ਇਹ ਸਿੰਘਾਂ ਦਾ ਜਥਾ ਕੋਟਲਾ ਨਿਹੰਗ ਖਾਂ ਪਾਸ ਪਹੁੰਚ ਗਿਆ। ਕੋਟਲਾ ਨਿਹੰਗ ਖਾਂ ਦੇ ਪਠਾਣਾਂ ਨੇ ਇਨ੍ਹਾਂ ਜ਼ਖ਼ਮੀ ਸਿੰਘਾਂ ਦੀ ਬਹੁਤ ਮਦਦ ਕੀਤੀ ਅਤੇ ਜ਼ਖ਼ਮੀ ਸਿੰਘਾਂ ਦੀ ਸੇਵਾ-ਸੰਭਾਲ ਕੀਤੀ। ਇੱਥੇ ਜੋ-ਜੋ ਸਿੰਘ ਠੀਕ ਹੁੰਦਾ ਗਿਆ ਉਹ ਆਪਣੇ-ਆਪਣੇ ਪਿੰਡ ਨੂੰ ਰਵਾਨਾ ਹੁੰਦਾ ਗਿਆ। ਜਦੋਂ ਬਾਬਾ ਆਲੀ ਸਿੰਘ ਜੀ ਤੇ ਬਾਬਾ ਮਾਲੀ ਸਿੰਘ ਜੀ ਦੇ ਜਥੇ ਦੀ ਹਾਲਤ ਠੀਕ ਹੋ ਗਈ ਤਾਂ ਉਨ੍ਹਾਂ ਨੇ ਵੀ ਗੁਰੁ ਸਾਹਿਬ ਦੀ ਖੈਰ-ਸੁੱਖ ਪਤਾ ਕਰਨ ਲਈ ਗੁਰੂ ਜੀ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੂੰ ਆਪਣੇ ਸੂਤਰਾਂ ਤੋਂ ਪਤਾ ਲਗਾ ਲਿਆ ਕਿ ਗੁਰੂ ਜੀ ਦੀਨੇ ਕਾਂਗੜ ਵਿਚ ਹਨ ਅਤੇ ਉਹ ਸਾਰੇ ਗੁਰੂ ਜੀ ਨੂੰ ਦੀਨਾ ਕਾਂਗੜ ਵਿਖੇ ਜਾ ਮਿਲੇ। ਇੱਥੋਂ ਹੀ ਗੁਰੂ ਜੀ ਨੇ ਇਕ ਫ਼ਤਿਹ ਦੀ ਚਿੱਠੀ (ਜ਼ਫ਼ਰਨਾਮਾ) ਔਰੰਗਜ਼ੇਬ ਨੂੰ ਲਿਖ ਕੇ ਭੇਜੀ ਜਿਸ ਵਿਚ ਉਨ੍ਹਾਂ ਦੇ ਸ਼ਾਹੀ ਅਹਿਲਕਾਰਾਂ ਵੱਲੋਂ ਆਮ ਜਨਤਾ ’ਤੇ ਕੀਤੇ ਜਾਂਦੇ ਜ਼ੁਲਮਾਂ ਦਾ ਖੁਲਾਸਾ ਕੀਤਾ।

ਬਾਬਾ ਆਲੀ ਸਿੰਘ ਜੀ ਦਾ ਜਥਾ ਇੱਥੋਂ ਗੁਰੂ ਜੀ ਦੇ ਨਾਲ ਹੀ ਅੱਗੇ ਖਿਦਰਾਣੇ ਦੀ ਢਾਬ ਮੁਕਤਸਰ ਵੱਲ ਨੂੰ ਰਵਾਨਾ ਹੋ ਗਿਆ। ਰਸਤੇ ਵਿਚ ਗੁਰੂ ਜੀ ਨਾਲ ਮਾਤਾ ਭਾਗੋ ਜੀ ਦੀ ਅਗਵਾਈ ਵਿਚ ਮਾਝੇ ਦੇ ਸਿੰਘ ਵੀ ਆਣ ਮਿਲੇ। ਗੁਰੂ ਜੀ ਦੀ ਸੂਹ ਲੈਂਦੀ ਸੂਬਾ ਸਰਹਿੰਦ ਵਜ਼ੀਰ ਖਾਨ ਦੀ ਸ਼ਾਹੀ ਸੈਨਾ ਵੀ ਪਿੱਛਾ ਕਰਦੀ ਆ ਰਹੀ ਸੀ, ਜਿਸ ਦਾ ਮੁਕਾਬਲਾ ਮਾਝੇ ਦੇ ਸਿੰਘਾਂ ਨਾਲ ਖਿਦਰਾਣੇ ਦੀ ਢਾਬ ਦੇ ਪਾਸ ਹੋਇਆ। ਗੁਰੂ ਜੀ ਉਸ ਸਮੇਂ ਉੱਚੀ ਟਿੱਬੀ ਤੋਂ ਤੀਰ ਵਰਸਾ ਕੇ ਸ਼ਾਹੀ ਸੈਨਾ ਨੂੰ ਟੱਕਰ ਦੇ ਰਹੇ ਸਨ। ਬਾਬਾ ਆਲੀ ਸਿੰਘ ਜੀ ਅਤੇ ਬਾਬਾ ਮਾਲੀ ਸਿੰਘ ਜੀ ਦਾ ਜਥਾ ਵੀ ਉਸ ਸਮੇਂ ਗੁਰੂ ਜੀ ਦੇ ਨਾਲ ਟਿੱਬੀ ਤੋਂ ਸ਼ਾਹੀ ਸੈਨਾ ਦਾ ਮੁਕਾਬਲਾ ਕਰ ਰਿਹਾ ਸੀ। ਮਾਝੇ ਦੇ ਸਿੰਘਾਂ ਨੇ ਆਪਣੀਆਂ ਜਾਨਾਂ ਵਾਰ ਕੇ ਸ਼ਾਹੀ ਸੈਨਾ ਦੇ ਛੱਕੇ ਛੁਡਵਾ ਦਿੱਤੇ ਅਤੇ ਸ਼ਾਹੀ ਸੈਨਾ ਮੈਦਾਨ ਛੱਡ ਕੇ ਵਾਪਿਸ ਭੱਜ ਗਈ। ਗੁਰੂ ਜੀ ਨੇ ਇਨ੍ਹਾਂ ਸ਼ਹੀਦ ਸਿੰਘਾਂ ਨੂੰ ‘ਮੁਕਤਾ’ ਪਦਵੀ ਬਖਸ਼ਿਸ਼ ਕੀਤੀ ਅਤੇ ਇਨ੍ਹਾਂ ਦੇ ਨਾਂ ’ਤੇ ਇਸ ਖਿਦਰਾਣੇ ਦੀ ਢਾਬ ਦਾ ਨਾਂ ਮੁਕਤਸਰ ਰੱਖ ਦਿੱਤਾ ਗਿਆ।

ਮੁਕਤਸਰ ਦੇ ਯੁੱਧ ਤੋਂ ਬਾਅਦ ਗੁਰੂ ਜੀ ਤਲਵੰਡੀ ਸਾਬੋ ਪੁੱਜ ਗਏ। ਇੱਥੇ ਗੁਰੁ ਜੀ ਨੇ ਸ਼ਾਂਤੀ ਦੇ ਮਾਹੌਲ ਵਿਚ ਕੁਝ ਸਮਾਂ ਠਹਿਰ ਕੇ ਸਾਹਿਤਕ ਕੰਮਾਂ ਵੱਲ ਧਿਆਨ ਦਿੱਤਾ। ਗੁਰੂ ਜੀ ਨਾਲ ਚੱਲ ਰਹੇ ਬਹੁਤ ਸਾਰੇ ਸਿੰਘਾਂ ਨੂੰ ਗੁਰੂ ਜੀ ਨੇ ਘਰੋ-ਘਰੀਂ ਜਾਣ ਦਾ ਆਦੇਸ਼ ਦਿੱਤਾ। ਇਸੇ ਸਮੇਂ ਬਾਬਾ ਆਲੀ ਸਿੰਘ ਜੀ ਅਤੇ ਬਾਬਾ ਮਾਲੀ ਸਿੰਘ ਜੀ ਨੂੰ ਗੁਰੂ ਜੀ ਨੇ ਆਪਣਾ ਅਸ਼ੀਰਵਾਦ ਦੇ ਕੇ ਘਰ ਨੂੰ ਤੋਰਿਆ ਅਤੇ ਇਹ ਜਥਾ ਵਾਪਿਸ ਆਪਣੇ ਪਿੰਡ ਸਲੌਦੀ ਆ ਕੇ ਘੋੜਿਆਂ ਦਾ ਵਪਾਰ ਕਰਨ ਵੱਲ ਰੁੱਝ ਗਿਆ।

ਔਰੰਗਜ਼ੇਬ ਉਸ ਸਮੇਂ ਦੱਖਣ ਵੱਲ ਗਿਆ ਹੋਇਆ ਸੀ ਜਦੋਂ ਗੁਰੂ ਜੀ ਦਾ ਖਤ ‘ਜ਼ਫ਼ਰਨਾਮਾ’ ਉਸ ਪਾਸ ਪੁੱਜਾ। ਇਹ ਖਤ ਪੜ੍ਹ ਕੇ ਉਸ ਦਾ ਮਨ ਪਛਤਾਵੇ ਨਾਲ ਭਰ ਗਿਆ ਅਤੇ ਉਸ ਨੇ ਗੁਰੂ ਜੀ ਨੂੰ ਮਿਲਣ ਦੀ ਇੱਛਾ ਜ਼ਾਹਿਰ ਕੀਤੀ। ਔਰੰਗਜ਼ੇਬ ਨੇ ਰਾਜ ਦੇ ਕਰਮਚਾਰੀਆਂ ਨੂੰ ਆਦੇਸ਼ ਵੀ ਕੀਤਾ ਕਿ ਅੱਗੇ ਤੋਂ ਗੁਰੂ ਸਾਹਿਬ ਨਾਲ ਸਤਿਕਾਰ ਵਾਲਾ ਵਤੀਰਾ ਵਰਤਿਆ ਜਾਵੇ ਅਤੇ ਜੇਕਰ ਕਿਸੇ ਨੇ ਇਸ ਆਦੇਸ਼ ਦੀ ਉਲੰਘਣਾ ਕੀਤੀ ਤਾਂ ਉਹ ਸਜ਼ਾ ਦਾ ਭਾਗੀ ਹੋਵੇਗਾ। ਇਸ ਦੀ ਸੂਚਨਾ ਵਜ਼ੀਰ ਖਾਨ ਸੂਬਾ ਸਰਹਿੰਦ ਨੂੰ ਵੀ ਪਹੁੰਚ ਗਈ ਸੀ। ਉਸ ਨੂੰ ਪੂਰਾ ਸ਼ੱਕ ਹੋ ਗਿਆ ਸੀ ਕਿ ਔਰੰਗਜ਼ੇਬ ਉਸ ਨੂੰ ਨਹੀਂ ਬਖਸ਼ੇਗਾ ਅਤੇ ਉਸ ਨੂੰ ਉਸ ਦੇ ਕੀਤੇ ਜ਼ੁਲਮਾਂ ਦੀ ਸਜ਼ਾ ਜ਼ਰੂਰ ਦੇਵੇਗਾ। ਉਸ ਨੇ ਆਪਣੇ ਖਾਸ ਅਹਿਲਕਾਰਾਂ ਨਾਲ ਇਸ ਪ੍ਰਤੀ ਸਲਾਹ ਕੀਤੀ ਤਾਂ ਉਨ੍ਹਾਂ ਨੇ ਉਸ ਨੂੰ ਕਿਹਾ ਕਿ ਉਹ ਮੱਕੇ ਦੇ ਹੱਜ ’ਤੇ ਚਲਾ ਜਾਵੇ; ਇਸ ਨਾਲ ਇਕ ਤਾਂ ਉਸ ਦੇ ਕੀਤੇ ਪਾਪਾਂ ਦਾ ਪਛਤਾਵਾ ਹੋਵੇਗਾ ਅਤੇ ਉਸ ਸਮੇਂ ਤਕ ਔਰੰਗਜ਼ੇਬ ਵੀ ਗੁਰੂ ਜੀ ਨੂੰ ਮਿਲ ਕੇ ਵਾਪਿਸ ਚਲਾ ਜਾਵੇਗਾ। ਇਸ ਵਿਚਾਰ ਤੋਂ ਬਾਅਦ ਵਜ਼ੀਰ ਖਾਨ ਸੂਬਾ ਸਰਹਿੰਦ ਹੱਜ ’ਤੇ ਚਲਾ ਗਿਆ।

ਵਜ਼ੀਰ ਖਾਨ ਦੇ ਹੱਜ ’ਤੇ ਚਲੇ ਜਾਣ ਤੋਂ ਬਾਅਦ ਇਕ ਦਿਨ ਉਸ ਦੀਆਂ ਬੇਗਮਾਂ ਆਪਣੇ ਅਹਿਲਕਾਰਾਂ ਨਾਲ ਪਿੰਜੌਰ ਦੀ ਸੈਰ ਲਈ ਚਲੇ ਗਈਆਂ ਅਤੇ ਪਿੰਜੌਰ ਵਿਖੇ ਤੰਬੂ ਲਗਵਾ ਲਏ ਗਏ। ਜਦੋਂ ਇਸ ਗੱਲ ਦਾ ਪਤਾ ਪਹਾੜੀ ਧਾੜਵੀਆਂ ਨੂੰ ਲੱਗਾ ਕਿ ਬੇਗਮਾਂ ਪਾਸ ਭਾਰੀ ਧਨ-ਦੌਲਤ ਹੈ ਤਾਂ ਉਨ੍ਹਾਂ ਨੇ ਕਾਫਲੇ ਨੂੰ ਲੁੱਟਣ ਲਈ ਉਸ ’ਤੇ ਹਮਲਾ ਕਰ ਦਿੱਤਾ। ਉਸ ਸਮੇਂ ਬਾਬਾ ਆਲੀ ਸਿੰਘ ਦਾ ਜਥਾ ਵੀ ਘੋੜੇ ਵੇਚਣ ਲਈ ਇਸ ਇਲਾਕੇ ਵਿਚ ਆਇਆ ਹੋਇਆ ਸੀ ਅਤੇ ਇਸ ਨੇ ਕੁਝ ਦੂਰੀ ’ਤੇ ਹੀ ਪੜਾਅ ਕੀਤਾ ਹੋਇਆ ਸੀ। ਜਦੋਂ ਸ਼ਾਹੀ ਪਹਿਰੇਦਾਰਾਂ ਦਾ ਧਾੜਵੀਆਂ ਅੱਗੇ ਕੋਈ ਵੱਸ ਨਾ ਚੱਲਿਆ ਤਾਂ ਬੇਗਮਾਂ ਦੌੜ ਕੇ ਬਾਬਾ ਆਲੀ ਸਿੰਘ ਦੇ ਜਥੇ ਪਾਸ ਆ ਗਈਆਂ ਅਤੇ ਰੱਖਿਆ ਕਰਨ ਲਈ ਬੇਨਤੀ ਕਰਨ ਲੱਗੀਆਂ। ਗੁਰੂ ਜੀ ਵੱਲੋਂ ਪ੍ਰਾਪਤ ਇਸਤਰੀ ਰੱਖਿਆ ਦੇ ਅਸੂਲ ਨੂੰ ਸਾਹਮਣੇ ਰੱਖਦੇ ਹੋਏ ਉਹ ਧਾੜਵੀਆਂ ’ਤੇ ਟੁੱਟ ਪਏ। ਧਾੜਵੀ ਆਪਣੀਆਂ ਜਾਨਾਂ ਬਚਾ ਕੇ ਭਜ ਗਏ। ਬੇਗਮਾਂ ਨੇ ਇਸ ਉਪਕਾਰ ਬਦਲੇ ਸਿੰਘਾਂ ਦਾ ਹਾਰਦਿਕ ਧੰਨਵਾਦ ਕੀਤਾ।

ਜਦੋਂ ਵਜ਼ੀਰ ਖਾਨ ਹੱਜ ਤੋਂ ਵਾਪਿਸ ਆ ਗਿਆ ਤਾਂ ਸਮਾਂ ਬਦਲ ਚੁੱਕਾ ਸੀ। ਔਰੰਗਜ਼ੇਬ ਦੀ ਮੌਤ ਹੋ ਚੁੱਕੀ ਸੀ। ਇਕ ਦਿਨ ਬੇਗਮਾਂ ਨੇ ਬਾਬਾ ਆਲੀ ਸਿੰਘ ਤੇ ਬਾਬਾ ਮਾਲੀ ਸਿੰਘ ਦੇ ਜਥੇ ਵੱਲੋਂ ਭੀੜ ਸਮੇਂ ਕੀਤੀ ਗਈ ਸਹਾਇਤਾ ਸੰਬੰਧੀ ਉਸ ਨੂੰ ਦੱਸਿਆ। ਵਜ਼ੀਰ ਖਾਨ ਇਨ੍ਹਾਂ ਦੀ ਬਹਾਦਰੀ ਸੁਣ ਕੇ ਬੜਾ ਪ੍ਰਸੰਨ ਹੋਇਆ ਅਤੇ ਉਸ ਨੇ ਸਿੰਘਾਂ ਨੂੰ ਦੀਵਾਨ ਟੋਡਰ ਮੱਲ ਨਾਲ ਸਲਾਹ ਕਰਕੇ ਜਗੀਰ ਦਿੱਤੀ ਅਤੇ ਉਨ੍ਹਾਂ ਨਾਲ ਸੁਲ੍ਹਾ ਕਰਕੇ ਆਪਣੇ ਪਾਸ ਰੱਖ ਲਿਆ। ਨਵਾਬ ਨੇ ਹਰ ਇਕ ਘੋੜ ਸਵਾਰ ਨੂੰ ਇਕ ਮੋਹਰ ਰੋਜ਼ਾਨਾ ਅਤੇ ਪੈਦਲ ਨੂੰ ਇਕ ਟਕਾ ਰੋਜ਼ਾਨਾ ਦੇਣਾ ਵੀ ਕੀਤਾ। ਵਜ਼ੀਰ ਖਾਨ ਨੇ ਇਹ ਵੀ ਹੁਕਮ ਕੀਤਾ ਕਿ ਨਵਾਬ ਦੇ ਦਰਬਾਰ ਵਿਚ ਇਨ੍ਹਾਂ ਸਭਨਾਂ ਨੂੰ ਦਰਬਾਰੀਆਂ ਦਾ ਸਥਾਨ ਦਿੱਤਾ ਜਾਵੇ ਤਾਂ ਕਿ ਬਾਦਸ਼ਾਹ ਨੂੰ ਇਹ ਭੁਲੇਖਾ ਪਾਇਆ ਜਾ ਸਕੇ ਕਿ ਉਨ੍ਹਾਂ ਦਾ ਸਿੱਖਾਂ ਪ੍ਰਤੀ ਵਤੀਰਾ ਬਹੁਤ ਚੰਗਾ ਹੈ। ਇਸ ਘਟਨਾ ਤੋਂ ਬਾਅਦ ਬਾਬਾ ਆਲੀ ਸਿੰਘ-ਬਾਬਾ ਮਾਲੀ ਸਿੰਘ ਦਾ ਜਥਾ ਸਿੱਖਾਂ ਦੇ ਨਾਲ-ਨਾਲ ਮੁਗਲਾਂ ਵਿਚ ਵੀ ਸਤਿਕਾਰਿਆ ਜਾਣ ਲੱਗ ਪਿਆ।

ਬਾਬਾ ਬੰਦਾ ਸਿੰਘ ਬਹਾਦਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਦੇਸ਼ ਨਾਲ ਪੰਜਾਬ ਵਿੱਚੋਂ ਜ਼ਾਲਮਾਂ ਦੀ ਜੜ੍ਹ ਪੁੱਟਣ ਲਈ ਪਧਾਰਿਆ ਜਿਸ ਦੀਆਂ ਖਬਰਾਂ ਵਜ਼ੀਰ ਖਾਨ ਨੂੰ ਵੀ ਮਿਲ ਰਹੀਆਂ ਸਨ। ਇਕ ਦਿਨ ਭਰੇ ਦਰਬਾਰ ਵਿਚ ਵਜ਼ੀਰ ਖਾਨ ਨੇ ਗੁੱਸੇ ਵਿਚ ਬਾਬਾ ਆਲੀ ਸਿੰਘ ਅਤੇ ਬਾਬਾ ਮਾਲੀ ਸਿੰਘ ਨੂੰ ਤਾਹਨਾ ਮਾਰਿਆ ਕਿ “ਤੁਹਾਡੇ ਗੁਰੂ ਦਾ ਇਕ ਹੋਰ ਬੰਦਾ ਆ ਗਿਆ ਹੈ। ਉਸ ਨੂੰ ਪਤਾ ਨਹੀਂ ਕਿ ਵਜ਼ੀਰ ਖਾਨ ਨਾਲ ਪੰਗਾ ਲੈਣ ਦਾ ਹਸ਼ਰ ਕੀ ਹੁੰਦਾ ਹੈ। ਮੈਂ ਤਾਂ ਗੁਰੂ ਦੇ ਸ਼ੀਰਖੋਰ ਪੁੱਤਰਾਂ ਨੂੰ ਨਹੀਂ ਬਖਸ਼ਿਆ। ਮੈਂ ਤੇ ਨਵਾਬ ਮਲੇਰਕੋਟਲਾ ਵਰਗੇ ਦੀ ਵੀ ਨਹੀਂ ਸੀ ਸੁਣੀ। ਨਾਲੇ ਤੁਹਾਡੇ ਗੁਰੂ ਨੂੰ ਮੇਰੇ ਭੇਜੇ ਬੰਦਿਆਂ ਨੇ ਦੱਖਣ ਵਿਚ ਪਾਰ ਬੁਲਾ ਦਿੱਤਾ ਹੈ। ਇਹ ਬੰਦਾ ਮੇਰੇ ਅੱਗੇ ਕੀ ਚੀਜ਼ ਹੈ! ਇੰਨਾ ਜ਼ਰੂਰ ਕਹਿੰਨਾਂ ਕਿ ਤੁਸੀਂ ਜਾਓ ਤੇ ਇਹਨੂੰ ਪ੍ਰੇਰ ਕੇ ਸਰਹਿੰਦ ਵੱਲ ਲੈ ਕੇ ਆਓ ਤਾਂ ਜੋ ਮੈਂ ਇਸ ਨੂੰ ਦੋਜ਼ਖ ਭੇਜ ਕੇ ਸੀਨੇ ਦੀ ਅੱਗ ਠੰਡੀ ਕਰ ਲਵਾਂ।” ਬਾਬਾ ਆਲੀ ਸਿੰਘ ਤੇ ਬਾਬਾ ਮਾਲੀ ਸਿੰਘ ਨੂੰ ਇਸ ਤਰ੍ਹਾਂ ਦਾ ਚੋਭਵਾਂ ਵਿਅੰਗ ਚੰਗਾ ਨਹੀਂ ਲੱਗਾ। ਉਨ੍ਹਾਂ ਨੇ ਸੂਬਾ ਸਰਹਿੰਦ ਨੂੰ ਖੁਦਾ ਤੋਂ ਡਰਨ ਲਈ ਕਿਹਾ ਤੇ ਮਜ਼ਲੂਮਾਂ ’ਤੇ ਤਸ਼ੱਦਦ ਨਾ ਕਰਨ ਦੀ ਸਲਾਹ ਦਿੱਤੀ। ਵਜ਼ੀਰ ਖਾਨ ਹਉਮੈ ਵੱਸ ਇਹ ਬਰਦਾਸ਼ਤ ਨਾ ਕਰ ਸਕਿਆ ਅਤੇ ਉਸ ਨੇ ਆਪਣੇ ਅਹਿਲਕਾਰਾਂ ਨੂੰ ਹੁਕਮ ਕੀਤਾ ਕਿ ਬਾਬਾ ਆਲੀ ਸਿੰਘ ਅਤੇ ਬਾਬਾ ਮਾਲੀ ਸਿੰਘ ਨੂੰ ਜੇਲ੍ਹ ਵਿਚ ਬੰਦ ਕਰ ਦਿੱਤਾ ਜਾਵੇ। ਸਿਪਾਹੀਆਂ ਨੇ ਉਨ੍ਹਾਂ ਨੂੰ ਫੜ ਕੇ ਸਰਹਿੰਦ ਦੀ ਜੇਲ੍ਹ ਦੇ ਤਹਿਖ਼ਾਨੇ ਵਿਚ ਬੰਦ ਕਰ ਦਿੱਤਾ। ਇਸ ਘਟਨਾ ਬਾਰੇ ਭਾਈ ਰਤਨ ਸਿੰਘ (ਭੰਗੂ) ‘ਸ੍ਰੀ ਗੁਰ ਪੰਥ ਪ੍ਰਕਾਸ਼’ ਵਿਚ ਲਿਖਦੇ ਹਨ:

ਸ੍ਰਿਹੰਦ ਢਿਗ ਇਕ ਸਲੌਦੀ ਗ੍ਰਾਮ।
ਹੁਤੇ ਉਹਾਂ ਸਿੰਘਨ ਕੇ ਧਾਮ।
ਤਿਨ ਮੈਂ ਇਕ ਆਲੀ ਸਿੰਘ ਨਾਮ।
ਚਾਕ੍ਰੀ ਕਰਤ ਵਜ਼ੀਰੇ ਧਾਮ।
ਨਬਾਬ ਸ੍ਰਿਹੰਦੀ ਉਸੇ ਬੁਲਾਯੋ।
ਸੱਦ ਪੁਛਯੋ ਤੁਮ ਗੁਰ ਔਰ ਆਯੋ।
ਤੁਮਕੋ ਚਾਹੀਅਤ ਉਸ ਪਹਿ ਜਾਓ।
ਉਸਕੋ ਤੁਮ ਈਹਾਂ ਲੈ ਆਓ।
ਈਹਾਂ ਆਇ ਦੇਊਂ ਅਲਖ ਮਿਟਾਇ।
ਰਲੈ ਪੁਤ੍ਰਨ ਗੁਰ ਸ਼ਿਤਾਬੀ ਜਾਇ।
ਸਿੰਘਨ ਕਹੀ ਜਿ ਹੁਇ ਗੁਰ ਪੂਰਾ।
ਤੌ ਆਪੈ ਆਉਗੁ ਕਯਾ ਤੁਮੈਂ ਜ਼ਰੂਰਾ।
ਫਿਰ ਉਨ ਕਹਯੋ ਤੁਮ ਕੈਦੈ ਪਾਵੈਂ।
ਤਬ ਛੋਡੈਂ ਜਬ ਹਮੈਂ ਦਿਖਾਵੈ।
ਨਹੀ ਆਵੈ ਮੈਂ ਤੁਮ ਦੇਉਗੁ ਮਾਰ।
ਬੇੜੀ ਪਾਈ ਇਤੈ ਕਰਾਰ।

ਬਾਬਾ ਆਲੀ ਸਿੰਘ ਅਤੇ ਬਾਬਾ ਮਾਲੀ ਸਿੰਘ ਆਪਣੇ ਨੇਕ ਸੁਭਾਅ ਕਾਰਨ ਅਹੁਦੇਦਾਰਾਂ ਵਿਚ ਚੰਗੇ ਸਤਿਕਾਰੇ ਜਾਂਦੇ ਸਨ। ਸਰਹਿੰਦ ਦੀ ਕੈਦ ਵਿਚ ਕੈਦੀਆਂ ਦਾ ਲੰਗਰ ਤਿਆਰ ਕਰਨ ਲਈ ਦਾਉਦਪੁਰ ਪਿੰਡ ਦਾ ਇਕ ਵਿਅਕਤੀ ਨੌਕਰੀ ਕਰਦਾ ਸੀ ਜਿਸ ਦੇ ਨਾਨਕੇ ਸਲੌਦੀ ਪਿੰਡ ਵਿਚ ਸਨ। ਸੋ ਬਾਬਾ ਆਲੀ ਸਿੰਘ ਬਾਬਾ ਮਾਲੀ ਸਿੰਘ ਉਸ ਰਾਹੀਂ ਰਾਤ ਨੂੰ ਪਹਿਰੇਦਾਰਾਂ ਨੂੰ ਕੁਝ ਰੁਪਈਏ ਰਿਸ਼ਵਤ ਦੇ ਕੇ ਜੇਲ੍ਹ ਵਿੱਚੋਂ ਨਿਕਲ ਗਏ।

ਬਾਬਾ ਆਲੀ ਸਿੰਘ ਆਪਣੇ ਸਾਥੀਆਂ ਸਮੇਤ ਰਾਤੋ-ਰਾਤ ਆਪਣੇ ਪਿੰਡ ਸਲੌਦੀ ਪਹੁੰਚ ਗਏ। ਉਨ੍ਹਾਂ ਨੇ ਪਿੰਡ ਜਾ ਕੇ ਪਿੰਡ ਦੇ ਲੋਕਾਂ ਨੂੰ ਇਕੱਠੇ ਕਰਕੇ ਸਾਰੀ ਘਟਨਾ ਦੱਸੀ ਅਤੇ ਆਪਣੇ ਅੱਗੇ ਦੀ ਯੋਜਨਾ ਬਾਰੇ ਵੀ ਦੱਸਿਆ। ਪਿੰਡ ਦੇ ਕੁਝ ਹੋਰ ਬੰਦੇ ਵੀ ਉਨ੍ਹਾਂ ਦੇ ਵਿਚਾਰਾਂ ਨਾਲ ਸਹਿਮਤ ਹੋ ਗਏ ਅਤੇ ਉਨ੍ਹਾਂ ਪਾਸ ਛੋਟੀ ਜਿਹੀ ਸੈਨਾ ਬਣ ਗਈ। ਹੁਣ ਉਹ ਕਾਫਲੇ ਦੇ ਰੂਪ ਵਿਚ ਕੁਝ ਪੈਦਲ ਅਤੇ ਕੁਝ ਘੋੜਿਆਂ ’ਤੇ ਸਵਾਰ ਹੋ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਿਲਣ ਲਈ ਚੱਲ ਪਏ। ਜਦੋਂ ਇਨ੍ਹਾਂ ਦਾ ਕਾਫਲਾ ਕੈਥਲ ਨੇੜੇ ਭੂਨਾ ਪਿੰਡ ਦੇ ਬਾਹਰ ਪਹੁੰਚਿਆ ਤਾਂ ਉੱਥੇ 20 ਕੁ ਤੁਰਕਾਂ ਦਾ ਜਥਾ ਉਨ੍ਹਾਂ ਦੀ ਨਜ਼ਰੀਂ ਪਿਆ। ਉਸ ਨੂੰ ਦੇਖ ਸਿੰਘਾਂ ਦੇ ਜਥੇ ਨੇ ਉਨ੍ਹਾਂ ਤੋਂ ਲੁਕਣ ਲਈ ਇਕ ਥੇਹ ਵਿਚ ਪਨਾਹ ਲੈ ਲਈ। ਪਰ ਤੁਰਕਾਂ ਨੂੰ ਉਨ੍ਹਾਂ ਦੀ ਸੂਹ ਲੱਗ ਚੁੱਕੀ ਸੀ ਅਤੇ ਉਹ ਉਨ੍ਹਾਂ ’ਤੇ ਝਪਟ ਪਏ। ਸਿੰਘਾਂ ਨੇ ਬੜੀ ਬਹਾਦਰੀ ਨਾਲ ਉਨ੍ਹਾਂ ਦਾ ਮੁਕਾਬਲਾ ਕੀਤਾ ਅਤੇ ਉਨ੍ਹਾਂ ਤੋਂ ਕੁਝ ਘੋੜੀਆਂ ਅਤੇ ਹਥਿਆਰ ਖੋਹ ਲਏ। ਤੁਰਕ ਕੋਈ ਵਾਹ ਨਾ ਚੱਲਦੀ ਦੇਖ ਕੇ ਉੱਥੋਂ ਤਿੱਤਰ ਹੋ ਗਏ। ਸਿੰਘਾਂ ਦਾ ਇਹ ਕਾਫਲਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਖਰਖੋਦੇ ਨੇੜੇ ਸਿਹਰੀ ਖੰਡੇ ਪਿੰਡ ਜਾ ਮਿਲਿਆ ਅਤੇ ਖਾਲਸਾ ਦਲ ਨਾਲ ਜਾ ਸ਼ਾਮਿਲ ਹੋਇਆ। ਇੱਥੇ ਕੁਝ ਹੀ ਦਿਨਾਂ ਵਿਚ ਪੰਜ ਸੌ ਦੇ ਕਰੀਬ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਪਾਸ ਇਕੱਠੇ ਹੋ ਗਏ। ਭਾਈ ਰਤਨ ਸਿੰਘ (ਭੰਗੂ) ਇਸ ਦਾ ਵਰਣਨ ‘ਸ੍ਰੀ ਗੁਰ ਪੰਥ ਪ੍ਰਕਾਸ਼’ ਵਿਚ ਕਰਦੇ ਹੋਏ ਲਿਖਦੇ ਹਨ ਕਿ:

ਦਸਹੂੰ ਭੁਜੰਗੀ ਥੇ ਤੁਰੇ ਆਲੀ ਮਾਲੀ ਸਿੰਘ ਸਾਥ।
ਜਾਇ ਦੂਰਉਂ ਬੰਦੈ ਦੇਖ ਕੈ ਧਰਯੋ ਮਾਥ ਪਰ ਹਾਥ॥
ਵਾਹਿਗੁਰੂ ਕੀ ਫਤ੍ਹੇ ਬੁਲਾਈ, ਅਕਾਲ ਅਕਾਲ ਕੀ ਵਾਜ ਸੁਣਾਈ।
ਅਗੈ ਬੰਦੈ ਯੋ ਬਚਨ ਸੁਣਾਏ, ਚਾਹਤ ਅਪਨੇ ਨਾਮ ਬਤਾਏ॥
ਆਲੀ ਮਾਲੀ ਸਿੰਘ ਭਸੌੜੀਏ ਆਏ, ਕਰਾਮਾਤ ਘਰੋਂ ਢੂੰਢਤ ਧਾਏ।
ਕਰਾਮਾਤ ਉਸ ਸਤਿਗੁਰ ਮਾਹੀ, ਭੇਜਣ ਵਾਰੋ ਲਾਜ ਰਖਾਹੀਂ॥
ਯੋ ਕਹਿ ਉਨ ਕੋ ਨਾਮ ਸੁਨਾਯੋ, ਤੌ ਉਨ ਮਨ ਠੀਕ ਪ੍ਰਤਯਾਯੋ।
ਮਾਲੀ ਆਲੀ ਸਿੰਘ ਬੰਦੈ ਕਹੀ, ਉਨ ਮੈ ਤੁਮ ਮੈਂ ਭੇਦੋ ਨਹੀਂ॥
ਅਬਹ ਕਾਹੇ ਕੋ ਦੇਰ ਲਗਾਈ, ਕਰੋ ਕਾਰ ਕਰਨ ਆਇ ਜਾਹੀ।
ਫਿਰ ਬੰਦੋ ਨ ਉਨ ਸੋਂ ਕਹੀ, ਸਿੰਘ ਆਵਤ ਹੈਂ ਮਿਲਨੇ ਕਈ॥
ਉਨ ਕੌ ਚਹਿਯੈ ਸੰਗ ਰਲਾਏਂ, ਇਸ ਕਰਿਕੈ ਹਮ ਦੇਰ ਲਗਾਏਂ।
 ਜਿਨ ਪੈ ਅਗੇ ਚਿਠੈ ਥੇ ਗਏ, ਸੋ ਅਬ ਆਵਤ ਦੂਰੋਂ ਧਏ॥

ਬਾਬਾ ਆਲੀ ਸਿੰਘ ਤੇ ਬਾਬਾ ਮਾਲੀ ਸਿੰਘ ਦੇ ਜਥੇ ਤੋਂ ਇਲਾਵਾ ਭਾਈ ਰੂਪੇ ਦੇ ਭਾਈ ਧਰਮ ਸਿੰਘ ਅਤੇ ਭਾਈ ਕਰਮ ਸਿੰਘ, ਭਾਈ ਬਹਿਲੋ, ਭਾਈ ਭਗਤੂ ਕਾ, ਭਾਈ ਫਤਹਿ ਸਿੰਘ, ਚੌਧਰੀ ਰਾਮ ਸਿੰਘ ਤੇ ਭਾਈ ਤ੍ਰਿਲੋਕ ਸਿੰਘ ਦੀ ਪੰਜ ਸੌ ਦੀ ਫ਼ੌਜ ਅਤੇ ਮਾਲਵੇ ਦੇ ਬਹੁਤ ਸਾਰੇ ਸਿੱਖ ਪਰਵਾਰਾਂ ਦੇ ਬਹੁਤ ਸਾਰੇ ਜਵਾਨ ਆਪਣੇ ਘੋੜਿਆਂ ਅਤੇ ਹਥਿਆਰਾਂ ਨਾਲ ਲੈਸ ਹੋ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਕੈਂਪ ਵਿਚ ਪਹੁੰਚ ਗਏ ਸਨ। ਕੁਝ ਹੀ ਹਫਤਿਆਂ ਵਿਚ ਇਨ੍ਹਾਂ ਦੀ ਗਿਣਤੀ ਚਾਰ ਹਜ਼ਾਰ ਤਕ ਪਹੁੰਚ ਗਈ। ਇੱਥੇ ਬੈਠ ਕੇ ਹੀ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੀਆਂ ਅਗਲੀਆਂ ਮੁਹਿੰਮਾਂ ਲਈ ਨੀਤੀ ਤਿਆਰ ਕੀਤੀ।

ਬਾਬਾ ਆਲੀ ਸਿੰਘ ਤੇ ਬਾਬਾ ਮਾਲੀ ਸਿੰਘ ਦੇ ਜਥੇ ਦਾ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਜਾ ਮਿਲਣਾ ਬਾਬਾ ਬੰਦਾ ਸਿੰਘ ਬਾਹਦਰ ਲਈ ਬਹੁਤ ਲਾਹੇਵੰਦ ਸੀ ਕਿਉਂਕਿ ਇਹ ਯੋਧੇ ਉਸ ਇਲਾਕੇ ਦੇ ਵਸਨੀਕ ਸਨ ਜਿੱਥੇ ਵਜ਼ੀਰ ਖਾਨ ਅਤਿ ਦਾ ਜ਼ੁਲਮ ਕਮਾ ਰਿਹਾ ਸੀ ਅਤੇ ਇਹ ਯੋਧੇ ਉਸ ਦੇ ਹਰ ਰਾਜ਼ ਦੇ ਵਾਕਫ ਸਨ। ਇਨ੍ਹਾਂ ਸਿੰਘਾਂ ਨੇ ਹੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਜੰਗੀ ਨੁਕਤਾ- ਨਿਗਾਹ ਤੋਂ ਪਹਿਲਾਂ ਸਰਹਿੰਦ ਦੇ ਆਲੇ-ਦੁਆਲੇ ਦੇ ਉਨ੍ਹਾਂ ਅਹਿਲਕਾਰਾਂ ਨੂੰ ਖਤਮ ਕਰਨ ਦੀ ਸਲਾਹ ਦਿੱਤੀ ਜੋ ਸੂਬਾ ਸਰਹਿੰਦ ਵਜ਼ੀਰ ਖਾਨ ਦੇ ਹਰ ਪਾਪ ਵਿਚ ਭਾਈਵਾਲ ਸਨ। ਇਨ੍ਹਾਂ ਨੂੰ ਖਤਮ ਕਰਨਾ ਸੌਖਾ ਸੀ ਅਤੇ ਇਨ੍ਹਾਂ ਦੇ ਖਤਮ ਹੋਣ ਨਾਲ ਵਜ਼ੀਰ ਖਾਨ ਦੀ ਤਾਕਤ ਘੱਟ ਹੁੰਦੀ ਸੀ।

ਗਿਆਨੀ ਗਿਆਨ ਸਿੰਘ ਅਨੁਸਾਰ ਜਥੇ ਦਾ ਪਹਿਲਾ ਨਿਸ਼ਾਨਾ ਕੁਰਮਾਨਾ ਨਗਰ ਬਣਿਆ ਤੇ ਫੇਰ ਟੁਹਾਣਾ ਸ਼ਹਿਰ ਉੱਤੇ ਹਮਲਾ ਕੀਤਾ ਗਿਆ ਜਿੱਥੇ ਵਜ਼ੀਰ ਖਾਨ ਦੇ ਨਜ਼ਦੀਕੀ ਰਿਸ਼ਤੇਦਾਰ ਰਹਿੰਦੇ ਸਨ। ਇਸ ਤੋਂ ਬਾਅਦ ਉਸ ਨੇ ਸੋਨੀਪਤ ’ਤੇ ਕਬਜ਼ਾ ਕੀਤਾ। ਸੋਨੀਪਤ ਸ਼ਹਿਰ ਦਾ ਫ਼ੌਜਦਾਰ ਬਹੁਤ ਡਰ ਗਿਆ। ਲੜਾਈ ਵਿਚ ਖਾਲਸਾ ਫ਼ੌਜ ਨੇ ਦੁਸ਼ਮਣ ਫ਼ੌਜ ਦੇ ਛੱਕੇ ਛੁਡਾ ਦਿੱਤੇ ਅਤੇ ਸੋਨੀਪਤ ਸ਼ਹਿਰ ’ਤੇ ਜਿੱਤ ਪ੍ਰਾਪਤ ਕੀਤੀ। ਸੋਨੀਪਤ ਤੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਮਾਣੇ ਵੱਲ ਨੂੰ ਰੁਖ਼ ਕੀਤਾ। ਰਸਤੇ ਵਿਚ ਉਸ ਨੂੰ ਖ਼ਬਰ ਮਿਲੀ ਕਿ ਕੁਝ ਸਿਪਾਹੀ ਸਰਕਾਰੀ ਮਾਮਲੇ ਦੀ ਰਕਮ ਇਕੱਠੀ ਕਰਕੇ ਭੂਨਾ ਪਿੰਡ ’ਚ ਠਹਿਰੇ ਹੋਏ ਹਨ। ਬਾਬਾ ਬੰਦਾ ਸਿੰਘ ਬਹਾਦਰ ਨੂੰ ਇਸ ਸਮੇਂ ਮਾਇਆ ਦੀ ਬਹੁਤ ਜ਼ਰੂਰਤ ਸੀ ਉਸ ਨੇ ਇਸ ਨੂੰ ਰੱਬੀ-ਸਹਾਇਤਾ ਸਮਝਦੇ ਹੋਏ ਸਾਰੀ ਰਕਮ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਉਨ੍ਹਾਂ ਦਿਨਾਂ ਵਿਚ ਕੈਥਲ ਸ਼ਹਿਰ, ਸੁਨਾਮ, ਹਿਸਾਰ, ਅਤੇ ਸ਼ਾਹਬਾਦ ਆਦਿ ਨਗਰ ਦੇ ਆਮਲ ਦਾ ਸਦਰ ਮੁਕਾਮ ਸੀ ਅਤੇ ਉਹ ਇੱਥੇ ਹੀ ਨਿਵਾਸ ਕਰਿਆ ਕਰਦਾ ਸੀ ਜਿਸ ਦਾ ਮੁੱਖ ਕੰਮ ਇਲਾਕੇ ’ਚੋਂ ਮਾਮਲਾ ਇਕੱਠਾ ਕਰਕੇ ਦਿੱਲੀ ਦੇ ਸ਼ਾਹੀ ਖਜ਼ਾਨੇ ਵਿਚ ਪਹੁੰਚਾਉਣਾ ਹੁੰਦਾ ਸੀ। ਜਦੋਂ ਸਿੰਘਾਂ ਵੱਲੋਂ ਖਜ਼ਾਨਾ ਲੁੱਟੇ ਜਾਣ ਦੀ ਖ਼ਬਰ ਹਾਕਮਾਂ ਤਕ ਪਹੁੰਚੀ ਤਾਂ ਕੈਥਲ ਦਾ ਆਮਿਲ ਫ਼ੌਜ ਲੈ ਕੇ, ਬਾਬਾ ਬੰਦਾ ਸਿੰਘ ਬਹਾਦਰ ਦਾ ਮੁਕਬਲਾ ਕਰਨ ਲਈ ਆ ਚੜ੍ਹਿਆ। ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਦੀਆਂ ਸ਼ਾਹੀ ਸੈਨਾ ਨਾਲ ਕਈ ਥਾਈਂ ਝੜਪਾਂ ਹੋਈਆਂ ਅਤੇ ਇਸ ਛਾਪਾਮਾਰ ਲੜਾਈ ਵਿਚ ਸ਼ਾਹੀ ਸੈਨਾ ਦੀ ਲੱਕ-ਤੋੜਵੀਂ ਹਾਰ ਹੋਈ ਅਤੇ ਆਮਿਲ ਨੇ ਆਪਣੇ ਸਾਰੇ ਘੋੜੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਭੇਟ ਕਰਕੇ ਆਪਣੀ ਜਾਨ ਬਚਾਈ। ਇਸ ਜੰਗ ਵਿਚ ਸਿੰਘਾਂ ਦੇ ਹੱਥ ਸ਼ਾਹੀ ਖ਼ਜ਼ਾਨੇ ਸਮੇਤ ਬਹੁਤ ਸਾਰਾ ਅਸਲਾ ਬਾਰੂਦ ਅਤੇ ਘੋੜੇ ਵੀ ਆ ਗਏ।

ਪੰਜਾਬ ਵਿਚ ਪੁੱਜਦਿਆਂ ਹੀ ਸਿੱਖ ਦੂਰੋਂ-ਨੇੜਿਓਂ ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਨ ਹੇਠ ਇਕੱਠੇ ਹੋਣੇ ਸ਼ੁਰੂ ਹੋ ਗਏ। ਥੋੜ੍ਹੇ ਹੀ ਸਮੇਂ ਵਿਚ ਪੰਜਾਬ ਦੀ ਸਾਰੀ ਸਿੱਖ ਅਤੇ ਕਿਸਾਨ ਵੱਸੋਂ ਨੇ ਜ਼ਾਲਮਾਂ ਪਾਸੋਂ ਬਦਲਾ ਲੈਣ ਲਈ ਬਗਾਵਤ ਕਰ ਦਿੱਤੀ। ਬਾਬਾ ਬੰਦਾ ਸਿੰਘ ਬਹਾਦਰ ਆਪਣੇ ਜਥੇ ਸਮੇਤ ਸਮਾਣਾ ਨਗਰ ਨੇੜੇ ਪਹੁੰਚ ਗਿਆ ਸੀ। ਦਿੱਲੀ ਦੇ ਚਾਂਦਨੀ ਚੌਂਕ ਵਿਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕਰਨ ਵਾਲਾ ਜਲਾਦ ਜਲਾਲੂਦੀਨ ਵੀ ਇਸੇ ਸ਼ਹਿਰ ਸਮਾਣੇ ਦਾ ਸੀ। ਅਲੀ ਹੁਸੈਨ ਜਿਸ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੁਰਾਨ ਦੀਆਂ ਕਸਮਾਂ ਖਾ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਝੂਠੇ ਵਾਅਦੇ ਕਰਕੇ ਸ੍ਰੀ ਅਨੰਦਗੜ੍ਹ ਦਾ ਕਿਲ੍ਹਾ ਖਾਲੀ ਕਰਵਾਇਆ ਸੀ ਉਹ ਵੀ ਇਸੇ ਸਮਾਣੇ ਸ਼ਹਿਰ ਦਾ ਸੀ। ਸਰਹਿੰਦ ਸ਼ਹਿਰ ਵਿਖੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ ਜਲਾਦ ਸਾਸ਼ਲ ਬੇਗ ਤੇ ਬਾਸ਼ਲ ਬੇਗ ਵੀ ਇਸੇ ਸ਼ਹਿਰ ਦੇ ਰਹਿਣ ਵਾਲੇ ਸਨ। ਸਮੇਂ ਦੀ ਮਾਰ ਨਾਲ ਵਿਦਵਾਨਾਂ ਦੇ ਸ਼ਹਿਰ ਵਜੋਂ ਜਾਣਿਆ ਜਾਣ ਵਾਲਾ ਸ਼ਹਿਰ ਜਲਾਦਾਂ ਦੇ ਸ਼ਹਿਰ ਵਜੋਂ ਜਾਣਿਆ ਜਾਣ ਲੱਗ ਪਿਆ। ਇਸੇ ਕਾਰਨ ਕਰਕੇ ਖਾਲਸੇ ਨੇ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਨ ਹੇਠ 1709 ਈ: ਵਿਚ ਸਿੰਘਾਂ ਨੇ ਸ਼ਹਿਰ ’ਤੇ ਹੱਲਾ ਬੋਲ ਦਿੱਤਾ। ਇੱਥੋਂ ਦੇ 22 ਜ਼ਾਲਮ ਘਰਾਣੇ ਹਮੇਸ਼ਾਂ ਲਈ ਖ਼ਤਮ ਹੋ ਗਏ। ਸਿੰਘਾਂ ਨੇ ਸਮਾਣੇ ਦੀ ਇੱਟ ਨਾਲ ਇੱਟ ਖੜਕਾ ਕੇ ਇਸ ਨੂੰ ਖੰਡਰ ਦੇ ਰੂਪ ਵਿਚ ਬਦਲ ਦਿੱਤਾ। ਪੁਰਾਣੇ ਨਗਰ ਦੇ ਖੰਡਰ ਹੁਣ ਤਕ ਆਪਣੀ ਹੋਈ ਤਬਾਹੀ ਦੀ ਗਵਾਹੀ ਭਰਦੇ ਹਨ।

ਸਮਾਣੇ ਦੇ ਨੇੜੇ ਹੀ ਪਿੰਡ ਦਮਲਾ ਉਨ੍ਹਾਂ ਪਠਾਣਾਂ ਦਾ ਪਿੰਡ ਸੀ ਜੋ ਪਾਉਂਟਾ ਸਾਹਿਬ ਵਿਖੇ ਪੀਰ ਬੁੱਧੂ ਸ਼ਾਹ ਨਾਲ ਝੂਠ ਬੋਲ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਫ਼ੌਜ ਵਿਚ ਭਰਤੀ ਹੋ ਗਏ ਸਨ। ਇਹ ਪਠਾਣ ਭੰਗਾਣੀ ਦੇ ਯੁੱਧ ਸਮੇਂ ਗੁਰੂ ਜੀ ਨੂੰ ਧੋਖਾ ਦੇ ਕੇ ਦੁਸ਼ਮਣ ਸੈਨਾ ਨਾਲ ਜਾ ਰਲੇ ਸਨ। ਸਿੰਘਾਂ ਨੇ ਦਮਲਾ ਪਿੰਡ ’ਤੇ ਹਮਲਾ ਕਰਕੇ ਇਨ੍ਹਾਂ ਜ਼ਾਲਮਾਂ ਨੂੰ ਸੋਧਿਆ।

ਸਮਾਣੇ ਦੇ ਨੇੜੇ ਜ਼ਿਲ੍ਹਾ ਪਟਿਆਲਾ ਦਾ ਘੁੜਾਮ ਪਿੰਡ ਹੈ। ਇਹ ਪਿੰਡ ‘ਪੀਰ ਭੀਖਣ ਸ਼ਾਹ’ ਦਾ ਪਿੰਡ ਹੈ। ਇਕ ਵਾਰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਆਪਣੇ ਪਵਿੱਤਰ ਚਰਨ ਪਾ ਕੇ ਪੀਰ ਭੀਖਣ ਸ਼ਾਹ ਜੀ ਨਾਲ ਮੁਲਾਕਾਤ ਕੀਤੀ ਸੀ। ਗੁਰੂ ਜੀ ਦਾ ਆਉਣਾ ਸੁਣ ਕੇ ਪੀਰ ਭੀਖਣ ਸ਼ਾਹ ਪਿੰਡ ਤੋਂ ਬਾਹਰ ਗੁਰੂ ਜੀ ਦੇ ਸਤਿਕਾਰ ਲਈ ਆਇਆ ਸੀ। ਜਿਸ ਥਾਂ ’ਤੇ ਗੁਰੂ ਜੀ ਦਾ ਪੀਰ ਭੀਖਣ ਸ਼ਾਹ ਜੀ ਨਾਲ ਮੇਲ ਹੋਇਆ ਉਸ ਅਸਥਾਨ ’ਤੇ ਗੁਰਦੁਆਰਾ ਮਿਲਾਪਸਰ ਸੁਸ਼ੋਭਿਤ ਹੈ। ਉਸ ਸਮੇਂ ਵਿਚ ਘੁੜਾਮ ਦੇ ਪਠਾਣ ਹਾਕਮ ਗਰੀਬ ਜਨਤਾ ’ਤੇ ਅੰਤਾਂ ਦਾ ਜ਼ੁਲਮ ਕਰ ਕੇ ਸਢੌਰੇ ਦੇ ਜ਼ਾਲਮ ਹਾਕਮਾਂ ਦਾ ਸਾਥ ਦੇ ਰਹੇ ਸਨ। ਸਿੰਘਾਂ ਨੇ ਘੁੜਾਮ ਦੇ ਜ਼ਾਲਮਾਂ ਨੂੰ ਸੋਧਣ ਦੀ ਤਿਆਰੀ ਕੀਤੀ। ਸਿੰਘਾਂ ਨੇ ਇਨ੍ਹਾਂ ਨੂੰ ਇਨ੍ਹਾਂ ਦੇ ਕੀਤੇ ਦੀ ਸਜ਼ਾ ਦੇਣ ਲਈ ਘੁੜਾਮ ਦੇ ਕਿਲ੍ਹੇ ’ਤੇ ਹਮਲਾ ਕਰ ਦਿੱਤਾ। ਪਠਾਣ ਹਾਕਮਾਂ ਦੀਆਂ ਫੌਜਾਂ ਮੈਦਾਨ ਛੱਡ ਕੇ ਭੱਜ ਗਈਆਂ। ਪਿੰਡ ਘੁੜਾਮ ਤੋਂ ਬਾਹਰ ਅੱਜ ਵੀ ਇਕ ਬਾਉਲੀ ਹੈ ਜਿਸ ਬਾਰੇ ਲੋਕਾਂ ਵਿਚ ਵਿਸ਼ਵਾਸ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਸ਼ਹੀਦ ਹੋਏ ਸਿੰਘਾਂ ਨੂੰ ਇਸ ਬਾਉਲੀ ਦੇ ਪਾਣੀ ਨਾਲ ਇਸ਼ਨਾਨ ਕਰਵਾ ਕੇ ਉਨ੍ਹਾਂ ਦਾ ਸਸਕਾਰ ਇੱਥੇ ਹੀ ਕਰਵਾਇਆ ਸੀ। ਇਸ ਸਥਾਨ ’ਤੇ ਸ਼ਹੀਦਾਂ ਦੀ ਯਾਦ ਵਿਚ ਗੁਰਦੁਆਰਾ ਸਾਹਿਬ ਸੁਸ਼ੋਭਿਤ ਕੀਤਾ ਗਿਆ ਹੈ।

ਘੁੜਾਮ ਤੋਂ ਬਾਅਦ ਸਿੰਘਾਂ ਦੀ ਫੌਜ ਨੇ ਠਸਕਾ ਪਿੰਡ ਵੱਲ ਚਾਲੇ ਪਾ ਦਿੱਤੇ। ਇਸ ਪਿੰਡ ਨੂੰ ਪੀਰਾਂ ਦਾ ਠਸਕਾ ਵੀ ਕਿਹਾ ਜਾਂਦਾ ਹੈ। ਜ਼ਾਲਮ ਸ਼ਾਸਕਾਂ ਨੂੰ ਠਸਕੇ ਵਾਲੇ ਪੀਰਾਂ ਤੇ ਬਹੁਤ ਵਿਸ਼ਵਾਸ ਸੀ ਕਿ ਪੀਰ ਜਾਫ਼ਰ ਅਲੀ ਦੇ ਹੁੰਦਿਆਂ ਬਾਬਾ ਬੰਦਾ ਸਿੰਘ ਬਹਾਦਰ ਉਨ੍ਹਾਂ ਦਾ ਵਾਲ ਵੀ ਵਿੰਗਾ ਨਹੀਂ ਕਰ ਸਕਦਾ। ਜਦੋਂ ਪੀਰ ਜਾਫ਼ਰ ਅਲੀ ਨੂੰ ਸਿੰਘਾਂ ਦੇ ਆਉਣ ਦਾ ਪਤਾ ਲੱਗਾ ਤਾਂ ਉਹ ਆਪ ਸਿੰਘਾਂ ਪਾਸ ਆ ਕੇ ਪੱਲਾ ਅੱਡ ਕੇ ਜ਼ਾਲਮਾਂ ਦੇ ਕੀਤੇ ਗੁਨਾਹਾਂ ਦੀ ਮੁਆਫੀ ਮੰਗਣ ਲੱਗਾ ਅਤੇ ਅੱਗੇ ਤੋਂ ਇਨ੍ਹਾਂ ਜ਼ਾਲਮਾਂ ਦਾ ਸਾਥ ਦੇਣ ਤੋਂ ਤੋਬਾ ਕੀਤੀ। ਇਸ ਤਰ੍ਹਾਂ ਉਸ ਨੇ ਠਸਕਾ ਪਿੰਡ ’ਤੇ ਹਮਲਾ ਹੋਣੋਂ ਬਚਾ ਲਿਆ।

ਠਸਕਾ ਪਿੰਡ ਤੋਂ ਬਾਅਦ ਖਾਲਸਾ ਫੌਜ ਨੇ ਪ੍ਰਸਿੱਧ ਇਤਿਹਾਸਕ ਸ਼ਹਿਰ ਥਾਨੇਸਰ ਵੱਲ ਚਾਲੇ ਪਾ ਦਿੱਤੇ ਅਤੇ ਸ਼ਹਿਰ ’ਤੇ ਹਮਲਾ ਕਰ ਦਿੱਤਾ ਗਿਆ। ਸਿੰਘਾਂ ਦੀ ਫੌਜ ਨੇ ਕਿਸੇ ਵੀ ਧਾਰਮਿਕ ਅਸਥਾਨ ਨੂੰ ਨੁਕਸਾਨ ਨਹੀਂ ਪਹੁੰਚਾਇਆ। ਇਸ ਦੇ ਸਬੂਤ ਵਜੋਂ ਥਾਨੇਸਰ ਵਿਚ ਜੰਮ ਕੇ ਲੜਾਈ ਹੋਣ ਦੇ ਬਾਵਜੂਦ ਸ਼ੇਖ ਚਿੱਲੀ ਦਾ ਮਕਬਰਾ ਅੱਜ ਵੀ ਕਾਇਮ ਹੈ।

ਇੱਥੋਂ ਖਾਲਸਾ ਫੌਜ ਨੇ ਸ਼ਾਹਬਾਦ ਸ਼ਹਿਰ ਵੱਲ ਨੂੰ ਰੁਖ਼ ਕੀਤਾ। ਸ਼ਾਹਬਾਦ ਵਿਚ ਬਹੁਤ ਹੀ ਮਜ਼ਬੂਤ ਕਿਲ੍ਹਾ ਸੀ ਜਿਸ ਵਿਚ ਜ਼ਾਲਮ ਹਾਕਮਾਂ ਦੇ ਇਸ਼ਾਰਿਆਂ ’ਤੇ ਕੰਮ ਕਰਨ ਵਾਲੇ ਸ਼ੇਖ-ਸੱਯਦ ਅਤੇ ਸ਼ਾਹੀ ਸੈਨਾ ਦੇ ਪ੍ਰਸਿੱਧ ਯੋਧੇ ਤੇ ਲੜਾਕੂ ਰਹਿੰਦੇ ਸਨ। ਸਮਾਣੇ ਦੀ ਜੰਗ ਦੇ ਹਾਲਾਤਾਂ ਤੋਂ ਜਾਣੂ ਇਹ ਸਾਰੇ ਇੰਨ੍ਹੇ ਡਰੇ ਹੋਏ ਸਨ ਕਿ ਕਿਸੇ ਨੇ ਵੀ ਕਿਲ੍ਹੇ ਤੋਂ ਬਾਹਰ ਨਿਕਲ ਕੇ ਸਿੰਘਾਂ ਦਾ ਮੁਕਾਬਲਾ ਕਰਨ ਦੀ ਹਿੰਮਤ ਨਹੀਂ ਕੀਤੀ। ਫੌਜਦਾਰ ਆਪਣੇ ਪਰਵਾਰ ਸਮੇਤ ਦਿੱਲੀ ਵੱਲ ਨੂੰ ਦੌੜ ਗਿਆ ਤੇ ਸਿੰਘਾਂ ਨੇ ਇਸ ਕਿਲ੍ਹੇ ’ਤੇ ਆਸਾਨੀ ਨਾਲ ਕਬਜ਼ਾ ਕਰ ਲਿਆ। ਅੱਜ ਵੀ ਸਿੰਘਾਂ ਵੱਲੋਂ ਫ਼ਤਿਹ ਕੀਤੇ ਕਿਲ੍ਹੇ ਦੀ ਇਮਾਰਤ ਦੇ ਕੁਝ ਭਾਗ ਸ਼ਾਹਬਾਦ ਮਾਰਕੰਡਾ ਵਿਚ ਦੇਖੇ ਜਾ ਸਕਦੇ ਹਨ ਜਿਸ ਨੂੰ ‘ਕਿਲ੍ਹਾ ਸਿੱਖਾਂ’ ਕਿਹਾ ਜਾਂਦਾ ਹੈ।

ਸ਼ਾਹਬਾਦ ਨੂੰ ਫ਼ਤਿਹ ਕਰਨ ਤੋਂ ਬਾਅਦ ਖਾਲਸਾ ਫੌਜਾਂ ਨੇ ਪਿੰਡ ਕੁੰਜਪੁਰੇ ਵੱਲ ਨੂੰ ਕੂਚ ਕੀਤਾ। ਕੁੰਜਪੁਰਾ ਪਿੰਡ ਸਰਹਿੰਦ ਦੇ ਜ਼ਾਲਮ ਸੂਬਾ ਵਜ਼ੀਰ ਖਾਨ ਦਾ ਜੱਦੀ ਪਿੰਡ ਸੀ। ਵਜ਼ੀਰ ਖਾਨ ਨੂੰ ਖੁਫੀਆਂ ਖ਼ਬਰਾਂ ਤੋਂ ਬਾਬਾ ਬੰਦਾ ਸਿੰਘ ਬਹਾਦਰ ਦਾ ਕੁੰਜਪੁਰੇ ਵੱਲ ਨੂੰ ਆਉਣ ਦਾ ਪਤਾ ਲੱਗਾ ਤਾਂ ਉਸ ਨੇ ਆਪਣੇ ਪਿੰਡ ਦੀ ਸੁਰੱਖਿਆ ਲਈ ਪੰਜ ਸੌ ਘੌੜ ਸਵਾਰਾਂ ਨੂੰ ਦੌ ਵੱਡੀਆਂ ਤੋਪਾਂ ਦੇ ਕੇ ਪਿੰਡ ਦੀ ਰਾਖੀ ਲਈ ਭੇਜਿਆ, ਪਰ ਉਨ੍ਹਾਂ ਦੇ ਪਿੰਡ ਪਹੁੰਚਣ ਤੋਂ ਪਹਿਲਾ ਹੀ ਸਿੰਘਾਂ ਨੇ ਕੁੰਜਪੁਰੇ ’ਤੇ ਕਬਜ਼ਾ ਕਰ ਲਿਆ। ਇੱਥੇ ਸਿੰਘਾਂ ਨੇ ਸੂਬਾ ਸਰਹਿੰਦ ਦੇ ਜ਼ੁਲਮਾਂ ਵਿਚ ਹੱਥ ਵਟਾਉਣ ਵਾਲੇ ਉਸ ਦੇ ਭਾਈਚਾਰੇ ਅਤੇ ਰਿਸ਼ਤੇਦਾਰਾਂ ਨੂੰ ਰੱਜ ਕੇ ਸੋਧਿਆ। ਇਸ ਤੋਂ ਬਾਅਦ ਖਾਲਸਾ ਫੌਜਾਂ ਮੁਸਤਫਾਬਾਦ ਨੂੰ ਫ਼ਤਿਹ ਕਰਦੀਆਂ ਹੋਈਆਂ ਕਪੂਰੀ ਪਹੁੰਚੀਆਂ।

ਕਪੂਰੀ ਦਾ ਫ਼ੌਜਦਾਰ ਕਾਦਮ-ਉਦ-ਦੀਨ ਬੜਾ ਅਤਿਆਚਾਰੀ ਅਤੇ ਵਿਭਚਾਰੀ ਵਿਅਕਤੀ ਸੀ। ਕਾਦਮ-ਉਦ-ਦੀਨ ਦਾ ਪਿਤਾ ਕਪੂਰੀ ਦਾ ਚੌਧਰੀ ਸੱਯਦ ਅਮਾਨੁੱਲ ਗੁਜਰਾਤ ਵਿਚ ਉੱਚ-ਅਧਿਕਾਰੀ ਸੀ। ਹਿੰਦੂਆਂ ਨੂੰ ਕਤਲ ਕਰਨ ਅਤੇ ਉਨ੍ਹਾਂ ਦਾ ਧਰਮ ਪਰਿਵਰਤਿਤ ਕਰਨ ਵਿਚ ਇਹ ਬਹੁਤ ਸਰਗਰਮ ਸੀ। ਇਹ ਦੋਵੇਂ ਪਿਉ-ਪੁੱਤਰ ਹਰ ਨਵੀਂ ਵਿਆਹੀ ਆਈ ਗ਼ੈਰ ਮੁਸਲਿਮ ਇਸਤਰੀ ਨੂੰ ਚੁੱਕ ਕੇ ਉਸ ’ਤੇ ਅਥਾਹ ਤਸ਼ੱਦਦ ਕਰਦੇ। ਸਿੰਘਾਂ ਨੇ ਕਪੂਰੀ ’ਤੇ ਹੱਲਾ ਬੋਲ ਕੇ ਫ਼ੌਜਦਾਰ ਨੂੰ ਮੌਤ ਦੇ ਘਾਟ ਉਤਾਰਿਆ ਅਤੇ ਕਪੂਰੀ ਨੂੰ ਫ਼ਤਿਹ ਕੀਤਾ।

ਕਪੂਰੀ ਤੋਂ ਸਿੰਘ ਸਢੌਰੇ ਪੁੱਜੇ। ਸਢੌਰਾ ਮੌਜੂਦਾ ਹਰਿਆਣਾ ਪ੍ਰਾਂਤ ਦਾ ਇਕ ਪੁਰਾਤਨ ਕਸਬਾ ਹੈ। ਇਸ ਕਸਬੇ ਵਿਚ ਸੱਯਦ ਸ਼ਾਹ ਬਦਰੁੱਦੀਨ ਦਾ ਨਿਵਾਸ ਸੀ, ਜਿਸ ਨੂੰ ਲੋਕ ਪਿਆਰ ਨਾਲ ਪੀਰ ਬੁੱਧੂ ਸ਼ਾਹ ਵੀ ਕਹਿੰਦੇ ਹਨ। ਪੀਰ ਬੁੱਧੂ ਸ਼ਾਹ ਜੀ ਦੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪ੍ਰਤੀ ਅਥਾਹ ਸ਼ਰਧਾ ਸੀ। ਭੰਗਾਣੀ ਦੇ ਯੁੱਧ ਸਮੇਂ ਪੀਰ ਜੀ ਦੀ ਸਿਫਾਰਸ਼ ’ਤੇ ਰੱਖੇ ਪੰਜ ਸੌ ਪਠਾਣ ਗੁਰੂ ਜੀ ਨੂੰ ਧੋਖਾ ਦੇ ਕੇ ਭੱਜ ਗਏ ਸਨ। ਜਦੋਂ ਪੀਰ ਬੁੱਧੂ ਸ਼ਾਹ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਆਪਣੇ ਸੱਤ ਸੌ ਮੁਰੀਦਾਂ ਅਤੇ ਚਾਰ ਪੁੱਤਰਾਂ ਸਮੇਤ ਗੁਰੂ ਜੀ ਦੀ ਮਦਦ ਲਈ ਪਹੁੰਚ ਗਏ। ਪੀਰ ਬੁੱਧੂ ਸ਼ਾਹ ਦੇ ਦੋ ਸਪੁੱਤਰ ਅਤੇ ਕਈ ਮੁਰੀਦ ਇਸ ਜੰਗ ਵਿਚ ਸ਼ਹੀਦੀ ਪ੍ਰਾਪਤ ਕਰ ਗਏ। ਬਾਅਦ ਵਿਚ ਸਢੌਰੇ ਦੇ ਹਾਕਮ ਉਸਮਾਨ ਖਾਨ ਨੇ ਪੀਰ ਬੁੱਧੂ ਸ਼ਾਹ ’ਤੇ ਗੁਰੂ ਜੀ ਦੀ ਮਦਦ ਕਰਨ ਦਾ ਦੋਸ਼ ਲਗਾ ਕੇ ਕਤਲ ਕਰਵਾ ਦਿੱਤਾ ਸੀ। ਫ਼ੌਜਦਾਰ ਨੇ ਇਲਾਕੇ ਦੇ ਲੋਕਾਂ ਨੂੰ ਬੜਾ ਤੰਗ ਕੀਤਾ ਹੋਇਆ ਸੀ, ਇੱਥੋਂ ਤਕ ਕਿ ਉਹ ਉਨ੍ਹਾਂ ਨੂੰ ਮੁਰਦੇ ਵੀ ਸਾੜਨ ਨਹੀਂ ਸੀ ਦਿੰਦਾ। ਸਿੰਘਾਂ ਦੇ ਉੱਥੇ ਪੁੱਜਦਿਆਂ ਹੀ ਬਹੁਤ ਸਾਰੇ ਲੋਕ ਉਨ੍ਹਾਂ ਨਾਲ ਆ ਮਿਲੇ। ਸਿੱਟੇ ਵਜੋਂ ਫ਼ੌਜਦਾਰ ਉਸਮਾਨ ਖਾਨ ਨੂੰ ਲੱਕ-ਤੋੜਵੀਂ ਹਾਰ ਹੋਈ। ਉਸਮਾਨ ਖਾਨ ਵਰਗੇ ਜ਼ਾਲਮਾਂ ਨੂੰ ਸਿੰਘਾਂ ਨੇ ਫਾਂਸੀ ’ਤੇ ਲਟਕਾ ਕੇ ਉਸ ਦੇ ਕੀਤੇ ਦੀ ਸਜ਼ਾ ਦਿੱਤੀ। ਸਿੰਘਾਂ ਨੇ ਸਢੌਰੇ ’ਤੇ ਜਿੱਤ ਪ੍ਰਾਪਤ ਕਰ ਲਈ। ਬਹੁਤ ਸਾਰੇ ਮੁਸਲਮਾਨਾਂ ਨੇ ਪੀਰ ਬੁੱਧੂ ਸ਼ਾਹ ਦੀ ਹਵੇਲੀ ਵਿਚ ਪਨਾਹ ਲੈ ਲਈ। ਇਸ ਬਾਰੇ ਵਿਚ ਮੁਹੰਮਦ ਕਾਸਿਮ ‘ਇਬਰਤ ਨਾਮੇ’ ਵਿਚ ਲਿਖਦਾ ਹੈ, “ਸਢੌਰੇ ਵਿਚ ਪੀਰ ਬੁੱਧੂ ਸ਼ਾਹ ਦੀ ਹਵੇਲੀ ਅੰਦਰ ਸ਼ਰਨ ਲੈਣ ਲਈ ਨਗਰ ਦੇ ਅਮੀਰਾਂ ਅਤੇ ਚੌਧਰੀਆਂ, ਜੋ ਹਰ ਕਿਸਮ ਦੇ ਪਾਪ ਵਿਚ ਲਿਪਾਇਮਾਨ ਰਹਿੰਦੇ ਸਨ, ਨੇ ਆਪਣੇ ਪਰਵਾਰਾਂ ਦੀ ਸੁਰੱਖਿਆ ਲਈ ਗਰੀਬ ਲੋਕਾਂ ਨੂੰ ਅੰਦਰ ਪ੍ਰਵੇਸ਼ ਹੀ ਨਹੀਂ ਕਰਨ ਦਿੱਤਾ।” ਸਢੌਰਾ ਨਿਵਾਸੀਆਂ ਨੇ ਸਿੰਘਾਂ ਦੀ ਅਧੀਨਗੀ ਪ੍ਰਵਾਨ ਕਰ ਲਈ ਅਤੇ ਉਸ ਦੀ ਆਗਿਆ ਵਿਚ ਰਹਿਣ ਦਾ ਪ੍ਰਣ ਕੀਤਾ। ਸਿੰਘਾਂ ਨੇ ਉਨ੍ਹਾਂ ’ਤੇ ਇਤਬਾਰ ਕਰ ਲਿਆ ਅਤੇ ਸਭ ਨੂੰ ਮੁਆਫ ਕਰਕੇ ਸ਼ੁਭ ਚਿੰਤਕਾਂ ਵਾਲਾ ਵਿਵਹਾਰ ਸ਼ੁਰੂ ਕਰ ਦਿੱਤਾ। ਪਰੰਤੂ ਇਕ ਦਿਨ ਉਨ੍ਹਾਂ ਵੱਲੋਂ ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਨ ਨੂੰ ਇਕ ਗੁਪਤ ਪੱਤਰ ਲਿਖ ਕੇ ਬਾਂਸ ਦੀ ਪੋਰੀ ਵਿਚ ਪਾ ਕੇ ਭੇਜਿਆ ਗਿਆ ਜਿਸ ਰਾਹੀਂ ਵਜ਼ੀਰ ਖਾਨ ਤੋਂ ਮਦਦ ਮੰਗੀ ਗਈ ਸੀ ਅਤੇ ਸਿੰਘਾਂ ਵਿਰੁੱਧ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਵਾਇਆ ਗਿਆ ਸੀ। ਇਕ ਸਿੱਖ ਨੂੰ ਸ਼ੱਕ ਹੋ ਜਾਣ ’ਤੇ ਪੱਤਰ ਲੈ ਕੇ ਜਾ ਰਹੇ ਕਰਮਚਾਰੀ ਤੋਂ ਉਹ ਪੱਤਰ ਬਰਾਮਦ ਕਰ ਲਿਆ ਗਿਆ ਅਤੇ ਬਾਬਾ ਬੰਦਾ ਸਿੰਘ ਬਹਾਦਰ ਪਾਸ ਪੇਸ਼ ਕੀਤਾ ਗਿਆ। ਬਾਬਾ ਬੰਦਾ ਸਿੰਘ ਬਹਾਦਰ ਨੇ ਸਢੌਰਾ-ਨਿਵਾਸੀਆਂ ਤੋਂ ਇਸ ਧੋਖਾਧੜੀ ਦੀ ਸਜ਼ਾ ਬਾਰੇ ਪੁੱਛਿਆ ਤਾਂ ਸਭ ਨੇ ਇਕ ਅਵਾਜ਼ ਵਿਚ ਕਿਹਾ ਕਿ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਏ। ਬਾਬਾ ਬੰਦਾ ਸਿੰਘ ਬਹਾਦਰ ਨੇ ਐਲਾਨ ਕਰ ਦਿੱਤਾ ਕਿ ਜਿਸ ਜਿਸ ਦੇ ਵੀ ਹਸਤਾਖਰ ਉਸ ਪੱਤਰ ’ਤੇ ਹਨ ਉਨ੍ਹਾਂ ਨੂੰ ਕਤਲ ਕਰ ਦਿੱਤਾ ਜਾਏ। ਉਨ੍ਹਾਂ ਸਾਰੇ ਦਗ਼ਾਬਾਜ਼ਾਂ ਨੂੰ ਸਜ਼ਾ ਦਿੱਤੀ ਗਈ ਉਹ ਥਾਂ ਹੁਣ ਕਤਲਗੜ੍ਹੀ ਦੇ ਨਾਂ ਨਾਲ ਪ੍ਰਸਿੱਧ ਹੈ। ਇੱਥੇ ਅੱਜਕਲ੍ਹ ਜੈਨ ਹਾਈ ਸਕੂਲ ਚੱਲ ਰਿਹਾ ਹੈ।

ਸਿੰਘਾਂ ਪਾਸ ਬਨੂੜ ਦੇ ਇਲਾਕੇ ਦੇ ਹਿੰਦੂਆਂ ਨੇ ਆ ਫਰਿਆਦ ਕੀਤੀ ਕਿ ਮੁਗ਼ਲ ਸਰਕਾਰ ਦੇ ਫੌਜਦਾਰ ਫਿਰੋਜ਼ ਖਾਂ ਮੇਵਾਤੀ ਦੇ ਜ਼ੁਲਮਾਂ ਤੋਂ ਉਨ੍ਹਾਂ ਤੋਂ ਬਚਾਇਆ ਜਾਵੇ, ਕਿਉਂਕਿ ਨਵਾਬ ਦੇ ਸਿਪਾਹੀ ਉਨ੍ਹਾਂ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਉਣ ਲਈ ਤਰ੍ਹਾਂ-ਤਰ੍ਹਾਂ ਦੇ ਤਸੀਹੇ ਦਿੰਦੇ ਹਨ। ਉਨ੍ਹਾਂ ਦੀਆਂ ਬਹੂ-ਬੇਟੀਆਂ ਨੂੰ ਜ਼ਬਰਦਸਤੀ ਚੁੱਕ ਕੇ ਲੈ ਜਾਂਦੇ ਹਨ। ਬਾਬਾ ਬੰਦਾ ਸਿੰਘ ਬਹਾਦਰ ਨੇ ਸਿੰਘਾਂ ਨੂੰ ਛੱਤ ਬਨੂੜ ਵੱਲ ਕੂਚ ਕਰਨ ਦਾ ਹੁਕਮ ਦਿੱਤਾ। ਅੰਬਾਲਾ ਤੋਂ ਬਨੂੜ ਵੱਲ ਨੂੰ ਜਾਣ ਵਾਲੀ ਸੜਕ ’ਤੇ ਸਿੰਘਾਂ ਨੇ ਪੜਾਅ ਕੀਤਾ। ਇੱਥੇ ਅੱਜਕਲ੍ਹ ਬਾਬਾ ਬੰਦਾ ਸਿੰਘ ਦੀ ਯਾਦ ਵਿਚ ਇਕ ਗੁਰਦੁਆਰਾ ਸਾਹਿਬ ਵੀ ਸੁਸ਼ੋਭਿਤ ਹੈ ਜਿਸ ਨੂੰ ਗੁਰਦੁਆਰਾ ਚੋਈ ਸਾਹਿਬ ਕਿਹਾ ਜਾਂਦਾ ਹੈ। ਉਨ੍ਹਾਂ ਸਮਿਆਂ ਵਿਚ ਇਹ ਇਲਾਕਾ ਜੰਗਲਾਂ ਨਾਲ ਭਰਿਆ ਹੋਇਆ ਸੀ ਤੇ ਇਕ ਚੋਈ ਇੱਥੋਂ ਦੀ ਲੰਘਦੀ ਸੀ। ਬਨੂੜੀਆਂ ਨੇ ਚੁੱਪ-ਚਾਪ ਸਿੰਘਾਂ ਦੀ ਈਨ ਮੰਨ ਲਈ। ਇੱਥੇ ਬੈਠ ਕੇ ਹੀ ਸਿੰਘਾਂ ਨੇ ਸਰਹਿੰਦ ’ਤੇ ਹਮਲਾ ਕਰਨ ਤੋਂ ਪਹਿਲਾਂ ਆਪਣੀ ਸਾਰੀ ਸ਼ਕਤੀ ਇਕੱਠੀ ਕਰਨ ਦੀ ਵਿਉਂਤ ਬਣਾਈ ਅਤੇ ਇਹ ਵੀ ਕਿਹਾ ਜਾਂਦਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਮਾਝੇ, ਮਾਲਵੇ-ਦੁਆਬੇ ਦੇ ਸਿੰਘਾਂ ਨੂੰ ਚਿੱਠੀਆਂ ਲਿਖ ਕੇ ਧਰਮ-ਯੁੱਧ ਵਿਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਜਿਸ ਕਿਸੇ ਨੇ ਵੀ ਬਾਬਾ ਬੰਦਾ ਸਿੰਘ ਬਹਾਦਰ ਦਾ ਖ਼ਤ ਪੜ੍ਹਿਆ ਜਾਂ ਸੁਣਿਆ ਉਹ ਘਰ ਦੇ ਕੰਮ-ਕਾਰ ਵਿਸਾਰ ਕੇ ਘਰੇਲੂ ਹਥਿਆਰ ਲੈ ਕੇ ਸਿੰਘਾਂ ਨੂੰ ਜਾ ਮਿਲਿਆ। ਵੱਡੀ ਗਿਣਤੀ ਵਿਚ ਸਤਲੁਜ ਦਰਿਆ ਤੋਂ ਉਰਲੇ ਪਾਸੇ ਦੇ ਸਿੰਘ ਕਾਫੀ ਮਾਤਰਾ ਵਿਚ ਇੱਥੇ ਬਾਬਾ ਬੰਦਾ ਸਿੰਘ ਬਹਾਦਰ ਪਾਸ ਇਕੱਠੇ ਹੋ ਗਏ ਸਨ। ਸਰਹਿੰਦ ’ਤੇ ਹਮਲਾ ਕਰਨ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਜੰਗੀ ਨੁਕਤਾ-ਨਿਗਾਹ ਤੋਂ ਕੀਰਤਪੁਰ ਵੱਲੋਂ ਜਿੱਤਾਂ ਪ੍ਰਾਪਤ ਕਰਦੇ ਆ ਰਹੇ ਸਿੱਖ ਜਥੇ ਦੀ ਉਡੀਕ ਕਰਨੀ ਠੀਕ ਸਮਝੀ। ਇੱਥੇ ਹੀ ਸਿੰਘਾਂ ਨਾਲ ਮਾਝੇ ਤੋਂ ਆਏ ਸਿੰਘਾਂ ਦਾ ਮਿਲਾਪ ਹੋਇਆ ਦੱਸਿਆ ਜਾਂਦਾ ਹੈ। ਇਸ ਥਾਂ ਦੀ ਚੋਣ ਕਰਨਾ ਸਿੰਘਾਂ ਦੀ ਜੰਗੀ ਸੂਝ ਮੰਨਿਆ ਜਾ ਸਕਦਾ ਹੈ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਬਨੂੜ ’ਤੇ ਚੜ੍ਹਾਈ ਕਰਨ ਤੋਂ ਪਹਿਲਾਂ ਅਜਿਹੇ ਥਾਂ ਦੀ ਜ਼ਰੂਰਤ ਹੈ ਜਿੱਥੇ ਉਨ੍ਹਾਂ ਦੀਆਂ ਸਾਰੀਆਂ ਲੋੜਾਂ ਪੂਰੀਆਂ ਹੋ ਸਕਣ ਤੇ ਆਮ ਲੋਕਾਂ ਦਾ ਕੋਈ ਨੁਕਸਾਨ ਵੀ ਨਾ ਹੋਵੇ। ਇਸ ਜਗ੍ਹਾ ’ਤੇ ਪਾਣੀ ਦਾ ਚੋਅ ਹੋਣ ਕਾਰਨ ਫੌਜ ਦੀ ਮੁੱਖ ਮੁੱਢਲੀ ਲੋੜ ਚੰਗੀ ਤਰ੍ਹਾਂ ਪੂਰੀ ਹੁੰਦੀ ਸੀ ਤੇ ਜੰਗਲ ਬੀਆਬਾਨ ਦਾ ਇਲਾਕਾ ਹੋਣ ਕਾਰਨ ਜੰਗ ਸਮੇਂ ਆਮ ਲੋਕਾਂ ਦਾ ਕੋਈ ਜ਼ਿਆਦਾ ਨੁਕਸਾਨ ਹੋਣ ਦਾ ਵੀ ਕੋਈ ਡਰ ਨਹੀਂ ਸੀ।

ਬਨੂੜ ਨੂੰ ਫ਼ਤਿਹ ਕਰਨ ਤੋਂ ਬਾਅਦ 1710 ਈ: ਨੂੰ ਸਿੰਘਾਂ ਦੀ ਤਿੱਖੀ ਨਜ਼ਰ ਆਪਣੇ ਮੁੱਖ ਨਿਸ਼ਾਨੇ ਸਰਹਿੰਦ ’ਤੇ ਸੀ। ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਨ ਨੇ ਭੋਲੀ- ਭਾਲੀ ਜਨਤਾ ਦੇ ਨੱਕ ਵਿਚ ਦਮ ਕੀਤਾ ਹੋਇਆ ਸੀ। ਇੱਥੋਂ ਤਕ ਕੇ ਉਸ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ੀਰਖੋਰ ਬੱਚਿਆਂ ਨੂੰ ਨੀਹਾਂ ਵਿਚ ਚਿਣ ਕੇ ਸ਼ਹੀਦ ਕੀਤਾ ਸੀ। ਇਸ ਘਟਨਾ ਦਾ ਸਿੱਖਾਂ ਵਿਚ ਭਾਰੀ ਰੋਸ ਸੀ। ਵਜ਼ੀਰ ਖਾਨ ਨੂੰ ਵੀ ਲਗਾਤਾਰ ਬਾਬਾ ਬੰਦਾ ਸਿੰਘ ਬਹਾਦਰ ਦੀ ਜਿੱਤ ਦੀਆਂ ਖ਼ਬਰਾਂ ਮਿਲ ਰਹੀਆਂ ਸਨ। ਬਨੂੜ ’ਤੇ ਸਿੰਘਾਂ ਦਾ ਕਬਜ਼ਾ ਹੋ ਜਾਣ ਦੀ ਖ਼ਬਰ ਸੁਣ ਕੇ ਵਜ਼ੀਰ ਖਾਨ ਨੇ ਸਿੰਘਾਂ ਨੂੰ ਸਰਹਿੰਦ ਸ਼ਹਿਰ ਤੋਂ ਦੂਰ ਰਸਤੇ ਵਿਚ ਹੀ ਰੋਕਣ ਦੀ ਵਿਉਂਤ ਬਣਾਈ। ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਮਹਾਨ ਜਰਨੈਲ ਬਾਬਾ ਆਲੀ ਸਿੰਘ ਜੀ ਅਤੇ ਬਾਬਾ ਮਾਲੀ ਸਿੰਘ ਜੀ ਸਨ ਜੋ ਸਾਰੀਆਂ ਜੰਗਾਂ ਵਿਚ ਉਨ੍ਹਾਂ ਦਾ ਸਾਥ ਦਿੰਦੇ ਆ ਰਹੇ ਸਨ ਅਤੇ ਉਹ ਸਰਹਿੰਦ ਦੇ ਚੱਪੇ-ਚੱਪੇ ਤੋਂ ਜਾਣੂ ਸਨ। ਬਾਬਾ ਬੰਦਾ ਸਿੰਘ ਬਹਾਦਰ ਨੇ ਉਨ੍ਹਾਂ ਨਾਲ ਸਲਾਹ ਕਰਕੇ ਸਰਹਿੰਦ ’ਤੇ ਹੱਲਾ ਬੋਲਣ ਦੀ ਸਾਰੀ ਤਿਆਰੀ ਕਰ ਲਈ।

ਸਰਹਿੰਦ ਤੋਂ ਕੋਈ 40 ਕਿਲੋਮੀਟਰ ਦੀ ਦੂਰੀ ’ਤੇ ਪਿੰਡ ਮਨੌਲੀ ਹੈ। ਇਸ ਪਿੰਡ ਵਿਚ ਇਕ ਪੁਰਾਤਨ ਕਿਲ੍ਹਾ ਹੈ ਜਿਸ ਬਾਰੇ ਇਤਿਹਾਸਕਾਰਾਂ ਦਾ ਅਨੁਮਾਨ ਹੈ ਕਿ ਇਹ ਕਿਲ੍ਹਾ ਸਰਹਿੰਦ ਸ਼ਹਿਰ ਤੋਂ ਦੂਰ ਇਸ ਲਈ ਬਣਾਇਆ ਗਿਆ ਸੀ ਤਾਂ ਕਿ ਇੱਥੇ ਸਰਹਿੰਦ ਦੀ ਸੁਰੱਖਿਆ ਲਈ ਜੰਗੀ ਸਾਜ਼-ਓ-ਸਾਮਾਨ ਜਮ੍ਹਾਂ ਕੀਤਾ ਜਾ ਸਕੇ ਅਤੇ ਲੋੜ ਪੈਣ ’ਤੇ ਫੌਰਨ ਮਦਦ ਹਾਸਲ ਕਰਕੇ ਦੁਸ਼ਮਣ ਦਾ ਮਲੀਆਮੇਟ ਕਰ ਦਿੱਤਾ ਜਾਵੇ ਕਿਉਂਕਿ ਪਿੰਡ ਦੇ ਬਜ਼ੁਰਗ ਲੋਕਾਂ ਅਨੁਸਾਰ ਇਹ ਕਿਲ੍ਹਾ ਕਿਸੇ ਸਮੇਂ ਸੰਘਣੇ ਜੰਗਲਾਂ ਨਾਲ ਘਿਰਿਆ ਹੋਇਆ ਸੀ ਅਤੇ ਇਸ ਦੇ ਨਾਲ ਹੀ ਖਰੜ, ਸੁਹਾਣਾ ਤੇ ਮਨੀਮਾਜਰਾ ਦੇ ਛੋਟੇ ਕਿਲ੍ਹੇ ਵੀ ਸਨ ਜੋ ਹੁਣ ਸਮੇਂ ਦੀ ਧੂੜ ਵਿਚ ਮਿਟ ਚੁੱਕੇ ਹਨ। ਖਰੜ ਵਾਲਾ ਕਿਲ੍ਹਾ ਤਾਂ ਥੋੜ੍ਹਾ ਸਮਾਂ ਪਹਿਲਾਂ ਹੀ ਢਾਹ ਕੇ ਉਸ ਦੇ ਸਥਾਨ ਤੇ ਆਲੀਸ਼ਾਨ ਮਾਰਕੀਟ ਖੜ੍ਹੀ ਕੀਤੀ ਜਾ ਚੁੱਕੀ ਹੈ। ਪਿੰਡ ਮਨੌਲੀ ਦੇ ਕਿਲ੍ਹੇ ਬਾਰੇ ਬਾਬਾ ਆਲੀ ਸਿੰਘ ਤੇ ਬਾਬਾ ਮਾਲੀ ਸਿੰਘ ਤੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਜਾਣਕਾਰੀ ਪ੍ਰਾਪਤ ਕਰ ਲਈ ਸੀ। ਇਸ ਲਈ ਸਿੰਘਾਂ ਨੇ ਸਰਹਿੰਦ ਤੋਂ 12 ਕੋਹ ਦੀ ਦੂਰੀ ’ਤੇ ਚੱਪੜਚਿੜੀ ਦੇ ਮੈਦਾਨ ਪਾਸ ਡੇਰੇ ਲਾ ਲਏ ਤਾਂ ਕਿ ਵਜ਼ੀਰ ਖਾਨ ਦੀਆਂ ਫੌਜਾਂ ਨੂੰ ਵਿਚਕਾਰ ਹੀ ਘੇਰਿਆ ਜਾ ਸਕੇ ਅਤੇ ਉਸ ਦਾ ਸੰਪਰਕ ਮਨੌਲੀ ਦੇ ਕਿਲ੍ਹੇ ਨਾਲੋਂ ਤੋੜ ਦਿੱਤਾ ਜਾਵੇ।

ਚੱਪੜਚਿੜੀ ਅਤੇ ਸੁਹਾਣਾ ਵਿਚਕਾਰ ਪਿੰਡ ਮਟੌਰ ਹੈ। ਇੱਥੇ ਮਾਤਾ ਸੁੰਦਰੀ ਜੀ ਦੇ ਨਾਂ ’ਤੇ ਗੁਰਦੁਆਰਾ ਸੁਸ਼ੋਭਿਤ ਹੈ ਜਿਸ ਦੀ ਸੇਵਾ ਸੰਭਾਲ ਬੁੱਢਾ ਦਲ ਦੇ ਨਿਹੰਗ ਸਿੰਘਾਂ ਵੱਲੋਂ ਕੀਤੀ ਜਾਂਦੀ ਹੈ। ਇਲਾਕੇ ਦੇ ਲੋਕਾਂ ਵਿਚ ਇਹ ਧਾਰਨਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ’ਤੇ ਹਮਲਾ ਕਰਨ ਤੋਂ ਪਹਿਲਾਂ ਇਸ ਸਥਾਨ ’ਤੇ ਖਾਲਸਾ ਫੌਜ ਨਾਲ ਆਈਆਂ ਬੀਬੀਆਂ ਦਾ ਪੜਾਅ ਕੀਤਾ ਅਤੇ ਇਸ ਸਥਾਨ ਤੋਂ ਖਾਲਸਾ ਫੌਜਾਂ ਲਈ ਲੰਗਰ-ਪਾਣੀ ਆਦਿ ਤਿਆਰ ਹੋ ਕੇ ਜਾਂਦਾ ਰਿਹਾ।

ਚੱਪੜਚਿੜੀ ਸ਼ਬਦ ‘ਛਪੜ ਝਿੜੀ’ ਤੋਂ ਬਦਲ ਕੇ ਬਣਿਆ ਹੈ। ਇਹ ਪਿੰਡ ਖਰੜ ਤੋਂ ਬਨੂੜ ਨੂੰ ਜਾਂਦੇ ਹੋਏ ਰਸਤੇ ਵਿਚ ਪੈਂਦਾ ਹੈ। ਇਸ ਪਿੰਡ ਦੇ ਇਕ ਮੈਦਾਨ ਦੇ ਪੱਛਮ ਵੱਲ ਵੱਡੇ-ਵੱਡੇ ਟਿੱਬੇ ਸਨ ਅਤੇ ਪੂਰਬ ਵੱਲ ਇਕ ਵੱਡਾ ਸਾਰਾ ਛੱਪੜ ਅਤੇ ਦੱਖਣ ਵੱਲ ਦਰਖਤਾਂ ਦੇ ਝੁੰਡਾਂ ਦੀ ਝਿੜੀ ਸੀ। ਯਾਤਰੀਆਂ ਦੇ ਆਰਾਮ ਲਈ ਇਹ ਇਕ ਬਹੁਤ ਹੀ ਵਧੀਆ ਥਾਂ ਸੀ। ਇੱਥੇ ਯਾਤਰੀਆਂ ਲਈ ਛਾਂ ਅਤੇ ਪਾਣੀ ਪਸ਼ੂਆਂ ਲਈ ਚਾਰਾ ਸਭ ਕੁਝ ਸੀ।

ਦੂਸਰੇ ਪਾਸੇ ਵਜ਼ੀਰ ਖਾਨ ਨੇ ਪੂਰੇ ਜ਼ੋਰਾਂ-ਸ਼ੋਰਾਂ ਨਾਲ ਜੰਗੀ ਤਿਆਰੀ ਅਰੰਭੀ ਹੋਈ ਸੀ। ਵਜ਼ੀਰ ਖਾਨ ਨੇ ਚਲਾਕੀ ਨਾਲ ਸੁੱਚਾ ਨੰਦ ਦੇ ਭਤੀਜੇ ਗੰਡਾ ਮੱਲ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਫ਼ੌਜ ਵਿਚ ਰਲ ਜਾਣ ਲਈ ਭੇਜ ਦਿੱਤਾ ਤਾਂ ਕਿ ਜਦੋਂ ਸਮਾਂ ਆਏ ਤਾਂ ਉਹ ਭੱਜ ਜਾਏ ਜਿਸ ਨਾਲ ਸਿੰਘਾਂ ਦਾ ਹੌਸਲਾ ਟੁੱਟ ਜਾਏਗਾ। ਉਸ ਨੇ ਗੁਆਂਢੀ ਰਿਆਸਤਾਂ ਤੋਂ ਮਦਦ ਲਈ ਸੈਨਾ ਬੁਲਾ ਲਈ ਸੀ ਅਤੇ ਮੁਸਲਮਾਨਾਂ ਵਿਚ ਜਹਾਦ ਦਾ ਨਾਅਰਾ ਲਾ ਕੇ ਮੁਸਲਮਾਨਾਂ ਨੂੰ ਸਿੰਘਾਂ ਵਿਰੁੱਧ ਡਟ ਜਾਣ ਦਾ ਹੋਕਾ ਦੇ ਦਿੱਤਾ। ਜੰਗ ਦੇ ਮੈਦਾਨ ਵਿਚ ਜਾ ਕੇ ਇਕ ਪਾਸੇ ਵਜ਼ੀਰ ਖਾਨ ਨੇ ਮੁਹਾਰਤ-ਪ੍ਰਾਪਤ ਤੋਪਖਾਨੇ ਦੀ ਸੈਨਾ ਕੰਧ ਵਾਂਗ ਖੜ੍ਹੀ ਕਰ ਦਿੱਤੀ। ਦੂਜੇ ਪਾਸੇ ਹਾਥੀ ਕਤਾਰਾਂ ਵਿਚ ਖੜ੍ਹੇ ਕਰ ਦਿੱਤੇ। ਤੀਜੇ ਪਾਸੇ ਨਵਾਬ ਅਤੇ ਵਜ਼ੀਰਾਂ ਦੀ ਫ਼ੌਜ ਰਹਿਕਲੇ, ਜੰਬੂਰੇ ਆਦਿ ਬੀੜ ਕੇ ਸੈਨਾ ਪੂਰੇ ਜੰਗੀ ਨੁਕਤਾ-ਨਿਗਾਹ ਤੋਂ ਤਿਆਰ-ਬਰ-ਤਿਆਰ ਖੜ੍ਹੀ ਕਰ ਦਿੱਤੀ। ਵਜ਼ੀਰ ਖਾਨ ਰਾਜਿਆਂ ਵਿਚਕਾਰ ਆਪ ਉੱਚੇ ਹਾਥੀ ’ਤੇ ਚੜ੍ਹ ਕੇ ਫ਼ੌਜ ਨੂੰ ਦਿਸ਼ਾ-ਨਿਰਦੇਸ਼ ਦੇ ਰਿਹਾ ਸੀ। ਦੂਸਰੇ ਪਾਸੇ ਬਾਬਾ ਬੰਦਾ ਸਿੰਘ ਬਹਾਦਰ ਨੇ ਚੋਣਵੇਂ ਸਿੱਖ ਯੋਧਿਆਂ ਨੂੰ ਜੰਗੀ ਨੁਕਤਾ-ਨਿਗਾਹ ਸਮਝਾ ਕੇ ਸਿੱਖਾਂ ਦੇ ਅਲੱਗ-ਅਲੱਗ ਜਥੇ ਤਿਆਰ ਕਰ ਦਿੱਤੇ। ਪਹਿਲੇ ਜਥੇ ਵਿਚ ਮਾਲਵੇ ਦੇ ਸਿੰਘ ਸਨ, ਜਿਨ੍ਹਾਂ ਦੀ ਜਥੇਦਾਰੀ ਭਾਈ ਫਤਹਿ ਸਿੰਘ, ਭਾਈ ਕਰਮ ਸਿੰਘ, ਭਾਈ ਧਰਮ ਸਿੰਘ ਅਤੇ ਭਾਈ ਆਲੀ ਸਿੰਘ ਕਰ ਰਹੇ ਸਨ। ਦੂਜਾ ਜਥਾ ਮਝੈਲ ਸਿੰਘਾਂ ਦਾ ਸੀ ਜਿਸ ਦੀ ਅਗਵਾਈ ਭਾਈ ਬਿਨੋਦ ਸਿੰਘ, ਭਾਈ ਬਾਜ ਸਿੰਘ, ਭਾਈ ਰਾਮ ਸਿੰਘ, ਭਾਈ ਸ਼ਾਮ ਸਿੰਘ ਕਰ ਰਹੇ ਸਨ। ਕੁਝ ਵਿਅਕਤੀ ਜੋ ਲੁੱਟ- ਮਾਰ ਕਰਨ ਦੀ ਮਨਸ਼ਾ ਨਾਲ ਸਿੱਖਾਂ ਦੀ ਫ਼ੌਜ ਵਿਚ ਆਣ ਰਲੇ ਸਨ, ਬਾਬਾ ਬੰਦਾ ਸਿੰਘ ਬਹਾਦਰ ਨੇ ਉਨ੍ਹਾਂ ਦੀ ਨਿਸ਼ਾਨਦੇਹੀ ਕਰ ਕੇ ਉਨ੍ਹਾਂ ਨੂੰ ਮਲਵਈਆਂ ਅਤੇ ਮਝੈਲਾਂ ਦੇ ਜਥਿਆਂ ਵਿਚ ਵੰਡ ਦਿੱਤਾ ਤਾਂ ਕਿ ਉਹ ਕਿਸੇ ਵੀ ਤਰ੍ਹਾਂ ਦੀ ਚਲਾਕੀ ਨਾ ਕਰ ਸਕਣ।

ਬਾਬਾ ਬੰਦਾ ਸਿੰਘ ਬਹਾਦਰ ਨੇ ਉੱਚੀ ਜਗ੍ਹਾ ’ਤੇ ਮੋਰਚਾ ਬਣਾ ਕੇ ਦੁਸ਼ਮਣ ਦੀ ਫ਼ੌਜ ਦੀ ਸਾਰੀ ਜੰਗੀ ਤਿਆਰੀ ਦਾ ਅੰਦਾਜ਼ਾ ਲਗਾਇਆ। ਸਿੰਘਾਂ ਨੇ ਸ਼ਾਹੀ ਫ਼ੌਜ ਦੇ ਤੋਪਚੀਆਂ ਨੂੰ ਬਾਰੂਦ ਭਰਨ ਤੋਂ ਪਹਿਲਾਂ ਹੀ ਜਾ ਦਬੋਚਿਆ। ਤੋਪਚੀਆਂ ਨੂੰ ਤੀਰਾਂ ਦਾ ਸ਼ਿਕਾਰ ਬਣਾ ਕੇ ਖ਼ਤਮ ਕਰ ਦਿੱਤਾ ਅਤੇ ਰਹਿੰਦਿਆਂ ਨੂੰ ਤੇਗ ਦੀ ਭੇਟ ਕਰ ਦਿੱਤਾ। ਇਸ ਤੋਂ ਅੱਗੇ ਹਾਥੀਆਂ ਦੀ ਕੰਧ ਸੀ। ਬਾਬਾ ਬੰਦਾ ਸਿੰਘ ਬਹਾਦਰ ਜ਼ਿਆਦਾ ਸਮਾਂ ਜੰਗਲਾਂ ਵਿਚ ਵਿਚਰਦਾ ਰਿਹਾ ਸੀ, ਇਸ ਲਈ ਜੰਗਲੀ ਜਾਨਵਰਾਂ ਤੇ ਪਸ਼ੂ-ਪੰਛੀਆਂ ਦੇ ਸੁਭਾਅ ਤੋਂ ਚੰਗੀ ਤਰ੍ਹਾਂ ਵਾਕਿਫ ਸੀ। ਬਾਬਾ ਬੰਦਾ ਸਿੰਘ ਬਹਾਦਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿੰਘਾਂ ਨੇ ਹਾਥੀਆਂ ਦੀਆਂ ਸੁੰਡਾਂ ’ਤੇ ਜ਼ੋਰਦਾਰ ਹਮਲਾ ਕੀਤਾ ਜਿਸ ਨਾਲ ਹਾਥੀ ਘਬਰਾ ਕੇ ਪਿੱਛੇ ਵੱਲ ਨੂੰ ਭੱਜ ਨਿਕਲੇ ਅਤੇ ਆਪਣੀ ਹੀ ਸੈਨਾ ਦਾ ਨੁਕਸਾਨ ਕਰਨ ਲੱਗੇ। ਇਸ ਮੌਕੇ ’ਤੇ ਸੁੱਚਾ ਨੰਦ ਦਾ ਭਤੀਜਾ ਗੰਡਾ ਮੱਲ ਆਪਣੇ ਸਾਥੀਆਂ ਸਮੇਤ ਮੈਦਾਨ ਵਿੱਚੋਂ ਭੱਜ ਨਿਕਲਿਆ ਅਤੇ ਰੌਲਾ ਪਾ ਦਿੱਤਾ ਕਿ ਭੱਜ ਜਾਓ। ਇਸ ਨਾਲ ਲੁੱਟ-ਮਾਰ ਦੀ ਮਨਸ਼ਾ ਨਾਲ ਆਏ ਨੌਜਵਾਨ ਵੀ ਭੱਜ ਨਿਕਲੇ। ਇਸ ਨਾਲ ਸੁਭਾਵਕ ਹੀ ਵਜ਼ੀਰ ਖਾਨ ਦਾ ਪੱਲੜਾ ਕੁਝ ਸਮੇਂ ਲਈ ਭਾਰੀ ਹੋ ਗਿਆ। ਉਸ ਸਮੇਂ ਬਾਬਾ ਆਲੀ ਸਿੰਘ ਜੀ ਤੇ ਭਾਈ ਬਾਜ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਖਾਲਸਾ ਫੌਜ ਦਾ ਹੌਸਲਾ ਵਧਾਉਣ ਲਈ ਆਪ ਜੰਗ ਦੇ ਮੈਦਾਨ ਵਿਚ ਆ ਕੇ ਲੜਨ ਦੀ ਸਲਾਹ ਦਿੱਤੀ। ਇਸ ਸੰਬੰਧ ਵਿਚ ਭਾਈ ਰਤਨ ਸਿੰਘ (ਭੰਗੂ) ਨੇ ‘ਸ੍ਰੀ ਗੁਰ ਪੰਥ ਪ੍ਰਕਾਸ਼’ ਵਿਚ ਲਿਖਿਆ ਹੈ ਕਿ :

ਆਲੀ ਸਿੰਘ ਬਾਜ ਸਿੰਘ ਹਥ ਜੋੜੇ, ਬੈਠੇ ਹੋ ਕਿਮ ਚੜ੍ਹੋ ਨਾ ਘੋੜੇ?
ਤਬ ਬੰਦੇ ਉਨ ਸਬਹਨ ਕਹਯੋ, ਏਕ ਪਹਿਰ ਤੁਮ ਤਕੜੇ ਰਹਯੋ॥
ਤੌ ਮਾਲਕ ਫਿਰ ਹਮ ਵਲ ਕਰੈ, ਸਭ ਤੁਰਕਨ ਕੌ ਮਾਰ ਸੁ ਡਰੈ।

ਬਾਬਾ ਬੰਦਾ ਸਿੰਘ ਬਹਾਦਰ ਆਪਣੇ ਸਿੰਘਾਂ ਨੂੰ ਹੌਸਲਾ ਦੇਣ ਲਈ ਝੱਟ ਮੋਰਚੇ ਵਿੱਚੋਂ ਨਿਕਲ ਆਏ ਅਤੇ ਸਿੰਘਾਂ ਦੀ ਪਹਿਲੀ ਕਤਾਰ ਵਿਚ ਆਣ ਕੇ ਵਜ਼ੀਰ ਖਾਨ ਨੂੰ ਲਲਕਾਰਨ ਲੱਗ ਪਏ। ਬਾਬਾ ਬੰਦਾ ਸਿੰਘ ਬਹਾਦਰ ਦੇ ਮੈਦਾਨ ਵਿਚ ਆ ਜਾਣ ਕਾਰਨ ਸਿੰਘਾਂ ਦੇ ਹੌਸਲੇ ਬੁਲੰਦ ਹੋ ਗਏ ਅਤੇ ਉਹ ਦੁਸ਼ਮਣ ਦੀਆਂ ਫ਼ੌਜਾਂ ’ਤੇ ਬਿਜਲੀ ਵਾਂਗ ਟੁੱਟ ਪਏ। ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਜੀ ਵੱਲੋਂ ਬਖਸ਼ੇ ਇਕ ਤੀਰ ਨੂੰ ਚਿੱਲੇ ’ਤੇ ਚਾੜ੍ਹ ਕੇ ਛੱਡਿਆ ਤਾਂ ਸਿੰਘਾਂ ਨੇ ‘ਸਤਿ ਸ੍ਰੀ ਅਕਾਲ’ ਦੇ ਜੈਕਾਰਿਆਂ ਨਾਲ ਅਸਮਾਨ ਗੁੰਜਾ ਦਿੱਤਾ। ਸਿੰਘਾਂ ਦੇ ਜ਼ੋਰਦਾਰ ਹਮਲੇ ਅੱਗੇ ਸ਼ਾਹੀ ਸੈਨਾ ਦੇ ਪੈਰ ਥਿੜਕ ਗਏ। ਮਲੇਰਕੋਟਲੇ ਵਾਲੇ ਸ਼ੇਰ ਮੁਹੰਮਦ ਖਾਨ ਅਤੇ ਖਵਾਜਾ ਅਲੀ ਖਾਨ ਦੋਵੇਂ ਹੀ ਸਿੰਘਾਂ ਹੱਥੋਂ ਮਾਰੇ ਗਏ। ਉਨ੍ਹਾਂ ਦੇ ਧਰਤੀ ’ਤੇ ਡਿੱਗਣ ਦੀ ਦੇਰ ਸੀ ਕਿ ਉਨ੍ਹਾਂ ਦੀ ਸੈਨਾ ਮੈਦਾਨ ਛੱਡ ਕੇ ਭੱਜ ਗਈ। ਮਲੇਰਕੋਟਲੀਆਂ ਦਾ ਸਾਰਾ ਮੋਰਚਾ ਸਿੰਘਾਂ ਦੇ ਹੱਥ ਆ ਗਿਆ। ਦੂਜੇ ਪਾਸੇ ਕਥਿਤ ਗਾਜ਼ੀਆਂ ਦਾ ਵੀ ਇਹੋ ਹਾਲ ਸੀ। ਸਿੰਘ ਹੁਣ ਪੂਰੇ ਜੋਸ਼ ਨਾਲ ਵਜ਼ੀਰ ਖਾਨ ਵਾਲੇ ਮੋਰਚੇ ਵੱਲ ਵਧੇ। ਇਕ ਪਾਸੇ ਤੋਂ ਭਾਈ ਬਾਜ ਸਿੰਘ ਅਤੇ ਦੂਸਰੇ ਪਾਸੇ ਤੋਂ ਭਾਈ ਫਤਹਿ ਸਿੰਘ ਨੇ ਹੱਲਾ ਬੋਲਿਆ। ਇਸ ਲੜਾਈ ਵਿਚ ਵਜ਼ੀਰ ਖਾਨ ਮਾਰਿਆ ਗਿਆ। ਵਜ਼ੀਰ ਖਾਨ ਦੀ ਲਾਸ਼ ਨੂੰ ਇਕ ਜੰਡ ਦੇ ਦਰਖਤ ਨਾਲ ਲਟਕਾ ਦਿੱਤਾ ਗਿਆ। ਇਹ ਜੰਡ ਦਾ ਦਰਖਤ ਅੱਜਕਲ੍ਹ ਚੱਪੜਚਿੜੀ ਵਿਚ ਬਣੇ ਗੁਰੂ ਨਾਨਕ ਮਿਸ਼ਨ ਸਕੂਲ ਦੇ ਅਹਾਤੇ ਦੇ ਅੰਦਰ ਹੈ। ਦੂਸਰੇ ਦਿਨ ਵਜ਼ੀਰ ਖਾਨ ਦੀ ਲਾਸ਼ ਨੂੰ ਬਲਦਾਂ ਪਿੱਛੇ ਬੰਨ ਕੇ ਸਿੰਘ ਸਰਹਿੰਦ ਵੱਲ ਨੂੰ ਰਵਾਨਾ ਹੋ ਗਏ।

ਸਿੰਘਾਂ ਨੇ ਸਰਹਿੰਦ ਦੀ ਜਿੱਤ ਤੋਂ ਪਿੱਛੋਂ ਜ਼ਾਲਮਾਂ ਨੂੰ ਚੁਣ-ਚੁਣ ਕੇ ਮਾਰਿਆ।ਹਕੂਮਤ ਦੀ ਛਤਰ-ਛਾਇਆ ਹੇਠ ਸੁੱਚਾ ਨੰਦ ਇਸ ਤਰ੍ਹਾਂ ਦੇ ਜ਼ੁਲਮ ਕਰ ਰਿਹਾ ਸੀ ਕਿ ਉਸ ਦੇ ਸਿੱਖਾਂ ਹੱਥੋਂ ਮਾਰੇ ਜਾਣ ਨੂੰ ਕੀਤੇ ਦਾ ਫਲ ਦੱਸਦਿਆਂ ਮੁਹੰਮਦ ਕਾਸਿਮ ‘ਇਬਰਤ ਨਾਮੇ’ ਵਿਚ ਲਿਖਦਾ ਹੈ, “ਮੈਂ ਆਸ-ਪਾਸ ਦੇ ਭਰੋਸੇਯੋਗ ਲੋਕਾਂ ਤੋਂ ਸੁਣਿਆ ਹੈ ਕਿ ਸ਼ਹੀਦ (ਵਜ਼ੀਰ ਖਾਨ) ਦੀ ਹਕੂਮਤ ਦੇ ਦਿਨੀਂ ਕਿਹੜਾ ਜ਼ੁਲਮ ਸੀ ਜੋ ਇਸ ਅਨਿਆਈ (ਸੁੱਚਾ ਨੰਦ) ਨੇ ਗਰੀਬਾਂ ਉੱਤੇ ਨਾ ਕੀਤਾ ਹੋਵੇ ਅਤੇ ਫਸਾਦ ਦਾ ਕਿਹੜਾ ਬੀਜ ਸੀ ਜੋ ਇਸ ਨੇ ਆਪਣੇ ਲਈ ਨਾ ਬੀਜਿਆ ਹੋਵੇ ਕਿ ਜਿਸ ਦਾ ਫਲ ਇਸ ਨੂੰ ਪ੍ਰਾਪਤ ਹੋਇਆ?”

ਇੰਨੀ ਭਿਆਨਕ ਜੰਗ ਕਰਨ ਬਾਅਦ ਸਿੰਘਾਂ ਨੇ ਕਿਸੇ ਮਸਜਿਦ ਨੂੰ ਨੁਕਸਾਨ ਨਹੀਂ ਪਹੁੰਚਾਇਆ, ਕਿਉਂਕਿ ਉਹ ਧਰਮ-ਵਿਰੋਧੀ ਨਹੀਂ ਸੀ, ਉਹ ਤਾਂ ਸਿਰਫ਼ ਜ਼ੁਲਮ ਅਤੇ ਜ਼ਾਲਮਾਂ ਦਾ ਵਿਰੋਧੀ ਸੀ, ਕਿਉਂਕਿ ਸਿੱਖ ਜ਼ੁਲਮ ਅਤੇ ਅਤਿਆਚਾਰ ਨੂੰ ਖ਼ਤਮ ਕਰਨਾ ਧਾਰਮਿਕ ਸਾਧਨਾ ਦਾ ਅਨਿੱਖੜ ਅੰਗ ਸਮਝਦੇ ਹਨ। ਚੱਪੜ-ਚਿੜੀ ਦੇ ਯੁੱਧ ਸਮੇਂ ਬਾਬਾ ਆਲੀ ਸਿੰਘ ਤੇ ਬਾਬਾ ਮਾਲੀ ਸਿੰਘ ਨੇ ਅਨੂਪਮ ਬਹਾਦਰੀ ਦਿਖਾਈ। ਸਰਹਿੰਦ ਫ਼ਤਿਹ ਕਰਨ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਬਹਾਦਰ ਸਿੰਘਾਂ ਨਾਲ ਇਕ ਦਰਬਾਰ ਲਗਾਇਆ। ਭਾਈ ਬਾਜ ਸਿੰਘ ਨੂੰ ਸਰਹਿੰਦ ਦਾ ਸੂਬੇਦਾਰ ਥਾਪ ਦਿੱਤਾ ਅਤੇ ਉਨ੍ਹਾਂ ਦੀ ਸਹਾਇਤਾ ਲਈ ਬਾਬਾ ਆਲੀ ਸਿੰਘ ਜੀ ਸਲੌਦੀ ਵਾਲਿਆਂ ਨੂੰ ਨਾਇਬ ਸੂਬੇਦਾਰ ਨਿਯੁਕਤ ਕਰ ਦਿੱਤਾ। ਦਰਬਾਰ ਵਿਚ ਇਲਾਕੇ ਦੇ ਮੰਨੇ-ਪ੍ਰਮੰਨੇ ਚੌਧਰੀ ਹਾਜ਼ਰ ਹੋਏ ਅਤੇ ਇਲਾਕੇ ਦੇ ਲੋਕਾਂ ਨੇ ਆਪਣੇ ’ਤੇ ਹੋਏ ਜ਼ੁਲਮ ਦੀ ਦਾਸਤਾਨ ਭਰੇ-ਦਰਬਾਰ ਵਿਚ ਸੁਣਾਈ। ਇਸ ਮੌਕੇ ’ਤੇ ਚਰਨਾਰਥਲ ਦਾ ਚੌਧਰੀ ਪ੍ਰਤਾਪ ਰਾਏ, ਜਰਗ ਦਾ ਚੌਧਰੀ ਲਖਮੀਰ ਆਦਿ ਹਾਜ਼ਰ ਹੋਏ ਅਤੇ ਉਨ੍ਹਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਅੱਗੇ ਖਿਲਤ ਵਜੋਂ ਚਾਂਦੀ ਦੇ ਗੁਰਜ ਅਤੇ ਮੋਹਰਾਂ ਦੇ ਥਾਲ ਪੇਸ਼ ਕੀਤੇ। ਬਾਬਾ ਬੰਦਾ ਸਿੰਘ ਬਹਾਦਰ ਹੋਰਾਂ ਗੁਰਜ ਰੱਖ ਲਏ ਅਤੇ ਮੋਹਰਾਂ ਦੇ ਥਾਲਾਂ ਵਿੱਚੋਂ ਇਕ-ਇਕ ਮੋਹਰ ਰੱਖ ਕੇ ਬਾਕੀ ਦੀਆਂ ਮੋਹਰਾਂ ਚੌਧਰੀਆਂ ਨੂੰ ਹੀ ਇਲਾਕੇ ਅਤੇ ਗਰੀਬ ਲੋਕਾਂ ਦੀ ਭਲਾਈ ਲਈ ਲਗਾਉੁਣ ਲਈ ਵਾਪਿਸ ਕਰ ਦਿੱਤੀਆਂ। ਇੱਥੇ ਬਾਬਾ ਬੰਦਾ ਸਿੰਘ ਬਹਾਦਰ ਦੀ ਬਹਾਦਰੀ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੇ ਲੋਕਾਂ ਨੇ ਜਿਨ੍ਹਾਂ ਵਿਚ ਹਿੰਦੂ ਤੇ ਮੁਸਲਮਾਨ ਵੀ ਸਨ ਅੰਮ੍ਰਿਤ ਛਕ ਕੇ ਗੁਰੂ ਕੇ ਸਿੰਘ ਸਜ ਗਏ। ਉਦਾਹਰਣ ਦੇ ਤੌਰ ’ਤੇ ਇਨ੍ਹਾਂ ਵਿੱਚੋਂ ਦੀਨਦਾਰ ਖਾਨ ਅੰਮ੍ਰਿਤ ਛਕ ਕੇ ਦੀਨਦਾਰ ਸਿੰਘ ਬਣ ਗਿਆ। ਮੀਰ ਨਸੀਰ-ਉ-ਦੀਨ, ਭਾਈ ਨਸੀਰ ਸਿੰਘ ਬਣ ਗਿਆ।

ਸਰਹਿੰਦ ਦੇ ਕਿਲ੍ਹੇ ’ਤੇ ਖ਼ਾਲਸੇ ਦਾ ਝੰਡਾ ਲਹਿਰਾਇਆ ਗਿਆ। ਅਫ਼ਸਰਾਂ ਦੀ ਨਿਯੁਕਤੀ ਕਰਨ ਦੇ ਨਾਲ-ਨਾਲ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਆਪਣੇ ਰਾਜ ਦੀ ਰਾਜਧਾਨੀ ਦੀ ਚੋਣ ਕਰਨ ਦਾ ਬਹੁਤ ਮਹੱਤਵਪੂਰਨ ਪ੍ਰਸ਼ਨ ਸੀ। ਸਰਹਿੰਦ ਕੇਂਦਰੀ ਸਥਾਨ ਸੀ ਅਤੇ ਇਸ ਦੇ 28 ਪਰਗਣਿਆਂ ਤੋਂ 52 ਲੱਖ ਰੁਪਿਆਂ ਦੀ ਸਾਲਾਨਾ ਆਮਦਨੀ ਸੀ। ਭਾਈ ਰਤਨ ਸਿੰਘ (ਭੰਗੂ) ਲਿਖਦੇ ਹਨ ਕਿ:

ਆਲੀ ਸਿੰਘ ਨਾਇਬ ਠਹਿਰਾਯਾ, ਮੁਲਕ ਬਾਵਨੀ ਉਨ ਉਗਰ੍ਹਾਯਾ।
ਬੰਦਾ ਸ੍ਰਿਹੰਦੈ ਦਾਖਲ ਭਯੋ, ਬਜੀਰੈ ਮਾਲ ਸੁ ਬੰਦੁਬਸਤ ਕਯੋ॥

ਇਸ ਜਿੱਤ ਨਾਲ ਕਰਨਾਲ ਤੋਂ ਲੁਧਿਆਣੇ ਤਕ ਦੇ ਇਲਾਕੇ ਦਾ ਲਗਾਨ ਖਾਲਸੇ ਨੂੰ ਮਿਲਣ ਲੱਗ ਗਿਆ।

ਬਾਬਾ ਬੰਦਾ ਸਿੰਘ ਬਹਾਦਰ ਪਾਸ ਇਕ ਦਿਨ ਭਾਈ ਬਲਾਕਾ ਸਿੰਘ ਫਰਿਆਦ ਲੈ ਕੇ ਆਇਆ। ਭਾਈ ਬਲਾਕਾ ਸਿੰਘ ਦੋਤਾਰੇ ਨਾਲ ਕੀਰਤਨ ਕਰਿਆ ਕਰਦਾ ਸੀ। ਕੁਝ ਸਮਾਂ ਉਹ ਬਾਬਾ ਆਲੀ ਸਿੰਘ ਜੀ ਦੇ ਜਥੇ ਵਿਚ ਵੀ ਰਿਹਾ ਸੀ। ਇਕ ਵਾਰ ਉਹ ਘੁੰਮਦਾ ਘੁਮਾਉਂਦਾ ਘੁੜਾਨੀ ਪਿੰਡ ਵਿਚ ਪਹੁੰਚ ਗਿਆ। ਘੁੜਾਨੀ ਪਿੰਡ ਵਿਚ ਰਾਮਰਾਈਆਂ ਦੀ ਕਾਫੀ ਆਬਾਦੀ ਸੀ। ਇਸ ਪਿੰਡ ਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ-ਛੋਹ ਵੀ ਪ੍ਰਾਪਤ ਹੈ। ਭਾਈ ਬਲਾਕਾ ਸਿੰਘ ਜੀ ਜਦੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ਵਿਚ ਜਾ ਕੇ ਕੀਰਤਨ ਕਰਨ ਲੱਗੇ ਅਤੇ ਰਹਿਰਾਸ ਦੇ ਪਾਠ ਤੋਂ ਬਾਅਦ ਅਰਦਾਸ ਕੀਤੀ। ਅਰਦਾਸ ਵਿਚ ਜਦੋਂ ਉਸ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਲਿਆ ਤਾਂ ਰਾਮਰਾਈਏ ਮਸੰਦ ਭੜਕ ਉੱਠੇ। ਉਨ੍ਹਾਂ ਨੇ ਭਾਈ ਬਲਾਕਾ ਸਿੰਘ ਦਾ ਦੋਤਾਰਾ ਤੋੜ ਦਿੱਤਾ ਅਤੇ ਭਾਈ ਬਲਾਕਾ ਸਿੰਘ ਦੀ ਕਾਫੀ ਕੁੱਟਮਾਰ ਵੀ ਕੀਤੀ। ਇਹ ਗੱਲ ਦਾ ਪਤਾ ਲੱਗਣ ’ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਬਾਬਾ ਆਲੀ ਸਿੰਘ ਨੂੰ ਦੋਸ਼ੀਆਂ ਨੂੰ ਸਜ਼ਾ ਦੇਣ ਲਈ ਭੇਜਿਆ। ਬਾਬਾ ਆਲੀ ਸਿੰਘ ਨੇ ਬਹੁਤ ਬਹਾਦਰੀ ਨਾਲ ਘੁੜਾਨੀ ਅਤੇ ਥਾਣਾ ਪਾਇਲ ’ਤੇ ਹਮਲਾ ਕਰ ਦਿੱਤਾ।

ਰਾਮਰਾਈਏ ਮਸੰਦ ਪਿੰਡ ਛੱਡ ਕੇ ਭੱਜ ਗਏ। ਭਾਈ ਬਲਾਕਾ ਸਿੰਘ ਨੂੰ ਪਾਇਲ ਦਾ ਥਾਣੇਦਾਰ ਨਿਯੁਕਤ ਕਰ ਦਿੱਤਾ ਗਿਆ। ਇਲਾਕੇ ਦੇ ਚੌਧਰੀਆਂ ਨੇ ਬਾਬਾ ਆਲੀ ਸਿੰਘ ਦੀ ਈਨ ਮੰਨ ਲਈ ਅਤੇ ਨਜ਼ਰਾਨੇ ਲੈ ਕੇ ਉਸ ਅੱਗੇ ਪੇਸ਼ ਹੋਏ। ਭਾਈ ਰਤਨ ਸਿੰਘ (ਭੰਗੂ) ਨੇ ਇਸ ਘਟਨਾ ਦਾ ਜਿਕਰ ‘ਸ੍ਰੀ ਗੁਰ ਪੰਥ ਪ੍ਰਕਾਸ਼’ ਵਿਚ ਇਸ ਤਰ੍ਹਾਂ ਕੀਤਾ ਹੈ ਕਿ:

ਬੁਲਾਕਾ ਸਿੰਘ ਇਕ ਸਿੰਘ ਹੁਤੋ ਰਹਿ ਆਲੀ ਸਿੰਘ ਪਾਸ।
ਹਾਥ ਜੋੜ ਠਾਂਢੋ ਭਯੋ ਕਰ ਬੰਦੈ ਪੈ ਅਰਦਾਸ॥
ਪਾਇਲ ਪਾਸ ਘੁਡਾਣੀ ਗ੍ਰਾਮੰ, ਤਹਾਂ ਬਹੁਤ ਹੈ ਖਤ੍ਰੀਅਨ ਧਾਮ।
ਰਾਮਰਯਨ ਕੇ ਮਸੰਦ ਕਹਾਵੈਂ, ਕਰੈਂ ਮਸ਼ਕਰੀ ਖਾਲਸੈ ਖਿਝਾਵੈ॥
ਮੈਂ ਊਹਾਂ ਸ਼ਬਦ ਚੌਂਕੀ ਠਈ, ਬੋਲੋ ਵਾਹਿਗੁਰੂ ਅਰਦਾਸ ਯੋਂ ਕਹੀ।
ਸੁਨਤ ਦੁਤਾਰੋ ਉਨ ਭੰਨ ਦਯੋ, ਮੁਖ ਤੇ ਵਾਕ ਤਿਨ ਖੋਟੇ ਕਰਯੋ॥
ਔ ਸਤਿਗੁਰ ਕੀ ਨਿੰਦਯਾ ਕਰੀ, ਹਮ ਕੌਂ ਨਹਿ ਵਹਿ ਬਿਸਰਤ ਘਰੀ।
ਥੀ ਹਮ ਕੌ ਬਹੁ ਕੀਨੀ ਮਾਰ, ਸੋ ਤੋ ਹਮਨੈ ਦਈ ਵਿਸਾਰ॥
ਪੁਤ੍ਰ ਮੁਏ ਆਪੈ ਮੁਯੋ ਅਬ ਮੁਯੋ ਨ ਵਾਹਿਗੁਰੂ ਬੋਲ।
ਯੋ ਕਹਿ ਦੁਤਾਰੋ ਭੰਨਯੋ ਤੌ ਮਾਰਯੋ ਕੇਸ ਮੁਹਿ ਖੋਲ॥…

ਬਾਬਾ ਆਲੀ ਸਿੰਘ ਜੀ ਨੇ ਘੁੜਾਨੀ ਤੋਂ ਅੱਗੇ ਚੱਲ ਕੇ ਸੁਨਾਮ ਨੂੰ ਘੇਰਾ ਪਾ ਲਿਆ। ਸੁਨਾਮ ਦੇ ਰੰਘੜਾਂ ਦੇ ਜ਼ੁਲਮ ਤੋਂ ਆਮ ਜਨਤਾ ਬਹੁਤ ਦੁਖੀ ਸੀ। ਉੱਥੋਂ ਦੇ ਰਾਜਪੂਤ ਰੰਘੜ ਆਪਣੇ ਆਪ ਨੂੰ ਬਹੁਤ ਬਹਾਦਰ ਸਮਝਦੇ ਸਨ ਅਤੇ ਉਨ੍ਹਾਂ ਨੇ ਸਿੰਘਾਂ ਦਾ ਮੁਕਾਬਲਾ ਕਰਨ ਲਈ ਪੂਰੀ ਤਿਆਰੀ ਕਰ ਲਈ। ਪਰੰਤੂ ਬਾਬਾ ਆਲੀ ਸਿੰਘ ਦੇ ਬਹਾਦਰ ਸਿੰਘਾਂ ਦੇ ਜਥੇ ਸਾਹਮਣੇ ਇਹ ਬਹੁਤਾ ਸਮਾਂ ਨਾ ਟਿਕ ਸਕੇ ਅਤੇ ਇਲਾਕਾ ਛੱਡ ਕੇ ਭੱਜ ਗਏ।

ਬਾਬਾ ਆਲੀ ਸਿੰਘ ਪਰਗਣਾ ਮਨਸੂਰ ਪਹੁੰਚ ਗਏ। ਬਾਬਾ ਆਲੀ ਸਿੰਘ ਨੇ ਉੱਥੋਂ ਦੇ ਹਾਕਮ ਪਾਸ ਆਪਣਾ ਇਕ ਬੰਦਾ ਭੇਜ ਕੇ ਈਨ ਕਬੂਲ ਕਰਨ ਲਈ ਕਿਹਾ। ਇੱਥੇ ਕਿਸੇ ਨੇ ਵੀ ਸਿੰਘਾਂ ਦਾ ਮੁਕਾਬਲਾ ਕਰਨ ਦੀ ਹਿੰਮਤ ਨਾ ਕੀਤੀ। ਸਿੰਘ ਇੱਥੋਂ ਜਿੱਤ ਪ੍ਰਾਪਤ ਕਰਦੇ ਹੋਏ ਅੱਗੇ ਕੈਥਲ ਸ਼ਹਿਰ ਵੱਲ ਚਲੇ ਗਏ। ਕੈਥਲ ਦੇ ਬਲੋਚ ਬਹੁਤ ਜ਼ਾਲਮ ਸਨ ਅਤੇ ਆਪਣੇ ਆਪ ਨੂੰ ਬਹੁਤ ਬਹਾਦਰ ਮੰਨਦੇ ਸਨ। ਬਾਬਾ ਆਲੀ ਸਿੰਘ ਨੇ ਇਨ੍ਹਾਂ ’ਤੇ ਬੇਖਬਰ ਹੀ ਹੱਲਾ ਬੋਲ ਦਿੱਤਾ। ਮਾਮੂਲੀ ਜਿਹੇ ਟਾਕਰੇ ਤੋਂ ਬਾਅਦ ਹੀ ਸਿੰਘਾਂ ਨੇ ਸ਼ਹਿਰ ’ਤੇ ਕਬਜ਼ਾ ਕਰ ਲਿਆ। ਬਾਬਾ ਆਲੀ ਸਿੰਘ ਜੀ ਇੱਥੋਂ ਚੌਧਰੀਆਂ ਤੋਂ ਨਜ਼ਰਾਨੇ ਪ੍ਰਾਪਤ ਕਰਦੇ ਹੋਏ ਵਾਪਿਸ ਸਰਹਿੰਦ ਵੱਲ ਨੂੰ ਰਵਾਨਾ ਹੋ ਗਏ।

ਜਲੰਧਰ ਹੁਸ਼ਿਆਰਪੁਰ ਦੇ ਇਲਾਕੇ ’ਤੇ ਸਿੱਖਾਂ ਦਾ ਕਬਜ਼ਾ ਹੋ ਗਿਆ ਅਤੇ ਸ਼ਮਸ ਖਾਨ ਬਰਾ-ਏ-ਨਾਮ ਹਾਕਮ ਰਹਿ ਗਿਆ। ਸਤਲੁਜ ਦੇ ਦੱਖਣ ਨੂੰ ਮਾਛੀਵਾੜਾ ਤੋਂ ਕਰਨਾਲ ਤਕ ਦਾ ਸਰਹਿੰਦ ਦਾ ਸਾਰਾ ਇਲਾਕਾ ਸਿੰਘਾਂ ਦੇ ਕਬਜ਼ੇ ਵਿਚ ਸੀ ਜਿਸ ਦਾ ਸਾਰਾ ਪ੍ਰਬੰਧ ਭਾਈ ਬਾਜ ਸਿੰਘ ਰਾਜਪਾਲ ਅਤੇ ਬਾਬਾ ਆਲੀ ਸਿੰਘ ਸਲੌਦੀ ਵਾਲੇ ਨਾਇਬ ਰਾਜਪਾਲ ਦੇ ਪਾਸ ਸੀ, ਜਿਨ੍ਹਾਂ ਅਧੀਨ ਥਾਂ-ਥਾਂ ਸਿੱਖ ਫ਼ੌਜਦਾਰ ਤੇ ਥਾਣੇਦਾਰ ਨਿਯੁਕਤ ਸਨ।

ਦਿੱਲੀ ਦੇ ਤਖ਼ਤ ਤੇ ਬੇਠੈ ਨਵੇਂ ਬਾਦਸ਼ਾਹ ਫ਼ਰੁੱਖਸੀਅਰ ਨੇ ਸਿੰਘਾਂ ਦੀ ਬਗਾਵਤ ਨੂੰ ਦਬਾਉਣ ਲਈ ਵੱਡੀ ਗਿਣਤੀ ਵਿਚ ਸ਼ਾਹੀ ਸੈਨਾ ਭੇਜੀ। ਉਸ ਸਮੇਂ ਬਾਬਾ ਬੰਦਾ ਸਿੰਘ ਬਹਾਦਰ ਕੋਟ ਨੈਣੇ ਦੀ ਜੰਗ ਜਿੱਤ ਕੇ ਨਵਾਂ ਕਿਲ੍ਹਾ ਬਣਵਾ ਰਿਹਾ ਸੀ। ਇਸ ਸਮੇਂ ਬਹੁਤ ਸਾਰੀ ਖਾਲਸਾ ਫੌਜ ਇਸ ਸਥਾਨ ’ਤੇ ਇਕੱਠੀ ਹੋਈ ਸੀ। ਬਾਬਾ ਆਲੀ ਸਿੰਘ ਤੇ ਬਾਬਾ ਮਾਲੀ ਸਿੰਘ ਅਤੇ ਉਨ੍ਹਾਂ ਦਾ ਜਥਾ ਜੋ ਸਰਹਿੰਦ ਤੋਂ ਆਇਆ ਸੀ ਉਹ ਵੀ ਉੱਥੇ ਹੀ ਮੌਜੂਦ ਸੀ। ਜਦੋਂ ਸ਼ਾਹੀ ਲਸ਼ਕਰ ਨੇੜੇ ਆ ਗਿਆ ਤਾਂ ਖਾਲਸਾ ਫੌਜ ਕਿਲ੍ਹੇ ਦਾ ਕੰਮ ਵਿਚੇ ਛੱਡ ਕੇ ਗੁਰਦਾਸ ਨੰਗਲ ਦੀ ਕੱਚੀ ਗੜ੍ਹੀ ਵਿਚ ਚਲੀ ਗਈ।

ਗੁਰਦਾਸ ਨੰਗਲ ਦੀ ਕੱਚੀ ਗੜ੍ਹੀ ਵਿਚ ਬਾਬਾ ਬੰਦਾ ਸਿੰਘ ਬਹਾਦਰ ਅਤੇ ਹੋਰ ਸੈਨਿਕ ਮੁਗ਼ਲਾਂ ਦੇ ਘੇਰੇ ਵਿਚ ਆ ਗਏ। ਸੰਨ 1715 ਈ: ਨੂੰ ਜਦੋਂ ਬਾਦਸ਼ਾਹ ਫ਼ਰੁੱਖਸੀਅਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਖ਼ਬਰ ਪੁੱਜੀ ਤਾਂ ਬਾਦਸ਼ਾਹ ਨੇ ਲਾਹੌਰ ਦੇ ਸੂਬੇਦਾਰ ਅਬਦੁੱਸਮਦ ਖਾਨ ਅਤੇ ਕੁਮਰਦੀਨ ਖਾਨ ਨੂੰ 24000 ਫੌਜ ਦੇ ਕੇ ਸਿੰਘਾਂ ’ਤੇ ਚੜ੍ਹਾਈ ਕਰਨ ਦਾ ਹੁਕਮ ਦਿੱਤਾ। ਇਸ ਵਿਚ ਅੱਧੇ ਘੋੜਸਵਾਰ, ਅੱਧੇ ਪਿਆਦੇ ਅਤੇ ਤੋਪਖਾਨਾ ਵੀ ਸ਼ਾਮਲ ਸੀ। ਮੁਗ਼ਲ ਫ਼ੌਜ ਨੇ ਗੁਰਦਾਸ ਨੰਗਲ ਦੇ ਇਕ ਟਿੱਬੇ ’ਤੇ ਕੱਚੀ ਗੜ੍ਹੀ ਨੂੰ ਆਣ ਘੇਰਿਆ। ਸਿੰਘਾਂ ਨੇ ਸ਼ਾਹੀ ਫ਼ੌਜ ਦਾ ਆਉਣਾ ਸੁਣ ਕੇ ਗੁਰਦਾਸ ਨੰਗਲ ਦੀ ਇਸ ਗੜ੍ਹੀ ਦੇ ਇਕ ਟਿੱਬੇ ਦੁਆਲੇ ਖਾਈ ਪੁੱਟ ਕੇ ਉਸ ਵਿਚ ਸ਼ਾਹੀ ਨਹਿਰ ਨੂੰ ਟੱਕ ਲਾ ਕੇ ਪਾਣੀ ਭਰ ਦਿੱਤਾ। ਇਸ ਤਰ੍ਹਾਂ ਕਰਨ ਨਾਲ ਬਾਹਰੋਂ ਕਿਸੇ ਵੀ ਆਦਮੀ ਜਾਂ ਘੋੜੇ ਦਾ ਆਉਣਾ ਮੁਸ਼ਕਿਲ ਹੋ ਗਿਆ। ਦਲੇਰ ਖਾਨ ਨੇ ਆ ਕੇ ਕਿਲ੍ਹੇ ਦਾ ਘੇਰਾ ਬਹੁਤ ਜ਼ਿਆਦਾ ਸਖ਼ਤ ਕਰ ਦਿੱਤਾ। ਜਿਹੜੇ ਸਿੰਘ ਪਿੰਡ ਵਿਚ ਦਾਣਾ-ਪੱਠਾ ਲੈਣ ਗਏ ਹੋਏ ਸਨ, ਉਹ ਸ਼ਾਹੀ ਸੈਨਾ ਦੇ ਕਾਬੂ ਆ ਗਏ ਅਤੇ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਕਿਲ੍ਹੇ ਅੰਦਰ ਘਾਹ ਦਾ ਇਕ ਤਿਣਕਾ ਤੇ ਅੰਨ ਦਾ ਇਕ ਦਾਣਾ ਵੀ ਨਹੀਂ ਸੀ ਜਾਣ ਦਿੱਤਾ ਗਿਆ। ਫਿਰ ਵੀ ਮੁੱਠੀ-ਭਰ ਸਿੰਘਾਂ ਨੇ ਜ਼ਾਲਮਾਂ ਦਾ ਡਟ ਕੇ ਮੁਕਾਬਲਾ ਕੀਤਾ। ਦੁਸ਼ਮਣਾਂ ਅੰਦਰ ਸਿੱਖਾਂ ਦਾ ਇੰਨਾ ਜ਼ਿਆਦਾ ਭੈਅ ਬੈਠ ਚੁੱਕਾ ਸੀ ਕਿ ਉਹ ਅੱਲਾ ਪਾਸ ਇਹ ਦੁਆਵਾਂ ਕਰਦੇ ਸਨ ਕਿ ਕਾਸ਼, ਬੰਦਾ ਸਿੰਘ ਗੜ੍ਹੀ ਛੱਡ ਕੇ ਦੌੜ ਜਾਏ ਕਿਉਂਕਿ ਬਾਬਾ ਜੀ ਦੀ ਜਾਦੂਮਈ ਸ਼ਕਤੀ ਤੋਂ ਮੁਗ਼ਲ ਜ਼ਿਆਦਾ ਭੈਅਭੀਤ ਹੋ ਚੁੱਕੇ ਸਨ। ਸਿੰਘ 8 ਮਹੀਨੇ ਤਕ ਮੁਗ਼ਲਾਂ ਦਾ ਮੁਕਾਬਲਾ ਕਰਦੇ ਰਹੇ। ਗੁਰਦਾਸ ਨੰਗਲ ਦੀ ਇਸ 8 ਮਹੀਨੇ ਦੀ ਲੜਾਈ ਨੇ ਸਿੱਖ ਕੌਮ ਦਾ ਇਕ ਨਵਾਂ ਇਤਿਹਾਸ ਸਿਰਜਿਆ। ‘ਅਸਰਾਰਿ ਸਮੱਦੀ’ ਵਿਚ ਲਿਖਿਆ ਹੈ, “ਉਸ(ਬੰਦਾ ਸਿੰਘ ਬਹਾਦਰ) ਦੀ ਹਾਲਤ ਇਤਨੀ ਪਤਲੀ ਹੋ ਗਈ ਕਿ ਤੂੰ ਕਹੇਂਗਾ ਕਿ ਉਸ ਨੇ ਗਰੀਬੀ ਦੇ ਕੋਨੇ ਵਿਚ ਸੋ ਚਲੀਹੇ ਕੱਟੇ ਹੋਣ।… ਅਨਾਜ ਦਾ ਦਾਣਾ ਮੋਤੀ ਦੇ ਦਾਣੇ ਵਾਂਗ ਮਹਿੰਗਾ ਹੋ ਗਿਆ ਅਤੇ ਪਾਣੀ ਦੀ ਬੂੰਦ ਆਦਮੀਆਂ ਦੇ ਚਿਹਰੇ ਦੀ ਰੌਣਕ ਵਾਂਗ ਅਲੋਪ ਹੋ ਗਈ (ਸਿੱਖ) ਦਰਖਤਾਂ ਦੀ ਛਿੱਲ ਨੂੰ ਪੰਛੀ ਦੇ ਮਾਸ ਜਿਹੀ ਅਨਮੋਲ ਅਤੇ ਬ੍ਰਿਛਾਂ ਦੇ ਪੱਤੇ ਅਤੇ ਛਿਲਕੇ ਨੂੰ ਸਵਾਦੀ ਭੋਜਨ ਨਾਲੋਂ ਚੰਗਾ ਜਾਣਦੇ ਸਨ। ਉਨ੍ਹਾਂ ਦੇ ਚਿਹਰਿਆਂ ਉਤੇ ਰੌਣਕ ਨਾ ਰਹੀ ਸਗੋਂ ਰੰਗ ਕਣਕਵੰਨਾ ਵੀ ਨਾ ਰਿਹਾ।

ਜੇ ਉਹ ਤ੍ਰੇਹ ਨਾਲ ਨਾ ਮਰਦੇ ਤਾਂ ਉਹ ਠੰਡ ਨਾਲ ਮਰ ਜਾਂਦੇ। ਜੇ ਹਉਕੇ ਦੀ ਅੱਗ ਉਨ੍ਹਾਂ ਨਾਲ ਨਿਆਂ ਕਰਨ ਨੂੰ ਬਹੁੜਦੀ ਤਾਂ ਉਹ ਉਨੀਂਦਰੇ ਹੀ ਮਾਰੇ ਜਾਂਦੇ।… ਭੁੱਖ ਨਾਲ ਉਹ ਏਕਮ ਦੇ ਚੰਦ ਵਾਂਗ ਕੁੱਬੇ ਹੋ ਗਏ। ਜੇ ਉਹ ਸੂਰਜ ਦੀ ਟਿੱਕੀ ਦੇਖਦੇ ਤਾਂ ਉਹ ਆਸ ਨਾਲ ਦੰਦ ਖੋਲ੍ਹਦੇ ਭਾਵ ਉਸ ਨੂੰ ਖਾਣ ਲਈ ਮੂੰਹ ਖੋਲ੍ਹ ਲੈਂਦੇ। ਉਹ ਧਰਤੀ ਦੀ ਮਿੱਟੀ ਖੰਡ ਵਾਂਗ ਚਟਮ ਕਰ ਗਏ।”

ਦਸੰਬਰ 1715 ਈ: ਨੂੰ ਗੜ੍ਹੀ ’ਤੇ ਸ਼ਾਹੀ ਫ਼ੌਜ ਨੇ ਕਬਜ਼ਾ ਕਰ ਲਿਆ। 300 ਦੇ ਕਰੀਬ ਸਿੰਘਾਂ ਨੂੰ ਥਾਂ ’ਤੇ ਹੀ ਸ਼ਹੀਦ ਕਰ ਦਿੱਤਾ ਗਿਆ। ਬਾਬਾ ਬੰਦਾ ਸਿੰਘ ਬਹਾਦਰ ਦੇ 200 ਸਾਥੀ ਗੁਰਦਾਸ ਨੰਗਲ ਤੋਂ ਜਲੂਸ ਦੀ ਸ਼ਕਲ ਵਿਚ ਪਹਿਲਾਂ ਲਾਹੌਰ ਅਤੇ ਫਿਰ ਦਿੱਲੀ ਲਿਜਾਏ ਗਏ। ਰਸਤੇ ਵਿਚ ਹੋਰ ਗ੍ਰਿਫ਼ਤਾਰੀਆਂ ਉਪਰੰਤ ਸਿੰਘਾਂ ਦੀ ਗਿਣਤੀ 740 ਤਕ ਪੁੱਜ ਗਈ। ਬਾਬਾ ਬੰਦਾ ਸਿੰਘ ਬਹਾਦਰ ਨੂੰ ਸੰਗਲਾਂ ਨਾਲ ਜਕੜ ਕੇ ਲੋਹੇ ਦੇ ਪਿੰਜਰੇ ਵਿਚ ਕੈਦ ਕਰ ਕੇ ਹਾਥੀ ’ਤੇ ਬਿਠਾਇਆ ਗਿਆ। ਇਹ ਜਲੂਸ ਫਰਵਰੀ, 1716 ਈ: ਨੂੰ ਦਿੱਲੀ ਦੇ ਲਾਲ ਕਿਲ੍ਹੇ ਵਿਚ ਦਾਖਲ ਹੋਇਆ। ਜ਼ਕਰੀਆ ਖਾਨ ਨੇ ਸ਼ਾਹੀ ਖਜ਼ਾਨੇ ਦੇ ਇੰਚਾਰਜ ਨੂੰ ਪ੍ਰਾਪਤ ਕੀਤੇ ਕੀਮਤੀ ਮਾਲ ਤੇ ਹਥਿਆਰ ਦਿੱਤੇ। ਇਹ ਹਥਿਆਰ ਇਸ ਤਰ੍ਹਾਂ ਸਨ: ਤਲਵਾਰਾਂ 1000, ਢਾਲਾ 278, ਤੀਰ ਕਮਾਨ 173, ਤੋੜੇਦਾਰ ਬੰਦੂਕਾਂ 180, ਜਮਦਾੜ੍ਹ ਖੰਜਰ 114, ਕਰਦਾਂ 217, ਸੋਨੇ ਦੀਆਂ ਮੋਹਰਾਂ 23, ਰੁਪਏ 600 ਅਤੇ ਕੁਝ ਸੋਨੇ ਦੇ ਗਹਿਣੇ।

ਦਿੱਲੀ ਲਿਜਾ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਬਾਦਸ਼ਾਹ ਫ਼ਰੁੱਖਸੀਅਰ ਦੇ ਪੇਸ਼ ਕੀਤਾ ਗਿਆ। ਉਸ ਨੇ ਬਾਬਾ ਬੰਦਾ ਸਿੰਘ ਬਹਾਦਰ, ਭਾਈ ਬਾਜ ਸਿੰਘ, ਭਾਈ ਫਤਹਿ ਸਿੰਘ, ਬਾਬਾ ਆਲੀ ਸਿੰਘ ਅਤੇ ਕੁਝ ਹੋਰ ਮੁਖੀ ਸਿੰਘਾਂ ਨੂੰ ਮੀਰ ਆਤਿਸ਼ ਇਬਰਾਹਿਮ ਖਾਨ ਦੇ ਹਵਾਲੇ ਕਰ ਦਿੱਤਾ ਗਿਆ ਤੇ ਉਨ੍ਹਾਂ ਨੂੰ ਤ੍ਰਿਪੋਲੀਆ ਵਿਚ ਕੈਦ ਕਰਨ ਦੀ ਹਦਾਇਤ ਕੀਤੀ ਗਈ। ਬਾਬਾ ਬੰਦਾ ਸਿੰਘ ਬਹਾਦਰ ਦੀ ਪਤਨੀ, ਉਸ ਦੇ ਛੋਟੇ ਪੁੱਤਰ ਅਜੈ ਸਿੰਘ ਅਤੇ ਉਸ ਦੀ ਖਿਡਾਵੀ ਨੂੰ ਲਾਲ ਕਿਲ੍ਹੇ ਦੇ ਸ਼ਾਹੀ ਜ਼ਨਾਨਖ਼ਾਨੇ ਦੇ ਪ੍ਰਬੰਧਕ ਦਰਬਾਰ ਖਾਨ ਦੇ ਹਵਾਲੇ ਕਰਕੇ ਹਰਮ ਵਿਚ ਕੈਦ ਕਰਨ ਦੀ ਹਦਾਇਤ ਕੀਤੀ ਗਈ। ਬਾਕੀ ਦੇ ਸਿੰਘਾਂ ਨੂੰ ਕੋਤਵਾਲ ਸਰਬਰਾਹ ਖਾਨ ਦੇ ਹਵਾਲੇ ਕਰ ਦਿੱਤਾ ਗਿਆ।

5 ਮਾਰਚ 1716 ਈ: ਨੂੰ ਚਾਂਦਨੀ ਚੌਂਕ ਦੇ ਸਾਹਮਣੇ ਸਿੱਖ ਕੈਦੀਆਂ ਦਾ ਕਤਲੇਆਮ ਸ਼ੁਰੂ ਹੋਇਆ। ਹਰ ਰੋਜ਼ 100 ਸਿੱਖਾਂ ਚਬੂਤਰਾ ਕੋਤਵਾਲੀ ਵਿਖੇ ਲਿਆ ਕੇ ਕਤਲ ਕੀਤੇ ਜਾਂਦੇ ਸੀ ਪਰ ਕੋਈ ਸਿੱਖ ਵੀ ਆਪਣੇ ਧਰਮ ਤੋਂ ਟੱਸ ਤੋਂ ਮੱਸ ਨਹੀਂ ਹੋਇਆ। ਚਬੂਤਰਾ ਕੋਤਵਾਲੀ ਦੀ ਜਗ੍ਹਾ ਚਾਂਦਨੀ ਚੌਂਕ ਵਿਚ ਗੁਰਦੁਆਰਾ ਸੀਸ ਗੰਜ ਦਿੱਲੀ ਅਤੇ ਸੁਨਹਿਰੀ ਮਸਜਿਦ ਦੇ ਵਿਚਕਾਰ ਹੁੰਦੀ ਸੀ। ਇਸ ਜਗ੍ਹਾ ’ਤੇ ਅੱਜਕਲ੍ਹ ਇਕ ਸਕੂਲ ਚਲਾਇਆ ਜਾ ਰਿਹਾ ਹੈ। 9 ਜੂਨ 1716 ਈ: ਨੂੰ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਨ੍ਹਾਂ ਦੇ 26 ਚੋਣਵੇਂ ਸਾਥੀਆਂ ਨੂੰ ਕਿਲ੍ਹੇ ਤੋਂ ਬਾਹਰ ਲਿਆਂਦਾ ਗਿਆ ਜਿਨ੍ਹਾਂ ਵਿਚ ਬਾਬਾ ਆਲੀ ਸਿੰਘ ਜੀ ਤੇ ਬਾਬਾ ਮਾਲੀ ਸਿੰਘ ਜੀ ਵੀ ਸ਼ਾਮਿਲ ਸਨ। ਇਸ ਸੰਬੰਧੀ ਗਿਆਨੀ ਗਿਆਨ ਸਿੰਘ ਜੀ ਲਿਖਦੇ ਹਨ :

ਬਾਜ ਸਿੰਘ ਲੌ ਚਾਰੌ ਭਾਈ।
ਮਰੇ ਤਹਾਂ ਉਨਿ ਭਲੀ ਪੁਗਾਈ ਆਲੀ ਸਿੰਘ ਮਾਲੀ ਸਿੰਘ ਮਾਨ ਜੇ।
ਚਢੇ ਤਹਾਂ ਹੀ ਮੋਦ ਮਾਨ ਜੇ।
ਸਿੰਘ ਬੁਲਾਕਾ ਸਿੰਘ ਥਰਾਜਾ।
ਗੰਗਾ ਸਿੰਘ ਫਤੇ ਸਿੰਘ ਰਾਜਾ।

ਭਾਈ ਰਤਨ ਸਿੰਘ (ਭੰਗੂ) ਨੇ ਸ੍ਰੀ ਗੁਰ ਪੰਥ ਪ੍ਰਕਾਸ਼ ਵਿਚ ਇਸ ਦਾ ਜਿਕਰ ਇਸ ਤਰ੍ਹਾਂ ਕੀਤਾ ਹੈ ਕਿ:

ਬਾਜ ਸਿੰਘ ਭਲੀ ਨਿਬਾਹੀ।
ਮੁਏ ਬੰਦੈ ਸੰਗ ਚਾਰਉਂ ਭਾਈ।
ਆਲੀ ਸਿੰਘ ਨੇ ਔ ਸਲੌਦੀ ਵਾਲੇ, ਉਹ ਭੀ ਮੋਏ ਬੰਦੈ ਕੇ ਨਾਲੇ॥

ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਮਹਿਰੋਲੀ ਵਿਖੇ ਕੁਤਬ ਮੀਨਾਰ ਦੇ ਪਾਸ ਲਿਜਾਇਆ ਗਿਆ। ਉਨ੍ਹਾਂ ਦਿਨਾਂ ਵਿਚ ਕਾਕਾ ਬਖ਼ਤਿਆਰ ਕਾਕੀ ਦੀ ਮਜ਼ਾਰ ’ਤੇ ਉਰਸ ਮਨਾਇਆ ਜਾ ਰਿਹਾ ਸੀ, ਜਿਸ ਕਾਰਨ ਭਾਰੀ ਗਿਣਤੀ ਵਿਚ ਲੋਕਾਂ ਦਾ ਇਕੱਠ ਉੱਥੇ ਆਇਆ ਹੋਇਆ ਸੀ। ਬਾਬਾ ਜੀ ਨੂੰ ਸਭ ਤੋਂ ਪਹਿਲਾਂ ਬਖ਼ਤਿਆਰ ਕਾਕੀ ਦੀ ਕਬਰ ਦੇ ਆਲੇ-ਦੁਆਲੇ ਘੁਮਾਇਆ ਗਿਆ ਅਤੇ ਫੇਰ ਬਖ਼ਤਿਆਰ ਕਾਕੀ ਦੀ ਮਜ਼ਾਰ ਵੱਲ ਆਉਂਦੀ ਸੜਕ ’ਤੇ ਬਣੇ ਦਰਵਾਜ਼ੇ ਵਿਚਕਾਰ ਬਿਠਾ ਕੇ ਪਹਿਲਾਂ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਮੁਖੀ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ ਅਤੇ ਫੇਰ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਪੁੱਤਰ ਅਜੈ ਸਿੰਘ ਨੂੰ ਕਤਲ ਕਰ ਕੇ ਉਸ ਦਾ ਧੜਕਦਾ ਦਿਲ ਬਾਬਾ ਜੀ ਦੇ ਮੂੰਹ ਵਿਚ ਤੁੰਨਿਆ ਗਿਆ। ਬਾਬਾ ਬੰਦਾ ਸਿੰਘ ਬਹਾਦਰ ਨੇ ਅਜਿਹੇ ਸਮੇਂ ਵੀ ਪੂਰਨ ਅਡੋਲਤਾ ਦਰਸਾਈ। ਗੁਰੂ ਸਾਹਿਬ ਦਾ ਕੋਈ ਇਕ ਵੀ ਸਿਦਕੀ ਸਿੱਖ ਡੋਲਿਆ ਨਹੀਂ ਅਤੇ ਚੜ੍ਹਦੀ ਕਲਾ ਵਿਚ ਰਹਿੰਦਿਆਂ ਧਰਮ ’ਤੇ ਦ੍ਰਿੜ੍ਹ ਰਿਹਾ।

ਉਸ ਤੋਂ ਬਾਅਦ ਬਾਬਾ ਜੀ ਨੂੰ ਤਸੀਹੇ ਦੇਣ ਦੀ ਅਤਿ ਕਰ ਦਿੱਤੀ ਗਈ। ਥਾਂ-ਥਾਂ ਤੋਂ ਬਾਬਾ ਜੀ ਦੇ ਸਰੀਰ ਦਾ ਮਾਸ ਨੋਚਿਆ ਗਿਆ ਅਤੇ ਛੋਟੇ-ਛੋਟੇ ਟੋਟੇ ਕਰ ਕੇ ਆਪ ਜੀ ਦੇ ਸਰੀਰ ਨੂੰ ਕੋਹਿਆ ਗਿਆ। ਪਰ ਬਾਬਾ ਜੀ ਨੇ ਭਾਣਾ ਮੰਨਦੇ ਹੋਏ ਮਾਨਸਿਕ-ਆਤਮਿਕ ਤੌਰ ’ਤੇ ਪੂਰੀ ਚੜ੍ਹਦੀ ਕਲਾ ਵਿਚ ਰਹਿ ਕੇ ਆਪਣੇ ਸਰੀਰ ’ਤੇ ਇਹ ਤਸੀਹੇ ਸਹਾਰਦੇ ਹੋਏ ਇਕ ਸੂਰਬੀਰ ਯੋਧੇ ਵਾਂਗ ਸ਼ਹਾਦਤ ਪ੍ਰਾਪਤ ਕੀਤੀ।

ਬਾਬਾ ਆਲੀ ਸਿੰਘ ਦੇ ਚਾਰ ਪੁੱਤਰ ਸਨ। ਉਨ੍ਹਾਂ ਦੇ ਵੱਡੇ ਪੁੱਤਰ ਸ. ਖਾਨੂੰ ਸਿੰਘ ਜੋ ਇਕ ਦਿਨ ਬੰਦੂਕਚੀਆਂ ਦੇ ਨਿਸ਼ਾਨੇ ਦੇਖ ਰਹੇ ਸਨ ਅਚਾਨਕ ਇਕ ਨਿਸ਼ਾਨਚੀ ਦਾ ਨਿਸ਼ਾਨਾ ਚੂਕ ਜਾਣ ਕਾਰਨ ਗੋਲੀ ਉਨ੍ਹਾਂ ਦੇ ਸਿਰ ਵਿਚ ਲੱਗੀ ਜਿਸ ਕਾਰਨ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਨ੍ਹਾਂ ਦਾ ਦੂਸਰਾ ਪੁੱਤਰ ਸ. ਨਾਨੂ ਸਿੰਘ ਸੀ। ਉਸ ਦੀ ਭਰ ਜਵਾਨੀ ਵਿਚ ਕੋਠੇ ਤੋਂ ਡਿਗ ਕੇ ਮੌਤ ਹੋ ਗਈ ਸੀ। ਉਨ੍ਹਾਂ ਦੇ ਦੋ ਛੋਟੇ ਪੁੱਤਰਾਂ ਸ. ਮਾਹੀ ਸਿੰਘ ਅਤੇ ਸ. ਬੱਲਾ ਸਿੰਘ ਦੀ ਔਲਾਦ ਅੱਜਕਲ੍ਹ ਸਲੌਦੀ ਪਿੰਡ ਵਿਚ ਆਬਾਦ ਹੈ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

ਮੁੱਖ ਸੰਪਾਦਕ -ਵਿਖੇ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

ਸਿਮਰਜੀਤ ਸਿੰਘ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ) ਵੱਲੋਂ ਛਾਪੇ ਜਾਂਦੇ ਮਾਸਿਕ ਪੱਤਰ ਗੁਰਮਤਿ ਪ੍ਰਕਾਸ਼ ਦੇ ਮੁੱਖ ਸੰਪਾਦਕ ਹਨ।

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)