editor@sikharchives.org

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਬਦ-ਗੁਰੂ ਦਾ ਸਿੱਖ ਮਾਡਲ

ਸ੍ਰੀ ਗੁਰੂ ਗ੍ਰੰਥ ਸਾਹਿਬ, ਸ਼ਬਦ-ਗੁਰੂ ਦਾ ਅਜਿਹਾ ਸ਼ਬਦ-ਮਾਡਲ ਸਥਾਪਤ ਹੋ ਗਿਆ ਹੈ, ਜਿਸ ਨੂੰ ਧਰਮ ਦਾ ਵਰਤਮਾਨ ਸਥਾਪਤ ਕਰਨ ਦਾ ਦਾਹਵੇਦਾਰ ਆਖਿਆ ਜਾ ਸਕਦਾ ਹੈ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਸ੍ਰੀ ਗੁਰੂ ਗ੍ਰੰਥ ਸਾਹਿਬ ਦਰਸ਼ਨ-ਮੂਲਕ ਗ੍ਰੰਥ ਨਹੀਂ ਹੈ, ਇਹ ਧਰਮ-ਮੂਲਕ ਗ੍ਰੰਥ ਹੈ। ਧਰਮ-ਮੂਲਕ ਗ੍ਰੰਥ ਵਿਚ ਦਰਸ਼ਨ ਸ਼ਾਮਲ ਰਹਿੰਦਾ ਹੈ ਪਰ ਦਰਸ਼ਨ-ਮੂਲਕ ਗ੍ਰੰਥ ਵਿਚ ਜ਼ਰੂਰੀ ਨਹੀਂ ਹੈ ਕਿ ਧਰਮ ਸ਼ਾਮਲ ਹੋਵੇ। ਇਸ ਦਾ ਆਧਾਰ ਸ਼ਬਦ-ਗੁਰੂ ਦਾ ਸਿੱਖ ਮਾਡਲ ਹੈ ਅਤੇ ਇਥੇ ਇਸ ਬਾਰੇ ਹੀ ਗੱਲ ਕੀਤੀ ਜਾ ਰਹੀ ਹੈ। ਸ਼ਬਦ-ਸੰਸਥਾ ਦਾ ਸਿੱਖ-ਸ੍ਰੋਤ ਅਤੇ ਸਿੱਖ-ਆਧਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਹੈ। ਇਸ ਹਵਾਲੇ ਨਾਲ ਸ਼ਬਦ-ਸੰਸਥਾ ਦਾ ਸਮਾਂ ਬਾਬਾ ਫਰੀਦ ਜੀ ਤੋਂ ਲੈ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤਕ ਬਣ ਜਾਂਦਾ ਹੈ। ਪਰ ਸ਼ਬਦ ਦੇ ਸਿੱਖ-ਮਾਡਲ ਦਾ ਸਮਾਂ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਅਰੰਭ ਹੋਣ ਕਰਕੇ 296 ਸਾਲ ਪਿੱਛੇ ਚਲਾ ਜਾਂਦਾ ਹੈ। ਸੋ ਸਪਸ਼ਟ ਹੋਇਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਆਮਦ ਤਕ ਸ਼ਬਦ ਦਾ ਕੋਈ ਅਜਿਹਾ ਨਿਸ਼ਚਤ ਮਾਡਲ ਕਾਇਮ ਨਹੀਂ ਸੀ, ਜਿਸ ਦੀ ਨਿਰੰਤਰਤਾ ਵਿਚ ਸ਼ਬਦ ਦੇ ਸਿੱਖ-ਮਾਡਲ ਬਾਰੇ ਚਰਚਾ ਕੀਤੀ ਜਾ ਸਕੇ। ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਹਿੰਦੂ ਧਰਮ ਚਿੰਤਨ ਵਿਚ ਅਤੇ ਸਾਮੀ ਧਰਮ ਚਿੰਤਨ ਵਿਚ ਸ਼ਬਦ ਨੂੰ ਮਹੱਤਵਪੂਰਨ ਸਥਾਨ ਜ਼ਰੂਰ ਪ੍ਰਾਪਤ ਸੀ। ਪਰ ਸ਼ਬਦ ਦਾ ਪ੍ਰਗਟਾਵਾ ਅਵਤਾਰੀਕਰਨ ਦੇ ਰੂਪ ਵਿਚ ਹੀ ਪ੍ਰਾਪਤ ਸੀ। ਗੁਰੂ ਸਾਹਿਬ ਤੋਂ ਪਹਿਲਾਂ ਹੋਏ ਅਤੇ ਸ਼ਬਦ-ਗੁਰੂ ਦਾ ਹਿੱਸਾ ਹੋ ਗਏ ਭਗਤ ਸਾਹਿਬਾਨ ਦੀ ਰਚਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਵੀ ਮਿਲਦੀ ਹੈ। ਪਰ ਉਸ ਵਿਚ ਲੇਖਕ ਅਤੇ ਲਿਖਤ ਵੱਖ-ਵੱਖ ਹਨ ਕਿਉਂਕਿ ਲਿਖਤ ਨਾਲੋਂ ਲੇਖਕ ਨੂੰ ਵਿਛੋੜ ਲਿਆ ਗਿਆ ਹੈ। ਇਹ ਵਿਅਕਤੀ ਦਾ ਦੈਵੀਕਰਨ ਹੈ ਅਤੇ ਧਰਮ ਚਿੰਤਨ ਅੰਦਰ ਡੇਰੇਦਾਰੀ ਦਾ ਲਖਾਇਕ ਹੈ। ਸਿੱਖ ਚਿੰਤਨ ਵਿਚ ਬਾਣੀ ਨੂੰ ਲਿਖਤ ਪ੍ਰਵਾਨ ਕਰ ਕੇ, ਜੋਤਿ ਦੀ ਗੱਲ ਕੀਤੀ ਗਈ ਹੈ ਪਰੰਤੂ ਜੇ ਲਿਖਤ ਕੱਚੀ ਬਾਣੀ ਦੀ ਕੋਟੀ ਵਿਚ ਹੈ ਤਾਂ ਲਿਖਤ ਦੇ ਲੇਖਕ ਦਾ ਮੂਰਤੀਕਰਨ ਹੋ ਜਾਣਾ ਸੌਖਾ ਹੋ ਜਾਂਦਾ ਹੈ। ਭਗਤ ਸਾਹਿਬਾਨ, ਗੁਰੂ ਸਾਹਿਬਾਨ ਦੇ ਅੰਗ-ਸੰਗ ਰਹਿ ਕੇ ਹੀ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ ਹੀ ਸ਼ਬਦ-ਗੁਰੂ ਦਾ ਹਿੱਸਾ ਹਨ। ਅਸਲ ਵਿਚ ਸਿਧਾਂਤ ਦਾ ਸੰਸਥਾਕਰਨ ਜੇ ਡੇਰੇਦਾਰੀ ਤਕ ਸੀਮਿਤ ਹੋ ਜਾਵੇ ਤਾਂ ਪਿਛਲਮੁਖੀ-ਰੁਝਾਨ ਜਾਂ ਵਿਲਯਕਰਣ ਦੀਆਂ ਸੰਭਾਵਨਾਵਾਂ ਵਧ ਜਾਂਦੀਆਂ ਹਨ। ਭਗਤ-ਸਾਹਿਬਾਨ ਨੂੰ ਸਤਿਗੁਰੂ ਸਾਬਤ ਕਰਨ ਦੇ ਲਾਲਚ ਵਿਚ ਡੇਰੇਦਾਰ ਵਾਰਸਾਂ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ, ਉਨ੍ਹਾਂ ਸੰਤਾਂ/ਭਗਤਾਂ ਨੂੰ ਵੀ ਉਸ ਰਿਸ਼ੀ ਪਰੰਪਰਾ ਵੱਲ ਤੋਰ ਲਿਆ ਹੈ, ਜਿਸ ਨਾਲੋਂ ਟੁੱਟੇ ਹੋਇਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ਼ਬਦ-ਗੁਰੂ ਦੇ ਮਾਡਲ ਦਾ ਹਿੱਸਾ ਬਣਾ ਲਿਆ ਸੀ। ਇਸ ਨਾਲ ਭਗਤ ਦੇ ਪੈਰੋਕਾਰਾਂ ਦੀ ਸਿਆਸਤ ਨੇ ਪਿਛਲਮੁਖੀ ਸੋਚ ਅਧੀਨ, ਭਗਤ-ਸਾਹਿਬਾਨ ਦਾ ਮੂਰਤੀਕਰਨ ਕਰ ਲਿਆ ਹੈ ਅਤੇ ਲਿਖਤ ਦੇ ਪੂਜਾਕਰਨ ਰਾਹੀਂ ਪੁਜਾਰੀਕਰਨ ਦਾ ਰਾਹ ਪੱਧਰਾ ਕਰ ਲਿਆ ਹੈ। ਇਸ ਪਰਵਿਰਤੀ ਨੂੰ ਸਿੱਖ ਧਰਮ ਚਿੰਤਨ ਵਿਚ ਵੀ ਠੋਸਣ ਦੀਆਂ ਕੋਝੀਆਂ ਕੋਸ਼ਿਸ਼ਾਂ ਸਿੱਖ-ਵਿਰੋਧੀ ਤਾਕਤਾਂ ਕਰਦੀਆਂ ਆ ਰਹੀਆਂ ਹਨ ਅਤੇ ਇਸ ਪਾਸੇ ਜੋ ਕੋਸ਼ਿਸ਼ਾਂ ਹੋ ਰਹੀਆਂ ਹਨ, ਉਨ੍ਹਾਂ ਨੂੰ ਅਜੇ ਤਕ ਉਹ ਸਫ਼ਲਤਾ ਹਾਸਲ ਨਹੀਂ ਹੋਈ, ਜਿਸ ਦੀ ਗੁਰਮਤਿ-ਵਿਰੋਧੀਆਂ ਨੂੰ ਆਸ ਸੀ।

ਬਾਣੀ ਵਿਚ ਸ਼ਬਦ ਦੇ ਬਹੁਤ ਸਾਰੇ ਰੰਗ ਪ੍ਰਾਪਤ ਹਨ। ਇਹ ਰੰਗ ਸ਼ਬਦ-ਜੋੜਾਂ ਦੇ ਵਖਰੇਵੇਂ ਕਰਕੇ ਵੀ ਹਨ ਅਤੇ ਸ਼ਬਦ ਦੇ ਪ੍ਰਸੰਗਕ ਰੰਗ ਵੀ ਹਨ। ਸ਼ਬਦ-ਜੋੜਾਂ ਵਜੋਂ ਸਬਦ, ਸ਼ਬਦ, ਸਬਦੰ, ਸਬਦਰਤੰ, ਸਬਦਿ, ਸਬਦੀ ਸਬਦੁ, ਸਬਦੇ, ਸਬਦੈ, ਸਬਦੋ ਅਤੇ ਸਬਦੌ ਹਨ। ਇਨ੍ਹਾਂ ਵਿਚ ਸ਼ਬਦ ਦੇ ਸ਼ਬਦ-ਜੋੜਾਂ ਵਿਚ ‘ਸ’ ਅਤੇ ‘ਸ਼’ ਦਾ ਫ਼ਰਕ ਵੀ ਮੌਜੂਦ ਹੈ। ਗੁਰਬਾਣੀ ਵਿਆਕਰਣ ਦੇ ਹਿਸਾਬ ਨਾਲ ਅਤੇ ਹੋਰ ਪ੍ਰਗਟਾਅ ਦੀਆਂ ਪਰਤਾਂ ਕਾਰਨ, ਇਹ ਆਪਣੇ ਆਪ ਵਿਚ ਸੁਤੰਤਰ ਅਧਿਐਨ ਦਾ ਵਿਸ਼ਾ ਬਣ ਜਾਂਦਾ ਹੈ। ਕਾਰਨ ਇਹ ਹੈ ਕਿ ਇੱਕੋ ਮੂਲ ਤੋਂ ਪ੍ਰਕਾਸ਼ਮਾਨ ਹੋਈਆਂ ਸ਼ਬਦ ਦੀਆਂ ਪਰਤਾਂ ਦੇ ਪ੍ਰਸੰਗਕ ਰੰਗਾਂ ਦੇ ਖੇੜੇ ਨਾਲ ਨਿਆਂ ਸੁਤੰਤਰ ਅਧਿਐਨ ਰਾਹੀਂ ਹੀ ਹੋ ਸਕਦਾ ਹੈ। ਭਾਈ ਕਾਨ੍ਹ ਸਿੰਘ ਨਾਭਾ ਨੇ ‘ਮਹਾਨ ਕੋਸ਼’ ਦੇ ਪੰਨਾ 156 ’ਤੇ ਦੱਸਿਆ ਹੈ ਕਿ ਸ਼ਬਦ ਸੰਗਯਾ ਰੂਪ ਵਿਚ ਧੁਨਿ, ਆਵਾਜ਼ ਅਤੇ ਸੁਰ ਦੇ ਅਰਥਾਂ ਵਿਚ ਆਇਆ ਹੈ। ਪਦ ਦੇ ਅਰਥਾਂ ਵਿਚ ਆਉਣ ਤੋਂ ਇਲਾਵਾ ਗੁਫ਼ਤਗੂ ਦੇ ਅਰਥਾਂ ਵਿਚ ਵੀ ਆਇਆ ਹੈ:

ਸਬਦੌ ਹੀ ਭਗਤ ਜਾਪਦੇ ਜਿਨ ਕੀ ਬਾਣੀ ਸਚੀ ਹੋਇ॥
ਵਿਚਹੁ ਆਪੁ ਗਇਆ ਨਾਉ ਮੰਨਿਆ ਸਚਿ ਮਿਲਾਵਾ ਹੋਇ॥ (ਪੰਨਾ 429)

ਗੁਰਉਪਦੇਸ਼ ਦੇ ਅਰਥਾਂ ਵਿਚ ਵੀ ਸ਼ਬਦ ਆਇਆ ਹੈ:

ਭਵਜਲੁ ਬਿਨੁ ਸਬਦੈ ਕਿਉ ਤਰੀਐ॥
ਨਾਮ ਬਿਨਾ ਜਗੁ ਰੋਗਿ ਬਿਆਪਿਆ ਦੁਬਿਧਾ ਡੁਬਿ ਡੁਬਿ ਮਰਿਆ॥ (ਪੰਨਾ 1125)

ਸ਼ਬਦ ਨੂੰ ਬ੍ਰਹਮ ਅਥਵਾ ਕਰਤਾਰ ਦੇ ਅਰਥਾਂ ਵਿਚ ਵੀ ਵਰਤਿਆ ਹੋਇਆ ਹੈ:

ਸਬਦੁ ਗੁਰੁ ਸੁਰਤਿ ਧੁਨਿ ਚੇਲਾ॥ (ਪੰਨਾ 943)

ਸ਼ਬਦ ਨੂੰ ਧਰਮ ਅਥਵਾ ਮਜ਼੍ਹਬ ਵਾਸਤੇ ਵੀ ਵਰਤਿਆ ਹੋਇਆ ਹੈ:

ਜੋਗ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ॥
ਖਤ੍ਰੀ ਸਬਦੰ ਸੂਰ ਸਬਦੰ ਸੂਦ੍ਰ ਸਬਦੰ ਪਰਾ ਕ੍ਰਿਤਹ॥ (ਪੰਨਾ 1353)

ਇਸੇ ਤਰ੍ਹਾਂ ਸੁਨੇਹਾ ਜਾਂ ਪੈਗ਼ਾਮ ਵਾਸਤੇ ਵੀ ਸ਼ਬਦ ਦੀ ਵਰਤੋਂ ਹੋਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ‘ਛੰਦ ਰੂਪ ਵਾਕਯ ਨੂੰ ‘ਸ਼ਬਦ’ ਆਖਦੇ ਹਨ, ਸ਼ਬਦ ਛੰਦ ਦੀ ਖਾਸ ਜਾਤਿ ਨਹੀਂ, ਅਨੇਕ ਛੰਦਾਂ ਦਾ ਰੂਪ ਸ਼ਬਦਾਂ ਵਿਚ ਵੇਖਿਆ ਜਾਂਦਾ ਹੈ। ਜਦੋਂ ਸ਼ਬਦ ਵਿਸ਼ੇਸ਼ਣ ਹੋਵੇ ਤਾਂ ਇਹ ਸ਼ਬਦ ਦਾ ਵਾਚਯ ਅਰਥ, ਸ਼ਬਦ ਦਾ ਮਕਸਦ ਹੋ ਜਾਂਦਾ ਹੈ:

ਨ ਸਬਦੁ ਬੂਝੈ ਨ ਜਾਣੈ ਬਾਣੀ॥
ਮਨਮੁਖਿ ਅੰਧੇ ਦੁਖਿ ਵਿਹਾਣੀ॥ (ਪੰਨਾ 665)

ਇਸ ਤਰ੍ਹਾਂ ਸ਼ਬਦ ਦੇ ਅਰਥ ‘ਕਰਤਾਰ ਦਾ ਹੁਕਮ, ਧਰਮ, ਗੁਰੁ-ਮੰਤਰ ਅਤੇ ਗੁਰਬਾਣੀ’ ਵੀ ਪ੍ਰਾਪਤ ਹਨ। ਸ੍ਰੀ ਗੁਰੂ ਅੰਗਦ ਦੇਵ ਜੀ ਸ਼ਬਦ ਦੀਆਂ ਗੁਹਜ-ਪਰਤਾਂ ਨੂੰ ਜਗਿਆਸੂ ਲਈ ਇਸ ਤਰ੍ਹਾਂ ਪਰੋਸਦੇ ਹਨ:

ਸਬਦੇ ਹੀ ਨਾਉ ਉਪਜੈ ਸਬਦੇ ਮੇਲਿ ਮਿਲਾਇਆ॥
ਬਿਨੁ ਸਬਦੈ ਸਭੁ ਜਗੁ ਬਉਰਾਨਾ ਬਿਰਥਾ ਜਨਮੁ ਗਵਾਇਆ॥
ਅੰਮ੍ਰਿਤੁ ਏਕੋ ਸਬਦੁ ਹੈ ਨਾਨਕ ਗੁਰਮੁਖਿ ਪਾਇਆ॥ (ਪੰਨਾ 644)

ਫਿਰ ਸ਼ਬਦ ਦੀਆਂ ਪ੍ਰਾਪਤ ਦੋ ਪਰਤਾਂ ਵਰਣਾਤਮਕ ਅਤੇ ਧੁਨਾਤਮਕ ਨਾਲ ਸ਼ਬਦ ਨੂੰ ਵਿਅਕਤੀਗਤ-ਉਤਮਤਾ ਵਾਸਤੇ ਵਰਤ ਲੈਣ ਦੀਆਂ ਸੰਭਾਵਨਾਵਾਂ ਪੈਦਾ ਹੋ ਗਈਆਂ। ਇਸ ਦਾ ਲਾਭ ਗੁਰੂ-ਵਿਰੋਧੀਆਂ, ਗੁਰੂ-ਸ਼ਰੀਕਾਂ ਅਤੇ ਗੁਰੂ-ਨਿੰਦਕਾਂ ਨੇ ਉਠਾਉਣ ਦੀ ਕੋਸ਼ਿਸ਼ ਕਰਦਿਆਂ, ਲਿਖਤ (ਕੱਚੀ ਬਾਣੀ) ਨੂੰ ਸੱਚੀ-ਬਾਣੀ ਘੋਸ਼ਿਤ ਕੀਤਾ ਸੀ ਪਰ ਗੁਰੂ ਨੇ ‘ਕੱਚੀ ਬਾਣੀ’ ਅਤੇ ‘ਸੱਚੀ ਬਾਣੀ’ ਵਿਚ ਫ਼ਰਕ ਕਰਨ ਦੇ ਬਿਬੇਕ ਵਾਸਤੇ ਸਿਧਾਂਤਕ ਜੁਗਤਿ ਮੁਹੱਈਆ ਕਰ ਦਿੱਤੀ ਸੀ। ਜਦੋਂ ਮਾਨਸਿਕਤਾ ਵਿਚ ਮਾਇਆ ਵਿਆਪ ਜਾਵੇ ਤਾਂ ਲਿਖਤ (ਕੱਚੀ ਬਾਣੀ) ਲਿਖਾਰੀ ਦੀਆਂ ਹੱਦਾਂ ਅੰਦਰ ਹੀ ਰਹਿ ਜਾਂਦੀ ਹੈ। ਇਸੇ ਵਿੱਚੋਂ ਲਿਖਤ ਦੇ ਬਾਣੀ ਪ੍ਰਸੰਗ ਨੂੰ ਜਾਗਤਿ-ਜੋਤਿ ਅਤੇ ਜ਼ਾਹਰਾ-ਜ਼ਹੂਰ ਸ਼ਬਦ ਗੁਰੂ ਵਜੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ 1604 ਈ. ਨੂੰ ਪ੍ਰਗਟ ਕਰ ਦਿੱਤਾ ਸੀ। ਪਹਿਲੀ ਵਾਰ ਕਿਸੇ ਪਵਿੱਤਰਤਾ ਜਾਂ ਅਧਿਆਤਮਕਤਾ ਦੇ ਖੇਤਰ ਵਿਚ ਪਵਿੱਤਰ ਲਿਖਤ ਪਾਵਨ ਬਾਣੀ ਨੂੰ ਗੁਰੂ ਸਾਹਿਬਾਨ ਨੇ ਆਪ ਸਥਾਪਤ ਕਰ ਕੇ ਪੈਰੋਕਾਰਾਂ ਵੱਲੋਂ ਉੱਤਮਤਾ ਦੇ ਆਧਾਰ ਉੱਤੇ ਧਰਮ ਗ੍ਰੰਥ ਸਥਾਪਤ ਕਰਨ ਦੀ ਲੋੜ ਮੁਕਾ ਦਿੱਤੀ ਸੀ। ਅੱਜ ਸ਼ਬਦ-ਗੁਰੂ ਦੇ ਸਿੱਖ-ਮਾਡਲ ਤੋਂ ਅਨਜਾਣ ਅਕਾਦਮਿਕ ਵਿਸ਼ੇਸ਼ਗਾਂ ਵੱਲੋਂ ਉਤਮਤਾ-ਮਾਡਲ ਦੀ ਪ੍ਰਾਪਤ ਆਲੋਚਨਾਤਮਕ ਵਿਧੀ ਬੇਲੋੜੀ ਬੌਧਿਕ ਕਲਾਬਾਜ਼ੀ ਵਿਚ ਉਲਝੀ ਹੋਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ, ਸ਼ਬਦ-ਗੁਰੂ ਦਾ ਅਜਿਹਾ ਸ਼ਬਦ-ਮਾਡਲ ਸਥਾਪਤ ਹੋ ਗਿਆ ਹੈ, ਜਿਸ ਨੂੰ ਧਰਮ ਦਾ ਵਰਤਮਾਨ ਸਥਾਪਤ ਕਰਨ ਦਾ ਦਾਹਵੇਦਾਰ ਆਖਿਆ ਜਾ ਸਕਦਾ ਹੈ। ਇਹ ਵਿਲੱਖਣ ਵੀ ਹੈ ਅਤੇ ਸੁਤੰਤਰ ਵੀ ਹੈ। ਪੰਜ ਸਦੀਆਂ (1173-1675) ਦੇ ਬਾਣੀਕਾਰਾਂ ਨੂੰ ਇਕ ਚਿੰਤਨ-ਮਾਡਲ ਵਿਚ ਢਾਲਣ ਲਈ ਬਾਣੀਕਾਰ ਨੂੰ ਜੋਤਿ ਰੂਪ ਵਿਚ ਬਾਣੀ ਅੰਦਰ ਨਿਹਿਤ ਪ੍ਰਵਾਨ ਕਰ ਲਿਆ ਗਿਆ ਹੈ। ਬਾਣੀ ਨੂੰ ਬਾਣੀਕਾਰ, ਬਾਣੀ ਅਤੇ ਸ਼ਰਧਾਲੂ ਵਿਚਕਾਰ ਵਿਭਾਜਤ ਕਰ ਕੇ ਵੇਖਣ ਦੀ ਇਸ ਵਾਸਤੇ ਲੋੜ ਨਹੀਂ ਹੈ ਕਿਉਂਕਿ ਬਾਣੀਕਾਰ ਨੂੰ ਜੋਤਿ ਵਜੋਂ ਅਤੇ ਬਾਣੀ ਨੂੰ ਜੁਗਤਿ ਵਜੋਂ ਇਕ ਦੂਜੇ ਦੀ ਪੂਰਕਤਾ ਵਿਚ ਪ੍ਰਵਾਨ ਕਰ ਕੇ ਸ਼ਬਦ-ਮਾਡਲ ਵਿਚ ਢਾਲ ਦਿੱਤਾ ਹੈ। ਇਥੇ ਬਾਣੀਕਾਰ ਦੀ ਨਹੀਂ ਸ੍ਰੋਤੇ ਦੀ (ਸੁਣੀਐ) ਅਤੇ ਸਮਰਪਿਤ-ਮਾਨਸਿਕਤਾ (ਮੰਨੀਐ) ਦੀ ਲੋੜ ਹੈ। ਇਸ ਪਵਿੱਤਰ (ਰਚਨਾ) ਬਾਣੀ ਨੂੰ ‘ਖਸਮ ਕੀ ਬਾਣੀ’ ਤਾਂ ਮੰਨਿਆ ਹੈ ਪਰੰਤੂ ਬਾਣੀਕਾਰ ਨੂੰ ਦੇਵਤਾ, ਰਿਸ਼ੀ, ਰੱਬ ਦਾ ਪੁੱਤਰ ਜਾਂ ਆਖਰੀ ਪੈਗ਼ੰਬਰ ਨਾ ਮੰਨ ਕੇ ਸ਼ਬਦ ਨੂੰ ਬਿਨਸਣਹਾਰਤਾ ਤੋਂ ਮੁਕਤ ਕਰ ਦਿੱਤਾ ਹੈ। ਇਸੇ ਨੂੰ ਸ਼ਬਦ-ਗੁਰੂ ਵਜੋਂ ਲਿਆ ਜਾ ਰਿਹਾ ਹੈ। ਇਸ ਅਚੁੱਕ ਸ਼ਬਦ-ਮਾਡਲ ਦਾ ਆਧਾਰ ਭਾਈ ਕਾਨ੍ਹ ਸਿੰਘ ਨਾਭਾ ਦੇ ਸ਼ਬਦਾਂ ਵਿਚ ਕਹਿਣਾ ਹੋਵੇ ਤਾਂ ਕਿਹਾ ਜਾ ਸਕਦਾ ਹੈ ਕਿ ਧਰਮ ਦੇ ਨਾਮ ’ਤੇ ਪ੍ਰਾਪਤ ਗੋਰਖ-ਧੰਦਾ ਇਸ ਕਰਕੇ ਪੈਦਾ ਹੁੰਦਾ ਰਿਹਾ ਹੈ ਕਿਉਂਕਿ ਉਸ ਵਿਚ ਅਸੂਲ ਵਿਰੁੱਧ, ਇਤਿਹਾਸ ਵਿਰੁੱਧ ਅਤੇ ਦਲੀਲ ਵਿਰੁੱਧ ਸਰੋਕਾਰਾਂ ਨੂੰ ਪਵਿੱਤਰ ਅਤੇ ਇਲਹਾਮੀ ਹੁਕਮ ਮੰਨਣ ਦੀ ਮਜਬੂਰੀ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ਼ਬਦ-ਗੁਰੂ ਅੰਦਰ ਨਿਹਿਤ ਗੁਹਜ (ਜੋਤਿ) ਨੂੰ ਕਰਣੀ (ਜੁਗਤਿ) ਵਜੋਂ ਪ੍ਰਗਟ ਕਰਦਿਆਂ, ਜੋ ਸ਼ਹੀਦੀ ਮਾਰਗ ਸਥਾਪਤ ਕੀਤਾ ਸੀ, ਉਸ ਦੀ ਇਤਿਹਾਸਕਤਾ ਸਿੱਖ ਅਰਦਾਸ ਅੰਦਰ ਤੱਤ ਰੂਪ ਵਿਚ ਆ ਗਈ ਹੈ। ਇਹ ਸ਼ਬਦ-ਗੁਰੂ ਦੀ ਰਹਿਨੁਮਾਈ ਵਿਚ ਸਥਾਪਤ ਹੋਈ ਸਿੱਖ ਮਾਨਸਿਕਤਾ ਹੀ ਹੈ ਜਿਸ ਨੂੰ ‘ਸਿਰ ਜਾਏ ਤਾਂ ਜਾਏ ਪਰ ਸਿੱਖੀ ਸਿਦਕ ਨ ਜਾਏ’ ਵਰਗੀ ਲੋਕਯਾਨਕ ਮਾਨਤਾ ਪ੍ਰਾਪਤ ਹੈ।

ਸ਼ਬਦ-ਗੁਰੂ ਸਿੱਖ ਦਾ ਮਾਰਗ ਵੀ ਹੈ ਅਤੇ ਮੰਜ਼ਿਲ ਵੀ ਹੈ। ਜੋ ਕੋਈ ਤੁਰਿਆ ਹੀ ਨਹੀਂ, ਉਸ ਨੇ ਪਹੁੰਚਣਾ ਕਿੱਥੇ ਹੈ? ਜੋ ਤੁਰਿਆ ਹੈ ਪਰ ਪਹੁੰਚਿਆ ਨਹੀਂ, ਉਹ ਪਹਿਲੇ ਨਾਲੋਂ ਅੱਗੇ ਹੈ। ਦੋਹਾਂ ਦੀ ਅਸਫਲਤਾ ਲਈ ਮੰਜ਼ਿਲ ਨੂੰ ਜ਼ੁੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਇਸ ਨਾਲ ਇਹ ਇਸ਼ਾਰਾ ਹੋ ਗਿਆ ਹੈ ਕਿ ਗਰੰਟੀਸ਼ੁਦਾ ਨਤੀਜਿਆਂ ਨਾਲ ਜੁੜਿਆ ਹੋਇਆ ਵਿਸ਼ਵਾਸ ਮੰਜ਼ਿਲ ਨੂੰ ਉਵੇਂ ਹੀ ਸਮਝਦਾ ਹੈ, ਜਿਵੇਂ ਪਰਮਾਤਮਾ ਨੂੰ ਸਤਵੇਂ ਅਸਮਾਨ ਜਾਂ ਸਵਰਗ ਵਿਚ ਸਮਝਣ ਦੀ ਧਾਰਮਿਕ ਪਰੰਪਰਾ ਕਾਇਮ ਹੈ। ਮੰਜ਼ਿਲ ਦਾ ਸਿੱਖ ਪ੍ਰਸੰਗ ਦਰਿਆ ਵਾਂਗ ਵਹਿੰਦੇ ਰਹਿਣ ਨਾਲ ਜੁੜਿਆ ਹੋਇਆ ਹੈ ਅਤੇ ਇਸ ਨੂੰ ਸਮੁੰਦਰ ਵਿਚ ਸਮਾ ਜਾਣ ਨਾਲ ਨਹੀਂ ਜੋੜਨਾ ਚਾਹੀਦਾ। ਇਹ ਪ੍ਰਸੰਗ ਸਿੱਖ ਧਰਮ ਚਿੰਤਨ ਨੇ ਸਥਾਪਤ ਕਰ ਕੇ ਅਧਿਆਤਮਕ ਇਤਿਹਾਸ ਵਿਚ ਪ੍ਰਾਪਤ ਸੰਤੁਸ਼ਟੀ-ਮਾਡਲ ਨੂੰ ਤੜਪ-ਮਾਡਲ ਵਿਚ ਬਦਲ ਦਿੱਤਾ ਸੀ। ਭਾਈ ਵੀਰ ਸਿੰਘ ਨੇ ਇਸ ਸੁਰ ਨੂੰ ‘ਨੇਹੁੰ ਵਾਲੇ ਨੈਣਾਂ ਕੀ ਨੀਂਦਰ, ਉਹ ਦਿਨੇ ਰਾਤ ਪਏ ਵਹਿੰਦੇ’ ਰਾਹੀਂ ਪ੍ਰਗਟ ਕੀਤਾ ਹੋਇਆ ਹੈ। ਇਸੇ ਲਈ ਸਿੱਖ ਧਰਮ ਚਿੰਤਨ ਜਾਂ ਸ਼ਬਦ-ਮਾਡਲ ਨੂੰ ਸੰਤੁਸ਼ਟੀ-ਮਾਡਲ ਦੀ ਥਾਂ ਤੜਪ-ਮਾਡਲ ਆਖਿਆ ਜਾ ਰਿਹਾ ਹੈ। ਇਸੇ ਵਿਚੋਂ ਸਿੱਖ ਧਰਮ ਨੂੰ ਸੰਪੂਰਨ ਜੀਵਨ ਜੀਊਣ ਦਾ ਧਰਮ ਆਖਿਆ ਜਾ ਸਕਦਾ ਹੈ। ਸੋ ਸੰਤੁਸ਼ਟੀ-ਮਾਡਲ ਵਿੱਚੋਂ ਧਾਰਮਿਕ-ਦਲਾਲੀ (ਡੇਰੇਦਾਰੀ) ਪੈਦਾ ਹੁੰਦੀ ਰਹੀ ਹੈ, ਕਿਉਂਕਿ ਇਹ ਸੰਭਾਵਨਾ ਇਸ ਹਾਲਤ ਵਿਚ ਕਾਇਮ ਰਹਿੰਦੀ ਹੈ। ਇਹ ਬਿਰਤੀ ਧਾਰਮਿਕ ਖੜੋਤ ਪੈਦਾ ਕਰਦੀ ਹੈ ਅਤੇ ਧਰਮ ਨੂੰ ਧੰਦਾ ਹੋ ਜਾਣ ਦਾ ਰਾਹ ਪੱਧਰਾ ਕਰਦੀ ਹੈ। ਧੰਦੇ ਵਿਚ ਨੈਤਿਕ ਸਰੋਕਾਰਾਂ ਦੀ ਤਾਜ਼ਗੀ ਕਾਇਮ ਨਹੀਂ ਰੱਖੀ ਜਾ ਸਕਦੀ। ਇਹ ਅਮਲ ਦਾ ਸਿਧਾਂਤ ਹੈ ਅਤੇ ਇਸ ਵਿਚ ਖਲਾਅ ਸੰਭਵ ਹੈ ਕਿਉਂਕਿ ਇਸ ਵਿਚ ਮਨ ਨੂੰ ਮਾਇਆ ਨਾਲ ਵਹਿ ਜਾਣ ਦੀ ਆਗਿਆ ਹੈ। ਇਸ ਹਾਲਤ ਵਿਚ ਧਰਮੀਆਂ ਵਿੱਚੋਂ ਧਰਮ ਖੰਭ ਲਾ ਕੇ ਉੱਡ ਜਾਂਦਾ ਹੈ। ‘ਆਸਾ ਕੀ ਵਾਰ’ ਵਿਚ ਇਸ ਦਾ ਪ੍ਰਸੰਗ ਸਥਾਪਨ ਹੋ ਗਿਆ ਹੈ। ਇਸ ਨੂੰ ਸਿੱਖ ਮੁਹਾਵਰੇ ਵਿਚ ਬਾਣਾਮੂਲਕ ਸੰਤੁਸ਼ਟੀ ਕਿਹਾ ਜਾ ਸਕਦਾ ਹੈ। ਇਸ ਨਾਲ ਅੰਦਰੋਂ ਸਿੱਖ ਹੋਣ ਦੀ ਤੜਪ ਮੱਠੀ ਪੈਂਦੀ-ਪੈਂਦੀ ਮੁੱਕ ਵੀ ਸਕਦੀ ਹੈ। ਧਰਮ ਦੀ ਇਹੋ ਜਿਹੀ ਮੌਤ ਸੰਤੁਸ਼ਟੀ-ਮਾਡਲ ਵਿਚ ਸੰਭਵ ਰਹਿੰਦੀ ਹੈ। ਇਸੇ ਲਈ ਸ਼ਬਦ-ਮਾਡਲ ਬਿਖਮ ਹੈ ਅਤੇ ਤੜਪ ਇਸ ਦਾ ਹਿੱਸਾ ਹੈ। ਪੰਥਕ ਸਿਰਜਣਾ ਇਸੇ ਧਰਾਤਲ ’ਤੇ ਕੀਤੀ ਗਈ ਸੀ ਅਤੇ ਇਸ ਦੀ ਪ੍ਰਸੰਗਕਤਾ ਇਸ ਤੋਂ ਪਾਸੇ ਹੋ ਕੇ ਕਾਇਮ ਨਹੀਂ ਰੱਖੀ ਜਾ ਸਕਦੀ।

ਸਿੱਖ ਸ਼ਬਦ-ਮਾਡਲ ਵਾਸਤੇ ਗਲੋਬਲੀਕਰਨ ਨੇ ਚੁਣੌਤੀਆਂ ਜ਼ਰੂਰ ਪੈਦਾ ਕਰ ਦਿੱਤੀਆਂ ਹਨ। ਗਲੋਬਲੀਕਰਨ ਨਾਲ ਟੈਕਸਟ ਨਾਲੋਂ ਸਿਧਾਂਤ ਨੂੰ ਪ੍ਰਥਮਤਾ ਪ੍ਰਾਪਤ ਹੋ ਗਈ ਹੈ। ਇਸ ਨਾਲ ਧਰਾਤਲ ਨਾਲੋਂ ਉਸਾਰ ਨੂੰ ਪਹਿਲ ਪ੍ਰਾਪਤ ਹੋ ਗਈ ਹੈ। ਹੁਣ ਤਾਂ ਉਸਾਰ ਉੱਤੇ ਪੁਨਰ ਉਸਾਰ ਨੂੰ ਮਾਨਤਾ ਪ੍ਰਾਪਤ ਹੋ ਗਈ ਹੈ। ਇਹ ਪੈਰਾਂ ਵੱਲ ਵੇਖ ਕੇ ਨਾ ਤੁਰਨ ਵਾਂਗ ਹੈ। ਹਵਾ ਦੇ ਘੋੜੇ ਸਵਾਰ ਹੋਣ ਦੀ ਲਾਲਸਾ ਵਿਚ ਪੂਰਬੀ ਲੋਕ ਪੱਛਮੀਆਂ ਨਾਲੋਂ ਵੀ ਵੱਧ ਪੱਛਮੀ ਹੋਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਨਾਲ ਜੜ੍ਹਾਂ ਤੋਂ ਬਿਨਾਂ ਦਰੱਖਤ ਦੀ ਕਲਪਨਾ ਕੀਤੀ ਜਾਣ ਲੱਗ ਪਈ ਹੈ। ਇਹ ਕਿੱਕਰ ਬੀਜ ਕੇ ਦਾਖਾਂ ਦੀ ਝੂਠੀ ਤਵੱਕੋ ਹੈ। ਸਭ ਤੋਂ ਪਹਿਲਾਂ ਇਸ ਦਾ ਅਸਰ ਇਹ ਹੋਇਆ ਹੈ ਕਿ ਸਿੱਖ ਸਭਿਆਚਾਰ ਦਾ ਪੱਛਮੀਕਰਨ ਹੋਣ ਲੱਗ ਪਿਆ ਹੈ। ਇਸ ਦਾ ਸ਼ਿਕਾਰ ਪਰੰਪਰਕ ਸਰੋਕਾਰਾਂ ਨੂੰ ਹੋਣਾ ਪੈ ਰਿਹਾ ਹੈ। ਮਨ ਦੀ ਮੌਜ ਨੂੰ ਮਨਮੁਖਤਾ ਵਜੋਂ ਵੇਖਣ ਦੀ ਥਾਂ ਬੇਲਗ਼ਾਮ ਆਜ਼ਾਦੀ ਵਜੋਂ ਲਿਆ ਜਾ ਰਿਹਾ ਹੈ। ਸੋ ਪਰੰਪਰਾ ਨੂੰ ਵਾਧੂ ਭਾਰ ਅਤੇ ਬੇਲੋੜਾ ਬੋਝ ਸਮਝਿਆ ਜਾਣ ਲੱਗ ਪਿਆ ਹੈ ਕਿਉਂਕਿ ‘ਬਾਬਾਣੀਆ ਕਹਾਣੀਆ’ ਮਨ ਦੀ ਲਗਾਮ ਹਨ। ਅੱਥਰੀ ਆਧੁਨਿਕਤਾ ਨੇ ਪਰੰਪਰਾ ਨੂੰ ਬੀਤੇ ਦੀ ਗ਼ੁਲਾਮੀ ਅਤੇ ਵਰਤਮਾਨ ਨਾਲ ਗ਼ਦਾਰੀ ਸਮਝ ਲਿਆ ਹੈ। ਇਸ ਨਾਲ ਸ਼ਬਦ ਦੇ ਸਿੱਖ-ਮਾਡਲ ਵਿਚ ਬਾਬਾਣੀਆ ਕਹਾਣੀਆ ਪੁਤ ਸਪੁਤ ਕਰੇਣ ਵਾਲੇ ਪ੍ਰਾਪਤ ਪ੍ਰਸੰਗ ਵਾਸਤੇ ਚੁਣੌਤੀ ਪੈਦਾ ਹੋ ਗਈ ਹੈ। ਜਿਹੜੀਆਂ ਉਲਾਰ ਅਕਾਂਖਿਆਵਾਂ ਦਾ ਮਾਨਵ ਮਾਨਸਿਕਤਾ ਅੰਦਰ ਹੜ੍ਹ ਆ ਗਿਆ ਹੈ, ਉਸ ਦੀਆਂ ਜੜ੍ਹਾਂ ਆਧੁਨਿਕਤਾ ਵਿਚ ਹਨ। ਪੱਛਮ ਇਸ ਨੂੰ ਰੱਦ ਕਰ ਚੁਕਾ ਹੈ ਅਤੇ ‘ਰੈਗ’ ਵਾਂਗ ਸਿੱਖਾਂ ਨੇ ਇਸ ਨੂੰ ਚਾਅ ਵਰਗੀ ਮਜਬੂਰੀ ਵਿਚ ਪਹਿਨ ਲਿਆ ਹੈ। ਮਾਨਵ ਮਾਨਸਿਕਤਾ ਨੂੰ ਅਕੇਵੇਂ, ਉਦਰੇਵੇਂ ਅਤੇ ਪਛੜੇਵੇਂ ਵਿੱਚੋਂ ਪੈਦਾ ਹੋਣ ਵਾਲੀਆਂ ਅਸਫਲਤਾਵਾਂ ਨੇ ਘੇਰ ਲਿਆ ਹੈ। ਇਸ ਵਿੱਚੋਂ ਮੁਕਤ ਹੋਣ ਲਈ ਪ੍ਰਾਪਤ ਧਰਾਤਲ ਦੀ ਥਾਂ ਮੰਗਵੇਂ ਸਿਧਾਂਤੀਕਰਨ ਨੂੰ ਗ੍ਰਹਿਣ ਕਰਨ ਵਿਚ ਚੇਤੰਨ ਵਰਗ ਅੱਗੇ ਲੱਗ ਪਿਆ ਹੈ ਅਤੇ ਇਹ ਵਰਤਾਰਾ ਭਾਰਤ ਦੀ ਆਜ਼ਾਦੀ (1947 ਈ.) ਤੋਂ ਪਿੱਛੋਂ ਵਧੇਰੇ ਪ੍ਰਬਲ ਰੂਪ ਵਿਚ ਸਾਹਮਣੇ ਆਇਆ ਹੈ। ਸਿੱਟੇ ਵਜੋਂ ਬਹੁਭਾਸ਼ੀ ਪਹੁੰਚ, ਸਭਿਆਚਾਰਕ-ਅਨੇਕਤਾ ਅਤੇ ਹੋਰ ਗਲੋਬਲੀ ਪ੍ਰਭਾਵਾਂ ਨੇ ਸਿੱਖ ਸਰੋਕਾਰਾਂ ’ਤੇ ਬਹੁਤ ਪ੍ਰਭਾਵ ਪਾਇਆ। ਵਧੀਕੀਆਂ ਰੋਕਣ ਦੇ ਲਾਲਚ ਵਿਚ ਨਵੀਂ ਕਿਸਮ ਦੀਆਂ ਵਧੀਕੀਆਂ ਪੈਦਾ ਹੋ ਗਈਆਂ ਹਨ। ਨੈਤਿਕਤਾ ਲਲਕਾਰੀ ਗਈ ਹੈ। ਘੁੱਗ ਵਸੋਂ ਵਿਚ ਉਜਾੜ ਪ੍ਰਵੇਸ਼ ਕਰਦੀ ਜਾਂਦੀ ਹੈ। ਪ੍ਰਸ਼ਨ ਇਹ ਪੈਦਾ ਹੋ ਗਿਆ ਹੈ ਕਿ ਉੱਲੂ ਬਣਨਾ ਹੈ ਕਿ ਉੱਲੂ ਬਣਾਉਣਾ ਹੈ? ਦੋਵੇਂ ਹਾਲਤਾਂ ਘਾਟੇਵੰਦੀਆਂ ਹਨ। ਇਹੋ ਜਿਹੀਆਂ ਗੱਲਾਂ ਨੇ ਪੱਛਮ ਨੂੰ ਪਹਿਲਾਂ ਹੀ ਹਿਲਾਇਆ ਹੋਇਆ ਹੈ। ਪੱਛਮ ਤਾਂ ਫਿਰ ਧਰਮ ਦੀ ਪਛਾਣ ਵੱਲ ਮੁੜ ਰਿਹਾ ਹੈ, ਪਰ ਭਾਰਤ ਦੇ ਧਰਮ ਨਿਰਪੱਖ ਸਿਆਸੀ ਪੈਂਤੜੇ ਨੇ ਪੂਰਬ ਨੂੰ ਪੱਛਮ ਦੀ ਅਗਵਾਈ ਕਰਨ ਜੋਗਾ ਛੱਡਿਆ ਹੀ ਨਹੀਂ। ਲੱਗਣ ਇਹ ਲੱਗ ਪਿਆ ਹੈ ਕਿ ਪੱਛਮ ਅਗਵਾਈ ਲੈਣ ਵਾਸਤੇ ਨਹੀਂ, ਅਗਵਾਈ ਕਰਨ ਵਾਸਤੇ ਆ ਰਿਹਾ ਹੈ। ਇਹ ਸਭ ਮੰਡੀਕਰਨ ਕਰਕੇ ਹੋਇਆ ਹੈ। ਪਹਿਲਾਂ ਸਾਡੇ ਕੱਚੇ ਮਾਲ ਦਾ ਮੰਡੀਕਰਨ ਹੁ਼ੰਦਾ ਸੀ ਅਤੇ ਹੁਣ ਸਾਡੇ ਸਿਧਾਂਤ ਅਤੇ ਸਭਿਆਚਾਰ ਦਾ ਮੰਡੀਕਰਨ ਹੋ ਰਿਹਾ ਹੈ। ਇਸ ਨਾਲ ਖੇਤਰੀ ਭਾਸ਼ਾਵਾਂ ਦੀ ਅਣਦੇਖੀ ਹੋਣ ਲੱਗ ਪਈ ਹੈ। ਇਸ ਹਾਲਤ ਵਿਚ ਸ਼ਬਦ ਦੇ ਸਿੱਖ-ਮਾਡਲ ਦੀ ਭੂਮਿਕਾ ਅਹਿਮ ਹੋ ਜਾਂਦੀ ਹੈ। ਸ਼ਬਦ- ਮਾਡਲ ਵਿਚ ਸੰਸਾਰ-ਧਰਮ ਦੀ ਧਰਾਤਲ ਬਣਨ ਦੀਆਂ ਸੰਭਾਵਨਾਵਾਂ ਕਾਇਮ ਹਨ ਕਿਉਂਕਿ ਸ਼ਬਦ-ਮਾਡਲ ਵਿਚ ਗਲੋਬਲੀਕਰਨ ਨਾਲ ਨਿਭ ਸਕਣ ਦੀਆਂ ਸੰਭਾਵਨਾਵਾਂ ਪਹਿਲਾਂ ਤੋਂ ਹੀ ਕਾਇਮ ਹਨ। ਉਦਾਹਰਣ ਵਜੋਂ ਸਥਾਪਤੀ ਜਾਂ ਇਜਾਰੇਦਾਰੀ ਦਾ ਵਿਰੋਧ ਸਰਬ-ਪ੍ਰਵਾਨਿਤ ਗਲੋਬਲੀ ਸਿਧਾਂਤ ਹੋ ਗਿਆ ਹੈ। ਵਿਕੇਂਦਰੀਕਰਨ ਨੂੰ ਗਲੋਬਲੀ ਪ੍ਰਸੰਗ ਵਿਚ ਮਾਨਤਾ ਪ੍ਰਾਪਤ ਹੋ ਗਈ ਹੈ। ਗੁਰਬਾਣੀ ਵਿਚ ਕਿਸੇ ਕਿਸਮ ਦੀ ਗ਼ੁਲਾਮੀ ਨੂੰ ਸਵੀਕਾਰ ਨਹੀਂ ਕੀਤਾ ਗਿਆ ਅਤੇ ਸਿਆਸੀ ਜਾਂ ਧਾਰਮਿਕ ਇਜਾਰੇਦਾਰੀ ਦਾ ਖੁੱਲ੍ਹ ਕੇ ਵਿਰੋਧ ਕੀਤਾ ਗਿਆ ਹੈ। ਇਸ ਸਿਧਾਂਤ ਦਾ ਅਮਲ ਜਿਵੇਂ ਸਿੱਖ ਇਤਿਹਾਸ ਰਾਹੀਂ ਸਾਹਮਣੇ ਆਇਆ ਹੈ, ਉਹ ਹੋਰ ਕਿਧਰੇ ਇਸ ਤਰ੍ਹਾਂ ਪ੍ਰਾਪਤ ਨਹੀਂ ਹੈ। ਇਸ ਹਾਲਤ ਵਿਚ ਅਮਲ ਦੇ ਸਿਧਾਂਤ ਦੀ ਥਾਂ, ਸਿਧਾਂਤ ਦੇ ਅਮਲ ਨਾਲ ਜੁੜਿਆ ਹੋਇਆ ਸ਼ਬਦ-ਮਾਡਲ ਕੰਮ ਆ ਸਕਦਾ ਹੈ। ਸਿੱਖ ਧਰਮ ਵਿਚ ਕਿਸੇ ਵੀ ਕਿਸਮ ਦੇ ਦਿੱਸਦੇ ਵਖਰੇਵੇਂ ਨੂੰ ਮਾਨਤਾ ਦੇਣ ਦੀ ਥਾਂ, ਸ਼ਬਦ-ਮਾਡਲ ਵਿਚ ਇਕਸੁਰ ਕੀਤਾ ਹੋਇਆ ਹੈ। ਸਭ ਤੋਂ ਪਹਿਲਾਂ ਸਿਧਾਂਤ ਅਤੇ ਅਮਲ ਦੀ ਇਕਸੁਰਤਾ ਨੂੰ ਮਾਨਤਾ ਦਿੱਤੀ ਹੈ (ਜਿਨ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ)। ਸੰਤ ਤੇ ਸਿਪਾਹੀ, ਭਗਤੀ ਤੇ ਸ਼ਕਤੀ ਅਤੇ ਨੇਮ ਤੇ ਪ੍ਰੇਮ ਨਾਲ ਪ੍ਰਾਪਤ ਇਕਸੁਰ-ਮਾਡਲ ਰਾਹੀਂ ਇਸ ਦੀ ਪੁਸ਼ਟੀ ਹੋ ਜਾਂਦੀ ਹੈ। ਇਸ ਨਾਲ ਇਹ ਨਤੀਜਾ ਕੱਢਿਆ ਜਾ ਸਕਦਾ ਹੈ ਕਿ ਪੱਛਮ ਦੇ ਸਿਆਸੀ ਦਬਦਬਾ ਅਤੇ ਪੂਰਬ ਦੇ ਬਹੁਗਿਣਤੀ ਵਾਲੇ ਧਾਰਮਿਕ ਸਮੁਦਾਵਾਂ ਨੇ ਸ਼ਬਦ ਦੇ ਸਿੱਖ-ਮਾਡਲ ਨੂੰ ਸੰਭਾਵਤ ਭੂਮਿਕਾ ਨਿਭਾਉਣ ਤੋਂ ਲਗਾਤਾਰ ਰੋਕਿਆ ਹੈ। ਵਾਰਸ ਵੀ ਇਸ ਦੋਸ਼ ਵਿਚ ਇਸ ਲਈ ਸ਼ਾਮਲ ਹਨ ਕਿਉਂਕਿ ਅਜੇ ਤਕ ਸਿੱਖ ਅਕਾਦਮਿਕਤਾ ਵਿਚ ਸ਼ਬਦ ਦਾ ਸਿੱਖ-ਮਾਡਲ ਸਥਾਪਤੀ ਵੱਲ ਤੁਰਿਆ ਹੀ ਨਹੀਂ ਹੈ। ਇਸੇ ਲਈ ਧਰਮ-ਚਿੰਤਨ ਨਾਲੋਂ ਭਾਈਚਾਰੇ, ਭਾਸ਼ਾ ਅਤੇ ਭੂਮੀ ਨੂੰ ਪਹਿਲ ਪ੍ਰਾਪਤ ਹੋ ਗਈ ਹੈ। ਇਹ ਸਿਆਸਤ ਉੱਤੇ ਧਰਮ ਨੂੰ ਪਹਿਲ ਪ੍ਰਾਪਤ ਹੋ ਜਾਣ ਵਾਂਗ ਹੈ। ਇਹੋ ਜਿਹੀ ਹਾਲਤ ਵਿਚ ਮਾਨਵਤਾ ਨੂੰ ਠੰਢਕ ਪਹੁੰਚਾਉਣ ਦਾ ਇਕ ਰਾਹ ਸਿੱਖ ਧਰਮ ਚਿੰਤਨ ਅਨੁਸਾਰ ਸਰਬ ਅਲਿੰਗਨਕਾਰੀ ਸ਼ਬਦ-ਮਾਡਲ ਰਾਹੀਂ ਪ੍ਰਸੰਗਕ ਹੋ ਸਕਦਾ ਪ੍ਰਵਾਨ ਕੀਤਾ ਹੋਇਆ ਹੈ :

ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ॥
ਜਿਤੁ ਦੁਆਰੇ ਉਬਰੈ ਤਿਤੈ ਲੈਹੁ ਉਬਾਰਿ॥ (ਪੰਨਾ 853)

ਸ਼ਬਦ-ਮਾਡਲ ਦੀ ਸਮਰੱਥਾ ਦਾ ਲਾਭ ਲਿਆ ਜਾਵੇ ਤਾਂ ਸਾਹਮਣੇ ਆ ਜਾਵੇਗਾ ਕਿ ਸ਼ਬਦ-ਗੁਰੂ ਨੇ ਸਰਬੱਤ ਦੇ ਭਲੇ ਦੀ ਭਾਵਨਾ ਦੇ ਮੁਦੱਈ ਪੈਦਾ ਕੀਤੇ ਹਨ। ਇਸ ਤਰ੍ਹਾਂ ਸ਼ਬਦ ਦਾ ਸਿੱਖ-ਮਾਡਲ ਰੂਹਾਂ ਦੀ ਖੁਰਾਕ ਸਾਬਤ ਹੋਇਆ ਹੈ। ਭਾਈ ਤਾਰੂ ਸਿੰਘ ਇਸੇ ਭਾਵਨਾ ਦਾ ਪ੍ਰਤੀਕ ਹੈ। ਇਹ ਭਾਵਨਾ ਸਿੱਖੀ ਦਾ ਸਭਿਆਚਾਰ ਹੋ ਗਈ ਹੈ। ਸ਼ਬਦ-ਗੁਰੂ ਨਾਲ ਆਸਾਂ ਪੁੱਗੀਆਂ ਹਨ ਅਤੇ ਮਾਰਗ-ਦਰਸ਼ਨ ਹੋਇਆ ਹੈ। ਮਾਤਾ ਸੁਲੱਖਣੀ ਜੀ ਨੇ ਇਸ ਧਾਰਨਾ ਦੀ ਆਪਣੇ ਅਮਲ ਨਾਲ ਪੁਸ਼ਟੀ ਕੀਤੀ ਹੈ। ਸ਼ਬਦ-ਗੁਰੂ ਨੇ ਮਾਨਵ ਨੂੰ ਭਰਮਮੂਲਕ ਕਰਮਾਂ ਅਤੇ ਅਗਿਆਨ ਕਲਪਿਤ ਬੰਧਨਾਂ ਤੋਂ ਮੁਕਤੀ ਦਿਵਾਈ ਹੈ। ਗਲੋਬਲੀ ਪ੍ਰਸੰਗ ਵਿਚ ਇਸ ਦੀ ਸਾਰਥਕਤਾ ਕੰਮ ਆ ਸਕਦੀ ਹੈ। ਇਸ ਨਾਲ ਸ਼ੰਕਾਗ੍ਰਸਤ ਮਾਨਸਿਕਤਾ ਚੜ੍ਹਦੀ ਕਲਾ ਦੀ ਮਾਲਕ ਹੋਈ ਹੈ। ਇਹ ਹੋ ਚੁਕਾ ਹੈ ਅਤੇ ਇਹ ਵਾਰ-ਵਾਰ ਹੋ ਸਕਦਾ ਹੈ। ਕਿਸੇ ਹੱਦ ਤਕ ਇਹ ਬਿਆਨ ਅਤੇ ਇਸ ਪਿੱਛੇ ਕੰਮ ਕਰਦੀ ਜੁਗਤਿ ਵਿਚ ਵਿਸ਼ਵਾਸਮੂਲਕ ਸ਼ਰਨਾਗਤ-ਜਜ਼ਬਾ ਕੰਮ ਕਰਦਾ ਨਜ਼ਰ ਆਉਂਦਾ ਹੈ। ਇਸ ਵਿੱਚੋਂ ਪੈਦਾ ਹੋਏ ਸਾਹਿਤਕ, ਇਤਿਹਾਸਕ ਅਤੇ ਧਰਮ ਵਿਗਿਆਨਕ ਪ੍ਰਸ਼ਨਾਂ ਨੂੰ ਜੇ ਧਿਆਨ ਵਿਚ ਰੱਖ ਲਿਆ ਜਾਵੇ ਤਾਂ ਵੀ ਸ਼ਬਦ-ਮਾਡਲ ਦੀ ਸਦ-ਪ੍ਰਸੰਗਕਤਾ ਸਥਾਪਤ ਕਰਨ ਵਿਚ ਮੁਸ਼ਕਲ ਪੇਸ਼ ਨਹੀਂ ਆਵੇਗੀ। ਸ਼ਬਦ ਦੇ ਕਰਤਾ ਬਾਣੀਕਾਰ, ਜਿਸ ਤਰ੍ਹਾਂ ਸ਼ਬਦ ਵਿਚ ਵਿਅਕਤ ਹਨ ਉਸ ਨਾਲ ਸ਼ਬਦ ਦੀ ਸਾਰਥਕਤਾ ਜਾਂ ਸੰਦੇਸ਼ ਵਿਚ ਵਿਘਨ ਨਹੀਂ ਪੈਂਦਾ। ਭਾਈ ਗੁਰਦਾਸ ਜੀ ਨੇ ਗਾਇਕ ਦੀ ਉਦਾਹਰਣ ਲੈ ਕੇ ਦੱਸਿਆ ਹੈ ਕਿ ਜਿਵੇਂ ਸੁਰ ਵਿਚ ਸੰਗੀਤਕਾਰ ਹੋ ਕੇ ਵੀ ਨਹੀਂ ਹੁੰਦਾ, ਉਵੇਂ ਹੀ ਗੁਰੂ ਦਾ ਸ਼ਬਦ, ਗਿਆਨ ਰੂਪ ਵਿਚ ਹੋ ਕੇ ਵੀ ਨਹੀਂ ਹੁੰਦਾ :

ਜੈਸੇ ਜੰਤ੍ਰ ਧੁਨਿ ਬਿਖੈ ਬਾਜਤ ਬਜੰਤ੍ਰੀ ਕੋ ਮਨ ਤੈਸੇ ਘਟ ਘਟ ਗੁਰ ਸ਼ਬਦ ਗਿਆਨ ਹੈ॥268॥ (ਕਬਿੱਤ)

ਸ਼ਬਦ ਨੇ ਦੇਹੀ-ਪ੍ਰਸੰਗ ਵੀ ਸਥਾਪਤ ਕਰ ਦੇਣਾ ਹੈ। ਦੇਹੀ ਅਤੇ ਮਨ ਦਾ ਸੰਬੰਧ ਸਥਾਪਤ ਕਰਨਾ ਮੁਸ਼ਕਲ ਨਹੀਂ ਹੈ ਪਰ ਦੇਹੀ ਅਤੇ ਰੂਹ ਨੂੰ ਇਕਸੁਰ ਕਰਨਾ ਸੌਖਾ ਨਹੀਂ ਹੈ। ਦੇਹੀ ਅਤੇ ਰੂਹ ਦੀ ਇਕਸੁਰਤਾ ‘ਮਨ ਤੂੰ ਜੋਤਿ ਸਰੂਪ ਹੈ ਆਪਣਾ ਮੂਲ ਪਛਾਣ’ ਰਾਹੀਂ ਸਮਝੀ ਜਾ ਸਕਦੀ ਹੈ। ਇਹ ਸਥਿਤੀ ਮਨ ਦਾ ਸਰੀਰ ਨਾਲ ਨਹੀਂ, ਰੂਹ ਨਾਲ ਇਕਸੁਰ ਹੋ ਜਾਣ ਦੀ ਹੈ। ਇਹ ਸ਼ਬਦ ਵਿਚ ਰੰਗੇ ਜਾਣਾ ਹੈ। ਇਹ ਮਾਨਵ ਦਾ ਅਨੁਭਵੀ ਪ੍ਰਸੰਗ ਹੈ। ਇਸ ਵਿਚ ਦੇਹੀ ਪਵਿੱਤਰ ਹੋ ਸਕਦੀ ਹੈ। ਪਵਿੱਤਰਤਾ, ਜੈਵਿਕਤਾ ਉੱਤੇ ਕਾਬੂ ਪ੍ਰਾਪਤ ਹੋ ਜਾਣ ਦੀ ਹੈ। ਇਸ ਦਾ ਇਕ ਤਪੱਸਵੀ ਮਾਡਲ ਕਾਇਮ ਹੈ ਪਰ ਸਿੱਖ ਧਰਮ ਚਿੰਤਨ ਵਿਚ ਤਪੱਸਵੀ ਮਾਡਲ ਦੀ ਥਾਂ ਤੇ ਸ਼ਬਦ-ਮਾਡਲ ਦੀ ਗੱਲ ਕੀਤੀ ਹੈ। ਸ਼ਬਦ ਵਿਚ ਰੰਗੀ ਹੋਈ ਦੇਹੀ ਪਵਿੱਤਰ ਹੋ ਜਾਂਦੀ ਹੈ:

ਜਨ ਕੇ ਚਰਨ ਵਸਹਿ ਮੇਰੈ ਹੀਅਰੈ ਸੰਗਿ ਪੁਨੀਤਾ ਦੇਹੀ॥ (ਪੰਨਾ 146)

ਸ਼ਬਦ ਵਿਚ ਸਿਮਰਨ ਦੁਆਰਾ ਰੰਗੇ ਜਾਣ ਦੀ ਵਿਧੀ ਵੀ ਸ਼ਬਦ-ਮਾਡਲ ਦਾ ਹਿੱਸਾ ਹੈ। ਇਹ ਵਿਧੀ ਵੇਖਣ ਨੂੰ ਸਾਰਿਆਂ ਧਰਮਾਂ ਵਿਚ ਸਾਂਝੀ ਲੱਗਦੀ ਹੈ ਪਰੰਤੂ ਜਿਸ ਤਰ੍ਹਾਂ ਗੁਰੂ ਬਾਣੀਕਾਰਾਂ ਨੇ ਆਪਣੇ ਆਪ ਨੂੰ ਸ਼ਬਦ-ਜੋਤਿ ਅਤੇ ਸ਼ਬਦ-ਜੁਗਤਿ ਵਿਚ ਆਪਣੇ ਜੀਵਨ-ਕਾਲ ਹਲੂਲ ਕੀਤਾ ਹੈ, ਉਹ ਕਿਸੇ ਅਵਤਾਰ, ਪੈਗ਼ੰਬਰ ਜਾਂ ਮਸੀਹਾ ਵੱਲੋਂ, ਪਹਿਲਾਂ ਜਾਂ ਪਿੱਛੋਂ, ਇਸ ਤਰ੍ਹਾਂ ਨਹੀਂ ਹੋਇਆ। ਸਿਮਰਨ, ਸ਼ਬਦ ਦਾ ਮਾਧਿਅਮ ਹੈ ਅਤੇ ਦੇਹਧਾਰੀ ਦਖਲ ਇਸ ਵਿੱਚੋਂ ਮਨਫ਼ੀ ਹੈ। ਸਿਮਰਨ ਵਿਚ ਸ਼ਬਦ ਜਾਂ ਬਾਣੀ ਨੂੰ ਕੇਂਦਰੀਅਤਾ ਪ੍ਰਾਪਤ ਹੈ। ਸਿਮਰਨ ਵਿਚ ਸ਼ਬਦ ਦੀ ਸਨਮੁਖਤਾ ਨੂੰ ਹੰਢਾਉਣ ਦੀ ਲੋੜ ਹੈ। ਇਹ ਲੋੜ ਨਿਰੰਤਰਤਾ ਵਿਚ ਹੈ ਕਿਉਂਕਿ ਇਹ ਮੰਤਰ ਅਤੇ ਚਲੀਹੇ ਵਰਗੇ ਨਤੀਜਿਆਂ ਨਾਲ ਜੁੜੀ ਹੋਈ ਨਹੀਂ ਹੈ। ਸ਼ਬਦ ਦੇ ਰੂਬਰੂ ਹੋ ਕੇ ਮਾਨਸਿਕਤਾ ਬਦਲ ਸਕਦੀ ਹੈ। ਸ਼ਬਦ ਦੀ ਕਮਾਈ ਵਾਸਤੇ ਤਪੱਸਵੀ ਮਾਧਿਅਮ ਦੀ ਆਗਿਆ ਨਹੀਂ ਹੈ ਕਿਉਂਕਿ ਸ਼ਬਦ ਦਾ ਸੱਚ ਸ਼ਬਦ ਨਾਲ ਇਕਸੁਰ ਹੋਣ ਵਿਚ ਮੰਨਿਆ ਹੈ :

ਜਪੁ ਤਪੁ ਸੰਜਮੁ ਹੋਰ ਕੋਈ ਨਾਹੀ॥
ਜਬ ਲਗੁ ਗੁਰ ਕਾ ਸ਼ਬਦ ਨਾ ਕਮਾਹੀ॥
ਗੁਰ ਕੈ ਸਬਦਿ ਮਿਲਿਆ ਸਚੁ ਪਾਇਆ ਸਚੇ ਸਚਿ ਸਮਾਇਦਾ॥ (ਪੰਨਾ 1060)

ਸ਼ਬਦ ਨੂੰ ਸੁੰਨ ਨਾਲ ਜੋੜ ਕੇ ਵੇਖਣ ਦੀ ਲੋੜ ਅਤੇ ਅਨੁਭਵ ਅਤੀਤ ਅਵਸਥਾ ਦੇ ਸੂਚਕ ਵਜੋਂ ਗ੍ਰਹਿਣ ਕਰਨ ਦੀ ਥਾਂ ’ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ਼ਬਦ ਨੂੰ ਇੱਜ਼ਤ ਅਤੇ ਇਤਬਾਰ ਯੋਗਤਾ ਨਾਲ ਜੋੜ ਕੇ ਪ੍ਰਸਤੁਤ ਕੀਤਾ ਹੋਇਆ ਹੈ। (ਬਿਨੁ ਸਬਦੈ ਨਾਹੀ ਪਤਿ ਸਾਖੈ)। ਮਨ ਦੀ ਮੱਤ ਸ਼ਬਦ ਨਾਲ ਸੰਵਰਦੀ ਹੈ (ਕੁਬੁਧਿ ਮਿਟੈ ਗੁਰ ਸਬਦੁ ਬੀਚਾਰਿ)। ਇਹ ਪ੍ਰਸੰਗ ‘ਸਿਧ ਗੋਸਟਿ’ ਵਿੱਚੋਂ ਹੈ। ਜੋਗੀ ਤਾਂ ਸ਼ਬਦ ਦੀਆਂ ਮਹੀਨ ਤਹਿਆਂ ਦੀ ਗੱਲ ਕਰ ਕੇ, ਸ਼ਬਦ ਦੀ ਇਜਾਰੇਦਾਰੀ ਵੱਲ ਵਧ ਰਹੇ ਹਨ। ਪਰ ਸ੍ਰੀ ਗੁਰੂ ਨਾਨਕ ਦੇਵ ਜੀ ਸ਼ਬਦ ਦਾ ਮਾਨਵੀ ਪ੍ਰਸੰਗ ਸਥਾਪਤ ਕਰ ਰਹੇ ਹਨ। ਸੂਖ਼ਮ ਅਨੁਭਵ ਅਤੇ ਮਾਨਵੀ ਅਮਲ ਦੇ ਇਸ ਪ੍ਰਾਪਤ ਤਨਾਉ ਵਿੱਚੋਂ ਸ਼ਬਦ ਦੇ ਸਿੱਖ-ਮਾਡਲ ਦਾ ਪ੍ਰਸੰਗ ਸਥਾਪਤ ਕੀਤਾ ਜਾ ਰਿਹਾ ਹੈ-ਭਗਤਾ ਤੈ ਸੈਸਾਰੀਆ ਜੋੜਿ ਕਦੇ ਨ ਆਇਆ। ਇਉਂ ਸ਼ਬਦ ਮਨੁੱਖ ਦੀ ਪ੍ਰਕਿਰਤੀ ਦਾ ਨਿਹਿਤ ਜੁਜ਼ ਹੈ-ਸਭ ਮਹਿ ਸਬਦ ਵਰਤੇ ਪ੍ਰਭੁ ਸਾਚਾ। ਇਸ ਨੂੰ ਉਜਾਗਰ ਕੀਤੇ ਜਾਣ ਦੀ ਲੋੜ ਹੈ ਕਿਉਂਕਿ ਸ਼ਬਦ ਮਾਨਵ ਵਿਵਹਾਰ ਦੀ ਧੁਰੋਹਰ ਹੈ- ਇਸ ਜਗ ਮਹਿ ਸਬਦੁ ਕਰਣੀ ਹੈ ਸਾਰੁ। ਧਰਮ ਦੇ ਪ੍ਰਾਪਤ ਮਾਡਲਾਂ ਵਿਚ ਅਧਿਆਤਮਕਤਾ ਦੀ ਵਿਅਕਤੀਗਤ ਪ੍ਰਾਪਤੀ ਦਾ ਜ਼ਿਕਰ ਹੈ ਅਤੇ ਇਹ ਮਾਰਗ ਇਕ ਹੱਦ ਤੋਂ ਅੱਗੇ ਅਧਿਆਤਮਕ ਇਜਾਰੇਦਾਰੀ ਵੱਲ ਤੁਰ ਪੈਂਦਾ ਹੈ। ਜਦੋਂ ਹਰੀ ਦੇ ਸੰਤਾਂ ਨੂੰ ਬਨਾਰਸ ਦੇ ਠੱਗ ਆਖਿਆ ਹੈ ਤਾਂ ਵਿਅਕਤੀਗਤ ਉੱਤਮਤਾ ਦੀ ਇਕਹਿਰੀ ਤੇ ਕਰਾਮਾਤੀ ਆੜ ਵਿਚ ਪੈਦਾ ਹੋ ਸਕਣ ਵਾਲੀ ਸੰਭਾਵਨਾ ਪ੍ਰਤੀ ਚੇਤਨਾ ਪੈਦਾ ਕਰਨ ਵਾਸਤੇ ਹੀ ਅਜਿਹਾ ਕੀਤਾ ਗਿਆ ਹੈ। ਧਰਮ ਚਿੰਤਨ ਨਾਲ ਜੁੜੀ ਹੋਈ ਅਕਾਦਮਿਕਤਾ ਵਿਚ ਸਿਧਾਂਤੀਕਰਨ ’ਤੇ ਜ਼ੋਰ ਦਿਨੋਂ-ਦਿਨ ਵਧ ਰਿਹਾ ਹੈ। ਪਰ ਇਸ ਦੀ ਨੈਤਿਕਤਾ ਦਾ ਅਮਲ ਉਜਾਗਰ ਹੁੰਦਾ ਨਜ਼ਰ ਨਹੀਂ ਆ ਰਿਹਾ। ਇਸ ਦਾ ਸਿੱਟਾ ਇਹ ਨਿਕਲਦਾ ਆ ਰਿਹਾ ਹੈ ਕਿ ਧਾਰਮਿਕਤਾ ਅਤੇ ਧਰਮ ਜਾਂ ਧਰਮ ਅਤੇ ਰਹਿਤ ਸਮਾਨਾਂਤਰਤਾ ਵਿਚ ਫ਼ਰਕ ਆ ਰਿਹਾ ਹੈ। ਖੱਤਰੀਆਂ ਨੇ ਜਦੋਂ ਧਰਮ ਨੂੰ ਧੰਦੇ ਵਾਂਗ ਹੰਢਾਉਣ ਦੇ ਲਾਲਚ ਵਿਚ ਹੀ ਛੱਡ ਦਿੱਤਾ ਸੀ ਤਾਂ ਇਸ ਤੋਂ ਪਹਿਲਾਂ ਬ੍ਰਾਹਮਣ ਨੇ ਆਪਣੇ ਧਰਮ ਨੂੰ ਧੰਦਾ ਬਣਾ ਲੈਣ ਦਾ ਰਾਹ ਪੱਧਰਾ ਕਰ ਲਿਆ ਸੀ। ਪਵਿੱਤਰਤਾ ਦੀ ਆੜ ਵਿਚ ਧੰਦਾ ਹੋਰ ਵੀ ਖ਼ਤਰਨਾਕ ਹੋ ਜਾਂਦਾ ਹੈ। ਇਹੋ ਜਿਹੀ ਹਾਲਤ ਵਿਚ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਮੁਤਾਬਿਕ ਮੁਸਲਮਾਨ ਕਹਾਉਣਾ ਮੁਸ਼ਕਲ ਹੋ ਸਕਦਾ ਹੈ। ਇਸ ਹਾਲਤ ਵਿਚ ਧਰਮ ਦੀ ਪ੍ਰਸੰਗ ਸਥਾਪਨਾ ਦੀ ਲੋੜ ਪੈਂਦੀ ਹੈ ਕਿਉਂਕਿ ਧਰਮ-ਵਿਹੂਣ ਯੁੱਗ ਦੀ ਕਲਪਨਾ ਅਜੇ ਤਕ ਨਹੀਂ ਕੀਤੀ ਜਾ ਸਕੀ। ਇਸ ਵਾਸਤੇ ਇਕ ਪਹੁੰਚ ਇਹ ਵੀ ਰਹੀ ਹੈ ਕਿ ਧਰਤੀ ਉੱਤੇ ਪਾਪ ਦੇ ਵਰਤਾਰੇ ਨੂੰ ਖ਼ਤਮ ਕਰਨ ਲਈ ਪ੍ਰਭੂ ਨੂੰ ਆਪ ਅਵਤਾਰ ਧਾਰ ਕੇ ਆਉਣਾ ਪੈਂਦਾ ਹੈ। ਭਾਈ ਗੁਰਦਾਸ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਵਿਚ ਇਸ ਲੋੜ ਦੀ ਪੂਰਤੀ ਵੇਖੀ ਸੀ। ਪਰ ਇਸ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਵਤਾਰੀਕਰਨ ਨਹੀਂ ਹੁੰਦਾ ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਸਰੀਰਿਕ ਉੱਤਮਤਾ ਨੂੰ ਪਹਿਲ ਨਹੀਂ ਦਿੱਤੀ ਸੀ ਅਤੇ ਸ਼ਬਦ ਗੁਰੂ ਨੂੰ ਨਿਸ਼ੰਗ ਪ੍ਰਥਮਤਾ ਪ੍ਰਦਾਨ ਕੀਤੀ ਹੋਈ ਹੈ ਜਿਵੇਂ ਕਿ ਪਿੱਛੇ ਜ਼ਿਕਰ ਕਰ ਦਿੱਤਾ ਹੈ। ਗੁਰੂ ਪਾਤਸ਼ਾਹ ਜੀ ਦੇ ਸੰਸਾਰ ਅੰਦਰ ਪ੍ਰਗਟ ਹੋਣ ਨਾਲ ਧੁੰਧ ਮਿਟੀ ਹੈ ਅਤੇ ਚਾਨਣ ਹੋਇਆ ਹੈ ਪਰ ਇਹ ਤੁਰਤ ਜਾਂ ਕਰਾਮਾਤੀ ਜੁਗਤਿ ਵਿਚ ਉਸ ਤਰ੍ਹਾਂ ਨਹੀਂ ਹੋਇਆ, ਜਿਸ ਤਰ੍ਹਾਂ ਅਵਤਾਰੀਕਰਨ, ਪੈਗ਼ੰਬਰੀਕਰਨ ਅਤੇ ਮਸੀਹੀਕਰਨ ਨਾਲ ਹੁੰਦਾ ਆਇਆ ਸੀ। ਇਹ ਤਾਂ ਸ਼ਬਦ ਨਾਲ ਜੁੜੀ ਹੋਈ ਗੁਰੂ-ਜੋਤਿ ਅਤੇ ਗੁਰੂ-ਜੁਗਤਿ ਰਾਹੀਂ ਹੋਇਆ ਹੈ। ਇਸ ਨਾਲ ਇਹ ਸਥਾਪਤ ਹੋ ਜਾਂਦਾ ਹੈ ਕਿ ਸਿਧਾਂਤ ਵਿਚ ਪ੍ਰਾਪਤ ਉੱਤਮਤਾ ਜਾਂ ਸੰਪੂਰਨਤਾ ਜੇ ਅਮਲ ਵਿਚ ਸਾਹਮਣੇ ਨਹੀਂ ਆਉਂਦੀ ਤਾਂ ਧਰਮ-ਚਿੰਤਨ ਦਾ ਮੂਰਤੀਕਰਨ ਜਾਂ ਕਰਾਮਾਤੀਕਰਨ ਹੋ ਜਾਵੇਗਾ। ਸਿੱਖ ਧਰਮ-ਚਿੰਤਨ ਵਿਚ ਜਿਨ੍ਹਾਂ ਮਨਾਹੀਆਂ ਦੀ ਅਣਦੇਖੀ ਕਰ ਕੇ ਅਧਿਆਤਮਕ ਅਮਲ ਦੀ ਥਾਂ ਧਾਰਮਿਕ ਵਿਖਾਵੇ ਨੂੰ ਪਹਿਲ ਮਿਲਦੀ ਜਾ ਰਹੀ ਹੈ, ਉਸ ਨਾਲ ਪਿਛਲਮੁਖੀ ਸੰਭਾਵਨਾਵਾਂ ਸਾਹਮਣੇ ਆ ਰਹੀਆਂ ਹਨ। ਸ਼ਬਦ-ਗੁਰੂ ਦਾ ਬੰਧਨ ਇਸ ਪਿਛਲਮੁਖੀ ਧਾਰਮਿਕਤਾ ਨੂੰ ਉਹੋ ਜਿਹੀ ਮਾਨਤਾ ਨਹੀਂ ਦੇ ਰਿਹਾ, ਜਿਹੋ ਜਿਹੀ ਬਾਕੀ ਧਰਮ-ਚਿੰਤਨਾਂ ਵਿਚ ਆਮ ਅਤੇ ਸੁਖਾਲੀ ਮਿਲਦੀ ਰਹੀ ਹੈ। ਜੋਤਿ ਤਾਂ ਮਾਨਵ ਸਰੀਰ ਵਿਚ ਜਨਮ ਤੋਂ ਹੀ ਪ੍ਰਵੇਸ਼ ਕਰ ਜਾਂਦੀ ਹੈ- ਹਰਿ ਤੁਮ ਮਹਿ ਜੋਤਿ ਰਖੀ ਤਾ ਤੂੰ ਜਗ ਮਹਿ ਆਇਆ। ਜੋਤਿ ਕਰਕੇ ਮਾਨਵ ਜਨਮ ਦੁਰਲੱਭ ਹੈ, ਗੋਬਿੰਦ ਮਿਲਣ ਲਈ ਅਵਸਰ ਹੈ ਅਤੇ ਇਨਸਾਨਾਂ ਵਿਚ ਫ਼ਰਕ ਨਾ ਕਰਨ ਦਾ ਸੂਚਕ ਹੈ। ਇਸ ਜੋਤਿ ਦਾ ਪ੍ਰਗਟਾਵਾ ਮਾਨਵ ਵਰਤਾਰੇ ਵਿਚ ਕਿਸ ਜੁਗਤਿ ਵਿਚ ਹੁੰਦਾ ਹੈ, ਇਹ ਧਰਮ-ਚਿੰਤਨ ਦਾ ਅਸਲ ਮੁੱਦਾ ਹੈ। ਸੋ ਧਰਮ ਦੀ ਪਛਾਣ ਇਸ ਗੱਲ ਤੋਂ ਹੋਣੀ ਹੈ ਕਿ ਉਸ ਨੇ ਕਿਹੋ ਜਿਹੀ ਸ਼ਖ਼ਸੀਅਤ ਪੈਦਾ ਕੀਤੀ ਹੈ? ਸਿੱਖ ਧਰਮ-ਚਿੰਤਨ ਵਿਚ ਜੋਤਿ ਪ੍ਰਕਾਸ਼ਨ ਵਾਸਤੇ ਸ਼ਬਦ-ਜੁਗਤਿ ਨੂੰ ਕੇਂਦਰੀਅਤਾ ਪ੍ਰਾਪਤ ਹੈ ਕਿਉਂਕਿ ਜੋਤਿ ਦਾ ਅਮਲ-ਪਰਿਪੇਖ ਇਸ ਜੁਗਤਿ ਵਿਚ ਹੀ ਪ੍ਰਵਾਨ ਕੀਤਾ ਹੋਇਆ ਹੈ:

ਇਸੁ ਜਗ ਮਹਿ ਸਬਦੁ ਕਰਣੀ ਹੈ ਸਾਰੁ॥
ਬਿਨੁ ਸਬਦੈ ਹੋਰੁ ਮੋਹੁ ਗੁਬਾਰੁ॥
ਸਬਦੈ ਨਾਮੁ ਰਖੈ ਉਰਿਧਾਰੀ॥
ਸਬਦੈ ਗਤਿਮਤਿ ਮੋਖ ਦੁਆਰੁ॥ (ਪੰਨਾ 1342)

ਸ਼ਬਦ ਨੂੰ ਬਾਣੀ ਵਜੋਂ ਜੋ ਵਿਸਥਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪ੍ਰਾਪਤ ਹੈ, ਉਹ ਹੋਰ ਕਿਸੇ ਧਰਮ-ਚਿੰਤਨ ਵਿਚ ਨਹੀਂ ਹੈ। ਇਥੇ ਇਸ ਦਾ ਵਿਸਥਾਰ ਸੰਭਵ ਨਹੀਂ ਹੈ। ਇਸ ਦਾ ਸਿੱਟਾ ਇਹ ਨਿਕਲਿਆ ਹੈ ਕਿ ਸਿੱਖ ਧਰਮ-ਚਿੰਤਨ ਨੇ ਅਧਿਆਤਮਕ ਸਿਧਾਂਤੀਕਰਨ ਨੂੰ ਇਕ ਪਾਸੇ ਧਰਾਤਲ ਮੁਹੱਈਆ ਕਰ ਦਿੱਤੀ ਹੈ ਅਤੇ ਦੂਜੇ ਪਾਸੇ ਸਿਧਾਂਤਕਤਾ ਦੇ ਅਮਲ ਨੂੰ ਧਾਰਮਿਕ ਪਹਿਲਤਾਜ਼ਗੀ ਦੀ ਕਸਵੱਟੀ ਵਜੋਂ ਉਜਾਗਰ ਕਰ ਦਿੱਤਾ ਹੈ। ਇਸ ਵੇਲੇ ਸਿਧਾਂਤੀਕਰਨ ਦੇ ਖੇਤਰ ਵਿਚ ਪੱਛਮ ਦੀ ਸਰਦਾਰੀ ਹੈ ਕਿਉਂਕਿ ਪੱਛਮ ਦੀਆਂ ਚਿੰਤਨ ਲਹਿਰਾਂ ਇਸ ਵੇਲੇ ਪੱਛਮੀਆਂ ਨਾਲੋਂ ਵੱਧ ਪੱਛਮੀ ਹੋਣ ਦਾ ਤਲਿੱਸਮੀ ਅਵਸਰ ਸਾਰੀ ਦੁਨੀਆਂ ਨੂੰ ਮੁਹੱਈਆ ਕਰ ਰਹੀਆਂ ਹਨ। ਇਸ ਨਾਲ ਸਿਧਾਂਤ ਨੂੰ ਟੈਕਸਟ ਉੱਤੇ ਪਹਿਲ ਪ੍ਰਾਪਤ ਹੋ ਗਈ ਹੈ। ਹੌਲੀ-ਹੌਲੀ ਸਿਧਾਂਤ ਹੀ ਰਹਿ ਗਿਆ ਹੈ ਅਤੇ ਟੈਕਸਟ ਦੀ ਲੋੜ ਹੀ ਮਹਿਸੂਸ ਨਹੀਂ ਹੋ ਰਹੀ। ਇਥੇ ਇਸ ਪੱਖ ਨੂੰ ਸਮਝਣ ਲਈ ਪਛਮੀ ਚਿੰਤਕਾਂ ਵੱਲੋਂ ਪ੍ਰਸਤੁਤ ਮਾਨਵ ਜੀਵਨ ਦੀਆਂ ਤਿੰਨ ਅਵਸਥਾਵਾਂ, ਪਹਿਲੀ ਇੰਦ੍ਰਿਆਵੀ ਪਹਿਲਤਾ ਨਾਲ ਸੰਬੰਧਿਤ ਹੈ, ਦੂਜੀ ਵਿਚ ਨੈਤਿਕ ਜ਼ੁੰਮੇਵਾਰੀਆਂ ਹਨ, ਜਿਸ ਵਿਚ ਉੱਚੇ ਮੰਤਵ ਲਈ ਨਿੱਜੀ ਲਾਲਚਾਂ ਦੀ ਕੁਰਬਾਨੀ ਕਰਨੀ ਪੈਂਦੀ ਹੈ ਅਤੇ ਤੀਜੀ ਵਿਚ ਬੰਦਾ,ਪ੍ਰਭੂ ਸੰਪਰਕ ਹਾਸਲ ਕਰ ਜਾਂਦਾ ਹੈ। ਇਸ ਨੂੰ ਜੇ ਪੰਜ ਖੰਡਾਂ ਦੇ ਪ੍ਰਸੰਗ ਵਿਚ ਵੇਖਣਾ ਹੋਵੇ ਤਾਂ ਇਹ ਮਹਾਂ ਚਿੰਤਕ, ਅਧਿਆਤਮਕਤਾ ਦੇ ਅਥਾਹ ਸਾਗਰ ਵੱਲ ਨਿਹਾਰਦਾ ਹੀ ਨਜ਼ਰ ਆਵੇਗਾ ਕਿਉਂਕਿ ਇਸ ਕੋਲ ਸਿਧਾਂਤ ਤਾਂ ਹੈ ਪਰ ਅਮਲ ਇਸ ਲਈ ਨਹੀਂ ਹੈ ਕਿਉਂਕਿ ਸਿਧਾਂਤ, ਧਰਾਤਲ ਨਾਲੋਂ ਵਿੱਛੜਿਆ ਹੋਇਆ ਹੈ। ਇਸੇ ਕਰਕੇ ਉਸ ਨੂੰ ਮਾਨਵ ਦਾ ਅਧਿਆਤਮਕ ਸਫਰ ਕਿਸੇ ਸਹਿਜ ਵਿਚ ਵਿਕਾਸ ਕਰਨ ਦੀ ਥਾਂ, ਛੜੱਪਿਆਂ ਵਿਚ ਵਧਦਾ ਨਜ਼ਰ ਆਉਂਦਾ ਹੈ। ਇਹ ਵਿਸ਼ਵਾਸ ਅਤੇ ਕਰਾਮਾਤ ਨਾਲ ਜੁੜਿਆ ਹੋਇਆ ਚਿੰਤਨ ਹੈ। ਇਸੇ ਲਈ ਈਸਾਈਅਤ ’ਤੇ ਆਧਾਰਤ ਸਿਧਾਂਤਕਤਾ, ਜਿਸ ਨੂੰ ਈਸਾਈਅਤ ਦੀ ਸਿੱਖਿਆ ਦੱਸਿਆ ਜਾਂਦਾ ਹੈ, ਭੂਤਮੁਖੀ ਤਾਂ ਹੈ ਪਰ ਵਰਤਮਾਨ ਸਥਾਪਤ ਨਹੀਂ ਕਰਦੀ। ਇਹ ‘ਸੁਣੀਐ’ ਨਾਲ ਪ੍ਰਾਪਤ ਪਾਰ-ਉਤਾਰੇ ਦੀ ਕਰਾਮਾਤੀ ਜੁਗਤਿ ਹੈ। ਇਸ ਨੂੰ ਪੱਛਮੀ ਚਿੰਤਕਾਂ ਨੇ ਸਿਧਾਂਤੀਕਰਨ ਲਈ ਵਰਤ ਤਾਂ ਲਿਆ ਹੈ ਪਰ ਇਸ ਦੀ ਸਕਰਮਕਤਾ ਉਸ ਤਰ੍ਹਾਂ ਸਥਾਪਤ ਨਹੀਂ ਕਰ ਸਕੇ, ਜਿਸ ਤਰ੍ਹਾਂ ਪ੍ਰੇਮਮੂਲਕ ਅਮਲ ਨਾਲ ਸਿਰ ਦੀ ਬਾਜ਼ੀ ਲਾਉਣ ਦਾ ਸੰਦੇਸ਼ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਸ ਸਲੋਕ ਵਿਚ ਕਾਇਮ ਹੈ:

ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਰੁ ਧਰਿ ਤਲੀ ਗਲੀ ਮੇਰੀ ਆਉ॥
ਇਹ ਮਾਰਗਿ ਪੈਰੁ ਧਰੀਜੈ॥ ਸਿਰ ਦੀਜੈ ਕਾਣਿ ਨ ਕੀਜੈ॥ (ਪੰਨਾ 1412)

ਅਖੀਰ ਵਿਚ ਇਹ ਕਹਿ ਕੇ ਗੱਲ ਮੁਕਾਉਣਾ ਚਾਹੁੰਦਾ ਹਾਂ ਕਿ ਪੱਛਮੀ ਚਿੰਤਨ ਨੂੰ ਧਰਾਤਲ ਸਿੱਖ ਧਰਮ ਨੇ ਪ੍ਰਦਾਨ ਕਰਨੀ ਹੈ ਕਿਉਂਕਿ ਸ਼ਬਦ ਦੇ ਸਿੱਖ-ਮਾਡਲ ਦੀ ਜੁਗਤਿ ਵਿਚ ਬੰਦੇ ਦੀ ਸਰਦਾਰੀ ਨੂੰ ਕੋਈ ਥਾਂ ਨਹੀਂ ਹੈ। ਇਸ ਨਾਲ ਸਿਧਾਂਤ ਦੇ ਅਮਲ ਨੂੰ ਬੰਦੇ ਜੇਡਾ ਰਹਿ ਜਾਣ ਦੀ ਮਜਬੂਰੀ ਤੋਂ ਮੁਕਤ ਕਰ ਦਿੱਤਾ ਗਿਆ ਹੈ। ਫਿਰ ਜੇ ਕਿਸੇ ਵੀ ਸਥਾਪਤ ਪੱਛਮੀ ਚਿੰਤਕ ਨੂੰ ਲੈ ਲਿਆ ਜਾਵੇ ਤਾਂ ਕਿਹਾ ਜਾ ਸਕਦਾ ਹੈ ਕਿ ਉਹ ਧਾਰਮਿਕ ਵਿਸ਼ਵਾਸ ਦੇ ਤਿੰਨ ਸਰੋਕਾਰਾਂ ਸ਼ਰਧਾ, ਪਾਪ ਅਤੇ ਈਸਾ ਨੂੰ ਮੰਨਦਾ ਵੀ ਹੈ ਅਤੇ ਇਸ ਆਧਾਰ ਉੱਤੇ ਸਿਧਾਂਤਕਤਾ ਵੀ ਸਿਰਜਦਾ ਹੈ। ਇਸ ਨਾਲ ਉਸ ਨੇ ਦੁੱਖ ਨੂੰ ਮੁਕਤੀ ਵਾਸਤੇ ਇਕ ਸ਼ਰਤ ਮੰਨ ਲਿਆ ਹੈ। ਭਾਈ ਕਾਨ੍ਹ ਸਿੰਘ ਦੇ ਹਵਾਲੇ ਨਾਲ ਕਿਹਾ ਜਾ ਸਕਦਾ ਹੈ ਕਿ ਇਸ ਦੀ ਸਿਧਾਂਤਕਤਾ ਨੂੰ ਇਤਿਹਾਸ, ਅਸੂਲ ਅਤੇ ਦਲੀਲ ਦੇ ਪ੍ਰਸੰਗ ਵਿਚ ਸਥਾਪਤ ਨਹੀਂ ਕੀਤਾ ਜਾ ਸਕਦਾ। ਦੂਜੇ ਪਾਸੇ ਸ਼ਬਦ ਦੇ ਸਿੱਖ-ਮਾਡਲ ਵਿਚ ਜੋ ਸ਼ਬਦ-ਜੁਗਤਿ ਪ੍ਰਾਪਤ ਹੈ ਉਹ ਸੁਰਤ ਦੇ ਵਿਸ਼ਵਾਸ ਨਾਲ ਨਹੀਂ, ਸਗੋਂ ਅਮਲ ਦੀ ਅਧਿਆਤਮਕਤਾ ਨਾਲ ਜੁੜੀ ਹੋਈ ਹੈ :

ਹੁਕਮੁ ਹਾਸਲੁ ਕਰੀ ਬੈਠਾ ਨਾਨਕਾ ਸਭ ਵਾਉ॥
ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨਾ ਆਵੈ ਨਾਉ॥ (ਪੰਨਾ 14)

ਇਸ ਨਾਲ ਧਰਮ ਦੀ ਸਦ-ਪ੍ਰਸੰਗਿਕਤਾ ਸਥਾਪਤ ਕੀਤੀ ਜਾ ਸਕਦੀ ਹੈ। ਇਸ ਲਈ ਕਿਹਾ ਜਾ ਸਕਦਾ ਹੈ ਕਿ ਸ਼ਬਦ ਦਾ ਸਿੱਖ-ਮਾਡਲ, ਗਲੋਬਲੀਕਰਨ ਦੀਆਂ ਉਧੜ-ਧੁੰਮੀਆਂ ਨਾਲ ਨਿਭਣ ਦੇ ਸਮਰੱਥ ਹੈ ਅਤੇ ਇਸ ਨਾਲ ਪ੍ਰਾਪਤ ਅੰਤਰਦ੍ਰਿਸ਼ਟੀਆਂ ਨੂੰ ਲੋੜੀਂਦੀ ਧਰਾਤਲ ਵੀ ਮੁਹੱਈਆ ਹੋ ਗਈ ਹੈ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

Balkar Singh
ਡਾਇਰੈਕਟਰ, ਵਿਸ਼ਵ ਪੰਜਾਬੀ ਸੈਂਟਰ ਸੁਸਾਇਟੀ -ਵਿਖੇ: ਪੰਜਾਬੀ ਯੂਨੀਵਰਸਿਟੀ, ਪਟਿਆਲਾ

# 34 ਅਰਬਨ ਐਸਟੇਟ, ਫੇਜ਼ 1, ਪਟਿਆਲਾ - 147002

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)