ਪੰਜਾਬੀ ਸਾਹਿਤ ਦੀ ਬੀਰ-ਰਸੀ ਪਰੰਪਰਾ ਬਹੁਤ ਪੁਰਾਣੀ ਹੈ। ‘ਵਾਰ’ ਸ਼ਬਦ ਸੰਸਕ੍ਰਿਤ ਦੇ ‘ਵਾਰਣ’ ਸ਼ਬਦ ਤੋਂ ਉਤਪੰਨ ਹੋਇਆ ਮੰਨਿਆ ਜਾਂਦਾ ਹੈ ਕਿਉਂਕਿ ਇਸ ਵਿਚ ਵਰਣਿਤ ਕੀਤੇ ਵਿਸ਼ੇ ਦੇ ਉੱਚਿਤ ਪ੍ਰਭਾਵ ਲਈ ਘਟਨਾਵਾਂ ਨੂੰ ਵਾਰ-ਵਾਰ ਪੇਸ਼ ਕੀਤਾ ਜਾਂਦਾ ਹੈ। ਕਈ ਵਿਦਵਾਨਾਂ ਦਾ ਵਿਚਾਰ ਹੈ ਕਿ ਢਾਡੀ ਸੂਰਬੀਰ ਯੋਧਿਆਂ ਦੀ ਸਿਫ਼ਤ ਕਰਦੇ ਹਨ। ਇਸ ਲਈ ਅਜਿਹਾ ਕਾਵਿ-ਰੂਪ ਜਿਹੜਾ ਆਪਣੇ-ਆਪ ਵਿਚ ਕਿਸੇ ਦੀ ਸਿਫ਼ਤ ਦਾ ਜ਼ਿਕਰ ਰੱਖਦਾ ਹੋਵੇ, ‘ਵਾਰ’ ਅਖਵਾਉਂਦਾ ਹੈ।
ਗੁਰੂ ਸਾਹਿਬਾਨ ਨੇ ਵਾਰ ਕਾਵਿ-ਰੂਪ ਦੀ ਵਸਤੂਗਤ ਸਮੱਗਰੀ ਦੀ ਬੀਰ-ਰਸੀ ਸੀਮਾ ਨੂੰ ਪਾਰ ਕਰ ਕੇ ਇਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਵਾਰਾਂ ਦੀ ਕੁੱਲ ਗਿਣਤੀ ਬਾਈ ਹੈ। ਜਿਨ੍ਹਾਂ ਵਿੱਚੋਂ ਇੱਕੀ ਵਾਰਾਂ ਗੁਰੂ ਸਾਹਿਬਾਨ ਦੀਆਂ, ਇਕ ਵਾਰ ਭਾਈ ਸੱਤੇ-ਭਾਈ ਬਲਵੰਡ ਜੀ ਦੀ ਹੈ। ਵਾਰ ਦਾ ਮੁੱਖ ਲੱਛਣ ਸੂਰਬੀਰਾਂ ਦਾ ਜੱਸ ਕਰਨਾ ਹੁੰਦਾ ਹੈ। ਇਸ ਲਈ ਅਧਿਆਤਮਿਕ ਵਾਰਾਂ ਵਿਚ ਵੀ ਵਾਹਿਗੁਰੂ ਅਕਾਲ ਪੁਰਖ, ਨਾਮ, ਸਤਿਗੁਰੂ ਤੇ ਗੁਰਮੁਖ ਦਾ ਜੱਸ ਹੈ ਅਤੇ ਨਾਲ ਹੀ ਮਨੁੱਖ ਲਈ ਜੀਵਨ ਸਫ਼ਲ ਕਰਨ ਦਾ ਰਸਤਾ ਦੱਸਿਆ ਗਿਆ ਹੈ। ਇਨ੍ਹਾਂ ਵਾਰਾਂ ਵਿਚ ਦੋ ਪੱਖਾਂ ਦੀ ਲੜਾਈ ਵਿਖਾਈ ਜਾਂਦੀ ਹੈ ਨੇਕੀ ਤੇ ਬਦੀ ਦੀ ਅਤੇ ਜਿੱਤ ਨੇਕੀ ਦੇ ਪੱਖ ਦੀ ਹੁੰਦੀ ਹੈ।
ਸੰਸਾਰ ਦੇ ਹਰ ਧਰਮ ਦਾ ਮਨੋਰਥ ਮਨੁੱਖ ਨੂੰ ਉੱਚਾ, ਸੁੱਚਾ, ਚੰਗਾ ਅਤੇ ਆਦਰਸ਼ਵਾਦੀ ਬਣਾਉਣਾ ਹੈ। ਪਰੰਤੂ ਆਦਰਸ਼ਵਾਦੀ ਮਨੁੱਖ ਬਣਨ ਲਈ ਇਕ ਵਿਸ਼ੇਸ਼ ਮਾਰਗ ਉੱਤੇ ਚੱਲਣਾ ਪੈਂਦਾ ਹੈ।
ਗੁਰਮੁਖ ਦਾ ਭਾਵ ਗੁਰੂ-ਸਿੱਖਿਆ ਉੱਪਰ ਚੱਲਣ ਵਾਲੇ ਤੋਂ ਹੈ ਅਤੇ ਮਨਮੁਖ ਦਾ ਭਾਵ, ਮਨਮਤੀਆ ਜਾਂ ਮਨ ਦੀ ਮਤ ਦੇ ਅਧੀਨ ਚੱਲਣ ਵਾਲਾ ਮਨੁੱਖ ਹੈ, ਜੋ ਸਦਾ ਗਿਆਨ-ਇੰਦਰੀਆਂ ਦੇ ਸਵਾਦ ਦੀ ਪੂਰਤੀ ਲਈ ਮਨ ਦੀ ਅਗਵਾਈ ਹੇਠ ਦੌੜ-ਭੱਜ ਕਰਦਾ ਰਹਿੰਦਾ ਹੈ। ਵਾਰਾਂ ਵਿਚ ਮਨਮੁਖ ਨੂੰ ਖਲਨਾਇਕ ਅਤੇ ਗੁਰਮੁਖ ਨੂੰ ਨਾਇਕ ਦੇ ਰੂਪ ਵਿਚ ਚਿਤਰਿਆ ਗਿਆ ਹੈ। ਗੁਰੂ ਸਾਹਿਬਾਨ ਨੇ ਆਪਣੀ ਬਾਣੀ ਵਿਚ ਗੁਰਮੁਖ ਅਤੇ ਮਨਮੁਖ ਦੇ ਸਰੂਪ ਨੂੰ ਚਿਤਰਿਆ ਹੈ। ਗੁਰਬਾਣੀ ਅਨੁਸਾਰ ਗੁਰਮੁਖ ਜੀਵਨ ਇਕ ਉੱਚੇ ਤੇ ਸੁੱਚੇ ਜੀਵਨ ਦਾ ਆਦਰਸ਼ਕ ਸੰਕੇਤ ਹੈ। ਇਹ ਇਨਸਾਨੀਅਤ ਦੇ ਹਰ ਪਹਿਲੂ ਨੂੰ ਕਾਇਮ ਰੱਖਣ ਦਾ ਸੰਕੇਤਕ ਹੈ। ਜੋ ਮਨੁੱਖ ਪਰਮਾਤਮਾ ਦੀ ਹੋਂਦ ਨੂੰ ਵਿਸਾਰ ਦਿੰਦਾ ਹੈ ਅਤੇ ਆਪਣੇ ਇਨ੍ਹਾਂ ਦੁਰਗੁਣਾਂ ਕਾਰਨ ਹੀ ਆਤਮਿਕ ਜੀਵਨ ਦਾ ਨਾਸ ਕਰ ਲੈਂਦਾ ਹੈ ਉਹ ਮਨਮੁਖ ਹੈ। ਗੁਰਮੁਖ ਮਨੁੱਖ ਦੇ ਦਿਲ ਦੀਆਂ ਡੂੰਘਾਈਆਂ ਵਿੱਚੋਂ ਪਵਿੱਤਰਤਾ ਦਾ ਭਰਪੂਰ ਲਿਸ਼ਕਾਰਾ ਪੈਂਦਾ ਹੈ ਅਤੇ ਗੁਰਮੁਖ ਦੇ ਮਨ ਵਿਚ ਇਕ ਵਿਸਮਾਦੀ ਰਸ ਦੀ ਧੁਨਕਾਰ ਪੈਦਾ ਹੋ ਜਾਂਦੀ ਹੈ। ਗੁਰਮੁਖ ਪ੍ਰਭੂ-ਕਿਰਪਾ ਰਾਹੀਂ ਸੰਸਾਰਕ ਮੋਹ- ਮਾਇਆ ਦੇ ਚੱਕਰ ਵਿੱਚੋਂ ਨਿਕਲ ਜਾਂਦਾ ਹੈ ਅਤੇ ਅਕਾਲ ਪੁਰਖ ਦੇ ਚਰਨਾਂ ਵਿਚ ਜੁੜ ਜਾਂਦਾ ਹੈ ਪਰੰਤੂ ਮਨਮੁਖ ਮਾਇਆ ਦੇ ਜਾਲ ਵਿਚ ਫਸ ਕੇ ਆਪਣੀ ਜ਼ਿੰਦਗੀ ਦੀ ਅਸਲੀ ਪੂੰਜੀ ਨੂੰ ਗੁਆ ਬੈਠਦਾ ਹੈ। ਮਨਮੁਖ ਦਾ ਕਾਰ-ਵਿਹਾਰ ਗੁਰਮੁਖ ਦੇ ਕਾਰ- ਵਿਹਾਰ ਦੇ ਉਲਟ ਹੁੰਦਾ ਹੈ। ਮਨਮੁਖ ਅਗਿਆਨਤਾ ਦੇ ਵੱਸ ਹੋ ਕੇ ਸਰੀਰਕ ਭੋਗ-ਵਿਲਾਸਾਂ ਵਿਚ ਅਤੇ ਐਸ਼-ਇਸ਼ਰਤਾਂ ਵਿਚ ਜੁੱਟ ਜਾਂਦਾ ਹੈ ਅਤੇ ਦੂਸਰੇ ਪਾਸੇ ਗੁਰਮੁਖ ਗੁਰੂ ਦੇ ਉਪਦੇਸ਼ਾਂ ਦੁਆਰਾ ਇਸ ਝੂਠੀ ਦੁਨੀਆਂ ਜਾਂ ਅਸਥਾਈ ਖੁਸ਼ੀ ਤੋਂ ਉੱਪਰ ਉੱਠ ਕੇ ਅਕਾਲ ਪੁਰਖ ਦੇ ਚਰਨਾਂ ਵਿਚ ਜੁੜ ਜਾਂਦਾ ਹੈ ਅਤੇ ਜ਼ਿੰਦਗੀ ਦੇ ਸਾਰੇ ਸੁਖ ਹਾਸਲ ਕਰ ਲੈਂਦਾ ਹੈ। ਗੁਰਬਾਣੀ ਦੇ ਫ਼ਰਮਾਨ ਹਨ:
ਸੋ ਲਗਾ ਸਤਿਗੁਰ ਸੇਵ ਜਾ ਕਉ ਕਰਮੁ ਧੁਰਿ॥ (ਪੰਨਾ 519)
ਰਾਮੁ ਜਪਹੁ ਵਡਭਾਗੀਹੋ ਜਲਿ ਥਲਿ ਪੂਰਨੁ ਸੋਇ॥ (ਪੰਨਾ 524)
ਧੰਨੁ ਸੁ ਜੰਤ ਸੁਹਾਵੜੇ ਜੋ ਗੁਰਮੁਖਿ ਜਪਦੇ ਨਾਉ॥ (ਪੰਨਾ 958)
ਸੋ ਗੁਰਮੁਖ ਦਾ ਜੀਵਨ ਬਹੁਤ ਜ਼ਿਆਦਾ ਉੱਚਾ ਹੁੰਦਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰਮੁਖ ਨੂੰ ਬ੍ਰਹਮ ਗਿਆਨੀ ਦਾ ਦਰਜਾ ਦਿੱਤਾ ਹੈ। ਗੁਰਮੁਖ ਸੰਸਾਰ ਵਿਚ ਰਹਿੰਦਿਆਂ ਹੋਇਆਂ ਪ੍ਰਭੂ-ਨਾਮ ਵਿਚ ਲੀਨ ਹੋ ਕੇ ਜੀਵਨ ਮੁਕਤ ਹੋ ਜਾਂਦਾ ਹੈ।
ਲੇਖਕ ਬਾਰੇ
ਖੋਜਾਰਥੀ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ਹੋਰ ਲੇਖ ਉਪਲੱਭਧ ਨਹੀਂ ਹਨ