editor@sikharchives.org
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਫ਼ਲਸਫ਼ਾ

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਦਾ ਬਾਹਰਮੁਖੀ ਸਰੂਪ ਪ੍ਰੇਮਾ-ਭਗਤੀ ਦਾ ਹੈ, ਸਾਸ਼ਤਰ ਦਾ ਨਹੀਂ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਦੇਸ਼ ਉੱਚਤਮ ਅਵਸਥਾ ਦੀ ਪ੍ਰਾਪਤੀ ਲਈ ਪਥ-ਦਰਸ਼ਨ ਹੈ। ਇਸ ਰਾਹੀਂ ਵਿਅਕਤੀ ਸਾਧਨਾ ਮਾਰਗ ਉੱਤੇ ਚੱਲਦਿਆਂ ਹੋਇਆਂ ਪਰਮ-ਅਨੰਦ ਦੀ ਅਵਸਥਾ ਪ੍ਰਾਪਤ ਕਰ ਸਕਦਾ ਹੈ। ਸੰਸਾਰਿਕ ਜੀਵਨ ਵਿਚ ਹੁੰਦਿਆਂ ਆਤਮਿਕ ਮੰਡਲਾਂ ਦਾ ਰਸ ਮਾਣਨ ਲਈ ਇਕ ਵਿਸ਼ੇਸ਼ ਸਾਧਨ ਹੈ। ਗੁਰਬਾਣੀ ਪ੍ਰੇਮਾ-ਭਗਤੀ ਦੀ ਭਾਵਨਾ ਵਿੱਚੋਂ ਉਪਜੀ ਹੈ। ਪ੍ਰੇਮਾ-ਭਗਤੀ ਵੀ ਇਸ ਵਿਚ ਸੁਰ ਉੱਚੀ ਹੋਣ ਕਰਕੇ ਬਾਹਰਮੁਖੀ ਰੂਪ ਵਿਚ ਇਹ ਰੱਬੀ-ਪਿਆਰ ਵਿਚ ਗੁੰਦੀ ਬਾਣੀ ਹੀ ਪ੍ਰਤੀਤ ਹੁੰਦੀ ਹੈ, ਅੰਤਰਮੁਖੀ ਰੂਪ ਵਿਚ ਇਸ ਦੀ ਇਕ-ਇਕ ਪੰਗਤੀ ਗਿਆਨ ਦਾ ਅਥਾਹ ਸਾਗਰ ਸਮੋਈ ਹੋਈ ਹੈ। ਇਸ ਦੁਆਰਾ ਜਿੱਥੇ ਵਿਅਕਤੀ ਨੂੰ ਸਿਮਰਨ ਦੀ ਪ੍ਰਾਪਤੀ ਹੁੰਦੀ ਹੈ, ਉਥੇ ਉਸ ਨੂੰ ਜੀਵਨ-ਮਾਰਗ ਅਤੇ ਪਰਮ-ਅਨੰਦ ਦੀ ਵੀ ਪ੍ਰਾਪਤੀ ਹੁੰਦੀ ਹੈ।

ਭਾਰਤੀ ਅਧਿਆਤਮਕਤਾ ਦੇ ਮੁੱਢਲੇ ਗ੍ਰੰਥ ਵੇਦ ਕਿਸੇ ਦਾਰਸ਼ਨਿਕਤਾ ਨੂੰ ਮੁੱਖ ਰੱਖ ਕੇ ਨਹੀਂ ਲਿਖੇ ਗਏ ਅਤੇ ਨਾ ਹੀ ਉਨ੍ਹਾਂ ਵਿਚ ਅਧਿਆਤਮਕਤਾ ਅਤੇ ਦਾਰਸ਼ਨਿਕਤਾ ਉੱਤੇ ਵਿਸ਼ੇਸ਼ ਚਰਚਾ ਹੈ। ਸ਼ਾਸਤਰਾਂ ਵਿਚ ਹੀ ਦਾਰਸ਼ਨਿਕਤਾ ਤੇ ਚਰਚਾ ਕੀਤੀ ਗਈ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਦਾ ਬਾਹਰਮੁਖੀ ਸਰੂਪ ਪ੍ਰੇਮਾ-ਭਗਤੀ ਦਾ ਹੈ, ਸਾਸ਼ਤਰ ਦਾ ਨਹੀਂ। ਇਸ ਵਿਚ ਪ੍ਰਭੂ-ਭਗਤੀ ਅਤੇ ਨਾਮ-ਮਹਿਮਾ ਹੈ। ਨਾਮ ’ਤੇ ਵਿਸ਼ੇਸ਼ ਰੂਪ ਵਿਚ ਬਲ ਦਿੱਤਾ ਗਿਆ ਹੈ। ਕਿਸੇ ਖਾਸ ਸਿਧਾਂਤ ਨੂੰ ਮੁੱਖ ਰੱਖ ਕੇ ਚਰਚਾ ਨਹੀਂ ਕੀਤੀ ਗਈ, ਇਸੇ ਕਰਕੇ ਇਸ ਵਿਚ ਸਿਰਲੇਖ ਨਹੀਂ ਦਿੱਤੇ ਗਏ। ਕੇਵਲ ਨਿਬੰਧ ਪ੍ਰਬੰਧਾਂ ਦੇ ਹੀ ਸਿਰਲੇਖ ਆਉਂਦੇ ਹਨ, ਜਿਵੇਂ ਜਪੁ, ਪਟੀ, ਸਿਧ ਗੋਸਟਿ ਅਤੇ ਕੁਝ ਵਿਸ਼ੇ-ਵਸਤੂ ਅਨੁਸਾਰ ਸੁਖਮਨੀ, ਅਨੰਦ ਅਤੇ ਦਖਣੀ ਓਅੰਕਾਰ। ਇਨ੍ਹਾਂ ਬਾਣੀਆਂ ਵਿੱਚੋਂ ਅਸੀਂ ਗੁਰਮਤਿ ਦਾ ਦ੍ਰਿਸ਼ਟੀਕੋਣ ਨਿਖੇੜ ਸਕਦੇ ਹਾਂ। ਪਰੰਤੂ, ਮੁੱਖ ਉਦੇਸ਼ ਨਾਮ ਸਿਮਰਨ ਦਾ ਹੀ ਹੈ ਅਤੇ ਪ੍ਰੇਮਾ-ਭਗਤੀ ਦਾ ਵਲਵਲਾ ਆਪਮੁਹਾਰੇ ਹੀ ਵਹਿ ਤੁਰਿਆ ਹੈ। ਸਾਰਾ ਬਲ ਪ੍ਰਭੂ-ਮਿਲਾਪ ਦੀ ਤੜਪ ਉੱਤੇ ਦਿੱਤਾ ਗਿਆ ਹੈ।

ਉਕਤ ਚਰਚਾ ਤੋਂ ਮੇਰਾ ਇਹ ਭਾਵ ਨਹੀਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਫ਼ਲਸਫ਼ੇ ਜਾਂ ਸ਼ਾਸਤਰ ਦਾ ਨਿਰਮਾਣ ਨਹੀਂ ਹੋਇਆ ਸਗੋਂ ਇਸ ਵਿਚ ਮੁੱਖ ਰੂਪ ਵਿਚ ਇਨ੍ਹਾਂ ਪ੍ਰਸ਼ਨਾਂ ਦੇ ਉੱਤਰ ਦਿੱਤੇ ਗਏ ਹਨ ਕਿ ਪ੍ਰਭੂ ਨੂੰ ਪ੍ਰੇਮ ਕਿਉਂ ਕੀਤਾ ਜਾਵੇ? ਉਸ ਪ੍ਰੇਮ ਦੀ ਸੱਤਾ ਕੀ ਹੈ? ਉਸ ਦੀ ਸਮਰੱਥਾ ਕੀ ਹੈ? ਮਨੁੱਖ ਨਾਲ ਉਸ ਦਾ ਕੀ ਸੰਬੰਧ ਹੈ? ਇਨ੍ਹਾਂ ਪ੍ਰਸ਼ਨਾਂ ਦੇ ਉੱਤਰ ਆਪਣੇ ਆਪ ਦਾਰਸ਼ਨਿਕ ਸਿਧਾਂਤਾਂ ਦੇ ਰੂਪ ਧਾਰਨ ਕਰ ਲੈਂਦੇ ਹਨ। ਦਰਸ਼ਨ ਆਪਣੇ ਆਪ ਉਗਮਦਾ ਹੈ। ਪ੍ਰੇਮਾ-ਭਗਤੀ ਵਿੱਚੋਂ ਗਿਆਨ, ਉਸ ਦੀ ਸਿਰਜਨਾ ਸ਼ਕਤੀ, ਦਾਇਰਾ, ਸਮਰੱਥਾ ਆਪੇ ਨਾਲ ਸੰਬੰਧ ਦੀ ਅਵਸਥਾ ਆਪੇ ਹੀ ਪੈਦਾ ਹੁੰਦੀ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪ੍ਰੇਮ ਤੇ ਗਿਆਨ ਆਪਸ ਵਿਚ ਓਤ-ਪੋਤ ਹਨ। ਇਹ ਭਗਤੀ ਕਾਵਿ ਅਤੇ ਦਾਰਸ਼ਨਿਕਤਾ ਦੀ ਪਰੰਪਰਾ ਵਿਚ ਇਕ ਕੜੀ ਹੈ। ਇਸ ਵਿਚ ਭਾਰਤੀ ਦਰਸ਼ਨ ਦੇ ਅਦ੍ਵੈਤ ਤੱਤ ਮੌਜੂਦ ਹਨ। ਇਸ ਦੇ ਨਾਲ ਹੀ ਧਰਮ, ਸ਼ਬਦ, ਮਨਮੁਖ, ਗੁਰਮੁਖ, ਸ੍ਰਿਸ਼ਟੀ, ਮਾਇਆ, ਵਿਦਿਆ, ਮਨ, ਇਸਤਰੀ, ਸਮਾਜ ਉਸਾਰੀ ਆਦਿ ਵਿਸ਼ੇ ਵੀ ਭਲੀ-ਭਾਂਤ ਨਿਖੇੜੇ ਜਾ ਸਕਦੇ ਹਨ। ਇਨ੍ਹਾਂ ਵਿਸ਼ਿਆਂ ਉੱਤੇ ਭਾਰਤੀ ਦਰਸ਼ਨ ਅਤੇ ਗੁਰਮਤਿ ਦਰਸ਼ਨ ਦੀ ਵਿਆਖਿਆ ਕੀਤੀ ਜਾ ਸਕਦੀ ਹੈ।

12ਵੀਂ ਸਦੀ ਤੋਂ ਲੈ ਕੇ 17ਵੀਂ ਸਦੀ ਤੀਕ ਪ੍ਰਤੀਨਿਧ ਭਾਰਤੀ ਭਗਤ ਸਾਹਿਬਾਨ ਅਤੇ ਗੁਰੂ ਸਾਹਿਬਾਨ ਦੀ ਪਾਵਨ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਉਪਲਬਧ ਹੈ। ਇਸ ਦੀ ਸੰਪਾਦਨਾ ਭਾਵੇਂ ਪੰਜਾਬ ਦੀ ਧਰਤੀ ’ਤੇ ਹੋਈ, ਪਰੰਤੂ ਇਸ ਵਿਚ ਉੱਤਰ ਪ੍ਰਦੇਸ਼, ਬੰਗਾਲ, ਮਹਾਂਰਾਸ਼ਟਰ, ਰਾਜਸਥਾਨ, ਸਿੰਧ ਆਦਿ ਪ੍ਰਾਂਤਾਂ ਦੇ ਭਗਤ ਸਾਹਿਬਾਨ ਦੀ ਬਾਣੀ ਸੰਕਲਿਤ ਹੈ। ਇਨ੍ਹਾਂ ਭਗਤ ਸਾਹਿਬਾਨ ਦੇ ਅਨੁਭਵ ਅਤੇ ਰਸ-ਰੰਗ ਵੱਖ ਜ਼ਰੂਰ ਹਨ ਪਰ ਇਨ੍ਹਾਂ ਵਿਚ ਸਮੇਂ ਅਤੇ ਸਥਾਨ ਦਾ ਅੰਤਰ ਹੋਣ ’ਤੇ ਵੀ ਇਨ੍ਹਾਂ ਸਾਰੇ ਭਗਤ ਸਾਹਿਬਾਨ ਵਿਚ ਕੌਮੀ ਦਰਸ਼ਨ ਅਤੇ ਸਾਹਿਤ ਦਾ ਵਿਰਸਾ ਸਾਂਝਾ ਹੈ।

ਉਸ ਸਮੇਂ ਭਗਤੀ ਲਹਿਰ ਦੀ ਹਰ ਪ੍ਰਾਂਤ ਵਿਚ ਸਾਖ ਖਿੜੀ ਅਤੇ ਇੱਕੋ ਜਿਹੀ ਅਧਿਆਤਮਕ ਸ਼ਬਦਾਵਲੀ ਆਪਣੇ ਹਾਵ-ਭਾਵ ਪ੍ਰਗਟਾਉਣ ਲਈ ਵਰਤੀ ਗਈ। ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅਨੇਕਾਂ ਸ਼ਬਦਾਂ ਦਾ ਅਦਾਨ-ਪ੍ਰਦਾਨ ਵੇਖਦੇ ਹਾਂ ਕੌਮੀ ਦਰਸ਼ਨ ਅਤੇ ਸਾਹਿਤ ਦਾ ਵਿਰਸਾ ਸਾਂਝਾ ਹੈ। ਇਸ ਕਰਕੇ ਭਗਤ ਸਾਹਿਬਾਨ ਨੇ ਆਸਤਕ ਸਿਧਾਂਤਕ ਪ੍ਰਗਟਾਵਾ ਕੀਤਾ। ਉਨ੍ਹਾਂ ਦੇ ਗਿਆਨ ਦੇ ਸੋਮੇ ਸਾਂਝੇ ਹਨ। ਕਿਉਂਕਿ ਭਗਤੀ ਲਹਿਰ ਆਪਣੇ ਆਪ ਵਿਚ ਇਕ ਸੰਪੂਰਨ ਲਹਿਰ ਸੀ ਇਸ ਵਾਸਤੇ ਇਹ ਲਹਿਰ ਬ੍ਰਾਹਮਣਵਾਦ ਦੇ ਵਿਰੁੱਧ ਸੀ। ਭਾਵੇਂ ਉਨ੍ਹਾਂ ਦੇ ਪ੍ਰਗਟਾਅ ਢੰਗ ਵਿਚ ਕਿਤੇ-ਕਿਤੇ ਅੰਤਰ ਹੈ ਪਰੰਤੂ ਰਚਨਾ ਸਾਂਝੀ ਹੈ। ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਾਂਝੇ ਦਾਰਸ਼ਨਿਕ ਸਿਧਾਂਤ ਉਪਲਬਧ ਹਨ। ਗੁਰੂ ਸਾਹਿਬ ਨੇ ਕਿਸੇ ਦੇ ਮਤ ਨੂੰ ਨਿੰਦਿਆ ਨਹੀਂ ਪਰ ਕਿਤੇ-ਕਿਤੇ ਗੁਰਮਤਿ ਕਸਵੱਟੀ ਦੇ ਅਨੁਰੂਪ ਟਿੱਪਣੀ ਜ਼ਰੂਰ ਕੀਤੀ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗਿਆਨ ਨੂੰ ਆਪਾਂ ਤਿੰਨ ਭਾਗਾਂ ਵਿਚ ਵੰਡ ਸਕਦੇ ਹਾਂ:

(ੳ) ਅਧਿਆਤਮਕਤਾ – ਜਿਸ ਵਿਚ ਨਿਰਣਾ ਹੈ ਕਿ ਸਾਰੇ ਜੀਵ, ਜਗਤ, ਬ੍ਰਹਿਮੰਡ ਪਸਾਰੇ ਪਿੱਛੇ ਤੱਤ-ਸਾਰ ਵਿਸ਼ੇਸ਼ ਵਸਤੂ ਕੀ ਹੈ? ਇਸ ਦੀ ਨਿਰੋਲ ਸ਼ਾਸਤਰ ਅਨੁਸਾਰ ਚਰਚਾ ਕੀਤੀ ਗਈ ਹੈ। ਵਿਸ਼ੇਸ਼ ਰੂਪ ਵਿਚ ਸਿੱਧਾਂ ਨਾਲ ਹੋਈ ਚਰਚਾ ‘ਸਿਧ ਗੋਸਟਿ’ ਨਾਮੀ ਬਾਣੀ ਵਿਚ ਹੋਈ ਹੈ।

(ਅ) ਜੀਵ ਆਵਾਗਵਣ ਦੀ ਕੈਦ ਵਿੱਚੋਂ ਕਿਵੇਂ ਨਿਕਲ ਕੇ ਬ੍ਰਹਮ ਜੋ ਸਾਰੇ ਪਸਾਰੇ ਵਿਚ ਤੱਤ-ਰੂਪ ਵਿਚ ਹੈ ਨਾਲ ਕਿਵੇਂ ਇਕਮਿਕ ਹੋ ਸਕਦਾ ਹੈ? ਇਹ ਮੁਕਤੀ ਪ੍ਰਾਪਤੀ ਦਾ ਧਰਮ ਸ਼ਾਸਤਰ ਹੈ। ਇਸ ਵਿਚ ਨਾਮ ਭਗਤੀ, ਗੁਰੂ ਭਗਤੀ, ਮਨ ਦੇ ਸੰਜਮ ਲਈ ਚਰਚਾ ਕੀਤੀ ਗਈ ਹੈ।

(ੲ) ਇਸ ਵਿਚ ਸਦਾਚਾਰਕ ਤੇ ਸਮਾਜਿਕ ਜੀਵਨ ਬਾਰੇ ਚਰਚਾ ਹੈ ਜੋ ਇਹ ਨਿਰੂਪਣ ਕਰਦਾ ਹੈ ਕਿ ਮਾਨਵੀ ਧਰਮ ਮਨੁੱਖ ਦੇ ਤੌਰ ’ਤੇ ਕੀ ਹੈ? ਵਿਅਕਤੀ ਦਾ ਦੂਸਰੇ ਵਿਅਕਤੀ ਪ੍ਰਤੀ ਕੀ ਸੰਬੰਧ ਹੈ, ਜੀਵਾਂ ਅਤੇ ਕੁਦਰਤ ਪ੍ਰਤੀ ਮਨੁੱਖ ਦਾ ਕੀ ਵਿਹਾਰ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਦੇ ਮੁੱਖ ਭਾਗ ਭਾਰਤੀ ਦਰਸ਼ਨ ਦੇ ਤੱਤ ਨੂੰ ਲੈ ਕੇ ਹੀ ਅੱਗੇ ਚਲੇ ਹਨ ਅਤੇ ਉਸ ਉੱਤੇ ਆਪਣਾ ਮੱਤ ਦਿੱਤਾ ਹੈ। ਵੱਡੇ ਤੋਂ ਵੱਡੇ ਵਿਚਾਰ ਨੂੰ ਸੰਖੇਪ ਰੂਪ ਵਿਚ ਦਿੱਤਾ ਹੈ। ਇਸ ਲਈ ਅਸੀਂ ਬ੍ਰਹਮ, ਆਤਮਾ, ਜਗਤ (ਮਾਇਆ) ਨਾਮ, ਗੁਰੂ, ਮਨ, ਸਦਾਚਾਰਕ, ਸਮਾਜਿਕ ਅਤੇ ਧਰਮ ਬਾਰੇ ਵਿਸ਼ਿਆਂ ਉੱਤੇ ਪੂਰਨ ਗਿਆਨ ਪ੍ਰਾਪਤ ਕਰ ਸਕਦੇ ਹਾਂ।

ਭਾਰਤੀ ਸ਼ਾਸਤਰ ਦਾ ਮੁੱਖ ਨਿਖੇੜ ਅਸੀਂ ਸੰਖੇਪ ਰੂਪ ਵਿਚ ਇਸ ਪ੍ਰਕਾਰ ਕਰ ਸਕਦੇ ਹਾਂ- ਭਾਰਤੀ ਸ਼ਾਸਤਰ ਦਾ ਮੁੱਖ ਬਲ ਪਹਿਲੇ ਭਾਗ ਉੱਤੇ ਹੀ ਹੈ, ਭਾਵ ਉਹ ਬ੍ਰਹਮ ਸੱਤਾ ਉੱਤੇ ਚਰਚਾ ਕਰਦੇ ਹਨ ਅਤੇ ਫਿਰ ਉਸ ਦਾ ਸੰਬੰਧ ਜੀਵਾਤਮਾ ਅਤੇ ਜਗਤ ਨਾਲ ਕੀ ਹੈ, ਉੱਤੇ ਵਿਚਾਰ ਕਰਦੇ ਹਨ। ਪਰੰਤੂ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਬਲ ਤਿੰਨਾਂ ਉੱਤੇ ਹੀ ਹੈ। ਤਿੰਨਾਂ ਭਾਗਾਂ ਨੂੰ ਹੀ ਵਿਸ਼ੇਸ਼ ਸਮਝ ਕੇ ਚਰਚਾ ਕੀਤੀ ਗਈ ਹੈ ਅਤੇ ਤਿੰਨੇ ਵਿਚਾਰ ਆਪਸ ਵਿਚ ਓਤ-ਪੋਤ ਹਨ।

ਭਾਰਤੀ ਸ਼ਾਸਤਰਾਂ ਨੇ ਪ੍ਰਮਾਣ ਉੱਤੇ ਜ਼ੋਰ ਦਿੱਤਾ ਹੈ। ਭਾਵ ਸ਼ਾਸਤਰ-ਕਰਤਾ ਦੀ ਉਸ ਗਿਆਨ ਬਾਰੇ ਕੀ ਪਹੁੰਚ ਹੈ ਅਤੇ ਉਸ ਨੇ ਜਿਸ ਸਥਿਤੀ ਅਤੇ ਮਾਧਿਅਮ ਰਾਹੀਂ ਇਸ ਗਿਆਨ ਨੂੰ ਪ੍ਰਾਪਤ ਕੀਤਾ। ਬਹੁਤੇ ਸ਼ਾਸਤਰਕਾਰਾਂ ਨੇ ‘ਬੇਦ’ ਨੂੰ ਹੀ ਗਿਆਨ ਦਾ ਆਧਾਰ ਦੱਸਿਆ ਹੈ। ਫਿਰ ਵੀ ਉਨ੍ਹਾਂ ਗਿਆਨ ਦੀ ਪ੍ਰਾਪਤੀ ਅਤੇ ਸਾਧਨਾਂ ਦੀ ਚਰਚਾ ਕੀਤੀ ਹੈ। ਇਹ ਪ੍ਰਮਾਣ ਪ੍ਰਤੱਖ, ਅਨੁਮਾਨ ਅਤੇ ਅਨੁਭਵ ਦੇ ਆਧਾਰ ’ਤੇ ਹੀ ਹੁੰਦੇ ਹਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਾਰੇ ਪ੍ਰਮਾਣ ਵਰਤੇ ਗਏ ਹਨ, ਪਰੰਤੂ ਇਨ੍ਹਾਂ ਦੀ ਸ਼ਾਸਤਰਕ ਰੂਪ ਵਿਚ ਚਰਚਾ ਨਹੀਂ ਅਤੇ ਨਾ ਹੀ ਇਸ ਪ੍ਰਕਾਰ ਦੀ ਕੋਈ ਸ਼ਬਦਾਵਲੀ ਹੀ ਵਰਤੀ ਗਈ ਹੈ। ਬ੍ਰਹਮ-ਗਿਆਨ ਬਾਰੇ ਸੰਕੇਤ ਹੈ ਕਿ ਇਹ ਬੜਾ ਅਲਪ ਹੈ ਅਤੇ ਉਸ ਬਾਰੇ ਕਦੀ ਵੀ ਪੂਰਨ ਗਿਆਨ ਦੀ ਪ੍ਰਾਪਤੀ ਨਹੀਂ ਹੋ ਸਕਦੀ। ਉਹ ਸਦਾ ਅਮੁੱਲ, ਅਨੰਤ, ਅਗਮ, ਅਗੋਚਰ, ਅਸਾਧ ਰਹਿੰਦਾ ਹੈ। ਵਿਅਕਤੀ ਇਕ ਕਣੀ ਸਮਾਨ ਹੈ। ਜੇ ਉਹ ਅਥਾਹ ਸਾਗਰ ਵਿਚ ਮਿਲ ਵੀ ਜਾਵੇ ਤਾਂ ਵੀ ਸਾਗਰ ਦੀ ਵਿਸ਼ਾਲਤਾ ਨੂੰ ਨਹੀਂ ਮਾਪ ਸਕਦੀ। ਵਿਸਮਾਦ ਬਣਿਆ ਹੀ ਰਹਿੰਦਾ ਹੈ। ਇਹ ‘ਨੇਤੀ’ ਸਿਧਾਂਤ ਭਾਰਤੀ ਸ਼ਾਸਤਰਾਂ ਵਿਚ ਪ੍ਰਮਾਣ ਹੈ।

ਗੁਰਮਤਿ ਅਨੁਸਾਰ, ਬ੍ਰਹਮ ਇਕ ਅਤੇ ਕੇਵਲ ਇਕ ਹੈ। ਉਹ ਅਮਰ, ਅਜੋਨੀ ਹੈ। ਜਾਤਿ, ਜਨਮਹੀਨ, ਅਗੰਮ, ਅਗੋਚਰ ਅਤੇ ਰੂਪ ਰਹਿਤ ਹੈ। ਉਹ ਅਦੁੱਤੀ ਹੈ, ਉਸ ਜਿਹਾ ਹੋਰ ਕੋਈ ਨਹੀਂ। ਉਹ ਸਭ ਥਾਈਂ ਵਿਆਪਕ ਰਿਹਾ ਹੈ। ਉਹ ਬ੍ਰਹਮ ਆਪ ਸੱਚਾ ਹੈ ਅਤੇ ਉਹਦਾ ਨਾਮ ਸੱਚਾ ਹੈ। ਉਹ ਚੇਤੰਨ ਹਸਤੀ ਹੈ ਅਤੇ ਸ੍ਰਿਸ਼ਟੀ ਦਾ ਕਰਤਾ ਹੈ ਹਰ ਇਕ ਸ਼ਕਤੀ ਦਾ ਰਚਨਹਾਰ ਉਹ ਆਪ ਹੀ ਹੈ। ਬ੍ਰਹਮ ਅਤੇ ਉਸ ਦੇ ਪਸਾਰੇ ਬਾਰੇ ਗਿਆਨ-ਇੰਦਰੀਆਂ, ਬੁੱਧੀ ਅਤੇ ਆਤਮਿਕ ਸ਼ਕਤੀ ਨਾਲ ਪ੍ਰਾਪਤ ਹੋ ਸਕਦਾ ਹੈ। ਭਾਰਤੀਆਂ ਨੇ ਤੀਜੇ ਸਾਧਨ ਨੂੰ ਵਿਸ਼ੇਸ਼ਤਾ ਦਿੱਤੀ ਹੈ। ਇਸੇ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਬਦ ਜਾਂ ਬਾਣੀ ਦਾ ਸਾਧਨ ਮੰਨਿਆ ਹੈ। ਇਹ ‘ਗੁਰੂ ਦੀ ਬਾਣੀ’ ਅਤੇ ‘ਹੁਕਮਾਉ’ ਦਾ ਸਿਧਾਂਤ ਹੈ। ਪ੍ਰੇਮਾ- ਭਗਤੀ, ਸਿਮਰਨ ਅਤੇ ਸੰਜਮ ਦੇ ਜੀਵਨ ਦੁਆਰਾ ਵਿਅਕਤੀ ਨੂੰ ਸ਼ਬਦ-ਸਿਧੀ ਜਾਂ ਅਨੁਭਵ-ਸ਼ਕਤੀ ਪ੍ਰਾਪਤ ਹੋ ਸਕਦੀ ਹੈ। ਉਸ ਵਿਅਕਤੀ ਨੂੰ ‘ਅਖੜੀਆਂ ਬਿਅੰਨਿ’ ਮਿਲ ਜਾਂਦੀਆਂ ਹਨ, ਜਿਸ ਨਾਲ ਪਾਤਸ਼ਾਹ ਜ਼ਾਹਰਾ ਦਿੱਸ ਪੈਂਦਾ ਹੈ। ਉਹ ‘ਦਰਗਾਹ’ ‘ਸੋਦਰੁ’ ਉੱਤੇ ਪੁੱਜ ਜਾਂਦਾ ਹੈ। ਇਸ ਪ੍ਰਾਪਤੀ ਨੂੰ ਭਗਤ ਸਾਹਿਬਾਨ ਕਾਫ਼ੀ ਸਾਕਾਰ ਕਰ ਦੇਂਦੇ ਹਨ।

ਪਰ ਇਹ ਸ਼ਕਤੀ ਉਨ੍ਹਾਂ ਮਨੁੱਖਾਂ ਨੂੰ ਪ੍ਰਾਪਤ ਨਹੀਂ ਹੈ ਜਿਨ੍ਹਾਂ ਦਾ ਅਨੁਭਵ ਅਤੇ ਸੋਚ ਸੀਮਤ ਹੈ। ਦਰਅਸਲ ਅਸੀਮ ਹੀ ਅਸੀਮਤਾ ਦੀਆਂ ਹੱਦਾਂ ਤਕ ਪੁੱਜ ਸਕਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਹ ਅਨੁਭਵ ਪ੍ਰਮਾਣ ਵਿਸ਼ੇਸ਼ ਪ੍ਰਮਾਣ ਹੈ। ਇਹ ਉਨ੍ਹਾਂ ਦੇ ਅਨੁਭਵ ਵਿੱਚੋਂ ਉਪਜਿਆ ਹੈ। ਨਿਰਗੁਣ ਅਤੇ ਸਰਗੁਣ ਦੋਨਾਂ ਦਾ ਸੁਮੇਲ ਹੈ। ਸ਼ਬਦ ਸਿਧੀ ਉਸ ਸਮੇਂ ਪ੍ਰਾਪਤ ਹੁੰਦੀ ਹੈ :

ਜਤੁ ਪਾਹਾਰਾ ਧੀਰਜੁ ਸੁਨਿਆਰੁ॥
ਅਹਰਣਿ ਮਤਿ ਵੇਦੁ ਹਥੀਆਰੁ॥
ਭਉ ਖਲਾ ਅਗਨਿ ਤਪ ਤਾਉ॥
ਭਾਂਡਾ ਭਾਉ ਅੰਮ੍ਰਿਤੁ ਤਿਤੁ ਢਾਲਿ॥ (ਪੰਨਾ 8)

ਇਹ ਘਾਲਣਾ ਘਾਲ ਕੇ ਹੀ ‘ਘੜੀਐ ਸਬਦੁ ਸਚੀ ਟਕਸਾਲੀ’ ਦੀ ਪ੍ਰਾਪਤੀ ਹੋ ਸਕਦੀ ਹੈ। ਅਜਿਹੀ ਅਵਸਥਾ ਦੀ ਘਾੜਤ ਸਖ਼ਤ ਮਿਹਨਤ ਮੰਗਦੀ ਹੈ। ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਦਾਰਸ਼ਨਿਕ ਸਿਧਾਂਤ ਆਤਮਿਕ ਆਧਾਰ ਦਾ ਮੁੱਖ ਆਧਾਰ ਅਨੁਭਵ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸੱਚ ਨੂੰ ਬ੍ਰਹਮ ਅਤੇ ਬ੍ਰਹਮ ਨੂੰ ਸੱਚ ਮੰਨਿਆ ਗਿਆ ਹੈ। ਜਪੁਜੀ ਸਾਹਿਬ ਦੇ ਅਰੰਭ ਵਿਚ ਹੀ ਜਿੱਥੇ ਪਰਮਾਤਮਾ ਨੂੰ ਇਕ ਅਤੇ ਅਨੇਕ ਵਿਚ ਰਮਿਆ ਹੋਇਆ ਦੱਸਿਆ ਹੈ ਅਤੇ ਸਰਬ-ਵਿਆਪਕ ਅਤੇ ਅਪਰੰਪਰ ਕਰਤਾ ਪੁਰਖ ਅਤੇ ਸੈਭੰ, ਅਸੀਮ, ਚੇਤੰਨ ਅਤੇ ਸਰਬੱਗ, ਅੰਤਰਜਾਮੀ ਮੰਨਿਆ ਹੈ, ਉਹ ਤਿੰਨਾਂ ਕਾਲਾਂ ਵਿਚ ਹੀ ਸੱਚਾ ਹੈ। ਪਰਮਸਤਿ ਸਵੈ-ਸਿਧ ਹੈ। ਉਸ ਦੀ ਹੋਂਦ ਨੂੰ ਸਿੱਧ ਕਰਨ ਲਈ ਕਿਸੇ ਪ੍ਰਮਾਣ ਦੀ ਲੋੜ ਨਹੀਂ। ਉਹ ਆਪ ਪ੍ਰਤੱਖ ਹੈ ਅਤੇ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ। ਹਰ ਰਚਨਾ ਵਿਚ ਪ੍ਰਭੂ ਦੀ ਜੋਤ ਵਿਆਪਕ ਹੈ। ਉਹ ਸਦਾ ਸਥਿਰ ਅਤੇ ਘਟ-ਘਟ ਦੀ ਬੁੱਝਣ ਵਾਲਾ ਹੈ। ਉਹ ਸਰਬ- ਵਿਆਪਕ ਹੈ, ਪਰ ਉਸ ਦੀ ਸਰਬ-ਵਿਆਪਕਤਾ ਹੀ ਅੰਤਮ ਨਹੀਂ। ਉਹ ਦਿੱਸਦੇ ਸੰਸਾਰ ਤੋਂ ਨਿਆਰਾ, ਅਪਰੰਪਰ ਵੀ ਹੈ। ਇਸ ਭਾਵ ਵਿਚ ਕਿ ਕੁਦਰਤ, ਰਚਨਾ ਕਾਦਰ ਜਾਂ ਕਰਤੇ ’ਤੇ ਨਿਰਭਰ ਹੈ, ਪਰ ਕਰਤਾ ਕੁਦਰਤ ਜਾਂ ਰਚਨਾ ’ਤੇ ਨਿਰਭਰ ਨਹੀਂ। ਇਸ ਤਰ੍ਹਾਂ ਪਰਮਾਤਮਾ ਸਰਬਉੱਚ ਇਕਾਈ ਹੈ। ਅਨੇਕਤਾ ਵਿਚ ਏਕਤਾ ਹੈ।

ਬ੍ਰਹਮ (ਸੱਚ) ਸਦਾ ਇੱਕੋ ਸਰੂਪ ਵਿਚ ਅਤੇ ਇਕਸਾਰ ਰਹਿੰਦਾ ਹੈ। ਉਸ ਦੀ ਇਕਸਾਰਤਾ ਕਦੇ ਭੰਗ ਨਹੀਂ ਹੁੰਦੀ। ਜਾਤ, ਵਰਨ, ਦੇਸ਼, ਕਾਲ, ਸੂਖਮ ਹਰ ਰੂਪ ਵਿਚ ਇਕਸਾਰ ਤੇ ਸਰਬ-ਵਿਆਪਕ ਰਹਿੰਦਾ ਹੈ। ਉਹ ਪਸਾਰੇ ਦਾ ਰੂਪ ਧਾਰਨ ਕਰ ਸਕਦਾ ਹੈ। ਇਹ ਉਸ ਦਾ ‘ਉਦਕਰਖ’ ਰੂਪ ਹੈ। ਇਹ ਹੈ ਬ੍ਰਹਮ ਦਾ ‘ੴ’ ਰੂਪ। ਸੱਚ ਨੂੰ ਬ੍ਰਹਮ ਮੰਨਿਆ ਜਾਂਦਾ ਹੈ। ਇਹ ਉਸ ਦਾ ਪਹਿਲਾ ਲੱਛਣ ਹੈ।

ਸਚੁ ਬ੍ਰਹਮ ਹਰ ਰੂਪ ਵਿਚ ਪ੍ਰਤੱਖ ਤੇ ਪ੍ਰਗਟ ਹੁੰਦਾ ਹੈ। ਇਹ ਨਾਮ ਰੂਪ ਧਾਰਨ ਕਰਦਾ ਹੈ ਅਤੇ ਹਰ ਰੂਪ ਵਿਚ ਪ੍ਰਤੱਖ ਹੁੰਦਾ ਹੈ। ਨਿਆਂ, ਪਵਿੱਤਰਤਾ, ਕੋਮਲਤਾ, ਪਿਆਰ, ਧਰਮ, ਦਇਆ, ਸਤ, ਸੰਤੋਖ, ਸੁਚ, ਕਿਰਤ, ਮਿੱਠਤ, ਨਿਮਰਤਾ, ਵੰਡ ਛਕਣਾ ਇਹ ਸਭ ਸੱਚੇ ਬ੍ਰਹਮ ਦਾ ਹੀ ਰੂਪ ਹਨ। ਇਹ ਕਰਮ ਸਤਿ ਨਾਮੁ ਹੈ।

ਸਤਿ ‘ਸੱਤ੍ਰ੍ਯ’ ਸ਼ਬਦ ਸੰਸਕ੍ਰਿਤ ਦੀ ‘ਅਸ੍‍’ ਅਰਥਾਤ ‘ਹੋਣਾ’ ਧਾਤੂ ਤੋਂ ਬਣਿਆ ਹੈ, ਜਿਸ ਦਾ ਅਰਥ ਸਦਾ ਵਿਦਮਾਨ ਰਹਿਣ ਵਾਲਾ ਹੈ। ਨਾਮ ਸ਼ਬਦ ‘ਮਨ੍‍’ ਜਾਂ ‘ਨਮ੍‍’ ਧਾਤੂ ਤੋਂ ਬਣਿਆ ਹੈ। ‘ਮਨ੍‍’ ਦਾ ਅਰਥ ਹੈ ਯਾਦ ਰੱਖਣਾ ਅਤੇ ‘ਨਮ੍‍’ ਦਾ ਅਰਥ ਹੈ ਝੁਕਣਾ ਜਾਂ ਸੰਬੋਧਿਤ ਕਰਨਾ। ਭਾਈ ਕਾਨ੍ਹ ਸਿੰਘ ਜੀ ਨਾਭਾ ਅਨੁਸਾਰ –

“ਸਤਿ ਨਾਮੁ ਦਾ ਅਰਥ ਤਿੰਨ ਸਾਲ ਵਿਚ ਇਕਰਸ ਹੋਣ ਵਾਲਾ ਪ੍ਰਸਿੱਧ ਪਾਰਬ੍ਰਹਮ, ਜੇ ਪ੍ਰਭੂ ਦਾ ਨਾਮ ਸਦਾ ਰਹਿਣ ਵਾਲਾ ਹੈ ਤਾਂ ਗੁਰਸਿੱਖ ਉਸ ਦਾ ਉਪਾਸ਼ਕ ਤਦ ਹੈ ਜੇ ਉਹ ਮਨ, ਬਚਨ ਤੇ ਕਰਮ ਵਿਚ ਸਦਾ ਸੱਚਾ ਰਹਿੰਦਾ ਹੈ।”

ਉਹ ਕਰਤਾਰੀ ਸ਼ਕਤੀ ਹੈ। ਪੁਰਖ ਹੈ ਅਰਥਾਤ ਚੇਤੰਨ ਸ਼ਕਤੀ ਹੈ। ਹਰ ਥਾਂ ਵਿਆਪਕ ਹੈ। ਬ੍ਰਹਮ ਨੂੰ ਇਕ ਤੇ ਸੱਚ ਪਹਿਲਾਂ ਹੀ ਕਿਹਾ ਗਿਆ ਹੈ। ਗੁਰਬਾਣੀ ਨੇ ਉਸ ਨੂੰ ਕਰਤਾ ਪੁਰਖ ਕਿਹਾ ਹੈ। ‘ਕਰਤਾ’ ਸੰਸਕ੍ਰਿਤ ਦਾ ਸ਼ਬਦ ਹੈ, ਜਿਸ ਦਾ ਅਰਥ ਹੈ ‘ਕਰਨ ਵਾਲਾ’ ਬ੍ਰਹਮ ਕਰਤਾ ਹੈ ਤੇ ਆਪਣੀ ਕ੍ਰਿਤ ਵਿਚ ਵਿਆਪਕ ਹੈ। ਬ੍ਰਹਮ ਨੂੰ ਕਰਤਾ ਕਹਿ ਕੇ ਅਵਤਾਰਵਾਦ ਦਾ ਖੰਡਨ ਵੀ ਕੀਤਾ ਹੈ। ਪਰਮਾਤਮਾ ਨੂੰ ਕਰਤਾ ਪੁਰਖ ਮੰਨ ਕੇ ਉਸ ਦੀ ਉਪਾਸ਼ਨਾ ਕਰਨ ਵਾਲਾ ਆਪ ਵੀ ਕਰਤਾ ਹੈ ਅਤੇ ਉਸਾਰੂ ਬਿਰਤੀ ਦਾ ਮਾਲਕ ਬਣ ਸਕਦਾ ਹੈ।

ਉਹ ਨਿਰਭਉ ਤੇ ਨਿਰਵੈਰ ਹੈ। ਅਸਲੀਅਤ ਅਤੇ ਪਰਮਸਤਿ ਹੈ। ਉਹ ਅਜੂਨੀ ਤੇ ਸੈਭੰ ਹੈ। ਅਜੂਨੀ ਸੰਸਕ੍ਰਿਤ ਦੇ ‘ਅਯੋਨਿ’ ਸ਼ਬਦ ਦਾ ਤਦਭਵ ਰੂਪ ਹੈ ਜਿਸ ਦਾ ਭਾਵ ਜਨਮ-ਮਰਨ ਦੇ ਚੱਕਰ ਤੋਂ ਰਹਿਤ ਹੈ। ਉਹ ਸ੍ਵੈ-ਸਿੱਧ ਹੈ। ਉਸ ਦੀ ਹੋਂਦ ਨੂੰ ਸਿੱਧ ਕਰਨ ਲਈ ਕਿਸੇ ਪ੍ਰਮਾਣ ਦੀ ਲੋੜ ਨਹੀਂ, ਉਹ ਕੇਵਲ ਗੁਰੂ ਦੁਆਰਾ ਹੀ ਲਖਿਆ ਜਾ ਸਕਦਾ ਹੈ।

ਗੁਰੂ ਸਾਹਿਬਾਨ ਅਤੇ ਭਗਤ ਸਾਹਿਬਾਨ ਨੇ ਆਪਣੇ ਜੀਵਨ-ਅਨੁਭਵ ਅਨੁਸਾਰ ਬ੍ਰਹਮ ਦੇ ਰੂਪ ਨੂੰ ਜਾਣਿਆ ਅਤੇ ਗਾਵਿਆ ਹੈ। ਉਸ ਦੇ ਬ੍ਰਹਮ ਪ੍ਰਤੀ ਰੂਪ ਨੂੰ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਸ ਤਰ੍ਹਾਂ ਅੰਕਿਤ ਕੀਤਾ ਹੈ:

ਬਾਜੀਗਰਿ ਜੈਸੇ ਬਾਜੀ ਪਾਈ॥
ਨਾਨਾ ਰੂਪ ਭੇਖ ਦਿਖਲਾਈ॥
ਸਾਂਗੁ ਉਤਾਰਿ ਥੰਮ੍‍ਓਿ ਪਾਸਾਰਾ॥
ਤਬ ਏਕੋ ਏਕੰਕਾਰਾ॥ (ਪੰਨਾ 736)

ਤੱਤ ਰੂਪ ਕੇਵਲ ਇਕ ਹੈ। ਬਾਹਰਮੁਖੀ ਰੂਪ ਉਹ ਕਈ ਧਾਰਨ ਕਰਦਾ ਹੈ। ਗੁਰਮਤਿ ਅਨੁਸਾਰ ਬ੍ਰਹਮ ਨਿਰਗੁਣ ਵੀ ਹੈ ਅਤੇ ਸਰਗੁਣ ਵੀ। ਕਾਰਨ ਰੂਪ ਵੀ ਹੈ ਅਤੇ ਕਰਮ ਰੂਪ ਵੀ। ਜੋ ਇਸ ਤੱਤ ਦਾ ਗਿਆਤਾ ਹੈ ਓਹੀ ਅਸਲ ਅਰਥਾਂ ਵਿਚ ਪੰਡਤ ਜਾਂ ਗਿਆਨੀ ਹੈ। ਗੁਰਮਤਿ ਨਾ ਬ੍ਰਹਮ ਅਵਤਾਰ ਅਤੇ ਅਵਤਾਰੀ ਰੂਪ ਵਿਚ ਸਗੁਣ ਨਹੀਂ।

ਮਨੁੱਖੀ ਆਤਮਾ ਹੁਕਮ ਅਨੁਸਾਰ ਬ੍ਰਹਮ ਤੋਂ ਵਿੱਛੜੀ ਹੋਈ ਹੈ। ਆਤਮਾ ਪਰਮਾਤਮਾ ਦਾ ਪ੍ਰਕਾਸ਼ ਹੈ। ਗੁਰਬਾਣੀ ਅਨੁਸਾਰ ਮਨ ਜੋਤਿ ਸਰੂਪ ਹੈ। ਜਿਸ ਪ੍ਰਕਾਰ ਚੰਗਿਆੜੀ ਅਗਨੀ ਤੋਂ ਉਪਜ ਕੇ ਅਗਨੀ ਵਿਚ ਹੀ ਸਮਾ ਜਾਂਦੀ ਹੈ ਅਤੇ ਲਹਿਰ ਪਾਣੀ ਵਿੱਚੋਂ ਉਗਮ ਕੇ ਉਸ ਵਿਚ ਹੀ ਸਮਾ ਜਾਂਦੀ ਹੈ, ਇਸ ਪ੍ਰਕਾਰ ਆਤਮਾ ਪਰਮਾਤਮਾ ਤੋਂ ਵੱਖ ਹੋ ਕੇ ਓੜਕ ਉਸੇ ਵਿਚ ਹੀ ਸਮਾ ਜਾਂਦੀ ਹੈ। ਸ੍ਰੀ ਗੁਰੁ ਨਾਨਕ ਦੇਵ ਜੀ ਅਨੁਸਾਰ:

ਨਾ ਜੀਉ ਮਰੈ ਨ ਮਾਰਿਆ ਜਾਈ ਕਰਿ ਦੇਖੈ ਸਬਦਿ ਰਜਾਈ ਹੇ॥  (ਪੰਨਾ 1026)

ਆਤਮ ਮਹਿ ਰਾਮੁ ਰਾਮ ਮਹਿ ਆਤਮੁ ਚੀਨਸਿ ਗੁਰ ਬੀਚਾਰਾ॥ (ਪੰਨਾ 1153)

ਆਤਮਾ ਦਾ ਸਰੂਪ ਗੁਰਬਾਣੀ ਵਿਚ ਹੇਠ ਲਿਖੇ ਅਨੁਸਾਰ ਸਪੱਸ਼ਟ ਕੀਤਾ ਹੈ:

ਅਚਰਜ ਕਥਾ ਮਹਾ ਅਨੂਪ॥
ਪ੍ਰਾਤਮਾ ਪਾਰਬ੍ਰਹਮ ਕਾ ਰੂਪੁ॥
ਨਾ ਇਹੁ ਬੂਢਾ ਨਾ ਇਹੁ ਬਾਲਾ॥
ਨਾ ਇਸੁ ਦੂਖੁ ਨਹੀ ਜਮ ਜਾਲਾ॥
ਨਾ ਇਹੁ ਬਿਨਸੈ ਨਾ ਇਹੁ ਜਾਇ॥
ਆਦਿ ਜੁਗਾਦੀ ਰਹਿਆ ਸਮਾਇ॥ (ਪੰਨਾ 868)

ਆਤਮਾ ਦਾ ਸਰੀਰ (ਕਾਇਆ) ਨਾਲ ਹਉਮੈ ਵਸਿ ਸੰਜੋਗ ਬਣ ਜਾਂਦਾ ਹੈ ਅਤੇ ਹਉਮੈ ਹੀ ਹੁਕਮ ਅਸੀਮ ਹੈ। ਸੰਸਾਰ ਦੀ ਸਾਰੀ ਖੇਡ ਉਸ ਦੇ ਹੁਕਮ ਅਨੁਸਾਰ ਹੀ ਵਰਤ ਰਹੀ ਹੈ। ਹਉਮੈ ਦਾ ਨਾਮ ਵੀ ਉਸ ਦੇ ਹੁਕਮ ਅਨੁਸਾਰ ਹੀ ਹੁੰਦਾ ਹੈ। ਹੁਕਮ-ਰਜ਼ਾ ਦਾ ਰਾਜ਼ ਬਹੁਤ ਡੂੰਘਾ ਹੈ, ਜਿਹੜਾ ਆਤਮਾ ਦੀ ਅਤਿ ਵਿਕਸਿਤ ਅਵਸਥਾ ਨਾਲ ਸੰਬੰਧਿਤ ਹੈ। ਉਸ ਦੇ ਹੁਕਮ ਵਿਚ ਹੀ ਰਹਿ ਕੇ ਉਸ ਨੂੰ ਪਾਇਆ ਜਾ ਸਕਦਾ ਹੈ :

ਤੈ ਸਾਹਿਬ ਕੀ ਬਾਤ ਜਿ ਆਖੈ ਕਹੁ ਨਾਨਕ ਕਿਆ ਦੀਜੈ॥
ਸੀਸੁ ਵਢੇ ਕਰਿ ਬੈਸਣੁ ਦੀਜੈ ਵਿਣੁ ਸਿਰ ਸੇਵ ਕਰੀਜੈ॥ (ਪੰਨਾ 558)

ਆਤਮਾ ਜੋਤਿ ਸਰੂਪ ਵਿਚ ਬ੍ਰਹਮ ਰੂਪ ਰਹਿੰਦੀ ਹੈ। ਪਰ, ਇਸ ਘਰ ਨੂੰ ਵਿੱਛੜ ਕੇ ਆਵਾਗਵਨ ਦਾ ਚੱਕਰ ਕੱਟਦੀ ਰਹਿੰਦੀ ਹੈ:

ਕਈ ਜਨਮ ਭਏ ਕੀਟ ਪਤੰਗਾ॥
ਕਈ ਜਨਮ ਗਜ ਮੀਨ ਕੁਰੰਗਾ॥
ਕਈ ਜਨਮ ਪੰਖੀ ਸਰਪ ਹੋਇਓ॥
ਕਈ ਜਨਮ ਹੈਵਰ ਬ੍ਰਿਖ ਜੋਇਓ॥ (ਪੰਨਾ 176)

ਆਤਮਾ ਬ੍ਰਹਮ ਰੂਪ ਹੀ ਹੈ। ਮਨ, ਬੁਧਿ, ਚਿਤ, ਹਿਰਦਾ ਸਭ ਪ੍ਰਕਿਰਤੀ ਦੇ ਰੂਪ ਹਨ। ਇਨ੍ਹਾਂ ਦੁਆਰਾ ਹੀ ਪ੍ਰਕਿਰਤੀ ਦਾ ਪ੍ਰਕਾਸ਼ ਮਨੁੱਖ ਨੂੰ ਸਹਾਈ ਹੁੰਦਾ ਹੈ। ਗੁਰੂ ਸਾਹਿਬਾਨ ਅਤੇ ਭਗਤ ਸਾਹਿਬਾਨ ਨੇ ਆਤਮਾ ਨੂੰ ਠੋਸ ਚਿੰਨ੍ਹਾਂ ਵਿਚ ਪ੍ਰਗਟ ਕੀਤਾ ਹੈ। ਆਤਮਾ ਅੰਤਰਗਤਿ ਤੀਰਥ ਹੈ ਅਤੇ ਜੋਤਿ ਸਚੀ ਮਨ ਮਾਹਿ ਹੈ। ਆਤਮਾ ਨੂੰ ਹੰਸ ਦੀ ਉਪਾਧੀ ਵੀ ਦਿੱਤੀ ਗਈ ਹੈ। ਇਸ ਕਾਇਆ ਵਿਚ ਹੰਸ-ਰੂਪੀ ਆਤਮਾ ਹੈ :

ਕਾਇਆ ਅੰਦਰਿ ਸਭੁ ਕਿਛੁ ਵਸੈ ਖੰਡ ਮੰਡਲ ਪਾਤਾਲਾ॥
ਕਾਇਆ ਅੰਦਰਿ ਜਗਜੀਵਨ ਦਾਤਾ ਵਸੈ ਸਭਨਾ ਕਰੇ ਪ੍ਰਤਿਪਾਲਾ॥
ਕਾਇਆ ਕਾਮਣਿ ਸਦਾ ਸੁਹੇਲੀ ਗੁਰਮੁਖਿ ਨਾਮੁ ਸਮਾ੍ਲਾ॥ (ਪੰਨਾ 754)

ਗੁਰਬਾਣੀ ਅਨੁਸਾਰ ਆਤਮਾ ਨੂੰ ਚਾਰ ਅਵਸਥਾਂ (ੳ) ਜਾਗ੍ਰਿਤ, (ਅ) ਸੁਪਨ, (ੲ) ਸੁਖੋਪਤਿ, (ਸ) ਤੁਰੀਆ ਵਿੱਚੋਂ ਲੰਘਣਾ ਪੈਂਦਾ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪ੍ਰਕਿਰਤੀ ਨੂੰ ਤ੍ਰੈਗੁਣ ਤੇ ਪੰਜ ਤੱਤਾਂ ਦੀ ਉਤਪਤੀ ਕਿਹਾ ਹੈ। ਇਹ ਤ੍ਰੈਗੁਣ ਪਰਮਾਤਮਾ ਦੀ ਹੀ ਰਚਨਾ ਹੈ ਅਤੇ ਉਸ ਦੇ ਹੁਕਮ ਅਨੁਸਾਰ ਹੀ ਇਹ ਵਿਅਕਤੀ ਵਿਚ ਉਪਜਦੇ ਹਨ ਅਤੇ ਪਰਲੋ ਨਾਲ ਹੀ ਉਸ ਵਿਚ ਜਾ ਕੇ ਵਿਲੀਨ ਹੁੰਦੇ ਹਨ। ਪ੍ਰਕਿਰਤੀ ਬ੍ਰਹਮ ਸਰੂਪ ਹੈ। ਇਹ ਬਾਣੀ ਕਿਵੇਂ? ਇਸ ਬਾਰੇ ਕਿਹਾ ਜਾਂਦਾ ਹੈ ਕਿ ਇਹ ਵਿਸਮਾਦੀ ਖੇਡ ਹੈ। ਇਹ ਪਸਾਰਾ ਹੁਕਮ ਨਾਲ ਹੀ ਹੋਂਦ ਵਿਚ ਆਇਆ ਹੈ।

ਸਾਂਖ ਅਤੇ ਯੋਗ ਸ਼ਾਸਤਰਾਂ ਵਿਚ ਦਵੈਤਵਾਦ ਨੂੰ ਪ੍ਰਧਾਨਤਾ ਪ੍ਰਾਪਤ ਹੈ। ਇਹ ਪੁਰਸ਼ ਅਤੇ ਪ੍ਰਕਿਰਤੀ ਦੋਹਾਂ ਨੂੰ ਹੀ ਅਨਾਦਿ ਮੰਨਦੇ ਹਨ। ਇਨ੍ਹਾਂ ਅਨੁਸਾਰ ਜਦੋਂ ਤਕ ਪ੍ਰਕਿਰਤੀ ਦੇ ਤਿੰਨ ਗੁਣ ਰਜੋ, ਸਤੋ, ਤਮੋ ਇਸ ਪਾਸ ਮਿਸ਼ਰਤ ਵਿਚ ਰਹਿੰਦੇ ਹਨ ਓਦੋਂ ਤਕ ਕਿਸੇ ਪ੍ਰਕਾਰ ਦੀ ਰਚਨਾ ਨਹੀਂ ਹੁੰਦੀ, ਜਦੋਂ ਇਹ ਸੰਤੁਲਨ ਨਹੀਂ ਰਹਿੰਦਾ ਉਸ ਵੇਲੇ ਰਚਨਾ ਹੋਂਦ ਵਿਚ ਆਉਂਦੀ ਹੈ ਅਤੇ ਜਿੰਨਾ ਚਿਰ ਇਨ੍ਹਾਂ ਦੇ ਮਿਸ਼ਰਨ ਵਿਚ ਸੰਤੁਲਤਾ ਨਹੀਂ ਆਉਂਦੀ ਉਤਨਾ ਚਿਰ ਰਚਨਾ ਹੁੰਦੀ ਹੀ ਰਹਿੰਦੀ ਹੈ। ਗੁਰਮਤਿ ਇਨ੍ਹਾਂ ਵਿਚਾਰਾਂ ਨੂੰ ਨਹੀਂ ਮੰਨਦੀ। ਉਹ ਪਰਮਾਤਮਾ ਨੂੰ ਹੀ ਇਸ ਸ੍ਰਿਸ਼ਟੀ ਦਾ ਕਰਤਾ ਮੰਨਦੀ ਹੈ। ਹੋਰ ਕੋਈ ਸ਼ਕਤੀ ਨਹੀਂ:

ਕੀਤਾ ਪਸਾਉ ਏਕੋ ਕਵਾਉ॥
ਤਿਸ ਤੇ ਹੋਏ ਲਖ ਦਰੀਆਉ॥ (ਪੰਨਾ 3)

ਪੰਜ ਤੱਤ ਬ੍ਰਹਮ ਵਿੱਚੋਂ ਹੀ ਉਪਜਦੇ ਹਨ:

ਜਗੁ ਸੁਪਨਾ ਬਾਜੀ ਬਨੀ ਖਿਨ ਮਹਿ ਖੇਲੁ ਖੇਲਾਇ॥
ਸੰਜੋਗੀ ਮਿਲਿ ਏਕਸੇ ਵਿਜੋਗੀ ਉਠਿ ਜਾਇ॥ (ਪੰਨਾ 18)

ਸ੍ਰਿਸ਼ਟੀ ਦਾ ਕਾਰਨ ਉਹ ਆਪ ਬ੍ਰਹਮ ਹੈ। ਦ੍ਵੈਤ ਕਿਤੇ ਨਹੀਂ। ਇਹ ਸਭ ਉਸ ਦਾ ਹੀ ਖੇਲ ਹੈ:

ਨਾ ਕਿਛੁ ਆਵਤ ਨਾ ਕਿਛੁ ਜਾਵਤ ਸਭੁ ਖੇਲੁ ਕੀਓ ਹਰਿ ਰਾਇਓ॥(ਪੰਨਾ 209)

ਗੁਰਮਤਿ ਅਨੁਸਾਰ ਜਗਤ ਦੀ ਉਤਪਤੀ ਦਾ ਕਾਰਨ ਹਉਮੈ ਹੈ। ਹੁਕਮ ਦੁਆਰਾ ਹਉਮੈ ਸਾਜੀ ਗਈ ਜਿਸ ਤੋਂ ਇਸ ਸੰਸਾਰ ਦੀ ਖੇਡ ਤੁਰ ਪਈ:

ਕਿਤੁ ਕਿਤੁ ਬਿਧਿ ਜਗੁ ਉਪਜੈ ਪੁਰਖਾ ਕਿਤੁ ਕਿਤੁ ਦੁਖਿ ਬਿਨਸਿ ਜਾਈ॥
ਹਉਮੈ ਵਿਚਿ ਜਗੁ ਉਪਜੈ ਪੁਰਖਾ ਨਾਮਿ ਵਿਸਰਿਐ ਦੁਖੁ ਪਾਈ॥ (ਪੰਨਾ 946)

ਮਨ, ਬੁਧਿ, ਚਿਤ ਆਦਿ ਸਭ ਇਸੇ ਪ੍ਰਕਿਰਤੀ ਦੇ ਹੀ ਵੱਖ-ਵੱਖ ਰੂਪ ਹਨ। ਸਾਰੀ ਸ੍ਰਿਸ਼ਟੀ ਵਿਚ ਚੇਤੰਨਤਾ ਆਤਮਾ ਦੀ ਹੈ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਸਾਬਕਾ ਮੀਤ ਸਕੱਤਰ -ਵਿਖੇ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)