editor@sikharchives.org

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਗਿਆਨਕ ਨਜ਼ਰੀਆ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਚਾਰ ਅਜੋਕੇ ਯੁੱਗ ਦੇ ਧੁਰੰਧਰ ਸਮਝੇ ਜਾਂਦੇ ਵਿਗਿਆਨੀਆਂ ਦੇ ਜਟਿਲ ਪ੍ਰਸ਼ਨਾਂ ਦੇ ਸਟੀਕ ਉੱਤਰ ਦੇਣ ਦੇ ਸਮਰੱਥ ਹਨ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਬਰਟ ਰੰਡ ਰਸਲ ਅਜੋਕੇ ਯੁਗ ਦਾ ਰੌਸ਼ਨ ਦਿਮਾਗ਼ ਚਿੰਤਕ ਹੈ। ਮਿ. ਸਟੀਫਨ ਹਾਕਿੰਗ ਨੇ ਉਸ ਨਾਲ ਜੁੜੀ ਇਕ ਦਿਲਚਸਪ ਘਟਨਾ ਦਾ ਜ਼ਿਕਰ ਕੀਤਾ ਹੈ। ਉਹ ਦੱਸਦਾ ਹੈ ਕਿ ਮਿ. ਰਸਲ ਨੇ ਇਕ ਭਾਸ਼ਣ ਕਰਦੇ ਸਮੇਂ ਸ੍ਰੋਤਿਆਂ ਨੂੰ ਦੱਸਿਆ ਕਿ ਸਾਡੀ ਧਰਤੀ ਸੂਰਜ ਦੁਆਲੇ ਘੁੰਮਦੀ ਹੈ। ਸੂਰਜ ਗਲੈਕਸੀ ਦੇ ਕੇਂਦਰ-ਬਿੰਦੂ ਦੁਆਲੇ ਘੁੰਮਦਾ ਹੈ। ਗਲੈਕਸੀ ਸਿਤਾਰਿਆਂ ਦਾ ਇਕ ਅਤਿ ਵਿਸ਼ਾਲ ਸਮੂਹ ਹੈ। …ਭਾਸ਼ਣ ਮੁੱਕਾ ਤਾਂ ਭਾਸ਼ਣ-ਹਾਲ ਦੇ ਇਕ ਕੋਨੇ ਵਿੱਚੋਂ ਇਕ ਬਜ਼ੁਰਗ ਬੀਬੀ ਉੱਠੀ ਤੇ ਬੋਲੀ- ਜੋ ਕੁਝ ਵੀ ਤੁਸੀਂ ਸਾਨੂੰ ਦੱਸਿਆ ਹੈ, ਸਭ ਬਕਵਾਸ ਹੈ। ਇਹ ਧਰਤੀ ਅਸਲੋਂ ਚਪਟੀ ਹੈ। ਇਹ ਇਕ ਬਹੁਤ ਵੱਡੇ ਕੱਛੂ ਦੀ ਪਿੱਠ ਉੱਤੇ ਖਲੋਤੀ ਹੈ। ਰਸਲ ਮੁਸਕਰਾਇਆ ਤੇ ਉਸ ਨੇ ਮੋੜਵਾਂ ਪ੍ਰਸ਼ਨ ਕੀਤਾ, ‘ਬੀਬੀ ਜੀ, ਇਹ ਵੱਡਾ ਕੱਛੂ ਆਪ ਕਾਹਦੇ ਉੱਤੇ ਖਲੋਤਾ ਹੈ?’ ਬੁਜ਼ਰਗ ਔਰਤ ਦਾ ਉੱਤਰ ਸੀ, ‘ਬੜੇ ਚੁਸਤ ਹੋ ਤੁਸੀਂ। ਖਾਸੇ ਚਲਾਕ। ਬਸ ਕੱਛੂ ਥੱਲੇ ਹੋਰ ਕੱਛੂ। ਇਹੀ ਸਿਲਸਿਲਾ ਹੈ ਅਖ਼ੀਰ ਤਕ।’ ਅਜਿਹਾ ਹੀ ਪ੍ਰਸ਼ਨ-ਉੱਤਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਦੀਆਂ ਪਹਿਲੇ ਆਪਣੀ ਬਾਣੀ ਜਪੁਜੀ ਸਾਹਿਬ ਵਿਚ ਪੇਸ਼ ਕਰ ਕੇ ਆਪਣੇ ਵਿਗਿਆਨਕ ਨਜ਼ਰੀਏ ਦਾ ਪ੍ਰਮਾਣ ਪੇਸ਼ ਕੀਤਾ। ਫ਼ਰਕ ਇਹ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਪ੍ਰਸ਼ਨ-ਉੱਤਰ ਨੂੰ ਆਪੇ ਕਲਪਿਤ ਕੀਤਾ ਤੇ ਇਸ ਦੀਆਂ ਸੀਮਾਵਾਂ ਆਪੇ ਹੀ ਰੱਦ ਕੀਤੀਆਂ। ਦੂਜੀ ਗੱਲ, ਉਨ੍ਹਾਂ ਨੇ ਇਹ ਕੀਤੀ ਕਿ ਕੱਛੂ ਦੀ ਥਾਂ ਧਰਤੀ ਨੂੰ ਧੌਲੇ ਬਲਦ ਵੱਲੋਂ ਆਪਣੇ ਸਿੰਗਾਂ ਉੱਤੇ ਚੁੱਕਣ ਦੀ ਭਾਰਤੀ ਮਿੱਥ ਦਾ ਜ਼ਿਕਰ ਆਪਣੇ ਸੰਵਾਦ ਵਿਚ ਕੀਤਾ।

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਜ਼ਰੀਆ ਸੱਚਮੁਚ ਹੀ ਵਿਗਿਆਨਕ ਸੀ। ਜੀਵ, ਜਗਤ, ਧਰਤ, ਆਕਾਸ਼, ਬ੍ਰਹਿਮੰਡ, ਜਗਤ ਦੀ ਉਤਪਤੀ, ਪਰਲੋ, ਵਿਸਤਾਰ, ਹੁਕਮ- ਕਿਸੇ ਵੀ ਪਹਿਲੂ ਤੋਂ ਵੇਖੀਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਚਾਰ ਅਜੋਕੇ ਯੁੱਗ ਦੇ ਧੁਰੰਧਰ ਸਮਝੇ ਜਾਂਦੇ ਵਿਗਿਆਨੀਆਂ ਦੇ ਜਟਿਲ ਪ੍ਰਸ਼ਨਾਂ ਦੇ ਸਟੀਕ ਉੱਤਰ ਦੇਣ ਦੇ ਸਮਰੱਥ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਨਜ਼ਰੀਆ ਆਪਣੇ ਹਰ ਵਿਸਤਾਰ ਵਿਚ ਵਿਗਿਆਨਕ ਹੈ। ਇਹ ਹੀ ਉਹ ਵਿਸ਼ਾ ਹੈ ਜਿਸ ਉੱਤੇ ਇਕ ਨਵ-ਪ੍ਰਕਾਸ਼ਿਤ ਅੰਗਰੇਜ਼ੀ ਪੁਸਤਕ ਵਿਚ ਖਾਸੇ ਵਿਸਤਾਰ ਨਾਲ ਗੱਲ ਕੀਤੀ ਗਈ ਹੈ। ਇਸ ਪੁਸਤਕ ਦਾ ਲੇਖਕ ਹੈ ਡਾ. ਦਲਵਿੰਦਰ ਸਿੰਘ ਅਤੇ ਨਾਮ ਹੈ : ‘ਸਾਇੰਟਿਫਿਕ ਵਿਯਨ ਆਫ਼ ਗੁਰੂ ਨਾਨਕ’। ਗੁਰਬਾਣੀ, ਗੁਰਮਤਿ ਤੇ ਸਿੱਖ ਧਰਮ ਦੇ ਜਗਿਆਸੂਆਂ ਨਾਲ ਇਸ ਪੁਸਤਕ ਦੀ ਜਾਣ-ਪਛਾਣ ਕਰਵਾਉਣੀ ਮੈਨੂੰ ਜ਼ਰੂਰੀ ਪ੍ਰਤੀਤ ਹੁੰਦੀ ਹੈ।

ਬ੍ਰਹਿਮੰਡ ਕੀ ਹੈ? ਕਿਸ ਨੇ, ਕਦੋਂ ਤੇ ਕਿਵੇਂ ਇਸ ਨੂੰ ਪੈਦਾ ਕੀਤਾ? ਕੀ ਇਹ ਕਦੇ ਖ਼ਤਮ ਵੀ ਹੋਵੇਗਾ? ਰੱਬ ਕੀ ਹੈ? ਪ੍ਰਕਿਰਤੀ ਕੀ ਹੈ? ਸਾਡੇ ਜੀਵਨ ਦਾ ਮੂਲ ਅਤੇ ਉਦੇਸ਼ ਕੀ ਹੈ? ਕੀ ਮੌਤ ਉਪਰੰਤ ਵੀ ਸਾਡੇ ਲਈ ਕੋਈ ਜੀਵਨ ਹੈ? ਇਹ ਪ੍ਰਸ਼ਨ ਅੱਜ ਆਮ ਪੁੱਛੇ ਜਾਂਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਨ੍ਹਾਂ ਪ੍ਰਸ਼ਨਾਂ ਦੇ ਵਿਗਿਆਨਕ ਉੱਤਰ ਆਪਣੀ ਬਾਣੀ ਵਿਚ ਦਿੱਤੇ ਹਨ। ਡਾ. ਸਾਹਿਬ ਨੇ ਇਨ੍ਹਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚੋਂ ਨਿਤਾਰ ਕੇ ਪਾਠਕਾਂ ਦੇ ਸਨਮੁਖ ਕਰਨ ਦਾ ਉਪਰਾਲਾ ਇਸ ਪੁਸਤਕ ਵਿਚ ਕੀਤਾ ਹੈ। ਇਹ ਉੱਤਰ ਤਰਕਪੂਰਨ, ਵਿਗਿਆਨਕ, ਸਪੱਸ਼ਟ ਤੇ ਵਿਲੱਖਣ ਹਨ। ਵਿਗਿਆਨਕ ਤੱਥ ਅਤੇ ਅਵਲੋਕਣ ਇਨ੍ਹਾਂ ਨਾਲ ਕਿਤੇ ਵੀ ਟਕਰਾਅ ਨਹੀਂ ਸਿਰਜਦੇ। ਬ੍ਰਹਿਮੰਡ ਦੇ ਜਨਮ ਤੇ ਵਿਕਾਸ ਦੇ ਵਿਗਿਆਨਕ ਸਿਧਾਂਤ ਸਮੇਂ/ਸਥਾਨ ਯਥਾਰਥ ਦਾ ਸੰਕਲਪ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਜਿਸ ਸਪੱਸ਼ਟਤਾ ਨਾਲ ਅੰਕਿਤ ਹੈ, ਉਸ ਦਾ ਜ਼ਿਕਰ ਲੇਖਕ ਨੇ ਵਿਸਤਾਰ ਨਾਲ ਕੀਤਾ ਹੈ। ਉਹ ਕਹਿੰਦਾ ਹੈ ਕਿ ਇਸ ਬਾਣੀ ਤੋਂ ਅਜੋਕੇ ਤੇ ਭਵਿੱਖ ਦੇ ਵਿਗਿਆਨ ਨੂੰ ਬ੍ਰਹਿਮੰਡੀ ਰਹੱਸ ਦੇ ਸੂਖ਼ਮ ਰਹੱਸ ਸਮਝਣ ਲਈ ਨਵੀਆਂ ਅੰਤਰ-ਦ੍ਰਿਸ਼ਟੀਆਂ ਮਿਲ ਸਕਦੀਆਂ ਹਨ।

ਰੱਬ, ਰੂਹ, ਪ੍ਰਕਿਰਤੀ, ਜੀਵ, ਜਗਤ, ਬ੍ਰਹਿਮੰਡ, ਪੁਨਰ ਜਨਮ, ਸਿਰਜਨਾ, ਵਿਨਾਸ਼ ਬਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਗਿਆਨਕ ਵਿਸ਼ਲੇਸ਼ਣਾਤਮਕ ਦ੍ਰਿਸ਼ਟੀ ਬੜੀ ਨਿਸ਼ਚਿਤ ਤੇ ਧਿਆਨ ਦੇਣ ਯੋਗ ਵਿਸਤਾਰ ਉਜਾਗਰ ਕਰਦੀ ਹੈ। ਇਸ ਪਿੱਛੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਨੁਭਵ, ਅੰਤਰ-ਬੋਧ ਤੇ ਸ੍ਰੇਸ਼ਟ ਕਿਸਮ ਦੀ ਵਿਕਸਿਤ ਚੇਤਨਾ ਕਾਰਜਸ਼ੀਲ ਹੈ ਜੋ ਦ੍ਰਿਸ਼ਟਮਾਨ ਤੋਂ ਪਾਰ ਦੀ ਹਾਥ ਲੈਂਦੀ ਹੈ। ਸਮੇਂ/ਸਥਾਨ ਤੋਂ ਪਾਰ ਵੇਖਣ, ਸਮਝਣ ਦੇ ਸਮਰੱਥ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਚਿਰਾਂ ਤੋਂ ਸਥਾਪਤ ਦੰਤ-ਕਥਾਵਾਂ ਤੇ ਵਿਸ਼ਵਾਸਾਂ ਵਿਚ ਪਏ ਵਿਰੋਧਾਂ ਅਤੇ ਕੱਚ ਨੂੰ ਬੁਰੀ ਤਰ੍ਹਾਂ ਭੰਨ-ਤੋੜ ਕੇ ਆਪਣੇ ਨਜ਼ਰੀਏ ਨੂੰ ਸਥਾਪਤ ਕਰਦੇ ਹਨ। ਇਹ ਨਜ਼ਰੀਆ ਯਥਾਰਥਕ ਵੀ ਹੈ ਤੇ ਮਨੁੱਖਵਾਦੀ ਵੀ। ਸਤਿ ਸਾਰੇ ਪਸਾਰੇ ਦਾ ਮੂਲ ਹੈ। ਇਹ ਹੀ ਬ੍ਰਹਿਮੰਡ ਦੀ ਮੂਲ ਊਰਜਾ ਹੈ ਜੋ ਜੋਤਿ ਦੇ ਰੂਪ ਵਿਚ ਹੈ। ਉਹ ਜੋਤਿ ਜੋ ਹਰ ਕਿਸੇ ਅੰਦਰ ਹੈ। ਬੁਲਬੁਲੇ ਵਾਂਗ ਬ੍ਰਹਿਮੰਡ ਬਣਦੇ ਬਿਨਸਦੇ ਹਨ। ਉਸ ਅਕਾਲ ਪੁਰਖ ਦੇ ਹੁਕਮ ਨਾਲ, ਉਸੇ ਵਿੱਚੋਂ ਉਗਮ ਕੇ ਉਸੇ ਵਿਚ ਸਮਾ ਜਾਂਦੇ ਹਨ। ਉਹੀ ਬ੍ਰਹਿਮੰਡ ਦੀ ਦ੍ਰਿਸ਼ਟਮਾਨ ਹੋਂਦ ਦਾ ਸੰਚਾਲਕ ਹੈ। ਹਰ ਗਤੀਵਿਧੀ ਉਸ ਦੇ ਹੁਕਮ ਵਿਚ ਹੈ। ਬ੍ਰਹਿਮੰਡ ਉਸ ਦੇ ਇੱਕੋ ਹੁਕਮ ਨਾਲ, ਇੱਕੋ ਬੋਲੀ ਨਾਲ ਪੈਦਾ ਹੋਇਆ। ਇਕ ਵਾਰ ਨਹੀਂ, ਵਾਰ-ਵਾਰ ਇਹ ਉਸ ਦੇ ਹੁਕਮ ਨਾਲ ਪੈਦਾ ਹੁੰਦਾ ਤੇ ਬਿਨਸਦਾ ਹੈ। ਸਾਡਾ ਦ੍ਰਿਸ਼ਟਮਾਨ ਬ੍ਰਹਿਮੰਡ ਕਦੋਂ ਪੈਦਾ ਹੋਇਆ ਇਸ ਬਾਰੇ ਸਮੇਂ ਦੀ ਗੱਲ ਕਰਨੀ, ਇਸ ਦੇ ਵਿਸਤਾਰਾਂ ਨੂੰ ਅਕਲ ਦੀਆਂ ਸੀਮਾਵਾਂ ਵਿਚ ਬੰਨ੍ਹਣਾ ਸੰਭਵ ਨਹੀਂ। ਕੁਝ ਵੀ ਉਸ ਦੇ ਹੁਕਮ ਤੋਂ ਬਾਹਰ ਨਹੀਂ। ਜਗਤ ਤੇ ਪ੍ਰਕਿਰਤੀ ਦਾ ਹਰ ਵਰਤਾਰਾ ਉਸ ਦੇ ਹੁਕਮ ਦੇ ਨੇਮਾਂ ਵਿਚ ਬੱਝਾ ਕਾਰਜਸ਼ੀਲ ਹੈ। ਇਸ ਸਾਰੇ ਕੁਝ ਦਾ ਅੰਤਿਮ ਸਿਰਜਕ ਉਹ ਅਕਾਲ ਪੁਰਖ ਹੈ। ਉਹੀ ਪਹਿਲਾ ਤੇ ਅੰਤਿਮ ਸਤਿ ਹੈ। ਉਹ ਸਦੀਵੀ ਤੇ ਅਪਰਿਵਰਤਨਸ਼ੀਲ ਹੈ। ਉਸ ਨੂੰ ਸਮੇਂ, ਸਥਾਨ, ਬੁੱਧੀ, ਵਿਸਤਾਰ, ਗੁਣ, ਸਮਰੱਥਾ ਦੀਆਂ ਸੀਮਾਵਾਂ ਵਿਚ ਬੰਨ੍ਹਣਾ ਸੰਭਵ ਨਹੀਂ। ਉਸ ਦੀ ਹੋਂਦ, ਕਿਰਪਾ, ਹੁਕਮ ਤੇ ਬਖਸ਼ਿਸ਼ ਦਾ ਅਨੁਭਵ ਉਸ ਦੇ ਨਾਮ/ਹੋਂਦ/ਹਸਤੀ ਪ੍ਰਤੀ ਪ੍ਰੇਮ ਭਰੇ ਚਿੰਤਨ ਨਾਲ ਹੀ ਸੰਭਵ ਹੈ।

ਡਾ. ਸਾਹਿਬ ਦਾ ਵਿਚਾਰ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਊਰਜਾ, ਜੋਤਿ, ਨਾਦ ਬਾਰੇ ਗੱਲ ਕਰਦੇ ਹੋਏ ਕਿੰਨੇ ਹੀ ਰਹੱਸਾਂ ਤੋਂ ਪਰਦਾ ਉਠਾਉਂਦੇ ਹਨ। ਅਕਾਲ ਪੁਰਖ ਦੇ ਨਿਜ਼ਾਮ ਦੀ ਹੁਕਮ ਦੇ ਸੰਕਲਪ ਨਾਲ ਕੀਤੀ ਵਿਆਖਿਆ ਵੱਲ ਵੀ ਲੇਖਕ ਸਾਡਾ ਧਿਆਨ ਆਕਰਸ਼ਿਤ ਕਰਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਰੋਕਤ ਸਿਧਾਂਤਾਂ ਦੀ ਸਮਝ ਲਈ ਅੰਤਰ-ਅਨੁਸ਼ਾਸਨੀ ਯੋਗਤਾ ਵਾਲੇ ਸੂਖਮ-ਬੁੱਧ ਵਿਗਿਆਨੀਆਂ ਦੀ ਲੋੜ ਹੈ। ਹਉਮੈ, ਮਾਇਆ, ਪ੍ਰਕਿਰਤੀ, ਜੀਵਨ, ਮੌਤ, ਆਤਮਾ, ਪੁਨਰ ਜਨਮ ਤੇ ਮੁਕਤੀ ਜਿਹੇ ਸੂਖ਼ਮ ਅਧਿਆਤਮਿਕ ਵਿਸ਼ਿਆਂ ਬਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਜ਼ਰੀਆ ਵਿਗਿਆਨਕ ਸੋਚ ਨਾਲ ਭਰਪੂਰ ਹੈ। ਕਿਰਤ, ਗੁਣ, ਨੈਤਿਕਤਾ, ਸੇਵਾ, ਬਖਸ਼ਿਸ਼ ਦੇ ਸੰਕਲਪ ਮਨੁੱਖ ਨੂੰ ਕਰਮਸ਼ੀਲ ਸਮਾਜਕ ਜੀਵਨ ਨਾਲ ਜੁੜਨ ਦਾ ਰਾਹ ਪੇਸ਼ ਕਰਦੇ ਹਨ। ਇਸ ਦੌਰਾਨ ਦੇਸ਼/ਕਾਲ ਦੀ ਹਰ ਗਤੀਵਿਧੀ ਨੂੰ ਰੱਬੀ ਹੁਕਮ ਦੇ ਵਿਧਾਨ ਵਿਚ ਵੇਖਣ/ਸਮਝਣ ਦੀ ਗੱਲ ਸ੍ਰੀ ਗੁਰੂ ਨਾਨਕ ਦੇਵ ਜੀ ਕਰਦੇ ਹਨ। ਬ੍ਰਹਿਮੰਡ ਤੇ ਪ੍ਰਕਿਰਤੀ ਦੇ ਦੈਵੀ ਹੁਕਮ ਵਿਚ ਕਮਾਲ ਦੀ ਤਰਤੀਬ ਤੇ ਨਿਸ਼ਚਿਤ ਨੇਮ ਦਾ ਤਸੱਵਰ ਅਜੋਕਾ ਵਿਗਿਆਨ ਵੀ ਕਰਦਾ ਹੈ। ਦੈਵੀ ਜੋਤਿ ਤੇ ਊਰਜਾ ਦੇ ਅਮੁੱਕ ਮੂਲ ਸ੍ਰੋਤ ਦੀ ਵਿਆਖਿਆ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਆਧਾਰ ਉੱਤੇ ਲੇਖਕ ਨੇ ਇਸ ਪੁਸਤਕ ਵਿਚ ਕੀਤੀ ਹੈ। ਪਦਾਰਥ ਦੇ ਵਿਭਿੰਨ ਬਲਾਂ ਦੇ ਸੰਗਠਨ, ਤਰਤੀਬ ਤੇ ਅਨਿਕਮੁਖੀ ਵਿਸਤਾਰ ਦੇ ਸੂਖਮ ਸੰਕੇਤ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਹਨ। ਧਰਤੀਆਂ, ਤਾਰਿਆਂ, ਸੂਰਜਾਂ, ਖੰਡਾਂ, ਬ੍ਰਹਿਮੰਡਾਂ, ਲੋਆਂ, ਆਕਾਰਾਂ, ਖਾਣੀਆਂ, ਦਿਸ਼ਾਵਾਂ ਦਾ ਹਰ ਗਿਣਤੀ ਤੋਂ ਬਾਹਰ ਵਿਸਤਾਰ ਜਿਸ ਖੂਬਸੂਰਤੀ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਕਰਦੇ ਹਨ, ਉਹ ਹੈਰਾਨ ਕਰਦੀ ਹੈ।

ਅੱਜ ਵਿਗਿਆਨੀ ਪਦਾਰਥ ਤੇ ਊਰਜਾ ਦੇ ਸਥੂਲ ਹੀ ਨਹੀਂ ਸੂਖ਼ਮ ਸਰੂਪ ਦੇ ਵਿਸਤਾਰਾਂ ਨੂੰ ਸਮਝ ਰਹੇ ਹਨ। ਊਰਜਾ ਤੇ ਪਦਾਰਥ ਦੇ ਪਰਸਪਰ ਤੇ ਅੰਤਰ-ਸੰਬੰਧਿਤ ਪਰਿਵਰਤਨਾਂ ਦੇ ਰਹੱਸ ਜਾਣਨ ਵੱਲ ਰੁਚਿਤ ਹੋ ਰਹੇ ਹਨ। ਸਿਰਜਨਾ ਤੇ ਵਿਕਾਸ ਦੇ ਭੇਦਾਂ ਤੋਂ ਪਰਦਾ ਉਠਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਸੁੰਨ ਤੋਂ ਬ੍ਰਹਿਮੰਡ ਦੇ ਪਸਾਰੇ ਦਾ ਸੱਚ ਮਨੁੱਖ ਨੂੰ ਹੈਰਾਨ ਕਰ ਰਿਹਾ ਹੈ। ਅੰਤਿਮ ਸੱਚ, ਅੰਤਿਮ ਯਥਾਰਥ, ਅੰਤਿਮ ਸੀਮਾ ਦੇ ਸੰਕਲਪਾਂ ਉੱਤੇ ਪ੍ਰਸ਼ਨ-ਚਿੰਨ੍ਹ ਲੱਗ ਰਹੇ ਹਨ। ਇਸ ਸਾਰੇ ਕੁਝ ਵੱਲ ਸੰਕੇਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਗਿਆਨਕ ਨਜ਼ਰੀਏ ਬਾਰੇ ਇਸ ਪੁਸਤਕ ਵਿਚ ਡਾ. ਦਲਵਿੰਦਰ ਸਿੰਘ ਨੇ ਕੀਤੇ ਹਨ। ਇਸ ਦੌਰਾਨ ਉਸ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀਆਂ ਟੂਕਾਂ ਦੀ ਭਰਪੂਰ ਵਰਤੋਂ ਕੀਤੀ ਹੈ। ਸਿੱਖ ਧਰਮ ਤੇ ਵਿਗਿਆਨ ਦੋਹਾਂ ਵਿੱਚੋਂ, ਕਿਸੇ ਇਕ ਵਿਚ ਜਾਂ ਦੋਹਾਂ ਵਿਚ ਰਤਾ ਵੀ ਰੁਚੀ ਰੱਖਣ ਵਾਲੇ ਪਾਠਕਾਂ ਲਈ ਇਸ ਪੁਸਤਕ ਦਾ ਪਾਠ ਨਵੇਂ ਅਨੁਭਵ ਦੇ ਸਨਮੁਖ ਕਰੇਗਾ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

Kuldeep Singh Dhir
ਸਾਬਕਾ ਪ੍ਰੋਫੈਸਰ ਤੇ ਡੀਨ ਅਕਾਦਮਿਕ ਮਾਮਲੇ -ਵਿਖੇ: ਪੰਜਾਬੀ ਯੂਨੀਵਰਸਿਟੀ, ਪਟਿਆਲਾ

ਕੁਲਦੀਪ ਸਿੰਘ ਧੀਰ (15 ਨਵੰਬਰ 1943 - 16 ਨਵੰਬਰ 2020) ਇੱਕ ਪੰਜਾਬੀ ਵਿਦਵਾਨ ਅਤੇ ਵਾਰਤਕ ਲੇਖਕ ਸੀ। ਡਾ. ਕੁਲਦੀਪ ਸਿੰਘ ਧੀਰ ਨੇ ਸਾਹਿਤ ਜਗਤ, ਸਿੱਖ ਧਰਮ ਅਤੇ ਗਿਆਨ ਵਿਗਿਆਨ ਵਿਚ ਵਡਮੁੱਲਾ ਯੋਗਦਾਨ ਪਾਇਆ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਡੀਨ ਅਕਾਦਮਿਕ ਤੇ ਪੰਜਾਬੀ ਵਿਭਾਗ ਮੁਖੀ ਰਹੇ ਡਾ. ਕੁਲਦੀਪ ਸਿੰਘ ਧੀਰ ਨੇ ਲੇਖਕਾਂ ਦਾ ਰੇਖਾ ਚਿੱਤਰ ਲਿਖਣ ਦੇ ਨਾਲ ਹੋਰ ਕਈ ਕਿਤਾਬਾਂ ਸਾਹਿਤ ਜਗਤ ਦੀ ਝੋਲੀ ਪਾਈਆਂ।
ਕਿਤਾਬਾਂ-
ਸਾਹਿਤ ਅਧਿਐਨ: ਪਾਠਕ ਦੀ ਅਨੁਕ੍ਰਿਆ, ਵੈਲਵਿਸ਼ ਪਬਲਿਸ਼ਰਜ਼,. ਦਿੱਲੀ, 1996.
ਨਵੀਆਂ ਧਰਤੀਆਂ ਨਵੇਂ ਆਕਾਸ਼ (1996)
ਵਿਗਿਆਨ ਦੇ ਅੰਗ ਸੰਗ (2013)[2]
ਸਿੱਖ ਰਾਜ ਦੇ ਵੀਰ ਨਾਇਕ
ਦਰਿਆਵਾਂ ਦੀ ਦੋਸਤੀ
ਵਿਗਿਆਨ ਦੀ ਦੁਨੀਆਂ
ਗੁਰਬਾਣੀ
ਜੋਤ ਅਤੇ ਜੁਗਤ
ਗਿਆਨ ਸਰੋਵਰ
ਕੰਪਿਊਟਰ
ਕਹਾਣੀ ਐਟਮ ਬੰਬ ਦੀ
ਜਹਾਜ਼ ਰਾਕਟ ਅਤੇ ਉਪਗ੍ਰਹਿ
ਤਾਰਿਆ ਵੇ ਤੇਰੀ ਲੋਅ
ਧਰਤ ਅੰਬਰ ਦੀਆਂ ਬਾਤਾਂ[3]
ਬਿੱਗ ਬੈਂਗ ਤੋਂ ਬਿੱਗ ਕਰੰਚ (੨੦੧੨)
ਹਿਗਸ ਬੋਸਨ ਉਰਫ ਗਾਡ ਪਾਰਟੀਕਲ (੨੦੧੩)

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)