editor@sikharchives.org
ਸ੍ਰੀ ਗੁਰੂ ਗ੍ਰੰਥ ਸਾਹਿਬ

ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਇੱਕੀਵੀਂ ਸਦੀ ਵਿਚ ਮਹੱਤਵ

ਇੱਕੀਵੀਂ ਸਦੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮਹੱਤਵ ਨੂੰ ਵਿਸ਼ਵ ਸਾਹਮਣੇ ਪ੍ਰਗਟ ਕਰ ਕੇ ਇਸ ਨੂੰ ਆਪਣਾ ਗੁਰੂ ਮੰਨਣ ਵਾਲੇ ਸਿੱਖ ‘ਜੈ ਜੈ ਕਾਰੁ ਸਗਲ ਭੂ ਮੰਡਲ ਮੁਖ ਊਜਲ ਦਰਬਾਰ’ ਦੇ ਅਧਿਕਾਰੀ ਬਣ ਸਕਦੇ ਹਨ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਬੀਤੀਆਂ ਦੋ ਸਦੀਆਂ ਦੇ ਵਿਗਿਆਨਕ ਵਿਕਾਸ, ਉਸ ਦੇ ਸਮਵਿੱਥ ਬਦਲਦੇ ਫ਼ਲਸਫ਼ੇ, ਪੂਰਬ ਦੀ ਹੀਣ-ਭਾਵਨਾ, ਪੱਛਮ ਦੀ ਬਸਤੀਵਾਦੀ ਸਰਦਾਰੀ ਅਤੇ ਪਦਾਰਥ ਤਕ ਸੀਮਿਤ ਸੋਚ ਨੇ ਮਨੁੱਖ ਨੂੰ ਬੇਚੈਨੀ, ਨਫ਼ਰਤ, ਖ਼ੂਨ-ਖ਼ਰਾਬਾ, ਖੁਦਗਰਜ਼ੀ ਤੇ ਨਿਰਾਸ਼ਾ ਵਿਰਸੇ ਵਿਚ ਦਿੱਤੀ ਹੈ। ਇਸ ਦੌਰਾਨ ਨਿਤਸ਼ੇ ਨੇ ‘ਰੱਬ ਮਰ ਚੁੱਕਾ ਹੈ’ ਦਾ ਐਲਾਨ ਕੀਤਾ ਹੈ ਤੇ ਮਾਰਕਸ ਨੇ ਰੱਬ ਦੀ ਹੋਂਦ ਉੱਤੇ ਪ੍ਰਸ਼ਨ-ਚਿੰਨ੍ਹ ਲਾ ਕੇ ਮਨੁੱਖ ਦੀ ਸਾਰੀ ਗਤੀਵਿਧੀ ਨੂੰ ਆਰਥਿਕਤਾ ਉੱਤੇ ਕੇਂਦ੍ਰਿਤ ਕੀਤਾ ਹੈ। ਡਾਰਵਿਨ ਦੇ ਵਿਕਾਸਵਾਦ ਨੇ ਰੱਬ ਦੀ ਹੋਂਦ ਨੂੰ ਅਪ੍ਰਸੰਗਿਕ ਬਣਾਇਆ ਹੈ ਤੇ ਫਰਾਇਡ ਨੇ ਮਨੁੱਖੀ ਵਰਤਾਰਾ ਅਵਚੇਤਨ-ਮਨ ਨਾਲ ਜੋੜ ਕੇ ਲਾਲਸਾਵਾਂ ਦੀ ਤ੍ਰਿਪਤੀ ਦੇ ਰਾਹ ਤੋਰਿਆ ਹੈ। ਸਾਰਤਰ ਨੇ ਮਨੁੱਖੀ ਹੋਂਦ ਦੀ ਨਿਰਾਰਥਕਤਾ ਤੇ ਉਸ ਦੇ ਕਰਮਾਂ ਦੀ ਅਰਥਹੀਣਤਾ ਦੀ ਗੱਲ ਕਰ ਕੇ ਨਿਰਾਸ਼ਾ ਦੇ ਹਨੇਰੇ ਸੰਘਣੇ ਕੀਤੇ ਹਨ। ਕਮਾਲ ਇਹ ਹੈ ਕਿ ਵੀਹਵੀਂ ਸਦੀ ਦੇ ਸੰਕਟਾਂ ਦੀ ਸਿਖਰ ਉੱਤੇ ਲਿਓਤਾਰਦ ਨੇ ਤਰਕ-ਆਧਾਰਿਤ ਆਧੁਨਿਕਤਾ ਅਤੇ ਪੂੰਜੀਵਾਦੀ ਸਮਾਜਵਾਦੀ ਮਹਾਂ-ਬਿਰਤਾਂਤਾਂ ਦੇ ਅੰਤ ਦੀ ਗੱਲ ਕਰ ਕੇ ਉੱਤਰ-ਆਧੁਨਿਕਤਾ ਦੀ ਜਿਸ ਉਦਾਰ-ਸੋਚ ਨੂੰ ਮਨੁੱਖ ਦੇ ਰੋਸ਼ਨ ਭਵਿੱਖ ਦੇ ਜ਼ਾਮਨ ਵਜੋਂ ਪੇਸ਼ ਕੀਤਾ ਹੈ ਉਸ ਦਾ ਨਿਰੂਪਣ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ 1604 ਈ. ਵਿਚ ਕਰ ਦਿੱਤਾ ਗਿਆ ਸੀ।

ਬੋਦਰੀਲਾਰਦ ਅਨੁਸਾਰ ਸਾਈਬਰ ਯੁੱਗ ਦੇ ਸੰਚਾਰ-ਸਾਧਨਾਂ ਨੇ ਯਥਾਰਥ ਦੇ ਇਕ ਨਵੇਂ ਰੂਪ ਹਾਈਪਰ-ਰੀਐਲਟੀ ਨੂੰ ਜਨਮ ਦਿੱਤਾ ਹੈ ਜਿਸ ਨੇ ਯਥਾਰਥ ਨਾਲ ਮਨੁੱਖੀ ਰਿਸ਼ਤੇ ਨੂੰ ਬੁਰੀ ਤਰ੍ਹਾਂ ਤੋੜ-ਭੰਨ ਦਿੱਤਾ ਹੈ। ਸੋਵੀਅਤ ਰੂਸ ਦੇ ਵਿਸ਼ਵ-ਦ੍ਰਿਸ਼ ਤੋਂ ਪਾਸੇ ਹੋਣ ਨਾਲ ਅਮਰੀਕੀ ਸਰਦਾਰੀ ਵਾਲੇ ਇਕ-ਧਰੁਵੀ ਵਿਸ਼ਵ ਦਾ ਸੰਤਾਪ ਭੋਗ ਰਹੀ ਦੁਨੀਆਂ ਵਿਚ ਫੂਕੋਯਾਮਾ ਉਦਾਰ-ਪੂੰਜੀਵਾਦ ਦੇ ਨਾਂ ਉੱਤੇ ਇਤਿਹਾਸ ਤੇ ਵਿਚਾਰਧਾਰਾ ਦੇ ਅੰਤ ਦਾ ਮਰਸੀਆ ਪੜ੍ਹ ਰਿਹਾ ਹੈ। ਸ਼ੁੱਧ ਮੁਨਾਫੇ ਉੱਤੇ ਕੇਂਦ੍ਰਿਤ ਸੰਸਾਰੀਕਰਨ ਦੀ ਮਾਰ ਹੇਠ ਹਰ ਕਦਰ-ਕੀਮਤ ਸਿਸਕ ਰਹੀ ਹੈ। ਸਾਰੇ ਪਾਸੇ ਅਵਿਸ਼ਵਾਸ, ਅਨਿਆਂ, ਦਮਨ, ਹਿੰਸਾ ਤੇ ਆਤੰਕਵਾਦ ਦਾ ਬੋਲਬਾਲਾ ਹੈ। ਬਾਰੂਦ ਦੇ ਢੇਰ ਉੱਤੇ ਬੈਠੀ ਦੁਨੀਆਂ ਸੁਖ-ਸੁਵਿਧਾਵਾਂ ਹਾਸਲ ਕਰਨ ਦੀ ਅੰਨ੍ਹੀ ਦੌੜ ਵਿਚ ਪਉਣ, ਪਾਣੀ, ਧਰਤੀ ਤੇ ਪੁਲਾੜ ਤਕ ਪ੍ਰਦੂਸ਼ਿਤ ਕਰ ਚੁੱਕੀ ਹੈ। ਸੱਤਾ ਤੇ ਵਿਚਾਰਧਾਰਾ ਦਾ ਤਾਣਾ-ਬਾਣਾ ਮਨੁੱਖੀ ਤਨ ਮਨ ਹੀ ਨਹੀਂ, ਦੇਹ ਵਿਚ ਵਹਿੰਦੇ ਰਸਾਇਣਾਂ ਉੱਤੇ ਵੀ ਆਪਣੀ ਸੂਖ਼ਮ ਇਬਾਰਤ ਲਿਖ ਕੇ ਉਸ ਨੂੰ ਪੂਰੀ ਤਰ੍ਹਾਂ ਗ਼ੁਲਾਮ ਬਣਾ ਚੁੱਕਾ ਹੈ। ਇਸੇ ਸੰਤਾਪ ਕਰਕੇ ਮਨੁੱਖ ਅੰਦਰ ਆਜ਼ਾਦੀ ਤੇ ਜੀਵਨ- ਸੰਗੀਤ ਦੀ ਨਵੀਂ ਇਬਾਰਤ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਹੀ ਮਿਲ ਸਕਦੀ ਹੈ।

ਵਿਸ਼ਵਾਸ, ਸਹਿਹੋਂਦ, ਸਾਂਝੀਵਾਲਤਾ ਤੇ ਸਵੱਛ ਵਾਤਾਵਰਨ ਵਾਲੇ ਖੁਸ਼ਹਾਲ ਬਹੁ-ਧਰੁਵੀ ਸੰਸਾਰ ਸਿਰਜਣ ਦੇ ਸਮਰੱਥ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਦਾਰਸ਼ਨਿਕ, ਵਿਗਿਆਨਕ ਤੇ ਵਿਚਾਰਧਾਰਕ ਸੰਭਾਵਨਾਵਾਂ ਅਸੀਂ ਅਜੇ ਤਕ ਜਗਤ-ਜਲੰਦੇ ਅੱਗੇ ਨਹੀਂ ਰੱਖ ਸਕੇ। ਇੱਕੀਵੀਂ ਸਦੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮਹੱਤਵ ਨੂੰ ਵਿਸ਼ਵ ਸਾਹਮਣੇ ਪ੍ਰਗਟ ਕਰ ਕੇ ਇਸ ਨੂੰ ਆਪਣਾ ਗੁਰੂ ਮੰਨਣ ਵਾਲੇ ਸਿੱਖ ‘ਜੈ ਜੈ ਕਾਰੁ ਸਗਲ ਭੂ ਮੰਡਲ ਮੁਖ ਊਜਲ ਦਰਬਾਰ’ ਦੇ ਅਧਿਕਾਰੀ ਬਣ ਸਕਦੇ ਹਨ।

ਗੋਰਡਨ ਡਰਾਈਡਨ ਅਨੁਸਾਰ ਚਿੰਤਨਸ਼ੀਲ ਮਨੁੱਖ ਪੈਂਤੀ ਤੋਂ ਪੰਜਾਹ ਹਜ਼ਾਰ ਵਰ੍ਹੇ ਪਹਿਲਾਂ ਹੋਂਦ ਵਿਚ ਆਇਆ। ਸਭਿਆਚਾਰ ਤੇ ਸੰਸਕ੍ਰਿਤੀ ਦਾ ਸਾਰਾ ਵਿਕਾਸ ਇਸੇ ਦੌਰਾਨ ਹੋਇਆ। ਵੀਹਵੀਂ ਸਦੀ ਦੇ ਤਿੰਨੇ ਪ੍ਰਮੁੱਖ ਚਿੰਤਕ ਜੇ.ਐਫ.ਬਰਾਊਨ, ਐਰਨਾਲਡ ਟਾਇਨਬੀ ਤੇ ਆਸਵਲਡ ਸਪੈਂਗਲਰ ਮੰਨਦੇ ਹਨ ਕਿ ਅਜੋਕੇ ਵਿਸ਼ਵ- ਚਿੰਤਨ ਬਾਰੇ ਅਰਥ-ਭਰਪੂਰ ਗੱਲ ਉਦੋਂ ਤੋਂ ਹੀ ਸ਼ੁਰੂ ਕਰਨੀ ਬਣਦੀ ਹੈ ਜਦੋਂ ਮਨੁੱਖੀ ਚਿੰਤਨ ਤਰਕ, ਸੰਵਾਦ ਵਿਸ਼ਲੇਸ਼ਣ ਤੇ ਵਿਗਿਆਨ ਦੀਆਂ ਲਭਤਾਂ ਦਾ ਭਾਰ ਚੁੱਕਣ ਦੇ ਸਮਰੱਥ ਹੋ ਗਿਆ ਸੀ ਨਾ ਕਿ ਵਹਿਮਾਂ-ਭਰਮਾਂ ਜਾਂ ਗ਼ੈਰ-ਵਿਗਿਆਨਕ ਸੋਚ ਦੇ ਹਨੇਰਿਆਂ ਵਿਚ ਭਟਕ ਰਿਹਾ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦੇ ਸਮੇਂ ਤਕ ਇਹ ਸਥਿਤੀ ਪੈਦਾ ਹੋ ਚੁੱਕੀ ਸੀ। ਸਾਰੇ ਵੱਡੇ ਸੰਗਠਿਤ ਧਰਮ ਉਦੋਂ ਤਕ ਹੋਂਦ ਵਿਚ ਆ ਚੁੱਕੇ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੂਰ-ਦਰਾਜ਼ ਤਕ ਯਾਤਰਾ ਕਰ ਕੇ ਆਪਣੇ ਸਮੇਂ ਦੇ ਧਾਰਮਿਕ ਚਿੰਤਕਾਂ ਨਾਲ ਸੰਵਾਦ ਰਚਾਉਂਦੇ ਹੋਏ ਨਵੇਂ ਯੁੱਗ ਦੇ ਧਰਮ-ਗ੍ਰੰਥ ਦੇ ਸੰਕਲਨ ਦਾ ਬੀਜ ਬੀਜਿਆ ਜਿਸ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ (ਗੁਰੂ) ਆਦਿ ਗ੍ਰੰਥ ਸਾਹਿਬ ਵਜੋਂ ਰੂਪਮਾਨ ਕੀਤਾ।

ਮੂਲ ਰੂਪ ਵਿਚ ਭਾਵੇਂ ਇਹ ਸਿੱਖਾਂ ਦਾ ਧਰਮ-ਗ੍ਰੰਥ ਹੈ, ਪਰੰਤੂ ਇਸ ਦਾ ਮਹੱਤਵ ਸਰਬ-ਦੇਸ਼ੀ ਤੇ ਸਰਬ-ਕਾਲੀ ਹੈ। ਇਹ ਸੰਪੂਰਨ ਸਤਿ ਦੇ ਆਪਣੇ ਕੋਲ ਹੋਣ ਜਾਂ ਜੀਵਨ-ਲਕਸ਼ ਦੀ ਪ੍ਰਾਪਤੀ ਦਾ ਇੱਕੋ-ਇਕ ਮਾਰਗ ਹੋਣ ਦਾ ਦਾਅਵਾ ਨਹੀਂ ਕਰਦਾ। ਇਸ ਅਨੁਸਾਰ ਵਿਭਿੰਨ ਮਾਰਗ ਆਪੋ-ਆਪਣੇ ਸਮੇਂ-ਸਥਾਨ ਦੇ ਚੌਖਟੇ ਵਿਚ ਪਰਮ-ਤੱਤ ਦੇ ਵੇਸ਼ ਜਾਂ ਪ੍ਰਗਟ ਰੂਪ ਹਨ। ‘ਨਾਨਕ ਕਰਤੇ ਕੇ ਕੇਤੇ ਵੇਸ।’ ਵਿਭਿੰਨ ਦੇਵੀ-ਦੇਵਤਿਆਂ ਤੇ ਪੈਗ਼ੰਬਰਾਂ ਦੇ ਨਾਂ ਉੱਤੇ ਵੰਡੀ ਮਨੁੱਖਤਾ ਨੂੰ ਇਕ ਅਕਾਲ ਪੁਰਖ ਨਾਲ ਜੋੜ ਕੇ ਇਹ ਸੰਦੇਸ਼ ਦਿੰਦਾ ਹੈ ਕਿ ਇਹ ਸਾਰੇ ਤੇ ਸਾਰਾ ਬ੍ਰਹਿਮੰਡੀ ਪਸਾਰਾ ਉਸੇ ਇਕ ਦੀ ਰਚਨਾ ਹੈ। ਉਹ ਸਮੇਂ ਦਾ ਹੀ ਨਹੀਂ ਸਥਾਨ ਦਾ ਵੀ ਸਿਰਜਕ ਹੈ। ਉਹ ਉਦੋਂ ਤਾਂ ਸੀ ਹੀ ਜਦੋਂ ਕਾਲ (ਜੁੱਗ) ਅਰੰਭ ਹੋਏ, ਉਹ ਉਦੋਂ ਵੀ ਸੀ ਜਦੋਂ ਜੁੱਗ ਅਰੰਭ ਨਹੀਂ ਸਨ ਹੋਏ। ‘ਆਦਿ ਸਚੁ ਜੁਗਾਦਿ ਸਚੁ’ ਅਤੇ ‘ਕੀਆ ਦਿਨਸੁ ਸਭ ਰਾਤੀ’ ਦੇ ਇਸ ਨਿਖੇੜੇ ਨਾਲ ਪਰਮ-ਹਸਤੀ ਅਤੇ ਉਸ ਦਾ ਸਰੂਪ ਮਨੁੱਖ, ਇਤਿਹਾਸ ਦੇ ਸਕ੍ਰਿਅ ਭਾਗੀਦਾਰ ਬਣੇ ਹਨ। ਇਸ ਅਨੁਸਾਰ ਕਰਤਾ ਸਤਿ ਹੈ ਤੇ ਉਸ ਦੀ ਰਚਨਾ ਵੀ ਸਤਿ। ‘ਮੂਲ ਸਤਿ ਸਤਿ ਉਤਪਤਿ’ ਅਤੇ ‘ਆਪਿ ਸਤਿ ਕੀਆ ਸਭੁ ਸਤਿ’। ਇਹ ਸੰਸਾਰ ਨੂੰ ਅਸਥਿਰ ਤਾਂ ਮੰਨਦਾ ਹੈ ਪਰੰਤੂ ਅਸਤਿ ਮੰਨ ਕੇ ਇਸ ਨੂੰ ਤਿਆਗਣ ਦੇ ਰਾਹ ਨਹੀਂ ਤੋਰਦਾ। ਮਨੁੱਖ ਇਸ ਧਰਤੀ ਉੱਤੇ ਕਿਸੇ ਗੁਨਾਹ ਦੀ ਸਜ਼ਾ ਵਜੋਂ ਨਹੀਂ ਆਇਆ ਸਗੋਂ ਮਨੁੱਖੀ ਜੀਵਨ ਧਰਮ ਕਮਾਵਣ ਤੇ ਪ੍ਰਭੂ-ਮਿਲਣ ਦਾ ਅਵਸਰ ਹੈ। ‘ਗੋਬਿੰਦ ਮਿਲਣ ਕੀ’ ‘ਬਰੀਆ’ ਹੈ।

ਮਨੁੱਖੀ ਮੁਕਤੀ ਕਰਮਸ਼ੀਲ ਜੀਵਨ ਜੀਉਂਦੇ ਹੋਏ ਆਤਮ-ਚੀਨਣ ਤੇ ਗੁਣ ਗ੍ਰਹਿਣ ਕਰ ਕੇ ਉਸ ਅਕਾਲ ਪੁਰਖ ਜਿਹੇ ਸਚਿਆਰ ਬਣਨ ਨਾਲ ਸੰਭਵ ਹੈ। ‘ਜਿਨੀ ਆਤਮੁ ਚੀਨਿਆ ਪਰਮਾਤਮੁ ਸੋਈ’ ਤੇ ‘ਵਿਣੁ ਗੁਣ ਕੀਤੇ ਭਗਤਿ ਨ ਹੋਇ’ ਜਿਹੇ ਮਹਾਂਵਾਕ ਇਸੇ ਦੇ ਲਖਾਇਕ ਹਨ। ਆਪਾ-ਚੀਨਣ ਨਾਲ ਮਨੁੱਖ ਆਪਣੇ ਅਸਲੇ ਨੂੰ ਪਛਾਣ ਕੇ ਅਕਾਲ ਪੁਰਖ ਵਾਂਗ ਨਿਰਭਉ-ਨਿਰਵੈਰ ਹੋ ਕੇ ਹੱਕ-ਸੱਚ ਲਈ ਜੂਝ ਮਰਨ ਦੇ ਰਾਹ ਪੈ ਸਕਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਅਨੁਸਾਰ ਮਨੁੱਖ ਇਕ ਪਾਸੇ ਪਰਮਾਤਮਾ ਦਾ ਅੰਸ਼ ਹੈ ਤੇ ਦੂਜੇ ਪਾਸੇ ਸਮਾਜ ਦਾ ਹਿੱਸਾ। ਇਹ ਦੋਹਾਂ ਪਹਿਲੂਆਂ ਦੇ ਸੰਤੁਲਨ ਵਾਲਾ ਜਲ ਵਿਚ ਕਮਲ ਵਾਂਗ ਨਿਰਲੇਪ ਜੀਵਨ ਜੀਣ ਅਤੇ ‘ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ’ ਦਾ ਸੰਦੇਸ਼ ਦਿੰਦਾ ਹੈ।

ਇਹ ਧੌਲੇ ਬਲਦ ਉੱਤੇ ਧਰਤੀ ਟਿਕੇ ਹੋਣ ਜਾਂ ਬ੍ਰਹਿਮੰਡ ਦੀ ਕਿਸੇ ਨਿਸ਼ਚਿਤ ਸਮੇਂ, ਨਿਸ਼ਚਿਤ ਅਵਧੀ ਵਿਚ ਸਿਰਜਨਾ ਦੀ ਅਵਿਗਿਆਨਕ ਧਾਰਨਾ ਨਹੀਂ ਪੇਸ਼ ਕਰਦਾ ਸਗੋਂ ‘ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ’ ਕਹਿ ਕੇ ਇਸ ਵਿਵਾਦ ਨੂੰ ਖ਼ਤਮ ਕਰ ਕੇ ਇਸ ਪਸਾਰੇ ਦੀ ਅਨੇਕਾਂ ਵਾਰ ਸਿਰਜਣਾ ਤੇ ਨਾਸ਼ ਦੀ ਗੱਲ ਕਰਦਾ ਹੈ। ‘ਕਈ ਬਾਰ ਪਸਰਿਓ ਪਾਸਾਰ’ ਤੇ ‘ਖੇਲੁ ਸੰਕੋਚੈ ਤਉ ਨਾਨਕ ਏਕੈ’ ਜਿਹੇ ਮਹਾਂਵਾਕ ਇਹੀ ਦੱਸਦੇ ਹਨ। ਕਰਤੇ ਦੇ ਪਸਾਰੇ ਦਾ ਅੰਤ ਪਾਉਣ ਦਾ ਦਾਅਵਾ ਮੂਰਖਤਾ ਤੋਂ ਵੱਧ ਕੁਝ ਨਹੀਂ। ‘ਏਹੁ ਅੰਤੁ ਨ ਜਾਣੈ ਕੋਇ। ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ, ਅਗੰਮ ਅਗੰਮ ਅਸੰਖ ਲੋਅ, ਪਾਤਾਲਾ ਪਾਤਾਲ ਲਖ ਆਗਾਸਾ ਆਗਾਸ, ਧਰਤੀ ਹੋਰੁ ਪਰੈ ਹੋਰੁ ਹੋਰੁ’ ਜਿਹੇ ਸੰਕੇਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਗਿਆਨਕ ਦ੍ਰਿਸ਼ਟੀ ਨੂੰ ਕਾਪਰਨੀਕਸ ਤੇ ਗਲੈਲੀਓ ਤੋਂ ਅਗਾਂਹ ਸਟੀਫਨ ਹਾਕਿੰਗ ਦੀਆਂ ਨਵੀਨਤਮ ਲੱਭਤਾਂ ਦੇ ਅਨੁਰੂਪ ਸਿੱਧ ਕਰਦੇ ਹਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਜਾਤ ਧਰਮ ਨੂੰ ਨਜ਼ਰ ਅੰਦਾਜ਼ ਕਰ ਕੇ 36 ਬਾਣੀਕਾਰਾਂ ਦੀ ਰਚਨਾ ਸੰਕਲਿਤ ਕੀਤੀ ਗਈ ਹੈ। ਹਰ ਕੋਈ ਪਰਮ-ਸਤਿ ਨੂੰ ਆਪਣੇ ਹੀ ਚਿਹਨਕ ਨਾਲ ਯਾਦ ਕਰਦਾ ਹੈ। ‘ਬਲਿਹਾਰੀ ਜਾਉ ਜੇਤੇ ਤੇਰੇ ਨਾਵ ਹੈ’ ਕਹਿ ਕੇ ਇਹ ਸਭ ਨੂੰ ਇੱਕੋ ਜਿੰਨਾ ਸਤਿਕਾਰ ਦਿੰਦਾ ਹੈ। ਕਿਸੇ ਨੂੰ ਧਰਮ ਪਰਿਵਰਤਨ ਲਈ ਮਜਬੂਰ ਨਹੀਂ ਕਰਦਾ। ਹਰ ਇਕ ਨੂੰ ਆਪਣੇ ਧਰਮ ਦਾ ਸਾਰ ਪਛਾਣਨ ਲਈ ਆਖਦਾ ਹੈ ਅਤੇ ਕਰਮਕਾਂਡ ਨੂੰ ਨਕਾਰਦਾ ਹੈ। ਚੰਗੇ ਹਿੰਦੂ ਬਣੋ ਤੇ ਭਾਵੇਂ ਚੰਗੇ ਮੁਸਲਮਾਨ ਜਾਂ ਕੁਝ ਹੋਰ, ਗੱਲ ਤਾਂ ਪਰਾਇਆ ਹੱਕ ਮਾਰਨ ਦੀ ਥਾਂ, ਹੱਕ-ਹਲਾਲ ਦੀ ਕਮਾਈ ਕਰ ਕੇ ਉਸ ਨੂੰ ਵੰਡ ਕੇ ਖਾਂਦੇ ਹੋਏ ਕਰਤੇ ਦੀ ਸਾਜੀ ਸ੍ਰਿਸ਼ਟੀ ਦੇ ਹਰ ਜੀਅ ਵਿਚ ਕਰਤੇ ਨੂੰ ਸਵੀਕਾਰਨ ਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੂਜੇ ਦੀ ਗੱਲ ਸੁਣਦੇ ਹੋਏ ਸੰਵਾਦ ਉੱਤੇ ਬਲ ਦਿੰਦਾ ਹੈ। ‘ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ’, ‘ਘਾਲਿ ਖਾਇ ਕਿਛੁ ਹਥਹੁ ਦੇਇ॥’, ‘ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ’ ਤੇ ‘ਸਭ ਮਹਿ ਜੋਤਿ ਜੋਤਿ ਹੈ ਸੋਇ’ ਜਿਹੇ ਮਹਾਂਵਾਕ ਉਕਤ ਸਿਧਾਂਤਾਂ ਉੱਤੇ ਬਲ ਦਿੰਦੇ ਹੋਏ ਅੱਜ ਦੇ ਯੁੱਗ ਵਿਚ ਸੰਵਾਦ ਸਿਰਜਦੇ ਹੋਏ ਦੂਜੇ ਦੀ ਹੋਂਦ ਸਵੀਕਾਰਨੀ ਸਿਖਾਉਂਦੇ ਹਨ। ਕਿਰਤ ਕਰ ਕੇ ਉਸ ਦਾ ਫਲ ਵੰਡ ਕੇ ਖਾਣ ਦਾ, ਇਸ ਦਾ ਪ੍ਰਬੰਧ ਸਵੈ-ਇੱਛਤ ਰੂਹਾਨੀ ਆਧਾਰਾਂ ਉੱਤੇ ਖੜ੍ਹਾ ਹੈ।

ਦੂਸਰੇ ਨੂੰ ਆਪਣੀ ਚਿੰਤਨ-ਵਿਧੀ ਤੇ ਜੀਵਨ-ਵਿਹਾਰ ਚੁਣਨ ਦੀ ਖੁੱਲ੍ਹ ਇਹ ਗ੍ਰੰਥ ਅਤੇ ਇਸ ਦੇ ਸਿਰਜਕ ਸਿਧਾਂਤ ਤੇ ਵਿਵਹਾਰ ਦੋਵੇਂ ਪੱਧਰਾਂ ਉੱਤੇ ਸਵੀਕਾਰਦੇ ਹਨ। ਇਹ ਜਨੇਊ ਦੇ ਕਰਮਕਾਂਡ ਨੂੰ ਨਿਰਾਰਥਕ ਮੰਨਦਾ ਹੈ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਨੂੰ ਪਹਿਨਣ ਤੋਂ ਇਨਕਾਰ ਕਰਦੇ ਹਨ। ਇਸ ਦੇ ਬਾਵਜੂਦ ਦੂਜੇ ਦੇ ਇਸ ਨੂੰ ਪਹਿਨਣ ਦੀ ਆਜ਼ਾਦੀ ਲਈ ‘ਤਿਲਕ ਜੰਞੂ ਰਾਖਾ ਪ੍ਰਭ ਤਾ ਕਾ’ ਅਨੁਸਾਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੀ ਜਾਨ ਵਾਰ ਦਿੰਦੇ ਹਨ। ਵਿਅਕਤੀਗਤ ਆਜ਼ਾਦੀ ਤੇ ਦੂਜੇ ਦੀ ਹੋਂਦ ਦੀ ਸਵੀਕ੍ਰਿਤੀ ਦੇ ਅਜਿਹੇ ਸੁੱਚੇ ਪ੍ਰਤਿਮਾਨਾਂ ਕਾਰਨ ਇਹ ਇੱਕੀਵੀਂ ਸਦੀ ਦਾ ਸਰਬ-ਸਾਂਝਾ ਧਰਮ-ਗ੍ਰੰਥ ਬਣਨ ਦੀ ਸੰਭਾਵਨਾ ਰੱਖਦਾ ਹੈ। ਇਹ ਸਰਬੱਤ ਦਾ ਭਲਾ ਮੰਗਦੇ ਹੋਏ ਕਿਸੇ ਵੀ ਤਰੀਕੇ ਨਾਲ ਜਗਤ-ਜਲੰਦੇ ਦੇ ਕਸ਼ਟਾਂ ਦੇ ਨਿਵਾਰਨ ਲਈ ਦੁਆ ਕਰਦਾ ਹੈ:

ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ॥
ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ॥ (ਪੰਨਾ 853)

ਇਸ ਦਾ ਉਦੇਸ਼ ਅਜਿਹੀ ਵਿਵਸਥਾ ਹੈ ਜਿੱਥੇ, ‘ਪੈ ਕੋਇ ਨ ਕਿਸੈ ਰਞਾਣਦਾ। ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ’ ਹੋਵੇ। ‘ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ’ ਦੀ ਸਥਿਤੀ ਹੋਵੇ।

ਸ੍ਰੀ ਗੁਰੂ ਗ੍ਰੰਥ ਸਾਹਿਬ ਅਨੁਸਾਰ ਭਿੰਨਤਾ ਉਸ ਅਕਾਲ ਪੁਰਖ ਦਾ ਸਰਗੁਣ ਰੂਪ ਹੈ। ‘ਨਾਨਾ ਰੂਪ ਨਾਨਾ ਜਾ ਕੇ ਰੰਗ। ‘ਪਸਰਿਓ ਆਪਿ ਹੋਇ ਅਨਤ ਤਰੰਗ’। ਭਿੰਨਤਾ ਕੁਦਰਤੀ ਵਰਤਾਰਾ ਹੈ ਤੇ ਇਕਸਾਰਤਾ ਗ਼ੈਰ-ਕੁਦਰਤੀ। ਸਰਮਾਏਦਾਰੀ ਪ੍ਰਬੰਧ ਆਪਣੇ ਸੁਆਰਥ ਤੇ ਲੁੱਟ ਨੂੰ ਸੁਰੱਖਿਅਤ ਕਰਨ ਲਈ ਵਿਭਿੰਨ ਇਕਾਈਆਂ ਦੀ ਸੁਤੰਤਰਤਾ ਖੋਰ ਕੇ ਨੈਤਿਕਤਾ-ਵਿਹੂਣਾ ਸੰਸਾਰੀਕਰਨ ਥੋਪਣਾ ਚਾਹੁੰਦਾ ਹੈ ਜਿਸ ਵਿਚ ਸਹਿਹੋਂਦ ਜਾਂ ਭਿੰਨਤਾ ਲਈ ਥਾਂ ਨਹੀਂ। ਇਹ ਸੰਜਮ ਵਿਹੂਣੇ ਖਪਤ ਸਭਿਆਚਾਰ ਦਾ ਪਸਾਰਾ ਹੈ। ਸਮਾਜਵਾਦੀ ਮਾਡਲ ਵਿਚ ਵੀ ਦੂਜੇ ਲਈ ਸਪੇਸ ਨਹੀਂ। ਇਸ ਸਪੇਸ ਦੀ ਵਿਵਸਥਾ ਕਰ ਕੇ ਸੰਜਮੀ ਜੀਵਨ-ਜਾਚ ਨਾਲ ਗ਼ੈਰਮਨੁੱਖੀ ਸੰਸਾਰੀਕਰਨ ਨੂੰ ਨੈਤਿਕ ਸੰਤੁਲਨ ਦੇਣ ਵਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਅੱਜ ਮਨੁੱਖ ਦਾ ਮੁਕਤੀ- ਦਾਤਾ ਬਣ ਸਕਦਾ ਹੈ। ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’ ਦਾ ਇਸ ਦਾ ਸੰਦੇਸ਼ ਹੀ ਅੰਨ੍ਹੇ ਖਪਤ ਸਭਿਆਚਾਰ ਤੇ ਦਿਸ਼ਾ-ਵਿਹੂਣੀ ਜੀਵਨ-ਸ਼ੈਲੀ ਨੂੰ ਪ੍ਰਦੂਸ਼ਣ ਦੇ ਦੈਂਤ ਤੋਂ ਬਚਾ ਕੇ ਧਰਤ-ਸੁਹਾਵੀ ਨੂੰ ਬਰਬਾਦੀ ਤੋਂ ਬਚਾ ਸਕਦਾ ਹੈ। ਇਸ ਦਾ ਕਾਵਿਕ ਤੇ ਸੰਗੀਤਕ ਪ੍ਰਵਚਨ ਵਹਿੰਦਾ ਦਰਿਆ ਹੈ ਜੋ ਅਧਿਆਤਮਵਾਦ ਦੀਆਂ ਸਿਖਰਾਂ ਤੋਂ ਨਿਕਲਿਆ ਹੈ। ਇਸ ਦਰਿਆ ਦੇ ਜੀਵਨ-ਦਾਤੇ ਜਲ ਨੂੰ ਵਿਸ਼ਾਲ ਬ੍ਰਹਿਮੰਡ ਦੇ ਹਰ ਜੀਵ ਤਕ ਪਹੁੰਚਾਉਣਾ ਸਾਡਾ ਫਰਜ਼ ਹੈ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Kuldeep Singh Dhir
ਸਾਬਕਾ ਪ੍ਰੋਫੈਸਰ ਤੇ ਡੀਨ ਅਕਾਦਮਿਕ ਮਾਮਲੇ -ਵਿਖੇ: ਪੰਜਾਬੀ ਯੂਨੀਵਰਸਿਟੀ, ਪਟਿਆਲਾ

ਕੁਲਦੀਪ ਸਿੰਘ ਧੀਰ (15 ਨਵੰਬਰ 1943 - 16 ਨਵੰਬਰ 2020) ਇੱਕ ਪੰਜਾਬੀ ਵਿਦਵਾਨ ਅਤੇ ਵਾਰਤਕ ਲੇਖਕ ਸੀ। ਡਾ. ਕੁਲਦੀਪ ਸਿੰਘ ਧੀਰ ਨੇ ਸਾਹਿਤ ਜਗਤ, ਸਿੱਖ ਧਰਮ ਅਤੇ ਗਿਆਨ ਵਿਗਿਆਨ ਵਿਚ ਵਡਮੁੱਲਾ ਯੋਗਦਾਨ ਪਾਇਆ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਡੀਨ ਅਕਾਦਮਿਕ ਤੇ ਪੰਜਾਬੀ ਵਿਭਾਗ ਮੁਖੀ ਰਹੇ ਡਾ. ਕੁਲਦੀਪ ਸਿੰਘ ਧੀਰ ਨੇ ਲੇਖਕਾਂ ਦਾ ਰੇਖਾ ਚਿੱਤਰ ਲਿਖਣ ਦੇ ਨਾਲ ਹੋਰ ਕਈ ਕਿਤਾਬਾਂ ਸਾਹਿਤ ਜਗਤ ਦੀ ਝੋਲੀ ਪਾਈਆਂ।
ਕਿਤਾਬਾਂ-
ਸਾਹਿਤ ਅਧਿਐਨ: ਪਾਠਕ ਦੀ ਅਨੁਕ੍ਰਿਆ, ਵੈਲਵਿਸ਼ ਪਬਲਿਸ਼ਰਜ਼,. ਦਿੱਲੀ, 1996.
ਨਵੀਆਂ ਧਰਤੀਆਂ ਨਵੇਂ ਆਕਾਸ਼ (1996)
ਵਿਗਿਆਨ ਦੇ ਅੰਗ ਸੰਗ (2013)[2]
ਸਿੱਖ ਰਾਜ ਦੇ ਵੀਰ ਨਾਇਕ
ਦਰਿਆਵਾਂ ਦੀ ਦੋਸਤੀ
ਵਿਗਿਆਨ ਦੀ ਦੁਨੀਆਂ
ਗੁਰਬਾਣੀ
ਜੋਤ ਅਤੇ ਜੁਗਤ
ਗਿਆਨ ਸਰੋਵਰ
ਕੰਪਿਊਟਰ
ਕਹਾਣੀ ਐਟਮ ਬੰਬ ਦੀ
ਜਹਾਜ਼ ਰਾਕਟ ਅਤੇ ਉਪਗ੍ਰਹਿ
ਤਾਰਿਆ ਵੇ ਤੇਰੀ ਲੋਅ
ਧਰਤ ਅੰਬਰ ਦੀਆਂ ਬਾਤਾਂ[3]
ਬਿੱਗ ਬੈਂਗ ਤੋਂ ਬਿੱਗ ਕਰੰਚ (੨੦੧੨)
ਹਿਗਸ ਬੋਸਨ ਉਰਫ ਗਾਡ ਪਾਰਟੀਕਲ (੨੦੧੩)

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)