ਮੁੱਖ ਸ਼ਬਦ
ਨਗਰ ਗੋਇੰਦਵਾਲ, ਜੋ ਗੋਂਦੇ (ਗੋਇੰਦੇ) ਨਾਮਕ ਮਰਵਾਹੇ ਖੱਤ੍ਰੀ ਦੇ ਨਾਂ ‘ਤੇ ਵੱਸਿਆ, ਜ਼ਿਲ੍ਹਾ ਅੰਮ੍ਰਿਤਸਰ, ਤਹਿਸੀਲ ਤਰਨ ਤਾਰਨ ਥਾਣਾ ਵੈਰੋਵਾਲ, ਦਰਿਆ ਬਿਆਸ ਕੰਢੇ ਵੱਸੇ ਇਲਾਕੇ ਮਾਝੇ ਦੀ ਇਕ ਪ੍ਰਸਿੱਧ ਆਬਾਦੀ ਹੈ। ਸਿੱਖ ਇਤਿਹਾਸ ਦੇ ਨੁਕਤਾ-ਨਿਗਾਹ ਤੋਂ ਇਹ ਇਕ ਖਾਸ ਵਿਸ਼ੇਸ਼ਤਾ ਰੱਖਣ ਵਾਲਾ ਪਵਿੱਤਰ ਸਥਾਨ ਹੈ। ਇਹ ਨਗਰ ਰੇਲਵੇ ਸਟੇਸ਼ਨ ਤਰਨ ਤਾਰਨ ਤੋਂ 15 ਮੀਲ (24 ਕਿਲੋਮੀਟਰ) ਅਗਨਿ ਕੋਣ ਵੱਲ ਸਥਿਤ ਹੈ।
ਇਹ ਨਗਰ ਪਹਿਲੇ ਪਹਿਲ ਕਿਵੇਂ ਵੱਸਿਆ ਤੇ ਫਿਰ ਦੂਜੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਮਿਹਰ ਦਾ ਸਦਕਾ ਉਨ੍ਹਾਂ ਦੇ ਹੁਕਮ ਨਾਲ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਨੇ ਨਾਮ-ਬਾਣੀ ਦੇ ਪ੍ਰਤਾਪ ਨਾਲ ਇਹ ਨਗਰ ਕਿਵੇਂ ਆਬਾਦ ਕੀਤਾ, ਇਸ ਸਬੰਧ ਵਿਚ ਇਥੇ ਸਭ ਤੋਂ ਪਹਿਲਾਂ ਸ੍ਰੀ ਗੁਰੂ ਅਮਰਦਾਸ ਜੀ ਦੇ ਮੁੱਢਲੇ ਇਤਿਹਾਸਕ ਵੇਰਵੇ ਦੇਣੇ ਜ਼ਰੂਰੀ ਹਨ ਤਾਂ ਕਿ ਗੁਰਮਤਿ ਪ੍ਰੇਮੀ ਪਾਠਕਾਂ ਦੀਆਂ ਨਜ਼ਰਾਂ ਦੇ ਸਾਹਮਣੇ ਇਸ ਨਗਰ ਦਾ ਸਹੀ-ਸਹੀ ਤਾਰੀਖ਼ੀ ਹਾਲ ਸ਼ੀਸ਼ੇ ਦੇ ਅਕਸ ਵਾਂਗ ਝਲਕਦਾ ਸਾਫ਼ ਨਜ਼ਰੀਂ ਪਵੇ।
ਭੱਲਾ ਖ਼ਾਨਦਾਨ ਤੇ ਉਸ ਦਾ ਮੁੱਢਲਾ ਵਾਸ:
ਪ੍ਰਸਿੱਧ ਇਤਿਹਾਸਕਾਰ ਕਵੀ ਕੇਸਰ ਸਿੰਘ ਛਿੱਬਰ ਦੇ ਕਥਨ ਅਨੁਸਾਰ ਭੱਲਾ ਖ਼ਾਨਦਾਨ ਦਾ ਕਦੀਮੀ ਪਿੰਡ ਬਾਸਰਕੇ, ਜ਼ਿਲ੍ਹਾ ਅੰਮ੍ਰਿਤਸਰ ਮਸ਼ਹੂਰ ਹੈ। ਇਸ ਪਿੰਡ ਵਿਚ ਸ੍ਰੀ ਗੁਰੂ ਅਮਰਦਾਸ ਜੀ ਦਾ ਵਡੇਰਾ ਬਿਸ਼ਨਾ ਭੱਲਾ ਨਾਮੀ ਇਕ ਦੁਕਾਨਦਾਰ ਸੀ। (‘ਵਿਚਿ ਬਾਸਰਕੀ ਰਹੇ ਬਿਸ਼ਨਾ ਭਲਾ। ਹੱਟੀ ਬੈਠੇ ਇਕ ਇਕੱਲਾ’।) ਇਸ ਬਿਸ਼ਨੇ ਭੱਲੇ ਦੇ ਘਰ ਹਰਿ ਜੀ ਨਾਮੀ ਪੁੱਤਰ ਪੈਦਾ ਹੋਇਆ, ਜੋ ਵੱਡਾ ਹੋਣ ‘ਤੇ ਮਰਵਾਹੇ ਖੱਤਰੀਆਂ ਦੇ ਘਰ ਵਿਆਹਿਆ ਗਿਆ। ਕੁਝ ਚਿਰ ਪਿੱਛੋਂ ਬਿਸ਼ਨਾ ਭੱਲਾ ਕਿਸੇ ਕਾਰਨ ਪਿੰਡ ਬਾਸਰਕੀਂ ਦਾ ਵਸੇਬਾ ਛੱਡ ਕੇ ਅੰਮ੍ਰਿਤਸਰ ਦੇ ਨੇੜੇ ਪਿੰਡ ਗਿਲਵਾਲੀ ਜਾ ਵੱਸਿਆ ਜਿੱਥੇ ਉਸ ਦੇ ਪੁੱਤਰ ਹਰਿ ਜੀ ਭੱਲੇ ਦੇ ਘਰ ਤੇਜ ਮੱਲ ਦਾ ਜਨਮ ਹੋਇਆ। ਪਿੰਡ ਗਿਲਵਾਲੀ ਜਾਣ ‘ਤੇ ਬਿਸ਼ਨੇ ਦਾ ਵਪਾਰਕ ਕੰਮ ਛੇਤੀ ਹੀ ਚੰਗਾ ਚਮਕ ਨਿਕਲਿਆ। ਜਦ ਤੇਜ ਮੱਲ ਬਾਰ੍ਹਾਂ ਵਰ੍ਹਿਆਂ ਦਾ ਹੋਇਆ ਤਾਂ ਉਹ ਦੁੱਗਲ ਖੱਤਰੀਆਂ ਦੇ ਘਰ ਵਿਆਹਿਆ ਗਿਆ। ਇਸ ਸਮੇਂ ਬਿਸ਼ਨੇ ਭੱਲੇ ਦੀ ਮਾਲੀ ਹਾਲਤ ਭਾਵੇਂ ਚੰਗੀ ਸੁਧਰ ਗਈ ਸੀ ਤੇ ਉਸ ਦੀ ਤਜਾਰਤ ਵੀ ਚਮਕ ਪਈ ਸੀ, ਪਰ ਫਿਰ ਪਤਾ ਨਹੀਂ ਕਿਉਂ ਉਸ ਨੇ ਪਿੰਡ ਗਿਲਵਾਲੀ ਦਾ ਵਸੇਬਾ ਛੱਡਿਆ ਤੇ ਮੁੜ ਆਪਣੇ ਕਦੀਮੀ ਪਿੰਡ ਬਾਸਰਕੇ ਹੀ ਜਾ ਵੱਸਿਆ। ਪਿੰਡ ਬਾਸਰਕੇ ਜਾਣ ਤੋਂ ਥੋੜ੍ਹਾ ਚਿਰ ਪਿੱਛੋਂ ਹੀ ਬਿਸ਼ਨੇ ਭੱਲੇ ਦਾ ਦੇਹਾਂਤ ਹੋ ਗਿਆ। ਫਿਰ ਥੋੜ੍ਹਾ ਚਿਰ ਪਿੱਛੋਂ ਹੀ ਦੇਵਨੇਤ ਅਜਿਹੀ ਹੋਈ ਕਿ ਜਦ ਬਿਸ਼ਨੇ ਦੇ ਫੁੱਲ ਲੈ ਕੇ ਹਰਿ ਜੀ ਭੱਲਾ ਹਰਿਦ੍ਵਾਰ ਗਿਆ ਤਾਂ ਉਥੇ ਹੀ ਅਚਾਨਕ ਬੀਮਾਰ ਹੋਣ ‘ਤੇ ਸਵਰਗਵਾਸ ਹੋ ਗਿਆ। ਇਥੇ ਹੀ ਉਸ ਦੇ ਪੁੱਤਰ ਤੇਜ ਮੱਲ ਭੱਲੇ ਨੇ, ਜੋ ਉਸ ਦੇ ਨਾਲ ਸੀ, ਉਸ ਦਾ ਅੰਤਿਮ ਸੰਸਕਾਰ ਕੀਤਾ ਤੇ ਆਪ ਮੁੜ ਪਿੰਡ ਬਾਸਰਕੇ ਵਾਪਸ ਪਰਤ ਆਇਆ।
ਸ੍ਰੀ ਅਮਰਦਾਸ ਜੀ ਦਾ ਜਨਮ:
ਫਿਰ ਭਾਈ ਤੇਜ ਮੱਲ (ਤੇਜ ਭਾਨ ਜਾਂ ਤੇਜੋ) ਭੱਲੇ ਦੇ ਘਰ ਮਾਤਾ ਲੱਖੋ (ਲੱਛਮੀ ਦੇਵੀ ਉਰਫ਼ ਸੁਲੱਖਣੀ) ਦੀ ਕੁੱਖੋਂ ਸ੍ਰੀ ਅਮਰਦਾਸ ਜੀ ਦਾ ਜਨਮ ਵੈਸਾਖ ਸੁਦੀ 14 ਸੰਮਤ 1536 ਬਿ. ਮੁਤਾਬਿਕ 5 ਮਈ ਸੰਨ 1479 ਨੂੰ ਪਿੰਡ ਬਾਸਰਕੇ ਦੇ ਸਥਾਨ ‘ਪਰ ਹੋਇਆ। ਭਾਈ ਤੇਜ ਭਾਨ ਦੇ ਤਿੰਨ ਪੁੱਤਰ ਹੋਰ ਸਨ, ਜੋ ਸ੍ਰੀ ਅਮਰਦਾਸ ਜੀ ਤੋਂ ਉਮਰ ਵਿਚ ਵਡੇਰੇ ਸਨ। ‘ਗੁਰ ਪ੍ਰਤਾਪ ਸੂਰਜ’ ਦੇ ਕਥਨ ਅਨੁਸਾਰ ਪਿੰਡ ਬਾਸਰਕੀਂ ਰਹਿ ਕੇ ਇਹ ਸਾਰੇ ਹੀ ਦੁਕਾਨਦਾਰੀ ਦੀ ਥਾਵੇਂ ਖੇਤੀਬਾੜੀ ਦਾ ਕੰਮ ਕਰਨ ਲੱਗ ਪਏ ਸਨ:-
ਖੇਤੀ ਕ੍ਰਿਤ ਕੋ ਸੁਤ ਕਰਹਿ ਤੇਜੋ ਸੁਖ ਪਾਵੈ।
ਬੈਠ ਰਹਹਿ ਸਿਮਰਹਿ ਪ੍ਰਭੂ ਭਗਤੀ ਚਿਤ ਲਾਵੈ।
ਆਪੋ ਆਪਨੇ ਕਾਜ ਮਹਿ ਚਾਰਹੁ ਸੁਤ ਲਾਗੇ।
ਬੀਤ ਗਯੋ ਚਿਰ ਕਾਲ ਹੀ ਪੌਤ੍ਰ ਪਿਖਿ ਆਗੇ।
‘ਸ੍ਰੀ ਗੁਰੂ ਮਹਿਮਾ ਪ੍ਰਕਾਸ਼’ ਦੇ ਲੇਖਕ ਬਾਬਾ ਸਰੂਪ ਦਾਸ ਭੱਲੇ ਨੇ ਵੀ ਕੁਝ ਅਜਿਹਾ ਹੀ ਲਿਖਿਆ ਹੈ:-
ਆਗਿਆ ਕਾਰੀ ਤਿਨ ਸੁਤ ਚਾਰ।
ਗ੍ਰਿਹਿ ਕ੍ਰਿਖੀ ਸਾਧੈ ਸਭ ਬਿਵਹਾਰ।
ਵੇ ਬੈਠੇ ਰਹੇ ਭਵਨ ਸਦ ਕਰੇ।
ਕਛੁ ਕਾਰਜ ਕਰੇ ਨ ਮਨ ਸੋ ਧਰੇ॥3॥
ਵਿਆਹ ਤੇ ਸੰਤਾਨ:
ਲੱਗਭਗ 23 ਸਾਲ ਦੀ ਉਮਰੇ 11 ਮਾਘ ਸੰਮਤ 1559 ਬਿ. ਨੂੰ ਸ੍ਰੀ ਅਮਰਦਾਸ ਜੀ ਦੀ ਸ਼ਾਦੀ ਸਣਖਤਰੇ ਪਿੰਡ ਦੇ ਵਾਸੀ ਸ੍ਰੀ ਦੇਵ ਚੰਦ ਬਹਿਲ ਦੀ ਸਪੁੱਤਰੀ ਬੀਬੀ ਰਾਮ ਕੌਰ ਜੀ ਦੇ ਨਾਲ ਹੋਈ। ਸ੍ਰੀ ਅਮਰਦਾਸ ਜੀ ਦੇ ਘਰ ਇਹ ਸੰਤਾਨ ਪੈਦਾ ਹੋਈ 1) ਬੀਬੀ ਦਾਨੀ ਜੀ, 2) ਬੀਬੀ ਭਾਨੀ ਜੀ, 3) ਬਾਬਾ ਮੋਹਨ ਜੀ, 4) ਬਾਬਾ ਮੋਹਰੀ ਜੀ। ਸ੍ਰੀ ਅਮਰਦਾਸ ਜੀ ਉਸ ਸਮੇਂ ਪਿੰਡ ਬਾਸਰਕੀਂ ਰਹਿ ਕੇ ਘਰ ਦਾ ਚੰਗਾ ਕਾਰੋਬਾਰ ਕਰਦੇ ਸਨ, ਜਿਸ ਕਰਕੇ ਗੁਜ਼ਾਰਾ ਚੰਗਾ ਚੱਲਦਾ ਸੀ। ਆਪ ਦਾ ਸੁਭਾਉ ਮੁੱਢੋਂ ਹੀ ਬੜਾ ਭਗਤੀ-ਭਾਵ ਭਰਿਆ ਤੇ ਦਾਨੀ ਸੀ।
ਗੁਰੂ-ਘਰ ਨਾਲ ਪ੍ਰੇਮ ਤੇ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸੇਵਾ:
ਬਾਬਾ ਸਰੂਪ ਦਾਸ ਭੱਲਾ ਦੇ ਕਥਨ ਅਨੁਸਾਰ ਸ੍ਰੀ ਗੁਰੂ ਅਮਰਦਾਸ ਜੀ ਹਰੇਕ ਸਾਲ ਦੋ ਵਾਰ ਹਰਿਦ੍ਵਾਰ ਦੀ ਯਾਤਰਾ ਵਾਸਤੇ ਜਾਂਦੇ ਸਨ। “ਗੰਗਾ ਸੇਵਨ ਬ੍ਰਤ ਮਨ ਕਰਾ ਬਰਖ ਮਾਹਿ ਜਾਤ੍ਰਾ ਦੁਇ ਕਰਾ।” (ਮਹਿਮਾ ਪ੍ਰਕਾਸ਼), ਇਸ ਤਰ੍ਹਾਂ ਜਦ ਉਹ 21ਵੀਂ ਵਾਰ ਹਰਿਦ੍ਵਾਰ (ਗੰਗਾ) ਗਏ ਤਾਂ ਰਸਤੇ ਵਿਚ ਅਜਿਹੀ ਠੋਕਰ ਲੱਗੀ ਕਿ ਪਿੰਡ ਵਾਪਸ ਪਹੁੰਚਦਿਆਂ ਹੀ ਪੂਰਨ ਬ੍ਰਹਮ-ਗਿਆਨੀ ਗੁਰੂ ਦੀ ਭਾਲ ਕਰਨੀ ਸ਼ੁਰੂ ਕੀਤੀ।
ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ ਬੀਬੀ ਅਮਰੋ ਜੀ ਉਨ੍ਹਾਂ ਦੇ ਸਕੇ ਭਤੀਜੇ ਨਾਲ ਵਿਆਹੇ ਹੋਏ ਸਨ:-
ਸ੍ਰੀ ਅੰਗਦ ਜੀ ਕੀ ਸੁਤਾ ਬੀਬੀ ਅਮਰੋ ਨਾਮ।
ਹਰਿ ਨਿਜ ਭਗਤੀ ਬਾਝ ਧਰਯੋ ਉਤਰੀ ਸਤਿਗੁਰ ਧਾਮ॥32॥
ਸ੍ਰੀ ਅਮਰਦਾਸ ਕੋ ਭ੍ਰਾਤ ਸੁਤ ਅਤਿ ਵਡਭਾਗੀ ਆਹ।
ਪੁਰਾਤਨ ਕੁਟੰਬ ਸੰਜੋਗ ਬਿਧ, ਤਾ ਸੋ ਭਯੋ ਬਿਵਾਹ॥33॥
ਬੀਬੀ ਅਮਰੋ ਜੀ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਗੁਰਬਾਣੀ ਦਾ ਪਾਠ ਉੱਚੀ ਸੁਰ ਨਾਲ ਕਰਿਆ ਕਰਦੇ ਸਨ। ਕੋਲੋ-ਕੋਲੀ ਘਰ ਹੋਣ ਕਰਕੇ ਸ੍ਰੀ ਅਮਰਦਾਸ ਜੀ ਨੇ ਬੀਬੀ ਜੀ ਦੇ ਮੂੰਹੋਂ ਗੁਰਬਾਣੀ ਦਾ ਪਾਠ ਸੁਣਿਆ ਤਾਂ ਉਨ੍ਹਾਂ ਨੂੰ ਗੁਰੂ-ਦਰਸ਼ਨਾਂ ਦੀ ਖਿੱਚ ਪਈ ਜਿਸ ਕਾਰਨ ਛੇਤੀ ਹੀ ਇਕ ਦਿਨ ਸ੍ਰੀ ਖਡੂਰ ਸਾਹਿਬ ਪਹੁੰਚ ਕੇ ਗੁਰੂ-ਦਰਬਾਰ ਵਿਚ ਹਾਜ਼ਰ ਹੋ ਗਏ। ਅੱਗੋਂ ਸ੍ਰੀ ਗੁਰੂ ਅੰਗਦ ਦੇਵ ਜੀ ਉਨ੍ਹਾਂ ਨੂੰ ਮਿਲ ਕੇ ਬੜੇ ਖੁਸ਼ ਹੋਏ ਤੇ ਚੰਗੀ ਆਉ-ਭਗਤ ਕੀਤੀ। ਗੁਰੂ-ਦਰਬਾਰ ਸ੍ਰੀ ਖਡੂਰ ਸਾਹਿਬ ਵਿਖੇ ਸਤਿਸੰਗਤ ਦੀ ਰੌਣਕ ਤੇ ਨਾਮ-ਬਾਣੀ ਦਾ ਅਖੰਡ ਪ੍ਰਵਾਹ ਚੱਲਦਾ ਦੇਖ ਕੇ ਫਿਰ ਵਾਪਸ ਘਰ ਨਾ ਗਏ ਤੇ ਉਥੇ ਹੀ ਗੁਰੂ-ਸੰਗਤ ਦੀ ਸੇਵਾ ਕਰਨ ਲੱਗ ਪਏ। ਗੁਰੂ-ਆਗਿਆ ਨਾਲ ਰੋਜ਼ ਸਵੇਰੇ ਦਰਿਆ ਬਿਆਸ ਵਿੱਚੋਂ ਪਾਣੀ ਦੀ ਗਾਗਰ ਭਰ ਕੇ ਲਿਆਉਣੀ ਤੇ ਆਪਣੇ ਹੱਥੀਂ ਬੜੇ ਸ਼ਰਧਾ-ਭਾਵ ਨਾਲ ਗੁਰੂ ਜੀ ਨੂੰ ਇਸ਼ਨਾਨ ਕਰਵਾਉਣਾ ਉਨ੍ਹਾਂ ਦਾ ਨਿੱਤ ਕਰਮ ਸੀ। ਇਸ ਤਰ੍ਹਾਂ ਗੁਰੂ-ਸੇਵਾ ਕਰਦਿਆਂ ਜਦ ਬਾਰਾਂ ਕੁ ਸਾਲ ਹੋ ਗਏ ਤਾਂ ਇਕ ਦਿਨ ਹਨ੍ਹੇਰੇ ਵਿਚ ਦਰਿਆ ਬਿਆਸ ‘ਚੋਂ ਪਾਣੀ ਲੈ ਕੇ, ਆਉਂਦੇ ਹੋਏ ਰਸਤੇ ਵਿਚ ਜੁਲਾਹਿਆਂ ਦੀ ਖੱਡੀ ਵਿਚ ਡਿੱਗ ਪਏ ਤੇ ਸੱਟ ਲੱਗਣ ਦੇ ਬਾਵਜੂਦ ਗਾਗਰ ਵਿੱਚੋਂ ਪਾਣੀ ਨਾ ਡੁੱਲ੍ਹਣ ਦਿੱਤਾ। ਪਤਾ ਲੱਗਣ ‘ਤੇ ਜੁਲਾਹੀ ਨੇ ਉਨ੍ਹਾਂ ਨੂੰ ‘ਨਿਥਾਵਾਂ ਅਮਰੂ’ ਕਹਿ ਕੇ ਕੋਸਿਆ, ਪਰ ਆਪ ਉਸ ਦੇ ਦੁਰਬਚਨ ਬਰਦਾਸ਼ਤ ਕਰ ਕੇ ਜਦ ਗੁਰੂ ਜੀ ਦੀ ਹਜ਼ੂਰੀ ਵਿਚ ਪੇਸ਼ ਹੋਏ ਤਾਂ ਸਾਰੀ ਗੱਲ ਦਾ ਪਤਾ ਲੱਗਣ-ਸਾਰ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਬੜੇ ਕਿਰਪਾ-ਭਾਵ ਨਾਲ ਸ੍ਰੀ ਅਮਰਦਾਸ ਜੀ ਨੂੰ ‘ਨਿਮਾਣਿਆਂ ਦਾ ਮਾਣ, ਨਿਤਾਣਿਆਂ ਦਾ ਤਾਣ ਤੇ ਨਿਓਟਿਆਂ ਦੀ ਓਟ’ ਆਦਿ ਬਖਸ਼ਿਸ਼ਾਂ ਕਰ ਕੇ ਗਲੇ ਲਗਾਇਆ।
ਜਦੋਂ ਆਪ ਜੀ ਦੀ ਸੇਵਾ ਪ੍ਰਵਾਨ ਹੋਈ ਤਾਂ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਆਪ ਨੂੰ ਗੁਰਗੱਦੀ ਦੀ ਬਖਸ਼ਿਸ਼ ਵੀ ਕਰ ਦਿੱਤੀ ਅਤੇ ਫ਼ੁਰਮਾਇਆ ਕਿ ਹੁਣ ਤੁਸੀਂ ਉਸੇ ਤਰ੍ਹਾਂ ਸ੍ਰੀ ਖਡੂਰ ਸਾਹਿਬ ਤੋਂ ਦੂਰ ਜਾ ਕੇ ਕਿਸੇ ਨਿਵੇਕਲੀ ਥਾਂ ਰਹੋ ਤੇ ਨਾਮ-ਬਾਣੀ ਦਾ ਪ੍ਰਚਾਰ ਕਰੋ ਜਿਸ ਤਰ੍ਹਾਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਤੋਂ 13 ਸਾਲ ਪਹਿਲਾਂ ਦਰਿਆ ਰਾਵੀ ਕੰਢੇ ਸ੍ਰੀ ਕਰਤਾਰਪੁਰ ਸਾਹਿਬ ਗੁਰਗੱਦੀ ਬਖਸ਼ ਕੇ ਉਸੇ ਵੇਲੇ ਆਪ ਨੂੰ ਸ੍ਰੀ ਖਡੂਰ ਸਾਹਿਬ ਭੇਜ ਦਿੱਤਾ ਸੀ, ਕਿਉਂਕਿ ਇਸ ਤਰ੍ਹਾਂ ਗੱਦੀ ਲੈ ਕੇ ਉਨ੍ਹਾਂ ਦੇ ਉਸ ਥਾਂ ਟਿਕੇ ਰਹਿਣ ਨਾਲ ਕਈ ਘਰੋਗੀ ਝਗੜੇ ਛਿੜਨ ਦਾ ਡਰ ਸੀ। ਸ੍ਰੀ ਗੁਰੂ ਅਮਰਦਾਸ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਇਹ ਹੁਕਮ ਸਿਰ-ਮੱਥੇ ਪ੍ਰਵਾਨ ਕੀਤਾ ਅਤੇ ਗੋਇੰਦਵਾਲ ਚਲੇ ਗਏ।
ਨਗਰ ਗੋਇੰਦਵਾਲ ਦੀ ਆਬਾਦੀ:
ਉਨ੍ਹੀਂ ਦਿਨੀਂ ਨਗਰ ਗੋਇੰਦਵਾਲ ਦਾ ਸਥਾਨ ਬਿਆਸ ਦੇ ਐਨ ਕੰਢੇ ‘ਤੇ ਹੋਣ ਕਰਕੇ ਭਾਵੇਂ ਇਲਾਕਾ ਜਲੰਧਰ ਦੁਆਬਾ ਤੋਂ ਲਾਹੌਰ ਜਾਣ ਲਈ ਸ਼ਾਹੀ ਕਾਫ਼ਲਿਆਂ ਦਾ ਲਾਂਘਾ ਹੋਣ ਕਰਕੇ ਤੇ ਬੜੇ ਉੱਚੇ ਟਿੱਬੇ ਦੀ ਸ਼ਕਲ ਵਿਚ ਹੋਣ ਕਰਕੇ ਬੜਾ ਸੁਹਾਵਣਾ ਨਜ਼ਾਰਾ ਪੇਸ਼ ਕਰਦਾ ਸੀ, ਪਰ ਹਰ ਪ੍ਰਕਾਰ ਦੀਆਂ ਤਜਾਰਤੀ ਸਹੂਲਤਾਂ ਦੇ ਬਾਵਜੂਦ ਵੀ ਕੁਝ ਕਾਰਨਾਂ ਕਰਕੇ ਉਜਾੜ ਪਿਆ ਸੀ। ਭਾਈ ਗੋਂਦੇ ਨਾਮੀ ਇਕ ਮਰਵਾਹੇ ਖੱਤਰੀ ਨੇ ਆਪਣੇ ਭਾਈਚਾਰੇ ਸਮੇਤ ਇਥੇ ਪਹੁੰਚ ਕੇ ਕਈ ਵਾਰ ਨਗਰ ਵਸਾਉਣ ਦਾ ਯਤਨ ਕੀਤਾ, ਪਰ ਅਨੇਕ ਯਤਨ ਕਰਨ ‘ਤੇ ਵੀ ਉਸ ਦੀ ਇਹ ਸੱਧਰ ਪੂਰੀ ਨਾ ਹੋ ਸਕੀ। ਛੇਕੜ ਭਾਈ ਗੋਂਦਾ ਮੱਲ ਨੇ ਬੜੇ ਸ਼ਰਧਾ-ਭਾਵ ਨਾਲ ਸ੍ਰੀ ਖਡੂਰ ਸਾਹਿਬ ਪਹੁੰਚ ਕੇ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਪ੍ਰਾਪਤ ਕੀਤੀ।
ਭਾਈ ਗੋਂਦਾ ਮੱਲ ਜੀ ਦੇ ਅਰਜ਼ ਕਰਨ ‘ਤੇ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਸ੍ਰੀ (ਗੁਰੂ) ਅਮਰਦਾਸ ਜੀ ਨੂੰ ਗੋਇੰਦਵਾਲ ਜਾਣ ਦਾ ਹੁਕਮ ਕੀਤਾ। ਗੁਰੂ-ਆਗਿਆ ਮੰਨ ਕੇ ਸ੍ਰੀ ਅਮਰਦਾਸ ਜੀ ਭਾਈ ਗੋਂਦੇ ਨਾਲ ਉਥੇ ਗਏ ਤੇ ਨਾਮ-ਬਾਣੀ ਦੇ ਪ੍ਰਤਾਪ ਨਾਲ ਨਵਾਂ ਨਗਰ ਵਸਾ ਕੇ ਉਸ ਦਾ ਨਾਂ ‘ਗੋਂਦਵਾਲ’ (ਗੋਇੰਦਵਾਲ) ਰੱਖ ਦਿੱਤਾ। ਭਾਈ ਗੋਂਦੇ ਸਮੇਤ ਸ੍ਰੀ ਗੁਰੂ ਅਮਰਦਾਸ ਜੀ ਨੇ ਉਥੇ ਪਰਵਾਰ ਸਮੇਤ ਆਪਣੀ ਰਿਹਾਇਸ਼ ਵਾਸਤੇ ਅਤਿ ਸੁੰਦਰ ਮਕਾਨ ਬਣਾਏ ਤੇ ਦੂਰ-ਨੇੜਿਓਂ ਵਪਾਰੀਆਂ ਤੇ ਪਿੰਡਾਂ ਦੇ ਲੋਕਾਂ ਨੂੰ ਬੜੀ ਖੁੱਲ੍ਹਦਿਲੀ ਨਾਲ ਸੱਦ ਕੇ ਉਥੇ ਵਸਾਇਆ, ਜਿਸ ਕਰਕੇ ਥੋੜ੍ਹੇ ਚਿਰ ਵਿਚ ਹੀ ਗੋਇੰਦਵਾਲ ਘੁੱਗ ਵੱਸਣ ਲੱਗਾ ਤੇ ਉਥੋਂ ਦੀ ਰੌਣਕ ਵਧ ਗਈ। ਸ੍ਰੀ ਗੁਰੂ ਅੰਗਦ ਦੇਵ ਜੀ ਖ਼ੁਦ ਖਡੂਰੋਂ ਚੱਲ ਕੇ ਇਕ-ਦੋ ਵੇਰ ਉਥੇ ਅਸ਼ੀਰਵਾਦ ਦੇਣ ਤੇ ਨਗਰ ਦੇਖਣ ਲਈ ਆਏ।
ਖਡੂਰੋਂ ਗੋਇੰਦਵਾਲ:
ਇਸ ਤਰ੍ਹਾਂ ਨਗਰ ਗੋਇੰਦਵਾਲ ਆਬਾਦ ਹੋਣ ‘ਤੇ ਸ੍ਰੀ ਗੁਰੂ ਅਮਰਦਾਸ ਜੀ ਨੇ ਪ੍ਰਸਿੱਧ ਸਿੱਖ ਸੇਵਕਾਂ ਨੂੰ ਵੀ ਉਥੇ ਹੀ ਬੁਲਾ ਲਿਆ। ਇਸ ਤਰ੍ਹਾਂ ਦੂਰ-ਨੇੜੇ ਦੇ ਸਿੱਖ ਵੀ ਗੁਰੂ-ਘਰ ਦੀ ਹਾਜ਼ਰੀ ਭਰਨ ਲੱਗੇ ਤੇ ਗੁਰਸਿੱਖੀ ਦਾ ਦਾਇਰਾ ਵਸੀਹ ਹੋਣ ਅਤੇ ਸੰਗਤਾਂ ਦੀ ਆਵਾਜਾਈ ਵਧਣ ਕਰਕੇ ਨਗਰ ਗੋਇੰਦਵਾਲ ਦੀ ਰੌਣਕ ਦਿਨੋਂ-ਦਿਨ ਵਧਣ ਲੱਗੀ।
ਬਾਉਲੀ ਸਾਹਿਬ ਦੀ ਰਚਨਾ:
ਉਸ ਸਮੇਂ ਸ਼ਾਹੀ ਕਾਫ਼ਲੇ ਦਿੱਲੀਓਂ ਲਾਹੌਰ ਪਹੁੰਚਣ ਲਈ ਚੂੰਕਿ ਦਰਿਆ ਬਿਆਸ ਤੋਂ ਗੋਇੰਦਵਾਲ ਦਾ ਪੱਤਣ ਲੰਘ ਕੇ ਜਾਂਦੇ ਸਨ ਤੇ ਫਿਰ ਅੱਗੇ ਅਫ਼ਗਾਨਿਸਤਾਨ ਜਾਣ ਲਈ ਵੀ ਇਹੋ ਰਸਤਾ ਸੀ, ਇਸ ਲਈ ਇਥੋਂ ਦਰਿਆਓਂ ਪਾਰ ਆਉਣ-ਜਾਣ ਵਾਲੇ ਕਾਫ਼ਲਿਆਂ ਨੂੰ ਸਾਫ਼ ਪਾਣੀ ਦੀ ਬੜੀ ਦਿੱਕਤ ਮਹਿਸੂਸ ਹੁੰਦੀ ਰਹਿੰਦੀ ਸੀ। ਇਸ ਮੁਸ਼ਕਿਲ ਨੂੰ ਦੂਰ ਕਰਨ ਵਾਸਤੇ ਸ੍ਰੀ ਗੁਰੂ ਅਮਰਦਾਸ ਜੀ ਨੇ ਸੰਮਤ 1616 ਬਿ. ਵਿਚ ਬਾਉਲੀ ਦਾ ਪਾੜ ਪੁਟਾਉਣਾ ਸ਼ੁਰੂ ਕੀਤਾ ਤੇ ਲੱਗਭਗ ਛੇ ਸਾਲ ਇਹ ਕੰਮ ਚੱਲਦਾ ਰਿਹਾ। ਛੇਕੜ ਸੰਮਤ 1621 ਬਿ. ਵਿਚ ਇਹ ਕੰਮ ਸਿਰੇ ਚੜ੍ਹਿਆ।
ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ, ਜੋ ਭਾਈ ਜੇਠਾ ਜੀ ਦੇ ਤੌਰ ‘ਤੇ ਇਸ ਬਾਉਲੀ ਦੀ ਤਾਮੀਰ ਤੋਂ ਪਹਿਲਾਂ ਹੀ ਬੀਬੀ ਭਾਨੀ ਜੀ ਦੇ ਨਾਲ ਸ਼ਾਦੀ ਹੋਣ ‘ਤੇ ਗੁਰੂ ਜੀ ਦੇ ਦਾਮਾਦ ਬਣ ਗਏ ਸਨ, ਇਸ ਸਮੇਂ ਸਿਰ ਉੱਤੇ ਟੋਕਰੀ ਢੋ ਕੇ ਬਾਉਲੀ ਦੀ ਸੇਵਾ ਕਰਦੇ ਰਹੇ। ਸ੍ਰੀ ਰਾਮਦਾਸ ਜੀ ਦੇ ਇਸ ਸੇਵਾ-ਭਾਵ ਦਾ ਪਤਾ ਲੱਗਣ ‘ਤੇ ਲਾਹੌਰੋਂ ਆਏ ਉਨ੍ਹਾਂ ਦੇ ਸੋਢੀ ਭਾਈਚਾਰੇ ਨੇ ਇਸ ਸੇਵਾ ਬਾਰੇ ਕੁਝ ਇਤਰਾਜ਼ ਵੀ ਕੀਤਾ ਪਰ ਅੱਗੋਂ ਸ੍ਰੀ ਗੁਰੂ ਅਮਰਦਾਸ ਜੀ ਦਾ ਇਹ ਖਰਾ-ਖਰਾ ਉੱਤਰ ਸੁਣ ਕੇ ਕਿ ਸ੍ਰੀ ਰਾਮਦਾਸ ਜੀ ਇਹ ਗੁਰੂ-ਘਰ ਦੀ ਟੋਕਰੀ ਨਹੀਂ ਢੋ ਰਹੇ, ਸਗੋਂ ਤ੍ਰਿਲੋਕੀ ਦੇ ਰਾਜ ਦਾ ਛਤ੍ਰ ਆਪਣੇ ਸੀਸ ਉੱਤੇ ਝੁਲਾ ਰਹੇ ਹਨ, ਸਭ ਚੁੱਪ ਹੋ ਗਏ। ਇਸ ਤਰ੍ਹਾਂ 84 ਪੌੜੀਆਂ ਵਾਲੀ ਇਹ ਬਾਉਲੀ ਉਨ੍ਹਾਂ ਦੇ ਇਸ ਸੇਵਾ-ਭਾਵ ਦਾ ਸਦਕਾ ਹਰ ਪਹਿਲੂ ਤੋਂ ਮੁਕੰਮਲ ਹੋ ਕੇ ਛੇਤੀ ਹੀ ਸਿਰੇ ਚੜ੍ਹ ਗਈ। ਭਾਈ ਕਾਨ੍ਹ ਸਿੰਘ ਨਾਭਾ ਕ੍ਰਿਤ ‘ਗੁਰ ਸ਼ਬਦ ਰਤਨਾਕਰ ਮਹਾਨ ਕੋਸ਼’ ਦੇ ਕਥਨ ਅਨੁਸਾਰ ਇਸ ਬਾਉਲੀ ਦੇ ਨਾਂ ਮੁਗ਼ਲ ਬਾਦਸ਼ਾਹਾਂ ਦੇ ਵੇਲੇ ਦੀ ਜਾਗੀਰ ਗੋਇੰਦਵਾਲ, ਟੋਡੇਵਾਲ, ਦੁੱਗਲ ਵਾਲੇ ਅਤੇ ਫ਼ਤੇ ਚੱਕ ਪਿੰਡਾਂ ਵਿਚ ਹੈ। ਰਿਆਸਤ ਕਪੂਰਥਲਾ ਤੇ ਨਾਭਾ ਵੱਲੋਂ ਵੀ ਜਾਗੀਰਾਂ ਲੱਗੀਆਂ ਹੋਈਆਂ ਸਨ। ਇਸ ਤੋਂ ਇਲਾਵਾ ਇਸ ਸਥਾਨ ਦੇ ਨਾਂ ਲਾਗ-ਪਾਸ ਦੇ ਪਿੰਡਾਂ ਵਿਚ ਵੀ ਬਹੁਤ ਸਾਰੀ ਜ਼ਮੀਨ ਹੈ।
ਗੁਰਦੁਆਰਾ ਹਵੇਲੀ ਸਾਹਿਬ:
ਇਸ ਸਥਾਨ ‘ਤੇ ਸ੍ਰੀ ਗੁਰੂ ਅਮਰਦਾਸ ਜੀ ਦੀ ਰਿਹਾਇਸ਼ ਸੀ। ਗੁਰੂ ਸਾਹਿਬ ਇਸ ਸਥਾਨ ‘ਪਰ ਰੋਜ਼ ਦੀਵਾਨ ਲਗਾਉਂਦੇ ਤੇ ਮਕਾਨ ਦੀ ਕੰਧ ਵਿਚ ਗੱਡੀ ਹੋਈ ਕਿੱਲੀ ਨੂੰ ਫੜ ਕੇ ਤਪੱਸਿਆ ਕਰਦੇ ਸਨ। ਇਸੇ ਸਥਾਨ ‘ਪਰ ਸ੍ਰੀ ਗੁਰੂ ਰਾਮਦਾਸ ਜੀ ਦਾ ਗੁਰਿਆਈ ਸਥਾਨ, ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ ਸਥਾਨ, ਪਾਲਕੀ, ਥੰਮ੍ਹ ਸਾਹਿਬ, ਬੀਬੀ ਭਾਨੀ ਦਾ ਚੁੱਲ੍ਹਾ ਤੇ ਸ੍ਰੀ ਗੁਰੂ ਰਾਮਦਾਸ ਜੀ ਦੇ ਜੋਤੀ-ਜੋਤਿ ਸਮਾਉਣ ਦੇ ਸਥਾਨ ਵੀ ਸ਼ਾਮਲ ਹਨ।
ਖੂਹ ਸ੍ਰੀ ਗੁਰੂ ਰਾਮਦਾਸ ਜੀ:
ਇਹ ਖੂਹ ਨਗਰ ਗੋਇੰਦਵਾਲ ਦੀ ਘਣੀ ਆਬਾਦੀ ਦੇ ਵਿਚਕਾਰ ਹੈ, ਜਿੱਥੇ ਕੋਲ ਹੀ ਸੰਬੰਧਿਤ ਕਮਰੇ ਵਿਚ ਰੋਜ਼ਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ।
ਸ੍ਰੀ ਆਨੰਦ ਜੀ ਦਾ ਘਰ:
ਸ੍ਰੀ ਗੁਰੂ ਅਮਰਦਾਸ ਜੀ ਦੇ ਪੋਤਰੇ ਤੇ ਮੋਹਰੀ ਜੀ ਦੇ ਪੁੱਤਰ ਬਾਬਾ ਆਨੰਦ ਜੀ ਦਾ ਨਿਵਾਸ ਸਥਾਨ। ਇਹ ਬਾਬਾ ਜੀ ਬੜੇ ਕਰਨੀ ਵਾਲੇ ਹੋਏ ਹਨ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਇਕ ਵੇਰ ਇਨ੍ਹਾਂ ਨੂੰ ਪਾਲਕੀ ਭੇਜ ਕੇ ਗੋਇੰਦਵਾਲੋਂ ਆਪਣੇ ਕੋਲ ਬੁਲਾਇਆ ਸੀ। ਇਨ੍ਹਾਂ ਦੀ ਉਹ ਪਾਲਕੀ ਹੁਣ ਤਕ ਇਤਿਹਾਸਕ ਨਿਸ਼ਾਨੀ ਵਜੋਂ ਗੋਇੰਦਵਾਲ ਵਿਖੇ ਮੌਜੂਦ ਹੈ।
ਬਾਬਾ ਮੋਹਨ ਜੀ ਦਾ ਚੁਬਾਰਾ:
ਇਹ ਪਵਿੱਤਰ ਸਥਾਨ ਸ੍ਰੀ ਗੁਰੂ ਅਮਰਦਾਸ ਜੀ ਦੀ ਹਵੇਲੀ ਨਾਲ ਸੰਬੰਧਿਤ ਹੈ ਤੇ ਇਸ ਸਥਾਨ ‘ਪਰ ਸ੍ਰੀ ਗੁਰੂ ਅਮਰਦਾਸ ਜੀ ਦੇ ਵੱਡੇ ਸਪੁੱਤਰ ਬਾਬਾ ਮੋਹਨ ਜੀ ਨਿਵਾਸ ਰੱਖਦੇ ਸਨ। ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਕਰਨ ਸਮੇਂ ਬਾਬਾ ਸਹੰਸ੍ਰਰਾਮ ਦੀਆਂ, ਗੋਇੰਦਵਾਲ ਵਾਲੀਆਂ ਗੁਰਬਾਣੀ ਦੀਆਂ ਦੋਵੇਂ ਹੱਥਲਿਖਤ ਪ੍ਰਾਚੀਨ ਪੋਥੀਆਂ, ਇਥੋਂ ਹੀ ਲੈਣ ਆਏ ਸਨ। ਹੁਣ ਇਹ ਚੁਬਾਰਾ, ਨਵੇਂ ਸਿਰੇ ਉਸਾਰਿਆ ਗਿਆ ਹੈ।
ਸ੍ਰੀ ਗੁਰੂ ਅਮਰਦਾਸ ਜੀ ਦਾ ਲੰਗਰ:
ਸ੍ਰੀ ਖਡੂਰ ਸਾਹਿਬ ਵਿਚ ਮਾਤਾ ਖੀਵੀ ਜੀ (ਸੁਪਤਨੀ ਸ੍ਰੀ ਗੁਰੂ ਅੰਗਦ ਦੇਵ ਜੀ) ਦਾ ਲੰਗਰ ਤੇ ਗੋਇੰਦਵਾਲ ਵਿਚ ਸ੍ਰੀ ਗੁਰੂ ਅਮਰਦਾਸ ਜੀ ਦਾ ਲੰਗਰ ਦੋਵੇਂ ਸ਼ੁਰੂ ਤੋਂ ਹੀ ਮਸ਼ਹੂਰ ਇਤਿਹਾਸਕ ਲੰਗਰ ਹਨ। ਗੋਇੰਦਵਾਲ ਦਾ ਲੰਗਰ ਪਹਿਲਾਂ ਇਸ ਗੁਰੂ ਸਥਾਨ ਦੇ ਨਾਲ ਹੀ ਸੰਬੰਧਿਤ ਹੋਣ ਕਰਕੇ ਸਾਧਾਰਨ ਕਮਰਿਆਂ ਵਿਚ ਸੀ, ਪਰ ਹੁਣ ਪਿੱਛੋਂ ਜਦ ਗੁਰਦੁਆਰਾ ਬਾਉਲੀ ਸਾਹਿਬ ਦੀ ਆਲੀਸ਼ਾਨ ਇਮਾਰਤ ਬਣਾਈ ਗਈ ਤਾਂ ਉਸ ਦੇ ਨਾਲ ਹੀ ਥੋੜ੍ਹੀ ਕੁ ਵਿੱਥ ‘ਤੇ ਲਹਿੰਦੇ ਵੱਲ, ਗੁਰੂ ਕੇ ਲੰਗਰ ਦੀ ਇਕ ਆਲੀਸ਼ਾਨ ਇਮਾਰਤ ਤਾਮੀਰ ਕੀਤੀ ਗਈ। ਲੰਗਰ ਦੀ ਇਹ ਨਵੀਂ ਇਮਾਰਤ ਬਣਨ ‘ਤੇ ਇਸ ਵਿਚ ਗੁਰੂ-ਸੰਗਤ ਦੇ ਬੈਠਣ ਲਈ ਚੋਖੀ ਥਾਂ ਹੈ, ਇਸ ਬਾਰੇ ਸਾਰੀਆਂ ਹੀ ਦਿੱਕਤਾਂ ਦੂਰ ਹੋ ਗਈਆਂ ਹਨ, ਜਿਸ ਕਰਕੇ ਗੁਰੂ-ਘਰ ਦੀ ਸ਼ਾਨ ਵਿਚ ਹੋਰ ਵੀ ਵਾਧਾ ਹੋਇਆ ਹੈ।
ਲੇਖਕ ਬਾਰੇ
ਹੱਥ ਲਿਖਤ ਤੇ ਦੁਰਲਭ ਖਰੜਿਆਂ ਦੇ ਸੁਘੜ ਖੋਜੀ, ਕਵੀ, ਅਨੁਵਾਦਕ, ਸੰਪਾਦਕ, ਇਤਿਹਾਸਕਾਰ, ਆਲੋਚਕ ਅਤੇ ਨਿਬੰਧਕਾਰ ਸ.ਸ਼ਮਸ਼ੇਰ ਸਿੰਘ ਅਸ਼ੋਕ (੧੦.੨.੧੯੦੪ - ੧੪.੭.੧੯੮੬) ਕਿਸੇ ਜਾਣ ਪਛਾਣ ਦੇ ਮੁਥਾਜ ਨਹੀ। ਉਹਨਾਂ ਦੀਆ ਤਕਰੀਬਨ ੧੦੦ ਕੁ ਦੇ ਕਰੀਬ ਕਿਤਾਬਾ ਮੌਲਿਕ , ਸੰਪਾਦਨ, ਅਨੁਵਾਦ ਅਤੇ ਖੋਜ ਦੇ ਰੂਪ ਵਿਚ ਪ੍ਰਕਾਸ਼ਿਤ ਹੋਈਆਂ, ਸੈਕੜਿਆਂ ਦੀ ਤਦਾਦ ਚ ਉਨ੍ਹਾਂ ਦੇ ਖੋਜ ਪੱਤਰ ਤੇ ਲੇਖ ਉਸ ਵਕਤ ਦੀਆਂ ਖੋਜ-ਪਤ੍ਰਿਕਾਵਾਂ ਤੇ ਅਖ਼ਬਾਰਾਂ ਚ ਛਪਦੇ ਰਹੇ । ਜੂਨ ੧੯੪੩ ਤੋ ੧੯੪੫ ਤੱਕ ਉਹ ਸਿੱਖ ਨੈਸ਼ਨਲ ਕਾਲਜ ਲਹੌਰ ਵਿਖੇ ਰੀਸਰਚ ਸਕਾਲਰ ਵਜੋ ਕਾਰਜਰਤ ਰਹੇ, ੧੯੪੫ ਤੋ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਲਾਹੌਰ ਵਿਖੇ ਰਹਿ ਕੇ ਹੀ ਆਪਣੀਆਂ ਸੇਵਾਵਾਂ ਦਿੰਦੇ ਰਹੇ ,ਮੁਲਕ ਦੀ ਤਕਸੀਮ ਵਕਤ ਕੁਝ ਸਮਾਂ ਅਮ੍ਰਿਤਸਰ ਵਿਖੇ ਕਮੇਟੀ ਅਧੀਨ ਲਾਇਬ੍ਰੇਰੀ ਚ ਵੀ ਸੇਵਾ ਨਿਭਾਈ। ੧੯੪੮ਤੋ ੧੯੫੯ ਤੱਕ ਪਟਿਆਲ਼ਾ ਰਿਆਸਤ ਰਾਹੀਂ ਸਥਾਪਿਤ ਮਹਿਕਮਾ ਪੰਜਾਬੀ (ਹੁਣ ਭਾਸ਼ਾ ਵਿਭਾਗ) ਵਿਖੇ ਕੋਸ਼ਕਾਰ ਤੇ ਹੱਥ ਲਿਖਤਾਂ ਦੇ ਖੋਜੀ ਰਹੇ, ੧੯੫੯ ਵਿਚ ਕੁਝ ਸਮਾਂ ਮੋਤੀ ਬਾਗ਼ ਪਟਿਆਲ਼ਾ ਵਿਖੇ ਵੀ ਕਾਰਜ ਕੀਤਾ। ਸਰਦਾਰ ਸਾਹਬ ਹੁਣਾਂ ਦੀ ਮਿਹਨਤ ਤੇ ਲਗਨ ਨੂੰ ਵੇਖਦਿਆਂ ਮਹਿਕਮਾ ਪੰਜਾਬੀ ਵਿਖੇ ਆਪ ਨੂੰ ੧੯੬੦ ਤੋ ੧੯੬੩ ਤਕ ਦੁਬਾਰਾ ਨਿਯੁਕਤ ਕੀਤਾ ਗਿਆ। ਇਸੇ ਸਮੇਂ ਦੌਰਾਨ ‘ਗੁਰੂ ਸ਼ਬਦ ਰਤਨਾਕਰ ਮਹਾਨ ਕੋਸ਼’ ਦੀ ਦੂਜੀ ਐਡੀਸ਼ਨ ਦਾ ਸੰਪਾਦਨ ਵੀ ਆਪ ਨੇ ਕੀਤਾ,ਉਥੇ ਹੱਥ ਲਿਖਤਾਂ ਦੀ ਸੂਚੀ ਵੀ ਪ੍ਰਕਾਸ਼ਿਤ ਕੀਤੀ । ਸੰਨ ੧੯੬੪ ਵਿਚਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿਖ ਇਤਿਹਾਸ ਰੀਸਰਚ ਬੋਰਡ ਵਿਖੇ ਰੀਸਰਚ ਸਕਾਲਰ ਵਜੋ ਨਿਯੁਕਤ ਕੀਤਾ ।ਜਿਥੇ ੧੯੮੧ ਤੱਕ ਸੇਵਾ ਨਿਭਾਈ ।
- ਸ. ਸ਼ਮਸ਼ੇਰ ਸਿੰਘ ਅਸ਼ੋਕhttps://sikharchives.org/kosh/author/%e0%a8%b8-%e0%a8%b6%e0%a8%ae%e0%a8%b6%e0%a9%87%e0%a8%b0-%e0%a8%b8%e0%a8%bf%e0%a9%b0%e0%a8%98-%e0%a8%85%e0%a8%b6%e0%a9%8b%e0%a8%95/April 1, 2008
- ਸ. ਸ਼ਮਸ਼ੇਰ ਸਿੰਘ ਅਸ਼ੋਕhttps://sikharchives.org/kosh/author/%e0%a8%b8-%e0%a8%b6%e0%a8%ae%e0%a8%b6%e0%a9%87%e0%a8%b0-%e0%a8%b8%e0%a8%bf%e0%a9%b0%e0%a8%98-%e0%a8%85%e0%a8%b6%e0%a9%8b%e0%a8%95/August 1, 2008
- ਸ. ਸ਼ਮਸ਼ੇਰ ਸਿੰਘ ਅਸ਼ੋਕhttps://sikharchives.org/kosh/author/%e0%a8%b8-%e0%a8%b6%e0%a8%ae%e0%a8%b6%e0%a9%87%e0%a8%b0-%e0%a8%b8%e0%a8%bf%e0%a9%b0%e0%a8%98-%e0%a8%85%e0%a8%b6%e0%a9%8b%e0%a8%95/September 1, 2008