editor@sikharchives.org

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਵਿਚਾਰਧਾਰਕ ਕਾਰਨ

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੇ ਸਿੱਖ ਪੰਥ ਨੂੰ ਇਕ ਫੈਸਲਾਕੁੰਨ ਮੋੜ ਦਿੱਤਾ।
ਬੁੱਕਮਾਰਕ ਕਰੋ (0)
Please login to bookmark Close

Gurmail Singh

ਪੜਨ ਦਾ ਸਮਾਂ: 1 ਮਿੰਟ

ਜਿਸ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ, ਉਸ ਸਮੇਂ ਉਨ੍ਹਾਂ ਦੇ ਸਮਕਾਲੀ ਤਿੰਨ ਮੁੱਖ ਵੱਡੇ ਮੱਤ- ਹਿੰਦੂ, ਇਸਲਾਮ ਤੇ ਜੋਗ ਮੱਤ ਸਨ ਤੇ ਗੁਰਬਾਣੀ ਮੁਹਾਵਰੇ ਵਿਚ ਇਨ੍ਹਾਂ ਤਿੰਨਾਂ ਦੀ ਪ੍ਰਤੀਨਿਧਤਾ ਬ੍ਰਾਹਮਣ, ਕਾਜ਼ੀ ਤੇ ਜੋਗੀ ਕਰ ਰਹੇ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਬਦਾਂ ਵਿਚ ਇਨ੍ਹਾਂ ਤਿੰਨਾਂ ਮੱਤਾਂ ਦੇ ਪ੍ਰਤੀਨਿਧ ਹੀ ਤਤ੍ਵ-ਗਿਆਨ ਤੋਂ ਵਿੱਛੜੇ ਹੋਏ ਸਨ ਤੇ ਲੋਕਾਈ ਨੂੰ ਔਝੜ ਰਾਹੇ ਪਾ ਰਹੇ ਸਨ। ਰਾਜੇ ਆਮ ਲੋਕਾਂ ਦਾ ਲਹੂ ਪੀਂਦੇ ਤੇ ਗਰੀਬ ਜਨਤਾ ’ਤੇ ਜ਼ੁਲਮ ਕਰਦੇ ਸਨ। ਸਭਿਆਚਾਰਕ ਦ੍ਰਿਸ਼ਟੀ ਤੋਂ ਲੋਕ ਪੂਰੀ ਤਰ੍ਹਾਂ ਰੂੜ੍ਹੀਵਾਦੀ ਤੇ ਅਗਿਆਨ ਦੇ ਘੁੱਪ ਹਨੇਰੇ ਵਿਚ ਫਸੇ ਹੋਏ ਸਨ। ਭਾਈ ਗੁਰਦਾਸ ਜੀ ਦੇ ਸ਼ਬਦਾਂ ਵਿਚ ਧਾਰਮਿਕ ਆਗੂਆਂ ਨੇ ਅਜਿਹੇ ਸਮੇਂ ਅਗਵਾਈ ਤਾਂ ਕੀ ਦੇਣੀ ਸੀ, ਸਗੋਂ ਖੁਦ ਹੀ ਖਹਿ-ਖਹਿ ਮਰੀ/ਲੜੀ ਜਾਂਦੇ ਸਨ। ਅਜਿਹੀਆਂ ਹਾਲਤਾਂ ਦਾ ਵਰਣਨ ਸਾਨੂੰ ਬਾਣੀ ਵਿੱਚੋਂ ਥਾਂ-ਥਾਂ ’ਤੇ ਮਿਲ ਜਾਂਦਾ ਹੈ। ਗੱਲ ਕੀ ਸਮਾਜ ਦੀਆਂ ਹਰੇਕ ਪ੍ਰਕਾਰ ਦੀਆਂ ਕੀਮਤਾਂ ਦਾ ਨਿਘਾਰ ਸੀ। ਅਜਿਹੇ ਹਾਲਾਤਾਂ ਵਿਚ ਗੁਰੂ ਸਾਹਿਬ ‘ਤੀਸਰੇ ਪੰਥ’ ਦੀ ਨੀਂਹ ਰੱਖਦੇ ਹਨ, ਜਿਸ ਨੂੰ ਸਾਰੇ ਗੁਰੂ ਸਾਹਿਬਾਨ ਅੱਗੇ ਵਿਕਾਸ ਵੱਲ ਤੋਰਦੇ ਹਨ।

ਪੰਥ ਦੀ ਨੀਂਹ ਪੱਕੀ ਕਰਨ ਲਈ ਸਾਰੇ ਗੁਰੂ ਸਾਹਿਬਾਨ ਹੀ ਸਮੇਂ-ਸਮੇਂ ਅਨੇਕਾਂ ਸੰਸਥਾਵਾਂ ਦੀ ਨੀਂਹ ਰੱਖਦੇ ਹਨ, ਪੰਚਮ ਗੁਰੂ ਸਾਹਿਬ ਤਕ ਸਿੱਖ ਧਰਮ ਵਿਕਾਸ ਦੇ ਅਜਿਹੇ ਮੋੜ ’ਤੇ ਪਹੁੰਚ ਗਿਆ ਸੀ ਕਿ ਸਥਾਪਤ ਧਿਰਾਂ ਤੇ ਬਾਦਸ਼ਾਹਤ ਨੂੰ ਵੀ ਖ਼ਤਰਾ ਮਹਿਸੂਸ ਹੋਣ ਲੱਗ ਪਿਆ ਸੀ। ਇਸ ਖ਼ਤਰੇ ਦੇ ਅਨੇਕਾਂ ਕਾਰਨ ਸਨ, ਜਿਨ੍ਹਾਂ ਵਿਚ ਪ੍ਰਮੁੱਖ ਇਹ ਸੀ ਕਿ ਸਿੱਖ ਲਹਿਰ ਸ਼ੁਰੂ ਤੋਂ ਹੀ ਗਰੀਬਾਂ, ਨਿਮਾਣਿਆਂ, ਨਿਆਸਰਿਆਂ ਅਥਵਾ ਸ਼ੂਦਰ ਲੋਕਾਂ ਦਾ ਪੱਖ ਲੈ ਰਹੀ ਸੀ, ਜੋ ਸਥਾਪਤ ਧਿਰਾਂ ਨੂੰ ਕਦਾਚਿਤ ਮਨਜ਼ੂਰ ਨਹੀਂ ਸੀ ਤੇ ਉਨ੍ਹਾਂ ਦਾ ਵਿਰੋਧ ਕੁਦਰਤੀ ਸੀ। ਭਾਈ ਰਤਨ ਸਿੰਘ (ਭੰਗੂ) ਦੇ ਸ਼ਬਦਾਂ ਵਿਚ ਬਾਦਸ਼ਾਹਤ ਨੂੰ ‘ਖ਼ਤਰਾ’ ਇਹ ਸੀ ਕਿ ‘ਰਯੀਅਤ’ ਕਿਤੇ ‘ਆਕੀ’ ਨਾ ਹੋ ਬੈਠੇ ਤੇ ਸਾਡੀ ਸਰਦਾਰੀ ਖ਼ਤਮ ਨਾ ਹੋ ਜਾਵੇ, ਸੋ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਅਜਿਹੇ ਹਾਲਾਤਾਂ ਵਿਚ ਸਿੱਖ ਧਰਮ ਦੀ ‘ਅਬਚਲ ਨੀਂਹ’ ਪੱਕਿਆਂ ਕਰਨ ਲਈ ਅਨੇਕ ਮਹੱਤਵਪੂਰਨ ਕਾਰਜ ਕੀਤੇ।

ਸ੍ਰੀ ਗੁਰੂ ਅਰਜਨ ਦੇਵ ਜੀ ਨੇ ਲੱਗਭਗ 25 ਸਾਲ (1581-1606) ਸਿੱਖ ਪੰਥ ਦੀ ਵਾਗਡੋਰ ਸੰਭਾਲੀ ਤੇ ਪੰਥ ਦੇ ਸੰਗਠਨ ਅਥਵਾ ਵਿਕਾਸ ਲਈ ਅਨੇਕਾਂ ਮਹੱਤਵਪੂਰਨ ਕਾਰਜ ਕੀਤੇ, ਜਿਨ੍ਹਾਂ ਵਿੱਚੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੀ ਸਥਾਪਨਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਦਿ ਬੀੜ ਦੀ ਸੰਪਾਦਨਾ ਦੋ ਅਜਿਹੇ ਵਿਸ਼ੇਸ਼ ਕਾਰਜ ਹਨ, ਜਿਨ੍ਹਾਂ ਦੀ ਸਿੱਖ ਧਰਮ ਲਈ ਉਸ ਸਮੇਂ ਤੋਂ ਲੈ ਕੇ ਵਰਤਮਾਨ ਤੇ ਭਵਿੱਖ ਲਈ ਬੁਨਿਆਦੀ ਭੂਮਿਕਾ ਰਹੀ ਤੇ ਰਹਿਣੀ ਹੈ।

ਸ੍ਰੀ (ਗੁਰੂ) ਗ੍ਰੰਥ ਸਾਹਿਬ ਦੀ ਸੰਪਾਦਨਾ ਤੇ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੀ ਸਥਾਪਨਾ ਨਾਲ ਸਿੱਖ ਧਰਮ ਦੀ ਧਾਰਮਿਕ ਹੋਂਦ ਦੀ ਵਿਲੱਖਣਤਾ ਪ੍ਰਗਟ ਹੋ ਗਈ, ਜਿਸ ਨਾਲ, ਭਾਈ ਗੁਰਦਾਸ ਜੀ ਦੀ ਗਵਾਹੀ ਅਨੁਸਾਰ ਭਾਰਤ ਦੇ ਦੂਰ-ਦੁਰਾਡੇ ਇਲਾਕਿਆਂ (ਪੱਟੀ, ਸ਼ਾਹਦਰਾ, ਕਾਬਲ, ਕਸ਼ਮੀਰ, ਥਾਨੇਸਰ, ਰੋਹਤਾਸ, ਆਗਰਾ ਆਦਿ) ਵਿਚ ਸਿੱਖ ਸੰਗਤਾਂ ਸਥਾਪਤ ਹੋ ਗਈਆਂ ਤੇ ਉਨ੍ਹਾਂ ਨੂੰ ਆਪਣਾ ‘ਤੀਰਥ ਅਸਥਾਨ’ ਅਥਵਾ ਕੇਂਦਰੀ ਸਥਾਨ ਤੇ ਵਿਚਾਰਧਾਰਕ ਰਾਹ ਮਿਲ ਗਿਆ ਸੀ। ਸ੍ਰੀ (ਗੁਰੂ) ਗ੍ਰੰਥ ਸਾਹਿਬ ਦੀ ਸੰਪਾਦਨਾ ਨਾਲ ਲੋਕਾਂ ਦੇ ਸਭਿਆਚਾਰ ਵਿਚ ਵਿਸ਼ੇਸ਼ ਕਰਕੇ ਤੇ ਉੱਤਰੀ ਭਾਰਤ ਵਿਚ ਆਮ ਕਰਕੇ ਸਾਹਿਤਕ ਦ੍ਰਿਸ਼ਟੀਕੋਣ ਤੋਂ ਇਕ ਨਵੀਂ ਤੇ ਜਨ-ਜੀਵਨ ਦੀ ਧਾਰਾ, ਗੁਰਮਤਿ ਧਾਰਾ ਦਾ ਅਰੰਭ ਹੋਇਆ, ਜਿਸ ਨਾਲ ਲੋਕਾਂ ਦੇ ਸਭਿਆਚਾਰਕ ਧਰਾਤਲ ਵਿਚ ਬੁਨਿਆਦੀ ਤਬਦੀਲੀਆਂ ਹੋਈਆਂ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਨੇ ਨਾ ਕੇਵਲ ਸਮਕਾਲੀ ਸਾਹਿਤ ਦੀ ਰਾਜਾਮੁਖੀ (ਰੀਤੀ ਕਾਵਿ) ਧਾਰਾ ਨੂੰ ਬਦਲ ਕੇ ਲੋਕ-ਮੁਖੀ ਹੀ ਬਣਾਇਆ, ਬਲਕਿ ਅਜਿਹੇ ਲੋਕਾਂ ਦੇ ਹੱਥਾਂ ਵਿਚ ਕਲਮ ਦਿੱਤੀ, ਜਿਨ੍ਹਾਂ ਨੂੰ ‘ਗਿਆਨ’ ਦੇ ਅੱਖਰ ਬੋਲਣ ਲਈ ਜੀਭ ਕਟਵਾਉਣੀ ਪੈ ਸਕਦੀ ਸੀ ਤੇ ‘ਸੁਣੇ’ ਜਾਣ ’ਤੇ ਕੰਨਾਂ ਵਿਚ ਸਿੱਕਾ ਢਾਲ ਕੇ ਪਾ ਦਿੱਤਾ ਜਾਂਦਾ ਸੀ। ਮੱਧ-ਕਾਲ ਵਿਚ ਜੇਕਰ ਧਿਆਨ ਨਾਲ ਦੇਖਿਆ ਜਾਵੇ ਤਾਂ ਸਾਹਿਤ-ਸਿਰਜਣ ਦਾ ਪ੍ਰੇਰਨਾ-ਸ੍ਰੋਤ ਜਿਥੇ ਗੁਰੂ ਸਾਹਿਬਾਨ ਦਾ ਪਵਿੱਤਰ ਤੇ ਅਲੌਕਿਕ ਜੀਵਨ-ਚਰਿੱਤਰ ਬਣਦਾ ਹੈ, (ਜਿਸ ਆਧਾਰ ’ਤੇ ਇਤਿਹਾਸਕ-ਪ੍ਰਕਿਰਤੀ ਦੀਆਂ ਰਚਨਾਵਾਂ-ਜਨਮਸਾਖੀ ਸਾਹਿਤ ਜਾਂ ਗੁਰਬਿਲਾਸ ਸਾਹਿਤ ਆਦਿ ਰਚੀਆਂ ਗਈਆਂ) ਉਥੇ ਵਿਸ਼ੇਸ਼ ਰੂਪ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਹੀ ਬਣਦੀ ਹੈ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਇਸੇ ਵਿਚਾਰਧਾਰਾ ਦੇ ਪ੍ਰਣਾਏ ਅਨੁਯਾਈਆਂ ਨੇ ਸਮਾਂ ਆਉਣ ’ਤੇ ਕਿਰਪਾਨ ਫੜ ਕੇ ਜ਼ੁਲਮ ਵਿਰੁੱਧ ਟੱਕਰ ਵੀ ਲਈ ਤੇ ਲੋਕ-ਹਿੱਤਾਂ ਦੀ ਸਿਰ ਦੇ ਕੇ ਰਾਖੀ ਕੀਤੀ। ਇਸ ਸਭ ਪਿੱਛੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਮਹਾਨ ਸ਼ਖ਼ਸੀਅਤ ਤੇ ਦੂਰ-ਦ੍ਰਿਸ਼ਟੀ ਹੀ ਕੰਮ ਕਰ ਰਹੀ ਸੀ।

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੇ ਸਿੱਖ ਪੰਥ ਨੂੰ ਇਕ ਫੈਸਲਾਕੁੰਨ ਮੋੜ ਦਿੱਤਾ। ਬਹੁਤ ਸਾਰੇ ਦੇਸ਼ੀ/ਵਿਦੇਸ਼ੀ ਵਿਦਵਾਨਾਂ ਨੇ ਸਿੱਖ ਧਰਮ ਦੀ ਮੂਲ ਪ੍ਰਕ੍ਰਿਤੀ ਤੋਂ ਅਣਜਾਣ ਹੋਣ ਕਾਰਨ, ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨਾਲ ਆਪਣੇ ਫੈਸਲਾਕੁੰਨ ਮੋੜ ਦੀ ਕਾਫ਼ੀ ਗਲਤ ਵਿਆਖਿਆ ਕੀਤੀ ਹੈ। ਮਿਸਾਲ ਲਈ ਪਿਨਕੋਟ (Frederic Pincot) ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਪੈਦਾ ਹੋਏ ਨਵੇਂ ਹਾਲਾਤ (ਮੀਰੀ-ਪੀਰੀ, ਸ੍ਰੀ ਅਕਾਲ ਤਖ਼ਤ, ਜੰਗਾਂ ਆਦਿ), ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੱਚੇ ਉਦੇਸ਼ ਵਿਚ ਰੁਕਾਵਟ ਜਾਪੀ ਹੈ (Thomas Patrick Hughes (ed.), Dictionary of Islam,Cosmo Publications, New Delhi-1982, p. 592)। ਇਸੇ ਤਰ੍ਹਾਂ ਹੀ ਅਰਨੋਲਡ ਟਾਇਨਬੀ (Arnold Toynbee) ਵਰਗਾ ਸੰਸਾਰ ਪ੍ਰਸਿੱਧ ਇਤਿਹਾਸਕਾਰ ਵੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਪਿੱਛੋਂ ਆਏ ਇਤਿਹਾਸਕ ਮੋੜ ਨੂੰ (ਸ੍ਰੀ ਗੁਰੂ ਨਾਨਕ ਦੇਵ ਜੀ ਦੇ) ‘ਅਧਿਆਤਮਿਕ ਮਾਰਗ’ ਤੋਂ ਭਟਕਣਾ ਦੱਸਦਾ ਹੈ (A Historian’s Approach to Religion, Oxford University Press, London-1956, P-113) ਅਸਲ ਵਿਚ ਪਹਿਲਾਂ ਕਹੇ ਗਏ ਅਨੁਸਾਰ ਇਹ ਸਿੱਖ ਲਹਿਰ ਦੀ ਬੁਨਿਆਦੀ ਪ੍ਰਕਿਰਤੀ ਤੋਂ ਅਣਜਾਣਤਾ ਹੈ। ਸਿੱਖ ਪੰਥ ਨੇ ਜੋ ਸਥਾਪਤੀ ਵਿਰੋਧੀ ਵਿਵਹਾਰਕ, ਸੰਸਥਾਗਤ ਤੇ ਵਿਚਾਰਧਾਰਕ ਸਥਿਰ ਪੈਂਤੜੇ ਲਏ, ਉਨ੍ਹਾਂ ਵਿਚ ਟਕਰਾਅ ਜ਼ਰੂਰੀ ਸੀ ਤੇ ਇਹ ‘ਤੱਥ’ ਯਾਦ ਰੱਖਣਯੋਗ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੀ ‘ਸ਼ਹਾਦਤ’ ਦੇ ਪਿੱਛੇ ਕੰਮ ਕਰ ਰਹੇ ਕਾਰਨਾਂ ਵਿਚ ਬੁਨਿਆਦੀ ਕਾਰਨ ਵਿਭਿੰਨ ਪ੍ਰਕਾਰ ਦੇ ਸਥਾਪਤੀ-ਵਿਰੋਧੀ ਲਏ ਜਾ ਰਹੇ ਉਕਤ ਵਿਵਹਾਰਕ, ਸੰਸਥਾਗਤ ਤੇ ਵਿਚਾਰਧਾਰਕ ਪੈਂਤੜੇ ਹੀ ਸਨ ਤੇ ਉਨ੍ਹਾਂ ਦੀ ਸ਼ਹਾਦਤ ਤੋਂ ਬਾਅਦ ਇਹ ਸੰਸਾਰ ਰੰਗਮੰਚ ਤੇ ਇਤਿਹਾਸ ਸਾਹਮਣੇ ਪ੍ਰਗਟ ਹੋ ਗਏ, ਭਾਵੇਂ ਇਨ੍ਹਾਂ ਦੀ ਨੀਂਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰੱਖੀ ਸੀ।

ਬੁੱਕਮਾਰਕ ਕਰੋ (0)
Please login to bookmark Close

ਲੇਖਕ ਬਾਰੇ

Gurmail Singh
ਅਸਿਸਟੈਂਟ ਪ੍ਰਫ਼ੈਸਰ, ਧਰਮ ਅਧਿਐਨ ਵਿਭਾਗ -ਵਿਖੇ: ਪੰਜਾਬੀ ਯੂਨੀਵਰਸਿਟੀ, ਪਟਿਆਲਾ
ਬੁੱਕਮਾਰਕ ਕਰੋ (0)
Please login to bookmark Close

ਮੇਰੇ ਪਸੰਦੀਦਾ ਲੇਖ

No bookmark found
ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)