ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਭਾਵੇਂ ਦੂਸਰੀ ਦਹਿਸਦੀ ਵਿਚ ਹੋਈ ਪਰ ਤੀਸਰੀ ਦਹਿਸਦੀ (third millennium) ਲਈ ਇਸ ਪਾਵਨ ਗ੍ਰੰਥ ਸਾਹਿਬ ਦੀ ਵਧੇਰੇ ਅਹਿਮੀਅਤ ਹੈ। 20ਵੀਂ ਸਦੀ ਦੇ ਇਕ ਮਹਾਨ ਇਤਿਹਾਸਕਾਰ ਆਰਨਲਡ ਟਾਇਨਬੀ ਅਨੁਸਾਰ ਸਿੱਖ ਮਜ਼੍ਹਬ ਅੰਦਰ ਵਿਸ਼ਵ-ਵਿਆਪੀ ਰਾਜਤੰਤਰ (univer-sal state) ਅਤੇ ਵਿਸ਼ਵ-ਵਿਆਪੀ ਧਰਮਤੰਤਰ (universal church) ਦੇ ਨਿਰਮਾਣ ਦੇ ਬੀਜ ਮੌਜੂਦ ਹਨ। ਖ਼ਾਸਕਰ ਭਾਰਤ ਵਿਚ ਇੰਡਿੱਕ ਸਭਿਅਤਾ ਅਤੇ ਹਿੰਦੂ ਸਭਿਅਤਾ ਤੋਂ ਵੱਖ ਅਤੇ ਉਚੇਰੀ ਸਭਿਅਤਾ ਦੇ ਵਿਕਾਸ ਦੇ ਬੀਜ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵੇਖੇ ਜਾ ਸਕਦੇ ਹਨ। ਪਰ ਕੁੱਝ ਇਤਿਹਾਸਕ ਕਾਰਨਾਂ ਕਰਕੇ ਨਵੀਂ ਵਿਸ਼ਵ-ਸਭਿਅਤਾ ਦੇ ਰੂਪ ਵਿਚ ਇਹ ਬੀਜ ਹਾਲੇ ਤੱਕ ਪ੍ਰਫੁਲਿੱਤ ਨਹੀਂ ਹੋ ਸਕੇ। ਹੁਣ ਜਦਕਿ ਤੀਸਰੀ ਦਹਿਸਦੀ ਦੀ ਵਿਸ਼ਵ-ਸਭਿਅਤਾ ਦੇ ਵਿਕਾਸ ਦਾ ਰਾਹ ਤਿਆਰ ਹੋ ਰਿਹਾ ਹੈ ਤਾਂ ਇਸ ਵਿਕਾਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਫ਼ਲਸਫ਼ੇ ਦੇ ਰੋਲ ਅਤੇ ਇਸ ਵਿਚਲੀਆਂ ਵਿਸ਼ਵ-ਵਿਆਪੀ ਕਦਰਾਂ-ਕੀਮਤਾਂ ਦੀ ਅਹਿਮ ਭੂਮਿਕਾ ਨਿਭਾਉਣ ਦਾ ਅਵਸਰ ਆਣ ਪਹੁੰਚਿਆ ਹੈ।
ਪਿਛਲੇ ਕੁਝ ਸਾਲਾਂ ਵਿਚ ਨਵੀਂ ਵਿਸ਼ਵ-ਸਭਿਅਤਾ ਦੀ ਜੋ ਰੂਪ-ਰੇਖਾ ਉੱਭਰ ਕੇ ਸਾਹਮਣੇ ਆਈ ਹੈ ਉਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਨਵੀਂ ਵਿਸ਼ਵ-ਸਭਿਅਤਾ ਦੇ ਨਿਰਮਾਣ ਵਿਚ ਮਜ਼੍ਹਬ ਦਾ ਵਿਸ਼ੇਸ਼ ਰੋਲ ਹੋਵੇਗਾ। ਮਜ਼੍ਹਬ ਦੇ ਉਭਾਰ ਦੀਆਂ ਇਕ-ਦੋ ਮਿਸਾਲਾਂ ਹੀ ਕਾਫ਼ੀ ਹੋਣਗੀਆਂ; ਤੁਰਕੀ ਨੂੰ ਮੁਸਤਫ਼ਾ ਕਿਮਾਲ ਅਤਾਤੁਰਕ ਦੇ ਨੇਤ੍ਰਤਵ ਹੇਠਾਂ ਪੱਛਮੀਕਰਨ ਦਾ ਇਸ ਹੱਦ ਤਕ ਝੱਲ ਚੜ੍ਹਿਆ ਸੀ ਕਿ ਆਪਣੇ ਇਸਲਾਮੀ ਵਿਰਸੇ ਨੂੰ ਵੀ ਬੇਦਾਵਾ ਦੇ ਦਿੱਤਾ ਸੀ। ਪਰ ਪਿਛਲੇ ਇਕ-ਦੋ ਦਹਾਕਿਆਂ ਵਿਚ ਤੁਰਕੀ ਵਿਚ ਨਵੇਂ ਸਿਰੇ ਤੋਂ, ਹੋਰਨਾਂ ਇਸਲਾਮੀ ਕਦਮਾਂ ਦੇ ਨਾਲ-ਨਾਲ, ਮਸੀਤਾਂ ਬਣਾਉਣ ਦਾ ਸਿਲਸਿਲਾ ਜਾਰੀ ਹੈ। ਅਕਤੂਬਰ 2007 ਵਿਚ ਚੀਨ ਦੀ ਕਮਿਊਨਿਸਟ ਪਾਰਟੀ ਨੇ ਆਪਣੀ 17ਵੀਂ ਕਾਂਗਰਸ ਵਿਚ ਆਪਣੇ ਸੰਵਿਧਾਨ ਵਿਚ ਸੋਧ ਕਰਕੇ ਪਹਿਲੀ ਵਾਰ ਧਰਮ ਨੂੰ ਮਾਨਤਾ ਪ੍ਰਦਾਨ ਕੀਤੀ ਹੈ। ਇਹ ਗੱਲ ਵਿਸ਼ੇਸ਼ ਤੌਰ ’ਤੇ ਵਰਣਨਯੋਗ ਹੈ ਕਿ ਅਜੋਕੇ ਚੀਨ ਵਿਚ ਸੋਲਾਂ ਸਾਲ ਤੋਂ ਵੱਧ ਉਮਰ ਦੇ 30 ਕਰੋੜ ਤੋਂ ਵੀ ਜ਼ਿਆਦਾ ਚੀਨੀ ਆਸਤਕ ਹੋ ਗਏ ਹਨ ਜਦਕਿ ਕਮਿਊਨਿਸਟ ਪਾਰਟੀ ਦੇ ਮੈਂਬਰਾਂ ਦੀ ਗਿਣਤੀ 7 ਕਰੋੜ 30 ਲੱਖ ਹੈ। ਇਸ ਪੱਖੋਂ ਨਵੀਂ ਵਿਸ਼ਵ ਸਭਿਅਤਾ ਪਿਛਲੇ 300 ਸਾਲਾਂ ਦੀ ਪੱਛਮੀ ਸਭਿਅਤਾ ਤੋਂ ਬੁਨਿਆਦੀ ਤੌਰ ’ਤੇ ਵੱਖਰੀ ਹੋਵੇਗੀ। ਪਿਛਲੀਆਂ ਤਿੰਨ ਸਦੀਆਂ ਤੋਂ ਪ੍ਰਧਾਨ ਚਲੀ ਆ ਰਹੀ ਆਧੁਨਿਕ ਪੱਛਮੀ ਸਭਿਅਤਾ ਦੇ, ਇਸ ਪ੍ਰਸੰਗ ਵਿਚ, ਦੋ ਵਿਸ਼ੇਸ਼ ਲੱਛਣਾਂ ਦਾ ਜ਼ਿਕਰ ਕਰਨਾ ਜ਼ਰੂਰੀ ਬਣਦਾ ਹੈ। 17ਵੀਂ ਸਦੀ ਵਿਚ ਡੇਕਾਰਟੇ (Descartes) ਨੇ ਸਮੁੱਚੇ ਯਥਾਰਥ ਨੂੰ ਦੋ ਵਿਭਿੰਨ ਖੰਡਾਂ ਵਿਚ ਦੋਫਾੜ ਕਰ ਦਿੱਤਾ ਸੀ; ਦਿਸ ਆਉਂਦੇ ਪਦਾਰਥਕ (ਭੌਤਿਕ) ਯਥਾਰਥ ਨੂੰ ਪਰਮਾਰਥਕ (ਪਰਾ ਭੌਤਿਕ) ਯਥਾਰਥ ਤੋਂ ਵਖਰਾ ਕਰ ਦਿੱਤਾ; ਇੰਦ੍ਰੀ-ਸੰਸਾਰ ਨੂੰ ਪਰਾਇੰਦ੍ਰੀ ਸੰਸਾਰ ਤੋਂ ਅਲੱਗ-ਥਲੱਗ ਕਰ ਦਿੱਤਾ; ਜ਼ਿੰਦਗੀ ਵਿਚ ਤਨ ਅਤੇ ਮਨ ਨੂੰ ਖੰਡਿਤ ਕਰਕੇ ਦੋਹਾਂ ਵਿਚਕਾਰ ਇਕ ਲਕੀਰ ਖਿੱਚ ਦਿੱਤੀ। ਯਥਾਰਥ ਵੱਲ ਅਜਿਹੀ ਦ੍ਵੰਦਾਤਮਿਕ ਦ੍ਰਿਸ਼ਟੀ ਆਧੁਨਿਕ ਪੱਛਮੀ ਸਭਿਅਤਾ ਦੀ ਮੂਲ ਦ੍ਰਿਸ਼ਟੀ ਚਲੀ ਆ ਰਹੀ ਹੈ। ਦਿਨ-ਬ-ਦਿਨ ਵਿਗਠਿਤ ਹੋ ਰਹੀ ਆਧੁਨਿਕ ਪੱਛਮੀ ਸਭਿਅਤਾ ਦਾ ਦੂਸਰਾ ਮੁਖ ਪੂਰਵ-ਸੰਕਲਪ ਇਹ ਰਿਹਾ ਹੈ ਕਿ ਪਦਾਰਥਕ ਯਥਾਰਥ ਦਾ ਸਾਰ ਤਰਕ (reason) ਹੈ ਜੋ ਸਮੁੱਚੇ ਪਦਾਰਥਕ ਯਥਾਰਥ ਵਿਚ ਰਮ ਰਿਹਾ ਹੈ ਅਰਥਾਤ ਸਮੁੱਚੇ ਪਦਾਰਥਕ ਯਥਾਰਥ ਵਿਚ ਬ੍ਰਹਮ, ਦੈਵੀ ਸ਼ਕਤੀ, ਅਕਾਲ ਜੋਤ, ਆਦਿ ਕੋਈ ਅਲੌਕਿਕ ਰਹੱਸ ਨਹੀਂ ਵਿਚਰ ਰਿਹਾ। ਇਸ ਸੰਕਲਪ ਦੇ ਸਹਿ-ਕਦਮੀਂ ਇਕ ਹੋਰ ਸੰਕਲਪ ਇਹ ਸੀ ਕਿ ਕਿਉਂਕਿ ਸਮੁੱਚੇ ਪਦਾਰਥਕ ਯਥਾਰਥ ਦੇ ਤਾਣੇ-ਪੇਟੇ ਵਿਚ ਤਰਕ ਹੀ ਵਿਦਮਾਨ ਹੈ ਇਸ ਲਈ ਤਰਕ ਰਾਹੀਂ ਸਾਰੇ ਦੇ ਸਾਰੇ ਪਦਾਰਥਕ ਯਥਾਰਥ ਦੀ ਅੰਤ੍ਰੀਵ ਗਹਿਰਾਈ ਤਕ ਪਹੁੰਚਿਆ ਜਾ ਸਕਦਾ ਹੈ; ਤਰਕ ਰਾਹੀਂ ਅਥਵਾ ਤਰਕ-ਪੂਰਨ ਬੁੱਧੀ ਰਾਹੀਂ ਮਨੁੱਖ ਪਦਾਰਥਕ ਯਥਾਰਥ ਅਰਥਾਤ ਕੁਦਰਤ ਦੇ ਅੰਦਰਲੇ ਨਿਯਮਾਂ ਨੂੰ ਜਾਣ ਸਕਦਾ ਹੈ ਅਤੇ ਇਸ ਤਰ੍ਹਾਂ ਪਦਾਰਥਕ ਯਥਾਰਥ ਨੂੰ ਇਸ ਦੇ ‘ਜਿਵੇਂ ਹੈ ਤਿਵੇਂ’ ਰੂਪਾਂ ਵਿਚ ਸੰਪੂਰਨ ਤੌਰ ’ਤੇ ਤਰਕ-ਪੂਰਨ ਬੁੱਧੀ ਦੀ ਪਕੜ ਵਿਚ ਲਿਆ ਸਕਦਾ ਹੈ। ਪਰ 20ਵੀਂ ਸਦੀ ਦੇ ਦੂਸਰੇ ਅੱਧ ਵਿਚ ਹੀ ਇਹ ਮਹਿਸੂਸ ਹੋਣ ਲੱਗ ਪਿਆ ਕਿ ਆਧੁਨਿਕ ਪੱਛਮੀ ਸਭਿਅਤਾ ਦੇ ਉਪਰੋਕਤ ਦਰਸਾਏ ਦੋਵੇਂ ਦਾਰਸ਼ਨਿਕ ਅਧਾਰ – ‘ਪੂਰਵ ਸੰਕਲਪ’ – ਸਾਰਥਿਕ ਸਿੱਧ ਨਹੀਂ ਹੋ ਰਹੇ। ਇਕ ਪਾਸੇ ਦ੍ਵੰਦਾਤਮਿਕ ਦ੍ਰਿਸ਼ਟੀ ਦੀਆਂ ਧਾਰਨੀ ਵਿਚਾਰਧਾਰਾਵਾਂ (ਰਾਸ਼ਟਰਵਾਦ; ਉਦਾਰਮਈ ਲੋਕਤੰਤਰਵਾਦ; ਸਮਾਜਵਾਦ; ਸਾਮਵਾਦ ਆਦਿ) ਇਕ-ਇਕ ਕਰਕੇ ਨਿਹਫਲ ਸਿੱਧ ਹੋਣ ਲੱਗੀਆਂ। ਦੂਸਰੇ ਪਾਸੇ ਆਪਣੇ ਆਪ ਨੂੰ ਸਰਬ ਸਮਰੱਥ ਸਮਝਣ ਵਾਲੀ ਤਰਕ-ਪੂਰਨ ਬੁੱਧੀ, ਜੋ ਪਦਾਰਥ ਦੇ, ਪ੍ਰਕਿਤੀ ਦੇ, ਵੱਡੇ ਤੋਂ ਵੱਡੇ ਅਤੇ ਛੋਟੇ ਤੋਂ ਛੋਟੇ ਆਕਾਰ-ਰੂਪਾਂ ਨੂੰ ਸਮਝਣ ਦਾ ਦਾਅਵਾ ਕਰਦੀ ਸੀ,ਉਹ ਬੁੱਧੀ (reason) ਨਿਊਨਤਮ ਅਣੂਆਂ (micro particles) ਦੇ ਵਿਵਹਾਰ ਨੂੰ ਸਮਝਣ ਵਿਚ ਅਸਫ਼ਲ ਹੋ ਗਈ। ਇਨ੍ਹਾਂ ਨਿਊਨਤਮ ਅਣੂਆਂ ਦੇ ਵਿਵਹਾਰ ਨੂੰ ਨਿਯਮਬੱਧ ਤਸੱਵਰ ਕਰਕੇ ਇਨ੍ਹਾਂ ਦੇ ਵਰਤਾਰੇ ਨੂੰ ਜਾਣਨ ਦੇ ਯਤਨਾਂ ਦੀ ਅਸਫ਼ਲਤਾ ਨੂੰ ਅਨਿਸ਼ਚਿਤਤਾਵਾਦ ਕਰਾਰ ਦੇ ਕੇ ਵਿਗਿਆਨੀਆਂ ਨੇ ਆਪਣੀ ਹਾਰ ਨੂੰ ਕਬੂਲ ਕੀਤਾ। ਦਾਰਸ਼ਨਿਕ ਤੌਰ ’ਤੇ ਤਰਕ-ਪ੍ਰਧਾਨ ਬੁੱਧੀ ਦੀ ਇਹ ਅਸਫ਼ਲਤਾ ਆਧੁਨਿਕ ਪੱਛਮੀ ਸਭਿਅਤਾ ਦੀ ਅਸਫ਼ਲਤਾ ਹੀ ਸੀ ਕਿਉਂਕਿ ਇਹ ਸਭਿਅਤਾ ਤਰਕ-ਪ੍ਰਧਾਨ ਬੁੱਧੀ ’ਤੇ ਆਧਾਰਿਤ ਸੀ।
ਆਧੁਨਿਕ ਪੱਛਮੀ ਸਭਿਅਤਾ ਨੇ ਆਪਣੀ ਦ੍ਵੈਤਮਈ, ਦ੍ਵੰਦਾਤਮਿਕ ਪਹੁੰਚ-ਵਿਧੀ ਕਾਰਨ ਪਦਾਰਥ ਅਤੇ ਪਰਮਾਰਥ ਵਿਚਕਾਰ ਜੋ ਲਕੀਰ ਖਿੱਚੀ ਸੀ ਉਸਦੇ ਸਿੱਟੇ ਵਜੋਂ ਇਸ ਸਭਿਅਤਾ ਨੇ ਅੱਗੋਂ ਚਲ ਕੇ ਸੈਕੂਲਰਤਾ (secularism) ਅਤੇ ਧਾਰਮਿਕਤਾ ਨੂੰ ਵੀ ਇਕ ਦੂਸਰੇ ਤੋਂ ਨਿਖੇੜ ਦਿੱਤਾ। ਸਮਾਜਕ ਜੀਵਨ ਵਿਚ ਮਜ਼੍ਹਬ ਦੀ ਕੋਈ ਗੁੰਜਾਇਸ਼ ਨਾ ਛੱਡੀ; ਧਰਮ ਨੂੰ ਮਨੁੱਖ ਦੇ ਵਿਅਕਤੀਗਤ ਜੀਵਨ ਤਕ ਹੀ ਮਹਿਦੂਦ ਕਰ ਦਿੱਤਾ, ਮਜ਼੍ਹਬ ਦੇ ਸਮਾਜਕ ਪੱਧਰ ’ਤੇ ਕਲਿਆਣਕਾਰੀ ਰੋਲ ਨੂੰ ਉੱਕਾ ਹੀ ਨਕਾਰ ਦਿੱਤਾ ਗਿਆ।
ਹੁਣ ਜਦਕਿ ਆਧੁਨਿਕ ਪੱਛਮੀ ਸਭਿਅਤਾ ਆਪਣੇ ਆਖ਼ਰੀ ਸਾਹਾਂ ’ਤੇ ਹੈ ਅਤੇ ਤੀਸਰੀ ਦਹਿਸਦੀ ਦੀ ਨਵੀਂ ਵਿਸ਼ਵ-ਸਭਿਅਤਾ ਦੇ ਪੂਰਨੇ ਪਾਏ ਜਾ ਰਹੇ ਹਨ ਤਾਂ ਵਿਗਠਿਤ ਹੋ ਰਹੀ ਪੱਛਮੀ ਸਭਿਅਤਾ ਦੇ ਮੂਲ ਸੰਕਲਪ ਵੀ ਅਪ੍ਰਸੰਗਕ ਬਣਦੇ ਜਾ ਰਹੇ ਹਨ। ਡੇਕਾਰਟੇ ਦੇ ਦੋਫਾੜਵਾਦ ਦੇ ਮੁਕਾਬਲੇ ਹੁਣ ਸਮੂਹਮਈ, ਸਮੁੱਚਵਾਦੀ ਦ੍ਰਿਸ਼ਟੀ ਦਾ ਬੋਲ-ਬਾਲਾ ਹੋ ਰਿਹਾ ਹੈ। ਸਮੁੱਚੇ ਯਥਾਰਥ ਵਿਚ (ਭਾਵੇਂ ਉਹ ਪਦਾਰਥਕ ਹੋਵੇ ਜਾਂ ਪਰਮਾਰਥਕ) ਇਹ ਆਂਤ੍ਰਿਕ ਸੰਜੋਗ, ਇਕ ਅੰਦਰੂਨੀ ਸਮੁੱਚਤਾ (whole-ness) ਦਾ ਅਹਿਸਾਸ ਦਿਨ-ਬ-ਦਿਨ ਵਧ ਰਿਹਾ ਹੈ, ਜਿਸ ਪਹੁੰਚ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਿੰਬਾਤਮਿਕ ਰੂਪ ਵਿਚ ਇਨ੍ਹਾਂ ਸ਼ਬਦਾਂ ਵਿਚ ਪ੍ਰਗਟਾਇਆ ਹੈ:
ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ॥ (ਪੰਨਾ 268)
ਸਗਲ ਸਮਗ੍ਰੀ ਸੂਤਿ ਤੁਮਾਰੇ॥ (ਪੰਨਾ 740)
ਨਵੀਂ ਉਭਰ ਰਹੀ ਵਿਸ਼ਵ-ਸਭਿਅਤਾ ਦੇ ਵਿਚਾਰਵਾਨਾਂ ਅਨੁਸਾਰ ਤਰਕ ਤੋਂ ਅੱਗੇ ਜਾਣ ਦੀ ਲੋੜ ਹੈ। ਇਸ ਦਾ ਅਰਥ ਤਰਕ ਤੋਂ ਪਿੱਛੇ ਹਟਣਾ ਜਾਂ ਤਰਕ ਨੂੰ ਲਾਂਭੇ ਕਰਨਾ ਨਹੀਂ ਸਗੋਂ ਭਾਵ ਇਹ ਹੈ ਕਿ ਤਰਕ ਤੋਂ ਅਗਲੇ ਪੜਾਅ ’ਤੇ ਜਾਣ ਦੀ ਲੋੜ ਹੈ। ਨਵੇਂ ਵਿਚਾਰਵਾਨਾਂ ਅਨੁਸਾਰ ਬ੍ਰਹਿਮੰਡ ਵਿਚ ਤਰਕ ਦੀ ਥਾਂ ਕੋਈ ਹੋਰ ਰਹੱਸ ਵਿਚਰ ਰਿਹਾ ਹੈ ਜੋ ਤਰਕ-ਪ੍ਰਧਾਨ ਬੁੱਧੀ ਦੀ ਪਕੜ ਤੋਂ ਪਰ੍ਹੇ ਹੈ। ਤਰਕ ਅਥਵਾ ਤਰਕ-ਪ੍ਰਧਾਨ ਬੁੱਧੀ ਦੀ ਪਦਾਰਥਕ ਯਥਾਰਥ ਵੱਲ ਵਿਗਿਆਨਕ ਪਹੁੰਚ ਖੰਡਤਕਾਰੀ (reductive) ਰਹੀ ਹੈ। ਇਸਦੇ ਉਲਟ ਨਵੀਂ ਵਿਗਿਆਨਕ ਪਹੁੰਚ ਯਥਾਰਥ ਨੂੰ, ਇਸਦੇ ਕਣ-ਕਣ ਨੂੰ, ਸਮੂਹਮਈ, ਸਮੁਚਵਾਦੀ ਦ੍ਰਿਸ਼ਟੀ ਤੋਂ ਗ੍ਰਹਿਣ ਕਰਨ ਦਾ ਯਤਨ ਕਰਦੀ ਹੈ। ਸਮੁੱਚੇ ਯਥਾਰਥ ਵਿਚ ‘ਤਰਕ’ ਦੀ ਥਾਂ ਵਿਚਰ ਰਹੇ ਰਹੱਸ ਨੂੰ ਕੁਝ ਵਿਚਾਰਵਾਨ ਸਪਿਰਿਟ (spirit) ਦਰਸਾਉਂਦੇ ਹਨ। ਗੁਰਬਾਣੀ ਦੇ ਮੁਹਾਵਰੇ ਵਿਚ ਸਮੁੱਚੇ ਬ੍ਰਹਿਮੰਡ ਵਿਚ ਇਲਾਹੀ ਜੋਤ (Divine Spirit) ਰਮ ਰਹੀ ਹੈ:
ਚੰਦੁ ਸੂਰਜੁ ਗੈਣਾਰੇ॥
ਤਿਸ ਕੀ ਜੋਤਿ ਤ੍ਰਿਭਵਣ ਸਾਰੇ॥ (ਪੰਨਾ 1037)
ਜਹ ਜਹ ਦੇਖਾ ਤਹ ਜੋਤਿ ਤੁਮਾਰੀ ਤੇਰਾ ਰੂਪੁ ਕਿਨੇਹਾ॥ (ਪੰਨਾ 596)
ਨਿਰੰਕਾਰੀ ਜੋਤ ਖੰਡ-ਬ੍ਰਹਿਮੰਡ, ਪਾਤਾਲਾਂ-ਪਾਤਾਲ, ਸਗਲ ਬਨਸਪਤੀ, ਸਮੂਹ ਜੀਆ-ਜੰਤ ਵਿਚ ਵਿਚਰ ਰਹੀ ਹੈ:
ਧਰਨਿ ਗਗਨ ਨਵ ਖੰਡ ਮਹਿ ਜੋਤਿ ਸ੍ਵਰੂਪੀ ਰਹਿਓ ਭਰਿ॥ (ਪੰਨਾ 1409)
ਸਭ ਮਹਿ ਜੋਤਿ ਜੋਤਿ ਹੈ ਸੋਇ॥ (ਪੰਨਾ 13)
ਘਟ ਘਟ ਅੰਤਰਿ ਬ੍ਰਹਮੁ ਲੁਕਾਇਆ ਘਟਿ ਘਟਿ ਜੋਤਿ ਸਬਾਈ॥ (ਪੰਨਾ 597)
ਸ੍ਰੀ ਗੁਰੂ ਨਾਨਕ ਸਾਹਿਬ ਅਨੁਸਾਰ ਅਕਾਲ ਪੁਰਖ ਖੁਦ ‘ਜੋਤ ਸਰੂਪ’ ਹੈ। ਅਕਾਲ ਪੁਰਖੀ ਜੋਤ (spirit) ਪ੍ਰਕ੍ਰਿਤੀ (space) ਵਿਚ ਹੀ ਵਿਦਮਾਨ ਨਹੀਂ ਸਗੋਂ ਗੁਰੂ-ਮਾਧਿਅਮ ਰਾਹੀਂ ਕਾਲ ਅਥਵਾ ਇਤਿਹਾਸ (time) ਵਿਚ ਵੀ ਕ੍ਰਿਆਸ਼ੀਲ ਹੈ। ਗੁਰੂ-ਮਾਧਿਅਮ ਰਾਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਰੂਪ ਵਿਚ, ਅਕਾਲ ਪੁਰਖੀ ਜੋਤ ਕਾਲ ਅਥਵਾ ਇਤਿਹਾਸ ਵਿਚ ਪ੍ਰਵੇਸ਼ ਕਰਦੀ ਹੈ:
ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ॥ (ਪੰਨਾ 1408)
ਅੱਗੋਂ ਇਹੋ ਰੱਬੀ ਜੋਤਿ ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ ਅਤੇ ਸ੍ਰੀ ਗੁਰੂ ਰਾਮਦਾਸ ਜੀ ਦੇ ਰੂਪ ਵਿਚ ਪ੍ਰਕਾਸ਼ਮਾਨ ਹੁੰਦੀ ਹੈ। ਸ੍ਰੀ ਗੁਰੂ ਰਾਮਦਾਸ ਜੀ ਤੋਂ ਬਾਅਦ ਇਹੋ ਜੋਤ ਸ੍ਰੀ ਗੁਰੂ ਅਰਜਨ ਦੇਵ ਜੀ ਵਿਚ ਸਾਕਾਰ ਹੁੰਦੀ ਹੈ:
ਰਾਮਦਾਸਿ ਗੁਰੂ ਜਗ ਤਾਰਨ ਕਉ ਗੁਰ ਜੋਤਿ ਅਰਜੁਨ ਮਾਹਿ ਧਰੀ॥ (ਪੰਨਾ 1409)
ਇਹੋ ਜੋਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਕ ਸਾਕਾਰ ਰੂਪ ਵਿਚ ਪ੍ਰਤੱਖ ਹੁੰਦੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਸਮਾਉਣ ਉਪਰੰਤ ਗੁਰੂਤ੍ਵ ਵਿਚ ਵਿਦਮਾਨ ਅਕਾਲ ਜੋਤ (Divine Spirit) ਦੀ ਪਲਤਮੁਖੀ ਪ੍ਰਭੁਤਾ ਗੁਰ-ਸ਼ਬਦ ਵਿਚ ਲੀਨ ਹੁੰਦੀ ਹੈ ਅਤੇ ਇਸ ਅਲਾਹੀ ਜੋਤ ਦੀ ਹਲਤਮੁਖੀ ਪ੍ਰਭੁਤਾ ਖਾਲਸਾ ਪੰਥ, ਗੁਰੂ-ਪੰਥ ਵਿਚ ਸਾਕਾਰ ਹੁੰਦੀ ਹੈ।
ਸਪਿਰਿਟ-ਮੁਖੀ ਮਜ਼੍ਹਬ ਹੋਣ ਕਾਰਨ ਤੀਸਰੀ ਦਹਿ-ਸਦੀ ਦੀ ਨਵੀਂ ਸਭਿਅਤਾ ਦੇ ਨਿਰਮਾਣ ਵਿਚ ਸਿੱਖ-ਮਤ ਦੀ ਵਿਸ਼ੇਸ਼ ਭੂਮਿਕਾ ਬਣਦੀ ਹੈ ਕਿਉਂਕਿ ਨਵੀਂ ਸਭਿਅਤਾ ਦਾ ਮੂਲ ਸੰਕਲਪ, ਵਿਚਾਰਵਾਨਾਂ ਅਨੁਸਾਰ, ਜੋਤ (spirit) ਹੋਵੇਗਾ, ਉਵੇਂ ਹੀ ਜਿਵੇਂ ਆਧੁਨਿਕ ਪੱਛਮੀ ਸਭਿਅਤਾ ਦਾ ਆਧਾਰ-ਰੂਪੀ ਸੰਕਲਪ ਤਰਕ (rea-son) ਸੀ, ਜੋ ਸਮੁੱਚੇ ਪਦਾਰਥਕ ਸੰਸਾਰ ਦਾ ਤਾਣਾ-ਪੇਟਾ ਤਸੱਵਰ ਹੁੰਦਾ ਸੀ ਅਤੇ ਜਿਸ ਦੀ ਨਿਖੇੜਮਈ, ਖੰਡਤਕਾਰੀ ਪਹੁੰਚ ਵਿਧੀ ਪਦਾਰਥ ਦੇ ਧੁਰ ਅੰਦਰਲੇ ਰਹੱਸ ਤਕ ਪਹੁੰਚਣ ਦਾ ਦਾਅਵਾ ਕਰਦੀ ਸੀ। ਜਿਵੇਂ ਕਿ ਉੱਪਰ ਦਰਸਾਇਆ ਗਿਆ ਹੈ ਆਧੁਨਿਕ ਪੱਛਮੀ ਸਭਿਅਤਾ ਲਈ ਕਲਿਆਣਕਾਰੀ ਵਿਚਾਰਧਾਰਾਵਾਂ ਵੀ ਅਜਿਹੇ ਤਰਕ ਦੇ ਆਧਾਰ ’ਤੇ ਉਸਰੀਆਂ ਹੋਈਆਂ ਸਨ ਅਤੇ ਜਿਨ੍ਹਾਂ ਦਾ ਟੀਚਾ ਤਰਕਮਈ ਸਮਾਜ (rational society) ਸਥਾਪਿਤ ਕਰਨਾ ਸੀ ਭਾਵੇਂ ਇਸ ਟੀਚੇ ਤਕ ਪਹੁੰਚਣ ਦੇ ਰਾਹ ਵੱਖ-ਵੱਖ ਵਿਚਾਰਧਾਰਾਵਾਂ (ਮਾਨਵਵਾਦ, ਉਦਾਰਮਈ ਲੋਕਤੰਤਰਵਾਦ, ਰਾਸ਼ਟਰਵਾਦ, ਸਮਾਜਵਾਦ ਅਤੇ ਸਾਮਵਾਦ) ਦੇ ਆਪਣੇ-ਆਪਣੇ ਸਨ।
ਪਿਛਲੀਆਂ ਤਿੰਨ ਸਦੀਆਂ ਦੀ ਪੱਛਮੀ ਸਭਿਅਤਾ ਨੇ ਇਸ ਸੰਸਾਰ ਵਿਚ ਮਜ਼੍ਹਬ ਦੇ ਕਲਿਆਣਕਾਰੀ ਸਮਾਜਕ ਰੋਲ ਨੂੰ ਬਿਲਕੁਲ ਹੀ ਪ੍ਰਵਾਨ ਨਹੀਂ ਸੀ ਕੀਤਾ। ਸਗੋਂ ਮਜ਼੍ਹਬ ਨੂੰ ਇਕ ਪਾਸੇ ਅਗਲੀ ਦੁਨੀਆਂ ਵਿਚ ਆਤਮਾ ਦੀ ਮੁਕਤੀ ਅਤੇ ਇਸ ਸੰਸਾਰ ਵਿਚ ਕੇਵਲ ਵਿਅਕਤੀ ਜੀਵਨ ਵਿਚ ਨਿੱਜੀ ਸਰੋਕਾਰਾਂ ਤਕ ਮਹਿਦੂਦ ਕਰ ਦਿੱਤਾ ਸੀ। ਇਹ ਪੱਛਮੀ ਸਭਿਅਤਾ ਇਸ ਵਿਚਾਰ ਦੀ ਧਾਰਨੀ ਸੀ ਕਿ ਮਜ਼੍ਹਬ ਤੋਂ ਅਲੱਗ-ਥਲੱਗ ਅਖੌਤੀ ਸੈਕੂਲਰ ਯਾਨੀ ਧਰਮ-ਨਿਰਪੇਖ ਵਿਚਾਰਧਾਰਾਵਾਂ ਰਾਹੀਂ ਹੀ ਸਮਾਜ ਦਾ ਕਲਿਆਣ ਸੰਭਵ ਹੈ। ਪਿਛਲੇ ਕੁਝ ਦਹਾਕਿਆਂ ਵਿਚ ਪੱਛਮੀ ਸਭਿਅਤਾ ਦਾ ਇਹ ਭਰਮ-ਭੁਲੇਖਾ ਦੂਰ ਹੋ ਚੁੱਕਿਆ ਹੈ। ਹੁਣ ਸੰਸਾਰ ਭਰ ਦੇ ਚਿੰਤਕ ਇਸ ਵਿਚਾਰ ਦੇ ਧਾਰਨੀ ਹੋ ਰਹੇ ਹਨ ਕਿ ਮਜ਼੍ਹਬ ਦੀ ਭੂਮਿਕਾ ਤੋਂ ਬਿਨਾਂ ਮਨੁੱਖ, ਸਮਾਜ ਅਤੇ ਰਾਸ਼ਟਰ ਦਾ ਕਲਿਆਣ ਮੁਮਕਿਨ ਨਹੀਂ। ਇਸ ਲਈ ਹੁਣ ਧਰਮ ਦੇ ਸਮਾਜੀ ਰੋਲ ’ਤੇ ਜ਼ੋਰ ਦਿੱਤਾ ਜਾਣ ਲੱਗ ਪਿਆ ਹੈ, ਜਿਸ ਵਿਚਾਰ ਉੱਪਰ ਅੱਜ ਤੋਂ 500 ਸਾਲ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਲ ਦਿੱਤਾ ਸੀ। ਏਸੇ ਲਈ ਭਾਈ ਗੁਰਦਾਸ ਜੀ ਨੇ ਸ੍ਰੀ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਇਸ ਤਰ੍ਹਾਂ ਦਰਸਾਇਆ ਸੀ:
ਚੜ੍ਹਿਆ ਸੋਧਣ ਧਰਤਿ ਲੁਕਾਈ॥
ਨਵੇਂ ਸਮਾਜ, ਨਵੇਂ ਤੰਤਰ ਨੂੰ ਸਿਰਜਣ ਵਿਚ ਮਜ਼੍ਹਬ ਦੀ ਕੁੱਖ ਵਿੱਚੋਂ ਇਨਕਲਾਬੀ ਵਿਚਾਰਧਾਰਾਵਾਂ ਅਤੇ ਲਹਿਰਾਂ ਉੱਠ ਰਹੀਆਂ ਹਨ ਜਿਸ ਦੀ ਇਕ ਮਿਸਾਲ ਮਿਆਂਮਾਰ (ਬਰਮਾ) ਵਿਚ ਲੋਕਤੰਤਰ ਦੀ ਬਹਾਲੀ ਲਈ ਬੋਧੀ ਭਿਕਸ਼ੂਆਂ ਦਾ ਜ਼ਬਰਦਸਤ ਰੋਲ ਵੇਖਿਆ ਜਾ ਸਕਦਾ ਹੈ।
ਨਵੀਂ ਵਿਸ਼ਵ ਸਭਿਅਤਾ ਦੇ ਵਿਕਾਸ ਵਿਚ, ਨਵੇਂ ਵਿਸ਼ਵ ਤੰਤਰ ਨੂੰ ਘੜਨ ਵਿਚ, 21ਵੀਂ ਸਦੀ ਦੇ ਸਮਾਜ ਦੇ ਨਿਰਮਾਣ ਵਿਚ, ਸਿੱਖ-ਮਤ ਦੇ ਚਾਰ ਵਿਸ਼ੇਸ਼ ਸੰਕਲਪਾਂ ਦਾ ਇਤਿਹਾਸਕ ਯੋਗਦਾਨ ਹੋਵੇਗਾ।
ਪਹਿਲਾ ਸੰਕਲਪ ਸਿੱਖ-ਮਤ ਦਾ ਕ੍ਰਾਂਤੀਕਾਰੀ ਮਾਨਵਵਾਦੀ ਹੈ ਜਿਸ ਨੂੰ ਗੁਰੂ ਨਾਨਕ ਸਾਹਿਬ ਨੇ, ਜਨਮ ਸਾਖੀ ਅਨੁਸਾਰ, ਸੱਚਖੰਡ ਵਸਦੇ ਨਿਰੰਕਾਰ ਤੋਂ ਸਿੱਧਾ ਸੰਦੇਸ਼ ਪ੍ਰਾਪਤ ਕਰਕੇ ਇਸ ਸੰਦੇਸ਼ ਨੂੰ, ਵੇਈਂ ਨਦੀ ’ਚੋਂ ਬਾਹਰ ਆ ਇਨ੍ਹਾਂ ਸ਼ਬਦਾਂ ਰਾਹੀਂ ਸੰਸਾਰ ਅੱਗੇ ਰੱਖਿਆ:
ਨ ਕੋ ਹਿੰਦੂ ਨਾ ਮੁਸਲਮਾਨ॥
ਇਸ ਦਾ ਭਾਵ ਇਹ ਹੈ ਕਿ ਹਰ ਵਿਅਕਤੀ ਭਾਵੇਂ ਉਹ ਹਿੰਦੂ ਹੈ, ਮੁਸਲਮਾਨ ਹੈ ਜਾਂ ਕਿਸੇ ਹੋਰ ਧਰਮ ਦਾ ਪੈਰੋਕਾਰ, ਸਭ ਤੋਂ ਪਹਿਲਾਂ ਮਨੁੱਖ ਹੈ, ਮਾਨਵ ਹੈ। ਉਸ ਦੀ ਮਨੁੱਖਤਾ ਹੀ ਉਸ ਦੀ ਮੁੱਢਲੀ ਅਤੇ ਬੁਨਿਆਦੀ ਪਛਾਣ ਹੈ, ਭਾਵੇਂ ਮਜ਼੍ਹਬ, ਸਭਿਆਚਾਰ, ਇਲਾਕੇ ਆਦਿ ਨਾਲ ਸਬੰਧ ਰੱਖਦੀਆਂ ਪਛਾਣਾਂ ਵੀ ਜ਼ਰੂਰੀ ਹਨ। ਸ੍ਰੀ ਗੁਰੂ ਨਾਨਕ ਸਾਹਿਬ ਦੇ ਇਸ ਸੰਦੇਸ਼ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਨ੍ਹਾਂ ਸ਼ਬਦਾਂ ਵਿਚ ਦਰਸਾਇਆ ਹੈ:
ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ॥
ਇਸ ਸ੍ਰਿਸ਼ਟੀ ਤੋਂ ਧਾਰਮਿਕ ਅਕੀਦੇ, ਜਾਤ-ਪਾਤ, ਇਲਾਕੇ, ਊਚ-ਨੀਚ ਜਾਂ ਲਿੰਗ ਦੇ ਆਧਾਰ ’ਤੇ ਕਿਸੇ ਕਿਸਮ ਦੇ ਵਿਤਕਰੇ ਦੀ ਕੋਈ ਗੁੰਜਾਇਸ਼ ਨਹੀਂ ਰਹਿੰਦੀ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੀ ਬਾਣੀ ਵਿਚ ਇਹ ਸੱਚਾਈ ਦ੍ਰਿੜ੍ਹ ਕਰਵਾਈ ਹੈ ਕਿ ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ ਦਾ ਆਪਣਾ-ਆਪਣਾ ਵੱਖਰਾ ਧਰਮ ਨਹੀਂ ਹੋ ਸਕਦਾ। ਰੱਬੀ ਸੰਦੇਸ਼ ਸਾਰਿਆਂ ਲਈ ਸਾਂਝਾ ਹੈ:
ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ॥ (ਪੰਨਾ 747)
ਅੱਜ ਦੁਨੀਆਂ ਭਰ ਦੇ ਧਾਰਮਿਕ ਨੇਤਾ ਜਿਸ global ethic ਦੀ ਅਭਿਲਾਸ਼ਾ ਕਰ ਰਹੇ ਹਨ ਉਸ ਦਾ ਭਾਵ ਵੀ ਇਕ ਤਰ੍ਹਾਂ ਨਾਲ ਉਹੀ ਹੈ ਜੋ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਇਸ ਮਹਾਂਵਾਕ ਵਿਚ ਰਮ ਰਿਹਾ ਹੈ।
ਵਿਸ਼ਵ-ਵਿਆਪਕਤਾ (universalism) ਯਾਨੀ ਵਿਸ਼ਵ-ਵਿਆਪੀ ਸਰੋਕਾਰ ਸਿੱਖ-ਮਤ ਦਾ ਦੂਸਰਾ ਸੰਕਲਪ ਹੈ ਜਿਸ ਦੀ ਨਵੀਂ ਵਿਸ਼ਵ ਸਭਿਅਤਾ ਦੇ ਨਿਰਮਾਣ ਵਿਚ ਅਹਿਮ ਭੂਮਿਕਾ ਬਣਦੀ ਹੈ। ਹਰ ਸਿੱਖ ਅਰਦਾਸ ਵਿਚ ਸਵੇਰੇ-ਸ਼ਾਮ ਸਰਬੱਤ ਦੇ ਭਲੇ ਲਈ ਅਰਦਾਸ ਕਰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਭਾਰਤ ਦੇ ਵੱਖ- ਵੱਖ ਇਲਾਕਿਆਂ ਅਤੇ ਵੱਖ-ਵੱਖ ਜਾਤਾਂ ਨਾਲ ਸਬੰਧ ਰੱਖਦੇ ਹਿੰਦੂ ਭਗਤਾਂ ਅਤੇ ਮੁਸਲਿਮ ਸੂਫ਼ੀਆਂ ਦੀ ਬਾਣੀ ਦਰਜ ਹੈ। ਦੁਨੀਆਂ ਦੇ ਧਾਰਮਿਕ ਇਤਿਹਾਸ ’ਤੇ ਜੇ ਨਜ਼ਰ ਮਾਰੀਏ ਤਾਂ ਸਪੱਸ਼ਟ ਹੁੰਦਾ ਹੈ ਕਿ ਵੱਖ-ਵੱਖ ਸਮੇਂ ਜੋ ਵੱਖ-ਵੱਖ ਮਜ਼੍ਹਬ ਉਭਰੇ ਉਨ੍ਹਾਂ ਵਿੱਚੋਂ ਕਿਸੇ ਦਾ ਸਬੰਧ ਕਿਸੇ ਕਬੀਲੇ ਨਾਲ ਸੀ, ਕਿਸ ਜਾਤ ਨਾਲ ਸੀ, ਕਿਸੇ ਵਰਣ ਨਾਲ ਸੀ, ਕਿਸੇ ਨਸਲ ਨਾਲ ਸੀ ਜਾਂ ਕਿਸੇ ਖ਼ਾਸ ਇਲਾਕੇ ਨਾਲ ਸੀ। ਪਰ ਸਿੱਖ ਮੱਤ ਦਾ ਸਬੰਧ ਸਮੁੱਚੀ ਮਨੁੱਖਤਾ ਨਾਲ ਹੈ, ਸਮੁੱਚੇ ਵਿਸ਼ਵ ਨਾਲ ਹੈ, ਸਮੁੱਚੀ ਧਰਤ ਨਾਲ ਹੈ। ਇਸੇ ਕਾਰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਰੰਭ ਵਿਚ ਹੀ ‘ਮਾਤਾ ਧਰਤਿ ਮਹਤੁ’ ਦੇ ਵਿਚਾਰ ’ਤੇ ਜ਼ੋਰ ਦਿੱਤਾ ਹੈ। ਦੂਸਰੇ ਸ਼ਬਦਾਂ ਵਿਚ ਸਿੱਖ ਮੱਤ ਵਿਚ ਧਰਤੀ ਦੇ ਕਿਸੇ ਵਿਸ਼ੇਸ਼ ਟੁੱਕੜੇ ਉੱਪਰ ਦੈਵੀ ਦਾਅਵਾ ਹੈ ਨਾ ਕਿਸੇ ਖ਼ਾਸ ਅਤੇ ਕੇਵਲ ਉਸੇ ਖ਼ਾਸ ਹਿੱਸੇ ਨੂੰ ਪਵਿੱਤਰ ਥਾਂ ਕਿਹਾ ਗਿਆ ਹੈ। ਸਿੱਖ ਮਜ਼੍ਹਬ ਦੀ ਇਹ ਵਿਸ਼ੇਸ਼ਤਾਈ ਹੈ ਕਿ ਇਸ ਵਿਚ promised land ਜਾਂ ਹੋਲੇ land ਵਰਗਾ ਕੋਈ ਸੰਕਲਪ ਨਹੀਂ।
ਅੱਜ ਫਿਰ ਜਗਤ-ਜਲੰਦੇ ਨੂੰ ਕਈ ਪ੍ਰਕਾਰ ਦੇ ਵਿਸ਼ਵ-ਵਿਆਪੀ ਸਰੋਕਾਰ ਦਰਪੇਸ਼ ਹਨ, ਜਿਵੇਂ ਕਿ ਰੰਗ-ਰੂਪ, ਨਸਲ ਆਦਿ ਦੇ ਭੇਦ-ਭਾਵ, ਮਨੁੱਖੀ ਹੱਕਾਂ ਦੀ ਖ਼ੁਦ ਰਾਜ ਸ਼ਕਤੀ ਵੱਲੋਂ ਉਲੰਘਣਾ, ਧਾਰਮਿਕ ਅਕੀਦਿਆਂ ਅਤੇ ਧਾਰਮਿਕ ਫ਼ਿਰਕਿਆਂ ਵਿਚਕਾਰ ਤਨਾਓ, ਇਕ ਬਲਵਾਨ ਦੇਸ਼ ਦਾ ਨਿਰਬਲ ਦੇਸ਼ ਉੱਪਰ ਜ਼ੋਰ-ਜਬਰ, ਬਹੁ ਗਿਣਤੀ ਸਭਿਆਚਾਰ ਦਾ ਘੱਟ ਗਿਣਤੀ ਸਭਿਆਚਾਰਾਂ ਉੱਪਰ ਸਿੱਧੇ ਅਤੇ ਅਸਿੱਧੇ ਵਾਰ, ਵਾਤਾਵਰਣ ਦਾ ਸੰਕਟ। ਅਜਿਹੇ ਸਾਰੇ ਮਸਲੇ ਸਿੱਖ-ਮਤ ਦੇ ਵਿਸ਼ਵ-ਵਿਆਪੀ ਸਰੋਕਾਰਾਂ ਦੇ ਘੇਰੇ ਵਿਚ ਆਉਂਦੇ ਹਨ। ਸਿੱਖ-ਮਤ ਦੀਆਂ ਕਦਰਾਂ ਕੀਮਤਾਂ ਇਨ੍ਹਾਂ ਵਿਸ਼ਵ-ਵਿਆਪੀ ਸਰੋਕਾਰਾਂ ਦੇ ਨਿਵਾਰਣ ਵਿਚ ਸਹਾਈ ਹੋ ਸਕਦੀਆਂ ਹਨ। ਸਿੱਖ-ਮਤ ਦੀ ਉਦਾਰਮਈ ਸਪਿਰਿਟ (liberlaism) ਦੀ ਵੀ ਅੱਜ ਸੰਸਾਰ ਨੂੰ ਬਹੁਤ ਲੋੜ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਸਾਹਿਬਾਨ, ਹਿੰਦੂ ਭਗਤਾਂ, ਮੁਸਲਿਮ ਸੂਫੀਆਂ ਦੀ ਬਾਣੀ ਨੇ ਮਨੁੱਖ ਨੂੰ ਫ਼ੋਕੀਆਂ ਰਹੁ-ਰੀਤਾਂ (ritualism) ਤੋਂ ਮੁਕਤ ਕੀਤਾ ਹੈ। ਅੰਧ-ਵਿਸ਼ਵਾਸ ਤੋਂ ਨਿਜਾਤ ਦਿਵਾਈ ਹੈ, ਅੰਦਰਲੇ ਭਾਵ ਤੋਂ ਸੱਖਣੇ ਬਾਹਰਲੇ ਭੇਖਾਂ ਨੂੰ ਨਕਾਰਿਆ ਹੈ, ਖਾਣ-ਪੀਣ ਅਤੇ ਪਹਿਰਾਵੇ ਦੀਆਂ ਬੰਦਿਸ਼ਾਂ ਵੀ ਸਿੱਖ-ਮਤ ਵਿਚ ਪ੍ਰਵਾਨ ਨਹੀਂ ਕੀਤੀਆਂ। ਖਾਣ-ਪੀਣ ਅਤੇ ਪਹਿਰਾਵੇ ਬਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਕੋ ਹੀ ਟੈਸਟ ਰੱਖਿਆ ਹੈ:
ਬਾਬਾ ਹੋਰੁ ਖਾਣਾ ਖੁਸੀ ਖੁਆਰੁ॥
ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ॥ (ਪੰਨਾ 16)
ਸਿੱਖ-ਮਤ ਆਪਣੀ ਉਦਾਰਮਈ ਸਪਿਰਿਟ ਕਾਰਨ ਇਕ ਅਜਿਹਾ ਨਿਵੇਕਲਾ ਬੂਟਾ ਹੈ ਜੋ ਹਰ ਭੌਂ ਵਿਚ, ਹਰ ਮੌਸਮ ਵਿਚ, ਹਰ ਵਾਤਾਵਰਨ ਵਿਚ ਪੁੰਗਰਦਾ ਹੈ, ਪ੍ਰਵਾਨ ਚੜ੍ਹਦਾ ਹੈ, ਪ੍ਰਫੁਲਿਤ ਹੁੰਦਾ ਹੈ ਤੇ ਆਪਣੀ ਸੁਗੰਧੀ ਚਾਰ ਦਿਸ਼ਾਵੀਂ ਫੈਲਾਉਂਦਾ ਹੈ।
ਉਦਾਰਮਈ ਸਪਿਰਿਟ ਦੇ ਆਧਾਰ ’ਤੇ ਹੀ ਵੱਖ-ਵੱਖ ਧਰਮ, ਵੱਖ-ਵੱਖ ਧਾਰਮਿਕ ਫ਼ਿਰਕੇ ਇਕ-ਦੂਸਰੇ ਦੇ ਨੇੜੇ ਆ ਸਕਦੇ ਹਨ, ਇਕ ਦੂਸਰੇ ਦੇ ਸਹਿਯੋਗੀ ਬਣ ਸਕਦੇ ਹਨ ਅਤੇ ਆਪਸੀ ਸਹਿਯੋਗ ਨਾਲ ਵਿਸ਼ਵ-ਸਭਿਅਤਾ ਦੇ ਵਿਕਾਸ ਵਿਚ ਆਪਣਾ-ਆਪਣਾ ਯੋਗਦਾਨ ਪਾ ਸਕਦੇ ਹਨ।
ਸਮਾਜਕ, ਸਭਿਆਚਾਰਕ, ਧਾਰਮਿਕ, ਰਾਜਨੀਤਿਕ ਬਹੁਦੇਵਵਾਦ, ਬਹੁ-ਰੂਪਤਾ (pluralism) ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਉਲੀਕੀਆਂ ਸਿੱਖ-ਮਤ ਦੀਆਂ ਕਦਰਾਂ-ਕੀਮਤਾਂ ਦੀ ਖ਼ਾਸ ਅਹਿਮੀਅਤ ਹੈ। ਪਿਛਲੇ 300 ਸਾਲਾਂ ਦੀ ਪੱਛਮੀ ਸਭਿਅਤਾ ਇਕ-ਰੂਪੀ ਸਮਾਜ, ਇਕ ਕੇਂਦਰੀ ਰਾਜ-ਸੱਤਾ ਅਤੇ ਇਕ-ਭਾਂਤੀ ਸਭਿਆਚਾਰ ਹੋਂਦ ਵਿਚ ਲਿਆਉਣ ਵੱਲ ਉਲਾਰ ਚੱਲੀ ਆ ਰਹੀ ਹੈ। ਇਸ ਪਰਵਿਰਤੀ ਕਾਰਨ ਧਾਰਮਿਕ ਮੂਲਵਾਦ, ਮੂਲਵਾਦੀ ਹਿੰਸਾ, ਬਹੁ-ਗਿਣਤੀ ਫ਼ਿਰਕੇ ਦੀ ਘੱਟ-ਗਿਣਤੀ ਫ਼ਿਰਕਿਆਂ ਉੱਪਰ ਸਾਮਰਾਜੀ ਧੌਂਸ, ਘੱਟ-ਗਿਣਤੀ ਭਾਈਚਾਰਿਆਂ ਦੀਆਂ ਸਵੈ-ਪਛਾਣਾਂ ਨੂੰ ਗੰਭੀਰ ਖ਼ਤਰਾ ਤੇ ਇਸ ਕਾਰਨ ਸੰਪਰਦਾਇਕ ਤਨਾਓ, ਸਭਿਆਤਾਵਾਂ ਦਾ ਟਕਰਾਓ (clash of civilization) ਅਤੇ ਇਸ ਕਿਸਮ ਦੇ ਹੋਰ ਝੁਕਾਅ ਪੈਦਾ ਹੋਏ ਸਨ। ਇਨ੍ਹਾਂ ਸੰਕਟਾਂ ਦੇ ਨਿਵਾਰਣ ਲਈ ਪੱਛਮੀ ਸਭਿਅਤਾ ਪਿਛਲੇ 300 ਸਾਲਾਂ ਦੇ ਮਾਡਲ ਤੋਂ ਵੱਖਰਾ ਇਕ ਨਵਾਂ ਮਾਡਲ ਵਿਕਸਿਤ ਕਰਨ ਦੀ ਲੋੜ ਹੈ, ਜਿਸ ਦਾ ਧੁਰਾ ਸਮਾਜਕ, ਸਭਿਆਚਾਰਕ, ਧਾਰਮਿਕ, ਰਾਜਨੀਤਿਕ ਬਹੁਵਾਦ ਹੋਵੇਗਾ ਅਤੇ ਜਿਸ ਮਾਡਲ ਦੇ ਪੂਰਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪ੍ਰਾਪਤ ਹਨ। ਸ੍ਰੀ ਗੁਰੂ ਨਾਨਕ ਸਾਹਿਬ ਨੇ ਰਚਨਾ ਦੀ ਅਨੇਕਤਾ ਅਤੇ ਭਿੰਨਤਾ ਨੂੰ ਇਨ੍ਹਾਂ ਸ਼ਬਦਾਂ ਵਿਚ ਦਰਸਾ ਕੇ ਨਵੇਂ ਮਾਡਲ ਦਾ ਤਸੱਵਰ ਪੇਸ਼ ਕੀਤਾ ਹੈ:
ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ॥ (ਪੰਨਾ 9)
ਕਰਤਾ-ਪੁਰਖ ਦੀ ਰਚੀ ਰਚਨਾ ਬਹੁ-ਰੰਗੀ, ਬਹੁ-ਰੂਪੀ, ਬਹੁ-ਭਾਂਤੀ, ਬਹੁ-ਪ੍ਰਕਾਰੀ ਹੈ। ਅਕਾਲ-ਪੁਰਖ ਦੇ ਰਚੇ ਭਾਂਤ-ਭਾਂਤ ਦੇ ਜੀਅ-ਜੰਤ ਹਨ, ਭਾਂਤ-ਭਾਂਤ ਦੀ ਬਨਸਪਤੀ ਹੈ, ਭਾਂਤ-ਭਾਂਤ ਦੇ ਨਦੀ-ਨਾਲੇ, ਟੋਏ-ਟਿੱਬੇ ਤੇ ਪਹਾੜ ਹਨ, ਵੰਨ-ਸੁਵੰਨੇ ਕੁਦਰਤ ਦੇ ਨਜ਼ਾਰੇ ਹਨ, ਬ੍ਰਹਿਮੰਡ ਵਿਚ ਲੱਖ ਆਗਾਸਾਂ-ਆਗਾਸ, ਲੱਖ ਪਾਤਾਲਾਂ-ਪਤਾਲ ਹਨ। ਕੁਦਰਤ ਦੀ ਇਹ ਅਨੇਕਤਾ ਅਤੇ ਭਿੰਨਤਾ ਸਮਾਜਕ, ਸਭਿਆਚਾਰਕ, ਧਾਰਮਿਕ ਅਤੇ ਰਾਜਨੀਤਿਕ ਬਹੁਵਾਦ ਦਾ ਕੁਦਰਤੀ ਨਿਯਮ ਪ੍ਰਦਾਨ ਕਰਦੀ ਹੈ।
ਪਿਛਲੇ 300 ਸਾਲਾਂ ਦੀ ਪੱਛਮੀ ਸਭਿਅਤਾ ਨੇ ਸਾਰੇ ਸੰਸਾਰ ਨੂੰ ਆਪਣੇ ਕਲਾਵੇ ਵਿਚ ਬੰਨ੍ਹਿਆ ਹੋਇਆ ਹੈ। ਇਸ ਸਭਿਅਤਾ ਨੇ ਪੱਛਮ ਅਤੇ ਪੂਰਬ ਦੇ ਸਾਰੇ ਦੇਸ਼ਾਂ ਵਿਚ ਇਕ-ਰੂਪੀ ਸਮਾਜ (homogenized society) ਵਿਕਸਿਤ ਕਰਨ ਦਾ ਨਾਕਾਮ ਯਤਨ ਕੀਤਾ ਹੈ; ਇਕ-ਸੁਰ ਸਮਾਜ ਉਤਪੰਨ ਕਰਨ ਦੀ ਥਾਂ ਇਕ-ਸਾਰ ਸਮਾਜ ਢਾਲਣ ਦੀ ਕੋਸ਼ਿਸ਼ ਰਹੀ ਹੈ, ਜਿਸ ਵਿਚ ਮਜ਼੍ਹਬ, ਭਾਸ਼ਾ, ਲਿੱਪੀ, ਸਭਿਆਚਾਰ, ਇਲਾਕੇ ਨਾਲ ਸਬੰਧ ਰੱਖਦੇ ਵੱਖ-ਵੱਖ ਫ਼ਿਰਕਿਆਂ ਦੀਆਂ ਸਮੂਹਕ ਪਛਾਣਾਂ (cor-porate identities) ਲਈ ਕੋਈ ਥਾਂ ਨਹੀਂ। ਸਾਰੇ ਫ਼ਿਰਕਿਆਂ ਨੂੰ ਇੱਕੋ ਸਭਿਆਚਾਰਕ ਰੰਗ ਵਿਚ ਰੰਗਣ ਦਾ ਯਤਨ ਰਿਹਾ ਹੈ ਅਤੇ ਇਹ ਰੰਗ ਬਹੁ-ਗਿਣਤੀ ਸਭਿਆਚਾਰ ਦਾ ਰੰਗ ਹੀ ਰਿਹਾ ਹੈ। ਇਸ ਝੁਕਾਅ ਦੇ ਕਾਰਨ ਹੀ ਵੱਖ-ਵੱਖ ਫ਼ਿਰਕਿਆਂ ਅਤੇ ਸੰਪਰਦਾਵਾਂ ਵਿਚਕਾਰ ਤਨਾਓ ਵਧਦਾ ਜਾ ਰਿਹਾ ਹੈ ਜੋ ਕਈ ਵਾਰ ਮੂਲਵਾਦੀ ਹਿੰਸਾ ਦਾ ਰੂਪ ਵੀ ਧਾਰਨ ਕਰ ਲੈਂਦਾ ਹੈ। ਅੱਜ ਇਹ ਇਕ ਗੰਭੀਰ ਖ਼ਤਰਾ ਬਣ ਚੁੱਕਿਆ ਹੈ, ਜਿਸ ਦੇ ਨਿਵਾਰਨ ਲਈ ਸਮਾਜਕ ਬਹੁਵਾਦ (social plural-ism) ਲਾਜ਼ਮੀ ਹੈ। ਇਸ ਤਰ੍ਹਾਂ ਹੀ ਸਮੁੱਚਾ ਸਮਾਜ ਮਾਲਾ ਦੇ ਮਣਕਿਆਂ ਵਾਂਗ ਇਕ ਸੂਤ ਵਿਚ ਪਰੋਇਆ ਰਹਿ ਸਕਦਾ ਹੈ- ਇਕ ਅਜਿਹੀ ਮਾਲਾ ਜਿਸ ਵਿਚ ਹਰ ਮਣਕੇ ਦੀ ਆਪਣੀ ਹਸਤੀ, ਆਪਣੀ ਪਛਾਣ ਬਰਕਰਾਰ ਰਹਿੰਦੀ ਹੈ।
ਬਹੁ-ਰੰਗੀ, ਬਹੁ-ਭਾਂਤੀ, ਬਹੁ-ਸਭਿਆਚਾਰੀ ਸਮਾਜ ਦਾ ਤਕਾਜ਼ਾ ਹੈ ਕਿ ਰਾਜ-ਸੱਤਾ ਨੂੰ ਵੀ ਇਸੇ ਬਹੁਵਾਦੀ ਅਸੂਲ (political pluralism) ਅਨੁਸਾਰ ਢਾਲਿਆ ਜਾਵੇ, ਯਾਨੀ ਰਾਜ-ਸੱਤਾ ਨੂੰ ਸਹੀ ਫ਼ੈਡਰਲ ਰੂਪ ਦਿੱਤਾ ਜਾਵੇ, ਤਾਂਕਿ ਸਮਾਜ ਦੀਆਂ ਸਾਰੀਆਂ ਕੌਮੀਅਤਾਂ, ਸਾਰੇ ਵਰਗ, ਸਾਰੇ ਫ਼ਿਰਕੇ, ਸਾਰੇ ਭਾਈਚਾਰੇ ਰਾਜ-ਸੱਤਾ ਵਿਚ ਬਰਾਬਰ ਦੇ ਭਾਗੀਦਾਰ ਬਣ ਸਕਣ। ਇਸ ਤਰ੍ਹਾਂ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਮਹਾਂਵਾਕ ਸਭੇ ਸਾਂਝੀਵਾਲ ਸਦਾਇਨਿ ਅਮਲੀ ਰੂਪ ਧਾਰਨ ਕਰ ਸਕਦਾ ਹੈ। ਅਜਿਹੇ ਰਾਜਤੰਤਰ ਵਿਚ ਕਿਸ ਇਕ ਵਿਚਾਰਧਾਰਾ ਦੀ ਅਜਾਰਾਦਾਰੀ ਨਹੀਂ ਹੋ ਸਕਦੀ, ਭਾਵੇਂ ਉਹ ਵਿਚਾਰਧਾਰਾ ਪੂੰਜੀਵਾਦ ਹੋਵੇ ਜਾਂ ਸਮਾਜਵਾਦ। ਵਿਚਾਰਧਾਰਾਵਾਂ ਦਾ ਸਾਗਰ ਮੰਥਨ ਹੁੰਦੇ ਰਹਿਣਾ ਚਾਹੀਦਾ ਹੈ।
ਸਮਾਜਕ-ਸਭਿਆਚਾਰਕ-ਰਾਜਨੀਤਿਕ ਬਹੁਵਾਦ ਸਿੱਕੇ ਦੇ ਇਕ ਪਾਸੇ ਵਾਂਗ ਹੈ ਜਿਸ ਦਾ ਦੂਸਰਾ ਪਾਸਾ ਧਾਰਮਿਕ ਬਹੁਵਾਦ(religious pluralism) ਹੈ ਜਿਸ ਉੱਪਰ ਸਿੱਖ-ਮਤ ਨੇ ਵਿਸ਼ੇਸ਼ ਬਲ ਦਿੱਤਾ ਹੈ। ਸਿੱਖ ਫ਼ਲਸਫ਼ੇ ਅਨੁਸਾਰ ਕੋਈ ਵੀ ਮੱਤ-ਮਤਾਂਤ ਪਰਮ ਹਸਤੀ ਦੇ ਹਮੇਸ਼-ਹਮੇਸ਼ ਲਈ ਸੰਪੂਰਣ ਪ੍ਰਗਟਾਅ ਜਾਂ ਇਲਹਾਮ (full and final revelation) ਹੋਣ ਦਾ ਦਾਅਵਾ ਨਹੀਂ ਕਰ ਸਕਦਾ। ਕੋਈ ਵੀ ਮਜ਼੍ਹਬ ਪਰਮ-ਸਤਿ ਦੇ ਹਮੇਸ਼-ਹਮੇਸ਼ ਲਈ ਮੁਕੰਮਲ ਇਜ਼ਹਾਰ ਦਾ ਦਾਅਵਾ ਨਹੀਂ ਕਰ ਸਕਦਾ। ਸ੍ਰੀ ਗੁਰੂ ਨਾਨਕ ਸਾਹਿਬ ਨੇ ਫ਼ਰਮਾਇਆ ਹੈ:
ਸੂਰਜੁ ਏਕੋ ਰੁਤਿ ਅਨੇਕ॥
ਨਾਨਕ ਕਰਤੇ ਕੇ ਕੇਤੇ ਵੇਸ॥ (ਪੰਨਾ 12)
ਇਸ ਪੱਖ ਤੋਂ ਸੱਚਖੰਡ ਨੂੰ ਜਾਂਦੇ ਰਾਹ ਵੀ ਵੱਖ-ਵੱਖ ਹੋ ਸਕਦੇ ਹਨ। ਹਰੇਕ ਰਾਹ, ਆਪਣੀ-ਆਪਣੀ ਸਹੀ ਭਾਵਨਾ ਅਨੁਸਾਰ, ਮੰਜ਼ਿਲ ਤੱਕ ਪਹੁੰਚਾ ਸਕਦਾ ਹੈ। ਸ੍ਰੀ ਗੁਰੂ ਅਮਰਦਾਸ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਆਪਣੀ ਬਾਣੀ ਵਿਚ ਅਕਾਲ ਪੁਰਖ ਨੂੰ ਬੇਨਤੀ ਕੀਤੀ ਹੈ ਕਿ ਹੇ ਅਕਾਲ ਪੁਰਖ! ਜਗਤ-ਜਲੰਦੇ ਨੂੰ ਜਿਸ ਵੀ ਰਸਤੇ ਰਾਹੀਂ ਬਚਾ ਸਕਦਾ ਹੈਂ ਬਚਾ:
ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ॥
ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ॥ (ਪੰਨਾ 853)
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਨੁਸਾਰ ਮੰਦਰ ਅਤੇ ਮਸਜਿਦ, ਪੂਜਾ ਅਤੇ ਨਮਾਜ਼ ਵਿਚ ਕੋਈ ਫ਼ਰਕ ਨਹੀਂ:
ਦੇਹਰਾ ਮਸੀਤ ਸੋਈ ਪੂਜਾ ਔ ਨਿਵਾਜ ਓਈ…॥
ਜੇਕਰ ਵਿਸ਼ਵ ਦੇ ਧਰਮਾਂ ਦੇ ਲੰਬੇ ਇਤਿਹਾਸ ’ਤੇ ਨਜ਼ਰ ਮਾਰੀਏ ਤਾਂ ਇਹ ਗੱਲ ਪ੍ਰਤੱਖ ਹੁੰਦੀ ਹੈ ਕਿ ਵੱਖ-ਵੱਖ ਮਜ਼੍ਹਬਾਂ ਵਿਚਕਾਰ ਆਪਸੀ ਤਨਾਓ ਅਤੇ ਵਿਵਾਦਾਂ ਦਾ ਇਕ ਵੱਡਾ ਕਾਰਨ ਇਹ ਰਿਹਾ ਹੈ ਕਿ ਹਰੇਕ ਮਜ਼੍ਹਬ ਆਪਣੇ ਆਪ ਨੂੰ ਉਚੇਰਾ ਸਾਬਤ ਕਰਨ ਲਈ ਦਾਅਵਾ ਕਰਦਾ ਆਇਆ ਹੈ ਕਿ ਉਹ ਅਤੇ ਕੇਵਲ ਉਹ ਮਜ਼੍ਹਬ ਹੀ ਪਰਮ ਹਸਤੀ ਦਾ ਇੱਕੋ ਇਕ ਸਦੀਵੀ ਇਲਹਾਮ ਹੈ, ਪ੍ਰਗਟਾਅ ਹੈ, ਇਜ਼ਹਾਰ ਹੈ। ਉਸੇ ਮਜ਼੍ਹਬ ਦਾ ਦਰਸਾਇਆ ਮਾਰਗ ਹੀ ਕੇਵਲ ਇਕੋ ਇਕ ਸਹੀ ਮਾਰਗ ਹੈ। ਸਿੱਖ-ਮਤ ਦਾ ਅਜਿਹਾ ਕੋਈ ਦਾਅਵਾ ਨਹੀਂ। ਅੱਜ ਦੁਨੀਆਂ ਭਰ ਦੇ ਚਿੰਤਕ ਅਤੇ ਵਿਦਵਾਨ ਇਸ ਗੱਲ ਦਾ ਯਤਨ ਕਰ ਰਹੇ ਹਨ ਕਿ 21ਵੀਂ ਸਦੀ ਦੇ ਗਲੋਬਲ ਸਮਾਜ ਵਿਚ ਅਤੇ ਤੀਸਰੀ ਦਹਿਸਦੀ ਦੀ ਨਵੀਂ ਸਭਿਅਤਾ ਵਿਚ ਵੱਖ-ਵੱਖ ਦੇਸ਼ਾਂ ਵਿਚਕਾਰ, ਵੱਖ-ਵੱਖ ਸਭਿਆਤਾਵਾਂ ਅਤੇ ਸਭਿਆਚਾਰਾਂ ਵਿਚਕਾਰ, ਵੱਖ-ਵੱਖ ਮਜ਼੍ਹਬਾਂ ਵਿਚਕਾਰ, ਵੱਖ-ਵੱਖ ਕੌਮਾਂ ਵਿਚਕਾਰ, ਵੱਖ-ਵੱਖ ਕੌਮੀਅਤਾਂ ਵਿਚਕਾਰ ਵੱਖ-ਵੱਖ ਫ਼ਿਰਕਿਆਂ ਵਿਚਕਾਰ ਅਤੇ ਮਨੁੱਖੀ ਪੱਧਰ ’ਤੇ ਵੱਖ-ਵੱਖ ਵਿਅਕਤੀਆਂ ਵਿਚਕਾਰ ਸਦਭਾਵਨਾ ਸਾਕਾਰ ਹੋਵੇ। ਵੈਰ-ਵਿਰੋਧ ਅਤੇ ਬੇਗਾਨਗੀ ਦੀ ਕੋਈ ਗੁੰਜਾਇਸ਼ ਨਾ ਰਹੇ। ਇਸ ਪ੍ਰਸੰਗ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਬਦਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਇਹ ਸੁਨੇਹਾ 21ਵੀਂ ਸਦੀ ਦੇ ਗਲੋਬਲ ਸਮਾਜ ਅਤੇ ਤੀਸਰੀ ਦਹਿਸਦੀ ਦੀ ਨਵੀਂ ਉੱਭਰ ਰਹੀ ਸਭਿਅਤਾ ਲਈ ਬਹੁਤ ਅਹਿਮੀਅਤ ਰੱਖਦਾ ਹੈ:
ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ॥ (ਪੰਨਾ 1299)
ਸਾਲ 2008 (ਸੀ.ਈ.) ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਵਿਧੀਵੱਤ ਰੂਪ ਵਿਚ ਗੁਰਗੱਦੀ ਸੌਂਪਣ ਦੀ ਤੀਜੀ ਸ਼ਤਾਬਦੀ ਮਨਾਉਂਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਇਸ ਸੁਨੇਹੇ ਨੂੰ ਮਾਨਵਤਾ ਦੇ ਕਲਿਆਣ ਲਈ ਵਿਸ਼ਵ ਭਰ ਵਿਚ ਉਜਾਗਰ ਕਰਨ ਦੀ ਲੋੜ ਹੈ।
ਲੇਖਕ ਬਾਰੇ
ਡਾ. ਜਸਬੀਰ ਸਿੰਘ ਆਹਲੂਵਾਲੀਆ (1935-2019) ਪੰਜਾਬੀ ਸਾਹਿਤ ਦੇ ਉੱਘੇ ਕਵੀ ਤੇ ਆਲੋਚਕ ਸਨ। ਉਹ ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ ਬੁੱਕ ਬਰਡ ਦੇ ਡਾਇਰੈਕਟਰ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਵੀ ਰਹੇ ਸਨ। ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫ਼ਤਿਹਗੜ੍ਹ ਸਾਹਿਬ ਦੇ ਵਾਈਸ ਚਾਂਸਲਰ ਸਨ। ਡਾ. ਜਸਬੀਰ ਸਿੰਘ ਆਹਲੂਵਾਲੀਆ ਨੇ ‘ਨਿਊ ਕਨਸੈਪਸ਼ਨ ਆਫ਼ ਰੀਐਲਿਟੀ’ (ਹਕੀਕਤ ਦੀ ਨਵੀਂ ਧਾਰਨਾ) ਵਿਸ਼ੇ ਉੱਤੇ ਪੀ–ਐੱਚਡੀ ਕੀਤੀ ਸੀ। ਆਪ ਪ੍ਰਧਾਨ, ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਦੇ ਪ੍ਰਧਾਨ ਵੀ ਰਹੇ।
- ਹੋਰ ਲੇਖ ਉਪਲੱਭਧ ਨਹੀਂ ਹਨ