ਸਿੱਖ ਧਰਮ ਵਿਚ ‘ਸ਼ਬਦ-ਗੁਰੂ’ ਜਾਂ ਬਾਣੀ ਨੂੰ ਖਾਸ ਮੁਕਾਮ ਪ੍ਰਾਪਤ ਹੈ। ਇਹ ਬਾਣੀ ਅਕਾਲ ਪੁਰਖ ਦੀ ਬਖ਼ਸ਼ਿਸ਼ ਮੰਨੀ ਗਈ ਹੈ। ਸੰਸਾਰ ਦੇ ਸਭ ਧਰਮਾਂ ਵਿੱਚੋਂ ਸਿੱਖ ਧਰਮ ਹੀ ਐਸਾ ਤੇ ਇੱਕੋ ਇਕ ਧਰਮ ਹੈ ਜਿਸ ਵਿਚ ਦੇਹਧਾਰੀ ਗੁਰੂ ਦੀ ਸਮਾਪਤੀ, ਪੂਰੀ ਤਰ੍ਹਾਂ ਕੀਤੀ ਗਈ ਹੈ।
ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਵੱਖ-ਵੱਖ ਦਿਸ਼ਾਵਾਂ ਵੱਲ ਯਾਤਰਾਵਾਂ ਭਾਵ ਉਦਾਸੀਆਂ ’ਤੇ ਗਏ ਤਾਂ ਉਹ ਹਰ ਥਾਂ ਤੋਂ ਭਗਤਾਂ, ਸੰਤਾਂ ਤੇ ਸੂਫ਼ੀਆਂ ਦੀ ਬਾਣੀ ਇਕੱਤਰ ਕਰਦੇ ਰਹੇ। ਜਦੋਂ ਉਹ ‘ਕਰਤਾਰ’ ਜਾਂ ‘ਕਰਤਾ ਪੁਰਖ’ ਦੇ ਧਿਆਨ ਵਿਚ ਲਿਵਲੀਨ ਹੁੰਦੇ ਤਾਂ ਜੋ ਬਾਣੀ ਉਨ੍ਹਾਂ ਦੇ ਮੁਖ਼ਾਰਬਿੰਦ ’ਚੋਂ ਨਿਕਲਦੀ ਉਸ ਨੂੰ ਲਿਖ ਲੈਂਦੇ। ਉਨ੍ਹਾਂ ਨੂੰ ਮੱਕੇ ਦੀ ਯਾਤਰਾ ਦੇ ਸਮੇਂ ਕਾਜ਼ੀਆਂ ਤੇ ਮੁਲਾਣਿਆਂ ਵੱਲੋਂ ਇਹ ਪੁੱਛਣਾ ਕਿ ਉਹ ‘ਕਿਤਾਬ’ ਫੋਲ ਕੇ ਦੱਸਣ ਕਿ ਹਿੰਦੂ ਤੇ ਮੁਸਲਮਾਨ ’ਚੋਂ ਕਿਹੜਾ ਵੱਡਾ ਹੈ, ਸਿੱਧ ਕਰਦਾ ਹੈ ਕਿ ਉਨ੍ਹਾਂ ਕੋਲ ਯਾਤਰਾ ਸਮੇਂ ਕਿਤਾਬ ਹੁੰਦੀ ਸੀ। ਭਾਈ ਗੁਰਦਾਸ ਜੀ ਆਪਣੀ ਵੀ ਇਸ ਦਾ ਇਉਂ ਵਰਣਨ ਕਰਦੇ ਹਨ:
ਪੁਛਨਿ ਗਲ ਈਮਾਨ ਦੀ ਕਾਜੀ ਮੁਲਾਂ ਇਕਠੇ ਹੋਈ।
ਵਡਾ ਸਾਂਗ ਵਰਤਾਇਆ ਲਖਿ ਨ ਸਕੈ ਕੁਦਰਤਿ ਕੋਈ।
ਪੁਛਨਿ ਫੋਲਿ ਕਿਤਾਬ ਨੋ ਹਿੰਦੂ ਵਡਾ ਕਿ ਮੁਸਲਮਾਨੋਈ।
ਬਾਬਾ ਆਖੇ ਹਾਜੀਆ ਸੁਭਿ ਅਮਲਾ ਬਾਝੋ ਦੋਨੋ ਰੋਈ। (ਵਾਰ 1:33)
ਸ੍ਰੀ ਗੁਰੂ ਨਾਨਕ ਦੇਵ ਜੀ ਤਾਂ ਵਜਦ ਵਿਚ ਆ ਕੇ ਜਦ ਰੱਬੀ ਰੰਗ ’ਚ ਰੰਗੇ ਜਾਂਦੇ ਸਨ ਤਾਂ ਉਹ ਆਪਣੇ ਸਾਥੀ ਭਾਈ ਮਰਦਾਨਾ ਜੀ ਨੂੰ ਕਿਹਾ ਕਰਦੇ ਸਨ, “ਮਰਦਾਨਿਆ! ਰਬਾਬ ਛੇੜ, ਬਾਣੀ ਆਈ ਐ।” ਪ੍ਰਤੱਖ ਹੈ ਕਿ ਇਸ ਬਾਣੀ ਨੂੰ ‘ਧੁਰ ਕੀ ਬਾਣੀ’ ਜਾਂ ‘ਇਲਾਹੀ ਬਾਣੀ’ ਦਾ ਰੁਤਬਾ ਪ੍ਰਾਪਤ ਹੋਣਾ ਸੁਭਾਵਿਕ ਹੀ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਸੋਰਠਿ ਰਾਗ ਵਿਚ ਫ਼ੁਰਮਾਨ ਹਨ:
ਧੁਰ ਕੀ ਬਾਣੀ ਆਈ॥
ਤਿਨਿ ਸਗਲੀ ਚਿੰਤ ਮਿਟਾਈ॥
ਦਇਆਲ ਪੁਰਖ ਮਿਹਰਵਾਨਾ॥
ਹਰਿ ਨਾਨਕ ਸਾਚੁ ਵਖਾਨਾ॥ (ਪੰਨਾ 628)
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਸੰਕਲਨ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੰਨ 1604 ਈ. ਵਿਚ ਮੁਕੰਮਲ ਕੀਤਾ। ਆਪ ਨੇ ਇਹ ਕੰਮ 1601 ਈ. ਵਿਚ ਅਰੰਭ ਕੀਤਾ ਸੀ। ਭਾਦੋਂ ਸੁਦੀ 1 ਨੂੰ ਸ੍ਰੀ ਹਰਿਮੰਦਰ ਸਾਹਿਬ ਵਿਚ ਗੁਰਮਤਿ ਦੇ ਪ੍ਰਚਾਰ ਲਈ ਪੋਥੀ (ਬੀੜ) ਅਸਥਾਪਨ ਕਰ ਕੇ ਬਾਬਾ ਬੁੱਢਾ ਜੀ ਪਹਿਲੇ ਗ੍ਰੰਥੀ ਥਾਪੇ ਗਏ।
ਇਸ ਬੀੜ ਦੀ ਜਿਲਦ ਬੰਨ੍ਹਾਉਣ ਦਾ ਕਾਰਜ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਭਾਈ ਬੰਨੋ ਵਾਸੀ ਪਿੰਡ ਖਾਰਾ ਮਾਂਗਟ ਨੂੰ ਸੌਂਪਿਆ ਗਿਆ ਸੀ। ਉਸ ਨੇ ਲਾਹੌਰ ਜਾਂਦੇ ਸਮੇਂ ਰਾਹ ਵਿਚ ਹੀ ਆਪਣੀ ਇੱਛਾ ਨਾਲ ਉਤਾਰਾ ਕਰ ਲਿਆ ਤੇ ਕੁਝ ਵਾਧੂ ਸ਼ਬਦ ਵੀ ਦਰਜ ਕਰ ਲਏ। ਇਸ ਬੀੜ ਨੂੰ ਖਾਰੀ ਬੀੜ ਕਿਹਾ ਜਾਂਦਾ ਹੈ।
ਕਰਤਾਰਪੁਰੀ ਬੀੜ ਉਸ ਸਮੇਂ ਕਰਤਾਰਪੁਰ ਹੀ ਰਹਿ ਗਈ ਸੀ ਜਦੋਂ 1635 ਈ. ਵਿਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਕੀਰਤਪੁਰ ਚਲੇ ਗਏ ਸਨ। ਮਗਰੋਂ ਉਨ੍ਹਾਂ ਦੇ ਪੋਤਰੇ ਧੀਰਮੱਲ ਨੇ ਇਸ ਖ਼ਿਆਲ ਨਾਲ ਇਸ ’ਤੇ ਕਬਜ਼ਾ ਕਰ ਲਿਆ ਕਿ ਜਿਸ ਕੋਲ ਬੀੜ ਹੈ, ਉਹੋ ਹੀ ਗੁਰਿਆਈ ਲੈ ਸਕੇਗਾ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗੁਰਿਆਈ ਆਪਣੇ ਛੋਟੇ ਪੋਤਰੇ ਸ੍ਰੀ ਹਰਿਰਾਇ ਜੀ ਨੂੰ ਸੌਂਪ ਦਿੱਤੀ। ਤੀਸਰੀ ਬੀੜ ਉਹ ਹੈ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਲਵੰਡੀ ਸਾਬੋ (ਦਮਦਮਾ ਸਾਹਿਬ) ਵਿਚ 1762-63 ਬਿਕ੍ਰਮੀ ਸੰਮਤ (1705-06) ਨੂੰ ਤਿਆਰ ਕਰਵਾਈ ਸੀ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਾਪੇ ਵਾਲੀ ਪ੍ਰਚਲਿਤ ਬੀੜ ਦੇ ਕੁੱਲ ਚੌਦਾਂ ਸੌ ਤੀਹ ਪੰਨੇ ਹਨ। ਪੰਨਾ 1 ਤੋਂ 13 ਤਕ ਨਿਤਨੇਮ ਦੀਆਂ ਬਾਣੀਆਂ ਹਨ। ਪੰਨਾ 14 ਤੋਂ 1353 ਤਕ ਰਾਗਾਂ ਅਨੁਸਾਰ ਬਾਣੀ ਦਰਜ ਕੀਤੀ ਹੋਈ ਹੈ। ਪੰਨਾ 1353 ਤੋਂ 1430 ਤਕ ਰਾਗ ਮੁਕਤ ਬਾਣੀਆਂ ਹਨ।
ਭਾਈ ਗੁਰਦਾਸ ਜੀ ਦੁਆਰਾ ਲਿਖਵਾਈ ਗਈ ਬੀੜ ਨੂੰ ਪਹਿਲਾਂ ਪਹਿਲ ਪੋਥੀ ਸਾਹਿਬ ਕਿਹਾ ਗਿਆ। ਜਦੋਂ 1604 ਈ. ਨੂੰ ਇਹ ਗ੍ਰੰਥ ਸੰਪੂਰਨ ਹੋਇਆ ਤੇ ਭਾਈ ਬੰਨੋ ਰਾਹੀਂ ਇਸ ਦੀ ਜਿਲਦਬੰਦੀ ਕਰਵਾਈ ਗਈ ਤਾਂ ਇਸ ਉਪਰੰਤ ਹੀ ਇਕ ਸ਼ਾਨਦਾਰ ਨਗਰ ਕੀਰਤਨ ਦੀ ਸ਼ਕਲ ਵਿਚ ‘ਆਦਿ ਗ੍ਰੰਥ’ ਜੀ ਦਾ ਰਾਮਸਰ ਸਾਹਿਬ ਤੋਂ ਸ੍ਰੀ ਹਰਿਮੰਦਰ ਸਾਹਿਬ ਵਿਚ ਪ੍ਰਵੇਸ਼ ਕਰਵਾਇਆ ਗਿਆ। ਨਗਰ ਕੀਰਤਨ ਦੇ ਸਾਰੇ ਰਸਤੇ ਵਿਚ ਬਾਬਾ ਬੁੱਢਾ ਜੀ ਨੇ ਇਸ ਗ੍ਰੰਥ ਨੂੰ ਆਪਣੇ ਸੀਸ ’ਤੇ ਸੁਭਾਇਮਾਨ ਰੱਖਿਆ। ਸ੍ਰੀ ਗੁਰੂ ਅਰਜਨ ਦੇਵ ਜੀ ਚੌਰ ਸਾਹਿਬ ਦੀ ਸੇਵਾ ਕਰਦੇ ਰਹੇ। ਇਸ ਇਲਾਹੀ ਗ੍ਰੰਥ ਦਾ ਪਹਿਲੀ ਵਾਰ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਵਿਖੇ ਪ੍ਰਕਾਸ਼ ਹੋਇਆ। ਬਾਬਾ ਬੁੱਢਾ ਜੀ ਪ੍ਰਥਮ ਗ੍ਰੰਥੀ ਥਾਪੇ ਗਏ ਜਿਨ੍ਹਾਂ ਨੇ ਪਹਿਲਾ ਪਾਵਨ ਹੁਕਮ ਲਿਆ:
ਸੂਹੀ ਮਹਲਾ 5॥
ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ॥
ਧਰਤਿ ਸੁਹਾਵੀ ਤਾਲੁ ਸੁਹਾਵਾ ਵਿਚਿ ਅੰਮ੍ਰਿਤ ਜਲੁ ਛਾਇਆ ਰਾਮ॥
ਅੰਮ੍ਰਿਤ ਜਲੁ ਛਾਇਆ ਪੂਰਨ ਸਾਜੁ ਕਰਾਇਆ ਸਗਲ ਮਨੋਰਥ ਪੂਰੇ॥
ਜੈ ਜੈ ਕਾਰੁ ਭਇਆ ਜਗ ਅੰਤਰਿ ਲਾਥੇ ਸਗਲ ਵਿਸੂਰੇ॥
ਪੂਰਨ ਪੁਰਖ ਅਚੁਤ ਅਬਿਨਾਸੀ ਜਸੁ ਵੇਦ ਪੁਰਾਣੀ ਗਾਇਆ॥
ਅਪਨਾ ਬਿਰਦੁ ਰਖਿਆ ਪਰਮੇਸਰਿ ਨਾਨਕ ਨਾਮੁ ਧਿਆਇਆ॥ (ਪੰਨਾ 783)
ਇਸ ਤਰ੍ਹਾਂ ਆਦਿ ਸ੍ਰੀ ਗ੍ਰੰਥ ਸਾਹਿਬ ਦੇ ਸ੍ਰੀ ਹਰਿਮੰਦਰ ਸਾਹਿਬ ਵਿਚ ਇਸ ਸਤਿਕਾਰ ਭਰੀ ਭਾਵਨਾ ਨਾਲ ਬਿਰਾਜਮਾਨ ਹੋਣ ਨਾਲ ਵਿਸ਼ਵ ਦੇ ਅਧਿਆਤਮਿਕ ਇਤਿਹਾਸ ਵਿਚ ਇਕ ਅਹਿਮ ਤੇ ਸ੍ਰੇਸ਼ਟ ਘਟਨਾ ਵਾਪਰੀ। ਰਾਤ ਸਮੇਂ ਜਦੋਂ ਇਸ ਪਵਿੱਤਰ ਗ੍ਰੰਥ ਦਾ ‘ਸੁਖਆਸਨ’ ਕੀਤਾ ਜਾਂਦਾ ਸੀ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਸੁਖਆਸਨ ਵਾਲੇ ਪਲੰਘ ਦੇ ਨਾਲ ਥੱਲੇ ਫਰਸ਼ ’ਤੇ ਹੀ ਲੇਟ ਜਾਂਦੇ ਸਨ ਤੇ ਇਸ ਤਰ੍ਹਾਂ ਆਦਿ ਸ੍ਰੀ ਗ੍ਰੰਥ ਸਾਹਿਬ ਦਾ ਬੇਹੱਦ ਸਤਿਕਾਰ ਕਰਦੇ ਸਨ ਕਿਉਂਕਿ ਉਹ ਜਾਣਦੇ ਸਨ ਕਿ ਕੁਝ ਸਮਾਂ ਪਾ ਕੇ ਇਹ ‘ਪ੍ਰਮੇਸ਼ਰ ਰੂਪ ਪੋਥੀ ਸਾਹਿਬ’ ਮਾਨਵਤਾ ਦੇ ਜੁਗੋ-ਜੁਗ ਅਟੱਲ ਗੁਰੂ ਬਣ ਕੇ, ਮਨੁੱਖਤਾ ਦਾ ਪੱਥ-ਪ੍ਰਦਰਸ਼ਨ ਕਰਿਆ ਕਰਨਗੇ। ਸ੍ਰੀ ਗੁਰੁ ਅਰਜਨ ਦੇਵ ਜੀ ਨੇ ‘ਸਾਰੰਗ ਮਹਲਾ 5’ ਵਿਚ ਫ਼ੁਰਮਾਇਆ ਹੈ:
ਪੋਥੀ ਪਰਮੇਸਰ ਕਾ ਥਾਨੁ॥
ਸਾਧਸੰਗਿ ਗਾਵਹਿ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨੁ॥
ਸਾਧਿਕ ਸਿਧ ਸਗਲ ਮੁਨਿ ਲੋਚਹਿ ਬਿਰਲੇ ਲਾਗੈ ਧਿਆਨੁ॥
ਜਿਸਹਿ ਕ੍ਰਿਪਾਲੁ ਹੋਇ ਮੇਰਾ ਸੁਆਮੀ ਪੂਰਨ ਤਾ ਕੋ ਕਾਮੁ॥ (ਪੰਨਾ 1226)
ਇਹ ਆਦਿ ਸ੍ਰੀ ਗ੍ਰੰਥ ਸਾਹਿਬ ਪ੍ਰਭੂ ਦੀ ਮਹਿਮਾ ਨਾਲ ਭਰਪੂਰ ਹੋਣ ਕਾਰਨ ਸਾਧਾਰਨ ਨਹੀਂ ਸੀ ਸਗੋਂ ਬ੍ਰਹਮ ਸਰੂਪ ਸੀ। ‘ਰਾਮ ਨਾਮ ਹਰਿ ਅੰਮ੍ਰਿਤ ਬਾਣੀ’ ਹੋਣ ਕਾਰਨ ਇਹ ਅਦੁੱਤੀ ਤੇ ਅਪਾਰ ਸ਼ਰਧਾ ਦਾ ਪਾਤਰ ਵੀ ਸੀ ਤੇ ਪ੍ਰਤੀਕ ਵੀ। ‘ਪੋਥੀ ਪਰਮੇਸਰ ਕਾ ਥਾਨੁ’ ਜਾਂ ‘ਗੁਰੂ’ ਦਾ ਦਰਜਾ ਨਾਂਦੇੜ ਵਿਖੇ 6 ਕੱਤਕ, ਸੰਮਤ ਨਾਨਕਸ਼ਾਹੀ 240, 1765 ਬਿਕ੍ਰਮੀ (ਸੰਨ 1708 ਈ.) ਵਿਚ ਪ੍ਰਾਪਤ ਕਰ ਗਈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੇਹਧਾਰੀ-ਗੁਰੂ ਦੀ ਪਰੰਪਰਾ ਸਮਾਪਤ ਕਰ ਕੇ ਸ੍ਰੀ ਗ੍ਰੰਥ ਸਾਹਿਬ (ਦਮਦਮੀ ਬੀੜ) ਨੂੰ ਗੁਰੂ ਦੀ ਪਦਵੀ ਨਾਲ ਸੁਸ਼ੋਭਿਤ ਕਰ ਦਿੱਤਾ। ਉਨ੍ਹਾਂ ਨੇ ਆਪਣਾ ਸੀਸ ਨਿਵਾਇਆ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਨਮਾਨਜਨਕ ਰੁਤਬਾ ਦੇ ਕੇ ਆਪਣੀ ਆਤਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਮੋ ਦਿੱਤੀ। ਸਰੀਰ ਖਾਲਸਾ ਪੰਥ ਵਿਚ ਲੀਨ ਕਰ ਦਿੱਤਾ। ਇਸ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ‘ਗੁਰੂਤਾ’ ਸਿੱਖ ਧਰਮ ਦੇ ਆਧਾਰ-ਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੌਂਪ ਦਿੱਤੀ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਿੱਖਾਂ ਦੀ ਅਧਿਆਤਮਿਕ ਸਰਪ੍ਰਸਤੀ ਅਥਵਾ ਗੁਰੂ-ਪਦਵੀ ਸ਼ਬਦ-ਸਰੂਪੀ ਗ੍ਰੰਥ ਸਾਹਿਬ ਨੂੰ ਪ੍ਰਦਾਨ ਕਰਨ ਦਾ ਮਹੱਤਵਪੂਰਨ ਪ੍ਰਮਾਣ ‘ਭੱਟ ਵਹੀ ਤਲੌਂਡਾ’ ਦੇ ਲੇਖਕ ਨਰਬੁਦ ਸਿੰਘ ਭੱਟ ਵੱਲੋਂ ਦਿੱਤਾ ਗਿਆ ਹੈ ਜੋ ਉਸ ਵੇਲੇ ਨਾਂਦੇੜ ਵਿਚ ਮੌਜੂਦ ਸੀ। ਉਹ ਲਿਖਦੇ ਹਨ:
“ਗੁਰੂ ਗੋਬਿੰਦ ਸਿੰਘ ਮਹਲ ਦਸਮਾਂ ਬੇਟਾ ਗੁਰੂ ਤੇਗ ਬਹਾਦਰ ਕਾ, ਪੋਤਾ ਗੁਰੂ ਹਰਿਗੋਬਿੰਦ ਜੀ ਕਾ, ਪੜਪੋਤਾ ਗੁਰੂ ਅਰਜਨ ਜੀ ਕਾ, ਬੰਸ ਗੁਰੂ ਰਾਮਦਾਸ ਜੀ ਦੀ, ਸੂਰਜਬੰਸੀ ਗੋਸਲ ਗੋਤਰਾ ਸੋਢੀ ਖਤ੍ਰੀ ਬਾਸੀ ਆਨੰਦਪੁਰ ਪਰਗਨਾ ਕਾਹਲੂਰ ਮੁਕਾਮ ਨਾਂਦੇੜ ਤਟ ਗੋਦਾਵਰੀ ਦੇਸ ਦਖਨ ਸੰਮਤ ਸਤਰਾਂ ਸੈ ਪੈਂਸਠ ਕਾਰਤਿਕ ਮਾਸ ਕੀ ਚੌਥ ਸ਼ੁਕਲਾ ਪਖੇ ਬੁਧਵਾਰ ਕੇ ਦਿਹੁੰ ਭਾਈ ਦਇਆ ਸਿੰਘ ਸੇ ਬਚਨ ਹੋਇਆ ਸ੍ਰੀ ਗ੍ਰੰਥ ਸਾਹਿਬ ਲੈ ਆਓ। ਬਚਨ ਪਾਏ ਦਇਆ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਲੈ ਆਏ। ਗੁਰੂ ਜੀ ਨੇ ਪੰਚ ਪੈਸੇ ਨਾਰੀਅਲ ਅਗੇ ਭੇਟਾ ਰਖਾ ਮਥਾ ਟੇਕਾ ਸਰਬੱਤ ਸੰਗਤ ਸੇ ਕਹਾ ਮੇਰਾ ਹੁਕਮ ਹੈ ਮੇਰੀ ਜਗਹ ਸ੍ਰੀ ਗ੍ਰੰਥ ਜੀ ਕੋ ਜਾਨਨਾ ਜੋ ਸਿੱਖ ਮਾਨੇਗਾ ਤਿਸ ਕੀ ਘਾਲ ਥਾਂਏ ਪਏਗੀ ਗੁਰੂ ਤਿਸਕੀ ਬਾਹੁੜੀ ਕਰੇਗਾ ਸਤ ਕਰ ਮਾਨਨਾ।”
ਇਸ ਦਾ ਇਕ ਹੋਰ ਪ੍ਰਮਾਣ ਕਵੀ ਸੈਨਾਪਤਿ ਦੇ ਗ੍ਰੰਥ ‘ਸ੍ਰੀ ਗੁਰ ਸੋਭਾ’ ਤੋਂ ਵੀ ਮਿਲਦਾ ਹੈ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ-ਜੋਤਿ ਸਮਾ ਜਾਣ ਦੇ ਸਿਰਫ਼ ਤਿੰਨ ਸਾਲ ਭਾਵ 1768 ਬਿਕ੍ਰਮੀ (1711 ਈ.) ਨੂੰ ਲਿਖਿਆ ਗਿਆ।
ਕਵੀ ਸੈਨਾਪਤਿ ਲਿਖਦਾ ਹੈ:
ਸੰਮਤ ਸਤ੍ਰਾ ਸੈ ਭਏ ਪੈਂਸਠ ਬਰਖ ਪ੍ਰਮਾਨ।
ਕਾਤਕ ਸੁਦ ਭਈ ਪੰਚਮੀ ਕਾਰਨ ਕਰਿ ਜਾਨ।
ਗੁਰੂ ਜੀ ਨੂੰ ਸਿੱਖਾਂ ਨੇ ਪੁੱਛਿਆ ਕਿ ਉਹ ਉਨ੍ਹਾਂ ਨੂੰ ਕਿਸ ਦੇ ਹਵਾਲੇ ਕਰ ਚੱਲੇ ਹਨ ਤਾਂ ਗੁਰੂ ਜੀ ਨੇ ਉੱਤਰ ਦਿੱਤਾ:
ਏਕ ਦਿਵਸ ਕਾਰਨ ਤੇ ਆਗੇ।
ਮਿਲਿ ਕੇ ਸਿੰਘ ਪੂਛਨੇ ਲਾਗੇ।
ਕਵਲ ਰੂਪ ਆਪਨ ਪ੍ਰਭ ਕੀਨੋ।
ਤਿਨ ਕੈ ਜੁਆਬ ਭਾਤਿ ਇਹ ਦੀਨੋ॥805॥
ਤਾਹ ਸਮੇ ਗੁਰ ਬੈਨ ਸੁਨਾਯੋ।
ਖਾਲਸ ਆਪਨੋ ਰੂਪ ਬਤਾਯੋ।
ਖਾਲਸ ਹੀ ਸੋ ਹੈ ਮਮ ਕਾਮਾ।
ਬਖਸ਼ ਕੀਉ ਖਾਲਸ ਕੋ ਜਾਮਾ।..
ਖਾਲਸ ਖਾਸ ਕਹਾਵੈ ਸੋਈ ਜਾ ਕੈ ਹਿਰਦੈ ਭਰਮ ਨ ਹੋਈ।
ਭਰਮ ਭੇਖ ਤੇ ਰਹੈ ਨਿਆਰਾ ਸੋ ਖਾਲਸ ਸਤਿਗੁਰੂ ਹਮਾਰਾ।
ਸਤਿਗੁਰੂ ਹਮਾਰਾ ਅਪਰ ਅਪਾਰਾ ਸਬਦਿ ਬਿਚਾਰਾ ਅਜਰ ਜ਼ਰੰ।
ਹਿਰਦੇ ਧਰਿ ਧਿਆਨੀ ਉਚਰੀ ਬਾਨੀ ਪਦ ਨਿਰਬਾਨੀ ਅਪਰ ਪਰੰ।
ਇਥੇ ਸਥਿਤੀ ਸਪੱਸ਼ਟ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਿਆਈ ਪ੍ਰਤੱਖ ਰੂਪ ਵਿਚ ਗੁਰੂ-ਪੰਥ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ ਸੀ। ‘ਬਖਸ ਕੀਉ ਖਾਲਸ ਕੋ ਜਾਮਾ’, ‘ਭਰਮ ਭੇਖ ਤੇ ਰਹੈ ਨਿਆਰਾ, ਸੋ ਖਾਲਸ ਸਤਿਗੁਰੂ ਹਮਾਰਾ’ ਅਤੇ ‘ਸਤਿਗੁਰੂ ਹਮਾਰਾ ਅਪਰ ਅਪਾਰਾ ਸਬਦਿ ਬਿਚਾਰਾ’, ‘ਬਾਨੀ ਪਦ ਨਿਰਬਾਨੀ’ ਸ੍ਵੈ-ਸਪੱਸ਼ਟ ਹਨ।
ਭਾਈ ਨੰਦ ਲਾਲ ਜੀ ਵੀ ਜੋ ਉਸ ਵੇਲੇ ਬਾਦਸ਼ਾਹ ਬਹਾਦਰ ਸ਼ਾਹ ਨਾਲ ਨਾਂਦੇੜ ਵਿਚ ਸਨ, ‘ਰਹਿਤਨਾਮਾ’ ਵਿਚ ਲਿਖਦੇ ਹਨ ਕਿ ਜਦੋਂ ਸਿੱਖਾਂ ਨੇ ਗੁਰੂ ਜੀ ਤੋਂ ਪੁੱਛਿਆ ਕਿ ਉਹ ਹੁਣ ਉਨ੍ਹਾਂ ਦੇ ਦਰਸ਼ਨ ਕਿਵੇਂ ਕਰਿਆ ਕਰਨਗੇ ਤਾਂ ਉਨ੍ਹਾਂ ਉੱਤਰ ਦਿੱਤਾ:
ਤੀਨ ਰੂਪ ਹੈ ਮੋਹਿ ਕੇ ਸੁਣਹੁ ਨੰਦ ਚਿਤ ਲਾਇ,
ਨਿਰਗੁਣ ਸਰਗੁਣ ਗੁਰ ਸ਼ਬਦ ਹੈ ਕਹੈ ਤੋਹਿ ਸਮਝਾਇ।
ਏਕ ਰੂਪ ਤਿਹ ਗੁਣ ਤੇ ਪਰੇ, ਨੇਤ ਨੇਤ ਜਿਹ ਨਿਗਮ ਉਚਰੇ।
ਘਟਿ ਘਟਿ ਬਿਆਪਕ ਅੰਤਰਜਾਮੀ,
ਪੂਰ ਰਹਿਓ ਜਿਉਂ ਜਲ ਘਟ ਭਾਨੀ॥…
ਦੂਸਰ ਰੂਪ ਗ੍ਰੰਥ ਜੀ ਜਾਨ।
ਉਨਕੇ ਅੰਗ ਮੇਰੋ ਕਰ ਮਾਨ।
ਜੋ ਸਿਖ ਗੁਰ-ਦਰਸ਼ਨ ਕੀ ਚਾਹਿ।
ਦਰਸ਼ਨ ਕਰੇ ਗ੍ਰੰਥ ਜੀ ਆਹਿ॥…
ਮੇਰਾ ਰੂਪ ਗ੍ਰੰਥ ਜੀ ਜਾਣ।
ਇਸ ਮੇਂ ਭੇਦ ਨਹੀਂ ਕੁਛ ਮਾਨ।
ਤੀਸਰ ਰੂਪ ਸਿਖ ਹੈਂ ਮੋਰ।
ਗੁਰਬਾਣੀ ਰੱਤ ਜਿਹ ਨਿਸ ਭੋਰ।
ਵਿਸਾਹ ਪ੍ਰੀਤ ਗੁਰ ਸ਼ਬਦ ਜੋ ਧਰੇ,
ਗੁਰ ਕਾ ਦਰਸ ਨਿਤ ਉਠ ਕਰੇ॥
1751 ਈਸਵੀ ਵਿਚ ਭਾਈ ਕੋਇਰ ਸਿੰਘ ਵੱਲੋਂ ਲਿਖੇ ਗਏ ‘ਗੁਰਬਿਲਾਸ ਪਾਤਿਸ਼ਾਹੀ 10’ ਵਿਚ ਵੀ ਲਿਖਿਆ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਸੇ ਇਕ ਵਿਅਕਤੀ ਨੂੰ ਗੁਰਤਾ ਨਾ ਬਖ਼ਸ਼ ਕੇ ਸਮੁੱਚੇ ਖਾਲਸਾ ਪੰਥ ਨੂੰ ‘ਗੁਰੂ-ਪੰਥ’ ਕਹਿ ਕੇ ਮਾਣ ਦਿੱਤਾ ਤੇ ‘ਸ਼ਬਦ-ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ’ ਦੇ ਲੜ ਲਾਇਆ। ਗੁਰੂ ਜੀ ਨੇ ਕਿਹਾ:
ਗੁਰਿਆਈ ਕਾ ਨਹਿ ਅਬ ਕਾਲ।
ਤਿਲਕ ਨ ਦੇਵਹਿਗੇ ਕਿਸ ਭਾਲ।
ਸਰਬ ਸੁ ਸੰਗਤਿ ਖਾਲਸ ਮਾਨ।
ਸ੍ਰੀ ਅਸਿਕੇਤੁ ਗੋਦ ਮੈ ਜਾਨ।
ਲੜ ਪਕੜਾਇ ਸਬਦ ਕਾ ਰੂਪ।
ਜੋ ਮਾਨੇ ਸੋ ਸਿੰਘ ਅਨੂਪ।
ਦਰਸਨ ਗੁਰ ਕਾ ਹੈ ਸਵਧਾਨ।
ਸ੍ਰੀ ਗ੍ਰੰਥ ਜੀ ਸਾਹਿਬ ਮਾਨ।
ਭਾਈ ਕੇਸਰ ਸਿੰਘ ਛਿੱਬਰ ਨੇ ‘ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ’ ਵਿਚ ਵੀ ਇਹ ਹੀ ਵੇਰਵਾ ਦਿੱਤਾ ਹੈ:
ਦੁਇ ਜਾਮ ਰਾਤਿ ਗਈ ਤਾਂ ਕੁਸਾ ਵਿਛਵਾਈ।
ਸਿਖਾਂ ਹਥਿ ਜੋੜ ਕਰਿ ਬਿਨਤੀ ਪਛਾਈ।
ਗਰੀਬ ਨਿਵਾਜ ਸਿਖ ਸੰਗਤਿ ਹੈ ਤੇਰੀ ਇਸਦਾ ਕੀ ਹਬਾਲੁ।
ਬਚਨ ਕੀਤਾ ਗ੍ਰੰਥ ਹੈ ਗੁਰੂ ਲੜ ਪਕੜੋ ਅਕਾਲ।
ਗੁਰੂ ਹੈ ਖਾਲਸਾ ਖਾਲਸਾ ਹੈ ਗੁਰੂ।
ਗੱਦੀ ਸ੍ਰੀ ਸਾਹਿਬ ਦੇਵੀ ਮਾਤਾ ਦੀ ਪਾਏ ਭਜਨ ਕੀਤਾ ਸ਼ੁਰੂ।
ਆਪਸ ਵਿਚਿ ਕਰਨਾ ਪਿਆਰੁ ਪੰਥ ਦੇ ਵਾਧੇ ਨੂੰ ਲੋਚਨਾ।
ਆਗਿਆ ਗ੍ਰੰਥ ਸਾਹਿਬ ਦੀ ਕਰਨੀ ਸ਼ਬਦ ਦੀ ਖੋਜਨਾ।
1790 ਈ. ਵਿਚ ਭਾਈ ਸਰੂਪ ਸਿੰਘ ਕੌਸ਼ਿਸ਼ ਦੁਆਰਾ ਲਿਖੀ ਤੇ ਪ੍ਰੋ. ਪਿਆਰਾ ਸਿੰਘ ਪਦਮ ਵੱਲੋਂ ਸੰਪਾਦਿਤ ਪੁਸਤਕ ‘ਗੁਰੂ ਕੀਆਂ ਸਾਖੀਆਂ’ ਵਿਚ ਇਸ ਦਾ ਵੇਰਵਾ ਉਪਰੋਕਤ ਵੇਰਵਿਆਂ ਨਾਲ ਮਿਲਦਾ-ਜੁਲਦਾ ਹੀ ਹੈ:
ਸਿਖਾਂ ਗੁਰੂ ਜੀ ਤਰਫ਼ ਦੇਖਾ, ਖੂਨ ਜ਼ਿਆਦਾ ਵਗ ਜਾਨੇ ਸੇ ਸਰੀਰ ਦੁਬਲਾ ਹੋਇ ਗਿਆ ਥਾ, ਸਿਖ ਬੇਬਸ ਹੋਇ ਕੇ ਕਹਿ ਰਹੇ ਥੇ, ਮਹਾਰਾਜ! ਅਸਾਂ ਕੋ ਕਿਸ ਕੇ ਸਹਾਰੇ ਛੋਰ ਕੇ ਆਗੇ ਜਾ ਰਹੇ ਹੋ, ਹਮੇਂ ਬਤਾਈਏ! ਸਤਿਗੁਰੂ ਧੀਰੇ ਸੇ ਕਹਾ, ਸਿਖੋ! ਇਹ ਪੰਥ ਅਸਾਂ ਸ੍ਰੀ ਅਕਾਲ ਪੁਰਖ ਕੀ ਆਗਿਆ ਸੇ ਸਾਜਾ ਹੈ, ਉਹ ਇਸ ਕਾ ਹਰਿ ਥਾਂਇ ਹਰ ਮੁਸ਼ਕਲ ਮੇਂ ਸਹਾਈ ਹੋਏਗਾ। ਮੈਂ ਸੀਧਾ ਤੁਸਾਂ ਕੋ ਉਸ ਕੇ ਲੜ ਲਾਇਆ ਹੈ, ਉਹ ਆਪੇ ਲੜ ਲਗਿਆਂ ਦੀ ਲਾਜ ਪਾਲੇਗਾ। ਗੁਰੂ ਜੀ ਨੇ ਦਯਾ ਸਿੰਘ ਸੇ ਕਹਾ, ਭਾਈ ਸਿਖਾ! ਸ੍ਰੀ ਗ੍ਰੰਥ ਸਾਹਿਬ ਲੈ ਆਈਏ, ਅਸਾਂ ਇਸੇ ਗੁਰਤਾ ਦੇਨੀ ਹੈ। ਬਚਨ ਪਾਇ ਭਾਈ ਦਯਾ ਸਿੰਘ ਨੇ ਸ੍ਰੀ ਗ੍ਰੰਥ ਜੀ ਲਿਆਇ ਕੇ ਪ੍ਰਕਾਸ਼ ਕੀਆ, ਪੰਚਾਮ੍ਰਿਤ ਤਿਆਰ ਕਰਕੇ ਏਕ ਸਿਖ ਨੇ ਚੌਕੀ ਤੇ ਲਿਆਇ ਰਖਾ, ਅਰਦਾਸ ਉਪਰੰਤ ਸਤਿਗੁਰੂ ਜੀ ਗੁਰਤਾ ਦੇਨੇ ਲਾਗੇ। ਗੁਰੂ ਸਾਹਿਬ ਨੇ ਪਾਂਚ ਪੈਸੇ ਇਕ ਨਲੀਏਰ ਹਾਥ ਮੇਂ ਲੈ ਕੇ ਚਾਰ ਪਾਈ ਤੇ ਬਿਰਾਜਮਾਨ ਹੋਇਆਂ ਦਯਾ ਸਿੰਘ ਸੇ ਕਹਾ- ਇਨ੍ਹੇ ਸ੍ਰੀ ਗ੍ਰੰਥ ਜੀ ਕੇ ਆਗੇ ਟਿਕਾਇ ਦਿਉ, ਸ੍ਰੀ ਮੁਖ ਥੀਂ ਇੰਜ ਬੋਲੇ-
ਅਕਾਲ ਪੁਰਖ ਕੇ ਬਚਨ ਸਿਉਂ ਪਰਗਟ ਚਲਾਯੋ ਪੰਥ।
ਸਭ ਸਿਖਨ ਕੋ ਬਚਨ ਹੈ, ਗੁਰੂ ਮਾਨੀਓ ਗ੍ਰੰਥ।
ਗੁਰੂ ਖਾਲਸਾ ਮਾਨੀਐ, ਪਰਗਟ ਗੁਰੂ ਕੀ ਦੇਹਿ।
ਜੋ ਸਿਖ ਮੋ ਮਿਲਬੋ ਚਹਹਿ ਖੋਜ ਇਨਹੁ ਮਹਿ ਲੇਹੁ।
ਉਸ ਵਕਤ ਜੋ ਹੁਕਮਨਾਮਾ ਲਿਆ ਗਿਆ ਉਹ ਇਸ ਪ੍ਰਕਾਰ ਸੀ:
ਮਾਰੂ ਮਹਲਾ 5॥
ਖੁਲਿਆ ਕਰਮੁ ਕ੍ਰਿਪਾ ਭਈ ਠਾਕੁਰ ਕੀਰਤਨੁ ਹਰਿ ਹਰਿ ਗਾਈ॥
ਸ੍ਰਮੁ ਥਾਕਾ ਪਾਏ ਬਿਸ੍ਰਾਮਾ ਮਿਟਿ ਗਈ ਸਗਲੀ ਧਾਈ॥…
ਨਿਰਭਉ ਭਏ ਸਗਲ ਭੈ ਖੋਏ ਗੋਬਿਦ ਚਰਣ ਓਟਾਈ॥
ਨਾਨਕੁ ਜਸੁ ਗਾਵੈ ਠਾਕੁਰ ਕਾ ਰੈਣਿ ਦਿਨਸੁ ਲਿਵ ਲਾਈ॥ (ਪੰਨਾ 1000)
ਇਸ ਗੱਲ ਵਿਚ ਕੋਈ ਸੰਦੇਹ ਨਹੀਂ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ‘ਗ੍ਰੰਥ ਸਾਹਿਬ’ ਨੂੰ ਗੁਰਤਾ ਪ੍ਰਦਾਨ ਕੀਤੀ ਸੀ।
ਲੇਖਕ ਬਾਰੇ
# 66, ਚੰਦਰ ਨਗਰ, ਜਨਕਪੁਰੀ, ਨਵੀਂ ਦਿੱਲੀ-110058
- ਡਾ. ਗੁਰਚਰਨ ਸਿੰਘhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%9a%e0%a8%b0%e0%a8%a8-%e0%a8%b8%e0%a8%bf%e0%a9%b0%e0%a8%98/July 1, 2007
- ਡਾ. ਗੁਰਚਰਨ ਸਿੰਘhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%9a%e0%a8%b0%e0%a8%a8-%e0%a8%b8%e0%a8%bf%e0%a9%b0%e0%a8%98/February 1, 2008
- ਡਾ. ਗੁਰਚਰਨ ਸਿੰਘhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%9a%e0%a8%b0%e0%a8%a8-%e0%a8%b8%e0%a8%bf%e0%a9%b0%e0%a8%98/April 1, 2010