editor@sikharchives.org
Guru Granth Sahib Ji

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਜੀਵਨ-ਜਾਚ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ ਜੀਵਨ-ਜਾਚ ਬਾਣੀ ਵਿਚ ਨਿਸ਼ਚਿਤ ਆਦਰਸ਼-ਸਿਧੀ ਲਈ ਪ੍ਰਵਾਨਿਤ ਜੀਵਨ-ਅਮਲ ਹੈ।
ਬੁੱਕਮਾਰਕ ਕਰੋ (0)
Please login to bookmark Close

ਪੜਨ ਦਾ ਸਮਾਂ: 1 ਮਿੰਟ

ਜੀਵਨ-ਜਾਚ ਦੀ ਗੱਲ ਯਾਦ ਆਉਂਦਿਆਂ ਧਿਆਨ ਕਈ ਪ੍ਰਕਾਰ ਦੀਆਂ ਜੀਵਨ-ਜਾਚਾਂ ਵੱਲ ਜਾਂਦਾ ਹੈ। ਮਨੋਵਿਗਿਆਨੀ ਇਕ ਹੋਰ ਤਰ੍ਹਾਂ ਦੀ ਜੀਵਨ-ਜਾਚ ਦੀ ਗੱਲ ਕਰ ਰਿਹਾ ਹੈ ਅਤੇ ਸਰੀਰ-ਵਿਗਿਆਨੀ ਕਿਸੇ ਹੋਰ ਤਰ੍ਹਾਂ ਦੀ। ਸਮਾਜ-ਸ਼ਾਸਤਰੀ ਕਿਸੇ ਹੋਰ ਤਰ੍ਹਾਂ ਦੀ ਜੀਵਨ-ਜਾਚ ਦੱਸ ਰਿਹਾ ਹੈ ਅਤੇ ਅਰਥ-ਸ਼ਾਸਤਰੀ ਕਿਸੇ ਹੋਰ ਭਾਂਤ ਦੀ। ਇਥੇ ਸਹਿਜ-ਸੁਭਾਅ ਹੀ ਮਨ ਵਿਚ ਇਹ ਸੁਆਲ ਉੱਠਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਸਾਈ ਜੀਵਨ-ਜਾਚ ਦਾ ਬਾਕੀਆਂ ਨਾਲੋਂ ਕੀ ਵਖਰੇਵਾਂ ਅਤੇ ਕੀ ਵਿਸ਼ੇਸ਼ਤਾ ਹੈ? ਉਪਰੋਕਤ ਜੀਵਨ-ਜਾਚਾਂ ਨਾਲ ਉਸ ਦਾ ਕੀ ਰਿਸ਼ਤਾ ਹੈ? ਕੀ ਇਨ੍ਹਾਂ ਜੀਵਨ-ਜਾਚਾਂ ਵਿਚ ਕਿਸੇ ਪ੍ਰਕਾਰ ਦੀ ਵਰਗ-ਵੰਡ ਦੀ ਸੰਭਾਵਨਾ ਹੈ? ਵਰਗ-ਵੰਡ ਦੇ ਸੁਆਲ ਨੂੰ ਅਸੀਂ ‘ਹਾਂ’ ਵਿਚ ਸਵੀਕਾਰ ਕਰਦੇ ਹੋਏ ਇਕ ਕੰਮ-ਚਲਾਊ ਵਰਗ-ਵੰਡ ਕਰ ਸਕਦੇ ਹਾਂ। ਇਥੇ ਸ਼ਬਦ ‘ਕੰਮ-ਚਲਾਊ’ ਵੱਲ ਧਿਆਨ ਦੀ ਲੋੜ ਹੈ ਕਿਉਂਕਿ ਇਹ ਵੰਡ ਅੰਤਿਮ ਰੂਪ ਵਿਚ ਤਸੱਲੀਬਖ਼ਸ਼ ਨਹੀਂ ਆਖੀ ਜਾ ਸਕਦੀ। ਅਸੀਂ ਹੇਠਾਂ ਕੀਤੀ ਵੰਡ ਵਿਚ ਇਕ ਵਰਗ ਦੇ ਦੂਜੇ ਵਰਗ ਵਿਚ ਅੰਸ਼ਿਕ ਤੱਤਾਂ ਦੀ ਹੋਂਦ ਤੋਂ ਚੇਤੰਨ ਹਾਂ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੀਵਨ-ਜਾਚ ਨੂੰ ਅਸੀਂ ਧਾਰਮਿਕ ਜੀਵਨ-ਜਾਚ ਆਖ ਸਕਦੇ ਹਾਂ ਤੇ ਬਾਕੀ ਉੱਪਰ ਵਰਣਿਤ ਜੀਵਨ-ਜਾਚਾਂ ਨੂੰ ਅਸੀਂ ਧਰਮ-ਨਿਰਪੱਖ ਜੀਵਨ-ਜਾਚਾਂ ਦੇ ਵਰਗ ਵਿਚ ਰੱਖ ਸਕਦੇ ਹਾਂ। ਦੋਹਾਂ ਪ੍ਰਕਾਰ ਦੀਆਂ ਜੀਵਨ-ਜਾਚਾਂ ਦੇ ਆਪਸੀ ਵਖਰੇਵੇਂ ਤੇ ਰਿਸ਼ਤੇ ਨੂੰ ਵੀ ਸਮਝਿਆ ਜਾ ਸਕਦਾ ਹੈ। ਧਾਰਮਿਕ ਜੀਵਨ- ਜਾਚ ਨੂੰ ਅਸੀਂ ਪੂਰਨ ਬਿਰਤੀ ਵਾਲੀ ਜੀਵਨ-ਜਾਚ ਆਖ ਸਕਦੇ ਹਾਂ ਅਤੇ ਧਰਮ ਨਿਰਪੱਖ ਨੂੰ ਖੰਡਿਤ ਬਿਰਤੀ ਵਾਲੀ। ਧਰਮ, ਜੀਵਨ ਦਾ ਅੰਤਿਮ ਵਾਸਤਾ (Ulti- mate Concern) ਹੋਣ ਕਰਕੇ ਜੀਵਨ ਦੀ ਸਮੁੱਚਤਾ (Totality)  ਨਾਲ ਜੁੜਿਆ ਹੋਇਆ ਹੈ, ਪਰੰਤੂ ਉੱਪਰ ਵਰਣਿਤ ਵਿਗਿਆਨ, ਜੀਵਨ ਦੇ ਕਿਸੇ ਇਕ ਪੱਖ ਨਾਲ ਜੁੜੇ ਹੁੰਦੇ ਹਨ। ਇਸ ਦਾ ਅਸਰ ਇਹ ਹੁੰਦਾ ਹੈ ਕਿ ਅਜਿਹੇ ਵਿਗਿਆਨਾਂ ’ਤੇ ਆਧਾਰਤ ਜੀਵਨ-ਜਾਚ ਮਨੁੱਖਾ ਜੀਵਨ ਦੇ ਕਿਸੇ ਇਕ ਪੱਖ ਦੀ ਅਗਵਾਈ ਕਰਨ ਦੇ ਹੀ ਸਮਰੱਥ ਹੁੰਦੀ ਹੈ ਜਦੋਂ ਕਿ ਧਾਰਮਿਕ ਜੀਵਨ-ਜਾਚ ਸਮੁੱਚੇ ਜੀਵਨ ਨੂੰ ਹੀ ਸੇਧ ਦਿੰਦੀ ਹੈ। ਇਥੇ ਇਨ੍ਹਾਂ ਜੀਵਨ-ਜਾਚਾਂ ਦਾ ਪਰਸਪਰ ਰਿਸ਼ਤਾ ਵੀ ਸਪੱਸ਼ਟ ਹੁੰਦਾ ਹੈ। ਧਾਰਮਿਕ ਜੀਵਨ-ਜਾਚ ਸਮੁੱਚਤਾ ਨਾਲ ਸੰਬੰਧਿਤ ਹੋਣ ਕਰਕੇ ਸਾਰੀਆਂ ਦੂਜੀਆਂ ਜੀਵਨ-ਜਾਚਾਂ ਨੂੰ ਵੀ ਆਪਣੀ ਪੂਰਨ ਬਿਰਤੀ ਵਾਲੀ ਦ੍ਰਿਸ਼ਟੀ ਦੇ ਆਧਾਰ ’ਤੇ ਆਪਣੇ ਕਲਾਵੇ ਵਿਚ ਲੈਂਦੀ ਹੈ। ਧਰਮ-ਨਿਰਪੱਖ ਵਿਗਿਆਨ ਵੀ ਅੰਸ਼ਿਕ ਜੀਵਨ-ਜਾਚ ਨਿਰਧਾਰਤ ਕਰਦਿਆਂ ਸਮੁੱਚਤਾ ਨੂੰ ਅੰਸ਼ਿਕ ਰੂਪ ਵਿਚ ਸਵੀਕਾਰ ਕਰਦੇ ਹਨ। ਇਨ੍ਹਾਂ ਦੇ ਆਪਸੀ ਗੁੰਝਲਦਾਰ ਰਿਸ਼ਤੇ ਕਰਕੇ ਹੀ ਅਸੀਂ ਆਪਣੀ ਉਪਰੋਕਤ ਵਰਗ-ਵੰਡ ਨੂੰ ਕੰਮ-ਚਲਾਊ ਕਿਹਾ ਸੀ। ਖ਼ੈਰ ਉਪਰੋਕਤ ਵਿਸਥਾਰ ਇਥੇ ਸਾਡੀ ਕੇਂਦਰੀ ਸਮੱਸਿਆ ਨਾਲ ਸਿੱਧੇ ਤੌਰ ’ਤੇ ਸੰਬੰਧਿਤ ਨਹੀਂ। ਇਸ ਨੂੰ ਸ਼ਾਮਲ ਕਰਨ ਦਾ ਸਾਡਾ ਆਸ਼ਾ ਆਧੁਨਿਕ ਸ਼ੰਕਿਆਂ ਭਰਪੂਰ ਮਨ ਨੂੰ ਆਪਣੀ ਕੇਂਦਰੀ ਸਮੱਸਿਆ ਵੱਲ ਆਪਣੇ ਨਾਲ ਲੈ ਜਾਣ ਤੋਂ ਵੱਧ ਕੁਝ ਨਹੀਂ। ਇਸ ਲਈ ਹੁਣ ਅਸੀਂ ਅਸਲੀ ਸਮੱਸਿਆ ਵੱਲ ਪਰਤਦੇ ਹਾਂ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ ਜੀਵਨ-ਜਾਚ ਬਾਣੀ ਵਿਚ ਨਿਸ਼ਚਿਤ ਆਦਰਸ਼-ਸਿਧੀ ਲਈ ਪ੍ਰਵਾਨਿਤ ਜੀਵਨ-ਅਮਲ ਹੈ। ਧਾਰਮਿਕ ਜੀਵਨ-ਜਾਚ ਬਾਰੇ ਅਸੀਂ ਉੱਪਰ ਸੰਕੇਤ ਕਰ ਆਏ ਹਾਂ ਕਿ ਇਹ ਖੰਡਾਰਥ (view) ਦ੍ਰਿਸ਼ਟੀ ਨੂੰ ਨਹੀਂ, ਸਗੋਂ ਸਰਬਾਰਥ (vision) ਦ੍ਰਿਸ਼ਟੀ ਨੂੰ ਆਪਣਾ ਆਧਾਰ ਬਣਾਉਂਦੀ ਹੈ ਜਿਸ ਦਾ ਵਾਸਤਾ ਜੀਵਨ ਦੇ ਕਿਸੇ ਇਕ ਪੱਖ ਨਾਲ ਨਹੀਂ ਸਗੋਂ ਸਮੂਹਿਕ ਜੀਵਨ ਨਾਲ ਹੈ। ਇਸੇ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਮਨੁੱਖ ਦੀ ਕਿਸੇ ਇਕ ਪੱਖ ਦੀ ਅਗਵਾਈ ਨਹੀਂ ਬਲਕਿ ਸਮੁੱਚੇ ਜੀਵਨ ਦੀ ਅਗਵਾਈ ਹੈ। ਇਥੇ ਸਮੱਸਿਆ ਮਨੁੱਖ ਦੇ ਆਰਥਿਕ ਪਹਿਲੂ ਜਾਂ ਮਨੋਵਿਗਿਆਨਕ ਪਹਿਲੂ ਦੀ ਨਹੀਂ, ਸਗੋਂ ਮਨੁੱਖੀ ਹੋਂਦ ਦੀ ਹੁੰਦੀ ਹੈ ਅਤੇ ਇਥੇ ਆਦਰਸ਼ ਵਿਚ ਸੁਝਾਇਆ ਹੱਲ ਵੀ ਜੀਵਨ ਦੇ ਕਿਸੇ ਇਕ ਪੱਖ ਲਈ ਨਹੀਂ ਬਲਕਿ ਸਮੁੱਚਤਾ ਵਿਚ ਮਨੁੱਖੀ ਹੋਂਦ ਦੀਆਂ ਸਮੱਸਿਆਵਾਂ ਲਈ ਹੈ। ਖੰਡਾਰਥ ਦ੍ਰਿਸ਼ਟੀ, ਲੋਕ-ਪਰਲੋਕ ਦੇ ਬੁਨਿਆਦੀ ਨਿਖੇੜੇ ਨੂੰ ਆਧਾਰ ਮੰਨ ਕੇ ਚੱਲਦੀ ਹੈ, ਪਰ ਸਰਬਾਰਥ ਦ੍ਰਿਸ਼ਟੀ ਅਜਿਹਾ ਨਿਖੇੜਾ ਨਹੀਂ ਕਰਦੀ। ਪਹਿਲੀ ਦ੍ਰਿਸ਼ਟੀ ਅਨੁਸਾਰ ਜੀਵਨ ਦੋ ਬਿੰਦੂਆਂ ਨੂੰ ਮਿਲਾਉਣ ਵਾਲੀ ਸਰਲ-ਰੇਖਾ ਸਮਾਨ ਕਿਆਸ ਕੀਤਾ ਜਾਂਦਾ ਹੈ, ਜਿਸ ਦੇ ਆਦਿ-ਅੰਤ ਬਾਰੇ ਚੁੱਪ ਧਾਰਨ ਕੀਤੀ ਜਾਂਦੀ ਹੈ ਅਤੇ ਦੂਜੀ ਦ੍ਰਿਸ਼ਟੀ ਅਨੁਸਾਰ ਜੀਵਨ ਨੂੰ ਇਕ ਚੱਕਰ ਦੇ ਰੂਪ ਵਿਚ ਕਿਆਸ ਕੀਤਾ ਜਾਂਦਾ ਹੈ। ਇਥੇ ਜਨਮ ਤੇ ਮੌਤ ਦੇ ਬਿੰਦੂ ਜੀਵਨ ਦਾ ਆਦਿ-ਅੰਤ ਨਹੀਂ ਮੰਨੇ ਜਾਂਦੇ। ਜੀਵਨ ਅਜਿਹੇ ਬਿੰਦੂਆਂ ਤੇ ਰੂਪ-ਪਰਿਵਰਤਨ ਨੂੰ ਅਪਣਾ ਕੇ ਆਪਣੀ ਚਾਲੇ ਵਹਿੰਦਾ ਰਹਿੰਦਾ ਹੈ। ਗੁਰਬਾਣੀ ਦਾ ਆਦਰਸ਼ ਮਨੁੱਖ ਦੀ ਅਗਵਾਈ ਲੋਕ-ਪਰਲੋਕ ਵਿਚ ਕਰਦਾ ਹੈ, ਨਿਰੇ-ਪੁਰੇ ਇਸ ਲੋਕ ਵਿਚ ਹੀ ਨਹੀਂ। ਗੁਰਬਾਣੀ ਅਨੁਸਾਰ ਮਨੁੱਖੀ ਹੋਂਦ ਦੇ ਦੁੱਖ ਦਾ ਬੁਨਿਆਦੀ ਕਾਰਨ ਉਸ ਦਾ ਆਪਣੇ ਜੀਵਨ-ਕੇਂਦਰ ਤੋਂ ਟੁੱਟੇ ਹੋਣਾ ਹੈ। ਮਨੁੱਖ ਆਪਣੇ ਆਪ ਵਿਚ ‘ਰਾਮ ਕੀ ਅੰਸ’ ਜ਼ਰੂਰ ਹੈ, ਪਰ ਪੂਰਨ ਬਿਲਕੁਲ ਨਹੀਂ ਅਤੇ ਉਹ ਪੂਰਨਤਾ ਆ ਸਕਦੀ ਹੈ ਮਨੁੱਖ ਦੇ ਮੁੜ ਆਪਣੇ ਜੀਵਨ-ਕੇਂਦਰ (ਪਰਮਾਤਮਾ) ਨਾਲ ਜੁੜਨ ਤੋਂ। ਮਨੁੱਖ ਦਾ ਆਪਣੇ ਜੀਵਨ-ਕੇਂਦਰ ਤੋਂ ਟੁੱਟਣਾ ਹੀ ਉਸ ਦੇ ਜੀਵਨ ਦੀ ਹੋਂਦ ਦੇ ਸਾਰੇ ਦੁੱਖਾਂ ਦਾ ਅਰੰਭ ਹੈ। ਇਥੇ ਪਰਮਾਤਮਾ ਤੋਂ ਪਏ ਵਿਛੋੜੇ ਕਰਕੇ ਜੀਵ ਚੌਰਾਸੀ ਲੱਖ ਜੂਨਾਂ ਦੇ ਦੁੱਖਮਈ ਚੱਕਰ ਵਿਚ ਪੈ ਜਾਂਦਾ ਹੈ ਅਤੇ ਉਸ ਦੇ ਦੁੱਖ ਉਸ ਨੂੰ ਉਤਨੀ ਦੇਰ ਛੱਡਦੇ ਨਹੀਂ, ਜਿਤਨੀ ਦੇਰ ਤਕ ਕਿ ਉਹ ਆਪਣੇ ਕੇਂਦਰ ਨਾਲ ਮੁੜ ਜੁੜ ਨਹੀਂ ਜਾਂਦਾ, ਪ੍ਰਭੂ ਪਰਮਾਤਮਾ ਨਾਲ ਮੇਲ ਪ੍ਰਾਪਤ ਨਹੀਂ ਕਰ ਲੈਂਦਾ। ਇਹ ਮੇਲ ਪ੍ਰਾਪਤ ਕਰਨਾ ਜਾਂ ਮੁੜ ਤੋਂ ਆਪਣੇ ਕੇਂਦਰ ਨਾਲ ਜੁੜਨਾ ਹੀ ਮਨੁੱਖੀ ਜੀਵਨ ਦਾ ਆਦਰਸ਼ ਅਤੇ ਮਨੁੱਖੀ ਜੀਵਨ ਦੀ ਹੋਂਦ ਦੇ ਸਾਰੇ ਦੁੱਖਾਂ ਦਾ ਅੰਤ ਪ੍ਰਵਾਨ ਕੀਤਾ ਗਿਆ ਹੈ। ਇਸੇ ਅਵਸਥਾ ’ਤੇ ਪੁੱਜੇ ਵਿਅਕਤੀ ਨੂੰ ਹੀ ਗੁਰੂ ਸਾਹਿਬਾਨ ਨੇ ‘ਸਚਿਆਰ’, ‘ਗਿਆਨੀ’, ‘ਸੰਤ’ ਅਤੇ ‘ਸੁਹਾਗਣ’ ਆਦਿ ਦੇ ਨਾਂ ਦਿੱਤੇ ਹਨ। ਸਚਿਆਰ ਪਦ ਦੀ ਪ੍ਰਾਪਤੀ ਕਰਨਾ ਹੀ ਮਨੁੱਖੀ ਜੀਵਨ ਦਾ ਲਾਹਾ ਹੈ ਅਤੇ ਇਸ ਪ੍ਰਾਪਤੀ ਦਾ ਆਹਰ ਹੀ ਅਸਲੀ ਜੀਵਨ-ਜਾਚ ਹੈ:

ਪ੍ਰਾਣੀ ਤੂੰ ਆਇਆ ਲਾਹਾ ਲੈਣਿ॥
ਲਗਾ ਕਿਤੁ ਕੁਫਕੜੇ ਸਭ ਮੁਕਦੀ ਚਲੀ ਰੈਣਿ॥ (ਪੰਨਾ 43)

ਇਹ ਲਾਹਾ ਖੱਟਿਆ ਜਾ ਸਕਦਾ ਹੈ ਕੇਵਲ ਮਨੁੱਖੀ ਜੀਵਨ ਵਿਚ ਹੀ। ਆਵਾਗਵਣ ਦੇ ਚੱਕਰ ਵਿਚ ਮਨੁੱਖਾ ਜੀਵਨ ਦੀ ਪ੍ਰਾਪਤੀ ਹੀ ਉਹ ਅਉਸਰ ਹੈ, ਜਦੋਂ ਉਸ ਦੀਆਂ ਸੰਭਾਵਨਾਵਾਂ ਸਾਕਾਰ ਹੋਣ ਦੀ ਆਸ ਹੁੰਦੀ ਹੈ ਅਤੇ ਉਹ ਚੇਤੰਨ ਤੌਰ ’ਤੇ ਆਪਣੇ ਜੀਵਨ ਵੱਲ ਮੁੜ ਸਕਦਾ ਹੈ, ਪਰ ਇਸ ਅਉਗਣ ਨੂੰ ਭੀ ਜਿਸ ਨੇ ਖੁੰਝਾ ਲਿਆ ਉਸ ਲਈ ਜੀਵਨ ਦੇ ਦੁੱਖਮਈ ਚੱਕਰ ਵਿੱਚੋਂ ਹੋਰ ਕੋਈ ਆਸ ਨਹੀਂ ਹੁੰਦੀ:

ਲਖ ਚਉਰਾਸੀਹ ਜੋਨਿ ਸਬਾਈ॥
ਮਾਣਸ ਕਉ ਪ੍ਰਭਿ ਦੀਈ ਵਡਿਆਈ॥
ਇਸੁ ਪਉੜੀ ਤੇ ਜੋ ਨਰੁ ਚੂਕੈ ਸੋ ਆਇ ਜਾਇ ਦੁਖੁ ਪਾਇਦਾ॥ (ਪੰਨਾ 1075)

ਇਸ ਆਦਰਸ਼ ਤੋਂ ਛੋਟੇ ਕਿਸੇ ਜੀਵਨ-ਆਦਰਸ਼ ਨੂੰ ਗੁਰੂ ਸਾਹਿਬ ਪ੍ਰਵਾਨ ਨਹੀਂ ਕਰਦੇ। ਉਨ੍ਹਾਂ ਲਈ ਜੀਵਨ ਅਸਲੀ ‘ਧਨ’ ਮਾਇਆ ਦੇ ਜੀਵਨ ਦੇ ਰਸ-ਭੋਗਾਂ ਲਈ ਸਮੱਗਰੀ ਇਕੱਠੀ ਕਰਨਾ ਨਹੀਂ। ਅਜਿਹੀ ਸਮੱਗਰੀ ਖੁੱਟ ਜਾਣ ਵਾਲੀ ਅਤੇ ਨਾਸ਼ਵਾਨ ਹੁੰਦੀ ਹੈ ਅਤੇ ਇਨ੍ਹਾਂ ਭੋਗਾਂ ਤੋਂ ਉਪਜੇ ਸੁਖਾਂ ਦੀ ਕੁੱਖ ਵਿਚ ਦੁੱਖ ਪਲਦੇ ਹਨ। ਇਨ੍ਹਾਂ ਕਾਰਨਾਂ ਕਰਕੇ ਹੀ ਗੁਰੂ ਸਾਹਿਬਾਨ ਨੇ ਮਨੁੱਖ ਨੂੰ ਅਜਿਹੇ ਔਗੁਣਾਂ ਤੋਂ ਸੁਚੇਤ ਕਰਦਿਆਂ ਜੀਵਨ ਅੰਦਰ ਆਦਰਸ਼ ਗੁਣ ਧਾਰਨ ਕਰਨ ਦੀ ਪ੍ਰੇਰਨਾ ਦਿੱਤੀ ਹੈ:

ਰਾਜੁ ਮਾਲੁ ਜੰਜਾਲੁ ਕਾਜਿ ਨ ਕਿਤੈ ਗਨੋੁ॥
ਹਰਿ ਕੀਰਤਨੁ ਆਧਾਰੁ ਨਿਹਚਲੁ ਏਹੁ ਧਨੋ੍॥ (ਪੰਨਾ 398)

ਜੇਤੇ ਰਸ ਸਰੀਰ ਕੇ ਤੇਤੇ ਲਗਹਿ ਦੁਖ॥(ਪੰਨਾ 1287)

ਮੰਦਰ ਮਿਟੀ ਸੰਦੜੇ ਪਥਰ ਕੀਤੇ ਰਾਸਿ ਜੀਉ॥
ਹਉ ਏਨੀ ਟੋਲੀ ਭੁਲੀਅਸੁ ਤਿਸੁ ਕੰਤ ਨ ਬੈਠੀ ਪਾਸਿ ਜੀਉ॥ (ਪੰਨਾ 762)

ਨਿਮਖ ਕਾਮ ਸੁਆਦ ਕਾਰਣਿ ਕੋਟਿ ਦਿਨਸ ਦੁਖੁ ਪਾਵਹਿ॥
ਘਰੀ ਮੁਹਤ ਰੰਗ ਮਾਣਹਿ ਫਿਰਿ ਬਹੁਰਿ ਬਹੁਰਿ ਪਛੁਤਾਵਹਿ॥(ਪੰਨਾ 403)

ਏਕੋ ਨਿਹਚਲ ਨਾਮ ਧਨੁ ਹੋਰੁ ਧਨੁ ਆਵੈ ਜਾਇ॥    (ਪੰਨਾ 511)

ਅਜਿਹੇ ਨਿਹਚਲ ਨਾਮ-ਧਨ ਦੀ ਪ੍ਰਾਪਤੀ ਲਈ ਪਹਿਲਾ ਆਹਰ ਇਹ ਹੈ ਕਿ ਮਨੁੱਖ ਆਪਣੀ ਅਸਲੀਅਤ ਨੂੰ ਪਹਿਚਾਣੇ, ਮੈਂ ਕੀ ਹਾਂ? ਮੇਰੀ ਅਸਲੀਅਤ ਕੀ ਹੈ? ਉਸ ਨਾਲ ਮੇਰਾ ਕੀ ਰਿਸ਼ਤਾ ਹੈ? ਮੈਂ ਉਸ ਨਾਲ ਕਿਵੇਂ ਇਕਸੁਰਤਾ ਪ੍ਰਾਪਤ ਕਰ ਸਕਦਾ ਹਾਂ? ਇਨ੍ਹਾਂ ਸੁਆਲਾਂ ਦੇ ਹੱਲ ਵਿਚ ਹੀ ਮਨੁੱਖੀ ਜੀਵਨ-ਜਾਚ ਦੇ ਬੀਜ ਛੁਪੇ ਰਹਿੰਦੇ ਹਨ। ਮੈਂ ਅਕਾਲ ਪੁਰਖ ਦੀ ਅੰਸ਼ ਹਾਂ। ਮੈਂ ਹਉਮੈ ਕਾਰਨ ਆਪਣੇ ਆਪੇ ਨੂੰ ਜੀਵਨ-ਕੇਂਦਰ ਮੰਨ ਲਿਆ, ਨਹੀਂ ਤਾਂ ਉਸ ਦੇ ਟਾਕਰੇ ’ਤੇ ਜਿਸ ਦੀ ਮੈਂ ਅੰਸ਼ ਹਾਂ, ਮੇਰੀ ਕੋਈ ਹੋਰ ਅਸਲੀਅਤ ਨਹੀਂ। ਮੇਰੀ ਅਸਲੀਅਤ ਉਹੀ ਹੈ। ਮੈਂ ਉਸ ਤੋਂ ਵਿੱਛੜਿਆ ਹੋਇਆ ਹਾਂ। ਇਹ ਵਿਛੋੜਾ ਮੇਰੇ ਸਾਰੇ ਦੁੱਖਾਂ ਦਾ ਕਾਰਨ ਹੈ। ਮੈਂ ਉਸ ਨਾਲ ਮਿਲ ਸਕਦਾ ਹਾਂ। ਉਸ ਨਾਲ ਇਕਸੁਰਤਾ ਪ੍ਰਾਪਤ ਕਰ ਸਕਦਾ ਹਾਂ। ਉਸ ਨੂੰ ਆਪਣੀ ਜੀਵਨ-ਸੇਧ ਅਤੇ ਕਾਰਜ-ਪ੍ਰੇਰਨਾ ਬਣਾ ਸਕਦਾ ਹਾਂ। ਗੁਰੂ ਸਾਹਿਬ ਨੇ ਮੈਨੂੰ ਆਪਣੇ ਕੇਂਦਰ ਨਾਲ ਮਿਲਣ ਦੀ ਜਾਚ ਵੀ ਦੱਸੀ ਹੈ। ਉਹ ਜਾਚ ਹੈ ਪ੍ਰੇਮਾ-ਭਗਤੀ ਜਾਂ ਭਾਉ-ਭਗਤੀ:

ਭਉ ਭਗਤਿ ਕਰਿ ਨੀਚੁ ਸਦਾਏ॥
ਤਉ ਨਾਨਕ ਮੋਖੰਤਰੁ ਪਾਏ॥ (ਪੰਨਾ 470)

ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ॥ (ਪੰਨਾ 655)

ਇਹ ਪ੍ਰਭੂ-ਪ੍ਰੇਮ ਦਾ ਰਾਹ ਕੋਈ ਸੌਖਾ ਰਾਹ ਨਹੀਂ ਹੈ। ਦੂਜੇ ਭਾਇ ਵਿਚ ਫਸੇ ਉਹ ਜੀਵ ਜਿਨ੍ਹਾਂ ਵਿਚ ਪ੍ਰਭੂ ਪ੍ਰੇਮ-ਪੀੜਾ ਪਰਪੱਕ ਨਹੀਂ ਹੁੰਦੀ, ਉਹ ਝੜ ਜਾਂਦੇ ਹਨ:

ਰਤੇ ਸੇਈ ਜਿ ਮੁਖੁ ਨ ਮੋੜੰਨਿ੍ ਜਿਨੀ੍ ਸਿਞਾਤਾ ਸਾਈ॥
ਝੜਿ ਝੜਿ ਪਵਦੇ ਕਚੇ ਬਿਰਹੀ ਜਿਨਾ੍ ਕਾਰਿ ਨ ਆਈ॥ (ਪੰਨਾ 1425)

ਪਰੰਤੂ ਕੁਝ ਕੁ ਵਿਰਲੇ ਇਸ ਪਉੜੀ ’ਤੇ ਜਾ ਚੜ੍ਹਦੇ ਹਨ। ਉਨ੍ਹਾਂ ਦੂਜੇ ਭਾਉ ਨੂੰ ਦੂਰ ਰੱਖਿਆ ਹੁੰਦਾ ਹੈ। ‘ਸਹੁ ਦੀ ਪ੍ਰੀਤ’ ਦੀ ਰੱਖਿਆ ਲਈ ਉਨ੍ਹਾਂ ਨੇ ਜੋਬਨ ਜਾਂਦੇ ਦੀ ਵੀ ਪਰਵਾਹ ਨਹੀਂ ਕੀਤੀ ਹੁੰਦੀ। ਅਜਿਹੇ ਵਿਅਕਤੀ ਆਪਣੀ ਜੀਵਨ-ਜਾਚ ਨੂੰ ਪੂਰਨਤਾ ’ਤੇ ਪਹੁੰਚਾ ਦਿੰਦੇ ਹਨ। ਉਨ੍ਹਾਂ ਦੀ ਪ੍ਰੀਤ ਪੱਕੀ ਹੋ ਜਾਂਦੀ ਹੈ। ਉਹ ਆਪਣੇ ਇਸ ਆਦਰਸ਼ ਲਈ ਵੱਡੀ ਤੋਂ ਵੱਡੀ ਕੁਰਬਾਨੀ ਵੀ ਖਿੜੇ-ਮੱਥੇ ਕਰ ਜਾਂਦੇ ਹਨ:

ਮੂ ਲਾਲਨ ਸਿਉ ਪ੍ਰੀਤਿ ਬਨੀ॥ ਰਹਾਉ॥
ਤੋਰੀ ਨ ਤੂਟੈ ਛੋਰੀ ਨ ਛੂਟੈ ਐਸੀ ਮਾਧੋ ਖਿੰਚ ਤਨੀ॥ (ਪੰਨਾ 827)

ਜਉ ਤਨੁ ਚੀਰਹਿ ਅੰਗੁ ਨ ਮੋਰਉ॥
ਪਿੰਡੁ ਪਰੈ ਤਉ ਪ੍ਰੀਤਿ ਨ ਤੋਰਉ॥ (ਪੰਨਾ 484)

ਪ੍ਰਭੂ-ਪ੍ਰੀਤ ਨੂੰ ਇਸ ਅਵਸਥਾ ’ਤੇ ਲੈ ਜਾਣਾ ਹੀ ਆਦਰਸ਼ ਦੇ ਤਾਲੇ ਨੂੰ ਖੋਲ੍ਹਣ ਦੀ ਜਾਚ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਸ ਭਾਉ-ਭਗਤੀ ਦੀ ਪੂਰਨਤਾ ਲਈ ਬਹੁਤ ਸਾਰੇ ਸਹਾਇਕ ਸਾਧਨਾਂ ਦਾ ਜ਼ਿਕਰ ਆਇਆ ਹੈ। ਆਪਣੇ ਆਦਰਸ਼ ਦੀ ਮੰਜ਼ਲ ’ਤੇ ਪੁੱਜਣ ਲਈ ਸਾਧਨ ਇਨ੍ਹਾਂ ਸਹਾਇਕ ਸਾਧਨਾਂ ਦੀ ਮੱਦਦ ਲੈਂਦਾ ਹੈ। ਇਹ ਉਨ੍ਹਾਂ ਸਾਰੇ ਸਹਾਇਕ ਸਾਧਨਾਂ ਤੇ ਵਿਸਤਾਰ ਵਿਚ ਜਾ ਕੇ ਸਾਡੀਆਂ ਸਮੇਂ-ਸਥਾਨ ਦੀਆਂ ਪਾਬੰਦੀਆਂ ਦੇ ਪਾਬੰਦ ਨਹੀਂ ਰਹਿ ਸਕਦੇ। ਉਨ੍ਹਾਂ ਸਾਧਨਾਂ ਦੇ ਨਾਮ ਗਿਣਾ ਦੇਣੇ ਹੀ ਕਾਫ਼ੀ ਹੋਣਗੇ। ਇਨ੍ਹਾਂ ਸਹਾਇਕ ਸਾਧਨਾਂ ਨੂੰ ਨਿਸਚੈ ਆਤਮਿਕ (Positive) ਅਤੇ ਨਿਖੇਧਾਤਮਿਕ (Negative) ਦੋ ਵਰਗਾਂ ਅਧੀਨ ਗਿਣਾਇਆ ਜਾ ਸਕਦਾ ਹੈ। ਨਿਸਚੈ ਆਤਮਿਕ ਸਾਧਨਾਂ ਵਿੱਚੋਂ ਸਭ ਤੋਂ ਜ਼ਰੂਰੀ ਹੈ ਨਾਮ ਜਪਣਾ ਜਾਂ ਸਿਮਰਨਾ। ਸਿਮਰਨ, ਨਾਮ ਜਪਣਾ, ਸਾਧਨ ਪੱਖੋਂ ਵਾਹਿਗੁਰੂ ਦੇ ਗੁਣਾਂ ਦਾ ਜਾਪ ਅਤੇ ਧਿਆਨ ਹੈ, ਉਸ ਦੀ ਲਗਾਤਾਰ ਯਾਦ ਹੈ। ਸਿਮਰਨ ਦੇ ਨਾਲ ਹੀ ਇਸ ਬਿਖੜੇ ਪੈਂਡੇ ’ਤੇ ਗੁਰੂ ਦੀ ਅਗਵਾਈ ਦੀ ਲੋੜ ਹੁੰਦੀ ਹੈ। ਸਾਧ-ਸੰਗਤ ਕਰਨਾ, ਕੀਰਤਨ ਦੁਆਰਾ ਉਸ ਨੂੰ ਰਿਝਾਉਣਾ, ਉਸ ਅੱਗੇ ਅਰਦਾਸ ਕਰਨੀ ਆਦਿ ਕੁਝ ਹੋਰ ਜ਼ਰੂਰੀ ਸਾਧਨ ਹਨ। ਇਸ ਦੇ ਨਾਲ ਹੀ ਸਦਾਚਾਰਕ ਗੁਣਾਂ ਦੇ ਧਾਰਨ ’ਤੇ ਵੀ ਬਹੁਤ ਬਲ ਮਿਲਦਾ ਹੈ। ਨਿਖੇਧਾਤਮਿਕ ਸਾਧਨਾਂ ਵਿੱਚੋਂ ਹਉਮੈ ਦਾ ਤਿਆਗ, ਰਸ-ਭੋਗਾਂ ਦਾ ਸੰਜਮ, ਸੰਸਾਰ ਦੀ ਨਾਸ਼ਮਾਨਤਾ, ਥੋੜ੍ਹਚਿਰਤਾ ਨੂੰ ਜਾਣਨਾ ਆਦਿ ਆਉਂਦੇ ਹਨ। ਉਪਰੋਕਤ ਸਾਧਨਾਂ ਦੀ ਮੱਦਦ ਨਾਲ ਕੀਤਾ ਅਮਲ, ਮਨੁੱਖ ਨੂੰ ਸੁਹਾਗਣ ਜਾਂ ਸਚਿਆਰ ਪਦ ’ਤੇ ਪਹੁੰਚਾਉਣ ਦੇ ਸਮਰੱਥ ਹੈ। ਮਨੁੱਖ ਆਪਣੇ ਹਉਮੈਪੂਰਨ ਛੋਟੇ ਆਪੇ ਨੂੰ ਪਛਾਣ ਕੇ ਜੀਵਨ-ਕੇਂਦਰ ਪਰਮਾਤਮਾ ਨਾਲ ਜੁੜ ਸਕਦਾ ਹੈ।

ਉਪਰੋਕਤ ਜੀਵਨ-ਜਾਚ ਮਨੁੱਖੀ ਹੋਂਦ ਦੇ ਆਪਾ ਸਮਾਜ ਤੇ ਪਰਮਾਤਮਾ ਦੇ ਤ੍ਰੈ-ਮੁਖੀ ਪਾਸਾਰ ਵਿੱਚੋਂ ਅਤੇ ਪਰਮਾਤਮਾ ਦੇ ਸੰਬੰਧਾਂ ਨਾਲ ਜੁੜੀ ਹੈ। ਇਥੇ ਸਮੱਸਿਆ ਮਨੁੱਖੀ ਹੋਂਦ ਦੇ ਸਮਾਜਿਕ ਪਾਸਾਰ ਦੀ ਆਉਂਦੀ ਹੈ, ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਮਨੁੱਖੀ ਹੋਂਦ ਦੇ ਸਮਾਜਿਕ ਪਾਸਾਰ ਨੂੰ ਅੱਖੋਂ-ਉਹਲੇ ਕੀਤਾ ਗਿਆ ਹੈ? ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੀਵਨ-ਜਾਚ ਮਨੁੱਖੀ ਜੀਵਨ ਦੇ ਸਮਾਜਿਕ ਪਾਸਾਰ ਪ੍ਰਤੀ ਚੁੱਪ ਧਾਰਨ ਕਰਦੀ ਹੈ। ਇਨ੍ਹਾਂ ਸੁਆਲਾਂ ਦਾ ਉੱਤਰ ਨਾਂਹ ਵਿਚ ਦਿੱਤਾ ਜਾ ਸਕਦਾ ਹੈ। ਅਸੀਂ ਆਖ ਆਏ ਹਾਂ ਕਿ ਧਾਰਮਿਕ ਜੀਵਨ-ਜੁਗਤਿ ਦੇ ਕਿਸੇ ਇਕ ਪੱਖ ਨੂੰ ਨਹੀਂ, ਸਮੁੱਚੇ ਜੀਵਨ ਨੂੰ ਆਪਣੇ ਕਲਾਵੇ ਵਿਚ ਲੈਂਦੀ ਹੈ ਅਤੇ ਜੀਵਨ ਦੀ ਸਮੁੱਚਤਾ ਵਿੱਚੋਂ ਇਸ ਦੇ ਅਤਿ ਮਹੱਤਵਪੂਰਨ ਸਮਾਜਿਕ ਪਾਸਾਰ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾਂਦਾ। ਧਾਰਮਿਕ ਆਦਰਸ਼ ਆਪਣੇ ਸੁਭਾਅ ਅਨੁਸਾਰ ਅਮਲੀ ਸਮਾਜਿਕ ਜੀਵਨ ਨੂੰ ਪ੍ਰਭਾਵਤ ਕਰਦਾ ਹੈ ਅਤੇ ਉਸ ਨੂੰ ਇਹ ਵਿਸ਼ੇਸ਼ ਸੇਧ ਦਿੰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਰਣਿਤ ਜੀਵਨ-ਜਾਚ ਵੀ ਇਸ ਪਾਸਾਰ ਦੇ ਮਹੱਤਵ ਤੋਂ ਇਨਕਾਰੀ ਨਹੀਂ, ਸਗੋਂ ਪੂਰਨ ਭਾਂਤ-ਚੇਤੰਨ ਹੈ। ਜੇਕਰ ਇਹ ਕਹਿ ਲਿਆ ਜਾਵੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜੀਵਨ-ਜਾਚ ਦਾ ਕ੍ਰਾਂਤੀਕਾਰੀ ਪੱਖ ਹੀ ਸਮਾਜਿਕ ਅਮਲ ਦੀ ਪੱਧਰ ’ਤੇ ਪ੍ਰਗਟ ਹੋਇਆ ਹੈ ਤਾਂ ਗ਼ਲਤੀ ਨਹੀਂ ਹੋਵੇਗੀ। ਇਹ ਸਿੱਖੀ ਸਿਧਾਂਤ ਨਹੀਂ, ਸਿੱਖੀ ਅਮਲ ਹੀ ਸੀ, ਜਿਸ ਨੇ ਸਿੱਖ ਧਰਮ ਨੂੰ ਵਿਸ਼ਵ-ਵਿਆਪੀ ਪੱਧਰ ’ਤੇ ਜਾਣੂ ਕਰਵਾਇਆ। ਬਾਹਰਲੇ ਸੰਸਾਰ ਨੂੰ ਇਨ੍ਹਾਂ ਬਾਰੇ ਜਾਣਨ ਦੀ ਖਿੱਚ ਇਨ੍ਹਾਂ ਦੇ ਸਮਾਜਿਕ ਅਮਲ ਦੀ ਪੱਧਰ ’ਤੇ ਵਿਸ਼ੇਸ਼ ਰੂਪ-ਰੇਖਾ ਦੇਣ ਲਈ ਹੀ ਸੀ ਕਿ ਗੁਰੂ-ਜੋਤਿ ਨੇ ਇਥੇ ਦਸ ਜਾਮੇ ਗ੍ਰਹਿਣ ਕੀਤੇ ਅਤੇ ਧਰਮ ਨੂੰ ਉਦੋਂ ਹੀ ਸੰਸਥਾਈ ਰੂਪ ਦਿੱਤਾ (ਖਾਲਸੇ ਦੀ ਸਾਜਨਾ ਕੀਤੀ) ਜਦੋਂ ਇਹ ਯਕੀਨ ਹੋ ਗਿਆ ਕਿ ਇਸ ਪੰਥ ਦੀ ਜੀਵਨ-ਜਾਚ ਵਿਚ ਸਮਾਜਿਕ ਅਮਲ ਦੀ ਪੱਧਰ ’ਤੇ ਪਕਿਆਈ ਆ ਗਈ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਨਿਰਧਾਰਤ ਜੀਵਨ-ਜਾਚ ‘ਪਤਿ’ ਨੂੰ ਆਪਣੀ ਪਕਿਆਈ ਦਾ ਮਾਣ (Standard) ਬਣਾਉਂਦੀ ਹੈ। ਉਹੀ ਜੀਵਨ-ਜਾਚ ਹੀ ਪ੍ਰਵਾਨ ਹੈ, ਜੋ ਮਨੁੱਖ ਨੂੰ ਪਤਿ ਦਾ ਜੀਵਨ ਦਿੰਦੀ ਹੈ। ਜੇਕਰ ਜੀਵਨ ‘ਪਤਿ’ ਵਾਲਾ ਨਹੀਂ ਬਣ ਸਕਿਆ ਤਾਂ ਨੁਕਸ ਜੀਵਨ-ਜਾਚ ਵਿਚ ਹੈ:

ਜੇ ਜੀਵੈ ਪਤਿ ਲਥੀ ਜਾਇ॥
ਸਭੁ ਹਰਾਮੁ ਜੇਤਾ ਕਿਛੁ ਖਾਇ॥ (ਪੰਨਾ 142)

ਨਾਨਕ ਗੁਰ ਬਿਨੁ ਨਾਹਿ ਪਤਿ ਪਤਿ ਵਿਣੁ ਪਾਰਿ ਨ ਪਾਇ॥ (ਪੰਨਾ 138)

ਜਿਤੁ ਬੋਲਿਐ ਪਤਿ ਪਾਈਐ ਸੋ ਬੋਲਿਆ ਪਰਵਾਣੁ॥ (ਪੰਨਾ 15)

ਜਾ ਪਤਿ ਲੇਖੈ ਨਾ ਪਵੈ ਸਭਾ ਪੂਜ ਖੁਆਰੁ॥ (ਪੰਨਾ 17)

ਸਾਚੀ ਦਰਗਹ ਬੈਸਈ ਭਗਤਿ ਸਚੀ ਅਰਦਾਸਿ॥
ਪਤਿ ਸਿਉ ਲੇਖਾ ਨਿਬੜੈ ਰਾਮ ਨਾਮੁ ਪਰਗਾਸਿ॥   (ਪੰਨਾ 55)

ਪਤਿ ਸੇਤੀ ਜਾਵੈ ਸਹਜਿ ਸਮਾਵੈ ਸਗਲੇ ਦੂਖ ਮਿਟਾਵੈ॥
ਕਹੁ ਨਾਨਕ ਪ੍ਰਾਣੀ ਗੁਰਮੁਖਿ ਛੂਟੈ ਸਾਚੇ ਤੇ ਪਤਿ ਪਾਵੈ॥ (ਪੰਨਾ 76)

ਗੁਰਬਾਣੀ ਵਿਚ ਜੀਵਨ ਦੀ ਸਫ਼ਲਤਾ ਦਾ ‘ਪਤਿ’ ਦਾ ਮਾਪ ਇਕ ਵਿਸ਼ੇਸ਼ ਤਰ੍ਹਾਂ ਦੀ ਜੀਵਨ-ਜਾਚ ਦੀ ਸਿਰਜਨਾ ਦਾ ਆਧਾਰ ਬਣਦਾ ਹੈ। ਸਮਾਜਿਕ ਜੀਵਨ ਨੇਕੀ-ਬਦੀ ਦਾ ਅਖਾੜਾ ਹੈ। ਬਦੀ ਦੇ ਡਰ ਤੋਂ ਇਸ ਅਖਾੜੇ ਵਿੱਚੋਂ ਵੀ ਆਪਣੇ ਆਪ ਨੂੰ ਹਟਾ ਲੈਣਾ ਪਤਿ ਦਾ ਜੀਵਨ ਨਹੀਂ- ਭਾਂਜ ਹੈ, ਹਾਰ ਹੈ। ਪਤਿ ਦਾ ਜੀਵਨ ਤਾਂ ਬਦੀ ਨਾਲ ਜੂਝਣ ਵਿਚ ਹੀ ਹੈ, ਅਖਾੜੇ ਵਿਚ ਰਹਿੰਦਿਆਂ ਹੀ ਜੂਝ ਮਰਨ ਵਿਚ ਹੈ। ਸ਼ਾਇਦ ਇਸੇ ਕਾਰਨ ਕਰਕੇ ਹੀ ਗੁਰੂ ਸਾਹਿਬ ਇਸ ਸਮਾਜ ਤੋਂ ਭਾਂਜ ਜਾਂ ਨੈਤਿਕ ਉਦਾਸੀਨਤਾ ਨੂੰ ਪ੍ਰਵਾਨ ਨਹੀਂ ਕਰਦੇ, ਬਲਕਿ ਸਮਾਜ ਵਿਚ ਸਕਿਰਿਆ ਸ਼ਮੂਲੀਅਤ (Active Participation) ਦੇ ਜੀਵਨ ਦਾ ਪ੍ਰਚਾਰ ਕਰਦੇ ਹਨ। ਜੋਗੀਆਂ ਦੀ ਉਸ ਜੀਵਨ-ਵਿਧੀ ਨੂੰ ਜਿਸ ਅਨੁਸਾਰ ਉਹ ਸਮਾਜ ਤੋਂ ਬਾਹਰ ਰਹਿੰਦੇ ਹਨ, ਪਰ ਮੰਗ ਖਾਣ ਲਈ ਉਹ ਫਿਰ ਸਮਾਜ ਵਿਚ ਰਹਿੰਦੇ ਲੋਕਾਂ ਦੇ ਹੱਥਾਂ ਵੱਲ ਤੱਕਦੇ ਹਨ, ਬੇਪਤੀ ਦਾ ਜੀਵਨ ਆਖਦੇ ਹਨ। ਬਾਬਾ ਫਰੀਦ ਜੀ ਤਾਂ ਪਰਾਏ ਬਾਰ ਬੈਠਣ ਨਾਲੋਂ ਮੌਤ ਨੂੰ ਤਰਜੀਹ ਦਿੰਦੇ ਹਨ:

ਫਰੀਦਾ ਬਾਰਿ ਪਰਾਇਐ ਬੈਸਣਾ ਸਾਂਈ ਮੁਝੈ ਨ ਦੇਹਿ॥
ਜੇ ਤੂ ਏਵੈ ਰਖਸੀ ਜੀਉ ਸਰੀਰਹੁ ਲੇਹਿ॥ (ਪੰਨਾ 1380)

ਗੁਰੂ ਸਾਹਿਬ ਡੋਲਦੇ ਮਨ ਨੂੰ ਰੋਕਣ ਦੀ ਅਜਿਹੀ ਜਾਚ ਦੱਸਦੇ ਹਨ, ਜਿਸ ਵਿਚ ਇਸ ਦਾ ਹੱਲ ਸਮਾਜਿਕ ਅਮਲ ਦੀ ਪੱਧਰ ’ਤੇ ਰਹਿੰਦਿਆਂ ਹੀ ਹੋ ਸਕਦਾ ਹੈ। ਉਹ ਜੁਗਤਿ ਹੈ, ਸੱਚ ਆਧਾਰਤ ਕਿਰਤ:

ਇਹੁ ਮਨੁ ਡੋਲਤ ਤਉ ਠਹਰਾਵੈ॥
ਸਚੁ ਕਰਣੀ ਕਰਿ ਕਾਰ ਕਮਾਵੈ॥(ਪੰਨਾ 1344)

ਇਸ ਸੱਚੀ ਕਿਰਤ ਦਾ ਆਧਾਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿ ਮਨੁੱਖੀ ਜੀਵਨ ਦੇ ਵਿਕਾਰ ਅਤੇ ਬੇਪੱਤ ਜੀਵਨ ਦੇ ਲੱਛਣ ਨਹੀਂ ਸਗੋਂ ਸਤਿ, ਸੰਤੋਖ, ਦਇਆ ਆਦਿ ਨੈਤਿਕ ਗੁਣ ਹੀ ਹੋ ਸਕਦੇ ਹਨ:

ਸਤੁ ਸੰਤੋਖੁ ਦਇਆ ਕਮਾਵੈ ਏਹ ਕਰਣੀ ਸਾਰ॥ (ਪੰਨਾ 51)

ਅਜਿਹੀ ਨਿਰਮਲ ਕਰਣੀ ਪਾਰਬ੍ਰਹਮ ਨਾਲ ਲੱਗੀ ਪ੍ਰੀਤ ਦਾ ਫਲ ਵੀ ਹੈ ਅਤੇ ਬਾਣੀ ਵਿਚ ਨਿਰਧਾਰਤ ਜੀਵਨ-ਜਾਚ ਦਾ ਮਹੱਤਵਪੂਰਨ ਅੰਗ ਵੀ:

ਪਾਰਬ੍ਰਹਮ ਸਿਉ ਲਾਗੀ ਪ੍ਰੀਤਿ॥
ਨਿਰਮਲ ਕਰਣੀ ਸਾਚੀ ਰੀਤਿ॥(ਪੰਨਾ 184)

ਸਰਬ ਧਰਮ ਮਹਿ ਸ੍ਰੇਸਟ ਧਰਮੁ॥
ਹਰਿ ਕੋ ਨਾਮੁ ਜਪਿ ਨਿਰਮਲ ਕਰਮੁ॥ (ਪੰਨਾ 266)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੀਵਨ-ਜਾਚ ਨਿਰਮਲ ਕਿਰਤ ਬਾਰੇ ਇਥੇ ਹੀ ਚੁੱਪ ਨਹੀਂ ਕਰਦੀ, ਇਸ ਤੋਂ ਵੀ ਅਗਾਂਹ ਜਾਂਦੀ ਹੈ। ਮਨੁੱਖ ਦੀ ਮਨੁੱਖਤਾ ਇਸ ਵਿਚ ਨਹੀਂ ਕਿ ਉਸ ਨੂੰ ਜੋ ਪ੍ਰਾਪਤ ਹੋ ਜਾਵੇ, ਪਸ਼ੂ ਦੀ ਤਰ੍ਹਾਂ ਆਪ ਹੀ ਹੜੱਪ ਕਰ ਜਾਵੇ। ਪਸ਼ੂ-ਪੱਧਰ ’ਤੇ ਵਿਚਰਨਾ ਅਜਿਹਾ ਸੁਆਰਥਪੂਰਨ ਜੀਵਨ ਬੇਪਤੀ ਦਾ ਜੀਵਨ ਹੈ। ਪਤਿ ਤਾਂ ਇਸ ਵਿਚ ਹੈ ਕਿ ਆਪ ਕੁਝ ਕਰ ਕੇ ਦੂਜਿਆਂ ਨੂੰ ਦੇਵੇ:

ਫਿਟੁ ਇਵੇਹਾ ਜੀਵਿਆ ਜਿਤੁ ਖਾਇ ਵਧਾਇਆ ਪੇਟੁ॥  (ਪੰਨਾ 790)

ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ॥ (ਪੰਨਾ 1245)

ਨਿਰਮਲ ਘਾਲ ਕਰ ਕੇ ਹੱਥੋਂ ਦੇਣ ਵਿਚ ਦਇਆ, ਸੰਤੋਖ ਦਾ ਵਰਤਾਰਾ ਹੈ, ਲੋਭ ਮੋਹ ਦਾ, ਨਿਸ਼ੇਧ ਹੈ। ਵੰਡ ਛਕਣ ਦੀ ਭਾਵਨਾ ਮਨੁੱਖੀ ਜੀਵਨ ਨੂੰ ਪਿਆਰ ਦੇ ਸੂਤ ਵਿਚ ਪਰੋਂਦੀ ਹੈ, ਏਕਤਾ ਦਾ ਸਥਾਈ ਆਧਾਰ ਬਣਦੀ ਹੈ। ਇਹ ਮਨੁੱਖ ਦੇ ਦੁਰਉਪਯੋਗ ਦੀ ਵਿਰੋਧੀ ਹੈ।

ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਅਧਿਆਤਮਿਕ ਆਦਰਸ਼ ਦੀ ਆੜ ਵਿਚ ਬਾਣੀ ਵਿਚ ਇਕ ਬੜੇ ਉੱਚੇ ਤੇ ਸੁੱਚੇ ਸਦਾਚਾਰਕ ਵਿਧਾਨ ਦਾ ਸਿਰਜਨ ਹੋਇਆ ਹੈ ਜੋ ਵਿਅਕਤੀਗਤ ਅਤੇ ਸਮਾਜਿਕ ਜੀਵਨ ਨੂੰ ਕਿਰਿਆਤਮਿਕ ਅਤੇ ਸਿਰਜਨਾਤਮਿਕ ਸੇਧ ਪ੍ਰਦਾਨ ਕਰਨ ਦੇ ਸਮਰੱਥ ਹੈ। ਗੁਰੂ ਸਾਹਿਬਾਨ ਇਸ ਗੱਲ ਦਾ ਦਾਅਵੇ ਨਾਲ ਐਲਾਨ ਕਰਦੇ ਹਨ ਕਿ ਅਜਿਹਾ ਆਚਾਰ ਹੋਰ ਪ੍ਰਕਾਰ ਦੇ ਧਰਮਾਂ-ਕਰਮਾਂ ਆਦਿ ਤੋਂ ਉੱਤਮ ਹੈ:

ਕਰਮ ਧਰਮ ਅਨੇਕ ਕਿਰਿਆ ਸਭ ਊਪਰਿ ਨਾਮੁ ਅਚਾਰੁ ॥ (ਪੰਨਾ 405)

ਇਹ ਸਮਾਜਿਕ ਜੀਵਨ-ਜਾਚ ਦਾ ‘ਪਤਿ; ਮਾਪ ਹੋਣ ਕਰਕੇ ਹੀ ਹੈ ਕਿ ਸਿੱਖ ਇਤਿਹਾਸ ਦਾ ਰੰਗ-ਰੂਪ ਵੱਖਰਾ ਹੀ ਹੈ। ਇਨ੍ਹਾਂ ਨੂੰ ਪਤਿ ਦਾ ਜੀਵਨ ਜੀਉਣ ਲਈ ਬਹੁਤ ਸਾਰਾ ਸਮਾਂ ਕਈ ਪ੍ਰਕਾਰ ਦੇ ਮੋਰਚੇ ਲਾਉਣੇ ਪਏ ਹਨ। ਜਿੱਥੇ ਕਿਤੇ ਵੀ ਇਨ੍ਹਾਂ ’ਤੇ ਭੀੜ ਪਈ, ਸੰਕਟ ਕਾਲ ਆਇਆ, ਇਨ੍ਹਾਂ ਨੇ ਬੇਪਤੀ ਅਤੇ ਪਤਿ ਵਿੱਚੋਂ ਪਤਿ ਨੂੰ ਚੁਣਿਆ, ਭਾਵੇਂ ਇਸ ਬਦਲੇ ਉਨ੍ਹਾਂ ਨੂੰ ਕਿਤਨਾ ਭੀ ਭਾਰੀ ਮੁੱਲ ਚੁਕਾਉਣਾ ਪਿਆ। ਇਸ ਜੀਵਨ-ਜਾਚ ਦੀ ਰਖਿਆ ਲਈ ਇਨ੍ਹਾਂ ਨੇ ਆਪਣੇ ਗੁਰੂ ਸਾਹਿਬਾਨ ਸ਼ਹੀਦ ਕਰਵਾਏ, ਗੁਰੂ ਪਾਤਸ਼ਾਹ ਜੀ ਦੇ ਮਾਸੂਮ ਸਾਹਿਬਜ਼ਾਦਿਆਂ ਨੂੰ ਨੀਹਾਂ ਵਿਚ ਚਿਣਵਾਇਆ, ਘਰ-ਬਾਰ ਤੋਂ ਉਜੜਨਾ ਪ੍ਰਵਾਨ ਕੀਤਾ, ਭੁੱਖਿਆਂ ਰਹਿਣਾ ਸਵੀਕਾਰ ਕੀਤਾ ਅਤੇ ਲੋੜ ਪੈਣ ’ਤੇ ਅਨਗਿਣਤ ਜਾਨਾਂ ਕੁਰਬਾਨ ਕੀਤੀਆਂ, ਪਰ ਕਦੇ ਇਸ ਤੋਂ ਡਿੱਗੇ-ਡੋਲੇ ਨਹੀਂ ਅਤੇ ਇਸ ਪਤਿ ਦੇ ਜੀਵਨ ਦੀ ਪ੍ਰਾਪਤੀ ਨੂੰ ਇਨ੍ਹਾਂ ਕੇਵਲ ਆਪਣੀ ਕੌਮ ਨੂੰ ਹੀ ਆਦਰਸ਼ ਨਹੀਂ ਰੱਖਿਆ ਬਲਕਿ ਜਿੱਥੇ ਕਿਤੇ ਵੀ ਅਜਿਹੇ ਜੀਵਨ ਲਈ ਹੋਰ ਲੋਕਾਂ ਨੇ ਲੋਚਾ ਪ੍ਰਗਟ ਕੀਤੀ, ਉਥੇ ਮੋਢੇ ਨਾਲ ਮੋਢਾ ਜੋੜ ਕੇ ਆਪਣੀ ਨਿਰਮਲ ਘਾਲ ’ਚੋਂ ਉਨ੍ਹਾਂ ਨੂੰ ਵੀ ਹੱਥੋਂ ਬਹੁਤ ਕੁਝ ਦਿੱਤਾ।

ਬੁੱਕਮਾਰਕ ਕਰੋ (0)
Please login to bookmark Close

ਲੇਖਕ ਬਾਰੇ

ਬੁੱਕਮਾਰਕ ਕਰੋ (0)
Please login to bookmark Close

ਮੇਰੇ ਪਸੰਦੀਦਾ ਲੇਖ

No bookmark found
ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)