editor@sikharchives.org

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਵਿਅਕਤਿੱਤਵ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉੱਚੇ-ਲੰਮੇ ਕੱਦ, ਭਰਵੇਂ ਜੁੱਸੇ, ਨੂਰਾਨੀ ਚਿਹਰੇ, ਪ੍ਰਭਾਵਸ਼ਾਲੀ ਅੱਖਾਂ ਤੇ ਸਾਫ਼ ਰੰਗ ਦੇ ਸਨ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਸਾਹਿਬ-ਏ-ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਪੋਹ ਸੁਦੀ ਸਤਵੀਂ ਸੰਮਤ 1723 ਮੁਤਾਬਿਕ 26 ਦਸੰਬਰ, 1666 ਈ. ਨੂੰ ਪਟਨਾ (ਸੂਬਾ ਬਿਹਾਰ) ਵਿਖੇ ਮਾਤਾ ਗੁਜਰੀ ਜੀ ਦੀ ਕੁੱਖੋਂ ਹੋਇਆ। ਆਪ ਦੇ ਪਿਤਾ ਤੇਗ ਦੇ ਧਨੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਸ ਸਮੇਂ ਢਾਕੇ (ਪੂਰਬੀ ਬੰਗਾਲ) ਵਿਚ ਸਨ। ਉਨ੍ਹਾਂ ਦੇ ਹੁਕਮ ਅਨੁਸਾਰ ਆਪ ਜੀ ਦਾ ਨਾਮ ‘ਗੋਬਿੰਦ ਰਾਏ’ ਰੱਖਿਆ ਗਿਆ। ਆਪ ਜੀ ਬਡ ਜੋਧਾ ਬਹੁ-ਪਰਉਪਕਾਰੀ, ਮੀਰੀ-ਪੀਰੀ ਦੇ ਮਾਲਕ, ਅਕਾਲ ਤਖ਼ਤ ਦੇ ਸ਼ਹਿਨਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪੋਤਰੇ ਸਨ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉੱਚੇ-ਲੰਮੇ ਕੱਦ, ਭਰਵੇਂ ਜੁੱਸੇ, ਨੂਰਾਨੀ ਚਿਹਰੇ, ਪ੍ਰਭਾਵਸ਼ਾਲੀ ਅੱਖਾਂ ਤੇ ਸਾਫ਼ ਰੰਗ ਦੇ ਸਨ। ਆਪ ਜੀ ਮਧੁਰ ਆਵਾਜ਼ ਦੇ ਸੁਆਮੀ ਸਨ। ਸੱਚੇ ਪਾਤਸ਼ਾਹ ਦਾ ਸਰੀਰ ਮਨੁੱਖੀ ਸ਼ਕਤੀ ਨਾਲ ਡਕਾ-ਡੱਕ ਭਰਿਆ ਹੋਇਆ ਸੀ। ਗੁਰੂ ਜੀ ਅੰਤਾਂ ਦੇ ਫੁਰਤੀਲੇ ਅਤੇ ਬੇਮਿਸਾਲ ਅਸਤਰ ਤੇ ਸ਼ਸਤਰਧਾਰੀ ਸਨ। ਗੁਰੂ ਜੀ ਕਮਾਲ ਦੇ ਘੋੜ-ਸਵਾਰ, ਖੁੱਲ੍ਹੀ ਕੁਦਰਤ ਦੇ ਸ਼ੌਕੀਨ ਤੇ ਮਨੁੱਖਤਾ ਦੇ ਹਮਦਰਦ ਸਨ। ਦਰਬਾਰ ਵਿਚ ਆਉਣ ਸਮੇਂ ਬਹੁਤ ਖ਼ੂਬਸੂਰਤ ਕੀਮਤੀ ਲਿਬਾਸ ਪਹਿਨ ਕੇ, ਸ਼ਸਤਰ ਸਜਾ ਕੇ ਆਉਂਦੇ ਸਨ। ਬਾਹਰ ਘੁੰਮਣ ਸਮੇਂ ਸੁੰਦਰ ਤੇਜ਼-ਤਰਾਰ ਘੋੜੇ ਦੀ ਸਵਾਰੀ ਕਰਦੇ, ਖੱਬੇ ਹੱਥ ਬਾਜ ਦੀਆਂ ਡੋਰਾਂ ਹੁੰਦੀਆਂ, ਬਾਜ ਹੁੰਦਾ, ਚਮਕੀਲੇ ਸ਼ਸਤਰ, ਪੈਰੀਂ ਸੁੰਦਰ ਤਿੱਲੇਦਾਰ ਜੜਤ ਜੋੜਾ, ਕੀਮਤੀ ਰਕਾਬ, ਹੀਰਿਆਂ ਜੜੀ ਕਲਗੀ, ਸੁੱਚੇ ਮੋਤੀਆਂ ਦੇ ਤੇਰਾਂ ਲੜੀਏ ਹਾਰ ਪਹਿਨਦੇ, ਆਪਣੇ ਨਾਲ ਸ਼ਸਤਰਧਾਰੀ ਜੋਧੇ ਰੱਖਦੇ।

ਗੁਰੂ ਜੀ ਸ਼ਰਧਾਲੂਆਂ ਦੀਆਂ ਬੇਨਤੀਆਂ ਧਿਆਨ ਨਾਲ ਸੁਣਦੇ। ਇਨਸਾਫ਼ ਕਰਦਿਆਂ ਗ਼ਲਤੀ ਵਾਲੇ ਤੋਂ ਮੁਆਫ਼ੀ ਮੰਗਵਾ ਕੇ ਮੁਆਫ਼ ਕਰ ਦਿੰਦੇ ਸਨ। ਆਪ ਜੀ ਦੀ ਆਵਾਜ਼ ਜਾਦੂ ਦਾ ਅਸਰ ਰੱਖਦੀ ਸੀ। ਆਪ ਜੀ ਦੀ ਸ਼ਖ਼ਸੀਅਤ ਇੰਨੀ ਚੁੰਬਕੀ ਸੀ ਕਿ ਜਿਸ ਨੇ ਵੀ ਇਕ ਵਾਰ ਆਪ ਜੀ ਦਾ ਦਰਸ਼ਨ ਕੀਤਾ, ਆਪ ਜੀ ਦਾ ਹੋ ਗਿਆ। ਇਸ ਤਰ੍ਹਾਂ ਲੱਖਾਂ ਲੋਕ ਆਪ ਜੀ ਤੋਂ ਜਾਨ ਕੁਰਬਾਨ ਕਰਨ ਨੂੰ ਤਿਆਰ ਹੋ ਗਏ ਸਨ।

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਮੱਤ ਵਿਚ ਗ੍ਰਿਹਸਤ ਨੂੰ ਧਰਮ ਦਾ ਅਨਿੱਖੜਵਾਂ ਅੰਗ ਬਣਾਇਆ ਹੈ। ਸੋ ਦਸਵੀਂ ਪਾਤਸ਼ਾਹੀ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਆਦਰਸ਼ਕ ਗ੍ਰਿਹਸਤੀ ਸਨ।

ਗੁਰੂ ਜੀ ਬੜੇ ਚੰਗੇ ਪੁੱਤਰ, ਪਿਆਰੇ ਪਿਤਾ ਤੇ ਦਿਆਲੂ ਪਤੀ ਸਨ। ਗੁਰੂ ਜੀ ਬਹੁਤ ਆਗਿਅਕਾਰੀ ਸਨ। ਆਪ ਜੀ ਨੇ ਸਦਾ ਮਾਤਾ ਜੀ ਦੀ ਆਗਿਆ ਦਾ ਪਾਲਨ ਕੀਤਾ। ਅੰਮ੍ਰਿਤ ਤਿਆਰ ਕਰਨ ਵੇਲੇ ਧੰਨਵਾਦ ਸਹਿਤ ਮਾਤਾ ਸੁੰਦਰੀ ਜੀ ਤੋਂ ਪਤਾਸੇ ਲੈ ਕੇ ਅੰਮ੍ਰਿਤ ਵਿਚ ਪਾ ਦਿੱਤੇ। ਮਾਤਾ ਸਾਹਿਬ ਦੇਵਾਂ ਜੀ ਦੀ ਝੋਲੀ ਸਮੁੱਚੇ ਖਾਲਸਾ ਪੰਥ ਨੂੰ ਪਾ ਕੇ ਉਨ੍ਹਾਂ ਨੂੰ ਵਡਿਆਈ ਦਿੱਤੀ। ਪੁੱਤਰਾਂ ਦੇ ਫ਼ਰਜ਼ਾਂ ਪ੍ਰਤੀ ਵੀ ਪੂਰੇ ਸੁਚੇਤ ਰਹੇ। ਬੜੀ ਮਿਹਨਤ ਨਾਲ ਪੁੱਤਰਾਂ ਦੀ ਪਰਵਰਿਸ਼ ਕੀਤੀ। ਧਾਰਮਿਕ ਵਿੱਦਿਆ ਦੇ ਨਾਲ-ਨਾਲ ਸ਼ਸਤਰ ਵਿੱਦਿਆ ਦੀ ਸਿਖਲਾਈ ਦਿੱਤੀ। ਜ਼ਿੰਮੇਵਾਰੀ ਦਾ ਜਜ਼ਬਾ ਇਸ ਕਦਰ ਭਰਿਆ ਕਿ ਬਾਲਕ ਆਪਣੇ ਫ਼ਰਜ਼ ਤੋਂ ਇਕ ਇੰਚ ਵੀ ਪਿੱਛੇ ਹਟਦੇ ਨਜ਼ਰ ਨਹੀਂ ਆਉਂਦੇ ਭਾਵੇਂ ਉਹ ਚਮਕੌਰ ਦੀ ਗੜ੍ਹੀ ਹੈ ਤੇ ਭਾਵੇਂ ਵਜ਼ੀਰ ਖਾਂ ਦਾ ਦਰਬਾਰ ਜਾਂ ਸਰਹਿੰਦ ਦੀ ਦੀਵਾਰ ਹੈ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਰੀ ਉਮਰ ਮੁਸੀਬਤਾਂ ਵਿਚ ਗੁਜ਼ਾਰੀ ਪਰ ਸਦਾ ਚੜ੍ਹਦੀ ਕਲਾ ਵਿਚ ਰਹੇ। ਆਪ ਜੀ ਕਦੇ ਵੀ ਨਾ ਡਰੇ ਨਾ ਘਬਰਾਏ। ਆਪ ਜੀ ਹਾਕਮਾਂ, ਰਾਜਿਆਂ, ਸ਼ਹਿਨਸ਼ਾਹਾਂ ਦੇ ਭੈਅ ਥੱਲੇ ਆਉਣ ਤੋਂ ਇਨਕਾਰੀ ਸਨ ਭਾਵੇਂ ਉਹ ਪਹਾੜੀ ਰਾਜੇ ਹੋਣ ਤੇ ਭਾਵੇਂ ਹਿੰਦੁਸਤਾਨ ਦਾ ਸ਼ਹਿਨਸ਼ਾਹ ਹੋਵੇ। ਔਰੰਗਜ਼ੇਬ ਵੱਲ ਲਿਖੀ ਚਿੱਠੀ ‘ਜ਼ਫਰਨਾਮਾ’ ਅਰਥਾਤ ਜਿੱਤ ਦੀ ਚਿੱਠੀ, ਉਨ੍ਹਾਂ ਦੇ ਸੁਭਾਅ ਦਾ ਪ੍ਰਤੱਖ ਸਬੂਤ ਹੈ ਕਿ ਉਹ ਕਦੀ ਵੀ ਸਾਰੀ ਉਮਰ ਜ਼ੁਲਮ ਤੇ ਜਬਰ ਨਾਲ ਸਮਝੌਤਾ ਕਰਨ ਨੂੰ ਤਿਆਰ ਨਹੀਂ ਹੋਏ। ਗੁਰੂ ਸਾਹਿਬ ਜੀ ਦੇ ਸਾਥੀ ਅੱਖਾਂ ਸਾਹਮਣੇ ਸ਼ਹੀਦ ਹੁੰਦੇ, ਕਦੇ ਕਦਾਈਂ ਅਤਿ ਔਖੀਆਂ ਹਾਲਤਾਂ ਵਿਚ ਜਾਨਾਂ ਬਚਾ ਕੇ ਨਿਕਲਦੇ, ਪਨਾਹ ਦੇਣੋਂ ਬਚਦੇ ਤੁਰੇ ਜਾਂਦੇ ਦਿਖਾਈ ਦਿੰਦੇ ਹਨ ਪਰ ਗੁਰਦੇਵ ਜੀ ਡੂੰਘੇ ਪਾਣੀਆਂ ਦੀ ਤਰ੍ਹਾਂ ਅਡੋਲ ਰਹੇ ਭਾਵੇਂ ਉਹ ਮਾਛੀਵਾੜੇ ਦੇ ਜੰਗਲ ਵਿਚ ਹੋਣ, ਨੰਗੇ ਪੈਰੀਂ, ਪੇਟੋਂ ਭੁੱਖੇ, ਉੱਪਰ ਨੰਗਾ ਅਸਮਾਨ, ਭਿਆਨਕ ਜੰਗਲ, ਤਨ ਦੇ ਕੱਪੜੇ ਲੀਰੋ-ਲੀਰ, ਪੈਰੀਂ ਛਾਲੇ, ਪੋਹ ਮਹੀਨੇ ਦੀ ਠੰਡੀ ਰਾਤ ਪਰ ਫਿਰ ਵੀ ਕੋਈ ਵੀ, ਕੁਝ ਵੀ ਨਾ ਝੁਕਾ ਸਕਿਆ ਉਸ ਰੱਬੀ ਨੂਰ ਨੂੰ।

ਗੁਰੂ ਸਾਹਿਬ ਜੀ ਨੇ ਯੁੱਧ ਕਰਨ ਜਾਂ ਫ਼ੌਜਾਂ ਨੂੰ ਜਥੇਬੰਦ ਕਰਨ ਦਾ ਕੰਮ ਪੈਸੇ, ਸ਼ੁਗਲ ਜਾਂ ਨਿੱਜੀ ਹਿਤ ਵਜੋਂ ਨਹੀਂ ਸੀ ਚੁਣਿਆ। ਹਾਲਾਤ ਦੇ ਸਨਮੁਖ ਇਹ ਫ਼ਰਜ਼ ਉਨ੍ਹਾਂ ਨੂੰ ਮਜਬੂਰਨ ਅਦਾ ਕਰਨਾ ਪਿਆ ਸੀ। ਹਥਿਆਰਾਂ ਦੀ ਵਰਤੋਂ ਬਚਪਨ ਤੋਂ ਹੀ ਸਿੱਖ ਲਈ ਸੀ। ਆਪ ਜੀ ਕਮਾਲ ਦੇ ਤੀਰਅੰਦਾਜ਼ ਸਨ। ਅਨੰਦਪੁਰ ਸਾਹਿਬ ਦੀਆਂ ਲੜਾਈਆਂ, ਭੰਗਾਣੀ ਦਾ ਯੁੱਧ, ਨਦੌਣ ਦਾ ਯੁੱਧ, ਚਮਕੌਰ ਦੀ ਗੜ੍ਹੀ, ਖਿਦਰਾਣੇ ਦੀ ਢਾਬ ਦੀ ਲੜਾਈ ਸਮੇਂ ਗੁਰੂ ਸਾਹਿਬ ਨੇ ਤੀਰ ਕਮਾਨ ਦੇ ਉਹ ਕਰਾਮਤੀ ਕਾਰਨਾਮੇ ਦਿਖਾਏ ਕਿ ਭਾਈ ਗੁਰਦਾਸ ਸਿੰਘ ਦੂਜਾ ਜੋ ਭਾਈ ਬਹਿਲੋ ਜੀ ਦਾ ਪੋਤਰਾ ਸੀ, ਅੱਖੀਂ ਵੇਖ ਕੇ ਅਸ਼-ਅਸ਼ ਕਰ ਉੱਠਿਆ ਸੀ ਤੇ ਉਸ ਨੇ ਲਿਖਿਆ, “ਵਹ ਪ੍ਰਗਟਿਓ ਮਰਦ ਅਗੰਮੜਾ ਵਰੀਆਮ ਇਕੇਲਾ।” ਭਾਵ ਉਹ ਪੂਰਨ ਮਰਦ ਹੈ ਜਿਸ ਨੂੰ ਸਮਝਣਾ ਅਤਿ ਕਠਿਨ ਹੈ। ਉਸ ਦੀ ਬਹਾਦਰੀ ਤਕ ਕੋਈ ਦੂਜਾ ਨਹੀਂ ਅੱਪੜ ਸਕਦਾ। ਉਹ ਇੱਕੋ-ਇੱਕ ਹੀ ਉਸ ਦਰਜੇ ਦਾ ਬਹਾਦਰ ਹੈ। ਗੁਰੂ ਸਾਹਿਬ ਜੀ ਦੇ ਹੁਕਮ ਅਨੁਸਾਰ ਉਨ੍ਹਾਂ ਦੇ ਸਿੱਖ ਸਿਪਾਹੀਆਂ ਨੇ ਉੱਚੇ ਜੰਗੀ ਇਖ਼ਲਾਕ ਨੂੰ ਸਦਾ ਸਾਹਮਣੇ ਰੱਖਿਆ। ਕਿਸੇ ਹਥਿਆਰੋਂ ਸੱਖਣੇ ਆਦਮੀ ਨੂੰ ਮਾਰਨਾ ਜਾਂ ਰਣਭੂਮੀ ਵਿੱਚੋਂ ਭੱਜੇ ਜਾ ਰਹੇ ਆਦਮੀ ਦਾ ਪਿੱਛਾ ਕਰਨਾ ਜਾਂ ਵੈਰੀਆਂ ਦੀਆਂ ਔਰਤਾਂ ਤੇ ਬੱਚਿਆਂ ਉੱਪਰ ਕੋਈ ਜ਼ਿਆਦਤੀ ਕਰਨੀ ਗੁਰੂ ਸਾਹਿਬ ਜੀ ਦੀ ਜੰਗੀ ਮਰਯਾਦਾ ਦੇ ਸਖ਼ਤ ਖ਼ਿਲਾਫ਼ ਸੀ। ਗੁਰੂ ਜੀ ਦੇ ਸੈਨਿਕਾਂ ਕੋਲ ਕੋਈ ਫ਼ੌਜੀ ਸਿਖਲਾਈ ਹੋਵੇ ਨਾ ਹੋਵੇ ਪਰ ਉਨ੍ਹਾਂ ਆਪਾ ਵਾਰਨਾ ਸਿੱਖ ਲਿਆ ਸੀ। ਉਨ੍ਹਾਂ ਹਰ ਜੰਗ ਆਪਣੇ ਸਿੱਖਾਂ ਦੇ ਨਾਲ ਹੋ ਕੇ ਲੜੀ। ਉਨ੍ਹਾਂ ਕਦੇ ਆਪਣੀ ਜਾਨ ਨੂੰ ਕੀਮਤੀ ਤੇ ਕਿਸੇ ਸਿੱਖ ਦੀ ਜਾਨ ਨੂੰ ਘੱਟ ਕੀਮਤੀ ਨਾ ਸਮਝਿਆ।

ਗੁਰੂ ਜੀ ਨੇ ਚਹੁੰ ਵਰਨਾਂ ਨੂੰ ਇੱਕ ਕਰ ਕੇ, ਜਾਤ-ਪਾਤ ਦੇ ਭੇਦ-ਭਾਵ ਮਿਟਾ ਕੇ, ਸਮਾਜ ਵਿਚ ਏਕਤਾ ਤੇ ਸਮਾਨਤਾ ਲਈ ਭਰਪੂਰ ਯਤਨ ਕੀਤਾ। ਗੁਰੂ ਜੀ ਨੇ ਇਕ ਨਵੀਂ ਕੌਮ ਵਜੂਦ ਵਿਚ ਲਿਆਂਦੀ ਤੇ ਭਾਰਤੀ ਇਤਿਹਾਸ ਦੇ ਰਣ ਵਿਚ ਇਕ ਨਵੀਂ ਪ੍ਰਭਾਵਸ਼ਾਲੀ ਸ਼ਕਤੀ ਦਾ ਸੰਚਾਰ ਕੀਤਾ। ਗੁਰੂ ਜੀ ਨੇ ਜਾਣ ਲਿਆ ਸੀ ਕਿ ਲੱਖਾਂ ਦੀ ਗਿਣਤੀ ਵਿਚ ਭਾਰਤੀਆਂ ਨੂੰ ਨੀਵੇਂ, ਅਛੂਤ ਤੇ ਚੰਡਾਲ ਸਮਝ ਕੇ ਅਖੌਤੀ ਉੱਚ-ਸ਼੍ਰੇਣੀਆਂ ਦੇ ਕੁਝ ਚਲਾਕ ਲੋਕਾਂ ਨੇ ਇਨ੍ਹਾਂ ਨੂੰ ਸਮਾਜਿਕ ਤੇ ਭਾਈਚਾਰਕ ਅਖਾੜੇ ਵਿੱਚੋਂ ਛੇਕ ਕੇ ਬੇਹਿਸ ਕਮਜ਼ੋਰ ਤੇ ਗ਼ੁਲਾਮ ਬਣਾ ਦਿੱਤਾ ਹੋਇਆ ਹੈ। ਇਨ੍ਹਾਂ ਲੋਕਾਂ ’ਤੇ ਨਿਤ ਜ਼ੁਲਮ ਹੋ ਰਿਹਾ ਹੈ। ਇਨ੍ਹਾਂ ਦੇ ਖੂਹ, ਤਲਾਬ, ਘਰ ਅਲੱਗ ਹੋ ਚੁਕੇ ਹਨ। ਇਸੇ ਭੇਦ-ਭਾਵ ਨੂੰ ਮਿਟਾਉਣ ਖ਼ਾਤਰ ਗੁਰੂ ਸਾਹਿਬ ਜੀ ਨੇ ਇੱਕੋ ਬਾਟੇ ਵਿੱਚੋਂ ਅੰਮ੍ਰਿਤ ਛਕਾ ਕੇ ਊਚ-ਨੀਚ ਦੇ ਭਾਵ ਨੂੰ ਤਕੜੀ ਸੱਟ ਮਾਰੀ। ਗੁਰੂ ਜੀ ਨੇ ਲੰਗਰ ਪ੍ਰਥਾ ਨੂੰ ਹੋਰ ਉਤਸ਼ਾਹਿਤ ਕੀਤਾ। ਆਪ ਜੀ ਭੇਸ ਵਟਾ ਕੇ ਲੰਗਰਾਂ ਵਿਚ ਘੁੰਮਦੇ ਕਿ ਕਿਤੇ ਕੋਈ ਊਚ-ਨੀਚ ਦਾ ਵਿਤਕਰਾ ਤਾਂ ਨਹੀਂ ਹੋ ਰਿਹਾ! ਆਪ ਜੀ ਨੇ ਆਪਣੇ ਸਿੱਖਾਂ ਨੂੰ ਨਸ਼ਿਆਂ ਤੋਂ ਵਰਜਿਆ। ਜਾਦੂ-ਟੂਣੇ, ਵਹਿਮ-ਭਰਮ, ਕਰਮ-ਕਾਂਡਾਂ ਇਤਿਆਦਿ ਤੋਂ ਅਟੰਕ ਕਰ ਦਿੱਤਾ। ਆਪਣੇ ਖਾਲਸੇ ਨੂੰ ਪੰਜ ਕਕਾਰ ਦਾ ਧਾਰਨੀ ਬਣਾ ਕੇ, ਰੱਬੀ ਰੂਪ ਸਾਬਤ ਸੂਰਤ ਬਣਾ ਕੇ, ਦੁਨੀਆਂ ’ਤੇ ਵਿਲੱਖਣ, ਉੱਚੇ ਇਖ਼ਲਾਕ ਵਾਲੇ ਬਣਾ ਕੇ, ਇਕ ਕੁਸ਼ਲ ਭਾਈਚਾਰਾ ਬਣਾਉਣ ਵੱਲ ਠੋਸ ਕਦਮ ਚੁੱਕੇ। ਗੁਰਦੇਵ ਜੀ ਨੇ ਨੀਵਿਆਂ ਨੂੰ ਉੱਚਾ ਚੁੱਕਿਆ ਤੇ ਬਹੁਤੇ ਉੱਚਿਆਂ ਨੂੰ ਨੀਵੇਂ ਹੋਣ ਦਾ ਅਹਿਸਾਸ ਕਰਾਇਆ। ਪੰਚਾਇਤ ਜਾਂ ਸੰਗਤ ਨੂੰ ਆਪਣੇ ਨਾਲੋਂ ਉੱਚਾ ਜਾਣਿਆ। ਇਤਿਹਾਸ ਗਵਾਹ ਹੈ ਕਿ ਚਮਕੌਰ ਦੀ ਗੜ੍ਹੀ ਵਿੱਚੋਂ ਆਪ ਜਾਣਾ ਨਹੀਂ ਸੀ ਚਾਹੁੰਦੇ ਪਰ ਜਦੋਂ ਪੰਚਾਇਤ ਅਥਵਾ ਪੰਜ ਸਿੰਘਾਂ ਨੇ ਗੁਰੂ ਜੀ ਨੂੰ ਗੜ੍ਹੀ ਛੱਡਣ ਲਈ ਕਿਹਾ ਤਾਂ ਸਿਰ ਝੁਕਾ ਕੇ ਹੁਕਮ ਦੀ ਪਾਲਣਾ ਕੀਤੀ।

ਸਾਹਿਬ-ਏ-ਕਮਾਲ ਸ਼ਹਿਨਸ਼ਾਹ ਦਸਮੇਸ਼ ਪਿਤਾ ਜੀ ਨੇ ਵਾਰਤਕ ਵਿਚ ਸਿਵਾਏ ਕੁਝ ਹੁਕਮਨਾਮਿਆਂ ਤੋਂ ਬਿਨਾਂ ਬਾਕੀ ਸਾਰੀ ਪਾਵਨ ਬਾਣੀ ਦੀ ਰਚਨਾ ਛੰਦਾਬੰਦੀ ਵਿਚ ਕੀਤੀ। ਆਪ ਜੀ ਦੀ ਪਾਵਨ ਬਾਣੀ ਦਸਮ ਗ੍ਰੰਥ ਵਿਚ ਦਰਜ ਹੈ। ਆਪ ਜੀ ਦੀ ਬਾਣੀ ਕਈ ਬੋਲੀਆਂ ਵਿਚ ਹੈ। ਆਪ ਜੀ ਕੋਲ ਬੇਸ਼ੁਮਾਰ ਸ਼ਬਦ-ਕੋਸ਼ ਭੰਡਾਰ ਹੈ। ਹਰ ਰਚਨਾ ਵਿਚ ਬੀਰ ਰਸ ਹੈ। ‘ਬਚਿਤ੍ਰ ਨਾਟਕ’ ਵਿਚ ਬਹੁਤ ਇਤਿਹਾਸਕ ਘਟਨਾਵਾਂ ਦੇ ਵੇਰਵੇ ਮਿਲਦੇ ਹਨ। ਆਪ ਜੀ ਦੀ ਬਾਣੀ ਦੀ ਥਾਹ ਪਾਉਣੀ ਮਨੁੱਖ-ਮਾਤਰ ਦੇ ਵੱਸ ਤੋਂ ਬਾਹਰ ਹੈ। ਬ੍ਰਿਜ, ਫ਼ਾਰਸੀ, ਸੰਸਕ੍ਰਿਤ, ਦੇਵਨਾਗਰੀ ਤੇ ਸਾਧ ਭਾਸ਼ਾ ਦਾ ਸੁਮੇਲ ਹੈ। ਆਪ ਜੀ ਦੇ ਦਰਬਾਰ ਵਿਚ 52 ਕਵੀ ਸਨ। ਇਨ੍ਹਾਂ ਦੀਆਂ ਰਚਨਾਵਾਂ ਨੌਂ ਮਣ ਦੇ ਕਰੀਬ ਦੱਸੀਆਂ ਜਾਂਦੀਆਂ ਹਨ, ਜੋ ਸਰਸਾ ਦੀ ਭੇਟਾ ਚੜ੍ਹ ਗਈਆਂ ਸਨ।

ਗੁਰੂ ਸਾਹਿਬ ਬਹੁਤ ਦੂਰ-ਅੰਦੇਸ਼ ਤੇ ਪਾਰਦਰਸ਼ੀ ਸਨ ਤੇ ਸਮੇਂ ਦੀ ਨਬਜ਼ ਨੂੰ ਪਛਾਣਦੇ ਸਨ। ਇਸੇ ਕਰਕੇ ਉਨ੍ਹਾਂ ਨੇ ਗੁਰਿਆਈ ਦੇ ਸਿਲਸਿਲੇ ਨੂੰ ਸਮਾਪਤ ਕਰ ਕੇ ਬਹੁਤ ਵੱਡਾ ਕੰਮ ਕੀਤਾ। ਖਾਲਸਾ ਪੰਥ ਨੂੰ ਆਉਣ ਵਾਲੀਆਂ ਗਿਰਾਵਟਾਂ ਤੋਂ ਬਚਾ ਲਿਆ।

ਪੰਜਾਂ ਸਿੰਘਾਂ ਨੂੰ ਪਾਹੁਲ ਦੇਣ ਦਾ ਅਧਿਕਾਰ ਦੇਣਾ, ਉੱਚਿਆਂ-ਨੀਵਿਆਂ ਨੂੰ ਇਕ ਥਾਂ ਕਰ ਕੇ ਖਾਲਸਾ ਪੰਥ ਸਜਾਉਣਾ, ਗੁਰੂ-ਡੰਮ ਤੋਂ ਬਚਾਉਣਾ, ਗ਼ੁਲਾਮੀ ਜਿਹੇ ਭਿਆਨਕ ਰੋਗ ਦਾ ਡੱਟ ਕੇ ਮੁਕਾਬਲਾ ਕਰਨਾ ਸਿਖਾਉਣਾ, ਖਾਲਸੇ ਦੇ ਬੋਲ-ਬਾਲੇ ਨਿਸ਼ਚਿਤ ਕਰਨੇ, ਪੰਜ ਕਕਾਰੀ ਦਾ ਧਾਰਨੀ ਬਣਾਉਣਾ ਆਦਿ ਗੁਰੂ ਸਾਹਿਬ ਜੀ ਦੀ ਦੂਰ-ਅੰਦੇਸ਼ੀ ਦਾ ਹੀ ਸਬੂਤ ਹੈ।

ਮਾੜੇ ਆਚਰਨ ਵਾਲੇ ਮਸੰਦਾਂ ਨੂੰ ਸਜ਼ਾ ਦੇਣੀ ਜ਼ਾਹਿਰ ਕਰਦਾ ਹੈ ਕਿ ਗੁਰੂ ਸਾਹਿਬ ਕਦਾਚਿਤ ਨਹੀਂ ਚਾਹੁੰਦੇ ਸਨ ਕਿ ਉਨ੍ਹਾਂ ਦੇ ਸਿੱਖ ਕਿਸੇ ਛਲੀਏ, ਫ਼ਰੇਬੀ ਨੂੰ ਗੁਰੂ ਮੰਨ ਲੈਣ।

ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਤਿਆਗ ਮਹਾਨ ਹੈ। ਉਸੇ ਤਰ੍ਹਾਂ ਜਿਵੇਂ ਗੁਰੂ ਨਾਨਕ ਸਾਹਿਬ ਜੀ ਘਰ ਦਾ ਮੋਹ ਤਿਆਗ ਕੇ ਭੁੱਲੀ-ਭਟਕੀ ਲੌਕਾਈ ਨੂੰ ਸਿੱਧੇ ਰਾਹ ਪਾਉਣ ਖ਼ਾਤਰ, ਦੇਸ਼-ਵਿਦੇਸ਼ ਪੈਦਲ ਸਫ਼ਰ ਕਰਦੇ ਰਹੇ, ਜਿਵੇਂ ਪੰਚਮ ਪਾਤਸ਼ਾਹ ਨੇ ਤੱਤੀਆਂ ਤਵੀਆਂ ’ਤੇ ਬੈਠਣਾ ਕੀਤਾ, ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸੀਸ ਵਾਰਿਆ ਪਰ ਗੁਰੂ ਗੋਬਿੰਦ ਸਿੰਘ ਜੀ ਦਾ ਤਿਆਗ ਹੋਰ ਵੀ ਹੱਦ-ਬੰਨੇ ਉਸ ਸਮੇਂ ਤੋੜ ਜਾਂਦਾ ਨਜ਼ਰ ਆਉਂਦਾ ਹੈ ਜਦੋਂ ਪ੍ਰੀਤਮ ਪਿਆਰਾ ਆਪਣੇ ਪਿਆਰੇ ਪੁੱਤਰਾਂ ਨੂੰ ਹੱਥੀਂ ਮੌਤ ਦੀ ਲਾੜੀ ਪਰਨਾਉਣ ਲਈ ਤਿਆਰ ਕਰਦਾ ਦਿੱਸ ਆਉਂਦਾ ਹੈ। ਪਿਤਾ, ਮਾਤਾ, ਪੁੱਤਰਾਂ ਦਾ ਤਿਆਗ ਅਥਵਾ ਧਰਮ ਤੋਂ ਵਾਰ ਕੇ ਵੀ ਮਾਛੀਵਾੜੇ ਦੇ ਜੰਗਲ ਵਿਚ ਅਡੋਲ ਆਰਾਮ ਕਰਦਾ, ਕਿਸੇ ਅਗੰਮੀ ਸਮਾਧੀ ਵਿਚ ਗੜੂੰਦ ਨਜ਼ਰੀਂ ਪੈਂਦਾ ਹੈ। ਜਿਸ ਆਪਣੇ ਸੁਖ ਤਿਆਗੇ, ਕੋਈ ਨਿੱਜੀ ਜਾਇਦਾਦ ਨਹੀਂ ਬਣਾਈ, ਕੋਈ ਰਾਜ-ਭਾਗ ਕਾਇਮ ਨਹੀਂ ਕੀਤਾ, ਕੋਈ ਸਿੱਕਾ ਨਹੀਂ ਚਲਾਇਆ, ਜੋ ਆਪਣਾ ਵਚਨ ਸੰਤਾਂ ਨੂੰ ਬਚਾਉਣ ਲਈ ਤੇ ਦੁਸ਼ਟਾਂ ਨੂੰ ਖ਼ਤਮ ਕਰਨ ਲਈ ਤੇ ਪੰਥ ਚਲਾਉਣ ਲਈ ਆਇਆ, ਸੰਕਲਪ ਪੂਰਾ ਕਰਦਾ, ਮਹਾਂਬਲੀ, ਸਾਹਿਬ-ਏ-ਕਮਾਲ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੈ ਜਿਨ੍ਹਾਂ ਦੀ ਸੋਭਾ ਲਈ ਹਰ ਸ਼ਬਦਾਵਲੀ ਨੀਵੀਂ ਹੈ। ਉਨ੍ਹਾਂ ਦਾ ਕਿਰਦਾਰ ਇੰਨਾ ਉੱਚਾ ਹੈ ਕਿ ਉਸ ਕਿਰਦਾਰ ਤਕ ਪਹੁੰਚਣਾ ਮਨੁੱਖੀ ਤਾਕਤ ਤੋਂ ਬਾਹਰ ਹੈ। ਆਪ ਜੀ ਪ੍ਰੇਮੀਆਂ ਦਾ ਪਿਆਰ, ਹਰ ਘੜੀ, ਹਰ ਪਲ ਸਹਾਈ ਹੋਣ ਵਾਲਾ, ‘ਘਟ ਘਟ ਕੇ ਅੰਤਰ ਕੀ ਜਾਨਤ’ ਹਨ। ਉਸ ਦਸਮੇਸ਼ ਪਿਤਾ ਜੀ ਦੇ ਵਿਅਕਤਿੱਤਵ ’ਤੇ ਲਿਖਣਾ ਤਾਂ ਸੂਰਜ ਨੂੰ ਦੀਵਾ ਦਿਖਾਉਣ ਦੇ ਤੁੱਲ ਹੈ। ਗੁਰੂ ਜੀ ਦੀ ਸੋਭਾ ਅਨੇਕਪੱਖੀ ਹੈ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਪਿੰਡ ਤੇ ਡਾਕ. ਇੱਬਨ ਕਲਾਂ, ਝਬਾਲ ਰੋਡ, ਅੰਮ੍ਰਿਤਸਰ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)