editor@sikharchives.org

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਅਵਤਾਰਵਾਦ ਦਾ ਸਿਧਾਂਤ

ਗੁਰਬਾਣੀ ਵਿਚ ਅਵਤਾਰਵਾਦ ਦੇ ਸਿਧਾਂਤ ਬਾਰੇ ਅਤੇ ਅਵਤਾਰ ਮੰਨੇ ਜਾਂਦੇ ਵਿਅਕਤੀਆਂ ਬਾਰੇ ਗੁਰੂ ਸਾਹਿਬਾਨ ਦਾ ਪ੍ਰਤਿਉੱਤਰ, ਬਾਕਾਇਦਾ ਉਨ੍ਹਾਂ ਦੇ ਨਾਂ ਲੈ ਕੇ, ਕਈ ਥਾਵਾਂ ’ਤੇ ਮਿਲਦਾ ਹੈ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਭਾਰਤੀ ਦਰਸ਼ਨ ਵਿਚ ਅਵਤਾਰਾਂ ਅਤੇ ਅਵਤਾਰਵਾਦ ਦੇ ਸਿਧਾਂਤ ਦੀ ਕਾਫ਼ੀ ਚਰਚਾ ਰਹੀ ਹੈ। ਗੁਰਬਾਣੀ ਦੀ ਆਪਣੀ ਦਾਰਸ਼ਨਿਕ ਪ੍ਰਕਿਰਤੀ ਵੀ ਹੋਣ ਕਰਕੇ ਇਸ ਵਿੱਚੋਂ ਸੁਭਾਵਿਕ ਤੌਰ ’ਤੇ ਅਵਤਾਰਾਂ ਅਤੇ ਅਵਤਾਰਵਾਦ ਬਾਰੇ ਬਾਣੀਕਾਰਾਂ ਦਾ ਦ੍ਰਿਸ਼ਟੀਕੋਣ ਉਜਾਗਰ ਹੁੰਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਸ ਸਿਧਾਂਤ ਬਾਰੇ ਪ੍ਰਤਿਉੱਤਰ (Response) ਮਿਲਦਾ ਹੈ, ਪਰ ਇਸ ਨੂੰ ਜਾਣਨ ਤੋਂ ਪਹਿਲਾਂ ਅਵਤਾਰ ਅਤੇ ਅਵਤਾਰਵਾਦ ਬਾਰੇ ਥੋੜ੍ਹੀ ਜਿਹੀ ਚਰਚਾ ਕਰਨੀ ਬੇਲੋੜੀ ਨਹੀਂ ਭਾਸਦੀ।

 ‘ਅਵਤਾਰ ਸ਼ਬਦ ਦੋ ਸ਼ਬਦਾਂ ‘ਅਵ+ਤ੍ਰੀ’ ਦਾ ਸੰਜੋਗ ਹੈ। ‘ਅਵ’ ਤੋਂ ਭਾਵ ਹੇਠਾਂ ਅਤੇ ‘ਤ੍ਰੀ’ ਤੋਂ ਭਾਵ ਉਤਰਨਾ। ਬਹੁਤੇ ਕੋਸ਼ਾਂ ਵਿਚ ਇਸ ਸ਼ਬਦ ਦਾ ਅਰਥ ਉੱਚੇ ਸਥਾਨ ਤੋਂ ਉਤਰਨਾ ਜਾਂ ਹੇਠਾਂ ਆਉਣ ਦੀ ਕਿਰਿਆ ਹੈ। ਅੰਗ੍ਰੇਜ਼ੀ ਵਿਚ ਇਸ ਦਾ ਪਰਿਆਇ (Descent) ਮੰਨਿਆ ਗਿਆ ਹੈ। ਪਰ ਦਰਸ਼ਨ-ਸ਼ਾਸਤਰ ਵਿਚ ਇਸ ਦੇ ਵਿਸ਼ੇਸ਼ ਅਤੇ ਨਿਸ਼ਚਿਤ ਅਰਥ ਹਨ; ਭਗਵਾਨ ਦਾ ਬੈਕੁੰਠ ਧਾਮ ਤੋਂ ਭੂ- ਲੋਕ ਵਿਚ ਆਪਣੀ ਲੀਲ੍ਹਾ ਪ੍ਰਗਟਾਉਣ ਲਈ ਪ੍ਰਗਟ ਹੋਣਾ। ਪੌਰਾਣਿਕ ਮਨੌਤ ਅਨੁਸਾਰ ਕਿਸੇ ਦੇਵ-ਆਤਮਾ ਦਾ ਸਰੀਰ ਧਾਰ ਕੇ ਪ੍ਰਗਟ ਹੋਣਾ ਜਾਂ ਬੈਕੁੰਠ ਤੋਂ ਧਰਤੀ ’ਤੇ ਉਤਰਨਾ ਅਵਤਾਰ ਕਹਾਉਂਦਾ ਹੈ।

ਗੁਰਬਾਣੀ ਵਿਚ ਅਵਤਾਰਵਾਦ ਦੇ ਸਿਧਾਂਤ ਬਾਰੇ ਅਤੇ ਅਵਤਾਰ ਮੰਨੇ ਜਾਂਦੇ ਵਿਅਕਤੀਆਂ ਬਾਰੇ ਗੁਰੂ ਸਾਹਿਬਾਨ ਦਾ ਪ੍ਰਤਿਉੱਤਰ, ਬਾਕਾਇਦਾ ਉਨ੍ਹਾਂ ਦੇ ਨਾਂ ਲੈ ਕੇ, ਕਈ ਥਾਵਾਂ ’ਤੇ ਮਿਲਦਾ ਹੈ। ਇਸ ਦੀਆਂ ਦੋ ਗੱਲਾਂ ਵਿਸ਼ੇਸ਼ ਤੌਰ ’ਤੇ ਉਲੇਖਯੋਗ ਹਨ। ਪਹਿਲੀ ਇਹ ਕਿ ਅਵਤਾਰ ਕਹੇ ਜਾਣ ਵਾਲੇ ਲੋਕ ਅਸਲ ਵਿਚ ਕੋਈ ਦੈਵੀ ਵਿਅਕਤੀ ਨਹੀਂ ਸਗੋਂ ਵੱਖਰੇ-ਵੱਖਰੇ ਸਮਿਆਂ ਵਿਚ ਰਾਜ ਕਰਨ ਵਾਲੇ ਰਾਜੇ ਸਨ, ਜਿਨ੍ਹਾਂ ਨੂੰ ਲੋਕਾਂ ਨੇ ਮੱਲੋਜ਼ੋਰੀ ਅਵਤਾਰ ਬਣਾ ਧਰਿਆ:

ਜੁਗਹ ਜੁਗਹ ਕੇ ਰਾਜੇ ਕੀਏ ਗਾਵਹਿ ਕਰਿ ਅਵਤਾਰੀ॥ (ਪੰਨਾ 423)

ਰਾਜਿਆਂ ਨੂੰ ਧਰਤੀ ਉੱਪਰ ਪਰਜਾ ਦੀ ਪਾਲਣਾ ਅਤੇ ਦੁੱਖਾਂ-ਮੁਸੀਬਤਾਂ ਤੋਂ ਉਨ੍ਹਾਂ ਦੀ ਰਾਖੀ ਲਈ ਭੇਜਿਆ ਮੰਨਿਆ ਜਾਂਦਾ ਹੈ, ਜਿਸ ਲਈ ਉਨ੍ਹਾਂ ਦਾ ਆਦਰਸ਼ਿਆਇਆ (Idealized) ਪ੍ਰਤਿਪਾਲਕ ਅਤੇ ਰੱਖਿਅਕ ਰੂਪ ਅਵਤਾਰਾਂ ਵਿਚ ਵਟ ਗਿਆ:

ਅੰਸਾ ਅਉਤਾਰੁ ਉਪਾਇਓਨੁ ਭਾਉ ਦੂਜਾ ਕੀਆ॥
ਜਿਉ ਰਾਜੇ ਰਾਜੁ ਕਮਾਵਦੇ ਦੁਖ ਸੁਖ ਭਿੜੀਆ॥ (ਪੰਨਾ 516)

ਇਨ੍ਹਾਂ ਰਾਜਿਆਂ ਦਾ ਦੂਜਾ ਲੱਛਣ ਇਹ ਹੈ ਕਿ ਇਨ੍ਹਾਂ ਦੀ ਸ਼ਾਨ, ਚੌਧਰ ਜਾਂ ਜਲਵਾ ਕੇਵਲ ਚਾਰ ਦਿਨਾਂ ਦੀ ਚਾਨਣੀ ਵਰਗਾ ਹੀ ਹੁੰਦਾ ਹੈ। ਇਨ੍ਹਾਂ ਕੋਲ ਜਿਹੜੀ ਧਨ-ਦੌਲਤ ਹੁੰਦੀ ਹੈ, ਉਸ ਦੀ ਉਮਰ ਕਸੁੰਭੜੇ ਦੇ ਫੁੱਲ ਜਿੰਨੀ ਥੋੜ੍ਹ-ਚਿਰੀ ਹੁੰਦੀ ਹੈ। ਇਨ੍ਹਾਂ ਦੀ ਹੋਣੀ ਵਿਨਾਸ਼ ਹੈ:

ਏਹ ਭੂਪਤਿ ਰਾਣੇ ਰੰਗ ਦਿਨ ਚਾਰਿ ਸੁਹਾਵਣਾ॥
ਏਹੁ ਮਾਇਆ ਰੰਗੁ ਕਸੁੰਭ ਖਿਨ ਮਹਿ ਲਹਿ ਜਾਵਣਾ॥
ਚਲਦਿਆ ਨਾਲਿ ਨ ਚਲੈ ਸਿਰਿ ਪਾਪ ਲੈ ਜਾਵਣਾ॥
ਜਾਂ ਪਕੜਿ ਚਲਾਇਆ ਕਾਲਿ ਤਾਂ ਖਰਾ ਡਰਾਵਣਾ॥ (ਪੰਨਾ 645)

ਇਸ ਦੇ ਉਲਟ ਪਰਮਾਤਮਾ ਜਨਮ-ਮਰਨ ਤੋਂ ਰਹਿਤ (ਅਜੂਨੀ) ਸਮੇਂ ਤੋਂ ਉੱਪਰ (ਅਕਾਲ) ਅਤੇ ਅਬਿਨਾਸੀ ਹੈ। ਉਸ ਦੀ ਸ਼ਾਨ ਮਜੀਠੀ ਹੈ। ਅਵਤਾਰਾਂ ਬਾਰੇ ਬਾਣੀਕਾਰਾਂ ਦੇ ਪ੍ਰਤਿਉੱਤਰ ਦਾ ਦੂਜਾ ਧਰਾਤਲ ਉਨ੍ਹਾਂ ਦੀ ਅਸਮਰੱਥਾ ਅਤੇ ਸੀਮਾ (Limitations) ਬਿਆਨ ਕਰਨਾ ਹੈ। ਇਹ ਅਸਮਰੱਥਾ ਅਤੇ ਸੀਮਾ ਉਹੋ ਹੀ ਹੈ ਜੋ ਇਕ ਸਾਧਾਰਨ ਮਨੁੱਖ ਦੀ ਹੈ ਜਿਵੇਂ ਪਰਮਾਤਮਾ ਦੀ ਥਾਹ ਨ ਪਾ ਸਕਣਾ, ਉਸ ਦੇ ਗੁਣਾਂ ਦਾ ਬਿਆਨ ਨਾ ਕਰ ਸਕਣਾ ਉਸ ਦੀ ਬੇਅੰਤਤਾ ਹੈ। ਗੁਰਮਤਿ ਵਿਚ ਅਵਤਾਰਾਂ ਨੂੰ ਵਿਸ਼ੇਸ਼ ਪਦਵੀ ਪ੍ਰਾਪਤ ਨਹੀਂ ਸਗੋਂ ਇਹ ਅਣਗਿਣਤ ਦੇਵਾਂ, ਦਾਨਵਾਂ ਅਤੇ ਮਾਨਵਾਂ ਵਾਂਗ ਹੀ ਜੋ ਦੈਵੀ ਹੁਕਮ ਅੱਗੇ ਸਿਰ ਝੁਕਾਉਂਦੇ ਹਨ:

ਹੁਕਮਿ ਉਪਾਏ ਦਸ ਅਉਤਾਰਾ॥
ਦੇਵ ਦਾਨਵ ਅਗਣਤ ਅਪਾਰਾ॥
ਮਾਨੈ ਹੁਕਮੁ ਸੁ ਦਰਗਹ ਪੈਝੈ ਸਾਚਿ ਮਿਲਾਇ ਸਮਾਇਦਾ॥ (ਪੰਨਾ 1037)

ਹੋਰ ਤਾਂ ਹੋਰ ਅਵਤਾਰ ਮੰਨੇ ਜਾਂਦੇ ਜਾਂ ਕਹੇ ਜਾਣ ਵਾਲੇ ਲੋਕਾਂ ਦਾ ਬਾਕਾਇਦਾ ਨਾਂ ਲੈ ਕੇ ਉਨ੍ਹਾਂ ਦੀਆਂ ਸੀਮਾਵਾਂ ਉੱਪਰ ਉਂਗਲ ਧਰੀ ਗਈ ਹੈ:

ਮਹਿਮਾ ਨ ਜਾਨਹਿ ਬੇਦ॥
ਬ੍ਰਹਮੇ ਨਹੀ ਜਾਨਹਿ ਭੇਦ॥
ਅਵਤਾਰ ਨ ਜਾਨਹਿ ਅੰਤੁ॥
ਪਰਮੇਸਰੁ ਪਾਰਬ੍ਰਹਮ ਬੇਅੰਤੁ॥ (ਪੰਨਾ 894)

ਬ੍ਰਹਮੇ ਤੁਧੁ ਧਿਆਇਨਿ੍ ਇੰਦ੍ਰ ਇੰਦ੍ਰਾਸਣਾ॥
ਸੰਕਰ ਬਿਸਨ ਅਵਤਾਰ ਹਰਿ ਜਸੁ ਮੁਖਿ ਭਣਾ॥
ਪੀਰ ਪਿਕਾਬਰ ਸੇਖ ਮਸਾਇਕ ਅਉਲੀਏ॥
ਓਤਿ ਪੋਤਿ ਨਿਰੰਕਾਰ ਘਟਿ ਘਟਿ ਮਉਲੀਏ॥ (ਪੰਨਾ 518)

ਕਹਿਣ ਦਾ ਭਾਵ ਇਹ ਹੈ ਕਿ ਗੁਰਮਤਿ ਵਿਚ ਅਵਤਾਰ ਨਿਰੰਕੁਸ਼ (Sovereign) ਨਹੀਂ ਸਗੋਂ ਉਨ੍ਹਾਂ ਉੱਪਰ ਵੀ ਇਕ ਅਜਿਹੀ ਪਰਮਸੱਤਾ ਹੈ ਜਿਸ ਤੋਂ ਉਹ ਆਪਣੀਆਂ ਸਾਰੀਆਂ ਸ਼ਕਤੀਆਂ ਅਰਜਿਤ ਕਰਦੇ ਹਨ। ਅਵਤਾਰਾਂ ਦੀ ਇਸ ਸੀਮਾ ਕਰਕੇ ਹੀ ਉਹ ਪਰਾਧੀਨ ਹਨ ਜਦਕਿ ਗੁਰਮਤਿ ਵਿਚ ਬ੍ਰਹਮ ਸਵੈ-ਸੰਪੰਨ ਅਤੇ ਨਿਰੰਕੁਸ਼ ਹੈ। ਉਸ ਉੱਪਰ ਕਿਸੇ ਦਾ ਹੁਕਮ ਨਹੀਂ ਚੱਲਦਾ ਸਗੋਂ ਉਹ ਤਾਂ ਹੁਕਮ ਚਲਾਉਂਦਾ ਹੈ ਜਿਸ ਕਰਕੇ ਉਹ ‘ਸਿਰਿ ਸਾਹਾਂ ਪਾਤਸ਼ਾਹ’ ਹੈ। ਹੇਠ ਲਿਖੇ ਸ਼ਬਦ ਵਿਚ ਬਹੁਤੇ ਪੌਰਾਣਿਕ ਅਵਤਾਰਾਂ ਦੇ ਨਾਂ ਲੈ ਕੇ ਉਨ੍ਹਾਂ ਵੱਲੋਂ ਜ਼ੁਲਮ ਤੇ ਜਾਬਰਾਂ ਦਾ ਨਾਸ ਕਰਨ ਦੇ ਉਪਕਾਰ ਦੀ ਵਡਿਆਈ ਨੂੰ ਪਰਮਾਤਮਾ ਦੀ ਵਡਿਆਈ ਦੇ ਸਾਹਮਣੇ ਤੁੱਛ ਮੰਨਿਆ ਗਿਆ ਹੈ:

ਪਉਣੁ ਉਪਾਇ ਧਰੀ ਸਭ ਧਰਤੀ ਜਲ ਅਗਨੀ ਕਾ ਬੰਧੁ ਕੀਆ॥
ਅੰਧੁਲੈ ਦਹਸਿਰਿ ਮੂੰਡੁ ਕਟਾਇਆ ਰਾਵਣੁ ਮਾਰਿ ਕਿਆ ਵਡਾ ਭਇਆ॥1॥
ਕਿਆ ਉਪਮਾ ਤੇਰੀ ਆਖੀ ਜਾਇ॥
ਤੂੰ ਸਰਬੇ ਪੂਰਿ ਰਹਿਆ ਲਿਵ ਲਾਇ॥1॥ ਰਹਾਉ॥
ਜੀਅ ਉਪਾਇ ਜੁਗਤਿ ਹਥਿ ਕੀਨੀ ਕਾਲੀ ਨਥਿ ਕਿਆ ਵਡਾ ਭਇਆ॥
ਕਿਸੁ ਤੂੰ ਪੁਰਖੁ ਜੋਰੂ ਕਉਣ ਕਹੀਐ ਸਰਬ ਨਿਰੰਤਰਿ ਰਵਿ ਰਹਿਆ॥2॥
ਨਾਲਿ ਕੁਟੰਬੁ ਸਾਥਿ ਵਰਦਾਤਾ ਬ੍ਰਹਮਾ ਭਾਲਣ ਸ੍ਰਿਸਟਿ ਗਇਆ॥
ਆਗੈ ਅੰਤੁ ਨ ਪਾਇਓ ਤਾ ਕਾ ਕੰਸੁ ਛੇਦਿ ਕਿਆ ਵਡਾ ਭਇਆ॥3॥
ਰਤਨ ਉਪਾਇ ਧਰੇ ਖੀਰੁ ਮਥਿਆ ਹੋਰਿ ਭਖਲਾਏ ਜਿ ਅਸੀ ਕੀਆ॥
ਕਹੈ ਨਾਨਕੁ ਛਪੈ ਕਿਉ ਛਪਿਆ ਏਕੀ ਏਕੀ ਵੰਡਿ ਦੀਆ॥ (ਪੰਨਾ 350-51)

ਦਰਅਸਲ ਨਿਰਗੁਣਵਾਦੀ ਗੁਰੂ ਸਾਹਿਬਾਨ ਨੇ ਅਵਤਾਰਾਂ ਨੂੰ ਉਸ ਕਿਸਮ ਦੀ ਮਾਨਤਾ ਨਹੀਂ ਦਿੱਤੀ ਜਿਹੋ-ਜਿਹੀ ਸਰਗੁਣ ਉਪਾਸ਼ਕਾਂ ਨੇ ਦਿੱਤੀ ਹੈ ਜਿਨ੍ਹਾਂ ਲਈ ਅਵਤਾਰ ਈਸ਼ਵਰ ਦੇ ਸਾਕਾਰ, ਸਮੂਰਤ ਅਤੇ ਸਥੂਲ ਪ੍ਰਤੀਕ ਹਨ ਜਿਨ੍ਹਾਂ ਦੀ ਮੂਰਤੀ ਪੂਜਾ ਹੁੰਦੀ ਹੈ। ਗੁਰਬਾਣੀ ਵਿਚ ਤਾਂ ਸਗੋਂ ਇਸ ਦੇ ਉਲਟ ਦ੍ਰਿਸ਼ਟੀਕੋਣ ਅਪਣਾਇਆ ਗਿਆ ਹੈ। ਇੱਥੇ ਨਾ ਕੇਵਲ ਅਵਤਾਰਾਂ ਨੂੰ ਛੁਟਿਆਇਆ ਗਿਆ ਹੈ, ਸਗੋਂ ਕਈਆਂ ਹਾਲਤਾਂ ਵਿਚ ਉਨ੍ਹਾਂ ਦਾ ਖੰਡਨ ਕਰਕੇ ਨਿਖੇਧੀ ਵੀ ਕੀਤੀ ਗਈ ਹੈ। ਗੁਰਬਾਣੀ ਵਿਚ ਅਵਤਾਰਵਾਦ ਦਾ ਖੰਡਨ ਅਤੇ ਮੂਰਤੀ ਪੂਜਾ ਦਾ ਨਿਖੇਧ ਹੈ। ਦਰਅਸਲ ਇਸ ਸਿਧਾਂਤ ਦੀ ਨਿਖੇਧੀ ਦੇ ਬੀਜ ਉਸ ਵੇਲੇ ਦੇ ਰਾਜਨੀਤਿਕ, ਸਮਾਜਿਕ ਅਤੇ ਸਭਿਆਚਾਰਕ ਅਧੋਗਤੀ ਵਿਚ ਪਏ ਹਨ। ਮੂਰਤੀ ਪੂਜਾ ਅਤੇ ਵੱਖ-ਵੱਖ ਇਸ਼ਟਾਂ ਦੀਆਂ ਮਾਨਤਾਵਾਂ ਨੇ ਸਮਾਜ ਨੂੰ ਖੇਰੂੰ-ਖੇਰੂੰ ਕਰਕੇ ਰੱਖ ਦਿੱਤਾ ਸੀ ਜਿਸ ਦਾ ਨਤੀਜਾ ਹਿੰਦੁਸਤਾਨ ਦੀ ਗ਼ੁਲਾਮੀ ਵਿਚ ਨਿਕਲਿਆ। ਮਨੁੱਖੀ ਸ਼ਕਤੀ ਬਿਖਰਨ ਨਾਲ ਕੋਈ ਵੀ ਸੰਗਠਨ/ਕੇਂਦਰ ਕਾਇਮ ਨ ਰਹਿ ਸਕਿਆ ਜਿਸ ਕਰਕੇ ਸਾਰੇ ਪਾਸੇ ਆਪਾ-ਧਾਪੀ ਪਈ ਹੋਈ ਸੀ। ਰਾਜਨੀਤਿਕ ਗ਼ੁਲਾਮੀ ਹਿੰਦੁਸਤਾਨੀਆਂ ਦੇ ਨਹੁੰਆਂ ਤਕ ਆਣ ਧੱਸੀ ਅਤੇ ਉਨ੍ਹਾਂ ਨੂੰ ਆਪਣਾ (Indigenous) ਸਭ ਕੁਝ ਚੰਗਾ ਲੱਗਣੋਂ ਹਟ ਗਿਆ। ਇਸ ਸੰਕਟ ਦੀ ਆਸਾ ਕੀ ਵਾਰ ਅਤੇ ਹੋਰ ਬਾਣੀਆਂ ਵਿਚ ਖ਼ੂਬ ਚਰਚਾ ਹੋਈ ਹੈ ਜਿਸ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹਿੰਦੁਸਤਾਨੀਆਂ ਨੂੰ ਆਤਮ-ਪਛਾਨਣ ਅਤੇ ਆਤਮ-ਚੀਨਣ ਦੀ ਸਿੱਖਿਆ ਦਿੱਤੀ ਹੈ।

ਸ੍ਰੀ ਗੁਰੂ ਨਾਨਕ ਦੇਵ ਜੀ ਰਚਿਤ ਸਲੋਕ ਵਾਰਾਂ ਤੇ ਵਧੀਕ ਵਿਚਲੀ ਸਮੱਗਰੀ ਵੀ ਲੱਗਭਗ ਬਾਕੀ ਰਚਿਤ ਬਾਣੀ ਵਾਲੀ ਹੀ ਹੈ, ਜਿਸ ਵਿਚ ਅਵਤਾਰਵਾਦ ਦਾ ਬੜੇ ਭਰਵੇਂ ਰੂਪ ਵਿਚ ਖੰਡਨ ਕੀਤਾ ਗਿਆ ਹੈ। ਇਸ ਸਾਰੀ ਚਰਚਾ ਦਾ ਸਾਰੰਸ਼ ਇਹ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਅਵਤਾਰਵਾਦ ਦੇ ਸਿਧਾਂਤ ਦਾ ਸਪਸ਼ਟ ਖੰਡਨ ਅਤੇ ਸਰਬ-ਕਲਾ-ਸੰਪੰਨ ਪਰਮਾਤਮਾ ਦਾ ਅਭਿਨੰਦਨ ਹੈ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Dharam Singh
ਪ੍ਰੋਫੈਸਰ, ਪੰਜਾਬੀ ਅਧਿਐਨ ਸਕੂਲ -ਵਿਖੇ: ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ
ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)