editor@sikharchives.org

ਸ੍ਰੀ ਗੁਰੂ ਗ੍ਰੰਥ ਸਾਹਿਬ – ਸਿਧਾਂਤਕ ਵਿਚਾਰਧਾਰਾ

ਸ੍ਰੀ ਗੁਰੂ ਗ੍ਰੰਥ ਸਾਹਿਬ ਸੰਤ ਭਾਸ਼ਾ ਵਿਚ ਹੈ ਜੋ ਕਿ ਹਿੰਦੁਸਤਾਨ-ਭਰ ਵਿਚ ਸਮਝੀ ਜਾਣ ਵਾਲੀ ਭਾਸ਼ਾ ਰਹੀ ਹੈ ਤੇ ਜਿਸ ਨੂੰ ਰਮਤੇ ਸੰਤਾਂ-ਸਾਧੂਆਂ ਅਤੇ ਫ਼ਕੀਰਾਂ-ਦਰਵੇਸ਼ਾਂ ਮਾਂਜ-ਸਵਾਰ ਕੇ ਲੋਕ ਪ੍ਰਿਯ ਬਣਾਇਆ ਹੈ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਭਾਰਤੀ ਵਿਚਾਰਧਾਰਾ ਦੇ ਪ੍ਰਵਾਹ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦਾ ਇਸ ਲਈ ਪ੍ਰਮੁੱਖ ਅਸਥਾਨ ਹੈ ਕਿ ਭਗਤੀ ਲਹਿਰ ਦੀ ਸਾਰੀ ਧਰਮ-ਸਾਧਨਾ ਦਾ ਸਾਰ ਸਰੂਪ ਤੱਤ ਗਿਆਨ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਕੱਤਰ ਕਰ ਦਿੱਤਾ ਗਿਆ ਹੈ। ਭਾਵੇਂ ਕਈ ਸੰਸਕ੍ਰਿਤ ਗ੍ਰੰਥ ਵੀ ਪਰਮਾਰਥਕ ਗਿਆਨ ਦੀਆਂ ਅਮੋਲਕ ਵਿਚਾਰਾਂ ਨਾਲ ਭਰਪੂਰ ਹਨ ਪਰ ਸੰਸਕ੍ਰਿਤ ਦੇ ਲੋਕ-ਭਾਸ਼ਾ ਨ ਰਹਿਣ ਕਾਰਨ ਉਨ੍ਹਾਂ ਦਾ ਸੰਬੰਧ ਤੇ ਪ੍ਰਭਾਵ ਉਤਨਾ ਨਹੀਂ ਰਿਹਾ। ਕੁਝ ਕੁ ਗਿਣਤੀ ਦੇ ਸੰਸਕ੍ਰਿਤਵੇਤਾ ਵਿਦਵਾਨ ਤਾਂ ਉਸ ਤੋਂ ਲਾਹਾ ਲੈ ਸਕਦੇ ਹਨ ਪਰੰਤੂ ਆਮ ਲੋਕਾਂ ਲਈ ਉਹ ਬਿਖਮ ਰਚਨਾਵਾਂ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਸੰਤ ਭਾਸ਼ਾ ਵਿਚ ਹੈ ਜੋ ਕਿ ਹਿੰਦੁਸਤਾਨ-ਭਰ ਵਿਚ ਸਮਝੀ ਜਾਣ ਵਾਲੀ ਭਾਸ਼ਾ ਰਹੀ ਹੈ ਤੇ ਜਿਸ ਨੂੰ ਰਮਤੇ ਸੰਤਾਂ-ਸਾਧੂਆਂ ਅਤੇ ਫ਼ਕੀਰਾਂ-ਦਰਵੇਸ਼ਾਂ ਮਾਂਜ-ਸਵਾਰ ਕੇ ਲੋਕ ਪ੍ਰਿਯ ਬਣਾਇਆ ਹੈ। ਅਜਿਹੀ ਸਾਂਝੀ ਤੇ ਸਰਲ ਭਾਸ਼ਾ ਵਿਚ ਰਚਿਆ ਅਧਿਆਤਮ ਗਿਆਨ ਦਾ ਇਹ ਮਹਾਨ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਭਾਰਤ ਭਰ ਵਿਚ ਸਮਝਿਆ ਜਾਣ ਜੋਗਾ ਹੈ। ਸਾਡੇ ਦੇਸ਼ ਦੀ ਕਿਸੇ ਪ੍ਰਾਂਤਕ ਭਾਸ਼ਾ ਵਿਚ ਵੀ ਅਜਿਹੀ ਅਮੋਲਕ ਰਚਨਾ ਹੋਰ ਨਹੀਂ। ਫਿਰ ਇਸ ਵਿਚ ਕੇਵਲ ਪੰਜਾਬ ਦੇ ਗੁਰੂ ਸਾਹਿਬਾਨ ਦੀ ਹੀ ਬਾਣੀ ਨਹੀਂ ਬਲਕਿ ਭਾਰਤ ਦੇ ਪ੍ਰਸਿੱਧ ਸੰਤਾਂ-ਮਹਾਂਪੁਰਸ਼ਾਂ ਦੇ ਬਚਨ ਚੁਣ-ਚੁਣ ਕੇ ਸ਼ਾਮਿਲ ਕੀਤੇ ਗਏ ਹਨ, ਇਹ ਗੱਲ ਇਸ ਦੀ ਵਿਆਪਕਤਾ, ਸਮਰੱਥਾ ਤੇ ਸ਼ਕਤੀ ਵਿਚ ਵਾਧਾ ਕਰਦੀ ਹੈ। ਅਜਿਹੇ ਸੰਕਲਨ ਦਾ ਵੱਡਾ ਆਧਾਰ ਵਿਚਾਰਧਾਰਾ ਦੀ ਸਾਂਝ ਸੀ। ਇਸ ਦੇ ਸੰਗ੍ਰਹਿਕਾਰ ਗੁਰੂ ਸਾਹਿਬ ਨੂੰ ਜ਼ਿੰਦਗੀ ਨੂੰ ਸ਼ਕਤੀ ਬਖਸ਼ਣ ਵਾਲਾ ਜੋ ਵੀ ਰੂਹਾਨੀ ਬਚਨ ਪ੍ਰਾਪਤ ਹੋਇਆ ਚਾਹੇ ਉਹ ਬੰਗਾਲ ਜਾਂ ਮਹਾਂਰਾਸ਼ਟਰ ਦੇ ਸੰਤ ਦਾ ਸੀ, ਚਾਹੇ ਰਾਜਸਥਾਨ ਜਾਂ ਉੱਤਰ ਪ੍ਰਦੇਸ਼ ਦੇ ਮਹਾਤਮਾ ਦਾ, ਉਹ ਸਭ ਇਸ ਮਾਲਾ ਵਿਚ ਪ੍ਰੋ ਦਿੱਤਾ ਗਿਆ ਹੈ। ਗੁਰੂ ਸਾਹਿਬਾਨ ਜ਼ਿੰਦਗੀ ਦਾ ਸੰਜੋਗ ਰਚਣ ਆਏ ਸਨ, ਉਨ੍ਹਾਂ ਇਸ ਸੰਕਲਨ ਦੁਆਰਾ ਭਾਰਤ ਭਰ ਦੇ ਸੰਤਾਂ ਦਾ ਸੰਜੋਗ ਸਾਜ ਕੇ ਇਕ ਆਦਰਸ਼ ਸਥਾਪਤ ਕੀਤਾ ਤਾਂ ਕਿ ਸੱਭੇ ਪ੍ਰੇਮਾ-ਭਗਤੀ ਰਾਹੀਂ ਪ੍ਰਭੂ-ਸੰਜੋਗ ਪ੍ਰਾਪਤ ਕਰ ਸਕਣ। ਇਸੇ ਲਈ ਉਨ੍ਹਾਂ ਦਾ ਸਦਾ ਸਭ ਪ੍ਰਤੀ ਸਾਂਝਾ ਸੱਦਾ ਸੀ:

ਆਵਹੁ ਭੈਣੇ ਗਲਿ ਮਿਲਹ ਅੰਕਿ ਸਹੇਲੜੀਆਹ॥
ਮਿਲਿ ਕੈ ਕਰਹ ਕਹਾਣੀਆ ਸੰਮ੍ਰਥ ਕੰਤ ਕੀਆਹ॥ (ਪੰਨਾ 17)

ਭਗਤੀ ਲਹਿਰ ਤੇ ਗੁਰੂ ਸਾਹਿਬਾਨ ਦਾ ਪ੍ਰੇਮ-ਮਾਰਗ ਦਾਰਸ਼ਨਿਕ ਨਿਖੇੜੇ ਜਾਂ ਵਿਸ਼ਲੇਸ਼ਣ ’ਤੇ ਆਧਾਰਤ ਨਹੀਂ ਬਲਕਿ ਭਾਵਾਤਮਕ ਏਕਤਾ ਉਸ ਦਾ ਮੂਲ ਆਧਾਰ ਸੀ। ਇਨ੍ਹਾਂ ਰਹੱਸਵਾਦੀ ਮਹਾਂਪੁਰਸ਼ਾਂ ਦੇ ਸਨਮੁਖ ਆਦਰਸ਼ ਵੀ ਇਹੋ ਸੀ ਕਿ ਜ਼ਿੰਦਗੀ ਦਾ ਪਰਮੇਸ਼ਰ ਨਾਲ ਸੰਜੋਗ ਕੀਤਾ ਜਾਵੇ ਤੇ ਮਨੁੱਖਾਂ ਦਾ ਪਰਸਪਰ ਸੰਯੋਗ ਸਿਰਜਿਆ ਜਾਵੇ। ‘ਸਗਲਿ ਸੰਗਿ ਹਮ ਕਉ ਬਨਿ ਆਈ’ ਦਾ ਇਹੋ ਭਾਵ ਸੀ। ਇਸੇ ਲਈ ਬਾਣੀ ਦੀ ਰਾਗਾਂ ਅਨੁਸਾਰ ਵਿਉਂਤਬੰਦੀ ਕੀਤੀ ਗਈ ਤਾਂ ਕਿ ਸੰਗੀਤਕ ਪ੍ਰਭਾਵ ਸਾਡੇ ਜਜ਼ਬਿਆਂ ਨੂੰ ਟੁੰਬਣ ਲਈ ਵਧੇਰੇ ਸਮਰੱਥ ਹੋ ਸਕੇ। ਇਹ ਠੀਕ ਹੈ ਕਿ ਮਨੁੱਖ ਵਿਚਾਰਸ਼ੀਲ ਪ੍ਰਾਣੀ ਹੈ ਪਰ ਆਮ ਤੌਰ ’ਤੇ ਭਾਵਾਂ ਦੇ ਝੁਕਾਅ ਹੀ ਇਸ ਨੂੰ ਤੋਰਦੇ ਰਹਿੰਦੇ ਹਨ ਤੇ ਗਿਆਨ ਸ਼ਕਤੀ ਦਾ ਪ੍ਰਯੋਗ ਵੀ ਤਾਂ ਇਹ ਉਨ੍ਹਾਂ ਨੂੰ ਠੀਕ ਸਿੱਧ ਕਰਨ ਲਈ ਹੀ ਕਰਦਾ ਰਹਿੰਦਾ ਹੈ। ਸੋ ਗਿਆਨ ਸਭ ਕੁਝ ਨਹੀਂ। ਜੀਵਨ- ਪਰਿਵਰਤਨ ਲਈ ਮਨੁੱਖ ਦੇ ਜਜ਼ਬਿਆਂ ਭਾਵਾਂ ਦਾ ਵਸੀਕਰਣ ਜ਼ਰੂਰੀ ਹੈ, ਇਨ੍ਹਾਂ ਨੂੰ ਪ੍ਰਭਾਵਿਤ ਕਰ ਕੇ ਹੀ ਮਨ ਨੂੰ ਪਰਮਾਰਥ ਵੱਲ ਲਾਇਆ ਜਾ ਸਕਦਾ ਹੈ। ਸੋ ਜੇਕਰ ਜੀਵਨ, ਭਾਵ-ਪ੍ਰਧਾਨ ਹੈ, ਸੁਭਾਵ ਆਸਰੇ ਚੱਲਦਾ ਹੈ ਤਾਂ ਇਸ ਵਿਚ ਤਬਦੀਲੀ ਲਿਆਉਣ ਲਈ ਮਾਨਸਿਕ ਕਾਇਆ-ਕਲਪ ਜ਼ਰੂਰੀ ਹੈ ਤੇ ਉਹ ਨਾਮ ਸਿਮਰਨ ਦੁਆਰਾ ਹੀ ਸੰਭਵ ਹੈ। ਇਸੇ ਕਰਕੇ ਗੁਰੂ ਸਾਹਿਬਾਨ ਬਾਣੀ ਦੀ ਤਰਤੀਬ ਸੰਗੀਤ ਨੂੰ ਮੁੱਖ ਰੱਖ ਕੇ ਕੀਤੀ ਹੈ। ਗੁਰੂ ਸਾਹਿਬਾਨ ਦਰਸ਼ਨ-ਸ਼ਾਸਤਰ ਨਹੀਂ ਸੀ ਲਿਖ ਰਹੇ, ਜੀਵਨ-ਸ਼ਾਸਤਰ ਤਿਆਰ ਕਰ ਰਹੇ ਸਨ ਇਸ ਲਈ ਉਨ੍ਹਾਂ ਭਾਵ ਮੰਡਲ ਨੂੰ ਸੁਆਰਨ ਲਈ ਯਥਾਯੋਗ ਯਤਨ ਕੀਤੇ।

ਪੁਰਾਣੇ ਜ਼ਮਾਨੇ ਦੇ ਧਾਰਮਿਕ ਗਿਆਨ ਵਿਚ ਪਰਮੇਸ਼ਰ ਦੀ ਪ੍ਰਾਪਤੀ ਲਈ ਪ੍ਰਵਾਨਿਤ ਤਰੀਕੇ- ਗਿਆਨ ਮਾਰਗ, ਕਰਮ ਮਾਰਗ ਤੇ ਉਪਾਸ਼ਨਾ ਮਾਰਗ ਸਨ ਤੇ ਪਰਮਾਰਥ ਵਾਲੇ ਪਾਸੇ ਜਾਣ ਲਈ ਸੰਸਾਰ ਤਿਆਗ ਵੀ ਇਕ ਜ਼ਰੂਰੀ ਸ਼ਰਤ ਸੀ। ਲੇਕਿਨ ਗੁਰੂ ਸਾਹਿਬ ਨੇ ਕਿਸੇ ਇਕ ਪੱਧਤੀ ਦਾ ਅਨੁਸਰਣ ਨਹੀਂ ਕੀਤਾ ਬਲਕਿ ਗਿਆਨ, ਕਰਮ ਤੇ ਉਪਾਸ਼ਨਾ ਦਾ ਸੁਜਿੰਦ ਭਾਗ ਲੈ ਕੇ ਇਕ ਸਾਂਝਾ ਮਾਰਗ ‘ਨਾਮ ਮਾਰਗ’ ਪ੍ਰਚੱਲਤ ਕੀਤਾ। ਉਹ ਇਸ ਗੱਲ ਦੇ ਹਾਮੀ ਨਹੀਂ ਸਨ ਕਿ ਕੇਵਲ ਸ਼ਾਸਤਰੀ ਗਿਆਨ ਹੀ ਮਨੁੱਖ ਦਾ ਉਧਾਰ ਕਰ ਸਕਦਾ ਹੈ ਤੇ ਨਾ ਹੀ ਉਹ ਇਹ ਠੀਕ ਮੰਨਦੇ ਸਨ ਕਿ ਕੇਵਲ ਕਰਮਕਾਂਡ ਦੁਆਰਾ ਮਨੁੱਖ ਤੇ ਮਨੁੱਖੀ ਸਮਾਜ ਦਾ ਕਲਿਆਣ ਸੰਭਵ ਹੈ। ਇਸ ਲਈ ਉਨ੍ਹਾਂ ਗਿਆਨ ਯੋਗ ਤੇ ਕਰਮ ਯੋਗ ਦੀ ਸੰਧੀ ਕੀਤੀ ਤੇ ਨਾਲ ਪ੍ਰੇਮਾ-ਭਗਤੀ ਨੂੰ ਤਰਜੀਹ ਦਿੱਤੀ। ਅੱਗੇ ਲੋਕ ਸਮਾਜ ਦੀ ਪਰਵਾਹ ਨਹੀਂ ਸੀ ਕਰਦੇ, ਆਤਮਿਕ ਕਲਿਆਣ ਲਈ ਦੁਨੀਆਂ ਛੱਡਣਾ ਜ਼ਰੂਰੀ ਮੰਨਦੇ ਸਨ। ਪਰੰਤੂ ਗੁਰੂ ਸਾਹਿਬਾਨ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਇਹ ਸੰਸਾਰ ਛੱਡਣਾ ਨਹੀਂ ਚਾਹੀਦਾ ਸਗੋਂ ਇਸ ਵਿਚ ਹੀ ਰਹਿੰਦਿਆਂ ਇਸ ਦੀ ਉਸਾਰੀ ਤੇ ਵਿਕਾਸ ਵਿਚ ਹਿੱਸਾ ਪਾਉਂਦਿਆਂ ਪਰਮਾਰਥ ਵੱਲ ਕਦਮ ਵਧਾਉਣੇ ਹਨ:

ਵਿਚਿ ਦੁਨੀਆ ਸੇਵ ਕਮਾਈਐ॥
ਤਾ ਦਰਗਹ ਬੈਸਣੁ ਪਾਈਐ॥ (ਪੰਨਾ 26)

ਪਰ ਰਹਿਣਾ ਇਉਂ ਨਿਰਲੇਪ ਹੈ ਜਿਵੇਂ ਪਾਣੀ ਵਿਚ ਕੰਵਲ ਜਾਂ ਮੁਰਗਾਬੀ ਰਹਿੰਦੀ ਹੈ:

ਜੈਸੇ ਜਲ ਮਹਿ ਕਮਲੁ ਨਿਰਾਲਮੁ ਮੁਰਗਾਈ ਨੈ ਸਾਣੇ॥
ਸੁਰਤਿ ਸਬਦਿ ਭਵ ਸਾਗਰੁ ਤਰੀਐ ਨਾਨਕ ਨਾਮੁ ਵਖਾਣੇ॥ (ਪੰਨਾ 938)

ਇਹ ਗੱਲ ਗੁਰੂ ਵਿਚਾਰਧਾਰਾ ਦੀ ਵਿਸ਼ੇਸ਼ ਹੈ ਕਿ ਸਮਾਜਿਕ ਜੀਵਨ ਬਸਰ ਕਰਦਿਆਂ ਫਿਰ ਪਰਮਾਰਥਕ ਸਿਖਰਾਂ ਨੂੰ ਛੋਹਿਆ ਜਾਵੇ:

ਸਤਿਗੁਰ ਕੀ ਐਸੀ ਵਡਿਆਈ॥
ਪੁਤ੍ਰ ਕਲਤ੍ਰ ਵਿਚੇ ਗਤਿ ਪਾਈ॥ (ਪੰਨਾ 661)

ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦੇ ਦੋ ਬੜੇ ਪ੍ਰਮੁੱਖ ਤੇ ਵਿਲੱਖਣ ਪਹਿਲੂ ਹਨ, ਪ੍ਰੇਮਾ-ਭਗਤੀ ਦਾ ਪ੍ਰੇਮ ਤੇ ਤਿਆਗ ਦਾ ਤਿਆਗ। ਇਸ ਤੋਂ ਪਹਿਲਾਂ ਕਈ ਹੋਰ ਵੀ ਗ਼ੈਰ-ਸਿਹਤਮੰਦ ਵਿਚਾਰ ਪ੍ਰਚੱਲਤ ਸਨ ਜੋ ਜ਼ਿੰਦਗੀ ਲਈ ਸਾਰਥਕ ਸਿੱਧ ਨਹੀਂ ਸੀ ਹੋਏ, ਉਨ੍ਹਾਂ ਦਾ ਥਾਂ-ਥਾਂ ਸਪੱਸ਼ਟ ਵਿਰੋਧ ਕੀਤਾ ਗਿਆ ਹੈ। ਜੀਵਨ ਵਿਕਾਸ ਲਈ ਕੀ ਕੁਝ ਕਰਨਯੋਗ ਹੈ ਤੇ ਕੀ ਕੁਝ ਨ ਕਰਨਯੋਗ, ਇਨ੍ਹਾਂ ਗੁਣਾਂ ਔਗੁਣਾਂ ਦੀ ਘੋਖ-ਪੜਤਾਲ ਵੀ ਡੂੰਘੀ ਨੀਝ ਨਾਲ ਕੀਤੀ ਗਈ ਹੈ। ਸਦਾਚਾਰ ਸੰਬੰਧੀ ਉਨ੍ਹਾਂ ਦੀ ਵਿਸ਼ੇਸ਼ ਹਦਾਇਤ ਹੈ:

ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ॥ (ਪੰਨਾ 766)

ਇਸ ਤੋਂ ਇਲਾਵਾ ਜੇਕਰ ਪੰਛੀ ਝਾਤ ਦੁਆਰਾ ਸੰਖੇਪ ਰੂਪ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦਾ ਸਰੂਪ ਜਾਚਣਾ ਹੋਵੇ ਤਾਂ ਕੁਝ ਕੁ ਵਿਸ਼ੇਸ਼ ਨੁਕਤੇ ਇਉਂ ਅੰਕਿਤ ਕੀਤੇ ਜਾ ਸਕਦੇ ਹਨ:

1. ਸਾਰੀ ਸ੍ਰਿਸ਼ਟੀ ਦਾ ਕਰਤਾ-ਪਰਮੇਸ਼ਰ ਇੱਕ ਹੈ ਤੇ ਉਹੋ ਪੂਜਣਯੋਗ ਹੈ, ਹੋਰ ਦੇਵੀ-ਦੇਵਤਿਆਂ ਜਾਂ ਅਵਤਾਰਾਂ ਦੀ ਪੂਜਾ ਯੋਗ ਨਹੀਂ:

ਏਕੋ ਸਿਮਰਹੁ ਭਾਇਰਹੁ      (ਪੰਨਾ 1092)

2. ਮਨੁੱਖੀ ਜੋਤਿ ਪਰਮ-ਜੋਤਿ ਦੀ ਅੰਸ਼ ਹੈ, ਪ੍ਰਭੂ ਨਾਲ ਮੁੜ ਸੰਜੋਗ ਪ੍ਰਾਪਤ ਕਰਨਾ ਹੀ ਜੀਵਨ-ਮਨੋਰਥ ਹੈ:

ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥   (ਪੰਨਾ 441)

3. ਪਰਮ ਸੱਤ ਦੀ, ਪ੍ਰਾਪਤੀ ਦਾ ਸਾਧਨ ਹਉਮੈ ਮੇਟ ਕੇ ਹੁਕਮ ਨੂੰ ਬੁੱਝਣਾ ਹੈ। ਸੋ ‘ਹੁਕਮ ਰਜਾਈ ਚਲਣਾ’ ਜਾਂ ਭਾਣਾ ਮੰਨਣਾ ਹੀ ਸੱਚਾ ‘ਗਾਡੀ ਰਾਹ’ ਹੈ।

4. ਇਸ ਗਾਡੀ ਰਾਹ ਦੇ ਪਾਂਧੀ ਬਣਨ ਲਈ ਨਾਮ ਸਿਮਰਨ ਜ਼ਰੂਰੀ ਹੈ, ਸਿਮਰਨ ਦੇ ਵਾਤਾਵਰਣ ਦੁਆਰਾ ਹੀ ਸਾਡਾ ਮਨ ਭਾਣੇ ਵਿਚ ਚੱਲਣ ਦੇ ਯੋਗ ਹੋ ਸਕਦਾ ਹੈ ਅਤੇ ਸਿਮਰਨ ਦਾ ਵਧੀਆ ਤਰੀਕਾ ਕੀਰਤਨ ਹੈ:

ਹਰਿ ਕੀਰਤਿ ਸਾਧਸੰਗਤਿ ਹੈ ਸਿਰਿ ਕਰਮਨ ਕੈ ਕਰਮਾ॥
ਕਹੁ ਨਾਨਕ ਤਿਸੁ ਭਇਓ ਪਰਾਪਤਿ ਜਿਸੁ ਪੁਰਬ ਲਿਖੇ ਕਾ ਲਹਨਾ॥ (ਪੰਨਾ 642)

5. ਇਸ ਮਾਰਗ ਦਾ ਰਹਿਨੁਮਾ ਸਤਿਗੁਰੂ ਹੈ ਤੇ ਉਹ ਮਾਡਲ ਵੀ। ਉਸੇ ਦੀ ਦੱਸੀ ਸੇਧ ’ਤੇ ਚੱਲ ਕੇ ਪ੍ਰਭੂ ਨਾਲ ਮਿਲਾਪ ਹੋ ਸਕਦਾ ਹੈ ਅਤੇ ਇਹ ਗੁਰੂ, ਬਾਣੀ ਜਾਂ ਸ਼ਬਦ ਹੈ:

ਸਬਦੁ ਗੁਰ ਪੀਰਾ ਗਹਿਰ ਗੰਭੀਰਾ ਬਿਨੁ ਸਬਦੈ ਜਗੁ ਬਉਰਾਨੰ॥ (ਪੰਨਾ 635)

ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥
ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ॥ (ਪੰਨਾ 982)

6. ਕਿਉਂਕਿ ਮਨੁੱਖ ਭਾਈਚਾਰਕ ਜੀਵ ਹੈ, ਇਸ ਲਈ ਸ੍ਰੇਸ਼ਟ ਸੰਗਤ, ਜੀਵਨ-ਪਰਿਵਰਤਨ ਵਿਚ ਬਹੁਤ ਵੱਡਾ ਰੋਲ ਅਦਾ ਕਰਦੀ ਹੈ। ਇਸ ਲਈ ਚੰਗੇ ਗੁਰਮੁਖਾਂ ਸਾਧੂ ਪੁਰਸ਼ਾਂ ਦੇ ਮੇਲ ਉੱਤੇ ਬਹੁਤ ਜ਼ੋਰ ਦਿੱਤਾ ਗਿਆ ਹੈ, ਸਤਿਸੰਗ ਮਨੁੱਖਾਂ ਦਾ ਇਕੱਠ-ਮਾਤਰ ਨਹੀਂ ਬਲਕਿ ਉਹ ਥਾਂ ਹੈ ਜਿੱਥੇ ਨਾਮ ਦਾ ਵਖਿਆਨ, ਕੀਰਤਨ ਹੁੰਦਾ ਹੈ:

ਸਤਿਸੰਗਤ ਕੈਸੀ ਜਾਣੀਐ॥
ਜਿਥੈ ਏਕੋ ਨਾਮੁ ਵਖਾਣੀਐ॥
ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ॥ (ਪੰਨਾ 72)

7. ਸੰਸਾਰ ਕਰਮਭੂਮੀ ਹੈ। ਇਸ ਲਈ ਇਥੇ ਕਰਮਯੋਗੀ ਬਣ ਕੇ ਰਹਿਣਾ ਉਚਿਤ ਹੈ, ਇਸ ਨੂੰ ਮਿਥਿਆ ਆਖ ਕੇ ਬਿਰਕਤੀ ਧਾਰਨੀ ਠੀਕ ਨਹੀਂ:

ਘਾਲਿ ਖਾਇ ਕਿਛੁ ਹਥਹੁ ਦੇਇ॥
ਨਾਨਕ ਰਾਹੁ ਪਛਾਣਹਿ ਸੇਇ॥ (ਪੰਨਾ 1245)

8. ਹਾਂ, ਮਾਇਆ ਦਾ ਤਿਆਗ ਜ਼ਰੂਰੀ ਹੈ, ਮਾਇਆ ਦਾ ਅਰਥ ਹੈ ਦਵੈਤ ਭਾਵ ਵਾਲੀ ਬਿਰਤੀ, ਇਹ ਦੁਬਿਧਾ ਵਾਲੀ ਬਿਰਤੀ ਕੇਵਲ ਪ੍ਰਭੂ ਵੱਲ ਲਿਵ ਲਾ ਕੇ ਹੀ ਸੋਧੀ ਸੰਵਾਰੀ ਜਾ ਸਕਦੀ ਹੈ:

ਏਹ ਮਾਇਆ ਜਿਤੁ ਹਰਿ ਵਿਸਰੈ ਮੋਹੁ ਉਪਜੈ ਭਾਉ ਦੂਜਾ ਲਾਇਆ॥
ਕਹੈ ਨਾਨਕੁ ਗੁਰ ਪਰਸਾਦੀ ਜਿਨਾ ਲਿਵ ਲਾਗੀ ਤਿਨੀ ਵਿਚੇ ਮਾਇਆ ਪਾਇਆ॥  (ਪੰਨਾ 921)

9. ਗੁਣਾਂ ਦਾ ਗ੍ਰਹਿਣ ਤੇ ਔਗੁਣਾਂ ਦਾ ਤਿਆਗ ਸਦਾਚਾਰ ਦਾ ਮੂਲ-ਮੰਤਰ ਹੈ:

ਅਉਗਣ ਛੋਡਹੁ ਗੁਣ ਕਰਹੁ ਐਸੇ ਤਤੁ ਪਰਾਵਹੁ॥ (ਪੰਨਾ 418)

10. ਦੇਵ ਪੂਜਾ, ਮੂਰਤੀ ਪੂਜਾ, ਵਰਣ ਮਰਯਾਦਾ, ਜਾਤ-ਪਾਤ, ਤੀਰਥ-ਇਸ਼ਨਾਨ, ਸੁਰਗ-ਨਰਕ, ਸੁੱਚ-ਭਿੱਟ, ਸੂਤਕ-ਪਾਤਕ, ਰੋਜ਼ੇ-ਵਰਤ, ਸ਼ਗਨ- ਅਪਸ਼ਗਨ, ਮੰਤ੍ਰ-ਜੰਤ੍ਰ, ਟੂਣੇ-ਤਵੀਤ ਆਦਿ ਸਭ ਭਰਮ-ਕਰਮ ਤਿਆਗਣ ਯੋਗ ਹਨ।

ਪਰਮਾਰਥ ਦੇ ਕਿਹੜੇ ਰਸਤੇ ਠੀਕ ਹਨ, ਕਿਹੜੇ ਗ਼ਲਤ? ਗੁਰੂ ਸਾਹਿਬ ਦੇ ਜ਼ਮਾਨੇ ਚੱਲ ਰਹੀਆਂ ਵਿਚਾਰਧਾਰਾਵਾਂ ਕਿਸ ਤਰ੍ਹਾਂ ਦੀਆਂ ਸਨ ਤੇ ਉਹ ਮਾਨਵ ਜੀਵਨ ਵਿਕਾਸ ਲਈ ਸਾਰਥਕ ਸਨ ਜਾਂ ਨਿਰਾਰਥਕ? ਗੁਣਾਂ-ਔਗੁਣਾਂ ਦਾ ਸਵਿਸਤ੍ਰਿਤ ਨਿਰਣਾ ਕੀ ਹੈ, ਜਿਸ ਨੇ ਸਾਡੇ ਸਦਾਚਾਰ ਦਾ ਅਧਾਰ ਬਣਨਾ ਹੈ। ਇਹ ਜਾਇਜ਼ਾ ਤਾਂ ਹੀ ਲਿਆ ਜਾ ਸਕਦਾ ਹੈ ਜੇਕਰ ਵਿਸ਼ੇ ਅਨੁਸਾਰ ਗੁਰਬਾਣੀ ਦੇ ਵਿਸ਼ੇਸ਼ ਬਚਨਾਂ ਨੂੰ ਇਕ ਥਾਂ ਇਕੱਠਿਆਂ ਵਾਚਿਆ ਜਾਵੇ, ਇਸ ਨਾਲ ਹੀ ਹਰ ਵਿਚਾਰ ਤੇ ਹਰ ਲੇਖ ਪ੍ਰਤੱਖ ਮੂਰਤੀਮਾਨ ਹੋ ਸਕਦਾ ਹੈ।

ਸੋ, ਲੋੜ ਹੈ ਸਿੱਖ ਦਰਸ਼ਨ ਦੀ ਸਥਾਪਨਾ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮੁੱਚੇ ਰੂਪ ਵਿਚ ਵਿਚਾਰਿਆ ਜਾਵੇ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਸਾਬਕਾ ਸੀਨੀਅਰ ਓਰੀਐਂਟਲ ਫੈਲੋ -ਵਿਖੇ: ਪੰਜਾਬੀ ਯੂਨੀਵਰਸਿਟੀ, ਪਟਿਆਲਾ

ਪਿਆਰਾ ਸਿੰਘ ਪਦਮ (ਪ੍ਰੋ) (28-05-1921-ਤੋਂ -01-05-2001) ਇੱਕ ਪੰਜਾਬੀ ਲੇਖਕ ਅਤੇ ਅਕਾਦਮਿਕ ਵਿਦਵਾਨ ਸਨ, ਜਿਨ੍ਹਾਂ ਦਾ ਜਨਮ ਨੰਦ ਕੌਰ ਅਤੇ ਗੁਰਨਾਮ ਸਿੰਘ ਦੇ ਘਰ ਪਿੰਡ ਘੁੰਗਰਾਣਾ ਪਰਗਨਾ, ਜ਼ਿਲ੍ਹਾ ਲੁਧਿਆਣਾ ਵਿੱਚ ਹੋਇਆ। ਉਨ੍ਹਾਂ ਦਾ ਵਿਆਹ ਜਸਵੰਤ ਕੌਰ ਨਾਲ ਹੋਇਆ ਸੀ। ਉਨ੍ਹਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ (1943-1947) ਵਿੱਚ ਲੈਕਚਰਾਰ ਵਜੋਂ ਕੀਤੀ। ਉਹ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ (1948-1950) ਦੇ ਗੁਰਦੁਆਰਾ ਗਜ਼ਟ ਦੇ ਸੰਪਾਦਕ ਰਹੇ ਹਨ। ਇਸ ਤੋਂ ਬਾਅਦ ਉਹ ਭਾਸ਼ਾ ਵਿਭਾਗ ਪੰਜਾਬ, ਪਟਿਆਲਾ (1950-1965) ਵਿੱਚ ਸ਼ਾਮਲ ਹੋ ਗਏ ਅਤੇ ਇਸ ਦੇ ਰਸਾਲੇ ਪੰਜਾਬੀ ਦੁਨੀਆ ਦਾ ਸੰਪਾਦਨ ਵੀ ਕੀਤਾ। ਉਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ (1966-1983) ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਦਾ ਵਿਸ਼ੇਸ਼ ਸੀਨੀਅਰ ਓਰੀਐਂਟਲ ਫੈਲੋ ਨਿਯੁਕਤ ਕੀਤਾ ਗਿਆ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)