ਸਮੇਂ-ਸਮੇਂ ਸਿਰ ਹਰ ਧਰਮ ਵਿਚ ਵੱਖ-ਵੱਖ ਧਾਰਮਿਕ ਆਗੂ, ਲੋਕਾਈ ਨੂੰ ਰੱਬੀ-ਪਰਉਪਕਾਰੀ ਸੁਨੇਹਾ ਦਿੰਦੇ ਰਹੇ ਹਨ। ਹਰ ਧਰਮ ਦੇ ਧਾਰਮਿਕ ਗ੍ਰੰਥ ਆਪੋ-ਆਪਣੀ ਥਾਂ ’ਤੇ ਸਤਿਕਾਰਯੋਗ ਹਨ ਪਰ ਜੋ ਸਰਬ-ਸ੍ਰੇਸ਼ਟਤਾ, ਸਰਬ-ਸਤਿਕਾਰ, ਸਰਬ-ਸਾਂਝੀਵਾਲਤਾ, ਪ੍ਰਮਾਣਿਕਤਾ ਅਤੇ ਵਿਸ਼ਵ-ਭਾਈਚਾਰੇ ਲਈ ਸਰਬ-ਸਾਂਝਾ ਉਪਦੇਸ਼, ਧੁਰ ਕੀ ਬਾਣੀ, ਸ਼ਬਦ-ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹੈ, ਉਹ ਹੋਰ ਕਿਤੇ ਵੀ ਨਹੀਂ ਲੱਭਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਮੁੱਚੀ ਬਾਣੀ ਰੱਬੀ ਹੁਕਮ ਹੈ, ਜਿਸ ਨੂੰ ਨਿਰੰਕਾਰ ਪਰਮੇਸ਼ਰ ਨੇ ਮਿਹਰ ਕਰਕੇ, ਆਪਣੇ ਪਿਆਰਿਆਂ ਦੇ ਮੂੰਹੋਂ ਬੁਲਵਾਇਆ ਹੈ। ਇਹ ਵਿਅਕਤੀਗਤ ਕਿਰਤ ਨਹੀਂ, ਇਹ ਧੁਰ ਦਰਗਾਹੀ ਕਿਰਤ ਹੈ। ਇਸੇ ਕਰਕੇ ਇਸ ਨੂੰ ‘ਗੋਵਿੰਦ ਕੀ ਬਾਣੀ’, ‘ਖਸਮ ਕੀ ਬਾਣੀ’, ‘ਧੁਰ ਕੀ ਬਾਣੀ’ ਆਦਿ ਦੇ ਵਿਸ਼ੇਸ਼ਣਾਂ ਨਾਲ ਅਲੰਕ੍ਰਿਤ ਕੀਤਾ ਗਿਆ ਹੈ। ਇਹ ਨਿਰੋਲ ਅਜਿਹੀ ਰੱਬੀ-ਸ਼ਕਤੀ ਹੈ ਜੋ ‘ਹਰਿ-ਜਨ’ ਨੂੰ ‘ਹਰਿ’ ਵਿਚ ਅਭੇਦ ਕਰ ਸਕਣ ਦੀ ਅਥਾਹ ਸਮਰੱਥਾ ਰੱਖਦੀ ਹੈ। ਵਿਸ਼ਵ-ਭਾਈਚਾਰੇ ਦੇ ਸਰਬਪੱਖੀ ਕਲਿਆਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਰਬੱਤ ਦੇ ਭਲੇ ਦਾ ਪਾਵਨ ਸੰਦੇਸ਼ ਹੈ। ਇਸ ਵਿਚ ਕਿਸੇ ਵਿਸ਼ੇਸ਼ ਵਰਗ ਲਈ ਨਹੀਂ, ਸਗੋਂ ਬਿਨਾਂ ਕਿਸੇ ਵਿਤਕਰੇ ਦੇ, ਸਭ ਪ੍ਰਾਣੀਆਂ ਨਾਲ ਇੱਕੋ ਜਿਹਾ ਵਰਤਾਓ ਕੀਤਾ ਗਿਆ ਹੈ। ਜੈਨੀਆਂ, ਬੋਧੀਆਂ, ਈਸਾਈਆਂ, ਮੁੱਲਾਂ, ਕਾਜ਼ੀਆਂ, ਜੋਗੀਆਂ, ਹਿੰਦੂਆਂ, ਸਿੱਖਾਂ, ਪਾਰਸੀਆਂ, ਯਹੂਦੀਆਂ ਆਦਿ ਸਭ ਨੂੰ ਪਰਸਪਰ-ਮਿਲਵਰਤਨ, ਪ੍ਰੇਮ-ਭਾਵਨਾ ਨਾਲ ਜੀਵਨ-ਬਸਰ ਕਰਨ ਅਤੇ ਚੰਗੇ ਇਨਸਾਨ ਬਣਨ ਦਾ ਬਰਾਬਰ ਸੰਦੇਸ਼ ਪ੍ਰਦਾਨ ਕੀਤਾ ਗਿਆ ਹੈ। ਇਸ ਮਹਾਨ ‘ਸ਼ਬਦ-ਗੁਰੂ’ ਵਿਚ ਕਿਸੇ ਨਾਲ ਵੀ ਰਿਆਇਤ ਨਹੀਂ ਕੀਤੀ ਗਈ, ਸਗੋਂ ਨਾਮ-ਸਿਮਰਨ, ਪ੍ਰੇਮਾ-ਭਗਤੀ, ਕਿਰਤ-ਵਿਰਤ’ ਅਤੇ ‘ਸ਼ੁਭ-ਅਮਲ’ ਕਰਨ ਲਈ ਅਜਿਹੀ ਚੇਤਨਾ ਬਖ਼ਸ਼ੀ ਗਈ ਹੈ ਕਿ ਅਸੀਂ ਸਾਰੇ ‘ਏਕੁ ਪਿਤਾ ਏਕਸ ਕੇ ਹਮ ਬਾਰਿਕ’ ਹਾਂ। ਤਾਂ ਫਿਰ ਵਿਸ਼ਵ-ਪੱਧਰ ’ਤੇ ਮਨੁੱਖੀ ਭਾਈਚਾਰੇ ਨਾਲ ਵਿਤਕਰਾ ਕਿਉਂ?
ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ॥ (ਪੰਨਾ 671)
ਜਿਥੈ ਜਾਇ ਬਹੀਐ ਭਲਾ ਕਹੀਐ ਸੁਰਤਿ ਸਬਦੁ ਲਿਖਾਈਐ॥ (ਪੰਨਾ 566)
ਸਭ ਕੀ ਰੇਨੁ ਹੋਇ ਰਹੈ ਮਨੂਆ ਸਗਲੇ ਦੀਸਹਿ ਮੀਤ ਪਿਆਰੇ॥ (ਪੰਨਾ 379)
ਜਿਥੇ ਸਰਬੱਤ ਦਾ ਭਲਾ ਹੈ, ਉਥੇ ਕਿਸੇ ਦਾ ਬੁਰਾ ਮੰਗਿਆ ਹੀ ਨਹੀਂ ਜਾਂਦਾ। ਦੁਨੀਆਂ ਵਿਚ ਸਭ ਕੋਈ ਆਪਣਾ ਹੀ ਭਲਾ ਚਾਹੁੰਦਾ ਹੈ ਪਰ ਕਦੀ ਕਿਸੇ ਨੇ ਗਵਾਂਢੀ ਜਾਂ ਸਮਾਜ ਦਾ ਭਲਾ ਕਦੇ ਘੱਟ ਹੀ ਮੰਗਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਅਜਿਹਾ ਵਿਲੱਖਣ ਮਹਾਨ ਗੁਰੂ ਹੈ, ਜਿਸ ਵਿਚ ਉਪਦੇਸ਼ ਹੈ ਕਿ ਹੇ ਮਨੁੱਖ! ਜੇਕਰ ਤੂੰ ਸਦਾ ਸੁਖ ਚਾਹੁੰਦਾ ਹੈਂ, ਤਾਂ ਕਿਸੇ ਦਾ ਬੁਰਾ ਮਨ ਵਿਚ ਵੀ ਨਾ ਸੋਚ:
ਪਰ ਕਾ ਬੁਰਾ ਨ ਰਾਖਹੁ ਚੀਤ॥
ਤੁਮ ਕਉ ਦੁਖੁ ਨਹੀ ਭਾਈ ਮੀਤ॥ (ਪੰਨਾ 386)
ਸਰਬੱਤ ਦਾ ਭਲਾ ਮੰਗਣ ਨਾਲ ਆਪਣਾ ਭਲਾ ਵੀ ਵਿੱਚੇ ਹੀ ਆ ਜਾਂਦਾ ਹੈ। ਗੁਰਬਾਣੀ ਵਿਚ ਕਿਤੇ ਵੀ ਕੇਵਲ ਵਿਅਕਤੀਗਤ ਭਲੇ ਦੀ ਗੱਲ ਨਹੀਂ ਕੀਤੀ ਗਈ। ਅਕਾਲ ਪੁਰਖ ਤੋਂ ਸਭ ਜੀਅ-ਜੰਤਾਂ ਉੱਤੇ ਮਿਹਰ ਕਰਨ, ਸਾਰੇ ਸੰਸਾਰ ਨੂੰ ਅੰਨ, ਪਾਣੀ, ਬਸਤਰ ਦੇਣ, ਸਭ ਪ੍ਰਕਾਰੀ ਦੁੱਖ, ਕਲੇਸ਼, ਵੈਰ-ਵਿਰੋਧ ਮਿਟਾਉਣ ਅਤੇ ਸਾਰੀ ਦੁਨੀਆਂ ਉੱਤੇ ਸੁਖ-ਸ਼ਾਂਤੀ ਲਈ ਅਰਦਾਸ ਕੀਤੀ ਗਈ ਹੈ:
ਸਭੇ ਜੀਅ ਸਮਾਲਿ ਅਪਣੀ ਮਿਹਰ ਕਰੁ॥
ਅੰਨੁ ਪਾਣੀ ਮੁਚੁ ਉਪਾਇ ਦੁਖ ਦਾਲਦੁ ਭੰਨਿ ਤਰੁ॥
ਅਰਦਾਸਿ ਸੁਣੀ ਦਾਤਾਰਿ ਹੋਈ ਸਿਸਟਿ ਠਰੁ॥
ਲੇਵਹੁ ਕੰਠਿ ਲਗਾਇ ਅਪਦਾ ਸਭ ਹਰੁ॥
ਨਾਨਕ ਨਾਮੁ ਧਿਆਇ ਪ੍ਰਭ ਕਾ ਸਫਲੁ ਘਰੁ॥ (ਪੰਨਾ 1251)
ਸਾਰਾ ਸੰਸਾਰ ਦੁੱਖਾਂ, ਕਲੇਸ਼ਾਂ, ਵਿਕਾਰਾਂ ਅਤੇ ਹਉਮੈ ਦੀ ਅੱਗ ਵਿਚ ਸੜ ਰਿਹਾ ਹੈ। ਜਗਤ-ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕਰਤਾ-ਪੁਰਖ ਅੱਗੇ ਪੁਰਜ਼ੋਰ ਬੇਨਤੀ ਕੀਤੀ ਗਈ ਹੈ ਕਿ ਜਿਵੇਂ ਵੀ ਹੋਵੇ, ਹੇ ਪ੍ਰਭੂ ਜੀ! ਇਸ ਸੜ ਰਹੇ ਸੰਸਾਰ ਉੱਤੇ ਕਿਰਪਾ ਕਰਕੇ ਠੰਡ ਵਰਤਾਓ:
ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ॥
ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ॥ (ਪੰਨਾ 853)
ਸਾਰਿਆਂ ਦਾ ਸਰਬ-ਸਾਂਝਾ ਪਿਤਾ ਪ੍ਰਭੂ ਹੈ। ਇੱਕੇ ਮਿੱਟੀ ਤੋਂ ਹੀ ਉਸ ਨੇ ਹਾਥੀ, ਕੀੜੀ, ਬਨਸਪਤੀ, ਮਨੁੱਖ, ਪਸ਼ੂ, ਪੰਛੀ ਸਿਰਜੇ ਹਨ। ਸਾਰਿਆਂ ਵਿਚ ਆਪ ਹੀ ਵਿਆਪਕ ਹੈ:
ਸਭੈ ਘਟ ਰਾਮੁ ਬੋਲੈ ਰਾਮਾ ਬੋਲੈ॥
ਰਾਮ ਬਿਨਾ ਕੋ ਬੋਲੈ ਰੇ॥1॥ ਰਹਾਉ॥
ਏਕਲ ਮਾਟੀ ਕੁੰਜਰ ਚੀਟੀ ਭਾਜਨ ਹੈਂ ਬਹੁ ਨਾਨਾ ਰੇ॥
ਅਸਥਾਵਰ ਜੰਗਮ ਕੀਟ ਪਤੰਗਮ ਘਟਿ ਘਟਿ ਰਾਮੁ ਸਮਾਨਾ ਰੇ॥ (ਪੰਨਾ 908)
ਜੇਕਰ ਸਾਰਿਆਂ ਵਿਚ ਖੁਦਾ ਦਾ ਵਾਸਾ ਹੈ। ਸਭ ਇੱਕੋ ਜਿਹੇ ਹਨ। ਉਸ ਤੋਂ ਬਿਨਾਂ ਕੋਈ ਹੈ ਹੀ ਨਹੀਂ, ਤਾਂ ਫਿਰ ਇਨਸਾਨ, ਇਨਸਾਨ ਦਾ ਦੁਸ਼ਮਣ ਕਿਉਂ ਬਣੀ ਬੈਠਾ ਹੈ? ਵੈਰ-ਵਿਰੋਧ, ਈਰਖਾ, ਝਗੜੇ, ਮੁਕੱਦਮੇ, ਮਨੁੱਖੀ ਮਨ-ਮੁਟਾਵ, ਵਿਸ਼ਵ-ਪੱਧਰ ’ਤੇ ਅੰਤਰਰਾਸ਼ਟਰੀ ਝਗੜੇ, ਤੋਪਾਂ, ਬਰੂਦ, ਐਟਮੀ ਤਬਾਹੀ ਦੇ ਪਦਾਰਥ ਸਭ ਕਿਸ ਲਈ ਮਨੁੱਖ ਨੇ ਬਣਾਏ ਹਨ? ਮਨੁੱਖ ਹੀ ਮਨੁੱਖ ਦਾ ਵੈਰੀ ਬਣੀ ਬੈਠਾ ਹੈ। ਜ਼ਮੀਨਾਂ ਦੇ ਝਗੜੇ, ਮਾਇਆ-ਪਦਾਰਥਾਂ ਦੀ ਕਾਣੀ ਵੰਡ, ਮਜ਼ਦੂਰਾਂ ਦਾ ਸ਼ੋਸ਼ਣ ਆਦਿ ਵਿਸ਼ਵ-ਪੱਧਰ ’ਤੇ ਵਿਆਪਕ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਸ਼ਵ-ਦ੍ਰਿਸ਼ਟੀ ਏਨੀ ਵਿਸ਼ਾਲ ਹੈ ਕਿ ਇਹ ਵਿਸ਼ਵ-ਪੱਧਰ ’ਤੇ ਸ਼ਾਂਤੀ, ਏਕਤਾ, ਪਿਆਰ, ਖੁਸ਼ੀਆਂ, ਖੇੜੇ ਤੇ ਸਰਬਪੱਖੀ ਖੁਸ਼ਹਾਲੀ ਦਾ ਪ੍ਰਸਾਰ ਲੋਚਦੀ ਹੈ:
ਫਰੀਦਾ ਖਾਲਕੁ ਖਲਕ ਮਹਿ ਖਲਕ ਵਸੈ ਰਬ ਮਾਹਿ॥
ਮੰਦਾ ਕਿਸ ਨੋ ਆਖੀਐ ਜਾਂ ਤਿਸੁ ਬਿਨੁ ਕੋਈ ਨਾਹਿ॥ (ਪੰਨਾ 1381)
ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ॥
ਸੂਤੁ ਏਕੁ ਮਣਿ ਸਤ ਸਹੰਸ ਜੈਸੇ ਓਤਿ ਪੋਤਿ ਪ੍ਰਭੁ ਸੋਈ॥ (ਪੰਨਾ 485)
ਏਕੋ ਪਵਣੁ ਮਾਟੀ ਸਭ ਏਕਾ ਸਭ ਏਕਾ ਜੋਤਿ ਸਬਾਈਆ॥ (ਪੰਨਾ 96)
ਸੰਸਾਰ-ਮਨੁੱਖ ਦੇ ਸੰਦਰਭ ਵਿਚ, ਜਿਵੇਂ ਇਕ ਪਰਵਾਰ ਦੇ ਸਾਰੇ ਜੀਅ ਜੇਕਰ ਸਲੂਕ-ਇਤਫਾਕ ਤੇ ਪਿਆਰ ਨਾਲ ਰਹਿਣ ਤਾਂ ਪਰਵਾਰ ਦੀ ਖੁਸ਼ਹਾਲੀ ਰਹਿੰਦੀ ਹੈ ਅਤੇ ਉਨ੍ਹਾਂ ਦੇ ਮਾਤਾ-ਪਿਤਾ ਵੀ ਖੁਸ਼ ਰਹਿੰਦੇ ਹਨ। ਪਰ ਇਸ ਦੇ ਉਲਟ ਜੇਕਰ ਪਰਵਾਰ ਵਿਚ ਪਰਸਪਰ ਦਵੈਤ, ਈਰਖਾ, ਝਗੜੇ, ਵੰਡ-ਇਕਾਈਆਂ ਅਤੇ ਕਲੇਸ਼ ਰਹਿਣ ਤਾਂ ਮਾਪਿਆਂ ਨੂੰ ਵੀ ਦੁੱਖ ਪਹੁੰਚਦਾ ਹੈ। ਇਸੇ ਸਬੰਧ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸੰਸਾਰ-ਮਨੁੱਖ ਨੂੰ ਮਨ ਵਿੱਚੋਂ ਕ੍ਰੋਧ ਕੱਢ ਦੇਣ ਅਤੇ ਕਿਸੇ ਦਾ ਵੀ ਦਿਲ ਨਾ ਦੁਖੀ ਕਰਨ ਦਾ ਉਪਦੇਸ਼ ਹੈ:
ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ॥ (ਪੰਨਾ 1381)
ਦੂਖੁ ਨ ਦੇਈ ਕਿਸੈ ਜੀਅ ਪਤਿ ਸਿਉ ਘਰਿ ਜਾਵਉ॥ (ਪੰਨਾ 322)
ਗੁਰਬਾਣੀ ਅਨੁਸਾਰ ਕੋਈ ਵੀ ਮੰਦਾ ਜਾਂ ਬੁਰਾ ਨਹੀਂ। ਸਭ ਸ੍ਰਿਸ਼ਟੀ ਕਰਤਾ ਪੁਰਖ ਨੇ ਇਕ ਨੂਰ ਤੋਂ ਹੀ ਸਾਜੀ ਹੈ। ਸਾਰੇ ਉਸੇ ਦੇ ਹੀ ਬੰਦੇ ਹਨ:
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥ (ਪੰਨਾ 1349)
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅਜਿਹੇ ਸਰੀਰ ਨੂੰ ਉੱਤਮ ਕਿਹਾ ਗਿਆ ਹੈ ਜੋ ਅੰਦਰੋਂ-ਬਾਹਰੋਂ ਨਿਰਮਲ ਹੈ। ਜੋ ਮਨੁੱਖ ਗੁਰੂ-ਹੁਕਮ ਵਿਚ ਜੀਵਨ-ਬਸਰ ਕਰਦੇ ਹਨ, ਉਹੀ ਉੱਤਮ ਹਨ। ਜੋ ਮਨੁੱਖ ਦੂਸਰਿਆਂ ਦਾ ਬੁਰਾ ਸੋਚਦੇ ਹਨ ਜਾਂ ਕਰਦੇ ਹਨ ਅਤੇ ਪਰਉਪਕਾਰ ਤੋਂ ਦੂਰ ਹਨ, ਉਹ ਕਦੇ ਵੀ ਪਰਮੇਸ਼ਰ-ਪਿਤਾ ਨੂੰ ਚੰਗੇ ਨਹੀਂ ਲੱਗਦੇ। ਪਰਮੇਸ਼ਰ ਵਾਸਤੇ ਤਾਂ ਉਹ ਸਰੀਰ ਪਵਿੱਤਰ ਹੈ, ਜੋ ‘ਪਾਪ’ ਅਰਥਾਤ ਬੁਰੇ ਕਰਮ ਨਹੀਂ ਕਰਦਾ:
ਸੋ ਤਨੁ ਨਿਰਮਲੁ ਜਿਤੁ ਉਪਜੈ ਨ ਪਾਪੁ॥ (ਪੰਨਾ 198)
ਜੋ ਮਨੁੱਖ ਸਵੈ-ਸੁਆਰਥ ਦੀ ਪੂਰਤੀ ਲਈ, ਵਧੇਰੇ ਧਨ ਇਕੱਤਰ ਕਰਨ ਅਤੇ ਆਪਣੀ ਹਉਮੈ ਵੱਸ ਦੂਸਰਿਆਂ ਨਾਲ ਕਪਟ (ਧੋਖਾ) ਕਰਦੇ ਹਨ। ਅਕਾਲ ਪੁਰਖ ਦੇ ਦਰਬਾਰ ਵਿਚ ਉਨ੍ਹਾਂ ਨੂੰ ਲੇਖਾ ਦੇਣਾ ਹੀ ਪਵੇਗਾ। ਉਸ ਸਮੇਂ ਦਾ ਪਛਤਾਇਆ ਫਿਰ ਕਿਸੇ ਵੀ ਕੰਮ ਨਹੀਂ ਆਵੇਗੀ। ਸਾਹਿਬ ਦਾ ਪਾਵਨ ਫ਼ਰਮਾਨ ਹੈ:
ਮਨ ਮੇਰੇ ਭੂਲੇ ਕਪਟੁ ਨ ਕੀਜੈ॥
ਅੰਤਿ ਨਿਬੇਰਾ ਤੇਰੇ ਜੀਅ ਪਹਿ ਲੀਜੈ॥ (ਪੰਨਾ 656)
‘ਬਿਗਾਨਾ ਹੱਕ’ ਖਾਣਾ ਜਿੱਥੇ ਗੁਰਬਾਣੀ ਵਿਚ ਸਖ਼ਤੀ ਨਾਲ ਵਿਵਰਜਿਤ ਹੈ, ਉਥੇ ਆਪਣੇ ਦਸਾਂ ਨਹੁੰਆਂ ਦੀ ਕਿਰਤ-ਕਮਾਈ ਕਰਨ ਨੂੰ ਉਤਸ਼ਾਹਿਤ ਕੀਤਾ ਗਿਆ ਹੈ। ਮਨੁੱਖੀ ਜੀਵਨ ਵਿਚ ਜੇਕਰ ਵਾਸਤਵਿਕ ਅਧਿਆਤਮਿਕ ਜੀਵਨ ਦੀ ਸੂਝ ਪ੍ਰਾਪਤ ਕਰਨੀ ਹੈ ਅਰਥਾਤ ਪ੍ਰਭੂ-ਮਾਰਗ ਦੀ ਸੂਝ ਕੇਵਲ, ਆਪਣੀ ਖੂਨ-ਪਸੀਨੇ ਦੀ ਕੀਤੀ ਹੋਈ ਨੇਕ ਕਮਾਈ ਵਿਚ ਹੀ ਹੈ:
ਘਾਲਿ ਖਾਇ ਕਿਛੁ ਹਥਹੁ ਦੇਇ॥
ਨਾਨਕ ਰਾਹੁ ਪਛਾਣਹਿ ਸੇਇ॥ (ਪੰਨਾ 1245)
ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਦਾਇਰਾ ਏਨਾ ਵਿਸ਼ਾਲ ਹੈ ਕਿ ਮਨੁੱਖੀ ਜੀਵਨ ਦੇ ਹਰੇਕ ਖੇਤਰ ਨਾਲ ਸੰਬੰਧਿਤ ਭੂਤ, ਭਵਿੱਖ ਅਤੇ ਵਰਤਮਾਨ ਦੀ ਸਭ-ਪ੍ਰਕਾਰੀ ਸਮੱਗਰੀ ਇਸ ਵਿਚ ਸੰਮਿਲਤ ਹੈ। ਮਨੁੱਖੀ ਜੀਵਨ ਲਈ ਇਸ ਵਿਚ ਸਰਬਕਾਲੀ, ਸਰਬਪੱਖੀ, ਸੁਯੋਗ ਅਗਵਾਈ ਕਰ ਸਕਣ ਦੀ ਸਮਰੱਥਾ ਹੈ। ਸਿੱਖ ਜਗਤ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ‘ਜੁਗੋ ਜੁਗ ਅਟੱਲ ਗੁਰੂ’ ਦੇ ਰੂਪ ਵਿਚ ਸਰਬਉੱਚ ਸਤਿਕਾਰ ਪ੍ਰਾਪਤ ਹੈ। ਹਰ ਧਰਮ ਦੇ ਲੋਕ ਇਸ ਮਹਾਨ ‘ਸ਼ਬਦ ਗੁਰੂ’ ਦਾ ਸਤਿਕਾਰ ਕਰਦੇ ਹਨ ਕਿਉਂਕਿ ਅਜਿਹਾ ਸਰਬ-ਸਾਂਝਾ ਮਹਾਨ ਗ੍ਰੰਥ ਹੋਰ ਕੋਈ ਹੈ ਹੀ ਨਹੀਂ, ਜੋ ਸਮੁੱਚੇ ਵਿਸ਼ਵ ਨੂੰ ਬਿਨਾਂ ਕਿਸੇ ਵਿਤਕਰੇ ਦੇ ਸਾਂਝੀਵਾਲਤਾ ਦਾ ਬਰਾਬਰ ਸੁਨੇਹਾ ਪ੍ਰਦਾਨ ਕਰਦਾ ਹੋਵੇ। ਗੁਰਮਤਿ ਮਾਰਗ ਵਿਚ ਨਾ ਕੋਈ ਵੈਰੀ ਹੈ ਨਾ ਕੋਈ ਬਿਗਾਨਾ ਹੈ ਸਗੋਂ ਸਾਰੇ ਇੱਕ ਹੀ ਪਿਤਾ ਦੇ ਪੁੱਤਰ ਆਪਸ ਵਿਚ ਸਾਂਝੀਵਾਲ ਹਨ, ਸਾਜਨ ਹਨ। ਦੂਜਾ ਕੋਈ ਹੈ ਹੀ ਨਹੀਂ ਤਾਂ ਫਿਰ ਵੈਰ-ਵਿਰੋਧ ਕਾਹਦਾ? ਇਸ ਲਈ ਜੇਕਰ ਅਸੀਂ ਪੂਰੇ ਵਿਸ਼ਵ ਵਿਚ ਪਿਆਰ, ਸਦਭਾਵਨਾ, ਸਾਂਝੀਵਾਲਤਾ ਆਦਿ ਚਾਹੁੰਦੇ ਹਾਂ ਤਾਂ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਅਨੁਸਾਰ ‘ਹਿਰਦਾ ਸ਼ੁੱਧ’ ਕਰ ਕੇ ਜੀਵਨ ਬਤੀਤ ਕਰਨਾ ਚਾਹੀਦਾ ਹੈ:
ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ॥ (ਪੰਨਾ 1299)
ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ॥ (ਪੰਨਾ 97)
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰਬੱਤ ਦੇ ਭਲੇ ਦਾ ਸੰਦੇਸ਼ ਜੁਗੋ-ਜੁਗ ਅਟੱਲ ਹੈ ਅਤੇ ਵਰਤਮਾਨ ਐਟਮੀ ਵਿਗਿਆਨਕ ਯੁੱਗ ਵਿਚ ਇਸ ਦੀ ਅਹਿਮ ਸਾਰਥਕਤਾ ਹੈ। ਤਾਂ ਹੀ ਹਰ ਗੁਰਸਿੱਖ ਨਿਤਾਪ੍ਰਤੀ ਆਪਣੇ ਗੁਰੂ ਪਾਸੋਂ ਜਿੱਥੇ ‘ਨਾਮ-ਸਿਮਰਨ’ ਦੀ ਦਾਤ ਮੰਗਦਾ ਹੈ, ਉਥੇ ਨਾਲ ਹੀ ‘ਸਰਬੱਤ ਦੇ ਭਲੇ’ ਦੀ ਅਰਦਾਸ ਵੀ ਕਰਦਾ ਹੈ:
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।
ਲੇਖਕ ਬਾਰੇ
- ਡਾ. ਰਛਪਾਲ ਸਿੰਘhttps://sikharchives.org/kosh/author/%e0%a8%a1%e0%a8%be-%e0%a8%b0%e0%a8%9b%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-2/July 1, 2007
- ਡਾ. ਰਛਪਾਲ ਸਿੰਘhttps://sikharchives.org/kosh/author/%e0%a8%a1%e0%a8%be-%e0%a8%b0%e0%a8%9b%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-2/October 1, 2007
- ਡਾ. ਰਛਪਾਲ ਸਿੰਘhttps://sikharchives.org/kosh/author/%e0%a8%a1%e0%a8%be-%e0%a8%b0%e0%a8%9b%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-2/November 1, 2007
- ਡਾ. ਰਛਪਾਲ ਸਿੰਘhttps://sikharchives.org/kosh/author/%e0%a8%a1%e0%a8%be-%e0%a8%b0%e0%a8%9b%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-2/December 1, 2007
- ਡਾ. ਰਛਪਾਲ ਸਿੰਘhttps://sikharchives.org/kosh/author/%e0%a8%a1%e0%a8%be-%e0%a8%b0%e0%a8%9b%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-2/
- ਡਾ. ਰਛਪਾਲ ਸਿੰਘhttps://sikharchives.org/kosh/author/%e0%a8%a1%e0%a8%be-%e0%a8%b0%e0%a8%9b%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-2/March 1, 2009
- ਡਾ. ਰਛਪਾਲ ਸਿੰਘhttps://sikharchives.org/kosh/author/%e0%a8%a1%e0%a8%be-%e0%a8%b0%e0%a8%9b%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-2/March 1, 2010
- ਡਾ. ਰਛਪਾਲ ਸਿੰਘhttps://sikharchives.org/kosh/author/%e0%a8%a1%e0%a8%be-%e0%a8%b0%e0%a8%9b%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-2/April 1, 2010
- ਡਾ. ਰਛਪਾਲ ਸਿੰਘhttps://sikharchives.org/kosh/author/%e0%a8%a1%e0%a8%be-%e0%a8%b0%e0%a8%9b%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-2/September 1, 2010
- ਡਾ. ਰਛਪਾਲ ਸਿੰਘhttps://sikharchives.org/kosh/author/%e0%a8%a1%e0%a8%be-%e0%a8%b0%e0%a8%9b%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-2/December 1, 2010