editor@sikharchives.org
ਗੁਰੂ ਗਰੰਥ ਸਾਹਿਬ

ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਜਗਤ ਅਤੇ ਮਨੁੱਖ ਸਬੰਧੀ ਦਾਰਸ਼ਨਿਕ ਵਿਵੇਚਨ

ਬਾਣੀਕਾਰਾਂ ਦੀ ਦਾਰਸ਼ਨਿਕ ਦ੍ਰਿਸ਼ਟੀ ਅਨੁਸਾਰ ਇਹ ਜਗਤ ਉਸ ਸਰਬ-ਸ਼ਕਤੀਮਾਨ ਪਰਮਾਤਮਾ ਦੀ ਸਿਰਜਣਾ ਤੇ ਇਸ ਸਿਰਜਣਾ ਦੇ ਹਰੇਕ ਕਣ ’ਚ ਉਸ ਦਾ ਆਪਣਾ ਵਾਸ ਹੋਣ ਕਰਕੇ ਸੱਚੀ ਹੈ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰੱਬੀ ਗਿਆਨ, ਰੂਹਾਨੀਅਤ/ਰੂਹਾਨੀ ਅਨੁਭਵ ਅਤੇ ਮਨੁੱਖ ਲਈ ਅਰਥ-ਭਰਪੂਰ ਸਮਾਜਿਕ ਵਿਚਾਰਾਂ ਦਾ ਇਕ ਅਸੀਮ ਤੇ ਅਮੁੱਕ ਖ਼ਜ਼ਾਨਾ ਹੈ। ਇਸ ਸਰਬ-ਸਾਂਝੇ ਮਾਨਵ ਹਿਤਕਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਮੂਹ ਬਾਣੀਕਾਰ ਮੂਲ ਰੂਪ ’ਚ ਆਪਣੇ ਮੌਲਿਕ ਰੂਹਾਨੀ ਅਨੁਭਵ ਨੂੰ ਸਰਲ ਤੇ ਭਾਵਭਿੰਨੇ ਰਾਗਾਤਮਕ ਰੂਪ ’ਚ ਪ੍ਰਗਟਾਉਣ ਵਾਲੇ ਅਨੁਭਵੀ ਹਨ ਪਰ ਇਸ ਦੇ ਨਾਲ-ਨਾਲ ਉਹ ਹੋਰ ਵੀ ਬਹੁਤ ਕੁਝ ਹਨ। ਉਨ੍ਹਾਂ ਦਾ ਇਕ ਪਾਸਾਰ ਉਨ੍ਹਾਂ ਦਾ ਦਾਰਸ਼ਨਿਕ ਦੇ ਤੌਰ ’ਤੇ ਆਪਣੀ ਮਾਣਯੋਗ ਹੈਸੀਅਤ ਰੱਖਣਾ ਵੀ ਹੈ। ਇਨ੍ਹਾਂ ਬਾਣੀਕਾਰਾਂ ਨੇ ਨਿਰਸੰਦੇਹ ਬਾਣੀ ਆਵੇਸ਼ ਰੂਪ ’ਚ ਉਚਾਰਨ ਕੀਤੀ ਹੈ ਪਰੰਤੂ ਇਹ ਆਪਣੇ ਸਮੇਂ ਦੇ ਮਨੁੱਖੀ ਸਮਾਜ ’ਚ ਬਹੁਤ ਡੂੰਘਾਈ ਸਹਿਤ ਅਤੇ ਪੂਰਨ ਸੁਚੇਤਨਾ ਸਹਿਤ ਵੀ ਵਿਚਰਦੇ ਰਹੇ, ਸਮੇਂ ਦੇ ਸਮਾਜਿਕ, ਰਾਜਨੀਤਿਕ, ਆਰਥਿਕ, ਸਭਿਆਚਾਰਕ ਅਤੇ ਨੈਤਿਕ ਪ੍ਰਬੰਧ ਨੂੰ ਇਕ ਦਾਰਸ਼ਨਿਕ ਦੀ ਨਿਗ੍ਹਾ ਨਾਲ ਵੀ ਵੇਖਦੇ-ਵਾਚਦੇ ਰਹੇ। ਇਸ ਕਰਕੇ ਇਨ੍ਹਾਂ ਦੀ ਰੱਬੀ ਬਾਣੀ ਦਾ ਦਾਰਸ਼ਨਿਕ ਸਰੂਪ ਜਾਂ ਸੁਭਾਅ ਵੀ ਸਮਾਨਾਂਤਰ ਰੂਪ ’ਚ ਉਜਾਗਰ ਹੁੰਦਾ ਹੈ। ਇਥੇ ਸਾਡਾ ਵਿਸ਼ਾ-ਖੇਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮਹਾਨ ਬਾਣੀਕਾਰਾਂ ਦੇ ਦੁਆਰਾ ਸੰਸਾਰ ਅਤੇ ਮਨੁੱਖ ਸਬੰਧੀ ਦਾਰਸ਼ਨਿਕ ਵਿਵੇਚਨ ਤਕ ਸੀਮਤ ਹੈ।

ਬਾਣੀਕਾਰਾਂ ਦੀ ਦਾਰਸ਼ਨਿਕ ਦ੍ਰਿਸ਼ਟੀ ਅਨੁਸਾਰ ਇਹ ਜਗਤ ਉਸ ਸਰਬ-ਸ਼ਕਤੀਮਾਨ ਪਰਮਾਤਮਾ ਦੀ ਸਿਰਜਣਾ ਤੇ ਇਸ ਸਿਰਜਣਾ ਦੇ ਹਰੇਕ ਕਣ ’ਚ ਉਸ ਦਾ ਆਪਣਾ ਵਾਸ ਹੋਣ ਕਰਕੇ ਸੱਚੀ ਹੈ। ਇਹ ਉਸ ਸੱਚੇ ਦੀ ਕੋਠੀ ਹੈ:

ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ॥ (ਪੰਨਾ 463)

ਪਰ ਇਸੇ ਜਗਤ/ਸੰਸਾਰ ਦਾ ਦੂਸਰਾ ਪੱਖ ਇਸ ਦੀ ਨਾਸ਼ਮਾਨਤਾ, ਅਸਥਿਰਤਾ ਵੀ ਹੈ। ਇਸ ਦਿੱਸਦੇ ਜਗਤ ਦਾ ਰਾਜਾ ਵੀ ਕੂੜ ਹੈ ਤੇ ਪਰਜਾ ਵੀ ਕੂੜ। ਸਾਰਾ ਸੰਸਾਰ ਹੀ ਕੂੜਾ ਹੈ। ਮਹਿਲ-ਮਾੜੀਆਂ ਅਤੇ ਉਨ੍ਹਾਂ ਦੇ ਵਸਨੀਕ ਕੂੜ ਹਨ। ਇਹ ਰਾਤ ਦੇ ਸੁਪਨੇ ਵਰਗਾ ਹੈ। ਜੋ ਵੀ ਦਿੱਸਦਾ ਹੈ ਉਹ ਸਭ ਬੱਦਲ ਦੀ ਪਰਛਾਈਂ ਵਾਂਗ ਅਲੋਪ ਹੋ ਜਾਣ ਵਾਲਾ ਹੈ। ਚਹੁੰ ਕੂੰਟਾਂ ’ਚ ਪੱਤਝੜ ਵਰਤਦੀ ਹੈ:

ਕੂੜੁ ਰਾਜਾ ਕੂੜੁ ਪਰਜਾ ਕੂੜੁ ਸਭੁ ਸੰਸਾਰੁ॥
ਕੂੜੁ ਮੰਡਪ ਕੂੜੁ ਮਾੜੀ ਕੂੜੁ ਬੈਸਣਹਾਰੁ॥…
ਕਿਸੁ ਨਾਲਿ ਕੀਚੈ ਦੋਸਤੀ ਸਭੁ ਜਗੁ ਚਲਣਹਾਰੁ॥ (ਪੰਨਾ 468)

ਨਾਨਕ ਕਹਤ ਜਗਤ ਸਭ ਮਿਥਿਆ ਜਿਉ ਸੁਪਨਾ ਰੈਨਾਈ॥ (ਪੰਨਾ 1231)

ਜੋ ਦੀਸੈ ਸੋ ਸਗਲ ਬਿਨਾਸੈ ਜਿਉ ਬਾਦਰ ਕੀ ਛਾਹੀ॥ (ਪੰਨਾ 1231)

ਇਹੁ ਜਗੁ ਹੈ ਸੰਪਤਿ ਸੁਪਨੇ ਕੀ ਦੇਖਿ ਕਹਾ ਐਡਾਨੋ॥ (ਪੰਨਾ 1186)

ਇਹੁ ਜਗੁ ਧੂਏ ਕਾ ਪਹਾਰ॥
ਤੈ ਸਾਚਾ ਮਾਨਿਆ ਕਿਹ ਬਿਚਾਰਿ॥ (ਪੰਨਾ 1186-87)

ਫਰੀਦਾ ਰੁਤਿ ਫਿਰੀ ਵਣੁ ਕੰਬਿਆ ਪਤ ਝੜੇ ਝੜਿ ਪਾਹਿ॥
ਚਾਰੇ ਕੁੰਡਾ ਢੂੰਢੀਆਂ ਰਹਣੁ ਕਿਥਾਊ ਨਾਹਿ॥ (ਪੰਨਾ 1383)

ਮਨੁੱਖ ਅਗਿਆਨਤਾ ਦੇ ਅੰਧਕਾਰ ’ਚ ਮਾਇਆ ਦੇ ਹੱਦੋਂ ਵੱਧ ਪ੍ਰਭਾਵ ਅਧੀਨ ਨਾਸ਼ਮਾਨ ਸੰਸਾਰ ਨੂੰ ਸਦਾ ਸਥਿਰ ਸਮਝਣ ਦੀ ਭੁੱਲ ’ਚ ਗ੍ਰਸਿਆ ਹੋਇਆ ਹੈ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਡੂੰਘੇ ਅਨੁਭਵੀ ਰੂਹਾਨੀ ਬਾਣੀਕਾਰਾਂ ਦੁਆਰਾ ਵਾਰ- ਵਾਰ ਉਚੇਚਾ ਜ਼ੋਰ ਦੇ ਕੇ ਦ੍ਰਿੜ੍ਹ ਕਰਵਾਇਆ ਗਿਆ ਮਨੁੱਖੀ ਸੋਚ ਤੇ ਵਿਹਾਰ ਨਾਲ ਸੰਬੰਧਿਤ ਤੱਥ ਹੈ। ਅਗਿਆਨਤਾ ਦੇ ਅੰਧਕਾਰ ’ਚ ਜਿਹੜਾ ਵੀ ਹੈ ਚਾਹੇ ਅਮੀਰ  ਚਾਹੇ ਗਰੀਬ ਸੁਖੀ ਨਹੀਂ ਹੋ ਸਕਦਾ:

ਅੰਧਕਾਰ ਸੁਖਿ ਕਬਹਿ ਨ ਸੋਈ ਹੈ॥
ਰਾਜਾ ਰੰਕੁ ਦੋਊ ਮਿਲਿ ਰੋਈ ਹੈ॥ (ਪੰਨਾ 325)

ਬਾਣੀਕਾਰਾਂ ਅਨੁਸਾਰ ਮਨੁੱਖੀ ਸਰੀਰ ਦੁਰਲੱਭ ਹੈ। ਇਹ ਸਮੁੱਚੀ ਜੀਵ-ਰਚਨਾ ’ਚ ਸੂਖਮ ਰੂਹਾਨੀ ਮੰਜ਼ਿਲਾਂ ਦੀ ਪ੍ਰਾਪਤੀ ’ਚ ਅਨੁਕੂਲ ਤੇ ਸਮਰੱਥਾਵਾਨ ਬਣਾਇਆ ਗਿਆ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਕਥਨ ਕਰਦੇ ਹਨ ਕਿ ਕਈ ਜੁਗਾਂ ’ਚ ਫਿਰਨ ਮਗਰੋਂ ਇਹ ਮਨੁੱਖੀ ਸਰੀਰ ਮਿਲਿਆ ਹੈ। ਇਹ ਪਰਮਾਤਮਾ ਨਾਲ ਮਿਲਾਪ ਦਾ ਸੁਅਵਸਰ ਹੈ। ਹੇ ਭਾਈ! ਫਿਰ ਇਸ ’ਚ ਪ੍ਰਭੂ ਨੂੰ ਯਾਦ ਕਿਉਂ ਨਹੀਂ ਚਿਤਾਰਦਾ?

ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇਹ ਲਹੀ॥
ਨਾਨਕ ਕਹਤ ਮਿਲਨ ਕੀ ਬਰੀਆ ਸਿਮਰਤ ਕਹਾ ਨਹੀ॥ (ਪੰਨਾ 631)

ਸ੍ਰੀ ਗੁਰੂ ਅਰਜਨ ਦੇਵ ਜੀ ਮਨੁੱਖ ਨੂੰ ਬਾਕੀ ਜੀਵ-ਰਚਨਾ ਨਾਲੋਂ ਵਧੇਰੇ ਸਾਧਨ-ਸੰਪੰਨਤਾ ਅਤੇ ਉਨ੍ਹਾਂ ਤੋਂ ਉਸ ਦੀ ਬਿਹਤਰ ਹਾਲਤ ਦਾ ਤੱਥ ਵੀ ਦਾਰਸ਼ਨਿਕ ਅੰਦਾਜ਼ ’ਚ ਪ੍ਰਗਟ ਕਰਦੇ ਹਨ:

ਅਵਰ ਜੋਨਿ ਤੇਰੀ ਪਨਿਹਾਰੀ॥
ਇਸੁ ਧਰਤੀ ਮਹਿ ਤੇਰੀ ਸਿਕਦਾਰੀ॥ (ਪੰਨਾ 374)

ਭਗਤ ਕਬੀਰ ਜੀ ਮਨੁੱਖਾ ਜਨਮ ਦੀ ਦੁਰਲੱਭਤਾ ਨੂੰ ਮਹਾਨ ਦਾਰਸ਼ਨਿਕ ਅੰਦਾਜ਼ ’ਚ ਦਰਖ਼ਤ ਤੋਂ ਪੱਕ ਕੇ ਡਿੱਗੇ ਫਲ ਦੇ ਮੁੜ ਨਾ ਜੁੜ ਸਕਣ ਦੀ ਹਕੀਕਤ ਦੀ ਉਦਾਹਰਣ ਦੇ ਮਾਧਿਅਮ ਸਹਿਤ ਪ੍ਰਗਟਾਉਂਦੇ ਹਨ:

ਕਬੀਰ ਮਾਨਸ ਜਨਮੁ ਦੁਲੰਭੁ ਹੈ ਹੋਇ ਨ ਬਾਰੈ ਬਾਰ॥
ਜਿਉ ਬਨ ਫਲ ਪਾਕੇ ਭੁਇ ਗਿਰਹਿ ਬਹੁਰਿ ਨ ਲਾਗਹਿ ਡਾਰ॥ (ਪੰਨਾ 1366)

ਮਨੁੱਖ ਬੜਾ ਹੀ ਅਮੋਲਕ ਇਹ ਅਵਸਰ ਨੀਂਦ ਅਤੇ ਖਾਣ-ਪੀਣ ’ਚ ਹੀ ਵਿਅਰਥ ਕਰ ਦਿੰਦਾ ਹੈ। ਇਹ ਉਸ ਉੱਪਰ ਸੰਸਕਾਰਤਾ ਦੀ ਹੱਦੋਂ ਵੱਧ ਚੜ੍ਹੀ ਪਾਨ ਦੇ ਕਾਰਨ ਹੀ ਹੈ:

ਰੈਣਿ ਗਵਾਈ ਸੋਇ ਕੈ ਦਿਵਸੁ ਗਵਾਇਆ ਖਾਇ॥
ਹੀਰੇ ਜੈਸਾ ਜਨਮੁ ਹੈ ਕਉਡੀ ਬਦਲੇ ਜਾਇ॥ (ਪੰਨਾ 156)

ਸੰਸਕਾਰਤਾ ਦੇ ਅਣਚਾਹੇ ਪ੍ਰਭਾਵ ਥੱਲੇ ਮਨੁੱਖ ਉੱਪਰ ਗਿਰਗਟ ਦੀ ਭਾਂਤੀ ਸੰਸਾਰਕ ਖੁਸ਼ੀ ਅਤੇ ਸੰਸਾਰਕ ਗ਼ਮੀ ਦੇ ਰੰਗ ਉਜਾਗਰ ਹੁੰਦੇ ਹਨ। ਉਸ ਦੀ ਪ੍ਰਾਪਤੀ ਅਤੇ ਅਪ੍ਰਾਪਤੀ ਦੋਨੋਂ ਅਣਚਾਹੀ ਸੰਸਾਰਕਤਾ ਦੇ ਸੂਚਕ ਹਨ। ਭਗਤ ਰਵਿਦਾਸ ਜੀ ਇਸ ਵਸਤੂ-ਸਥਿਤੀ ਦੇ ਦਰਪੇਸ਼ ਮਨੁੱਖ ਨੂੰ ਮਿੱਟੀ ਦਾ ਪੁਤਲਾ ਕਥਨ ਕਰਦੇ ਹਨ:

ਮਾਟੀ ਕੋ ਪੁਤਰਾ ਕੈਸੇ ਨਚਤੁ ਹੈ॥
ਦੇਖੈ ਦੇਖੈ ਸੁਨੈ ਬੋਲੈ ਦਉਰਿਓ ਫਿਰਤੁ ਹੈ॥
ਜਬ ਕਛੁ ਪਾਵੈ ਤਬ ਗਰਬੁ ਕਰਤੁ ਹੈ॥
ਮਾਇਆ ਗਈ ਤਬ ਰੋਵਨੁ ਲਗਤੁ ਹੈ॥ (ਪੰਨਾ 487)

ਭਗਤ ਕਬੀਰ ਜੀ ਮਨੁੱਖੀ ਸਰੀਰ ਦੀ ਨਾਸ਼ਮਾਨਤਾ ਤੇ ਅਸਥਿਰਤਾ ਦੇ ਰੂਬਰੂ ਅਣਚਾਹੀ ਮਨੁੱਖੀ ਸੰਸਾਰਕਤਾ ਨੂੰ ਸਮੂਹ ਮਨੁੱਖ-ਮਾਤਰ ਨੂੰ ‘ਮਾਨਸ’ ਨਾਮਕਰਨ ਦਿੰਦੇ ਹੋਏ ‘ਮਿੱਟੀ ਦੇ ਪੁਤਲੇ’ ਦੇ ਨਾਲ-ਨਾਲ ਇਸ ਸੰਸਾਰ ’ਚ ‘ਚਾਰ ਦਿਨ ਦੇ ਪ੍ਰਾਹੁਣੇ’ ਕਥਨ ਕਰਦੇ ਹਨ:

ਕਬੀਰ ਮਾਟੀ ਕੇ ਹਮ ਪੂਤਰੇ ਮਾਨਸੁ ਰਾਖਿਓੁ ਨਾਉ॥
ਚਾਰਿ ਦਿਵਸ ਕੇ ਪਾਹੁਨੇ ਬਡ ਬਡ ਰੂੰਧਹਿ ਠਾਉ॥ (ਪੰਨਾ 1367)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀਕਾਰਾਂ ਦੁਆਰਾ ਅਸਥਿਰਤਾ ਭਰੇ ਸੰਸਾਰ ਨੂੰ ਸਦੀਵੀ ਸਮਝ ਬੈਠਣ ਦੇ ਮਨੁੱਖੀ ਮਨ ਦੇ ਭਰਮ ਦਾ ਥਾਂ-ਪਰ-ਥਾਂ ਦਾਰਸ਼ਨਿਕ ਲਹਿਜ਼ੇ ’ਚ ਉਲੇਖ ਕੀਤਾ ਗਿਆ ਹੈ। ਇਸ ਸਬੰਧ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗਉੜੀ ਸੁਖਮਨੀ ’ਚ ਬੜਾ ਹੀ ਭਰਪੂਰ, ਵਿਆਪਕ ਤੇ ਡੂੰਘਾ ਚਿੰਤਨ ਪ੍ਰਸਤੁਤ ਕੀਤਾ ਹੈ। ਨੌਵੀਂ ਅਸ਼ਟਪਦੀ ’ਚ ਗੁਰੂ ਪਾਤਸ਼ਾਹ ਜੀ ਕਥਨ ਕਰਦੇ ਹਨ ਕਿ ਮਨੁੱਖ ਬਾਲ ਅਵਸਥਾ, ਜਵਾਨੀ ਅਤੇ ਬਜ਼ੁਰਗੀ- ਤਿੰਨਾਂ ਹੀ ਅਵਸਥਾਵਾਂ ਨੂੰ ਹੱਦੋਂ ਵੱਧ ਸੰਸਾਰਕਤਾ ਦੀ ਦਲਦਲ ’ਚ ਫਸਿਆ ਗੁਆਉਣ ਦੀ ਪ੍ਰਵਿਰਤੀ/ਰੁਝਾਨ ਰੱਖਦਾ ਹੈ। ਸੰਸਾਰ ’ਚ ਜਨਮ ਲੈਣ ਮਗਰੋਂ ਉਹ ਗਰਭ ਅਗਨ ’ਚੋਂ ਉਭਾਰਨ ਵਾਲੀ ਪਰਮਸੱਤਾ ਸਰਬ-ਸ਼ਕਤੀਮਾਨ ਪਰਮਾਤਮਾ ਨੂੰ ਮੂਲੋਂ ਹੀ ਵਿਸਾਰ ਦਿੰਦਾ ਹੈ। ਬਾਲ-ਅਵਸਥਾ ’ਚ ਮਨੁੱਖ-ਮਾਤਰ ਦਾ ਪਿਆਰ ਦੁੱਧ ਨਾਲ ਹੈ, ਜਵਾਨੀ ’ਚ ਇਨਸਾਨ ਦਾ ਪਿਆਰ ਵੰਨ-ਸੁਵੰਨੇ ਖਾਣ-ਪਾਨ ਦੀ ਤਰਫ਼ ਹੁੰਦਾ ਹੈ ਅਤੇ ਬਿਰਧ ਅਵਸਥਾ ’ਚ ਵੱਡ-ਪਰਵਾਰਾ ਬਣ ਕੇ ਅੰਗਾਂ-ਸਾਕਾਂ ਨਾਲ ਅਣਚਾਹੇ ਮੋਹ ਦੇ ਬੰਧਨ ਉਸ ’ਤੇ ਹਾਵੀ ਹੁੰਦੇ ਹਨ:

ਰਮਈਆ ਕੇ ਗੁਨ ਚੇਤਿ ਪਰਾਨੀ॥
ਕਵਨ ਮੂਲ ਤੇ ਕਵਨ ਦ੍ਰਿਸਟਾਨੀ॥
ਜਿਨਿ ਤੂੰ ਸਾਜਿ ਸਵਾਰਿ ਸੀਗਾਰਿਆ॥
ਗਰਭ ਅਗਨਿ ਮਹਿ ਜਿਨਹਿ ਉਬਾਰਿਆ॥
ਬਾਰ ਬਿਵਸਥਾ ਤੁਝਹਿ ਪਿਆਰੈ ਦੂਧ॥
ਭਰਿ ਜੋਬਨ ਭੋਜਨ ਸੁਖ ਸੂਧ॥
ਬਿਰਧਿ ਭਇਆ ਊਪਰਿ ਸਾਕ ਸੈਨ॥
ਮੁਖਿ ਅਪਿਆਉ ਬੈਠ ਕਉ ਦੈਨ॥ (ਪੰਨਾ 266-67)

ਸ੍ਰੀ ਗੁਰੂ ਨਾਨਕ ਦੇਵ ਜੀ ਸਿਰੀਰਾਗੁ ਵਿਚ ‘ਪਹਰੇ’ ਕਾਵਿ ਰੂਪ ਦੇ ਮਾਧਿਅਮ ਦੁਆਰਾ ਇਸੇ ਮਨੁੱਖੀ ਹਾਲਤ ਦਾ ਹਕੀਕੀ ਵਰਣਨ ਕਰਦੇ ਹਨ ਜਿਸ ਮੁਤਾਬਕ ਮਨੁੱਖ-ਮਾਤਰ ਰਾਤ ਦੇ ਪਹਿਲੇ ਪਹਿਰ ’ਚ ਮਾਤਾ ਦੇ ਗਰਭ ’ਚ ਉਸ ਸਿਰਜਨਹਾਰ ਦਾ ਚਿੰਤਨ ਕਰ ਰਿਹਾ ਹੁੰਦਾ ਹੈ ਪਰ ਸੰਸਾਰ ’ਚ ਜਨਮ ਲੈਣ ਸਾਰ ਜਦੋਂ ਉਹਨੂੰ ਸੰਸਾਰ ’ਚ ਬਣੇ ਪਰਵਾਰਿਕ ਸਨਬੰਧੀ ਲਾਡ-ਪਿਆਰ ਦਿੰਦੇ ਖਿਡਾਉਂਦੇ ਤੇ ਪੁਚਕਾਰਦੇ ਹਨ ਤਾਂ ਮਨੁੱਖ ਅਸਲ ਜੀਵਨ-ਮਨੋਰਥ ਨੂੰ ਪਹਿਲੇ ਪੜਾਅ ’ਚ ਹੀ ਕਾਫੀ ਹੱਦ ਤਕ ਵਿਸਾਰ ਦਿੰਦਾ ਹੈ। ਜੀਵਨ ਰੂਪੀ ਰਾਤ ਦੇ ਤੀਸਰੇ ਜਵਾਨੀ ਦੇ ਪਹਿਰੇ ’ਚ ਉਹ ਰੰਗ- ਰਲੀਆਂ ’ਚ ਮਸਤ ਹੋ ਜਾਂਦਾ ਹੈ ਅਤੇ ਬਿਰਧ ਅਵਸਥਾ ਦੇ ਚੌਥੇ ਪਹਿਰੇ ’ਚ ਉਹ ਆਪਣਾ ਸਾਰੇ ਜੀਵਨ ਰੂਪੀ ਖੇਤ ਦਾ ਉਜਾੜਾ ਕਰਾਉਣ ਦਾ ਭਾਗੀ ਬਣਦਾ ਹੈ:

ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਹੁਕਮਿ ਪਇਆ ਗਰਭਾਸਿ॥
ਉਰਧ ਤਪੁ ਅੰਤਰਿ ਕਰੇ ਵਣਜਾਰਿਆ ਮਿਤ੍ਰਾ ਖਸਮ ਸੇਤੀ ਅਰਦਾਸਿ॥
ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਵਿਸਰਿ ਗਇਆ ਧਿਆਨੁ॥
ਹਥੋ ਹਥਿ ਨਚਾਈਐ ਵਣਜਾਰਿਆ ਮਿਤ੍ਰਾ ਜਿਉ ਜਸੁਦਾ ਘਰਿ ਕਾਨੁ॥
ਹਥੋ ਹਥਿ ਨਚਾਈਐ ਪ੍ਰਾਣੀ ਮਾਤ ਕਹੈ ਸੁਤੁ ਮੇਰਾ॥…
ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਧਨ ਜੋਬਨ ਸਿਉ ਚਿਤੁ॥…
ਕਹੁ ਨਾਨਕ ਪ੍ਰਾਣੀ ਚਉਥੈ ਪਹਰੈ ਲਾਵੀ ਲੁਣਿਆ ਖੇਤੁ॥ (ਪੰਨਾ 74-75)

ਮਨੁੱਖ ਵਾਸਤੇ ਜੋ ਸਰਲ ਪੰਜਾਬੀ ਬੋਲੀ ਵਿਚ ਸ਼ਬਦ ‘ਬੰਦਾ’ ਵਰਤਿਆ ਜਾਂਦਾ ਹੈ, ਉਸ ਦੀ ਕਈ ਥਾਈਂ ਰੂਹਾਨੀ ਮਾਰਗ ਦੇ ਪਾਂਧੀ, ਪਰਮਾਤਮਾ ਨਾਲ ਮਿਲਾਪ ਦੇ ਅਭਿਲਾਖੀ ਜਗਿਆਸੂ ਅਤੇ ਇਸ ਪ੍ਰਥਾਏ ਭਗਤੀ ਅਤੇ ਸੱਚੀ-ਸੁੱਚੀ ਨਿਰਮਲ ਰਹਿਣੀ ਜਾਂ ਕਰਨੀ ਵਾਲੇ ਮਨੁੱਖ ਵਾਸਤੇ ਉਪਯੋਗ ’ਚ ਲਿਆਂਦਾ ਗਿਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਆਸਾ ਕੀ ਵਾਰ ’ਚ ਆਦਰਸ਼ ਮੁਸਲਮਾਨ ਦੀ ਪਰਿਭਾਸ਼ਾ ਕਰਦਿਆਂ ਬੰਦਗੀ ’ਚ ਜੀਵਨ ਗੁਜ਼ਾਰਨ ਵਾਲੇ ਨੂੰ ‘ਬੰਦਾ’ ਹੋਣ ਦਾ ਰੁਤਬਾ ਬਖ਼ਸ਼ਦੇ ਹਨ:

ਬੰਦੇ ਸੇ ਜਿ ਪਵਹਿ ਵਿਚਿ ਬੰਦੀ ਵੇਖਣ ਕਉ ਦੀਦਾਰੁ॥ (ਪੰਨਾ 465)

ਗੁਰਮਤਿ ਫ਼ਲਸਫ਼ੇ ਵਿਚ ਪਰਮਾਤਮਾ ਦੇ ਹੁਕਮ ਜਾਂ ਭਾਣੇ ਨੂੰ ਦਿਲੋਂ ਵਜੋਂ ਸਵੀਕਾਰਨ ਦੇ ਸਿਧਾਂਤ ਨੂੰ ਪੂਰਨ ਮਾਨਤਾ ਹਾਸਲ ਹੈ। ‘ਬੰਦੇ’ ਉੱਪਰ ਇਸ ਫ਼ਲਸਫ਼ੇ ਦੇ ਵਿਆਖਿਆਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰਾਂ ਵੱਲੋਂ ਇਹ ਕਸੌਟੀ ਵੀ ਲਾਗੂ ਕੀਤੀ ਜਾਂਦੀ ਹੈ। ਭਗਤ ਕਬੀਰ ਜੀ ਫ਼ਰਮਾਉਂਦੇ ਹਨ:

ਸਭ ਮਹਿ ਸਚਾ ਏਕੋ ਸੋਈ ਤਿਸ ਕਾ ਕੀਆ ਸਭੁ ਕਛੁ ਹੋਈ॥
ਹੁਕਮੁ ਪਛਾਨੈ ਸੁ ਏਕੋ ਜਾਨੈ ਬੰਦਾ ਕਹੀਐ ਸੋਈ॥  (ਪੰਨਾ 1350)

ਹੁਕਮ ’ਚ ਜੀਵਨ ਬਿਤਾਉਂਦਿਆਂ ਮਨੁੱਖ ਨੂੰ ਪ੍ਰਭੂ-ਕੀਰਤੀ ਗਾ ਕੇ ਮਨੁੱਖਾ ਜੀਵਨ ਸਫ਼ਲ ਕਰਨ ਦਾ ਗਾਡੀ-ਰਾਹ ਦਿਖਾਇਆ ਗਿਆ ਹੈ। ਪ੍ਰਭੂ-ਕੀਰਤੀ ਦੇ ਨਾਲ ਇਕ ਹੋਰ ਕਸੌਟੀ ਮਨੁੱਖ ਵਾਸਤੇ ਕਰਣੀ ਜਾਂ ਅਮਲ ਜਾਂ ਸੁਕਰਮ ਨਿਰਧਾਰਤ ਕੀਤੀ ਗਈ ਹੈ। ਮਨੁੱਖ ਨੂੰ ਕਥਨੀ ਅਤੇ ਕਰਣੀ ਦੀ ਇਕਸਾਰਤਾ ਬਰਕਰਾਰ ਰੱਖਣ ਦਾ ਰਸਤਾ ਦਰਸਾਇਆ ਹੈ। ਇਸੇ ਪ੍ਰਸੰਗ ਵਿਚ ਹੋਰਨਾਂ ਨੂੰ ਉਪਦੇਸ਼ ਜਾਂ ਸਿੱਖਿਆ ਦੇਣ ਨਾਲੋਂ ਸਵੈ-ਉਦਾਹਰਣ ਪ੍ਰਸਤੁਤ ਕਰਨ ਦੁਆਰਾ ਸੁਧਾਰ ਦਾ ਸੁਝਾਅ ਪ੍ਰਦਾਨ ਕੀਤਾ ਗਿਆ ਹੈ। ਕਰਣੀ ਅੰਦਰਲੀ ਸੂਝ-ਬੂਝ ਦੀ ਸੰਪੂਰਨਤਾ ਦਾ ਪ੍ਰਮਾਣ ਹੈ। ਕਰਣੀ ਬਿਨਾਂ ਕਮੀ ਰਹੇਗੀ ਹੀ। ਰੂਹਾਨੀ ਮੰਜ਼ਿਲ ਦਾ ਪਾਂਧੀ ਜਾਂ ਇਸ ਨੂੰ ਹਾਸਲ ਕਰਨ ਵਾਲਾ ਬਣਨ ਵਾਸਤੇ ਕਰਣੀ ਤੋਂ ਬਿਨਾਂ ਹੋਰ ਕੋਈ ਛੋਟਾ/ਸ਼ਾਰਟ ਕੱਟ ਰਾਹ ਹੈ ਹੀ ਨਹੀਂ। ਇਕ ਹੋਰ ਜੁਗਤ ਮਨੁੱਖ ਨੂੰ ਸੁਬੋਲ ਹੀ ਬੋਲਣ ਦੀ ਬਖਸ਼ੀ ਗਈ ਹੈ। ਫ਼ੁਰਮਾਣ ਹੈ:

ਊਚਉ ਥਾਨੁ ਸੁਹਾਵਣਾ ਊਪਰਿ ਮਹਲੁ ਮੁਰਾਰਿ॥
ਸਚੁ ਕਰਣੀ ਦੇ ਪਾਈਐ ਦਰੁ ਘਰੁ ਮਹਲੁ ਪਿਆਰਿ॥ (ਪੰਨਾ 18)

ਅਸੀ ਬੋਲਵਿਗਾੜ ਵਿਗਾੜਹ ਬੋਲ॥
ਤੂ ਨਦਰੀ ਅੰਦਰਿ ਤੋਲਹਿ ਤੋਲ॥
ਜਹ ਕਰਣੀ ਤਹ ਪੂਰੀ ਮਤਿ॥
ਕਰਣੀ ਬਾਝਹੁ ਘਟੇ ਘਟਿ॥ (ਪੰਨਾ 25)

ਜੇ ਕੋ ਆਖੈ ਬੋਲੁਵਿਗਾੜੁ॥
ਤਾ ਲਿਖੀਐ ਸਿਰਿ ਗਾਵਾਰਾ ਗਾਵਾਰੁ॥ (ਪੰਨਾ 6)

ਅਵਰ ਉਪਦੇਸੈ ਆਪਿ ਨ ਕਰੈ॥
ਆਵਤ ਜਾਵਤ ਜਨਮੈ ਮਰੈ॥ (ਪੰਨਾ 269)

ਦਰਸ਼ਨ ਜਾਂ ਫ਼ਲਸਫ਼ਾ ਆਪਣੇ ਆਪ ’ਚ ਇਕ ਮੁਸ਼ਕਲ ਵਿਸ਼ਾ ਮੰਨਿਆ ਜਾਂਦਾ ਹੈ ਪਰੰਤੂ ਗੁਰਮਤਿ ਦਾਰਸ਼ਨਿਕ ਦਰਸ਼ਨਵੇਤਾ ਹੋਣ ਦੇ ਨਾਲ-ਨਾਲ ਅਤਿਅੰਤ ਸੰਵੇਦਨਸ਼ੀਲ ਬਾਣੀਕਾਰ ਹੋਣ ਦੇ ਨਾਤੇ ਆਪਣੀ ਨਿਰਮਲ ਬਾਣੀ ’ਚ ਮੁਸ਼ਕਲ ਦਰਸ਼ਨ ਜਾਂ ਫ਼ਲਸਫ਼ੇ ਨੂੰ ਰਸ ਤੇ ਸੁਹਜ ਨਾਲ ਓਤਪੋਤ ਰੂਹਾਨੀ ਸਾਹਿਤ ਦੇ ਸਾਂਚੇ ’ਚ ਢਾਲਣ ਦੀ ਕਮਾਲ ਦੀ ਪ੍ਰਬੀਨਤਾ ਤੇ ਕਲਾਤਮਕ ਸਮਰੱਥਾ ਨੂੰ ਵਿਕਸਿਤ ਕਰ ਸਕਣ ਕਰਕੇ ਇਸ ਦੇ ਦਰਸ਼ਨ ਜਾਂ ਫ਼ਲਸਫ਼ੇ ਦੇ ਸਮਾਵੇਸ਼ ਤੋਂ ਆਮ ਕਰਕੇ ਉਪਤੰਨ ਹੋਣ ਵਾਲੇ ਰੁੱਖੇਪਨ ਨੂੰ ਮੂਲੋਂ ਹੀ ਮਨਫ਼ੀ ਕਰ ਸਕੇ ਹਨ। ਇਸ ਤਰ੍ਹਾਂ ਇਹ ਫ਼ਲਸਫ਼ਾ ਜੀਵਨ ’ਚ ਇਸ ਸੰਸਾਰ ’ਚ ਵਿਚਰਦਿਆਂ ਇਸ ਫ਼ਲਸਫ਼ੇ ਨੂੰ ਸੁਣ, ਪੜ੍ਹ, ਸਮਝ ਅਤੇ ਅਪਣਾ ਕੇ ਅਰਥਾਤ ਜੀਵਨ ’ਚ ਲਾਗੂ ਕਰਕੇ ਸਰਬ-ਸਾਧਾਰਨ ਮਨੁੱਖ-ਮਾਤਰ ਆਪਣਾ ਪੂਰਨ ਕਲਿਆਣ ਸੁਨਿਸ਼ਚਤ ਕਰ ਸਕਦਾ ਹੈ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਸਹਾਇਕ ਸੰਪਾਦਕ ਗੁਰਮਤਿ ਪ੍ਰਕਾਸ਼/ਗੁਰਮਤਿ ਗਿਆਨ -ਵਿਖੇ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)