editor@sikharchives.org

ਸ੍ਰੀ ਅਕਾਲ ਤਖ਼ਤ ਸਾਹਿਬ

ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਨਾ ਸਮੇਂ ਇਸ ਗੱਲ ਦਾ ਖਾਸ ਧਿਆਨ ਰੱਖਿਆ ਗਿਆ ਕਿ ਇਹ ਤਖ਼ਤ ਸਾਰੇ ਦੁਨਿਆਵੀ ਤਖ਼ਤਾਂ ਤੋਂ ਵਡੇਰਾ ਕਰ ਕੇ ਜਾਣਿਆ ਜਾਵੇ, ਰਾਜਨੀਤੀ ਧਰਮ ਦੀ ਤਾਬਿਆਦਾਰ ਰਹੇ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਗੁਰੂ ਸਾਹਿਬ ਦੀ ਅਗੰਮੀ ਸੋਚ, ਖਾਲਸੇ ਦੀ ਸੁਤੰਤਰਤਾ ਦਾ ਪ੍ਰਤੀਕ, ਸਿੱਖਾਂ ਦੀ ਹੱਕ-ਸੱਚ ਅਤੇ ਇਨਸਾਫ ਦੀ ਸੁਪਰੀਮ ਅਦਾਲਤ (ਸ੍ਰੀ ਅਕਾਲ ਬੁੰਗਾ) ਸ੍ਰੀ ਅਕਾਲ ਤਖ਼ਤ ਸਾਹਿਬ ਦੀ ਨੀਂਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣੇ ਪਵਿੱਤਰ ਕਰ-ਕਮਲਾਂ ਨਾਲ ਜੂਨ 1606 ਵਿਚ ਰੱਖੀ, ਜਿਸ ਦੀ ਪਵਿੱਤਰ ਚਿਣਵਾਈ ਦੀ ਸੇਵਾ ਵਿਚ ਬ੍ਰਹਮ-ਗਿਆਨੀ ਬਾਬਾ ਬੁੱਢਾ ਸਾਹਿਬ ਅਤੇ ਭਾਈ ਗੁਰਦਾਸ ਜੀ ਨੇ ਅਹਿਮ ਯੋਗਦਾਨ ਪਾਇਆ, ਗੁਰਬਿਲਾਸ ਪਾਤਸ਼ਾਹੀ ਛੇਵੀਂ ਅਨੁਸਾਰ ਭਾਈ ਗੁਰਦਾਸ ਜੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਹਿਲੇ ਜਥੇਦਾਰ ਵਜੋਂ ਮਾਣ ਪ੍ਰਾਪਤ ਹੋਇਆ:-

ਤਖਤ ਪੂਜ ਕਰਬੇ ਨਿਮਿੱਤ, ਗੁਰਦਾਸ ਭਾਈ ਠਹਰਾਇ।

1606 ਈ: ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰ ਕੇ ਮੁਗ਼ਲ ਸਰਕਾਰ ਨੇ ਸ਼ਾਇਦ ਇਹ ਦੱਸਣਾ ਚਾਹਿਆ ਸੀ ਕਿ ਹੁਣ ਸਿੱਖ ਧਰਮ ਦਾ ਵਿਕਾਸ ਅਸੰਭਵ ਹੈ, ਪਰ ਆਪਣੇ ਮਹਿਬੂਬ ਗੁਰੂ-ਪਿਤਾ ਦੀ ਸ਼ਹਾਦਤ ਦਾ ਅਸਰ ਕਬੂਲਦਿਆਂ ਹੋਇਆਂ ਦਲ-ਭੰਜਨ ਸੂਰਮੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸਿੱਖੀ ਨੂੰ ਸੁਤੰਤਰ ਬਣਾਉਣ, ਸ਼ਹਿਨਸ਼ਾਹਾਂ ਦੀ ਤਰ੍ਹਾਂ ਕੇਸਰੀ ਬਾਣਾ ਪਹਿਨ ਸੀਸ ’ਤੇ ਦਸਤਾਰ ਅਤੇ ਕਲਗੀ ਸਜਾ ਕੇ ਗੁਰਗੱਦੀ ’ਤੇ ਬਿਰਾਜਮਾਨ ਹੋਏ:-

ਪ੍ਰੀਤ ਪੁਸ਼ਾਕ ਧਰੀ ਸੁਖਸਾਗਰ ਔ ਕਲਗੀ ਗੁਰ ਸੀਸ ਸੁਹਾਵੈ।

‘ਸਿੱਖ ਰਿਲੀਜ਼ਨ’ ਵਿਚ ਮੈਕਾਲਫ਼ ਲਿਖਦਾ ਹੈ ਕਿ “ਗੁਰੂ ਸਾਹਿਬ ਨੇ ਫ਼ਰਮਾਇਆ ਤਲਵਾਰ ਦੀ ਪੇਟੀ ਮੇਰੀ ਮਾਲਾ ਹੋਵੇਗੀ, ਮੇਰੀ ਦਸਤਾਰ ਉੱਪਰ ਕਲਗੀ ਸਹਿਨਸ਼ਾਹ ਦਾ ਚਿੰਨ੍ਹ ਦਿਸੇਗੀ।” ਸਰ ਚਾਰਲਸ ਅਨੁਸਾਰ, “ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਧਰਮ ਅਤੇ ਸਿਆਸਤ ਨੂੰ ਜੋੜਨ ਦੇ ਬੀਜ ਪਾਏ ਗਏ ਅਤੇ ਉਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਵਧੇ ਫੁਲੇ।”

ਸਿਆਸਤ ਧਰਮ ਦਾ ਅਨਿੱਖੜਵਾਂ ਅੰਗ ਹੈ, ਉਸ ਵਕਤ ਆਪ ਨੇ ਗਰੀਬਾਂ, ਮਜ਼ਲੂਮਾਂ ਤੇ ਅਨਾਥਾਂ ਦੀ ਰੱਖਿਆ ਲਈ ਮੀਰੀ ਅਤੇ ਪੀਰੀ ਦੀਆਂ ਦੋ ਕ੍ਰਿਪਾਨਾਂ ਪਹਿਨੀਆਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਕੇਸਰੀ ਨਿਸ਼ਾਨ ਸਾਹਿਬ ਝੁਲਾਏ ਜੋ ਧਰਮ ਅਤੇ ਰਾਜਨੀਤੀ ਦੇ ਸੁਮੇਲ ਦਾ ਚਿੰਨ੍ਹ ਹਨ ਅਤੇ ਮੀਰੀ-ਪੀਰੀ ਦੀ ਸੁਤੰਤਰਤਾ ਦੇ ਪ੍ਰਤੀਕ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਨਾ ਸਮੇਂ ਇਸ ਗੱਲ ਦਾ ਖਾਸ ਧਿਆਨ ਰੱਖਿਆ ਗਿਆ ਕਿ ਇਹ ਤਖ਼ਤ ਸਾਰੇ ਦੁਨਿਆਵੀ ਤਖ਼ਤਾਂ ਤੋਂ ਵਡੇਰਾ ਕਰ ਕੇ ਜਾਣਿਆ ਜਾਵੇ, ਰਾਜਨੀਤੀ ਧਰਮ ਦੀ ਤਾਬਿਆਦਾਰ ਰਹੇ। ਬੇਸ਼ੱਕ ਸਿਆਸਤ ਧਰਮ ਦਾ ਅਨਿੱਖੜਵਾਂ ਅੰਗ ਹੈ, ਉਸ ਵਕਤ ਆਪ ਜੀ ਨਾ ਕਿਸੇ ਤੋਂ ਡਰੇ ਅਤੇ ਨਾ ਹੀ ਕਿਸੇ ਨੂੰ ਡਰਾਉਣ ਦੀ ਨੀਤੀ ਅਪਣਾਈ, ਅਨਿਆਂ ਸਹਿਣਾ ਵੀ ਅਨਿਆਂ ਕਰਨ ਵਾਂਗ ਪਾਪ ਹੈ, ਗੁਰਮਤਿ ਅਨਿਆਂ ਅਤੇ ਅੱਤਿਆਚਾਰ ਵਿਰੁੱਧ ਸੰਘਰਸ਼ ਕਰਨ ਨੂੰ ਸੂਰਬੀਰਤਾ ਪ੍ਰਵਾਨ ਕਰਦੀ ਅਤੇ ਸ਼ਹਾਦਤ ਨੂੰ ਸਤਿਕਾਰ ਬਖਸ਼ਿਸ਼ ਕਰਦੀ ਹੈ। ਗੁਰਬਾਣੀ ਦਾ ਫੁਰਮਾਨ ਹੈ:

ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ॥
ਸੂਰੇ ਸੇਈ ਆਗੈ ਆਖੀਅਹਿ ਦਰਗਹ ਪਾਵਹਿ ਸਾਚੀ ਮਾਣੋ॥
ਦਰਗਹ ਮਾਣੁ ਪਾਵਹਿ ਪਤਿ ਸਿਉ ਜਾਵਹਿ ਆਗੈ ਦੂਖੁ ਨ ਲਾਗੈ॥ (ਪੰਨਾ 579-80)

ਜਿਸ ਵਕਤ ਗੁਰੂ ਸਾਹਿਬ ਜੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮੀਰੀ- ਪੀਰੀ ਦੇ ਨਾਲ ਭਗਤੀ-ਸ਼ਕਤੀ, ਸੰਤ ਤੇ ਸਿਪਾਹੀ ਦਾ ਸੰਕਲਪ ਜੋੜਿਆ ਉਸ ਵਕਤ ਭਾਰਤ ਵਿਚ ਜਬਰ ਤੇ ਜ਼ੁਲਮ ਦਾ ਬੋਲ-ਬਾਲਾ ਸੀ। ਉਸ ਜ਼ੁਲਮੀ ਹਨ੍ਹੇਰੀ ਨੂੰ ਖ਼ਤਮ ਕਰਨ ਲਈ ਗੁਰੂ ਸਾਹਿਬ ਜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਨਾ ਕਰ ਕੇ ਭਗਤੀ ਅਤੇ ਸ਼ਕਤੀ ਦੇ ਸੁਮੇਲ ਨੂੰ ਉਤਸ਼ਾਹਿਤ ਕੀਤਾ, ਗੁਰੂ ਜੀ ਦੇ ਹੁਕਮ ਅਨੁਸਾਰ ਜਿੱਥੇ ਸੰਗਤ ਸ਼ਸਤਰ ਅਤੇ ਸੁਹਣੇ ਘੋੜੇ ਲੈ ਕੇ ਆਪ ਜੀ ਦੇ ਦਰਬਾਰ ਵਿਚ ਹਾਜ਼ਰ ਹੋਣ ਲੱਗੀ, ਉਥੇ ਸੂਰਬੀਰ ਵੀ ਆਪਣੀਆਂ ਜਵਾਨੀਆਂ ਗੁਰੂ ਸਾਹਿਬ ਜੀ ਅੱਗੇ ਭੇਟ ਕਰਨ ਲੱਗੇ। ਸੂਬੇਦਾਰ ਯਾਰ ਖਾਨ ਅਤੇ ਫੌਜਦਾਰ ਖੁਆਜਾ ਸਰਾਇ ਅਤੇ ਪੈਂਦੇ ਖਾਨ ਵਰਗੇ ਫੌਜੀ ਪਠਾਣਾਂ ਨੇ ਵੀ ਆਪ ਜੀ ਦੀ ਕਮਾਨ ਹੇਠ ਆਉਣਾ ਉਚਿਤ ਸਮਝਿਆ। ਇਸ ਤਰ੍ਹਾਂ ਆਪ ਦੀ ਫੌਜ ਵਿਚ ਮਾਝੇ ਅਤੇ ਮਾਲਵੇ ਦੇ ਕਰੀਬ 500 ਜਵਾਨ ਭਰਤੀ ਹੋਏ।

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਲੋੜ ਮਹਿਸੂਸ ਕਰਦੇ ਹੋਏ ਸਿੱਖਾਂ ਵਿਚ ਜੰਗੀ ਸੁਭਾਅ ਭਰਿਆ ਅਤੇ ਇਨ੍ਹਾਂ ਕਰਤੱਵਾਂ ਨੇ ਹੀ ਗੁਰੂ ਸਾਹਿਬ ਦੀ ਗ੍ਰਿਫਤਾਰੀ ਕਰਵਾਈ ਅਤੇ ਸ਼ਾਹ ਜਹਾਨ ਦੇ ਰਾਜ ਸਮੇਂ ਜੰਗਾਂ ਹੋਈਆਂ। ਇਨ੍ਹਾਂ ਜਵਾਨਾਂ ਨੂੰ ਸ਼ਸਤਰ ਵਿੱਦਿਆ ਦੇ ਕਰਤੱਵ ਸਿਖਾਉਣ ਲਈ ਆਪ ਜੀ ਨੇ 52 ਫੌਜੀ ਭਰਤੀ ਕੀਤੇ ਜੋ ਜ਼ਿਲ੍ਹਾ ਅੰਮ੍ਰਿਤਸਰ ਦੇ ਨਜ਼ਦੀਕ ਗੁੰਮਟਾਲਾ ਕਸਬੇ ਦੀ ਖੁੱਲ੍ਹੀ ਜਗ੍ਹਾ ’ਤੇ ਸ਼ਸਤਰ-ਵਿੱਦਿਆ ਦੀ ਜਾਣਕਾਰੀ ਲੈਂਦੇ। ਇਸ ਦੇ ਨਾਲ ਹੀ ਉਨ੍ਹਾਂ ਜਵਾਨਾਂ ਵਿਚ ਜੋਸ਼ ਭਰਨ ਲਈ ਗੁਰੂ ਸਾਹਿਬ ਨੇ ਢਾਡੀਆਂ ਨੂੰ ਪ੍ਰੇਰਿਤ ਕੀਤਾ ਅਤੇ ਕਿਹਾ, “ਹੁਣ ਲੋੜ ਹੈ ਕਿ ਤੁਹਾਡੇ ਸਾਜ਼ਾਂ ਵਿੱਚੋਂ ਲਲਕਾਰਾਂ ਨਿਕਲਣ। ਤੁਹਾਡੀਆਂ ਸੁਰਾਂ ਕੌਮ ਨੂੰ ਵੰਗਾਰਨ। ਤੁਹਾਡੀ ਢੱਡ ਦੀ ਠੱਪ ਲੋਕਾਂ ਨੂੰ ਟੁੰਬ ਕੇ ਜਗਾਏ। ਤੁਹਾਡੇ ਗਜ ਦੇ ਘੁੰਗਰੂ ਕੁਰਬਾਨੀ ਲਈ ਦਿਲਾਂ ਵਿਚ ਚਾਅ ਪੈਦਾ ਕਰਨ।” ਇਸ ਸੇਵਾ ਲਈ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਸੁਰਸਿੰਘ ਦੇ ਭਾਈ ਨੱਥਾ ਮੱਲ ਜੀ ਅਤੇ ਭਾਈ ਅਬਦੁੱਲਾ ਜੀ ਨੇ ਅਹਿਮ ਭੂਮਿਕਾ ਨਿਭਾਈ। ਗੁਰੂ ਸਾਹਿਬ ਦੀ ਸਿਫਤ ਵਿਚ ਤਖ਼ਤ-ਨਸ਼ੀਨੀ ਦੀ ਪਹਿਲੀ ਵਾਰ ਭਾਈ ਨੱਥਾ ਜੀ ਤੇ ਭਾਈ ਅਬਦੁੱਲੇ ਜੀ ਦੁਆਰਾ ਗਾਈ ਗਈ:

ਦੋ ਤਲਵਾਰੀਂ ਬੱਧੀਆਂ, ਇਕ ਮੀਰੀ ਦੀ ਇਕ ਪੀਰਿ ਦੀ।
ਇਕ ਅਜ਼ਮਤ ਦੀ, ਇਕ ਰਾਜ ਦੀ, ਇਕ ਰਾਖੀ ਕਰੇ ਵਜ਼ੀਰ ਦੀ।
ਹਿੰਮਤ ਬਾਹਾਂ ਕੋਟਗੜ੍ਹ, ਦਰਵਾਜ਼ਾ ਬਲਖ ਬਖੀਰ ਦੀ।
ਨਾਲ ਸਿਪਾਹੀ ਨੀਲ ਨਲ, ਮਾਰ ਦੁਸ਼ਟਾਂ ਕਰੇ ਤਗੀਰ ਜੀ।
ਪੱਗ ਤੇਰੀ, ਕੀ ਜਹਾਂਗੀਰ ਦੀ।

ਵਾਰਾਂ ਨਾਲ ਸਿੱਖਾਂ ਦੇ ਹੌਸਲੇ ਹੋਰ ਵੀ ਬੁਲੰਦ ਹੋ ਗਏ, ਗੁਰੂ ਸਾਹਿਬ ਜੀ ਨੇ ਯੋਧਿਆਂ ਵਿਚ ਜੋਸ਼ ਭਰਨ ਲਈ ਹੋਰ ਵਾਰਾਂ ਲਿਖਵਾਈਆਂ। ਇਨ੍ਹਾਂ ਵਾਰਾਂ (ਯੁੱਧ-ਕਾਵਿ) ਨੇ ਸੂਰਮਿਆਂ ਦਾ ਖੂਨ ਗਰਮਾਉਣ ਦਾ ਕੰਮ ਕੀਤਾ, ਜਿਸ ਨਾਲ ਮੁਗ਼ਲ ਸਰਕਾਰ ਦਾ ਇਹ ਭਰਮ ਟੁੱਟ ਗਿਆ ਕਿ ਸਿੱਖ ਧਰਮ ਧਾਰਮਿਕ ਅਤੇ ਸਮਾਜਿਕ ਖੇਤਰ ਵਿਚ ਸੁਤੰਤਰ ਨਹੀਂ ਹਨ। ਗੁਰੂ ਸਾਹਿਬ ਜੀ ਦੁਆਰਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਨਾ ਸਿੱਖ ਧਰਮ ਦੀ ਹੋਂਦ ਦਾ ਇਕ ਵਿਲੱਖਣ ਚਿੰਨ੍ਹ ਸੀ, ਰਾਜਸੀ ਚਿੰਨ੍ਹਾਂ ਦਾ ਪ੍ਰਯੋਗ ਜਿਸ ਤਰ੍ਹਾਂ ਤਖ਼ਤਾਂ ’ਤੇ ਬਿਰਾਜਣਾ, ਦਰਬਾਰ ਸਜਾਉਣਾ, ਫੌਜ ਅਤੇ ਸ਼ਸਤਰ ਇਕੱਠੇ ਕਰਨ, ਗੁਰੂ-ਦਰਬਾਰ ਦੀ ਰਾਜਸੀ ਜਾਹੋ-ਜਲਾਲ ਜਿੱਥੇ ਬੈਠ ਕੇ ਗੁਰੂ ਸਾਹਿਬ ਸ਼ਹਿਨਸ਼ਾਹਾਂ ਦੀ ਤਰ੍ਹਾਂ ਦੀਵਾਨ ਲਗਾਉਂਦੇ ਅਤੇ ਦੀਵਾਨ ਉਪਰੰਤ ਸਿੱਖ ਸੰਗਤਾਂ ਦੀਆਂ ਸ਼ਿਕਾਇਤਾਂ ਮੁਕੱਦਮੇ ਅਤੇ ਝਗੜੇ ਨਿਪਟਾਉਂਦੇ ਤੇ ਆਪਣਾ ਹਰ ਨਵਾਂ ਫੈਸਲਾ ਗੁਰਮਤਿ ਦੀ ਬਖ਼ਸ਼ਣਹਾਰ ਅਦਾਲਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੁਣਾਉਂਦੇ ਸਨ। ਫਲਸਰੂਪ ਲੋਕਾਂ ਨੇ ਲਾਹੌਰ ਜਾਂ ਦਿੱਲੀ ਵੱਲ ਮਸਲੇ ਲੈ ਕੇ ਜਾਣਾ ਛੱਡ ਦਿੱਤਾ, ਜੋ ਕਿ ਮੁਗ਼ਲ ਸਰਕਾਰ ਲਈ ਇਕ ਚੁਣੌਤੀ ਸੀ।

ਗੁਰੂ ਸਾਹਿਬ ਦਾ ਸਮਕਾਲੀ ‘ਦਬਿਸਤਾਨ-ਏ-ਮਜ਼ਾਹਿਬ’ ਦਾ ਕਰਤਾ ਜ਼ੁਲਫਕਾਰ ਅਰਧਸਤਾਨੀ ਦਾ ਵੇਰਵਾ ਇਸ ਸਬੰਧ ਵਿਚ ਠੀਕ ਹੈ ਕਿ “ਉਸ (ਗੁਰੂ) ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਇਨ੍ਹਾਂ ਵਿੱਚੋਂ ਇਕ ਇਹ ਸੀ ਕਿ ਉਸ ਨੇ ਇਕ ਯੋਧੇ ਵਾਲੀ ਜੀਵਨ ਨੀਤੀ ਅਪਣਾ ਲਈ ਸੀ।”

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਥਨ ਅਨੁਸਾਰ ਧਰਮ ਸੱਚ ਹੈ ‘ਏਕੋ ਧਰਮੁ ਦ੍ਰਿੜੈ ਸਚੁ ਕੋਈ’ ਅਤੇ ਸਿਆਸਤ ਰਾਜ ਸੰਭਾਲਣ ਅਤੇ ਧੱਕੇਸ਼ਾਹੀ, ਬੇਇਨਸਾਫੀ ਨੂੰ ਦੂਰ ਕਰਨ ਅਤੇ ਚੰਗਾ ਰਾਜ-ਪ੍ਰਬੰਧ ਚਲਾਉਣਾ ਹੁੰਦਾ ਹੈ। ਪਹਿਲੇ ਪੰਜ ਗੁਰੂ ਸਾਹਿਬਾਨ ਦਾ ਸਮਾਂ ਸ਼ਾਂਤਮਈ ਧਰਮ ਪ੍ਰਚਾਰ ਦਾ ਸੀ, ਅਕਬਰ ਬਾਦਸ਼ਾਹ ਦੇ ਵੇਲੇ ਤਕ ਸਿੱਖ ਧਰਮ ਵਿਚ ਕਿਸੇ ਵੀ ਮੁਗ਼ਲ ਬਾਦਸ਼ਾਹ ਨੇ ਦਖ਼ਲਅੰਦਾਜ਼ੀ ਕਰਨ ਦੀ ਕੋਸ਼ਿਸ਼ ਨਹੀਂ ਕੀਤੀ।

ਸੰਨ 1610 ਵਿਚ ਮੁਰਤਜਾ ਖਾਨ ਦੇ ਪੰਜਾਬ ਦਾ ਗਵਰਨਰ ਬਣਨ ਤੇ ਗੁਰੂ-ਘਰ ਦੇ ਪੁਰਾਣੇ ਦੋਖੀ ਮੇਹਰਬਾਨ ਅਤੇ ਚੰਦੂ ਵਰਗਿਆਂ ਨੇ ਸਿੱਖਾਂ ਦੀ ਚੜ੍ਹਦੀ ਕਲਾ ਦੇਖ ਕੇ ਹਕੂਮਤ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ। ਮੁਰਤਜਾ ਖਾਨ ਵੀ ਗੁਰੂ ਸਾਹਿਬ ਜੀ ਦੇ ਦਿਨੋ-ਦਿਨ ਵਧਦੇ ਪ੍ਰਭਾਵ ਤੋਂ ਘਬਰਾ ਗਿਆ ਅਤੇ ਜਹਾਂਗੀਰ ਦੇ ਹੁਕਮ ’ਤੇ ਸੰਨ 1610 ਵਿਚ ਗੁਰੂ ਸਾਹਿਬ ਨੂੰ ਗ੍ਰਿਫਤਾਰ ਕਰ ਕੇ ਗਵਾਲੀਅਰ ਦੇ ਕਿਲ੍ਹੇ ਵਿਚ ਭੇਜ ਦਿੱਤਾ। ਸਾਈਂ ਮੀਆਂ ਮੀਰ ਅਤੇ ਕੁਝ ਨੇਕ-ਦਿਲ ਮੁਸਲਮਾਨਾਂ ਵੱਲੋਂ ਤੇ ਗੁਰਸਿੱਖਾਂ ਵੱਲੋਂ ਆਵਾਜ਼ ਉਠਾਉਣ ਕਰ ਕੇ 2 ਸਾਲ ਤੋਂ ਕੁਝ ਘੱਟ ਸਮੇਂ ਮਗਰੋਂ ਸੰਨ 1612 ਗੁਰੂ ਸਾਹਿਬ ਜੀ ਨੂੰ ਉਨ੍ਹਾਂ ਤੋਂ ਪਹਿਲਾਂ ਕੈਦ ਕੀਤੇ ਗਏ 52 ਕੈਦੀ ਰਾਜਿਆਂ ਸਮੇਤ ਰਿਹਾਅ ਕਰ ਦਿੱਤਾ।

ਗੁਰੂ ਸਾਹਿਬ ਜੀ ਨੂੰ ਬਹੁਤਾ ਸਮਾਂ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਰਹਿਣ ਦਾ ਨਹੀਂ ਮਿਲਿਆ, ਕਿਉਂਕਿ ਸ਼ਾਹ ਜਹਾਨ ਦੇ ਗੱਦੀ ’ਤੇ ਬੈਠਣ ਉਪਰੰਤ ਗੁਰੂ ਸਾਹਿਬ ਨੂੰ ਉਸ ਨਾਲ ਚਾਰ ਜੰਗਾਂ ਕਰਨੀਆਂ ਪਈਆਂ। ਸੰਨ 1633 ਵਿਚ ਕਾਲੇ ਖਾਨ, ਪੈਂਦੇ ਖਾਨ ਨਾਲ ਕਰਤਾਰਪੁਰ ਵਿਚ ਚੌਥੀ ਜੰਗ ਕਰਨ ਤੋਂ ਬਾਅਦ ਗੁਰੂ ਸਾਹਿਬ ਜੀ ਕਰਤਾਰਪੁਰ ਜਾਣ ਉਪਰੰਤ ਆਪ ਨੇ ਸਿੱਖ ਧਰਮ ਨੂੰ ਪ੍ਰਚਾਰਿਆ ਅਤੇ ਆਪਣੇ ਪੋਤਰੇ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਨੂੰ ਗੁਰਗੱਦੀ ਦਾ ਵਾਰਸ ਥਾਪ ਕੇ 3 ਮਾਰਚ, 1644 ਈ: ਵਿਚ ਜੋਤੀ-ਜੋਤਿ ਸਮਾ ਗਏ।

ਸੰਨ 1748 ਈ: ਦੀ ਵਿਸਾਖੀ ’ਤੇ ਸਰਬੱਤ ਖਾਲਸੇ ਦੇ ਰੂਪ ਵਿਚ ਇਕੱਤਰ ਹੋ ਕੇ ਭਾਈ ਕਪੂਰ ਸਿੰਘ ਫੈਜਲਪੁਰੀਏ ਅਤੇ ਉਪਰੰਤ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੂੰ ਨੇਤਾ ਚੁਣਿਆ ਗਿਆ। ਇਸ ਉਪਰੰਤ 1764 ਵਿਚ ਭਾਈ ਗੁਰਬਖਸ਼ ਸਿੰਘ ਜੀ ਜਥੇਦਾਰ ਥਾਪੇ ਗਏ, ਜਿਨ੍ਹਾਂ ਨੇ 30 ਸਿੰਘਾਂ ਸਮੇਤ ਅਬਦਾਲੀ ਦੀਆਂ ਅਣਗਿਣਤ ਫੌਜਾਂ ਨਾਲ ਲੜਦਿਆਂ ਹੋਇਆਂ ਸ਼ਹਾਦਤ ਦਾ ਜਾਮ ਪੀਤਾ। ਮਹਾਰਾਜਾ ਰਣਜੀਤ ਸਿੰਘ ਨੇ ਮਹਾਰਾਜਾ ਹੁੰਦਿਆਂ ਹੋਇਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਨੂੰ ਪ੍ਰਵਾਨ ਕੀਤਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਧਰਮ ਨੂੰ ਸਿਆਸਤ ਤੋਂ ਉੱਪਰ ਰੱਖਣ ਦੇ ਸਿਧਾਂਤ ਨੂੰ ਅਮਲ ਵਿਚ ਲਿਆਂਦਾ।

ਉਪਰੰਤ ਸਿੱਖ ਪੰਥ ਵੱਲੋਂ ਕਿਸੇ ਵੱਡੇ ਪੰਥਕ ਮਸਲੇ ’ਤੇ ਫੈਸਲਾ ਲੈਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰ ਸਰਬੱਤ ਖਾਲਸੇ ਦਾ ਇਕੱਠ ਬੁਲਾ ਕੇ ਅਨੇਕਾਂ ਗੁਰਮਤੇ ਪਾਸ ਕੀਤੇ ਜਾਂਦੇ ਸਨ, ਜਿਸ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਹਾਨਤਾ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਸਿਰਜੇ ਸਿਧਾਂਤ ਨੂੰ ਪਰਪੱਕ ਕਰਦੀ ਹੈ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਪਿੰਡ ਲੱਖਪੁਰ, ਤਹਿਸੀਲ ਫਗਵਾੜਾ, ਜ਼ਿਲ੍ਹਾ ਕਪੂਰਥਲਾ। ਮੋਬਾ: 98156-14956

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)