editor@sikharchives.org
Gurbani Kirtan

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਗੀਤ-ਪ੍ਰਬੰਧ ਅਤੇ ਗੁਰਬਾਣੀ ਕੀਰਤਨ

ਗੁਰਮਤਿ ਸੰਗੀਤ ਅਕਾਲ ਪੁਰਖ ਦੀ ਆਪਣੀ ਭਾਸ਼ਾ ਹੈ ਜਿਸ ਵਿਚ, ਮਨ ਨੂੰ ਵੱਸ ਵਿਚ ਕਰਨ ਅਤੇ ਆਤਮਿਕ ਖੇੜਾ ਲਿਆਉਣ ਦੀ ਪੂਰਨ ਸਮਰੱਥਾ ਹੈ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਗੀਤ-ਪ੍ਰਬੰਧ ਲਾਸਾਨੀ (unique) ਹੈ ਅਤੇ ਇਸ ’ਤੇ ਆਧਾਰਿਤ ਗੁਰਬਾਣੀ-ਕੀਰਤਨ ਦੀ ਪਰੰਪਰਾ ਵੀ ਭਾਰਤੀ ਸੰਗੀਤ ਦੇ ਖੇਤਰ ਵਿਚ ਵਿਲੱਖਣ ਸਥਾਨ ਰੱਖਦੀ ਹੈ। ਭਾਰਤੀ ਸੰਗੀਤ ਕਲਾ ਦੇ ਸੰਦਰਭ ਵਿਚ ਇਸ ਨੂੰ ਗੁਰਮਤਿ ਸੰਗੀਤ ਦਾ ਨਾਂ ਦਿੱਤਾ ਗਿਆ ਹੈ ਜੋ ਪੂਰਨ ਰੂਪ ਵਿਚ ਅਧਿਆਤਮਿਕ ਸੰਗੀਤ-ਪੱਧਤੀ ਹੈ। ਗੁਰਮਤਿ ਸੰਗੀਤ ਅਕਾਲ ਪੁਰਖ ਦੀ ਆਪਣੀ ਭਾਸ਼ਾ ਹੈ ਜਿਸ ਵਿਚ, ਮਨ ਨੂੰ ਵੱਸ ਵਿਚ ਕਰਨ ਅਤੇ ਆਤਮਿਕ ਖੇੜਾ ਲਿਆਉਣ ਦੀ ਪੂਰਨ ਸਮਰੱਥਾ ਹੈ। ਵਿਗਿਆਨਕਾਂ ਦੀ ਖੋਜ ਅਨੁਸਾਰ ਸੰਗੀਤ1 ਦਾ ਜਾਦੂਮਈ ਪ੍ਰਭਾਵ ਸਰਬ-ਵਿਆਪਕ ਹੋਣ ਕਰਕੇ ਕੋਈ ਵੀ ਮਨੁੱਖ, ਪਸ਼ੂ, ਪੰਛੀ ਅਤੇ ਇਥੋਂ ਤਕ ਕਿ ਬਨਸਪਤੀ ਵੀ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਦੀ। ਸ਼ਾਇਦ ਇਸੇ ਲਈ ਗੁਰੂ ਸਾਹਿਬਾਨ ਅਤੇ ਹੋਰ ਬਾਣੀਕਾਰਾਂ ਨੇ ਸੰਗੀਤ ਨੂੰ ਪ੍ਰਭੂ-ਮਿਲਾਪ ਦਾ ਸਾਧਨ ਮੰਨ ਕੇ ਆਪਣੇ ਰੂਹਾਨੀ ਪੈਗ਼ਾਮ ਦੇ ਸੰਚਾਰ ਦਾ ਮਾਧਿਅਮ ਬਣਾਇਆ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜੁੱਗੋ ਜੁੱਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਸੰਗੀਤ ਨੂੰ ਮਹੱਤਵਪੂਰਨ ਸਥਾਨ ਦੇ ਕੇ ਇਸ ਦੀ ਗੌਰਵਤਾ ਨੂੰ ਵਧਾ ਦਿੱਤਾ ਹੈ।

ਇਹ ਸਰਵ-ਪ੍ਰਮਾਣਿਤ ਤੱਥ ਹੈ ਕਿ ਗੁਰਬਾਣੀ ਵਿਚ ਕਾਵਿ-ਕਲਾ ਅਤੇ ਸੰਗੀਤ-ਕਲਾ ਦਾ ਸੁੰਦਰ ਸੁਮੇਲ ਹੋਇਆ ਹੈ। ਪ੍ਰੋ. ਤਾਰਾ ਸਿੰਘ ਦੇ ਸ਼ਬਦਾਂ ਵਿਚ, “ਗੁਰੂ ਸਾਹਿਬਾਨ ਨੇ ਗੁਰਬਾਣੀ ਤੇ ਸੰਗੀਤ ਨੂੰ ਇਕ ਦੂਜੇ ਨਾਲ ਜੋੜ ਕੇ ਵਿਸਮਾਦੀ ਅਨੰਦ ਪ੍ਰਦਾਨ ਕਰਾਇਆ ਹੈ… ਸ਼ਬਦ ਤੇ ਧੁਨੀ ਦਾ ਸੰਜੋਗ ਸਤਿਅੰ ਤੇ ਸ਼ਿਵੰ ਦਾ ਸੁੰਦਰ ਸੁਮੇਲ ਬਣ ਜਾਂਦਾ ਹੈ ਜਿਸ ਨਾਲ ਸ੍ਰੋਤੇ ਦੇ ਹਿਰਦੇ ਵਿਚ ਬਾਣੀ ਦਾ ਪ੍ਰਭਾਵ ਸਿੱਧਾ ਜਾ ਪ੍ਰਵੇਸ਼ ਕਰਦਾ ਹੈ ਅਤੇ ‘ਸੁਣਤੇ ਪੁਨੀਤ ਕਹਤੇ ਪਵਿਤੁ’ ਵਾਲੀ ਦਸ਼ਾ ਤਾਰੀ ਹੋ ਜਾਂਦੀ ਹੈ।”2 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਸ਼ਬਦ ਅਤੇ ਸੰਗੀਤ ਦਾ ਸੰਜੋਗ ਹੋਣ ਕਾਰਨ ਇਸ (ਗ੍ਰੰਥ) ਨੂੰ ਵਿਸ਼ਵ-ਧਰਮਾਂ ਦੇ ਧਰਮ-ਗ੍ਰੰਥਾਂ (scriptures) ਵਿਚ (ਕਾਵਿ ਅਤੇ ਸੰਗੀਤ ਦੇ ਪੱਖ ਤੋਂ) ਸਰਵਉੱਚ ਸਥਾਨ ਪ੍ਰਾਪਤ ਹੈ। ‘ਪਰਤਖਿ ਹਰਿ’ ਪੰਚਮ ਗੁਰੂ ਇਕ ਮਹਾਨ ਸੰਗੀਤਕਾਰ ਸਨ ਜਿਨ੍ਹਾਂ ਨੇ ਸਮੁੱਚੀ ਮਾਨਵਤਾ ਦੇ ਭਲੇ ਨੂੰ ਮੁੱਖ ਰੱਖ ਕੇ ‘ਧੁਰ ਕੀ ਬਾਣੀ’(ਜੋ ਕਾਵਿ-ਰੂਪ ਵਿਚ ਹੈ) ਨੂੰ ਸੰਗੀਤ ਦੇ ਸੁਰ-ਤਾਲ ਵਿਚ ਪਾ ਕੇ ਸਰਬ-ਸਾਂਝੇ ਧਰਮ-ਗ੍ਰੰਥ (‘ਆਦਿ ਗ੍ਰੰਥ ਸਾਹਿਬ’) ਦੀ ਸੰਪਾਦਨਾ ਕੀਤੀ ਅਤੇ ਇਸ ਦਾ ਪਹਿਲਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਵਿਖੇ ਕੀਤਾ। ਆਪ ਜੀ ਨੇ ਇਸ ਪਵਿੱਤਰ ਗ੍ਰੰਥ ਨੂੰ ‘ਪੋਥੀ ਪਰਮੇਸਰ ਕਾ ਥਾਨੁ’ ਆਖ ਕੇ ਸਨਮਾਨ ਦਿੱਤਾ ਅਤੇ ਨਾਲ ਹੀ ਸ਼ਬਦ-ਕੀਰਤਨ ਦੀ ਪਰੰਪਰਾ ਚਲਾਈ ਜੋ ਵਰਤਮਾਨ ਸਮੇਂ ਤਕ ਨਿਰੰਤਰ ਜਾਰੀ ਹੈ ਤੇ ਹਮੇਸ਼ਾਂ ਹੀ ਰਹੇਗੀ। ਵਿਸ਼ੇਸ਼ਤਾ ਇਹ ਹੈ ਕਿ ਇਥੇ ਰਾਗੀ ਸਿੰਘਾਂ ਦੁਆਰਾ ਨਿਰਧਾਰਤ ਰਾਗਾਂ ਵਿਚ ਰਸ-ਭਿੰਨਾ ਇਲਾਹੀ (ਸੰਗੀਤਮਈ) ਕੀਰਤਨ ਕੀਤਾ ਜਾਂਦਾ ਹੈ ਜਿਸ ਦੀ ਮਹਿਮਾ ਅਪਰੰਪਾਰ ਹੈ। ਇਸ ਲਈ ਇਹ ਕਹਿਣਾ ਸਹੀ ਹੋਵੇਗਾ ਕਿ ਸ੍ਰੀ ਹਰਿਮੰਦਰ ਸਾਹਿਬ ਹੀ ਉਹ ਪਵਿੱਤਰ ਅਸਥਾਨ ਹੈ ਜਿਸ ਬਾਰੇ ਗੁਰਬਾਣੀ ਵਿਚ ਜ਼ਿਕਰ ਆਇਆ ਹੈ:

ਸੋ ਅਸਥਾਨੁ ਬਤਾਵਹੁ ਮੀਤਾ॥
ਜਾ ਕੈ ਹਰਿ ਹਰਿ ਕੀਰਤਨੁ ਨੀਤਾ॥ (ਪੰਨਾ 385)

ਇਸ ਅਸਥਾਨ ਤੋਂ ਹੀ ਅਸੀਂ ਅੰਮ੍ਰਿਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਹਿਬ ਜੀ (ਜੋ ਸਾਡੇ ਸਤਿਗੁਰੂ ਹਨ), ਦਾ ਪਵਿੱਤਰ ਹੁਕਮ (ਗੁਰ-ਵਾਕ) ਸ਼ਰਧਾਪੂਰਵਕ ਸ੍ਰਵਣ ਕਰਦੇ ਹਾਂ। ਉਂਞ ਵੀ ਗੁਰਸਿੱਖ ਰੋਜ਼ਾਨਾ ‘ਗੁਰੂ ਮਹਾਰਾਜ’ ਦਾ ਹੁਕਮ ਲੈ ਕੇ ਆਪਣੇ ਹਰ ਦਿਨ ਦੀ ਸ਼ੁਰੂਆਤ ਕਰਨ ਵਿਚ ਆਪਣੇ ਆਪ ਨੂੰ ਸੁਭਾਗੇ ਸਮਝਦੇ ਹਨ। ਨੋਟ ਕਰਨ ਵਾਲੀ ਗੱਲ ਇਹ ਹੈ ਕਿ ਹਰ ਗੁਰਵਾਕ ਦਾ ਅਰੰਭ ਰਾਗ ਦੇ ਸੰਕੇਤ ਨਾਲ ਹੁੰਦਾ ਹੈ ਜਿਵੇਂ, ਆਸਾ ਕਬੀਰ ਜੀ, ਸੋਰਠਿ ਮਹਲਾ 5, ਰਾਗ ਸੂਹੀ ਛੰਤ 1 ਆਦਿ। ਆਸਾ, ਸੋਰਠਿ, ਰਾਗ ਸੂਹੀ ਛੰਤ, ਆਦਿ ਦਾ ਸੰਬੰਧ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਗੀਤ-ਪ੍ਰਬੰਧ ਨਾਲ ਹੈ। ਇਸ ਵਿਸ਼ੇ ਨੂੰ ਅਸਾਂ ਹੱਥਲੇ ਲੇਖ ਦੇ ਪਹਿਲੇ ਭਾਗ ਵਿਚ ਵਿਚਾਰਨ ਦਾ ਯਤਨ ਕਰਨਾ ਹੈ ਤੇ ਦੂਜੇ ਭਾਗ ਵਿਚ ਗੁਰਬਾਣੀ-ਕੀਰਤਨ ਬਾਰੇ ਵਿਚਾਰ ਕਰਨੀ ਹੈ।

ਵਿਸ਼ਾ ਅਰੰਭ ਕਰਨ ਤੋਂ ਪਹਿਲਾਂ ਰਾਗ ਤੇ ਰਾਗ ਦੇ ਪ੍ਰਭਾਵ ਦੀ ਗੱਲ ਕਰਨੀ ਜ਼ਰੂਰੀ ਜਾਪਦੀ ਹੈ। ਭਾਈ ਕਾਨ੍ਹ ਸਿੰਘ ਜੀ ਨਾਭਾ ਲਿਖਦੇ ਹਨ, “ਜਿਸ ਨੂੰ ਸੁਣ ਕੇ ਚਿੱਤ ਵਿਚ ਪ੍ਰਸੰਨਤਾ ਅਤੇ ਪ੍ਰੀਤਿ ਉਤਪੰਨ ਹੋਵੇ, ਉਸ ਦਾ ਨਾਉਂ ਰਾਗ ਹੈ…ਰਾਗ ਵਿਚ ਗਾਈ ਹੋਈ ਬਾਣੀ ਚਿੱਤ ਉੱਤੇ ਭਾਰੀ ਅਸਰ ਕਰਦੀ ਹੈ, ਅਰ ਸ੍ਰੋਤਾ ਦੀ ਵ੍ਰਿੱਤਿ ਨੂੰ ਆਪਣੀ ਤਰਫ ਖਿੱਚ ਲੈਂਦੀ ਹੈ, ਇਸ ਲਈ ਸਤਯ ਉਪਦੇਸ਼ਮਈ ਬਾਣੀ ਰਾਗ ਵਿਚ ਆਲਾਪਣੀ ਗੁਰੂ ਸਾਹਿਬ ਨੇ ਵਿਧਾਨ ਕੀਤੀ ਹੈ।”3 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਵਰਤੇ ਰਾਗਾਂ ਦੇ ਸੁਰ-ਤਾਲ ਇੰਨੇ ਰਸ-ਭਿੰਨੇ ਹਨ ਕਿ ਕੰਨਾਂ ਵਿਚ ਗੁਰਬਾਣੀ-ਕੀਰਤਨ ਦੀ ਅਵਾਜ਼ ਪੈਂਦਿਆਂ ਹੀ ਮਨ ਨੂੰ ਤ੍ਰਿਪਤੀ ਅਤੇ ਸ਼ਾਂਤੀ ਮਿਲਦੀ ਹੈ ਤੇ ਇਉਂ ਜਾਪਦਾ ਹੈ ਕਿ ਮਨ ਵਿਸਮਾਦਿਤ ਹੋ ਕੇ ਕਿਸੇ ਰੂਹਾਨੀ ਮੰਡਲ ਵਿਚ ਵਿਚਰ ਰਿਹਾ ਹੈ। ਬੇਸ਼ੱਕ ਭਾਸ਼ਾ ਤੇ ਰਾਗਾਂ ਸੰਬੰਧੀ ਕੋਈ ਜਾਣਕਾਰੀ ਨਾ ਵੀ ਹੋਵੇ ਤਾਂ ਵੀ ਆਤਮਿਕ ਹੁਲਾਰਾ ਦੇਣ ਵਾਲੇ ਸੰਗੀਤ ਨੂੰ ਬਾਰ-ਬਾਰ ਸੁਣਨ ਲਈ ਹਰ ਕਿਸੇ ਦਾ ਮਨ ਤਾਂਘਦਾ ਹੈ। ਦੱਸਦੇ ਹਨ ਕਿ ਇਕ ਅੰਗਰੇਜ਼ (ਇੰਗਲੈਂਡ ਨਿਵਾਸੀ ਜੇਮਜ਼) ਜੋ ਨਾਸਤਿਕ ਸੀ ਤੇ ਪੰਜਾਬੀ ਵੀ ਨਹੀਂ ਸੀ ਸਮਝਦਾ, ਸ੍ਰੀ ਹਰਿਮੰਦਰ ਸਾਹਿਬ ਆਇਆ ਤਾਂ ਇੱਥੋਂ ਦੇ ਪਵਿੱਤਰ ਵਾਤਾਵਰਨ ਤੇ ‘ਹਰਿ-ਕੀਰਤਨ’ ਦੀ ਧੁਨੀ ਦੇ ਮਿਕਨਾਤੀਸੀ ਅਸਰ ਕਾਰਨ ਉਸ ਦੀਆਂ ਅੱਖਾਂ ਵਿੱਚੋਂ ਆਪ-ਮੁਹਾਰੇ ਅੱਥਰੂ ਵਗਣ ਲੱਗੇ, ਉਸ ਦਾ ਸਿਰ ਗੁਰੂ-ਦਰਬਾਰ ਵਿਚ ਝੁਕ ਗਿਆ ਤੇ ਉਹ ਕਹਿ ਉੱਠਿਆ, “ਇਹ ਕੀਰਤਨ ਅਦੁੱਤੀ ਤੇ ਅਲੌਕਿਕ ਹੈ, ਇਸ ਵਿਚ ਰੱਬ ਦੀ ਛੁਹ ਹੈ। ਇਹ ਹੈ ਗੁਰਬਾਣੀ-ਕੀਰਤਨ ਦਾ ਅਦੁੱਤੀ ਪ੍ਰਭਾਵ ਜਿਸ ਵਿਚ ਪੱਥਰਾਂ ਨੂੰ ਪਿਘਲਾਉਣ ਅਤੇ ਨਾਸਤਿਕਾਂ ਨੂੰ ਆਸਤਿਕ ਬਣਾਉਣ ਦੀ ਸ਼ਕਤੀ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਗੀਤ-ਪ੍ਰਬੰਧ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਗੀਤ-ਪ੍ਰਬੰਧ ਨੂੰ ਸਮਝਣ ਲਈ ਬਾਣੀ ਦੀ ਅੰਦਰਲੀ ਤਰਤੀਬ ਨੂੰ ਹੇਠ ਲਿਖੇ ਚਾਰਟ ਰਾਹੀਂ ਸਮਝਦੇ ਹਾਂ:

‘ਤਤਕਰਾ ਰਾਗਾਂ ਕਾ’ ਸਿਰਲੇਖ ਅਧੀਨ ਦਰਜ ਬਾਣੀਆਂ ਦੀ ਤਰਤੀਬ

1. ਜਪੁ-                   12.  ਸੋ ਦਰੁ-         8
3. ਸੋ ਪੁਰਖੁ-           104. ਸੋਹਿਲਾ-        12
ਨਿਤਨੇਮ ਦੀਆਂ ਬਾਣੀਆਂ
1. ਸਿਰੀਰਾਗੁ-        142. ਰਾਗੁ ਮਾਝ-        94
3. ਰਾਗੁ ਗਉੜੀ –  1514. ਰਾਗੁ ਆਸਾ –  347
5. ਰਾਗੁ ਗੂਜਰੀ – 4896. ਰਾਗੁ ਦੇਵਗੰਧਾਰੀ –  527
7. ਰਾਗੁ ਬਿਹਾਗੜਾ – 5378. ਰਾਗੁ ਵਡਹੰਸੁ – 557
9. ਰਾਗੁ ਸੋਰਠਿ – 59510. ਰਾਗੁ ਧਨਾਸਰੀ – 660
11. ਰਾਗੁ ਜੈਤਸਰੀ – 69612. ਰਾਗੁ ਟੋਡੀ – 711
13. ਰਾਗੁ ਬੈਰਾੜੀ – 71914. ਰਾਗੁ ਤਿਲੰਗ – 721
15. ਰਾਗੁ ਸੂਹੀ – 72816. ਰਾਗੁ ਬਿਲਾਵਲੁ – 795
17. ਰਾਗੁ ਗੋਂਡ – 85918. ਰਾਗੁ ਰਾਮਕਲੀ – 876
19. ਰਾਗੁ ਨਟ ਨਾਰਾਇਨ – 97520. ਰਾਗੁ ਮਾਲੀ ਗਉੜਾ – 984
21. ਰਾਗੁ ਮਾਰੂ – 989 22. ਰਾਗੁ ਤੁਖਾਰੀ – 1107
23. ਰਾਗੁ ਕੇਦਾਰਾ- 111824. ਰਾਗੁ ਭੈਰਉ – 1125
25. ਰਾਗੁ ਬਸੰਤ – 116826. ਰਾਗੁ ਸਾਰੰਗ – 1197
27. ਰਾਗੁ ਮਲਾਰ – 125428. ਰਾਗੁ ਕਾਨੜਾ – 1294
29. ਰਾਗੁ ਕਲਿਆਨ – 131930. ਰਾਗੁ ਪ੍ਰਭਾਤੀ – 1327
31. ਰਾਗੁ ਜੈਜਾਵੰਤੀ – 1352
ਰਾਗਾਂ ਅਧੀਨ ਦਰਜ ਬਾਣੀਆਂ
1. ਸਲੋਕ ਸਹਸਕ੍ਰਿਤੀ ਮਹਲਾ 1 –  13532. ਸਲੋਕ ਸਹਸਕ੍ਰਿਤੀ ਮਹਲਾ 5 – 1353
3. ਗਾਥਾ – 13604. ਫੁਨਹੇ ਮਹਲਾ 5 – 1361
5. ਚਉਬੋਲੇ ਮਹਲਾ 5 – 13636. ਸਲੋਕ ਭਗਤ ਕਬੀਰ ਜੀਉ ਕੇ – 1364
7. ਸਲੋਕ ਸੇਖ ਫਰੀਦ ਕੇ – 13778. ਸਵਯੇ ਸ੍ਰੀ ਮੁਖਬਾਕ੍ਹ ਮਹਲਾ 5 – 1385
9. ਭੱਟਾਂ ਦੇ ਸਵਈਏ – 138910. ਸਲੋਕ ਵਾਰਾਂ ਤੇ ਵਧੀਕ – 1410
11. ਸਲੋਕ ਮਹਲਾ 9 – 142612. ਮੁੰਦਾਵਣੀ ਮਹਲਾ 5 – 1429
13. ਰਾਗ ਮਾਲਾ – 1429 
ਰਾਗ-ਮੁਕਤ ਬਾਣੀਆਂ

ਉਪਰੋਕਤ ਸੂਚੀ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੰਨਾ 14 (ਸਿਰੀਰਾਗ) ਤੋਂ ਪੰਨਾ 1352 (ਰਾਗੁ ਜੈਜਾਵੰਤੀ) ਤਕ 31 ਰਾਗਾਂ ਅਧੀਨ ਦਰਜ ਹੈ।(ਉਂਞ ਨੋਟ ਕਰਨ ਵਾਲੀ ਗੱਲ ਇਹ ਹੈ ਕਿ ‘ਜਪੁ’ ਬਾਣੀ ਦੇ ਉੱਪਰ ਕੋਈ ਰਾਗ ਨਹੀਂ ਲਿਖਿਆ ਹੋਇਆ ਜਦੋਂ ਕਿ ‘ਸੋ ਦਰੁ’, ‘ਸੋ ਪੁਰਖੁ’ ਤੇ ‘ਸੋਹਿਲਾ’ ਅਧੀਨ ਅੰਕਿਤ ਸ਼ਬਦਾਂ ਦੇ ਉੱਪਰ ਵੀ ਰਾਗਾਂ ਦੇ ਨਾਂ ਜਿਵੇਂ ਰਾਗ ਆਸਾ, ਰਾਗ ਗਉੜੀ, ਆਦਿ ਲਿਖੇ ਹੋਏ ਹਨ)। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੀਰਲੇ ਪੰਨਿਆਂ (1429- 30) ’ਤੇ ‘ਰਾਗ ਮਾਲਾ’ ਅੰਕਿਤ ਹੈ ਜਿਸ ਦੀਆਂ ਅੰਤਲੀਆਂ ਤੁਕਾਂ ਹਨ:

ਖਸਟ ਰਾਗ ਉਨਿ ਗਾਏ ਸੰਗਿ ਰਾਗਨੀ ਤੀਸ॥
ਸਭੈ ਪੁਤ੍ਰ ਰਾਗੰਨ ਕੇ ਅਠਾਰਹ ਦਸ ਬੀਸ॥

ਸੰਗੀਤ ਦੇ ਮਾਹਿਰਾਂ ਅਨੁਸਾਰ, ‘ਰਾਗ ਮਾਲਾ’ ਵਿਚ ਦਰਸਾਏ ਰਾਗਾਂ ਦੀ ਗਿਣਤੀ ਪੂਰੇ ਰਾਗ ਪਰਵਾਰ {6 ਰਾਗ (ਖਸਟ ਰਾਗ) + 30 ਰਾਗਣੀਆਂ (ਰਾਗਨੀ ਤੀਸ)+ 48 ਪੁੱਤਰ} ਨੂੰ ਮਿਲਾ ਕੇ ਕੁੱਲ 84 ਬਣਦੀ ਹੈ। ਬੇਸ਼ੱਕ ਕੁਝ ਵਿਦਵਾਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਰਾਗਾਂ ਨੂੰ ਦੋ ਸੰਗੀਤ-ਪੱਧਤੀਆਂ- ਹਿੰਦੁਸਤਾਨ ਸੰਗੀਤ ਪੱਧਤੀ ਅਤੇ ਦੱਖਣੀ ਸੰਗੀਤ ਪੱਧਤੀ ’ਤੇ ਆਧਾਰਤ ਮੰਨਿਆ ਹੈ ਪਰ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ  ਰਾਗ ਰਤਨਾਵਲੀ’ ਅਨੁਸਾਰ “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਅੰਕਿਤ ਰਾਗਾਂ ਦਾ ਸੰਗੀਤ ਭਾਰਤੀ ਸਨਾਤਨੀ ਰਾਗ ਪਰੰਪਰਾ ਨਾਲੋਂ ਭਿੰਨ ਹੈ। ਇਸ ਵਿਚ ਆਏ ਕੁਝ ਰਾਗਾਂ ਦਾ ਸੁਰ ਬਿਲਕੁਲ ਨਵਾਂ ਹੈ, ਜੋ ਭਾਰਤੀ ਸੰਗੀਤ ਸ਼ਾਸਤ੍ਰ ਨੂੰ ਵੱਡੀ ਦੇਣ ਹੈ। ਇਸ ਵਿਚਲੇ ਰਾਗ ਪ੍ਰਬੰਧ ਨੇ ਭਾਰਤੀ ਰਾਗ ਵਿੱਦਿਆ ਦੀ ਸੰਸਕ੍ਰਿਤੀ ਨੂੰ ਕੇਵਲ ਸੰਭਾਲਿਆ ਹੀ ਨਹੀਂ ਸਗੋਂ ਮਹਾਨ ਯੋਗਦਾਨ ਪਾਇਆ ਹੈ।’4

ਸੰਗੀਤਕ ਦ੍ਰਿਸ਼ਟੀ ਤੋਂ ਵਿਚਾਰਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਰਾਗਾਂ ਅਧੀਨ ਦਰਜ ਬਾਣੀ ਦੀ ਇਹ ਵਿਸ਼ੇਸ਼ਤਾ ਹੈ ਕਿ ਸ਼ਬਦ ਜਿਸ ਰਾਗ ਦੇ ਅੰਤਰਗਤ ਦਰਜ ਹੈ, ਉਸ ਦਾ ਸੁਭਾਅ ਰਾਗ ਨਾਲ ਪੂਰੀ ਤਰ੍ਹਾਂ ਮੇਲ ਖਾਂਦਾ ਹੈ। ਇਸ ਦੇ ਸਿੱਟੇ ਵਜੋਂ, ਨਿਰਧਾਰਿਤ ਰਾਗ ਵਿਚ ਕੀਰਤਨ ਕਰਨ ਨਾਲ ਸੁਭਾਵਕ ਹੀ ਸ਼ਬਦ ਦੇ ਭਾਵ ਹੋਰ ਉੱਘੜ ਕੇ ਸਾਹਮਣੇ ਆ ਜਾਂਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਗੀਤ-ਪ੍ਰਬੰਧ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਗੁਰਬਾਣੀ ਅਤੇ ਰਾਗ ਵਿਚ ਅੰਤਰੀਵੀ ਸਾਂਝ ਹੈ। ਗੁਰਬਾਣੀ ਵਿਚ ਹੇਠ ਲਿਖੇ ਕੁਝ ਰਾਗਾਂ ਦੀ ਪਰਿਭਾਸ਼ਾ, ਸਰੂਪ ਤੇ ਭਾਵਾਂ ਸੰਬੰਧੀ ਆਏ ਸੰਕੇਤ ਵਿਚਾਰਨ ਯੋਗ ਹਨ:

ਰਾਗਾ ਵਿਚਿ ਸ੍ਰੀਰਾਗੁ ਹੈ ਜੇ ਸਚਿ ਧਰੇ ਪਿਆਰੁ॥ (ਪੰਨਾ 83)

ਗਉੜੀ ਰਾਗਿ ਸੁਲਖਣੀ ਜੇ ਖਸਮੈ ਚਿਤਿ ਕਰੇਇ॥ (ਪੰਨਾ 311)

ਗੂਜਰੀ ਜਾਤਿ ਗਵਾਰਿ ਜਾ ਸਹੁ ਪਾਏ ਆਪਣਾ॥ (ਪੰਨਾ 516)

ਸਬਦਿ ਰਤੇ ਵਡ ਹੰਸ ਹੈ ਸਚੁ ਨਾਮੁ ਉਰਿ ਧਾਰਿ॥ (ਪੰਨਾ 585)

ਬਿਲਾਵਲੁ ਤਬ ਹੀ ਕੀਜੀਐ ਜਬ ਮੁਖਿ ਹੋਵੈ ਨਾਮੁ॥ (ਪੰਨਾ 849)

ਹਰਿ ਉਤਮੁ ਹਰਿ ਪ੍ਰਭੁ ਗਾਵਿਆ ਕਰਿ ਨਾਦੁ ਬਿਲਾਵਲੁ ਰਾਗੁ॥ (ਉਹੀ)

ਰਾਮਕਲੀ ਰਾਮੁ ਮਨਿ ਵਸਿਆ ਤਾ ਬਨਿਆ ਸੀਗਾਰੁ॥ (ਪੰਨਾ 950)

ਧਨਾਸਰੀ ਧਨਵੰਤੀ ਜਾਣੀਐ ਭਾਈ ਜਾਂ ਸਤਿਗੁਰ ਕੀ ਕਾਰ ਕਮਾਇ॥ (ਪੰਨਾ 1419)

ਸੋਰਠਿ ਸੋ ਰਸੁ ਪੀਜੀਐ ਕਬਹੂ ਨ ਫੀਕਾ ਹੋਇ॥ (ਪੰਨਾ 1425)

ਬਨਸਪਤਿ ਮਉਲੀ ਚੜਿਆ ਬਸੰਤੁ॥ (ਪੰਨਾ 1176)

ਬਸੰਤੁ ਚੜਿਆ ਫੂਲੀ ਬਨਰਾਇ॥
ਏਹਿ ਜੀਅ ਜੰਤ ਫੂਲਹਿ ਹਰਿ ਚਿਤੁ ਲਾਇ॥ (ਪੰਨਾ 1183)

ਮਲਾਰੁ ਸੀਤਲ ਰਾਗੁ ਹੈ ਹਰਿ ਧਿਆਇਐ ਸਾਂਤਿ ਹੋਇ॥ (ਪੰਨਾ 1283)

ਗੁਰਮੁਖਿ ਮਲਾਰ ਰਾਗੁ ਜੋ ਕਰਹਿ ਤਿਨ ਮਨੁ ਤਨੁ ਸੀਤਲੁ ਹੋਇ॥(ਪੰਨਾ 1285)

ਕੇਦਾਰਾ ਰਾਗਾ ਵਿਚਿ ਜਾਣੀਐ ਭਾਈ ਸਬਦੇ ਕਰੇ ਪਿਆਰੁ॥ (ਪੰਨਾ 1087)

ਜੀਤੇ ਪੰਚ ਬੈਰਾਈਆ ਨਾਨਕ ਸਫਲ ਮਾਰੂ ਇਹੁ ਰਾਗੁ॥ (ਪੰਨਾ 1425)

ਹਰ ਰਾਗ ਦਾ ਸੰਬੰਧ ਕਿਸੇ ਇਲਾਕੇ ਦੇ ਵਿਸ਼ੇਸ਼ ਸਭਿਆਚਾਰ ਅਤੇ ਕਬੀਲੇ ਨਾਲ ਵੀ ਹੈ। ਜਿਵੇਂ ਰਾਗ ਮਾਝ ਪੰਜਾਬ ਦੇ ਮਾਝੇ ਇਲਾਕੇ ਵਿਚ ਪ੍ਰਚਲਿਤ ਸੰਗੀਤਕ ਅਤੇ ਲੋਕ-ਧੁਨਾਂ ਤੋਂ ਉਪਜਿਆ ਹੋਣ ਕਰਕੇ ਨਿਰੋਲ ਪੰਜਾਬੀ ਰਾਗ ਹੈ, ਰਾਗ ਗੂਜਰੀ ਗੁੱਜਰ ਲੋਕਾਂ ਦਾ, ਸੂਹੀ ਸੂਫੀਆਂ ਦਾ ਪਿਆਰਾ ਰਾਗ ਮੰਨਿਆ ਗਿਆ ਹੈ। ਆਸਾ ਤੇ ਤਿਲੰਗ ਮੁਸਲਮਾਨਾਂ ਦੇ ਮਨਭਾਉਂਦੇ ਰਾਗ ਕਹੇ ਜਾਂਦੇ ਹਨ। ਰਾਮਕਲੀ ਜੋਗੀਆਂ ਦਾ ਪਿਆਰਾ ਰਾਗ ਜਾਣਿਆ ਜਾਂਦਾ ਹੈ ਜਿਸ ਰਾਗ ਦੁਆਰਾ ਜੋਗੀਆਂ ਦਾ ਵਾਤਾਵਰਨ ਤੇ ਜੀਵਨ- ਜਾਚ ਉੱਭਰੀ ਹੈ।

ਸੰਗੀਤ ਦੇ ਵਿਸ਼ੇਸ਼ੱਗਾਂ ਦੀ ਰਾਇ ਹੈ ਕਿ ਹਰ ਇਕ ਰਾਗ ਦਾ ਰਸ ਤੇ ਪ੍ਰਭਾਵ ਵੀ ਨਿਸਚਿਤ ਹੈ। ਜਿਵੇਂ ਰਾਗ ਆਸਾ ਦਾ ਸਾਰਾ ਮਾਹੌਲ ਹੀ ਆਸ਼ਾਵਾਦੀ ਹੈ। ਰਾਗ ਬਿਹਾਗੜਾ ਖ਼ਾਮੋਸ਼ੀ ਦੇ ਮਾਹੌਲ ਵਿਚ ਗਾਇਆ ਜਾਣ ਵਾਲਾ ਇਕ ਮਧੁਰ ਰਾਗ ਹੈ, ਜੋ ਕਿ ਰਾਤ ਨੂੰ ਜੁਦਾਈ ਅਤੇ ਵਿਯੋਗ ਦਾ ਅਹਿਸਾਸ ਕਰਾਉਂਦਾ ਹੋਇਆ ਪ੍ਰਭੂ-ਮਿਲਾਪ ਦੀ ਸਿੱਕ ਪੈਦਾ ਕਰਦਾ ਹੈ। ਬਿਲਾਵਲ ਖੁਸ਼ੀ ਦਾ ਰਾਗ ਹੈ ਅਤੇ ਰਾਮਕਲੀ ਕਰੁਣਾ ਦਾ ਰਾਗ ਹੈ। ਰਾਗ ਪ੍ਰਭਾਤੀ ਦੇ ਗਾਉਣ ਨਾਲ ਮਨ ਪ੍ਰਸੰਨ ਹੋ ਕੇ ਸਹਿਜ ਅਵਸਥਾ ਵਿਚ ਆਉਂਦਾ ਹੈ ਅਤੇ ਟਿਕਾਉ ਪਾਉਂਦਾ ਹੈ। ਗੁਰਬਾਣੀ ਵਿਚ ਭਾਵਾਂ ਦਾ ਪ੍ਰਗਟਾਵਾ ਕਰਨ ਲਈ ਵਰਤੀ ਗਈ ਸ਼ਬਦਾਵਲੀ ਵੀ ਰਾਗ ਤੇ ਰੁੱਤ ਦੇ ਅਨੁਕੂਲ ਹੈ। ਉਦਾਹਰਣ ਦੇ ਤੌਰ ’ਤੇ ‘ਰਾਗ ਬਸੰਤ ਵਿਚ ਅਧਿਕ ਸ਼ਬਦਾਵਲੀ ਬਸੰਤ ਰੁੱਤ ਵਾਲੀ ਹੈ- ਬਨਸਪਤ ਮਉਲੀ, ਪੇਡ, ਸਾਖਾ, ਫੁਲ, ਫਲ ਤੇ ਹਰਿਆ। ਇਸੇ ਤਰ੍ਹਾਂ ਮਲਾਰ ਅਤੇ ਸਾਰੰਗ ਵਰਖਾ ਰੁੱਤ ਦੇ ਰਾਗ ਹਨ ਤਾਂ ਇਨ੍ਹਾਂ ਰਾਗਾਂ ਦੇ ਅੰਤਰਗਤ ਸ਼ਬਦਾਂ ਦੇ ਭਾਵ ਤੇ ਸ਼ਬਦਾਵਲੀ ਸਰਵਰ, ਕਮਲ, ਚਾਤ੍ਰਿਕ, ਘਨਹਰ ਘੋਰ, ਬਬੀਹਾ, ਕੋਇਲ, ਮੀਨ, ਰੁਣਝੁਣ ਸਾਵਣ ਹੈ। ਇਸੇ ਤਰ੍ਹਾਂ ਕਾਲ ਨਾਲ ਸੰਬੰਧਿਤ ਰਾਗ, ਜਿਹਾ ਕਿ ਪ੍ਰਭਾਤੀ ਵਿਚ ਚਾਨਣ, ਹਨੇਰ, ਜੋਤਿ, ਦੀਵਾ ਜਿਹੀ ਸ਼ਬਦਾਵਲੀ ਵਰਤੀ ਗਈ ਹੈ।’5 ਇਸ ਤਰ੍ਹਾਂ ਸਪਸ਼ਟ ਹੋਇਆ ਕਿ ਹਰ ਰਾਗ ਵਿਚ ਰਚੀ ਗਈ ਬਾਣੀ ਵਿਚ ਸ਼ਬਦਾਂ, ਅਲੰਕਾਰਾਂ ਤੇ ਰਸਾਂ ਦੀ ਚੋਣ ਉਸ ਰਾਗ ਦੇ ਸੁਭਾਅ ਅਨੁਸਾਰ ਰੱਖੀ ਗਈ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿਰਲੇਖਾਂ ਵਿਚ ਸੰਗੀਤਕ ਸੰਕੇਤ ਵਜੋਂ ‘ਘਰੁ’ (1 ਤੋਂ 17 ਤਕ) ਸ਼ਬਦ ਦੀ ਵਰਤੋਂ ਹੋਈ ਹੈ ਜੋ ਤਾਲ-ਪ੍ਰਬੰਧ ਦਾ ਸੰਕੇਤ ਹੈ। ਗੁਰਬਾਣੀ ਦੇ ਸ਼ਬਦਾਂ ਵਿਚ ‘ਰਹਾਉ’ (ਇਸ ਵਿਚ ਸ਼ਬਦ ਦਾ ਕੇਂਦਰੀ ਭਾਵ ਦਿੱਤਾ ਹੁੰਦਾ ਹੈ) ਦੀ ਵਰਤੋਂ ਹੋਈ ਹੈ ਜੋ ਸੰਗੀਤ ਦੇ ਪੱਖ ਤੋਂ ਕੀਰਤਨ ਵਿਚ ‘ਸਥਾਈ’ ਦਾ ਕਾਰਜ ਕਰਦਾ ਹੈ।

ਉੱਪਰ ਕੀਤੀ ਵਿਚਾਰ ਦੇ ਆਧਾਰ ’ਤੇ ਕਿਹਾ ਜਾ ਸਕਦਾ ਹੈ ਕਿ ਗੁਰਮਤਿ ਸੰਗੀਤ ਦਾ ਵਿਰਸਾ ਬਹੁਤ ਅਮੀਰ ਹੈ। ਵਿਸ਼ਵ ਦੇ ਸੰਗੀਤਕ ਇਤਿਹਾਸ ਵਿਚ ਇਸ ਦਾ ਵਿਲੱਖਣ ਸਰੂਪ ਹੈ। ਰਾਗ-ਵਿੱਦਿਆ ਦੇ ਪ੍ਰਬੀਨ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬੇਸ਼ੱਕ ਭਾਰਤੀ ਸੰਗੀਤ-ਪਰੰਪਰਾ ਵਿੱਚੋਂ ਰਾਗ ਅਪਣਾਏ ਹਨ ਪਰ ਉਨ੍ਹਾਂ ਦਾ ਸਰੂਪ ਤੇ ਸਮਾਂ ਆਪਣੇ ਅਧਿਆਤਮਕ ਚਿੰਤਨ ਅਨੁਸਾਰ ਨਿਸ਼ਚਿਤ ਕੀਤਾ ਹੈ। ਜਿਵੇਂ ਭਾਰਤੀ ਰਾਗ-ਪਰੰਪਰਾ ਅਨੁਸਾਰ ‘ਸਿਰੀ’ ਸ਼ਾਮ ਦਾ ਤੇ ‘ਪ੍ਰਭਾਤੀ’ ਸਵੇਰ ਦਾ ਰਾਗ ਹੈ ਪਰ ਆਪ ਜੀ ਨੇ ਭਾਰਤੀ ਪਰੰਪਰਾ ਦੇ ਵਿਰੁੱਧ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਪਾਦਨ ਵਿਚ ਪਹਿਲਾ ਰਾਗ ‘ਸਿਰੀ’ ਅਤੇ ਅੰਤਲਾ ‘ਪ੍ਰਭਾਤੀ’ ਰੱਖਿਆ ਹੈ।

ਗੁਰਬਾਣੀ-ਕੀਰਤਨ

ਸਿੱਖ ਧਰਮ ਵਿਚ ਗੁਰਬਾਣੀ-ਕੀਰਤਨ ਨੂੰ ਵਿਸ਼ੇਸ਼ ਮਹੱਤਵ ਦਿੱਤਾ ਗਿਆ ਹੈ। ਗੁਰਬਾਣੀ ਦਾ ਕੀਰਤਨ ਸਿੱਖੀ ਜੀਵਨ (ਧਾਰਮਿਕ, ਸਮਾਜਿਕ, ਸਭਿਆਚਾਰਕ, ਆਦਿ) ਦਾ ਅਨਿੱਖੜਵਾਂ ਅੰਗ ਬਣ ਚੁੱਕਾ ਹੈ ਕਿਉਂਕਿ ਜਨਮ ਤੋਂ ਲੈ ਕੇ ਮੌਤ ਤਕ ਦੇ ਸਾਰੇ ਸੰਸਕਾਰਾਂ ਸਮੇਂ ਕੀਰਤਨ ਕਰਨ ਦੀ ਮਰਯਾਦਾ ਹੈ। ਇਸ ਦੀ ਵਿਸ਼ੇਸ਼ਤਾ ਇਹ ਹੈ ਕਿ ਗੁਰਬਾਣੀ ਦਾ ਕੀਰਤਨ ਹਰ ਕਿਸੇ ਦੁਆਰਾ, ਕਿਸੇ ਥਾਂ, ਕਿਸੇ ਸਮੇਂ ਅਤੇ ਬਿਨਾਂ ਕਿਸੇ ਵਿਸ਼ੇਸ਼ ਆਡੰਬਰ ਦੇ ਕੀਤਾ ਜਾ ਸਕਦਾ ਹੈ ਅਤੇ ਇਸ ਵਿਚ ਹਰ ਕਿਸੇ ਨੂੰ ਬਿਨਾਂ ਕਿਸੇ ਭੇਦ-ਭਾਵ (ਜਾਤ, ਕੁਲ, ਦੇਸ਼, ਧਰਮ, ਊਚ-ਨੀਚ, ਇਸਤਰੀ-ਪੁਰਸ਼ ਆਦਿ) ਦੇ ਸ਼ਾਮਿਲ ਹੋਣ ਦੀ ਪੂਰੀ ਖੁੱਲ੍ਹ ਹੈ।

‘ਕੀਰਤਨ’ ਤੋਂ ਭਾਵ ਉਸ ਗਾਇਨ ਤੋਂ ਹੈ ਜਿਸ ਵਿਚ ਅਕਾਲ ਪੁਰਖ ਦੀ ਉਸਤਤ ਤੇ ਕੀਰਤੀ ਕੀਤੀ ਜਾਂਦੀ ਹੈ ਅਰਥਾਤ ਸ੍ਵਰ-ਲੈਅ-ਤਾਲ ਨਾਲ ਗੁਰਬਾਣੀ ਦਾ ਸਮੇਂ-ਸਮੇਂ ਦੇ ਰਾਗਾਂ ਵਿਚ ਗਾਉਣਾ “ਕੀਰਤਨ” ਕਿਹਾ ਗਿਆ ਹੈ।6 ਦੂਸਰੇ ਸ਼ਬਦਾਂ ਵਿਚ ਗੁਰਬਾਣੀ ਦਾ ਨਿਰਧਾਰਤ ਰਾਗਾਂ ਵਿਚ, ਸੁਰ-ਤਾਲ ਬੱਧ ਕੀਤਾ ਗਿਆ ਭਾਵ-ਪੂਰਨ ਤੇ ਰਸ-ਭਿੰਨਾ ਗਾਇਨ ਹੀ ਕੀਰਤਨ ਹੈ। ਗੁਰਮਤਿ ਦੀ ਕੀਰਤਨ ਸ਼ੈਲੀ ਅਨੁਸਾਰ ਨਿਰਧਾਰਤ ਰਾਗਾਂ ਵਿਚ ਕੀਰਤਨ ਕਰਨ ਦਾ ਭਾਵ ਇਹ ਹੈ ਕਿ ਜਿਹੜਾ ਸ਼ਬਦ ਜਿਸ ਰਾਗ ਵਿਚ ਦਰਜ ਹੈ, ਉਸ ਨੂੰ ਉਸੇ ਰਾਗ ਵਿਚ ਗਾਇਨ ਕਰਨਾ।

ਸਿੱਖ ਧਰਮ ਵਿਚ ਗੁਰਬਾਣੀ-ਕੀਰਤਨ ਦਾ ਅਰੰਭ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਹੁੰਦਾ ਹੈ। ਸਿੱਖ ਇਤਿਹਾਸ ਗਵਾਹ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭੁੱਲੀ-ਭਟਕੀ ਲੋਕਾਈ ਨੂੰ ਸਿੱਧੇ ਰਾਹ ’ਤੇ ਲਿਆਉਣ ਲਈ ਗੁਰਬਾਣੀ-ਸੰਗੀਤ ਦੀ ਸਦਵਰਤੋਂ ਕੀਤੀ। ਉਦਾਸੀਆਂ ਉੱਤੇ ਜਾਂਦੇ ਸਮੇਂ ਆਪਣੇ ਨਾਲ ਆਪਣੇ ਰਬਾਬੀ ਸਾਥੀ ਭਾਈ ਮਰਦਾਨਾ ਜੀ ਨੂੰ ਰੱਖਿਆ। ਜਦੋਂ ਵਜਦ ਵਿਚ ਆਉਂਦੇ ਤਾਂ ਗੁਰੂ ਜੀ ਕਹਿੰਦੇ ਸਨ: ‘ਮਰਦਾਨਿਆਂ! ਰਬਾਬ ਛੇੜ’(ਜਨਮ ਸਾਖੀ ਵਿਚ ਇਹ ਸ਼ਬਦ ਬਾਰ-ਬਾਰ ਆਉਂਦੇ ਹਨ)। ਹੁਕਮ ਦੀ ਤਾਮੀਲ ਕਰਦਿਆਂ ਭਾਈ ਮਰਦਾਨਾ ਜੀ, ਰਬਾਬ ਵਜਾਉਂਦੇ ਤੇ ਗੁਰੂ ਜੀ ‘ਧੁਰਿ ਕੀ ਬਾਣੀ’ ਨੂੰ ਰਾਗ ਅਨੁਸਾਰ ਗਾਇਨ ਕਰਦੇ। ਰਾਗ ਤੇ ਧੁਰ ਕੀ ਬਾਣੀ ਦਾ ਸੁਮੇਲ ਆਸ-ਪਾਸ ਦੀ ਬਨਸਪਤੀ ਨੂੰ ਵੀ ਸਰਸ਼ਾਰ ਕਰ ਦਿੰਦਾ ਤੇ ਇਲਾਹੀ ਬਾਣੀ ਸ੍ਰਵਣ ਕਰ ਰਹੀਆਂ ਇਨਸਾਨੀ ਰੂਹਾਂ ਵਿਸਮਾਦ ਵਿਚ ਆ ਕੇ ਆਪਣਾ ਆਪਾ ਭੁੱਲ ਜਾਂਦੀਆਂ।

ਗੁਰੂ ਜੀ ਦਾ ਕੀਰਤਨ ਜਗਿਆਸੂਆਂ ਨੂੰ ਤਾਂ ਕੀ ਕਠੋਰ ਸੁਭਾਅ ਦੇ ਲੋਕਾਂ ਦੇ ਮਨਾਂ ਨੂੰ ਵੀ ਕੀਲ ਲੈਂਦਾ ਸੀ। ਇਹ ਦੈਵੀ ਤੇ ਇਲਾਹੀ ਬਾਣੀ ਦੀ ਸਰੋਦੀ ਸੁਰ ਦਾ ਹੀ ਚਮਤਕਾਰ ਸੀ ਕਿ ਸੱਜਣ ਜਹੇ ਠੱਗਾਂ ਨੇ ਸੱਜਣਤਾਈ ਅਖਤਿਆਰ ਕਰ ਲਈ, ਕੌਡੇ ਭੀਲ ਵਰਗਿਆਂ ਦੇ ਤਪਦੇ ਹਿਰਦੇ ਸ਼ਾਂਤ ਹੋ ਗਏ, ਵਲੀ ਕੰਧਾਰੀ ਵਰਗਿਆਂ ਦੇ ਵਲ-ਛਲ ਨਿਕਲ ਗਏ, ਬਾਬਰ ਜਹੇ ਜਾਬਰ ਸਾਬਰ ਬਣ ਗਏ, ਹਉਮੈ ਤੇ ਹੰਕਾਰ ਨਾਲ ਆਕੜੇ ਸਿੱਧ ਸਿੱਧੇ ਹੋ ਗਏ, ਹਰਿਦੁਆਰ ਦੇ ਪੰਡਿਆਂ ਦੇ ਵਹਿਮ-ਭਰਮ ਖਤਮ ਹੋ ਗਏ, ਬਗਦਾਦ ਦੇ ਪੀਰਾਂ ਦੀ ਹੰਗਤਾ ਨਾਸ ਹੋ ਗਈ। ਵਿਅਕਤੀ ਵੀ ਕੀਰਤਨ ਤੋਂ ਇੰਨੇ ਪ੍ਰਭਾਵਿਤ ਹੋਏ ਸਨ ਕਿ ਗੁਰੂ ਜੀ ਦੇ ਚਰਨੀਂ ਡਿੱਗ ਕੇ ਸਿੱਖ ਬਣ ਗਏ ਸਨ। ਗੁਰਬਾਣੀ-ਕੀਰਤਨ ਦੇ ਪ੍ਰਭਾਵ ਬਾਰੇ ਭਾਈ ਗੁਰਦਾਸ ਜੀ ਜ਼ਿਕਰ ਕਰਦੇ ਹਨ:

ਦਿਤੀ ਬਾਂਗਿ ਨਿਵਾਜਿ ਕਰਿ ਸੁੰਨਿ ਸਮਾਨਿ ਹੋਆ ਜਹਾਨਾ।
ਸੁੰਨ ਮੁੰਨਿ ਨਗਰੀ ਭਈ ਦੇਖਿ ਪੀਰ ਭਇਆ ਹੈਰਾਨਾ। (ਵਾਰ 1:35)

ਕਰਤਾਰਪੁਰ ਵਿਖੇ ਕੀਰਤਨ ਕਰਨ ਦੀ ਮਰਯਾਦਾ ਅਰੰਭ ਹੋਣ ਦਾ ਸੰਕੇਤ ਭਾਈ ਗੁਰਦਾਸ ਜੀ ਨੇ ‘ਸੋਦਰੁ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪੁ ਉਚਾਰਾ’ ਕਹਿ ਕੇ ਦਿੱਤਾ ਹੈ। ਭਾਈ ਕਾਨ੍ਹ ਸਿੰਘ ਜੀ ਨਾਭਾ ਇਸ ਦੀ ਪੁਸ਼ਟੀ ਕਰਦਿਆਂ ਲਿਖਦੇ ਹਨ: ਅੰਮ੍ਰਿਤ ਵੇਲੇ ਆਸਾ ਕੀ ਵਾਰ’ ਗਾਉਣ ਦੀ ਰੀਤ ਦੀ ਭਾਈ ਲਹਿਣਾ ਜੀ ਨੇ ਸ੍ਰੀ ਗੁਰੂ ਨਾਨਕ ਸਾਹਿਬ ਦੀ ਆਗਿਆ ਅਨੁਸਾਰ ਕਰਤਾਰਪੁਰ ਵਿਖੇ ਸਥਾਪਨਾ ਕੀਤੀ।7 ਗਿਆਨੀ ਗਿਆਨ ਸਿੰਘ ਅਨੁਸਾਰ:

ਅੰਮ੍ਰਿਤ ਵੇਲੇ ਆਇ ਕੇ ਫਿਰ ਸਭਾ ਮਝਾਰੇ ਆਸਵਾਰ ਪ੍ਰੇਮ ਸੋ ਸੁਨਹੀ ਮਧਧਾਰੇ।8

ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਚਲਾਈ ਗੁਰਬਾਣੀ-ਕੀਰਤਨ ਦੀ ਮਰਯਾਦਾ ਨੂੰ ਉਨ੍ਹਾਂ ਦੇ ਉਤਰਾਧਿਕਾਰੀ ਨੌਂ ਗੁਰੂ ਸਾਹਿਬਾਨ ਨੇ ਜਾਰੀ ਰੱਖਦਿਆਂ ਗਾਇਨ- ਸ਼ੈਲੀਆਂ, ਕੀਰਤਨ-ਚੌਕੀਆਂ, ਕੀਰਤਨ-ਸਾਜ਼ਾਂ ਦੀ ਵਰਤੋਂ ਤੇ ਸਿਖਲਾਈ ਆਦਿ ਨੂੰ ਪ੍ਰਚਲਿਤ ਕੀਤਾ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ‘ਕੀਰਤਨੁ ਨਿਰਮੋਲਕ ਹੀਰਾ’ ਅਤੇ ‘ਕੀਰਤਨੁ ਪਰਧਾਨਾ’ ਗੁਰ-ਕਥਨ ਕੀਰਤਨ ਦੀ ਮਹਿਮਾ ਦਰਸਾਉਂਦੇ ਹਨ:

ਕੀਰਤਨੁ ਨਿਰਮੋਲਕ ਹੀਰਾ॥
ਆਨੰਦ ਗੁਣੀ ਗਹੀਰਾ॥ (ਪੰਨਾ 893)

ਕਲਜੁਗ ਮਹਿ ਕੀਰਤਨੁ ਪਰਧਾਨਾ॥
ਗੁਰਮੁਖਿ ਜਪੀਐ ਲਾਇ ਧਿਆਨਾ॥ (ਪੰਨਾ 1075)

ਗੁਰਬਾਣੀ ਅਨੁਸਾਰ ਸਾਧ-ਸੰਗਤ ਵਿਚ ਜਾ ਕੇ ‘ਹਰਿ ਕੀਰਤਿ’ ਤੇ ‘ਹਰਿ ਕੀਰਤਨੁ’ ਕਰਨ ਨੂੰ ਸਫਲ ਤੇ ਸਰਵ-ਸ੍ਰੇਸ਼ਟ ਕਾਰਜ ਪ੍ਰਵਾਨ ਕੀਤਾ ਗਿਆ ਹੈ:

ਹਰਿ ਕੀਰਤਿ ਸਾਧਸੰਗਤਿ ਹੈ ਸਿਰਿ ਕਰਮਨ ਕੈ ਕਰਮਾ॥ (ਪੰਨਾ 642)

ਹਰਿ ਕੀਰਤਨੁ ਗਾਵਹੁ ਦਿਨੁ ਰਾਤੀ ਸਫਲ ਏਹਾ ਹੈ ਕਾਰੀ ਜੀਉ॥(ਪੰਨਾ 108)

ਇਸੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ‘ਗੁਰਬਾਣੀ ਗਾਵਹ ਭਾਈ’, ‘ਗੁਣ ਗਾਉ ਮਨਾ’ ਆਦਿ ਪ੍ਰੇਮ ਭਰੇ ਸ਼ਬਦਾਂ ਦੁਆਰਾ ਸੰਬੋਧਨ ਕਰ ਕੇ ਜੀਵ ਨੂੰ ਦਿਨ-ਰਾਤ ਭਾਵ ਅੱਠੇ ਪਹਿਰ ‘ਹਰਿ ਕੀਰਤਨੁ ਗਾਈਐ’ ਦੀ ਬਾਰ-ਬਾਰ ਪ੍ਰੇਰਨਾ ਦਿੱਤੀ ਹੈ। ਪਾਵਨ ਗੁਰ-ਫੁਰਮਾਨ ਹਨ:

ਗੁਰਬਾਣੀ ਗਾਵਹ ਭਾਈ॥
ਓਹ ਸਫਲ ਸਦਾ ਸੁਖਦਾਈ॥ (ਪੰਨਾ 628)

ਕਹੁ ਨਾਨਕ ਗੁਣ ਗਾਈਅਹਿ ਨੀਤ॥ (ਪੰਨਾ 376)

ਗੁਣ ਗੋਪਾਲ ਗਾਈਅਹਿ ਦਿਨੁ ਰਾਤੀ॥ (ਪੰਨਾ 194)

ਗੁਣ ਗਾਉ ਮਨਾ ਅਚੁਤ ਅਬਿਨਾਸੀ ਸਭ ਤੇ ਊਚ ਦਇਆਲਾ॥ (ਪੰਨਾ 249)

ਗਾਵਹੁ ਰਾਮ ਕੇ ਗੁਣ ਗੀਤ॥ (ਪੰਨਾ 901)

ਗਾਈਐ ਰਾਤਿ ਦਿਨੰਤੁ ਗਾਵਣ ਜੋਗਿਆ॥ (ਪੰਨਾ 957)

ਕੀਰਤਿ ਪ੍ਰਭ ਕੀ ਗਾਉ ਮੇਰੀ ਰਸਨਾਂ (ਪੰਨਾ 1298)

ਆਠ ਪਹਰ ਕੀਰਤਨੁ ਗੁਣ ਗਾਉ॥ (ਪੰਨਾ 1149)

ਸਾਧਸੰਗਿ ਹਰਿ ਕੀਰਤਨੁ ਗਾਈਐ॥
ਇਹੁ ਅਸਥਾਨੁ ਗੁਰੂ ਤੇ ਪਾਈਐ॥ (ਪੰਨਾ 385)

ਗਾਵਉ ਗੁਣ ਕੀਰਤਨੁ ਨਿਤ ਸੁਆਮੀ ਕਰਿ ਕਿਰਪਾ ਨਾਨਕ ਦੀਜੈ ਦਾਨੁ॥ (ਪੰਨਾ 827)

ਗੁਰੂ ਜੀ ਨੇ (ਮਨੁੱਖੀ-ਜੀਵਨ ਦੇ ਉਦੇਸ਼ ਦੀ ਪੂਰਤੀ ਲਈ) ਗੁਰ-ਸ਼ਬਦ ਨੂੰ ਸੰਗੀਤ ਦੇ ਮਾਧਿਅਮ ਦੁਆਰਾ ਗਾਉਣਾ ਭਾਵ ਕੀਰਤਨ ਕਰਨਾ ਅਰੰਭ ਕੀਤਾ। ਇਹ ਹੋਰ ਪ੍ਰਚਲਿਤ ਕਠਿਨ ਸਾਧਨਾਂ ਤੋਂ ਉੱਤਮ ਤੇ ਸੌਖਾ ਸਾਧਨ ਹੈ। ਹੇਠ ਲਿਖੇ ਸ਼ਬਦ ਤੋਂ ਇਸ ਤੱਥ ਦੀ ਪੁਸ਼ਟੀ ਹੋ ਜਾਂਦੀ ਹੈ:

ਪਾਠੁ ਪੜਿਓ ਅਰੁ ਬੇਦੁ ਬੀਚਾਰਿਓ ਨਿਵਲਿ ਭੁਅੰਗਮ ਸਾਧੇ॥
ਪੰਚ ਜਨਾ ਸਿਉ ਸੰਗੁ ਨ ਛੁਟਕਿਓ ਅਧਿਕ ਅਹੰਬੁਧਿ ਬਾਧੇ॥…

ਮੋਨਿ ਭਇਓ ਕਰਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ॥
ਤਟ ਤੀਰਥ ਸਭ ਧਰਤੀ ਭ੍ਰਮਿਓ ਦੁਬਿਧਾ ਛੁਟਕੈ ਨਾਹੀ॥
ਮਨ ਕਾਮਨਾ ਤੀਰਥ ਜਾਇ ਬਸਿਓ ਸਿਰਿ ਕਰਵਤ ਧਰਾਏ॥
ਮਨ ਕੀ ਮੈਲੁ ਨ ਉਤਰੈ ਇਹ ਬਿਧਿ ਜੇ ਲਖ ਜਤਨ ਕਰਾਏ॥…

ਤੇਰੋ ਸੇਵਕੁ ਇਹ ਰੰਗਿ ਮਾਤਾ॥
ਭਇਓ ਕ੍ਰਿਪਾਲੁ ਦੀਨ ਦੁਖ ਭੰਜਨੁ ਹਰਿ ਹਰਿ ਕੀਰਤਨਿ ਇਹੁ ਮਨੁ ਰਾਤਾ॥ (ਪੰਨਾ 642)

ਸਿੱਖ ਧਰਮ ਵਿਚ ਬਾਣੀ ਗਾਉਣ ਦੀ ਮਹੱਤਤਾ ਇਸ ਤੱਥ ਤੋਂ ਵੀ ਉਜਾਗਰ ਹੁੰਦੀ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ‘ਜਪੁਜੀ’ ਸਾਹਿਬ ਵਿਚ ‘ਗਾਵੀਐ ਸੁਣੀਐ ਮਨਿ ਰਖੀਐ ਭਾਉ’ ਕਥਨ ਵਿਚ ਗਾਇਨ ਨੂੰ ਪਹਿਲੇ ਸਥਾਨ ਉੱਤੇ ਰੱਖਿਆ ਹੈ ਅਤੇ ‘ਸੋਦਰੁ’ ਦੀ ਪਉੜੀ ਵਿਚ ਅਕਾਲ ਪੁਰਖ ਦੇ ਦਰਬਾਰ ਵਿਚ ਅਨੇਕਾਂ ਵਾਜੇ, ਅਣਗਿਣਤ ਵਾਜਿਆਂ ਨੂੰ ਵਜਾਉਣ ਵਾਲੇ, ਬੇਅੰਤ ਰਾਗ ਤੇ ਅਨੇਕਾਂ ਹੀ ਰਾਗ ਗਾਉਣ ਵਾਲੇ, ਪਉਣ, ਪਾਣੀ, ਅਗਨੀ, ਚਿੱਤਰ-ਗੁਪਤ, ਦੇਵੀਆਂ, ਸ਼ਿਵ ਤੇ ਬ੍ਰਹਮਾ, ਕਈ ਇੰਦਰ, ਸਿਧ ਲੋਕ, ਪੰਡਿਤ, ਮਹਾਂਰਿਖੀ, ‘ਮੋਹਨੀਆ ਮਨ ਮੋਹਨਿ’, ਅਠਾਹਠ ਤੀਰਥ, ਜੋਧੇ ਤੇ ਸੂਰਮੇ, ਚੌਹਾਂ ਖਾਣੀਆਂ ਦੇ ਜੀਅ-ਜੰਤ, ਸ੍ਰਿਸ਼ਟੀ, ਖੰਡ, ਆਦਿ ਪ੍ਰਭੂ ਗੁਣ ਗਾਉਂਦੇ ਕਹੇ ਹਨ। ‘ਅਨੰਦੁ ਸਾਹਿਬ’ ਵਿਚ ਸ੍ਰੀ ਗੁਰੂ ਅਮਰਦਾਸ ਜੀ ਸਿੱਖਾਂ ਨੂੰ ਸੱਦਾ ਦਿੰਦੇ ਹਨ-

‘ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ॥’

ਇਹ ਇਸ ਤੱਥ ਦਾ ਸਪਸ਼ਟ ਪ੍ਰਮਾਣ ਹੈ ਕਿ ਕੀਰਤਨ ਦਾ ਗੁਰੂ-ਘਰ ਵਿਚ ਬਹੁਤ ਮਹੱਤਵ ਹੈ। ਸ੍ਰੀ ਗੁਰੂ ਰਾਮਦਾਸ ਜੀ ਨੇ ‘ਰੈਣਿ ਦਿਨਸੁ ਪਰਭਾਤਿ ਤੂਹੈ ਹੀ ਗਾਵਣਾ’(652) ਗੁਰਵਾਕ ਦੁਆਰਾ ਹਰ ਵਕਤ ਪਰਮਾਤਮਾ ਦੇ ਗੁਣ ਗਾਉਣ ਦੀ ਗੱਲ ਹੀ ਨਹੀਂ ਕੀਤੀ ਸਗੋਂ ਗੁਰਸਿੱਖ ਦੇ ਨਿੱਤਨੇਮ ਵਿਚ ਹੀ ‘ਗੁਰਬਾਣੀ ਗਾਵੈ’(305) ਨੂੰ ਸ਼ਾਮਲ ਕਰ ਦਿੱਤਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰਬਾਣੀ-ਕੀਰਤਨ ਨੂੰ ਸਿੱਖੀ-ਜੀਵਨ ਦਾ ਅਨਿੱਖੜਵਾਂ ਅੰਗ ਬਣਾਉਣ ਦੇ ਉਦੇਸ਼ ਨਾਲ ਆਪਣੀ ਬਾਣੀ ਵਿਚ ‘ਰਾਗ ਨਾਦ ਧੁਨਿ’ ਦੁਆਰਾ ਪ੍ਰਭੂ-ਗੁਣ ਗਾਉਣ ਅਤੇ ਅਕਾਲ ਪੁਰਖ ਦੇ ਗੁਣਾਂ ਦਾ ਉਚਾਰਨ ਕਰਨ ਲਈ ‘ਰਸਨਾ ਆਲਾਪ’ ਦਾ ਸੰਕੇਤ ਦਿੱਤਾ ਹੈ:

ਕਥਾ ਕੀਰਤਨੁ ਰਾਗ ਨਾਦ ਧੁਨਿ ਇਹੁ ਬਨਿਓ ਸੁਆਉ॥   (ਪੰਨਾ 818)

ਗੁਣ ਗੋਵਿੰਦ ਗਾਵਹੁ ਸਭਿ ਹਰਿ ਜਨ ਰਾਗ ਰਤਨ ਰਸਨਾ ਆਲਾਪ॥ (ਪੰਨਾ 821)

ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਹਰਿ ਦੇ ਜਨ ਦੀ ਵਿਸ਼ੇਸ਼ਤਾ ‘ਗੁਨ ਗੋਬਿਦ ਕੀਰਤਨੁ ਜਨੁ ਗਾਵੈ’ (285) ਦੱਸੀ ਹੈ ਤੇ ਇਸ ਸਚਾਈ ਤੋਂ ਵੀ ਜਾਣੂ ਕਰਵਾਇਆ ਕਿ ‘ਗੁਨ ਗੋਬਿੰਦ ਗਾਇਓ ਨਹੀ ਜਨਮੁ ਅਕਾਰਥ ਕੀਨੁ’(1426) ਅਰਥਾਤ ਜਿਸ ਨੇ ਗੋਬਿੰਦ ਦੇ ਗੁਣ ਨਹੀਂ ਗਾਏ ਸਮਝੋ ਉਸ ਨੇ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਲਿਆ ਹੈ।

ਗੁਰਬਾਣੀ ਵਿਚ ‘ਹਰਿ ਕੀਰਤਨ’ ਦੇ ਅਨੇਕਾਂ ਲਾਭ ਦੱਸੇ ਗਏ ਹਨ ਕਿਉਂਕਿ ਗੁਰੂ ਸਾਹਿਬਾਨ ਮਨੁੱਖ ਦੀ ਮਾਨਸਿਕਤਾ ਤੋਂ ਜਾਣੂ ਹੋਣ ਕਾਰਨ ਸਮਝਦੇ ਸਨ ਕਿ ਇਹ ਕੇਵਲ ਉਸ ਕੰਮ ਨੂੰ ਕਰਨ ਵਿਚ ਰੁਚੀ ਰੱਖਦਾ ਹੈ ਜਿਸ ਦਾ ਕੋਈ ਫਾਇਦਾ ਹੁੰਦਾ ਹੋਵੇ। ਇਸ ਲਈ ਹੇਠ ਲਿਖੀਆਂ ਤੁਕਾਂ ਨੂੰ ਧਿਆਨ ਨਾਲ ਪੜ੍ਹਿਆਂ ਤੇ ਵਿਚਾਰਿਆਂ ਕੀਰਤਨ ਕਰਨ ਤੇ ਸੁਣਨ, ਭਾਵ ਪ੍ਰਭੂ ਦੇ ਗੁਣ ਗਾਇਨ ਕਰਨ ਦੀ ਤਾਂਘ ਪੈਦਾ ਹੋ ਜਾਂਦੀ ਹੈ:

ਗੁਣ ਗੋਵਿੰਦ ਨਿਤ ਗਾਵੀਅਹਿ ਅਵਗੁਣ ਕਟਣਹਾਰ॥ (ਪੰਨਾ 48)

ਜੋ ਜੋ ਕਥੈ ਸੁਨੈ ਹਰਿ ਕੀਰਤਨੁ ਤਾ ਕੀ ਦੁਰਮਤਿ ਨਾਸ॥
ਸਗਲ ਮਨੋਰਥ ਪਾਵੈ ਨਾਨਕ ਪੂਰਨ ਹੋਵੈ ਆਸ॥ (ਪੰਨਾ 1300)

ਗੁਨ ਗਾਵਤ ਤੇਰੀ ਉਤਰਸਿ ਮੈਲੁ॥ (ਪੰਨਾ 289)

ਕੀਰਤਨੰ ਸਾਧਸੰਗੇਣ ਨਾਨਕ ਨਹ ਦ੍ਰਿਸਟੰਤਿ ਜਮਦੂਤਨਹ॥ (ਪੰਨਾ 1357)

ਗਾਵਤ ਗਾਵਤ ਪਰਮ ਗਤਿ ਪਾਈ॥ (ਪੰਨਾ 892)

ਗੁਣ ਗਾਇ ਪ੍ਰਭੂ ਧਿਆਇ ਸਾਚਾ ਸਗਲ ਇਛਾ ਪਾਈਆ॥ (ਪੰਨਾ 782)

ਮਨੁੱਖ ਨੂੰ ਇਹ ਵੀ ਸਮਝਾਇਆ ਗਿਆ ਹੈ ਕਿ ਮਨ ‘ਬਾਂਛਤ ਫਲ’ ਪਰਮਾਤਮਾ ਤੇ ਗੁਰੂ ਦੀ ਬਖਸ਼ਿਸ਼ ਨਾਲ ਮਿਲਣੇ ਹਨ ਇਸ ਲਈ ਕਿਰਪਾ ਦੇ ਪਾਤਰ ਬਣੀਏ:

ਗੁਰ ਪ੍ਰਸਾਦਿ ਨਾਨਕ ਫਲੁ ਪਾਵੈ॥ (ਪੰਨਾ 285)

ਨਾਨਕ ਪ੍ਰਭ ਸੁਪ੍ਰਸੰਨ ਭਏ ਬਾਂਛਤ ਫਲ ਪਾਉ॥ (ਪੰਨਾ 818)

ਗੁਰਬਾਣੀ ਵਿਚ ਜਿੱਥੇ ਹਰਿ ਕੀਰਤਨ ਕਰਨ ਅਤੇ ਪ੍ਰਭੂ ਦੇ ਗੁਣ ਗਾਉਣ ਲਈ ਇੰਨਾ ਜ਼ੋਰ ਦਿੱਤਾ ਗਿਆ ਹੈ ਉਥੇ ਇਹ ਵੀ ਸਮਝਾਇਆ ਹੈ ਕਿ ਗੁਣਾਂ ਦਾ ਗਾਇਨ ਕੇਵਲ ਮੂੰਹ ਨਾਲ ਨਹੀਂ ਕਰਨਾ ਸਗੋਂ ਮਨ ਨਾਲ ਕਰਨਾ ਹੈ ਭਾਵ ਕੀਰਤਨ ਸਮੇਂ ਮਨ ਦੀ ਇਕਾਗਰਤਾ ਲਾਜ਼ਮੀ ਹੈ:

ਗੀਤ ਨਾਦ ਮੁਖਿ ਰਾਗ ਅਲਾਪੇ ਮਨਿ ਨਹੀ ਹਰਿ ਹਰਿ ਗਾਵਾ॥ (ਪੰਨਾ 1003)

ਕੀਰਤਨ ਵਿਚ ਮਨ ਲੱਗੇ ਇਸ ਲਈ ਅਕਾਲ ਪੁਰਖ ਅਤੇ ਸਤਿਗੁਰੂ ਦੀ ਕਿਰਪਾ ਲੋੜੀਂਦੀ ਹੈ ਅਤੇ ਕਿਰਪਾ ਦਾ ਪਾਤਰ ਬਣਨ ਲਈ ਮਾਲਕ ਅੱਗੇ ਅਰਦਾਸ ਕਰਨੀ ਚਾਹੀਦੀ ਹੈ:

ਗਾਵਉ ਗੁਣ ਕੀਰਤਨੁ ਨਿਤ ਸੁਆਮੀ ਕਰਿ ਕਿਰਪਾ ਨਾਨਕ ਦੀਜੈ ਦਾਨੁ॥ (ਪੰਨਾ 827)

ਗਾਵਤ ਰਹੈ ਜੇ ਸਤਿਗੁਰ ਭਾਵੈ॥
ਮਨੁ ਤਨੁ ਰਾਤਾ ਨਾਮਿ ਸੁਹਾਵੈ॥ (ਪੰਨਾ 158)

ਭਇਓ ਕ੍ਰਿਪਾਲੁ ਦੀਨ ਦੁਖ ਭੰਜਨੁ ਹਰਿ ਹਰਿ ਕੀਰਤਨਿ ਇਹੁ ਮਨੁ ਰਾਤਾ॥ (ਪੰਨਾ 642)

ਗੁਰੂ ਸਾਹਿਬ ਨੇ ਬਾਣੀ ਗਾਉਣ ਵਾਲੇ ‘ਭਲੋ ਕੀਰਤਨੀਆ’ ਦੇ ਵਿਸ਼ੇਸ਼ ਲੱਛਣ ਇਹ ਦੱਸੇ ਹਨ- ਉਹ ਮਾਇਆ ਦੇ ਧੰਦੇ ਛੱਡ ਕੇ ਸਿਰਫ ਸਰਬ-ਵਿਆਪਕ ਪਰਮਾਤਮਾ ਦੇ ਗੁਣ ਗਾਉਂਦਾ ਹੈ ਤੇ ਹੋਰਨਾਂ ਨੂੰ ਵੀ ਇਕ ਪਰਮਾਤਮਾ ਦਾ ਹੀ ਉਪਦੇਸ਼ ਦਿੰਦਾ ਹੈ, ਸਤ-ਸੰਤੋਖ ਆਦਿ ਗੁਣਾਂ ਦਾ ਧਾਰਨੀ ਹੁੰਦਾ ਹੈ, ਸੰਸਾਰ ਦੇ ਸਾਰੇ ਚਿੰਤਾ-ਝੋਰੇ ਤਿਆਗ ਦਿੰਦਾ ਹੈ, ਮੰਦੇ ਪਾਸੇ ਪੈਰ ਨਹੀਂ ਧਰਦਾ, ਪਰਮਾਤਮਾ ਨੂੰ ਸਦਾ ਅੰਗ-ਸੰਗ ਜਾਣਦਾ ਹੈ ਤੇ ਆਤਮਕ ਅਡੋਲਤਾ ਵਿਚ ਰਹਿੰਦਾ ਹੈ:

ਲੋ ਭਲੋ ਰੇ ਕੀਰਤਨੀਆ॥
ਰਾਮ ਰਮਾ ਰਾਮਾ ਗੁਨ ਗਾਉ॥
ਛੋਡਿ ਮਾਇਆ ਕੇ ਧੰਧ ਸੁਆਉ॥1॥ ਰਹਾਉ॥
ਪੰਚ ਬਜਿਤ੍ਰ ਕਰੇ ਸੰਤੋਖਾ ਸਾਤ ਸੁਰਾ ਲੈ ਚਾਲੈ॥
ਬਾਜਾ ਮਾਣੁ ਤਾਣੁ ਤਜਿ ਤਾਨਾ ਪਾਉ ਨ ਬੀਗਾ ਘਾਲੈ॥ (ਪੰਨਾ 885)

ਕੀਰਤਨ ਕਰਨ ਵਾਲੇ ਨੂੰ ਗੁਰਬਾਣੀ ਵਿੱਚੋਂ ਇਹ ਵੀ ਸੇਧ ਮਿਲਦੀ ਹੈ ਕਿ ਕੀਰਤਨ ਕਰਦਿਆਂ ਧਿਆਨ ਰੱਖਿਆ ਜਾਵੇ ਕਿ ਸੁਰ-ਤਾਲ ਸ਼ਬਦ ਉੱਪਰ ਹਾਵੀ ਨਾ ਹੋਵੇ ਅਤੇ ਕੀਰਤਨ ਕਰਨ ਸਮੇਂ ਸੁਰ, ਲੈਅ ਅਤੇ ਤਾਲ ਭੰਗ ਵੀ ਨਾ ਹੋਵੇ ਅਤੇ ਸ਼ਬਦ ਦੇ ਸਿਧਾਂਤ ਨੂੰ ਵੀ ਨਾ ਤਿਆਗਿਆ ਜਾਵੇ। ਕੀਰਤਨ ਕਰਦੇ ਸਮੇਂ ਸ਼ਬਦ ਦੀ ਭਾਵਨਾ ਨਾਲ ਇਕਸੁਰ ਹੋਣਾ ਲਾਜ਼ਮੀ ਹੈ। ਅਜਿਹਾ ਧਿਆਨ ਵਿਚ ਰੱਖਦਿਆਂ ਜਦੋਂ ‘ਗੁਣ ਗੋਵਿੰਦ’ ਗਾਏ ਜਾਣਗੇ ਤਾਂ ਕੀਰਤਨ ਭਗਤੀ ਦਾ ਰੂਪ ਧਾਰਨ ਕਰ ਲਵੇਗਾ। ਪਰ ਇਹ ਤਾਂ ਹੀ ਸੰਭਵ ਹੈ ਜੇ ‘ਕੀਰਤਨੀਆ’ ਕੇਵਲ ਇਕ ਪਰਮਾਤਮਾ ਦੀ (ਸਿਫਤਿ ਸਲਾਹ) ਦਾ ਰਾਗ ਅਲਾਪੇ। ਗੁਰ-ਫ਼ੁਰਮਾਨ ਹੈ:

ਓਅੰਕਾਰਿ ਏਕ ਧੁਨਿ ਏਕੈ ਏਕੈ ਰਾਗੁ ਅਲਾਪੈ॥ (ਪੰਨਾ 885)

ਗੁਰਬਾਣੀ ਵਿਚ ਪ੍ਰਭੂ ਦੇ ਗੁਣ ਗਾਉਣ ਵਾਲੇ ਗੁਣਵਾਨ ਢਾਢੀ ਦੀ ਵੀ ਪਛਾਣ ਦੱਸੀ ਹੈ:

ਸੋ ਢਾਢੀ ਗੁਣਵੰਤੁ ਜਿਸ ਨੋ ਪ੍ਰਭ ਪਿਆਰੁ॥ (ਪੰਨਾ 962)

ਬੇਸ਼ੱਕ ਗੁਰੂ ਸਾਹਿਬ ਨੇ ਰਾਗਾਂ ਨੂੰ ਵਿਸ਼ੇਸ਼ ਮਹੱਤਵ ਦਿੱਤਾ ਹੈ ਪਰ ਰਾਗ ਦਾ ਸਥਾਨ ਗੁਰਬਾਣੀ ਤੋਂ ਉੱਪਰ ਨਹੀਂ ਹੈ। ਗੁਰਬਾਣੀ ਵਿਚ ਸੇਧ ਦਿੱਤੀ ਹੈ ਕਿ ਨਿਰੇ ਰਾਗ ਹੀ ਆਤਮਕ ਜੀਵਨ ਦੇ ਰਸਤੇ ਵਿਚ ਸਹਾਈ ਨਹੀਂ ਹਨ। ਜਿਹੜਾ ਮਨੁੱਖ ਪਰਮਾਤਮਾ ਦੀ ਰਜ਼ਾ ਨੂੰ ਸਮਝ ਲੈਂਦਾ ਹੈ ਉਸ ਵਾਸਤੇ ਰਾਗ ਭੀ ਸਹਾਈ ਹੋ ਸਕਦਾ ਹੈ। ਗੁਰਵਾਕ ਹਨ:

ਰਾਗੈ ਨਾਦੈ ਬਾਹਰਾ ਇਨੀ ਹੁਕਮੁ ਨ ਬੂਝਿਆ ਜਾਇ॥ (ਪੰਨਾ 1423)

ਰਾਗ ਨਾਦ ਸਬਦਿ ਸੋਹਣੇ ਜਾ ਲਾਗੈ ਸਹਜਿ ਧਿਆਨੁ॥
ਰਾਗ ਨਾਦ ਛੋਡਿ ਹਰਿ ਸੇਵੀਐ ਤਾ ਦਰਗਹ ਪਾਈਐ ਮਾਨੁ॥ (ਪੰਨਾ 849)

ਰਾਗੁ ਨਾਦੁ ਸਭੁ ਸਚੁ ਹੈ ਕੀਮਤਿ ਕਹੀ ਨ ਜਾਇ॥   (ਪੰਨਾ 1423)

ਸ੍ਰੀ ਗੁਰੂ ਗ੍ਰੰਥ ਸਾਹਿਬ ਅਨੁਸਾਰ ‘ਜਿਨ੍ਹਾਂ ਗੀਤਾਂ ਦੇ ਸੁਣਨ ਤੋਂ ਮਨ ਵਿਕਾਰਾਂ ਵਿਚ ਪਰਵਿਰਤੇ, ਉਹ ਤਯਾਗਯ ਯੋਗਯ ਕਥਨ ਕਰੇ ਹਨ।’9 ਅਰਥਾਤ ਕੀਰਤਨ ਕਰਨ ਸਮੇਂ ਅਜਿਹੇ ਗੀਤਾਂ ਨੂੰ ਗਾਉਣ ਦੀ ਆਗਿਆ ਨਹੀਂ ਹੈ, ਜਿਨ੍ਹਾਂ ਨਾਲ ਸੁਰਤਿ ਪਰਮਾਤਮਾ ਨਾਲ ਜੁੜਨ ਦੀ ਥਾਂ ਖਿੰਡ ਜਾਵੇ। ਰਾਗ ਤੇ ਰਾਗਾਂ ਦੀਆਂ ਸੰਗੀਤਕ ਧੁਨਾਂ ਵੀ ਉਹੀ ਪ੍ਰਵਾਨ ਹਨ,  ਜਿਨ੍ਹਾਂ ਦੇ ਆਲਾਪ ਕਰਨ ਨਾਲ ਮਨ ਨੂੰ ਸ਼ਾਂਤੀ ਮਿਲੇ। ਗੁਰਵਾਕ ਹੈ:

ਧੰਨੁ ਸੁ ਰਾਗ ਸੁਰੰਗੜੇ ਆਲਾਪਤ ਸਭ ਤਿਖ ਜਾਇ॥ (ਪੰਨਾ 958)

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਗਦਾਦ ਵਿਚ ਪੀਰ ਦਸਤਗੀਰ ਨੂੰ ਗੁਰਬਾਣੀ-ਸੰਗੀਤ ਦੀ ਪਰਿਭਾਸ਼ਾ ਦੱਸੀ ਸੀ ਜਿਸ ਨੂੰ ‘Sikh Sacred Music’ ਪੁਸਤਕ ਵਿਚ ਇਵੇਂ ਲਿਖਿਆ ਹੈ:

It has been recorded in the Janamsakhi (Bhai Mani Singh) that Guru Nanak Dev Ji was sitting under a tree on the outskirts of Baghdad. He started singing Shabad to the tune of Mardana’s rabab. This attracted the curious crowd which resented the intrusion, since praying in musical tunes is forbidden according to tenets of Islam. Pir Dastgir, the priest of Baghdad came there, addressed the Guru, “Music tends to divert the mind towards enjoyment of senses. It is, therefore, not proper to use it for Holy Communion.” Guru Ji replied, “Musical sounds originate from God. It is holy in every sense. The best way to worship God is to blend the divine word with holy music. The music for worship is higher than the type of singing indulged in by some for entertainment.”10

ਗੁਰੂ-ਘਰ ਦੇ ਕੀਰਤਨੀਆਂ ਦੁਆਰਾ ਸ਼ਬਦ ਤੇ ਰਾਗ ਦੇ ਸੰਜੋਗ ਦੁਆਰਾ ਗਾਏ ਹੋਏ ਸੰਗੀਤ, ਭਾਵ ਗੁਰਬਾਣੀ-ਕੀਰਤਨ ਦਾ ਪ੍ਰਭਾਵ ਅਲੌਕਿਕ ਤੇ ਚਮਤਕਾਰੀ ਹੈ। ਵਾਸਤਵ ਵਿਚ, ਅਕਾਲ ਪੁਰਖ ਵੱਲੋਂ ਨਾ ਕੇਵਲ ਸਿੱਖਾਂ ਨੂੰ ਜਾਂ ਭਾਰਤੀਆਂ ਨੂੰ ਸਗੋਂ ਸਮੁੱਚੀ ਮਨੁੱਖਤਾ ਨੂੰ ਕੀਰਤਨ ਦੀ ਅਮੋਲਕ ਦਾਤ ਪ੍ਰਾਪਤ ਹੋਈ ਹੈ ਜਿਸ ਰਾਹੀਂ ਸਮੂਹ ਪ੍ਰਾਣੀ-ਜਗਤ ਨੂੰ ਭਗਤੀ ਵਿਚ ਲੀਨ ਕੀਤਾ ਜਾ ਸਕਦਾ ਹੈ। “ਇਕ ਪੁਰਾਣਾ ਮੁਸਲਮਾਨ ਮੁਅੱਰਖ ਸਿੱਖਾਂ ਦੇ ਹਾਲਾਤ ਲਿਖਦਾ ਹੋਇਆ ਕਹਿੰਦਾ ਹੈ ਕਿ ਸਿੱਖ ਲੋਕ ਵਾਹਿਗੁਰੂ ਦੇ ਭਜਨ ਐਸੇ ਦਿਲਕਸ਼ ਰਾਗ ਵਿਚ ਗਾਉਂਦੇ ਹਨ ਕਿ ਚਲਦਾ ਪਾਣੀ ਵੀ ਖੜੋ ਜਾਂਦਾ ਹੈ, ਉੱਡਦੇ ਪੰਛੀ ਰੁਕ ਜਾਂਦੇ ਹਨ।”11

ਇਹ ਕਿੰਤੂ-ਰਹਿਤ ਸਚਾਈ ਹੈ ਕਿ ਗੁਰਬਾਣੀ ਕੀਰਤਨ ਸਰਲ ਤੇ ਪ੍ਰਭਾਵਸ਼ਾਲੀ ਸਾਧਨ ਹੈ ਜਿਸ ਦੁਆਰਾ ‘ਆਪਿ ਜਪਹੁ ਅਵਰਹ ਨਾਮੁ ਜਪਾਵਹੁ’ (290) ਦੇ ਗੁਰਮਤਿ ਸਿਧਾਂਤ ਨੂੰ ਅਮਲੀ ਜਾਮਾ ਪਹਿਨਾਇਆ ਜਾ ਸਕਦਾ ਹੈ। ਇਸ ਤੱਥ ਦੀ ਪ੍ਰੋੜ੍ਹਤਾ ਲਈ ਕੁਝ ਮਹਾਨ ਵਿਅਕਤੀਆਂ ਦੇ ਨਿੱਜੀ ਅਨੁਭਵ ਪਾਠਕਾਂ ਨਾਲ ਸਾਂਝੇ ਕਰਦੀ ਹਾਂ:

ਭਾਈ ਨਿਰਮਲ ਸਿੰਘ ਖ਼ਾਲਸਾ ਆਪਣੇ ਲੇਖ- ‘ਗੁਰਮਤਿ ਸੰਗੀਤ ਸਾਧਨਾ’ ਵਿਚ ਲਿਖਦੇ ਹਨ, “ਹਿੰਦੁਸਤਾਨੀ ਕਲਾਸੀਕਲ ਗਾਇਕੀ ਦੇ ਸਿਰਮੌਰ ਗਵੱਈਏ ਸਰਵ ਸ੍ਰੀ ਪੰਡਤ ਵਿਆਸ ਰਾਉ, ਪੰਡਤ ਉਂਕਾਰ ਨਾਥ ਠਾਕੁਰ, ਪੰਡਤ ਵਿਸ਼ਨੂੰ ਦਿਗੰਬਰ ਤੇ ਉਸਤਾਦ ਫੈਆਜ਼ ਖਾਂ ਵਰਗੇ ਨਾਮਵਰ ਗਾਇਕਾਂ ਨੂੰ (ਹਰਿਮੰਦਰ ਸਾਹਿਬ ਦੇ) ਇਨ੍ਹਾਂ ਰਾਗੀ ਸਿੰਘਾਂ ਦਾ ਲੋਹਾ ਮੰਨਣਾ ਪਿਆ। ਇਕ ਵਾਰੀ ਹੋਲੀ ਦੇ ਸੰਗੀਤ ਸੰਮੇਲਨ ਵਿਚ ਭਾਗ ਲੈਣ ਲਈ ਪੰਡਤ ਵਿਆਸ ਰਾਉ ਜੀ ਦੇ ਪੁੱਜਣ ’ਤੇ ਸਤਿਕਾਰ ਵਜੋਂ ਰਾਗੀ ਸਿੰਘ ਉਨ੍ਹਾਂ ਦੀ ਮਿਜ਼ਾਜ਼-ਪੁਰਸ਼ੀ ਲਈ ਪੁੱਜੇ ਤਾਂ ਪੰਡਤ ਜੀ ਪਾਸੋਂ ਕੁਝ ਸੁਣਨ ਦੀ ਬੇਨਤੀ ਕੀਤੀ। ਪੰਡਤ ਜੀ ਨੇ ਆਪਣੀ ਗਾਇਕੀ ਨਾਲ ਰਾਗੀ ਸਿੰਘਾਂ ਤੇ ਰਬਾਬੀ ਸਿੰਘਾਂ ਨੂੰ ਸਰਸ਼ਾਰ ਕੀਤਾ ਤਾਂ ਫਿਰ ਪੰਡਤ ਜੀ ਰਾਗੀ ਸਿੰਘਾਂ ਨੂੰ ਮੁਖ਼ਾਤਿਬ ਹੋ ਕੇ ਬੋਲੇ ਕਿ ‘ਆਪ ਸਾਹਿਬਾਨ ਭੀ ਤੋ ਬਹੁਤ ਊਂਚੀ ਜਗਹ ਸੇ ਆਏ ਹੋ, ਹਮੇਂ ਭੀ ਸਵਰਣ ਮੰਦਿਰ ਕਾ ਕੁਛ ਪਰਸ਼ਾਦਿ ਦੀਜੀਏਗਾ।’ਉਸੇ ਵਕਤ ਸ੍ਰੀ ਦਰਬਾਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਭਾਈ ਸਾਈਂ ਦਿੱਤਾ ਜੀ ਨੇ ਜਦੋਂ ਗਾਉਣਾ ਸ਼ੁਰੂ ਕੀਤਾ ਤਾਂ ਪੰਡਤ ਵਿਆਸ ਰਾਉ ਜੀ ਸਤਿਕਾਰ ਵਜੋਂ ਖੜ੍ਹੇ ਹੋ ਕੇ ਅੱਸ਼-ਅੱਸ਼ ਕਰਨ ਲੱਗੇ ਤੇ ਕਹਿਣ ਲੱਗੇ, ‘ਹੇ ਪ੍ਰਭੂ! ਇਸਸੇ ਆਗੇ ਕੁਛ ਗਾਇਨ ਕਰਨਾ ਅਤਿ ਕਠਿਨ ਬਾਤ ਹੈ, ਬਸ ਇਤਨਾ ਹੀ ਕਹਿਤਾ ਹੂੰ ਕਿ ਸਰਸਵਤੀ ਤੋ ਗੁਰੂ ਰਾਮਦਾਸ ਜੀ ਕੇ ਘਰ ਸਵਰਣ ਮੰਦਿਰ ਮੇਂ ਹੀ ਰਹਿਤੀ ਹੈ। ਇਤਨਾ ਮੁਸ਼ਕਿਲ ਔਰ ਸੁਰ ਮੇਂ ਗਾਇਨ ਕਰਨਾ, ਹਮਾਰੇ ਬਸ ਮੇਂ ਨਹੀਂ ਹੈ।’

ਇੰਞ ਹੀ ਆਪਣੇ ਵਕਤ ਦੇ ਦਿਗਵਿਜ ਗਾਇਕ, ਉਸਤਾਦ ਬੜੇ ਗ਼ੁਲਾਮ ਅਲੀ ਖ਼ਾਂ ਅਤੇ ਗਜ਼ਲ-ਕੁਈਨ ਬੇਗਮ ਅਖ਼ਤਰ ਵੀ ਸ੍ਰੀ ਦਰਬਾਰ ਸਾਹਿਬ ਜੀ ਦੇ ਰਾਗੀਆਂ ’ਤੇ ਫਿਦਾ ਸਨ।…ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਅਧਿਆਤਮਿਕ ਦਰਬਾਰ- ‘ਵਡਾ ਤੇਰਾ ਦਰਬਾਰੁ ਸਚਾ ਤੁਧੁ ਤਖਤੁ॥ ਸਿਰਿ ਸਾਹਾ ਪਾਤਿਸਾਹੁ ਨਿਹਚਲੁ ਚਉਰੁ ਛਤੁ’ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅਨੇਕਾਂ ਹੀ ਐਸੇ-ਐਸੇ ਸੁੱਚੇ ਹੀਰੇ-ਮੋਤੀ ਅਤੇ ਮਾਣਕਾਂ ਨਾਲੋਂ ਵਧ ਕੇ, ਅਨਮੋਲ ਰਤਨ, ਗੁਰੂ-ਘਰ ਦੇ ਲਾਡਲੇ, ਕੀਰਤਨੀਏਂ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫ਼ਲੇ ਕਰਦੇ ਰਹੇ ਹਨ ਕਿ ਜਿਨ੍ਹਾਂ ਸਾਹਵੇਂ ਸ਼ਰਧਾ-ਸਤਿਕਾਰ ’ਚ ਲਬਰੇਜ਼ ਸਿੱਖ ਸੰਗਤਾਂ ਅਤੇ ਕਦਰਦਾਨ ਰੂਹਾਂ, ਝੁਕ-ਝੁਕ ਕੇ ਪ੍ਰਣਾਮ ਕਰਦੀਆਂ ਥੱਕਦੀਆਂ ਨਹੀਂ ਸਨ ਹੁੰਦੀਆਂ।…ਵਿਸ਼ਵ ਕਵੀ, ਬੰਗਾਲ ਨਿਵਾਸੀ, ਨੋਬਲ ਪੁਰਸਕਾਰ ਜੇਤੂ, ਮਹਾਂ ਕਵੀ ਰਵਿੰਦਰ ਨਾਥ ਟੈਗੋਰ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜਦੋਂ ਦਰਸ਼ਨਾਂ ਲਈ ਆਏ ਤਾਂ ਉਸ ਦੇ ਸੰਗੀਤ-ਰਸਿਕ ਕੰਨਾਂ ਵਿਚ ਜਦੋਂ ਅਜਿਹੇ ਹੀ ਇਕ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਕੀਰਤਨੀਏ, ਭਾਈ ਸੁੰਦਰ ਸਿੰਘ ਜੀ ਦੀ ਰਸਭਿੰਨੜੀ ਆਵਾਜ਼ ਪਈ ਤਾਂ ਉਹ ਇਤਨਾ ਮਤਵਾਲਾ ਹੋ ਉੱਠਿਆ ਕਿ ਉਸ ਦਾ ਮੋਰ ਰੂਪੀ ਮਨ ਪੈਲਾਂ ਪਾਉਂਦਾ ਹੋਇਆ ਨੱਚ ਉੱਠਿਆ। ਆਪ ਕਈ ਦਿਨ ਕੀਰਤਨ ਦਾ ਇਲਾਹੀ ਰਸ ਮਾਣਦੇ ਰਹੇ ਤੇ ਕਹਿਣ ਲੱਗੇ ਕਿ ਮੈਂ ਜ਼ਿੰਦਗੀ ਭਰ ਚੋਰੀ ਨਹੀਂ ਕੀਤੀ ਪਰ ਹੁਣ ਮੇਰਾ ਮਨ ਚਾਹੁੰਦਾ ਹੈ ਕਿ ਮੈਂ ਇਸ ਰਾਗੀ ਨੂੰ ਚੋਰੀ ਕਰਕੇ ਆਪਣੇ ਪਾਸ ਬੰਗਾਲ ਲੈ ਜਾਵਾਂ।12
ਬਲਵੰਤ ਗਾਰਗੀ ਭਾਈ ਸਮੁੰਦ ਸਿੰਘ (ਰਾਗੀ) ਦੇ ਕੀਰਤਨ ਤੋਂ ਪ੍ਰਭਾਵਿਤ ਹੋ ਕੇ ਲਿਖਦਾ ਹੈ: “ਮੈਂ ਕਿਸੇ ਧਰਮ ਵਿਚ ਯਕੀਨ ਨਹੀਂ ਰੱਖਦਾ, ਨਾ ਹੀ ਰੱਬ ਵਿਚ ਮੇਰਾ ਵਿਸ਼ਵਾਸ ਹੈ। ਇਸ ਸੰਗੀਤ ਵੱਲ ਮੇਰਾ ਪ੍ਰਤਿਕਰਮ ਨਿਰੋਲ ਇਕ ਸੁਹਜਵਾਦੀ ਦਾ ਸੀ। ਪਰ ਇਸ ਨੇ ਮੇਰੇ ਅੰਦਰ ਡੂੰਘੀਆਂ ਭਾਵਾਤਮਕ ਤੇ ਰੂਹਾਨੀ ਝਰਨਾਟਾਂ ਛੇੜ ਦਿੱਤੀਆਂ।” ਇਸ  ਪ੍ਰਭਾਵ ਦਾ ਕਾਰਨ ਵੀ ਦੱਸਦਾ ਹੈ, “ਜਦ ਉਹ (ਭਾਈ ਸਮੁੰਦ ਸਿੰਘ) ਕੀਰਤਨ ਕਰਦਾ ਤਾਂ ਗੁਰੂ ਨੂੰ ਹਾਜ਼ਰ-ਨਾਜ਼ਰ ਸਮਝਦਾ। ਉਸ ਨੂੰ ਵਿਸ਼ਵਾਸ ਹੁੰਦਾ ਕਿ ਵਾਹਿਗੁਰੂ ਉਸ ਦਾ ਕੀਰਤਨ ਸੁਣ ਰਿਹਾ ਹੈ। ਉਸ ਲਈ ਨਨਕਾਣਾ ਸਾਹਿਬ ਵਿਚ ਕੀਰਤਨ ਕਰਨਾ ਨੌਕਰੀ ਨਹੀਂ ਸੀ ਸਗੋਂ ਜੀਵਨ-ਢੰਗ ਸੀ। ਉਸ ਨੇ ‘ਗੁਰਬਾਣੀ ਨੂੰ ਜੀਵਿਆ ਸੀ ਤੇ ਇਸ ਦੇ ਸਾਹ ਲਏ ਸਨ।’ ਇਹੋ ਉਸ ਦਾ ਮਨੋਰੰਜਨ ਸੀ ਤੇ ਇਹੋ ਉਸ ਦੀ ਰੋਜ਼ੀ। ਕਈ ਵਾਰ ਕੀਰਤਨ ਕਰਦਿਆਂ ਵਿਸਮਾਦ ਵਿਚ ਆ ਕੇ ਉਸ ਦੀਆਂ ਅੱਖਾਂ ਵਿਚ ਹੰਝੂ ਆ ਜਾਂਦੇ, ਖ਼ਾਸ ਤੋਰ ’ਤੇ ਜਦੋਂ ਉਹ ਗੁਰੂ ਦੇ ਵਿਛੋੜੇ ਬਾਰੇ, ਵਾਹਿਗੁਰੂ ਦੇ ਦਰਸ਼ਨਾਂ ਦੀ ਲੋਚਾ ਬਾਰੇ ਤੇ ਉਸ ਦੇ ਮਿਲਾਪ ਬਾਰੇ ਗਾਉਂਦਾ। ਉਸ ਨੇ ਅਧਿਆਤਮਕ ਸੱਚ ਨੂੰ ਅਜਿਹੇ ਅਨੁਭਵ ਨਾਲ ਪੇਸ਼ ਕੀਤਾ ਕਿ ਸ੍ਰੋਤਿਆਂ ਦੀਆਂ ਅੱਖਾਂ ਵਿਚ ਅੱਥਰੂ ਆ ਜਾਂਦੇ ਤੇ ਉਹ ਸਿਸਕੀਆਂ ਭਰਨ ਲੱਗਦੇ।…ਉਸ ਨੇ ‘ਨਾਨਕ ਨਾਮ ਜਹਾਜ਼ ਹੈ’ ਫ਼ਿਲਮ ਵਿਚ ਰਾਗ ਬਹਾਰ ਵਿਚ ਮਸ਼ਹੂਰ ਸ਼ਬਦ ‘ਕਲਿ ਤਾਰਣ ਗੁਰੂ ਨਾਨਕ ਆਇਆ’ ਗਾਇਆ, ਜੋ ਲੱਖਾਂ ਲੋਕਾਂ ਲਈ ਰੂਹਾਨੀ ਪੈਗ਼ਾਮ ਬਣ ਗਿਆ।13

ਅੰਤ ਵਿਚ ਅਸੀਂ ਕੀਰਤਨ ਸੰਬੰਧੀ ਭਾਈ ਗੁਰਮੇਲ ਸਿੰਘ ਜੀ (ਸਾਬਕਾ ਹਜ਼ੂਰੀ ਰਾਗੀ) ਦੇ ਸ਼ਬਦ ਪਾਠਕਾਂ ਨਾਲ ਸਾਂਝੇ ਕਰਦੇ ਹਾਂ- ‘ਗੁਰਬਾਣੀ ਕੀਰਤਨ ਪੂਰਾ ਬ੍ਰਹਮ-ਸਰੂਪ ਅਤੇ ਜੀਵਨ ਦਾ ਰਸ ਅਨੰਦ ਹੈ। ਇਹ ਸਿੱਖੀ ਦਾ ਮੂਲ ਆਧਾਰ ਹੈ। ਸਿੱਖੀ ਤੋਂ ਕੀਰਤਨ ਨੂੰ ਅਲੱਗ ਕਰਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਗੁਰਬਾਣੀ ਕੀਰਤਨ ਸਿੱਖ ਹਿਰਦੇ ਦੀ ਧੜਕਣ ਹੈ। ਜੇਕਰ ਇਸ ਨੂੰ ਸਿੱਖੀ ਦੀ ਰੂਹ ਆਖ ਲਿਆ ਜਾਵੇ ਤਾਂ ਇਹ ਕੋਈ ਅਤਕਥਨੀ ਨਹੀਂ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਧੁਰ ਦਰਗਾਹ ਤੋਂ ਕੀਰਤਨ ਦਾ ਖਜ਼ਾਨਾ, ਮਨੁੱਖਤਾ ਦੀ ਝੋਲੀ ਪਾਇਆ। ਇਕਸੁਰ ਜੁੜ ਕੇ ਤੇ ਤਾਲਬੱਧ ਹੋ ਕੇ ਧੁਰ ਕੀ ਬਾਣੀ ਦਾ ਕੀਰਤਨ ਗਾਇਨ ਕਰਨਾ ਬ੍ਰਹਮ ਦੀ ਪ੍ਰਾਪਤੀ ਹੈ।…ਪਾਵਨ ਗੁਰਬਾਣੀ ਦਾ ਕੀਰਤਨ ਕਰਨਾ ਹੀ ਜੋਗ ਹੈ, ਤਪ ਸਾਧਨਾ ਹੈ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੋਈ ਪ੍ਰਾਣਾਯਾਮ ਨਹੀਂ ਕੀਤਾ, ਨਾ ਹੀ ਕੋਈ ਧੂਣੀਆਂ ਤਾਪੀਆਂ ਅਤੇ ਨਾ ਹੀ ਕੋਈ ਜਲ ਧਾਰੇ ਕੀਤੇ। ਗੁਰੂ ਪਾਤਸ਼ਾਹ ਜੀ ਨੇ ਸਾਦੇ ਤੇ ਸੁਹਜ ਢੰਗ ਵਿਚ ਸੰਗਤਾਂ ਨੂੰ ਪਾਵਨ ਗੁਰਬਾਣੀ ਦਾ ਕੀਰਤਨ ਸੁਣਾਇਆ ਅਤੇ ਭੁੱਲੇ-ਭਟਕੇ ਤੇ ਕੁਰਾਹੇ ਪਏ ਲੋਕਾਂ ਨੂੰ ਮੁਕਤੀ ਦੇ ਦਰ ਤਕ ਪਹੁੰਚਾ ਦਿੱਤਾ।’14 ਅੱਜ ਜਦੋਂ ਕਿ ਮਨੁੱਖਤਾ ਸੰਸਾਰ-ਯੁੱਧਾਂ ਦੇ ਅਸ਼ਾਂਤ ਮਾਹੌਲ ਵਿਚ ਆਤਮਿਕ ਅਤੇ ਮਾਨਸਿਕ ਤੌਰ ’ਤੇ ਸੜ-ਬਲ ਰਹੀ ਹੈ, ਗੁਰਬਾਣੀ ਕੀਰਤਨ ਦੀ ਅੰਮ੍ਰਿਤ-ਵਰਖਾ ਹੀ ਠੰਢ ਵਰਤਾ ਸਕਦੀ ਹੈ। ਸਾਨੂੰ ਆਪਣੇ ਧੰਨ ਭਾਗ ਸਮਝਣੇ ਚਾਹੀਦੇ ਹਨ ਕਿ ਅਕਾਲ ਪੁਰਖ ਦੀ ਅਪਾਰ ਬਖਸ਼ਿਸ਼ ਸਦਕਾ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਪਰਾਲਾ ਕੀਤਾ ਹੈ) ਅਸੀਂ ਹਰ ਰੋਜ਼ (ਦੇਸ਼ਾਂ ਪਰਦੇਸਾਂ ਵਿਚ- ਘਰ ਬੈਠੇ ਹੀ ਮੀਡੀਏ ਦੁਆਰਾ) ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਤੋਂ ਗੁਰਬਾਣੀ-ਕੀਰਤਨ ਦਾ ਸਿੱਧਾ ਪ੍ਰਸਾਰਨ ਸ੍ਰਵਣ ਕਰਦੇ ਹਾਂ। ਜਦੋਂ ਕੰਨਾਂ ਵਿਚ ਕੀਰਤਨ ਦੀ ਮਧੁਰ ਅਵਾਜ਼ ਗੂੰਜਦੀ ਹੈ- ‘ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ’ (968),‘ਝਿਮਿ ਝਿਮਿ ਵਰਸੈ ਅੰਮ੍ਰਿਤ ਧਾਰਾ’ (102), ‘ਝਿੰਮਿ ਝਿੰਮਿ ਅੰਮ੍ਰਿਤੁ ਵਰਸਦਾ’ (74) ਤਾਂ ਮਨ ਸ਼ਰਸ਼ਾਰ ਹੋ ਕੇ ਅਕਾਲ ਪੁਰਖ ਦੀ ਅਗੰਮੀ ਜੋਤਿ ਨਾਲ ਜੁੜਿਆ ਮਹਿਸੂਸ ਕਰਦਾ ਹੈ। ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਤੋਂ ਬਲਿਹਾਰ ਜਾਂਦੇ ਹਾਂ ਜਿਨ੍ਹਾਂ ਨੇ ਕੀਰਤਨ ਦੀ ਦਾਤ ਬਖਸ਼ੀ ਹੈ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਪਿੰਡ ਤੇ ਡਾਕ: ਸੂਲਰ, ਜ਼ਿਲ੍ਹਾ ਪਟਿਆਲਾ-147001

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)