editor@sikharchives.org
Sri Guru Granth Sahib Ji Di Vilakhanta

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਲੱਖਣਤਾ

ਸ੍ਰੀ ਗੁਰੂ ਗ੍ਰੰਥ ਸਾਹਿਬ ਇੱਕੋ-ਇੱਕ ਧਰਮ-ਗ੍ਰੰਥ ਹੈ ਜਿਸ ਨੂੰ ਗੁਰੂ ਸਾਹਿਬ ਨੇ ਆਪ ਤਿਆਰ ਕਰਵਾਇਆ ਹੈ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਸੰਸਾਰ ਵਿਚ ਜਿੰਨੇ ਵੀ ਮੁਖ ਧਰਮ ਹਨ ਉਨ੍ਹਾਂ ਦੇ ਆਪੋ-ਆਪਣੇ ਪਵਿੱਤਰ ਧਰਮ-ਗ੍ਰੰਥ ਹਨ। ਇਸ ਗ੍ਰੰਥ ਉੱਤੇ ਉਸ ਧਰਮ ਦੇ ਸਿਧਾਂਤ ਤੇ ਨਿਯਮ ਆਦਿ ਆਧਾਰਿਤ ਹੁੰਦੇ ਹਨ। ਸਿੱਖ ਧਰਮ ਦਾ ਮੂਲਗ੍ਰੰਥ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਈ ਵਿਸ਼ੇਸ਼ਤਾਈਆਂ ਕਾਰਨ ਦੂਜੇ ਧਰਮ ਗ੍ਰੰਥਾਂ ਨਾਲੋਂ ਵਿਲੱਖਣ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ 6 ਗੁਰੂ ਸਾਹਿਬਾਨ, 15 ਭਗਤ ਸਾਹਿਬਾਨ, 11 ਭੱਟ ਸਾਹਿਬਾਨ ਅਤੇ ਗੁਰਸਿੱਖਾਂ ਦੀ ਬਾਣੀ ਦਰਜ ਹੈ। 1430 ਪਾਵਨ ਪੰਨਿਆਂ ਦਾ ਵੱਡੇ ਆਕਾਰ ਦਾ ਇਹ ਗ੍ਰੰਥ ਹੈ। ਇਸ ਦੇ ਲਗਭਗ 5765 ਸਲੋਕ ਹਨ। ਇਹ ਸਾਰੀ ਬਾਣੀ 31 ਰਾਗਾਂ ਵਿਚ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੂਲ ਰੂਪ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ 1604 ਵਿਚ ਸੰਪਾਦਿਤ ਕੀਤਾ ਸੀ। ਇਸ ਦੇ ਪਹਿਲੇ ਸਰੂਪ ਨੂੰ ‘ਪੋਥੀ ਸਾਹਿਬ’ ਤਥਾ ‘ਸ੍ਰੀ ਆਦਿ ਗ੍ਰੰਥ ਸਾਹਿਬ’ ਕਿਹਾ ਜਾਂਦਾ ਹੈ। ਇਸ ਦੇ ਲਿਖਾਰੀ ਭਾਈ ਗੁਰਦਾਸ ਜੀ ਸਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 102 ਸਾਲ ਬਾਅਦ ਸ੍ਰੀ ਆਦਿ ਗ੍ਰੰਥ ਸਾਹਿਬ ਦੀ ਬੀੜ ਦੁਬਾਰਾ ਤਿਆਰ ਕਰਵਾਈ। ਇਸ ਦੇ ਲਿਖਾਰੀ ਭਾਈ ਮਨੀ ਸਿੰਘ ਜੀ ਸਨ। ਗੁਰੂ ਜੀ ਨੇ ਇਸ ਦੇ ਮੂਲ ਪ੍ਰਬੰਧ ਵਿਚ ਤੇ ਬਾਣੀ ਵਿਚ ਕੋਈ ਤਬਦੀਲੀ ਨਹੀਂ ਕੀਤੀ। ਉਨ੍ਹਾਂ ਨੇ ਇਸ ਵਿਚ ਸਿਰਫ਼ ਵਾਧਾ ਹੀ ਕੀਤਾ। ਆਪਣੇ ਪਿਤਾ (ਨੌਵੇਂ ਗੁਰੂ) ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪੰਜ ਗੁਰੂ ਸਾਹਿਬਾਨ ਦੀ ਪਾਵਨ ਬਾਣੀ ਦੇ ਨਾਲ ਰਾਗਾਂ ਅਨੁਸਾਰ ਸ਼ਾਮਲ ਕਰ ਦਿੱਤਾ।

ਸ੍ਰੀ ਗੁਰੂ ਗ੍ਰੰਥ ਸਾਹਿਬ ਇੱਕੋ-ਇੱਕ ਧਰਮ-ਗ੍ਰੰਥ ਹੈ ਜਿਸ ਨੂੰ ਗੁਰੂ ਸਾਹਿਬ ਨੇ ਆਪ ਤਿਆਰ ਕਰਵਾਇਆ ਹੈ। ਹੋਰ ਜਿੰਨੇ ਵੀ ਧਾਰਮਿਕ ਗ੍ਰੰਥ ਹਨ ਇਹ ਉਸ ਧਰਮ ਦੇ ਬਾਨੀਆਂ ਨੇ ਆਪਣੀ ਮੌਜੂਦਗੀ ਵਿਚ ਤਿਆਰ ਨਹੀਂ ਕਰਵਾਏ। ਵੇਦਾਂ-ਉਪਨਿਸ਼ਦਾਂ ਦੇ ਰਚਨਕਾਰਾਂ ਦੀ ਕੋਈ ਜਾਣਕਾਰੀ ਵੀ ਪ੍ਰਾਪਤ ਨਹੀਂ ਹੈ। ਚਾਰੇ ਕਤੇਬ, ਤੌਰੇਤ, ਪਿੱਛੋਂ ਇਨ੍ਹਾਂ ਦੇ ਪੈਰੋਕਾਰਾਂ ਵੱਲੋਂ ਤਿਆਰ ਕਰਵਾਏ ਗਏ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਉਸੇ ਮੂਲ ਰੂਪ ਵਿਚ ਕਾਇਮ ਰੱਖਿਆ ਗਿਆ ਹੈ। ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਕ ਅਜਿਹਾ ਪ੍ਰਮਾਣੀਕ ਗ੍ਰੰਥ ਹੈ ਜਿਸ ਵਿਚ ਗੁਰੂ ਸਾਹਿਬਾਨ ਅਤੇ ਹੋਰ ਭਗਤ ਸਾਹਿਬਾਨ ਦੀ ਬਾਣੀ ਸ਼ੁੱਧ ਰੂਪ ਵਿਚ ਦਰਜ ਹੈ। ਇਹ ਪੂਰਨ ਗੁਰੂਆਂ ਦੀ ਪੂਰਨ ਕ੍ਰਿਤ ਹੈ। ਇਸ ਬਾਰੇ ਭਾਈ ਗੁਰਦਾਸ ਜੀ ਨੇ  ਲਿਖਿਆ ਹੈ:

ਪੂਰਾ ਸਤਿਗੁਰੁ ਜਾਣੀਐ ਪੂਰੇ ਪੂਰਾ ਠਾਟੁ ਬਣਾਇਆ।
ਪੂਰੇ ਪੂਰਾ ਤੋਲੁ ਹੈ ਘਟੈ ਨ ਵਧੈ ਘਟਾਇ ਵਧਾਇਆ।  (ਵਾਰ 6:1)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਤੇ ਵਿਲੱਖਣਤਾ ਇਹ ਹੈ ਕਿ ਇਹ ਗ੍ਰੰਥ ਇੱਕੋ ਧਾਰਮਿਕ-ਗ੍ਰੰਥ ਹੈ, ਜੋ ਹੋਰ ਧਾਰਮਿਕ-ਗ੍ਰੰਥਾਂ ਵਾਂਗ ਕਿਸੇ ਇਕ ਧਰਮ, ਪੈਗ਼ੰਬਰ ਜਾਂ ਰਹਿਬਰ ਤਕ ਸੀਮਤ ਨਹੀਂ ਹੈ। ਇਸ ਧਰਮ-ਗ੍ਰੰਥ ਵਿਚ ਗੁਰੂ ਸਾਹਿਬਾਨ ਤੋਂ ਇਲਾਵਾ ਹੋਰ ਧਰਮਾਂ ਦੇ ਮਹਾਂਪੁਰਖਾਂ ਦੀ ਬਾਣੀ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਸਮੇਤ ਪੰਜ ਗੁਰੂ ਸਾਹਿਬਾਨ ਦੀ ਬਾਣੀ ਦੇ ਨਾਲ ਹਿੰਦੁਸਤਾਨ ਦੇ ਉਨ੍ਹਾਂ ਸੰਤਾਂ, ਭਗਤਾਂ ਦੀ ਬਾਣੀ ਵੀ ਸ਼ਾਮਿਲ ਕੀਤੀ ਜਿਨ੍ਹਾਂ ਦੀ ਬਾਣੀ ਦਾ ਸਿਧਾਂਤ ਅਤੇ ਪੱਧਰ ਗੁਰਬਾਣੀ ਨਾਲ ਮਿਲਦਾ-ਜੁਲਦਾ ਸੀ। ਇਨ੍ਹਾਂ ਦੀ ਬਾਣੀ ਵਿਚ ਵੀ ਨਿਰੰਕਾਰ ਦੀ ਪੂਜਾ ਅਤੇ ਸਮਾਜਕ ਬਰਾਬਰੀ ਦਾ ਉਪਦੇਸ਼ ਦਿੱਤਾ ਗਿਆ ਹੈ। ਇਸ ਸ੍ਰੀ ਆਦਿ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਵਿਚ ਭਾਦੋਂ ਸੁਦੀ ਏਕਮ ਸੰਮਤ 1661 (ਨਾਨਕਸ਼ਾਹੀ ਕੈਲੰਡਰ ਅਨੁਸਾਰ 17 ਭਾਦੋਂ ਸੰਮਤ 136) ਨੂੰ ਕੀਤਾ ਗਿਆ:

ਲਿਯ ਸੰਗ ਸੁ ਗ੍ਰੰਥਹਿ ਆਪਨ ਕੈ।
ਹਰਿ ਮੰਦਰ ਮੈ ਥਿਰ ਥਾਪਨ ਕੈ।
ਹੁਇ ਪੂਜ ਸਦਾ ਇਸ ਥਾਨ ਬਿਖੈ।
ਬਹੁਰੋ ਸਮੁਦਾਇ ਪਠੈ ਸੁ ਲਿਖੈ। (ਗੁਰ ਪ੍ਰਤਾਪ ਸੂਰਜ ਗ੍ਰੰਥ)

ਧਾਰਮਿਕ ਸਹਿਣਸ਼ੀਲਤਾ ਤੇ ਸਾਂਝੀਵਾਲਤਾ ਦਾ ਪੂਰਾ ਸਨਮਾਨ ਕਰਦਿਆਂ ਗੁਰੂ ਸਾਹਿਬ ਦਾ ਉਪਦੇਸ਼ ਇਕ ਸੰਪੂਰਨ ਮਨੁੱਖ ਤਿਆਰ ਕਰਨਾ ਸੀ ਤੇ ਉਸ ਲਈ ਇਕ ਸਰਬਪੱਖੀ ਸਿਧਾਂਤਾਂ ਤੇ ਨਿਯਮਾਂ ਵਾਲਾ ਪੰਥ ਚਲਾਉਣ ਦੀ ਲੋੜ ਸੀ। ਇਹ ਪੰਥ ਹਿੰਦੂ, ਮੁਸਲਿਮ ਦੋਹਾਂ ਤੋਂ ਨਿਰਾਲਾ ਰੱਖਿਆ ਗਿਆ ਤਾਂ ਜੋ ਇਨ੍ਹਾਂ ਧਰਮਾਂ ਦੀ ਵਿਚਾਰਧਾਰਾ ਤੇ ਰਵਾਇਤਾਂ ਤੋਂ ਸਿੱਖ-ਮਤ ਨੂੰ ਨਿਖੇੜਿਆ ਜਾ ਸਕੇ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਦਾਸੀਆਂ ਆਰੰਭ ਕਰਨ ਸਮੇਂ ਇਹ ਸਪਸ਼ਟ ਕਰ ਦਿੱਤਾ ਸੀ ਕਿ ਉਨ੍ਹਾਂ ਦਾ ਸੰਬੰਧ ਨਾ ਹਿੰਦੂ ਧਰਮ ਨਾਲ ਹੈ ਤੇ ਨਾ ਇਸਲਾਮ ਨਾਲ। ਅਸਲ ਵਿਚ ਗੁਰੂ ਸਾਹਿਬ ਸਾਰੇ ਧਰਮਾਂ ਨਾਲ ਗੁਣਾਂ ਦੀ ਸਾਂਝ ਰੱਖਣਾ ਚਾਹੁੰਦੇ ਸਨ, ਇਸ ਲਈ ਉਹ ਸਿੱਖ-ਮਤ ਨੂੰ ਕਿਸੇ ਵੀ ਇਕ ਧਰਮ ਦੇ ਘੇਰੇ ਵਿਚ ਨਹੀਂ ਰਹਿਣ ਦੇਣਾ ਚਾਹੁੰਦੇ ਸਨ। ਫ਼ੁਰਮਾਨ ਹਨ:

ਰਾਹ ਦੋਵੈ ਖਸਮੁ ਏਕੋ ਜਾਣੁ॥
ਗੁਰ ਕੈ ਸਬਦਿ ਹੁਕਮੁ ਪਛਾਣੁ॥
ਸਗਲ ਰੂਪ ਵਰਨ ਮਨ ਮਾਹੀ॥
ਕਹੁ ਨਾਨਕ ਏਕੋ ਸਾਲਾਹੀ॥ (ਪੰਨਾ 223)

ਪੂਜਾ ਕਰਉ ਨ ਨਿਵਾਜ ਗੁਜਾਰਉ॥
ਏਕ ਨਿਰੰਕਾਰ ਲੇ ਰਿਦੈ ਨਮਸਕਾਰਉ॥
ਨਾ ਹਮ ਹਿੰਦੂ ਨ ਮੁਸਲਮਾਨ॥
ਅਲਹ ਰਾਮ ਕੇ ਪਿੰਡੁ ਪਰਾਨ॥ (ਪੰਨਾ 1136)

ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ॥
ਲਹਣੇ ਧਰਿਓਨੁ ਛਤੁ ਸਿਰਿ ਕਰਿ ਸਿਫਤੀ ਅੰਮ੍ਰਿਤੁ ਪੀਵਦੈ॥ (ਪੰਨਾ 966)

ਮਾਰਿਆ ਸਿਕਾ ਜਗਤਿ ਵਿਚਿ ਨਾਨਕ ਨਿਰਮਲ ਪੰਥੁ ਚਲਾਇਆ। (ਵਾਰ 1 ; 45)

ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਸਿਰਫ਼ ਸਿੱਖਾਂ ਲਈ ਹੀ ਨਹੀਂ ਸਗੋਂ ਸਾਰੀ ਮਨੁੱਖਤਾ ਲਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਧਰਮ ਬਦਲੀ ਕਰਨ ਦੀ ਥਾਂ ਮਨੁੱਖ ਨੂੰ ਸਹੀ ਅਰਥਾਂ ਵਿਚ ਧਾਰਮਿਕ ਬਣਾਉਣਾ ਹੈ। ਗੁਰਬਾਣੀ ਵਿਚ ਹਿੰਦੂ ਨੂੰ ਚੰਗਾ ਹਿੰਦੂ ਤੇ ਮੁਸਲਮਾਨ ਨੂੰ ਚੰਗਾ ਮੁਸਲਮਾਨ ਬਣਨ ਦੀ ਪ੍ਰੇਰਨਾ ਦਿੱਤੀ ਗਈ ਹੈ। ਸਰਬ- ਸਾਂਝੇ ਰੱਬ ਦੀ ਬੰਦਗੀ ਵਿਚ ਵਿਸ਼ਵਾਸ ਤੇ ਮਨੁੱਖੀ ਭਾਈਚਾਰੇ ਵਿਚ ਏਕਤਾ ਪੈਦਾ ਕਰ ਕੇ ਵੱਖ-ਵੱਖ ਧਰਮਾਂ ਦੇ ਪੈਰੋਕਾਰਾਂ ਨੂੰ ਇਕ-ਦੂਜੇ ਦੇ ਨੇੜੇ ਲਿਆਉਣ ਦਾ ਸਫਲ ਯਤਨ ਕੀਤਾ ਗਿਆ ਹੈ। ਗੁਰਬਾਣੀ ਦਾ ਫ਼ੁਰਮਾਨ ਹੈ:

ਮੁਸਲਮਾਣੁ ਕਹਾਵਣੁ ਮੁਸਕਲੁ ਜਾ ਹੋਇ ਤਾ ਮੁਸਲਮਾਣੁ ਕਹਾਵੈ॥
ਅਵਲਿ ਅਉਲਿ ਦੀਨੁ ਕਰਿ ਮਿਠਾ ਮਸਕਲ ਮਾਨਾ ਮਾਲੁ ਮੁਸਾਵੈ॥
ਹੋਇ ਮੁਸਲਿਮੁ ਦੀਨ ਮੁਹਾਣੈ ਮਰਣ ਜੀਵਣ ਕਾ ਭਰਮੁ ਚੁਕਾਵੈ॥
ਰਬ ਕੀ ਰਜਾਇ ਮੰਨੇ ਸਿਰ ਉਪਰਿ ਕਰਤਾ ਮੰਨੇ ਆਪੁ ਗਵਾਵੈ॥
ਤਉ ਨਾਨਕ ਸਰਬ ਜੀਆ ਮਿਹਰੰਮਤਿ ਹੋਇ ਤ ਮੁਸਲਮਾਣੁ ਕਹਾਵੈ॥ (ਪੰਨਾ 141)

ਸੋ ਪੰਡਿਤੁ ਜੋ ਮਨੁ ਪਰਬੋਧੈ॥
ਰਾਮ ਨਾਮੁ ਆਤਮ ਮਹਿ ਸੋਧੈ॥
ਰਾਮ ਨਾਮ ਸਾਰੁ ਰਸੁ ਪੀਵੈ॥
ਉਸੁ ਪੰਡਿਤ ਕੈ ਉਪਦੇਸਿ ਜਗੁ ਜੀਵੈ॥ (ਪੰਨਾ 274)

ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਅੰਮ੍ਰਿਤਸਰ ਦੇ ਸਰੋਵਰ  ਵਿਚਕਾਰ  ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਕਰਵਾਈ ਸੀ। ਇਹ ਸੁੰਦਰ ਭਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਉਪਰੰਤ ਸ੍ਰੀ ਹਰਿਮੰਦਰ ਸਾਹਿਬ ਵਜੋਂ ਜੱਗ ਅੰਦਰ ਜਾਣਿਆ ਗਿਆ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਨ ਦੀ ਤੇ ਸੁਖਾਸਨ ਕਰਨ ਦੀ ਮਰਿਆਦਾ ਬੰਨ੍ਹੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਗ੍ਰੰਥੀ ਬ੍ਰਹਮ ਗਿਆਨੀ, ਗੁਰਸਿੱਖ ਬਾਬਾ ਬੁੱਢਾ ਜੀ ਨੂੰ ਥਾਪਿਆ ਗਿਆ। ਗੁਰਮਤਿ ਵਿਚ ਗੁਰਬਾਣੀ ਦਾ ਬਹੁਤ ਉੱਚਾ ਮਹੱਤਵ ਮੰਨਿਆ ਗਿਆ। ਗੁਰੂ ਸਾਹਿਬਾਨ ਦੀ ਬਾਣੀ ਵਿਚ ਸ਼ਬਦ ਨੂੰ ਹੀ ਗੁਰੂ ਕਿਹਾ ਗਿਆ ਹੈ:

ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ॥
ਸਚਾ ਸਉਦਾ ਹਟੁ ਸਚੁ ਰਤਨੀ ਭਰੇ ਭੰਡਾਰ॥ (ਪੰਨਾ 646)

ਸ੍ਰੀ ਹਰਿਮੰਦਰ ਸਾਹਿਬ ਦਾ ਇਹ ਪਾਵਨ-ਪਵਿੱਤਰ ਸਥਾਨ ਗੁਰੂ ਅਤੇ ਸਿੱਖਾਂ ਦੀ ਪੂਜਾ ਦਾ ਕੇਂਦਰ ਬਣ ਗਿਆ ਸੀ। ਇਸ ਤਰ੍ਹਾਂ ਦਾ ਅਦਬ-ਸਤਿਕਾਰ ਕਿਸੇ ਧਰਮ ਵਿਚ ਕਿਸੇ ਗ੍ਰੰਥ ਨੂੰ ਨਹੀਂ ਦਿੱਤਾ ਗਿਆ। ਇਹ ਗੁਰਮਤਿ ਹੀ ਹੈ ਜਿਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪਰਮਾਤਮਾ ਦਾ ਰੂਪ ਮੰਨਿਆ ਗਿਆ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਵਿਚ ਪੋਥੀ ਨੂੰ ਪਰਮੇਸਰ ਦਾ ਨਿਵਾਸ ਸਥਾਨ ਕਿਹਾ ਗਿਆ ਹੈ:

ਪੋਥੀ ਪਰਮੇਸਰ ਕਾ ਥਾਨੁ॥
ਸਾਧਸੰਗਿ ਗਾਵਹਿ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨੁ॥ (ਪੰਨਾ 1226)

ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਾਰੀ ਬਾਣੀ ਦਾ ਆਪ ਸੰਪਾਦਨ ਕੀਤਾ ਹੈ। ਸਾਰੀ ਬਾਣੀ ਵਿਚ ਵਿਆਕਰਨ ਦੇ ਪੱਖੋਂ ਲਗਾਂ-ਮਾਤਰਾਂ ਦੀ ਇਕਸਾਰਤਾ ਲਿਆਂਦੀ ਗਈ ਹੈ। ਗੁਰਬਾਣੀ ਦੀ ਰਾਗਾਂ ਅਨੁਸਾਰ ਵੰਡ ਕੀਤੀ ਗਈ ਹੈ। ਰਾਗਾਂ ਵਿਚ ਗੁਰੂ ਸਾਹਿਬਾਨ ਅਤੇ ਸਭ ਭਗਤ ਸਾਹਿਬਾਨ ਦੀ ਬਾਣੀ ਵੱਖਰੇ ਸਿਰਲੇਖਾਂ ਹੇਠ ਤਰਤੀਬਵਾਰ ਦਰਜ ਕੀਤੀ ਗਈ ਹੈ। ਸਿਧਾਂਤਕ ਪੱਖ ਤੋਂ ਜਿੱਥੇ ਸਪਸ਼ਟਤਾ ਦੀ ਲੋੜ ਸੀ, ਉਥੇ ਵੀ ਗੁਰੂ ਸਾਹਿਬਾਨ ਨੇ ਬਾਣੀ ਦੇ ਰੂਪ ਵਿਚ ਹੀ ਟਿੱਪਣੀਆਂ ਦਿੱਤੀਆਂ ਹਨ। ਸ੍ਰੀ ਗੁਰੂ ਅਮਰਦਾਸ ਜੀ ਨੇ ਭਗਤ ਕਬੀਰ ਜੀ ਦੇ ਸਲੋਕ ਦੇ ਨਾਲ ਆਪਣਾ ਸਲੋਕ ਦੇ ਕੇ ਭਾਵ ਨੂੰ ਪੂਰੀ ਤਰ੍ਹਾਂ ਸਪਸ਼ਟ ਕੀਤਾ ਹੈ:

ਸਲੋਕ॥
ਕਬੀਰਾ ਮਰਤਾ ਮਰਤਾ ਜਗੁ ਮੁਆ ਮਰਿ ਭਿ ਨ ਜਾਨੈ ਕੋਇ॥
ਐਸੀ ਮਰਨੀ ਜੋ ਮਰੈ ਬਹੁਰਿ ਨ ਮਰਨਾ ਹੋਇ॥1॥
ਮਃ 3॥
ਕਿਆ ਜਾਣਾ ਕਿਵ ਮਰਹਗੇ ਕੈਸਾ ਮਰਣਾ ਹੋਇ॥
ਜੇ ਕਰਿ ਸਾਹਿਬੁ ਮਨਹੁ ਨ ਵੀਸਰੈ ਤਾ ਸਹਿਲਾ ਮਰਣਾ ਹੋਇ॥
ਮਰਣੈ ਤੇ ਜਗਤੁ ਡਰੈ ਜੀਵਿਆ ਲੋੜੈ ਸਭੁ ਕੋਇ॥
ਗੁਰ ਪਰਸਾਦੀ ਜੀਵਤੁ ਮਰੈ ਹੁਕਮੈ ਬੂਝੈ ਸੋਇ॥
ਨਾਨਕ ਐਸੀ ਮਰਨੀ ਜੋ ਮਰੈ ਤਾ ਸਦ ਜੀਵਣੁ ਹੋਇ॥ (ਪੰਨਾ 555)

ਗੁਰੂ ਸਾਹਿਬ ਘਰ-ਬਾਰ ਤਿਆਗ ਕੇ ਫ਼ਕੀਰ ਬਣਨ ਦੀ ਪ੍ਰੇਰਨਾ ਨਹੀਂ ਸੀ ਦੇਣਾ ਚਾਹੁੰਦੇ। ਇਸ ਲਈ ਭਗਤ ਫ਼ਰੀਦ ਜੀ ਦੇ ਸਲੋਕਾਂ ਵਿਚ ਟਿੱਪਣੀ ਦੇ ਰੂਪ ਵਿਚ ਸਲੋਕ ਦਰਜ ਕੀਤਾ ਹੈ:

ਫਰੀਦਾ ਪਾੜਿ ਪਟੋਲਾ ਧਜ ਕਰੀ ਕੰਬਲੜੀ ਪਹਿਰੇਉ॥
ਜਿਨੀ੍ ਵੇਸੀ ਸਹੁ ਮਿਲੈ ਸੇਈ ਵੇਸ ਕਰੇਉ॥
ਮਃ 3॥
ਕਾਇ ਪਟੋਲਾ ਪਾੜਤੀ ਕੰਬਲੜੀ ਪਹਿਰੇਇ॥
ਨਾਨਕ ਘਰ ਹੀ ਬੈਠਿਆ ਸਹੁ ਮਿਲੈ ਜੇ ਨੀਅਤਿ ਰਾਸਿ ਕਰੇਇ॥ (ਪੰਨਾ 1383)

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਸ਼ਬਦ-ਗੁਰੂ ਦਾ ਮਹੱਤਵ ਸਭ ਤੋਂ ਉੱਪਰ ਮੰਨਿਆ ਗਿਆ ਹੈ। ਸਾਰੇ ਗੁਰੂ ਸਾਹਿਬਾਨ ਦੀ ਬਾਣੀ ਇਸ ਦੀ ਪੁਸ਼ਟੀ ਕਰਦੀ ਹੈ।

ਗੁਰਬਾਣੀ ਦੀ ਮਹੱਤਤਾ ਦੇ ਸਬੰਧ ਵਿਚ ਗੁਰੂ ਸਾਹਿਬ ਨੇ ਫ਼ੁਰਮਾਇਆ ਹੈ:

ਧੁਰ ਕੀ ਬਾਣੀ ਆਈ॥
ਤਿਨਿ ਸਗਲੀ ਚਿੰਤ ਮਿਟਾਈ॥ (ਪੰਨਾ 628)

ਅੰਮ੍ਰਿਤ ਬਾਣੀ ਤਤੁ ਵਖਾਣੀ ਗਿਆਨ ਧਿਆਨ ਵਿਚਿ ਆਈ॥ (ਪੰਨਾ 1243)

ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦੀ ਜੋ ਪ੍ਰੰਪਰਾ ਕਾਇਮ ਕੀਤੀ ਉਹ ਅੱਜ ਵੀ ਸ੍ਰੀ ਹਰਿਮੰਦਰ ਸਾਹਿਬ ਵਿਚ ਉਸੇ ਤਰ੍ਹਾਂ ਕਾਇਮ ਹੈ। ਅੰਮ੍ਰਿਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਵੇਲੇ ਤੇ ਸ਼ਾਮ ਨੂੰ ਸੁਖਾਸਣ ਸਮੇਂ ਬੜੇ ਉਤਸ਼ਾਹ ਨਾਲ ਸੰਗਤਾਂ ਜੁੜਦੀਆਂ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਸੰਗਤਾਂ ਵੱਲੋਂ ਪੂਰੇ ਧਿਆਨ ਨਾਲ ਸ੍ਰਵਣ ਕੀਤਾ ਜਾਂਦਾ ਹੈ। ਸੰਗਤਾਂ ਦਾ ਇਹ ਉਮਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਲੌਕਿਕਤਾ ਦਾ ਪ੍ਰਤੱਖ ਪ੍ਰਮਾਣ ਹੈ ਜੋ ਬੇਮਿਸਾਲ ਹੈ। ਇਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਸਾਹਿਬਾਨ ਦੇ ਸਮੇਂ ਤੋਂ ਹੀ ਸਿੱਖਾਂ ਦੀ ਸ਼ਰਧਾ ਤੇ ਸਤਿਕਾਰ ਦਾ ਕੇਂਦਰ ਰਿਹਾ ਹੈ। ਗੁਰੂ ਸਾਹਿਬ ਨੇ ਸ਼ਬਦ-ਗੁਰੂ ਦੀ ਸ੍ਰੇਸ਼ਟਤਾ ਨੂੰ ਦ੍ਰਿੜ੍ਹ ਕਰਵਾਇਆ ਹੈ:

ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥
ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ॥ (ਪੰਨਾ 982)

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੋਤੀ-ਜੋਤਿ ਸਮਾਉਣ ਤੋਂ ਪਹਿਲਾਂ 6 ਕੱਤਕ, ਸੰਮਤ ਨਾਨਕਸ਼ਾਹੀ 240, 1765 ਬਿਕ੍ਰਮੀ (1708 ਈ.) ਨੂੰ ਨਾਂਦੇੜ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਥਾਪ ਦਿੱਤਾ। ਉਨ੍ਹਾਂ ਨੇ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਤੇ ਖ਼ਾਲਸੇ ਨੂੰ ਵਚਨ ਕੀਤਾ ਕਿ ਅੱਜ ਤੋਂ ਤੁਹਾਡਾ ਗੁਰੂ, ਗੁਰੂ ਗੰ੍ਰਥ ਸਾਹਿਬ ਹੋਇਆ। ਇਸ ਤਰ੍ਹਾਂ ਉਨ੍ਹਾਂ ਨੇ ਅੱਗੋਂ ਸਰੀਰਿਕ ਰੂਪ ਵਿਚ ਗੁਰਗੱਦੀ ਦੀ ਪ੍ਰੰਪਰਾ ਨੂੰ ਸਮਾਪਤ ਕਰ ਦਿੱਤਾ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਬਖ਼ਸ਼ੇ  ‘ਸ਼ਬਦ-ਗੁਰੂ’ ਦੇ ਸਿਧਾਂਤ ਨੂੰ ਅਮਲੀ ਜਾਮਾ ਪਹਿਨਾ ਦਿੱਤਾ। ਫ਼ੁਰਮਾਨ ਹੈ:

ਆਗਿਆ ਭਈ ਅਕਾਲ ਕੀ, ਤਬੈ ਚਲਾਯੋ ਪੰਥ।
ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੀਓ ਗ੍ਰੰਥ।

ਇਹ ਮਹਾਨ ਗ੍ਰੰਥ ਆਪਣੀ ਸੰਰਚਨਾ ਅਤੇ ਪਦਵੀ ਕਰਕੇ ਵਿਲੱਖਣ ਤਾਂ ਹੈ ਹੀ, ਇਸ ਦਾ ਵਿਸ਼ਾ-ਵਸਤੂ ਵੀ ਦੂਜੇ ਧਰਮ-ਗ੍ਰੰਥਾਂ ਤੋਂ ਨਿਆਰਾ ਹੈ। ਇਸ ਵਿਚ ਪਰਮਾਤਮਾ ਨੂੰ ਨਿਰੰਕਾਰ ਅਤੇ ਸਰਬ-ਵਿਆਪਕ ਮੰਨਿਆ ਗਿਆ ਹੈ। ਉਹ ਕੁਦਰਤ ਵਿਚ ਓਤਪੋਤ ਹੈ। ਉਹ ਦੂਰ-ਦੁਰਾਡੇ ਨਹੀਂ, ਸਦਾ ਮਨੁੱਖ ਦੇ ਅੰਗ-ਸੰਗ ਹੈ। ਉਹ ਕਿਤੇ ਬਾਹਰ ਨਹੀਂ, ਉਸ ਦੇ ਅੰਦਰ ਹੀ ਹੈ। ਉਸ ਨੂੰ ਪ੍ਰਸੰਨ ਕਰਨ ਦੀ ਲੋੜ ਨਹੀਂ, ਉਸ ਦੀ ਪਛਾਣ ਹੀ ਕਰਨੀ ਹੈ। ਉਸ ਦੀ ਪ੍ਰਾਪਤੀ ਲਈ ਬਾਹਰੀ ਕਰਮ-ਕਾਂਡ ਤੇ ਭੇਖਾਂ ਦੀ ਕੋਈ ਲੋੜ ਨਹੀਂ। ਸਭਨਾਂ ਮਨੁੱਖਾਂ ਦੇ ਅੰਦਰ ਉਸ ਦਾ ਨਿਵਾਸ ਹੈ। ਹਰ ਕੋਈ ਉਸ ਜੋਤਿ-ਰੂਪ ਹਰੀ ਨੂੰ ਪ੍ਰਾਪਤ ਕਰ ਸਕਦਾ ਹੈ:

ਊਰਮ ਧੂਰਮ ਜੋਤਿ ਉਜਾਲਾ॥
ਤੀਨਿ ਭਵਣ ਮਹਿ ਗੁਰ ਗੋਪਾਲਾ॥ (ਪੰਨਾ 930)

ਘਟ ਘਟ ਮੈ ਹਰਿ ਜੂ ਬਸੈ ਸੰਤਨ ਕਹਿਓ ਪੁਕਾਰਿ॥
ਕਹੁ ਨਾਨਕ ਤਿਹ ਭਜੁ ਮਨਾ ਭਉ ਨਿਧਿ ਉਤਰਹਿ ਪਾਰਿ॥ (ਪੰਨਾ 1427)

ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥
ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ॥ (ਪੰਨਾ 441)

ਮਨੁੱਖੀ ਏਕਤਾ ਵਿਚ ਵਿਸ਼ਵਾਸ ਦੀ ਗੁਰਬਾਣੀ ਦੀ ਇਕ ਪ੍ਰਮੁੱਖ ਵਿਸ਼ੇਸ਼ਤਾ ਹੈ। ਗੁਰਬਾਣੀ ਸਭ ਧਰਮਾਂ ਤੇ ਜਾਤਾਂ-ਗੋਤਾਂ ਦੇ ਮਨੁੱਖਾਂ ਨੂੰ ਇਕ-ਦੂਜੇ ਨਾਲ ਜੋੜਦੀ ਹੈ ਤੇ ਸਭ ਨੂੰ ਇਕ ਰੂਪ ਸਮਝਦੀ ਹੈ। ਗੁਰਬਾਣੀ ਵਿਚ ਮਨੁੱਖ ਦੇ ਦੋ ਰੂਪ ਦਰਸਾਏ ਗਏ ਹਨ, ਉਹ ਹਨ ਗੁਰਮੁਖ ਤੇ ਮਨਮੁਖ। ਇਹ ਦੋ ਵਰਗ ਸੁਭਾਅ ਅਤੇ ਬਿਰਤੀ ਦੇ ਆਧਾਰ ’ਤੇ ਮੰਨੇ ਗਏ ਹਨ ਪਰ ਮਨੁੱਖ ਦੇ ਜਨਮ, ਕਰਮ ਅਤੇ ਧਰਮ ਦੇ ਪੱਖੋਂ ਗੁਰਬਾਣੀ ਮਨੁੱਖਤਾ ਵਿਚ ਵੰਡੀਆਂ ਨਹੀਂ ਪਾਉਂਦੀ। ਗੁਰਬਾਣੀ ਵਿਚ ਜਾਤ-ਪਾਤ, ਵਰਣ-ਵੰਡ, ਊਚ-ਨੀਚ ਦਾ ਖੰਡਨ ਕਰ ਕੇ ਮਨੁੱਖ ਨੂੰ ਇੱਕੋ ਭਾਈਚਾਰੇ ਦੇ ਵਿਅਕਤੀ ਅਤੇ ਇਕ ਜੋਤਿ ਤੋਂ ਪੈਦਾ ਹੋਏ ਮੰਨਿਆ ਗਿਆ ਹੈ:

ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥ (ਪੰਨਾ 1349)

ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ॥ (ਪੰਨਾ 611)

ਮਾਇਆ ਦੇ ਪ੍ਰਭਾਵ ਤੋਂ ਮੁਕਤ ਹੋਣ ਲਈ ਗੁਰਬਾਣੀ ਵਿਚ ਸਹਿਜ ਜੋਗ ਦਾ ਇਕ ਮੱਧ ਮਾਰਗ ਦਰਸਾਇਆ ਗਿਆ ਹੈ। ਮਾਇਆ ਤੋਂ ਦੂਰ ਭੱਜਣ ਦੀ ਥਾਂ ਮਾਇਆ ਵਿਚ ਰਹਿੰਦਿਆਂ ਸੁਰਤ ਕਰਕੇ ਨਿਰਲੇਪ ਰਹਿਣ ਦਾ ਸਿਧਾਂਤ ਪੇਸ਼ ਕੀਤਾ ਗਿਆ ਹੈ। ਗੁਰਸਿੱਖਾਂ ਨੇ ਗ੍ਰਿਹਸਤੀ ਹੋਣਾ ਹੈ ਪਰ ਰਸਾਂ-ਭੋਗਾਂ ਤੋਂ ਆਪਣੇ ਮਨ ਨੂੰ ਨਿਰਮਲ ਵੀ ਕਰਨਾ ਹੈ। ਉਸ ਨੇ ਸਾਧਾਰਨ ਜੀਵਾਂ ਵਾਂਗ ਵਿਚਰਦਿਆਂ ਆਪਣੀ ਸੁਰਤ ਨੂੰ ਉੱਚਾ ਕਰਨਾ ਹੈ:

ਵਿਚੇ ਗ੍ਰਿਹ ਸਦਾ ਰਹੈ ਉਦਾਸੀ ਜਿਉ ਕਮਲੁ ਰਹੈ ਵਿਚਿ ਪਾਣੀ ਹੇ॥ (ਪੰਨਾ 1070-71)

ਜੋਗੁ ਨ ਭਗਵੀ ਕਪੜੀ ਜੋਗੁ ਨ ਮੈਲੇ ਵੇਸਿ॥
ਨਾਨਕ ਘਰਿ ਬੈਠਿਆ ਜੋਗੁ ਪਾਈਐ ਸਤਿਗੁਰ ਕੈ ਉਪਦੇਸਿ॥ (ਪੰਨਾ 1421)

ਰਾਜ ਮਹਿ ਰਾਜੁ ਜੋਗ ਮਹਿ ਜੋਗੀ॥
ਤਪ ਮਹਿ ਤਪੀਸਰੁ ਗ੍ਰਿਹਸਤ ਮਹਿ ਭੋਗੀ॥ (ਪੰਨਾ 284)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਮੁਕਤੀ ਨੂੰ ਇਸ ਜੀਵਨ ਤੋਂ ਬਾਅਦ ਦਾ ਅਨੁਭਵ ਨਹੀਂ ਸਗੋਂ ਇਸ ਜੀਵਨ ਦੀ ਪ੍ਰਾਪਤੀ ਮੰਨਿਆ ਗਿਆ ਹੈ। ਗੁਰਸਿੱਖ ਨੇ ਇਸੇ ਜੀਵਨ ਵਿਚ ਪ੍ਰਭੂ ਦੀ ਪ੍ਰਾਪਤੀ ਕਰਨੀ ਹੈ ਤੇ ਜੰਮਣ-ਮਰਨ ਤੋਂ ਰਹਿਤ ਹੋਣਾ ਹੈ:

ਜੰਮਣੁ ਮਰਣੁ ਨ ਤਿਨ੍‍ ਕਉ ਜੋ ਹਰਿ ਲੜਿ ਲਾਗੇ॥
ਜੀਵਤ ਸੇ ਪਰਵਾਣੁ ਹੋਏ ਹਰਿ ਕੀਰਤਨਿ ਜਾਗੇ॥ (ਪੰਨਾ 322)

ਮੇਰੇ ਠਾਕੁਰ ਕੇ ਜਨ ਅਲਿਪਤ ਹੈ ਮੁਕਤੇ ਜਿਉ ਮੁਰਗਾਈ ਪੰਕੁ ਨ ਭੀਜੈ॥ (ਪੰਨਾ 1324)

ਗੁਰਬਾਣੀ ਦਾ ਉਦੇਸ਼ ਮਨੁੱਖ ਦੀ ਸ਼ਖ਼ਸੀਅਤ ਨੂੰ ਸਾਰੇ ਪੱਖਾਂ ਤੋਂ ਸੰਪੂਰਨ ਬਣਾਉਣਾ ਹੈ। ਮਨੁੱਖ ਦੇ ਅਧਿਆਤਮਕ ਅਤੇ ਹੋਰ ਦੁਨਿਆਵੀ ਹਰ ਪ੍ਰਕਾਰ ਦੇ ਹਿਤਾਂ ਨੂੰ ਮਹੱਤਵ ਦਿੱਤਾ ਗਿਆ ਹੈ। ਗੁਰਬਾਣੀ ਅਨੁਸਾਰ ਮਨੁੱਖ ਨੂੰ ਸੰਸਾਰ ਤਿਆਗ ਕੇ ਜੰਗਲਾਂ-ਪਹਾੜਾਂ ਵੱਲ ਪ੍ਰਸਥਾਨ ਕਰਨ ਦੀ ਲੋੜ ਨਹੀਂ ਹੈ। ਉਹ ਗ੍ਰਿਹਸਤ ਵਿਚ ਰਹਿੰਦਿਆਂ ਸੰਸਾਰਿਕ ਕਾਰ-ਵਿਹਾਰ ਕਰਦਿਆਂ ਨਾਮ ਜਪ ਸਕਦਾ ਹੈ ਤੇ ਮੁਕਤੀ ਪ੍ਰਾਪਤ ਕਰ ਸਕਦਾ ਹੈ:

ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ॥
ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ॥ (ਪੰਨਾ 522)
 
ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ॥
ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ॥  (ਪੰਨਾ 522)

ਵਿਗਿਆਨਕ ਪੱਖੋਂ ਵੀ ਗੁਰਬਾਣੀ ਦਾ ਗਿਆਨ ਸਹੀ ਹੈ। ਇਹ ਪਹਿਲਾ ਗ੍ਰੰਥ ਹੈ ਜਿਸ ਵਿਚ ਸ੍ਰਿਸ਼ਟੀ ਦੀ ਵਿਸ਼ਾਲਤਾ ਨੂੰ ਬੇਅੰਤ ਦੱਸਿਆ ਗਿਆ ਹੈ। ਲੱਖਾਂ ਹੀ ਪਤਾਲਾਂ, ਅਕਾਸ਼ਾਂ ਦਾ ਵਰਣਨ ਇਸ ਵਿਚ ਮਿਲਦਾ ਹੈ। ਵਿਗਿਆਨ ਦੀ ਤਰੱਕੀ ਨਾਲ ਗੁਰਬਾਣੀ ਦੇ ਵਾਕਾਂ ਦੀ ਸੱਚਾਈ ਸਿੱਧ ਹੋ ਰਹੀ ਹੈ। ਪਰਮਾਤਮਾ ਦੀ ਕੋਈ ਇਕ ਹੀ ਧਰਤੀ ਨਹੀਂ, ਉਹ ਤਾਂ ਕਰੋੜਾਂ ਬ੍ਰਹਿਮੰਡਾਂ ਦਾ ਸੁਆਮੀ ਹੈ:

ਕੋਟਿ ਬਿਸਨ ਕੀਨੇ ਅਵਤਾਰ॥
ਕੋਟਿ ਬ੍ਰਹਮੰਡ ਜਾ ਕੇ ਧ੍ਰਮਸਾਲ॥ (ਪੰਨਾ 1156)

ਪਾਤਾਲਾ ਪਾਤਾਲ ਲਖ ਆਗਾਸਾ ਆਗਾਸ॥ (ਪੰਨਾ 5)

ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ॥
ਪੀਪਾ ਪ੍ਰਣਵੈ ਪਰਮ ਤਤੁ ਹੈ ਸਤਿਗੁਰੁ ਹੋਇ ਲਖਾਵੈ॥ (ਪੰਨਾ 695)

ਸ੍ਰਿਸ਼ਟੀ ਦੀ ਰਚਨਾ ਸਬੰਧੀ ਗੁਰਬਾਣੀ ਕੋਈ ਕਲਪਿਤ ਕਹਾਣੀਆਂ ਨਹੀਂ ਬਣਾਉਂਦੀ। ਇਸ ਬਾਰੇ ਤੱਥਾਂ ਦੇ ਆਧਾਰ ’ਤੇ ਗਿਆਨ ਦਿੰਦੀ ਹੈ ਜੋ ਵਿਗਿਆਨ ਦੀ ਕਸਵੱਟੀ ’ਤੇ ਪੂਰਾ ਉਤਰਦਾ ਹੈ। ਗੁਰਬਾਣੀ ਅਨੁਸਾਰ ਪਰਮਾਤਮਾ ਤੋਂ ਗੈਸਾਂ ਪੈਦਾ ਹੋਈਆਂ, ਫਿਰ ਜਲ ਅਤੇ ਜਲ ਤੋਂ ਸਾਰੀ ਬਨਸਪਤੀ ਤੇ ਜੀਵ-ਜੰਤੂ ਪੈਦਾ ਹੋਏ। ਇਹ ਇਕ ਵਿਗਿਆਨਕ ਸੱਚ ਹੈ ਕਿ ਜਿੱਥੇ ਜਲ ਹੈ, ਉਥੇ ਹੀ ਜੀਵਨ ਹੈ। ਗੁਰਵਾਕ ਹੈ:

ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ॥
ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ॥ (ਪੰਨਾ 19)

ਸਿਹਤ ਵਿਗਿਆਨ ਦੇ ਖੇਤਰ ਵਿਚ ਵੀ ਗੁਰਬਾਣੀ ਮਨੁੱਖ ਨੂੰ ਸਹੀ ਸੇਧ ਦਿੰਦੀ ਹੈ। ਸਰੀਰ ਦੇ ਬਹੁਤੇ ਰੋਗ ਕਾਮ, ਕ੍ਰੋਧ ਦੀਆਂ ਭਾਵਨਾਵਾਂ ਤੋਂ ਹੀ ਉਤਪੰਨ ਹੁੰਦੇ ਹਨ। ਗੁਰਬਾਣੀ ਵਿਚ ਇਨ੍ਹਾਂ ਦੋਵਾਂ ਵਿਕਾਰਾਂ ਨੂੰ ਸਿਹਤ ਲਈ ਨੁਕਸਾਨਦੇਹ ਦੱਸਿਆ ਗਿਆ ਹੈ:

ਕਾਮੁ ਕ੍ਰੋਧੁ ਕਾਇਆ ਕਉ ਗਾਲੈ॥
ਜਿਉ ਕੰਚਨ ਸੋਹਾਗਾ ਢਾਲੈ॥ (ਪੰਨਾ 932)

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਇਕ ਕ੍ਰਾਂਤੀਕਾਰੀ ਵਿਚਾਰਧਾਰਾ ਹੈ ਜੋ ਸਮਾਜ ਵਿੱਚੋਂ ਊਚ-ਨੀਚ ਅਤੇ ਬੇਇਨਸਾਫ਼ੀਆਂ ਦੂਰ ਕਰ ਕੇ ਇਕ ਸਮਾਜਿਕ ਭਾਈਚਾਰਾ ਸਥਾਪਿਤ ਕਰਨ ਦਾ ਮਾਰਗ ਦਿਖਾਉਂਦੀ ਹੈ। ਇਸ ਵਿਚ ਵਰਣ-ਵੰਡ, ਜਾਤਪਾਤ, ਛੂਤ-ਛਾਤ, ਆਰਥਕ ਕਾਣੀ ਵੰਡ ਤੇ ਪੈਸੇ ਦੀ ਲੁੱਟ-ਖਸੁੱਟ ਦਾ ਸਖ਼ਤ ਖੰਡਨ ਕੀਤਾ ਗਿਆ ਹੈ। ਗੁਰੂ ਜੀ ਨੇ ਦਸਾਂ ਨਹੁੰਆਂ ਦੀ ਸੁੱਚੀ ਕਿਰਤ ਕਰਨ ਅਤੇ ਵੰਡ ਕੇ ਛਕਣਾ ਉੱਤਮ ਮੰਨਿਆ ਹੈ:

ਘਾਲਿ ਖਾਇ ਕਿਛੁ ਹਥਹੁ ਦੇਇ॥
ਨਾਨਕ ਰਾਹੁ ਪਛਾਣਹਿ ਸੇਇ॥ (ਪੰਨਾ 1245)

ਰਾਜਨੀਤਿਕ ਖੇਤਰ ਵਿਚ ਵੀ ਗੁਰਬਾਣੀ ਮਨੁੱਖਤਾ ਦੀ ਸਹੀ ਅਗਵਾਈ ਕਰਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ‘ਪੰਚ ਪਰਧਾਨੀ’ ਤੇ ‘ਹਲੇਮੀ ਰਾਜ’ ਦੀ ਸਥਾਪਤੀ ਦਾ ਸੰਕਲਪ ਦਿੱਤਾ ਗਿਆ ਹੈ। ਇਸ ਵਿਚ ਚੰਗਾ ਰਾਜਾ ਉਸੇ ਨੂੰ ਪ੍ਰਵਾਨ ਕੀਤਾ ਗਿਆ ਹੈ ਜੋ ਆਪਹੁਦਰਾ ਨਹੀਂ ਤੇ ਲੋਕਾਂ ਦੀ ਸੰਮਤੀ ਨਾਲ ਰਾਜ ਚਲਾਉਂਦਾ ਹੈ ਤੇ ਗੁਣਾਂ ਨਾਲ ਭਰਪੂਰ ਹੈ:

ਰਾਜਾ ਤਖਤਿ ਟਿਕੈ ਗੁਣੀ ਭੈ ਪੰਚਾਇਣ ਰਤੁ॥ (ਪੰਨਾ 992)

ਤਖਤਿ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਈ॥
ਜਿਨੀ ਸਚੁ ਪਛਾਣਿਆ ਸਚੁ ਰਾਜੇ ਸੇਈ॥ (ਪੰਨਾ 1088)

ਇਸ ਤੋਂ ਸਪਸ਼ਟ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਫ਼ਿਲਾਸਫ਼ੀ ਇਕ ਮੁਕੰਮਲ ਵਿਚਾਰਧਾਰਾ ਹੈ। ਇਹ ਮਨੁੱਖੀ ਸ਼ਖ਼ਸੀਅਤ ਦੀ ਸਮੁੱਚੀ ਉਸਾਰੀ ਤੇ ਪ੍ਰਫੁਲਤਾ ਦਾ ਇਕ ਅਦੁੱਤੀ ਸਿਧਾਂਤ ਹੈ। ਇਸ ਵਿਚ ਆਮ ਮਨੁੱਖ ਦੀ ਭਲਾਈ ਨੂੰ ਬਹੁਤ ਮਹੱਤਵ ਦਿੱਤਾ ਗਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਨੁੱਖਤਾ ਨੂੰ ਧਰਮ ਅਤੇ ਵਰਣ ਦੇ ਨਾਂ ’ਤੇ ਵੰਡਣ ਦੀ ਤੇ ਵਿਤਕਰਾ ਕਰਨ ਦੀ ਆਗਿਆ ਨਹੀਂ ਦਿੰਦਾ। ਇਸ ਵਿਚ ਸਭ ਸੰਸਾਰ ਤੇ ਸਮੁੱਚੀ ਮਨੁੱਖਤਾ ਨੂੰ ਇਕ ਸਮਾਜਿਕ ਭਾਈਚਾਰਾ ਸਮਝਿਆ ਗਿਆ ਹੈ ਤੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ ਗਈ ਹੈ:

ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ॥
ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ॥ (ਪੰਨਾ 853)

ਸਭੇ ਜੀਅ ਸਮਾਲਿ ਅਪਣੀ ਮਿਹਰ ਕਰੁ॥
ਅੰਨੁ ਪਾਣੀ ਮੁਚੁ ਉਪਾਇ ਦੁਖ ਦਾਲਦੁ ਭੰਨਿ ਤਰੁ॥ (ਪੰਨਾ 1251)

ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ॥ (ਪੰਨਾ 747)

ਅੱਜ ਦੇ ਸਮਾਜ ਵਿਚ ਪ੍ਰਚਲਤ ਕੁਰੀਤੀਆਂ ਬਾਰੇ ਵੀ ਸ੍ਰੀ ਗੁਰੂ ਗੰ੍ਰਥ ਸਾਹਿਬ ਵਿਚ ਸੇਧ ਮਿਲਦੀ ਹੈ। ਵਿਗਿਆਨਕ ਤਰੱਕੀ ਹੋਣ ਨਾਲ ਆਵਾਜਾਈ ਤੇ ਸੰਚਾਰ ਦੇ ਸਾਧਨ ਵਧ ਗਏ ਹਨ। ਜਿਸ ਨਾਲ ਲੋਕਾਂ ਨੂੰ ਆਪਸੀ ਮੇਲ-ਜੋਲ ਦੇ ਵਧੇਰੇ ਮੌਕੇ ਪ੍ਰਾਪਤ ਹੋਣ ਲੱਗ ਗਏ ਹਨ। ਲੋਕਾਂ ਵਿਚ ਐਸ਼ਪ੍ਰਸਤੀ ਦੀ ਭਾਵਨਾ ਵੀ ਵਧ ਗਈ ਹੈ। ਇਸ ਨੇ ਏਡਜ਼ ਵਰਗੀ ਲਾਇਲਾਜ ਬਿਮਾਰੀ ਨੂੰ ਜਨਮ ਦਿੱਤਾ ਹੈ ਜਿਸ ਤੋਂ ਅੱਜ ਸਾਰਾ ਸੰਸਾਰ ਚਿੰਤਤ ਹੈ। ਗੁਰੂ ਜੀ ਨੇ ਗੁਰਬਾਣੀ ਵਿਚ ਇਸ ਬਾਰੇ ਆਪਣੇ ਸਿੱਖਾਂ ਨੂੰ ਪਹਿਲਾਂ ਹੀ ਸਖ਼ਤ ਤਾੜਨਾ ਕੀਤੀ ਹੈ:

ਜੇ ਲਖ ਇਸਤਰੀਆ ਭੋਗ ਕਰਹਿ ਨਵ ਖੰਡ ਰਾਜੁ ਕਮਾਹਿ॥ (ਪੰਨਾ 26)

ਘਰ ਕੀ ਨਾਰਿ ਤਿਆਗੈ ਅੰਧਾ॥
ਪਰ ਨਾਰੀ ਸਿਉ ਘਾਲੈ ਧੰਧਾ॥ (ਪੰਨਾ 1164-65)

ਨਸ਼ਾਖ਼ੋਰੀ ਦੀ ਲਾਹਨਤ ਅੱਜ ਸਮਾਜ ਵਿਚ ਬਹੁਤ ਫੈਲ ਗਈ ਹੈ। ਇਸ ਨੇ ਸਾਡੀ ਨੌਜਵਾਨ ਪੀੜ੍ਹੀ ਨੂੰ ਬੁਰੀ ਤਰ੍ਹਾਂ ਆਪਣੀ ਗ੍ਰਿਫ਼ਤ ਵਿਚ ਲੈ ਲਿਆ ਹੈ। ਗੁਰਬਾਣੀ ਵਿਚ ਜੀਵ ਨੂੰ ਨਸ਼ਿਆਂ ਤੋਂ ਬਚਣ ਲਈ ਅਨੇਕਾਂ ਥਾਂ ’ਤੇ ਨਿਰਦੇਸ਼ ਕੀਤਾ ਗਿਆ ਹੈ। ਜੇ ਸਾਡੇ ਨੌਜਵਾਨ ਲੱਚਰ ਕਿਸਮ ਦੇ ਪੌਪ ਗੀਤਾਂ ਵਿਚ ਗ਼ਲਤਾਨ ਹੋਣ ਦੀ ਥਾਂ ਗੁਰਬਾਣੀ ਨੂੰ ਆਪਣਾ ਆਦਰਸ਼ ਮੰਨਦੇ ਤਾਂ ਉਹ ਇਸ ਖ਼ਤਰਨਾਕ ਵਾਦੀ ਦੇ ਖ਼ੂਨੀ ਪੰਜੇ ਵਿਚ ਨਾ ਫਸਦੇ। ਗੁਰਬਾਣੀ ਵਿਚ ਤਾਂ ਸ਼ਰਾਬ-ਭੰਗ ਆਦਿ ਨੂੰ ਬੁਰੇ ਨਸ਼ੇ ਮੰਨਿਆ ਗਿਆ ਹੈ ਪਰ ਅੱਜ ਦੇ ਨਸ਼ੇ ਤਾਂ ਇਨ੍ਹਾਂ ਤੋਂ ਵੀ ਖ਼ਤਰਨਾਕ ਹਨ। ਇਨ੍ਹਾਂ ਨਸ਼ਿਆਂ ਤੋਂ ਬਚਣ ਦਾ ਯਤਨ ਕਰਨਾ ਵੀ ਇਕ ਬਿਖਮ ਤੇ ਕਠਨ ਕਾਰਜ ਹੈ। ਇਸ ਲਈ ਜੇ ਜੀਵਨ ਦਾ ਪੂਰਨ ਸੁਖ ਪ੍ਰਾਪਤ ਕਰਨਾ ਹੈ ਤਾਂ ਅੱਜ ਹੀ ਸਾਨੂੰ ਗੁਰਬਾਣੀ ਦੇ ਲੜ ਲੱਗ ਕੇ ਇਸ ’ਤੇ ਚੱਲਣ ਦੀ ਲੋੜ ਹੈ। ਗੁਰਬਾਣੀ ਦੇ ਉਪਦੇਸ਼ ਨੂੰ ਆਪਣੇ ਜੀਵਨ ਵਿਚ ਢਾਲਣ ਦੀ ਲੋੜ ਹੈ। ਉਪਦੇਸ਼ ਹੈ:

ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ॥
ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ॥
ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ॥
ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ॥ (ਪੰਨਾ 554)

ਕਬੀਰ ਭਾਂਗ ਮਾਛੁਲੀ ਸੁਰਾ ਪਾਨਿ ਜੋ ਜੋ ਪ੍ਰਾਨੀ ਖਾਂਹਿ॥
ਤੀਰਥ ਬਰਤ ਨੇਮ ਕੀਏ ਤੇ ਸਭੈ ਰਸਾਤਲਿ ਜਾਂਹਿ॥ (ਪੰਨਾ 1377)

ਮਨੁੱਖੀ ਅਧਿਕਾਰ ਮਨੁੱਖ ਦੇ ਜੀਵਨ ਲਈ ਬਹੁਤ ਜ਼ਰੂਰੀ ਹੁੰਦੇ ਹਨ। ਇਹ ਅਧਿਕਾਰ ਚਾਰ ਪ੍ਰਕਾਰ ਦੇ ਮੰਨੇ ਗਏ ਹਨ-ਜ਼ਿੰਦਗੀ, ਆਜ਼ਾਦੀ, ਮਾਨ-ਸਨਮਾਨ ਤੇ ਬਰਾਬਰੀ। ਇਹ ਅਧਿਕਾਰ ਮਨੁੱਖ ਨੂੰ ਕੁਦਰਤ ਵੱਲੋਂ ਮਿਲੇ ਹੋਏ ਹਨ। ਇਨ੍ਹਾਂ ਅਧਿਕਾਰਾਂ ਨੂੰ ਖੋਹਣ ਦਾ ਹੱਕ ਕਿਸੇ ਮਨੁੱਖ, ਸੰਸਥਾ, ਸੰਗਠਨ ਜਾਂ ਧਰਮ ਕੌਮ ਨੂੰ ਨਹੀਂ ਹੈ। ਅੱਜਕਲ੍ਹ ਇਨ੍ਹਾਂ ਅਧਿਕਾਰਾਂ ਪ੍ਰਤੀ ਚੇਤਨਾ ਵਧ ਰਹੀ ਹੈ। ਇਨ੍ਹਾਂ ਅਧਿਕਾਰਾਂ ਦੀ ਰਾਖੀ ਲਈ ਕਈ ਅੰਤਰਰਾਸ਼ਟਰੀ ਇਕਰਾਰਨਾਮੇ ਹੋਏ ਹਨ ਤੇ ਯੂ.ਐੱਨ.ਓ. ਨੇ ਵੀ ਸਿਵਲ ਆਜ਼ਾਦੀਆਂ ਸਬੰਧੀ ਐਲਾਨਨਾਮਾ ਜਾਰੀ ਕੀਤਾ ਹੈ। ਗੁਰਮਤਿ ਸਾਂਝੀਵਾਲਤਾ ਤੇ ਮਨੁੱਖੀ ਏਕਤਾ ਵਿਚ ਵਿਸ਼ਵਾਸ ਰੱਖਦੀ ਹੈ। ਗੁਰੂ ਸਾਹਿਬ ਮਨੁੱਖੀ ਅਧਿਕਾਰਾਂ ਦੇ ਅਤੇ ਮਨੁੱਖੀ ਆਜ਼ਾਦੀ ਦੇ ਸਭ ਤੋਂ ਵੱਡੇ ਮੁੱਦਈ ਸਨ। ਉਨ੍ਹਾਂ ਨੇ ਸਿਧਾਂਤਕ ਤੌਰ ’ਤੇ ਵੀ ਅਤੇ ਅਮਲੀ ਰੂਪ ਵਿਚ ਵੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਵਿਰੋਧ ਕੀਤਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਏਮਨਾਬਾਦ ਵਿਚ ਬਾਬਰ ਦੇ ਜ਼ੁਲਮਾਂ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਹਿੰਦੂ ਧਰਮ ਦੀ ਰਾਖੀ ਲਈ ਅਤੇ ਹਿੰਦੂਆਂ ਦੀ ਧਰਮ ਬਦਲੀ ਕਰਨ ਤੋਂ ਮੁਗ਼ਲ ਸਰਕਾਰ ਨੂੰ ਰੋਕਣ ਲਈ ਆਪਣਾ ਬਲੀਦਾਨ ਦਿੱਤਾ। ਗੁਰੂ ਜੀ ਨੇ ਮਨੁੱਖੀ ਅਧਿਕਾਰਾਂ ਦੇ ਸਬੰਧ ਵਿਚ ਸਪਸ਼ਟ ਆਦੇਸ਼ ਦਿੱਤਾ ਹੈ ਕਿ ਕਿਸੇ ਨੂੰ ਵੀ ਨਿਤਾਣਿਆਂ ਤੇ ਕਮਜ਼ੋਰਾਂ ਨੂੰ ਕਤਲ ਕਰਨ ਦਾ ਜਾਂ ਉਨ੍ਹਾਂ ਅੰਦਰ ਦਹਿਸ਼ਤ ਪਾਉਣ ਦਾ ਕੋਈ ਹੱਕ ਨਹੀਂ ਹੈ। ਮਾਦਾ ਭਰੂਣ ਹੱਤਿਆ ਵੀ ਮਨੁੱਖੀ ਅਧਿਕਾਰਾਂ ਦੇ ਹਨਨ ਘੇਰੇ ਵਿਚ ਆਉਂਦੀ ਹੈ। ਗਰਭ ਵਿਚ ਪਲ ਰਹੀ ਬੱਚੀ ਦੀ ਜਾਨ ਲੈਣ ਦਾ ਉਸ ਦੇ ਮਾਪਿਆਂ ਨੂੰ ਕੋਈ ਅਧਿਕਾਰ ਨਹੀਂ ਹੈ। ਹਰ ਬੱਚਾ ਪਰਮਾਤਮਾ ਦੀ ਬਹੁਤ ਵੱਡੀ ਦਾਤ ਹੈ। ਮਾਦਾ ਭਰੂਣ ਹੱਤਿਆ ਕਾਨੂੰਨੀ ਅਪਰਾਧ ਦੇ ਨਾਲ-ਨਾਲ ਰੱਬ ਦੇ ਪੱਖੋਂ ਇਕ ਪਾਪ ਵੀ ਹੈ। ਗੁਰੂ ਜੀ ਦਾ ਫ਼ੁਰਮਾਨ ਹੈ ਕਿ ਮਨੁੱਖ ਸਭ ਜੀਵਾਂ ਨੂੰ ਆਪਵੇ ਵਰਗਾ ਸਮਝੇ ਤਾਂ ਉਸ ਨੂੰ ਪ੍ਰਭੂ ਦੇ ਦਰਬਾਰ ਵਿਚ ਵਡਿਆਈ ਮਿਲਦੀ ਹੈ। ਗੁਰਬਾਣੀ ਦੇ ਮਹਾਂਵਾਕ ਅਨੁਸਾਰ:

ਜੀਵਤੁ ਮਰੈ ਤਾ ਸਭੁ ਕਿਛੁ ਸੂਝੈ ਅੰਤਰਿ ਜਾਣੈ ਸਰਬ ਦਇਆ॥
ਨਾਨਕ ਤਾ ਕਉ ਮਿਲੈ ਵਡਾਈ ਆਪੁ ਪਛਾਣੈ ਸਰਬ ਜੀਆ॥ (ਪੰਨਾ 940)

ਕਰਤਾ ਤੂੰ ਸਭਨਾ ਕਾ ਸੋਈ॥
ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ॥ (ਪੰਨਾ 360)

ਉਸ ਸਮੇਂ ਦੇ ਸਮਾਜ ਵਿਚ ਇਸਤਰੀ ਜਾਤੀ ਦੀ ਕੋਈ ਥਾਂ ਤੇ ਸਤਿਕਾਰ ਨਹੀਂ ਸੀ। ਦੇਸ਼ ਦੇ ਹਾਕਮਾਂ ਤੋਂ ਇਲਾਵਾ ਬਦੇਸ਼ੀ ਹਮਲਾਵਰ ਵੀ ਇਸਤਰੀਆਂ ਨੂੰ ਆਪਣੇ ਜ਼ੁਲਮ ਦਾ ਸ਼ਿਕਾਰ ਬਣਾਉਂਦੇ ਸਨ। ਸਮਾਜ ਵਿਚ ਵੀ ਇਸਤਰੀਆਂ ਨੂੰ ਸਨਮਾਨਯੋਗ ਦਰਜਾ ਨਹੀਂ ਸੀ ਦਿੱਤਾ ਜਾਂਦਾ। ਉਨ੍ਹਾਂ ਨੂੰ ਧਰਮ-ਕਰਮ ਤੋਂ ਵੀ ਪਰ੍ਹੇ ਰੱਖਿਆ ਜਾਂਦਾ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਸਤਰੀਆਂ ਨੂੰ ਮਰਦ ਦੇ ਬਰਾਬਰ ਸਮਝਿਆ ਗਿਆ ਹੈ। ਇਸਤਰੀ-ਪੁਰਸ਼ ਦੋਨੋਂ ਹੀ ਇਕ-ਦੂਜੇ ਦੇ ਪੂਰਕ ਹਨ, ਦੋਵੇਂ ਰਲ ਕੇ ਸਮਾਜ ਦੀ ਉਤਪਤੀ ਤੇ ਵਿਕਾਸ ਕਰਦੇ ਹਨ:

ਨਾਰੀ ਤੇ ਜੋ ਪੁਰਖੁ ਕਰਾਵੈ ਪੁਰਖਨ ਤੇ ਜੋ ਨਾਰੀ॥   (ਪੰਨਾ 1252)

ਗੁਰੂ ਸਾਹਿਬ ਨੇ ਇਸਤਰੀ ਰੂਪ ਵਿਚ ਬਾਣੀ ਰਚ ਕੇ ਇਸਤਰੀ ਦੇ ਜਾਮੇ ਨੂੰ ਸਤਿਕਾਰ ਦਿੱਤਾ ਹੈ। ਸਤੀ ਦੀ ਰਸਮ ਦਾ ਸਖ਼ਤ ਵਿਰੋਧ ਕਰਦਿਆਂ ਵਿਧਵਾ ਨੂੰ ਦੂਸਰਾ ਵਿਆਹ ਕਰਵਾਉਣ ਹਿਤ ਉਪਦੇਸ਼ ਕੀਤਾ ਗਿਆ ਹੈ ਤਾਂ ਜੋ ਇਸਤਰੀ ਸਮਾਜ ਵਿਚ ਸਨਮਾਨ ਯੋਗ ਜੀਵਨ ਬਤੀਤ ਕਰ ਸਕੇ। ਉਨ੍ਹਾਂ ਸਪਸ਼ਟ ਫ਼ੁਰਮਾਇਆ ਹੈ:

ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ (ਪੰਨਾ 473)

ਸਤੀ ਦੀ ਪ੍ਰਥਾ ਇਸਤਰੀ ਜਾਤੀ ’ਤੇ ਬਹੁਤ ਵੱਡਾ ਜ਼ੁਲਮ ਸੀ। ਉਸ ਨੂੰ ਪਤੀ ਦੀ ਚਿਤਾ ਦੇ ਨਾਲ ਜਿਊਂਦਿਆਂ ਸੜਨ ਲਈ ਮਜਬੂਰ ਕੀਤਾ ਜਾਂਦਾ ਸੀ। ਗੁਰੂ ਜੀ ਨੇ ਇਸ ਪ੍ਰਥਾ ਨੂੰ ਬੰਦ ਕਰਨ ਦਾ ਉਪਦੇਸ਼ ਦਿੱਤਾ। ਗੁਰੂ ਜੀ ਨੇ ਮੜ੍ਹੀਆਂ ਨਾਲ ਲੱਗ ਕੇ ਸੜ-ਮਰਨ ਵਾਲੀਆਂ ਇਸਤਰੀਆਂ ਨੂੰ ਸਤੀਆਂ ਮੰਨਣ ਦੀ ਥਾਂ ਸੀਲ ਸੰਤੋਖ ਨਾਲ ਆਪਣਾ ਜੀਵਨ ਜਿਊਣ ਵਾਲੀਆਂ ਇਸਤਰੀਆਂ ਨੂੰ ਸਤੀਆਂ ਦਾ ਦਰਜਾ ਦਿੱਤਾ ਹੈ:

ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨਿ੍॥
ਨਾਨਕ ਸਤੀਆ ਜਾਣੀਅਨਿ੍ ਜਿ ਬਿਰਹੇ ਚੋਟ ਮਰੰਨਿ੍॥
ਮਃ 3॥
ਭੀ ਸੋ ਸਤੀਆ ਜਾਣੀਅਨਿ ਸੀਲ ਸੰਤੋਖਿ ਰਹੰਨਿ੍॥
ਸੇਵਨਿ ਸਾਈ ਆਪਣਾ ਨਿਤ ਉਠਿ ਸੰਮਾ੍ਲੰਨਿ੍॥ (ਪੰਨਾ 787)

ਦਾਜ ਦੀ ਲਾਹਨਤ ਨੇ ਵੀ ਇਸਤਰੀ  ਜਾਤੀ ਦੇ ਜੀਵਨ ਨੂੰ ਦੁਸ਼ਵਾਰ ਕੀਤਾ ਹੋਇਆ ਹੈ। ਸਰਕਾਰ ਨੂੰ ਇਸ ਸਬੰਧ ਵਿਚ ਸਖ਼ਤ ਕਾਨੂੰਨ ਬਣਾਉਣੇ ਪਏ ਹਨ। ਗੁਰੂ ਜੀ ਲੜਕੀਆਂ ਨੂੰ ਦਿਖਾਵੇ ਦਾ ਦਾਜ ਦੇਣ ਦੇ ਹੱਕ ਵਿਚ ਨਹੀਂ ਸਨ। ਉਨ੍ਹਾਂ ਦੇ ਮਤ ਵਿਚ ਭਗਤੀ ਦਾ ਦਾਜ ਹੀ ਸਭ ਤੋਂ ਚੰਗਾ ਦਾਜ ਹੈ ਜੋ ਲੜਕੀਆਂ ਦੇ ਕੰਮ ਆਉਂਦਾ ਹੈ। ਗੁਰਬਾਣੀ ਦਾ ਫ਼ੁਰਮਾਨ ਹੈ:

ਹਰਿ ਪ੍ਰਭੁ ਮੇਰੇ ਬਾਬੁਲਾ ਹਰਿ ਦੇਵਹੁ ਦਾਨੁ ਮੈ ਦਾਜੋ॥
ਹਰਿ ਕਪੜੋ ਹਰਿ ਸੋਭਾ ਦੇਵਹੁ ਜਿਤੁ ਸਵਰੈ ਮੇਰਾ ਕਾਜੋ॥ (ਪੰਨਾ 78)

ਦਾਜ ਤਾਂ ਦਾਜ, ਗੁਰੂ ਜੀ ਨੇ ਉਸ ਬ੍ਰਾਹਮਣ ਨੂੰ ਵੀ ਲਾਹਨਤ ਪਾਈ ਹੈ ਜੋ ਕੁੜੀ ਦੇ ਵਿਆਹ ਕਰਵਾਉਣ ਦਾ ਦਾਨ ਲੈਂਦਾ ਹੈ। ਗੁਰੂ ਜੀ ਅਨੁਸਾਰ ਜਜਮਾਨ ਦੀ ਪੁੱਤਰੀ ਬ੍ਰਾਹਮਣ ਨੂੰ ਆਪਣੀ ਪੁੱਤਰੀ ਸਮਝਣੀ ਚਾਹੀਦੀ ਹੈ। ਉਸ ਦਾ ਦਾਨ ਲੈਣ ਦਾ ਬ੍ਰਾਹਮਣ ਨੂੰ ਕੋਈ ਹੱਕ ਨਹੀਂ। ਇਹ ਦਾਨ ਅਯੋਗ ਹੈ ਅਤੇ ਇਕ ਵੱਡਾ ਪਾਪ ਹੈ। ਇਸ ਨਾਲ ਜਨਮ ਵਿਰਥਾ ਹੀ ਜਾਂਦਾ ਹੈ:

ਸਸੈ ਸੰਜਮੁ ਗਇਓ ਮੂੜੇ ਏਕੁ ਦਾਨੁ ਤੁਧੁ ਕੁਥਾਇ ਲਇਆ॥
ਸਾਈ ਪੁਤ੍ਰੀ ਜਜਮਾਨ ਕੀ ਸਾ ਤੇਰੀ ਏਤੁ ਧਾਨਿ ਖਾਧੈ ਤੇਰਾ ਜਨਮੁ ਗਇਆ॥  (ਪੰਨਾ 435)

ਮਿਥਿਹਾਸਕ ਪ੍ਰਸੰਗ ਅਤੇ ਸਭਿਆਚਾਰਕ ਰੰਗ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਭਰਪੂਰ ਵੇਖਿਆ ਜਾ ਸਕਦਾ ਹੈ। ਗੁਰੂ ਜੀ ਨੇ ਲੋਕਾਈ ਨੂੰ ਪ੍ਰਚਲਤ ਮਿਥਿਹਾਸਕ ਕਥਾ-ਕਹਾਣੀਆਂ ਦੇ ਹਵਾਲੇ ਦੇ ਕੇ ਆਪਣੇ ਵਿਚਾਰਾਂ ਨੂੰ ਸਪਸ਼ਟ ਰੂਪ ਵਿਚ ਸਮਝਾਇਆ ਹੈ। ਕਈ ਥਾਂ ਉਨ੍ਹਾਂ ਨੇ ਪੁਰਾਤਨ ਕਥਾ-ਕਹਾਣੀਆਂ ਦਾ, ਵਿਸ਼ਵਾਸਾਂ ਅਤੇ ਫੋਕਟ ਕਰਮ-ਕਾਂਡਾਂ ਦਾ ਖੰਡਨ ਵੀ ਕੀਤਾ। ਮਿਥਿਹਾਸਕ ਹਵਾਲਿਆਂ ਵਿਚ ਰਾਮ, ਕ੍ਰਿਸ਼ਨ, ਵਿਸ਼ਨੂੰ, ਬ੍ਰਹਮਾ, ਸ਼ਿਵ, ਇੰਦਰ, ਪ੍ਰਹਿਲਾਦ, ਧ੍ਰੂ ਭਗਤ, ਅੱਲ੍ਹਾ, ਨਬੀ ਰਸੂਲ, ਕਾਬਾ, ਰੋਜ਼ਾ, ਨਮਾਜ਼, ਕੁਰਾਨ, ਅਜ਼ਰਾਈਲ ਆਦਿ ਦਾ ਜ਼ਿਕਰ ਮਿਲਦਾ ਹੈ। ਮਿਥਿਹਾਸਕ ਪਾਤਰਾਂ ਵਿੱਚੋਂ ਗੁਰਬਾਣੀ ਵਿਚ ਪ੍ਰਹਿਲਾਦ, ਧ੍ਰੂ ਭਗਤ ਆਦਿ ਭਗਤਾਂ ਨੂੰ ਆਦਰਸ਼ ਭਗਤ ਮੰਨਿਆ ਗਿਆ ਹੈ, ਜਿਨ੍ਹਾਂ ਨੇ ਅਨੇਕ ਕਸ਼ਟ ਝੱਲਦਿਆਂ ਦ੍ਰਿੜ੍ਹਤਾ ਰੱਖੀ ਸੀ। ਗੁਰਬਾਣੀ ਦਾ ਫ਼ੁਰਮਾਨ ਹੈ:

ਮੇਰੇ ਮਨ ਨਾਮੁ ਜਪਤ ਉਧਰੇ॥
ਧ੍ਰੂ ਪ੍ਰਹਿਲਾਦੁ ਬਿਦਰੁ ਦਾਸੀ ਸੁਤੁ ਗੁਰਮੁਖਿ ਨਾਮਿ ਤਰੇ॥ (ਪੰਨਾ 995)

ਆਮ ਤੌਰ ’ਤੇ ਧਰਮ-ਗ੍ਰੰਥਾਂ ਵਿਚ ਇਤਿਹਾਸਕ ਘਟਨਾਵਾਂ ਦਾ ਜ਼ਿਕਰ ਨਹੀਂ ਕੀਤਾ ਜਾਂਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਇਕ ਅਜਿਹਾ ਗ੍ਰੰਥ ਹੈ ਜੋ ਇਸ ਪੱਖ ਤੋਂ ਵੀ ਮਹੱਤਵ ਰੱਖਦਾ ਹੈ। ਇਸ ਵਿਚ ਸਿਕੰਦਰ ਲੋਧੀ ਦੇ ਜ਼ੁਲਮਾਂ ਅਤੇ ਬਾਬਰ ਦੇ ਹਮਲੇ ਵਿਚ ਹੋਏ ਕਤਲਾਮ ਦਾ ਵਿਸਤ੍ਰਿਤ ਵਰਣਨ ਹੋਇਆ ਹੈ। ਕੋਈ ਇਤਿਹਾਸਕਾਰ ਵੀ ਇਸ ਤਰ੍ਹਾਂ ਬਾਰੀਕੀ ਨਾਲ ਇਤਿਹਾਸਕ ਘਟਨਾਵਾਂ ਦਾ ਵਰਣਨ ਨਹੀਂ ਕਰ ਸਕਦਾ ਜਿਸ ਤਰ੍ਹਾਂ ਗੁਰਬਾਣੀ ਵਿਚ ਪ੍ਰਾਪਤ ਹੈ। ਬਾਬਰ ਦੇ ਹਮਲੇ ਦਾ ਚਿੱਤਰ ਇਸ ਤਰ੍ਹਾਂ ਖਿਚਿਆ ਗਿਆ ਹੈ:

ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ॥
ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ॥
ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ॥ (ਪੰਨਾ 360)

ਹਿੰਦੁਸਤਾਨ ਦੀ ਜਨਤਾ ਦੇ ਮਨ ਵਿਚ ਮਰਨ ਦਾ ਭੈਅ ਬਹੁਤ ਡੂੰਘਾ ਭਰਿਆ ਹੋਇਆ ਸੀ। ਇਸ ਕਰਕੇ ਉਹ ਬਦੇਸ਼ੀ ਹਮਲਾਵਰਾਂ ਦਾ ਤੇ ਜ਼ੁਲਮ ਦਾ ਟਾਕਰਾ ਦਲੇਰੀ ਨਾਲ ਨਹੀਂ ਕਰ ਸਕਦੇ ਸਨ। ਭਗਤ ਸਾਹਿਬਾਨ ਨੇ, ਗੁਰੂ ਸਾਹਿਬਾਨ ਨੇ ਇਨ੍ਹਾਂ ਨੂੰ ਜੀਵਤ ਮਰਨ ਦਾ ਉਪਦੇਸ਼ ਕਰ ਕੇ ਇਨ੍ਹਾਂ ਦੇ ਮਨ ਵਿੱਚੋਂ ਮਰਨ ਦਾ ਡਰ ਦੂਰ ਕੀਤਾ ਹੈ। ਇਹ ਅਧਿਆਤਮ ਮਾਰਗ ਇਕ ਸੂਰਮਗਤੀ ਦਾ ਕਾਰਜ ਮੰਨਿਆ ਗਿਆ ਹੈ। ਇਸ ਮਾਰਗ ’ਤੇ ਦ੍ਰਿੜ੍ਹ ਰਹਿਣ ਦਾ ਉਪਦੇਸ਼ ਕੀਤਾ ਗਿਆ ਹੈ। ਗੁਰਬਾਣੀ ਵਿਚ ਭਗਤੀ ਸਾਧਨਾ ਦੇ ਨਾਲ-ਨਾਲ ਸੱਚੇ ਤਖ਼ਤ ਦਾ ਸੰਕਲਪ ਵੀ ਪੇਸ਼ ਕੀਤਾ ਗਿਆ ਹੈ। ਗੁਰਸਿੱਖ ਨੇ ਸੰਤ ਦੇ ਨਾਲ-ਨਾਲ ਸਿਪਾਹੀ ਵੀ ਹੋਣਾ ਹੈ। ਧਰਮ ਦੀ ਰਾਖੀ ਕਰਨੀ ਹੈ ਤੇ ਜ਼ੁਲਮ ਦਾ ਨਾਸ਼ ਕਰਨਾ ਹੈ। ਇਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਸੰਤ ਸਿਪਾਹੀ ਦਾ, ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ, ਭਗਤੀ ਤੇ ਸ਼ਕਤੀ ਦਾ ਸੰਯੁਗਤ ਆਦਰਸ਼ ਦਰਸਾਇਆ ਗਿਆ ਹੈ। ਗੁਰਸਿੱਖ ਨੇ ਅਜਿਹਾ ਜੀਵਨ ਜਿਊਣਾ ਹੈ ਕਿ ਉਸ ਨੇ ਕਿਸੇ ਨੂੰ  ਡਰ ਦੇਣਾ ਨਹੀਂ ਤੇ ਕਿਸੇ ਦੇ ਡਰ ਵਿਚ ਰਹਿਣਾ ਨਹੀਂ:

ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥
ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ॥ (ਪੰਨਾ 1427)

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਹ ਸਾਰਾ ਉਪਦੇਸ਼ ਉੱਚੇ ਕਾਵਿਕ ਗੁਣਾਂ ਨਾਲ ਭਰਪੂਰ ਹੈ। ਇਸ ਦੇ ਕਾਵਿ-ਰੂਪ, ਛੰਦ, ਅਲੰਕਾਰ ਤੇ ਢੁਕਵੀਂ ਸ਼ਬਦਾਵਲੀ ਪਾਠਕ ਦੀ ਬੁੱਧੀ ਨੂੰ ਹੈਰਾਨ ਕਰਨ ਵਾਲੇ ਹਨ। ਇਨ੍ਹਾਂ ਦੀ ਸੁਹਜ ਸੁੰਦਰਤਾ ਕੀਲ ਲੈਣ ਵਾਲੀ ਹੈ। ਕਿਸੇ ਜੀਵ ਦੀ ਸਾਹਿਤਕ ਰਚਨਾ ਵਿਚ ਅਜਿਹੇ ਗੁਣ ਨਹੀਂ ਹੋ ਸਕਦੇ। ਇਹ ਸਾਰੇ ਪੱਖ ਇਸ ਗੱਲ ਦਾ ਸਬੂਤ ਹਨ ਕਿ ਇਹ ਧੁਰ ਕੀ ਬਾਣੀ ਹੈ। ਗੁਰੂ ਸਾਹਿਬ ਦੀ ਜੋਤਿ ਦਸ ਜਾਮਿਆਂ ਵਿਚ ਅੱਗੇ ਤੋਂ ਅੱਗੇ ਤੁਰਦੀ ਰਹੀ ਹੈ। ਇਹ ਪ੍ਰਕਿਰਿਆ ਕਿਸੇ ਵੀ ਧਰਮ ਵਿਚ ਵੇਖਣ ਨੂੰ ਨਹੀਂ ਮਿਲਦੀ। ਕੋਈ ਪੈਗ਼ੰਬਰ, ਅਵਤਾਰ ਜਾਂ ਪੀਰ-ਫ਼ਕੀਰ ਆਪਣੇ ਬਰਾਬਰ ਦਾ ਰਹਿਬਰ ਪੈਦਾ ਨਹੀਂ ਕਰ ਸਕਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ ਇਕ ਸਦੀਵੀ ਰਹਿਬਰ ਮਨੁੱਖਤਾ ਨੂੰ ਪ੍ਰਾਪਤ ਹੈ ਜੋ ਸਦਾ ਸਭ ਦੇ ਸਾਹਮਣੇ ਹੈ। ਇਸ ਨਾਲ ਕੋਈ ਵੀ ਆਪਣਾ ਸਿੱਧਾ ਸੰਬੰਧ ਜੋੜ ਸਕਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨਾਂ ਲਈ ਸਾਰੀ ਮਨੁੱਖਤਾ ਨੂੰ ਖੁੱਲ੍ਹ ਹੈ। ਇਥੇ ਕਿਸੇ ਲਈ ਰੋਕ-ਟੋਕ ਨਹੀਂ ਹੈ ਜਿਵੇਂ ਕਿ ਭਗਤ ਕਬੀਰ ਜੀ ਨੇ ਪਰਮਾਤਮਾ ਬਾਰੇ ਫ਼ੁਰਮਾਇਆ ਹੈ:

ਕਬੀਰ ਜਿਹ ਦਰਿ ਆਵਤ ਜਾਤਿਅਹੁ ਹਟਕੈ ਨਾਹੀ ਕੋਇ॥
ਸੋ ਦਰੁ ਕੈਸੇ ਛੋਡੀਐ ਜੋ ਦਰੁ ਐਸਾ ਹੋਇ॥ (ਪੰਨਾ 1367)

ਸ੍ਰੀ ਗੁਰੂ ਗ੍ਰੰਥ ਸਾਹਿਬ ਸਰਬ-ਗੁਣ ਸੰਪੰਨ, ਹਰ ਪੱਖੋਂ ਸੰਪੂਰਨ, ਅਲੌਕਿਕ ਤੇ ਸਰਬ-ਸਮਰੱਥ ਹਨ। ਇਹ ਸਿੱਖ ਧਰਮ ਦਾ ਆਧਾਰ ਸਰੂਪ, ਸਿੱਖ ਸਭਿਆਚਾਰ ਦਾ ਮੂਲ ਸੋਮਾ, ਖ਼ਾਲਸਾ-ਪੰਥ ਦੀ ਸੰਚਾਲਨ ਸ਼ਕਤੀ, ਖ਼ਾਲਸੇ ਦੇ ਸਿੰਘਤਵ ਦੇ ਜਜ਼ਬੇ ਦਾ ਆਧਾਰ, ਸਰਬ ਲੋਕਾਈ ਦਾ ਓਟ ਆਸਰਾ ਅਤੇ ਸੰਪੂਰਨ ਜੀਵਨ ਸਿਧਾਂਤ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਕਰਕੇ ਸਿੱਖ ਜਗਤ ਨੂੰ ਖਾਸ ਕਰਕੇ ਖ਼ੁਸ਼ਨਸੀਬ ਕਿਹਾ ਜਾ ਸਕਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਨੁੱਖ ਦੇ ਜੀਵਨ ਦਾ ਕੇਂਦਰ-ਬਿੰਦੂ ਹੈ ਜੋ ਅਧਿਆਤਮਿਕ ਅਤੇ ਸਮਾਜਿਕ ਦੇ ਨਾਲ-ਨਾਲ ਵਿਸ਼ਵ ਭਾਈਚਾਰੇ, ਅਮਨ-ਸ਼ਾਂਤੀ, ਸਾਂਝੀਵਾਲਤਾ, ਸਦਭਾਵਨਾ ਤੇ ਸਹਿਨਸ਼ੀਲਤਾ ਦਾ ਸਰਬ-ਸ੍ਰੇਸ਼ਟ ਉਪਦੇਸ਼ ਦਿੰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ‘ਧੁਰ ਕੀ ਬਾਣੀ’ ਦਾ ਪ੍ਰਤੱਖ ਸਰੂਪ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ- ਪਰਮੇਸ਼ਰ ਜੋਤਿ-ਸਰੂਪ ਵਿਚ ਅਤੇ ਅੰਮ੍ਰਿਤ-ਬਾਣੀ (ਸ਼ਬਦ) ਦੇ ਰੂਪ ਵਿਚ ਸਰਗੁਣ ਸਰੂਪ ਵਿਚ ਬਿਰਾਜਮਾਨ ਹੈ ਤੇ ਜ਼ਾਹਿਰਾ ਜ਼ਹੂਰ ਦਰਸ਼ਨ ਦੀਦਾਰੇ ਬਖ਼ਸ਼ ਕੇ ਜਗਿਆਸੂਆਂ ਨੂੰ ‘ਨਦਰੀ-ਨਦਰਿ-ਨਿਹਾਲ’ ਕਰ ਰਿਹਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਉਪਮਾ ਕਰਦਿਆਂ ਗੁਰੂ ਸਾਹਿਬ ਨੇ ਫ਼ੁਰਮਾਇਆ ਹੈ:

ਥਾਲ ਵਿਚਿ ਤਿੰਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ॥
ਅੰਮ੍ਰਿਤ ਨਾਮੁ ਠਾਕੁਰ ਕਾ ਪਇਓ ਜਿਸ ਕਾ ਸਭਸੁ ਅਧਾਰੋ॥ (ਪੰਨਾ 1429)

ਅੱਜ ਲੋੜ ਹੈ ਕਿ ਗੁਰਮਤਿ ਵਿਚਾਰਧਾਰਾ ਨੂੰ ਗ੍ਰਹਿਣ ਕਰੀਏ, ਆਪਣੇ ਅਨੁਭਵ ਵਿਚ ਲਿਆ ਕੇ ਆਪਣਾ ਜੀਵਨ ਇਸ ਅਨੁਸਾਰ ਢਾਲੀਏ ਅਤੇ ਗੁਰਮਤਿ ਮਾਰਗ ਦੇ ਪਾਂਧੀ ਬਣੀਏ ਅਤੇ ਜਗਤ-ਜਲੰਦੇ ਤੋਂ ਜੀਵਨ ਮੁਕਤ ਹੋਈਏ। ਸੰਸਾਰੀਕਰਣ ਦੇ ਅਜੋਕੇ ਯੁੱਗ ਵਿਚ ਜਦੋਂ ਮਨੁੱਖ ਇਕੱਲਾ ਰਹਿ ਗਿਆ ਤੇ ਤਣਾਅ ਭਰਪੂਰ ਜ਼ਿੰਦਗੀ ਬਤੀਤ ਕਰ ਰਿਹਾ ਹੈ, ਉਸ ਸਮੇਂ ਗੁਰਬਾਣੀ ਹੀ ਸੰਸਾਰ ਦੇ ਉੱਧਾਰ ਲਈ ਸਾਰੇ ਸੰਕਟਾਂ-ਕਲੇਸ਼ਾਂ ਦੇ ਹੱਲ ਲਈ ਇੱਕੋ-ਇੱਕ ਸਾਰਥਕ ਅਤੇ ਸੰਪੂਰਨ ਸਾਧਨ ਹੈ। ਆਓ! “ਗੁਰਬਾਣੀ ਇਸੁ ਜਗ ਮਹਿ ਚਾਨਣੁ” ਨਾਲ ਆਪਣੀਆਂ ਜ਼ਿੰਦਗੀਆਂ ਰੋਸ਼ਨ ਕਰੀਏ ਅਤੇ “ਲੋਕ ਸੁਖੀਏ ਪਰਲੋਕ ਸੁਹੇਲੇ” ਹੋ ਨਿੱਬੜੀਏ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)