editor@sikharchives.org
Sri Guru Gobind Singh Ji

ਸ੍ਰੀ ਗੁਰੂ ਗੋਬਿੰਦ ਸਿੰਘ ਜੀ

ਸੰਤ-ਸਿਪਾਹੀ ਦਾ ਪੂਰਨ ਸਰੂਪ ਦੇ ਕੇ, ਰੱਬ ਭੇਜਣ ਲਈ ਆਪ ਮਜਬੂਰ ਹੋਇਆ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਪਟਨੇ ਵਿਚ ਅੱਜ ਰੌਣਕਾਂ ਲੱਗੀਆਂ ਨੇ, ਪੈਦਾ ਨੂਰ ਦੇ ਘਰ ਹੈ ਨੂਰ ਹੋਇਆ।
ਕਰਨ ਲਈ ਗੁਰੂ ਨਾਨਕ ਦਾ ਮਿਸ਼ਨ ਪੂਰਾ, ਆਪ ਜੱਗ ਵਿਚ ਹਾਜ਼ਰ ਹਜ਼ੂਰ ਹੋਇਆ।
ਲੜ ਲਾਉਣ ਲਈ ਇਕ ਪਰਮਾਤਮਾ ਦੇ, ਗੁਜਰੀ ਕੁੱਖ ਦਾ ਇਹ ਕੋਹਿਨੂਰ ਹੋਇਆ।
ਸੰਤ-ਸਿਪਾਹੀ ਦਾ ਪੂਰਨ ਸਰੂਪ ਦੇ ਕੇ, ਰੱਬ ਭੇਜਣ ਲਈ ਆਪ ਮਜਬੂਰ ਹੋਇਆ।

ਭੀਖਣ ਸ਼ਾਹ ਨੇ ਕੁੱਜੇ ਜਦ ਦੋ ਰੱਖੇ, ਛੋਹ ਕੇ ਦੋਹਾਂ ਨੂੰ ਉਨ੍ਹਾਂ ਸਤਿਕਾਰਿਆ ਸੀ।
ਤੀਸਰ ਖਾਲਸਾ ਪੰਥ ਸਜਾਉਣ ਦੇ ਲਈ, ਪਟਨੇ ਵਿਚ ਅਵਤਾਰ ਅੱਜ ਧਾਰਿਆ ਸੀ।

ਠੱਲ੍ਹ ਪਾਉਣ ਲਈ ਜ਼ੁਲਮ ਦੇ ਝੱਖੜਾਂ ਨੂੰ, ਕਤਲਗਾਹ ਵੱਲ ਪਿਤਾ ਨੂੰ ਘੱਲਿਆ ਸੀ।
ਦੁਖੀਆਂ ਅਤੇ ਮਜ਼ਲੂਮਾਂ ਦੀ ਰੱਖਿਆ ਲਈ, ਵਗਦੇ ਵਹਿਣਾਂ ਨੂੰ ਉਨ੍ਹਾਂ ਨੇ ਠੱਲ੍ਹਿਆ ਸੀ।
ਸੀਸ ਗੁਰਾਂ ਦਾ ਲੈ ਕੇ ਭਾਈ ਜੈਤਾ, ਦਿੱਲੀਉਂ ਪੁਰੀ ਅਨੰਦ ਨੂੰ ਚੱਲਿਆ ਸੀ।
ਪਾਵਨ ਸੀਸ ਨੂੰ ਚੁੱਕ ਕੇ ਮਲਕੜੇ ਜਿਹੇ, ਸਤਿਗੁਰ ਸੱਲ੍ਹ ਵਿਛੋੜੇ ਦਾ ਝੱਲਿਆ ਸੀ।

ਭਾਈ ਜੈਤੇ ਨੂੰ ਲਾਇਆ ਸੀ ਨਾਲ ਸੀਨੇ, ਮੱਥਾ ਚੁੰਮ ਕੇ, ਉਹਨੂੰ ਪਿਆਰਿਆ ਸੀ।
ਉਸ ‘ਰੰਘਰੇਟੇ’ ਨੂੰ ਬੇਟਾ ਬਣਾਉਣ ਵਾਲੇ, ਪਟਨੇ ਵਿਚ ਅਵਤਾਰ ਅੱਜ ਧਾਰਿਆ ਸੀ।

ਗੁਰਾਂ ਨੀਂਹ ਰੱਖੀ ਪੰਥ ਖਾਲਸੇ ਦੀ, ਅੰਮ੍ਰਿਤ ਬਖਸ਼ ਕੇ ਪੰਜਾਂ ਪਿਆਰਿਆਂ ਨੂੰ।
ਫੇਰ ਉਨ੍ਹਾਂ ਤੋਂ ਛਕ ਕੇ ਆਪ ਅੰਮ੍ਰਿਤ, ਮਾਣ ਬਖ਼ਸ਼ਿਆ ਗੁਰੂ-ਦੁਲਾਰਿਆਂ ਨੂੰ।
ਸਿਰਾਂ ਵੱਟੇ ਸਰਦਾਰੀਆਂ ਬਖਸ਼ ਦਿੱਤੀਆਂ, ਡਿੱਗਿਆਂ, ਢੱਠਿਆਂ, ਬੇਸਹਾਰਿਆਂ ਨੂੰ।
ਜਜ਼ਬੇ ਸੁੱਤੇ ਹੋਏ ਜਾਗੇ ਬਹਾਦਰੀ ਦੇ, ਪਾਇਆ ਹੱਥ ਜਦ ਖੰਡੇ ਦੁਧਾਰਿਆਂ ਨੂੰ।

ਮਸਤੀ ਲਾਹੁਣ ਲਈ ਮਸਤੇ ਹੋਏ ਹਾਥੀਆਂ ਦੀ, ਇਕ ਸਿੰਘ ਬਚਿੱਤਰ ਖਲ੍ਹਾਰਿਆ ਸੀ।
ਬਾਜ ਚਿੜੀਆਂ ਦੇ ਹੱਥੋਂ ਤੁੜਾਨ ਵਾਲੇ, ਪਟਨੇ ਵਿਚ ਅਵਤਾਰ ਅੱਜ ਧਾਰਿਆ ਸੀ।

ਗੁਰਾਂ ਪਾਸ ਜਾ ਸਿੰਘਾਂ ਸ਼ਿਕਾਇਤ ਕੀਤੀ, ਕਹਿਰ ਭਾਈ ਘਨੱਈਆ ਕਮਾ ਰਿਹਾ ਏ।
ਅਸੀਂ ਜਿਨ੍ਹਾਂ ਨੂੰ ਮਾਰ ਕੇ ਸੁੱਟਦੇ ਹਾਂ, ਪਾਣੀ ਪਾ ਪਾ ਫੇਰ ਜਿਵਾ ਰਿਹਾ ਏ।
ਸੱਦ ਕੇ ਗੁਰਾਂ ਘਨੱਈਏ ਨੂੰ ਪੁੱਛਿਆ ਜਾਂ, ਇਹ ਸਿੱਖ ਕੀ ਠੀਕ ਫੁਰਮਾ ਰਿਹਾ ਏ?
ਅੱਗੋਂ ਕਿਹਾ ਉਸ ਮੈਨੂੰ ਤਾਂ ਸਾਰਿਆਂ ’ਚ, ਰੂਪ ਆਪ ਦਾ ਹੀ ਨਜ਼ਰੀਂ ਆ ਰਿਹਾ ਏ।

ਡੱਬੀ ਮੱਲ੍ਹਮ ਦੀ ਹੱਥ ਫੜਾ ਕੇ ਤੇ, ਸਾਂਝਾ ਸਿੱਖੀ ਦਾ ਮਹਿਲ ਉਸਾਰਿਆ ਸੀ।
ਸਭੇ ਸਾਂਝੀਵਾਲ ਸਦਾਉਣ ਵਾਲੇ, ਪਟਨੇ ਵਿਚ ਅਵਤਾਰ ਅੱਜ ਧਾਰਿਆ ਸੀ।

ਲਾੜੀ ਮੌਤ ਨੂੰ ਵਰਨ੍ਹ ਲਈ ਗੜ੍ਹੀ ਵਿੱਚੋਂ, ਸਿੰਘ ਸੂਰਮੇ ਕਈ ਸਰਦਾਰ ਤੋਰੇ।
ਸਵਾ ਲੱਖ ਨਾਲ ਇਕ ਲੜਾਉਣ ਖ਼ਾਤਰ, ਵਾਰੀ ਨਾਲ ਅਜੀਤ ਜੁਝਾਰ ਤੋਰੇ।
ਦਾਦੀ ਗੁਜਰੀ ਨੇ ਥਾਪੜੇ ਬਖਸ਼ ਕੇ ਤੇ, ਆਪਣੇ ਪੁੱਤਰ ਦੇ ਰਾਜ ਦੁਲਾਰ ਤੋਰੇ।
ਨੀਂਹ ਜ਼ੁਲਮ ਦੀ ਖੋਖਲੀ ਕਰਨ ਖ਼ਾਤਰ, ਨੰਨ੍ਹੇ ਲਾਲ ਦੋ ਨੀਹਾਂ ਵਿਚਕਾਰ ਤੋਰੇ।

ਟੋਟੇ ਜਿਗਰ ਦੇ ਸਾਰੇ ਸਨ ਹੋਏ ਟੋਟੇ, ਫਿਰ ਵੀ ਰੱਬ ਦਾ ਸ਼ੁਕਰ ਮਨਾਇਆ ਸੀ।
ਪੁੱਤਰ ਸਿੰਘਾਂ ਦੇ ਤਾਈਂ ਬਣਾਉਣ ਵਾਲੇ, ਪਟਨੇ ਵਿਚ ਅਵਤਾਰ ਅੱਜ ਧਾਰਿਆ ਸੀ।

ਹੁਕਮ ਮੰਨ ਕੇ ਖਾਲਸਾ ਪੰਥ ਜੀ ਦਾ, ਤਾੜੀ ਮਾਰ ਕੇ ਜਾਂਦਾ ਦਾਤਾਰ ਤੱਕੋ!
ਨਾ ਬਾਜ ਨਾ ਤਾਜ ਨਾ ਲਾਉ ਲਸ਼ਕਰ, ਪੈਦਲ ਜਾ ਰਿਹਾ ਸ਼ਾਹਸਵਾਰ ਤੱਕੋ!
ਸੇਜ ਕੰਡਿਆਂ ਦੀ ਤਕੀਆ ਟਿੰਡ ਦਾ ਏ, ਗਗਨ ਰੂਪੀ ਰਜਾਈ ਵਿਚਕਾਰ ਤੱਕੋ!
ਮਾਛੀਵਾੜੇ ਦੇ ਜੰਗਲਾਂ ਵਿਚ ਸੁੱਤਾ, ਸਰਬੰਸਦਾਨੀ ਦਸਮੇਸ਼ ਦਾਤਾਰ ਤੱਕੋ!

’ਕੱਲੇ ਰਹੇ ਸਨ ਰੋਹੀ ਦੇ ਰੁੱਖ ਵਾਂਗੂੰ, ਫਿਰ ਵੀ ਹੌਂਸਲਾ ਓਸ ਨਾ ਹਾਰਿਆ ਸੀ।
ਹਾਲ ਮਿੱਤਰ ਪਿਆਰੇ ਨੂੰ ਕਹਿਣ ਵਾਲੇ, ਪਟਨੇ ਵਿਚ ਅਵਤਾਰ ਅੱਜ ਧਾਰਿਆ ਸੀ।

ਜਿਹੜਾ ਇਕ ਵਾਰੀ ਉਸ ਦਾ ਹੋ ਗਿਆ ਸੀ, ਉਹ ਸਦਾ ਲਈ ਓਸ ਦੇ ਹੋ ਗਏ ਸੀ।
ਆਪਣੇ ਜੋਗੇ ਨੂੰ ਆਪ ਬਚਾਉਣ ਖ਼ਾਤਰ, ਬੂਹੇ ਵੇਸਵਾ ਅੱਗੇ ਖਲੋ ਗਏ ਸੀ।
ਜਦ ਬੇਦਾਵੀਏ ਜੂਝ ਕੇ ਜੰਗ ਅੰਦਰ, ਸਾਰੇ ਸਦਾ ਦੀ ਨੀਂਹ ਲਈ ਸੌਂ ਗਏ ਸੀ।
ਉਦੋਂ ਪਾਤਸ਼ਾਹ ਨੈਣਾਂ ’ਚੋਂ ਕੇਰ ਹੰਝੂ, ਬੇਦਾਵੀਆਂ ਦੇ ਧੋਣੇ ਧੋ ਗਏ ਸੀ।

ਮਹਾਂ ਸਿੰਘ ਦਾ ਪੱਟ ’ਤੇ ਸੀਸ ਰੱਖ ਕੇ, ਉਹਦੇ ਤਪਦੇ ਹੋਏ ਸੀਨੇ ਨੂੰ ਠਾਰਿਆ ਸੀ।
ਮੁੱਖੋਂ ਮੁਕਤੀਆਂ ਦੀ ਝੜੀ ਲਾਉਣ ਵਾਲੇ, ਪਟਨੇ ਵਿਚ ਅਵਤਾਰ ਅੱਜ ਧਾਰਿਆ ਸੀ।

ਉਨ੍ਹਾਂ ਕਿਹਾ ਕਿ ਅੱਜ ਤੋਂ ਖਾਲਸਾ ਜੀ, ਥੋਡਾ ਧਰਮ ਇੱਕੋ ਥੋਡੀ ਜਾਤ ਇੱਕੋ।
ਸਿੰਘ ਸੂਰਮੇ ਤੁਸੀਂ ਬਲਵਾਨ ਯੋਧੇ, ਥੋਡਾ ਪਿਤਾ ਇੱਕੋ ਥੋਡੀ ਮਾਤ ਇੱਕੋ।
ਹੁੰਦਾ ਵੇਖੋ ਜਦ ਜ਼ੁਲਮ ਬੇਦੋਸ਼ਿਆਂ ’ਤੇ, ਜ਼ਾਲਮ ਲਈ ਫਿਰ ਬਣੋ ਅਫਾਤ ਇੱਕੋ।
ਚੜ੍ਹਦੀ ਕਲਾ ’ਚ ਰਹਿਣਾ ਏ ਖਾਲਸੇ ਨੇ, ਸਦਾ ਰਹਿੰਦੇ ਨਹੀਂ ਕਦੇ ਹਾਲਾਤ ਇੱਕੋ।

ਹਰ ਰੋਜ਼ ਗੁਰਬਾਣੀ ਦਾ ਪਾਠ ਕਰਨਾ, ਆਪਣੇ ਮੁੱਖ ਤੋਂ ਉਨ੍ਹਾਂ ਉਚਾਰਿਆ ਸੀ।
ਗੱਦੀ ਗੁਰੂ ਗ੍ਰੰਥ ਨੂੰ ਦੇਣ ਖ਼ਾਤਰ, ਪਟਨੇ ਵਿਚ ਅਵਤਾਰ ਅੱਜ ਧਾਰਿਆ ਸੀ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

Hari Singh Jachak

ਕੋਠੀ ਨੰ: 277, ਸਾਹਮਣੇ ਪਾਰਕ, ਮਾਡਲ ਗਰਾਮ, ਲੁਧਿਆਣਾ-141002

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)