editor@sikharchives.org

ਸ੍ਰੀ ਗੁਰੂ ਹਰਿਰਾਇ ਸਾਹਿਬ – ਜੀਵਨ ਅਤੇ ਕਾਰਜ

ਫੂਲਕੀਆ ਖ਼ਾਨਦਾਨ ਦੇ ਵੱਡੇ-ਵਡੇਰੇ ਫੂਲ ਅਤੇ ਸੰਦਲੀ, ਜੋ ਪਟਿਆਲਾ, ਨਾਭਾ ਅਤੇ ਜੀਂਦ ਦੇ ਰਾਜੇ ਅਥਵਾ ਬਜ਼ੁਰਗ ਸਨ, ਨੂੰ ਰਾਜਸੀ ਅਸ਼ੀਰਵਾਦ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਤੋਂ ਹੀ ਪ੍ਰਾਪਤ ਹੋਇਆ ਸੀ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਜਨਮ ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਸਪੁੱਤਰ ਬਾਬਾ ਗੁਰਦਿੱਤਾ ਜੀ ਦੇ ਘਰ ਮਾਤਾ ਨਿਹਾਲ ਕੌਰ ਜੀ ਦੀ ਕੁੱਖੋਂ ਮਾਘ ਸੁਦੀ 13, ਸੰਮਤ 1686 ਬਿਕ੍ਰਮੀ, ਭਾਵ 16 ਜਨਵਰੀ, 1630 ਈ., 19 ਮਾਘ ਸੰਮਤ ਨਾਨਕਸ਼ਾਹੀ 161 ਨੂੰ ਕੀਰਤਪੁਰ ਸਾਹਿਬ ਵਿਖੇ ਹੋਇਆ। ਲੱਗਭਗ 10 ਕੁ ਸਾਲ ਦੀ ਉਮਰ ਵਿਚ 1640 ਈ. ਨੂੰ ਆਪ ਜੀ ਦਾ ਵਿਆਹ ਬੀਬੀ ਸੁਲੱਖਣੀ ਜੀ ਨਾਲ ਹੋਇਆ। ਸ੍ਰੀ ਗੁਰੂ ਹਰਿਰਾਇ ਸਾਹਿਬ ਦੇ ਘਰ, ਸਮੇਂ ਨਾਲ, ਦੋ ਪੁੱਤਰ ਬਾਬਾ ਰਾਮਰਾਇ ਤੇ (ਗੁਰੂ) ਹਰਿਕ੍ਰਿਸ਼ਨ ਜੀ ਪੈਦਾ ਹੋਏ। ਆਪ ਜੀ ਦੇ ਘਰ ਇਕ ਬੇਟੀ ਰੂਪ ਕੁਇਰ ਹੋਣ ਦੇ ਵੀ ਸੰਕੇਤ ਮਿਲਦੇ ਹਨ, ਪਰ ਇਤਿਹਾਸ ਇਸ ਸਬੰਧੀ ਸਪੱਸ਼ਟ ਫ਼ੈਸਲਾ ਨਹੀਂ ਕਰ ਸਕਿਆ।1

ਗੁਰਿਆਈ:

ਛੇਵੇਂ ਪਾਤਸ਼ਾਹ 6 ਚੇਤ ਸੰਮਤ 1701 ਬਿਕ੍ਰਮੀ/3 ਮਾਰਚ 1644 ਈ. ਨੂੰ ਜੋਤੀ ਜੋਤਿ ਸਮਾਏ ਸਨ ਤੇ ਉਨ੍ਹਾਂ ਆਪਣੇ ਜਿਊਂਦੇ-ਜੀਅ ਹੀ 1 ਚੇਤ ਸੰਮਤ 1701 ਬਿ: ਨੂੰ ਗੁਰਗੱਦੀ ਦੀ ‘ਪਾਤਸ਼ਾਹੀ’ ਗੁਰੂ ਹਰਿਰਾਇ ਸਾਹਿਬ ਜੀ ਨੂੰ ਸੌਂਪ ਦਿੱਤੀ ਸੀ, ਇਸ ਸਮੇਂ ਆਪ ਜੀ ਦੀ ਉਮਰ 14 ਕੁ ਸਾਲਾਂ ਦੀ ਸੀ।2

ਕਾਰਜ :

ਗੁਰੂ ਸਾਹਿਬ ਦੁਆਰਾ ਕੀਤੇ ਵਿਭਿੰਨ ਪ੍ਰਕਾਰੀ-ਕਾਰਜ, ਭਾਵੇਂ ਕਾਫ਼ੀ ਵਿਸਤਾਰ ਦੀ ਮੰਗ ਕਰਦੇ ਹਨ, ਪਰ ਇਥੇ ਇੰਨਾ ਜਾਣ ਲੈਣਾ ਹੀ ਜ਼ਰੂਰੀ ਹੈ ਕਿ ਛੇਵੇਂ ਪਾਤਸ਼ਾਹ ਤੋਂ ਬਾਅਦ ਸਿੱਖ ਲਹਿਰ ਦਾ ਸਮੇਂ ਦੀ ਬਾਦਸ਼ਾਹਤ ਨਾਲ ਖ਼ੂਨੀ ਟਕਰਾਅ ਸ਼ੁਰੂ ਹੋ ਗਿਆ ਸੀ, ਜਿਸ ਨੂੰ ਪੂਰੀ ਤਰ੍ਹਾਂ ਸੰਗਠਿਤ ਸਿੱਖ ਸੰਗਤਾਂ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵੇਲੇ ਚੇਤਨ ਹੋ ਕੇ ਮੌਕਾ ਸੰਭਾਲਿਆ ਸੀ। ਸ੍ਰੀ ਗੁਰੂ ਹਰਿਰਾਇ ਸਾਹਿਬ ਵੇਲੇ ਹਾਲਾਤ ਸਾਜ਼ਗਾਰ ਨਹੀਂ ਸਨ ਕਿ ਸੰਗਠਿਤ ਹੋ ਰਹੀ ਸਿੱਖ ਲਹਿਰ ਨੂੰ ਸਮਕਾਲੀ ਤਾਕਤਵਰ ਤੁਰਕ ਸਲਤਨਤ ਨਾਲ ਟਕਰਾਅ ਦਿੱਤਾ ਜਾਵੇ। ਸ੍ਰੀ ਗੁਰੂ ਹਰਿਰਾਇ ਸਾਹਿਬ ਨੇ ਹਮੇਸ਼ਾਂ ਬਚਾਓ ਪੱਖ ਦੀ ਨੀਤੀ ਨੂੰ ਅਪਣਾਇਆ। ਦੇਸ਼ ਵਿਚ ਰਾਜਨੀਤਿਕ ਉਤਰਾਵਾਂ-ਚੜ੍ਹਾਵਾਂ ਵਿਚ ਆਪਣੇ-ਆਪ ਨੂੰ ਨਿਰਪੱਖ ਰੱਖਿਆ। ਸਿੱਖ ਲਹਿਰ ਨੂੰ ਮੁਗ਼ਲਾਂ ਅਤੇ ਕਹਿਲੂਰ ਆਦਿ ਰਿਆਸਤਾਂ ਵਿਚ ਉਲਝਣ ਨਹੀਂ ਦਿੱਤਾ।

ਸੰਨ 1645 ਈ. ਵਿਚ ਜਦੋਂ ਮੁਗ਼ਲਾਂ ਨੇ ਕਹਿਲੂਰ ਰਿਆਸਤ ’ਤੇ ਹਮਲਾ ਕਰ ਕੇ ਉਥੋਂ ਦੇ ਰਾਜੇ ਨੂੰ ਬੰਦੀ ਬਣਾ ਲਿਆ ਤਾਂ ਗੁਰੂ ਸਾਹਿਬ ਲੱਗਭਗ ਨਿਰਪੱਖ ਹੀ ਰਹੇ ਸਨ। ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੀ ਸਿਆਣਪ ਨਾਲ ਹਕੂਮਤ, ਸਿੱਖ ਲਹਿਰ ਦੇ ਨੇੜੇ ਹੋਈ। ਜਦੋਂ ਦਾਰਾ ਸ਼ਿਕੋਹ ਕਿਸੇ ਭਿਆਨਕ ਬਿਮਾਰੀ ਦਾ ਸ਼ਿਕਾਰ ਹੋ ਗਿਆ ਤਾਂ ਉਸ ਲਈ ਇਕ ਖਾਸ ਕਿਸਮ ਦੀ ਹਰੜ, ਗਜਮੋਤੀ ਤੇ ਲੌਂਗ ਦਾ ਮਿਸ਼ਰਣ ਗੁਰੂ ਸਾਹਿਬ ਕੋਲੋਂ ਹੀ ਪ੍ਰਾਪਤ ਹੋਇਆ ਸੀ।3

ਫੂਲਕੀਆ ਖ਼ਾਨਦਾਨ ਦੇ ਵੱਡੇ-ਵਡੇਰੇ ਫੂਲ ਅਤੇ ਸੰਦਲੀ, ਜੋ ਪਟਿਆਲਾ, ਨਾਭਾ ਅਤੇ ਜੀਂਦ ਦੇ ਰਾਜੇ ਅਥਵਾ ਬਜ਼ੁਰਗ ਸਨ, ਨੂੰ ਰਾਜਸੀ ਅਸ਼ੀਰਵਾਦ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਤੋਂ ਹੀ ਪ੍ਰਾਪਤ ਹੋਇਆ ਸੀ।4 ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਇਨ੍ਹਾਂ ਨੂੰ ਖੁਸ਼ਹਾਲੀ ਦਾ ਅਸ਼ੀਰਵਾਦ ਦਿੱਤਾ ਸੀ।5

ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਸ਼ੁਰੂ ਕੀਤੀ ਸਿੱਖ ਲਹਿਰ ਨੇ ਸਮੇਂ-ਸਮੇਂ ਕਈ ਸੰਸਥਾਵਾਂ ਨੂੰ ਜਨਮ ਦਿੱਤਾ, ਜਿਨ੍ਹਾਂ ਦੇ ਆਧਾਰ ਉੱਤੇ ਸਿੱਖ ਧਰਮ,ਇਕ ਜਥੇਬੰਦਕ ਰੂਪ ਲੈ ਰਿਹਾ ਸੀ। ਸ੍ਰੀ ਗੁਰੂ ਹਰਿਰਾਇ ਸਾਹਿਬ ਤਕ ਪਹੁੰਚਦਿਆਂ-ਪਹੁੰਚਦਿਆਂ ਲੰਗਰ, ਸੰਗਤ, ਮੰਜੀ, ਮਸੰਦ, ਦਸਵੰਧ, ਗੁਰਦੁਆਰਾ (ਜਿਸ ਦਾ ਪਹਿਲਾ ਰੂਪ ਧਰਮਸ਼ਾਲਾ ਸੀ6, ਭਾਵ ਪ੍ਰਚਾਰ-ਕੇਂਦਰ) ਆਦਿ ਸੰਸਥਾਵਾਂ ਪੂਰੀ ਤਰ੍ਹਾਂ ਪ੍ਰਫੁਲਤ ਹੋ ਕੇ ਜਗਤ ਸਾਹਮਣੇ ਪ੍ਰਗਟ ਹੋ ਚੁਕੀਆਂ ਸਨ। ਸ੍ਰੀ ਗੁਰੂ ਹਰਿਰਾਇ ਸਾਹਿਬ ਨੇ ਨਾ ਕੇਵਲ ਇਨ੍ਹਾਂ ਸੰਸਥਾਵਾਂ ਨੂੰ ਸੰਭਾਲਿਆ ਹੀ ਸਗੋਂ ਵਿਕਸਿਤ ਵੀ ਕੀਤਾ ਅਤੇ ਸਿੱਖੀ ਦੇ ਪ੍ਰਚਾਰ ਨੂੰ ਪੱਕੇ ਪੈਰੀਂ ਕਰਨ ਵਾਸਤੇ ‘ਚਾਰ ਧੂਣੇ’ ਤੇ ‘ਛੇ ਬਖਸ਼ਿਸ਼ਾਂ’ ਵੀ ਸਥਾਪਤ ਕੀਤੀਆਂ। ਦੱਖਣੀ ਭਾਰਤ ਵਿਚ, ਸਮੇਂ ਨਾਲ ਇਨ੍ਹਾਂ ਧੂਣਿਆਂ/ਬਖਸ਼ਿਸ਼ਾਂ ਦਾ ਜਾਲ ਵਿੱਛ ਗਿਆ।7

ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਤੇ ਦਾਰਾ ਸ਼ਿਕੋਹ

ਲੱਗਭਗ ਸਾਰੇ ਹੀ ਗੁਰਮੁਖੀ-ਸ੍ਰੋਤ ਇਸ ਵਿਚਾਰ ਨੂੰ ਪੇਸ਼ ਕਰਦੇ ਹਨ ਕਿ ਸ਼ਾਹ ਜਹਾਨ ਦਾ ਵੱਡਾ ਪੁੱਤਰ ਦਾਰਾ ਸ਼ਿਕੋਹ ਜਦੋਂ ਔਰੰਗਜ਼ੇਬ ਤੋਂ ਹਾਰ ਕੇ (ਅਸਲ ਵਿਚ ਡਰ ਕੇ) ਲਾਹੌਰ ਪਹੁੰਚਣ ਲਈ ਗੋਇੰਦਵਾਲ ਨਜ਼ਦੀਕ ਦਰਿਆ ਬਿਆਸ ਪਾਰ ਕਰ ਕੇ ਲੰਘਿਆ ਤਾਂ ਇਸ ਨੇ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਕਿ ਸ਼ਾਹੀ ਫ਼ੌਜ ਉਸ ਦਾ ਪਿੱਛਾ ਕਰ ਰਹੀ ਹੈ, ਕਿਰਪਾ ਕਰਕੇ ਉਸ ਦੀ ਮਦਦ ਕੀਤੀ ਜਾਵੇ। ਬੇਨਤੀ ਮੰਨ ਕੇ ਗੁਰੂ ਸਾਹਿਬ ਨੇ ਆਪਣੇ ਸੈਨਿਕਾਂ ਨੂੰ ਸ਼ਾਹੀ ਫ਼ੌਜ ਰੋਕਣ ਵਾਸਤੇ ਤਾਇਨਾਤ ਕਰ ਦਿੱਤਾ ਤੇ ਦਾਰਾ ਠੀਕ-ਠਾਕ ਲਾਹੌਰ ਪਹੁੰਚ ਗਿਆ।

ਅਸਲ ਵਿਚ ਉਪਰੋਕਤ ਵਿਚਾਰ ਪੂਰੀ ਤਰ੍ਹਾਂ ਸਹੀ ਨਹੀਂ ਹਨ, ਇਸ ਦਾ ਕਾਰਨ ਗੁਰਮੁਖੀ-ਸ੍ਰੋਤਾਂ ਦੀ ਜਾਣਕਾਰੀ ਦਾ ਵਧੇਰੇ ਆਧਾਰ ਮੌਖਿਕ ਹੋਣਾ ਹੈ ਅਤੇ ਮੌਖਿਕ ਜਾਣਕਾਰੀ ਵਿਚ ਅਜਿਹੀ ਗ਼ਲਤੀ ਲੱਗਣੀ ਕੋਈ ਗ਼ੈਰ-ਕੁਦਰਤੀ ਨਹੀਂ।

ਸ਼ਾਹ ਜਹਾਨ ਦੇ ਚਾਰ ਪੁੱਤਰਾਂ (ਦਾਰਾ, ਮੁਹੰਮਦ ਸੁਜਾਅ, ਔਰੰਗਜ਼ੇਬ ਅਤੇ ਮੁਰਾਦ) ਵਿੱਚੋਂ ਦਾਰਾ ਵੱਡਾ ਹੋਣ ਕਰਕੇ ਰਾਜ-ਭਾਗ ਦਾ ਕੰਮ ਸੰਭਾਲਦਾ ਸੀ, ਕਿਉਂਕਿ ਸ਼ਾਹ ਜਹਾਨ ਅਖ਼ੀਰਲੀ ਉਮਰ ਵਿਚ ਬਹੁਤ ਕਮਜ਼ੋਰ ਹੋ ਗਿਆ ਸੀ।8 ਭਾਵੇਂ ਦਾਰਾ ਸ਼ਿਕੋਹ ਯੁਵਰਾਜ ਸੀ ਅਤੇ ਰਾਜ ਦੇ ਘਾਟੇ-ਵਾਧੇ ਦਾ ਜ਼ਿੰਮੇਵਾਰ ਸੀ, ਪਰ ਉਹ ਔਰੰਗਜ਼ੇਬ ਤੋਂ ਬਹੁਤ ਡਰਦਾ ਸੀ।9 ਔਰੰਗਜ਼ੇਬ ਨੇ ਸ਼ਾਹ ਜਹਾਨ ਨੂੰ ਕੈਦ ਕਰ ਲਿਆ ਤੇ ਦਾਰਾ ਦੀ ਸਾਰੀ ਤਾਕਤ ਖ਼ਤਮ ਕਰ ਦਿੱਤੀ। ਔਰੰਗਜ਼ੇਬ ਹੱਥੋਂ ਹਾਰ ਕੇ ਦਾਰਾ ਅਫ਼ਗਾਨਿਸਤਾਨ ਵੱਲ ਜਾਣ ਲਈ ਪੰਜਾਬ ਵਿਚ ਗੋਇੰਦਵਾਲ ਕੋਲ ਦੀ ਲੰਘਿਆ, ਜਿੱਥੇ ਉਹ ਆਪਣੇ ਦਾਰਸ਼ਨਿਕ ਤੇ ਸਾਧੂ-ਸੁਭਾਅ ਮੁਤਾਬਿਕ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਦਰਬਾਰ ਵਿਚ ਹਾਜ਼ਰ ਹੋਇਆ। ਗੁਰੂ ਸਾਹਿਬ ਨੇ ਗੁਰੂ-ਘਰ ਦੀ ਪਰਵਿਰਤੀ ਅਨੁਸਾਰ ਸੁਭਾਵਿਕ ਹੀ ਉਸ ਦੀ ਲੰਗਰ-ਪਾਣੀ ਤੇ ਹੋਰ ਯਥਾਯੋਗ ਮਦਦ ਕੀਤੀ ਤੇ ਦਰਿਆ ਬਿਆਸ ਪਾਰ ਕਰਨ ਲਈ ਕਿਸ਼ਤੀਆਂ ਆਦਿਕ ਦੀ ਮਦਦ ਕੀਤੀ, ਕਿਉਂਕਿ ਦਾਰਾ ਨਾਲ ‘ਵੀਹ ਹਜ਼ਾਰ’10 ਸੈਨਾ ਵੀ ਸੀ। ਦਾਰਾ ਨੂੰ ਗੁਰੂ ਸਾਹਿਬ ਨੇ ਕੋਈ ਸੈਨਿਕ ਮਦਦ ਨਹੀਂ ਦਿੱਤੀ ਸੀ ਕਿਉਂਕਿ ਸਮੇਂ ਦੀ ਹਕੂਮਤ ਨਾਲ ਉਲਝ ਕੇ ਗੁਰੂ ਸਾਹਿਬ ਸਿੱਖ ਲਹਿਰ ਦਾ ਉਥਾਨ ਨਹੀਂ ਰੋਕਣਾ ਚਾਹੁੰਦੇ ਸਨ। ਦੂਸਰਾ, ਜੇਕਰ ਗੁਰੂ ਸਾਹਿਬ ਬਾਗ਼ੀ ਦਾਰਾ ਦੀ ਸੈਨਿਕ ਮਦਦ ਕਰਦੇ ਤਾਂ ਔਰੰਗਜ਼ੇਬ ਨਾਲ ਸੈਨਿਕ ਟਕਰਾਅ ਲਾਜ਼ਮੀ ਸੀ, ਪਰ ਅਜਿਹਾ ਗੁਰੂ ਸਾਹਿਬ ਦੀ ਸਿਆਣਪ ਕਰਕੇ ਨਹੀਂ ਹੋਇਆ। ਪਰ ਔਰੰਗਜ਼ੇਬ, ਦਾਰਾ ਦੀ ਗੁਰੂ ਸਾਹਿਬ ਦੁਆਰਾ ਕੀਤੀ ਨੈਤਿਕ ਮਦਦ ਵੀ ਨਹੀਂ ਭੁੱਲਿਆ ਸੀ, ਇਸ ਲਈ ਰਾਜ-ਭਾਗ ਸੰਭਾਲਦਿਆਂ ਹੀ ਉਸ ਨੇ ਗੁਰੂ ਜੀ ਨੂੰ ਮਿਲਣ ਲਈ ਬੁਲਵਾ ਭੇਜਿਆ ਸੀ।11

ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਤੇ ਰਾਮਰਾਇ :

ਰਾਮਰਾਇ, ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਵੱਡਾ ਸਪੁੱਤਰ ਸੀ ਜਿਹੜਾ ਅਕਸਰ ਪ੍ਰਿਥੀਚੰਦ ਵਾਲੀ ਲਾਈਨ ’ਤੇ ਚੱਲ ਰਿਹਾ ਸੀ। ਪਹਿਲਾਂ ਕੀਤੇ ਸੰਕੇਤ ਮੁਤਾਬਿਕ ਔਰੰਗਜ਼ੇਬ ਨੇ ਰਾਜ-ਭਾਗ ਸੰਭਾਲਦੇ ਸਾਰ ਹੀ ਗੁਰੂ ਜੀ ਨੂੰ ਦਿੱਲੀ ਬੁਲਵਾ ਭੇਜਿਆ ਸੀ, ਪਰ ਸਿੱਖ ਸੰਗਤਾਂ ਦੇ ਸਲਾਹ-ਮਸ਼ਵਰੇ ਅਨੁਸਾਰ ਗੁਰੂ ਸਾਹਿਬ ਆਪ ਦਿੱਲੀ ਨਹੀਂ ਗਏ ਸਗੋਂ ਆਪਣੇ ਸਪੁੱਤਰ ਰਾਮਰਾਇ ਨੂੰ ਭੇਜ ਦਿੱਤਾ। ਇਹ ਗੱਲ 1660 ਈ. ਦੇ ਲੱਗਭਗ ਅੰਤ ਦੀ ਹੈ। ਜਿਵੇਂ ਕਿ ਇਤਿਹਾਸ ਤੋਂ ਆਮ ਵਿਦਿਤ ਹੈ ਕਿ ਰਾਮਰਾਇ ਤੇ ਬਾਦਸ਼ਾਹ ਵਿਚਾਲੇ ਜੋ ਗੱਲਬਾਤ ਹੋਈ, ਉਸ ਦਾ ਸਾਰ-ਤੱਤ ਗੁਰਬਾਣੀ ਕੇਂਦਰਤ ਹੀ ਸੀ, ਕਿਉਂਕਿ ਸਥਾਪਿਤ ਧਿਰਾਂ ਨੂੰ ਬਹੁਤਾ ਭੈ ਗੁਰਬਾਣੀ ਵਿੱਚੋਂ ਹੀ ਆਉਂਦਾ ਸੀ। ਰਾਮਰਾਇ ਤੇ ਔਰੰਗਜ਼ੇਬ ਦੀ ਵਿਚਾਰ-ਗੋਸ਼ਟੀ ਵਿੱਚੋਂ ਲਾਲਚ ਰਾਹੀਂ ਰਾਮਰਾਇ ਤੋਂ ਬਾਣੀ ਵਿਆਖਿਆ ਗ਼ਲਤ ਕਰਵਾ ਦਿੱਤੀ। ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਨੇ ਰਾਮਰਾਇ ਨੂੰ, ਇਸ ਘਟਨਾ ਉਪਰੰਤ, ਹਮੇਸ਼ਾਂ ਵਾਸਤੇ ਤਿਆਗ ਦਿੱਤਾ ਸੀ। ਹੋਰ ਸਿੱਖ ਸੰਗਤਾਂ ਨੂੰ ਵੀ ਰਾਮਰਾਈਆਂ ਤੋਂ ਦੂਰ ਰਹਿਣ ਦੇ ਹੁਕਮਨਾਮੇ ਭੇਜੇ ਗਏ। ਔਰੰਗਜ਼ੇਬ ਨੇ ਰਾਮਰਾਇ ਨੂੰ ਖ਼ੁਸ਼ ਕਰਨ ਲਈ ਜਗੀਰ ਦੇ ਦਿੱਤੀ ਸੀ, ਜਿਹੜੇ ਕਹਿੰਦੇ ਹਨ ਕਿ ‘ਦੂਨ’ ਵਿਚ ਹੁਣ ਵੀ ਰਾਮਰਾਈਆਂ ਦੇ ਨਾਂ ‘ਬੋਲਦੀ’ ਹੈ।

ਯਾਤਰਾਵਾਂ :

ਆਪਣੇ ਗੁਰਿਆਈ-ਕਾਲ (1644-61 ਈ.) ਦੌਰਾਨ ਗੁਰੂ ਸਾਹਿਬ ਨੇ ਕੀਰਤਪੁਰ ਸਾਹਿਬ ਤੋਂ ਬਾਹਰ ਜਾ ਕੇ ਵੀ ਸਿੱਖੀ ਦਾ ਪ੍ਰਚਾਰ ਕੀਤਾ। ਇਨ੍ਹਾਂ ਪ੍ਰਚਾਰ- ਦੌਰਿਆਂ ਅਥਵਾ ਰਸਤੇ ਤੇ ਸਥਾਨਾਂ ਬਾਰੇ ਭਾਵੇਂ ਵਿਦਵਾਨਾਂ ਤੇ ਸਿੱਖ-ਸ੍ਰੋਤਾਂ ਵਿਚ ਕਾਫ਼ੀ ਭਿੰਨਤਾ ਵਾਲੇ ਵਿਚਾਰ ਪਾਏ ਜਾਂਦੇ ਹਨ, ਪਰ ਗੁਰੂ ਸਾਹਿਬ ਦੇ ਹੇਠ ਲਿਖੇ ਸਥਾਨਾਂ ਉੱਤੇ ਜਾਣ ਬਾਰੇ ਸਾਨੂੰ ਵਿਭਿੰਨ ਸ੍ਰੋਤਾਂ/ਵਿਦਵਾਨਾਂ ਤੋਂ ਜਾਣਕਾਰੀ ਮਿਲ ਜਾਂਦੀ ਹੈ:12

(1) ਅੰਮ੍ਰਿਤਸਰ, ਗੋਇੰਦਵਾਲ, ਖਡੂਰ ਸਾਹਿਬ, ਵੱਡੀ ਲਹਿਲ, ਹਰੀਆਂ ਵੇਲਾਂ, ਭੁੰਗਰਨੀ, ਬੰਬੇਲੀ, ਕਰਤਾਰਪੁਰ, ਨੂਰ ਮਹਿਲ, ਪੁਆਧੜਾ, ਗਹਲਾਂ, ਭਾਈ ਕੀ ਡਰੋਲੀ, ਮਾੜੀ ਪਿੰਡ, ਮਰਾਝ, ਮੀਝੇਂ ਕੀ ਮੌੜੀ, ਪਲਾਹੀ ਨਗਰ, ਫਰਾਲ ਸੰਧਵਾਂ, ਦੁਸਾਂਝ ਮਸੰਦਾਂ ਕੇ, ਹਕੀਮਪੁਰ, ਚੰਦਪੁਰ, ਦੌਲੇਵਾਲ।

(2) ਬੁੰਗਾ, ਰੋਪੜ, ਪਿਹੋਵਾ, ਥਾਨੇਸਰ, ਸਿਆਲਕੋਟ, ਸ੍ਰੀਨਗਰ ਆਦਿ।

ਗੁਰੂ ਜੀ ਦੇ ਪ੍ਰਮੁੱਖ ਸਿੱਖ :

ਗੁਰਿਆਈ-ਕਾਲ ਦੇ ਆਪਣੇ ਥੋੜ੍ਹੇ ਜਿਹੇ ਸਮੇਂ ਵਿਚ ਗੁਰੂ ਸਾਹਿਬ ਦੇ ਸੰਪਰਕ ਵਿਚ ਕਿੰਨੇ-ਕੁ ਸਿੱਖ ਅਥਵਾ ਜਗਿਆਸੂ ਆਏ? ਇਹ ਅਨੁਮਾਨ ਲਾਉਣਾ ਨਾ ਕੇਵਲ ਔਖਾ ਹੈ, ਬਲਕਿ ਅਸੰਭਵ ਵੀ ਹੈ, ਕਿਉਂਕਿ ਇਕ ਤਾਂ ਇਸ ਤੱਥ ਦੇ ਸਾਡੇ ਕੋਲ ਸਬੂਤ ਕੋਈ ਨਹੀਂ, ਦੂਸਰਾ ਸਿੱਖ ਸੰਗਤਾਂ ਦਾ ਪ੍ਰਵਾਹ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਚਲਦਾ ਆਇਆ ਹੈ ਤੇ ਹਰੇਕ ਗੁਰੂ ਸਾਹਿਬ ਦੇ ਨਾਲ-ਨਾਲ ਵਹਿੰਦਾ ਤੁਰਿਆ ਆਇਆ ਹੈ, ਇਸ ਲਈ ਕਿਸੇ ਸਿੱਖ ਅਥਵਾ ਸੰਗਤ ਨੂੰ ਕਿਸੇ ਵਿਸ਼ੇਸ਼ ਗੁਰੂ ਨਾਲ ਸੰਬੰਧਿਤ ਕਰਨਾ ਵੀ ਔਖਾ ਹੈ, ਪਰ ਫਿਰ ਵੀ ਜੋ ਮੁਖੀ ਸਿੱਖ ਗੁਰੂ ਸਾਹਿਬ ਦੀ ਸੰਗਤ ਵਿਚ ਵਿਸ਼ੇਸ਼ ਉੱਘੇ ਸਨ, ਉਨ੍ਹਾਂ ਵਿੱਚੋਂ ਕੁਝ ਦੇ ਨਾਂ ਇਸ ਤਰ੍ਹਾਂ ਲਏ ਜਾ ਸਕਦੇ ਹਨ:13

1. ਭਾਈ ਪੁੰਗਰ ਜੀ
2. ਭਾਈ ਗੋਂਦਾ ਜੀ
3. ਭਾਈ ਜਿਊਣਾ ਜੀ
4. ਭਾਈ ਬਿਧੀ ਚੰਦ ਜੀ ਸ਼ੋਸ਼ਨ
5. ਭਾਈ ਕਾਲ ਦੁਲਟ ਜੀ
6. ਭਾਈ ਨੰਦ ਲਾਲ ਪੁਰੀ ਜੀ
7. ਭਾਈ ਭਗਤੂ ਜੀ
8. ਭਾਈ ਗਉਰਾ ਜੀ
9. ਭਾਈ ਫੇਰੂ ਜੀ ਆਦਿ

ਯਾਦ-ਚਿੰਨ੍ਹ

ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਨੇ ਮੁੱਖ ਤੌਰ ’ਤੇ ਦੋ ਪ੍ਰਚਾਰ ਦੌਰੇ ਕੀਤੇ, ਇਨ੍ਹਾਂ ਦੌਰਿਆਂ ਦੇ ਸਮੇਂ ਦੌਰਾਨ ਆਪ ਜਿੱਥੇ-ਜਿੱਥੇ ਵੀ ਜਾਂ ਜਿਸ-ਜਿਸ ਰਸਤੇ ’ਪੁਰ ਵੀ ਲੰਘੇ, ਉਥੇ-ਉਥੇ ਹੀ ਲੱਗਭਗ ਯਾਦ-ਚਿੰਨ੍ਹਾਂ ਦੇ ਰੂਪ ਵਿਚ ਆਪ ਨਾਲ ਸੰਬੰਧਿਤ ਗੁਰਦੁਆਰਾ ਸਾਹਿਬ ਬਣੇ ਹੋਏ ਹਨ ਜਾਂ ਕਈ ਥਾਂ ਯਾਦ-ਚਿੰਨ੍ਹ (Relico), ਜਿਵੇਂ ਕੱਪੜੇ (ਚੋਲਾ), ਕੋਈ ਦਰੱਖ਼ਤ, ਗੁਰੂ-ਦਰਬਾਰ ਦੀ ਹੱਥ-ਲਿਖਤ ਬੀੜ ਆਦਿ ਸੰਭਾਲੇ ਹੋਏ ਹਨ। ਬਹੁਤ ਸਾਰੇ ਯਾਦ-ਚਿੰਨ੍ਹ ਸਮਕਾਲੀ ਜਾਂ ਉੱਤਰ-ਸਮਕਾਲੀ ਵਿਭਿੰਨ ਪ੍ਰਕਾਰੀ ਪਰਸਥਿਤੀਆਂ (ਖ਼ਾਸ ਕਰ ਰਾਜਸੀ ਤੇ ਯੁੱਗ-ਗਰਦੀਆਂ) ਕਾਰਨ ਸਮੇਂ ਦੀ ਧੂੜ ਵਿਚ ਮਿਟ ਗਏ ਹਨ। ਹੇਠਾਂ ਕੁਝ ਕੁ ਥਾਵਾਂ ਦਾ ਜ਼ਿਕਰ ਕੀਤਾ ਜਾ ਰਿਹਾ ਹੈ:14

ਕੀਰਤਪੁਰ, ਬੁੰਗਾ, ਰੋਪੜ, ਵੱਡੀ ਬਹਿਲੀ/ਲਾਹਲੀ, ਹਰੀਆਂ ਵੇਲਾਂ, ਭੁੰਗਰਨੀ, ਬੰਬੇਲੀ, ਨੂਰ ਮਹਿਲ, ਪੁਆਧੜਾ, ਡਰੋਲੀ, ਮੇਹਰਾਜ, ਮਹਿਲ, ਅੰਬ ਸਾਹਿਬ, ਜਸਪਾਲ ਭਾਈ ਕੇ, ਦੁਸਾਂਝ ਮਸੰਦਾਂ ਕੇ, ਪਲਾਹੀ, ਮੁਕੰਦਪੁਰ, ਨਨਕਾਣਾ, ਗਲੋਟੀਆਂ ਖੁਰਦ, ਅਮਰਗੜ੍ਹ (ਗੋਨਿਆਣਾ ਮੰਡੀ), ਚਣੌਲੀ, ਹਕੀਮਪੁਰ, ਹਰਿਰਾਏਪੁਰ ਆਦਿ।

ਪ੍ਰਮੁੱਖ ਤਿਥਾਵਲੀ :(ਈਸਵੀ ਸੰਨ ਵਿਚ)
ਜਨਮ/ਪ੍ਰਕਾਸ਼1630
ਵਿਆਹ                      1640
ਗੁਰਗੱਦੀ                    1644
ਨਾਹਣ ਜਾਣਾ1645
ਰਾਮਰਾਇ ਜਨਮ 1647
ਬੀਬੀ ਰੂਪ ਕੁਇਰ ਜਨਮ1649
ਦਾਰਾ ਦਾ ਸੰਪਰਕ1650
ਦੁਆਬੇ ਦੀ ਫੇਰੀ1652
ਮਾਲਵੇ ਦੀ ਫੇਰੀ 1653
(ਗੁਰੂ) ਹਰਿਕ੍ਰਿਸ਼ਨ ਜਨਮ1656
(ਦੁਬਾਰਾ) ਦਾਰਾ ਸੰਪਰਕ1658
ਕਸ਼ਮੀਰ ਫੇਰੀ 1660
ਰਾਮਰਾਇ ਦਿੱਲੀ ਦਰਬਾਰ1661
ਜੋਤੀ ਜੋਤਿ1661

ਸ੍ਰੋਤ ਸੂਚਨਾ : (I ਗੁਰਮੁਖੀ, II. ਫ਼ਾਰਸੀ, III. ਫੁਟਕਲ)

 I. ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਜੀਵਨ-ਸਮਾਚਾਰਾਂ ਨੂੰ ਸੰਭਾਲਣ ਅਥਵਾ ਦੱਸਣ ਵਿਚ ਸਭ ਤੋਂ ਵੱਡਾ ਯੋਗਦਾਨ ਗੁਰਮੁਖੀ-ਸ੍ਰੋਤਾਂ ਦਾ ਹੈ, ਭਾਵੇਂ ਵਿਭਿੰਨ ਸ੍ਰੋਤਾਂ ਵਿਚ ਇਕਸਾਰਤਾ ਵੀ ਨਹੀਂ ਅਤੇ ਕਈ ਅਣ-ਇਤਿਹਾਸਕ ਤੱਥ ਵੀ ਹਨ, ਅਜਿਹਾ ਹੋਣਾ ਮੱਧ-ਕਾਲੀਨ ਯੁੱਗ-ਗਰਦੀਆਂ ਤੇ ਅਸੁਰੱਖਿਅਤ ਵਾਤਾਵਰਨ ਵਿਚ ਕੋਈ ਗ਼ੈਰ-ਕੁਦਰਤੀ ਨਹੀਂ। ਦੂਸਰੇ ਨੰਬਰ ’ਤੇ ਇਕ-ਦੋ ਫ਼ਾਰਸੀ ਲਿਖਤਾਂ ਹਨ। ਇਥੇ ਅਸੀਂ ਇਨ੍ਹਾਂ ਸ੍ਰੋਤਾਂ ਦੀ ਸਿਰਫ਼ ਸੂਚੀ ਤੇ ਪ੍ਰਾਪਤੀ ਸਥਾਨਾਂ ਬਾਰੇ ਹੀ ਦੱਸ ਸਕਦੇ ਹਾਂ, ਇਨ੍ਹਾਂ ਦਾ ਮੂਲ-ਪਾਠ, ਟਿੱਪਣੀ ਜਾਂ ਵਿਸ਼ਲੇਸ਼ਣ ਕਰਨਾ ਤਾਂ ਗੁਰੂ ਹਰਿਰਾਇ ਸਾਹਿਬ: ਸ੍ਰੋਤ-ਪੁਸਤਕ ਦੀ ਮੰਗ ਕਰਦਾ ਹੈ:

(ਕਾਲ-ਕ੍ਰਮਾਨੁਸਾਰ)

1. ਭਾਈ ਨੰਦ ਲਾਲ ਗ੍ਰੰਥਾਵਲੀ (1682-1705 ਈ.), (ਸੰਪਾ.) ਡਾ. ਗੰਡਾ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ-1989, ਪੰਨੇ 177-8.
2. ਗੁਰੂ ਗੋਬਿੰਦ ਸਿੰਘ ਬਾਣੀ (1698), ਸ਼ਬਦਾਰਥ ਦਸਮ ਗ੍ਰੰਥ ਸਾਹਿਬ (ਪੋਥੀ ਪਹਿਲੀ), (ਸੰਪਾ.) ਭਾਈ ਰਣਧੀਰ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ-1995 (ਤੀਜਾ ਸੰਸਕਰਣ) ਪੰਨੇ 70, 154.
3. ਕੰਕਣ, ਦਸ ਗੁਰ ਕਥਾ15 (1710-15), (ਸੰਪਾ.) ਡਾ. ਗੁਰਮੁਖ ਸਿੰਘ, ਰਘਬੀਰ ਰਚਨਾ ਪ੍ਰਕਾਸ਼ਨ, ਚੰਡੀਗੜ੍ਹ-1991, ਪੰਨੇ 50-51.
4. ਸੇਵਾਦਾਸ, ਪਰਚੀਆਂ16 (1711-34), (ਸੰਪਾ.) ਪ੍ਰੋ. ਹਰੀ ਸਿੰਘ, (ਸੋਧਕ) ਡਾ. ਗੰਡਾ ਸਿੰਘ, ਭਾਸ਼ਾ ਵਿਭਾਗ, ਪਟਿਆਲਾ-1961,ਪੰਨੇ 63-78.
5. ਭਾਈ ਭਗਤ ਸਿੰਘ, ਗੁਰਬਿਲਾਸ ਪਾਤਸ਼ਾਹੀ 617 (1718), (ਸੰਪਾ.) ਗਿ. ਜੋਗਿੰਦਰ ਸਿੰਘ ਤੇ ਡਾ. ਅਮਰਜੀਤ ਸਿੰਘ, ਧਰਮ ਪ੍ਰਚਾਰ ਕਮੇਟੀ (ਸ਼੍ਰੋ: ਗੁ: ਪ੍ਰ: ਕਮੇਟੀ), ਸ੍ਰੀ ਅੰਮ੍ਰਿਤਸਰ, ਜੂਨ-1998, ਪੰਨੇ 772-80, 794, 797 ਆਦਿ।
6. ਭਾਈ ਕੇਸਰ ਸਿੰਘ ਛਿੱਬਰ, ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ18 (1769), (ਸੰਪਾ.) ਡਾ. ਰਾਏਜਸਬੀਰ ਸਿੰਘ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ-2001, ਪੰਨੇ 60-61.
7. ਭਾਈ ਜੈਤਾ ਜੀ, ਸ੍ਰੀ ਗੁਰ ਕਥਾ, (ਉਤਾਰਾਕਾਰ) ਗਿ. ਗਰਜਾ ਸਿੰਘ, (ਸੰਪਾ.) ਡਾ. ਗੁਰਮੁਖ ਸਿੰਘ, ਲਿਟਰੇਚਰ ਹਾਊਸ, ਅੰਮ੍ਰਿਤਸਰ-2003, ਬੰਦ-19, ਪੰਨਾ 55.
8. ਗੁਰਰਤਨਾਵਲੀ (1773), (ਸੰਪਾ.) ਡਾ. ਮਨਵਿੰਦਰ ਸਿੰਘ, ਪ੍ਰਕਾ. ਸੰਪਾ. ਖ਼ੁਦ, ਅੰਮ੍ਰਿਤਸਰ-1995, ਪੰਨੇ 108-15.
9. ਮਹਿਮਾ ਪ੍ਰਕਾਸ਼ ਵਾਰਤਕ (1773), (ਸੰਪਾ.) ਡਾ. ਕੁਲਵਿੰਦਰ ਸਿੰਘ ਬਾਜਵਾ, ਸਿੰਘ ਬ੍ਰਦਰਜ਼, ਅੰਮ੍ਰਿਤਸਰ, ਜਨਵਰੀ 2004, ਸਾਖੀਆਂ 102-19, ਪੰਨੇ 147-67.
10. ਬਾਵਾ ਸਰੂਪ ਦਾਸ ਭੱਲਾ, ਮਹਿਮਾ ਪ੍ਰਕਾਸ਼ ਕਵਿਤਾ (1776), (ਸੰਪਾ.) ਡਾ. ਉਤਮ ਸਿੰਘ ਭਾਟੀਆ, ਭਾਸ਼ਾ ਵਿਭਾਗ, ਪਟਿਆਲਾ-1999 (ਦੂਜੀ ਵਾਰ), ਭਾਗ ਦੂਜਾ (ਖੰਡ-2), ਪੰਨੇ 513-601.
11. ਗੁਰੂ ਕੀਆਂ ਸਾਖੀਆਂ19, (ਸੰਪਾ.) ਗਿ. ਗਰਜਾ ਸਿੰਘ, ਸਿੰਘ ਬ੍ਰਦਰਜ਼, ਅੰਮ੍ਰਿਤਸਰ, ਮਈ-1995 (ਤੀਜੀ ਵਾਰ), ਸਾਖੀਆਂ 1-15, ਪੰਨੇ 42- 59.
12. ਭਾਈ ਸੇਵਾ ਸਿੰਘ ਭਟ, ਸ਼ਹੀਦ ਬਿਲਾਸ, (ਸੰਪਾ.) ਗਿ. ਗਰਜਾ ਸਿੰਘ, ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ, ਦਸੰਬਰ-1961, ਪੰਨੇ 44, 47.
13. ਗੁਰ ਪ੍ਰਣਾਲੀਆਂ (18-19ਵੀਂ ਸਦੀ), (ਸੰਪਾ.) ਭਾਈ ਰਣਧੀਰ ਸਿੰਘ, ਸਿੱਖ ਇਤਿਹਾਸ ਰੀਸਰਚ ਬੋਰਡ (ਸ਼੍ਰੋਮਣੀ ਗੁ: ਪ੍ਰ: ਕਮੇਟੀ), ਸ੍ਰੀ ਅੰਮ੍ਰਿਤਸਰ, ਅਪ੍ਰੈਲ-1977, ਪੰਨੇ 93,112, 128, 156, 191, 221, 234, 242, 249, 257, 267, 285.
14. ਭਾਈ ਵੀਰ ਸਿੰਘ (ਬੱਲ), ਗੁਰਕੀਰਤ ਪ੍ਰਕਾਸ਼ (1834), (ਸੰਪਾ.) ਡਾ. ਗੁਰਬਚਨ ਕੌਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ-1986, ਹੁਲਾਸ 7, ਪੰਨੇ 219-34.
15. ਭਾਈ ਸੰਤੋਖ ਸਿੰਘ, ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ (1843), (ਸੰਪਾ.) ਭਾਈ ਵੀਰ ਸਿੰਘ, ਖਾਲਸਾ ਸਮਾਚਾਰ, ਸ੍ਰੀ ਅੰਮ੍ਰਿਤਸਰ-1929, ਜਿਲਦ 8.
16. ਗਿਆਨੀ ਗਿਆਨ ਸਿੰਘ, ਸ੍ਰੀ ਗੁਰੁ ਪੰਥ ਪ੍ਰਕਾਸ਼ (1878), (ਸੰਪਾ.) ਗਿ. ਕ੍ਰਿਪਾਲ ਸਿੰਘ, ਸ਼ਹੀਦ ਬੁੰਗਾ ਸ੍ਰੀ ਅੰਮ੍ਰਿਤਸਰ, ਅਕਤੂਬਰ-1970, ਭਾਗ- 2.
17. ਗਿਆਨੀ ਗਿਆਨ ਸਿੰਘ, ਤਵਾਰੀਖ਼ ਗੁਰੂ ਖਾਲਸਾ (1899), (ਸੰਪਾ.) ਡਾ. ਕਰਮ ਸਿੰਘ ਰਾਜੂ, ਭਾਸ਼ਾ ਵਿਭਾਗ, ਪਟਿਆਲਾ-1999 (ਚੌਥੀ ਵਾਰ), ਪੰਨੇ 615-53.

 II

(1) ਦਾਬਿਸਤਾਨ-ਏ-ਮਜ਼ਾਹਿਬ (1644), (ਸੰਪਾ.) ਨਾਜ਼ਰ ਅਸ਼ਰਫ, ਕਲਕੱਤਾ- 1809 (ਫ਼ਾਰਸੀ)
1.1 ਸਿੱਖ ਇਤਿਹਾਸ ਦੇ ਕੁਝ ਇਤਿਹਾਸਕ ਪੱਤਰੇ20, (ਸੰਪਾ./ਅਨੁ.) ਡਾ. ਗੰਡਾ ਸਿੰਘ, ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁ: ਪ੍ਰ: ਕਮੇਟੀ), ਸ੍ਰੀ ਅੰਮ੍ਰਿਤਸਰ- 1999 (ਦੁਬਾਰਾ), ਪੰਨਾ 20.
2. ਕਨ੍ਹਈਆ ਲਾਲ, ਤਾਰੀਖ਼-ਇ-ਪੰਜਾਬ (1872) (ਪੰਜਾਬੀ ਅਨੁ.) ਡਾ. ਜੀਤ ਸਿੰਘ ਸੀਤਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ-1968.
3. ਸੁਜਾਨ ਰਾਏ, ਖੁਲਾਸਾਤੁਤ-ਤਵਾਰੀਖ21 (1695), (ਪੰਜਾਬੀ ਅਨੁ.) ਪੰਜਾਬੀ ਯੂਨੀਵਰਸਿਟੀ, ਪਟਿਆਲਾ-1972.

III

ਹੇਠ ਲਿਖੇ ਗ੍ਰੰਥ ਵੀ ਸ੍ਰੋਤ/ਸੰਦਰਭ ਲਈ ਮਹੱਤਵਪੂਰਨ ਹਨ:

1. ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼, ਭਾਸ਼ਾ ਵਿਭਾਗ, ਪਟਿਆਲਾ-1999 (ਛੇਵੀਂ ਵਾਰ)।
2. ਗਿਆਨੀ ਠਾਕੁਰ ਸਿੰਘ, ਸ੍ਰੀ ਗੁਰਦੁਆਰਾ ਦਰਸ਼ਨ, ਅੰਮ੍ਰਿਤਸਰ-1923.
3. ਪੰਡਿਤ ਤਾਰਾ ਸਿੰਘ ਨਰੋਤਮ, ਸ੍ਰੀ ਗੁਰ ਤੀਰਥ ਸੰਗ੍ਰਹਿ, ਅੰਬਾਲਾ-1884 (ਪੱਥਰ ਛਾਪ)।
4. ਵਿਸਾਖਾ ਸਿੰਘ ਸੰਤ, (ਮਾਲਵਾ ਇਤਿਹਾਸ) (ਤਿੰਨ ਭਾਗ), ਜਗਰਾਉਂ- 1948-53.

ਨੋਟ : 18-19ਵੀਂ ਸਦੀ ਦੇ ਅਨੇਕਾਂ ਕਵੀਆਂ ਨੇ ਗੁਰ-ਉਸਤਤਿ ਵਿਚ ਬੇਅੰਤ ਹਿੰਦੀ/ਬ੍ਰਿਜੀ/ਪੰਜਾਬੀ ਕਵਿਤਾ ਉਚਾਰੀ ਹੈ, ਇਥੇ ਇਨ੍ਹਾਂ ਕਵੀਆਂ ਦੇ ਸਮੁੱਚੇ ਵੇਰਵੇ ਤਾਂ ਸੰਭਵ ਹੀ ਨਹੀਂ, ਪਰ ਹੇਠਾਂ ਦਿੱਤੀਆਂ ਜਾ ਰਹੀਆਂ ਪੁਸਤਕਾਂ ਵਿੱਚੋਂ 150 ਅਜਿਹੇ ਕਵੀਆਂ ਦੀ ਟੋਹ ਜ਼ਰੂਰ ਮਿਲ ਜਾਵੇਗੀ, ਜਿਨ੍ਹਾਂ ਬਾਕੀ (ਸਾਰੇ) ਗੁਰੂ ਸਾਹਿਬਾਨ ਦੀ ਉਸਤਤਿ ਨਾਲ ਸ੍ਰੀ ਗੁਰੂ ਹਰਿਰਾਇ ਸਾਹਿਬ ਉਸਤਤਿ ਵੀ ਕੀਤੀ। ਇਨ੍ਹਾਂ ਕਵੀਆਂ ਦੀਆਂ ਲਿਖਤਾਂ ਦਾ ਸੰਗ੍ਰਹਿ/ਟੋਹ ‘ਗੁਰੂ ਹਰਿਰਾਇ ਸਾਹਿਬ-ਅਭਿਨੰਦਨ’ ਤਿਆਰ ਕਰਨ ਵਿਚ ਮਦਦ ਦੇਵੇਗਾ:

1. ਗੁਰੂ ਮਹਿਮਾ ਰਤਨਾਵਲੀ, (ਸੰਗ੍ਰਹਿਤ) ਭਾਈ ਕਾਨ੍ਹ ਸਿੰਘ ਨਾਭਾ, (ਸੰਪਾ.) ਪ੍ਰੋ. ਪ੍ਰੀਤਮ ਸਿੰਘ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ-1984 (ਲਗਭਗ 90 ਕਵੀ)।
2. ਸ੍ਰੀ ਗੁਰੂ ਨਾਨਕ ਅਭਿਨੰਦਨ, (ਸੰਪਾ.) ਡਾ. ਦੇਵਿੰਦਰ ਸਿੰਘ ਵਿਦਿਆਰਥੀ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ-1978 (ਲੱਗਭਗ 100 ਕਵੀ)।
3. ਸ੍ਰੀ ਗੁਰੂ ਅਮਰਦਾਸ ਅਭਿਨੰਦਨ, (ਸੰਪਾ.) ਡਾ. ਬਲਵੰਤ ਸਿੰਘ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ-1985 (ਲੱਗਭਗ 51 ਕਵੀ)।
4. ਸ੍ਰੀ ਗੁਰੂ ਗੋਬਿੰਦ ਸਿੰਘ ਅਭਿਨੰਦਨ, (ਸੰਪਾ.) ਡਾ. ਦੇਵਿੰਦਰ ਸਿੰਘ ਵਿਦਿਆਰਥੀ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ-1983 (ਲੱਗਭਗ 100 ਕਵੀ)।

ਸੰਦਰਭ-ਸੂਚਨਾ :

ਇਥੇ ਸਿਰਫ਼ ਉਹੀ ਕਾਰਜ ਸ਼ਾਮਿਲ ਹਨ, ਜਿਹੜੇ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਨਾਲ ਸਿੱਧੇ ਰੂਪ ਵਿਚ ਸੰਬੰਧਿਤ ਹਨ। ਪੇਪਰ, ਅਪ੍ਰਕਾਸ਼ਿਤ ਆਦਿ ਕਾਰਜ ਇਸ ਸੂਚੀ ਵਿਚ ਸ਼ਾਮਿਲ ਨਹੀਂ। ਦਸ ਗੁਰੂ ਸਾਹਿਬਾਨ ਦੇ ਪ੍ਰਸੰਗ ਵਿਚ ਲਿਖੇ ਇਤਿਹਾਸਾਂ ਵਿਚ ਆਇਆ ਸਤਵੇਂ ਪਾਤਸ਼ਾਹ ਦਾ ਜ਼ਿਕਰ ਵੀ ਇਥੇ ਸ਼ਾਮਿਲ ਨਹੀਂ, ਇਹ ਸੂਚੀ ਮੁਕੰਮਲ ਨਹੀਂ।

(ਗੁਰਮੁਖੀ ਅੱਖਰ-ਕ੍ਰਮਾਨੁਸਾਰ)

1. ਅਰੂਪ ਸਿੰਘ, ਸ., ਸਤਵੀਂ ਬਾਦਸ਼ਾਹੀ ਕੀ ਜਨਮਸਾਖੀ, ਨਵਲ ਕਿਸ਼ੋਰ ਪ੍ਰੈਸ, ਲਾਹੌਰ-1904 ਉਰਦੂ।
2. ਐਮ.ਜੀ.ਗੁਪਤਾ, ਸ੍ਰੀ, (ਸੰਪਾ.) ਸ੍ਰੀ ਗੁਰੂ ਹਰਿਰਾਇ ਜੀ: ਜੀਵਨ, ਦਰਸ਼ਨ ਅਤੇ ਯਾਤਰਾਵਾਂ, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ-2001 ਵਿਭਿੰਨ ਵਿਦਵਾਨਾਂ ਦੇ ਲੱਗਭਗ 16 ਪੇਪਰਾਂ ਦਾ ਸੰਗ੍ਰਹਿ।
3. ਸਤਿਬੀਰ ਸਿੰਘ, ਪ੍ਰਿੰ., ਨਿਰਭਉ ਨਿਰਵੈਰ, ਨਿਊ ਬੁਕ ਕੰਪਨੀ, ਜਲੰਧਰ- 1981.
4. ਸਾਹਿਬ ਸਿੰਘ, ਪ੍ਰਿੰ., ਜੀਵਨ-ਬ੍ਰਿਤਾਂਤ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ, ਸਿੰਘ ਬ੍ਰਦਰਜ਼, ਅੰਮ੍ਰਿਤਸਰ, ਅਗਸਤ-2003, (ਬਾਰ੍ਹਵੀਂ ਵਾਰ)।
5. ਸੁਖਦਿਆਲ ਸਿੰਘ ਤੇ ਸਤਿਨਾਮ ਕੌਰ, ਸ੍ਰੀ ਗੁਰੂ ਹਰਿਰਾਇ ਜੀ: ਜੀਵਨ, ਯਾਤਰਾਵਾਂ ਤੇ ਸਰੋਤ, ਨਿਸ਼ਾਤ ਪ੍ਰਕਾਸ਼ਨ, ਬੀ-1/795, ਪ੍ਰੇਮ ਨਗਰ, ਸਿਵਲ ਲਾਈਨਜ਼, ਲੁਧਿਆਣਾ-1988.
6. ਸੁਚਿੰਦਰ ਕੌਰ ਫੁੱਲ, ਡਾ., ਸ੍ਰੀ ਗੁਰੂ ਹਰਿਰਾਇ ਜੀ, ਆਧੁਨਿਕ ਕਿਤਾਬ ਘਰ, ਮਾਈ ਹੀਰਾਂ ਗੇਟ, ਜਲੰਧਰ-1992.
7. ਸ਼ੇਰ ਸਿੰਘ, ਗਿਆਨੀ, ਜੀਵਨ ਸਤਵੀਂ ਪਾਤਸ਼ਾਹੀ: ਗੁਰੂ ਹਰਿ ਰਾਇ-1.
8. ਸ੍ਰੀ ਗੁਰੂ ਹਰਿਰਾਇ ਜੀ ਦਾ ਜੀਵਨ-ਬਿਰਤਾਂਤ, ਖਾਲਸਾ ਟ੍ਰੈਕਟ ਸੁਸਾਇਟੀ, ਸ੍ਰੀ ਅੰਮ੍ਰਿਤਸਰ-1897.
9. ਸ੍ਰੀ ਗੁਰੂ ਹਰਿਰਾਇ ਜੀ ਦਾ ਸੰਖੇਪ ਜੀਵਨ ਚਰਿੱਤਰ, ਖਾਲਸਾ ਨੈਸ਼ਨਲ ਏਜੰਸੀ, ਅੰਮ੍ਰਿਤਸਰ-1910 ਉਰਦੂ ਵਿਚ.।
10. ਹਜ਼ਾਰਾ ਸਿੰਘ, ਪੰਡਿਤ, ਜਨਮਸਾਖੀ ਗੁਰੂ ਹਰਿਰਾਇ ਜੀ, ਖਾਲਸਾ ਕਾਲਜ ਕੌਂਸਲ, ਅੰਮ੍ਰਿਤਸਰ-1933.
11. ਹਰਚੰਦ ਸਿੰਘ (ਬੇਦੀ), ਡਾ., ਸਿਮਰਹੁ ਗੁਰੂ ਹਰਿ ਰਾਇ (ਜੀਵਨ ਸਮਾਚਾਰ), ਖਾਲਸਾ ਕਾਲਜ, ਅੰਮ੍ਰਿਤਸਰ-2000.
12. ਹਰਨਾਮ ਦਾਸ ਸਹਿਰਾਈ, ਸਤਲੁਜ ਅਜੇ ਜੇਰਾ ਕਰ, ਅੰਮ੍ਰਿਤਸਰ-1988.
13. ਗੁਰਚਰਨ ਸਿੰਘ (ਔਲਖ), ਡਾ., ਸਿਮਰੋ ਸ੍ਰੀ ਹਰਿ ਰਾਇ, ਲਾਹੌਰ ਬੁਕ ਸ਼ਾਪ, ਲੁਧਿਆਣਾ-2004.
14. ਗੁਰਮੁਖ ਸਿੰਘ ‘ਗੁਰਮੁਖ’, ਸ., ਸ੍ਰੀ ਗੁਰੂ ਹਰਿ ਰਾਇ ਜੀ (ਗੁਰਦਰਸ਼ਨ ਨੰ. 7), ਲਾਹੌਰ ਬੁਕ ਸ਼ਾਪ, ਲੁਧਿਆਣਾ-1955.
15. ਜਸਬੀਰ ਸਿੰਘ (ਸਰਨਾ), ਡਾ., ਗੁਰੂ ਹਰਿ ਰਾਇ ਸਾਹਿਬ, ਗੁਰੂ ਨਾਨਕ ਸਿੱਖ ਮਿਸ਼ਨ, ਅਮਰੀਕਾ-2002.
16. ਧਰਮਪਾਲ ਸਿੰਗਲ, ਸ੍ਰੀ, ਗੁਰੂ ਹਰਿ ਰਾਇ ਸਾਹਿਬ ਜੀ, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ-2006.

ਸੰਦਰਭ-ਸੂਚਨਾ ਦਾ ਵਿਵਰਣਾਤਮਿਕ ਵੇਰਵਾ :

ਉਪਰੋਕਤ ਸੰਦਰਭ-ਸੂਚਨਾ ਵਿਚ ਵਧੇਰੇ ਕਾਰਜ ਪ੍ਰਚਾਰਾਤਮਿਕ ਦ੍ਰਿਸ਼ਟੀਕੋਣ ਤੋਂ ਸਾਧਾਰਨ ਜਗਿਆਸੂ-ਪੂਰਤੀ ਲਈ ਹਨ। ਖੋਜ ਅਥਵਾ ਅਕਾਦਮਿਕ ਦ੍ਰਿਸ਼ਟੀ ਤੋਂ ਸ. ਸੁਖਦਿਆਲ ਸਿੰਘ, ਡਾ. ਹਰਚੰਦ ਸਿੰਘ (ਬੇਦੀ),ਡਾ. ਗੁਰਚਰਨ ਸਿੰਘ (ਔਲਖ) ਆਦਿ ਦੇ ਕਾਰਜ ਮਹੱਤਵਪੂਰਨ ਹਨ, ਇਨ੍ਹਾਂ ਵਿਚ ਗੁਰੂ ਸਾਹਿਬ ਨਾਲ ਸੰਬੰਧਿਤ ਮੂਲ-ਸ੍ਰੋਤਾਂ ਦੀ ਟੇਕ ਲਈ ਗਈ ਹੈ ਤੇ ਉਨ੍ਹਾਂ ਦਾ ਆਲੋਚਨਾਤਮਿਕ ਅਧਿਐਨ ਕੀਤਾ ਗਿਆ ਹੈ। ਸ. ਸੁਖਦਿਆਲ ਸਿੰਘ ਤੇ ਡਾ. ਹਰਚੰਦ ਸਿੰਘ (ਬੇਦੀ) ਦੀ ਪੁਸਤਕ ਵਿਚ 8 ਗੁਰਮੁਖੀ ਸ੍ਰੋਤਾਂ ਦੇ ਮੂਲ-ਪਾਠ ਵੀ ਦਿੱਤੇ ਗਏ ਹਨ। ਇਨ੍ਹਾਂ ਪੁਸਤਕਾਂ ਵਿਚ ਗੁਰੂ ਸਾਹਿਬ ਦੀਆਂ ਯਾਤਰਾਵਾਂ, ਯਾਦ ਚਿੰਨ੍ਹਾਂ ਤੇ ਵਿਵਾਦੀ-ਮਸਲਿਆਂ ਨੂੰ ਵੀ ਵਿਚਾਰਿਆ ਗਿਆ ਹੈ।

ਸ੍ਰੀ ਐਮ.ਜੀ.ਗੁਪਤਾ, ਪ੍ਰਿੰ. ਸਤਿਬੀਰ ਸਿੰਘ, ਪ੍ਰੋ. ਸਾਹਿਬ ਸਿੰਘ, ਡਾ. ਜਸਬੀਰ ਸਿੰਘ (ਸਰਨਾ), ਸ੍ਰੀ ਧਰਮਪਾਲ ਸਿੰਗਲ ਆਦਿ ਦੇ ਕਾਰਜ ਲੱਗਭਗ ਇੱਕੋ ਸ਼੍ਰੇਣੀ ਤੇ ਸਤਰ ਦੇ ਹਨ। ਇਨ੍ਹਾਂ ਦੇ ਕਾਰਜਾਂ ਵਿਚ ਵਿਗਿਆਨਕ ਨੁਕਤਾ-ਨਿਗਾਹ ਤੋਂ ਇਤਿਹਾਸਕ ਵਿਸ਼ਲੇਸ਼ਣ ਸ਼ਾਮਲ ਹੈ।

ਡਾ. ਸੁਚਿੰਦਰ ਕੌਰ ਫੁੱਲ ਦਾ ਕਾਰਜ ਬੱਚਿਆਂ ਲਈ ਹੈ ਤੇ ਸ੍ਰੀ ਹਰਨਾਮ ਦਾਸ ਸਹਿਰਾਈ ਦਾ ਕਾਰਜ ਗੁਰੂ-ਚਰਿੱਤਰ ਨੂੰ ਨਾਵਲ ਵਿਚ ਪੇਸ਼ ਕਰਨ ਦਾ ਯਤਨ ਹੈ। ਗਿਆਨੀ ਸ਼ੇਰ ਸਿੰਘ ਦੇ ਕਾਰਜ ਦੀ ਸਿਰਫ਼ ਸੂਚਨਾ ਹੀ ਪ੍ਰਾਪਤ ਹੈ, ਦੇਖਿਆ ਨਹੀਂ ਜਾ ਸਕਿਆ। ਬਾਕੀ ਦੇ ਕਾਰਜ ਵੀ ਸਮੇਂ ਤੇ ਲੋੜ ਦੇ ਪ੍ਰਸੰਗ ਵਿਚ ਮੁੱਲਵਾਨ ਹਨ।

ਪਦ-ਟਿੱਪਣੀਆਂ ਤੇ ਹਵਾਲੇ :

1. ਗੁਰੂ ਕੀਆਂ ਸਾਖੀਆਂ (ਸੰਪਾ. ਗਿ. ਗਰਜਾ ਸਿੰਘ, ਪੰਨੇ 38-39) ਰਚਨਾ ਅਨੁਸਾਰ “ਏਕ ਦਿਹੁੰ ਦੈਆ ਰਾਮ ਸਿਲੀ ਖਤਰੀ ਅਰੂਪ ਨਗਰੀ ਸੇ ਕੀਰਤਪੁਰ ਆਇਆ। ਇਸੇ ਆਪਣੀ ਬੇਟੀ ਸੁਲਖਣੀ ਕੀ ਮੰਗਣੀ ਹਰਿਰਾਇ ਜੀ ਕੇ ਸਾਥ ਕੀ… ਸ੍ਰੀ ਹਰਿਰਾਇ ਜੀ ਨੇ ਸ਼ੁਭ ਵਿਵਾਹ ਦਿਵਸ ਸੰਮਤ ਸੋਲਾਂ ਸੌ ਸਤਾਨਮੇ ਸਤਰਾਂ ਹਾੜ (17 ਹਾੜ, 1697 ਬਿ./1640 ਈ.) ਕਾ ਹੈ।… ਦੂਜੇ ਬਰਖ ਸਾਲ ਸੋਲਾਂ ਸੈ ਨੜਿਨਮੇਂ ਅਸਾੜ ਸੁਦੀ ਤੀਜ ਕੇ ਦਿਹੁੰ (ਤੀਜ ਸੁਦੀ, ਹਾੜ, 1699 ਬਿ./1642 ਈ.) ਬੇਟੀ ਸੁਲਖਣੀ ਕਾ ਮੁਕਲਾਵਾ ਤੋਰਾ। ਸੰਮਤ ਸਤਰਾਂ ਸੈ ਤੀਨ ਚੇਤ ਬਦੀ ਪੰਚਮੀ ਸੋਮਵਾਰ ਕੇ ਦਿਹੁੰ (15 ਮਾਰਚ, 1647) ਰਾਮਰਾਇ (ਪੈਦਾ ਹੁਏ)।… ਸੰਮਤ ਸਤਰਾਂ ਸੈ ਛੇ ਵਿਸਾਖੀ ਸੁਦੀ ਸਾਤ ਕੇ ਦਿਹੁੰ (9 ਅਪ੍ਰੈਲ 1649)…ਏਕ ਬਾਲਕੀ (ਰੂਪ ਕੁਇਰ) ਪੈਦਾ ਹੋਈ।…ਸੰਮਤ ਸਤਰਾਂ ਸੈ ਨਾਵਾਂ ਸਾਵਨ ਵਦੀ ਦਸਮੀ (20 ਜੁਲਾਈ, 1652) ਹਰਿਕ੍ਰਿਸ਼ਨ (ਪੈਦਾ ਹੋਏ)…
ਮਾਤਾ ਬਸੀ (ਮਾਂ ਗੁਰੂ ਹਰਿਰਾਇ) ਸੁਲਖਣੀ ਕੋ (ਕਭੀ) ਤਿਰਬੈਣੀ, ਕਭੀ ਕੋਟ ਕਲਿਆਣੀ ਕਹਿ ਕੇ ਬੁਲਾਤੀ ਥੀ।”
ਨੋਟ : ਅੱਜ ਵੀ ਨੂੰਹਾਂ ਨੂੰ ਪੇਕੇ ਪਿੰਡ ਦੇ ਨਾਂ ਹੇਠ ਬੁਲਾਉਣ ਦਾ ਰਿਵਾਜ ਹੈ ਤੇ ਸਹੁਰੇ-ਪੇਕੇ ਨਾਵਾਂ ਵਿਚ ਫ਼ਰਕ ਤਾਂ ਆਮ ਗੱਲ ਹੈ। ਪੁਸ਼ਟੀ ਲਈ ਹੋਰ ਵੇਖੋ: S. Teja Singh Ganda Singh, A Short History of the Sikhs, (1469-1765), Punjabi University, Patiala-2006, P. 47.
2. ਵੇਖੋ: ਗੁਰੂ ਕੀਆਂ ਸਾਖੀਆਂ, ਪੰਨਾ 38.
3. ਇਸ ਵਿਸਤ੍ਰਿਤ ਕਹਾਣੀ ਲਈ ਵੇਖੋ; ਮਹਿਮਾ ਪ੍ਰਕਾਸ (ਭਾਗ-2, ਖੰਡ-2), ਪੰਨਾ 547; ਗਿ. ਗਿਆਨ ਸਿੰਘ, ਤਵਾਰੀਖ਼ ਗੁਰੂ ਖ਼ਾਲਸਾ, ਪੰਨਾ 623.
4. S. Teja Singh Ganda Singh, A Short History of the Sikhs, (1469-1765), P. 47.
5. Ibid.
6. ਇਸ ਸਬੰਧੀ ਭਾਈ ਗੁਰਦਾਸ ਜੀ ਲਿਖਦੇ ਹਨ : ਘਰਿ ਘਰਿ ਅੰਦਰਿ ਧਰਮਸਾਲ ਹੋਵੈ ਕੀਰਤਨੁ ਸਦਾ ਵਿਸੋਆ। ਵਾਰ 1, ਪਉੜੀ 27.
7. ‘ਧੂਣੇ’ ਤੇ ‘ਬਖਸ਼ਿਸ਼ਾਂ’ ਦਾ ਸਬੰਧ ਛੇਵੇਂ ਤੇ ਸਤਵੇਂ ਪਾਤਸ਼ਾਹਾਂ ਦੋਹਾਂ ਨਾਲ ਜੋੜਿਆ ਜਾਂਦਾ ਹੈ। ਇਸ ਸਬੰਧੀ ਵਿਸਤਾਰ ਸਹਿਤ ਵੇਖੋ: ਭਾਈ ਰਣਧੀਰ ਸਿੰਘ, ਉਦਾਸੀ ਸਿੱਖਾਂ ਦੀ ਵਿਥਿਆ, ਸਿੱਖ ਇਤਿਹਾਸ ਰੀਸਰਚ ਬੋਰਡ, ਸ਼੍ਰੋਮਣੀ ਗੁ: ਪ੍ਰ: ਕਮੇਟੀ, ਸ੍ਰੀ ਅੰਮ੍ਰਿਤਸਰ-1972; ਪ੍ਰੋ. ਪਿਆਰਾ ਸਿੰਘ (ਪਦਮ), ਸਿੱਖ ਸੰਪ੍ਰਦਾਵਲੀ, ਪਟਿਆਲਾ-1990.
8. ਇਸ ਸਬੰਧੀ ਵੇਖੋ: ਪ੍ਰੋ. ਪ੍ਰੀਤਮ ਸਿੰਘ, ‘ਉਦਾਸੀ ਸੰਪ੍ਰਦਾਇ ਦਾ ਭੂਤ ਤੇ ਭਵਿੱਖ’, ਦਸਵਾਂ ਗੁਰੂ ਨਾਨਕ ਤੇ ਹੋਰ ਲੇਖ, ਸਿੰਘ ਬ੍ਰਦਰਜ਼, ਅੰਮ੍ਰਿਤਸਰ, ਮਈ-1999, ਪੰਨੇ 135-49.
9. ਮੁਨਸ਼ੀ ਸੁਜਾਨ ਰਾਏ ਭੰਡਾਰੀ, ਖੁਲਾਸਤੁਤ-ਤਵਾਰੀਖ਼, (ਪੰਜਾਬੀ ਅਨੁ.), ਪੰਜਾਬੀ ਯੂਨੀਵਰਸਿਟੀ, ਪਟਿਆਲਾ-1972, ਪੰਨਾ 502.
10. ਉਹੀ, ਪੰਨਾ 503.
11. ਇਸ ਮਸਲੇ ਦੀ ਵਿਸਤ੍ਰਿਤ ਚਰਚਾ ਲਈ ਵੇਖੋ : ਡਾ. ਹਰਚੰਦ ਸਿੰਘ (ਬੇਦੀ), ਸਿਮਰਹੁ ਗੁਰੂ ਹਰਿ ਰਾਇ, ਖਾਲਸਾ ਕਾਲਜ, ਅੰਮ੍ਰਿਤਸਰ-2000.
12. ਯਾਤਰਾਵਾਂ ਬਾਰੇ ਪੂਰਾ ਵਿਸਤਾਰ ਵੇਖੋ: ਸ. ਸੁਖਦਿਆਲ ਸਿੰਘ, ਸਤਨਾਮ ਕੌਰ, ਸ੍ਰੀ ਗੁਰੂ ਹਰਿ ਰਾਇ ਜੀ: ਜੀਵਨ, ਯਾਤਰਾਵਾਂ ਤੇ ਸਰੋਤ, ਨਿਸ਼ਾਂਤ ਪ੍ਰਕਾਸ਼ਨ, ਲੁਧਿਆਣਾ-1988, ਪੰਨੇ, 20-34.
13. ਗੁਰੂ ਜੀ ਦੇ ਸਿੱਖਾਂ ਬਾਰੇ ਵਿਸਤਾਰ ਵੇਖੋ : ਡਾ. ਗੁਰਬਚਨ ਸਿੰਘ (ਔਲਖ), ਸਿਮਰੋ ਸ੍ਰੀ ਹਰਿ ਰਾਇ, ਲਾਹੌਰ ਬੁੱਕ ਸ਼ਾਪ, ਲੁਧਿਆਣਾ-2004, ਪੰਨਾ 67; ਡਾ. ਜਸਬੀਰ ਸਿੰਘ (ਸਰਨਾ), ਗੁਰੂ ਹਰਿਰਾਇ ਸਾਹਿਬ, ਅਮਰੀਕਾ-2002.
14. ਵਿਸਤਾਰ ਵੇਖੋ : ਉਪਰੋਕਤ ਪਦ-ਟਿੱਪਣੀ, 13 ਦੀਆਂ ਪੁਸਤਕਾਂ।
15. ਹੋਰ ਸੰਪਾਦਨ ਵੇਖੋ : ਦਸ ਗੁਰ ਕਥਾ, (ਸੰਪਾ.) ਡਾ. ਕਿਰਪਾਲ ਸਿੰਘ, ਭਾਈ ਵੀਰ ਸਿੰਘ ਸਾਹਿਤ ਸਦਨ, ਨਵੀਂ ਦਿੱਲੀ ਮਿਤੀਹੀਣ ਅਤੇ ਸੰਖੇਪ ਦਸ ਗੁਰ ਕਥਾ, (ਸੰਪਾ.), ਸੱਯਦ ਫਰਹਾ ਅਦੀਲ, ਸੁਚੇਤ ਕਿਤਾਬ ਘਰ, ਲਾਹੌਰ, ਮਈ-2001.
16. ਹੋਰ ਵੇਖੋ: ਪਰਚੀ ਪਾਤਸ਼ਾਹੀ ਦਸਵੀਂ ਕੀ, (ਸੰਪਾ.) ਪ੍ਰੋ. ਪਿਆਰਾ ਸਿੰਘ (ਪਦਮ), ਲੋਅਰ ਮਾਲ ਪਟਿਆਲਾ-1988; ਇਸ ਦਾ ਅੰਗਰੇਜ਼ੀ ਅਨੁਵਾਦ ਵੀ ਹੈ : Parchian Sewadas (Episodos from lives of The Gurus), (tr.) S. Kharak Singh & S. Gurtej Singh, Institute of Sikh Studies, Chandigarh-1995.
17. ਹੋਰ ਵੇਖੋ: ਗੁਰਬਿਲਾਸ ਪਾਤਸ਼ਾਹੀ ਛੇਵੀਂ, (ਸੰਪਾ.), ਗਿ. ਇੰਦਰ ਸਿੰਘ (ਗਿੱਲ), ਅੰਮ੍ਰਿਤਸਰ- 1968; ਗੁਰਬਿਲਾਸ ਪਾਤਸ਼ਾਹੀ 6, (ਸੰਪਾ.) ਡਾ. ਗੁਰਮੁਖ ਸਿੰਘ, ਪਟਿਆਲਾ-1997.
18. ਇਸ ਰਚਨਾ ਦੀ ਸੰਪਾਦਨਾ ਪ੍ਰੋ. ਪਿਆਰਾ ਸਿੰਘ (ਪਦਮ) (ਅੰਮ੍ਰਿਤਸਰ-1997) ਤੇ ਡਾ. ਰਤਨ ਸਿੰਘ (ਜੱਗੀ) (ਪਰਖ, 1972) ਨੇ ਵੀ ਕੀਤੀ ਹੈ।
19. ਇਸ ਰਚਨਾ ਦਾ ਅੰਗਰੇਜ਼ੀ ਅਨੁਵਾਦ ਵੀ ਹੈ, ਵੇਖੋ: Guru Kian Saakhian: Taler of the Sikh Gurus, (Eng. tr.) S. Pritpal Singh (Binder), Singh Brothers, Amritsar- 2005.
20. ਇਸ ਵਿਚ ਸਿਰਫ਼ ਸਿੱਖਾਂ ਨਾਲ ਸਬੰਧਿਤ ਸਮੱਗਰੀ ਹੀ ਅਨੁਵਾਦੀ ਗਈ ਹੈ।
21. ਫ਼ਾਰਸੀ ਵਿਚ ਇਸ ਨੂੰ ਜ਼ਫਰ ਹਸਨ ਨੇ ਸੰਪਾਦਿਤ ਕਰ ਕੇ 1918 ਈ. ਵਿਚ ਦਿੱਲੀ ਤੋਂ ਪ੍ਰਕਾਸ਼ਿਤ ਕੀਤਾ ਸੀ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

Gurmail Singh
ਅਸਿਸਟੈਂਟ ਪ੍ਰਫ਼ੈਸਰ, ਧਰਮ ਅਧਿਐਨ ਵਿਭਾਗ -ਵਿਖੇ: ਪੰਜਾਬੀ ਯੂਨੀਵਰਸਿਟੀ, ਪਟਿਆਲਾ
1 ਗੁਰੂ ਕੀਆਂ ਸਾਖੀਆਂ (ਸੰਪਾ. ਗਿ. ਗਰਜਾ ਸਿੰਘ, ਪੰਨੇ 38-39) ਰਚਨਾ ਅਨੁਸਾਰ “ਏਕ ਦਿਹੁੰ ਦੈਆ ਰਾਮ ਸਿਲੀ ਖਤਰੀ ਅਰੂਪ ਨਗਰੀ ਸੇ ਕੀਰਤਪੁਰ ਆਇਆ। ਇਸੇ ਆਪਣੀ ਬੇਟੀ ਸੁਲਖਣੀ ਕੀ ਮੰਗਣੀ ਹਰਿਰਾਇ ਜੀ ਕੇ ਸਾਥ ਕੀ... ਸ੍ਰੀ ਹਰਿਰਾਇ ਜੀ ਨੇ ਸ਼ੁਭ ਵਿਵਾਹ ਦਿਵਸ ਸੰਮਤ ਸੋਲਾਂ ਸੌ ਸਤਾਨਮੇ ਸਤਰਾਂ ਹਾੜ (17 ਹਾੜ, 1697 ਬਿ./1640 ਈ.) ਕਾ ਹੈ।... ਦੂਜੇ ਬਰਖ ਸਾਲ ਸੋਲਾਂ ਸੈ ਨੜਿਨਮੇਂ ਅਸਾੜ ਸੁਦੀ ਤੀਜ ਕੇ ਦਿਹੁੰ (ਤੀਜ ਸੁਦੀ, ਹਾੜ, 1699 ਬਿ./1642 ਈ.) ਬੇਟੀ ਸੁਲਖਣੀ ਕਾ ਮੁਕਲਾਵਾ ਤੋਰਾ। ਸੰਮਤ ਸਤਰਾਂ ਸੈ ਤੀਨ ਚੇਤ ਬਦੀ ਪੰਚਮੀ ਸੋਮਵਾਰ ਕੇ ਦਿਹੁੰ (15 ਮਾਰਚ, 1647) ਰਾਮਰਾਇ (ਪੈਦਾ ਹੁਏ)।... ਸੰਮਤ ਸਤਰਾਂ ਸੈ ਛੇ ਵਿਸਾਖੀ ਸੁਦੀ ਸਾਤ ਕੇ ਦਿਹੁੰ (9 ਅਪ੍ਰੈਲ 1649)...ਏਕ ਬਾਲਕੀ (ਰੂਪ ਕੁਇਰ) ਪੈਦਾ ਹੋਈ।...ਸੰਮਤ ਸਤਰਾਂ ਸੈ ਨਾਵਾਂ ਸਾਵਨ ਵਦੀ ਦਸਮੀ (20 ਜੁਲਾਈ, 1652) ਹਰਿਕ੍ਰਿਸ਼ਨ (ਪੈਦਾ ਹੋਏ)... ਮਾਤਾ ਬਸੀ (ਮਾਂ ਗੁਰੂ ਹਰਿਰਾਇ) ਸੁਲਖਣੀ ਕੋ (ਕਭੀ) ਤਿਰਬੈਣੀ, ਕਭੀ ਕੋਟ ਕਲਿਆਣੀ ਕਹਿ ਕੇ ਬੁਲਾਤੀ ਥੀ।” ਨੋਟ : ਅੱਜ ਵੀ ਨੂੰਹਾਂ ਨੂੰ ਪੇਕੇ ਪਿੰਡ ਦੇ ਨਾਂ ਹੇਠ ਬੁਲਾਉਣ ਦਾ ਰਿਵਾਜ ਹੈ ਤੇ ਸਹੁਰੇ-ਪੇਕੇ ਨਾਵਾਂ ਵਿਚ ਫ਼ਰਕ ਤਾਂ ਆਮ ਗੱਲ ਹੈ। ਪੁਸ਼ਟੀ ਲਈ ਹੋਰ ਵੇਖੋ: S. Teja Singh Ganda Singh, A Short History of the Sikhs, (1469-1765), Punjabi University, Patiala-2006, P. 47.
2 ਵੇਖੋ: ਗੁਰੂ ਕੀਆਂ ਸਾਖੀਆਂ, ਪੰਨਾ 38.
3 ਇਸ ਵਿਸਤ੍ਰਿਤ ਕਹਾਣੀ ਲਈ ਵੇਖੋ; ਮਹਿਮਾ ਪ੍ਰਕਾਸ (ਭਾਗ-2, ਖੰਡ-2), ਪੰਨਾ 547; ਗਿ. ਗਿਆਨ ਸਿੰਘ, ਤਵਾਰੀਖ਼ ਗੁਰੂ ਖ਼ਾਲਸਾ, ਪੰਨਾ 623.
4 S. Teja Singh Ganda Singh, A Short History of the Sikhs, (1469-1765), P. 47.
5 Ibid.
6 ਇਸ ਸਬੰਧੀ ਭਾਈ ਗੁਰਦਾਸ ਜੀ ਲਿਖਦੇ ਹਨ : ਘਰਿ ਘਰਿ ਅੰਦਰਿ ਧਰਮਸਾਲ ਹੋਵੈ ਕੀਰਤਨੁ ਸਦਾ ਵਿਸੋਆ। ਵਾਰ 1, ਪਉੜੀ 27.
7 ‘ਧੂਣੇ’ ਤੇ ‘ਬਖਸ਼ਿਸ਼ਾਂ’ ਦਾ ਸਬੰਧ ਛੇਵੇਂ ਤੇ ਸਤਵੇਂ ਪਾਤਸ਼ਾਹਾਂ ਦੋਹਾਂ ਨਾਲ ਜੋੜਿਆ ਜਾਂਦਾ ਹੈ। ਇਸ ਸਬੰਧੀ ਵਿਸਤਾਰ ਸਹਿਤ ਵੇਖੋ: ਭਾਈ ਰਣਧੀਰ ਸਿੰਘ, ਉਦਾਸੀ ਸਿੱਖਾਂ ਦੀ ਵਿਥਿਆ, ਸਿੱਖ ਇਤਿਹਾਸ ਰੀਸਰਚ ਬੋਰਡ, ਸ਼੍ਰੋਮਣੀ ਗੁ: ਪ੍ਰ: ਕਮੇਟੀ, ਸ੍ਰੀ ਅੰਮ੍ਰਿਤਸਰ-1972; ਪ੍ਰੋ. ਪਿਆਰਾ ਸਿੰਘ (ਪਦਮ), ਸਿੱਖ ਸੰਪ੍ਰਦਾਵਲੀ, ਪਟਿਆਲਾ-1990.
8 ਇਸ ਸਬੰਧੀ ਵੇਖੋ: ਪ੍ਰੋ. ਪ੍ਰੀਤਮ ਸਿੰਘ, ‘ਉਦਾਸੀ ਸੰਪ੍ਰਦਾਇ ਦਾ ਭੂਤ ਤੇ ਭਵਿੱਖ’, ਦਸਵਾਂ ਗੁਰੂ ਨਾਨਕ ਤੇ ਹੋਰ ਲੇਖ, ਸਿੰਘ ਬ੍ਰਦਰਜ਼, ਅੰਮ੍ਰਿਤਸਰ, ਮਈ-1999, ਪੰਨੇ 135-49.
9 ਮੁਨਸ਼ੀ ਸੁਜਾਨ ਰਾਏ ਭੰਡਾਰੀ, ਖੁਲਾਸਤੁਤ-ਤਵਾਰੀਖ਼, (ਪੰਜਾਬੀ ਅਨੁ.), ਪੰਜਾਬੀ ਯੂਨੀਵਰਸਿਟੀ, ਪਟਿਆਲਾ-1972, ਪੰਨਾ 502.
10 ਉਹੀ, ਪੰਨਾ 503.
11 ਇਸ ਮਸਲੇ ਦੀ ਵਿਸਤ੍ਰਿਤ ਚਰਚਾ ਲਈ ਵੇਖੋ : ਡਾ. ਹਰਚੰਦ ਸਿੰਘ (ਬੇਦੀ), ਸਿਮਰਹੁ ਗੁਰੂ ਹਰਿ ਰਾਇ, ਖਾਲਸਾ ਕਾਲਜ, ਅੰਮ੍ਰਿਤਸਰ-2000.
12 ਯਾਤਰਾਵਾਂ ਬਾਰੇ ਪੂਰਾ ਵਿਸਤਾਰ ਵੇਖੋ: ਸ. ਸੁਖਦਿਆਲ ਸਿੰਘ, ਸਤਨਾਮ ਕੌਰ, ਸ੍ਰੀ ਗੁਰੂ ਹਰਿ ਰਾਇ ਜੀ: ਜੀਵਨ, ਯਾਤਰਾਵਾਂ ਤੇ ਸਰੋਤ, ਨਿਸ਼ਾਂਤ ਪ੍ਰਕਾਸ਼ਨ, ਲੁਧਿਆਣਾ-1988, ਪੰਨੇ, 20-34.
13 ਗੁਰੂ ਜੀ ਦੇ ਸਿੱਖਾਂ ਬਾਰੇ ਵਿਸਤਾਰ ਵੇਖੋ : ਡਾ. ਗੁਰਬਚਨ ਸਿੰਘ (ਔਲਖ), ਸਿਮਰੋ ਸ੍ਰੀ ਹਰਿ ਰਾਇ, ਲਾਹੌਰ ਬੁੱਕ ਸ਼ਾਪ, ਲੁਧਿਆਣਾ-2004, ਪੰਨਾ 67; ਡਾ. ਜਸਬੀਰ ਸਿੰਘ (ਸਰਨਾ), ਗੁਰੂ ਹਰਿਰਾਇ ਸਾਹਿਬ, ਅਮਰੀਕਾ-2002.
14 ਵਿਸਤਾਰ ਵੇਖੋ : ਉਪਰੋਕਤ ਪਦ-ਟਿੱਪਣੀ, 13 ਦੀਆਂ ਪੁਸਤਕਾਂ।
ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)