ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਦਸਵੇਂ ਜਾਮੇ ਵਿਚ ਆਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸੰਸਾਰ-ਆਗਮਨ ਬਹੁਪੱਖੀ ਰੂਪ ਵਿਚ ਦ੍ਰਿਸ਼ਟੀਗੋਚਰ ਹੁੰਦਾ ਹੈ। ਨਾਸ਼ਵਾਨ ਸੰਸਾਰ ਵਿਚ ਬਹੁਤ ਘੱਟ ਸਮਾਂ ਗੁਜ਼ਾਰ ਕੇ ਸੰਸਾਰੀ ਲੋਕਾਂ ਲਈ ਕੀਤੇ ਗਏ ਕਾਰਜ ਭਵਿੱਖ ਲਈ ਰਾਹ-ਦਰਸਾਊ ਹਨ। ਪਟਨਾ ਸਾਹਿਬ (ਬਿਹਾਰ) ਵਿਚ ਆਗਮਨ ਕਰ ਕੇ ਬਚਪਨ ਦੀਆਂ ਲੀਲ੍ਹਾਵਾਂ ਤੋਂ ਲੈ ਕੇ ਨੰਦੇੜ ਸਾਹਿਬ (ਮਹਾਂਰਾਸ਼ਟਰ) ਤਕ ਦਾ ਜੀਵਨ-ਸਫ਼ਰ ਅਨੇਕਾਂ ਹੈਰਾਨਕੁੰਨ ਕਾਰਨਾਮਿਆਂ ਨਾਲ ਭਰਪੂਰ ਹੈ।
ਬਚਪਨ ਤੋਂ ਹੀ ਸੰਸਾਰੀ ਲੋਕਾਂ ਨੇ ਭਾਂਪ ਲਿਆ ਸੀ ਕਿ ਆਪ ਦਾ ਆਗਮਨ ਮਾਨਵ-ਹਿੱਤਾਂ ਲਈ ਅਤੇ ਕਸ਼ਟ ਨਿਵਾਰਨ ਲਈ ਹੋਇਆ ਹੈ। ਅਨੰਦਪੁਰ ਸਾਹਿਬ (ਪੰਜਾਬ) ਪੁੱਜਣ ’ਤੇ ਛੋਟੀ ਅਵਸਥਾ ਵਿਚ ਹੀ ਪਿਤਾ ਗੁਰੂ ਜੀ ਨਾਲ ਹਰ ਤਰ੍ਹਾਂ ਦੇ ਕਾਰਜਾਂ ਵਿਚ ਹਿੱਸਾ ਲਿਆ। ਪੰਡਿਤ ਕਿਰਪਾ ਰਾਮ ਜੋ ਮਟਨ (ਕਸ਼ਮੀਰ) ਤੋਂ ਔਰੰਗਜ਼ੇਬ ਦੇ ਜ਼ੁਲਮ ਤੋਂ ਪ੍ਰੇਸ਼ਾਨ ਕਸ਼ਮੀਰੀ ਪੰਡਿਤਾਂ ਦੀ ਰਾਖੀ ਲਈ ਉਨ੍ਹਾਂ ਦੇ ਵਫ਼ਦ ਸਹਿਤ ਆਪ ਜੀ ਦੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਸ ਫ਼ਰਿਆਦ ਲੈ ਕੇ ਆਇਆ ਤਾਂ ਆਪ ਜੀ ਨੇ ਜਾਣ ਲਿਆ ਕਿ ਧਰਮ ਬਚਾਉਣ ਲਈ ਅਤੇ ਜ਼ੁਲਮ ਨੂੰ ਠੱਲ੍ਹ ਪਾਉਣ ਲਈ ਕਿਸੇ ਠੋਸ ਕਾਰਵਾਈ ਦੀ ਆਵੱਸ਼ਕਤਾ ਹੈ। ਇਸ ਲਈ ਆਪ ਜੀ ਨੇ ਪਿਤਾ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਧਰਮ ਦੀ ਰਾਖੀ ਲਈ ਦਿੱਲੀ ਜਾਣ ਵਾਸਤੇ ਤਿਆਰ ਕੀਤਾ ਅਤੇ ਆਪਣੇ ਸਿਰ ’ਤੇ ਸਾਰੀ ਜ਼ਿੰਮੇਵਾਰੀ ਲਈ। ਪਿਤਾ ਗੁਰੂ ਜੀ ਤੋਂ ਵਿੱਛੜਨਾ ਅਤੇ ਸਮੁੱਚੀ ਕੌਮ ਦਾ ਬੀੜਾ ਚੁੱਕਣਾ ਕਿਸੇ ਅਗੰਮੀ ਸੋਝੀ ਦਾ ਹੀ ਪ੍ਰਤੀਕ ਸੀ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਿਤਾ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਉਪਰੰਤ ਜ਼ੁਲਮ ਨੂੰ ਰੋਕਣ ਲਈ ਨਿਰਬਲ ਅਤੇ ਕਮਜ਼ੋਰ ਹੋ ਚੁਕੇ ਸੰਸਾਰੀ ਲੋਕਾਂ ਨੂੰ ਤਿਆਰ ਕੀਤਾ ਤਾਂ ਜੁ ਉਹ ਆਪ ਜ਼ੁਲਮ ਦਾ ਮੁਕਾਬਲਾ ਕਰ ਕੇ ਸਿਰ ਉੱਚਾ ਕਰ ਕੇ ਜੀਵਨ ਗੁਜ਼ਾਰ ਸਕਣ। ਇਸ ਲਈ ਬਲਹੀਣ ਹੋ ਚੁਕੇ ਲੋਕਾਂ ਨੂੰ ਆਪਣੀ ਰੱਖਿਆ ਲਈ ਤਿਆਰ ਕਰਨ ਲਈ ਅਨੰਦਪੁਰ ਸਾਹਿਬ ਦੇ ਸਥਾਨ ’ਤੇ ਵਿਸਾਖੀ ਵਾਲੇ ਦਿਨ ਵਿਸ਼ੇਸ਼ ਸਮਾਗਮ ਕਰ ਕੇ ਖਾਲਸਾ ਪੰਥ ਦੀ ਨੀਂਹ ਰੱਖੀ। ਲੋਕਾਂ ਨੂੰ ਆਪਣੇ ਹੱਕਾਂ ਲਈ ਜਿਊਣ ਲਈ ਜ਼ੁਲਮ ਨੂੰ ਰੋਕਣ ਲਈ ਤਿਆਰ ਕੀਤਾ। ਨਿਤਾਣੇ ਹੋ ਚੁਕੇ ਲੋਕਾਂ ਨੂੰ ਕੇਵਲ ਤਿਆਰ ਹੀ ਨਹੀਂ ਕੀਤਾ ਸਗੋਂ ਅਮਲੀ ਤੌਰ ’ਤੇ ਆਪ ਅੱਗੇ ਹੋ ਕੇ ਇਸ ਲਹਿਰ ਦਾ ਸੰਸਥਾਪਨ ਵੀ ਕੀਤਾ। ਇਸ ਬਾਰੇ ਬਿਆਨ ਹੈ:
ਖਾਲਸਾ ਅਕਾਲ ਪੁਰਖ ਕੀ ਫੌਜ॥
ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ॥ (ਸਰਬ ਲੋਹ)
ਇਥੇ ਹੀ ਬਸ ਨਹੀਂ, ਆਪ ਜੀ ਨੇ ਖਾਲਸਾ ਪੰਥ ਸਾਜ ਕੇ ਖਾਲਸੇ ਨੂੰ ਪੂਰਾ ਮਾਣ ਦਿੱਤਾ ਅਤੇ ਕਿਹਾ:
ਖਾਲਸਾ ਮੇਰੋ ਰੂਪ ਹੈ ਖਾਸ॥
ਖਾਲਸੇ ਮਹਿ ਹਉ ਕਰਹੁ ਨਿਵਾਸ॥
ਆਪ ਜੀ ਵੱਲੋਂ ਚਲਾਈ ਇਸ ਲਹਿਰ ਨਾਲ ਕੌਮ ਵਿਚ ਜਾਗ੍ਰਤੀ ਆਈ। ਇਸ ਦੇ ਨਾਲ ਹੀ ਪਹਾੜੀ ਰਾਜਿਆਂ ਨੂੰ ਆਪਣੇ ਰਾਜ-ਭਾਗ ਦਾ ਡਰ ਖਾਣ ਲੱਗਾ। ਇਸ ਲਈ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਚਲਾਈ ਲਹਿਰ ਨੂੰ ਠੱਲ੍ਹ ਪਾਉਣ ਲਈ ਗੁਰੂ ਸਾਹਿਬ ਦੇ ਵਿਰੁੱਧ ਹੋ ਗਏ ਅਤੇ ਔਰੰਗਜ਼ੇਬ ਬਾਦਸ਼ਾਹ ਨੂੰ ਗੁਰੂ ਜੀ ਦੇ ਵਿਰੁੱਧ ਖ਼ਬਰਾਂ ਭੇਜੀਆਂ ਤਾਂ ਕਿ ਬਾਦਸ਼ਾਹ ਵੀ ਗੁਰੂ ਜੀ ਦੀ ਇਸ ਲਹਿਰ ਨੂੰ ਰੋਕੇ। ਔਰੰਗਜ਼ੇਬ ਤਾਂ ਪਹਿਲਾਂ ਹੀ ਅਜਿਹੇ ਮੌਕੇ ਦੀ ਤਲਾਸ਼ ਵਿਚ ਸੀ। ਖ਼ਬਰਾਂ ਪੁੱਜਣ ’ਤੇ ਅਤੇ ਪਹਾੜੀ ਰਾਜਿਆਂ ਦੀ ਸਹਾਇਤਾ ਲਈ ਸ਼ਾਹੀ ਸੈਨਾ ਵੀ ਗੁਰੂ ਜੀ ਦੇ ਪਿੱਛੇ ਲੱਗ ਗਈ। ਪਹਾੜੀ ਰਾਜਿਆਂ ਦੀ ਬਦਨੀਤੀ ਨੂੰ ਰੋਕਣ ਲਈ ਅਤੇ ਔਰੰਗਜ਼ੇਬ ਬਾਦਸ਼ਾਹ ਦੇ ਵਧ ਚੁਕੇ ਕੌਮ-ਮਾਰੂ ਜ਼ੁਲਮਾਂ ਵਿਰੁੱਧ ਖਾਲਸਾ ਫ਼ੌਜ ਨੂੰ ਕਈ ਵਾਰ ਯੁੱਧ ਵਿਚ ਜੂਝਣਾ ਪਿਆ। ਹੁਣ ਗੁਰੂ ਸਾਹਿਬ ਵੱਲੋਂ ਚਲਾਈ ਲਹਿਰ ਨਾਲ ਲੋਕ ਸਾਹਸੀ ਹੋ ਕੇ ਹਰ ਤਰ੍ਹਾਂ ਦੇ ਜ਼ੁਲਮ ਵਿਰੁੱਧ ਟੱਕਰ ਲੈਣ ਲਈ ਜਾਨਾਂ ਵਾਰਨ ਲਈ ਤਿਆਰ ਹੋ ਚੁਕੇ ਸਨ। ਪਹਾੜੀ ਰਾਜਿਆਂ ਨੇ ਮੁਗ਼ਲਾਂ ਦੀ ਸ਼ਾਹੀ ਸੈਨਾ ਨਾਲ ਮਿਲ ਕੇ ਕਈ ਵਾਰੀ ਗੁਰੂ ਜੀ ਨਾਲ ਯੁੱਧ ਛੇੜਿਆ। ਘੱਟ ਗਿਣਤੀ ਵਿਚ ਹੁੰਦਿਆਂ ਹੋਇਆਂ ਵੀ ਗੁਰੂ ਜੀ ਵੱਲੋਂ ਤਿਆਰ ਕੀਤੀ ਸੈਨਾ ਦੇ ਸਿਪਾਹੀਆਂ ਨੇ ਪਹਾੜੀ ਰਾਜਿਆਂ ਦੇ ਯੁੱਧ ਵਿਚ ਦੰਦ ਖੱਟੇ ਕੀਤੇ ਅਤੇ ਮੁਗ਼ਲ ਸੈਨਾ ਨੂੰ ਵੀ ਭਾਜੜਾਂ ਪਾਈ ਰੱਖੀਆਂ। ਜਿਵੇਂ-ਜਿਵੇਂ ਜ਼ੁਲਮ ਹੁੰਦੇ, ਹੁਣ ਉਸੇ ਪ੍ਰਕਾਰ ਹੀ ਲੋਕ ਇਸ ਦਾ ਡੱਟ ਕੇ ਮੁਕਾਬਲਾ ਕਰਦੇ ਅਤੇ ਆਪਣੀਆਂ ਜਾਨਾਂ ਵਾਰਨ ਤੋਂ ਵੀ ਨਹੀਂ ਡਰਦੇ ਸਨ। ਸ਼ਾਹੀ ਸੈਨਾ ਦੇ ਭਾਰੀ ਯਤਨਾਂ ਦੇ ਬਾਵਜੂਦ ਵੀ ਉਹ ਸਿੰਘਾਂ ਦੀ ਸ਼ਕਤੀ ਨੂੰ ਕੁਚਲ ਨਾ ਸਕੇ ਅਤੇ ਗੁਰੂ ਜੀ ਨੂੰ ਨੁਕਸਾਨ ਪਹੁੰਚਾਉਣ ਵਿਚ ਅਸਫਲ ਰਹੇ। ਚਾਹੇ ਉਹ ਭੰਗਾਣੀ ਦੀ ਲੜਾਈ ਸੀ ਜਾਂ ਅਨੰਦਪੁਰ ਸਾਹਿਬ ਵਿਚ ਹੋਏ ਯੁੱਧ ਦੀ ਟੱਕਰ ਸੀ ਜਾਂ ਖਿਦਰਾਣੇ ਦੀ ਢਾਬ (ਹੁਣ ਮੁਕਤਸਰ) ’ਤੇ ਹੋਏ ਮੁਕਾਬਲੇ ਦਾ ਬ੍ਰਿਤਾਂਤ ਹੈ, ਹਰ ਵਾਰ ਮੁਗ਼ਲਾਂ ਦੀ ਸ਼ਾਹੀ ਸੈਨਾ ਨੂੰ ਮੂੰਹ ਦੀ ਖਾਣੀ ਪਈ ਅਤੇ ਨਿਰਾਸ਼ ਹੋ ਕੇ ਹੀ ਵਾਪਸ ਪਰਤਣਾ ਪਿਆ। ਉਹ ਕਦੇ ਵੀ ਸਿੰਘਾਂ ’ਤੇ ਵਿਜਈ ਨਾ ਹੋ ਸਕੇ।
ਗੁਰੂ ਜੀ ਦੀ ਦਿੱਬ-ਦ੍ਰਿਸ਼ਟੀ ਨੇ ਅਲੌਕਿਕ ਕਰਤੱਬ ਹੀ ਦਰਸਾਏ। ਅਨੰਦਪੁਰ ਸਾਹਿਬ ਨੂੰ ਛੱਡਣ ਉਪਰੰਤ ਆਪ ਜੀ ਕੁਝ ਕੁ ਸਿੰਘਾਂ ਨਾਲ ਚਮਕੌਰ ਦੀ ਕੱਚੀ ਗੜ੍ਹੀ ਵਿਚ ਘਿਰ ਗਏ। ਮੁਗ਼ਲਾਂ ਦੀ ਸ਼ਾਹੀ ਸੈਨਾ ਮਾਰੋ-ਮਾਰ ਕਰਦੀ ਆਪ ਦੇ ਪਿੱਛੇ ਲੱਗੀ ਹੋਈ ਸੀ। ਆਪ ਜੀ ਨੇ ਮੁੱਠੀ-ਭਰ ਸਿੰਘਾਂ ਨਾਲ ਹਜ਼ਾਰਾਂ ਦੀ ਗਿਣਤੀ ਵਿਚ ਸ਼ਾਹੀ ਸੈਨਾ ਨੂੰ ਰੋਕੀ ਰੱਖਿਆ ਅਤੇ ਆਪਣੇ ਜਿਗਰ ਦੇ ਟੁਕੜੇ ਸਾਹਿਬਜ਼ਾਦਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਨੂੰ ਵੀ ਦੁਸ਼ਮਣ ਨਾਲ ਲੜਨ ਲਈ ਜੰਗ ਦੇ ਮੈਦਾਨ ਵਿਚ ਭੇਜਿਆ। ਇਹ ਸਾਰਾ ਕੌਤਕ ਅੱਖੀਂ ਵੇਖਿਆ ਅਤੇ ਪੁੱਤਰਾਂ ਦੀ ਸ਼ਹਾਦਤ ਦੇ ਕੇ ਸੰਸਾਰੀ ਲੋਕਾਂ ਦੇ ਸਾਹਮਣੇ ਇਕ ਉਦਾਹਰਣ ਕਾਇਮ ਕੀਤੀ। ਦੂਸਰੇ ਪਾਸੇ ਸਾਹਿਬਜ਼ਾਦਾ ਫ਼ਤਹਿ ਸਿੰਘ ਤੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਛੋਟੇ ਬੱਚਿਆਂ ਨੂੰ ਸ਼ਹੀਦ ਕਰਨ ਅਤੇ ਮਾਤਾ ਜੀ ਦਾ ਅਕਾਲ-ਚਲਾਣਾ ਸੁਣ ਕੇ ਆਪ ਨੇ ਪ੍ਰਭੂ ਦਾ ਸ਼ੁਕਰਾਨਾ ਹੀ ਕੀਤਾ। ਚਾਰੇ ਪੁੱਤਰਾਂ ਅਤੇ ਪਿਤਾ ਨੂੰ ਵਾਰ ਕੇ ਵੀ ਆਪਣੇ ਮਿਸ਼ਨ ਵੱਲੋਂ ਮੂੰਹ ਨਹੀਂ ਮੋੜਿਆ। ਮਾਤਾ ਜੀ ਵੱਲੋਂ ਸਪੁੱਤਰਾਂ ਬਾਰੇ ਪੁੱਛਣ ’ਤੇ ਗ਼ਮਗੀਨ ਹੋਣ ਦੀ ਥਾਂ ਇਤਨਾ ਹੀ ਕਿਹਾ:
ਚਾਰ ਮੂਏ ਤੋ ਕਿਆ ਹੂਆ ਜੀਵਤ ਕਈ ਹਜ਼ਾਰ।
ਇਸ ਪ੍ਰਕਾਰ ਸੰਸਾਰੀ ਲੋਕਾਂ ਨੂੰ ਮੋਹ ਤਿਆਗਣ ਦਾ ਰਾਹ ਦਰਸਾਇਆ। ਸੰਸਾਰੀ ਲੋਕਾਂ ਦੇ ਕਲਿਆਣ ਲਈ ਧਰਮ-ਨਿਰਪੇਖਤਾ ਦੀ ਲਹਿਰ ਚਲਾਈ। ਉਸ ਸਮੇਂ ਦਾ ਸਮਾਜ ਫੋਕੇ ਵਹਿਮਾਂ-ਭਰਮਾਂ ਅਤੇ ਅੰਧ-ਵਿਸ਼ਵਾਸਾਂ ਵਿਚ ਲਿਪਤ ਸੀ ਜਿਸ ਨੂੰ ਦੂਰ ਕਰਨਾ ਬਹੁਤ ਜ਼ਰੂਰੀ ਸੀ। ਆਪ ਜੀ ਨੇ ਮੂਰਤੀ ਪੂਜਾ ਵਿਰੁੱਧ ਵੀ ਆਵਾਜ਼ ਉਠਾਈ ਅਤੇ ਨਾਸ਼ਵਾਨ ਸੰਸਾਰ ਬਾਰੇ ਜਾਣੂ ਕਰਵਾ ਕੇ ਕੇਵਲ ਪਰਮਾਤਮਾ ਦੀ ਭਗਤੀ ਵੱਲ ਹੀ ਸਭ ਨੂੰ ਪ੍ਰੇਰਿਆ। ਆਪ ਜੀ ਦੀ ਲੋਕਾਈ ਨੂੰ ਸੇਧ ਕੇਵਲ ਇਨ੍ਹਾਂ ਸ਼ਬਦਾਂ ਨਾਲ ਹੀ ਸਪੱਸ਼ਟ ਤੌਰ ’ਤੇ ਉਜਾਗਰ ਹੁੰਦੀ ਹੈ:
ਕਾਹੂ ਲੈ ਪਾਹਨ ਪੂਜ ਧਰਯੋ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ॥
ਕਾਹੂ ਲਖਿਓ ਹਰਿ ਅਵਾਚੀ ਦਿਸਾ ਮਹਿ ਕਾਹੂ ਪਛਾਹ ਕੋ ਸੀਸੁ ਨਿਵਾਇਓ॥
ਕੋਊ ਬੁਤਾਨ ਕੋ ਪੂਜਤ ਹੈ ਪਸੁ ਕੋਊ ਮ੍ਰਿਤਾਨ ਕੋ ਪੂਜਨ ਧਾਇਓ॥
ਕੂਰ ਕ੍ਰਿਆ ਉਰਝਿਓ ਸਭਹੀ ਜਗ ਸ੍ਰੀ ਭਗਵਾਨ ਕੋ ਭੇਦੁ ਨ ਪਾਇਓ॥ (ਸੁਧਾ ਸਵੱਯੇ, ਪਾ: 10)
ਇਸ ਪ੍ਰਕਾਰ ਫੋਕੇ ਕਰਮਕਾਂਡਾਂ ਵਿਚ ਫਸੇ ਲੋਕਾਂ ਨੂੰ ਸਪੱਸ਼ਟ ਤੌਰ ’ਤੇ ਇਸ ਬਾਰੇ ਜਾਣੂ ਕਰਵਾਇਆ। ਆਪ ਜੀ ਨੇ ਦੇਵੀ-ਦੇਵਤਿਆਂ ਦੇ ਪੂਜਨ ਬਾਰੇ ਸੁਚੇਤ ਕਰਦਿਆਂ ਆਪਣੇ ਸ਼ਬਦਾਂ ਵਿਚ ਕਿਹਾ:
ਮੈ ਨ ਗਨੇਸਹਿ ਪ੍ਰਿਥਮ ਮਨਾਊਂ॥
ਕਿਸ਼ਨ ਬਿਸ਼ਨ ਕਬਹੂੰ ਨਹਿੰ ਧਿਆਊਂ॥ (ਚੌਪਈ ਪਾ: 10)
ਆਪਣੇ ਮਹਾਂਵਾਕ ਰਾਹੀਂ ਲੋਕਾਈ ਨੂੰ ਸੱਚੇ ਮਾਰਗ ’ਤੇ ਚੱਲਣ ਦਾ ਰਾਹ ਦਰਸਾਇਆ। ਇਸ ਮਿਸ਼ਨ ਦੀ ਪੂਰਤੀ ਲਈ ਆਪ ਜੀ ਵੱਲੋਂ ਸ਼ਬਦ-ਗੁਰੂ ਨੂੰ ਮਾਨਤਾ ਦੇਣੀ ਸੀ। ਨੰਦੇੜ ਸਾਹਿਬ (ਮਹਾਂਰਾਸ਼ਟਰ) ਵਿਖੇ 1708 ਈ. ਨੂੰ ਆਪ ਜੀ ਨੇ ਸਮੁੱਚੀ ਸੰਗਤ ਨੂੰ ਸ਼ਬਦ-ਗੁਰੂ ਦੇ ਆਦੇਸ਼ ’ਤੇ ਚੱਲਣ ਲਈ ਕਿਹਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਰਬ-ਉੱਚਤਾ ਦਾ ਸਥਾਨ ਦਿੱਤਾ। ਸਾਰੀਆਂ ਸੰਗਤਾਂ ਨੂੰ ਇਹ ਹੁਕਮ ਕੀਤਾ ਕਿ ਭਵਿੱਖ ਵਿਚ ਕਿਸੇ ਦੇਹਧਾਰੀ ਅਖੌਤੀ ਗੁਰੂ ਨੂੰ ਮਾਨਤਾ ਨਹੀਂ ਦੇਣੀ। ਗੁਰੂ ਰੂਪ ਬਾਣੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹੈ ਇਹੋ ਹੀ ਅੱਗੇ ਤੋਂ ਲੋਕਾਈ ਦਾ ਗੁਰੂ ਅਤੇ ਰਹਿਨੁਮਾ ਹੋਵੇਗੀ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਤਿਆਰ ਕਰਵਾਏ ਬਾਣੀ ਦੇ ਗ੍ਰੰਥ ਸਾਹਿਬ ਨੂੰ ਹੀ ਸਰਬ-ਉੱਚਤਾ ਦਿੱਤੀ ਅਤੇ ਕਿਹਾ:
ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨੀਓ ਗ੍ਰੰਥ॥
ਇਸ ਪ੍ਰਕਾਰ ਸੰਸਾਰੀ ਲੋਕਾਂ ਨੂੰ ਨਵੀਂ ਸੇਧ ਮਿਲੀ ਅਤੇ ਉਹ ਪਖੰਡਾਂ ਅਤੇ ਅੰਧ-ਵਿਸ਼ਵਾਸਾਂ ਤੋਂ ਦੂਰ ਰਹਿਣ ਲੱਗੇ।
ਇਸ ਸਭ ਦਾ ਕਾਰਨ ਸਪੱਸ਼ਟ ਹੈ। ਗੁਰੂ ਜੀ ਜਿਸ ਉਦੇਸ਼ ਨਾਲ ਸੰਸਾਰ ਵਿਚ ਆਏ, ਉਸ ਨੂੰ ਥੋੜ੍ਹ-ਚਿਰਾ ਰਹਿ ਕੇ ਹੀ ਪੂਰਾ ਕੀਤਾ ਜਿਸ ਬਾਰੇ ਆਪ ਨੇ ‘ਬਚਿੱਤ੍ਰ ਨਾਟਕ’ ਵਿਚ ਇਸ ਪ੍ਰਕਾਰ ਬਿਆਨਿਆ ਹੈ:
ਹਮ ਇਹ ਕਾਜ ਜਗਤ ਮੋ ਆਏ॥
ਧਰਮ ਹੇਤ ਗੁਰਦੇਵ ਪਠਾਏ॥…
ਯਾਹੀ ਕਾਜ ਧਰਾ ਹਮ ਜਨਮੰ॥
ਸਮਝ ਲੇਹੁ ਸਾਧੂ ਸਭ ਮਨਮੰ॥
ਧਰਮ ਚਲਾਵਨ ਸੰਤ ਉਬਾਰਨ॥
ਦੁਸਟ ਸਭਨ ਕੋ ਮੂਲ ਉਪਾਰਨ॥ (ਬਚਿੱਤ੍ਰ ਨਾਟਕ)
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਰਬ-ਹਿਤਕਾਰੀ ਸਨ ਜੋ ਮਨੁੱਖਤਾ ਦੇ ਦੁੱਖ ਨਿਵਾਰਨ ਲਈ ਸੰਸਾਰ ਵਿਚ ਆਏ।
ਆਪ ਜੀ ਦੁਆਰਾ ਕੀਤੇ ਸੰਸਾਰਕ ਕਾਰਜਾਂ ਦਾ ਬਿਰਤਾਂਤ ਲਾਸਾਨੀ ਹੈ। ਗੁਰੂ ਜੀ ਤਾਂ ਆਪ ਪਰਮਾਤਮਾ ਰੂਪ ਸਨ ਜਿਨ੍ਹਾਂ ਨੇ ਅਨੇਕਾਂ ਚੋਜ ਵਰਤਾ ਕੇ ਮਨੁੱਖਾਂ ਨੂੰ ਸੱਚ ਦਾ ਮਾਰਗ ਦਰਸਾਇਆ। ਆਪ ਬਾਰੇ ਗੁਰਮਤਿ ਦੇ ਮਹਾਨ ਲਿਖਾਰੀ ਭਾਈ ਗੁਰਦਾਸ ਦੂਜਾ ਜੀ ਦਾ ਕਥਨ ਹੈ:
ਵਹ ਪ੍ਰਗਟਿਓ ਪੁਰਖ ਭਗਵੰਤ ਰੂਪ ਗੁਰ ਗੋਬਿੰਦ ਸੂਰਾ।
ਆਪ ਜੀ ਦੁਆਰਾ ਦਰਸਾਇਆ ਮਾਰਗ ਹੀ ਭਵਿੱਖ ਵਿਚ ਲੋਕਾਈ ਦੇ ਅੰਧੇਰੇ ਮਾਰਗ ਨੂੰ ਰੁਸ਼ਨਾਉਂਦਾ ਰਹੇਗਾ।
ਲੇਖਕ ਬਾਰੇ
5707, ਫੇਜ਼ III, ਮਾਡਰਨ ਕੰਪਲੈਕਸ, ਮਨੀ ਮਾਜਰਾ, ਚੰਡੀਗੜ੍ਹ
- ਡਾ. ਸਾਹਿਬ ਸਿੰਘ ਅਰਸ਼ੀhttps://sikharchives.org/kosh/author/%e0%a8%a1%e0%a8%be-%e0%a8%b8%e0%a8%be%e0%a8%b9%e0%a8%bf%e0%a8%ac-%e0%a8%b8%e0%a8%bf%e0%a9%b0%e0%a8%98-%e0%a8%85%e0%a8%b0%e0%a8%b6%e0%a9%80/December 1, 2007