editor@sikharchives.org
Gurduara Sahib Patshaahi Athvin

ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਅਸਥਾਨ – ਗੁਰਦੁਆਰਾ ਸਾਹਿਬ ਪਾਤਸ਼ਾਹੀ ਅਠਵੀਂ

ਸਿੱਖ ਕੌਮ ਦੇ ਅਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦਾ ਜਨਮ ਕੀਰਤਪੁਰ ਸਾਹਿਬ ਵਿਚ ਸ੍ਰੀ ਗੁਰੂ ਹਰਿਰਾਇ ਜੀ ਦੇ ਘਰ ਮਾਤਾ ਕ੍ਰਿਸਨ ਕੌਰ ਜੀ ਦੀ ਕੁੱਖ ਤੋਂ ਹੋਇਆ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਸਿੱਖ ਕੌਮ ਦੇ ਅਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦਾ ਜਨਮ ਕੀਰਤਪੁਰ ਸਾਹਿਬ ਵਿਚ ਸ੍ਰੀ ਗੁਰੂ ਹਰਿਰਾਇ ਜੀ ਦੇ ਘਰ ਮਾਤਾ ਕ੍ਰਿਸਨ ਕੌਰ ਜੀ ਦੀ ਕੁੱਖ ਤੋਂ ਹੋਇਆ। ਆਪ ਗੁਰਗੱਦੀ ’ਤੇ ਬਿਰਾਜੇ ਤਾਂ ਆਪ ਜੀ ਨੇ ਸੰਗਤਾਂ ਦੇ ਕਹਿਣ ’ਤੇ ਦਿੱਲੀ ਵਿਖੇ ਆਪਣੇ ਪਵਿਤਰ ਚਰਨ ਪਾਏ। ਉਥੇ ਚੇਚਕ ਨਾਲ ਪੀੜਤ ਰੋਗੀਆਂ ਦੀ ਸੇਵਾ ਕਰਦੇ ਹੋਏ ਆਪ ਜੀ ਜੋਤੀ-ਜੋਤਿ ਸਮਾ ਗਏ। ਆਪ ਜੀ ਦੀ ਯਾਦ ਵਿਚ ਜੋ ਪਵਿੱਤਰ ਅਸਥਾਨ ਸਿੱਖ ਸੰਗਤਾਂ ਵੱਲੋਂ ਬਣਾਏ ਗਏ ਹਨ ਉਹ ਹੇਠ ਲਿਖੇ ਅਨੁਸਾਰ ਹਨ:

Gurduara Sahib Patshaahi Athvin
Gurduara Sahib Patshaahi Athvin

ਗੁਰਦੁਆਰਾ ਸ੍ਰੀ ਸ਼ੀਸ਼ ਮਹਿਲ ਕੀਰਤਪੁਰ ਸਾਹਿਬ:

ਸੂਬਾ ਪੰਜਾਬ ਵਿਚ ਸਤਲੁਜ ਦਰਿਆ ਦੇ ਕੰਢੇ ’ਤੇ ਜ਼ਿਲ੍ਹਾ ਰੋਪੜ ਵਿਚ ਵੱਸਿਆ ਪ੍ਰਸਿੱਧ ਇਤਿਹਾਸਕ ਕਸਬਾ ਹੈ ਕੀਰਤਪੁਰ ਸਾਹਿਬ। ਇਹ ਪਵਿੱਤਰ ਸਥਾਨ ਰੋਪੜ ਤੋਂ ਲੱਗਭਗ 25 ਕਿਲੋਮੀਟਰ ਦੀ ਦੂਰੀ ’ਤੇ ਰੋਪੜ ਨੰਗਲ ਸੜਕ ਉੱਪਰ ਸਥਿਤ ਹੈ। ਇਸ ਕਸਬੇ ਦਾ ਸਿੱਖ ਇਤਿਹਾਸ ਨਾਲ ਗੂੜ੍ਹਾ ਸੰਬੰਧ ਹੈ। ਇਸ ਸਥਾਨ ’ਤੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਕਹਿਲੂਰ ਦੇ ਰਾਜੇ ਤਾਰਾ ਚੰਦ ਤੋਂ ਜ਼ਮੀਨ ਖਰੀਦ ਕੇ ਨਗਰ ਦੀ ਸਥਾਪਨਾ ਕੀਤੀ ਸੀ। ਇਸ ਦੀ ਉਸਾਰੀ ਦਾ ਬਹੁਤਾ ਕੰਮ ਬਾਬਾ ਗੁਰਦਿੱਤਾ ਜੀ ਦੁਆਰਾ ਕੀਤਾ ਗਿਆ। ਭੱਟ ਵਹੀਆਂ ਵਿਚ ਇਸ ਦੀ ਸਥਾਪਨਾ ਬਾਬਾ ਸ੍ਰੀ ਚੰਦ ਜੀ ਵੱਲੋਂ ਹੋਈ ਮੰਨੀ ਗਈ ਹੈ।

ਰਵਾਇਤ ਅਨੁਸਾਰ ਜਦੋਂ ਉਦਾਸੀਆਂ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਇਥੇ ਆ ਕੇ ਪੀਰ ਬੁੱਢਣ ਸ਼ਾਹ ਨੂੰ ਮਿਲੇ ਤਾਂ ਉਨ੍ਹਾਂ ਨੇ ਭਵਿੱਖ ਵਿਚ ਇਥੇ ਕਿਸੇ ਨਗਰ ਦੇ ਆਬਾਦ ਹੋਣ ਦੇ ਸੰਕੇਤ ਦਿੱਤੇ। ਇਸ ਕਸਬੇ ਦੇ ਆਬਾਦ ਹੋਣ ਤੋਂ ਬਾਅਦ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸੰਨ 1634 ਈ. (1691 ਬਿਕ੍ਰਮੀ) ਨੂੰ ਇਥੇ ਸਥਾਈ ਨਿਵਾਸ ਲਈ ਆ ਗਏ ਅਤੇ ਜੋਤੀ-ਜੋਤ ਸਮਾਉਣ ਤਕ ਇੱਥੇ ਹੀ ਰਹੇ। ਉਨ੍ਹਾਂ ਤੋਂ ਬਾਅਦ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਇਥੇ ਹੀ ਰਹੇ। ਪਰੰਤੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇੱਥੋਂ ਅੱਠ ਕਿਲੋਮੀਟਰ ਉੱਤਰ ਵੱਲ ‘ਚੱਕ ਨਾਨਕੀ’(ਅਨੰਦਪੁਰ ਸਾਹਿਬ) ਦੀ ਸਥਾਪਨਾ ਕਰ ਕੇ ਆਪਣੀ ਰਹਾਇਸ਼ ਉੱਥੇ ਰੱਖੀ। ਸ਼ੀਸ਼ ਮਹਿਲ ਵਾਲੇ ਅਸਥਾਨ ’ਤੇ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਘਰ ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁੱਖੋਂ ਸਾਵਣ ਵਦੀ 10 ਸੰਮਤ 1713 ਬਿਕ੍ਰਮੀ, 8 ਸਾਵਣ ਸੰਮਤ ਨਾਨਕਸ਼ਾਹੀ 188, 7 ਜੁਲਾਈ ਸੰਨ 1656 ਈ. ਨੂੰ ਸ੍ਰੀ ਹਰਿਕ੍ਰਿਸ਼ਨ ਜੀ ਦਾ ਪ੍ਰਕਾਸ਼ ਹੋਇਆ ਸੀ। ਇਸ ਗੁਰਦੁਆਰਾ ਸਾਹਿਬ ਦੇ ਵਿਆਪਕ ਪਰਿਸਰ ਵਿਚ ਪੰਜ ਹੋਰ ਛੋਟੇ-ਛੋਟੇ ਸਮਾਰਕ ਵੀ ਹਨ। ਜਿਵੇਂ ਗੁਰਦੁਆਰਾ ਤਖਤ ਕੋਟ ਸਾਹਿਬ। ਇਥੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਰਬਾਰ ਲਗਾਇਆ ਕਰਦੇ ਸਨ। ਗੁਰਦੁਆਰਾ ਹਰਿਮੰਦਰ ਸਾਹਿਬ ਪਾਤਸ਼ਾਹੀ ਛੇਵੀਂ ਇਥੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨਾਮ-ਸਾਧਨਾ ਕਰਿਆ ਕਰਦੇ ਸਨ। ਗੁਰਦੁਆਰਾ ਦਮਦਮਾ ਸਾਹਿਬ ਇਥੇ ਸ੍ਰੀ ਗੁਰੂ ਹਰਿਰਾਇ ਜੀ ਦੇ ਸਮੇਂ ਸੰਗਤ ਜੁੜਿਆ ਕਰਦੀ ਸੀ ਅਤੇ ਦੀਵਾਨ ਸਜਦਾ ਸੀ। ਗੁਰੂ ਕਾ ਖੂਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਖੁਦਵਾਇਆ ਸੀ ਅਤੇ ਇਸ ਦਾ ਜਲ ਗੁਰੂ ਸਾਹਿਬਾਨ ਦੇ ਨਿਵਾਸ ਲਈ ਵਰਤਿਆ ਜਾਂਦਾ ਸੀ। ਗੁਰਦੁਆਰਾ ਚੁਬੱਚਾ ਸਾਹਿਬ ਇਥੇ ਪਸ਼ੂਆਂ ਨੂੰ ਪਾਣੀ ਪਿਲਾਇਆ ਜਾਂਦਾ ਸੀ ਅਤੇ ਘੋੜਿਆਂ ਨੂੰ ਦਾਣਾ ਭਿਉਂ ਕੇ ਖਵਾਇਆ ਜਾਂਦਾ ਸੀ। ਇਸ ਸਥਾਨ ’ਤੇ ਕਈ ਵਾਰ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਖੁਦ ਆਪਣੇ ਹੱਥਾਂ ਨਾਲ ਘੋੜਿਆਂ ਨੂੰ ਦਾਣਾ ਖਵਾਉਂਦੇ ਸਨ। ਇਸ ਗੁਰਦੁਆਰਾ ਸਾਹਿਬ ਦਾ ਸੁਚੱਜਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾਂਦਾ ਹੈ।

ਗੁਰਦੁਆਰਾ ਸ੍ਰੀ ਤਖ਼ਤ (ਕੋਟ) ਸਾਹਿਬ ਕੀਰਤਪੁਰ ਸਾਹਿਬ:

ਕੀਰਤਪੁਰ ਸ਼ਹਿਰ ਦੇ ਵਿਚਕਾਰ ਗੁਰਦੁਆਰਾ ਸ਼ੀਸ਼ ਮਹਿਲ ਦੇ ਨਾਲ ਗੁਰਦੁਆਰਾ ਹਰਿਮੰਦਰ ਸਾਹਿਬ ਦੇ ਸਾਹਮਣੇ ਗੁਰਦੁਆਰਾ ਤਖ਼ਤ ਸਾਹਿਬ (ਕੋਟ ਸਾਹਿਬ) ਸੁਸ਼ੋਭਿਤ ਹੈ। ਇਸ ਦੇ ਨਾਲ ਹੀ ਲੰਗਰ ਸਾਹਿਬ ਦੀ ਇਮਾਰਤ ਹੈ ਅਤੇ ਨਾਲ ਹੀ ਗ੍ਰੰਥੀ ਸਿੰਘਾਂ ਦੀ ਰਿਹਾਇਸ਼ ਹੈ।

ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਵਿਖੇ ਤੱਤੀ ਤਵੀ ’ਤੇ ਬਿਠਾ ਕੇ ਸ਼ਹੀਦ ਕਰ ਦਿੱਤਾ ਗਿਆ ਤਾਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਗੁਰਗੱਦੀ ਦੀ ਦਸਤਾਰ ਅੰਮ੍ਰਿਤਸਰ ਵਿਖੇ ਬੰਨ੍ਹਾਈ ਗਈ ਸੀ। ਉਸ ਸਮੇਂ ਗੁਰੂ ਜੀ ਨੇ ਮੀਰੀ-ਪੀਰੀ ਦੀਆਂ ਦੋ ਕ੍ਰਿਪਾਨਾਂ ਪਹਿਨ ਕੇ ਸੰਗਤ ਨੂੰ ਦੱਸ ਦਿੱਤਾ ਸੀ ਕਿ ਸਿੱਖਾਂ ਨੂੰ ਬੀਰ ਰਸ ਦੇ ਧਾਰਨੀ ਹੋਣਾ ਪਵੇਗਾ। ਇਸ ਤੋਂ ਬਾਅਦ ਗੁਰੂ ਜੀ ਨੇ ਸਿੱਖਾਂ ਦੀ ਰਾਜਨੀਤਕ ਅਗਵਾਈ ਲਈ ਸ੍ਰੀ ਅੰਮ੍ਰਿਤਸਰ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਚਨਾ ਕੀਤੀ ਜੋ ਮੁਗਲ ਰਾਜਿਆਂ ਨੂੰ ਸਿੱਧੀ ਵੰਗਾਰ ਸੀ। ਹਥਿਆਰ ਤੇ ਘੋੜੇ ਰੱਖ ਕੇ ਫੌਜ ਤਿਆਰ ਕੀਤੀ ਗਈ ਜਿਸ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਦੁਆਰਾ ਸਾਜੇ ਸਿੱਖ ਪੰਥ ਨੇ ਇਕ ਪੌੜੀ ਅੱਗੇ ਦਾ ਸਫਰ ਤਹਿ ਕੀਤਾ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਜ਼ੁਲਮ ਦਾ ਵਿਰੋਧ ਕਰਦਿਆਂ ਚਾਰ ਜੰਗਾਂ ਲੜੀਆਂ। ਇਹ ਚਾਰੇ ਜੰਗਾਂ ਜਿੱਤਣ ਮਗਰੋਂ ਗੁਰੂ ਜੀ ਕੀਰਤਪੁਰ ਸਾਹਿਬ ਵਿਖੇ ਆ ਗਏ। ਗੁਰੂ ਜੀ ਨੇ ਕੀਰਤਪੁਰ ਸਾਹਿਬ ਵਿਖੇ ਇਕ ਛੋਟਾ ਜਿਹਾ ਕਿਲ੍ਹਾ ਬਣਵਾਇਆ ਜਿਸ ਦਾ ਦਰਵਾਜ਼ਾ ਪੱਛਮ ਵੱਲ ਸੀ ਪਰ ਅੱਜਕਲ੍ਹ ਇਹ ਦਰਵਾਜ਼ਾ ਨਹੀਂ ਹੈ ਕਿਉਂਕਿ ਇਹ ਸਥਾਨ ਗੁਰਦੁਆਰਾ ਸ਼ੀਸ ਮਹਿਲ ਸਾਹਿਬ ਦੀ ਚਾਰਦੁਆਰੀ ਵਿਚ ਆ ਗਿਆ ਹੈ। ਕੀਰਤਪੁਰ ਸਾਹਿਬ ਵਿਚ ਹੀ ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਇਕ ਤਖ਼ਤ ਬਣਵਾਇਆ ਜਿੱਥੇ ਬੈਠ ਕੇ ਉਹ ਲੋਕਾਂ ਦੀਆਂ ਦੁੱਖ-ਤਕਲੀਫਾਂ ਸੁਣਿਆ ਕਰਦੇ ਸਨ ਅਤੇ ਲੋਕਾਂ ਦੇ ਝਗੜਿਆਂ ਦਾ ਨਿਪਟਾਰਾ ਕਰਿਆ ਕਰਦੇ ਸਨ। ਇਹ ਇਕ ਤਰ੍ਹਾਂ ਨਾਲ ਗੁਰੂ ਜੀ ਦੀ ਅਦਾਲਤ ਸੀ। ਇਥੇ ਹੀ ਫੌਜ ਦਾ ਨਿਰੀਖਣ ਕੀਤਾ ਜਾਂਦਾ ਸੀ। ਇਸੇ ਸਥਾਨ ’ਤੇ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ 1 ਚੇਤ ਸੰਮਤ ਨਾਨਕਸ਼ਾਹੀ 176, ਸੰਨ 1644 ਈ. ਨੂੰ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ 6 ਕੱਤਕ ਸੰਮਤ ਨਾਨਕਸ਼ਾਹੀ 193, ਸੰਮਤ 1718 ਬਿਕ੍ਰਮੀ ਸੰਨ 1661 ਈ. ਨੂੰ ਦੁਸਹਿਰੇ ਵਾਲੇ ਦਿਨ ਗੁਰਗੱਦੀ ’ਤੇ ਬੈਠੇ ਸਨ।

ਇਸ ਗੁਰਦੁਆਰਾ ਸਾਹਿਬ ਦੀ ਮੌਜੂਦਾ ਸੁੰਦਰ ਇਮਾਰਤ ਦੀ ਉਸਾਰੀ ਅਤੇ ਨਾਲ ਹੀ ਇਕ ਵੱਡਾ ਹਾਲ ਅਤੇ ਲੰਗਰ ਹਾਲ ਦੀ ਉਸਾਰੀ ਦੀ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਵਾਲੇ ਬਾਬਾ ਸੇਵਾ ਸਿੰਘ ਜੀ ਵੱਲੋਂ ਕਰਵਾਈ ਗਈ ਹੈ। ਗੁਰਦੁਆਰਾ ਸਾਹਿਬ ਅੰਦਰ 24 ਘੰਟੇ ਲੰਗਰ ਚਲਦਾ ਹੈ। ਸੁਚੱਜੀ ਸੇਵਾ-ਸੰਭਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਜਾਂਦੀ ਹੈ।

ਗੁਰਦੁਆਰਾ ਮੰਜੀ ਸਾਹਿਬ ਪੰਜੋਖਰਾ:

ਹਰਿਆਣਾ ਪ੍ਰਾਂਤ ਦੇ ਅੰਬਾਲਾ ਜ਼ਿਲ੍ਹੇ ਦਾ ਪੰਜੋਖਰਾ ਇਕ ਪਿੰਡ ਹੈ ਜੋ ਰੇਲਵੇ ਸਟੇਸ਼ਨ ਅੰਬਾਲਾ ਤੋਂ ਲੱਗਭਗ 10 ਕਿਲੋਮੀਟਰ ਪੂਰਬ ਵੱਲ ਵਾਕਿਆ ਹੈ। ਇਹ ਪਿੰਡ ਅੰਬਾਲਾ-ਨਰੈਣਗੜ੍ਹ ਸੜਕ ’ਤੇ ਹੈ। ਇਸ ਪਿੰਡ ਤੋਂ ਇਕ ਕਿਲੋਮੀਟਰ ਉੱਤਰ ਵੱਲ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਪਵਿੱਤਰ ਯਾਦ ਵਿਚ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਿੱਲੀ ਨੂੰ ਜਾਂਦੇ ਹੋਏ ਇਸ ਸਥਾਨ ’ਤੇ ਠਹਿਰੇ ਸਨ। ਇਸ ਸਥਾਨ ’ਤੇ ਗੁਰੂ ਜੀ ਨੂੰ ਲਾਲ ਪੰਡਤ ਨੇ ਕਿਹਾ ਕਿ ਕ੍ਰਿਸ਼ਨ ਨੇ ਤਾਂ ਗੀਤਾ ਦਾ ਉਚਾਰਨ ਕੀਤਾ ਸੀ ਜੇਕਰ ਤੁਸੀਂ ਉਸ ਗੀਤਾ ਦੇ ਅਰਥ ਕਰ ਕੇ ਦਿਖਾ ਦਿਓ ਤਾਂ ਹੀ ਤੁਸੀਂ ਹਰਿਕ੍ਰਿਸ਼ਨ ਕਹਾਉਣ ਦੇ ਹੱਕਦਾਰ ਹੋ। ਗੁਰੂ ਜੀ ਨੇ ਇਥੇ ਛੱਜੂ ਨਾਂ ਦੇ ਇਕ ਕੁਹਾਰ ਦੇ ਸਿਰ ’ਤੇ ਆਪਣੀ ਖੂੰਡੀ ਧਰ ਕੇ ਕਿਹਾ ਕਿ ਜੋ ਕੁਛ ਪੰਡਤ ਜੀ ਪੁੱਛ ਰਹੇ ਹਨ ਉਨ੍ਹਾਂ ਦਾ ਉੱਤਰ ਦਿਓ। ਪੰਡਤ ਜੀ ਨੇ ਗੀਤਾ ’ਚੋਂ ਜੋ-ਜੋ ਸਵਾਲ ਪੁੱਛੇ ਛੱਜੂ ਉਨ੍ਹਾਂ ਦਾ ਜਵਾਬ ਦਿੰਦਾ ਗਿਆ, ਜਿਸ ਨੂੰ ਸੁਣ ਕੇ ਲਾਲ ਪੰਡਤ ਹੈਰਾਨ ਰਹਿ ਗਿਆ, ਅਤੇ ਗੁਰੂ ਜੀ ਦੇ ਚਰਨੀਂ ਢਹਿ ਪਿਆ। ਇਥੋਂ ਦੇ ਚੋਧਰੀ ਮਲਕ ਦੇਸੂ ਨੇ ਗੁਰੂ ਜੀ ਦੀ ਬਹੁਤ ਸੇਵਾ ਕੀਤੀ ਉਸ ਦੀ ਔਲਾਦ ਹੁਣ ਇਸ ਪਿੰਡ ਵਿਚ ਵੱਸਦੀ ਹੈ। ਗੁਰਦੁਆਰਾ ਸਾਹਿਬ ਦੇ ਨਾਂ ਤੇ ਦੋ ਸੋ ਵਿਘੇ ਜ਼ਮੀਨ ਰਾਜਾ ਭੂਪ ਸਿੰਘ ਰੋਪੜੀਏ ਨੇ ਲਗਵਾਈ ਸੀ ਅਤੇ 1934 ਈ. ਵਿਚ ਫੂਲ ਦੇ ਮਹਾਰਾਜਿਆਂ ਅਤੇ ਫਰੀਦਕੋਟੀਏ ਗੁਰੂ ਸਥਾਨ ਦੀ ਸੇਵਾ ਕਰਦੇ ਰਹੇ। ਅੱਜਕਲ੍ਹ ਇਸ ਸਥਾਨ ਦਾ ਪ੍ਰਬੰਧ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੜੇ ਸੁਚੱਜੇ ਢੰਗ ਨਾਲ ਕਰ ਰਹੀ ਹੈ।

ਗੁਰਦੁਆਰਾ ਪਾਤਸ਼ਾਹੀ ਅਠਵੀਂ ਥਾਨੇਸਰ:

ਹਰਿਆਣਾ ਰਾਜ ਵਿਚ ਕੁਰੂਕਸ਼ੇਤਰ ਦੇ ਨੇੜੇ ਹਿੰਦੂਆਂ ਦਾ ਇਕ ਪ੍ਰਸਿੱਧ ਤੀਰਥ ਸਥਾਨ ਹੈ ਜਿਸ ਨੂੰ ਥਾਨੇਸਰ ਕਿਹਾ ਜਾਂਦਾ ਹੈ। ਇਹ ਨਗਰ ਸਤਵੀਂ ਸਦੀ ਵਿਚ ਰਾਜਾ ਹਰਸ਼ਵਰਧਨ ਦੀ ਰਾਜਧਾਨੀ ਹੋਇਆ ਕਰਦਾ ਸੀ। ਸੰਨ 1012 ਈ. ਵਿਚ ਮਹਿਮੂਦ ਗਜ਼ਨਵੀ ਨੇ ਅਤੇ ਸੰਨ 1755 ਈ. ਵਿਚ ਅਹਿਮਦਸ਼ਾਹ ਦੁਰਾਨੀ ਨੇ ਇਸ ਨਗਰ ਵਿਚ ਬਹੁਤ ਲੁੱਟ-ਮਾਰ ਕੀਤੀ ਸੀ ਜਿਸ ਨਾਲ ਇਹ ਸ਼ਹਿਰ ਬਰਬਾਦ ਹੋ ਗਿਆ ਸੀ। ਇਸ ਨਗਰ ਦਾ ਪਿਛੋਕੜ ਪਾਂਡਵਾਂ-ਕੌਰਵਾਂ ਦੇ ਬਜ਼ੁਰਗ ਕੁਰੂ ਨਾਲ ਵੀ ਜੁੜਿਆ ਹੋਇਆ ਹੈ। ਕਿਹਾ ਜਾਂਦਾ ਹੈ ਇਥੇ ਉਸ ਨੇ ਤਪੱਸਿਆ ਕੀਤੀ ਸੀ। ਸੂਰਜ ਗ੍ਰਹਿਣ ਦੇ ਮੌਕੇ ’ਤੇ ਇਸ ਨਗਰ ਦੇ ਸਰੋਵਰਾਂ ਵਿਚ ਹਿੰਦੂਆਂ ਵੱਲੋਂ ਇਸ਼ਨਾਨ ਕਰਨ ਦਾ ਬਹੁਤ ਮਹਾਤਮ ਦੱਸਿਆ ਜਾਂਦਾ ਹੈ। ਇਸ ਨਗਰ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ, ਸ੍ਰੀ ਗੁਰੂ ਹਰਿਰਾਇ ਸਾਹਿਬ ਜੀ, ਸ੍ਰੀ ਗੁਰੂ ਹਰਿਕ੍ਰਿਸ਼ਨ ਜੀ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਿੱਖੀ ਦੇ ਪ੍ਰਚਾਰ-ਪ੍ਰਸਾਰ ਹਿੱਤ ਚਰਨ ਪਾਏ ਸਨ। ਇਨ੍ਹਾਂ ਗੁਰੂ ਸਾਹਿਬਾਨ ਦੀ ਆਮਦ ਦੀ ਯਾਦ ਵਿਚ ਇਥੇ ਗੁਰਦੁਆਰੇ ਸਾਹਿਬਾਨ ਸੁਸ਼ੋਭਿਤ ਹਨ।

ਥਾਨੇਸਰ ਵਿੱਖੇ ਸਨੇਹਤ ਤੀਰਥ ਦੇ ਪਾਸ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਆਪਣੀ ਚਰਨ-ਛੋਹ ਪਾ ਕੇ ਲੋਕਾਂ ਨੂੰ ਸਿੱਖੀ ਦਾ ਉਪਦੇਸ਼ ਦਿੱਤਾ ਸੀ। ਗੁਰੂ ਸਾਹਿਬਾਨ ਦੀ ਆਮਦ ਦੀ ਯਾਦ ਵਿਚ ਇਥੇ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਹੈ।

ਗੁਰਦੁਆਰਾ ਬੰਗਲਾ ਸਾਹਿਬ ਦਿੱਲੀ:

ਨਵੀਂ ਦਿੱਲੀ ਦੇ ਗੋਲ ਡਾਕਖਾਨੇ ਪਾਸ ਗੁਰਦੁਆਰਾ ਬੰਗਲਾ ਸਾਹਿਬ ਦੀ ਆਲੀਸ਼ਾਨ ਇਮਾਰਤ ਸੁਸ਼ੋਭਿਤ ਹੈ। ਦਿੱਲੀ ਵਿੱਖੇ ਇਸ ਸਥਾਨ ’ਤੇ ਪਹਿਲਾਂ ਮਿਰਜ਼ਾ ਰਾਜਾ ਜੈ ਸਿੰਘ ਪੁਰੀਏ ਦੀ ਹਵੇਲੀ ਸੀ। ਜਦੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸੰਨ 1664 ਈ. ਵਿਚ ਦਿੱਲੀ ਆਏ ਸਨ ਤਾਂ ਉਹ ਇਸ ਹਵੇਲੀ ਦੇ ਬਾਗ-ਬੰਗਲੇ ਵਿਚ ਠਹਿਰੇ ਸਨ। ਉਸ ਸਮੇਂ ਦਿੱਲੀ ਵਿਚ ਬਹੁਤ ਭਿਆਨਕ ਹੈਜ਼ੇ ਦੀ ਬਿਮਾਰੀ ਫੈਲੀ ਹੋਈ ਸੀ। ਗੁਰੂ ਜੀ ਨੇ ਆਪਣੇ ਸਿੱਖਾਂ ਨਾਲ ਜਾ ਕੇ ਆਪਣੇ ਹੱਥੀਂ ਬਿਮਾਰਾਂ ਦੀ ਸੇਵਾ ਕੀਤੀ, ਹਰ ਪਾਸੇ ਗੁਰੂ ਜੀ ਦੀ ਜੈ-ਜੈ ਕਾਰ ਹੋਣ ਲੱਗੀ। ਬਿਮਾਰੀ ਤੋਂ ਪੀੜਤ ਲੋਕ ਗੁਰੂ ਜੀ ਪਾਸ ਆਉਣ ਲੱਗੇ। ਇਕ ਦਿਨ ਰਾਜਾ ਜੈ ਸਿੰਘ ਦੀ ਪਟਰਾਣੀ ਨੇ ਗੁਰੂ ਜੀ ਬਾਰੇ ਸੁਣ ਕੇ ਦਰਸ਼ਨਾਂ ਲਈ ਗੁਰੂ ਜੀ ਨੂੰ ਆਪਣੇ ਮਹਿਲ ਅੰਦਰ ਆਉਣ ਦਾ ਸੱਦਾ ਦਿੱਤਾ। ਪਟਰਾਣੀ ਗੁਰੂ ਜੀ ਦੀ ਬੁੱਧੀ ਨੂੰ ਪਰਖਣ ਲਈ ਆਪ ਗੋਲੀਆਂ ਵਾਲੇ ਕੱਪੜੇ ਪਾ ਕੇ ਗੋਲੀਆਂ ਵਿਚ ਬੈਠ ਗਈ। ਗੁਰੂ ਜੀ ਪਟਰਾਣੀ ਨੂੰ ਪਛਾਣ ਕੇ ਉਸ ਦੀ ਗੋਦੀ ਵਿਚ ਜਾ ਬੈਠੇ।

ਗੁਰੂ ਜੀ ਦੀ ਆਮਦ ਦੀ ਯਾਦ ਵਿਚ ਇਸ ਹਵੇਲੀ ਨੂੰ ਸਮਾਰਕ ਦੇ ਰੂਪ ਵਿਚ ਬਦਲ ਦਿੱਤਾ ਗਿਆ। ਜੋ ਬਾਅਦ ਵਿਚ ਮੁਸਲਮਾਨਾਂ ਦੁਆਰਾ ਇਸ ਨੂੰ ਢਾਹ ਕੇ ਮਸੀਤ ਬਣਾ ਦਿੱਤੀ ਗਈ ਸੀ। ਜਦੋਂ ਸਿੱਖਾਂ ਨੇ ਦਿੱਲੀ ਫਤਹ ਕੀਤੀ ਤਾਂ ਸ. ਬਘੇਲ ਸਿੰਘ ਨੇ ਸੰਨ 1783 ਈ. ਵਿਚ ਇਥੇ ਗੁਰਦੁਆਰਾ ਸਾਹਿਬ ਦੀ ਉਸਾਰੀ ਕਰਵਾਈ। ਇਸ ਗੁਰਦੁਆਰਾ ਸਾਹਿਬ ਦੀ ਵਰਤਮਾਨ ਇਮਾਰਤ ਸੰਨ 1947 ਈ. ਤੋਂ ਬਾਅਦ ਹੌਲੀ- ਹੌਲੀ ਹੋਂਦ ਵਿਚ ਆਈ। ਹੁਣ ਇਸ ਗੁਰੂ ਧਾਮ ਦੇ ਪਰਿਸਰ ਵਿਚ ਇਕ ਸਰੋਵਰ ਵੀ ਬਣਿਆ ਹੋਇਆ ਹੈ। ਇਥੇ ਇਕ ਹਸਪਤਾਲ ਅਤੇ ਅਜਾਇਬ ਘਰ ਵੀ ਕਾਇਮ ਕੀਤੇ ਹੋਏ ਹਨ। ਲੜਕੀਆਂ ਦੀ ਪੜ੍ਹਾਈ ਲਈ ਇਕ ਸਕੂਲ ਵੀ ਚਲਾਇਆ ਜਾ ਰਿਹਾ ਹੈ। ਇਸ ਸਥਾਨ ’ਤੇ ਹਰ ਸੰਗ੍ਰਾਂਦ ਨੂੰ ਬਹੁਤ ਵੱਡਾ ਦੀਵਾਨ ਸਜਦਾ ਹੈ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਜਨਮ ਦਿਹਾੜਾ ਉਚੇਚੇ ਤੌਰ ’ਤੇ ਮਨਾਇਆ ਜਾਂਦਾ ਹੈ। ਇਥੇ ਬਣੇ ਚੁਬੱਚਾ ਸਾਹਿਬ ਦੇ ਜਲ ਨੂੰ ਸੰਗਤ ਬੜੇ ਸ਼ਰਧਾ ਭਾਵਨਾ ਨਾਲ ਛਕਦੀ ਹੈ। ਇਸ ਗੁਰਦੁਆਰਾ ਸਾਹਿਬ ਦੀ ਸੇਵਾ-ਸੰਭਾਲ ਦਾ ਪ੍ਰਬੰਧ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾਂਦਾ ਹੈ।

ਗੁਰਦੁਆਰਾ ਸਾਹਿਬ ਬਾਲਾ ਜੀ ਦਿੱਲੀ:

ਗੁਰਦੁਆਰਾ ਸਾਹਿਬ ਬਾਲਾ ਜੀ ਦਿੱਲੀ ਦੀ ਬਾਹਰਲੀ ਰਿੰਗ ਰੋਡ ਉਤੇ ‘ਬਾਰਾਮੁਲਾ’ ਦੇ ਨੇੜੇ ਸਥਿਤ ਹੈ। ਇਹ ਸਥਾਨ ਕਿਸੇ ਸਮੇਂ ਜਮਨਾ ਦਰਿਆ ਦੇ ਕੰਢੇ ਦੇ ਬਹੁਤ ਨੇੜੇ ਹੋਇਆ ਕਰਦਾ ਸੀ। ਇਸ ਸਥਾਨ ’ਤੇ ਗੁਰੂ ਜੀ ਦਾ ਦਾਹ-ਸਸਕਾਰ 3 ਵੈਸਾਖ ਸੰਮਤ ਨਾਨਕਸ਼ਾਹੀ 196, ਚੇਤ ਸੁਦੀ ਚੌਦੇਂ ਸੰਮਤ 1721 ਬਿਕ੍ਰਮੀ ਵਿਚ ਕੀਤਾ ਗਿਆ ਸੀ। ਬਾਅਦ ਵਿਚ ਮਾਤਾ ਸਾਹਿਬ ਦੇਵਾਂ ਅਤੇ ਮਾਤਾ ਸੁੰਦਰੀ ਜੀ ਦਾ ਸਸਕਾਰ ਵੀ ਇਥੇ ਹੀ ਕੀਤਾ ਗਿਆ ਸੀ। ਸੰਨ 1783 ਈ. ਵਿਚ ਸ. ਬਘੇਲ ਸਿੰਘ ਨੇ ਇਸ ਸਥਾਨ ’ਤੇ ਗੁਰੂ ਜੀ ਦੀ ਯਾਦ ਵਿਚ ਗੁਰਦੁਆਰਾ ਸਾਹਿਬ ਦੀ ਉਸਾਰੀ ਕਰਵਾਈ। ਇਸ ਗੁਰਦੁਆਰਾ ਸਾਹਿਬ ਦੀ ਵਰਤਮਾਨ ਇਮਾਰਤ ਸੰਨ 1955 ਈ. ਵਿਚ ਬਣਵਾਈ ਗਈ। ਇਥੇ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦਾ ਜੋਤੀ-ਜੋਤਿ ਦਿਵਸ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ। ਇਸ ਦਾ ਸੁਚੱਜਾ ਪ੍ਰਬੰਧ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾ ਰਿਹਾ ਹੈ।

ਸ੍ਰੋਤ ਪੁਸਤਕਾਂ:

1. ਮਹਾਨ ਕੋਸ਼, ਭਾਈ ਕਾਨ੍ਹ ਸਿੰਘ ਨਾਭਾ
2. ਪੰਜਾਬ ਕੋਸ਼, ਭਾਸ਼ਾ ਵਿਭਾਗ ਪੰਜਾਬ
3. ਸਿੱਖ ਵਿਸ਼ਵਕੋਸ਼, ਡਾ. ਰਤਨ ਸਿੰਘ ਜੱਗੀ
4. ਗੁਰਦੁਆਰੇ ਗੁਰਧਾਮ, ਗਿਆਨੀ ਗਿਆਨ ਸਿੰਘ
5. ਸੋ ਥਾਨੁ ਸੁਹਾਵਾ, ਸ. ਰੂਪ ਸਿੰਘ

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

ਮੁੱਖ ਸੰਪਾਦਕ -ਵਿਖੇ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

ਸਿਮਰਜੀਤ ਸਿੰਘ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ) ਵੱਲੋਂ ਛਾਪੇ ਜਾਂਦੇ ਮਾਸਿਕ ਪੱਤਰ ਗੁਰਮਤਿ ਪ੍ਰਕਾਸ਼ ਦੇ ਮੁੱਖ ਸੰਪਾਦਕ ਹਨ।

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)