editor@sikharchives.org
Guru Granth Sahib Ji

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ-ਭਗਤ ਰਵਿਦਾਸ ਬਾਣੀ ਦਾ ਪ੍ਰਸੰਗ

ਭਗਤ ਰਵਿਦਾਸ ਜੀ ਉਨ੍ਹਾਂ 15 ਭਗਤ ਸਾਹਿਬਾਨ ਵਿੱਚੋਂ ਇਕ ਹਨ, ਜਿਨ੍ਹਾਂ ਦੀ ਰਚੀ ਅਲਾਹੀ ਬਾਣੀ ਦੇ ਮਿੱਠੜੇ ਬੋਲਾਂ ਵਿੱਚੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ 40 ਸ਼ਬਦਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਿਲ ਕੀਤਾ ਹੈ।
ਬੁੱਕਮਾਰਕ ਕਰੋ (1)

No account yet? Register

ਪੜਨ ਦਾ ਸਮਾਂ: 1 ਮਿੰਟ

ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 1604 ਈ. ਵਿਚ ਸੰਪਾਦਨਾ-ਕਾਰਜ ਸੰਪੰਨ ਕਰਨ ਸਮੇਂ ਸਾਰੇ ਬਾਣੀਕਾਰਾਂ ਨੂੰ ਇਕ ਸਮਾਨ ਸਤਿਕਾਰ ਪ੍ਰਦਾਨ ਕੀਤਾ। ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ 1708 ਈ. ਨੂੰ ਇਨ੍ਹਾਂ ਸਾਰੇ ਬਾਣੀਕਾਰਾਂ ਦੀ ਸਮੁੱਚੀ ਬਾਣੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ ਨੂੰ ਸ਼ਬਦ-ਗੁਰੂ ਦੇ ਰੂਪ ਵਿਚ ਗੁਰੂ-ਜੋਤਿ ਵਜੋਂ ਸਥਾਪਿਤ ਕਰਦਿਆਂ ਗੁਰਿਆਈ ਦੇ ਕੇ ਹਰ ਪ੍ਰਕਾਰ ਦੇ ਦਵੰਧ ਨੂੰ ਸਮਾਪਤ ਹੀ ਕਰ ਦਿੱਤਾ।

ਭਗਤ ਰਵਿਦਾਸ ਜੀ ਉਨ੍ਹਾਂ 15 ਭਗਤ ਸਾਹਿਬਾਨ ਵਿੱਚੋਂ ਇਕ ਹਨ, ਜਿਨ੍ਹਾਂ ਦੀ ਰਚੀ ਅਲਾਹੀ ਬਾਣੀ ਦੇ ਮਿੱਠੜੇ ਬੋਲਾਂ ਵਿੱਚੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ 40 ਸ਼ਬਦਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਿਲ ਕੀਤਾ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਕਲਨ ਅਤੇ ਸੰਪਾਦਨਾ ਕਾਰਜ ਸਮੇਂ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਭਗਤ ਰਵਿਦਾਸ ਜੀ ਸਮੇਤ (ਸਿੱਖ ਗੁਰੂ ਸਾਹਿਬਾਨ ਤੋਂ ਇਲਾਵਾ) ਹੋਰ ਸੰਤ-ਮਹਾਂਪੁਰਸ਼ਾਂ ਦੀ ਬਾਣੀ ਸ਼ਾਮਿਲ ਕਰਨ ਦਾ ਸਪੱਸ਼ਟ ਕਾਰਨ ਇਹੋ ਹੈ ਕਿ ਉਹ ਸਮਕਾਲੀ ਸਮਾਜ ਵਿਚ ਧਰਮ, ਵਰਨ, ਸ੍ਰੇਣੀ ਅਤੇ ਭੂ-ਖੰਡ ਦੇ ਆਧਾਰ ’ਤੇ ਪਰਸਪਰ ਵਿਰੋਧੀ ਰੁਚੀਆਂ, ਨਫ਼ਰਤ ਅਤੇ ਫਲਹੀਨ ਰਸਮੀ ਪੂਜਾ ਵਿਧੀਆਂ ਤੇ ਕਰਮਕਾਡਾਂ ਦੇ ਕਾਰਨ, ਹਉਮੈ-ਗ੍ਰਸਤ ਸ਼ਕਤੀਆਂ ਨੂੰ ਵੰਗਾਰਨ ਵਾਲੇ ਤੇ ਸੱਚੇ-ਸੁਚੇ ਮਾਰਗ ਦੇ ਪਾਂਧੀ ਬਣ ਤੇ ਬਣਾਉਣ ਵਾਲੇ ਧਰਮੋ-ਸਮਾਜਿਕ ਆਗੂਆਂ ਨੂੰ ਹਰ ਪੱਧਰ ਤੇ ਹਰੇਕ ਪੱਖੋਂ ਇਕਮੁੱਠ ਕਰਨਾ ਚਾਹੁੰਦੇ ਸਨ ਤਾਂ ਜੋ ਹਉਮੈ-ਮੁਕਤ ਸਮਾਜ ਦੀ ਸਿਰਜਨਾ ਕੀਤੀ ਜਾ ਸਕੇ। ਗੌਰ ਤਲਬ ਹੈ ਕਿ ਇਨ੍ਹਾਂ ਸੰਤ-ਪੁਰਸ਼ਾਂ ਦੇ ਪੈਰੋਕਾਰ ਵੀ ਆਪੋ-ਆਪਣੇ ਫ਼ਿਰਕੇ ਨਾਲ ਇਨ੍ਹਾਂ ਸੰਤ-ਪੁਰਸ਼ਾਂ ਦੀ ਉਸੇ ਰਚਨਾ ਨੂੰ ਵਧੇਰੇ ਪਾਵਨ ਤੇ ਪ੍ਰਮਾਣਿਕ ਸਵੀਕਾਰ ਕਰਦੇ ਹਨ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕੀਤੀ ਹੋਈ ਹੈ। ਇਨ੍ਹਾਂ ਬਾਣੀਕਾਰਾਂ ਦਾ ਤਾਂ ਮੁਖ ਉਦੇਸ਼ ਹੀ ਜਨ-ਕਲਿਆਣ ਹੈ। ਮਨੁੱਖ ਨੂੰ ਆਪਣਾ ਜੀਵਨ, ਉਚੇਰਾ, ਸੁਚੇਰਾ ਅਤੇ ਸੋਧੇਰਾ ਬਣਾਉਣ ਲਈ ਰੂਹਾਨੀਅਤ ਦੇ ਮਾਰਗ ਦੀ ਪਉੜੀ ਦੇ ਡੰਡਿਆਂ ’ਤੇ ਚੜ੍ਹ ਕੇ ਆਪਣੇ ਜੀਵਨ ਨੂੰ ਸਫ਼ਲ ਕਰੇ। ਸ੍ਰੀ ਗੁਰੂ ਅਮਰਦਾਸ ਜੀ ਇਸੇ ਲਈ ਸਪੱਸ਼ਟ ਤੌਰ ’ਤੇ ਆਖਦੇ ਹਨ ਕਿ:

ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ॥
ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ॥ (ਪੰਨਾ 853)

ਜਿਥੋਂ ਤਕ ਭਗਤ ਰਵਿਦਾਸ ਜੀ ਦੇ ਜੀਵਨ-ਦਰਸ਼ਨ ਦਾ ਸੰਬੰਧ ਹੈ, ਉਸ ਨੂੰ ਪੜ੍ਹ ਕੇ/ਸੁਣ ਕੇ ਮਾਨਵ-ਸੋਚ ਦੰਗ ਰਹਿ ਜਾਂਦੀ ਹੈ। ਇਹ ਜਾਣ ਕੇ ਹੈਰਾਨੀ ਹੁੰਦੀ ਹੈ ਕਿ ਆਪ ਜੀ ਦੇ ਸਮਕਾਲੀ ਸਮਾਜ ਵਿਚ ਸ਼ਾਸਕ, ਵਿਦੇਸ਼ੀ ਮੂਲ ਦੇ ਅਜਿਹੇ ਸਨ ਜਿਨ੍ਹਾਂ ਦੀਆਂ ਰੁਚੀਆਂ ਜ਼ਾਲਮਾਨਾ ਅਤੇ ਠਾਕੁਰਾਂ ਦਾ ਸੁਭਾਉ ਨਿਰਦਈ ਅਤੇ ਮਾਲਕਾਨਾ ਸੀ। ਪੰਡਤਾਂ ਤੇ ਮੁਲਾਂ-ਮੁਲਾਣਿਆਂ ਦਾ ਪੁਜਾਰੀ ਵਰਗ, ਕਰਮਕਾਡਾਂ ਵਿਚ ਬੱਝ ਕੇ ਹੰਕਾਰ ਨਾਲ ਨੱਕੋ-ਨੱਕ ਭਰਿਆ ਪਿਆ ਸੀ। ਇਹ ਅਜਿਹੇ ਵਰਗ ਸਨ ਜਿਨ੍ਹਾਂ ਦੀ ਹੁਕਮ-ਅਦੂਲੀ ਕਰਨ ਵਾਲੇ ਦਾ ਸਿਰ ਕਲਮ ਕਰ ਦਿੱਤਾ ਜਾਂਦਾ ਸੀ। ਨਿਰਸੰਦੇਹ ਇਹ ਸ਼ਾਸਕ ਤੇ ਪੁਜਾਰੀ ਵਰਗ, ਗਿਣਤੀ ਪੱਖੋਂ ਤਾਂ ਬਹੁਤ ਘੱਟ ਸਨ ਅਤੇ ਜਨ-ਸਾਧਾਰਨ ਦੀ ਗਿਣਤੀ ਸੈਂਕੜੇ ਗੁਣਾਂ ਵੱਧ ਸੀ। ਪਰ ਜਿਥੇ ਸ਼ਾਸਕ ਵਰਗ ਸ਼ਸਤਰਧਾਰੀ, ਧਨਵਾਨ ਤੇ ਬਲਵਾਨ ਸੀ, ਓਥੇ ਜਨ-ਸਾਧਾਰਨ ਆਪਣੀ ਸ਼ਕਤੀ ਤੋਂ ਅਨਜਾਣ ਸੀ। ਇਸ ਦੇ ਬਾਵਜੂਦ ਭਗਤ ਰਵਿਦਾਸ ਜੀ ਜੋ 1376 ਈ. ਨੂੰ ਬਨਾਰਸ ਵਿਚ ਅਖੌਤੀ ਸੂਦਰ ਵਰਗ ਦੇ ਅਜਿਹੇ ਗਰੀਬ ਪਰਵਾਰ ਵਿਚ ਪੈਦਾ ਹੋਏ ਜੋ ਮਰੇ ਹੋਏ ਪਸ਼ੂਆਂ ਨੂੰ ਢੋਣ ਦਾ ਕਿੱਤਾ ਕਰਦਾ ਸੀ ਨੇ ਨਾ ਤਾਂ ਸਮੇਂ ਦੇ ਹਾਕਮਾਂ ਦਾ ਡਰ ਹੀ ਮੰਨਿਆ ਅਤੇ ਨਾ ਹੀ ਪੁਜਾਰੀ ਵਰਗ ਦੇ ਫ਼ਤਵਿਆਂ ਦੀ ਪਰਵਾਹ ਹੀ ਕੀਤੀ। ਉਨ੍ਹਾਂ ਦੇ ਜੀਵਨ- ਦਰਸ਼ਨ ਦੇ ਇਸ ਪੈਂਤੜੇ ਨੂੰ ਜਾਣ ਕੇ ਹੈਰਾਨੀ ਹੁੰਦੀ ਹੈ ਕਿ ਭਗਤ ਰਵਿਦਾਸ ਜੀ ਕੋਲ ਨਾ ਤਾਂ ਹਾਥੀ ਘੋੜੇ ਹਨ, ਨਾ ਹੀ ਰਵਾਇਤੀ ਮਾਰੂ ਹਥਿਆਰ ਅਤੇ ਨਾ ਹੀ ਗੁਰੀਲਾ ਜੰਗ ਲੜਨ ਵਾਲੀ ਸਿਖਿਅਤ ਫੌਜ ਪਰ ਜਿਸ ਦਲੇਰੀ ਨਾਲ ਉਹ ਸਮਕਾਲੀ ਸ਼ਾਸਕਾਂ ਦੇ ਜ਼ੁਲਮ ਅਤੇ ਪੁਜਾਰੀ ਵਰਗ ਦੇ ਗੁੰਮਰਾਹਕੁਨ ਫੋਕੇ ਕਰਮਕਾਂਡਾਂ ਨੂੰ ਨਕਾਰਦੇ ਹਨ ਉਹ ਢੰਗ ਕਮਾਲ ਦਾ ਹੈ। ਉਨ੍ਹਾਂ ਨੂੰ ਇਸ ਗੱਲ ਦਾ ਭਲੀ-ਭਾਂਤ ਅਹਿਸਾਸ ਹੈ ਕਿ ਉਹ ਖੁਦ ਅਤੇ ਉਨ੍ਹਾਂ ਦਾ ਭਾਈਚਾਰਾ ਅਤਿ ਗਰੀਬ ਹੈ, ਜਿਸ ’ਤੇ ਹਰ ਕੋਈ ਹਾਸਾ ਠੱਠਾ ਕਰਦਾ ਹੈ:

ਦਾਰਿਦੁ ਦੇਖਿ ਸਭ ਕੋ ਹਸੈ ਐਸੀ ਦਸਾ ਹਮਾਰੀ॥ (ਪੰਨਾ 858)

ਪਰ ‘ਮੋਹਿ ਆਧਾਰ ਨਾਮ ਨਰਾਇਣ’ ਕਾਰਨ ਉਨ੍ਹਾਂ ਦੀ ਅੰਤਰ-ਆਤਮਾ ਅੰਤਾਂ ਦੀ ਅਮੀਰ ਹੈ ਅਤੇ ਉਨ੍ਹਾਂ ਦੀ ਸੋਚ ਏਨੀ ਸ਼ਕਤੀਸ਼ਾਲੀ ਹੈ ਕਿ ਉਨ੍ਹਾਂ ਦਾ ਭਾਈਚਾਰਾ ਵੀ ਆਪਣੀ ਆਤਮਿਕ ਸ਼ਕਤੀ ਤੋਂ ਸੁਚੇਤ ਹੋ ਕੇ ਉਨ੍ਹਾਂ ਨਾਲ ਖੜ੍ਹਾ ਹੋ ਜਾਂਦਾ ਹੈ। ਵਿਸ਼ੇਸ਼ਤਾ ਇਹ ਕਿ ਭਗਤ ਰਵਿਦਾਸ ਜੀ ਆਪਣੀ ਬਾਣੀ ਵਿਚ ਸਮਾਕਲੀ ਸਮਾਜ ਦੇ ਸ਼ਾਸਕਾਂ ਦੀ ਜ਼ਾਲਮਾਨਾ ਰੁਚੀ ਅਤੇ ਪੁਜਾਰੀ ਵਰਗ ਦੇ ਹੰਕਾਰੀ ਰੁਖ ਨੂੰ ਅਪ੍ਰਵਾਨ ਕਰਦਿਆਂ ਨਾ ਤਾਂ ਆਪਣੇ ਵਰਗ ਨੂੰ ਹਿੰਸਾਤਮਕ ਕਾਰਵਾਈ ਕਰਨ ਲਈ ਭੜਕਾਉਂਦੇ ਹਨ, ਨਾ ਹੀ ਅਜੋਕੇ ਯੁਗ ਵਾਂਗ ਜਲਸੇ-ਜਲੂਸ ਹੀ ਕੱਢਦੇ ਹਨ, ਨਾ ਹੀ ਕੋਈ ਧਰਨਾ ਲੱਗਦਾ ਹੈ ਅਤੇ ਨਾ ਹੀ ਸਾੜ-ਫੂਕ ਹੁੰਦੀ ਹੈ, ਸਗੋਂ ਉਨ੍ਹਾਂ ਦੀ ਬਾਣੀ ਵਿੱਚੋਂ ਇਕ ਵੀ ਅਜਿਹਾ ਸ਼ਬਦ ਨਹੀਂ ਮਿਲਦਾ ਜਿਸ ਦੀ ਸੁਰ ਕੌੜੀ ਭਾਵਨਾ ਵਾਲੀ ਹੋ ਕੇ ਕਿਸੇ ਦਾ ਦਿਲ ਦੁਖਾਉਣ ਦਾ ਕਾਰਨ ਬਣ ਸਕਦੀ ਹੋਵੇ। ਬਲਕਿ ਉਹ ਉਸ ਹੰਕਾਰੀ-ਵਰਗ ਪ੍ਰਤੀ ਵੀ ਕੋਈ ਇਕ ਕੌੜਾ ਸ਼ਬਦ ਨਹੀਂ ਵਰਤਦੇ ਜਿਨ੍ਹਾਂ ਦੀਆਂ ਗ਼ਲਤ ਰੁਚੀਆਂ ਕਾਰਨ ਉਹ ਤੇ ਉਨ੍ਹਾਂ ਦਾ ਵਰਗ ਨਰਕਮਈ ਜੀਵਨ ਬਤੀਤ ਕਰਨ ਲਈ ਮਜਬੂਰ ਸੀ। ਆਪ ਜੀ ਨੇ ਆਪਣਾ ਜੀਵਨ ਇਤਨਾ ਸੁਚੇਰਾ ਤੇ ਉਚੇਰਾ ਬਣਾ ਕੇ ਪ੍ਰਸਤੁਤ ਕੀਤਾ ਕਿ ਸ਼ਾਸਕ ਤੇ ਪੁਜਾਰੀ ਵਰਗ ਉਨ੍ਹਾਂ ਦੇ ਪੈਰ ਪੂਜਣ ਵਿਚ ਮਾਣ ਮਹਿਸੂਸ ਕਰਨ ਲੱਗ ਪਿਆ:

ਅਬ ਬਿਪ੍ਰ ਪਰਧਾਨ ਤਿਹਿ ਕਰਹਿ ਡੰਡਉਤਿ ਤੇਰੇ ਨਾਮ ਸਰਣਾਇ ਰਵਿਦਾਸੁ ਦਾਸਾ॥ (ਪੰਨਾ 1293)

ਹਿੰਸਾਤਮਿਕ ਕਾਰਵਾਈਆਂ ਨਾਲ ਰਾਜ ਪਲਟਾ ਲਿਆਉਣਾ, ਕੌੜੇ, ਖਰ੍ਹਵੇ, ਤੇਜ-ਤਰਾਰ ਬੋਲਾਂ ਰਾਹੀਂ ਮਾਨਵ-ਚੇਤਨਾ ਵਿਚ ਡਰ ਦੀ ਭਾਵਨਾ ਪੈਦਾ ਕਰਕੇ ਸਮਾਜਿਕ ਕ੍ਰਾਂਤੀ ਲਿਆਉਣਾ, ਜਬਰੀ ਵਿਸ਼ੇਸ਼ ਧਾਰਮਿਕ ਰਸਮਾਂ ਦਾ ਪ੍ਰਚਲਨ ਅਤੇ ਆਰਥਿਕ ਪੱਧਰ ਤੇ ਲੁੱਟ-ਖਸੁੱਟ ਕਰਨਾ, ਭਗਤ ਰਵਿਦਾਸ ਜੀਵਨ-ਦਰਸ਼ਨ ਦਾ ਉਦੇਸ਼ ਨਹੀਂ। ਇਸੇ ਲਈ ਆਪ ਜੀ ਦੀ ਬਾਣੀ ਵਿਚ ਇਸ ਦਾ ਅਭਾਵ ਹੈ। ਆਪਣੇ ਉਦੇਸ਼ ਦੀ ਪੂਰਤੀ ਲਈ ਉਨ੍ਹਾਂ ਦੀ ਜੁਗਤ ਪ੍ਰੇਮ-ਪਿਆਰ ਹੈ। ਇਸੇ ਜੁਗਤ ਰਾਹੀਂ ਉਨ੍ਹਾਂ ਨੇ ਲੁੱਟ-ਖਸੁੱਟ ਕਰਨ ਵਾਲੇ ਹੁਕਰਾਮ ਅਤੇ ਪੁਜਾਰੀ ਵਰਗ ਦੇ ਦਿਲ ਦਿਮਾਗ ਨੂੰ ਬਦਲਣ ਅਤੇ ਜਿੱਤਣ ਲਈ ਆਪਣੀ ਅਧਿਆਤਮਿਕ ਅਤੇ ਨੈਤਿਕ ਸ਼ਕਤੀ ਦੇ ਬਲ ਪ੍ਰਦਰਸ਼ਨ ਦੀ ਜੁਗਤ ਵੀ ਹਿੰਸਕ ਦੀ ਥਾਂ ਅਹਿੰਸਕ ਅਤੇ ਗੱਲਬਾਤ ਵਾਲੀ ਸ਼ੈਲੀ ’ਤੇ ਆਧਾਰਤ ਰੱਖੀ ਸੀ। ਇਸ ਪ੍ਰੇਮ-ਜੁਗਤ ਦੀ ਮੁਖ ਸੁਰ ਸਰਬੱਤ ਦਾ ਭਲਾ ਮੰਗਣ ਵਾਲੀ, ਜਨ-ਜਨ ਦਾ ਕਲਿਆਣ ਕਰਨ ਵਾਲੀ ਅਤੇ ਮਨੁੱਖ ਨੂੰ ਮਨੁੱਖ ਨਾਲ ਜੋੜਨ ਵਾਲੀ ਹੋ ਨਿਬੜੀ। ਆਪ ਜੀ ਵੱਲੋਂ ਪ੍ਰਸਤੁਤ ਇਸ ਸਿਧਾਂਤ ‘ਸਰਬੈ ਏਕੁ ਅਨੇਕੈ ਸੁਆਮੀ ਸਭ ਘਟ ਭੋੁਗਵੈ ਸੋਈ’ ਨੇ ਮਾਨਵ-ਚੇਤਨਾ ਵਿਚ ਇਹ ਗੱਲ ਦ੍ਰਿੜ੍ਹ ਕਰ ਦਿੱਤੀ ਕਿ ਹਰ ਮਾਨਵ, ਨਿਰਗੁਣ ਨਿਰਾਕਾਰ ਦੀ ਸ਼ਾਹਕਾਰ ਰਚਨਾ ਹੈ ਅਤੇ ਉਹ ਇਸ ਨੂੰ ਖੁਦ ਭੋਗ ਰਿਹਾ ਹੈ। ਦਰਅਸਲ ਕੋਈ ਵੀ ਮਾਨਵ, ਜਾਤ-ਪਾਤ ਜਾਂ ਸ੍ਰੇਣੀ ਵੰਡ ਦੇ ਅੰਤਰਗਤ ਵੱਡਾ, ਛੋਟਾ ਜਾਂ ਅਮੀਰ, ਗਰੀਬ ਨਹੀਂ ਹੁੰਦਾ। ਇਸ ਦਾ ਨਿਰਣਾ ਉਸ ਮਾਨਵ ਦੇ ਸ਼ੁਭ, ਅਸ਼ੁਭ ਕਰਮ ਹੀ ਕਰਦੇ ਹਨ ਜੋ ਪ੍ਰਭੂ ਦੇ ਦਰ ’ਤੇ ਉਸ ਦੀ ਅਸਲ ਚੰਗੀ-ਮੰਦੀ ਪਹਿਚਾਣ ਬਣਾਉਂਦੇ ਹਨ।

ਇਹ ਵੀ ਇਕ ਅਟੱਲ ਸੱਚਾਈ ਹੈ ਕਿ ਜਾਤ-ਪਾਤ ਤੇ ਊਚ-ਨੀਚ ਦਾ ਕੋਹੜ ਕੇਵਲ ਭਾਰਤੀਆਂ ਨੂੰ ਹੀ ਚਿੰਬੜਿਆ ਹੋਇਆ ਹੈ। ਭਾਰਤੀ ਮੂਲ ਦੇ ਮਨੁੱਖਾਂ ਨੂੰ ਛੱਡ ਕੇ ਸੰਸਾਰ ਦੇ ਬਾਕੀ ਮੁਲਕਾਂ ਵਿਚ ਰੰਗ ਨਸਲ-ਭੇਦ ਤਾਂ ਹੈ ਪਰ ਜਾਤੀਵਾਦ ਪ੍ਰਥਾ ਕਿਤੇ ਵੀ ਪ੍ਰਚੱਲਤ ਨਹੀਂ ਜਾਪਦੀ। ਬਾਹਰਲੇ ਮੁਲਕਾਂ ਵਿਚ ਸਫ਼ਾਈ ਕਰਮਚਾਰੀ, ਜੁੱਤੀਆਂ ਬਣਾਉਣ ਜਾਂ ਮੁਰੰਮਤ ਕਰਨ ਵਾਲੇ, ਕੱਪੜੇ ਧੋਣ ਵਾਲੇ, ਕੱਪੜੇ ਸਿਊਣ ਵਾਲੇ ਆਦਿ ਮਾਨਵ ਦੀ ਸਮਾਜਿਕ ਪਹਿਚਾਣ, ਉਸ ਦੇ ਕਿੱਤੇ ਕਾਰਨ ਸਥਾਪਤ ਨਹੀਂ ਉਸ ਦੀ ਪਹਿਚਾਣ ਦਾ ਆਧਾਰ ਉਸ ਦਾ ਆਰਥਿਕ ਪੱਧਰ ਤੇ ਆਚਾਰ ਹੈ। ਲੇਖਕ ਦੇ ਨਿੱਜ-ਅਨੁਭਵ ਅਨੁਸਾਰ ਇੰਗਲੈਂਡ, ਅਮਰੀਕਾ ਤੇ ਕਨੈਡਾ ਵਿਚ ਰਹਿੰਦੇ ਭਗਤ ਰਵਿਦਾਸ ਜੀ ਦੇ ਪ੍ਰੇਮੀ, ਮੁਲਕ ਦੇ ਬਾਕੀ ਵਸਨੀਕਾਂ ਵਾਂਗ ਹੀ ਇਕ ਸਮਾਨ ਸਤਿਕਾਰ ਪਿਆਰ ਤੇ ਅਧਿਕਾਰ ਪ੍ਰਾਪਤ ਕਰ ਰਹੇ ਹਨ। ਇਹ ਸੁਵਿਧਾ ਉਨ੍ਹਾਂ ਨੂੰ ਜੀਵਨ ਦੇ ਹਰ ਖੇਤਰ ਵਿਚ ਉਪਲਬਧ ਹੈ।

ਦਰਅਸਲ ਮਾਨਵ-ਪਿਆਰ, ਭਗਤ ਰਵਿਦਾਸ ਜੀ ਦੇ ਰੋਮ-ਰੋਮ ਵਿਚ ਸਮਾਇਆ ਹੋਇਆ ਸੀ। ਪਿਆਰ ਦੇ ਇਸ ਅਥਾਹ ਸਮੁੰਦਰ ਨੇ ਧਰਤ-ਲੋਕਾਈ ਦੇ ਹਰ ਮਾਨਵ ਨੂੰ ਬੁਕਾਂ ਭਰ-ਭਰ ਕੇ ਪਿਆਰ ਵੰਡਿਆ। ਆਪ ਜੀ ਦੀ ਇਸ ਜੁਗਤ ਕਾਰਨ ਜਨ-ਸਾਧਾਰਨ ਨੂੰ ਅਮੀਰਾਂ ਤੋਂ ਦੌਲਤ ਲੁੱਟਣ ਜਾਂ ਖੋਹਣ ਦੀ ਲੋੜ ਨਹੀਂ ਪਈ ਕਿਉਂਕਿ ਆਪ ਜੀ ਨੇ ਧਨ ਦਾ ਅਜਿਹਾ ਅਵਮੁਲਣ ਕੀਤਾ ਕਿ ਧਨੀ ਲੋਕ ਤੇ ਧਨਹੀਨ ਪੁਰਸ਼ ਇਕ ਦੂਜੇ ਨਾਲ ਆਪਣੀ ਸਮਾਨਤਾ ਦਾ ਹੱਕ ਜਤਾਅ ਸਕਣ। ਧਨੀ ਲੋਕਾਂ ਨੇ ਭਗਤ ਜੀ ਦੀ ਮਹਾਨਤਾ ਸਵੀਕਾਰ ਕਰਦਿਆਂ ਆਪਣੇ ਆਪ ਨੂੰ ਉਨ੍ਹਾਂ ਸਾਹਮਣੇ ਤੁੱਛ ਪੇਸ਼ ਕੀਤਾ। ਆਪ ਜੀ ਦਾ ਸੰਗ ਕਰਨ ਵਾਲੇ ਧਨਹੀਨ ਪੁਰਸ਼ਾਂ ਨੇ ਆਪਣੀ ਚੇਤਨਾ ਵਿੱਚੋਂ ਹੀਨ ਭਾਵਨਾ ਕੱਢਦਿਆਂ ਖ਼ੁਦ ਨੂੰ ਗੌਰਵਸ਼ਾਲੀ ਸਮਝਿਆ। ਕਮਾਲ ਦੀ ਗੱਲ ਇਹ ਹੈ ਕਿ ਭਗਤ ਰਵਿਦਾਸ ਜੀ ਨੂੰ ਰਾਜੇ, ਰਾਣੀਆਂ ਤੇ ਸ਼ਾਹੂਕਾਰਾਂ ਵੱਲੋਂ ਬੇਸ਼ੁਮਾਰ ਧਨ-ਦੌਲਤ ਅਰਪਣ ਕਰਨ ਦੀ ਪੇਸ਼ਕਸ਼ ਕੀਤੀ ਗਈ ਪਰ ਆਪ ਜੀ ਨੇ ਇਸ ਨੂੰ ਅਸਵੀਕਾਰ ਕਰਕੇ ਖ਼ੁਦ ਆਪਣੀ ਰੋਟੀ-ਰੋਜ਼ੀ ਆਪਣੇ ਪਰਿਵਾਰਕ ਕਿੱਤੇ ਨੂੰ ਜਾਰੀ ਰੱਖਦਿਆਂ ਕਮਾਉਣ ਦਾ ਸੰਕਲਪ ਲਿਆ। ਆਪ ਜੀ ਦੇ ਇਸ ਸੰਕਲਪ ਨੇ ਜਿੱਥੇ ਕਿਰਤ ਕਰਨ ਦੀ ਪਰੰਪਰਾ ਨੂੰ ਸੁਦ੍ਰਿੜ ਕੀਤਾ, ਉਥੇ ਕਿਰਤ ਨੂੰ ਉੱਚੀ-ਸੁੱਚੀ ਦੱਸ ਕੇ ਇਸ ਨੂੰ ਹੀਨ ਭਾਵਨਾ ਦੇ ਘੇਰੇ ਵਿੱਚੋਂ ਆਜ਼ਾਦ ਕੀਤਾ। ਉਨ੍ਹਾਂ ਨੇ ਹਾਕਮ ਵਰਗ ਅਤੇ ਰਾਜੇ ਰਾਣੀਆਂ ਤੋਂ ਕਿਸੇ ਪ੍ਰਕਾਰ ਦੀ ਹਕੂਮਤ ਜਾਂ ਤਾਕਤ ਪ੍ਰਾਪਤ ਕਰਨ ਦਾ ਯਤਨ ਨਹੀਂ ਕੀਤਾ ਅਤੇ ਨਾ ਹੀ ਕੋਠੀਆਂ, ਡੇਰਿਆਂ ਜਾਂ ਮਹਲਾਂ ਦੀ ਉਸਾਰੀ ਹੀ ਕੀਤੀ। ਉਨ੍ਹਾਂ ਨੇ ਤਾਂ ਇਸ ਸ਼੍ਰੇਣੀ ਦਾ ਹੰਕਾਰ ਘਟਾ ਕੇ ਉਨ੍ਹਾਂ ਨੂੰ ਜਨ-ਸਾਧਾਰਨ ਦੀ ਪੱਧਰ ’ਤੇ ਸੋਚਣ ਤੇ ਵਿਚਾਰਨ ਦੀ ਪ੍ਰੇਰਨਾ ਕੀਤੀ ਇਸੇ ਲਈ ਉਹ ਆਮ ਲੋਕਾਂ ਵਾਂਗ ਭਗਤ ਰਵਿਦਾਸ ਜੀ ਦੇ ਦਰਬਾਰ ਵਿਚ ਸੰਗਤ ਰੂਪ ਵਜੋਂ ਹਾਜ਼ਰ ਹੁੰਦੇ ਰਹੇ। ਇਸ ਜੁਗਤ ਰਾਹੀਂ ਭਗਤ ਰਵਿਦਾਸ ਜੀ ਨੇ ਰਾਜ-ਸੱਤਾ ਨੂੰ ਅਧਿਆਤਮਿਕ ਸਤਾ ਦੇ ਅਧੀਨ ਲਿਆਂਦਾ ਕਿਉਂਕਿ ਧਰਮ-ਯੁਕਤ ਰਾਜ ਸੱਤਾ ਹੀ ਜਨ-ਸਾਧਾਰਨ ਦਾ ਪਾਲਣ-ਪੋਸ਼ਣ ਕਰ ਸਕਦੀ ਹੈ ਜਦੋਂ ਕਿ ਧਰਮਹੀਨ-ਰਾਜ ਸੱਤਾ ਜਨ-ਸਾਧਾਰਨ ਦਾ ਸ਼ੋਸ਼ਣ ਕਰਦੀ ਹੈ। ਪਰ ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਧਰਮ, ਸਹੀ ਅਰਥਾਂ ਵਿਚ ਵਿਸ਼ਵ ਪੱਧਰ ’ਤੇ ਮਨੁੱਖ ਨਾਲ ਜੋੜਨ ਦੀ ਭੂਮਿਕਾ ਨਿਭਾਉਣ ਦਾ ਕਾਰਜ ਕਰਨ ਦੀ ਭੂਮਿਕਾ ਨਿਭਾਏ।

ਭਗਤ ਰਵਿਦਾਸ ਜੀ ਦੀ ਬਾਣੀ ਮਨੁੱਖ ਨੂੰ ਸਹੀ ਅਰਥਾਂ ਵਿਚ ਪੂਰਨ ਮਨੁੱਖ ਬਣਾਉਣਾ ਚਾਹੁੰਦੀ ਹੈ। ਇਸ ਕਾਰਜ ਲਈ ਉਸਾਰੀਆਂ ਉਨ੍ਹਾਂ ਦੀਆਂ ਜੀਵਨ-ਜੁਗਤਾਂ ਵਿੱਚੋਂ ਕੁਝ ਇਕ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:

1. ਭਗਤ ਰਵਿਦਾਸ ਜੀ ਇਸ ਤੱਥ ਨੂੰ ਭਲੀ ਪ੍ਰਕਾਰ ਸਮਝਦੇ ਹਨ ਕਿ ਗਿਆਨਵਾਨ ਮਾਨਵ ਹੀ ਆਪਣੇ ਆਲੇ-ਦੁਆਲੇ ਫੈਲੀਆਂ ਸਮੱਸਿਆਵਾਂ ਨੂੰ ਠੀਕ ਪ੍ਰਸੰਗ ਵਿਚ ਸਮਝ ਸਕਦਾ ਹੈ ਅਤੇ ਸੁਲਝਾ ਸਕਦਾ ਹੈ। ਇਸੇ ਲਈ ਉਹ ਅੰਧ-ਵਿਸ਼ਵਾਸ ਵਿਚ ਮੂਰਛਿਤ, ਸੁੱਤੇ ਮਾਨਵ ਨੂੰ ਗਿਆਨਵਾਨ ਹੋਣ ਦੀ ਪ੍ਰੇਰਨਾ ਕਰਦੇ ਹਨ:

ਗਿਆਨੈ ਕਾਰਨ ਕਰਮ ਅਭਿਆਸੁ॥
ਗਿਆਨੁ ਭਇਆ ਤਹ ਕਰਮਹ ਨਾਸੁ॥ (ਪੰਨਾ 1167)

2. ਆਪਣੀ ਸਾਰਥਿਕਤਾ ਸਥਾਪਤ ਕਰਨ ਲਈ ਮਨੁੱਖ ਨੂੰ ਹਉਮੈ-ਮੁਕਤ ਅਤੇ ਪ੍ਰੇਮ-ਯੁਕਤ ਹੋਣਾ ਜ਼ਰੂਰੀ ਹੈ। ਬਗ਼ੈਰ ਇਸ ਜੁਗਤਿ ਦੇ ਮਨੁੱਖ ਸੁਖ ਦਾ ਭਾਗੀਦਾਰ ਨਹੀਂ ਬਣ ਸਕਦਾ:

ਜਬ ਹਮ ਹੋਤੇ ਤਬ ਤੂ ਨਾਹੀ ਅਬ ਤੂਹੀ ਮੈ ਨਾਹੀ॥ (ਪੰਨਾ 657)

3.ਹੰਕਾਰ ਦੇ ਟਾਕਰੇ ਨਿਮਰਤਾ ਅਤੇ ਪ੍ਰੇਮ ਐਸੀ ਜੁਗਤ ਹੈ ਜਿਸ ਨੇ ਮਾਣ ਮੱਤੇ ਬ੍ਰਾਹਮਣਾਂ ਨੂੰ ਆਚਾਰ ਸਹਿਤ, ਭਗਤ ਰਵਿਦਾਸ ਜੀ ਦੇ ਚਰਨਾਂ ਤੇ ਡੰਡਉਤਿ ਕਰਨ ਲਈ ਬੇਵੱਸ ਕਰ ਦਿੱਤਾ:

ਆਚਾਰ ਸਹਿਤ ਬਿਪ੍ਰ ਕਰਹਿ ਡੰਡਉਤਿ ਤਿਨ ਤਨੈ ਰਵਿਦਾਸ ਦਾਸਾਨ ਦਾਸਾ॥ (ਪੰਨਾ 1293)

ਇਥੋਂ ਤਕ ਕਿ ਇਸ ਪ੍ਰੇਮ-ਯੁਕਤ ਅੱਗੇ ਤਾਂ ਪ੍ਰਭੂ ਵੀ ਬੇਵੱਸ ਹੋ ਜਾਂਦਾ ਹੈ:

ਪ੍ਰੇਮ ਕੀ ਜੇਵਰੀ ਬਾਧਿਓ ਤੇਰੋ ਜਨ॥ (ਪੰਨਾ 487)

4. ਆਤਮ-ਵਿਕਾਸ ਲਈ ਪ੍ਰਭੂ ਨਾਲ ਸੱਚੀ ਪ੍ਰੀਤ ਪਾਉਣ ਦੀ ਲੋੜ ਹੈ ਜੋ ਦਿਖਾਵੇ ਵਾਲੀਆਂ ਵਸਤਾਂ ਦੀ ਪੂਜਾ ਕਰਨ ਨਾਲ ਪ੍ਰਸੰਨ ਨਹੀਂ ਹੁੰਦਾ (ਤੇਰਾ ਕੀਆ ਤੁਝੇ ਕਿਆ ਅਰਪਉ) ਅਤੇ ਨਾ ਹੀ ਉਸ ਦੀ ਪ੍ਰਸੰਨਤਾ ਹਾਸਲ ਕਰਨ ਲਈ ਭਾੜੇ ਦੇ ਪੁਜਾਰੀ ਹੀ ਸਹਾਈ ਹੋ ਸਕਦੇ ਹਨ। ਇਸ ਕਾਰਜ ਲਈ ਤਾਂ (ਤਨ ਮਨ ਅਰਪਉ ਪੂਜ ਚਰਾਵਉ) ਵਾਲੀ ਜੁਗਤ ਹੀ ਕਾਰਗਰ ਸਿੱਧ ਹੋ ਸਕਦੀ ਹੈ।

5. ਹਰ ਪ੍ਰਕਾਰ ਦੀ ਜੀਵਨ-ਸ਼ੈਲੀ ਅਪਣਾਉਣ ਅਤੇ ਹਰ ਖੇਤਰ ਵਿਚ ਕਾਰਜ ਕਰਨ ਲਈ ਹਰ ਮਾਨਵ, ਪੂਰੀ ਤਰ੍ਹਾਂ ਸੁਤੰਤਰ ਹੈ। ਕਿਸੇ ਪ੍ਰਕਾਰ ਦਾ ਵਿਸ਼ੇਸ਼ ਕਾਰਜ, ਸਥਾਨ, ਅਧਿਕਾਰ ਕਿਸੇ ਖਾਸ ਜਾਤ, ਵਰਨ ਜਾਂ ਵਰਗ ਲਈ ਹੀ ਰਾਖਵਾਂ ਨਹੀਂ। ਗੁਣ-ਕਰਮ ਨਾਲ ਇਹ ਕੋਈ ਵੀ ਪ੍ਰਾਪਤ ਕਰ ਸਕਦਾ ਹੈ ਅਤੇ ਇਹ ਸੁਤੰਤਰਤਾ ਧਾਰਮਿਕ ਖੇਤਰ ਵਿਚ ਵੀ ਪ੍ਰਵਾਨਿਤ ਹੈ:

ਬ੍ਰਹਮਨ ਬੈਸ ਸੂਦ ਅਰੁ ਖ੍ਹਤ੍ਰੀ ਡੋਮ ਚੰਡਾਰ ਮਲੇਛ ਮਨ ਸੋਇ॥
ਹੋਇ ਪੁਨੀਤ ਭਗਵੰਤ ਭਜਨ ਤੇ ਆਪੁ ਤਾਰਿ ਤਾਰੇ ਕੁਲ ਦੋਇ॥ (ਪੰਨਾ 858)

6. ਭਗਤ ਜੀ ਦਾ ਭਾਈਚਾਰਾ ਕਿਰਤੀ ਵਰਗ ਸੀ। ਕਿਰਤੀ ਵਰਗ ਹਰ ਸਮਾਜ ਦੀ ਰੀੜ ਦੀ ਹੱਡੀ ਹੋਇਆ ਕਰਦਾ ਹੈ। ਇਸੇ ਲਈ ਆਪ ਜੀ ਨੇ ਕਿਰਤ-ਕਰਨ ਦੀ ਜੀਵਨ-ਜੁਗਤ ਦੱਸਦਿਆਂ ਖ਼ੁਦ ਕਿਰਤ ਕੀਤੀ। ਕਿਰਤੀ-ਮਾਨਵ ਹੀ ਸਮਾਜ ਦਾ ਵਿਕਾਸ ਕਰ ਸਕਦਾ ਹੈ ਜਦੋਂ ਕਿ ਵਿਹਲੜ ਤੇ ਨਿਖ਼ੱਟੂ ਆਪਣੇ ਆਪ ’ਤੇ ਭਾਰ ਹੁੰਦਾ ਹੈ, ਪਰਵਾਰ ’ਤੇ ਭਾਰ ਹੁੰਦਾ ਹੈ ਅਤੇ ਸਮਾਜ ’ਤੇ ਵੀ ਭਾਰ ਹੁੰਦਾ ਹੈ। ਇਸ ਤਰ੍ਹਾਂ ਭੀਖ-ਮੰਗਣਾ, ਸਮਾਜਿਕ ਅਪਰਾਧ ਹੈ ਅਤੇ ਝੂਠਾ ਭੇਖ, ਪਾਪ-ਕਰਮ ਹੈ। ਨਿਰਸੰਦੇਹ ਕਿਰਤ ਕਰਦਿਆਂ ਹੱਕ ਹਲਾਲ ਦੀ ਕਮਾਈ ਕਰਨਾ ਪਾਪ-ਕਰਮ ਨਹੀਂ ਪਰ ਅਨੈਤਿਕ ਢੰਗ ਨਾਲ ਧੰਨ ਬਟੋਰਨਾ ਮਹਾਂ ਪਾਪ ਹੈ। ਇਸੇ ਲਈ ਸੱਚੇ-ਬੰਦੇ ਇਸ ਵਿਚ ਗਲਤਾਨ ਨਹੀਂ ਹੁੰਦੇ:

ਸੰਪਤਿ ਬਿਪਤਿ ਪਟਲ ਮਾਇਆ ਧਨੁ॥
ਤਾ ਮਹਿ ਮਗਨ ਹੋਤ ਨ ਤੇਰੋ ਜਨੁ॥ (ਪੰਨਾ 486-87)

7. ਪਰਵਿਰਤੀ ਅਤੇ ਨਿਰਵਿਰਤੀ ਮਾਰਗ ਵਿਚ ਸੰਤੁਲਨ ਕਾਇਮ ਕਰਨ ਦੀ ਲੋੜ ਹੈ। ਇਸੇ ਲਈ ਭਗਤ ਰਵਿਦਾਸ ਜੀ ਨੇ ਗ੍ਰਿਹਸਤੀ ਜੀਵਨ ਧਾਰਨ ਕਰਦਿਆਂ ਜਿਥੇ ਸਮਾਜਿਕ ਜ਼ਿੰਮੇਵਾਰੀਆਂ ਨੂੰ ਪੂਰੀ ਈਮਾਨਦਾਰੀ ਨਾਲ ਨਿਭਾਇਆ ਅਤੇ ਪ੍ਰਭੂ ਨਾਲ ਸੱਚੀ ਪ੍ਰੀਤ ਪਾਉਂਦਿਆਂ (ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ) ਭਾਜਵਾਦੀ ਜੀਵਨ ਨਾਲੋਂ ਸਮਾਜਵਾਦੀ ਜੀਵਨ ਨੂੰ ਪਹਿਲ ਦੇ ਕੇ ਪ੍ਰਭੂ-ਭਗਤੀ ਨੂੰ ਆਸ਼ਾਵਾਦੀ ਮਾਨਵ ਜੀਵਨ-ਜਾਚ ਦਾ ਹਿੱਸਾ ਬਣਾ ਦਿੱਤਾ।

8. ਆਪ ਜੀ ‘ਸਾਧ ਸੰਗਤਿ’ ਦੀ ਮਹੱਤਤਾ ’ਤੇ ਜ਼ੋਰ ਦਿੰਦੇ ਹਨ ਕਿਉਂਕਿ ਸਾਧ ਸੰਗਤਿ ਇਕ ਐਸੀ ਜੀਵਨ-ਜੁਗਤ ਹੈ, ਜਿਥੋਂ ਸੁਕ੍ਰਿਤ ਕਾਰਜ ਦੀ ਸੇਧ ਮਿਲਦੀ ਹੈ:

ਸਾਧਸੰਗਤਿ ਬਿਨਾ ਭਾਉ ਨਹੀ ਊਪਜੈ ਭਾਵ ਬਿਨੁ ਭਗਤਿ ਨਹੀ ਹੋਇ ਤੇਰੀ॥ (ਪੰਨਾ 694)

9. ਮਨੁੱਖੀ ਜੀਵਨ ਦੇ ਵਿਕਾਸ ਹਿਤ ਆਪ ਜੀ ਨੇ ਮਧੂ-ਮੱਖੀਆਂ ਦੇ ਛੱਤੇ ਦੀ ਮਿਸਾਲ ਦਿੰਦਿਆਂ ਮਿਲ-ਜੁਲ ਕੇ ਰਹਿਣ ਦੀ ਜੀਵਨ-ਜੁਗਤ ਦੱਸੀ:

ਸਤਸੰਗਤਿ ਮਿਲਿ ਰਹੀਐ ਮਾਧਉ ਜੈਸੇ ਮਧੁਪ ਮਖੀਰਾ॥ (ਪੰਨਾ 486)

10. ਭਗਤ ਰਵਿਦਾਸ ਜੀ ਦੇ ਤਤਕਾਲੀ ਸਮਾਜ ਵਿਚ ਸ਼ਰਾਬ ਦਾ ਸੇਵਨ ਚਰਮ ਸੀਮਾ ’ਤੇ ਸੀ ਜਿਸ ਦਾ ਗ੍ਰਾਫ ਅੱਜ ਵੀ ਤੇਜ਼ੀ ਨਾਲ ਉਪਰ ਵੱਲ ਜਾ ਰਿਹਾ ਹੈ। ਸ਼ਰਾਬ-ਪੀਣਾ ਤੇ ਪਿਆਉਣਾ ਅੱਜ ਸਟੇਟਸ ਸਿੰਬਲ ਬਣ ਗਿਆ ਹੈ। ਇਸ ਦੀ ਗ਼ੈਰ-ਹਾਜ਼ਰੀ ਵਿਚ ਹਰ ਸਮਾਜਿਕ ਫੰਕਸ਼ਨ ਫਿੱਕਾ-ਫਿੱਕਾ ਸਮਝਿਆ ਜਾਂਦਾ ਹੈ। ਹਾਲਾਂਕਿ ਸਮਾਜਿਕ ਬੁਰਾਈਆਂ ਦਾ ਪ੍ਰਮੁੱਖ ਕਾਰਨ, ਸ਼ਰਾਬ-ਪੀਣ ਦੀਆਂ ਜੜ੍ਹਾਂ ਵਿਚ ਲੁਪਤ ਹੈ। ਪਰ ਇਸ ਸੱਚ ਤੋਂ ਸਾਰੇ ਅੱਖਾਂ ਮੀਟ ਲੈਂਦੇ ਹਨ। ਇਸੇ ਲਈ ਭਗਤ ਰਵਿਦਾਸ ਜੀ ਸ਼ਰਾਬ-ਪੀਣ ਦੀ ਰੁਚੀ ਤੋਂ ਮਾਨਵ-ਚੇਤਨਾ ਨੂੰ ਸੁਚੇਤ ਕਰਦਿਆਂ ਆਖਦੇ ਹਨ ਕਿ:

ਸੁਰਸਰੀ ਸਲਲ ਕ੍ਰਿਤ ਬਾਰੁਨੀ ਰੇ ਸੰਤ ਜਨ ਕਰਤ ਨਹੀ ਪਾਨੰ॥ (ਪੰਨਾ 1293)

11. ਨਿੰਦਾ ਚੁਗਲੀ ਕਰਨਾ: ਭਗਤ ਰਵਿਦਾਸ ਜੀ ਦੇ ਯੁਗ ਵਿਚ ਵੀ ਮਨੁੱਖਾ ਜੀਵਨ ਦਾ ਨਰੋਆ ਅੰਗ ਸੀ ਅਤੇ ਅੱਜ ਵੀ ਇਸ ਦਾ ਬੋਲਬਾਲਾ ਹੈ। ਹਾਲਾਂਕਿ ਨਿੰਦਾ ਚੁਗਲੀ ਕਰਨ ਵਾਲੇ ਥੋੜ੍ਹੇ ਸਮੇਂ ਲਈ ਤਾਂ ਚੰਮ ਦੀਆਂ ਚਲਾ ਲੈਂਦੇ ਹਨ ਪਰ ਅੰਤ ‘ਸਚੇ ਦਾ ਹੀ ਬੋਲਬਾਲਾ’ ਹੁੰਦਾ ਹੈ। ਭਗਤ ਰਵਿਦਾਸ ਜੀ ਇਸ ਤੱਥ ਤੋਂ ਭਲੀ-ਭਾਂਤ ਜਾਣੂੰ ਹੁੰਦੇ ਹੋਏ ਮਨੁੱਖ ਨੂੰ ਸਾਵਧਾਨ ਕਰਦੇ ਹਨ ਕਿ ਉਸ ਦਾ ਹਰ ਪ੍ਰਕਾਰ ਦਾ ਕੀਤਾ ਹੋਇਆ ਦਾਨ, ਪੁੰਨ, ਭਲੇ ਕੰਮ ਸਭ ਵਿਅਰਥ ਹੋ ਜਾਂਦੇ ਹਨ ਜੇਕਰ ਉਹ ਨਿੰਦਾ ਚੁਗਲੀ ਨੂੰ ਆਪਣੇ ਜੀਵਨ ਦੇ ਅੰਗ-ਸੰਗ ਰੱਖਦਾ ਹੈ:

ਕਰੈ ਨਿੰਦ ਸਭ ਬਿਰਥਾ ਜਾਵੈ॥ (ਪੰਨਾ 875)

ਭਗਤ ਰਵਿਦਾਸ ਬਾਣੀ ਵਿਚ ਇਕ ਤੱਥ ਬੜਾ ਹੀ ਹੈਰਾਨਕੁਨ ਅਤੇ ਸੰਤੋਸ਼ਜਨਕ ਦ੍ਰਿਸ਼ਟਗੋਚਰ ਹੁੰਦਾ ਹੈ ਜੋ ਬੇਗ਼ਮਪੁਰੇ ਦੇ ਸੰਕਲਪ ਨਾਲ ਸੰਬੰਧਤ ਹੈ। ਭਗਤ ਜੀ ਇਸ ਸੰਕਲਪ ਨੂੰ ਜਦੋਂ ਉਸਾਰਦੇ ਹਨ ਤਾਂ ਉਹ ਵੀ ਕਿਸੇ ਪ੍ਰਕਾਰ ਦੀ ਭੜਕਾਹਟ ਵਿਚ ਆ ਕੇ ਉਤੇਜਤ ਨਹੀਂ ਹੁੰਦੇ, ਸਗੋਂ ਸਹਿਜ-ਸੁਭਾਅ ਸੰਤੁਲਤ ਮਨ ਨਾਲ ਆਪਣੀ ਪ੍ਰੇਮਮਈ ਸੁਰ ਵਾਲੀ ਜੁਗਤਿ ਨੂੰ ਹੀ ਨਿਰੰਤਰ ਜਾਰੀ ਰੱਖਦੇ ਹਨ। ਵਾਸਤਵ ਵਿਚ ਇਹ ਸ਼ਬਦ ਤਤਕਾਲੀ ਪ੍ਰਸ਼ਾਸਨ-ਪ੍ਰਣਾਲੀ ਦਾ ਪਾਜ ਉਘੇੜਨ ਵਾਲਾ ਅਤੇ ਉਨ੍ਹਾਂ ਨੂੰ ਸਹੀ ਦਿਸ਼ਾ ਵਿਚ ਕੰਮ-ਕਾਰ ਕਰਨ ਦੀ ਪ੍ਰੇਰਨਾ ਦੇਣ ਵਾਲਾ ਹੈ।

ਬੁੱਕਮਾਰਕ ਕਰੋ (1)

No account yet? Register

ਲੇਖਕ ਬਾਰੇ

Jasbir Singh Sabar
ਰੀਟਾ. ਪ੍ਰੋਫੈਸਰ ਤੇ ਮੁਖੀ, ਗੁਰੂ ਨਾਨਕ ਅਧਿਐਨ ਵਿਭਾਗ -ਵਿਖੇ: ਗੁਰੂ ਨਾਨਕ ਦੇਵ ਯੂਨੀਵਰਸਿਟੀ, ਸ੍ਰੀ ਅੰਮ੍ਰਿਤਸਰ
ਬੁੱਕਮਾਰਕ ਕਰੋ (1)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)