ਗਿਆਨੀ ਸੋਹਣ ਸਿੰਘ ਸੀਤਲ ਦੀ ਨਾਵਲ-ਨਿਗਾਰੀ ਵਿਚ ਉਨ੍ਹਾਂ ਦੇ ਦੋ ਨਾਵਲ ‘ਮਹਾਰਾਣੀ ਜਿੰਦਾਂ’ ਅਤੇ ‘ਮਹਾਰਾਜਾ ਦਲੀਪ ਸਿੰਘ’ ਅਜਿਹੇ ਹਨ, ਜਿਹੜੇ ਉਨ੍ਹਾਂ ਦੇ ਦੂਸਰੇ ਨਾਵਲਾਂ ਨਾਲੋਂ ਵੱਖਰੇ ਚਰਿੱਤਰ ਦੇ ਧਾਰਨੀ ਹਨ। ਇਨ੍ਹਾਂ ਨਾਵਲਾਂ ਵਿਚ ਪੰਜਾਬ ਦੇ ਇਤਿਹਾਸ ਨਾਲ ਸੰਬੰਧਿਤ ਦੋ ਸ਼ਖ਼ਸੀਅਤਾਂ ਨੂੰ ਮੁੱਖ ਪਾਤਰ ਬਣਾ ਕੇ ਪ੍ਰਸਤੁਤ ਕੀਤਾ ਗਿਆ ਹੈ। ਇਨ੍ਹਾਂ ਰਚਨਾਵਾਂ ਵਿਚ ਇਨ੍ਹਾਂ ਸ਼ਖ਼ਸੀਅਤਾਂ ਨਾਲ ਸਬੰਧਿਤ ਜਿਹੜੀ ਸਮੱਗਰੀ ਪੇਸ਼ ਕੀਤੀ ਹੈ ਉਸ ਦਾ ਵੱਡਾ ਭਾਗ ਵੀ ਇਤਿਹਾਸਕ ਸ੍ਰੋਤਾਂ ਤੋਂ ਲਿਆ ਗਿਆ ਹੈ। ਪਰੰਤੂ, ਇਸ ਸਮੱਗਰੀ ਨੂੰ ਪੇਸ਼ ਕਰਨ ਦੀ ਵਿਧੀ ਬਿਰਤਾਂਤਕ ਹੈ। ਇਸ ਕਰਕੇ ਇਨ੍ਹਾਂ ਰਚਨਾਵਾਂ ਨੂੰ ਇਤਿਹਾਸਕ ਨਾਵਲ ਦੀ ਵੰਨਗੀ ਵਿਚ ਰੱਖ ਕੇ ਵਿਚਾਰਿਆ ਜਾ ਸਕਦਾ ਹੈ।
ਸੀਤਲ ਜੀ ਦਾ ਇਤਿਹਾਸਕ ਨਾਵਲ ‘ਮਹਾਰਾਜਾ ਦਲੀਪ ਸਿੰਘ’ ਲਿਖਤ ਦੇ ਰੂਪ ਵਿਚ ਫਰਵਰੀ 1961 ਈ. ਨੂੰ ਮੁਕੰਮਲ ਹੋਇਆ। ਇਸ ਦਾ ਪ੍ਰਕਾਸ਼ਨ ਮਾਰਚ 1961 ਈ. ਵਿਚ ਹੋਇਆ।1 ਇਹ ਉਨ੍ਹਾਂ ਦੇ ਪਹਿਲੇ ਇਤਿਹਾਸਕ ਨਾਵਲ ‘ਮਹਾਰਾਣੀ ਜਿੰਦਾਂ’ (1961 ਈ.) ਨਾਲ ਅੰਤਰ-ਸਬੰਧਿਤ ਰਚਨਾ ਹੈ। ਇਸ ਦਾ ਕਾਰਨ ਦੋਵਾਂ ਨਾਵਲਾਂ ਦੇ ਮੁੱਖ ਪਾਤਰਾਂ ਦਾ ਮਾਂ ਅਤੇ ਪੁੱਤਰ ਵਾਲਾ ਰਿਸ਼ਤਾ ਹੈ। ਇਨ੍ਹਾਂ ਨਾਵਲਾਂ ਦੇ ਸਮੇਂ ਵਿਚ ਵੀ ਕੁਝ ਸਾਂਝ ਹੈ। ਇਸ ਕਰਕੇ ਦੂਜੇ ਨਾਵਲ ਵਿਚ ਪਹਿਲੇ ਨਾਵਲ ਦੇ ਵੇਰਵਿਆਂ ਦਾ ਦੁਹਰਾਉ ਹੋ ਜਾਣਾ ਸੁਭਾਵਿਕ ਸੀ। ਇਸ ਪੱਖ ਤੋਂ ‘ਮਹਾਰਾਜਾ ਦਲੀਪ ਸਿੰਘ’ ਨਾਵਲ ਦੇ ਪਹਿਲੇ ਲੱਗਭਗ ਚਾਰ ਕਾਂਡ ਅਤੇ ਇਸ ਤੋਂ ਬਾਅਦ ਨੌਵੇਂ ਕਾਂਡ ਦਾ ਕਾਫੀ ਹਿੱਸਾ ਪਹਿਲੇ ਨਾਵਲ ਦੇ ਵੇਰਵਿਆਂ ਦਾ ਦੁਹਰਾਉ ਮਾਤਰ ਹੈ।
ਇਸ ਨਾਵਲ ਦਾ ਅਰੰਭ ਸੰਧਾਂਵਾਲੀਆਂ ਦੁਆਰਾ ਪੰਜ ਸਾਲ ਤੇ ਗਿਆਰਾਂ ਦਿਨ ਦੇ ਬਾਲਕ ਮਹਾਰਾਜਾ ਦਲੀਪ ਸਿੰਘ ਨੂੰ ਬਾਦਸ਼ਾਹ ਬਣਾਉਣ ਦੇ ਘਟਨਾ-ਪ੍ਰਸੰਗ ਨਾਲ ਹੁੰਦਾ ਹੈ। ਉਸ ਨੂੰ ਰਾਜਾ ਧਿਆਨ ਸਿੰਘ ਦੀ ਲੋਥ ਵਿੱਚੋਂ ਵਹਿ ਰਹੇ ਲਹੂ ਨਾਲ ਰਾਜ-ਤਿਲਕ ਲਗਾਇਆ ਜਾਂਦਾ ਹੈ।2 ਇਸ ਘਟਨਾ ਦੀ ਪ੍ਰਤੀਕਿਰਿਆ ਵਿਚ ਜਿੰਦਾਂ ਦੇ ਮਨ ਵਿਚ ਖੁਸ਼ੀ ਤੇ ਚਿੰਤਾ ਦੇ ਭਾਵਾਂ ਨੂੰ ਉਤਪੰਨ ਹੁੰਦੇ ਦਿਖਾਇਆ ਗਿਆ ਹੈ। ਉਹ ਖੁਸ਼ ਇਸ ਕਰਕੇ ਸੀ ਕਿ ਉਸ ਦੇ ਪੁੱਤਰ ਨੂੰ ਪੰਜਾਬ ਦੇ ਤਖ਼ਤ ਉੱਪਰ ਬਿਠਾਇਆ ਗਿਆ ਸੀ। ਚਿੰਤਾ ਦਾ ਸਬੰਧ ਉਸ ਨੂੰ ਲਹੂ ਨਾਲ ਰਾਜ-ਤਿਲਕ ਲਗਾਉਣ ਦੇ ਅਪਸ਼ਗਨ ਨਾਲ ਜੁੜਿਆ ਹੋਇਆ ਸੀ। ਨਾਵਲਕਾਰ ਨੇ ਇਸ ਅਪਸ਼ਗਨ ਦੇ ਹਵਾਲੇ ਨਾਲ ਲੋਕਧਾਰਾਈ ਸੰਕੇਤ ਕਰ ਦਿੱਤਾ ਹੈ। ਇਸ ਘਟਨਾ-ਪ੍ਰਸੰਗ ਤੋਂ ਬਾਅਦ ‘ਮਹਾਰਾਣੀ ਜਿੰਦਾਂ’ ਨਾਵਲ ਵਿਚ ਪੇਸ਼ ਹੋਏ ਉਨ੍ਹਾਂ ਸਾਰੇ ਵੇਰਵਿਆਂ ਨੂੰ ਦੁਹਰਾਇਆ ਗਿਆ ਹੈ, ਜਿਨ੍ਹਾਂ ਦੇ ਨਤੀਜੇ ਵਜੋਂ ਸਿੱਖ 1846 ਈ. ਵਿਚ ਅੰਗਰੇਜ਼ਾਂ ਪਾਸੋਂ ਹਾਰ ਜਾਂਦੇ ਹਨ। ਕੰਵਰ ਦਲੀਪ ਸਿੰਘ ਨੂੰ ਲਾਰਡ ਹਾਰਡਿੰਗ ਦੇ ਪ੍ਰਬੰਧ ਹੇਠ ਹੋਏ ਦਰਬਾਰ ਵਿਚ ਸਿੰਘਾਸਣ ਉੱਪਰ ਬਿਠਾਇਆ ਜਾਂਦਾ ਹੈ। ਸਿੱਖ ਰਾਜ ਦੇ ਗ਼ਦਾਰਾਂ ਲਾਲ ਸਿੰਘ ਨੂੰ ਵਜ਼ੀਰ ਅਤੇ ਤੇਜ ਸਿੰਘ ਨੂੰ ਸੈਨਾਪਤੀ ਥਾਪਿਆ ਜਾਂਦਾ ਹੈ। ਇਸ ਉਪਰੰਤ ਲਾਹੌਰ ਅਤੇ ਭਰੋਵਾਲ ਦੇ ਅਹਿਦਨਾਮਿਆਂ ਦਾ ਜ਼ਿਕਰ ਕੀਤਾ ਗਿਆ ਹੈ।3 ਇਨ੍ਹਾਂ ਦੀਆਂ ਸ਼ਰਤਾਂ ਅਨੁਸਾਰ ਨਿਰਣਾਇਕ ਸਥਿਤੀ ਅੰਗਰੇਜ਼ਾਂ ਦੇ ਹੱਥ ਚਲੇ ਜਾਂਦੀ ਹੈ। ਇਸ ਨਾਲ ਮਹਾਰਾਜਾ ਦਲੀਪ ਸਿੰਘ ਨਾਮਧਰੀਕ ਦਾ ਮਹਾਰਾਜਾ ਹੀ ਰਹਿ ਜਾਂਦਾ ਹੈ। ਨਾਵਲਕਾਰ ਨੇ ਇਸ ਰਚਨਾ ਵਿਚ ‘ਮਹਾਰਾਣੀ ਜਿੰਦਾਂ’ ਨਾਵਲ ਵਿਚ ਪੇਸ਼ ਹੋਏ 7 ਅਗਸਤ 1847 ਈ. ਦੀ ਘਟਨਾ ਦਾ ਉਲੇਖ ਵੀ ਕੀਤਾ ਹੈ ਜਿਸ ਦੇ ਤਹਿਤ ਮਹਾਰਾਜਾ ਦਲੀਪ ਸਿੰਘ ਅੰਗਰੇਜ਼ਾਂ ਦੀ ਇੱਛਾ ਦੇ ਉਲਟ ਤੇਜ ਸਿੰਘ ਨੂੰ ਤਿਲਕ ਲਾਉਣ ਤੋਂ ਇਨਕਾਰ ਕਰ ਦਿੰਦਾ ਹੈ। ਅੰਗਰੇਜ਼ ਇਸ ਘਟਨਾ ਨੂੰ ਜਿੰਦਾਂ ਦੇ ਮਹਾਰਾਜਾ ਦਲੀਪ ਸਿੰਘ ਉੱਪਰ ਮੰਦ ਪ੍ਰਭਾਵ ਅਤੇ ਵਿਦਰੋਹ ਦੇ ਰੂਪ ਵਿਚ ਵੇਖਦੇ ਹਨ। ਪਰਿਣਾਮ ਸਰੂਪ ਜਿੰਦਾਂ ਨੂੰ ਪੁੱਤਰ ਤੋਂ ਨਿਖੇੜ ਕੇ ਸ਼ੇਖੂਪੁਰੇ ਵਿਚ ਕੈਦ ਕਰ ਦਿੱਤਾ ਜਾਂਦਾ ਹੈ।4 ਇਸ ਉਪਰੰਤ ਹਾਰਡਿੰਗ ਤੇ ਲਾਰੰਸ ਦੀ ਥਾਂ ਡਲਹੌਜ਼ੀ ਤੇ ਫੈਡਰਿਕ ਕਰੀ ਦੀ ਆਮਦ, ਮੁਲਤਾਨ ਬਗ਼ਾਵਤ, ਜਿੰਦਾਂ ਦੀ ਜਾਮਾਤਲਾਸ਼ੀ ਤੇ ਦੇਸ਼-ਨਿਕਾਲਾ, ਅੰਗਰੇਜ਼ਾਂ ਅਤੇ ਸਿੱਖ ਫ਼ੌਜ ਵਿਚਕਾਰ ਲੜੀਆਂ ਗਈਆਂ ਲੜਾਈਆਂ ਦੇ ਵੇਰਵੇ ਦਿੱਤੇ ਗਏ ਹਨ। ਰਾਜਾ ਸ਼ੇਰ ਸਿੰਘ ਨਾਲ ਹੋਈਆਂ ਚਾਰ ਲੜਾਈਆਂ ਵਿਚ ਚੌਥੀ ਲੜਾਈ ਦੌਰਾਨ ਸਿੱਖਾਂ ਦੀ ਹਾਰ ਤੋਂ ਬਾਅਦ ਮਹਾਰਾਜਾ ਦਲੀਪ ਸਿੰਘ ਨੂੰ ਆਖਰੀ ਵਾਰ ਸਿੰਘਾਸਣ ’ਤੇ ਬਿਠਾ ਕੇ ਨਜ਼ਰਬੰਦ ਕਰ ਦਿੱਤਾ ਜਾਂਦਾ ਹੈ। ਉਸ ਨੂੰ ਸੁਲ੍ਹਾ ਦੇ ਕਾਗਜ਼ਾਂ ’ਤੇ ਦਸਤਖ਼ਤ ਕਰਾ ਕੇ ਤਖ਼ਤੋਂ ਲਾਹ ਦਿੱਤਾ ਜਾਂਦਾ ਹੈ ਅਤੇ ਪੈਨਸ਼ਨ ਦੇ ਦਿੱਤੀ ਜਾਂਦੀ ਹੈ। ਨਾਵਲਕਾਰ ਨੇ ਅੰਗਰੇਜ਼ਾਂ ਦੁਆਰਾ ਮਹਾਰਾਜਾ ਦਲੀਪ ਸਿੰਘ ਤੋਂ ਰਾਜ ਨੂੰ ਖੋਹਣ ਦੀ ਘਟਨਾ ਬਾਰੇ ਵੇਲੇ ਦੇ ਕਈ ਅੰਗਰੇਜ਼ ਪ੍ਰਬੰਧਕਾਂ ਦੇ ਵਿਚਾਰ ਦਿੱਤੇ ਹਨ। ਇਨ੍ਹਾਂ ਵਿਚ ਇਲੀਅਟ, ਈਵਨਜ਼ ਬੈੱਲ, ਸਰ ਜੌਹਨ ਲਾਗਨ, ਡਲਹੌਜ਼ੀ ਅਤੇ ਮਿਸਟਰ ਲੁਡੋਲ ਆਦਿ ਦੇ ਨਾਮ ਸ਼ਾਮਲ ਹਨ।5 ਇਨ੍ਹਾਂ ਅੰਗਰੇਜ਼ ਪ੍ਰਬੰਧਕਾਂ ਦੇ ਵਿਚਾਰਾਂ ਦੇ ਹਵਾਲੇ ਨਾਲ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਇਕ ਅਣਜਾਣ ਬੱਚੇ ਨੂੰ ਡਰਾ-ਧਮਕਾ ਕੇ ਜਿਸ ਢੰਗ ਨਾਲ ਦਸਤਖ਼ਤ ਕਰਾ ਕੇ ਪੰਜਾਬ ਨੂੰ ਅੰਗਰੇਜ਼ੀ ਰਾਜ ਵਿਚ ਮਿਲਾਇਆ ਗਿਆ, ਉਸ ਤੋਂ ਅੰਗਰੇਜ਼ੀ ਰਾਜ ਦੇ ਅਨਿਆਇ ਦਾ ਪਤਾ ਲੱਗਦਾ ਹੈ। ਇਸ ਪ੍ਰਕਾਰ ਨਾਵਲਕਾਰ ਅੰਗਰੇਜ਼ੀ ਰਾਜ ਦੇ ਪ੍ਰਬੰਧਕਾਂ ਦੇ ਵਿਚਾਰਾਂ ਰਾਹੀਂ ਉਨ੍ਹਾਂ ਦੀ ਬੇਇਨਸਾਫ਼ੀ ਭਰੀ ਨੀਤੀ ਨੂੰ ਜ਼ਾਹਰ ਕਰ ਦਿੰਦਾ ਹੈ। ਇਸ ਪ੍ਰਕਾਰ ਇਸ ਬੇਇਨਸਾਫ਼ੀ ਭਰੀ ਕੁਟਲਨੀਤੀ ਰਾਹੀਂ 29 ਮਾਰਚ 1849 ਈ. ਨੂੰ ਮਹਾਰਾਜਾ ਦਲੀਪ ਸਿੰਘ ਨੂੰ ਰਾਜ ਤੋਂ ਅਲੱਗ ਕਰ ਦਿੱਤਾ ਜਾਂਦਾ ਹੈ ਅਤੇ ਪੰਜਾਬ ਨੂੰ ਪੂਰੀ ਤਰ੍ਹਾਂ ਅੰਗਰੇਜ਼ੀ ਰਾਜ ਵਿਚ ਮਿਲਾ ਦਿੱਤਾ ਜਾਂਦਾ ਹੈ।
‘ਮਹਾਰਾਜਾ ਦਲੀਪ ਸਿੰਘ’ ਨਾਵਲ ਦੇ ਪੰਜਵੇਂ ਕਾਂਡ ਤੋਂ ਇਸ ਦਾ ਬਿਰਤਾਂਤ ‘ਮਹਾਰਾਣੀ ਜਿੰਦਾਂ’ ਨਾਵਲ ਤੋਂ ਵਖਰੇਵਾਂ ਧਾਰਨ ਕਰ ਲੈਂਦਾ ਹੈ। ਡਾਕਟਰ ਸਰ ਜੌਹਨ ਲਾਗਨ ਨੂੰ ਜਲੰਧਰ ਤੋਂ ਬੁਲਾ ਕੇ ਮਹਾਰਾਜਾ ਦਲੀਪ ਸਿੰਘ ਦਾ ਰਖਿਅਕ ਬਣਾ ਦਿੱਤਾ ਜਾਂਦਾ ਹੈ। ਨਿਯੁਕਤੀ ਤੋਂ ਤੁਰੰਤ ਬਾਅਦ ਲਾਗਨ ਨੇ ਮਹਾਰਾਜਾ ਰਣਜੀਤ ਸਿੰਘ ਦੇ ਦੁਨੀਆਂ ਵਿਚ ਪ੍ਰਸਿੱਧ ਤੋਸ਼ੇਖਾਨੇ ਨੂੰ ਬਿਲੇ ਲਾਉਣ ਅਤੇ ਕੋਹਿਨੂਰ ਹੀਰੇ ਨੂੰ ਵਲਾਇਤ ਭੇਜਣ ਦੀ ਵਿਉਂਤ ਬਣਾ ਲਈ।6 ਇਸ ਦੇ ਨਾਲ ਹੀ ਉਸ ਨੇ ਮਹਾਰਾਜਾ ਦਲੀਪ ਸਿੰਘ ਨੂੰ ਆਪਣੇ ਹੱਥਾਂ ਉੱਤੇ ਪਾਉਣ ਦਾ ਕਾਰਜ ਅਰੰਭ ਕਰ ਦਿੱਤਾ। ਉਹ ਸਥਾਨਕ ਲੋਕਾਂ ਨਾਲ ਮਹਾਰਾਜੇ ਦੇ ਮੇਲ-ਮਿਲਾਪ ਨੂੰ ਲਗਾਤਾਰ ਘੱਟ ਕਰਦਾ ਜਾਂਦਾ ਹੈ। ਉਸ ਨੇ ਮਹਾਰਾਜੇ ਨੂੰ ਅੰਗਰੇਜ਼ੀ ਅਤੇ ਅੰਜੀਲ ਦੀਆਂ ਆਇਤਾਂ ਪੜ੍ਹਾਉਣ ਦਾ ਕਾਰਜ ਅਰੰਭ ਕਰ ਦਿੱਤਾ। ਇਸ ਸਿੱਖਿਆ ਦੌਰਾਨ ਉਸ ਦੇ ਮਨ ਵਿਚ ਸਿੱਖਾਂ ਪ੍ਰਤੀ ਨਫ਼ਰਤ ਪੈਦਾ ਕੀਤੀ ਜਾਣ ਲੱਗੀ।7 ਉਸ ਦੀ ਦੇਸੀ ਧਾਰਮਿਕ ਵਿੱਦਿਆ ਅਤੇ ਗੁਰਮੁਖੀ ਪੜ੍ਹਾਈ ਬੰਦ ਕਰ ਦਿੱਤੀ ਗਈ। ਇਸ ਅਮਲ ਵਿਚ ਜਿੱਥੇ ਇਕ ਪਾਸੇ ਉਸ ਨੂੰ ਆਪਣੀ ਭਾਸ਼ਾ, ਧਰਮ ਅਤੇ ਸਭਿਆਚਾਰ ਤੋਂ ਤੋੜਨ ਦੇ ਜਤਨ ਸ਼ੁਰੂ ਹੋ ਗਏ, ਉਥੇ ਦੂਜੇ ਪਾਸੇ ਅੰਗਰੇਜ਼ੀ ਭਾਸ਼ਾ, ਈਸਾਈ ਮੱਤ ਅਤੇ ਪੱਛਮੀ ਸਭਿਆਚਾਰ ਨਾਲ ਜੋੜਨ ਦੇ ਸੁਚੇਤ ਉਪਰਾਲੇ ਕੀਤੇ ਜਾਣ ਲੱਗਦੇ ਹਨ। ਇਸ ਅਮਲ ਵਿਚ ਅੰਗਰੇਜ਼ੀ ਸਾਮਰਾਜ ਦੀ ਸਿਆਸੀ ਸਭਿਆਚਾਰਕ ਨੀਤੀ ਦੇ ਅੰਤਰੀਵ ਇਰਾਦਿਆਂ ਦਾ ਪਤਾ ਲੱਗਦਾ ਹੈ। ਇਸੇ ਇਰਾਦੇ ਦੇ ਅੰਤਰਗਤ ਉਸ ਨੂੰ ਦੇਸ਼-ਨਿਕਾਲਾ ਦੇ ਕੇ ਪੰਜਾਬ ਤੋਂ ਬਾਹਰ ਯੂ.ਪੀ. ਵਿਚ ਫਤਹਿਗੜ੍ਹ ਲਿਜਾਇਆ ਜਾਂਦਾ ਹੈ।8 ਉਹ ਆਪਣੀ ਕਪਟੀ ਵਿਉਂਤ ਉੱਪਰ ਪਰਦਾ ਪਾਉਣ ਲਈ ਇਹ ਅਫਵਾਹ ਫੈਲਾਉਂਦੇ ਹਨ ਕਿ ਮਹਾਰਾਜਾ ਤੀਰਥ ਅਸਥਾਨ ਦੀ ਯਾਤਰਾ ’ਤੇ ਗਿਆ ਹੋਇਆ ਹੈ। ਨਵੀਂ ਸਿੱਖਿਆ ਦੇ ਮਨ-ਇੱਛਤ ਨਤੀਜੇ ਉਸ ਸਮੇਂ ਸਾਹਮਣੇ ਆਉਣ ਲੱਗਦੇ ਹਨ, ਜਦੋਂ ਉਹ ਰਾਜਾ ਸ਼ੇਰ ਸਿੰਘ ਅਟਾਰੀ ਵਾਲੇ ਦੀ ਭੈਣ ਨਾਲ ਹੋਏ ਰਿਸ਼ਤੇ ਤੋਂ ਮੂੰਹ ਮੋੜ ਕੇ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੰਦਾ ਹੈ।9 ਇਸ ਪ੍ਰਕਾਰ ਅੰਗਰੇਜ਼ ਉਸ ਦੇ ਮਨ ਵਿਚ ਸਿੱਖਾਂ ਪ੍ਰਤੀ ਨਫ਼ਰਤ ਅਤੇ ਆਪਣੀ ਦੇਸੀ ਸਾਕਾਚਾਰੀ ਵਿਚ ਬੇਵਿਸ਼ਵਾਸੀ ਪੈਦਾ ਕਰਨ ਵਿਚ ਸਫਲ ਹੋ ਜਾਂਦੇ ਹਨ।
ਅੰਗਰੇਜ਼ ਅਧਿਕਾਰੀ ਸਮਝਦੇ ਸਨ ਕਿ ਜਿੰਨਾ ਚਿਰ ਮਹਾਰਾਜਾ ਦਲੀਪ ਸਿੰਘ ਸਿੱਖੀ ਵਿਚ ਕਾਇਮ ਹੈ, ਓਨਾ ਚਿਰ ਸਿੱਖ ਕੌਮ ਦੀ ਹਮਦਰਦੀ ਉਸ ਦੇ ਹੱਕ ਵਿਚ ਰਹੇਗੀ। ਅੰਗਰੇਜ਼ਾਂ ਦਾ ਇਹ ਵੀ ਖ਼ਿਆਲ ਸੀ ਕਿ ਜੇ ਦਲੀਪ ਸਿੰਘ ਨੂੰ ਈਸਾਈ ਬਣਾ ਲਿਆ ਜਾਵੇ ਤਾਂ ਸਿੱਖ ਉਸ ਦੇ ਨਾਲ ਨਫ਼ਰਤ ਕਰਨ ਲੱਗ ਪੈਣਗੇ। ਇਸ ਵਿਚਾਰ ਨੂੰ ਮੁੱਖ ਰੱਖ ਕੇ ਸਾਰਾ ਜ਼ੋਰ ਮਹਾਰਾਜੇ ਨੂੰ ਈਸਾਈ ਬਣਾਉਣ ਲਈ ਲਾਇਆ ਜਾਣ ਲੱਗਦਾ ਹੈ। ਅੰਗਰੇਜ਼ਾਂ ਦੀ ਇਸ ਸੋਚ ਦੀ ਗਵਾਹੀ ਲਾਗਨ ਅਤੇ ਡਲਹੌਜ਼ੀ ਦੀਆਂ ਲਿਖਤਾਂ ਵਿੱਚੋਂ ਵੀ ਮਿਲ ਜਾਂਦੀ ਹੈ।10 ਇਸ ਤੋਂ ਸਾਮਰਾਜ ਦਾ ਈਸਾਈ ਮੱਤ ਦੇ ਪ੍ਰਚਾਰ ਰਾਹੀਂ ਅੰਗਰੇਜ਼ੀ ਰਾਜ ਨੂੰ ਪੱਕਿਆਂ ਕਰਨ ਦਾ ਮੰਤਵ ਵੀ ਪ੍ਰਮੁੱਖ ਬਣਦਾ ਹੈ। ਇਸ ਮੰਤਵ ਦੀ ਪੂਰਤੀ ਲਈ ਲਾਗਨ ਨੇ ਵੇਖਣ ਨੂੰ ਬਹੁਤ ਹੀ ਸਭਿਅਕ ਢੰਗ ਅਪਣਾਇਆ। ਉਸ ਨੇ ਇਸ ਮੰਤਵ ਦੀ ਪੂਰਤੀ ਲਈ ਮਹਾਰਾਜਾ ਦਲੀਪ ਸਿੰਘ ਦੇ ਮਨ ਵਿਚ ਈਸਾਈ ਬਣਨ ਦੀ ਇੱਛਾ ਪੈਦਾ ਕਰਨ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਹ ਇਹ ਸਾਬਤ ਕਰਨਾ ਚਾਹੁੰਦਾ ਸੀ ਕਿ ਮਹਾਰਾਜਾ ਦਲੀਪ ਸਿੰਘ ਕਿਸੇ ਜਬਰ ਕਰਕੇ ਨਹੀਂ, ਸਗੋਂ ਸਵੈ-ਇੱਛਾ ਨਾਲ ਈਸਾਈ ਹੋਣਾ ਚਾਹੁੰਦਾ ਹੈ। ਬੜੇ ਹੀ ਵਿਉਂਤਬੱਧ ਢੰਗ ਨਾਲ ਮਹਾਰਾਜਾ ਦਲੀਪ ਸਿੰਘ ਕੋਲੋਂ ਇਸ ਇੱਛਾ ਦਾ ਇਜ਼ਹਾਰ ਉਸ ਸਮੇਂ ਕਰਵਾਇਆ ਜਾਂਦਾ ਹੈ, ਜਦੋਂ ਲਾਗਨ ਉਸ ਦੇ ਕੋਲ ਨਹੀਂ ਸੀ। ਇਹ ਉਹ ਸਮਾਂ ਸੀ, ਜਦੋਂ ਨਵੰਬਰ 1850 ਈ. ਵਿਚ ਲਾਗਨ ਇਕ ਮਹੀਨੇ ਵਾਸਤੇ ਕਲਕੱਤੇ ਗਿਆ ਹੋਇਆ ਸੀ। ਪਿੱਛੋਂ ਉਸ ਦੀ ਗੈਰਹਾਜ਼ਰੀ ਵਿਚ ਕੈਪਟਨ ਕੈਮਬਲ ਫ਼ਤਹਿਗੜ੍ਹ ਰਿਹਾ। ਠੀਕ ਇਸ ਸਮੇਂ ਮਹਾਰਾਜਾ ਦਲੀਪ ਸਿੰਘ ਵੱਲੋਂ ਆਪਣੇ ਪੁਰਖਿਆਂ ਦਾ ਧਰਮ ਤਿਆਗਣ ਦਾ ਇਰਾਦਾ ਪ੍ਰਗਟ ਕਰਾਇਆ ਜਾਂਦਾ ਹੈ।11 ਸੀਤਲ ਜੀ ਨੇ ਅੰਗਰੇਜ਼ਾਂ ਵੱਲੋਂ ਮਹਾਰਾਜਾ ਦਲੀਪ ਸਿੰਘ ਨੂੰ ਯੋਜਨਾਬੱਧ ਢੰਗ ਨਾਲ ਈਸਾਈ ਬਣਾਉਣ ਦੀ ਪ੍ਰਕਿਰਿਆ ਨੂੰ ਬਰੀਕੀ ਨਾਲ ਪੇਸ਼ ਕੀਤਾ ਹੈ। ਉਹ ਇਸ ਸਬੰਧੀ ਕੈਪਟਨ ਕੈਮਬਲ, ਡਾ. ਲਾਗਨ, ਮਹਾਰਾਜਾ ਦਲੀਪ ਸਿੰਘ ਦੇ ਈਸਾਈ ਨੌਕਰ ਭਜਨ ਲਾਲ ਅਤੇ ਖ਼ੁਦ ਮਹਾਰਾਜਾ ਦਲੀਪ ਸਿੰਘ ਦੇ ਲਿਖਤ ਵਿਚਾਰਾਂ ਦੀ ਵਰਤੋਂ ਕਰਦਾ ਹੈ। ਇਸ ਦੀ ਪ੍ਰੋੜ੍ਹਤਾ ਲਾਰਡ ਡਲਹੌਜ਼ੀ ਦੀ 24 ਸਤੰਬਰ 1852 ਦੀ ਲਿਖਤ ਤੋਂ ਵੀ ਹੋ ਜਾਂਦੀ ਹੈ। ਇਸ ਲਿਖਤ ਅਨੁਸਾਰ, ‘ਜੇ ਦਲੀਪ ਸਿੰਘ ਵਲਾਇਤ ਜਾਣਾ ਚਾਹੁੰਦਾ ਹੈ, ਤਾਂ ਜਾਣ ਤੋਂ ਪਹਿਲਾਂ ਚੁੱਪ-ਚਾਪ ਉਸ ਨੂੰ ਈਸਾਈ ਬਣਾ ਲਿਆ ਜਾਵੇ, ਪਰ ਨਾਮ ਦਲੀਪ ਸਿੰਘ ਹੀ ਰਹੇ।12 ਇਸ ਯੋਜਨਾ ਦੇ ਤਹਿਤ ਮਹਾਰਾਜਾ ਦਲੀਪ ਸਿੰਘ ਦੇ ਮਨ ਵਿਚ ਹਿੰਦੂ ਅਤੇ ਸਿੱਖ ਧਰਮ ਵਿਚ ਅਜਿਹੀ ਬੇਵਿਸ਼ਵਾਸੀ ਪੈਦਾ ਕਰ ਦਿੱਤੀ ਗਈ ਕਿ ਉਹ ਕੇਵਲ ਤੇ ਕੇਵਲ ਈਸਾਈ ਮੱਤ ਨੂੰ ਹੀ ਦੁਨੀਆਂ ਦਾ ਸਭ ਤੋਂ ਚੰਗਾ ਧਰਮ ਸਮਝਣ ਲੱਗਾ। ਇਸ ਯੋਜਨਾ ਦੀ ਪੂਰਤੀ 8 ਮਾਰਚ 1853 ਈ. ਨੂੰ ਹੁੰਦੀ ਹੈ ਜਦੋਂ ਮਹਾਰਾਜਾ ਦਲੀਪ ਸਿੰਘ ਨੂੰ ‘ਬੈਪਤਿਸਮਾ’ ਦੇ ਕੇ ਈਸਾਈ ਬਣਾ ਲਿਆ ਜਾਂਦਾ ਹੈ। ਉਸ ਦੇ ਸਵਾ-ਸਵਾ ਗਜ਼ ਲੰਮੇ ਕੇਸ ਕਤਲ ਕਰ ਦਿੱਤੇ ਜਾਂਦੇ ਹਨ। ਉਸ ਸਮੇਂ ਉਸ ਦੀ ਉਮਰ ਕੇਵਲ ਚੌਦਾਂ ਸਾਲ ਛੇ ਮਹੀਨੇ ਤੇ ਚਾਰ ਦਿਨ ਦੀ ਸੀ। ਇਸ ਨਾਵਲ ਵਿਚ ਈਸਾਈ ਮੱਤ ਦੇ ਪ੍ਰਚਾਰ ਦੇ ਸੰਦਰਭ ਵਿਚ ਅੰਗਰੇਜ਼ਾਂ ਦੀ ਸਭਿਆਚਾਰਕ ਨੀਤੀ ਦੇ ਇਸ ਪਹਿਲੂ ਦੀ ਪੇਸ਼ਕਾਰੀ ਇਸ ਰਚਨਾ ਨੂੰ ‘ਮਹਾਰਾਣੀ ਜਿੰਦਾਂ’ ਨਾਵਲ ਨਾਲੋਂ ਨਿਖੇੜਦੀ ਹੈ।
‘ਮਹਾਰਾਜਾ ਦਲੀਪ ਸਿੰਘ’ ਨਾਵਲ ਵਿਚ ਬਾਲਕ ਮਹਾਰਾਜੇ ਨੂੰ ਈਸਾਈ ਬਣਾਉਣ ਤੋਂ ਬਾਅਦ ਵੀ ਅੰਗਰੇਜ਼ ਅਧਿਕਾਰੀ ਸੰਤੁਸ਼ਟ ਨਹੀਂ ਹੁੰਦੇ। ਉਹ ਮਹਾਰਾਜਾ ਦਲੀਪ ਸਿੰਘ ਨੂੰ ਭਾਰਤ ਤੋਂ ਬਹੁਤ ਦੂਰ ਭੇਜ ਦੇਣਾ ਚਾਹੁੰਦੇ ਸਨ, ਜਿੱਥੋਂ ਉਸ ਦੀ ਹਵਾ ਵੀ ਪੰਜਾਬ ਦੇ ਸਿੱਖਾਂ ਤਕ ਨਾ ਪਹੁੰਚ ਸਕੇ। ਇਸ ਮਨਸੂਬੇ ਦੀ ਪੂਰਤੀ ਲਈ ਵੀ ਟੇਢਾ ਢੰਗ ਇਸਤੇਮਾਲ ਕੀਤਾ ਗਿਆ। ਲਾਗਨ ਨੇ ਮਹਾਰਾਜੇ ਦੇ ਦਿਲ ਵਿਚ ਵਲਾਇਤ ਦੇਖਣ ਦਾ ਚਾਅ ਪੈਦਾ ਕਰ ਦਿੱਤਾ। ਇਸ ਚਾਅ ਦੀ ਪੂਰਤੀ ਲਈ ਲਾਗਨ ਨੇ ਮਹਾਰਾਜੇ ਵੱਲੋਂ ਸਰਕਾਰ ਨੂੰ ਚਿੱਠੀਆਂ ਲਿਖੀਆਂ।13 ਇਸ ਸਭ ਕੁਝ ਵਿਚ ਲਾਗਨ ਨੇ ਇਉਂ ਪ੍ਰਗਟ ਕੀਤਾ ਜਿਵੇਂ ਸਰਕਾਰ ਨੇ ਵਲਾਇਤ ਜਾਣ ਦੀ ਆਗਿਆ ਦੇ ਕੇ ਮਹਾਰਾਜੇ ਦੇ ਸਿਰ ਬੜਾ ਅਹਿਸਾਨ ਕੀਤਾ ਹੋਵੇ। ਇਥੇ ਵੀ ਇਉਂ ਜ਼ਾਹਰ ਕੀਤਾ ਗਿਆ ਜਿਵੇਂ ਮਹਾਰਾਜਾ ਕਿਸੇ ਯਾਤਰਾ ਲਈ ਵਲਾਇਤ ਜਾ ਰਿਹਾ ਹੋਵੇ। ਇਸ ਪ੍ਰਕਾਰ ਮਹਾਰਾਜਾ ਦਲੀਪ ਸਿੰਘ 19 ਅਪ੍ਰੈਲ 1854 ਈ. ਨੂੰ ਡਾਕਟਰ ਲਾਗਨ, ਲੇਡੀ ਲਾਗਨ ਤੇ ਕੁਝ ਨੌਕਰਾਂ ਸਮੇਤ ਵਲਾਇਤ ਜਾਣ ਵਾਸਤੇ ਕਲਕੱਤੇ ਤੋਂ ਜਹਾਜ਼ ਚੜ੍ਹ ਜਾਂਦਾ ਹੈ।14
ਬੇਸ਼ੱਕ ਮਹਾਰਾਜਾ ਦਲੀਪ ਸਿੰਘ ਅੰਗਰੇਜ਼ਾਂ ਦੀ ਯੋਜਨਾ ਅਧੀਨ ਈਸਾਈ ਮੱਤ ਧਾਰਨ ਕਰ ਕੇ ਇੰਗਲੈਂਡ ਪਹੁੰਚ ਜਾਂਦਾ ਹੈ ਪਰੰਤੂ, ਉਹ ਆਪਣੇ ਦੇਸੀ ਸਭਿਆਚਾਰ ਦੇ ਕੁਝ ਚਿੰਨ੍ਹਾਂ ਨੂੰ ਉਥੇ ਵੀ ਕਾਇਮ ਰੱਖਦਾ ਹੈ। ਇਨ੍ਹਾਂ ਚਿੰਨ੍ਹਾਂ ਵਿੱਚੋਂ ਸਿਰ ਉੱਪਰ ਪੱਗ ਅਤੇ ਮਹਾਰਾਜਿਆਂ ਵਾਲੀ ਦੇਸੀ ਪੁਸ਼ਾਕ ਸ਼ਾਮਲ ਸੀ। ਲਾਰਡ ਡਲਹੌਜ਼ੀ ਨੂੰ ਉਸ ਦੀ ਪੱਗ ਬਹੁਤ ਚੁੱਭਦੀ ਸੀ। ਇਸ ਨਾਲ ਹੀ ਇੰਗਲੈਂਡ ਵਿਖੇ ਮਹਾਰਾਜਾ ਦਲੀਪ ਸਿੰਘ ਦਾ ਮਲਕਾ ਵਿਕਟੋਰੀਆ ਅਤੇ ਸ਼ਹਿਜ਼ਾਦਿਆਂ ਨਾਲ ਮੇਲ ਬਹੁਤ ਵਧ ਗਿਆ। ਮਲਕਾ ਵੱਲੋਂ ਉਸ ਨੂੰ ਕਈ ਵਾਰ ਰਾਜ ਮਹਿਲ ਵਿਚ ਪ੍ਰੀਤੀ ਭੋਜਨ ਦਿੱਤਾ ਜਾਂਦਾ ਹੈ। ਲਾਰਡ ਡਲਹੌਜ਼ੀ ਤੋਂ ਤਖਤੋਂ ਲੱਥੇ ਮਹਾਰਾਜੇ ਦਾ ਏਨਾ ਆਦਰ ਜਰਿਆ ਨਹੀਂ ਸੀ ਜਾਂਦਾ। ਉਹ ਇਸ ਪ੍ਰਤਿ ਆਪਣੇ ਸਾੜੇ ਦਾ ਇਜ਼ਹਾਰ 22 ਅਕਤੂਬਰ 1854 ਈ. ਦੀ ਚਿੱਠੀ ਵਿਚ ਕਰਦਾ ਹੈ।15 ਇਸ ਤੋਂ ਇਲਾਵਾ ਉਸ ਨੂੰ ਮਹਾਰਾਜਾ ਦਲੀਪ ਸਿੰਘ ਦਾ ਬਾਜ਼ਾਂ ਨਾਲ ਸ਼ਿਕਾਰ ਖੇਡਣ ਦਾ ਸ਼ੌਕ ਵੀ ਨਹੀਂ ਭਾਉਂਦਾ। ਉਹ ਇਸ ਵਿੱਚੋਂ ਸਿੱਖੀ ਸੰਸਕਾਰ ਨੂੰ ਵੇਖਦਾ ਹੋਇਆ ਲਿਖਦਾ ਹੈ, ‘ਉਸਦਾ (ਮਹਾਰਾਜੇ ਦਾ) ਬਾਜ਼ਾਂ ਨਾਲ ਸ਼ਿਕਾਰ ਖੇਡਣ ਦਾ ਸ਼ੌਕ ਨਿਰੋਲ ਸਿੱਖੀ ਸੁਭਾਅ ਹੈ। ਸਿੱਖ ਬਾਜ਼ ਬਹੁਤ ਰੱਖਦੇ ਹਨ’।16 ਸਪੱਸ਼ਟ ਹੈ ਕਿ ਅੰਗਰੇਜ਼ ਹਾਕਮ ਮਹਾਰਾਜੇ ਦੇ ਵਿਅਕਤਿੱਤਵ ਵਿੱਚੋਂ ਆਪਣੇ ਸਭਿਆਚਾਰ ਦੇ ਸਰੋਕਾਰਾਂ ਨੂੰ ਪੂਰੀ ਤਰ੍ਹਾਂ ਖ਼ਤਮ ਕਰਨਾ ਚਾਹੁੰਦੇ ਸਨ।
4 ਸਤੰਬਰ 1854 ਨੂੰ ਮਹਾਰਾਜੇ ਦੀ ਉਮਰ ਸੋਲਾਂ ਸਾਲ ਦੀ ਹੋ ਜਾਂਦੀ ਹੈ। ਭਰੋਵਾਲ ਦੇ ਸੁਲ੍ਹਾਨਾਮੇ ਅਨੁਸਾਰ ਬਾਲਗ ਹੋ ਜਾਣ ਦੀ ਸੂਰਤ ਵਿਚ ਉਸ ਨੂੰ ਆਪਣੇ ਰਾਜ-ਪ੍ਰਬੰਧ ਨੂੰ ਖੁਦ ਚਲਾਉਣ ਦਾ ਹੱਕ ਹਾਸਲ ਹੋ ਜਾਣਾ ਸੀ। ਉਸ ਨੇ ਇਸ ਹੱਕ ਨੂੰ ਪ੍ਰਾਪਤ ਕਰਨ ਲਈ ਲਾਰਡ ਡਲਹੌਜ਼ੀ ਨੂੰ ਚਿੱਠੀ ਲਿਖੀ ਅਤੇ ਵਾਪਸ ਭਾਰਤ ਆਉਣ ਦੀ ਆਗਿਆ ਮੰਗੀ। ਉਹ ਕੇਵਲ ਦੋ ਸਾਲ ਵਾਸਤੇ ਹੀ ਵਲਾਇਤ ਗਿਆ ਸੀ। ਮਹਾਰਾਜਾ ਦਲੀਪ ਸਿੰਘ ਦੀਆਂ ਉਪਰੋਕਤ ਦੋਵੇਂ ਮੰਗਾਂ ਨੂੰ ਠੁਕਰਾ ਦਿੱਤਾ ਗਿਆ। ਇਸ ਦੇ ਉੱਤਰ ਵਿਚ ਉਸ ਨੂੰ ਯੂਰਪ ਦੇ ਕੁਝ ਮੁਲਕਾਂ ਦੀ ਸੈਰ ਕਰਨ ਦੀ ਆਗਿਆ ਹੀ ਦਿੱਤੀ ਗਈ।17 ਇਸ ਤੋਂ ਅੰਗਰੇਜ਼ੀ ਸਾਮਰਾਜ ਦਾ ਚਾਲਬਾਜ਼ ਚਰਿੱਤਰ ਉੱਘੜਦਾ ਹੈ।
ਇਸ ਨਾਵਲ ਵਿਚ ਬਾਲਗ ਹੋਏ ਜਲਾਵਤਨ ਹੋਏ ਮਹਾਰਾਜੇ ਦਲੀਪ ਸਿੰਘ ਵੱਲੋਂ ਆਪਣੇ ਹੱਕ ਨੂੰ ਮੁੜ ਹਾਸਲ ਕਰਨ ਲਈ ਅਸਫਲ ਕੋਸ਼ਿਸ਼ਾਂ ਦਾ ਬਿਰਤਾਂਤ ਵੀ ਪੇਸ਼ ਕੀਤਾ ਗਿਆ ਹੈ। ਉਹ ਇਸ ਸਬੰਧੀ ਈਸਟ ਇੰਡੀਆ ਕੰਪਨੀ ਦੇ ਕੋਰਟ ਆਫ ਡਾਇਰੈਕਟਰ ਨਾਲ ਚਿੱਠੀ-ਪੱਤਰ ਵੀ ਕਰਦਾ ਹੈ। ਇਸ ਅਰਸੇ ਦੌਰਾਨ ਭਾਰਤ ਵਿਚ ਹੋਏ 1857 ਈ. ਦੇ ਗ਼ਦਰ ਦੌਰਾਨ ਬਲਵਈਆਂ ਵੱਲੋਂ ਮਹਾਰਾਜੇ ਦਲੀਪ ਸਿੰਘ ਦਾ ਫਤਹਿਗੜ੍ਹ ਵਾਲਾ ਘਰ ਸਾੜ ਦਿੱਤਾ ਜਾਂਦਾ ਅਤੇ ਸਾਮਾਨ ਲੁੱਟ ਲਿਆ ਜਾਂਦਾ ਹੈ। ਭਰੋਵਾਲ ਦੇ ਅਹਿਦਨਾਮੇ ਵਿਚ ਲਿਖੀ ਸ਼ਰਤ ਤੋਂ ਲੱਗਭਗ ਤਿੰਨ ਸਾਲ ਪਿੱਛੋਂ ਹੀ ਮਹਾਰਾਜੇ ਦਲੀਪ ਸਿੰਘ ਉੱਪਰੋਂ ਕੁਝ ਬੰਦਸ਼ਾਂ ਹਟਾਈਆਂ ਗਈਆਂ। ਗਵਰਨਰ ਜਨਰਲ ਦੇ ਹੁਕਮ ਅਨੁਸਾਰ ਉਹ ਹਿੰਦੁਸਤਾਨ ਆ ਕੇ ਉਸ ਦੇ ਵਿਛੋੜੇ ਵਿਚ ਰੋ-ਰੋ ਕੇ ਅੰਨ੍ਹੀ ਹੋ ਚੁੱਕੀ ਮਾਂ ਨੂੰ ਤਾਂ ਮਿਲ ਸਕਦਾ ਸੀ, ਪਰ ਪੰਜਾਬ ਵਿਚ ਨਹੀਂ ਸੀ ਜਾ ਸਕਦਾ। ਇਸ ਹੁਕਮ ਦੇ ਫਲਸਰੂਪ 1861 ਈ. ਵਿਚ ਕਲਕੱਤੇ ਵਿਖੇ ਮਾਂ-ਪੁੱਤਰ ਦੀ ਮੁਲਾਕਾਤ ਸੰਭਵ ਬਣਦੀ ਹੈ। ਨਾਵਲਕਾਰ ਨੇ ਇਸ ਮੁਲਾਕਾਤ ਨੂੰ ਭਾਵਪੂਰਤ ਰੂਪ ਵਿਚ ਚਿਤਰਿਆ ਹੈ ਜਿਸ ਦਾ ਵਿਸਤ੍ਰਿਤ ਬਿੰਬ ਉਸ ਦੇ ਪਹਿਲੇ ਨਾਵਲ ‘ਮਹਾਰਾਣੀ ਜਿੰਦਾਂ’ ਵਿਚ ਵੀ ਮਿਲ ਜਾਂਦਾ ਹੈ। ਮਹਾਰਾਜਾ ਦਲੀਪ ਸਿੰਘ ਆਪਣੀ ਮਾਂ ਨਾਲ ਹਿੰਦੁਸਤਾਨ ਵਿਚ ਰਹਿਣ ਦੀ ਇੱਛਾ ਪ੍ਰਗਟ ਕਰਦਾ ਹੈ। ਪਰ ਸਰਕਾਰ ਉਸ ਦੀ ਬੇਨਤੀ ਨੂੰ ਪ੍ਰਵਾਨ ਨਹੀਂ ਕਰਦੀ। ਮਜਬੂਰ ਹੋ ਕੇ ਮਹਾਰਾਜਾ ਆਪਣੀ ਮਾਂ ਸਮੇਤ ਇੰਗਲੈਂਡ ਵਾਪਸ ਆ ਜਾਂਦਾ ਹੈ।18 ਮਾਂ ਦੀ ਸੰਗਤ ਵਿਚ ਆਪਣੀ ਸੰਸਕ੍ਰਿਤੀ ਦੇ ਦੱਬੇ ਹੋਏ ਪਹਿਲੂ ਮੁੜ ਉਭਰਨ ਲੱਗਦੇ ਹਨ। ਜਿੰਦਾਂ ਦੇ ਅਸਰ ਨਾਲ ਉਸ ਨੇ ਗਿਰਜੇ ਜਾਣਾ ਬੰਦ ਕਰ ਦਿੱਤਾ। ਮਾਂ ਤੋਂ ਪਤਾ ਲੱਗਣ ਦੇ ਬਾਅਦ ਉਸ ਨੇ ਪੰਜਾਬ ਵਿਚ ਰਹਿ ਗਈਆਂ ਆਪਣੀਆਂ ਜਾਇਦਾਦਾਂ ਬਾਰੇ ਲਿਖਣਾ ਸ਼ੁਰੂ ਕਰ ਦਿੱਤਾ। ਇਸ ਤੋਂ ਲਾਗਨ ਆਦਿ ਕਰਮਚਾਰੀ ਏਨੇ ਚਿੜ੍ਹ ਗਏ ਕਿ ਉਨ੍ਹਾਂ ਨੇ ਮਾਂ-ਪੁੱਤ ਨੂੰ ਵਿਛੋੜ ਕੇ ਵੱਖਰੇ-ਵੱਖਰੇ ਘਰਾਂ ਵਿਚ ਰਹਿਣ ਲਈ ਮਜਬੂਰ ਕਰ ਦਿੱਤਾ। ਇਸ ਨਾਲ ਮਾਂ ਦਾ ਦੁੱਖ ਹੋਰ ਵਧ ਜਾਂਦਾ ਹੈ। ਇਸ ਦੁਖਮਈ ਹਾਲਤ ਵਿਚ 1 ਅਗਸਤ 1863 ਈ. ਨੂੰ ਉਸ ਦੀ ਮੌਤ ਹੋ ਜਾਂਦੀ ਹੈ। ਮਹਾਰਾਜਾ ਦਲੀਪ ਸਿੰਘ ਨੇ ਆਪਣੀ ਮਾਂ ਦਾ ਸਸਕਾਰ ਲਾਹੌਰ ਵਿਖੇ ਸ਼ੇਰ-ਏ-ਪੰਜਾਬ ਦੀ ਸਮਾਧ ਕੋਲ ਹੋਣ ਦੀ ਆਖਰੀ ਵਸੀਅਤ ਨੂੰ ਪੂਰਿਆਂ ਕਰਨ ਲਈ ਕਈ ਵਾਰ ਸਰਕਾਰ ਨੂੰ ਲਿਖਿਆ। ਛੇ ਮਹੀਨਿਆਂ ਪਿੱਛੋਂ ਮਹਾਰਾਜੇ ਨੂੰ ਏਨੀ ਹੀ ਆਗਿਆ ਮਿਲੀ ਕਿ ਉਹ ਆਪਣੀ ਮਾਂ ਦਾ ਸਸਕਾਰ ਭਾਰਤ ਵਿਖੇ ਨਰਬਦਾ ਦਰਿਆ ਦੇ ਕੰਢੇ ਉੱਪਰ ਕਰ ਸਕਦਾ ਹੈ। ਨਾਵਲਕਾਰ ਨੇ ਇਸ ਸਥਿਤੀ ਦੀ ਕਰੁਣਾ ਅਤੇ ਭਾਵੁਕਤਾ ਨੂੰ ਬੜੀ ਖੂਬੀ ਨਾਲ ਚਿਤਰਿਆ ਹੈ। ਨਾਵਲ ਦੇ ਨਿਮਨ-ਲਿਖਤ ਵੇਰਵੇ ਇਸ ਦਾ ਪ੍ਰਮਾਣ ਪ੍ਰਸਤੁਤ ਕਰਦੇ ਹਨ:
“ਭਰੇ ਦਿਲ ਨਾਲ ਦਲੀਪ ਸਿੰਘ ਦੁਖੀਆ-ਮਾਂ ਦੀ ਅਰਥੀ ਲੈ ਕੇ ਭਾਰਤ ਪੁੱਜਾ। ਬੰਬਈ ਦੇ ਨੇੜੇ ਨਰਬਦਾ ਨਦੀ ਦੇ ਕੰਢੇ ਮਹਾਰਾਣੀ ਜਿੰਦਾਂ ਦਾ ਸਸਕਾਰ ਕੀਤਾ ਗਿਆ। ਦਲੀਪ ਸਿੰਘ ਨੂੰ ਭਾਰਤ ਵਿਚ ਵਧੇਰੇ ਚਿਰ ਠਹਿਰਨ ਦੀ ਆਗਿਆ ਨਹੀਂ ਸੀ। ਉਹ ਛੇਤੀ ਵਾਪਸ ਪਰਤ ਜਾਣ ਵਾਸਤੇ ਮਜਬੂਰ ਸੀ। ਜਿੰਦਾਂ ਦੇ ਸਿਵੇ ਦੇ ਅੰਗਿਆਰੇ ਅਜੇ ਠੰਢੇ ਵੀ ਨਹੀਂ ਸਨ ਹੋਏ, ਜਾਂ ਦਲੀਪ ਸਿੰਘ ਉਨ੍ਹਾਂ ਨੂੰ ਨਦੀ ਨਰਬਦਾ ਦੀਆਂ ਲਹਿਰਾਂ ਦੀ ਭੇਟ ਕਰਕੇ ਵਲਾਇਤ ਨੂੰ ਤੁਰ ਪਿਆ।19
‘ਮਹਾਰਾਜਾ ਦਲੀਪ ਸਿੰਘ’ ਨਾਵਲ ਵਿਚ ਨਾਇਕ ਦੇ ਜੀਵਨੀਮੂਲਕ ਪ੍ਰਸੰਗ ਵਿਚ ਮਿਸ ਬੰਬਾ ਮੂਲਰ ਨਾਲ ਉਸ ਦੇ ਵਿਆਹ ਅਤੇ ਪਰਵਾਰਿਕ ਜੀਵਨੀ ਦਾ ਉਲੇਖ ਵੀ ਕੀਤਾ ਗਿਆ ਹੈ। ਅੰਗਰੇਜ਼ੀ ਸਰਕਾਰ ਉਸ ਦੀ ਪੈਨਸ਼ਨ ਦਾ ਠੀਕ ਤਰ੍ਹਾਂ ਹਿਸਾਬ ਨਹੀਂ ਦਿੰਦੀ। ਉਹ ਇਸ ਲਈ ‘ਟਾਈਮਜ਼’ ਅਖਬਾਰ ਵਿਚ ਚਿੱਠੀਆਂ ਵੀ ਲਿਖਦਾ ਹੈ। ਨਾਵਲ ਵਿਚ ਮਹਾਰਾਜਾ ਦਲੀਪ ਸਿੰਘ ਵੱਲੋਂ ‘ਟਾਈਮਜ਼’ ਅਖ਼ਬਾਰ ਦੇ ਐਡੀਟਰ ਨੂੰ ਅਤੇ ਇਸ ਦੇ ਪ੍ਰਤਿਉੱਤਰ ਵਿਚ ਐਡੀਟਰ ਦੁਆਰਾ ਲਿਖੇ ਗਏ ਲੇਖਾਂ ਦਾ ਵਿਸਤ੍ਰਿਤ ਵੇਰਵਾ ਦਿੱਤਾ ਗਿਆ ਹੈ।20 ਇਹ ਪੱਤਰ ਅਤੇ ਪ੍ਰਤਿਉੱਤਰ ‘ਟਾਈਮਜ਼’ ਅਖ਼ਬਾਰ ਵਿਚ ਪ੍ਰਕਾਸ਼ਿਤ ਹੋਏ। ਮਹਾਰਾਜਾ ਦਲੀਪ ਸਿੰਘ ਦੁਆਰਾ ਲਿਖੇ ਗਏ ਪੱਤਰਾਂ ਵਿਚ ਉਸ ਸਮੇਂ ਇਤਿਹਾਸ ਨੂੰ ਪੁਨਰ-ਸਿਰਜਤ ਕੀਤਾ ਗਿਆ ਹੈ ਜਿਸ ਵਿਚ ਸਿੱਖ ਰਾਜ ਨੂੰ ਅੰਗਰੇਜ਼ੀ ਰਾਜ ਵਿਚ ਮਿਲਾਉਣ ਲਈ ਵਰਤੇ ਗਏ ਹੱਥਕੰਡੇ ਅਤੇ ਧੋਖੇ ਦਾ ਜ਼ਿਕਰ ਕੀਤਾ ਗਿਆ ਹੈ। ਮਹਾਰਾਜਾ ਦਲੀਪ ਸਿੰਘ ਇਸ ਪ੍ਰਸੰਗ ਵਿਚ ਆਪਣੇ ਨਾਲ ਹੋਈਆਂ ਜ਼ਿਆਦਤੀਆਂ ਨੂੰ ਇਨਸਾਫਪਸੰਦ ਸਮਝੀ ਜਾਂਦੀ ਅੰਗਰੇਜ਼ੀ ਕੌਮ ਦੇ ਸਨਮੁਖ ਪ੍ਰਸਤੁਤ ਕਰਦਾ ਹੈ। ਇਸ ਪ੍ਰਸਤੁਤੀ ਵਿਚ ਉਹ ਕੀਤੇ ਗਏ ਵਾਅਦਿਆਂ ਅਨੁਸਾਰ ਆਪਣੇ ਹੱਕ ਦੀ ਪੁਨਰ-ਬਹਾਲੀ ਲਈ ਵੀ ਕਹਿੰਦਾ ਹੈ। ਇਸ ਦੇ ਪ੍ਰਤਿਉੱਤਰ ਵਿਚ ‘ਟਾਈਮਜ਼’ ਅਖ਼ਬਾਰ ਦੇ ਐਡੀਟਰ ਵੱਲੋਂ ਲਿਖੇ ਗਏ ਲੇਖਾਂ ਵਿਚ ਮਹਾਰਾਜੇ ਦੁਆਰਾ ਪੇਸ਼ ਕੀਤੇ ਗਏ ਤੱਥਾਂ ਨੂੰ ਝੁਠਲਾ ਕੇ ਉਸ ਦਾ ਵੱਧ ਤੋਂ ਵੱਧ ਨਿਰਾਦਰ ਕੀਤਾ ਗਿਆ। ਇਸ ਚਿੱਠੀ- ਪੱਤਰ ਵਿੱਚੋਂ ਜਿੱਥੇ ਮਹਾਰਾਜਾ ਦਲੀਪ ਸਿੰਘ ਦਾ ਦੁਖਾਂਤਕ ਨਾਇਕ ਵਾਲਾ ਚਰਿੱਤਰ ਉੱਘੜਦਾ ਹੈ, ਉਥੇ ਅੰਗਰੇਜ਼ੀ ਸਰਕਾਰ ਦਾ ਅਨਿਆਇਪੂਰਨ ਕਿਰਦਾਰ ਵੀ ਸਾਹਮਣੇ ਆਉਂਦਾ ਹੈ। ਇਸ ਬੇਇਨਸਾਫ਼ੀ ਤੋਂ ਮਹਾਰਾਜਾ ਅੰਗਰੇਜ਼ੀ ਸਰਕਾਰ ਨਾਲ ਨਾਰਾਜ਼ ਹੋ ਜਾਂਦਾ ਹੈ। ਉਹ ਵਲਾਇਤ ਵਾਲੀ ਜਾਇਦਾਦ ਵੇਚ ਕੇ ਬਾਲ-ਬੱਚੇ ਸਮੇਤ ਭਾਰਤ ਆ ਕੇ ਵੱਸਣ ਦੀ ਸੋਚਣ ਲੱਗਦਾ ਹੈ। ਉਹ ਇਸ ਸਬੰਧੀ 15 ਸਤੰਬਰ, 1882 ਨੂੰ ਲਾਰਡ ਹਾਰਟਿੰਗਟਨ ਨੂੰ ਚਿੱਠੀ ਲਿਖ ਕੇ ਪੁੱਛਦਾ ਹੈ। ਇਸ ਦੇ ਉੱਤਰ ਵਿਚ ਉਸ ਨੂੰ ਹਿੰਦੁਸਤਾਨ ਜਾਣ ਦੀ ਆਗਿਆ ਤਾਂ ਮਿਲ ਗਈ ਪਰ ਉਹ ਪੰਜਾਬ ਵਿਚ ਨਹੀਂ ਜਾ ਸਕਦਾ। ਉਸ ਦਾ ਅੰਗਰੇਜ਼ੀ ਸਰਕਾਰ ਅਤੇ ਇਸਾਈਅਤ ਤੋਂ ਮਨ ਪੂਰੀ ਤਰ੍ਹਾਂ ਖੱਟਾ ਹੋ ਚੁੱਕਾ ਸੀ। ਉਸ ਦੇ ਅੰਦਰ ਆਪਣੇ ਧਰਮ ਅਤੇ ਦੇਸ਼-ਪ੍ਰੇਮ ਦੇ ਭਾਵ ਜਾਗ੍ਰਿਤ ਹੋਣ ਲੱਗੇ। ਇਸ ਪ੍ਰਸੰਗ ਵਿਚ ਉਸ ਦੁਆਰਾ ਲਿਖੇ ਉਨ੍ਹਾਂ ਪੱਤਰਾਂ ਦਾ ਹਵਾਲਾ ਵੀ ਦਿੱਤਾ ਗਿਆ ਹੈ ਜੋ ਉਸ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਐਮਾ ਵਿਚ ਵੱਸਦੇ ਆਪਣੀ ਮਾਂ ਦੇ ਭੂਆ ਦੇ ਪੁੱਤਰ ਸੰਤ ਸਿੰਘ ਨੂੰ ਲਿਖੇ।21 ਇਨ੍ਹਾਂ ਪੱਤਰਾਂ ਵਿਚ ਮਹਾਰਾਜਾ ਅੰਮ੍ਰਿਤਸਰ ਪਹੁੰਚ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅੰਮ੍ਰਿਤ ਛਕਣ ਅਤੇ ਆਪਣੀ ਕੌਮ ਕੋਲੋਂ ਆਪਣੇ ਕੀਤੇ ਦੀ ਮੁਆਫੀ ਮੰਗਣ ਦਾ ਪ੍ਰਗਟਾਵਾ ਕਰਦਾ ਹੈ। ਇਸ ਪੱਖ ਤੋਂ ਉਸ ਦੀ ਪੰਜਾਬੀਆਂ ਦੇ ਨਾਂ ਲਿਖੀ ਖੁੱਲ੍ਹੀ ਚਿੱਠੀ ਦਾ ਉਲੇਖ ਵੀ ਕੀਤਾ ਗਿਆ ਹੈ।22 ਅੰਗਰੇਜ਼ੀ ਸਰਕਾਰ ਇਨ੍ਹਾਂ ਪੱਤਰਾਂ ਵਿਚ ਲਿਖੇ ਵਿਚਾਰਾਂ ਹੇਠ ਛੁਪੇ ਵਿਦਰੋਹ ਦੇ ਭਾਵ ਨੂੰ ਭਾਂਪਦੀ ਸੀ। ਇਸ ਲਈ ਦੇਸ਼ ਪਹੁੰਚਣ ਲਈ ਤੁਰੇ ਮਹਾਰਾਜੇ ਨੂੰ ਅਪ੍ਰੈਲ 1886 ਵਿਚ ਲਾਰਡ ਡਫਰਿਨ ਦੇ ਹੁਕਮ ਨਾਲ ਅਦਨ ਵਿਖੇ ਗ੍ਰਿਫਤਾਰ ਕਰ ਲਿਆ। ਉਹ ਇਸ ਸਿਲਸਿਲੇ ਵਿਚ ਇੰਗਲੈਂਡ ਦੀ ਮਲਕਾ ਅਤੇ ਹਿੰਦ ਦੇ ਵਾਇਸਰਾਏ ਨੂੰ ਤਾਰਾਂ ਦਿੰਦਾ ਹੈ, ਪਰ ਕਿਤੇ ਵੀ ਉਸ ਦੀ ਫਰਿਆਦ ਸੁਣੀ ਨਹੀਂ ਜਾਂਦੀ। ਅਦਨ ਦੇ ਪ੍ਰਸੰਗ ਵਿਚ ਇਕ ਮਹੱਤਵਪੂਰਨ ਵੇਰਵਾ ਇਹ ਹੈ ਕਿ ਇਥੇ ਮਹਾਰਾਜੇ ਨੇ ਟਿਕੀ ਹੋਈ ਸਿੱਖ ਫੌਜ ਦੇ ਪੰਜਾਂ ਪਿਆਰਿਆਂ ਕੋਲ ਅੰਮ੍ਰਿਤ ਛਕ ਕੇ ਮੁੜ ਆਪਣੇ ਪੁਰਖਿਆਂ ਦੇ ਧਰਮ ਨੂੰ ਧਾਰਨ ਕਰ ਲਿਆ ਸੀ। ਇਸ ਦੇ ਪਰਿਣਾਮ ਹਿੱਤ ਮਹਾਰਾਜੇ ਦੀ ਇਕ ਚਿੱਠੀ ਦਾ ਹਵਾਲਾ ਦਿੱਤਾ ਗਿਆ ਹੈ।23 ਇਸ ਸਬੰਧੀ ਬਲਕਾਰ ਸਿੰਘ ਦਾ ਮਤ ਹੈ:
ਅੰਗਰੇਜ਼ਾਂ ਵੱਲੋਂ ਮਹਾਰਾਜਾ ਦਲੀਪ ਸਿੰਘ ਦੇ ਸਭਿਆਚਾਰ ਅਵਚੇਤਨ ਦੇ ਰੂਪਾਂਤਰਣ ਹਿੱਤ ਵਰਤੀਆਂ ਗਈਆਂ ਵਿਉਂਤਾਂ ਮਹਾਰਾਜਾ ਦਲੀਪ ਸਿੰਘ ਦੇ ਨਿੱਜੀ ਅਵਚੇਤਨ ਵਿਚ ਕੁਝ ਕੁ ਸਮੇਂ ਲਈ ਬਦਲਾਵ ਲੈ ਆਉਂਦੀਆਂ ਹਨ, ਪਰ ਉਸ ਦੇ ਸਮੂਹਕ ਅਵਚੇਤਨ ਵਿਚ ਅਨੇਕਾਂ ਪੀੜ੍ਹੀਆਂ, ਜਾਤੀਆਂ, ਨਸਲਾਂ ਦੇ ਹੱਡੀਂ-ਹੰਢਾਏ ਅਨੁਭਵਾਂ ਵਿਚ ਰੂਪਾਂਤਰਣ ਘੱਟ ਵਾਪਰਦਾ ਹੈ। ਇਹੀ ਵਜਾ ਹੈ ਕਿ ਮਹਾਰਾਜਾ ਦਲੀਪ ਸਿੰਘ ਦੁਬਾਰਾ ਅੰਮ੍ਰਿਤ ਛਕ ਕੇ ਪੰਜਾਬੀ ਸਭਿਆਚਾਰ ਦੀ ਤਰਜ਼-ਏ-ਜ਼ਿੰਦਗੀ ਜਿਊਣ ਦਾ ਇੱਛਕ ਹੈ। ਪੰਜਾਬੀ ਕੌਮ, ਸਭਿਆਚਾਰ ਪ੍ਰਤਿ ਬੇਹੱਦ ਲਗਾਉ ਅਤੇ ਅੰਗਰੇਜ਼ ਹਕੂਮਤ ਪ੍ਰਤਿ ਨਫਰਤ ਉਸ ਦੀ ਮਾਨਸਿਕਤਾ ਨੂੰ ਖੰਡਤ ਤੇ ਭਾਵਨਾਵਾਂ ਨੂੰ ਜ਼ਖਮੀ ਕਰ ਦਿੰਦੀ ਹੈ।24
ਇਸ ਨਾਲ ਮਹਾਰਾਜੇ ਤੇ ਅੰਗਰੇਜ਼ੀ ਸਰਕਾਰ ਵਿਚ ਵਿਰੋਧ ਹੋਰ ਤਿੱਖਾ ਹੋ ਜਾਂਦਾ ਹੈ। ਮਹਾਰਾਜਾ ਤੇ ਉਸ ਦੇ ਪਰਵਾਰ ਨੂੰ ਵਾਪਸ ਇੰਗਲੈਂਡ ਜਾਣਾ ਪਿਆ। ਉਸ ਨੇ ਰੋਸ ਵਿਚ ਸਰਕਾਰ ਤੋਂ ਪੈਨਸ਼ਨ ਲੈਣੀ ਬੰਦ ਕਰ ਦਿੱਤੀ ਅਤੇ ਆਪਣੇ ਨਾਲ ਹੋਈਆਂ ਜ਼ਿਆਦਤੀਆਂ ਬਾਰੇ ਖੁੱਲ੍ਹਮ-ਖੁੱਲ੍ਹਾ ਬੋਲਣ ਲੱਗਾ। ਇਨ੍ਹਾਂ ਵੇਰਵਿਆਂ ਦੇ ਪ੍ਰਸੰਗ ਵਿਚ ਮਹਾਰਾਜੇ ਦਾ ਵਿਦਰੋਹੀ ਨਾਇਕ ਵਾਲਾ ਚਰਿੱਤਰ ਰੂਪਮਾਨ ਹੁੰਦਾ ਹੈ। ਇਸ ਬਾਰੇ ਸ. ਬਲਕਾਰ ਸਿੰਘ ਲਿਖਦੇ ਹਨ:
ਅੰਗਰੇਜ਼ ਕੌਮ ਪ੍ਰਤਿ ਮਹਾਰਾਜਾ ਦਲੀਪ ਸਿੰਘ ਦੀਆਂ ਬਾਗੀ ਅਤੇ ਵਿਦਰੋਹੀ ਭਾਵਨਾਵਾਂ ਦਾ ਚੇਤਨ ਰੂਪ ਵਿਚ ਉਜਾਗਰ ਹੋਣ ਦਾ ਬੁਨਿਆਦੀ ਆਧਾਰ ਸਿੱਖ ਰਾਜ ਦੀ ਹਕੂਮਤ ਦੇ ਗੁਆਚਣ ਦੇ ਵਿਗੋਚੇ ਵਿੱਚੋਂ ਉਪਜੀ ਇਕ ਰਾਜਸੀ ਕਿੜ ਹੈ। ਮਹਾਰਾਜਾ ਦਲੀਪ ਸਿੰਘ ਦਾ ਵਰਤਮਾਨ ਸਮਾਂ ਇਕ ਗ਼ੁਲਾਮ ਇਨਸਾਨ ਵਾਲਾ ਹੈ, ਇਸ ਗ਼ੁਲਾਮੀ ਤੋਂ ਛੁਟਕਾਰਾ ਉਸ ਨੂੰ ਨਜ਼ਰ ਨਹੀਂ ਆਉਂਦਾ ਜਿਸ ਕਰਕੇ ਉਸ ਦੀ ਚੇਤਨਾ ਭਵਿੱਖਮੁਖੀ ਲੋਚਾ ਦੀ ਹੋਣ ਦੀ ਬਜਾਏ ਅਤੀਤ ਮੁਖੀ ਹੈ।25
ਮਹਾਰਾਜਾ ਦਲੀਪ ਸਿੰਘ ਉਕਤ ਵਿਦਰੋਹ ਭਾਵ ਦੇ ਤਹਿਤ ਅੰਗਰੇਜ਼ੀ ਕੌਮ ਨਾਲ ਨਫ਼ਰਤ ਕਰਨ ਲੱਗਦਾ ਹੈ। ਉਸ ਦਾ ਇਹ ਵਿਦਰੋਹ ਭਾਵ ਉਸ ਸਮੇਂ ਹੋਰ ਪ੍ਰਤੱਖ ਬਣਦਾ ਹੈ ਜਦੋਂ ਉਹ ਪੈਰਿਸ ਅਤੇ ਮਾਸਕੋ ਜਾ ਕੇ ਉਥੋਂ ਦੀਆਂ ਸਰਕਾਰਾਂ ਦੀ ਸੈਨਿਕ ਸਹਾਇਤਾ ਨਾਲ ਆਪਣੇ ਰਾਜ ਨੂੰ ਮੁੜ ਪ੍ਰਾਪਤ ਕਰਨ ਲਈ ਉਪਰਾਲੇ ਕਰਦਾ ਦਿਖਾਇਆ ਗਿਆ ਹੈ।26 ਇਨ੍ਹਾਂ ਉਪਰਾਲਿਆਂ ਵਿਚ ਉਸ ਨੂੰ ਸਫਲਤਾ ਨਹੀਂ ਮਿਲਦੀ। ਉਸ ਦੇ ਹੱਥ ਖੱਜਲ-ਖੁਆਰੀ ਅਤੇ ਨਿਰਾਸ਼ਾ ਹੀ ਲੱਗਦੀ ਹੈ। ਇਸ ਪ੍ਰਸੰਗ ਵਿਚ ਖੋਜੀ ਲੇਖਿਕਾ ਧਨਵੰਤ ਕੌਰ ਨੇ ਲਿਖਿਆ ਹੈ:
ਲੇਖਕ (ਸੀਤਲ) ਦੀ ਦਿਲਚਸਪੀ ਦਲੀਪ ਸਿੰਘ ਦੀ ਆਂਤਰਿਕ ਵੇਦਨਾ, ਉਸ ਦੇ ਮਨਸੂਬਿਆਂ ਦੇ ਅਧੂਰੇਪਨ ਦੀ ਹਿਰਦੇਵੇਧਕ ਤ੍ਰਾਸਦੀ ਨੂੰ ਚਿੱਤਰਨ ਵਿਚ ਹੈ। ਅੰਗਰੇਜ਼ ਨੀਤੀ ਦੇ ਤਹਿਤ ਉਸ ਦੇ ਪਾਲਣ-ਪੋਸ਼ਣ ਤਹਿਤ ਭਾਵੇਂ ਉਸ ਨੂੰ ਸਮਾਜਿਕ ਸਭਿਆਚਾਰਕ ਜੀਵਨ ਤੋਂ ਦੂਰ ਰੱਖਿਆ ਜਾਂਦਾ ਹੈ ਪਰ ਉਸ ਦੇ ਅਵਚੇਤਨ ਵਿਚ ਦਮਿਤ ਜੀਵਨ ਮੁੱਲ ਅੰਗਰੇਜ਼ਾਂ ਵਿਰੁੱਧ ਵਿਦਰੋਹ ਦੀ ਹਾਮੀ ਭਰਦੇ ਹਨ। ਉਸ ਦਾ ਇਹ ਬਾਗੀਪੁਣਾ ਅਨੰਤ ਸੀਮਾਵਾਂ ਕਾਰਨ ਜਿੱਤ ਹਾਸਲ ਕਰਨੋਂ ਅਸਮਰੱਥ ਹੈ ਪਰ ਉਸ ਦੇ ਵਿਵਹਾਰ ਦਾ ਅਸਾਵਾਂਪਨ ਇਸ ਗੱਲ ਦਾ ਲਖਾਇਕ ਜ਼ਰੂਰ ਹੈ ਕਿ ਉਸ ਦਾ ਲਗਾਓ ਆਪਣੀ ਜਨਮਭੂਮੀ, ਆਪਣੀ ਪੰਜਾਬੀਅਤ ਨਾਲ ਹੈ।27
ਮਹਾਰਾਜਾ ਦਲੀਪ ਸਿੰਘ ਦੀ ਪਤਨੀ ਦੀ ਮੌਤ ਨਾਲ ਉਸ ਦਾ ਹੌਸਲਾ ਹੋਰ ਟੁੱਟ ਜਾਂਦਾ ਹੈ। ਇਨ੍ਹਾਂ ਪਰਿਸਥਿਤੀਆਂ ਵਿਚ ਵੱਖ-ਵੱਖ ਦੇਸ਼ਾਂ ਵਿਚ ਸਹਾਇਤਾ ਲਈ ਰੁਲ ਰਹੇ ਮਹਾਰਾਜੇ ਦਾ ਦੁਖਾਂਤਕ ਨਾਇਕਤਵ ਉੱਘੜਵੇਂ ਰੂਪ ਵਿਚ ਸਾਕਾਰ ਹੁੰਦਾ ਹੈ। ਉਸ ਦੇ ਛੋਟੇ ਪੁੱਤਰ ਸ਼ਹਿਜ਼ਾਦੇ ਐਡਵਰਡ ਦੀ ਬੇਵਕਤ ਮੌਤ ਉਸ ਦੇ ਦੁੱਖਾਂ ਵਿਚ ਹੋਰ ਵਾਧਾ ਕਰ ਦਿੰਦੀ ਹੈ। ਘੋਰ ਨਿਰਾਸ਼ਾ ਦੀ ਸਥਿਤੀ ਵਿਚ ਉਹ ਦੁਬਾਰਾ ਪੈਰਿਸ ਆ ਜਾਂਦਾ ਹੈ ਕਿਉਂਕਿ ਉਹ ਇੰਗਲੈਂਡ ਵਿਚ ਮਰਨਾ ਨਹੀਂ ਸੀ ਚਾਹੁੰਦਾ।28 ਇਥੇ ਮਹਾਰਾਜੇ ਦੀ ਸਿਹਤ ਦਿਨੋਂ-ਦਿਨ ਵਿਗੜਦੀ ਜਾਂਦੀ ਹੈ। ਉਸ ਦਾ ਸਰੀਰ ਪਹਿਲਾਂ ਲਕਵੇ ਅਤੇ ਬਾਅਦ ਵਿਚ ਤਪਦਿਕ ਦੀ ਬੀਮਾਰੀ ਦਾ ਸ਼ਿਕਾਰ ਹੋ ਜਾਂਦਾ ਹੈ। ਇਸ ਸਥਿਤੀ ਵਿਚ 23 ਅਕਤੂਬਰ 1893 ਨੂੰ ਮਹਾਰਾਜਾ ਦਲੀਪ ਸਿੰਘ ਨੇ ਆਪਣੇ ਪ੍ਰਾਣ ਤਿਆਗੇ।29 ਇਸ ਪ੍ਰਕਾਰ ‘ਮਹਾਰਾਣੀ ਜਿੰਦਾਂ’ ਨਾਵਲ ਦੀ ਤਰ੍ਹਾਂ ‘ਮਹਾਰਾਜਾ ਦਲੀਪ ਸਿੰਘ’ ਨਾਵਲ ਵੀ ਇਤਿਹਾਸਕ ਦੁਖਾਂਤ ਦੇ ਰੂਪ ਵਿਚ ਮੁੱਕਦਾ ਹੈ। ਇਸ ਇਤਿਹਾਸਕ ਦੁਖਾਂਤ ਤੋਂ ਇਤਿਹਾਸ ਦੇ ਇਕ ਮਹੱਤਵਪੂਰਨ ਕਾਂਡ ਉੱਪਰ ਅਲੋਚਨਾਤਮਕ ਪੁਨਰ ਝਾਤ ਪਾਉਣ ਦਾ ਮੌਕਾ ਮਿਲਦਾ ਹੈ।
ਸੀਤਲ ਜੀ ਦੇ ਦੋਵਾਂ ਇਤਿਹਾਸਕ ਨਾਵਲਾਂ ਦੀ ਸਾਂਝੀ ਖ਼ੂਬੀ ਇਹ ਹੈ ਕਿ ਇਨ੍ਹਾਂ ਵਿਚ ਇਤਿਹਾਸਕ ਤੱਥਾਂ ਅਤੇ ਕਾਲ-ਕ੍ਰਮਤਾ ਦਾ ਬਹੁਤ ਖਿਆਲ ਰੱਖਿਆ ਗਿਆ ਹੈ। ਇਨ੍ਹਾਂ ਇਤਿਹਾਸਕ ਨਾਵਲਾਂ ਦੀ ਸਮੱਗਰੀ ਦਾ ਵੱਡਾ ਭਾਗ ਇਨ੍ਹਾਂ ਤੋਂ ਪਹਿਲਾਂ ਪ੍ਰਕਾਸ਼ਿਤ ਹੋਈਆਂ ਉਸ ਦੀਆਂ ਪੁਸਤਕਾਂ ‘ਸਿੱਖ ਰਾਜ ਕਿਵੇਂ ਗਿਆ’ (1944 ਈ.) ਅਤੇ ‘ਦੁਖੀਏ ਮਾਂ-ਪੁੱਤ’ (1946 ਈ.) ਵਿਚ ਅੰਕਿਤ ਹੈ। ਲੇਖਕ ਨੇ ਇਨ੍ਹਾਂ ਨਾਵਲਾਂ ਵਿਚ ਸਮੱਗਰੀ ਦੇ ਪ੍ਰਮਾਣੀਕਰਨ ਲਈ ਵਿਭਿੰਨ ਇਤਿਹਾਸਕ ਸ੍ਰੋਤਾਂ ਤੋਂ ਸਹਾਇਤਾ ਲਈ ਹੈ। ਉਸ ਦੁਆਰਾ ਇਨ੍ਹਾਂ ਨਾਵਲਾਂ ਵਿਚ ਵਰਤੇ ਗਏ ਸ੍ਰੋਤਾਂ ਦਾ ਵਿਸਥਾਰ-ਪੂਰਵਕ ਵੇਰਵਾ ਉਸ ਦੀ ਪੁਸਤਕ ‘ਸਿੱਖ ਰਾਜ ਕਿਵੇਂ ਗਿਆ’ ਵਿਚ ਮਿਲਦਾ ਹੈ। ਇਨ੍ਹਾਂ ਸ੍ਰੋਤਾਂ ਵਿਚ ਦੇਸੀ ਅਤੇ ਵਿਦੇਸ਼ੀ ਦੋਵਾਂ ਕਿਸਮਾਂ ਦੇ ਲੇਖਕ ਵੀ ਸ਼ਾਮਲ ਹਨ। ਇਨ੍ਹਾਂ ਰਚਨਾਵਾਂ ਵਿਚਲੀ ਇਤਿਹਾਸਕਤਾ ਏਨੀ ਪ੍ਰਬਲ ਅਤੇ ਪ੍ਰਮਾਣਿਕ ਹੈ ਕਿ ਇਨ੍ਹਾਂ ਦੇ ਬਿਰਤਾਂਤ ਵਿਚ ਗਲਪੀ ਤੱਤ ਦਾ ਘੱਟ ਤੋਂ ਘੱਟ ਸਮਾਵੇਸ਼ ਹੋਇਆ ਹੈ। ਇਸ ਨਾਵਲ ਵਿਚ ਇਤਿਹਾਸਕਤਾ ਵਾਲਾ ਪਹਿਲੂ ‘ਮਹਾਰਾਣੀ ਜਿੰਦਾਂ’ ਨਾਵਲ ਨਾਲੋਂ ਵੀ ਵਧੇਰੇ ਜ਼ੋਰਦਾਰ ਹੈ।
ਸਾਰ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਸੀਤਲ ਜੀ ਦੀਆਂ ਦੋਵੇਂ ਰਚਨਾਵਾਂ ‘ਮਹਾਰਾਣੀ ਜਿੰਦਾਂ’ ਅਤੇ ‘ਮਹਾਰਾਜਾ ਦਲੀਪ ਸਿੰਘ’ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਦੇ ਸਮੇਂ ਬਾਰੇ ਮਹੱਤਵਪੂਰਨ ਇਤਿਹਾਸਕ ਗਲਪ-ਕ੍ਰਿਤਾਂ ਹਨ। ਲੇਖਕ ਇਨ੍ਹਾਂ ਦੋਵਾਂ ਇਤਿਹਾਸਕ ਕਿਰਦਾਰਾਂ ਨੂੰ ਪੰਜਾਬ ਦੀ ਨਾਇਕਾ ਅਤੇ ਨਾਇਕ ਦੇ ਤੌਰ ’ਤੇ ਰੂਪਮਾਨ ਕਰਨ ਵਿਚ ਸਫਲ ਹੋਇਆ ਹੈ।
ਲੇਖਕ ਬਾਰੇ
ਡਾ. ਭੁਪਿੰਦਰ ਸਿੰਘ ਖਾਲਸਾ ਕਾਲਜ ਅੰਮ੍ਰਿਤਸਰ ਦੇ ਪੰਜਾਬੀ ਵਿਭਾਗ ਵਿਚ ਸੀਨੀਅਰ ਲੈਕਚਰਾਰ ਹਨ। ਇਨ੍ਹਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਗਿਆਨੀ ਸੋਹਣ ਸਿੰਘ ਸੀਤਲ ਦੀ ਨਾਵਲਕਾਰੀ ’ਤੇ ਖੋਜ ਕਰਕੇ ਪੀ.ਐੱਚ.ਡੀ. ਦੀ ਡਿਗਰੀ ਹਾਸਲ ਕੀਤੀ ਹੈ। ਆਪ ਦੀਆਂ ਦੋ ਪੁਸਤਕਾਂ ‘ਸੀਤਲ ਦੇ ਸ੍ਰੇਸ਼ਟ ਨਾਵਲ’ (1998) ਅਤੇ ‘ਸੀਤਲ ਜੀ ਦੀ ਨਾਵਲਕਾਰੀ’ (2004) ਨਾਨਕ ਸਿੰਘ ਪੁਸਤਕਮਾਲਾ, ਅੰਮ੍ਰਿਤਸਰ ਤੋਂ ਪ੍ਰਕਾਸ਼ਿਤ ਹਨ।
- ਹੋਰ ਲੇਖ ਉਪਲੱਭਧ ਨਹੀਂ ਹਨ