ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਧਿਆਤਮਕ ਸਿਧਾਂਤਾਂ ਨੂੰ ਜੋ ਉਨ੍ਹਾਂ ਦੇ ਦਾਰਸ਼ਨਿਕ ਦ੍ਰਿਸ਼ਟੀਕੋਣ ਦੇ ਲਖਾਇਕ ਹਨ, ਇਸ ਲੇਖ ਵਿਚ ਪੇਸ਼ ਕਰਨਾ ਕੁੱਜੇ ਵਿਚ ਦਰਿਆ ਬੰਦ ਕਰਨ ਦੇ ਤੁਲ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮੂਲ ਦਾਰਸ਼ਨਿਕ ਸਿਧਾਂਤ ਅਕਾਲ ਪੁਰਖ ਦੀ ਏਕਤਾ ਜਾਂ ਸਮਰੂਪਤਾ ਵਿੱਚੋਂ ਨਜ਼ਰ ਆਉਂਦਾ ਹੈ। ਸਿੱਖ ਧਰਮ ਦੇ ਸੰਕਲਪ ਅਨੁਸਾਰ ਪਰਮਾਤਮਾ ਇਕ ਹੈ ਅਤੇ ਉਹ ਸਿਰਜਨਹਾਰ ਤੇ ਜਨਮਦਾਤਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਬ੍ਰਹਮਾ ਦੁਆਰਾ ਸ੍ਰਿਸ਼ਟੀ ਦੀ ਸਾਜਨਾ ਨੂੰ ਅਸਵੀਕਾਰ ਕਰਦੇ ਹਨ ਅਤੇ ਨਿਰੰਕਾਰ ਨੂੰ ਸ੍ਰਿਸ਼ਟੀ ਦਾ ਕਰਤਾ ਮੰਨਦੇ ਹਨ:
ਦਾਤਾ ਕਰਤਾ ਆਪਿ ਤੂੰ ਤੁਸਿ ਦੇਵਹਿ ਕਰਹਿ ਪਸਾਉ॥ (ਪੰਨਾ 463)
ਸ੍ਰੀ ਗੁਰੂ ਨਾਨਕ ਦੇਵ ਜੀ ਅਨੁਸਾਰ ਸ੍ਰਿਸ਼ਟੀ ਦੀ ਰਚਨਾ ਕੇਵਲ ਪਰਮਾਤਮਾ ਦੇ ਹੁਕਮ ਵਿਚ ਹੋਈ ਹੈ:
ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ॥
ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ॥
ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ॥
ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ॥ (ਪੰਨਾ 1)
ਸ੍ਰੀ ਗੁਰੂ ਨਾਨਕ ਦੇਵ ਜੀ ਅਨੁਸਾਰ ਪਰਮਾਤਮਾ ਹਰ ਇਕ ਨੂੰ ਆਪਣੇ ਆਕਾਰ ਵਿੱਚੋਂ ਸਾਜਦਾ ਹੈ। ਭਾਵੇਂ ਸਮੁੱਚੀ ਸਾਜਣਾ ਵਿਚ ਉਹ ਆਪ ਵਰਤ ਰਿਹਾ ਹੈ ਪ੍ਰੰਤੂ ਫਿਰ ਵੀ ਉਹ ਹੈ ਤਾਂ ਉਸ ਦੀ ਰਚਨਾ ਹੀ। ਉਹ ਹਰ ਥਾਂ ਬਿਰਾਜਮਾਨ ਹੈ ਅਤੇ ਹਰ ਦਿਲ ਵਿਚ ਉਸ ਦਾ ਵਾਸ ਹੈ। ਉਹ ਨਿਆਰਾ ਹੈ। ਜਪੁਜੀ ਸਾਹਿਬ ਵਿਚ ਅਕਾਲ ਪੁਰਖ ਦੀ ਵਿਸ਼ੇਸ਼ਤਾ ਸਪਸ਼ਟ ਰੂਪ ਵਿਚ ਵਰਣਨ ਕੀਤੀ ਗਈ ਹੈ:
ਥਾਪਿਆ ਨ ਜਾਇ ਕੀਤਾ ਨ ਹੋਇ॥
ਆਪੇ ਆਪਿ ਨਿਰੰਜਨੁ ਸੋਇ॥ (ਪੰਨਾ 2)
ਇਸ ਤੋਂ ਛੁੱਟ ਉਸ ਦੇ ਬਹੁ-ਪੱਖੀ ਗੁਣਾਂ ਵਿੱਚੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰੂ ਕਿਸੇ ਰੂਪ-ਰੇਖਾ ਜਾਂ ਵਰਣਨ ਵਿਚ ਨਹੀਂ ਆ ਸਕਦਾ:
ਬੇਦ ਕਤੇਬ ਸੰਸਾਰ ਹਭਾ ਹੂੰ ਬਾਹਰਾ॥
ਨਾਨਕ ਕਾ ਪਾਤਿਸਾਹੁ ਦਿਸੈ ਜਾਹਰਾ॥ (ਪੰਨਾ 397)
ਸ੍ਰੀ ਗੁਰੂ ਨਾਨਕ ਸਾਹਿਬ ਅਨੁਸਾਰ ਧਾਰਮਿਕ ਪੁਸਤਕਾਂ ਪੜ੍ਹਨ ਦਾ ਲਾਭ ਤਦ ਹੀ ਹੈ ਜੇਕਰ ਆਪਣੇ ਜੀਵਨ ਨੂੰ ਉਨ੍ਹਾਂ ਦੀ ਚੰਗੀ ਸਿੱਖਿਆ ਅਨੁਸਾਰ ਢਾਲਿਆ ਜਾਵੇ। ਇਸੇ ਸੰਬੰਧ ਵਿਚ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਵਿਚ ਪੁੰਨ ਦਾਨ, ਤਰਸ, ਮਿਹਰ, ਨਿਆਂ ਅਤੇ ਸਭ ਤੋਂ ਉੱਤਮ ਥਾਂ ਨਾਮ ਸਿਮਰਨ ਨੂੰ ਦਿੱਤੀ ਗਈ ਹੈ।
ਇੱਥੇ ਇਹ ਗੱਲ ਵੀ ਸਪਸ਼ਟਤਾ ਦੀ ਜਾਚਕ ਹੈ ਕਿ ਪ੍ਰਭੂ-ਸਿਮਰਨ ਅਤੇ ਪ੍ਰਭੂ-ਮਿਲਾਪ ਕੇਵਲ ਉਸ ਸਥਿਤੀ ਵਿਚ ਹੀ ਹੋ ਸਕਦਾ ਹੈ ਜਦੋਂ ਹਉਮੈ ਦੀ ਰੁਕਾਵਟ ਹਟਾਈ ਜਾਵੇ। ਉਸ ਦੀ ਮਿਹਰ ਸਦਕਾ ਮਨੁੱਖ ਭਿਆਨਕ ਸਮੁੰਦਰ ਪਾਰ ਕਰਨ ਯੋਗ ਹੋ ਸਕਦਾ ਹੈ। ਇਸ ਲਈ ਉਸ ਦੀ ਮਿਹਰ ਉਸ ਦੀ ਪ੍ਰਸੰਨਤਾ ਨਾਲ ਹੀ ਹੋ ਸਕਦੀ ਹੈ। ਗੁਰੂ ਨਾਨਕ ਸਾਹਿਬ ਦਾ ਰੱਬ ਦਿਆਵਾਨ, ਉਪਕਾਰੀ, ਹਿਤੈਸ਼ੀ ਤੇ ਸ਼ੁਭਚਿੰਤਕ ਹੈ। ਗੁਰਬਾਣੀ ਅਨੁਸਾਰ ਅਕਾਲ ਪੁਰਖ ਤੇ ਜੀਵ-ਆਤਮਾ ਦਾ ਰਿਸ਼ਤਾ ਪਤੀ ਅਤੇ ਪਤਨੀ ਵਾਲਾ ਹੈ। ਜੀਵ-ਆਤਮਾ ਰੂਪੀ ਇਸਤਰੀ ਲਈ ਪਤੀ ਦੇ ਮਿਲਾਪ ਲਈ ਨਾਮ ਦਾ ਸਿਮਰਨ ਅਤਿਅੰਤ ਲੋੜੀਂਦਾ ਹੈ। ਨਾਮ ਸਿਮਰਨ ਦੀ ਸ਼ਕਤੀ ਨਾਲ ਸਾਧਕ ਲੌਕਿਕ ਤੇ ਅਲੌਕਿਕ ਸੁਖਾਂ ਦੀ ਪ੍ਰਾਪਤੀ ਕਰ ਸਕਦਾ ਹੈ। ਜੀਵ-ਇਸਤਰੀ ਲਈ ਇਹ ਸੰਸਾਰ ਉਸ ਦੇ ਪੇਕਿਆਂ ਦਾ ਘਰ ਹੈ ਇਸ ਲਈ ਉਸ ਨੇ ਗੁਣ ਗ੍ਰਹਿਣ ਕਰਕੇ ਪਰਲੋਕ ਲਈ ਵਿਦਾ ਹੋਣਾ ਹੈ ਜੋ ਉਸ ਦਾ ਮਾਨੋ ਸਹੁਰਾ ਘਰ ਹੈ ਜਿੱਥੇ ਉਸ ਨੇ ਸੁਖ ਮਾਨਣਾ ਹੈ। ਸਮੂਹ ਜੀਵ-ਇਸਤਰੀਆਂ ਨੇ ਮੁਕਲਾਵੇ ਲਈ ਤਿਆਰ ਰਹਿਣਾ ਹੈ। ਇਸ ਲੋਕ ਵਿਚ ਪ੍ਰਭੂ ਦੇ ਨਾਮ-ਸਿਮਰਨ ਨਾਲ ਇਹ ਲੋਕ ਅਤੇ ਪਰਲੋਕ ਸੁਹੇਲਾ ਹੁੰਦਾ ਹੈ। ਜੀਵਨ ਨਾਸ਼ਵਾਨ ਹੈ ਇਸ ਲਈ ਸੰਸਾਰ ਦੇ ਮੋਹ ਦਾ ਤਿਆਗ ਜ਼ਰੂਰੀ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਵਿਚ ਮਾਨਵ ਲਈ ਨਾਮ ਜਪਣਾ ਅੰਮ੍ਰਿਤ ਦੀ ਧਾਰਾ ਸਮਝਿਆ ਗਿਆ ਜੋ ਸਭੇ ਰੋਗਾਂ ਦਾ ਇਲਾਜ ਦੱਸਿਆ ਗਿਆ। ਨਾਮ ਜਪਣ ਦੇ ਮਹੱਤਵ ਵਿਚ ਸ਼ਾਮਲ ਹਨ: ਮੌਤ ਦੇ ਸਹਿਮ ਦਾ ਖ਼ਾਤਮਾ, ਅਕਾਲ ਪੁਰਖ ਦੇ ਗੁਣਾਂ ਦੀ ਉਸਤਤ, ਆਤਮਿਕ ਵਿਕਾਸ, ਜੀਵਨ ਮਨੋਰਥ ਦੀ ਪੂਰਤੀ, ਗੁਰਮੁਖ ਪਦ ਦੀ ਪ੍ਰਾਪਤੀ, ਆਤਮਿਕ ਸ਼ਕਤੀ ਦੀ ਪ੍ਰਾਪਤੀ, ਸ਼੍ਰੋਮਣੀ ਅਵਸਥਾ ਦੀ ਕਾਇਮੀ ਆਦਿ। ਮਨੁੱਖ ਆਪਣੇ ਕੀਮਤੀ ਸਵਾਸਾਂ ਨੂੰ ਖਾਣ-ਪੀਣ ਤੇ ਇੰਦਰੀ ਰਸਾਂ ਨੂੰ ਚੱਖਣ ਵਿਚ ਖਰਚ ਕਰ ਲੈਂਦਾ ਹੈ ਅਤੇ ਪਾਪਾਂ ਦਾ ਕਰਜਾ ਆਪਣੇ ਉੱਪਰ ਚੜ੍ਹਾ ਲੈਂਦਾ ਹੈ।
ਗੁਰੂ ਨਾਨਕ ਸਾਹਿਬ ਅਨੁਸਾਰ ਸ਼ਬਦ ਤੇ ਨਾਮ ਵਿਚ ਕੋਈ ਅੰਤਰ ਨਹੀਂ ਹੈ। ਸ਼ਬਦ ਗੁਰੂ ਹੈ, ਗੁਰੂ ਪਰਮੇਸ਼ਵਰ ਦਾ ਹੁਕਮ ਪ੍ਰਗਟ ਕਰਦਾ ਹੈ। ਸ਼ਬਦ ਨੂੰ ਸਤ ਕਰ ਕੇ ਮੰਨਿਆ ਗਿਆ ਹੈ। ਇਸ ਪ੍ਰਕਾਰ ਸੱਚਾਈ ਸ਼ਬਦ ਦੀ ਇਕ ਮੂਰਤ ਹੈ। ਗੁਰੂ ਨਾਨਕ ਸਾਹਿਬ ਅਨੁਸਾਰ ਸ਼ਬਦ ਮੁਕਤੀ ਦਾ ਇਕ ਜ਼ਰੂਰੀ ਸਾਧਨ ਹੈ। ਸ਼ਬਦ ਅਕਾਲ ਪੁਰਖ ਦੀ ਮਿਹਰ ਤੋਂ ਬਿਨਾਂ ਪ੍ਰਾਪਤ ਨਹੀਂ ਹੋ ਸਕਦਾ।
ਕਈ ਵਿਅਕਤੀ ਬਾਣੀ ਅਤੇ ਸ਼ਬਦ ਨੂੰ ਇੱਕੋ ਗੱਲ ਨਹੀਂ ਸਮਝਦੇ ਜਦੋਂ ਕਿ ਬਾਣੀ ਵਿਚ ਗੁਰੂ ਦਾ ਉਪਦੇਸ਼ ਹੈ। ਹੇਠ ਲਿਖੀਆਂ ਤੁਕਾਂ ਵਿਚ ਬਾਣੀ ਅਤੇ ਸ਼ਬਦ ਨੂੰ ਇੱਕੋ ਅਰਥ ਵਿਚ ਲਿਆ ਗਿਆ ਹੈ:
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥
ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ॥ (ਪੰਨਾ 982)
ਗੁਰਮਤਿ ਅਨੁਸਾਰ ਪ੍ਰਾਣੀ ਦੀ ਆਯੂ ਨਾਮ-ਸਿਮਰਨ ਦੇ ਸੰਬੰਧ ਵਿਚ ਕੋਈ ਮਹੱਤਵ ਨਹੀਂ ਰੱਖਦੀ। ਅਕਾਲ ਪੁਰਖ ਉਸ ਦਾ ਸਹਾਈ ਹੁੰਦਾ ਹੈ ਜੋ ਉਸ ਦੇ ਨਾਮ ਨੂੰ ਹਿਰਦੇ ਵਿਚ ਵਸਾਉਂਦਾ ਹੈ। ਜੀਵ-ਪ੍ਰਾਣੀ ਦਾ ਅਕਾਲ ਪੁਰਖ ਵਿਚ ਲੀਨ ਹੋਣਾ ਉਸ ਦੇ ਆਪਣੇ ਜਤਨਾਂ ਦੁਆਰਾ ਨਹੀਂ ਸਗੋਂ ਪ੍ਰਭੂ-ਕਿਰਪਾ ਨਾਲ ਅਮਲ ਵਿਚ ਆਉਂਦਾ ਹੈ। ਪ੍ਰਭੂ ਪਿਆਰ, ਸ਼ਰਧਾ, ਭਗਤੀ, ਸਿਦਕ ਤੇ ਪ੍ਰੇਮ ਆਦਿ ਸਭ ਵਡਿਆਈਆਂ ਉਸ ਸਾਹਿਬ ਦੇ ਹੱਥ ਵਿਚ ਹਨ ਅਤੇ ਉਹ ਜਿਸ ਉੱਤੇ ਚਾਹੇ ਇਨ੍ਹਾਂ ਦੀ ਬਖਸ਼ਿਸ਼ ਕਰਦਾ ਹੈ। ਗੁਰਬਾਣੀ ਵਿਚ ਫ਼ਰਮਾਨ ਹੈ:
ਫਰੀਦਾ ਕਾਲੀ ਧਉਲੀ ਸਾਹਿਬੁ ਸਦਾ ਹੈ ਜੇ ਕੋ ਚਿਤਿ ਕਰੇ॥
ਆਪਣਾ ਲਾਇਆ ਪਿਰਮੁ ਨ ਲਗਈ ਜੇ ਲੋਚੈ ਸਭੁ ਕੋਇ॥
ਏਹੁ ਪਿਰਮੁ ਪਿਆਲਾ ਖਸਮ ਕਾ ਜੈ ਭਾਵੈ ਤੈ ਦੇਇ॥ (ਪੰਨਾ 1378)
ਗੁਰਬਾਣੀ ਦੀ ਵਿੱਦਿਆ ਸੰਸਾਰੀ ਜੀਵ ਦੀ ਸੇਧ ਉੱਤੇ ਜ਼ਿਆਦਾ ਜ਼ੋਰ ਦਿੰਦੀ ਹੈ ਕਿਉਂਕਿ ਸੁਧਾਰ ਸੋਧ ਜਾਂ ਪੁਨਰ-ਨਿਰਮਾਣ ਹੀ ਇਕ ਅਨੁਕੂਲ ਸਮਾਜ ਬਣਾ ਸਕਦਾ ਹੈ। ਲੋੜ ਹੈ ਕਿ ਪ੍ਰਾਣੀ ਵਿਚ ਸਤ-ਸੰਤੋਖ, ਧੀਰਜ, ਨਿਮਰਤਾ ਆਦਿ ਦੈਵੀ ਗੁਣਾਂ ਨੂੰ ਪੈਦਾ ਕੀਤਾ ਜਾਵੇ।
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਵਿਚ ਮਾਨਵਤਾ ਦਾ ਸੰਦੇਸ਼ ਥਾਂ-ਥਾਂ ਉੱਤੇ ਮਿਲਦਾ ਹੈ ਅਤੇ ਸੇਧ ਪ੍ਰਾਪਤ ਹੁੰਦੀ ਹੈ ਕਿ ਮਨੁੱਖੀ ਜੀਵਨ ਨੂੰ ਕਿਹੜੀਆਂ ਲੀਹਾਂ ਉੱਤੇ ਚਲਾਇਆ ਜਾਵੇ। ਗੁਰੂ ਸਾਹਿਬ ਨੇ ਸੰਨਿਆਸ ਦੀ ਪ੍ਰਥਾ ਦੇ ਪ੍ਰਤੀਕਰਮ ਵਜੋਂ ਆਪ ਗ੍ਰਿਹਸਤ ਧਰਮ ਧਾਰਨ ਕੀਤਾ ਅਤੇ ਉਪਦੇਸ਼ ਦਿੱਤਾ ਕਿ
‘ਘਾਲਿ ਖਾਇ ਕਿਛੁ ਹਥਹੁ ਦੇਇ॥
ਨਾਨਕ ਰਾਹੁ ਪਛਾਣਹਿ ਸੇਇ’
ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸਮੂਹ ਗੁਰੂ ਸਾਹਿਬਾਨ ਨੇ ਹਠ ਯੋਗ ਜਾਂ ਪ੍ਰਭੂ ਭਗਤੀ ਵਿਚ ਸਰੀਰ ਨੂੰ ਕਸ਼ਟ ਦੇਣ ਦੇ ਸਿਧਾਂਤ ਨੂੰ ਨਿੰਦਿਆ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਦਾ ਫ਼ਰਮਾਨ ਹੈ:
ਵਰਮੀ ਮਾਰੀ ਸਾਪੁ ਨ ਮੂਆ॥ (ਪੰਨਾ 1348)
ਸੱਪ ਦੀ ਖੁੱਡ ਉੱਤੇ ਲਾਠੀਆਂ ਮਾਰਨ ਨਾਲ ਸੱਪ ਨਹੀਂ ਮਰਦਾ। ਜੀਵ ਵਿਅਕਤੀ ਦਾ ਸਰੀਰ ਨੂੰ ਕਸ਼ਟ ਦੇਣਾ ਵਿਅਰਥ ਹੈ। ਲੋੜ ਹੈ ਅੰਤਹਕਰਨ ਵਿਚ ਝਾਤ ਮਾਰਨ ਦੀ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਅਰਬੀ ਮੂਲ ਦੇ ਸ਼ਬਦ ‘ਕੁਦਰਤ’ ਦੀ ਵਰਤੋਂ ਕੀਤੀ ਗਈ ਹੈ ਅਤੇ ਜੀਵ ਦਾ ਅਕਾਲ ਪੁਰਖ ਨਾਲ ਸੰਬੰਧ ਜੋੜਨ ਲਈ ਕੁਦਰਤ ਨੂੰ ਵੀ ਇਕ ਮਾਧਿਅਮ ਪ੍ਰਗਟ ਕੀਤਾ ਗਿਆ ਹੈ:
ਕੁਦਰਤਿ ਦਿਸੈ ਕੁਦਰਤਿ ਸੁਣੀਐ ਕੁਦਰਤਿ ਭਉ ਸੁਖ ਸਾਰੁ॥
ਕੁਦਰਤਿ ਪਾਤਾਲੀ ਆਕਾਸੀ ਕੁਦਰਤਿ ਸਰਬ ਆਕਾਰੁ॥
ਕੁਦਰਤਿ ਵੇਦ ਪੁਰਾਣ ਕਤੇਬਾ ਕੁਦਰਤਿ ਸਰਬ ਵੀਚਾਰੁ॥
ਕੁਦਰਤਿ ਖਾਣਾ ਪੀਣਾ ਪੈਨ੍ਣੁ ਕੁਦਰਤਿ ਸਰਬ ਪਿਆਰੁ॥
ਕੁਦਰਤਿ ਜਾਤੀ ਜਿਨਸੀ ਰੰਗੀ ਕੁਦਰਤਿ ਜੀਅ ਜਹਾਨ॥
ਕੁਦਰਤਿ ਨੇਕੀਆ ਕੁਦਰਤਿ ਬਦੀਆ ਕੁਦਰਤਿ ਮਾਨੁ ਅਭਿਮਾਨੁ॥
ਕੁਦਰਤਿ ਪਉਣੁ ਪਾਣੀ ਬੈਸੰਤਰੁ ਕੁਦਰਤਿ ਧਰਤੀ ਖਾਕੁ॥
ਸਭ ਤੇਰੀ ਕੁਦਰਤਿ ਤੂੰ ਕਾਦਿਰੁ ਕਰਤਾ ਪਾਕੀ ਨਾਈ ਪਾਕੁ॥ (ਪੰਨਾ 464)
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਮਨੁੱਖਤਾ ਨਾਲ ਸੰਬੰਧਿਤ ਭਿੰਨ-ਭਿੰਨ ਵਿਸ਼ੇ ਛੋਹੇ ਗਏ ਹਨ ਜਿਨ੍ਹਾਂ ਵਿਚ ਸੰਸਾਰ ਵਿਚ ਜੀਵ ਦੇ ਵਿਚਰਨ ਸੰਬੰਧੀ ਸੇਧ ਪ੍ਰਾਪਤ ਹੁੰਦੀ ਹੈ। ਆਪਣੇ ਮਨ ਨੂੰ ਜਿੱਤਣ ਵਾਲਾ ਸਾਧਕ ਸੰਸਾਰ ਨੂੰ ਜਿੱਤ ਲੈਂਦਾ ਹੈ-ਮਨਿ ਜੀਤੈ ਜਗੁ ਜੀਤੁ (ਜਪੁ) ਏਕੰਕਾਰ ਦੀ ਪ੍ਰਸੰਸਾ ਸਮੁੱਚੀ ਬਾਣੀ ਵਿਚ ਦਰਸਾਈ ਗਈ ਹੈ। ਗਿਆਨੀ ਨੂੰ ਚੇਤਨ ਕਿਹਾ ਗਿਆ ਹੈ ਅਤੇ ਅਗਿਆਨੀ ਨੂੰ ਅੰਨ੍ਹਾ ਦੱਸਿਆ ਗਿਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਫ਼ਰਮਾਨ ਹੈ-
‘ਸੋ ਗਿਆਨੀ ਦਰਗਹ ਪਰਵਾਣੁ’।
‘ਏਕ ਸ਼ਬਦ’ ਨੂੰ ਪਰਮਾਤਮਾ ਦੇ ਅਰਥਾਂ ਵਿਚ ਵਰਤਿਆ ਗਿਆ ਹੈ ਜਿਸ ਨਾਲ ਜਨਮ-ਮਰਨ ਸੰਵਰ ਜਾਂਦਾ ਹੈ।
ਉਹ ਸਾਧਕ ਜੋ ਸੰਤੋਖ ਭਰਪੂਰ ਹੈ ਕੇਵਲ ਉਹ ਹੀ ਖਿਮਾ ਕਰ ਸਕਦਾ ਹੈ। ਸੱਚੇ ਗੁਰੂ ਦੀ ਸਹਾਇਤਾ ਬਿਨਾਂ ਖਿਮਾ ਅਤੇ ਸੰਤੋਖ ਦੇ ਗੁਣ ਪ੍ਰਾਪਤ ਨਹੀਂ ਹੋ ਸਕਦੇ-
‘ਖਿਮਾ ਗਹੀ ਬ੍ਰਤੁ ਸੀਲ ਸੰਤੋਖੰ।
ਰੋਗੁ ਨ ਬਿਆਪੈ ਨ ਜਮ ਦੋਖੰ॥’
ਪ੍ਰੇਮ ਰੱਬੀ ਦਾਤ ਹੈ ਜਿਸ ਸਦਕਾ ਸਾਧਕ ਆਪਾ ਤਿਆਗ ਕਰਨ ਲਈ ਤਿਆਰ ਰਹਿੰਦਾ ਹੈ। ਜਿੱਥੇ ਮੋਹ ਰੋਗ ਬਣ ਜਾਂਦਾ ਹੈ ਉੱਥੇ ਪ੍ਰੇਮ ਦਾਰੂ ਬਣ ਕੇ ਸਹਾਈ ਹੁੰਦਾ ਹੈ। ਇਸ ਰਾਹੀਂ ਅਕਾਲ ਪੁਰਖ ਨਾਲ ਮਿਲਾਪ ਹੁੰਦਾ ਹੈ। ਗੁਰੂ ਨਾਨਕ ਸਾਹਿਬ ਲਈ ਉਦਾਸੀ ਦਾ ਸੰਕਲਪ ਇਹ ਹੈ ਕਿ ਆਪਣੇ ਗ੍ਰਿਹ ਵਿਖੇ ਹੀ ਉਦਾਸੀਨ ਰਿਹਾ ਜਾਵੇ ਜਿਵੇਂ ਕਮਲ ਫੁੱਲ ਪਾਣੀ ਵਿਚ ਰਹਿੰਦਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਬਾਣੀ ਵਿਚ ਸੇਵਾ ਨੂੰ ਬਹੁਤ ਮਹੱਤਵ ਦਿੱਤਾ ਹੈ-
‘ਵਿਚਿ ਦੁਨੀਆ ਸੇਵ ਕਮਾਈਐ।
ਤਾ ਦਰਗਹ ਬੈਸਣੁ ਪਾਈਐ॥’
ਇਸੇ ਪ੍ਰਕਾਰ ਜੀਵ-ਆਤਮਾ ਦੀ ਕਰਨੀ ਉੱਤੇ ਜ਼ੋਰ ਦਿੱਤਾ ਗਿਆ ਹੈ-
‘ਕਲਰਿ ਖੇਤੀ ਬੀਜੀਐ ਕਿਉ ਲਾਹਾ ਪਾਵੈ॥’
ਗੁਰੂ ਨਾਨਕ ਸਾਹਿਬ ਜੀ ਦੇ ਜਪੁਜੀ ਵਿਚ ਫ਼ਰਮਾਨ ਹਨ-
‘ਆਪੇ ਬੀਜਿ ਆਪੇ ਹੀ ਖਾਹੁ॥’
ਗੁਰੂ ਨਾਨਕ ਸਾਹਿਬ ਦੇ ਸੰਕਲਪ ਵਿਚ ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਛਕਣਾ ਬਹੁਤ ਭਾਰੀ ਮਹੱਤਵ ਰੱਖਦੇ ਹਨ। ‘ਸਾਰੰਗ ਕੀ ਵਾਰ’ ਵਿਚ ਆਪ ਦਾ ਫ਼ਰਮਾਨ ਹੈ-
‘ਘਾਲਿ ਖਾਇ ਕਿਛੁ ਹਥਹੁ ਦੇਇ॥
ਨਾਨਕ ਰਾਹੁ ਪਛਾਣਹਿ ਸੇਇ॥’
ਗੁਰੂ ਨਾਨਕ ਸਾਹਿਬ ਜੀ ਨੇ ਬਾਣੀ ਵਿਚ ਇਸਤਰੀ ਨੂੰ ਬਹੁਤ ਸਤਿਕਾਰ ਅਤੇ ਮਾਣ ਦਿੱਤਾ ਹੈ। ਇਸਤਰੀ ਤੋਂ ਮਨੁੱਖ ਜਨਮ ਲੈਂਦਾ ਹੈ। ਉਹ ਆਪਣੀ ਕੁੱਖੋਂ ਰਾਜੇ ਮਹਾਰਾਜਿਆਂ ਨੂੰ ਜਨਮ ਦਿੰਦੀ ਹੈ। ਇਸ ਲਈ ਗੁਰੂ ਨਾਨਕ ਸਾਹਿਬ ਨੇ ਬਾਣੀ ਅੰਦਰ ਫ਼ਰਮਾਇਆ ਹੈ:
ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ ॥
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ ॥
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ ॥
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥ (ਪੰਨਾ 473)
ਗੁਰੂ ਨਾਨਕ ਸਾਹਿਬ ਅਨੁਸਾਰ ਮਨੁੱਖ ਪਰਮਾਤਮਾ ਦੀ ਸਾਜੀ ਹੋਈ ਕਾਇਨਾਤ ਵਿੱਚੋਂ ਸਭ ਜੀਵਾਂ ਵਿੱਚੋਂ ਉੱਤਮ ਹੈ। ਇਸ ਲਈ ਜੇ ਉਹ ਮਾਇਆ ਵੱਸ ਹੋ ਕੇ ਆਪਣੇ ਮਨ ਨੂੰ ਚਲਾਉਂਦਾ ਹੈ ਤਾਂ ਉਹ ਪਸ਼ੂ ਬਿਰਤੀ ਵਾਲਾ ਹੋ ਜਾਂਦਾ ਹੈ।ਪਰੰਤੂ ਜੋ ਮਨੁੱਖ ਆਪਣੀਆਂ ਇੰਦਰੀਆਂ ਨੂੰ ਕਾਬੂ ਕਰ ਲੈਂਦਾ ਹੈ ਅਤੇ ਪਰਮਾਤਮਾ ਦੀ ਬਖਸ਼ੀ ਹੋਈ ਮਿਹਰ ਅਨੁਸਾਰ ਚੱਲਦਾ ਹੈ ਤਾਂ ਉਹ ਗੁਰਮੁਖ ਮੰਨਿਆ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਨੇ ਮਨ ਦੀ ਚੰਚਲਤਾ ਨੂੰ ਸਵੀਕਾਰ ਕਰਦਿਆਂ ਹੋਇਆਂ ਅਨੁਭਵ ਕੀਤਾ ਕਿ ਜਦ ਤਕ ਮਨ ਉੱਤੇ ਜਿੱਤ ਪ੍ਰਾਪਤ ਨਹੀਂ ਕੀਤੀ ਜਾਂਦੀ ਤਦ ਤਕ ਆਤਮਾ ਦੀ ਤ੍ਰਿਪਤੀ ਨਹੀਂ ਹੋ ਸਕਦੀ। ਇਸ ਲਈ ਸਮੁੱਚੇ ਸੰਸਾਰ ਨੂੰ ਜਿੱਤਣ ਦਾ ਢੰਗ ਮਨ ਉੱਤੇ ਜਿੱਤ ਪ੍ਰਾਪਤ ਕਰਨਾ ਹੈ-
‘ਆਈ ਪੰਥੀ ਸਗਲ ਜਮਾਤੀ ਮਨਿ ਜੀਤੈ ਜਗੁ ਜੀਤੁ॥’
ਸ੍ਰੀ ਗੁਰੂ ਨਾਨਕ ਸਾਹਿਬ ਅਨੁਸਾਰ ਹਉਮੈ ਦਾ ਤਿਆਗ ਹੀ ਅਸਲ ਸੰਨਿਆਸ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਨੁੱਖੀ ਅਵਸਥਾ ਨੂੰ ਗਰਭ ਅਵਸਥਾ, ਬਾਲ ਅਵਸਥਾ, ਜੋਬਨ ਅਵਸਥਾ, ਬਿਰਧ ਅਵਸਥਾ ਵਿਚ ਵੰਡਿਆ ਹੈ ਅਤੇ ਉਨ੍ਹਾਂ ਦਾ ਫ਼ਰਮਾਨ ਹੈ ਕਿ ਨਾਮ-ਸਿਮਰਨ ਤੋਂ ਬਿਨਾਂ ਜੀਵ ਸਫਲ ਜੀਵਨ ਬਿਤਾਉਣ ਤੋਂ ਅਸਮਰੱਥ ਹੈ। ਗੁਰਬਾਣੀ ਅਨੁਸਾਰ ਪੰਜਾਂ ਠੱਗਾਂ ਨੇ ਜੀਵ-ਆਤਮਾ ਨੂੰ ਠੱਗ ਲਿਆ ਹੈ ਅਤੇ ਕਿਸੇ ਪ੍ਰਕਾਰ ਦੀ ਲੱਜਾ ਨਹੀਂ ਰਹੀ। ਸੁੰਦਰਤਾ ਤੇ ਕਾਮ ਦੀ ਆਪਸ ਵਿਚ ਮਿੱਤਰਤਾ ਹੈ:
ਰੂਪੈ ਕਾਮੈ ਦੋਸਤੀ ਭੁਖੈ ਸਾਦੈ ਗੰਢੁ ॥
ਰਾਜੁ ਮਾਲੁ ਰੂਪੁ ਜਾਤਿ ਜੋਬਨੁ ਪੰਜੇ ਠਗ ॥
ਏਨੀ ਠਗੀਂ ਜਗੁ ਠਗਿਆ ਕਿਨੈ ਨ ਰਖੀ ਲਜ ॥ (ਪੰਨਾ 1288)
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਾਰਸ਼ਨਿਕ ਸਿਧਾਂਤਾਂ ਅਨੁਸਾਰ ਜੋ ਵਸਤੂਆਂ ਸਾਡੀ ਦ੍ਰਿਸ਼ਟੀਗੋਚਰ ਹੁੰਦੀਆਂ ਹਨ ਉਹ ਨਾਸ਼ਵਾਨ ਹਨ। ਪਰਮਾਤਮਾ ਵੱਲੋਂ ਸਿਰਜੀਆਂ ਗਈਆਂ ਹੋਣ ਕਾਰਨ ਇਹ ਸੱਚੀਆਂ ਹਨ। ਦੂਜੇ ਸ਼ਬਦਾਂ ਵਿਚ ਸੱਚਾਈ ਸੱਚ ਨਾਲ ਸੰਮਿਲਤ ਹੋ ਜਾਂਦੀ ਹੈ। ਇਸ ਸੰਬੰਧੀ ਕਈ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਹਨ। ਪਾਣੀ ਪਾਣੀ ਵਿਚ ਮਿਲ ਕੇ ਸਮੁੱਚਾ ਪਾਣੀ ਰੂਪ ਹੋ ਜਾਂਦਾ ਹੈ ਅਤੇ ਜੇ ਇਸ ਵਿੱਚੋਂ ਕੁਝ ਪਾਣੀ ਕੱਢ ਵੀ ਲਿਆ ਜਾਵੇ ਪਾਣੀ ਤਾਂ ਵੀ ਪਾਣੀ ਹੀ ਰਹਿੰਦਾ ਹੈ। ਸ੍ਰਿਸ਼ਟੀ ਪਰਮਾਤਮਾ ਦੀ ਸਾਜੀ ਹੋਈ ਹੈ ਪਰੰਤੂ ਨਾਸ਼ਵਾਨ ਹੈ। ਪਰੰਤੂ ਸੱਚ ਵਿਚ ਵੀ ਇਸ ਦਾ ਆਗਾਜ਼ ਹੋਇਆ। ਇਸ ਲਈ ਸੱਚ ਵਿਚ ਸੰਮਲਿਤ ਹੋ ਕੇ ਇਹ ਸੱਚੀ ਹੀ ਹੈ। ਗੁਰੂ ਸਾਹਿਬ ਦਾ ਫ਼ਰਮਾਨ ਹੈ-
‘ਤੁਧੁ ਆਪੇ ਸ੍ਰਿਸਟਿ ਸਭ ਉਪਾਈ ਜੀ ਤੁਧੁ ਆਪੇ ਸਿਰਜਿ ਸਭ ਗੋਈ’
ਗੁਰੂ ਨਾਨਕ ਸਾਹਿਬ ਜੀ ਬਾਣੀ ਦੀ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਜੀਵ-ਆਤਮਾ ਪਰਮਾਤਮਾ ਦਾ ਅੰਸ਼ ਹੈ। ਇਸੇ ਲਈ ਦੋਹਾਂ ਵਿਚ ਕੋਈ ਭੇਦ ਨਹੀਂ। ਇਸੇ ਲਈ ਮਨੁੱਖ ਦਾ ਮਨੋਰਥ ਪ੍ਰਭੂ ਨਾਲ ਮਿਲ ਕੇ ਇਕ ਹੋਣਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪ੍ਰੇਮਾ-ਭਗਤੀ ਦਾ ਪ੍ਰਚਾਰ ਕਰਦਿਆਂ ਹੋਇਆਂ ਕੁਝ ਭੈੜੀਆਂ ਰਹੁ-ਰੀਤਾਂ ਨੂੰ ਛੱਡਣ ਲਈ ਪ੍ਰਚਾਰ ਦੌਰੇ ਕੀਤੇ ਜਿਨ੍ਹਾਂ ਨੂੰ ਉਦਾਸੀਆਂ ਕਿਹਾ ਜਾਂਦਾ ਹੈ। ਗੁਰੂ ਦੀ ਸ਼ਰਨ ਅਤੇ ਮਾਨਵਤਾ ਦੀ ਸੇਵਾ ਉੱਤੇ ਜ਼ੋਰ ਦਿੱਤਾ ਗਿਆ ਅਤੇ ਵਹਿਮਾਂ-ਭਰਮਾਂ ਤੇ ਬੁੱਤ ਪ੍ਰਸਤੀ ਦੀ ਨਿਖੇਧੀ ਕੀਤੀ ਗਈ। ਆਪ ਜੀ ਨੇ ਜਿੱਥੇ ਸਮਕਾਲੀ ਸਮਾਜ ਸੁਧਾਰ ਕਰਕੇ ਨਾਮਣਾ ਖੱਟਿਆ ਉੱਥੇ ਜਾਤ-ਪਾਤ ਅਤੇ ਫੋਕੇ ਕਰਮਕਾਂਡਾਂ ਦਾ ਖੰਡਨ ਕੀਤਾ। ਆਪ ਨੇ ਸਮੂਹ ਧਰਮਾਂ ਅਤੇ ਜਾਤਾਂ- ਬ੍ਰਾਹਮਣ, ਖੱਤਰੀ, ਸ਼ੂਦਰ, ਵੈਸ਼ ਆਦਿ ਵਿਚ ਕੋਈ ਅੰਤਰ ਨਾ ਸਮਝਿਆ। ਅਜਿਹੇ ਕਈ ਕਦਮ ਚੁੱਕੇ ਗਏ ਜਿਨ੍ਹਾਂ ਰਾਹੀਂ ਸਮਕਾਲੀ ਸਮਾਜ ਵਿਚ ਕ੍ਰਾਂਤੀ ਆਈ। ਇਸ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਾਜ ਸੁਧਾਰਕ ਅਤੇ ਕ੍ਰਾਂਤੀਕਾਰੀ ਕਹਿਣਾ ਉੱਚਿਤ ਹੋਵੇਗਾ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿੱਥੇ ਸਮਕਾਲੀ ਸਮਾਜ ਦੀ ਧਾਰਮਿਕ, ਸਮਾਜਿਕ, ਆਰਥਿਕ ਦਸ਼ਾ ਨੂੰ ਚਿਤਰਿਆ, ਉੱਥੇ ਰਾਜਨੀਤਿਕ ਦ੍ਰਿਸ਼ਟੀਕੋਣ ਤੋਂ ਵੀ ਉਨ੍ਹਾਂ ਦਾ ਨਜ਼ਰੀਆ ਉਚੇਚਾ, ਉੱਤਮ ਤੇ ਹੈਰਾਨੀਪੂਰਵਕ ਸੀ। ਆਪ ਨੇ ਬਾਬਰ ਦੇ ਹਮਲੇ ਦੇ ਅਤਿਆਚਾਰ ਸੰਬੰਧੀ ਪਰਮਾਤਮਾ ਨੂੰ ਉਲਾਂਭਾ ਦਿੱਤਾ ਅਤੇ ਜ਼ੋਰਦਾਰ ਸ਼ਬਦਾਂ ਵਿਚ ਨਿੰਦਿਆ।9 ਆਪ ਨੇ ਬਾਬਰ ਦੀ ਫੌਜ ਨੂੰ ਪਾਪ ਕੀ ਜੰਞ ਕਿਹਾ। ਆਪ ਇਸ ਹਮਲੇ ਦੇ ਅੱਖੀਂ ਡਿੱਠੇ ਗਵਾਹ ਸਨ ਇਸ ਲਈ ਆਪ ਦਾ ਅਲੋਚਨਾਤਮਕ ਕਥਨ ਸੀ ਕਿ- ‘ਮੁਗਲ ਪਠਾਣਾ ਭਈ ਲੜਾਈ’-‘ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ’- ‘ਰਣ ਮਹਿ ਤੇਗ ਵਗਾਈ’-
‘ਸਾਹਾਂ ਸੁਰਤਿ ਗਵਾਈਆ ਰੰਗਿ ਤਮਾਸੈ ਚਾਇ’॥
‘ਬਾਬਰਵਾਣੀ ਫਿਰਿ ਗਈ ਕੁਇਰੁ ਨ ਰੋਟੀ ਖਾਇ’॥
ਆਪ ਨੇ ਇਸਤਰੀ ਸਮਾਜ ਨੂੰ ਸੁਧਾਰਨ ਦੇ ਵੀ ਅਤਿਅੰਤ ਉਪਰਾਲੇ ਕੀਤੇ।
ਅੰਤ ਵਿਚ ਅਸੀਂ ਕਹਿ ਸਕਦੇ ਹਾਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਸਮੁੱਚੀ ਬਾਣੀ ਲੋਕ ਲਹਿਰ ਦੇ ਹਿੱਤ ਵਿਚ ਉਚਾਰਨ ਕੀਤੀ ਅਤੇ ਸਿੱਖ ਧਰਮ ਦੇ ਸੰਚਾਲਕ ਤੇ ਮਾਨਵਤਾ ਦੇ ਪੁਜਾਰੀ ਹੋਣ ਦਾ ਸਬੂਤ ਦਿੱਤਾ। ਆਪ ਨੇ ਸਮਕਾਲੀ ਸਮਾਜ ਦੇ ਪੁਰਾਤਨ ਰੋਗਾਂ ਨੂੰ ਜੜ੍ਹ ਤੋਂ ਪੁੱਟਣ ਦੇ ਉਪਰਾਲੇ ਕੀਤੇ ਜੋ ਸਮਾਜ ਨੂੰ ਘੁਣ ਦੀ ਨਿਆਈਂ ਖਾ ਰਹੇ ਸਨ। ਆਪ ਦੇ ਨਿਰਣੇ ਅਟੱਲ ਅਤੇ ਸਥਾਈ ਸਿੱਧ ਹੋਏ ਹਨ।
ਲੇਖਕ ਬਾਰੇ
- ਹੋਰ ਲੇਖ ਉਪਲੱਭਧ ਨਹੀਂ ਹਨ