ਸਿੱਖ-ਇਤਿਹਾਸ ਚੜ੍ਹਦੀ ਕਲਾ ਦਾ ਇਤਿਹਾਸ ਹੈ। ਸਮੁੱਚੇ ਬ੍ਰਹਿਮੰਡ ਵਿਚ ਸਾਰੇ ਪ੍ਰਾਣੀ-ਜਗਤ ਦਾ ਅੰਤ ਨਿਸ਼ਚਿਤ ਹੈ। ਜੋ ਜੰਮਿਆ ਹੈ, ਉਸ ਨੇ ਮਰਨਾ ਹੈ, ਇਹ ਇਕ ਅਟੱਲ ਸਚਾਈ ਹੈ। ਭਗਤ ਫਰੀਦ ਜੀ ਦਾ ਫ਼ਰਮਾਨ ਹੈ,
ਜਿਤੁ ਦਿਹਾੜੈ ਧਨ ਵਰੀ ਸਾਹੇ ਲਏ ਲਿਖਾਇ॥
ਮਲਕੁ ਜਿ ਕੰਨੀ ਸੁਣੀਦਾ ਮੁਹੁ ਦੇਖਾਲੇ ਆਇ॥ (ਪੰਨਾ 1377)
ਸਾਧਾਰਨ ਵਿਅਕਤੀ ਸਦਾ ਮੌਤ ਦੇ ਭੈ ਵਿਚ ਗ੍ਰਸਿਆ ਰਹਿੰਦਾ ਹੈ। ਗੁਰਬਾਣੀ ਇਸ ਭੈ ਤੋਂ ਨਿਜਾਤ ਦਿਵਾਉਂਦੀ ਹੈ, ਸਾਰਥਕ ਜੀਵਨ-ਜਾਚ ਸਿਖਾਉਂਦੀ ਹੈ, ਅਜਿਹੀ ਜੀਵਨ-ਜਾਚ, ਜਿਸ ਵਿਚ ਜ਼ਿੰਦਗੀ ਤੇ ਮੌਤ ਦੇ ਸਹੀ ਅਰਥ ਸਮਝ ਆ ਜਾਣ। ਜ਼ਿੰਦਗੀ ਪਰਉਪਕਾਰ ਦੀ ਕਾਮਨਾ ਨਾਲ ਭਰਪੂਰ ਹੋਵੇ; ‘ਆਪਿ ਜਪਹੁ ਅਵਰਾ ਨਾਮੁ ਜਪਾਵਹੁ’ ਦਾ ਆਦਰਸ਼ ਹੋਵੇ ਤੇ ਧਰਮ, ਦੇਸ਼, ਕੌਮ ਤੇ ਮਨੁੱਖਤਾ ਦੇ ਲੇਖੇ ਲੱਗਣ ਦੀ ਉਮੰਗ ਹੋਵੇ, ਅਜਿਹੀ ਜੀਵਨ-ਜਾਚ ਮੌਤ ਦੇ ਸਾਰੇ ਭੈ ਤੇ ਤ੍ਰਾਸ ਨੂੰ ਉਲੰਘ ਜਾਂਦੀ ਹੈ ਬਲਕਿ ਅਜਿਹੀ ਮੌਤ ਜ਼ਿੰਦਗੀ ਦੀ ਸਾਰਥਕਤਾ ਦਾ ਐਲਾਨ ਹੁੰਦੀ ਹੈ, ਅਮਰ ਪਦਵੀ ਪ੍ਰਦਾਨ ਕਰਦੀ ਹੈ। ਮਰਜੀਵੜਿਆਂ ਤੇ ਪਰਮ-ਪੁਰਖਾਂ ਲਈ ਅਜਿਹੀ ਮੌਤ ਆਨੰਦ ਅਤੇ ਚਾਅ ਦੀ ਚਰਮ-ਸੀਮਾ ਹੁੰਦੀ ਹੈ। ਭਗਤ ਕਬੀਰ ਜੀ ਦੇ ਸਲੋਕ ਦ੍ਰਿਸ਼ਟੀਗੋਚਰ ਹਨ:
ਕਬੀਰ ਮੁਹਿ ਮਰਨੇ ਕਾ ਚਾਉ ਹੈ ਮਰਉ ਤ ਹਰਿ ਕੈ ਦੁਆਰ॥
ਮਤ ਹਰਿ ਪੂਛੈ ਕਉਨੁ ਹੈ ਪਰਾ ਹਮਾਰੈ ਬਾਰ॥ (ਪੰਨਾ 1367)
ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੇ ਮਨਿ ਆਨੰਦੁ॥
ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ॥ (ਪੰਨਾ 1365)
‘ਸਿਰ ਤਲੀ ’ਤੇ ਧਰਨਾ’ ਮੁਹਾਵਰਾ ਹੈ, ਜਿਸ ਦੇ ਅਰਥ ਹਨ-ਮਰਨ ਲਈ ਤਿਆਰ ਹੋ ਜਾਣਾ, ਮੌਤ ਕਬੂਲ ਕਰ ਲੈਣਾ। ਸਿਰ ਜਾਂ ਸੀਸ ਜ਼ਿੰਦਗੀ ਦਾ ਪ੍ਰਤੀਕ ਹੈ ਕਿਉਂਕਿ ਜੇ ਇਕ-ਅੱਧ ਅੰਗ ਨਾ ਰਹੇ ਤਾਂ ਜੀਵਨ ਫਿਰ ਵੀ ਰਹਿੰਦਾ ਹੈ, ਸੀਸ ਦੇ ਜਾਣ ਨਾਲ ਜੀਵਨ ਦਾ ਅੰਤ ਹੁੰਦਾ ਹੈ। ਮੌਤ ਲਈ ਸਦਾ ਤਿਆਰ-ਬਰ-ਤਿਆਰ ਰਹਿਣ ਦੀ, ਚੜ੍ਹਦੀ ਕਲਾ ਦਾ ਜੀਵਨ ਜੀਉਣ ਦੀ ਜਾਚ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪ ਸਿਖਾਈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 1412 ’ਤੇ ‘ਸਲੋਕ ਵਾਰਾਂ ਤੇ ਵਧੀਕ’ ਵਿਚ ਆਪ ਦੇ ਮਹਾਂਵਾਕ ਹਨ:
ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥
ਸਿਰੁ ਦੀਜੈ ਕਾਣਿ ਨ ਕੀਜੈ॥ (ਪੰਨਾ 1412)
ਸਿੱਖ ਆਪਣਾ ਸਾਰਾ ਕੁਝ ਤਿਆਗ ਕੇ ਗੁਰੂ ਦੇ ਚਰਨਾਂ ਵਿਚ ਪਹੁੰਚਦਾ ਹੈ। ਗੁਰੂ ਦੇ ਸਨਮੁਖ ਹੁੰਦਿਆਂ ਮੱਥਾ ਟੇਕ ਕੇ ਸੀਸ ਭੇਟ ਕਰਦਾ ਹੈ। ਆਪਣਾ ਸਾਰਾ ਕੁਝ ਅਰਪਨ ਕਰਨ ਦੇ ਵੀ ਦੋ ਅਹਿਮ ਅੰਗ ਹਨ-ਪਹਿਲਾ, ਆਪਣੀ ਮੈਂ, ਮੇਰੀ, ਆਪਣੀ ਹਉਮੈ ਨੂੰ ਤਿਆਗਣਾ। ਇਸੇ ਹਉਮੈ ਅਧੀਨ ਹੀ ਮਨੁੱਖ ਆਪਣੀ ਜ਼ਿੰਦਗੀ, ਆਪਣੀਆਂ ਪ੍ਰਾਪਤੀਆਂ ਨੂੰ ਆਪਣੀਆਂ ਸਮਝਦਾ ਹੈ। ਗੁਰੂ ਦੀ ਅਪਾਰ ਕਿਰਪਾ ਨਾਲ ਹੀ ਇਹ ਗੱਲ ਸਮਝ ਆਉਂਦੀ ਹੈ ਕਿ ਇਹ ਸਰੀਰ, ਸੁੰਦਰ ਰੂਪ, ਧਨ-ਦੌਲਤ, ਮਾਣ-ਮਰਤਬਾ, ਜਾਤ-ਕੁਲ, ਸੋਭਾ-ਵਡਿਆਈ ਸਭ ਅਕਾਲ-ਪੁਰਖ ਦੀਆਂ ਬਖਸ਼ੀਆਂ ਰਹਿਮਤਾਂ ਹਨ, ਆਪਣੀ ਕੀਤੀ ਕਮਾਈ ਨਹੀਂ। ਇਸ ਲਈ ਇਸ ਵਿਚ ਮੈਂ, ਮੇਰਾ ਤੇ ਹਉਮੈ ਦੀ ਕੋਈ ਗੁੰਜਾਇਸ਼ ਨਹੀਂ:
ਕਬੀਰ ਮੇਰਾ ਮੁਝ ਮਹਿ ਕਿਛੁ ਨਹੀ ਜੋ ਕਿਛੁ ਹੈ ਸੋ ਤੇਰਾ॥
ਤੇਰਾ ਤੁਝ ਕਉ ਸਉਪਤੇ ਕਿਆ ਲਾਗੈ ਮੇਰਾ॥ (ਪੰਨਾ 1375)
ਹਉਮੈ ਅਕਾਲ ਪੁਰਖ ਤੋਂ ਦੂਰ ਕਰਦੀ ਹੈ। ਗੁਰ-ਸ਼ਬਦ, ਗੁਰੂ-ਕਿਰਪਾ ਇਸ ਤੋਂ ਪਾਰ ਲਿਜਾ ਕੇ ਜਲ ਵਿਚ ਕਮਲ ਵਾਂਗ ਨਿਰਲੇਪ ਰਹਿਣਾ ਸਿਖਾਉਂਦੀ ਹੈ। ਗੁਰੂ ਦੀ ਕਿਰਪਾ ਨਾਲ ਹੀ ਸਿੱਖ ਆਪਣੀ ਹਉਮੈ, ਮੈਂ, ਮੇਰੀ ਗੁਰੂ ਦੇ ਅਰਪਨ ਕਰਦਾ ਹੈ। ਇਸੇ ਦਾ ਹੀ ਦੂਜਾ ਪੱਖ ਹੈ- ਮੇਰੀ ਜਾਨ, ਮੇਰਾ ਜੀਵਨ। ਪ੍ਰਾਪਤੀਆਂ ਦਾ ਸੰਬੰਧ, ਪ੍ਰਾਪਤੀਆਂ ਦਾ ਮਹੱਤਵ ਜੀਵਨ ਨਾਲ ਹੁੰਦਾ ਹੈ। ਜਦੋਂ ਜਾਨ ’ਤੇ ਖ਼ਤਰਾ ਬਣਦਾ ਹੈ ਤਾਂ ਮਨੁੱਖ ਆਪਣੀਆਂ ਸਾਰੀਆਂ ਪ੍ਰਾਪਤੀਆਂ ਤਿਆਗਣ ਲਈ ਤਿਆਰ ਹੋ ਜਾਂਦਾ ਹੈ। ਇਸ ਲਈ ਸਿਰ ਦੇਣਾ ਜਾਂ ਸੀਸ ਭੇਟ ਕਰਨਾ ਹਉਮੈ ਤੇ ਜੀਵਨ ਦੋਹਾਂ ਦਾ ਤਿਆਗ ਕਰਨਾ ਹੈ। ਸੀਸ ਭੇਟਾ ਕਰ ਕੇ ਆਪਣਾ ਕੁਝ ਵੀ ਬਾਕੀ ਨਹੀਂ ਬਚਦਾ। ਸਿੱਖ ਗੁਰੂ ਅੱਗੇ ਆਪਣੀ ਹਉਮੈ ਤੇ ਸੀਸ ਦੋਵੇਂ ਭੇਟ ਕਰਦਾ ਹੈ। ਇਸੇ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਫ਼ਰਮਾਇਆ ਹੈ ਕਿ ਜੇ ਪ੍ਰੇਮ ਖੇਲਣ ਦਾ ਚਾਉ ਹੈ ਤਾਂ ਸਿਰ ਤਲੀ ’ਤੇ ਰੱਖ ਕੇ ਆਓ-ਭਾਵ ਆਪਣਾ ਸਾਰਾ ਕੁਝ ਅਰਪਨ ਕਰਨਾ ਹੀ ਗੁਰੂ ਤੇ ਸਿੱਖ ਦੀ ਪ੍ਰੇਮ-ਖੇਡ ਹੈ। ਸ੍ਰੀ ਗੁਰੂ ਅਮਰਦਾਸ ਜੀ ਨੇ ਵੀ ‘ਅਨੰਦ ਸਾਹਿਬ’ ਵਿਚ ਫ਼ਰਮਾਇਆ ਹੈ:
ਐਸਾ ਸਤਿਗੁਰੁ ਜੇ ਮਿਲੈ ਤਿਸ ਨੋ ਸਿਰੁ ਸਉਪੀਐ ਵਿਚਹੁ ਆਪੁ ਜਾਇ॥ (ਪੰਨਾ 921)
ਸੀਸ ਭੇਟਾ ਕਰਨਾ ਗੁਰੂ ਅੱਗੇ ਕੀਤਾ ਆਤਮ-ਸਮਰਪਣ ਹੈ। ਇਹ ਮਨ ਤੇ ਆਤਮਾ ਦਾ ਅੰਤਿਮ ਨਿਰਣਾ ਹੈ। ਕਾਇਰ ਮੌਤ ਤੋਂ ਡਰਦਾ ਹੈ। ਜੋ ਜੀਵਨ ਅਰਪਨ ਨਹੀਂ ਕਰ ਸਕਦਾ, ਮੌਤ ਉਸ ਲਈ ਹਮੇਸ਼ਾਂ ਇਕ ਖੌਫ਼ ਬਣਿਆ ਰਹਿੰਦਾ ਹੈ। ਜਿਹੜਾ ਜੀਵਨ ਅਰਪਨ ਕਰ ਦਿੰਦਾ ਹੈ, ਉਸ ਲਈ ਅਰਪਨਾ ਦੀ ਸਵੀਕ੍ਰਿਤੀ ਹੀ ਮੌਤ ਹੈ। ਅਜਿਹੀ ਮੌਤ ਨੂੰ ਉਹ ਆਪਣੀ ਭੇਟਾ ਦੀ ਪੂਰਤੀ ਅਤੇ ਆਪਣਾ ਹੱਕ ਸਮਝਦਾ ਹੈ:
ਮਰਣੁ ਮੁਣਸਾਂ ਸੂਰਿਆ ਹਕੁ ਹੈ ਜੋ ਹੋਇ ਮਰਹਿ ਪਰਵਾਣੋ॥ (ਪੰਨਾ 580)
ਸਿੱਖ ਸੂਰਮਿਆਂ ਦੀ ਮੌਤ ਮਰਨਾ ਚਾਹੁੰਦਾ ਹੈ। ਉਹ ਜੀਵਨ ਦੇ ਰਣ-ਤੱਤੇ ਵਿਚ ਆਖ਼ਰੀ ਸ੍ਵਾਸ ਤਕ ਡੱਟਿਆ ਰਹਿੰਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਕਾਲ-ਪੁਰਖ ਤੋਂ ਇਹੀ ਵਰ ਮੰਗਿਆ ਸੀ:
ਜਬ ਆਵ ਕੀ ਅਉਧ ਨਿਦਾਨ ਬਨੈ,
ਅਤਿ ਹੀ ਰਨ ਮੈ ਤਬ ਜੂਝ ਮਰੋ॥
ਗੁਰੂ ਦੇ ਸਿੱਖ ਦੀ ਮੰਜ਼ਿਲ ਗੁਰੂ ਦੀ ਖੁਸ਼ੀ ਤੇ ਗੁਰੂ ਦੇ ਹੁਕਮ ’ਤੇ ਆਪਣਾ ਸਭ ਕੁਝ ਕੁਰਬਾਨ ਕਰਨਾ ਹੈ- ਆਪਣਾ ਸੀਸ ਭੇਟ ਕਰਨਾ ਹੈ। ਮੌਤ ਲਈ ਉਹ ਹਰ ਵੇਲੇ ਤਿਆਰ ਰਹਿੰਦਾ ਹੈ। ਜੇ ਸਿੱਖ ਸੂਰਮਗਤੀ ਦੀ ਮੌਤ ਦੀ ਕਾਮਨਾ ਕਰਦਾ ਹੈ ਜਾਂ ਮੌਤ ’ਤੇ ਆਪਣਾ ਹੱਕ ਸਮਝਦਾ ਹੈ ਤਾਂ ਇਸ ਵਿਚ ਉਸ ਦੀ ਹਉਮੈ ਨਹੀਂ, ਬਲਕਿ ਜ਼ਿੰਦਗੀ ਤੇ ਮੌਤ ਦੇ ਰਹੱਸ ਨੂੰ ਸਮਝਣ ਦੀ ਖੇਡ ਹੈ ਤੇ ‘ਤੇਰਾ ਤੁਝ ਕਉ ਸਉਪਤੇ’ ਦੀ ਭਾਵਨਾ ਹੈ। ਸਮੁੱਚਾ ਸਿੱਖ ਇਤਿਹਾਸ ਅਜਿਹੇ ਮਰਜੀਵੜਿਆਂ ਦੀਆਂ ਗਾਥਾਵਾਂ ਨਾਲ ਭਰਪੂਰ ਹੈ, ਜਿਨ੍ਹਾਂ ਨੇ ਸਮੇਂ ਦੀ ਵੰਗਾਰ ਨੂੰ ਸਮਝਦਿਆਂ ਰਣ-ਤੱਤੇ ਤੋਂ ਮੂੰਹ ਨਹੀਂ ਮੋੜਿਆ, ਸਦਾ ਆਪਣਾ ਸੀਸ ਤਲੀ ’ਤੇ ਧਰਿਆ। ਬਾਬਾ ਦੀਪ ਸਿੰਘ ਜੀ ਨੇ 78 ਸਾਲ ਦੀ ਉਮਰ ਵਿਚ ਹੱਥ ਵਿਚ ਤੇਗਾ ਲੈ ਕੇ ਲਕੀਰ ਲਾ ਕੇ ਵੰਗਾਰ ਦਿੱਤੀ ਕਿ ਉਹੀ ਇਸ ਲਕੀਰ ਨੂੰ ਪਾਰ ਕਰਨ, ਜੋ ਮਰਨ ਲਈ ਤਿਆਰ ਹਨ। ਸਿੰਘਾਂ ਦੀ ਪੂਰੀ ਵਹੀਰ ਵਿੱਚੋਂ ਕੋਈ ਇਕ ਵੀ ਪਿੱਛੇ ਨਹੀਂ ਮੁੜਿਆ।
ਮੁਕਤਸਰ ਦੇ ਸ਼ਹੀਦਾਂ ਦੀ ਇਹ ਘਟਨਾ ਵੀ ਜ਼ਿਕਰਯੋਗ ਹੈ, ਜਦੋਂ ਮੌਤ ਤੋਂ ਭੱਜ ਚੁੱਕਿਆਂ ਨੇ ਆਪੇ ਮੌਤ ਨੂੰ ਆਵਾਜ਼ ਮਾਰ ਕੇ ਆਪਣਾ ਹੱਕ ਜਤਾਇਆ ਤੇ ਸਤਿਗੁਰੂ ਇਹ ਹੱਕ ਦੇਣ ਲਈ ਅੱਗੋਂ ਆਪ ਚੱਲ ਕੇ ਆਏ, ਬੇਦਾਵਾ ਪਾੜਿਆ ਤੇ ਟੁੱਟੀ ਗੰਢੀ। ਸਿੱਖ ਧਰਮ ਵਿਚ ਸ਼ਹਾਦਤ ਦਾ ਸੰਕਲਪ ਬਹੁਤ ਉੱਚਾ ਤੇ ਸੁੱਚਾ ਹੈ। ਸ਼ਹੀਦ ਜ਼ਿੰਦਗੀ ਦੀਆਂ ਉੱਚੀਆਂ ਤੇ ਸੁੱਚੀਆਂ ਕਦਰਾਂ-ਕੀਮਤਾਂ ਲਈ ਆਪਾ ਵਾਰਦਾ ਹੈ। ਉਸ ਦੀ ਮੌਤ ਨਾਲ ਧਰਮ, ਸਮਾਜ ਤੇ ਕੌਮ ਨੂੰ ਨਵੀਂ ਜਾਗ੍ਰਿਤੀ ਮਿਲਦੀ ਹੈ। ਸ਼ਹੀਦ ਦੀ ਸ਼ਹੀਦੀ ਪੂਰਨੇ ਪਾਉਂਦੀ ਹੈ, ਕੌਮਾਂ ਦਾ ਰਾਹ ਰੌਸ਼ਨ ਕਰਦੀ ਹੈ। ਸ਼ਹੀਦੀ ਜੀਵਨ ਤੇ ਮੌਤ ਦੀਆਂ ਹੱਦਬੰਦੀਆਂ ਨੂੰ ਤੋੜ ਕੇ ਆਤਮਕ ਜੀਵਨ ਦੀ ਸਿਖ਼ਰ ’ਤੇ ਪਹੁੰਚਣਾ ਹੈ। ਸਿੱਖ ਅਰਦਾਸ ਅਜਿਹੇ ਉੱਚੇ-ਸੁੱਚੇ ਜੀਵਨ ਨੂੰ ਯਾਦ ਰੱਖਦੀ ਹੈ। ਆਪਣੀ ਅਰਦਾਸ ਵਿਚ ਸਿੱਖ ਉਨ੍ਹਾਂ ਪਿਆਰਿਆਂ-ਸਚਿਆਰਿਆਂ ਨੂੰ ਨਿੱਤ ਯਾਦ ਕਰਦੇ ਹਨ, ਜਿਨ੍ਹਾਂ ਨੇ ਜ਼ਿੰਦਗੀ ਤੇ ਮੌਤ ਦੇ ਰਹੱਸ ਨੂੰ ਸਮਝ ਕੇ ਸੀਸ ਅਰਪਨ ਕੀਤੇ। ਸਿੱਖ ਜੀਵਨ-ਜਾਚ ਸਦਾ ਮਨੁੱਖਤਾ ਦੇ ਭਲੇ ਦੀ ਕਾਮਨਾ ਕਰਦੀ ਹੋਈ ‘ਸ਼ੁਭ ਕਰਮਨ’ ਦੀ ਖ਼ਾਤਰ ‘ਜੂਝ ਮਰੋਂ’ ਦਾ ਵਰਦਾਨ ਮੰਗਦਿਆਂ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਬਚਨ ਦੁਹਰਾਉਂਦੀ ਹੈ:
ਦੇਹ ਸਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋਂ॥
ਨ ਡਰੋ ਅਰਿ ਸੋ ਜਬ ਜਾਇ ਲਰੋ ਨਿਸਚੈ ਕਰਿ ਅਪੁਨੀ ਜੀਤ ਕਰੋਂ॥
ਅਰੁ ਸਿਖਹੋਂ ਆਪਨੇ ਹੀ ਮਨ ਕੋ ਇਹ ਲਾਲਚ ਹਉ ਗੁਨ ਤਉ ਉਚਰੋਂ॥
ਜਬ ਆਵ ਕੀ ਅਉਧ ਨਿਦਾਨ ਬਨੈ ਅਤਿ ਹੀ ਰਨ ਮੈ ਤਬ ਜੂਝ ਮਰੋਂ॥
ਲੇਖਕ ਬਾਰੇ
- ਡਾ. ਗੁਰਨਾਮ ਕੌਰhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%a8%e0%a8%be%e0%a8%ae-%e0%a8%95%e0%a9%8c%e0%a8%b0/
- ਡਾ. ਗੁਰਨਾਮ ਕੌਰhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%a8%e0%a8%be%e0%a8%ae-%e0%a8%95%e0%a9%8c%e0%a8%b0/November 1, 2008