editor@sikharchives.org

ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਇਤਿਹਾਸਕ ਅਸਥਾਨ

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੌਰਾਨ ਬਹੁਤ ਲੰਬੀਆਂ ਪ੍ਰਚਾਰ ਯਾਤਰਾਵਾਂ ਕੀਤੀਆਂ, ਜਿਨ੍ਹਾਂ ਨੂੰ ਉਦਾਸੀਆਂ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੌਰਾਨ ਬਹੁਤ ਲੰਬੀਆਂ ਪ੍ਰਚਾਰ ਯਾਤਰਾਵਾਂ ਕੀਤੀਆਂ, ਜਿਨ੍ਹਾਂ ਨੂੰ ਉਦਾਸੀਆਂ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ। ਆਪਣੀਆਂ ਇਨ੍ਹਾਂ ਉਦਾਸੀਆਂ ਦੇ ਦੌਰਾਨ ਉਹ ਜਿੱਥੇ-ਜਿੱਥੇ ਵੀ ਰੁਕੇ ਉਨ੍ਹਾਂ ਦੀ ਪਵਿੱਤਰ ਯਾਦ ਵਿਚ ਉੱਥੋਂ ਦੀ ਸੰਗਤ ਵੱਲੋਂ ਇਤਿਹਾਸਕ ਯਾਦਗਾਰਾਂ ਉਸਾਰੀਆਂ ਗਈਆਂ, ਜਿਨ੍ਹਾਂ ਨੂੰ ‘ਧਰਮਸ਼ਾਲਾ’ ਕਿਹਾ ਜਾਂਦਾ ਸੀ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਤਕ ਇਹ ਧਰਮਸ਼ਾਲਾਵਾਂ ਕਾਫੀ ਵਿਕਸਿਤ ਹੋ ਚੁੱਕੀਆਂ ਸਨ ਅਤੇ ਇਹ ਰਾਹੀਆਂ ਦੀ ਰਿਹਾਇਸ਼ਗਾਹ ਤੋਂ ਇਲਾਵਾ ਭਜਨ-ਬੰਦਗੀ ਦਾ ਕੇਂਦਰ ਵੀ ਬਣ ਗਈਆਂ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਤਕ ਇਨ੍ਹਾਂ ਧਰਮਸ਼ਾਲਾਵਾਂ ਨੂੰ ਗੁਰਦੁਆਰਾ ਸਾਹਿਬਾਨ ਦੇ ਨਾਂ ਨਾਲ ਬੁਲਾਇਆ ਜਾਣ ਲੱਗਾ। ‘ਗੁਰਦੁਆਰਾ’ ਸ਼ਬਦ ਆਪਣੇ ਆਪ ਹੀ ਆਪਣੇ ਅਰਥ ਸਪਸ਼ਟ ਕਰ ਦਿੰਦਾ ਹੈ ਜਿਵੇਂ ਕਿ ਗੁਰੂ+ਦੁਆਰਾ= ਗੁਰੂ ਦਾ ਦੁਆਰ ਅਥਵਾ ਗੁਰੂ ਦਾ ਘਰ। ਸਿੱਖ ਇਤਿਹਾਸ ਨਾਲ ਸੰਬੰਧਿਤ ਇਤਿਹਾਸਕ ਥਾਵਾਂ ਨੂੰ ਸੰਭਾਲਣ ਲਈ ਇਨ੍ਹਾਂ ਥਾਵਾਂ ’ਤੇ ਗੁਰਦੁਆਰਿਆਂ ਦੀ ਉਸਾਰੀ ਕੀਤੀ ਗਈ ਹੈ। ਆਓ! ਇਸ ਲੇਖ ਰਾਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਕੁਝ ਇਤਿਹਾਸਕ ਅਸਥਾਨਾਂ (ਗੁਰਦੁਆਰਾ ਸਾਹਿਬਾਨ) ਬਾਰੇ ਜਾਣੀਏ:

ਪੰਜਾਬ

ਲੁਧਿਆਣਾ:

ਲੁਧਿਆਣਾ ਸ਼ਹਿਰ ਜ਼ਿਲ੍ਹੇ ਦਾ ਹੈੱਡਕੁਆਰਟਰ ਹੈ। ਇਹ ਸ਼ਹਿਰ ਦਿੱਲੀ-ਅੰਮ੍ਰਿਤਸਰ ਰੇਲਵੇ ਲਾਈਨ ਅਤੇ ਨੈਸ਼ਨਲ ਹਾਈਵੇ ਨੰ: 1 ’ਤੇ ਦਿੱਲੀ ਤੋਂ 315 ਕਿਲੋਮੀਟਰ ਤੋਂ, ਅੰਬਾਲਾ ਤੋਂ 113 ਅਤੇ ਜਲੰਧਰ ਤੋਂ 57 ਕਿਲੋਮੀਟਰ ਦੀ ਦੂਰੀ ’ਤੇ ਹੈ। ਇਹ ਰੇਲਵੇ ਲਾਈਨ ਅਤੇ ਸਟੇਟ ਹਾਈਵੇ ਨੰ: 18 ’ਤੇ ਫਿਰੋਜ਼ਪੁਰ ਸ਼ਹਿਰ ਨਾਲ ਵੀ ਜੁੜਿਆ ਹੋਇਆ ਹੈ ਜੋ ਇੱਥੋਂ 124 ਕਿਲੋਮੀਟਰ ਦੂਰ ਹੈ। ਇੱਥੋਂ ਇਕ ਰੇਲਵੇ ਲਾਈਨ ਲੋਹੀਆਂ ਖਾਸ ਨੂੰ ਵਾਇਆ ਨਕੋਦਰ ਅਤੇ ਇਕ ਜਾਖਲ ਨੂੰ ਵਾਇਆ ਧੂਰੀ ਜਾਂਦੀ ਹੈ। ਗੁਰੂ ਜੀ ਦੀ ਯਾਦ ਨਾਲ ਸੰਬੰਧਿਤ ਕਈ ਪਾਵਨ ਇਤਿਹਾਸਕ ਅਸਥਾਨ ਇਸ ਜ਼ਿਲ੍ਹੇ ਵਿਚ ਮੌਜੂਦ ਹਨ। ਇਨ੍ਹਾਂ ਵਿੱਚੋਂ ਕੁਝ ਸੰਬੰਧੀ ਸੰਖੇਪ ਜਾਣਕਾਰੀ ਹੇਠ ਲਿਖੇ ਅਨੁਸਾਰ ਹਨ:

1. ਨਾਨਕਸਰ ਜਗੇੜਾ:

ਜਗੇੜਾ, ਲੁਧਿਆਣਾ ਜ਼ਿਲ੍ਹੇ ਵਿਚ ਅਹਿਮਦਗੜ੍ਹ ਦੇ ਨੇੜੇ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਮੁਬਾਰਕ ਚਰਨ ਇਸ ਧਰਤੀ ’ਤੇ ਪਾਏ ਸਨ।ਇਸ ਕਾਰਨ ਹੀ ਇੱਥੋਂ ਦੇ ਇਕ ਤਲਾਅ ਦਾ ਨਾਂ ਉਸ ਵਕਤ ਤੋਂ ‘ਨਾਨਕਸਰ’ ਕਰਕੇ ਜਾਣਿਆ ਜਾਣ ਲੱਗਾ। ਇੱਥੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਆਮਦ ਦੀ ਯਾਦ ਵਿਚ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਛੇਵੀਂ ਵੀ ਸੁਸ਼ੋਭਿਤ ਹੈ।

2. ਗੁਰਦੁਆਰਾ ਗੁਰੂਸਰ (ਕਾਉਂਕੇ):

ਗੁਰਦੁਆਰਾ ਗੁਰੂਸਰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਕਾਉਂਕੇ ਵਿਚ ਸੁਸ਼ੋਭਿਤ ਹੈ। ਇਹ ਪਿੰਡ ਤਹਿਸੀਲ ਜਗਰਾਉਂ ਵਿਚ ਲੁਧਿਆਣਾ-ਫਿਰੋਜ਼ਪੁਰ ਸੜਕ ਤੋਂ 2 ਕਿਲੋਮੀਟਰ ਦੀ ਦੂਰੀ ’ਤੇ ਹੈ। ਰੇਲਵੇ ਸਟੇਸ਼ਨ ਨਾਨਕਸਰ ਇਸ ਪਿੰਡ ਤੋਂ 4 ਕਿਲੋਮੀਟਰ ’ਤੇ ਹੈ। ਇਸ ਪਿੰਡ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਇਲਾਵਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਵੀ ਚਰਨ ਛੋਹ ਅਸਥਾਨ ਸੁਸ਼ੋਭਿਤ ਹੈ।

3. ਗੁਰਦੁਆਰਾ ਗਊ ਘਾਟ ਸਾਹਿਬ ਪਾਤਸ਼ਾਹੀ ਪਹਿਲੀ ਲੁਧਿਆਣਾ:

ਗੁਰਦੁਆਰਾ ਗਊ ਘਾਟ ਸਾਹਿਬ ਪਾਤਸ਼ਾਹੀ ਪਹਿਲੀ ਲੁਧਿਆਣਾ ਸ਼ਹਿਰ ਵਿਚ ਬੁੱਢਾ ਨਾਲੇ ਦੇ ਕਿਨਾਰੇ ਸੁਸ਼ੋਭਿਤ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਇਕ ਪ੍ਰਚਾਰ- ਫੇਰੀ ਦੌਰਾਨ ਇੱਥੇ ਆਪਣੇ ਪਵਿੱਤਰ ਚਰਨ ਪਾਏ ਸਨ।

4. ਗੁਰਦੁਆਰਾ ਨਾਨਕਸਰ ਠੱਕਰਵਾਲ:

ਲੁਧਿਆਣਾ ਜ਼ਿਲ੍ਹੇ ਦੇ ਇਕ ਪਿੰਡ ਠੱਕਰਵਾਲ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਆਮਦ ਦੀ ਯਾਦ ਵਿਚ ਗੁਰਦੁਆਰਾ ਨਾਨਕਸਰ ਸੁਸ਼ੋਭਿਤ ਹੈ। ਇਹ ਪਿੰਡ ਲੁਧਿਆਣਾ-ਪੱਖੋਵਾਲ ਸੜਕ ਤੋਂ 1 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਲੁਧਿਆਣਾ ਤੋਂ 9 ਕਿਲੋਮੀਟਰ ਦੀ ਦੂਰੀ ’ਤੇ ਹੈ।

5. ਸੁਲਤਾਨਪੁਰ ਲੋਧੀ :

ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਦੀ ਇਕ ਤਹਿਸੀਲ ਹੈ। ਇਹ ਪ੍ਰਸਿੱਧ ਸ਼ਹਿਰ ਫਿਰੋਜ਼ਪੁਰ, ਜਲੰਧਰ ਰੇਲਵੇ ਸਟੇਸ਼ਨ ਤੋਂ 46 ਕਿਲੋਮੀਟਰ, ਕਪੂਰਥਲਾ ਤੋਂ 25 ਕਿਲੋਮੀਟਰ, ਮਖੂ ਤੋਂ 30 ਕਿਲੋਮੀਟਰ ਅਤੇ ਲੋਹੀਆਂ ਖਾਸ ਤੋਂ 6 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਇਸ ਸ਼ਹਿਰ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਵੱਡੀ ਭੈਣ ਬੀਬੀ ਨਾਨਕੀ ਜੀ ਦੇ ਸਹੁਰੇ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਥੇ ਬੀਬੀ ਨਾਨਕੀ ਜੀ ਕੋਲ ਰਹਿੰਦੇ ਹੋਏ ਮੋਦੀ ਦੀ ਨੌਕਰੀ ਕੀਤੀ ਸੀ। ਗੁਰੂ ਜੀ ਦੀ ਯਾਦ ਨਾਲ ਸੰਬੰਧਿਤ ਬਹੁਤ ਸਾਰੇ ਇਤਿਹਾਸਕ ਅਸਥਾਨ ਇਸ ਸ਼ਹਿਰ ਵਿਚ ਮੌਜੂਦ ਹਨ। ਉਨ੍ਹਾਂ ਵਿੱਚੋਂ ਕੁਝ ਹੇਠ ਲਿਖੇ ਅਨੁਸਾਰ ਹਨ:

6. ਗੁਰਦੁਆਰਾ ਹੱਟ ਸਾਹਿਬ ਸੁਲਤਾਨਪੁਰ ਲੋਧੀ : ਗੁਰਦੁਆਰਾ ਹੱਟ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਸਥਿਤ ਹੈ। ਇਹ ਉਹ ਥਾਂ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨਵਾਬ ਦੌਲਤ ਖਾਂ ਲੋਧੀ ਦੇ ਮੋਦੀਖਾਨੇ ਵਿਚ ਨੌਕਰੀ ਕਰਦੇ ਹੁੰਦੇ ਸਨ। ਜਿਨ੍ਹਾਂ ਪੱਥਰਾਂ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਅਨਾਜ ਤੋਲਿਆ ਕਰਦੇ ਸਨ, ਉਨ੍ਹਾਂ ਦੇ ਇੱਥੇ ਅਜੇ ਵੀ ਦਰਸ਼ਨ ਕੀਤੇ ਜਾ ਸਕਦੇ ਹਨ।

7. ਗੁਰਦੁਆਰਾ ਅੰਤਰਯਾਮਤਾ ਸਾਹਿਬ ਸੁਲਤਾਨਪੁਰ ਲੋਧੀ:

ਗੁਰਦੁਆਰਾ ਅੰਤਰਯਾਮਤਾ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਉਸ ਅਸਥਾਨ ’ਤੇ ਸੁਸ਼ੋਭਿਤ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਵਾਬ ਦੌਲਤ ਖਾਂ ਲੋਧੀ ਅਤੇ ਕਾਜ਼ੀ ਦੇ ਦਿਲੋਂ ਨਮਾਜ਼ ਨਾ ਪੜ੍ਹਨ ਦਾ ਉਨ੍ਹਾਂ ਨੂੰ ਸਬੂਤ ਦਿੰਦਿਆਂ ਕਿਹਾ ਸੀ ਕਿ ਅਜਿਹੀ ਨਮਾਜ਼ ਦਾ ਕੋਈ ਫਾਇਦਾ ਨਹੀਂ ਜੋ ਦਿਲੋਂ ਨਾ ਕੀਤੀ ਗਈ ਹੋਵੇ।

8. ਗੁਰਦੁਆਰਾ ਗੁਰੂ ਕਾ ਬਾਗ ਸੁਲਤਾਨਪੁਰ ਲੋਧੀ:

ਗੁਰਦੁਆਰਾ ਗੁਰੂ ਕਾ ਬਾਗ ਉਸ ਅਸਥਾਨ ’ਤੇ ਸੁਸ਼ੋਭਿਤ ਹੈ ਜਿੱਥੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਪਰਵਾਰ ਸਮੇਤ ਰਿਹਾਇਸ਼ ਰੱਖੀ ਸੀ।

9. ਗੁਰਦੁਆਰਾ ਕੋਠੜੀ ਸਾਹਿਬ ਸੁਲਤਾਨਪੁਰ ਲੋਧੀ :

ਗੁਰਦੁਆਰਾ ਕੋਠੜੀ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਉਸ ਅਸਥਾਨ ’ਤੇ ਸੁਸ਼ੋਭਿਤ ਹੈ ਜਿੱਥੇ ਗੁਰੂ ਸਾਹਿਬ ਦੇ ਹਿਸਾਬ-ਕਿਤਾਬ ਨੂੰ ਨਵਾਬ ਦੋਲਤ ਖਾਂ ਲੋਧੀ ਦੇ ਮੁਨਸ਼ੀਆਂ ਨੇ ਦੇਖਿਆ ਸੀ।

10. ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ:

ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਉਸ ਅਸਥਾਨ ’ਤੇ ਸੁਸ਼ੋਭਿਤ ਹੈ ਜਿੱਥੇ ਗੁਰੂ ਸਾਹਿਬ ਵੇਈਂ ਨਦੀ ਵਿਚ ਇਸ਼ਨਾਨ ਕਰਨ ਜਾਇਆ ਕਰਦੇ ਸਨ। ਇਸ ਅਸਥਾਨ ’ਤੇ ਹੀ ਗੁਰੂ ਸਾਹਿਬ ਨੇ ਉਦਾਸੀਆਂ ਦਾ ਭੇਖ ਧਾਰਨ ਕਰ ਆਪਣੀਆਂ ਪ੍ਰਚਾਰ-ਯਾਤਰਾਵਾਂ ਨੂੰ ਅਰੰਭ ਕੀਤਾ ਸੀ।

11. ਗੁਰਦੁਆਰਾ ਸੰਤ ਘਾਟ ਸੁਲਤਾਨਪੁਰ ਲੋਧੀ:

ਗੁਰਦੁਆਰਾ ਸੰਤ ਘਾਟ ਸੁਲਤਾਨਪੁਰ ਲੋਧੀ ਉਸ ਅਸਥਾਨ ’ਤੇ ਸੁਸ਼ੋਭਿਤ ਹੈ ਜਿੱਥੋਂ ਗੁਰੂ ਸਾਹਿਬ ਮਾਨਵਤਾ ਨੂੰ ਇਕ ਅਕਾਲ ਪੁਰਖ ਦੀ ਸੰਤਾਨ ਹੋਣ ਦਾ ਸੰਦੇਸ਼ ਦਿੰਦਿਆਂ ਪ੍ਰਗਟ ਹੋਏ ਸਨ।

12. ਗੁਰਦੁਆਰਾ ਰਬਾਬਸਰ ਸਾਹਿਬ ਭੈਰੌਆਣਾ:

ਭੈਰੋਆਣਾ ਪਿੰਡ ਜ਼ਿਲ੍ਹਾ ਕਪੂਰਥਲਾ, ਤਹਿ: ਸੁਲਤਾਨਪੁਰ ਲੋਧੀ ਵਿਖੇ ਸਥਿਤ ਹੈ। ਇਹ ਪਿੰਡ ਸੁਲਤਾਨਪੁਰ ਲੋਧੀ-ਲੋਹੀਆਂ ਸੜਕ ’ਤੇ ਸਥਿਤ ਹੈ। ਰੇਲਵੇ ਸਟੇਸ਼ਨ ਗਿੱਦੜਪਿੰਡੀ ਇੱਥੋਂ 5 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਇਸ ਪਿੰਡ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਆਮਦ ਦੀ ਯਾਦ ਵਿਚ ਗੁਰਦੁਆਰਾ ਰਬਾਬਸਰ ਸਾਹਿਬ ਸੁਸ਼ੋਭਿਤ ਹੈ। ਇਹ ਉਹ ਇਤਿਹਾਸਕ ਅਸਥਾਨ ਹੈ ਜਿੱਥੇ ਗੁਰੂ ਨਾਨਕ ਸਾਹਿਬ, ਭਾਈ ਮਰਦਾਨਾ ਜੀ ਨਾਲ ਇਸ ਪਿੰਡ ਵਿਚ ਭਾਈ ਫਿਰੰਦੇ ਰਬਾਬੀ ਪਾਸੋਂ ਰਬਾਬ ਲੈਣ ਲਈ ਆਏ ਸਨ।

ਬਟਾਲਾ :

ਬਟਾਲਾ ਜ਼ਿਲ੍ਹਾ ਗੁਰਦਾਸਪੁਰ ਦੀ ਤਹਿਸੀਲ ਹੈ। ਇਹ ਸ਼ਹਿਰ ਪਠਾਨਕੋਟ- ਅੰਮ੍ਰਿਤਸਰ ਰੇਲਵੇ ਲਾਈਨ ਅਤੇ ਨੈਸ਼ਨਲ ਹਾਈਵੇ ਨੰ: 15 ’ਤੇ ਪਠਾਨਕੋਟ ਤੋਂ 69 ਕਿਲੋਮੀਟਰ ਅਤੇ ਅੰਮ੍ਰਿਤਸਰ ਤੋਂ 38 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਉੱਘਾ ਸ਼ਹਿਰ ਗੁਰਦਾਸਪੁਰ ਇੱਥੋਂ 33 ਅਤੇ ਜਲੰਧਰ 80 ਕਿਲੋਮੀਟਰ ਦੀ ਦੂਰੀ ’ਤੇ ਹੈ। ਇਸ ਸ਼ਹਿਰ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਸ੍ਰੀ ਮੂਲ ਚੰਦ ਖੱਤਰੀ ਦੀ ਸਪੁੱਤਰੀ ਬੀਬੀ ਸੁਲੱਖਣੀ ਜੀ ਨਾਲ ਹੋਇਆ। ਗੁਰੂ ਜੀ ਦੀ ਯਾਦ ਨਾਲ ਸੰਬੰਧਿਤ ਬਹੁਤ ਸਾਰੇ ਪਾਵਨ ਇਤਿਹਾਸਕ ਅਸਥਾਨ ਇਸ ਸ਼ਹਿਰ ਵਿਚ ਮੌਜੂਦ ਹਨ। ਉਨ੍ਹਾਂ ਵਿੱਚੋਂ ਕੁਝ ਹੇਠ ਲਿਖੇ ਅਨੁਸਾਰ ਹਨ:

1. ਗੁਰਦੁਆਰਾ ਥੰਮ੍ਹ ਜੀ ਸਾਹਿਬ ਪਾਤਸ਼ਾਹੀ ਪਹਿਲੀ ਅਤੇ ਛੇਵੀਂ:

ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਵਿਆਹ ਲਈ ਬਟਾਲੇ ਜਾਣ ਸਮੇਂ ਰਸਤੇ ਵਿਚ ਇੱਥੇ ਰੁਕੇ ਸਨ। ਇਸ ਗੁਰਦੁਆਰਾ ਸਾਹਿਬ ਨੂੰ ਪਹਿਲਾਂ ‘ਕੋਠਾ ਸਾਹਿਬ’ ਕਿਹਾ ਜਾਂਦਾ ਸੀ ਪਰ ਅੱਜਕਲ੍ਹ ਇਹ ਗੁਰਦੁਆਰਾ ਥੰਮ੍ਹ ਸਾਹਿਬ ਪਾਤਸ਼ਾਹੀ ਪਹਿਲੀ ਅਤੇ ਦਮਦਮਾ ਸਾਹਿਬ ਪਾਤਸ਼ਾਹੀ ਛੇਵੀਂ ਕਰਕੇ ਪ੍ਰਸਿੱਧ ਹੈ। ਇਤਿਹਾਸਕ ਸ੍ਰੋਤ ਦੱਸਦੇ ਹਨ ਕਿ ਇਸੇ ਅਸਥਾਨ ’ਤੇ ਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੀ ਆਪਣੇ ਵੱਡੇ ਬੇਟੇ ਬਾਬਾ ਗੁਰਦਿੱਤਾ ਜੀ ਦੇ ਵਿਆਹ ਸਮੇਂ ਬਟਾਲੇ ਨੂੰ ਜਾਣ ਸਮੇਂ ਰੁਕੇ ਸਨ।

2. ਗੁਰਦੁਆਰਾ ਡੇਰਾ ਸਾਹਿਬ ਬਟਾਲਾ :

ਗੁਰਦੁਆਰਾ ਡੇਰਾ ਸਾਹਿਬ ਉਹ ਅਸਥਾਨ ’ਤੇ ਸੁਸ਼ੋਭਿਤ ਹੈ, ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਬੀਬੀ ਸੁਲੱਖਣੀ ਜੀ ਨਾਲ ਵਿਆਹ ਹੋਇਆ ਸੀ। ਅਸਲ ਵਿਚ ਇਹ ਸ੍ਰੀ ਮੂਲਚੰਦ ਜੀ ਦਾ ਹੀ ਘਰ ਸੀ। ਕਿਹਾ ਜਾਂਦਾ ਹੈ ਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਵੀ ਇਸ ਅਸਥਾਨ ’ਤੇ ਬਾਬਾ ਗੁਰਦਿੱਤਾ ਜੀ ਦੇ ਵਿਆਹ ਸਮੇਂ ਆਪਣੇ ਮੁਬਾਰਕ ਕਦਮ ਪਾਏ ਸਨ।

3. ਗੁਰਦੁਆਰਾ ਕੰਧ ਸਾਹਿਬ ਬਟਾਲਾ :

ਗੁਰਦੁਆਰਾ ਕੰਧ ਸਾਹਿਬ ਉਸ ਅਸਥਾਨ ’ਤੇ ਸੁਸ਼ੋਭਿਤ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਸਮੇਂ ਬਰਾਤ ਸਮੇਤ ਗੁਰੂ ਨਾਨਕ ਸਾਹਿਬ ਜੀ ਨੇ ਇਕ ਕੱਚੀ ਕੰਧ ਦੇ ਲਾਗੇ ਪੜਾਅ ਕੀਤਾ ਸੀ। ਇਹ ਕੱਚੀ ਕੰਧ ਅਜੇ ਤਕ ਵੀ ਮੌਜੂਦ ਹੈ।

4. ਗੁਰਦੁਆਰਾ ਅੱਚਲ ਸਾਹਿਬ ਬਟਾਲਾ:

ਗੁਰਦੁਆਰਾ ਅੱਚਲ ਸਾਹਿਬ ਬਟਾਲਾ ਦੇ ਨਜ਼ਦੀਕ ਸਲਹੋ ਅਤੇ ਚਹਿਲ ਪਿੰਡ ਦੇ ਨਜ਼ਦੀਕ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਆਮਦ ਦੀ ਯਾਦ ਵਿਚ ਸੁਸ਼ੋਭਿਤ ਹੈ। ਇਹ ਪਿੰਡ ਬਟਾਲਾ-ਜਲੰਧਰ ਸੜਕ ’ਤੇ ਮੌਜੂਦ ਹੈ। ਰੇਲਵੇ ਸਟੇਸ਼ਨ ਬਟਾਲਾ ਇੱਥੋਂ 4 ਕਿਲੋਮੀਟਰ ਦੀ ਦੂਰੀ ’ਤੇ ਹੈ। ਪੁਰਾਤਨ ਸਮਿਆਂ ਤੋਂ ਇੱਥੇ ਇਕ ਸ਼ਿਵ ਮੰਦਰ ਵੀ ਰਿਹਾ ਹੈ, ਜਿੱਥੇ ਉਸ ਸਮੇਂ ਸ਼ਿਵਰਾਤਰੀ ਦੇ ਮੌਕੇ ਦੂਰੋਂ-ਦੂਰੋਂ ਸਾਧੂ ਆਉਂਦੇ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸੇ ਅਸਥਾਨ ’ਤੇ ਸ਼ਿਵਰਾਤਰੀ ਦੇ ਮੌਕੇ ਆ ਕੇ ਜੋਗੀ ਭੰਗਰ ਨਾਥ ਨਾਲ ਵਿਚਾਰਾਂ ਕਰਕੇ ਉਸ ਨੂੰ ਗਿਆਨ ਦਾ ਉਪਦੇਸ਼ ਦਿੱਤਾ ਸੀ।

ਅੰਮ੍ਰਿਤਸਰ :

ਅੰਮ੍ਰਿਤਸਰ ਜ਼ਿਲ੍ਹਾ ਹੈੱਡਕੁਆਰਟਰ ਹੈ। ਇਹ ਨੈਸ਼ਨਲ ਹਾਈਵੇ ਨੰ: 1 ’ਤੇ ਦਿੱਲੀ-ਅੰਮ੍ਰਿਤਸਰ ਰੇਲਵੇ ਲਾਈਨ ’ਤੇ ਜਲੰਧਰ ਤੋਂ 79 ਕਿਲੋਮੀਟਰ, ਲੁਧਿਆਣਾ ਤੋਂ 136 ਅਤੇ ਦਿੱਲੀ ਤੋਂ 451 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਇਹ ਨੈਸ਼ਨਲ ਹਾਈਵੇ 15 ਰਾਹੀਂ ਪਠਾਨਕੋਟ ਨਾਲ ਵੀ ਜੁੜਿਆ ਹੋਇਆ ਹੈ। ਪਠਾਨਕੋਟ ਤੋਂ ਅੰਮ੍ਰਿਤਸਰ ਦੀ ਦੂਰੀ 105 ਕਿਲੋਮੀਟਰ ਹੈ। ਗੁਰੂ ਜੀ ਦੀ ਯਾਦ ਨਾਲ ਸੰਬੰਧਿਤ ਬਹੁਤ ਸਾਰੇ ਇਤਿਹਾਸਕ ਅਸਥਾਨ ਇਸ ਜ਼ਿਲ੍ਹੇ ਵਿਚ ਮੌਜੂਦ ਹਨ। ਉਨ੍ਹਾਂ ਵਿੱਚੋਂ ਕੁਝ ਹੇਠ ਲਿਖੇ ਅਨੁਸਾਰ ਹਨ:

1. ਗੁਰਦੁਆਰਾ ਬੇਰ ਸਾਹਿਬ ਵੈਰੋਕੇ (ਬਾਬੇ ਦੀ ਬੇਰ):

ਗੁਰਦੁਆਰਾ ਬੇਰ ਸਾਹਿਬ ਅੰਮ੍ਰਿਤਸਰ ਵਿਚ ਲੋਪੋਕੇ ਦੇ ਨਜ਼ਦੀਕ ਪਿੰਡ ਵੈਰੋਕੇ ਵਿਚ ਸੁਸ਼ੋਭਿਤ ਹੈ। ਵੈਰੋਕੇ ਪਿੰਡ ਲੋਪੋਕੇ-ਭਿੰਡੀ ਸੈਦਾਂ ਸੜਕ ਤੋਂ 2 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਅੰਮ੍ਰਿਤਸਰ ਇੱਥੋਂ 25 ਕਿਲੋਮੀਟਰ ਦੀ ਦੂਰੀ ’ਤੇ ਹੈ। ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬੇਰੀ ਦੇ ਦਰਖ਼ਤ ਥੱਲੇ ਇਕ ਮੁਸਲਮਾਨ ਫਕੀਰ ਸ਼ਾਹ ਬਖ਼ਤਰ ਨਾਲ ਬੈਠ ਕੇ ਵਿਚਾਰ-ਵਟਾਂਦਰਾ ਕੀਤਾ ਸੀ।

2. ਗੁਰਦੁਆਰਾ ਨਾਨਕਸਰ ਸਾਹਿਬ ਵੇਰਕਾ:

ਗੁਰਦੁਆਰਾ ਸ੍ਰੀ ਗੁਰੂ ਨਾਨਕਸਰ ਸਾਹਿਬ ਅੰਮ੍ਰਿਤਸਰ ਤੋਂ 8 ਕਿਲੋਮੀਟਰ ਦੀ ਦੂਰੀ ’ਤੇ ਇਕ ਨਗਰ ਵੇਰਕਾ ਹੈ। ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਆਮਦ ਦੀ ਯਾਦ ਵਿਚ ਸੁਸ਼ੋਭਿਤ ਹੈ।

3. ਗੁਰਦੁਆਰਾ ਨਾਨਕਸਰ ਪਾਤਸ਼ਾਹੀ ਪਹਿਲੀ ਸਠਿਆਲਾ:

ਅੰਮ੍ਰਿਤਸਰ ਜ਼ਿਲ੍ਹੇ ਵਿਚ ਪਿੰਡ ਸਠਿਆਲਾ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਮੁਬਾਰਕ ਕਦਮ ਪਾਏ ਹਨ। ਉਨ੍ਹਾਂ ਦੀ ਆਗਮਨ ਦੀ ਯਾਦ ਵਿਚ ਇੱਥੇ ਇਕ ਇਤਿਹਾਸਕ ਗੁਰਦੁਆਰਾ ਨਾਨਕਸਰ ਪਾਤਸ਼ਾਹੀ ਪਹਿਲੀ ਸੁਸ਼ੋਭਿਤ ਹੈ। ਇਸ ਪਿੰਡ ਵਿਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਆਪਣੇ ਮੁਬਾਰਕ ਕਦਮ ਪਾਏ ਸਨ। ਇਹ ਪਿੰਡ ਬਟਾਲਾ-ਜਲੰਧਰ ਸੜਕ ’ਤੇ ਅਬਾਦ ਹੈ ਅਤੇ ਰੇਲਵੇ ਸਟੇਸ਼ਨ ਬਿਆਸ ਇੱਥੋਂ 8 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ।

ਫਰੀਦਕੋਟ :

ਫਰੀਦਕੋਟ ਜ਼ਿਲ੍ਹਾ ਹੈੱਡਕੁਆਰਟਰ ਹੈ। ਇਹ ਸ਼ਹਿਰ ਫਿਰੋਜ਼ਪੁਰ-ਬਠਿੰਡਾ ਰੇਲਵੇ ਲਾਈਨ ਅਤੇ ਨੈਸ਼ਨਲ ਹਾਈਵੇ ਨੰ: 15 ’ਤੇ ਫਿਰੋਜ਼ਪੁਰ ਤੋਂ 33 ਕਿਲੋਮੀਟਰ ਅਤੇ ਬਠਿੰਡਾ ਤੋਂ 55 ਕਿਲੋਮੀਟਰ ਦੀ ਦੂਰੀ ’ਤੇ ਹੈ। ਫਰੀਦਕੋਟ ਤੋਂ ਕੋਟਕਪੁਰਾ 12 ਕਿਲੋਮੀਟਰ ਦੀ ਦੂਰੀ ’ਤੇ ਹੈ। ਮੋਗਾ ਤੋਂ ਦੋ ਸੜਕਾਂ ਫਰੀਦਕੋਟ ਨੂੰ ਵਾਇਆ ਕੋਟਕਪੁਰਾ ਅਤੇ ਵਾਇਆ ਤਲਵੰਡੀ ਭਾਈ ਵੀ ਜਾਂਦੀਆਂ ਹਨ। ਗੁਰੂ ਜੀ ਦੀ ਯਾਦ ਨਾਲ ਸੰਬੰਧਿਤ ਗੁਰਦੁਆਰਾ ਸਾਹਿਬਾਨ ਇਸ ਜ਼ਿਲ੍ਹੇ ਵਿਚ ਮੌਜੂਦ ਹਨ:

1. ਗੁਰਦੁਆਰਾ ਪਾਤਸ਼ਾਹੀ ਪਹਿਲੀ ਅਤੇ ਛੇਵੀਂ ਦੋਦੜ:

ਗੁਰਦੁਆਰਾ ਪਾਤਸ਼ਾਹੀ ਪਹਿਲੀ ਅਤੇ ਛੇਵੀਂ ਦੋਦੜ ਜ਼ਿਲ੍ਹਾ ਫਰੀਦਕੋਟ ਦੇ ਇਕ ਪਿੰਡ ‘ਦੋਦੜ’ ਵਿਖੇ ਸ੍ਰੀ ਗੁਰੂ ਨਾਨਕ ਸਾਹਿਬ ਅਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਪਵਿੱਤਰ ਆਮਦ ਦੀ ਯਾਦ ਵਿਚ ਸੁਸ਼ੋਭਿਤ ਹੈ।

ਮੁਕਤਸਰ :

ਮੁਕਤਸਰ ਜ਼ਿਲ੍ਹਾ ਹੈੱਡਕੁਆਰਟਰ ਹੈ। ਇਹ ਸ਼ਹਿਰ ਬਠਿੰਡਾ-ਫਾਜ਼ਿਲਕਾ ਰੇਲਵੇ ਲਾਈਨ ’ਤੇ ਬਠਿੰਡਾ ਤੋਂ 75 ਕਿਲੋਮੀਟਰ ਅਤੇ ਫਾਜ਼ਿਲਕਾ ਤੋਂ 48 ਕਿਲੋਮੀਟਰ ਦੂਰ ਹੈ। ਇਹ ਮੋਗਾ-ਅਬੋਹਰ ਸੜਕ ਸਟੇਟ ਹਾਈਵੇ ਨੰ: 16 ’ਤੇ ਕੋਟਕਪੁਰਾ ਤੋਂ 32 ਅਤੇ ਮਲੋਟ ਤੋਂ 29 ਕਿਲੋਮੀਟਰ ਦੀ ਦੂਰੀ ’ਤੇ ਹੈ।

1. ਗੁਰਦੁਆਰਾ ਪਹਿਲੀ ਪਾਤਸ਼ਾਹੀ ਸਰਾਇ ਨਾਂਗਾ:

ਗੁਰਦੁਆਰਾ ਪਾਤਸ਼ਾਹੀ ਪਹਿਲੀ ਸਰਾਇ ਨਾਂਗਾ ਪੰਜਾਬ ਦੇ ਜ਼ਿਲ੍ਹਾ ਮੁਕਤਸਰ ਦੇ ਇਕ ਪਿੰਡ ਵਿਚ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਆਮਦ ਦੀ ਯਾਦ ਵਿਚ ਸੁਸ਼ੋਭਿਤ ਹੈ। ਇਸ ਪਿੰਡ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਇਲਾਵਾ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਵੀ ਆਪਣੇ ਮੁਬਾਰਕ ਚਰਨ ਪਾਏ ਸਨ। ਇਹ ਪਿੰਡ ਮੁਕਤਸਰ-ਕੋਟਕਪੁਰਾ ਸੜਕ ’ਤੇ ਰੇਲਵੇ ਸਟੇਸ਼ਨ ਬਰੀਵਾਲਾ ਤੋਂ 2 ਕਿਲੋਮੀਟਰ ਦੀ ਦੂਰੀ ’ਤੇ ਹੈ।

ਮੋਗਾ :

ਮੋਗਾ ਜ਼ਿਲ੍ਹਾ ਹੈੱਡਕੁਆਰਟਰ ਹੈ। ਇਹ ਸ਼ਹਿਰ ਫਿਰੋਜ਼ਪੁਰ-ਲੁਧਿਆਣਾ ਰੇਲਵੇ ਲਾਈਨ ਅਤੇ ਸਟੇਟ ਹਾਈਵੇ ਨੰ: 18 ’ਤੇ ਫਿਰੋਜ਼ਪੁਰ ਤੋਂ 56 ਕਿਲੋਮੀਟਰ ਅਤੇ ਲੁਧਿਆਣਾ ਤੋਂ 68 ਕਿਲੋਮੀਟਰ ਦੀ ਦੂਰੀ ’ਤੇ ਹੈ। ਗੁਰੂ ਜੀ ਦੀ ਯਾਦ ਨਾਲ ਸੰਬੰਧਿਤ ਹੇਠ ਲਿਖੇ ਗੁਰਦੁਆਰੇ ਸਾਹਿਬਾਨ ਇਸ ਜ਼ਿਲ੍ਹੇ ਵਿਚ ਮੌਜੂਦ ਹਨ:

1. ਗੁਰਦੁਆਰਾ ਨਾਨਕਸਰ ਤਖਤੂਪੁਰਾ:

ਪੰਜਾਬ ਦੇ ਜ਼ਿਲ੍ਹਾ ਮੋਗਾ ਦੀ ਤਹਿਸੀਲ ਨਿਹਾਲ ਸਿੰਘ ਵਾਲਾ ਦੇ ਪਿੰਡ ਤਖਤੂਪੁਰਾ ਵਿਚ ਤਿੰਨ ਗੁਰੂ ਸਾਹਿਬਾਨ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮੁਬਾਰਕ ਆਮਦ ਦੀ ਯਾਦ ਵਿਚ ਤਿੰਨ ਇਤਿਹਾਸਕ ਗੁਰਦੁਆਰਾ ਸਾਹਿਬਾਨ ਸੁਸ਼ੋਭਿਤ ਹਨ ਜਿਨ੍ਹਾਂ ਨੂੰ ਗੁਰੁਦਆਰਾ ਨਾਨਕਸਰ ਆਖਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਥੇ ਸਿੱਧਾਂ ਨਾਲ ਵਿਚਾਰਾਂ ਕੀਤੀਆਂ ਸਨ ਅਤੇ ਇੱਥੇ ਹੀ ਗੁਰੂ ਸਾਹਿਬ ਜੀ ਨੇ ਗੋਪੀ ਚੰਦ ਭਰਥਰੀ ਨਾਮਕ ਯੋਗੀ ਨਾਲ ਮੁਲਾਕਾਤ ਕੀਤੀ ਸੀ। ਇਹ ਪਿੰਡ ਮੋਗਾ-ਬਰਨਾਲਾ ਸੜਕ ਤੋਂ 3 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਮੋਗਾ ਇੱਥੋਂ 35 ਕਿਲੋਮੀਟਰ ਦੀ ਦੂਰੀ ’ਤੇ ਹੈ।

2. ਗੁਰਦੁਆਰਾ ਗੁਰੂਸਰ ਸਾਹਿਬ ਪੱਤੋ ਹੀਰਾ ਸਿੰਘ:

ਮੋਗਾ ਦੀ ਤਹਿਸੀਲ ਨਿਹਾਲ ਸਿੰਘ ਵਾਲਾ ਦੇ ਪਿੰਡ ਪੱਤੋ ਹੀਰਾ ਸਿੰਘ ਵਿਖੇ ਸ੍ਰੀ ਗੁਰੂ ਨਾਨਕ ਸਾਹਿਬ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ, ਸ੍ਰੀ ਗੁਰੂ ਹਰਿਰਾਇ ਸਾਹਿਬ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਪਵਿੱਤਰ ਆਮਦ ਦੀ ਯਾਦ ਵਿਚ ਇਕ ਗੁਰਦੁਆਰਾ ਗੁਰੂਸਰ ਸਾਹਿਬ ਸੁਸ਼ੋਭਿਤ ਹੈ।

ਸੰਗਰੂਰ :

ਸੰਗਰੂਰ ਜ਼ਿਲ੍ਹਾ ਹੈੱਡਕੁਆਰਟਰ ਹੈ। ਇਹ ਸ਼ਹਿਰ ਹਿਸਾਰ-ਲੁਧਿਆਣਾ ਰੇਲਵੇ ਲਾਈਨ ’ਤੇ ਧੂਰੀ ਤੋਂ 16 ਕਿਲੋਮੀਟਰ ਅਤੇ ਜਾਖਲ ਤੋਂ 51 ਕਿਲੋਮੀਟਰ ਦੀ ਦੂਰੀ ’ਤੇ ਹੈ। ਇਹ ਸ਼ਹਿਰ ਸਟੇਟ ਹਾਈਵੇ ਨੰ: 11 ’ਤੇ ਲੁਧਿਆਣਾ ਤੋਂ 78 ਕਿਲੋਮੀਟਰ ਦੀ ਦੂਰੀ ਤੋਂ ਅਤੇ ਸਟੇਟ ਹਾਈਵੇ ਨੰ: 12 ’ਤੇ ਬਰਨਾਲਾ ਤੋਂ 35 ਅਤੇ ਪਟਿਆਲਾ ਤੋਂ 54 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਗੁਰੂ ਜੀ ਦੀ ਯਾਦ ਨਾਲ ਸੰਬੰਧਿਤ ਬਹੁਤ ਸਾਰੇ ਇਤਿਹਾਸਕ ਅਸਥਾਨ ਇਸ ਜ਼ਿਲ੍ਹੇ ਵਿਚ ਮੌਜੂਦ ਹਨ। ਉਨ੍ਹਾਂ ਵਿੱਚੋਂ ਕੁਝ ਹੇਠ ਲਿਖੇ ਅਨੁਸਾਰ ਹਨ:

1. ਗੁਰਦੁਆਰਾ ਪਹਿਲੀ ਪਾਤਸ਼ਾਹੀ ਸੁਨਾਮ:

ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਇਕ ਸ਼ਹਿਰ ਸੁਨਾਮ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਆਮਦ ਦੀ ਯਾਦ ਵਿਚ ਗੁਰਦੁਆਰਾ ਪਹਿਲੀ ਪਾਤਸ਼ਾਹੀ ਸੁਸ਼ੋਭਿਤ ਹੈ। ਇਤਿਹਾਸਕ ਸ੍ਰੋਤ ਦੱਸਦੇ ਹਨ ਕਿ ਮਾਲਵੇ ਵਿਚਲੀ ਆਪਣੀ ਪ੍ਰਚਾਰ-ਫੇਰੀ ਦੌਰਾਨ ਗੁਰੂ ਸਾਹਿਬ ਇਸ ਸ਼ਹਿਰ ਵਿਚ ਆਏ ਸਨ। ਸੁਨਾਮ ਜ਼ਿਲ੍ਹਾ ਸੰਗਰੂਰ ਦੀ ਤਹਿਸੀਲ ਹੈ। ਇਹ ਪਿੰਡ ਸੁਨਾਮ-ਬਠਿੰਡਾ ਸੜਕ ’ਤੇ ਸਥਿਤ ਹੈ। ਰੇਲਵੇ ਸਟੇਸ਼ਨ ਸੁਨਾਮ ਵਿਖੇ ਹੀ ਹੈ।

2. ਗੁਰਦੁਆਰਾ ਸਾਹਿਬ ਅਕੋਈ:

ਗੁਰਦੁਆਰਾ ਸਾਹਿਬ ਅਕੋਈ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਆਮਦ ਦੀ ਯਾਦ ਵਿਚ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੀ ਤਹਿਸੀਲ ਸੰਗਰੂਰ ਦੇ ਪਿੰਡ ਅਕੋਈ ਵਿਚ ਸਥਿਤ ਹੈ। ਇਹ ਪਿੰਡ ਸੰਗਰੂਰ-ਲੁਧਿਆਣਾ ਸੜਕ ਤੋਂ 1 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਸੰਗਰੂਰ ਤੋਂ 4 ਕਿਲੋਮੀਟਰ ਦੀ ਦੂਰੀ ’ਤੇ ਹੈ।

3. ਗੁਰਦੁਆਰਾ ਪੰਚਖੰਡ ਸਾਹਿਬ ਭਸੌੜ:

ਸੰਗਰੂਰ ਜ਼ਿਲ੍ਹੇ ਦੀ ਤਹਿਸੀਲ ਧੂਰੀ ਦੇ ਪਿੰਡ ਭਸੌੜ ਦੇ ਨਜ਼ਦੀਕ ਸ੍ਰੀ ਗੁਰੂ ਨਾਨਕ ਸਾਹਿਬ ਦੀ ਪਵਿੱਤਰ ਆਮਦ ਦੀ ਯਾਦ ਵਿਚ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ ਕਿਹਾ ਜਾਂਦਾ ਹੈ ਕਿ ਇਸ ਅਸਥਾਨ ’ਤੇ ਜਿੱਥੇ ਗੁਰੂ ਨਾਨਕ ਸਾਹਿਬ ਸੁਨਾਮ ਤੋਂ ਮੁੜਦੇ ਸਮੇਂ ਇੱਥੇ ਆਏ ਸਨ। ਇਹ ਪਿੰਡ ਮਲੇਰਕੋਟਲਾ- ਧੂਰੀ ਸੜਕ ’ਤੇ ਹੈ। ਰੇਲਵੇ ਸਟੇਸ਼ਨ ਹਿੰਮਤਾਨਾ ਇੱਥੋਂ 4 ਕਿਲੋਮੀਟਰ ਦੂਰ ਹੈ।

4. ਗੁਰਦੁਆਰਾ ਸਾਹਿਬ ਪਾਤਸ਼ਾਹੀ ਪਹਿਲੀ ਕਾਂਝਲਾ:

ਗੁਰਦੁਆਰਾ ਸਾਹਿਬ ਪਾਤਸ਼ਾਹੀ ਪਹਿਲੀ ਸੰਗਰੂਰ ਦੇ ਪਿੰਡ ਕਾਂਝਲਾ ਵਿਖੇ ਸ਼ੁਸ਼ੋਭਿਤ ਹੈ। ਇਸ ਪਿੰਡ ਨੂੰ ਸ੍ਰੀ ਗੁਰੂ ਨਾਨਕ ਸਾਹਿਬ ਤੋਂ ਇਲਾਵਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਮੁਬਾਰਕ ਚਰਨ-ਛੋਹ ਪ੍ਰਾਪਤ ਹੈ। ਇਹ ਪਿੰਡ ਸੰਗਰੂਰ- ਬਰਨਾਲਾ ਸੜਕ ’ਤੇ ਰੇਲਵੇ ਸਟੇਸ਼ਨ ਧੂਰੀ ਤੋਂ 14 ਕਿਲੋਮੀਟਰ ਦੂਰ ਹੈ। ਫਿਰੋਜ਼ਪੁਰ: ਫਿਰੋਜ਼ਪੁਰ ਜ਼ਿਲ੍ਹਾ ਹੈੱਡ-ਕੁਆਰਟਰ ਹੈ। ਇਹ ਸ਼ਹਿਰ ਲੁਧਿਆਣਾ- ਫਿਰੋਜ਼ਪੁਰ ਰੇਲਵੇ ਲਾਈਨ ਅਤੇ ਸਟੇਟ ਹਾਈਵੇ ਨੰ: 18 ’ਤੇ ਲੁਧਿਆਣਾ ਤੋਂ 128 ਕਿਲੋਮੀਟਰ ਅਤੇ ਮੋਗਾ ਤੋਂ 60 ਕਿਲੋਮੀਟਰ, ਤਲਵੰਡੀ ਭਾਈ ਤੋਂ 35 ਕਿਲੋਮੀਟਰ ਦੀ ਦੂਰੀ ’ਤੇ ਹੈ। ਬਠਿੰਡਾ-ਫਿਰੋਜ਼ਪੁਰ ਰੇਲਵੇ ਲਾਈਨ ਅਤੇ ਸਟੇਟ ਹਾਈਵੇ ਨੰ: 15 ’ਤੇ ਬਠਿੰਡਾ ਤੋਂ 88 ਕਿਲੋਮੀਟਰ ਅਤੇ ਫਰੀਦਕੋਟ ਤੋਂ 33 ਕਿਲੋਮੀਟਰ ਦੀ ਦੂਰੀ ’ਤੇ ਹੈ। ਸਟੇਟ ਹਾਈਵੇ ਨੰ: 20 ’ਤੇ ਜ਼ੀਰਾ ਇਸ ਅਸਥਾਨ ਤੋਂ 35 ਕਿਲੋਮੀਟਰ ਦੀ ਦੂਰੀ ’ਤੇ ਹੈ। ਗੁਰੂ ਜੀ ਦੀ ਯਾਦ ਨਾਲ ਸੰਬੰਧਿਤ ਇਤਿਹਾਸਕ ਗੁਰਦੁਆਰਾ ਚਰਨ ਪਾਕਿ ਪਾਤਸ਼ਾਹੀ ਪਹਿਲੀ ਹਰੀਪੁਰਾ ਇਸ ਜ਼ਿਲ੍ਹੇ ਦੇ ਇਕ ਪਿੰਡ ਹਰੀਪੁਰਾ ਵਿਖੇ ਸੁਸ਼ੋਭਿਤ ਹੈ।

5. ਗੁਰਦੁਆਰਾ ਚਰਨ ਪਾਕਿ ਪਾਤਸ਼ਾਹੀ ਪਹਿਲੀ ਹਰੀਪੁਰਾ:

ਗੁਰਦੁਆਰਾ ਚਰਨ ਪਾਕਿ ਪਾਤਸ਼ਾਹੀ ਪਹਿਲੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਆਮਦ ਦੀ ਯਾਦ ਵਿਚ ਫਿਰੋਜ਼ਪੁਰ ਦੇ ਪਿੰਡ ਹਰੀਪੁਰਾ ਵਿਚ ਸਥਿਤ ਹੈ। ਕਿਹਾ ਜਾਂਦਾ ਹੈ ਕਿ ਇਸ ਪਿੰਡ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਮੁਕਤਸਰ ਦੀ ਜੰਗ ਤੋਂ ਬਾਅਦ ਇੱਥੇ ਆਪਣੇ ਮੁਬਾਰਕ ਚਰਨ ਪਾਏ ਸਨ।

ਸਰਹਿੰਦ-ਫ਼ਤਿਹਗੜ੍ਹ ਸਾਹਿਬ :

ਫ਼ਤਿਹਗੜ੍ਹ ਸਾਹਿਬ ਜ਼ਿਲ੍ਹਾ ਹੈੱਡ-ਕੁਆਰਟਰ ਹੈ। ਇਹ ਨੈਸ਼ਨਲ ਹਾਈਵੇ ਨੰ: 1 ’ਤੇ ਖੰਨੇ ਤੋਂ 18 ਕਿਲੋਮੀਟਰ, ਰਾਜਪੁਰੇ ਤੋਂ 25 ਕਿਲੋਮੀਟਰ ਦੀ ਦੂਰੀ ’ਤੇ ਹੈ। ਪਟਿਆਲਾ ਇੱਥੋਂ 33 ਕਿਲੋਮੀਟਰ ਦੂਰ ਹੈ। ਅੰਬਾਲਾ-ਲੁਧਿਆਣਾ ਰੇਲਵੇ ਲਾਈਨ ਰਾਹੀਂ ਅੰਬਾਲਾ ਇੱਥੋਂ 53 ਅਤੇ ਲੁਧਿਆਣਾ 60 ਕਿਲੋਮੀਟਰ ਦੂਰ ਹੈ। ਸਰਹਿੰਦ ਇਕ ਰੇਲਵੇ ਜੰਕਸ਼ਨ ਵੀ ਹੈ। ਇੱਥੋਂ ਇਕ ਰੇਲਵੇ ਲਾਈਨ ਰੂਪ ਨਗਰ, ਨੰਗਲ ਡੈਮ, ਊਨਾ (ਹਿਮਾਚਲ) ਨੂੰ ਜਾਂਦੀ ਹੈ। ਫ਼ਤਿਹਗੜ੍ਹ ਸਾਹਿਬ ਦਾ ਰੇਲਵੇ ਸਟੇਸ਼ਨ ਸਰਹਿੰਦ ਤੋਂ 3 ਕਿਲੋਮੀਟਰ ਦੀ ਦੂਰੀ ’ਤੇ ਹੈ।

1. ਗੁਰਦੁਆਰਾ ਪਹਿਲੀ ਪਾਤਸ਼ਾਹੀ ਮੋਕਾਰਮਪੁਰ:

ਗੁਰਦੁਆਰਾ ਪਾਤਸ਼ਾਹੀ ਪਹਿਲੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਆਮਦ ਦੀ ਯਾਦ ਵਿਚ ਪੰਜਾਬ ਦੇ ਇਕ ਜ਼ਿਲ੍ਹਾ ਸਰਹਿੰਦ ਦੇ ਨਜ਼ਦੀਕ ਇਕ ਪਿੰਡ ਮੋਕਾਰਮਪੁਰ ਵਿਚ ਸੁਸ਼ੋਭਿਤ ਹੈ। ਇਹ ਪਿੰਡ ਸਰਹਿੰਦ-ਚੁਨੀ-ਖਰੜ ਸੜਕ ਤੋਂ 1 ਕਿਲੋਮੀਟਰ ਦੀ ਦੂਰੀ ਅਤੇ ਸਰਹਿੰਦ ਰੇਲਵੇ ਸਟੇਸ਼ਨ ਤੋਂ 10 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ।

ਸਮਾਣਾ:

ਸਮਾਣਾ ਜ਼ਿਲ੍ਹਾ ਪਟਿਆਲਾ ਦੀ ਇਕ ਤਹਿਸੀਲ ਹੈ। ਇਹ ਸਟੇਟ ਹਾਈਵੇ ਨੰ: 10 ’ਤੇ ਪਟਿਆਲਾ ਤੋਂ 29 ਕਿਲੋਮੀਟਰ ਅਤੇ ਪਾਤੜਾਂ ਤੋਂ 24 ਕਿਲੋਮੀਟਰ ਦੀ ਦੂਰੀ ’ਤੇ ਹੈ।

1. ਗੁਰਦੁਆਰਾ ਮੰਜੀ ਸਾਹਿਬ ਕਮਾਲਪੁਰ:

ਗੁਰਦੁਆਰਾ ਮੰਜੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਕਮਾਲਪੁਰ ਪਿੰਡ ਸੁਸ਼ੋਭਿਤ ਹੈ। ਇਸ ਕਸਬੇ ਵਿਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਆਮਦ ਦੀ ਯਾਦ ਵਿਚ ਇਕ ਹੋਰ ਗੁਰਦੁਆਰਾ ਪਾਤਸ਼ਾਹੀ ਛੇਵੀਂ ਵੀ ਸੁਸ਼ੋਭਿਤ ਹੈ। ਇਹ ਪਿੰਡ ਸੰਗਰੂਰ-ਪਾਤੜਾਂ ਸੜਕ ਤੋਂ 6 ਕਿਲੋਮੀਟਰ ਦੀ ਦੂਰੀ ’ਤੇ ਅਤੇ ਰੇਲਵੇ ਸਟੇਸ਼ਨ ਸੁਨਾਮ ਤੋਂ 32 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ।

2. ਗੁਰਦੁਆਰਾ ਚੁਬਾਰਾ ਸਾਹਿਬ ਮਨਸੂਰਪੁਰ:

ਗੁਰਦੁਆਰਾ ਚੁਬਾਰਾ ਸਾਹਿਬ ਮਨਸੂਰਪੁਰ ਪੰਜਾਬ ਦੇ ਜ਼ਿਲ੍ਹਾ ਪਟਿਆਲਾ ਦੇ ਇਕ ਪਿੰਡ ਮਨਸੂਰਪੁਰ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ ਸੁਸ਼ੋਭਿਤ ਹੈ। ਕਿਹਾ ਜਾਂਦਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਪਿੰਡ ਵਿਚ ਚੰਦਨਦਾਸ ਦੇ ਚੁਬਾਰੇ ਵਿਚ ਠਹਿਰੇ ਸਨ।

ਰੂਪ ਨਗਰ :

ਰੂਪ ਨਗਰ ਜ਼ਿਲ੍ਹਾ ਹੈੱਡਕੁਆਰਟਰ ਹੈ। ਇਹ ਸਰਹਿੰਦ-ਨੰਗਲ ਰੇਲਵੇ ਲਾਈਨ ’ਤੇ ਕੁਰਾਲੀ ਤੋਂ 17 ਕਿਲੋਮੀਟਰ, ਅਨੰਦਪੁਰ ਸਾਹਿਬ ਤੋਂ 35 ਕਿਲੋਮੀਟਰ ਦੀ ਦੂਰੀ ’ਤੇ ਹੈ। ਇਹ ਨੈਸ਼ਨਲ ਹਾਈਵੇ ਨੰ: 21 ’ਤੇ ਚੰਡੀਗੜ੍ਹ ਤੋਂ 45 ਅਤੇ ਮੋਰਿੰਡੇ ਤੋਂ 25 ਕਿਲੋਮੀਟਰ ਦੂਰ ਹੈ।

1. ਗੁਰਦੁਆਰਾ ਚਰਨ ਕੰਵਲ ਪਾਤਸ਼ਾਹੀ ਪਹਿਲੀ ਕੀਰਤਪੁਰ ਸਾਹਿਬ:

ਗੁਰਦੁਆਰਾ ਚਰਨ ਕੰਵਲ ਸਾਹਿਬ ਪਾਤਸ਼ਾਹੀ ਪਹਿਲੀ ਕੀਰਤਪੁਰ ਸਾਹਿਬ ਵਿਖੇ ਸੁਸ਼ੋਭਿਤ ਹੈ। ਕਿਹਾ ਜਾਂਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਆਪਣੀ ਇਕ ਪ੍ਰਚਾਰ-ਫੇਰੀ ਦੌਰਾਨ ਇੱਥੇ ਪਧਾਰੇ ਸਨ ਅਤੇ ਇੱਥੇ ਹੀ ਗੁਰੂ ਨਾਨਕ ਸਾਹਿਬ ਜੀ ਨੇ ਸਾਈਂ ਬਾਬਾ ਬੁੱਢਣ ਸ਼ਾਹ ਜੀ ਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ ਸੀ। ਇਹ ਨਗਰ ਨੰਗਲ-ਰੂਪ ਨਗਰ ਸੜਕ ’ਤੇ ਸਥਿਤ ਹੈ। ਰੇਲਵੇ ਸਟੇਸ਼ਨ ਕੀਰਤਪੁਰ ਸਾਹਿਬ ਵਿਖੇ ਹੀ ਹੈ।

ਤਰਨਤਾਰਨ :

ਪੰਜਾਬ ਦਾ 19ਵਾਂ ਜ਼ਿਲ੍ਹਾ ਤਰਨਤਾਰਨ ਜੂਨ 2006 ਵਿਚ ਜ਼ਿਲ੍ਹਾ ਬਣਾਇਆ ਗਿਆ। ਇਹ ਸ਼ਹਿਰ ਅੰਮ੍ਰਿਤਸਰ-ਪੱਟੀ ਰੇਲਵੇ ਲਾਈਨ ’ਤੇ ਅੰਮ੍ਰਿਤਸਰ ਤੋਂ 24 ਕਿਲੋਮੀਟਰ ਅਤੇ ਪੱਟੀ ਤੋਂ 20 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਜੰਡਿਆਲਾ ਵਿੱਚੋਂ ਗੁਜ਼ਰਦੀ ਨੈਸ਼ਨਲ ਹਾਈਵੇ ਨੰ: 1 ਇਸ ਸ਼ਹਿਰ ਤੋਂ ਸੜਕ ਰਾਹੀਂ 17 ਕਿਲੋਮੀਟਰ ਦੂਰ ਹੈ।

1. ਗੁਰਦੁਆਰਾ ਡੇਰਾ ਸਾਹਿਬ ਨੌਸ਼ਹਿਰਾ ਪੰਨੂਆ :

ਗੁਰਦੁਆਰਾ ਡੇਰਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ ਅੰਮ੍ਰਿਤਸਰ ਦੇ ਇਕ ਕਸਬੇ ਨੌਸ਼ਹਿਰਾ ਪਨੂੰਆਂ ਲਾਗੇ ਸਥਿਤ ਹੈ। ਇਹ ਪਿੰਡ ਤਰਨਤਾਰਨ-ਹਰੀਕੇ ਸੜਕ ਤੋਂ 2 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਤਰਨਤਾਰਨ ਇੱਥੋਂ 12 ਕਿਲੋਮੀਟਰ ਦੀ ਦੂਰੀ ’ਤੇ ਹੈ। ਕਿਹਾ ਜਾਂਦਾ ਹੈ ਕਿ ਇੱਥੇ ਸ੍ਰੀ ਗੁਰੂ ਨਾਨਕ ਸਾਹਿਬ ਦੇ ਬਜ਼ੁਰਗ ਰਹਿੰਦੇ ਸਨ, ਜਿਸ ਕਾਰਨ ਗੁਰੂ ਨਾਨਕ ਸਾਹਿਬ ਜੀ ਇਸ ਪਿੰਡ ਵਿਚ ਕਾਫੀ ਵਾਰ ਆਏ ਹਨ।

2. ਗੁਰਦੁਆਰਾ ਸਾਹਿਬ (ਅੰਮੀ ਸ਼ਾਹ) ਖਾਲੜਾ:

ਜ਼ਿਲ੍ਹਾ ਅੰਮ੍ਰਿਤਸਰ ਦੇ ਕਸਬਾ ਖਾਲੜਾ ਦੇ ਨਜ਼ਦੀਕ ਪਿੰਡ ਅੰਮੀ ਸ਼ਾਹ ਜੋ ਕਿ ਭਾਰਤ-ਪਾਕਿਸਤਾਨ ਸਰਹੱਦ ਦੇ ਨਜ਼ਦੀਕ ਹੈ ਵਿਖੇ ਸ੍ਰੀ ਗੁਰੂ ਨਾਨਕ ਸਾਹਿਬ ਦੀ ਆਮਦ ਵਿਚ ਯਾਦ ਵਿਚ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ।

3. ਗੁਰਦੁਆਰਾ ਤਪਿਆਨਾ ਸਾਹਿਬ ਖਡੂਰ ਸਾਹਿਬ:

ਗੁਰਦੁਆਰਾ ਤਪਿਆਨਾ ਸਾਹਿਬ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਖਡੂਰ ਸਾਹਿਬ ਵਿਖੇ ਸੁਸ਼ੋਭਿਤ ਹੈ। ਖਡੂਰ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਇਲਾਵਾ ਸ੍ਰੀ ਗੁਰੂ ਅੰਗਦ ਦੇਵ ਜੀ ਅਤੇ ਸ੍ਰੀ ਗੁਰੂ ਅਮਰਦਾਸ ਜੀ ਦੇ ਵੀ ਇਤਿਹਾਸਕ ਸਥਾਨ ਸੁਸ਼ੋਭਿਤ ਹਨ। ਕਿਹਾ ਜਾਂਦਾ ਸ੍ਰੀ ਗੁਰੂ ਨਾਨਕ ਸਾਹਿਬ ਇੱਥੇ ਆਪਣੇ ਇਕ ਸਿੱਖ ਭਾਈ ਜੋਧਾ ਜੀ ਨੂੰ ਮਿਲਣ ਆਏ ਸਨ। ਇਹ ਨਗਰ ਖਡੂਰ ਸਾਹਿਬ-ਤਰਨਤਾਰਨ ਸੜਕ ’ਤੇ ਹੈ। ਰੇਲਵੇ ਸਟੇਸ਼ਨ ਖਡੂਰ ਸਾਹਿਬ ਵਿਖੇ ਹੀ ਹੈ।

ਬਠਿੰਡਾ :

ਬਠਿੰਡਾ ਜ਼ਿਲ੍ਹਾ ਹੈੱਡ-ਕੁਆਰਟਰ ਹੈ। ਇਹ ਰੇਲਵੇ ਜੰਕਸ਼ਨ ਵੀ ਹੈ। ਇਸ ਜੰਕਸ਼ਨ ਤੋਂ 7 ਪਾਸਿਆਂ ਨੂੰ ਰੇਲਵੇ-ਲਾਈਨਾਂ ਜਾਂਦੀਆਂ ਹਨ। ਅੰਬਾਲਾ ਇੱਥੋਂ 202 ਕਿਲੋਮੀਟਰ, ਫਿਰੋਜ਼ਪੁਰ 88 ਕਿਲੋਮੀਟਰ, ਫਾਜ਼ਿਲਕਾ 123 ਕਿਲੋਮੀਟਰ, ਸ੍ਰੀ ਗੰਗਾਨਗਰ 127 ਕਿਲੋਮੀਟਰ, ਜਾਖਲ 98 ਕਿਲੋਮੀਟਰ, ਡੱਬਵਾਲੀ 36 ਕਿਲੋਮੀਟਰ ਅਤੇ ਸਰਸਾ 75 ਕਿਲੋਮੀਟਰ ਦੀ ਦੂਰੀ ’ਤੇ ਹੈ।

1. ਨਾਨਕਸਰ ਤਲਵੰਡੀ ਸਾਬੋ (ਬਠਿੰਡਾ):

ਨਾਨਕਸਰ ਸਾਹਿਬ ‘ਤਖ਼ਤ ਸਾਹਿਬ’ ਅਤੇ ‘ਗੁਰਦੁਆਰਾ ਜੰਡਸਰ ਸਾਹਿਬ’ ਦੇ ਵਿਚਕਾਰ ਸੁਸ਼ੋਭਿਤ ਹੈ। ਇਤਿਹਾਸਕ ਸ੍ਰੋਤਾਂ ਅਨੁਸਾਰ ਗੁਰੂ ਨਾਨਕ ਸਾਹਿਬ ਜੀ ਜਦੋਂ ਤਲਵੰਡੀ ਸਾਬੋ ਆਏ ਸਨ ਤਾਂ ਇਸੇ ਸਰੋਵਰ ਦੇ ਕੰਢੇ ਬੈਠੇ ਸਨ। ਗੁਰੂ ਸਾਹਿਬ ਦੀ ਯਾਦਗਾਰ ਵਜੋਂ ਇਸ ਦਾ ਨਾਂ ‘ਨਾਨਕਸਰ’ ਰੱਖਿਆ ਗਿਆ ਹੈ। ਤਲਵੰਡੀ ਸਾਬੋ ਨਗਰ ਸਟੇਟ ਹਾਈਵੇ ਨੰ: 17 ’ਤੇ ਬਠਿੰਡਾ ਤੋਂ 32 ਕਿਲੋਮੀਟਰ ਦੂਰ ਹੈ।

ਪਾਕਿਸਤਾਨ :

ਹੁਣ ਅਸੀਂ ਗੁਰੂ ਨਾਨਕ ਸਾਹਿਬ ਨਾਲ ਸੰਬੰਧਿਤ ਉਨ੍ਹਾਂ ਗੁਰਦੁਆਰਾ ਸਾਹਿਬਾਨ ਦੀ ਗੱਲ ਕਰਾਂਗੇ ਜੋ ਹੁਣ ਪਾਕਿਸਤਾਨ ਵਿਚ ਸਥਿਤ ਹਨ ਅਤੇ 1947 ਦੇ ਦੇਸ਼-ਵੰਡ ਸਮੇਂ ਪਾਕਿਸਤਾਨ ਵਿਚ ਰਹਿ ਗਏ, ਜਿਨ੍ਹਾਂ ਦੇ ਖੁੱਲ੍ਹੇ ਦਰਸ਼ਨ-ਦੀਦਾਰਿਆਂ ਨੂੰ ਲੋਚਦੇ ਸਾਰੇ ਨਾਨਕ ਨਾਮ-ਲੇਵਾ ਸਿੱਖ ਆਪਣੀ ਰੋਜ਼ਾਨਾ ਦੀ ਅਰਦਾਸ ਵਿਚ ਅਕਾਲ ਪੁਰਖ ਅੱਗੇ ਬੇਨਤੀ-ਜੋਦੜੀ ਕਰਦੇ ਹਨ। ਪਾਕਿਸਤਾਨ ਦੇ ਗੁਰਦੁਆਰਾ ਸਾਹਿਬਾਨ ਦਾ ਵਰਣਨ ਕਰੀਏ ਤਾਂ ਸਭ ਤੋਂ ਪਹਿਲਾਂ ਨਨਕਾਣਾ ਸਾਹਿਬ ਦਾ ਜ਼ਿਕਰ ਆਉਂਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ-ਅਸਥਾਨ ਬਣੇ ਪਿੰਡ ਨੂੰ ਹੀ ਗੁਰੂ ਜੀ ਦੇ ਨਾਂ ’ਤੇ ਨਨਕਾਣਾ ਸਾਹਿਬ ਕਿਹਾ ਜਾਣ ਲੱਗਾ, ਅਸਲ ਵਿਚ ਇਸ ਦਾ ਪੁਰਾਣਾ ਨਾਂ ਰਾਏ ਭੋਇ ਦੀ ਤਲਵੰਡੀ ਸੀ। ਗੁਰੂ ਨਾਨਕ ਸਾਹਿਬ ਦੇ ਜਨਮ ਤੋਂ ਬਾਅਦ ਇਸ ਸਥਾਨ ਨੂੰ ਪਹਿਲਾਂ ਨਾਨਕਿਆਣਾ ਤੇ ਬਾਅਦ ਵਿਚ ਹੌਲੀ-ਹੌਲੀ ਜਿਵੇਂ-ਜਿਵੇਂ ਵਕਤ ਬੀਤਦਾ ਗਿਆ ਅੱਜ ਹਰ ਨਾਨਕ ਨਾਮ-ਲੇਵਾ ਨਨਕਾਣਾ ਸਾਹਿਬ ਦੇ ਨਾਂ ਨਾਲ ਸ੍ਰੀ ਗੁਰੂ ਨਾਨਕ ਸਾਹਿਬ ਨੂੰ ਯਾਦ ਕਰਦਾ ਹੈ। ਆਓ ਨਨਕਾਣਾ ਸਾਹਿਬ ਵਿਚ ਸਥਿਤ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਗੁਰਦੁਆਰਾ ਸਾਹਿਬਾਨ ਤੋਂ ਇਲਾਵਾ ਪਾਕਿਸਤਾਨ ਦੇ ਹੋਰ ਇਲਾਕਿਆਂ ਵਿਚ ਗੁਰੂ ਜੀ ਦੀ ਯਾਦ ਵਿਚ ਸੁਭਾਇਮਾਨ ਗੁਰਦੁਆਰਾ ਸਾਹਿਬਾਨ ਬਾਰੇ ਜਾਣਕਾਰੀ ਪ੍ਰਾਪਤ ਕਰੀਏ:

ਗੁਰਦੁਆਰਾ ਜਨਮ ਅਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ :

ਇਹ ਉਹ ਪਵਿੱਤਰ ਅਸਥਾਨ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਪਿਤਾ ਸ੍ਰੀ ਮਹਿਤਾ ਕਾਲੂ ਜੀ ਦੇ ਘਰ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਹੋਇਆ, ਇਸ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਨਿਰਮਾਣ ਸਭ ਤੋਂ ਪਹਿਲਾਂ ਗੁਰੂ ਸਾਹਿਬ ਦੇ ਬੇਟੇ ਬਾਬਾ ਲਖਮੀ ਦਾਸ ਅਤੇ ਬਾਬਾ ਧਰਮ ਚੰਦ ਨੇ ਬਣਾਇਆ, ਜਿਸ ਨੂੰ ‘ਕਾਲੂ ਕਾ ਕੋਠਾ’ ਆਖਿਆ ਜਾਂਦਾ ਸੀ ਪਰ ਬਾਅਦ ਵਿਚ ‘ਨਾਨਕਿਆਣਾ’ ਆਖਿਆ ਜਾਣ ਲੱਗਾ। ਇੱਥੇ ਹੀ ਗੁਰੂ ਨਾਨਕ ਸਾਹਿਬ ਦਾ ਜਨਮ ਹੋਇਆ ਸੀ। ਅਕਾਲੀ ਫੂਲਾ ਸਿੰਘ ਦੇ ਕਹਿਣ ’ਤੇ ਮਹਾਰਾਜਾ ਰਣਜੀਤ ਸਿੰਘ ਨੇ ਮੌਜੂਦਾ ਗੁਰਦੁਆਰਾ ਸਾਹਿਬ ਦੀ ਇਮਾਰਤ ਬਣਵਾਈ ਸੀ। ਜਨਾਬ ਇਕਬਾਲ ਕੇਸਰ ਅਨੁਸਾਰ ਇਸ ਗੁਰਦੁਆਰਾ ਸਾਹਿਬ ਦੇ ਨਾਂ ਕੁੱਲ 924 ਏਕੜ ਜ਼ਮੀਨ ਹੈ ਜੋ ਨਨਕਾਣਾ ਸਾਹਿਬ ਵਿਖੇ ਹੀ ਸਥਿਤ ਹੈ, ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੇ ਨਾਂ ਲਗਭਗ 838 ਏਕੜ ਹੋਰ ਜਾਇਦਾਦ ਅਤੇ 6 ਦੁਕਾਨਾਂ ਵੀ ਹਨ।

ਗੁਰਦੁਆਰਾ ਸਾਹਿਬ ਦਾ ਪ੍ਰਬੰਧ ਪਹਿਲਾਂ ਉਦਾਸੀ ਮਹੰਤਾਂ ਕੋਲ ਰਿਹਾ ਅਤੇ ਬਾਅਦ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਰਿਹਾ। ਪਰ ਅਜ਼ਾਦੀ ਤੋਂ ਮਗਰੋਂ ਇਸ ਦਾ ਪ੍ਰਬੰਧ ਪਾਕਿਸਤਾਨ ਵਕਫ਼ ਬੋਰਡ ਕੋਲ ਆ ਗਿਆ। ਹਰ ਸਾਲ ਸਿੱਖਾਂ ਦੇ ਵੱਡੇ ਜਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ-ਦਿਹਾੜੇ ਮੌਕੇ ਸੰਸਾਰ ਭਰ ਤੋਂ ਇੱਥੇ ਆਉਂਦੇ ਹਨ। ਗੁਰਦੁਆਰਾ ਜਨਮ-ਅਸਥਾਨ ਦੇ ਅੰਦਰ ਇਕ ਖੂਹ ਹੈ, ਇਸ ਨੂੰ ‘ਬੇਬੇ ਨਾਨਕੀ ਦਾ ਖੂਹ’ ਆਖਿਆ ਜਾਂਦਾ ਹੈ। ਇੱਥੇ ਇਕ ਯਾਦਗਾਰੀ ਜੰਡ ਦਾ ਦਰਖਤ ਵੀ ਹੈ ਜਿਸ ਨਾਲ ਭਾਈ ਲਛਮਣ ਸਿੰਘ ਧਾਰੋਵਾਲੀ ਨੂੰ ਮਹੰਤ ਨਰੈਣਦਾਸ ਨੇ ਪੁੱਠੇ ਬੰਨ੍ਹ ਕੇ ਅੱਗ ਲਾ ਕੇ ਸ਼ਹੀਦ ਕਰ ਦਿੱਤਾ ਸੀ। ਹਰ ਸਾਲ ਦੁਨੀਆਂ ਭਰ ਤੋਂ ਸਿੱਖ ਸੰਗਤਾਂ ਦੇ ਵੱਡੇ ਜਥੇ ਖਾਸ ਕਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼-ਦਿਵਸ ’ਤੇ ਇਸ ਪਵਿੱਤਰ ਥਾਂ ਦੇ ਦਰਸ਼ਨਾਂ ਲਈ ਆਉਂਦੇ ਹਨ।

ਗੁਰਦੁਆਰਾ ਬਾਲ ਲੀਲ੍ਹਾ, ਨਨਕਾਣਾ ਸਾਹਿਬ:

ਗੁਰਦੁਆਰਾ ਬਾਲ ਲੀਲ੍ਹਾ ਸਾਹਿਬ, ਗੁਰਦੁਆਰਾ ਸਾਹਿਬ ਜਨਮ ਅਸਥਾਨ ਤੋਂ ਲੱਗਭਗ 300 ਮੀਟਰ ਦੂਰੀ ’ਤੇ ਦੱਖਣ- ਪੂਰਬੀ ਸਿਰੇ ਵੱਲ ਹੈ। ਇੱਥੇ ਗੁਰੂ ਸਾਹਿਬ ਬਚਪਨ ਵਿਚ ਖੇਡਦੇ ਰਹੇ ਹਨ। ਗੁਰਦੁਆਰਾ ਸਾਹਿਬ ਦੇ ਪੂਰਬ ਵੱਲ ਇਕ ਤਾਲਾਬ ਹੈ, ਜੋ ਰਾਏ ਬੁਲਾਰ ਨੇ ਖੁਦਵਾਇਆ ਸੀ। ਇਸ ਦੀ ਪਹਿਲੀ ਇਮਾਰਤ ਅਤੇ ਸਰੋਵਰ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਆਗਿਆ ਨਾਲ ਬਾਬਾ ਗੁਰਬਖਸ਼ ਸਿੰਘ ਨੇ ਵਿੱਚੋਂ ਪੱਕਾ ਕਰਵਾਇਆ ਸੀ। ਬਾਅਦ ਵਿਚ ਇਸ ਗੁਰਦੁਆਰਾ ਸਾਹਿਬ ਦੀ ਚਾਰ-ਦੀਵਾਰੀ ਸੰਤ ਗੁਰਮੁਖ ਸਿੰਘ (ਪਟਿਆਲਾ) ਨੇ ਕਰਾਈ। ਗੁਰਦੁਆਰਾ ਸਾਹਿਬ ਦੀ ਸੇਵਾ-ਸੰਭਾਲ ਪਾਕਿਸਤਾਨ ਦਾ ਵਕਫ਼ ਬੋਰਡ ਕਰ ਰਿਹਾ ਹੈ। ਪਰ ਅਫਸੋਸ ਦੀ ਗੱਲ ਹੈ ਕਿ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹੁੰਦਾ, ਯਾਦਗਾਰ ਦੇ ਤੌਰ ’ਤੇ ਕੇਵਲ ਇਮਾਰਤ ਹੀ ਮੌਜੂਦ ਹੈ।

ਗੁਰਦੁਆਰਾ ਪੱਟੀ ਸਾਹਿਬ, ਨਨਕਾਣਾ ਸਾਹਿਬ:

ਗੁਰਦੁਆਰਾ ਪੱਟੀ ਸਾਹਿਬ, ਗੁਰਦੁਆਰਾ ਸਾਹਿਬ ਬਾਲ ਲੀਲ੍ਹਾ ਦੇ ਨੇੜੇ ਹੀ ਹੈ। ਇੱਥੇ ਹੀ ਗੁਰੂ ਸਾਹਿਬ ਨੂੰ ਪਾਂਧੇ ਪੰਡਤ ਗੋਪਾਲ ਦਾਸ ਕੋਲੋਂ ਹਿੰਦੀ, ਪੰਡਤ ਬ੍ਰਿਜ ਲਾਲ ਪਾਸੋਂ ਸੰਸਕ੍ਰਿਤ ਅਤੇ ਤਲਵੰਡੀ ਦੇ ਮੋਲਾਣਾ ਕੁਤਬੁਦੀਨ ਪਾਸੋਂ ਅਰਬੀ, ਫ਼ਾਰਸੀ ਪੜ੍ਹਨ ਲਈ ਭੇਜਿਆ ਗਿਆ। ਗੁਰੂ ਸਾਹਿਬ ਦੇ ਆਤਮਿਕ ਗਿਆਨ ਅੱਗੇ ਇਨ੍ਹਾਂ ਉਸਤਾਦਾਂ ਨੇ ਹੀ ਸ਼ਰਧਾ ਨਾਲ ਸੀਸ ਝੁਕਾਇਆ। ਗੁਰੂ ਸਾਹਿਬ ਨੇ ‘ਆਸਾ ਰਾਗ’ ਵਿਚ ‘ਪਟੀ ਬਾਣੀ’ ਇੱਥੇ ਹੀ ਉਚਾਰੀ ਹੈ। ਇਸ ਗੁਰਦੁਆਰਾ ਸਾਹਿਬ ਨੂੰ ‘ਗੁਰਦੁਆਰਾ ਮੌਲਵੀ ਪੱਟੀ’ ਵੀ ਆਖਿਆ ਜਾਂਦਾ ਹੈ। ਇਸੇ ਗੁਰਦੁਆਰਾ ਸਾਹਿਬ ਅੰਦਰ ਅਫਗਾਨਿਸਤਾਨ ਤੋਂ ਉੱਜੜੇ ਸਿੱਖ ਪਰਵਾਰਾਂ ਦੇ ਬੱਚਿਆਂ ਦੀ ਵਿੱਦਿਆ ਵਾਸਤੇ ‘ਗੁਰੂ ਨਾਨਕ ਸਕੂਲ’ ਚੱਲ ਰਿਹਾ ਹੈ ਜਿੱਥੇ ਗੁਰਮੁਖੀ ਲਿੱਪੀ ਅਤੇ ਪੰਜਾਬੀ ਭਾਸ਼ਾ ਵਿਚ ਵਿੱਦਿਆ ਦਿੱਤੀ ਜਾਂਦੀ ਹੈ।

ਗੁਰਦੁਆਰਾ ਕਿਆਰਾ ਸਾਹਿਬ, ਨਨਕਾਣਾ ਸਾਹਿਬ :

ਗੁਰਦੁਆਰਾ ਕਿਆਰਾ ਸਾਹਿਬ, ਗੁਰਦੁਆਰਾ ਸਾਹਿਬ ਬਾਲ ਲੀਲ੍ਹਾ ਤੋਂ ਦੋ ਕਿਲੋਮੀਟਰ ਪੂਰਬ ਵੱਲ ਹੈ। ਇਹ ਉਹ ਥਾਂ ਹੈ, ਜਿੱਥੇ ਗੁਰੂ ਨਾਨਕ ਸਾਹਿਬ ਆਪਣੀਆਂ ਮੱਝਾਂ ਨੂੰ ਚਰਾਇਆ ਕਰਦੇ ਸਨ। ਇਸੇ ਸਥਾਨ ਦੇ ਨਾਲ ਹੀ ਆਪ ਦੀਆਂ ਮੱਝਾਂ ਦੁਆਰਾ ਨੁਕਸਾਨੀ ਗਈ ਫਸਲ ਨੂੰ ਆਪ ਜੀ ਵੱਲੋਂ ਹਰੀ-ਭਰੀ ਕਰਨ ਦੀ ਘਟਨਾ ਜੁੜੀ ਹੋਈ ਹੈ। ਇਸ ਗੁਰਦੁਆਰਾ ਸਾਹਿਬ ਨਾਲ 45 ਮੁਰੱਬੇ ਜ਼ਮੀਨ ਲੱਗੀ ਹੋਈ ਹੈ। ਪਹਿਲਾਂ ਸਿੱਖ ਰਾਜ ਸਮੇਂ ਅਤੇ ਬਾਅਦ ਵਿਚ ਸੰਤ ਗੁਰਮੁਖ ਸਿੰਘ ਜੀ ਨੇ ਇਸ ਗੁਰਦੁਆਰਾ ਸਾਹਿਬ ਦੀ ਉਸਾਰੀ ਕਰਵਾਈ। ਦੁਖਦਾਇਕ ਪਹਿਲੂ ਇਹ ਹੈ ਕਿ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਹੁੰਦਾ, ਯਾਦਗਾਰ ਦੇ ਤੌਰ ’ਤੇ ਕੇਵਲ ਇਮਾਰਤ ਹੀ ਮੌਜੂਦ ਹੈ।

ਗੁਰਦੁਆਰਾ ਮਾਲ ਜੀ ਸਾਹਿਬ, ਨਨਕਾਣਾ ਸਾਹਿਬ :

ਇਸ ਅਸਥਾਨ ਉੱਤੇ ਗੁਰੂ ਨਾਨਕ ਸਾਹਿਬ ਗਾਵਾਂ ਅਤੇ ਮੱਝਾਂ ਚਾਰਦੇ ਹੁੰਦੇ ਸੀ। ਇਹ ਅਸਥਾਨ, ਗੁਰਦੁਆਰਾ ਜਨਮ-ਅਸਥਾਨ ਤੋਂ ਡੇਢ ਕਿਲੋਮੀਟਰ ਦੂਰ ਪੂਰਬ ਵੱਲ ਹੈ। ਇੱਥੇ ਉਹ ‘ਮਾਲ ਬਿਰਛ’ ਅੱਜ ਵੀ ਮੌਜੂਦ ਹੈ, ਜਿਸ ਨੂੰ ‘ਵਣ’ ਆਖਦੇ ਹਨ, ਜਿਸ ਦੀ ਛਾਂ ਹੇਠ ਗੁਰੂ ਸਾਹਿਬ ਅਰਾਮ ਕਰਦੇ ਹੁੰਦੇ ਸਨ। ਇਸ ਗੁਰਦੁਆਰਾ ਸਾਹਿਬ ਦੀ ਉਸਾਰੀ ਪਹਿਲਾਂ ਦੀਵਾਨ ਕੌੜਾ ਮੱਲ ਨੇ ਅਤੇ ਬਾਅਦ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਹੋਈ ਹੈ। ਗੁਰਦੁਆਰਾ ਸਾਹਿਬ ਦੇ ਨਾਲ ਹੀ ਸਰੋਵਰ ਹੈ, ਜੋ ਜ਼ਮੀਨ ਤੋਂ ਪੰਜ ਫੁੱਟ ਉੱਚਾ ਹੈ। ਗੁਰਦੁਆਰਾ ਸਾਹਿਬ ਨਾਲ ਤਿੰਨ ਹਜ਼ਾਰ ਏਕੜ ਜ਼ਮੀਨ ਲੱਗੀ ਹੋਈ ਹੈ। ਅੱਜਕਲ੍ਹ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਹੁੰਦਾ, ਯਾਦਗਾਰ ਦੇ ਤੌਰ ’ਤੇ ਕੇਵਲ ਇਮਾਰਤ ਹੀ ਮੌਜੂਦ ਹੈ।

ਗੁਰਦੁਆਰਾ ਤੰਬੂ ਸਾਹਿਬ, ਨਨਕਾਣਾ ਸਾਹਿਬ:

ਗੁਰਦੁਆਰਾ ਤੰਬੂ ਸਾਹਿਬ, ਗੁਰਦੁਆਰਾ ਜਨਮ ਅਸਥਾਨ ਤੋਂ ਇਕ ਕਿਲੋਮੀਟਰ ਦੂਰ ਪੂਰਬ ਵੱਲ ਹੈ। ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਚੂਹੜਕਾਣਾ ਦੇ ਭੁੱਖੇ ਸਾਧੂਆਂ ਨੂੰ ਲੰਗਰ ਛਕਾ ਕੇ ਸੱਚਾ ਸੌਦਾ ਕਰਨ ਉਪਰੰਤ ਭਾਈ ਮਰਦਾਨਾ ਜੀ ਸਮੇਤ ਵਣ ਦੇ ਇਕ ਬ੍ਰਿਛ ਹੇਠ ਆ ਬੈਠੇ ਸਨ। ਇਹ ਬ੍ਰਿਛ ਅੱਜ ਵੀ ਮੌਜੂਦ ਹੈ ਅਤੇ ਤੰਬੂ ਵਾਂਗ ਤਣਿਆ ਹੋਇਆ ਹੈ, ਜਿਸ ਕਾਰਨ ਗੁਰਦੁਆਰਾ ਸਾਹਿਬ ਦਾ ਨਾਂ ਵੀ ‘ਤੰਬੂ ਸਾਹਿਬ’ ਪ੍ਰਸਿੱਧ ਹੈ। ਅੱਜਕਲ੍ਹ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਹੁੰਦਾ, ਯਾਦਗਾਰ ਦੇ ਤੌਰ ’ਤੇ ਕੇਵਲ ਇਮਾਰਤ ਹੀ ਮੌਜੂਦ ਹੈ।

ਗੁਰਦੁਆਰਾ ਸੱਚਾ ਸੌਦਾ ਸਾਹਿਬ, ਚੂਹੜਕਾਣਾ :

ਪਾਕਿਸਤਾਨ ਦੇ ਜ਼ਿਲ੍ਹਾ ਸ਼ੇਖੂਪੁਰਾ ਵਿਚ ਪਿੰਡ ਚੂਹੜਕਾਣਾ ਵਿਖੇ ਗੁਰਦੁਆਰਾ ਸਾਹਿਬ ਸੱਚਾ ਸੌਦਾ ਸੁਸ਼ੋਭਿਤ ਹੈ। ਇੱਥੇ ਹੀ ਗੁਰੂ ਸਾਹਿਬ ਨੇ ਭੁੱਖੇ ਸਾਧੂਆਂ ਨੂੰ ਪਿਤਾ ਮਹਿਤਾ ਕਾਲੂ ਵੱਲੋਂ ਵਪਾਰ ਕਰਨ ਲਈ ਮਿਲੇ ਵੀਹ ਰੁਪਿਆਂ ਦਾ ਲੰਗਰ ਛਕਾ ਕੇ ਸੱਚਾ ਸੌਦਾ ਕੀਤਾ ਸੀ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਇਸ ਤਿੰਨ-ਮੰਜ਼ਲਾ ਗੁਰਦੁਆਰਾ ਸਾਹਿਬ ਦੀ ਉਸਾਰੀ ਕੀਤੀ ਗਈ ਸੀ। ਇਸ ਗੁਰਦੁਆਰਾ ਸਾਹਿਬ ਨਾਲ 125 ਏਕੜ ਜ਼ਮੀਨ ਹੈ।

‘ਗੁਰਦੁਆਰਾ ਸੱਚਖੰਡ’ ਚੂਹੜਕਾਣਾ :

ਪਿੰਡ ਚੂਹੜਕਣਾ ਵਿਖੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਆਮਦ ਦੀ ਯਾਦ ਵਿਚ ਇਕ ਗੁਰਦੁਆਰਾ ਸਾਹਿਬ ‘ਸੱਚਖੰਡ ਸਾਹਿਬ’ ਸੁਸ਼ੋਭਿਤ ਹੈ। ਗੁਰਦੁਆਰਾ ਸਾਹਿਬ ਦੀ ਹਾਲਤ ਬਹੁਤ ਖਸਤਾ ਹੈ। ਪਾਕਿਸਤਾਨ ਸਰਕਾਰ ਨੂੰ ਇਸ ਇਤਿਹਾਸਕ ਸਥਾਨ ਦੀ ਮਹੱਤਤਾ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਜਲਦੀ ਹੀ ਇਸ ਦੀ ਮੁਰੰਮਤ ਵੱਲ ਧਿਆਨ ਦੇਣਾ ਚਾਹੀਦਾ ਹੈ। ਜੇ ਸੰਭਾਲ ਨਾ ਕੀਤੀ ਗਈ ਤਾਂ ਆਉਣ ਵਾਲੇ ਸਮੇਂ ਇਹ ਨਿਸ਼ਾਨ ਕੇਵਲ ਇਤਿਹਾਸ ਵਿਚ ਹੀ ਰਹਿ ਜਾਣਗੇ।

ਗੁਰਦੁਆਰਾ ਰੋੜੀ ਸਾਹਿਬ, ਏਮਨਾਬਾਦ:

ਗੁਰਦੁਆਰਾ ਰੋੜੀ ਸਾਹਿਬ ਏਮਨਾਬਾਦ ਦੇ ਸ਼ਹਿਰ ਗੁਜਰਾਂਵਾਲਾ ਤੋਂ ਉੱਤਰ-ਪੱਛਮ ਵੱਲ ਡੇਢ ਕਿਲੋਮੀਟਰ ਦੂਰ ਹੈ। ਇਸ ਥਾਂ ਗੁਰੂ ਨਾਨਕ ਸਾਹਿਬ ਰੋੜਾਂ ਦੇ ਆਸਣ ’ਤੇ ਬਿਰਾਜੇ ਸਨ। ਇਸ ਥਾਂ ਹੁਣ ਬਹੁਤ ਹੀ ਸੁੰਦਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਸਿੱਖ ਰਾਜ ਸਮੇਂ ਗੁਰਦੁਆਰਾ ਸਾਹਿਬ ਦੇ ਨਾਂ ਨਾਲ 5 ਹਜ਼ਾਰ ਦੀ ਸਾਲਾਨਾ ਜਗੀਰ ਤੋਂ ਇਲਾਵਾ 225 ਏਕੜ ਜ਼ਮੀਨ ਲੱਗੀ ਹੋਈ ਸੀ।

ਗੁਰਦੁਆਰਾ ਚੱਕੀ ਸਾਹਿਬ, ਏਮਨਾਬਾਦ :

ਗੁਰਦੁਆਰਾ ਚੱਕੀ ਸਾਹਿਬ ਏਮਨਾਬਾਦ ਦੇ ਸ਼ਹਿਰ ਗੁਜਰਾਂਵਾਲਾ ਵਿਖੇ ਸੁਸ਼ੋਭਿਤ ਹੈ। ਇੱਥੇ ਗੁਰੂ ਨਾਨਕ ਸਾਹਿਬ ਨੂੰ ਬਾਬਰ ਨੇ ਕੈਦ ਕਰਕੇ ਚੱਕੀ ਪੀਹਣ ਦੀ ਸਜ਼ਾ ਲਾਈ ਸੀ। ਜਦੋਂ ਬਾਬਰ ਨੂੰ ਗੁਰੂ ਸਾਹਿਬ ਦੀ ਸ਼ਖ਼ਸੀਅਤ ਬਾਰੇ ਪਤਾ ਚੱਲਿਆ ਤਾਂ ਉਹ ਗੁਰੂ ਸਾਹਿਬ ਤੋਂ ਏਨਾ ਪ੍ਰਭਾਵਿਤ ਹੋਇਆ ਕਿ ਗੁਰੂ ਸਾਹਿਬ ਦੇ ਕਹਿਣ ’ਤੇ ਹਜ਼ਾਰਾਂ ਕੈਦੀਆਂ ਨੂੰ ਰਿਹਾਅ ਕਰ ਦਿੱਤਾ। ਇਸ ਗੁਰਦੁਆਰਾ ਸਾਹਿਬ ਨਾਲ 14 ਏਕੜ ਜ਼ਮੀਨ ਲੱਗੀ ਹੋਈ ਹੈ।

ਗੁਰਦੁਆਰਾ ਖੂਹੀ ਭਾਈ ਲਾਲੋ ਜੀ, ਏਮਨਾਬਾਦ:

ਗੁਰਦੁਆਰਾ ਖੂਹੀ ਭਾਈ ਲਾਲੋ ਜੀ ਏਮਨਾਬਾਦ ਵਿਖੇ ਗੁਰੂ ਨਾਨਕ ਸਾਹਿਬ ਦੀ ਯਾਦਗਾਰ ਵਿਚ ਸੁਸ਼ੋਭਿਤ ਹੈ। ਭਾਈ ਲਾਲੋ ਜੀ ਸੈਦਪੁਰ ਏਮਨਾਬਾਦ ਦੇ ਰਹਿਣ ਵਾਲੇ ਕਿੱਤੇ ਵਜੋਂ ਇਕ ਤਰਖਾਣ ਸਨ। ਜਦੋਂ ਗੁਰੂ ਨਾਨਕ ਸਾਹਿਬ ਇੱਥੇ ਆਏ ਤਾਂ ਇਨ੍ਹਾਂ ਦੇ ਘਰ ਠਹਿਰੇ ਸਨ। ਇੱਥੇ ਹੀ ਗੁਰੂ ਸਾਹਿਬ ਨੇ ਮਲਕ ਭਾਗੋ ਦੇ ਗਰੀਬਾਂ ਦਾ ਲਹੂ ਨਿਚੋੜ ਕੇ ਇਕੱਠੇ ਕੀਤੇ ਪੈਸਿਆਂ ਨਾਲ ਤਿਆਰ ਸ਼ਾਹੀ ਪਕਵਾਨਾਂ ਨੂੰ ਠੁਕਰਾ ਕੇ ਭਾਈ ਲਾਲੋ ਜੀ ਦੇ ਖੂਨ-ਪਸੀਨੇ ਦੀ ਮਿਹਨਤ ਦੀ ਕਮਾਈ ਨਾਲ ਤਿਆਰ ਸਾਦਾ ਭੋਜਨ ਕਰਨ ਨੂੰ ਪਹਿਲ ਦਿੱਤੀ ਸੀ। ਇੱਥੇ ਗੁਰੂ ਸਾਹਿਬ ਦੀ ਪਵਿੱਤਰ ਛੋਹ ਪ੍ਰਾਪਤ ਇਕ ਖੂਹ ਅਜੇ ਤਕ ਮੌਜੂਦ ਹੈ।

ਗੁਰਦੁਅਰਾ ਨਾਨਕ ਗੜ੍ਹ, ਬਦਾਮੀ ਬਾਗ, ਲਾਹੌਰ :

ਪਾਕਿਸਤਾਨ ਦੇ ਲਾਹੌਰ ਦੇ ਕੋਲ ਬਦਾਮੀ ਬਾਗ ਹੈ, ਜਿੱਥੇ ਗੁਰੂ ਨਾਨਕ ਸਾਹਿਬ ਦੀ ਯਾਦ ਵਿਚ ਗੁਰਦੁਆਰਾ ਨਾਨਕਗੜ੍ਹ ਸੁਸ਼ੋਭਿਤ ਸੀ। ਸਿੱਖ ਇਤਿਹਾਸ ਅਨੁਸਾਰ ਇਸ ਅਸਥਾਨ ਉੱਤੇ ਗੁਰੁ ਸਾਹਿਬ ਨੇ ਭਾਈ ਦੁਨੀ ਚੰਦ ਦੇ ਪਿਤਾ ਨੂੰ ਚੌਰਾਸੀ ਤੋਂ ਮੁਕਤ ਕਰਵਾਇਆ ਸੀ। ਅਸਥਾਨ ਦਾ ਪ੍ਰਬੰਧ ਮਹੰਤ ਕਰਦੇ ਸਨ। ਗੁਰਦੁਆਰਾ ਸਾਹਿਬ ਦਾ ਜ਼ਿਕਰ ਹੁਣ ਕੇਵਲ ਇਤਿਹਾਸ ਦੇ ਸਫਿਆਂ ’ਤੇ ਹੀ ਆਉਂਦਾ ਹੈ, ਇਤਿਹਾਸਕ ਅਸਥਾਨ ਦੀ ਕੋਈ ਨਿਸ਼ਾਨੀ ਮੌਜੂਦ ਨਹੀਂ।

ਗੁਰਦੁਆਰਾ ਸਾਹਿਬ ਪਾਤਸ਼ਾਹੀ ਪਹਿਲੀ ਲਾਹੌਰ :

ਗੁਰਦੁਆਰਾ ਸਾਹਿਬ ਪਾਤਸ਼ਾਹੀ ਪਹਿਲੀ ਲਾਹੌਰ ਵਿਚ ਗੁਰੂ ਨਾਨਕ ਸਾਹਿਬ ਦੀ ਪਵਿੱਤਰ ਆਗਮਨ ਦੀ ਯਾਦ ਵਿਚ ਸੁਸ਼ੋਭਿਤ ਹੈ। ਸਿੱਖ ਇਤਿਹਾਸ ਅਨੁਸਾਰ ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ 1570 ਨੂੰ ਆਪਣੇ ਪ੍ਰੇਮੀ ਦੁਨੀ ਚੰਦ ਦੇ ਘਰ ਬਿਰਾਜੇ ਸਨ। ਇਹ ਇਤਿਹਾਸਕ ਅਸਥਾਨ ਲਾਹੌਰ-ਦਿੱਲੀ ਦਰਵਾਜ਼ੇ ਦੇ ਅੰਦਰ ‘ਚੌਹਟਾ ਮੁਫਤੀ ਬਾਕਰ’ ਵਿਖੇ ਸੁਸ਼ੋਭਿਤ ਹੈ। ਇਸ ਇਲਾਕੇ ਨੂੰ ਉਸ ਸਮੇਂ ‘ਸਿਰੀਆਂ ਵਾਲਾ ਬਾਜ਼ਾਰ’ (ਜਾਂ ਚੌਹਟਾ ਜਵਾਹਰ ਮੱਲ) ਆਖਿਆ ਜਾਂਦਾ ਸੀ। ਇੱਥੇ ਹੀ ਗੁਰੂ ਸਾਹਿਬ ਨੇ ਦੁਨੀ ਚੰਦ ਨੂੰ ਕਰਮ-ਕਾਂਡ ਨਾ ਕਰਨ ਦੀ ਸਿੱਖਿਆ ਦੇ ਕੇ ਇੱਕ ਅਕਾਲ ਪੁਰਖ ਦੀ ਅਰਾਧਨਾ ਕਰਨ ਦੀ ਪ੍ਰੇਰਨਾ ਦਿੱਤੀ ਸੀ। ਇਸ ਇਤਿਹਾਸਕ ਸਥਾਨ ’ਤੇ ਕੇਵਲ ਗੁਰੂ ਨਾਨਕ ਸਾਹਿਬ ਦੀ ਤਸਵੀਰ ਹੀ ਸੁਸ਼ੋਭਿਤ ਕੀਤੀ ਗਈ ਹੈ।

ਗੁਰਦੁਆਰਾ ਚੁਬੱਚਾ ਸਾਹਿਬ, ਧਰਮਪੁਰਾ ਲਾਹੌਰ :

ਗੁਰਦੁਆਰਾ ਚੁਬੱਚਾ ਸਾਹਿਬ, ਲਾਹੌਰ ਸ਼ਹਿਰ ਦੇ ਧਰਮਪੁਰਾ ਵਿਖੇ ਸਥਿਤ ਹੈ। ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਮੁਬਾਰਕ ਚਰਨ ਪਾਏ ਸਨ। ਗੁਰੂ ਨਾਨਕ ਦੇਵ ਜੀ ਨੇ ਜਿਸ ਛੱਪੜੀ ਵਿਚ ਆਪਣੇ ਪੈਰ ਧੋਤੇ ਸਨ, ਸੰਗਤਾਂ ਨੇ ਉਸ ਸਥਾਨ ’ਤੇ ਗੁਰਦੁਆਰਾ ਸਾਹਿਬ ਸੁਸ਼ੋਭਿਤ ਕੀਤਾ ਹੈ। ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਹਾਲਤ ਬਹੁਤ ਖਸਤਾ ਹੈ।

‘ਗੁਰਦੁਆਰਾ ਡੇਹਰਾ ਜਨਮ ਅਸਥਾਨ ਬੇਬੇ ਨਾਨਕੀ ਜੀ’, ਚਾਹਲ :

ਪਾਕਿਸਤਾਨ ਦੇ ਲਾਹੌਰ ਤੋਂ 15 ਕਿਲੋਮੀਟਰ ਦੂਰ ਦੱਖਣ-ਪੂਰਬ ਵੱਲ ਚਾਹਲ ਪਿੰਡ ਹੈ, ਜੋ ਗੁਰੂ ਨਾਨਕ ਸਾਹਿਬ ਦੇ ਨਾਨਕੇ ਸਨ। ਗੁਰੂ ਨਾਨਕ ਸਾਹਿਬ ਕਈ ਵਾਰ ਇਸ ਪਿੰਡ ਆਏ। ਗੁਰੂ ਸਾਹਿਬ ਦੀ ਭੈਣ ਬੇਬੇ ਨਾਨਕੀ ਦਾ ਜਨਮ ਵੀ ਸੰਮਤ 1521 ਵਿਚ ਇਸੇ ਪਿੰਡ ਹੋਇਆ। ‘ਗੁਰਦੁਆਰਾ ਡੇਰਾ ਚਾਹਲ’ ਅਸਲ ਵਿਚ ਬਾਬਾ ਰਾਮਾ ਜੀ (ਮਾਤਾ ਤ੍ਰਿਪਤਾ ਜੀ ਦੇ ਪਿਤਾ) ਦਾ ਘਰ ਹੀ ਸੀ। ਇਸ ਗੁਰਦੁਆਰਾ ਸਾਹਿਬ ਨੂੰ ‘ਜਨਮ ਅਸਥਾਨ ਬੇਬੇ ਨਾਨਕੀ’ ਵੀ ਆਖਿਆ ਜਾਂਦਾ ਹੈ। ਇਸ ਗੁਰਦੁਆਰਾ ਸਾਹਿਬ ਨਾਲ 15 ਏਕੜ ਜ਼ਮੀਨ ਹੈ।


‘ਲੂਹੜਾ ਸਾਹਿਬ’ ਘਵਿੰਡੀ :

ਪਾਕਿਸਤਾਨ ਦੇ ਜ਼ਿਲ੍ਹਾ ਲਾਹੌਰ ਦੇ ਪਿੰਡ ਘਵਿੰਡੀ ਵਿਚ ਗੁਰੂ ਨਾਨਕ ਸਾਹਿਬ ਦਾ ਇਤਿਹਾਸਕ ਅਸਥਾਨ ‘ਲੂਹੜਾ ਸਾਹਿਬ’ ਸੁਸ਼ੋਭਿਤ ਹੈ। ਮਹਾਨ ਕੋਸ਼ ਅਨੁਸਾਰ ਗੁਰੂ ਸਾਹਿਬ ਪਿੰਡ ‘ਜਾਹਮਣ’ ਤੋਂ ਚਲ ਕੇ ਇੱਥੇ ਆਏ ਸਨ। ਗੁਰੂ ਸਾਹਿਬ ਦੇ ਸਮੇਂ ਇੱਥੇ ਲੂਹੜੇ ਦਾ ਦਰਖ਼ਤ ਹੁੰਦਾ ਸੀ, ਜਿਸ ਤੋਂ ਗੁਰਦੁਆਰਾ ਸਾਹਿਬ ਦਾ ਨਾਂ ਹੀ ਲੂਹੜਾ ਸਾਹਿਬ ਪ੍ਰਸਿੱਧ ਹੋ ਗਿਆ। ਗੁਰੂ ਨਾਨਕ ਸਾਹਿਬ ਨੇ ਇਸ ਪਿੰਡ ਵਿਚ ਵਣਜਾਰਿਆਂ ਨੂੰ ਅਕਾਲ ਪੁਰਖ ਦੀ ਰਜ਼ਾ ਵਿਚ ਰਹਿਣ ਦਾ ਉਪਦੇਸ਼ ਦਿੱਤਾ ਸੀ ਅਤੇ ਇੱਥੇ ਹੀ ਉਨ੍ਹਾਂ ਨੇ ਸ੍ਰੀ ਰਾਗ ਵਿਚ ਸ਼ਬਦ ‘ਪਹਰੇ’ ਬਾਣੀ ਦਾ ਉਚਾਰਨ ਕੀਤਾ। ਗੁਰਦੁਆਰਾ ਸਾਹਿਬ ਨਾਲ 20 ਵਿਘੇ ਜ਼ਮੀਨ ਲੱਗੀ ਹੋਈ ਹੈ।

ਗੁਰਦੁਆਰਾ ਰੂੜੀ ਸਾਹਿਬ ਪਾਤਸ਼ਾਹੀ ਪਹਿਲੀ, ਜਾਹਮਣ :

ਗੁਰਦੁਆਰਾ ਰੂੜੀ ਸਾਹਿਬ, ਪਾਤਸ਼ਾਹੀ ਪਹਿਲੀ ਪਾਕਿਸਤਾਨ ਦੇ ਜ਼ਿਲ੍ਹਾ ਲਾਹੌਰ ਦੇ ਪਿੰਡ ਜਾਹਮਣ ਤੋਂ ਅੱਧਾ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਕਿਹਾ ਜਾਂਦਾ ਹੈ ਕਿ ਗੁਰੂ ਨਾਨਕ ਸਾਹਿਬ ਇਸ ਪਿੰਡ ਵਿਚ ਤਿੰਨ ਵਾਰ ਆਏ ਸਨ। ‘ਗੁਰਦੁਆਰਾ ਰੂੜੀ ਸਾਹਿਬ, ਪਾਤਸ਼ਾਹੀ ਪਹਿਲੀ’ ਪਿੰਡ ਦੇ ਪੂਰਬ ਵੱਲ ਹੈ। ਗੁਰਦੁਆਰਾ ਸਾਹਿਬ ਨਾਲ 50 ਏਕੜ ਜ਼ਮੀਨ ਲੱਗੀ ਹੋਈ ਹੈ।

ਗੁਰਦੁਆਰਾ ਛੋਟਾ ਨਾਨਕਿਆਣਾ, ਮਾਂਗਾ :

ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖੀ ਦਾ ਪ੍ਰਚਾਰ ਕਰਦੇ ਹੋਏ ਲਾਹੌਰ ਤੋਂ ਮੁਲਤਾਨ ਦੇ ਵਿਚਕਾਰ ਪੈਂਦੇ ਪਿੰਡ ਮਾਂਗਾ ਵਿਖੇ ਆਏ ਸਨ। ਇਲਾਕੇ ਦੀ ਸੰਗਤ ਨੇ ਗੁਰੂ ਜੀ ਦੀ ਆਮਦ ਦੀ ਯਾਦ ਵਿਚ ਗੁਰਦੁਆਰਾ ਸੁਸ਼ੋਭਿਤ ਕੀਤਾ ਜੋ ਗੁਰਦੁਆਰਾ ਛੋਟਾ ਨਾਨਕਿਆਣਾ ਮਾਂਗਾ ਦੇ ਨਾਲ ਪ੍ਰਸਿੱਧ ਹੈ। ਬਾਅਦ ਵਿਚ ਇੱਥੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗੁਰਦੁਆਰਾ ਸਾਹਿਬ ਦੇ ਨਾਲ ਸਰੋਵਰ ਦੀ ਉਸਾਰੀ ਵੀ ਕਰਵਾਈ ਸੀ। ਜਨਾਬ ਇਕਬਾਲ ਕੇਸਰ ਅਨੁਸਾਰ ਗੁਰਦੁਆਰਾ ਸਾਹਿਬ ਨਾਲ 500 ਘੁਮਾਂ ਜ਼ਮੀਨ ਲੱਗੀ ਹੋਈ ਹੈ।

ਗੁਰਦੁਆਰਾ ਪਹਿਲੀ ਪਾਤਸ਼ਾਹੀ, ਮਾਨਕ :

ਲਾਹੌਰ ਤੋਂ ਰਾਏਵਿੰਡ ਜਾਣ ਵਾਲੀ ਸੜਕ ’ਤੇ ਲਾਹੌਰ ਤੋਂ 45 ਕਿਲੋਮੀਟਰ ਦੀ ਦੂਰੀ ’ਤੇ ਮਾਣਕ ਪਿੰਡ ਸਥਿਤ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਪ੍ਰਚਾਰ-ਯਾਤਰਾ ਦੌਰਾਨ ਇਸ ਪਿੰਡ ਵਿਚ ਠਹਿਰੇ ਸਨ। ਜਿਸ ਟਿੱਬੇ ਉੱਤੇ ਗੁਰੂ ਜੀ ਬਿਰਜਮਾਨ ਹੋਏ ਸਨ, ਉਸ ਟਿੱਬੇ ਦਾ ਨਾਂ ਮਾਣਕ ਪੈ ਗਿਆ।ਇੱਥੇ ਹੀ ਇਲਾਕਾ ਨਿਵਾਸੀਆਂ ਨੇ ਗੁਰੂ ਜੀ ਦੀ ਯਾਦ ਵਿਚ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤੀ ਜੋ ਕਿ ਗੁਰਦੁਆਰਾ ਪਹਿਲੀ ਪਾਤਸ਼ਾਹੀ ਮਾਣਕ ਦੇ ਨਾਂ ਨਾਲ ਪ੍ਰਸਿੱਧ ਹੈ। ਪਿੰਡ ਵਾਲਿਆਂ ਵੱਲੋਂ ਗੁਰਦੁਆਰਾ ਸਾਹਿਬ ਦੇ ਨਾਂ ਨਾਲ 82 ਘੁਮਾਂ ਜ਼ਮੀਨ ਲੱਗੀ ਹੋਈ ਹੈ। ਗੁਰਦੁਆਰਾ ਸਾਹਿਬ ਦੀ ਤਿੰਨ-ਮੰਜ਼ਲਾ ਇਮਾਰਤ ਅਤੇ ਸਰੋਵਰ ਦੀ ਹਾਲਤ ਤਸੱਲੀਬਖਸ਼ ਨਹੀਂ ਹੈ।

ਗੁਰਦੁਆਰਾ ਸਾਹਿਬ, ਭੈਲਗ੍ਰਾਮ :

ਪਾਕਿਸਤਾਨ ਦੇ ਜ਼ਿਲ੍ਹਾ ਕਸੂਰ ਦਾ ਇਕ ਪਿੰਡ  ‘ਭੈਲਗ੍ਰਾਮ’ ਵਿਚ ਗੁਰੂ ਨਾਨਕ ਸਾਹਿਬ ਆਪਣੇ ਇਕ ਸਫ਼ਰ ਦੌਰਾਨ ਆਏ ਸਨ। ਆਪ ਜੀ ਦੀ ਯਾਦ ਵਿਚ ਬਹੁਤ ਹੀ ਸੁੰਦਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਸੀ। ਗੁਰੂ ਨਾਨਕ ਸਾਹਿਬ ਮਾਂਗੇ ਤੋਂ ਰਾਮ ਥੰਮਣ ਜਾਂਦੇ ਹੋਏ ਇਸ ਪਿੰਡ ਠਹਿਰੇ ਸਨ। ਜਨਾਬ ਇਕਾਬਲ ਕੇਸਰ ਦੇ ਅਨੁਸਾਰ ਅੱਜਕਲ੍ਹ ਗੁਰਦੁਆਰਾ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਹੁੰਦਾ।

ਗੁਰਦੁਆਰਾ ਬਾਬਾ ਰਾਮ ਥੰਮ੍ਹਣ ਜੀ :

ਗੁਰਦੁਆਰਾ ਬਾਬਾ ਰਾਮ ਥੰਮ੍ਹਣ ਜੀ ਪਾਕਿਸਤਾਨ ਦੇ ਜ਼ਿਲ੍ਹਾ ਕਸੂਰ ਵਿਚ ਪਿੰਡ ਕਾਲੂਖਾਰਾ ਵਿਚ ਸੁਸ਼ੋਭਿਤ ਹੈ। ਬਾਬਾ ਰਾਮ ਥੰਮ੍ਹਣ ਜੀ ਇਕ ਸਾਧੂ ਸਨ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਾਸੀ ਦੇ ਪੁੱਤਰ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਇੱਥੇ ਕਈ ਵਾਰ ਆਏ। ਗੁਰਦੁਆਰਾ ਸਾਹਿਬ ਦੇ ਨਾਂ ਨਾਲ ਹਜ਼ਾਰਾਂ ਏਕੜ ਜਮੀਨ ਤੇ ਜਗੀਰ ਲੱਗੀ ਹੋਈ ਹੈ।

ਗੁਰਦੁਆਰਾ ਹੋਲਾਂ ਸਾਹਿਬ, ਭਰਨਾਵਾਂ :

ਗੁਰਦੁਆਰਾ ਹੋਲਾਂ ਸਾਹਿਬ, ਪਾਕਿਸਤਾਨ ਦੇ ਜ਼ਿਲ੍ਹਾ ਕਸੂਰ ਵਿਚ ਪਿੰਡ ‘ਭਰਨਾਵਾਂ’ ਵਿਚ ਗੁਰੂ ਨਾਨਕ ਸਾਹਿਬ ਦੀ ਆਮਦ ਦੀ ਯਾਦ ਵਿਚ ਸਥਿਤ ਹੈ। ਇੱਥੇ ਹੀ ਗੁਰੂ ਸਾਹਿਬ ਨੂੰ ਇਕ ਸੁਲਤਾਨ ਨਾਮੀ ਬਾਲਕ ਨੇ ਹੋਲਾਂ ਭੁੰਨ ਕੇ ਖੁਆਈਆਂ ਸਨ। ਇਹ ਗੁਰਦੁਆਰਾ ਭਾਈ ਫੇਰੂ ਤੋਂ ਲਾਹੌਰ ਵੱਲ ਨੂੰ ਦੋ ਕੁ ਕਿਲੋਮੀਟਰ ਦੀ ਵਿੱਥ ਉੱਤੇ ਮੁਲਤਾਨ ਰੋਡ ਉੱਤੇ ਆਉਂਦਾ ਹੈ। ਗੁਰਦੁਆਰਾ ਹੋਲਾਂ ਸਾਹਿਬ ਦੇ ਨਾਂ ਨਾਲ ਅੱਜਕਲ੍ਹ ਵੀ 700 ਏਕੜ ਜ਼ਮੀਨ ਜਾਗੀਰ ਵਜੋਂ ਲੱਗੀ ਹੋਈ ਹੈ।

ਗੁਰਦੁਆਰਾ ਪਹਿਲੀ ਪਾਤਸ਼ਾਹੀ ਅਲਪਾ (ਛੋਟਾ ਨਨਕਾਣਾ) :

ਪਾਕਿਸਤਾਨ ਦੇ ਜ਼ਿਲ੍ਹਾ ਕਸੂਰ ਦੇ ਮਾਂਗਾ ਪਿੰਡ ਦੇ ਪੱਛਮ ਵੱਲ 27 ਕਿਲੋਮੀਟਰ ਦੂਰ ਇਕ ਪਿੰਡ ‘ਅਲਪਾ’ ਵੱਸਿਆ ਹੋਇਆ ਹੈ। ਇਸ ਪਿੰਡ ਵਿਚ ਗੁਰੂ ਨਾਨਕ ਸਾਹਿਬ ਆਏ ਸਨ। ਇਹ ਅਸਥਾਨ ਪਹਿਲਾਂ ਅਲਪਾ ਪਿੰਡ ਤੋਂ ਤਕਰੀਬਨ ਚਾਰ ਕਿਲੋਮੀਟਰ ਬਾਹਰ ਸੀ ਜਿੱਥੇ ਅੱਜਕਲ੍ਹ ‘ਛੋਟਾ ਨਨਕਾਣਾ ਅਲਪਾ’ ਨਾਂ ਦਾ ਪਿੰਡ ਅਬਾਦ ਹੋ ਚੁੱਕਾ ਹੈ। ਇੱਥੇ 1947 ਤੋਂ ਪਹਿਲਾਂ ਪ੍ਰਕਾਸ਼ ਹੁੰਦਾ ਸੀ। ਇਸ ਪਾਵਨ ਗੁਰਦੁਆਰਾ ਸਾਹਿਬ ਨਾਲ ਇਸੇ ਪਿੰਡ ਅਤੇ ਹੋਰ ਕਈ ਪਿੰਡਾਂ ਵਿਚ ਭਾਰੀ ਜਾਗੀਰ ਹੈ। ਇਸ ਗੁਰਦੁਆਰਾ ਸਾਹਿਬ ਨੂੰ ‘ਗੁਰਦੁਆਰਾ ਪਹਿਲੀ ਪਾਤਸ਼ਾਹੀ ਅਲਪਾ’ (ਛੋਟਾ ਨਨਕਾਣਾ) ਆਖਿਆ ਜਾਂਦਾ ਸੀ।

ਗੁਰਦੁਆਰਾ ਛੋਟਾ ਨਾਨਕਿਆਣਾ, ਨਾਨਕ ਜਾਗੀਰ ਜ਼ਿਲ੍ਹਾ ਉਕਾੜਾ ਸਤਘਰਾ:

ਪਾਕਿਸਤਾਨ ਦੇ ਜ਼ਿਲ੍ਹਾ ਉਕਾੜਾ ਵਿਚ ਇਕ ਕਸਬਾ ‘ਸਤਘਰਾ’ ਹੈ ਜਿੱਥੇ ਗੁਰੂ ਨਾਨਕ ਸਾਹਿਬ ਦਾ ਇਤਿਹਾਸਕ ਗੁਰਦੁਆਰਾ ਹੈ। ਗੁਰੂ ਨਾਨਕ ਸਾਹਿਬ ਅਲਪੇ ਤੋਂ ਚੱਲ ਕੇ ਇੱਥੇ ਆਏ ਸਨ। ਇੱਥੇ ਗੁਰੂ ਸਾਹਿਬ ਨੇ ਇਕ ਸ਼ਾਹੂਕਾਰ ਦੇ ਪਰਥਾਇ “ਸਹੰਸਰ ਦਾਨ ਦੇ ਇੰਦ੍ਰ ਰੁਆਇਆ” ਸ਼ਬਦ ਉਚਾਰਿਆ। ਇਹ ਅਸਥਾਨ “ਗੁਰਦੁਆਰਾ ਛੋਟਾ ਨਾਨਕਿਆਣਾ, ਨਾਨਕ ਜਾਗੀਰ, ਸਤਘਰਾ” ਜ਼ਿਲ੍ਹਾ ਉਕਾੜਾ ਕਰਕੇ ਪ੍ਰਸਿੱਧ ਹੈ।

ਗੁਰਦੁਆਰਾ ਮਾਲ ਜੀ ਸਾਹਿਬ, ਕੰਗਣਪੁਰ :

ਪਾਕਿਸਤਾਨ ਦੇ ਜ਼ਿਲ੍ਹਾ ਕਸੂਰ ਵਿਚ ‘ਕੰਗਣਪੁਰ’ ਪਿੰਡ ਵਿਚ ਇਤਿਹਾਸਕ ‘ਗੁਰਦੁਆਰਾ ਮਾਲ ਜੀ ਸਾਹਿਬ, ਕੰਗਣਪੁਰ’ ਸਥਿਤ ਹੈ। ਗੁਰੂ ਨਾਨਕ ਸਾਹਿਬ ਜੀ ਦੀ ਪਵਿੱਤਰ ਆਮਦ ਦੀ ਯਾਦ ਵਿਚ ਇਹ ਗੁਰਦੁਆਰਾ ਸੁਸ਼ੋਭਿਤ ਕੀਤਾ ਗਿਆ ਸੀ। 1947 ਤੋਂ ਪਹਿਲਾਂ ਇਸ ਗੁਰਦੁਆਰਾ ਸਾਹਿਬ ਦੀ ਸੇਵਾ-ਸੰਭਾਲ ਨਾਮਧਾਰੀ ਸਿੱਖਾਂ ਵੱਲੋਂ ਕੀਤੀ ਜਾਂਦੀ ਰਹੀ ਹੈ। ਬਟਵਾਰੇ ਤੋਂ ਬਾਅਦ ਇਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਹੋ ਰਿਹਾ।

‘ਗੁਰਦੁਆਰਾ ਮੰਜੀ ਸਾਹਿਬ’ ਮਾਣਕ ਦੇਕੇ :

ਪਾਕਿਸਤਾਨ ਦੇ ਜ਼ਿਲ੍ਹਾ ਕਸੂਰ ਵਿਚ ਪਿੰਡ ‘ਮਾਣਕ ਦੇਕੇ’ ਹੈ। ਇਹ ਪਿੰਡ ‘ਕੰਗਣਪੁਰ’ ਤੋਂ ਦੋ ਕਿਲੋਮੀਟਰ ਦੀ ਦੂਰੀ ’ਤੇ ਹੈ। ਜਦੋਂ ਗੁਰੂ ਸਾਹਿਬ ਨੂੰ ਕੰਗਣਪੁਰ ਦੇ ਲੋਕਾਂ ਨੇ ਆਪਣੇ ਪਿੰਡ ਵਿਚ ਜਗ੍ਹਾ ਨਾ ਦਿੱਤੀ ਤਾਂ ਉਹ ਉੱਥੋਂ ਚੱਲ ਕੇ ਇਸ ਪਿੰਡ ‘ਮਾਣਕ ਦੇਕੇ’ ਆ ਗਏ ਅਤੇ ਇੱਥੋਂ ਦੇ ਲੋਕਾਂ ਨੇ ਉਨ੍ਹਾਂ ਦਾ ਬੜਾ ਸਤਿਕਾਰ ਕੀਤਾ। ਗੁਰੂ ਸਾਹਿਬ ਦੀ ਆਮਦ ਦੀ ਪਵਿੱਤਰ ਯਾਦ ਵਿਚ ਪਿੰਡ ਤੋਂ ਬਾਹਰ ਹੀ ‘ਗੁਰਦੁਆਰਾ ਮੰਜੀ ਸਾਹਿਬ’ ਸੁਸ਼ੋਭਿਤ ਹੈ।

‘ਗੁਰਦੁਆਰਾ ਛੋਟਾ ਨਾਨਕਿਆਣਾ ਸਾਹਿਬ’ ਹੁਜਰਾ ਸ਼ਾਹ ਮੁਕੀਮ :

ਪਾਕਿਸਤਾਨ ਦੇ ਜ਼ਿਲ੍ਹਾ ਉਮਾੜਾ ਵਿਚ ਹੁਜਰਾ ਸ਼ਾਹ ਮੁਕੀਮ ਸ਼ਹਿਰ ਤੋਂ ਬੋਗਾ ਅਵਾਨ ਜਾਣ ਵਾਲੀ ਸੜਕ ਉੱਤੇ ਇਹ ਪਵਿੱਤਰ ਅਸਥਾਨ ਸੁਸ਼ੋਭਿਤ ਹੈ। ਗੁਰੂ ਨਾਨਕ ਸਾਹਿਬ ਮਾਣਕ ਦੇਕੇ ਤੋਂ ਚੱਲ ਕੇ ਇੱਥੇ ਬਿਰਾਜੇ ਸਨ। ਇਸ ਅਸਥਾਨ ਨੂੰ ‘ਗੁਰਦੁਆਰਾ ਛੋਟਾ ਨਾਨਕਿਆਣਾ ਸਾਹਿਬ’ ਕਰਕੇ ਯਾਦ ਕੀਤਾ ਜਾਂਦਾ ਹੈ। ਇਸੇ ਪਿੰਡ ਦੀ 10 ਏਕੜ ਜ਼ਮੀਨ ਤੋਂ ਇਲਾਵਾ ਬਾਕੀ ਹੋਰ ਵੀ ਬਹੁਤ ਸਾਰੇ ਪਿੰਡਾਂ ਦੀ ਜ਼ਮੀਨ ਇਸ ਅਸਥਾਨ ਨਾਲ ਲੱਗੀ ਹੋਈ ਹੈ। ਹੁਣ ਇਸ ਇਤਿਹਾਸਕ ਅਸਥਾਨ ਦਾ ਕੇਵਲ ‘ਇਕ ਖੂਹ’ ਅਤੇ ‘ਇਕ ਬੋਹੜ’ ਹੀ ਨਜ਼ਰੀਂ ਪੈਂਦਾ ਹੈ।

ਗੁਰਦੁਆਰਾ ‘ਛੋਟਾ ਨਾਨਕਿਆਣਾ ਸਾਹਿਬ’ ਦਿਪਾਲਪੁਰ :

ਪਾਕਿਸਤਾਨ ਦੇ ਜ਼ਿਲ੍ਹਾ ਉਕਾੜਾ ਵਿਚ ਪਿੰਡ ‘ਦਿਪਾਲਪੁਰ’ ਆਉਂਦਾ ਹੈ ਜਿਸ ਦੇ ਦੱਖਣ-ਪੂਰਬ ਵੱਲ ਬਾਹਰਵਾਰ ਗੁਰੂ ਨਾਨਕ ਸਾਹਿਬ ਦਾ ਪਵਿੱਤਰ ਅਸਥਾਨ ‘ਛੋਟਾ ਨਾਨਕਿਆਣਾ ਸਾਹਿਬ’ ਹੈ। ਗੁਰੂ ਸਾਹਿਬ ਨੇ ਇੱਥੇ ਆ ਕੇ, ਇਕ ਸੁੱਕੇ ਪਿੱਪਲ ਦੇ ਦਰਖਤ ਹੇਠਾਂ ਡੇਰਾ ਕੀਤਾ ਜੋ ਹਰਾ ਹੋ ਗਿਆ। ਇਹ ਪਿੱਪਲ ਅੱਜ ਵੀ ਮੌਜੂਦ ਹੈ। ਇੱਥੇ ਹੀ ਗੁਰੂ ਸਾਹਿਬ ਨੇ ਇਕ ਨੂਰੀ (ਨੌਰੰਗਾ) ਨਾਮੀ ਕੋਹੜੀ ਨੂੰ ਅਰੋਗ ਕੀਤਾ ਸੀ। ਇਸ ਗੁਰਦੁਆਰਾ ਸਾਹਿਬ ਦੇ ਨਾਂ ਨਾਲ 25 ਏਕੜ ਜ਼ਮੀਨ ਪਿੰਡ ਮੰਚਾਰੀਆ ਦੇ ਸਿੰਘਾਂ ਵੱਲੋਂ ਅਤੇ ਇਕ ਏਕੜ ਜ਼ਮੀਨ ਸ਼ਹਿਰ ਤੋਂ ਬਾਹਰ ਲੱਗੀ ਹੋਈ ਹੈ। ਗੁਰਦੁਆਰਾ ਸਾਹਿਬ ਨਾਲ ਹੋਰ ਵੀ ਬਹੁਤ ਸਾਰੀ ਜਾਗੀਰ ਲੱਗੀ ਹੋਈ ਹੈ। ਅੱਜਕਲ੍ਹ ਇੱਥੇ ਅਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਹੁੰਦਾ।

ਗੁਰਦੁਆਰਾ ਪਹਿਲੀ ਪਾਤਸ਼ਾਹੀ, ਪਾਕਪਟਨ :

ਗੁਰਦੁਆਰਾ ਪਹਿਲੀ ਪਾਤਸ਼ਾਹੀ, ਪਾਕਪਟਨ ਪਾਕਿਸਤਾਨ ਦੇ ਜ਼ਿਲ੍ਹਾ ਸਹਾਈਵਾਲ ਅਤੇ ਤਹਿਸੀਲ ਪਾਕਪਟਨ ਵਿਚ ਇਕ ਪਿੰਡ ‘ਖਰਾਹਟ’ ਵਿਚ ਸਥਿਤ ਹੈ। ਇਸ ਪਿੰਡ ਵਿਚ, ਗੁਰੂ ਨਾਨਕ ਸਾਹਿਬ ਆਪਣੀ ਇਕ ਪ੍ਰਚਾਰ-ਫੇਰੀ ਦੌਰਾਨ ਆਏ ਸਨ ਜਿੱਥੇ ਗੁਰੂ ਸਾਹਿਬ ਠਹਿਰੇ, ਉੱਥੇ ਗੁਰੂ ਸਾਹਿਬ ਦੀ ਯਾਦ ਵਿਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। 1947 ਤੋਂ ਬਾਅਦ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹੋ ਰਿਹਾ ਅਤੇ ਗੁਰਦੁਆਰਾ ਸਾਹਿਬ ਬੰਦ ਪਿਆ ਹੈ।

‘ਗੁਰਦੁਆਰਾ ਟਿੱਬਾ ਨਾਨਕਸਰ’ ਪਾਕਪਟਨ :

ਪਾਕਿਸਤਾਨ ਦੇ ਜ਼ਿਲ੍ਹਾ ਸਾਹੀਵਾਲ (ਮਿੰਟਗੁਮਰੀ) ਵਿਚ ਪਾਕਪਟਨ, ਇਕ ਮਸ਼ਹੂਰ ਸ਼ਹਿਰ ਹੈ। ਪਾਕਪਟਨ ਦਾ ਪੁਰਾਣਾ ਨਾਂ ‘ਅਜੋਧਨ’ ਸੀ। ਇੱਥੇ ਜਿੱਥੇ ਗੁਰੂ ਨਾਨਕ ਸਾਹਿਬ ਦੀ ਮੁਲਾਕਾਤ ਬਾਬਾ ਇਬਰਾਹੀਮ ਫ਼ਰੀਦ ਸਾਨੀ ਨਾਲ ਹੋਈ ਉੱਥੇ ਗੁਰੂ ਸਾਹਿਬ ਦੀ ਯਾਦ ਵਿਚ ‘ਗੁਰਦੁਆਰਾ ਟਿੱਬਾ ਨਾਨਕਸਰ’ ਬਣਿਆ ਹੈ ਜੋ ਸ਼ਹਿਰ ਦੇ ਪੱਛਮ ਵੱਲ ਛੇ ਕਿਲੋਮੀਟਰ ਦੂਰ ਹੈ। ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਅੰਦਰ ਹੀ ਬਾਬਾ ਫ਼ਰੀਦ ਜੀ ਦੀ ਵੰਸ਼ ਦੇ ਇਕ ਦਰਵੇਸ਼ ਬਾਬਾ ਫ਼ਤਿਹਉਲਾ ਸ਼ਾਹ ਨੂਰੀ ਚਿਸ਼ਤੀ ਦਾ ਮਜ਼ਾਰ ਅਤੇ ਮਸੀਤ ਹੈ। ਗੁਰਦੁਆਰਾ ਸਾਹਿਬ ਦੀ ਹਾਲਤ ਖਸਤਾ ਹੈ। ਗੁਰਦੁਆਰਾ ਸਾਹਿਬ ਦਾ ਗੁੰਬਦ-ਨੁਮਾ ਕਮਰਾ ਅੱਜ ਵੀ ਮੌਜੂਦ ਹੈ ਜਿਸ ਦੇ ਮੱਥੇ ’ਤੇ ਅੱਜ ਵੀ ‘ਦਰਬਾਰ ਸ੍ਰੀ ਗੁਰੂ ਨਾਨਕ ਦੇਵ ਜੀ’ ਗੁਰਮੁਖੀ ਲਿੱਪੀ ਵਿਚ ਲਿਖਿਆ ਹੋਇਆ ਹੈ। ਗੁਰਦੁਆਰਾ ਸਾਹਿਬ ਦੇ ਨਾਂ ਨਾਲ ਅੱਠ ਏਕੜ ਜ਼ਮੀਨ ਦੀ ਜਾਗੀਰ ਲੱਗੀ ਹੋਈ ਹੈ।

ਗੁਰਦੁਆਰਾ ਸਾਹਿਬ ਨਾਨਕਸਰ, ਟਿੱਬਾ ਅਭੋਰ :

ਗੁਰਦੁਆਰਾ ਨਾਨਕਸਰ ਸਾਹਿਬ ਟਿੱਬਾ ਅਭੋਰ ਗੁਰਦੁਆਰਾ ਪਾਕਪਟਨ- ਆਰਿਫ਼ਵਾਲਾ ਰੋਡ ਉੱਤੇ ‘ਟਿੱਬਾ ਅਭੋਰ’ ਵਿਚ ਸੁਸ਼ੋਭਿਤ ਹੈ। ਇਹ ਪਾਕਪਟਨ ਤੋਂ 30 ਕਿਲੋਮੀਟਰ ਦੂਰ ਹੈ। ਹੁਣ ਪਿੰਡ ਦਾ ਪੂਰਾ ਨਾਮ ਵਨ ਈ. ਬੀ. ਟਿੱਬਾ ਅਭੋਰ (1-E.B. Tibba  ਅਬਹੋਰ) ਹੈ। ਗੁਰਦੁਆਰਾ ਸਾਹਿਬ ਦੇ ਬਾਹਰ ਇਕ ਸੁੰਦਰ ਸਰੋਵਰ, ਰਿਹਾਇਸ਼ੀ ਕਮਰੇ, ਗੁਰੂ ਕਾ ਲੰਗਰ, ਟਿੰਡਾਂ ਵਾਲਾ ਖੂਹ ਅਤੇ ਇਕ ਬਾਉਲੀ ਮੌਜੂਦ ਹਨ। ਗੁਰਦੁਆਰਾ ਸਾਹਿਬ ਦੇ ਨਾਂ ਨਾਲ ਆਸ-ਪਾਸ ਦੇ ਪਿੰਡਾਂ ਵਿਚ ਕਾਫੀ ਜਾਗੀਰ ਹੈ। 12 ਏਕੜ ਜ਼ਮੀਨ ਪਿੰਡ ਵੱਲੋਂ ਵੀ ਲੱਗੀ ਹੋਈ ਹੈ। ਗੁਰਦੁਆਰਾ ਸਾਹਿਬ ਦੇ ਪ੍ਰਮੁੱਖ ਦਰਵਾਜ਼ੇ ਉੱਪਰ ਅੱਜ ਵੀ ਗੁਰਮੁਖੀ ਵਿਚ ‘ਸਤਿਗੁਰ ਨਾਨਕ ਪਰਗਟਿਆ ਮਿਟੀ ਧੁੰਧ ਜਗੁ ਚਾਨਣ ਹੋਆ’ ਅੱਖਰ ਉਕਰੇ ਹੋਏ ਹਨ।

ਗੁਰਦੁਆਰਾ ਸਾਹਿਬ ਨਾਨਕਸਰ, ਹੜੱਪਾ :

ਪਾਕਿਸਤਾਨ ਦੇ ਜ਼ਿਲ੍ਹਾ ਸਾਹੀਵਾਲ (ਮਿੰਟਗੁਮਰੀ) ਦਾ ਇਕ ਪੁਰਾਤਨ ਸ਼ਹਿਰ ਹੜੱਪਾ ਹੈ। ਇਹ ਸ਼ਹਿਰ ਹਜ਼ਰਤ ਈਸਾ ਤੋਂ ਕਈ ਹਜ਼ਾਰ ਸਾਲ ਪਹਿਲਾਂ ਵੀ ਅਬਾਦ ਸੀ, ਜੋ ਕੁਦਰਤੀ ਆਫ਼ਤਾਂ ਕਾਰਨ ਥੇਹ ਦੀ ਢੇਰੀ ਬਣ ਗਿਆ। ਇਸ ਥੇਹ ਤੋਂ ਦੱਖਣ ਵੱਲ ਕੋਈ ਸਵਾ ਕਿਲੋਮੀਟਰ ਦੀ ਦੂਰੀ ਉੱਤੇ ਸ੍ਰੀ ਗੁਰੂ ਨਾਨਕ ਸਾਹਿਬ ਦਾ ਇਤਿਹਾਸਕ ਅਸਥਾਨ ‘ਨਾਨਕਸਰ’ ਨਜ਼ਰੀਂ ਪੈਂਦਾ ਹੈ। ਇਸ ਦੀ ਇਮਾਰਤ ਬਹੁਤ ਹੀ ਸੁੰਦਰ ਅਤੇ ਆਲੀਸ਼ਾਨ ਹੈ। ਪ੍ਰਕਾਸ਼ ਅਸਥਾਨ ਦੇ ਨੇੜੇ ਹੀ ਇਕ ਵਿਸ਼ਾਲ ਸਰੋਵਰ ਹੈ। ਇਸ ਸਮੇਂ ਇਸ ਪਵਿੱਤਰ ਅਸਥਾਨ ਵਿਚ ਹੜੱਪਾ ਦਾ ਸਰਕਾਰੀ ਕਾਲਜ ਚੱਲ ਰਿਹਾ ਹੈ, ਜੋ ‘ਗੋਰਮਿੰਟ ਕਾਲਜ ਹੜੱਪਾ’ ਦੇ ਨਾਂ ਨਾਲ ਪ੍ਰਸਿੱਧ ਹੈ। ਇਸ ਨਾਲ ਬੇਅੰਤ ਰਿਹਾਇਸ਼ੀ ਕਮਰੇ ਹਨ। ਗੁਰਦੁਆਰਾ ਸਾਹਿਬ ਦੇ ਨਾਂ ਨਾਲ ਇਕ ਵਿਸ਼ਾਲ ਬਾਗ ਅਤੇ ਖੂਹ ਤੋਂ ਇਲਾਵਾ 10 ਏਕੜ ਜ਼ਮੀਨ ਲੱਗੀ ਹੋਈ ਹੈ।

ਤਪ ਅਸਥਾਨ ਗੁਰੂ ਨਾਨਕ, ਬੂਰੇਵਾਲ :

ਪਾਕਿਸਤਾਨ ਦੇ ਮੁਲਤਾਨ ਵਿਚ ਜ਼ਿਲ੍ਹਾ ਵਿਹਾੜੀ ਵਿਚ ਤਹਿਸੀਲ ਬੂਰੇਵਾਲ ਹੈ। ਇਸ ਪਿੰਡ ਨੂੰ ਅੱਜਕਲ੍ਹ ‘ਚੱਕ ਦੀਵਾਨ ਸਾਹਿਬ ਚਾਵਲੀ ਮਸ਼ਾਇਖ’ ਜਾਂ ‘ਚੱਕ ਹਾਜੀ ਸ਼ੇਰ’ ਆਖਦੇ ਹਨ। ਇਸ ਥਾਂ ਦੀਵਾਨ ਹਾਜ਼ੀ ਸ਼ੇਰ ਮੁਹੰਮਦ ਦਾ ਮਜ਼ਾਰ ਵੀ ਹੈ। ਇਸ ਮਜ਼ਾਰ ਤੋਂ ਕੋਈ ਅੱਧਾ ਕੁ ਕਿਲੋਮੀਟਰ ਦੂਰ ਅਬਾਦੀ ਵਿਚ ਗੁਰੂ ਨਾਨਕ ਸਾਹਿਬ ਦੇ ਬਿਰਾਜਣ ਦੀ ਥਾਂ ਹੈ ਜਿੱਥੇ ਸੁੰਦਰ ਦਰਬਾਰ ਬਣਿਆ ਹੋਇਆ ਹੈ। ਅੱਜ ਵੀ ਇਸ ਅਸਥਾਨ ਨੂੰ ‘ਤਪ ਅਸਥਾਨ ਗੁਰੂ ਨਾਨਕ’ ਕਹਿ ਕੇ ਯਾਦ ਕੀਤਾ ਜਾਂਦਾ ਹੈ। ਅੱਜਕਲ੍ਹ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹੁੰਦਾ।

ਗੁਰਦੁਆਰਾ ਸਾਹਿਬ ਮਖਦੂਮਪੁਰ ਪਹੋੜਾ, ਤੁਲੰਬਾ :

ਪਾਕਿਸਤਾਨ ਦੇ ਜ਼ਿਲ੍ਹਾ ਮੁਲਤਾਨ ਵਿਚ, ਲਾਹੌਰ-ਮੁਲਤਾਨ ਸੜਕ ’ਤੇ ਪਿੰਡ ‘ਤੁਲੰਬਾ’ ਆਉਂਦਾ ਹੈ। ਅੱਜਕਲ੍ਹ ਇਸ ਨੂੰ ‘ਮਖਦੂਮਪੁਰਾ ਪਹੋੜਾ’ ਵੀ ਆਖਿਆ ਜਾਂਦਾ ਹੈ। ਇੱਥੇ ਹੀ ਗੁਰੂ ਨਾਨਕ ਸਾਹਿਬ ਦਾ ਇਤਿਹਾਸਕ ਅਸਥਾਨ ‘ਗੁਰਦੁਆਰਾ ਸਾਹਿਬ ਮਖਦੂਮਪੁਰ ਪਹੋੜਾ’ ਸੁਸ਼ੋਭਿਤ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਪਾਕਪਟਨ ਤੋਂ ਆ ਕੇ ਤੁਲੰਬਾ ਨੇੜੇ ਇਸ ਥਾਂ ਪੁੱਜੇ ਸਨ। ਸਿੱਖ ਇਤਿਹਾਸਕ ਸਾਖੀਆਂ ਅਨੁਸਾਰ ਇੱਥੇ ਰਾਹੀਆਂ ਦੇ ਠਹਿਰਨ ਵਾਸਤੇ ਸੱਜਣ ਅਤੇ ਕੱਜਣ ਨਾਂ ਦੇ ਚਾਚੇ-ਭਤੀਜੇ ਨੇ ਸਰਾਂ ਬਣਾਈ ਹੋਈ ਸੀ। ਉਹ ਸਰਾਂ ਵਿਚ ਰਹਿਣ ਵਾਲੇ ਮੁਸਾਫਰਾਂ ਦਾ ਧਨ ਲੁੱਟ ਕੇ ਉਨ੍ਹਾਂ ਨੂੰ ਮਾਰ ਦਿੰਦੇ ਸਨ। ਗੁਰੂ ਨਾਨਕ ਸਾਹਿਬ ਨੇ ਉਨ੍ਹਾਂ ਨੂੰ ਅਜਿਹੇ ਕਰਮ ਕਰਨ ਤੋਂ ਵਰਜਿਆ ਅਤੇ ਧਰਮ ਦੇ ਰਸਤੇ ’ਤੇ ਚੱਲਣ ਦੀ ਸਿੱਖਿਆ ਦਿੱਤੀ। ਇੱਥੇ ਹੀ ਗੁਰੂ ਸਾਹਿਬ ਨੇ ਸੂਹੀ ਰਾਗ ਵਿਚ ਸ਼ਬਦ ਉਚਾਰਿਆ ਸੀ :

ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸ॥
ਧੋਤਿਆ ਜੂਠਿ ਨ ਉਤਰੈ ਜੇ ਸਉ ਧੋਵਾ ਤਿਸ॥ (ਪੰਨਾ 729)

ਸੱਜਣ ’ਤੇ ਗੁਰੂ ਜੀ ਦੀ ਸਿੱਖਿਆ ਅਤੇ ਸ਼ਖ਼ਸੀਅਤ ਦਾ ਇੰਨਾ ਪ੍ਰਭਾਵ ਪਿਆ ਕਿ ਉਸ ਨੇ ਆਪਣੇ ਘਰ ਨੂੰ ਹੀ ਧਰਮਸ਼ਾਲਾ ਦੇ ਰੂਪ ਵਿਚ ਬਦਲ ਦਿੱਤਾ ਅਤੇ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਦਾ ਪ੍ਰਚਾਰ ਕਰਨ ਲੱਗ ਪਿਆ। ਇਹ ਅਸਥਾਨ ਬਹੁਤ ਹੀ ਸੁੰਦਰ ਬਣਿਆ ਹੋਇਆ ਹੈ। ਜਨਾਬ ਇਕਬਾਲ ਕੇਸਰ ਅਨੁਸਾਰ ਇਸ ਸਮੇਂ ਗੁਰਦੁਆਰਾ ਸਾਹਿਬ ਦੀ ਇਮਾਰਤ ਵਿਚ ‘ਸਰਕਾਰੀ ਹਾਇਰ ਸਕੈਡੰਰੀ ਸਕੂਲ’ ਚੱਲ ਰਿਹਾ ਹੈ। ਗੁਰਦੁਆਰਾ ਸਾਹਿਬ ਦੇ ਨਾਂ ਨਾਲ 250 ਏਕੜ ਜ਼ਮੀਨ ਲੱਗੀ ਹੋਈ ਹੈ।

ਗੁਰਦੁਆਰਾ ਥੜ੍ਹਾ ਸਾਹਿਬ, ਮੁਲਤਾਨ :

ਮੁਲਤਾਨ ਪਾਕਿਸਤਾਨ ਦਾ ਪ੍ਰਮੁੱਖ ਸ਼ਹਿਰ ਹੈ। ਸ੍ਰੀ ਗੁਰੂ ਨਾਨਕ ਸਾਹਿਬ 1539 ਈ. ਨੂੰ ਮੁਲਤਾਨ ਵਿਚ ਆਏ। ਇੱਥੇ ਹੀ ‘ਗੁਰਦੁਆਰਾ ਥੜ੍ਹਾ ਸਾਹਿਬ, ਮੁਲਤਾਨ’ ਗੁਰੂ ਸਾਹਿਬ ਦੀ ਇਤਿਹਾਸਕ ਯਾਦ ਵਿਚ ਬਣਿਆ ਹੋਇਆ ਹੈ। ਇਹ ਪਵਿੱਤਰ ਅਸਥਾਨ ਸ਼ਾਹ ਸ਼ਮਸ ਰੋਡ ਉੱਤੇ, ਹਜ਼ਰਤ ਸ਼ਾਹ ਸ਼ਮਸ ਸਬਜ਼ਵਾਰੀ ਦੇ ਮਜ਼ਾਰ ਦੇ ਵਰਾਂਡੇ ਵਿਚ ਹੈ। ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਇੱਥੇ ਆਏ ਤਾਂ ਬੜੀ ਰੁਕਲੇ ਆਲਮ ਹੋਰਾਂ ਆਪ ਦੀ ਸੇਵਾ ਵਿਚ ਦੁੱਧ ਦਾ ਭਰਿਆ ਇਕ ਗਿਲਾਸ ਭੇਜਿਆ, ਜਿਸ ਦਾ ਮਤਲਬ ਸੀ ਕਿ ਇੱਥੇ ਤਾਂ ਪਹਿਲਾਂ ਹੀ ਪੀਰਾਂ-ਫ਼ਕੀਰਾਂ ਦੀ ਬੜੀ ਭੀੜ ਹੈ, ਜਿਸ ਦੇ ਜਵਾਬ ਵਿਚ ਗੁਰੂ ਸਾਹਿਬ ਨੇ ਉਸ ਦੁੱਧ ਦੇ ਪਿਆਲੇ ਵਿਚ ਫੁੱਲ ਦੀ ਇਕ ਪੱਤੀ ਰੱਖ ਕੇ ਮੋੜ ਦਿੱਤਾ, ਜਿਸ ਦਾ ਅਰਥ ਸੀ ਕਿ ਜਿਸ ਤਰ੍ਹਾਂ ਫੁੱਲ ਭਰੇ ਗਿਲਾਸ ਵਿਚ ਸਮਾ ਗਿਆ ਹੈ, ਉਸੇ ਤਰ੍ਹਾਂ ‘ਅਸੀਂ’ ਵੀ ਇਸ ਸ਼ਹਿਰ ਵਿਚ ਥਾਂ ਬਣਾ ਲਵਾਂਗੇ। ਇਸੇ ਹੀ ਅਸਥਾਨ ’ਤੇ ਗੁਰੂ ਸਾਹਿਬ ਦੀ ਅਨੇਕਾਂ ਪੀਰਾਂ ਨਾਲ ਵਿਚਾਰ- ਚਰਚਾ ਹੋਈ ਸੀ। ਇੱਥੇ ਗੁਰਦੁਆਰਾ ਸਾਹਿਬ ਦੀ ਕੋਈ ਵੱਖਰੀ ਇਮਾਰਤ ਨਹੀਂ ਹੈ। ਇੱਥੇ ਮਜ਼ਾਰ ਸ਼ਾਹ ਸਮਸ਼ ਦੇ ਵਰਾਂਡੇ ਵਿਚ ਹੀ ਗੁਰਦੁਆਰਾ ਥੜ੍ਹਾ ਸਾਹਿਬ ਸੁਸ਼ੋਭਿਤ ਹੈ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਇਸ ਵਰਾਂਡੇ ਵਿਚ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਦਾ ਪ੍ਰਕਾਸ਼ ਹੁੰਦਾ ਰਿਹਾ। ਵਰਾਂਡੇ ਵਿਚ ਗੁਰਦੁਅਰਾ ਥੜ੍ਹਾ ਸਾਹਿਬ ਅੱਜ ਵੀ ਗੁਰੂ ਨਾਨਕ ਸਾਹਿਬ ਦੀ ਮੁਲਤਾਨ-ਫੇਰੀ ਦੀ ਯਾਦਗਾਰ ਵਜੋਂ ਕਾਇਮ ਹੈ।

ਗੁਰਦੁਆਰਾ ਥੜ੍ਹਾ ਸਾਹਿਬ, ਉੱਚ ਸ਼ਰੀਫ’ ਬਹਾਵਲਪੁਰ :

ਪਾਕਿਸਤਾਨ ਦੇ ਜ਼ਿਲ੍ਹਾ ਬਹਾਵਲਪੁਰ ਵਿਚ ਇਕ ਬਹੁਤ ਮਸ਼ਹੂਰ ਸ਼ਹਿਰ ‘ਉੱਚ ਸ਼ਰੀਫ’ ਆਉਂਦਾ ਹੈ। ਇਸ ਸ਼ਹਿਰ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਮੁਬਾਰਕ ਚਰਨ ਪਾਏ ਹਨ। ਉੱਤਰੀ ਸਿਰੇ ਵੱਲ ਗੁਰੂ ਨਾਨਕ ਸਾਹਿਬ ਦਾ ਖੂਹ ਵੀ ਹੈ, ਜਿਸ ਨੂੰ ਉੱਥੋਂ ਦੇ ਲੋਕ ‘ਕਰਾੜੀ ਦਾ ਖੂਹ’ ਕਰਕੇ ਯਾਦ ਕਰਦੇ ਹਨ। ਇੱਥੇ ਗੁਰੂ ਸਾਹਿਬ ਦੀਆਂ ਪੰਜ ਯਾਦਗਾਰੀ ਵਸਤਾਂ ਪੀਰਾਂ ਦੀ ਸੰਤਾਨ ਪਾਸ ਦੱਸੀਆਂ ਜਾਂਦੀਆਂ ਹਨ: 1. ਇਕ ਜੋੜਾ ਖੜਾਵਾਂ 2. ਇਕ ਬੈਰਾਗਣ, ਜਿਸ ਉੱਤੇ ਹੱਥ ਰੱਖ ਕੇ ਆਰਾਮ ਕਰੀਦਾ ਹੈ 3. ਪੱਥਰ ਦਾ ਇਕ ਗੁਰਜ 4. ਦੋ ਪੱਥਰ ਦੇ ਕੜੇ ਅਤੇ 5. ਇਕ ਬੇੜੀ ਜੋ ਡੇਢ ਫੁੱਟ ਲੰਬੀ ਤੇ ਇਕ ਫੁੱਟ ਚੌੜੀ ਹੈ। ਇੱਥੇ ਹੀ ਗੁਰੂ ਸਾਹਿਬ ਨੇ ਪੀਰਾਂ ਨਾਲ ਗੋਸ਼ਟੀ ਕੀਤੀ। ਗੁਰੂ ਸਾਹਿਬ ਦੀ ਯਾਦ ਵਿਚ ਇੱਥੇ ‘ਗੁਰਦੁਆਰਾ ਥੜ੍ਹਾ ਸਾਹਿਬ’ ਸੁਸ਼ੋਭਿਤ ਹੈ।

ਗੁਰਦੁਆਰਾ ਪਹਿਲੀ ਪਾਤਸ਼ਾਹੀ, ਸ਼ਿਕਾਰਪੁਰ :

ਸਿੰਧ ਪ੍ਰਾਂਤ ਦੇ ਸੱਖਰ ਜ਼ਿਲ੍ਹੇ ਦਾ ਇਕ ਵੱਡਾ ਨਗਰ ‘ਸ਼ਿਕਾਰਪੁਰ’ ਹੈ। ਇਸ ਨਗਰ ਵਿਚ ਗੁਰੂ ਨਾਨਕ ਸਾਹਿਬ ਦਾ ਪਵਿੱਤਰ ਅਸਥਾਨ ਹੈ ਜਿਸ ਨੂੰ ਸਿੰਧੀ ਵਿਚ “ਪੂਜ ਉਦਾਸੀਅਨ ਸਮਾਧਾਂ ਆਸ਼ਰਮ” ਆਖਿਆ ਜਾਂਦਾ ਹੈ। ਇਸ ਅਸਥਾਨ ਕੋਲ ਬੋਹੜ ਦਾ ਉਹ ਦਰਖਤ ਅੱਜ ਮੌਜੂਦ ਹੈ, ਜਿਸ ਹੇਠਾਂ ਗੁਰੂ ਸਾਹਿਬ ਬਿਰਾਜੇ ਸਨ। ਅਸਥਾਨ ਦੇ ਨਾਲ ਹੀ ਉਦਾਸੀਆਂ ਦੀਆਂ ਸਮਾਧੀਆਂ ਹਨ। ਇੱਥੇ ਅੱਜਕਲ੍ਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ। ਗੁਰਦੁਆਰਾ ਸਾਹਿਬ ਦਾ ਪ੍ਰਬੰਧ ਉਦਾਸੀ ਕਰਦੇ ਹਨ।

ਗੁਰਦੁਆਰਾ ਪਹਿਲੀ ਪਾਤਸ਼ਾਹੀ, ਜਿੰਦਪੀਰ :

ਇਹ ਗੁਰਦੁਆਰਾ ਵੀ ਸੱਖਰ ਵਿਚ ਹੈ। ਰੋਹੜੀ ਸੱਖਰ ਨੂੰ ਮਿਲਾਉਣ ਵਾਲਾ ਸਿੰਧ ਦਰਿਆ ਦਾ ਪੁਲ ਪਾਰ ਕਰਦਿਆਂ ਸੱਜੇ ਪਾਸੇ ਇਕ ਸੜਕ ਥੱਲੇ ਉੱਤਰਦੀ ਹੈ। ਇਹ ਸੜਕ ਦਰਿਆ ਅਤੇ ਪੁਲ ਦੇ ਨਾਲ ਨਾਲ ਤੁਰਦੀ ਗੁਰਦੁਆਰਾ ਜਿੰਦਪੀਰ ਪੁੱਜਦੀ ਹੈ। ਇੱਥੇ ਬਹੁਤ ਹੀ ਸੁੰਦਰ ਗੁਰਦੁਆਰਾ ਹੈ। ਗੁਰੂ ਸਾਹਿਬ ਆਪਣੀ ਤੀਸਰੀ ਉਦਾਸੀ ਸਮੇਂ ਸਿੰਧ ਦਰਿਆ ਨੂੰ ਪਾਰ ਕਰਕੇ ਇੱਥੇ ਸਾਧੂਆਂ ਦੇ ਬੇਲੇ ਪੁੱਜੇ ਸਨ। ਅੱਜਕਲ੍ਹ ਇਹ ਅਸਥਾਨ ਵੀ ਉਦਾਸੀਆਂ ਪਾਸ ਹੈ।

ਗੁਰਦੁਆਰਾ ਸਾਧੂ ਬੇਲਾ :

ਇਹ ਇਤਿਹਾਸਕ ਅਸਥਾਨ ਵੀ ਸਿੰਧ ਦਰਿਆ ਦੇ ਟਾਪੂ ਵਿਚ ਹੈ। ਇਸ ਥਾਂ ਕਿਸ਼ਤੀ ਰਾਹੀਂ ਪਹੁੰਚਿਆ ਜਾਂਦਾ ਹੈ। ਜਿਸ ਥਾਂ ’ਤੇ ਗੁਰੂ ਨਾਨਕ ਸਾਹਿਬ ਬਿਰਾਜੇ ਸਨ, ਉੱਥੇ ਬਹੁਤ ਹੀ ਸੁੰਦਰ ਸੰਗਮਰਮਰ ਦੀ ਇਮਾਰਤ ਦਾ ਨਿਰਮਾਣ ਕੀਤਾ ਗਿਆ ਹੈ। ਇੱਥੇ ਗੁਰੂ ਸਾਹਿਬ ਨੇ ਸਾਧਾਂ ਨੂੰ ਇਕ ਅਕਾਲ ਪੁਰਖ ਦੀ ਬੰਦਗੀ ਦਾ ਸੰਦੇਸ਼ ਦਿੱਤਾ ਸੀ। ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾਂਦਾ ਹੈ। ਇਸ ਗੁਰਦੁਆਰਾ ਦੇ ਮੁੱਖ ਦਰਵਾਜ਼ੇ ਦੇ ਉੱਪਰ ਸ੍ਰੀ ਰਾਗ, ਮਹਲਾ ਪਹਿਲਾ ਘਰ 1 ਦਾ ਸ਼ਬਦ ਸੰਗਮਰਮਰ ਵਿਚ ਉੱਕਰਿਆ ਹੋਇਆ ਹੈ। ਸ਼ਬਦ ਦੇ ਉੱਪਰ “ੴ ਸਤਿਗੁਰ ਪ੍ਰਸਾਦਿ” ਉੱਕਰਿਆ ਹੋਇਆ ਹੈ। ਇਤਿਹਾਸਕ ਸ੍ਰੋਤਾਂ ਅਨੁਸਾਰ ਇਹ ਸ਼ਬਦ ਗੁਰੂ ਸਾਹਿਬ ਨੇ ਇੱਥੇ ਹੀ ਉਚਾਰਿਆ ਸੀ। ਇਸ ਅਸਥਾਨ ਦਾ ਪ੍ਰਬੰਧ ਵਕਫ਼ ਬੋਰਡ ਕਰਦਾ ਹੈ।

ਗੁਰਦੁਆਰਾ ਸਾਹਿਬ ਪਹਿਲੀ ਪਾਤਸ਼ਾਹੀ, ਮੀਰਪੁਰ ਖਾਸ :

ਗੁਰਦੁਆਰਾ ਸਾਹਿਬ ਪਹਿਲੀ ਪਾਤਸ਼ਾਹੀ, ਸਿੰਧ ਪ੍ਰਾਂਤ ਦੇ ਮਸ਼ਹੂਰ ਸ਼ਹਿਰ ਮੀਰਪੁਰ ਖਾਸ ਵਿਖੇ ਸੁਸ਼ੋਭਿਤ ਹੈ। ਇਸ ਅਸਥਾਨ ’ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਪਵਿੱਤਰ ਚਰਨ ਪਾਏ ਸਨ। ਅੱਜਕਲ੍ਹ ਗੁਰਦੁਆਰਾ ਸਾਹਿਬ ਦੀ ਤਿੰਨ-ਮੰਜ਼ਲਾ ਸੁੰਦਰ ਇਮਾਰਤ ਅੰਦਰ ਮਤਰੂਕਾ ਵਕਫ ਬੋਰਡ ਦਾ ਦਫ਼ਤਰ ਚੱਲ ਰਿਹਾ ਹੈ।

ਗੁਰਦੁਆਰਾ ਸਾਹਿਬ ਪਹਿਲੀ ਪਾਤਸ਼ਾਹੀ, ਕਰਾਚੀ :

ਪਾਕਿਸਤਾਨ ਦੇ ਸਿੰਧ ਪ੍ਰਾਂਤ ਦਾ ਇਕ ਮਸ਼ਹੂਰ ਸ਼ਹਿਰ ‘ਕਰਾਚੀ’ ਹੈ, ਜੋ ਪ੍ਰਸਿੱਧ ਬੰਦਰਗਾਹ ਵੀ ਹੈ। ਜਦੋਂ ਗੁਰੂ ਨਾਨਕ ਸਾਹਿਬ ‘ਕਰਾਚੀ’ ਆਏ ਤਾਂ ਜਿਸ ਥਾਂ ਉਹ ਬੈਠੇ ਸਨ ਉੱਥੇ ਅੱਜਕਲ੍ਹ ਜਸਟਿਸ ਕਿਆਨੀ ਰੋਡ ਹੈ। ਗੁਰੂ ਸਾਹਿਬ ਦੀ ਆਮਦ ਦੀ ਯਾਦ ਵਿਚ ਇੱਥੇ ‘ਗੁਰਦੁਆਰਾ ਪਹਿਲੀ ਪਾਤਸ਼ਾਹੀ’ ਸੁਸ਼ੋਭਿਤ ਹੈ।

ਗੁਰਦੁਆਰਾ ਸਾਹਿਬ ਪਹਿਲੀ ਪਾਤਸ਼ਾਹੀ, ਕਲਿਫਟਨ :

ਗੁਰਦੁਆਰਾ ਸਾਹਿਬ ਪਹਿਲੀ ਪਾਤਸ਼ਾਹੀ, ਕਲਿਫਟਨ, ਕਲਿਫਟਨ ਸੈਰਗਾਹ ਦੇ ਲਾਗੇ ਹੀ ਸੁਸ਼ੋਭਿਤ ਹੈ। ਗੁਰੂ ਨਾਨਕ ਸਾਹਿਬ ਦੇ ਆਉਣ ਤੋਂ ਪਹਿਲਾਂ ਇਸ ਥਾਂ ਸਮੁੰਦਰ ਦੀ ਦੇਵੀ ਦਾ ਮੰਦਰ ਸੀ। ਇਸ ਮੰਦਰ ਅੰਦਰ ਕਦੇ ਕੋਈ ਮੂਰਤੀ ਨਹੀਂ ਸੀ, ਕੇਵਲ ਇਕ ਦੀਵਾ ਹੀ ਹੁੰਦਾ ਸੀ, ਜਿਸ ਦੀ ਹਿੰਦੂ ਪੂਜਾ ਕਰਦੇ ਸਨ। ਸਿੰਧ ਦੇ ਹਾਕਮ ‘ਤਾਲਪੁਰ’ ਵੱਲੋਂ ਸਾਢੇ ਸੱਤ ਸੇਰ ਤੇਲ ਹਰ ਮਹੀਨੇ ਦੀਵੇ ਵਾਸਤੇ ਦਿੱਤਾ ਜਾਂਦਾ ਸੀ। ਇਤਿਹਾਸਕ ਸ੍ਰੋਤਾਂ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਦੀਵੇ ਤੋਂ ਅੱਗੇ ਗੁਫਾ ਅੰਦਰ ਬਹਿ ਕੇ ‘ਅਕਾਲ ਪੁਰਖ’ ਦੀ ਅਰਾਧਨਾ ਕੀਤੀ ਸੀ। ਗੁਰੂ ਜੀ ਦੀ ਆਮਦ ਦੀ ਯਾਦ ਅਤੇ ਨਿਸ਼ਾਨੀ ਦੇ ਤੌਰ ’ਤੇ ਉਹ ਦੀਵਾ ਅੱਜ ਵੀ ਜਗ ਰਿਹਾ ਹੈ, ਇਸ ਨੂੰ ‘ਗੁਰੂ ਜੋਤੀ’ ਆਖਿਆ ਜਾਂਦਾ ਹੈ। ਇਸ ਸਥਾਨ ਦਾ ਪ੍ਰਬੰਧ ਨਾਨਕ-ਪੰਥੀ (ਸਿੰਧੀ) ਕਰਦੇ ਹਨ।

ਗੁਰਦੁਆਰਾ ਸਾਹਿਬ ਗੁਰੂ ਨਾਨਕ ਦਰਬਾਰ, ਕਲਾਤ :

ਕਲਾਤ, ਬਲੋਚਿਸਤਾਨ ਦਾ ਇਕ ਪ੍ਰਮੁੱਖ ਨਗਰ ਹੈ, ਜੋ ਪਹਿਲਾਂ ਰਿਆਸਤ ਕਲਾਤ ਕਰਕੇ ਪ੍ਰਸਿੱਧ ਸੀ। ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਤਿਹਾਸਕ ਅਸਥਾਨ ‘ਗੁਰਦੁਆਰਾ ਗੁਰੂ ਨਾਨਕ ਦਰਬਾਰ’ ਸੁਸ਼ੋਭਿਤ ਹੈ। ਇੱਥੇ ਹਰ ਰੋਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ। ਗੁਰਦੁਆਰਾ ਸਾਹਿਬ ਦੇ ਨਾਂ ਨਾਲ ਕਾਫ਼ੀ ਜ਼ਮੀਨ ਅਤੇ ਜਾਗੀਰਾਂ ਹਨ, ਜੋ ਖਾਨ ਕਲਾਤ ਵੱਲੋਂ ਲਾਈ ਗਈ ਹੈ। ‘ਲੰਗਰ’ ਦੇ ਨਾਂ ’ਤੇ ਵੀ ਜਾਗੀਰਾਂ ਹਨ ਜੋ ਅਜੇ ਤਕ ਲਗਾਤਾਰ ਚੱਲ ਰਹੀਆਂ ਹਨ। ਗੁਰਦੁਆਰਾ ਸਾਹਿਬ ਦੇ ਮੁੱਖ ਦਰਵਾਜ਼ੇ ’ਤੇ ਅੰਗਰੇਜ਼ੀ ਅਤੇ ਉਰਦੂ ਵਿਚ ‘ਸ੍ਰੀ ਗੁਰੂ ਨਾਨਕ ਦਰਬਾਰ’ ਲਿਖਿਆ ਹੈ।

ਗੁਰਦੁਆਰਾ ਤਿਲਗੰਜੀ ਸਾਹਿਬ, ਕੋਇਟਾ :

ਬਲੋਚਿਸਤਾਨ ਦੇ ਇਕ ਨਗਰ ਕੋਇਟਾ ਦੀ ਮਸਜਿਦ ਸੜਕ ਉੱਤੇ ਹੀ ਗੁਰੂ ਨਾਨਕ ਸਾਹਿਬ ਦਾ ਇਤਿਹਾਸਕ ‘ਗੁਰਦੁਆਰਾ ਤਿਲਗੰਜੀ ਸਾਹਿਬ’ ਹੈ। ਗੁਰੂ ਸਾਹਿਬ ਨੇ ਤੀਜੀ ਉਦਾਸੀ ਸਮੇਂ ਆਪਣੇ ਮੁਬਾਰਕ ਕਦਮ ਇੱਥੇ ਪਾਏ ਸਨ। ਜਦੋਂ ਗੁਰੂ ਸਾਹਿਬ ਇੱਥੇ ਪੁੱਜੇ ਤਾਂ ਅਨੇਕਾਂ ਸ਼ਰਧਾਲੂਆਂ ਨੇ ਆਪ ਜੀ ਦੇ ਦਰਸ਼ਨ ਕੀਤੇ। ਇੱਥੇ ਹੀ ਗੁਰੂ ਸਾਹਿਬ ਨੇ ਸ਼ਰਧਾਲੂਆਂ ਨੂੰ ਇਕ ਤਿਲ ਦਾ ਪ੍ਰਸ਼ਾਦਾ ਛਕਾ ਕੇ ਪ੍ਰਸੰਨ ਕੀਤਾ ਸੀ। ਇਸੇ ਕਾਰਨ ਗੁਰਦੁਆਰਾ ਸਾਹਿਬ ਦਾ ਨਾਂ ਵੀ ‘ਤਿਲਗੰਜੀ’ ਹੋ ਗਿਆ ਭਾਵ ‘ਤਿਲਾਂ ਦਾ ਖਜ਼ਾਨਾ’ ਹੋ ਗਿਆ। ਇਸ ਸਮੇਂ ਇਸ ਅਸਥਾਨ ਉੱਪਰ ‘ਗੌਰਮਿੰਟ ਸੰਡੇਮਨ ਹਾਈ ਸਕੂਲ’ ਚੱਲ ਰਿਹਾ ਹੈ।

ਗੁਰਦੁਆਰਾ ਸਾਹਿਬ ਪਹਿਲੀ ਪਾਤਸ਼ਾਹੀ, ਬੁਲਾਣੀ :

ਪਾਕਿਸਤਾਨ ਦੇ ਸਿੰਧ ਪ੍ਰਾਂਤ ਵਿਚ ਲੜਕਾਣਾ ਜ਼ਿਲ੍ਹੇ ਅੰਦਰ ਪ੍ਰਸਿੱਧ ਨਗਰ ‘ਬੋਲਾਣੀ’ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇਤਿਹਾਸਕ ਯਾਦਗਾਰ ‘ਗੁਰਦੁਆਰਾ ਪਹਿਲੀ ਪਾਤਸ਼ਾਹੀ, ਸੁਸ਼ੋਭਿਤ ਹੈ। ਗੁਰੂ ਨਾਨਕ ਸਾਹਿਬ ਨੇ ਇਸ ਪਿੰਡ ਦੇ ਲੋਕਾਂ ਨੂੰ ਇੱਕ ਅਕਾਲ ਪੁਰਖ ਦੀ ਭਗਤੀ ਕਰਨ ਲਈ ਪ੍ਰੇਰਿਆ ਸੀ। ਇਸੇ ਪਿੰਡ ਹੀ ‘ਨੂਰ ਨੁਸਰਤ’ ਨਾਮੀ ਆਜੜੀ ਨੇ ਗੁਰੂ ਸਾਹਿਬ ਦੀ ਤਨਦੇਹੀ ਨਾਲ ਸੇਵਾ ਕੀਤੀ ਸੀ ਅਤੇ ਇੱਥੇ ਹੀ ‘ਦਾਊਦ’ ਨਾਮੀ ਇਕ ਜੁਲਾਹੇ ਨੇ ਗੁਰੂ ਸਾਹਿਬ ਨੂੰ ਅਣਮੁੱਲਾ ਗਲੀਚਾ ਪੇਸ਼ ਕੀਤਾ ਸੀ। ਇੱਥੇ ਹਰ ਰੋਜ਼ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਦਾ ਪ੍ਰਕਾਸ਼ ਹੁੰਦਾ ਹੈ। ‘ਗੁਰੂ ਕਾ ਲੰਗਰ’ ਅੱਜਕਲ੍ਹ ਵੀ ਚੱਲਦਾ ਹੈ, ਜਿਸ ਦੀ ਪ੍ਰਸੰਸਾ ਕਰਨੀ ਬਣਦੀ ਹੈ।

ਗੁਰਦੁਆਰਾ ਨਾਨਕਵਾੜਾ ਸਾਹਿਬ, ਕੰਧਕੋਟ :

ਸਿੰਧ ਪ੍ਰਾਂਤ ਦੇ ਜੈਕਬਆਬਾਦ ਵਿਚ ਸੁਨਿਆਰ ਬਾਜ਼ਾਰ ਅੰਦਰ ਗੁਰੂ ਸਾਹਿਬ ਦੀ ਯਾਦ ਵਿਚ ਪਵਿੱਤਰ ਅਸਥਾਨ ਸੁਸ਼ੋਭਿਤ ਹੈ। ਇਸ ਮੁਹੱਲੇ ਨੂੰ ‘ਨਾਨਕਵਾੜਾ’ ਵੀ ਆਖਿਆ ਜਾਂਦਾ ਹੈ। ਭਾਈ ਕਾਨ੍ਹ ਸਿੰਘ ਨਾਭਾ ਨੇ ਇਸ ਨੂੰ ਜ਼ਿਲ੍ਹਾ ਲਾਰਕਾਨਾ ਦਾ ਇਕ ਨਗਰ ਲਿਖਿਆ ਹੈ, ਜੋ ਰੋਹੜੀ ਰੇਲਵੇ ਜੰਕਸ਼ਨ ਤੋਂ 142 ਮੀਲ ਦੀ ਦੂਰੀ ਉੱਪਰ ਪੁਰਾਣੇ ਜ਼ਿਲ੍ਹੇ ਅੰਦਰ ਗੁਰੂ ਨਾਨਕ ਸਾਹਿਬ ਦਾ ਪਵਿੱਤਰ ਅਸਥਾਨ ‘ਨਾਨਕ ਵਾੜਾ’ ਦੱਸਿਆ ਹੈ। ਇਸ ਨੂੰ ਸਾਰੇ ਧਰਮਾਂ ਦੇ ਲੋਕ ਬਰਾਬਰ ਸਨਮਾਨ ਦਿੰਦੇ ਹਨ। ਗੁਰੂ ਨਾਨਕ ਸਾਹਿਬ ਸਿੰਧ ਦੀ ਯਾਤਰਾ ਦੌਰਾਨ ਇੱਥੇ ਆਏ ਸਨ। ਕਰਨਲ ਟਾਡ ਨੇ ਆਪਣੀ ਕਿਤਾਬ ‘ਹਿਸਟਰੀ ਆਫ਼ ਰਾਜਸਥਾਨ’ ਵਿਚ, ਇਸ ਗੁਰਦੁਆਰਾ ਸਾਹਿਬ ਦਾ ਜ਼ਿਕਰ ਕੀਤਾ ਹੈ। ਅੱਜਕਲ੍ਹ ਇਸ ਅਸਥਾਨ ਨੂੰ ‘ਨਾਨਕ ਦਰਬਾਰ’ ਕਰਕੇ ਯਾਦ ਕੀਤਾ ਜਾਂਦਾ ਹੈ।

ਗੁਰਦੁਆਰਾ ਥੜ੍ਹਾ ਸਾਹਿਬ, ਸਖੀ ਸਰਵਰ :

ਡੇਰਾ ਗਾਜ਼ੀ ਖਾਨ ਜ਼ਿਲ੍ਹੇ ਦਾ ਇਕ ਨਗਰ ਸਖੀ ਸਰਵਰ ਹੈ। ਇਸ ਪਿੰਡ ਵਿਚ ਗੁਰੂ ਨਾਨਕ ਸਾਹਿਬ ਦਾ ਇਤਿਹਾਸਕ ਅਸਥਾਨ ਗੁਰਦੁਆਰਾ ਥੜ੍ਹਾ ਸਾਹਿਬ ਹੈ। ਉਸ ਸਮੇਂ ਇਸ ਸ਼ਹਿਰ ਨੂੰ ‘ਨਿਗਾਹਾ’ ਆਖਿਆ ਜਾਂਦਾ ਸੀ। ਜਨਾਬ ਇਕਬਾਲ ਕੇਸਰ ਅਨੁਸਾਰ, ਹਜ਼ਰਤ ਸਖੀ ਸਰਵਰ ਹੋਰਾਂ ਦੇ ਮਜ਼ਾਰ ਦੇ ਆਹਾਤੇ ਅੰਦਰ ਹੀ ਜਗਤ-ਗੁਰੂ ਜੀ ਦਾ ਬਿਰਾਜਣ ਅਸਥਾਨ ਹੈ। ਇਹ ਅਸਥਾਨ ਮਸੀਤ ਤੇ ਮਜ਼ਾਰ ਸ਼ਰੀਫ ਦੇ ਵਿਚਕਾਰ ਹੈ। ਹੁਣ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਹੁੰਦਾ।

ਧਰਮਸ਼ਾਲਾ ਗੁਰੂ ਨਾਨਕ ਦੇਵ ਜੀ, ਡੇਰਾ ਇਸਮਾਈਲ ਖਾਂ :

ਧਰਮਸ਼ਾਲਾ ਗੁਰੂ ਨਾਨਕ ਦੇਵ ਜੀ ਡੇਰਾ ਇਸਮਾਈਲ ਖਾਂ ਸ਼ਹਿਰ ਅੰਦਰ ਸੁਸ਼ੋਭਿਤ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਚੌਥੀ ਉਦਾਸੀ ਸਮੇਂ ਇੱਥੇ ਦਰਸ਼ਨ ਦਿੱਤੇ ਸਨ। ਜਿਸ ਥਾਂ ’ਤੇ ਆਪ ਬਿਰਾਜੇ, ਸ਼ਰਧਾਲੂਆਂ ਨੇ ਉੱਥੇ ਧਰਮਸ਼ਾਲਾ ਉਸਾਰ ਦਿੱਤੀ। ਧਰਮਸ਼ਾਲਾ ਦੀ ਬਹੁਤ ਹੀ ਸੁੰਦਰ ਇਮਾਰਤ ਅੱਜਕਲ੍ਹ ਮਹਿਕਮਾ ਔਕਾਫ ਕੋਲ ਹੈ।

ਗੁਰਦੁਆਰਾ ਸਾਹਿਬ ਕਾਲੀ ਦੇਵੀ, ਡੇਰਾ ਇਸਮਾਈਲ ਖਾਂ :

ਗੁਰਦੁਆਰਾ ਸਾਹਿਬ ਕਾਲੀ ਦੇਵੀ, ਡੇਰਾ ਇਸਮਾਈਲ ਖਾਂ ਸ਼ਹਿਰ ਅੰਦਰ ਸਥਿਤ ਹੈ। ਕਿਹਾ ਜਾਂਦਾ ਹੈ ਕਿ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਚੌਥੀ ਪ੍ਰਚਾਰ ਉਦਾਸੀ ਸਮੇਂ ਇੱਥੇ ਆਏ ਸਨ ਤਾਂ ਇੱਥੇ ਕਾਲੀ ਦੇਵੀ ਦੀ ਮੂਰਤੀ ਸਥਾਪਿਤ ਸੀ ਅਤੇ ਲੋਕ ਉਸ ਦੀ ਪੂਜਾ ਕਰਦੇ ਸਨ। ਇੱਥੇ ਹੀ ਗੁਰੂ ਜੀ ਨੇ ਲੋਕਾਂ ਨੂੰ ਕਰਮਕਾਂਡਾਂ ਦਾ ਤਿਆਗ ਕਰਕੇ ਇੱਕ ਅਕਾਲ ਪੁਰਖ ਦੀ ਉਸਤਤ ਕਰਨ ਦੀ ਪ੍ਰੇਰਨਾ ਕੀਤੀ ਸੀ। ਗੁਰੂ ਜੀ ਦੀ ਪਵਿੱਤਰ ਆਮਦ ਦੀ ਯਾਦ ਵਿਚ ਹੀ ਸ਼ਬਦ ‘ਗੁਰਦੁਆਰਾ’ ਇਸ ਧਰਮ-ਅਸਥਾਨ ਨਾਲ ਜੁੜਿਆ ਪਰ ਪ੍ਰਾਚੀਨ ਸ਼ਬਦ ‘ਕਾਲੀ ਦੇਵੀ’ ਵੀ ਜੁੜੇ ਰਹੇ। ਸੋ ਇਸ ਅਸਥਾਨ ਨੂੰ ਗੁਰਦੁਆਰਾ ਕਾਲੀ ਦੇਵੀ ਆਖਿਆ ਜਾਣ ਲੱਗਾ। ਅੱਜਕਲ੍ਹ ਗੁਰਦੁਆਰਾ ਸਾਹਿਬ ਦੀ ਇਸ ਇਮਾਰਤ ਅੰਦਰ ਸਕੂਲ ਚੱਲ ਰਿਹਾ ਹੈ।

ਗੁਰਦੁਆਰਾ ਸਾਹਿਬ ਛੋਟਾ ਨਾਨਕਿਆਣਾ, ਸਿਕਰਦੂ :

ਸਿਕਰਦੂ ਅੱਜਕਲ੍ਹ ਪਾਕਿਸਤਾਨ ਵਿਚਲੇ ਕਸ਼ਮੀਰ ਦਾ ਇਕ ਪ੍ਰਮੁੱਖ ਨਗਰ ਹੈ। ਇਹ ਨਗਰ ਲਾਹੌਰ ਤੋਂ ਤਕਰੀਬਨ ਸਾਢੇ ਚਾਰ ਸੌ ਕਿਲੋਮੀਟਰ ਦੂਰ ਹੈ। ਸਿਕਰਦੂ ਦੀ ਇਕ ਛੋਟੀ ਜਿਹੀ ਪਹਾੜੀ ਉੱਤੇ ਇਕ ਵਿਸ਼ਾਲ ਇਮਾਰਤ ਹੈ। ਇਹ ਇਮਾਰਤ ਹੀ ਅਸਲ ਵਿਚ ‘ਗੁਰਦੁਆਰਾ ਛੋਟਾ ਨਾਨਕਿਆਣਾ’ ਕਰਕੇ ਪ੍ਰਸਿੱਧ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਚੀਨ ਦੀ ਯਾਤਰਾ ਤੋਂ ਬਾਅਦ ਇਸ ਨਗਰ ਵਿਚ ਆਪਣੇ ਮੁਬਾਰਕ ਚਰਨ ਪਾਏ ਸਨ। ਇਸ ਅਸਥਾਨ ਨੂੰ ਲੋਕੀਂ ‘ਅਸਥਾਨ ਨਾਨਕ ਪੀਰ’ ਕਹਿ ਕੇ ਬੁਲਾਉਂਦੇ ਹਨ। ਇਮਾਰਤ ਦੀ ਹਾਲਤ ਬਹੁਤ ਹੀ ਖਸਤਾ ਹੈ। ਪ੍ਰਕਾਸ਼ ਅਸਥਾਨ ਅਲੋਪ ਹੁੰਦਾ ਜਾ ਰਿਹਾ ਹੈ।

ਗੁਰਦੁਆਰਾ ਸਾਹਿਬ ਪਹਿਲੀ ਪਾਤਸ਼ਾਹੀ, ਬਾਲਾ ਕੋਟ :

ਪਾਕਿਸਤਾਨ ਦੇ ਜ਼ਿਲ੍ਹਾ ਹਜ਼ਾਰਾ, ਤਹਿਸੀਲ ਮਾਨਸਹਿਰਾਂ ਦੇ ਪਿੰਡ ‘ਬਾਲਾਕੋਟ’ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ, ਭਾਈ ਬਾਲਾ ਸਮੇਤ ਕੁਝ ਸਮਾਂ ਆਪਣੀਆਂ ਪ੍ਰਚਾਰ-ਫੇਰੀਆਂ ਦੌਰਾਨ ਠਹਿਰੇ ਸਨ। ਗੁਰੂ ਸਾਹਿਬ ਦੀ ਯਾਦ ਵਿਚ ਇੱਥੇ ਗੁਰਦੁਆਰਾ ਸਾਹਿਬ ਪਹਿਲੀ ਪਾਤਸ਼ਾਹ ਸੁਸ਼ੋਭਿਤ ਹੈ। ਇਸ ਪਿੰਡ ਵਿਚ ਦੋ ਚਸ਼ਮੇ ਹਨ, ਇਕ ਗੁਰੂ ਨਾਨਕ ਸਾਹਿਬ ਦਾ ਅਤੇ ਦੂਜਾ ਭਾਈ ਬਾਲੇ ਦਾ। ਦਰਬਾਰ ਦੇ ਅਹਾਤੇ ਵਿਚ ਇਕ ‘ਚਸ਼ਮਾ ਬਾਲਾ ਪੀਰ’ ਦੇ ਨਾਂ ਨਾਲ ਪ੍ਰਸਿੱਧ ਹੈ। ਬਾਲਾ ਪੀਰ ਦਾ ਥੜ੍ਹਾ ਵੀ ਮੌਜੂਦ ਹੈ, ਜਿਸ ਤੋਂ ਲੋਕ ਆ ਕੇ ਮੁਰਾਦਾਂ ਮੰਗਦੇ ਹਨ। ਗੁਰਦੁਆਰਾ ਸਾਹਿਬ ਦੇ ਦਰਵਾਜ਼ੇ ਦੇ ਉੱਪਰ ਉਰਦੂ ਵਿਚ ‘ਦਰਬਾਰ ਸਖ਼ੀ ਹਿਯਾਤ ਅਮਰ ਬਾਲਾ ਪੀਰ ਸਾਹਿਬ ਬਾਲਾਕੋਟ’ ਲਿਖਿਆ ਹੋਇਆ ਹੈ।

ਗੁਰਦੁਆਰਾ ਨਾਨਕਸਰ ਸਾਹਿਬ, ਤਿਲਕਪੁਰ :

ਪਾਕਿਸਤਾਨ ਦੇ ਜ਼ਿਲ੍ਹਾ ਸਿਆਲਕੋਟ ਵਿਚ ਇਕ ਪਿੰਡ ਤਿਲਕਪੁਰ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਤਿਹਾਸਕ ਗੁਰਦੁਆਰਾ ਨਾਨਕਸਰ ਸਾਹਿਬ ਸੁਸ਼ੋਭਿਤ ਹੈ। ਇਸ ਗੁਰਦੁਆਰਾ ਸਾਹਿਬ ਨੂੰ ‘ਗੁਰੂਸਰ’ ਦੇ ਨਾਂ ਨਾਲ ਵੀ ਯਾਦ ਕੀਤਾ ਜਾਂਦਾ ਸੀ। ਇਹ ਗੁਰਦੁਆਰਾ ਸਾਹਿਬ ਸਿਆਲਕੋਟ-ਚਪਰਾੜ ਰੋਡ ਉੱਤੇ ਹੈ। ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਹਾਲਤ ਬਹੁਤ ਖਸਤਾ ਹੈ, ਕੇਵਲ ਕੁਝ ਕੰਧਾਂ ਖਲੋਤੀਆਂ ਹਨ।

ਗੁਰਦੁਆਰਾ ਬੇਰ ਸਾਹਿਬ, ਸਿਆਲਕੋਟ :

ਸਿਆਲਕੋਟ, ਪਾਕਿਸਤਾਨ ਦਾ ਇਕ ਪੁਰਾਤਨ ਸ਼ਹਿਰ ਹੈ। ਇਸ ਸ਼ਹਿਰ ਵਿਚ ਗੁਰੂ ਨਾਨਕ ਸਾਹਿਬ ਕਈ ਵਾਰ ਆਏ ਸਨ। ਜਦੋਂ ਗੁਰੂ ਸਾਹਿਬ ਇੱਥੇ ਆਏ ਤਾਂ ਇੱਥੋਂ ਦੇ ਰਹਿਣ ਵਾਲੇ ਲੋਕ ਹਮਜ਼ਾ ਗੌਂਸ ਨਾਂ ਦੇ ਇਕ ਕਰਨੀ ਵਾਲੇ ਫਕੀਰ ਦੇ ਗੁੱਸੇ ਕਾਰਨ ਸਹਿਮੇ ਹੋਏ ਸਨ, ਉਸ ਵਕਤ ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨੇ ਨੂੰ ਦੋ ਪੈਸੇ ਦੇ ਕੇ ਸੱਚ ਅਤੇ ਝੂਠ ਖਰੀਦਣ ਲਈ ਬਾਜ਼ਾਰ ਭੇਜਿਆ। ਜਿਸ ਦੇ ਜਵਾਬ ਵਿਚ ਮੂਲਾ ਨਾਮੀ ਇਕ ਕਰਾੜ ਨੇ ਦੋ ਪੈਸੇ ਰੱਖ ਕੇ ਇਕ ਪਰਚੀ ਉੱਤੇ “ਜਿਊਣਾ ਕੂੜ ਹੈ’ ਅਤੇ ਦੂਜੀ ਉੱਤੇ ‘ਮਰਨਾ ਸੱਚ ਹੈ” ਲਿਖ ਦਿੱਤਾ। ਜਦੋਂ ਹਮਜ਼ਾ ਗੌਸ ਨੇ ਇਹ ਦੋ ਪਰਚੀਆਂ ਪੜ੍ਹੀਆਂ ਤਾਂ ਉਨ੍ਹਾਂ ਸਿਆਲਕੋਟ ਦੇ ਲੋਕਾਂ ਨੂੰ ਮਾਫ਼ ਕਰ ਦਿੱਤਾ। ਇਹ ਗੁਰਦੁਆਰਾ ਉਸ ਥਾਂ ਹੈ ਜਿੱਥੇ ਗੁਰੂ ਨਾਨਕ ਸਾਹਿਬ ਬਿਰਾਜੇ ਸਨ। ਗੁਰੂ ਸਾਹਿਬ ਜਿਸ ਬੇਰ ਹੇਠ ਬੈਠੇ ਸਨ, ਉਹ ਅੱਜ ਵੀ ਮੌਜੂਦ ਹੈ ਅਤੇ ਉਸ ਮੁਹੱਲੇ ਨੂੰ ਅੱਜ ਵੀ ‘ਬਾਬਾ ਬੇਰ’ ਆਖਿਆ ਜਾਂਦਾ ਹੈ। ਗੁਰਦੁਆਰਾ ਸਾਹਿਬ ਦੀ ਇਮਾਰਤ ਬਹੁਤ ਆਲੀਸ਼ਾਨ ਹੈ। ਬੇਰੀ ਦਾ ਦਰਖ਼ਤ ਗੁਰਦੁਆਰਾ ਸਾਹਿਬ ਦੇ ਪਿਛਵਾੜੇ ਹੈ। ਸ਼ਹੀਦ ਭਾਈ ਨੱਥਾ ਸਿੰਘ ਦਾ ਸ਼ਹੀਦ ਗੰਜ ਵੀ ਗੁਰਦੁਆਰਾ ਸਾਹਿਬ ਦੇ ਅਹਾਤੇ ਅੰਦਰ ਹੈ। ਭਾਈ ਨੱਥਾ ਸਿੰਘ ਦੀ ਅੱਠ ਹਜ਼ਾਰ ਦੀ ਜਾਗੀਰ ਗੁਰਦੁਆਰਾ ਸਾਹਿਬ ਦੇ ਨਾਂ ਨਾਲ ਹੈ। ਗੁਰਦੁਆਰਾ ਸਾਹਿਬ ਦੇ ਨਾਂ ਨਾਲ 250 ਏਕੜ ਜ਼ਮੀਨ ਫੈਸਲਾਬਾਦ (ਲਾਇਲਪੁਰ) ਵਿਚ ਹੈ।

ਗੁਰਦੁਆਰਾ ਬਾਉਲੀ ਸਾਹਿਬ, ਸਿਆਲਕੋਟ :

ਗੁਰਦੁਆਰਾ ਬਾਉਲੀ ਸਾਹਿਬ, ਗੁਰਦੁਆਰਾ ਬੇਰ ਸਾਹਿਬ ਤੋਂ 200 ਮੀਟਰ ਦੀ ਦੂਰੀ ’ਤੇ ਹੈ, ਜਿੱਥੇ ਮੂਲੇ ਕਰਾੜ ਦਾ ਘਰ ਸੀ। ਇੱਥੋਂ ਹੀ ਮੂਲਾ ਖੱਤਰੀ ਗੁਰੂ ਸਾਹਿਬ ਦਾ ਮੁਰੀਦ ਹੋ ਕੇ ਕਸ਼ਮੀਰ ਅਤੇ ਅਫ਼ਗਾਨਿਸਤਾਨ ਤਕ ਗੁਰੂ ਸਾਹਿਬ ਨਾਲ ਗਿਆ ਅਤੇ ਇੱਥੇ ਹੀ ਗੁਰੂ ਸਾਹਿਬ ਨੇ “ਨਾਲਿ ਕਰਾੜਾਂ ਦੋਸਤੀ….” ਸ਼ਬਦ ਉਚਾਰਿਆ ਸੀ। ਇੱਥੇ ਇਕ ਬਾਉਲੀ ਵੀ ਹੈ, ਜਿਸ ਤੋਂ ਗੁਰਦੁਆਰਾ ਸਾਹਿਬ ਦਾ ਨਾਂ ਗੁਰਦੁਆਰਾ ਬਾਉਲੀ ਸਾਹਿਬ, ਸਿਆਲਕੋਟ ਪੈ ਗਿਆ। ਜਨਾਬ ਇਕਬਾਲ ਕੇਸਰ ਅਨੁਸਾਰ ਹੁਣ ਇਸ ਇਮਾਰਤ ਵਿਚ ਪਾਕਿਸਤਾਨ ਸਰਕਾਰ ਨੇ ਅੰਨ੍ਹਿਆਂ ਦਾ ਸਕੂਲ ਖੋਲ੍ਹ ਦਿੱਤਾ ਹੈ।

ਗੁਰਦੁਆਰਾ ਨਾਨਕਸਰ ਸਾਹਿਬ, ਸਾਹੋਵਾਲ :

ਗੁਰਦੁਆਰਾ ਨਾਨਕਸਰ ਸਾਹਿਬ, ਸਾਹੋਵਾਲ ਪਾਕਿਸਤਾਨ ਦੇ ਜ਼ਿਲ੍ਹਾ ਸਿਆਲਕੋਟ ਦੇ ਪਿੰਡ ਸਾਹੋਵਾਲ ਦੇ ਚੜ੍ਹਦੇ ਪਾਸੇ ਕੋਈ ਅੱਧਾ ਕੁ ਕਿਲੋਮੀਟਰ ਦੀ ਵਿੱਥ ’ਤੇ ਸੁਸ਼ੋਭਿਤ ਹੈ। ਗੁਰੂ ਨਾਨਕ ਸਾਹਿਬ ਸਿਆਲਕੋਟ ਤੋਂ ਚੱਲ ਕੇ ਇੱਥੇ ਆਏ ਸਨ। ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਗੁਰੂ ਸਾਹਿਬ ਨੇ ਇਸੇ ਥਾਂ ਸੱਤ ਦਿਨ ਠਹਿਰ ਕੇ ਸਿੱਖੀ ਦਾ ਪ੍ਰਚਾਰ ਕੀਤਾ ਸੀ।

ਗੁਰਦੁਆਰਾ ਸਾਹਿਬ ਛੋਟਾ ਨਾਨਕਿਆਣਾ, ਸਿਉਕੇ :

ਪਾਕਿਸਤਾਨ ਦੇ ਜ਼ਿਲ੍ਹਾ ਸਿਆਲਕੋਟ ਅਤੇ ਤਹਿਸੀਲ ਡਸਕਾ ਦਾ ਇਕ ਪਿੰਡ ਸਿਉਕੇ ਹੈ। ਇੱਥੇ ਜਿਸ ਸਥਾਨ ’ਤੇ ਗੁਰੂ ਨਾਨਕ ਸਾਹਿਬ ਨੇ ਆਪਣੇ ਮੁਬਾਰਕ ਚਰਨ ਪਾਏ, ਉੱਥੇ ‘ਗੁਰਦੁਆਰਾ ਸਾਹਿਬ ਛੋਟਾ ਨਾਨਕਿਆਣਾ ਸੁਸ਼ੋਭਿਤ ਹੈ। ਇੱਥੇ ਹੀ ਗੁਰੂ ਨਾਨਕ ਦੇਵ ਜੀ ‘ਪੂਰੇ’ ਨਾਮੀ ਸਿੱਖ ਦਾ ਪ੍ਰੇਮ ਵੇਖ ਕੇ ਪਸਰੂਰ ਤੋਂ ਏਮਨਾਬਾਦ ਜਾਂਦੇ ਹੋਏ ਕੁਝ ਸਮੇਂ ਲਈ ਠਹਿਰੇ ਸਨ। ਪਿੰਡ ਵੱਲੋਂ ਗੁਰਦੁਆਰਾ ਸਾਹਿਬ ਨਾਲ 16 ਏਕੜ ਜ਼ਮੀਨ ਹੈ। ਜਦੋਂ ਗੁਰੂ ਸਾਹਿਬ ਇਸ ਪਿੰਡ ਆਏ ਸਨ ਉਸ ਸਮੇਂ ਪਿੰਡ ਦਾ ਨਾਂ ‘ਭਾਰੋਵਾਲ’ ਸੀ। ਗੁਰੂ ਸਾਹਿਬ ਪਿੰਡ ਤੋਂ ਬਾਹਰ ਬੇਰੀਆਂ ਦੇ ਝੁੰਡ ਕੋਲ ਠਹਿਰੇ ਸਨ ਜੋ ਹੁਣ ਵੀ ਮੌਜੂਦ ਹੈ। ਇੱਥੇ ਜਿਸ ਸਥਾਨ ’ਤੇ ਗੁਰੂ ਸਾਹਿਬ ਬਿਰਾਜੇ ਸਨ, ਉੱਥੇ ਗੁਰੂ ਸਾਹਿਬ ਦਾ ਇਤਿਹਾਸਕ ਯਾਦਗਾਰੀ ਅਸਥਾਨ ਸੁਸ਼ੋਭਿਤ ਸੀ, ਜੋ ਹੁਣ ਅਲੋਪ ਹੋ ਚੁੱਕਿਆ ਹੈ।

ਗੁਰਦੁਆਰਾ ਪਹਿਲੀ ਪਾਤਸ਼ਾਹੀ, ਮੱਲ੍ਹਾ :

ਗੁਰਦੁਆਰਾ ਪਹਿਲੀ ਪਾਤਸ਼ਾਹੀ, ਮੱਲ੍ਹਾ ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਆਮਦ ਦੀ ਯਾਦ ਸਥਿਤ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਸਾਹਿਬ ਤੋਂ ਸਿਆਲਕੋਟ ਜਾਂਦੇ ਹੋਏ ਰਸਤੇ ਵਿਚ ਇੱਥੇ ਇਕ ਬੇਰੀ ਦੇ ਦਰਖ਼ਤ ਥੱਲੇ ਬਿਰਾਜਮਾਨ ਹੋਏ ਸਨ। ਗੁਰੂ ਜੀ ਦੀ ਚਰਨ-ਛੋਹ ਪ੍ਰਾਪਤ ਪਵਿੱਤਰ ਜਗ੍ਹਾ ’ਤੇ ਸੰਗਤਾਂ ਵੱਲੋਂ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤੀ ਗਈ। ਮਹਾਰਾਜਾ ਰਣਜੀਤ ਸਿੰਘ ਵੱਲੋਂ ਖਾਲਸਾ ਰਾਜ ਸਮੇਂ ਇਸ ਗੁਰਦੁਆਰਾ ਸਾਹਿਬ ਨਾਲ 50 ਘੁਮਾਂ ਜ਼ਮੀਨ ਲਗਾਈ ਗਈ ਸੀ। ਜਨਾਬ ਇਕਬਾਲ ਕੇਸਰ ਅਨੁਸਾਰ ਜਦੋਂ ਉਸ ਨੇ ਇਸ ਸਥਾਨ ਦੀ ਯਾਤਰਾ ਕੀਤੀ ਤਾਂ ਉਸ ਨੂੰ ਗੁਰਦੁਆਰਾ ਸਾਹਿਬ ਦੀ ਕੋਈ ਵੀ ਨਿਸ਼ਾਨੀ ਨਜ਼ਰ ਨਹੀਂ ਆਈ। ਉਨ੍ਹਾਂ ਅਨੁਸਾਰ ਗੁਰਦੁਆਰਾ ਸਾਹਿਬ ਦੀ ਜ਼ਮੀਨ ਮਹਿਕਮਾ ਮਤਰੂਕਾ ਵਕਫ ਬੋਰਡ ਦੇ ਅਧੀਨ ਹੈ।

ਗੁਰਦੁਆਰਾ ਸਾਹਿਬ, ਦਿਉਕਾ (ਪਸਰੂਰ):     

ਗੁਰਦੁਆਰਾ ਸਾਹਿਬ, ਦਿਉਕਾ ਪਾਕਿਸਤਾਨ ਦੇ ਜ਼ਿਲ੍ਹਾ ਸਿਆਲਕੋਟ ਦੇ ਸ਼ਹਿਰ ‘ਪਸਰੂਰ’ ਵਿਖੇ ਉਸ ਥਾਂ ਉੱਤੇ ਸੁਸ਼ੋਭਿਤ ਸੀ ਜਿੱਥੇ ਗੁਰੂ ਨਾਨਕ ਸਾਹਿਬ ਨੇ ਸਿਆਲਕੋਟ ਤੋਂ ਆ ਕੇ ਆਪਣੇ ਮੁਬਾਰਕ ਚਰਨ ਪਾਏ ਸਨ। ਇੱਥੇ ਹੀ ਗੁਰੂ ਸਾਹਿਬ ਨੂੰ ਮੁਸਲਮਾਨ ਸੂਫ਼ੀ ਹਜ਼ਰਤ ਮੀਆਂ ਮਿੱਠਾ ਜੀ ਮਿਲੇ ਸਨ। ਗੁਰੂ ਜੀ ਅਤੇ ਮੀਆਂ ਮਿੱਠਾ ਵਿਚਕਾਰ ਇਕ ਗੋਸ਼ਟੀ ਵੀ ਹੋਈ ਦੱਸੀ ਜਾਂਦੀ ਹੈ। ਜਿੱਥੇ ਗੋਸ਼ਟੀ ਹੋਈ ਸੀ, ਉਹ ਅਸਥਾਨ ‘ਕੋਟਲਾ ਮੀਆਂ ਮਿੱਠਾ’ ਦੇ ਨਾਂ ਨਾਲ ਪ੍ਰਸਿੱਧ ਸੀ। ਗੁਰੂ ਜੀ ਦੀ ਆਮਦ ਦੀ ਯਾਦ ਵਿਚ ਇੱਥੇ ਸੰਗਤਾਂ ਵੱਲੋਂ ਗੁਰਦੁਆਰਾ ਸਾਹਿਬ ਸੁਸ਼ੋਭਿਤ ਕੀਤਾ ਗਿਆ ਸੀ ਜੋ ਅੱਜਕਲ੍ਹ ਗੁਰਦੁਆਰਾ ਸਾਹਿਬ ਦਿਉਕਾ ਕਰਕੇ ਪ੍ਰਸਿੱਧ ਹੈ। ਜਨਾਬ ਇਕਬਾਲ ਕੇਸਰ ਅਨੁਸਾਰ ਇਸ ਗੁਰਦੁਆਰਾ ਸਾਹਿਬ ਵਿਚ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਸੀ, ਪਰ ਹੁਣ ਇਹ ਥਾਂ ਡਿਸਟ੍ਰਿਕਟ ਬੋਰਡ ਦੇ ਕਬਜ਼ੇ ਵਿਚ ਹੈ।

‘ਗੁਰਦੁਆਰਾ ਗੁਰਹੱਟੜੀ’ ਪੇਸ਼ਾਵਰ :

ਪਾਕਿਸਤਾਨ ਦਾ ਇਕ ਪ੍ਰਸਿੱਧ ਅਤੇ ਪੁਰਾਤਨ ਸ਼ਹਿਰ ਪੇਸ਼ਾਵਰ ਵਿਚ ‘ਗੁਰਦੁਆਰਾ ਗੁਰਹੱਟੜੀ ਸਾਹਿਬ’ ਗੁਰੂ ਨਾਨਕ ਸਾਹਿਬ ਦੀ ਪ੍ਰਚਾਰ-ਫੇਰੀ ਦੀ ਯਾਦ ਵਿਚ ਬਣਿਆ ਹੋਇਆ ਹੈ। ਗੁਰੂ ਸਾਹਿਬ ਨੇ ਇੱਥੇ ਸਿੱਧ ਯੋਗੀਆਂ ਨਾਲ ਵਿਚਾਰ-ਚਰਚਾ ਕੀਤੀ ਹੈ। ਇਸੇ ਥਾਂ ਬਾਬਾ ਸ੍ਰੀ ਚੰਦ ਜੀ ਵੀ ਆਏ ਸਨ ਜਿਨ੍ਹਾਂ ਦੀ ਯਾਦ ਵਿਚ ‘ਧਰਮਸ਼ਾਲਾ ਬਾਬਾ ਸ੍ਰੀ ਚੰਦ’ ਵੀ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਅੰਦਰ ਹੀ ਸੁਸ਼ੋਭਿਤ ਹੈ। ‘ਗੁਰਦੁਆਰਾ ਗੁਰ ਹੱਟੜੀ’ ਦਾ ਤਾਂ ਹੁਣ ਕੇਵਲ ਦਰਵਾਜ਼ਾ ਖਲੋਤਾ ਹੈ। ਜਨਾਬ ਇਕਬਾਲ ਕੇਸਰ ਅਨੁਸਾਰ ਬਾਕੀ ਸਾਰੀ ਇਮਾਰਤ ਢਾਹ ਕੇ ਪਾਕਿਸਤਾਨ ਸਰਕਾਰ ਨੇ ਬੱਚਿਆਂ ਦਾ ਸਕੂਲ ਉਸਾਰ ਦਿੱਤਾ ਹੈ। ਇਹ ਇਤਿਹਾਸਕ ਅਸਥਾਨ ਪਿਸ਼ਾਵਰ ਸ਼ਹਿਰ ਦੇ ‘ਮੁਹੱਲਾ ਗੰਜ’ ਵਿਚ ਹੈ।

ਪੰਜਾ ਸਾਹਿਬ (ਹਸਨ ਅਬਦਾਲ) :

ਪਾਕਿਸਤਾਨ ਦੇ ਜ਼ਿਲ੍ਹਾ ਅਟਕ (ਕੈਂਬਲਪੁਰ) ਵਿਚ ਹਸਨ ਅਬਦਾਲ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਉਪਰੋਕਤ ਇਤਿਹਾਸਕ ਅਸਥਾਨ ਸੁਸ਼ੋਭਿਤ ਹੈ ਜੋ ਗੁਰਦੁਆਰਾ ਪੰਜਾ ਸਾਹਿਬ ਦੇ ਨਾਂ ਨਾਲ ਪ੍ਰਸਿੱਧ ਹੈ। ਇੱਥੇ ਗੁਰੂ ਸਾਹਿਬ ਪੱਛਮੀ ਉਦਾਸੀ ਸਮੇਂ ਆਪਣੇ ਸਾਥੀ ਭਾਈ ਮਰਦਾਨਾ ਜੀ ਨਾਲ ਮੱਕਾ ਅਤੇ ਬਗਦਾਦ ਤੋਂ ਵਾਪਸੀ ਸਮੇਂ ਆਏ ਸਨ। ਇੱਥੇ ਗੁਰੂ ਸਾਹਿਬ ਨੇ ਜਿਸ ਪਹਾੜੀ ਦੇ ਹੇਠਾਂ ਪਿੱਪਲ ਦੇ ਦਰਖ਼ਤ ਹੇਠਾਂ ਨਿਵਾਸ ਕੀਤਾ ਸੀ, ਉਸ ਪਹਾੜੀ ਦੀ ਚੋਟੀ ਉੱਪਰ ਉਸ ਸਮੇਂ ਵਲੀ ਕੰਧਾਰੀ ਰਹਿੰਦਾ ਸੀ। ਜਨਮ ਸਾਖੀਆਂ ਅਨੁਸਾਰ ਇੱਥੇ ਗੁਰੂ ਜੀ ਨੇ ਵਲੀ ਕੰਧਾਰੀ ਦੇ ਹੰਕਾਰ ਨੂੰ ਤੋੜਿਆ ਸੀ। ਇਸ ਇਤਿਹਾਸਕ ਸਥਾਨ ’ਤੇ ਗੁਰੂ ਸਾਹਿਬ ਦੀ ਪਵਿੱਤਰ ਛੋਹ ਪ੍ਰਾਪਤ ਚਸ਼ਮਾ ਅਤੇ ਪੱਥਰ ਅੱਜ ਵੀ ਮੌਜੂਦ ਹੈ। ਜਿਹੜਾ ਪੱਥਰ ਵਲੀ ਕੰਧਾਰੀ ਨੇ ਗੁਰੂ ਨਾਨਕ ਸਾਹਿਬ ਵੱਲ ਸੁੱਟਿਆ ਸੀ, ਉਸ ਉੱਤੇ ਗੁਰੂ ਨਾਨਕ ਸਾਹਿਬ ਦੇ ਹੱਥ ਦੀ ਛਾਪ ਅੱਜ ਵੀ ਦੇਖੀ ਜਾ ਸਕਦੀ ਹੈ। ਇਸ ਸਮੇਂ ਗੁਰਦੁਆਰਾ ਪੰਜਾ ਸਾਹਿਬ ਦਾ ਪ੍ਰਬੰਧ ਪਾਕਿਸਤਾਨ ਮਹਿਕਮਾ ਔਕਾਫ਼ ਬੋਰਡ ਕਰਦਾ ਹੈ। ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ। ਸਾਲ ਵਿਚ ਦੇਸ਼-ਵਿਦੇਸ਼ ਤੋਂ ਚਾਰ ਵਾਰ ਸੰਗਤ ਇਕੱਠੀ ਹੁੰਦੀ ਹੈ।

‘ਗੁਰਦੁਆਰਾ ਪਹਿਲੀ ਪਾਤਸ਼ਾਹੀ’ ਕਟਾਸ :

‘ਗੁਰਦੁਆਰਾ ਪਹਿਲੀ ਪਾਤਸ਼ਾਹੀ’ ਪਾਕਿਸਤਾਨ ਦੇ ਜ਼ਿਲ੍ਹਾ ਚੱਕਵਾਲ ਵਿਚ, ਜਿੱਥੇ ਸ੍ਰੀ ਗੁਰੂ ਨਾਨਕ ਸਾਹਿਬ ਨੇ ਆਪਣੇ ਮੁਬਾਰਕ ਚਰਨ ਪਾਏ ਸਨ, ਉੱਥੇ ਗੁਰੂ ਸਾਹਿਬ ਦੀ ਯਾਦ ਵਿਚ ਬਣਿਆ ਹੈ, ਜਿਸ ਨੂੰ ਲੋਕ ‘ਨਾਨਕ ਨਿਵਾਸ’ ਆਖਦੇ ਹਨ। ਕਿਹਾ ਜਾਂਦਾ ਹੈ ਕਿ ਇੱਥੇ ਬਹੁਤ ਸਾਰੇ ਰਿਸ਼ੀਆਂ, ਜੋਗੀਆਂ, ਮੁਨੀਆਂ ਨੇ ਤਪ ਕੀਤਾ ਸੀ, ਜਿਨ੍ਹਾਂ ਦੇ ਅਸਥਾਨ ਬਣੇ ਹੋਏ ਹਨ। ਇਨ੍ਹਾਂ ਥਾਵਾਂ ਉੱਤੇ ਤਖ਼ਤੀਆਂ ਨਾ ਲੱਗੀਆਂ ਹੋਣ ਕਾਰਨ, ਇਨ੍ਹਾਂ ਥਾਵਾਂ ਨੂੰ ਵੱਖ-ਵੱਖ ਕਰਨਾ ਬਹੁਤ ਮੁਸ਼ਕਿਲ ਹੈ। ਇਹ ਥਾਂ ਇਸ ਪੱਖੋਂ ਵੀ ਇਤਿਹਾਸਕ ਹੈ ਕਿ ਇੱਥੇ ਬੈਠ ਕੇ ਅਬੂ ਰਿਹਾਨ ਅਲਬੈਰੂਨੀ ਨੇ ਧਰਤੀ ਦਾ ਘੇਰਾ ਨਾਪਿਆ ਸੀ। ਕਟਾਸ ਹਿੰਦੂਆਂ ਦਾ ਪ੍ਰਸਿੱਧ ਧਾਰਮਿਕ ਅਸਥਾਨ ਵੀ ਹੈ।

ਗੁਰਦੁਆਰਾ ਸਾਹਿਬ, ਬਾਲ ਗੁੰਦਾਈ, ਟਿੱਲਾ ਜੋਗੀ :

ਗੁਰਦੁਆਰਾ ਬਾਲ ਗੁੰਦਾਈ ਸਾਹਿਬ ਪਾਕਿਸਤਾਨ ਦੇ ਜਿਹਲਮ ਸ਼ਹਿਰ ਤੋਂ 24 ਕਿਲੋਮੀਟਰ ਦੂਰ ਪੱਛਮ ਵੱਲ, ਇਕ ਪਹਾੜੀ ’ਤੇ ਸਥਿਤ ਹੈ, ਜਿਸ ਨੂੰ ਲੋਕ ‘ਟਿੱਲਾ ਜੋਗੀਆਂ’ ਆਖਦੇ ਹਨ। ਦੱਸਿਆ ਜਾਂਦਾ ਹੈ ਕਿ ਸ੍ਰੀ ਗੁਰੂ ਨਾਨਕ ਸਾਹਿਬ ਇਕ ਵੇਰ ਪਰਉਪਕਾਰੀ ਸਾਧੂ ‘ਬਾਲ ਗੁੰਦਾਈ’ ਦੇ ਆਸ਼ਰਮ ਪਧਾਰੇ ਸਨ। ‘ਗੁਰੂ ਨਾਨਕ ਪ੍ਰਕਾਸ਼’ ਵਿਚ ਵੀ ਜ਼ਿਕਰ ਆਉਂਦਾ ਹੈ ‘ਬਾਲ ਗੁੰਦਾਈ ਢਿਗ ਪੁੰਨ ਗਏ’ ਜਿਸ ਥਾਂ ਗੁਰੂ ਨਾਨਕ ਸਾਹਿਬ ਬਿਰਾਜਮਾਨ ਹੋਏ ਸਨ, ਉਨ੍ਹਾਂ ਦੇ ਪੈਰਾਂ ਦੇ ਪਵਿੱਤਰ ਨਿਸ਼ਾਨ ਉੱਥੇ ਇਕ ਪੱਥਰ ’ਤੇ ਉੱਕਰੇ ਹੋਏ ਹਨ।ਇਸ ਦੇ ਨਾਲ ਹੀ ਇਕ ਸੁੰਦਰ ਸਰੋਵਰ ਹੈ। ਗੁਰਦੁਆਰਾ ਸਾਹਿਬ ਦੇ ਨਾਂ ਨਾਲ 15 ਏਕੜ ਜ਼ਮੀਨ ਜਾਗੀਰ ਵਜੋਂ ਲੱਗੀ ਹੋਈ ਹੈ।

ਗੁਰਦੁਆਰਾ ਚੌਹਾ ਸਾਹਿਬ:

ਗੁਰਦੁਆਰਾ ਚੌਹਾ ਸਾਹਿਬ ਰੋਹਤਾਸ ਦਾ ਇਤਿਹਾਸਕ ਅਸਥਾਨ ਪਾਕਿਸਤਾਨ ਦੇ ਜ਼ਿਲ੍ਹਾ ਜਿਹਲਮ ਵਿਚ ਸਥਿਤ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਟਿੱਲਾ ਜੋਗੀਆਂ ਤੋਂ ਚੱਲ ਕੇ ਇੱਥੇ ਆਏ ਸਨ। ਇੱਥੇ ਗੁਰੂ ਸਾਹਿਬ ਨੇ ਇਕ ਚਸ਼ਮਾ ਪ੍ਰਗਟ ਕੀਤਾ ਸੀ ਜਿਸ ਨੂੰ ‘ਚੌਹਾ ਸਾਹਿਬ’ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ। ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਨਿਰਮਾਣ ਸਿੱਖ ਰਾਜ ਸਮੇਂ ਮਹਾਰਾਜਾ ਰਣਜੀਤ ਸਿੰਘ ਨੇ ਕਰਵਾਇਆ ਸੀ। ਮਹਾਰਾਜਾ ਰਣਜੀਤ ਸਿੰਘ ਵੱਲੋਂ ਇਸ ਗੁਰਦੁਆਰਾ ਸਾਹਿਬ ਦੇ ਨਾਂ 27 ਏਕੜ ਜ਼ਮੀਨ ਜਾਗੀਰ ਵਜੋਂ ਲੱਗੀ ਹੋਈ ਹੈ।

‘ਗੁਰਦੁਆਰਾ ਨਾਨਕਸਰ’ ਡਿੰਗਾਂ (ਗੁਜਰਾਤ):

‘ਗੁਰਦੁਆਰਾ ਨਾਨਕਸਰ’ ਡਿੰਗਾ ਗੁਜਰਾਤ ਦੇ ਇਕ ਕਸਬਾ ਡਿੰਗਾਂ ਵਿਖੇ ਜਿੱਥੇ ਗੁਰੂ ਨਾਨਕ ਸਾਹਿਬ ਆਪਣੀ ਪ੍ਰਚਾਰ-ਫੇਰੀ ਦੌਰਾਨ ਆਏ ਸਨ, ਵਿਖੇ ਬਣਿਆ ਹੋਇਆ ਸੀ, ਜੋ ਹੁਣ ਅਲੋਪ ਹੋ ਚੁੱਕਾ ਹੈ। ਇਸ ਥਾਂ ਗੁਰੂ ਨਾਨਕ ਸਾਹਿਬ ਨੇ ਇਕ ਜੋਗੀ ਦਾ ਪਾਖੰਡ ਤੋੜਿਆ ਸੀ। ਸੜਕ ਨਾਲ ਬਣੀ ਕੰਧ ਦੇ ਪਾਰ ਸਰੋਵਰ ਨੂੰ ਪਾਣੀ ਦੇਣ ਵਾਲਾ ਖੂਹ ਅਜੇ ਵੀ ਖੇਤਾਂ ਵਿਚ, ਇਸ ਅਸਥਾਨ ਦੇ ਆਖ਼ਰੀ ਚਿੰਨ੍ਹ ਦੇ ਤੌਰ ’ਤੇ ਬਚਿਆ ਹੋਇਆ ਹੈ।

ਗੁਰਦੁਆਰਾ ਕੇਰ ਸਾਹਿਬ :

ਗੁਰੂ ਨਾਨਕ ਸਾਹਿਬ ਦਾ ਇਤਿਹਾਸਕ ਗੁਰਦੁਆਰਾ ਕੇਰ ਸਾਹਿਬ ਪਾਕਿਸਤਾਨ ਦੇ ਜ਼ਿਲ੍ਹਾ ਮੰਡੀ ਬਹਾਊਦੀਨ ਦੇ ਇਕ ਪ੍ਰਸਿੱਧ ਨਗਰ ‘ਜੈ ਸੁਖ ਵਾਲਾ’ ਵਿਚ ਸਥਿਤ ਹੈ। ਗੁਰੂ ਸਾਹਿਬ ਪਿੰਡ ਡਿੰਗੇ ਤੋਂ ਆ ਕੇ ਇੱਥੇ ਬੈਠੇ ਸਨ। ਗੁਰੂ ਸਾਹਿਬ ਨੇ ਇੱਥੇ ਇਕ ਮੁਸਲਮਾਨ ਸੂਫੀ ਫਕੀਰ ਨੂੰ ‘ਰੱਬੀ ਕੰਮਾਂ’ ਨੂੰ ਹੱਥ ਵਿਚ ਲੈਣ ਤੋਂ ਵਰਜ ਕੇ ਉਸ ਦੇ ਭਾਣੇ ਵਿਚ ਰਾਜ਼ੀ ਰਹਿਣ ਦਾ ਉਪਦੇਸ਼ ਦਿੱਤਾ ਸੀ। ਮਹਾਰਾਜਾ ਰਣਜੀਤ ਸਿੰਘ ਨੇ ਗੁਰਦੁਆਰਾ ਸਾਹਿਬ ਦੀ ਤਿੰਨ-ਮੰਜ਼ਲਾ ਇਮਾਰਤ ਦਾ ਨਿਰਮਾਣ ਕੀਤਾ ਸੀ। ਮਹਾਰਾਜਾ ਰਣਜੀਤ ਸਿੰਘ ਨੇ ਇਸ ਗੁਰਦੁਆਰਾ ਸਾਹਿਬ ਨਾਲ ਚਾਲੀ ਮੁਰੱਬੇ (1000 ਏਕੜ) ਜ਼ਮੀਨ ਲਗਾਈ।

ਗੁਰਦੁਆਰਾ ਨਾਨਕਸਰ ਸਾਹਿਬ, ਝੰਗ :

ਗੁਰਦੁਆਰਾ ਨਾਨਕਸਰ ਸਾਹਿਬ, ਪਾਕਿਸਤਾਨ ਦੇ ਪ੍ਰਾਚੀਨ ਤੇ ਪ੍ਰਸਿੱਧ ਜ਼ਿਲ੍ਹੇ ਝੰਗ ਵਿਚ ਸਥਿਤ ਹੈ। ਝੰਗ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਪ੍ਰਚਾਰ-ਫੇਰੀ ਦੌਰਾਨ ਜਿਸ ਜਗ੍ਹਾ ’ਤੇ ਠਹਿਰੇ ਸਨ ਉੱਥੇ ਹੀ ਉਨ੍ਹਾਂ ਦੇ ਸ਼ਰਧਾਲੂਆਂ ਨੇ ਉਨ੍ਹਾਂ ਦੀ ਯਾਦਗਾਰ ਦੇ ਰੂਪ ਵਿਚ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤੀ, ਜਿਸ ਨੂੰ ਅੱਜਕਲ੍ਹ ਗੁਰਦੁਆਰਾ ਨਾਨਕਸਰ ਸਾਹਿਬ ਕਿਹਾ ਜਾਂਦਾ ਹੈ। ਜਨਾਬ ਇਕਬਾਲ ਕੇਸਰ ਅਨੁਸਾਰ ਇਸ ਵਕਤ ਗੁਰਦੁਆਰਾ ਸਾਹਿਬ ਅੰਦਰ ਪ੍ਰਾਇਮਰੀ ਸਕੂਲ ਚੱਲ ਰਿਹਾ ਹੈ।

ਗੁਰਦੁਆਰਾ ਸਾਹਿਬ ਸੱਚੀ ਮੰਜੀ ਪਹਿਲੀ ਪਾਤਸ਼ਾਹੀ, ਹਫ਼ਤਮਦਰ :

‘ਗੁਰਦੁਆਰਾ ਸੱਚੀ ਮੰਜੀ ਪਹਿਲੀ ਪਾਤਸ਼ਾਹੀ’ ਪਾਕਿਸਤਾਨ ਦੇ ਜ਼ਿਲ੍ਹਾ ਸ਼ੇਖੂਪੁਰਾ ਅਤੇ ਤਹਿਸੀਲ ਨਨਕਾਣਾ ਸਾਹਿਬ ਵਿਚ ਪਿੰਡ ਹਫ਼ਤਮਦਰ ਵਿਖੇ ਸਥਿਤ ਹੈ। ਇੱਥੇ ਇਕ ਗਿੱਲ ਗੋਤ ਦੇ ਜ਼ਿਮੀਂਦਾਰ ਕੋਲ ਗੁਰੂ ਨਾਨਕ ਸਾਹਿਬ ਦਾ ਯਾਦਗਾਰੀ ਪਲੰਘ ਸੀ। ਗੁਰਦੁਆਰਾ ਸਾਹਿਬ ਦੀ ਇਮਾਰਤ ਅਲੋਪ ਹੋ ਚੁੱਕੀ ਹੈ। ਕੇਵਲ ਕੁਝ ਦੀਵਾਰਾਂ ਹੀ ਬਚੀਆਂ ਹਨ।

ਗੁਰਦੁਆਰਾ ਸਾਹਿਬ ਪਹਿਲੀ ਪਾਤਸ਼ਾਹੀ, ਫ਼ਤਿਹ ਭਿੰਡਰ :

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਛੋਟਾ ਜਿਹਾ ਇਤਿਹਾਸਕ ਗੁਰਦੁਆਰਾ ‘ਗੁਰਦੁਆਰਾ ਪਹਿਲੀ ਪਾਤਸ਼ਾਹੀ’ ਪਾਕਿਸਤਾਨ ਦੇ ਜ਼ਿਲ੍ਹਾ ਸਿਆਲਕੋਟ ਵਿਚ ਗੁਜਰਾਂਵਾਲਾ ਦੇ ਪਿੰਡ ‘ਫ਼ਤਿਹ ਭਿੰਡਰ’ ਵਿਖੇ ਸੁਸ਼ੋਭਿਤ ਹੈ। ਗੁਰੂ ਸਾਹਿਬ ਸਿਆਲਕੋਟ ਨੂੰ ਜਾਂਦੇ ਹੋਏ ਇੱਥੇ ਠਹਿਰੇ ਸਨ। ਗੁਰਦੁਆਰਾ ਸਾਹਿਬ ਨਾਲ ਇਕ ਏਕੜ ਜ਼ਮੀਨ ਲੱਗੀ ਹੋਈ ਹੈ।

ਗੁਰਦੁਆਰਾ ਕਰਤਾਰਪੁਰ ਸਾਹਿਬ ਦਰਬਾਰ ਸਾਹਿਬ, ਨਾਰੋਵਾਲ :

‘ਗੁਰਦੁਆਰਾ ਕਰਤਾਰਪੁਰ ਸਾਹਿਬ ਦਰਬਾਰ ਸਾਹਿਬ ਪਾਕਿਸਤਾਨ ਦੇ ਜ਼ਿਲ੍ਹਾ ਸਿਆਲੋਕਟ ਵਿਚ ਦਰਿਆ ਰਾਵੀ ਕੰਢੇ ਪਿੰਡ ਕਰਤਾਰਪੁਰ ਵਿਚ ਸੁਸ਼ੋਭਿਤ ਹੈ। ਅੱਜਕਲ੍ਹ ਇਸ ਇਤਿਹਾਸਕ ਅਸਥਾਨ ਨੂੰ ‘ਗੁਰਦੁਆਰਾ ਕਰਤਾਰਪੁਰ ਸਾਹਿਬ ਦਰਬਾਰ ਸਾਹਿਬ, ਨਾਰੋਵਾਲ’ ਆਖਿਆ ਜਾਂਦਾ ਹੈ। ਗੁਰੂ ਨਾਨਕ ਸਾਹਿਬ ਨੇ ਆਪਣੀ ਜ਼ਿੰਦਗੀ ਦੇ ਦੋ ਅਖ਼ੀਰਲੇ ਦਹਾਕੇ ਆਪਣੇ ਪਰਵਾਰ ਸਮੇਤ ਇੱਥੇ ਹੀ ਗੁਜ਼ਾਰੇ।ਇੱਥੇ ਹੀ ਭਾਈ ਲਹਿਣਾ ਜੀ ਨੇ ਗੁਰੂ ਨਾਨਕ ਸਾਹਿਬ ਤੋਂ ਸਿੱਖਿਆ ਗ੍ਰਹਿਣ ਕੀਤੀ ਅਤੇ ਇੱਥੇ ਹੀ ਗੁਰੂ ਨਾਨਕ ਦੇਵ ਜੀ ਨੇ ਉਨ੍ਹਾਂ ਨੂੰ ਸ੍ਰੀ ਅੰਗਦ ਸਾਹਿਬ ਦੇ ਨਾਮ ਨਾਲ ਗੁਰਗੱਦੀ ਦਿੰਦਿਆਂ ਆਪਣਾ ਉਤਰਾਧਿਕਾਰੀ ਨਿਯੁਕਤ ਕੀਤਾ। ਗੁਰੂ ਨਾਨਕ ਸਾਹਿਬ ਇੱਥੇ ਹੀ ਆਪਣੀ ਸੰਸਾਰਿਕ ਯਾਤਰਾ ਸੰਪੂਰਨ ਕਰ ਇਲਾਹੀ ਜੋਤਿ ਵਿਚ ਲੀਨ ਹੋ ਗਏ। ਇਹ ਗੁਰਦੁਆਰਾ ਸਾਹਿਬ ਹਿੰਦੁਸਤਾਨ-ਪਾਕਿਸਤਾਨ ਸਰਹੱਦ ਤੋਂ ਵੀ ਨਜ਼ਰ ਆਉਂਦਾ ਹੈ। ਗੁਰਦੁਆਰਾ ਸਾਹਿਬ ਨਾਲ ਸਲਾਨਾ ਜਗੀਰ ਤੋਂ ਛੁੱਟ 70 ਏਕੜ ਜ਼ਮੀਨ ਕਈ ਪਿੰਡਾਂ ਵਿਚ ਮੌਜੂਦ ਹੈ। ਇਕ ਵਾਰ ਇਸ ਨਗਰ ਨੂੰ ਰਾਵੀ ਨਦੀ ਵਿਚ ਆਏ ਹੜ੍ਹ ਨੇ ਰੋੜ੍ਹ ਦਿੱਤਾ। ਬਾਬਾ ਸ੍ਰੀ ਚੰਦ ਜੀ ਅਤੇ ਬਾਬਾ ਲਖਮੀ ਦਾਸ ਜੀ ਨੇ ਬਾਬਾ ਬੁੱਢਾ ਜੀ ਦੀ ਮਦਦ ਨਾਲ ਨਵਾਂ ਦੇਹਰਾ ਰਾਵੀ ਦਰਿਆ ਦੇ ਉਰਲੇ ਪਾਸੇ ਅਜਿਤੇ ਰੰਧਾਵੇ ਦੇ ਖੂਹ ਪਾਸ ਬਣਵਾ ਦਿੱਤਾ। ਬਾਅਦ ਵਿਚ ਬਾਬਾ ਲਖਮੀ ਦਾਸ ਦੇ ਪੁੱਤਰ ਬਾਬਾ ਧਰਮ ਦਾਸ ਨੇ ਇਥੇ ਇਕ ਨਗਰ ਆਬਾਦ ਕੀਤਾ ਜਿਸ ਦਾ ਨਾਂ ਡੇਰਾ ਬਾਬਾ ਨਾਨਕ ਪ੍ਰਚਲਿਤ ਹੋ ਗਿਆ। ਇਥੇ ਇਹ ਗੱਲ ਧਿਆਨ ਰੱਖਣਯੋਗ ਹੈ ਕਿ ਕਰਤਾਰਪੁਰ ਨਗਰ ਪਾਕਿਸਤਾਨ ਵਿਚ ਹੈ ਪਰ ਡੇਰਾ ਬਾਬਾ ਨਾਨਕ ਭਾਰਤ ਤੇ ਪੰਜਾਬ ਪ੍ਰਦੇਸ਼ ਦੇ ਜ਼ਿਲ੍ਹਾ ਗੁਰਦਾਸਪੁਰ ਦਾ ਨਗਰ ਹੈ। ਗੁਰਦੁਆਰਾ ਡੇਹਰਾ ਬਾਬਾ ਨਾਨਕ ਦੀ ਉਸਾਰੀ ਮਹਾਰਾਜਾ ਰਣਜੀਤ ਸਿੰਘ ਨੇ 1827 ਈ: ਵਿਚ ਕਰਵਾਈ ਸੀ। ਇੱਥੇ ਪੰਜ ਅਸਥਾਨ ਹਨ: 1. ਚੋਲਾ ਸਾਹਿਬ 2. ਬਾਬਾ ਸ੍ਰੀ ਚੰਦ ਦੇ ਬਿਰਾਜਣ ਦੀ ਥਾਂ 3. ਟਾਲ੍ਹੀਆਂ 4. ਡੇਰਾ ਸਾਹਿਬ (ਦੇਹਰਾ) 5. ਧਰਮਸ਼ਾਲਾ ਗੁਰੂ ਨਾਨਕ ਸਾਹਿਬ।

ਹਿਮਾਚਲ ਪ੍ਰਦੇਸ਼

1. ਗੁਰਦੁਆਰਾ ਚਰਣਪਾਦੁਕਾ, ਕੋਟਦ੍ਵਾਰ:

ਗੁਰਦੁਆਰਾ ਚਰਣਪਾਦੁਕਾ ਗੜ੍ਹਵਾਲ ਦੇ ਇਕ ਨਗਰ ਕੋਟਦ੍ਵਾਰ ਵਿਚ ਸ੍ਰੀ ਗੁਰੂ ਨਾਨਕ ਸਾਹਿਬ ਦੀ ਯਾਦ ਵਿਚ ਸੁਸ਼ੋਭਿਤ ਹੈ।

2. ਗੁਰਦੁਆਰਾ ਸਾਹਿਬ ਜੋਹੜ:

ਹਿਮਾਚਲ ਪ੍ਰਦੇਸ਼ ਦਾ ਇਕ ਅਸਥਾਨ ਜੋਹੜ ਹੈ, ਜਿੱਥੇ ਸ੍ਰੀ ਗੁਰੂ ਨਾਨਕ ਸਾਹਿਬ ਆਪਣੀ ਇਕ ਪ੍ਰਚਾਰ-ਯਾਤਰਾ ਦੌਰਾਨ ਆਏ ਸਨ ਅਤੇ ਗੁਰੂ ਸਾਹਿਬ ਨੇ ਇੱਥੋਂ ਦੇ ਇਕ ਮਾਹੀਆ ਨਾਂ ਦੇ ਗੁੱਜਰ ਦੀ ਬੇਨਤੀ ਮੰਨ ਕੇ ਇੱਥੇ ਜਲ ਦਾ ਸੋਮਾ ਪ੍ਰਗਟ ਕੀਤਾ ਸੀ, ਜੋ ਹੁਣ ਸ਼ਾਨਦਾਰ ਸਰੋਵਰ ਦੇ ਰੂਪ ਵਿਚ ਹੈ ਅਤੇ ਇਹ ਮਾਹੀਆ ਗੁੱਜਰ ਦੇ ਨਾਂ ’ਤੇ ‘ਮਾਹੀਆ ਜੋਹੜ’ ਕਰਕੇ ਪ੍ਰਸਿੱਧ ਹੈ। ਇਸ ਦੇ ਨਾਲ ਹੀ ਗੁਰਦੁਆਰਾ ਸਾਹਿਬ ਦੀ ਇਮਾਰਤ ਸੁਸ਼ੋਭਿਤ ਹੈ।

3. ਗੁਰਦੁਆਰਾ ਸਾਹਿਬ ਜਵਾਲਾ ਦੇਵੀ:

ਇਹ ਗੁਰਦੁਆਰਾ ਨਦੌਣ ਅਤੇ ਕਾਂਗੜੇ ਦੇ ਨਜ਼ਦੀਕ ਜਵਾਲਾਮੁਖੀ ਪਹਾੜੀ ਕੋਲ ਗੁਰੂ ਨਾਨਕ ਸਾਹਿਬ ਦੀ ਆਮਦ ਦੀ ਯਾਦ ਵਿਚ ਸੁਸ਼ੋਭਿਤ ਹੈ।

4. ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਮਨੀਕਰਨ :

ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕੁੱਲੂ ਦੇ ਇਕ ਨਗਰ ਮਨੀਕਰਨ ਵਿਚ ਹਰੀ ਹਰ ਘਾਟ ਦੇ ਨਜ਼ਦੀਕ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਆਮਦ ਦੀ ਯਾਦ ਵਿਚ ਇਹ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਜਨਮਸਾਖੀ ਅਤੇ ਗਿਆਨੀ ਗਿਆਨ ਸਿੰਘ ਦੁਆਰਾ ਰਚਿਤ ‘ਤਵਾਰੀਖ ਗੁਰੂ ਖਾਲਸਾ’ ਦੇ ਇਤਿਹਾਸਿਕ ਸ੍ਰੋਤ ਦੱਸਦੇ ਹਨ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਅਸਥਾਨ ’ਤੇ ਆਪਣੀ ਤੀਸਰੀ ਉਦਾਸੀ ਸਮੇਂ ਆਪਣੇ ਸਿੱਖਾਂ ਭਾਈ ਬਾਲਾ ਅਤੇ ਭਾਈ ਮਰਦਾਨਾ ਜੀ ਨਾਲ ਇੱਥੇ ਆਏ ਸਨ ਅਤੇ ਇੱਥੇ ਉਨ੍ਹਾਂ ਨੇ ਲੰਗਰ ਪਕਾਉਣ ਲਈ ਗਰਮ ਪਾਣੀ ਦੇ ਚਸ਼ਮੇ ਨੂੰ ਪ੍ਰਗਟ ਕੀਤਾ ਸੀ।

ਹਰਿਆਣਾ

1. ਗੁਰਦੁਆਰਾ ਮੰਜੀ ਸਾਹਿਬ ਪੰਜੌਰ:

ਚੰਡੀਗੜ੍ਹ ਅਤੇ ਕਾਲਕਾ ਦੇ ਵਿਚਕਾਰ ਪੈਂਦੇ ਪੰਜੌਰ ਸ਼ਹਿਰ ਦੇ ਮੇਨ ਬਜ਼ਾਰ ਵਿਖੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਆਮਦ ਦੀ ਯਾਦ ਵਿਚ ਉਪਰੋਕਤ ਇਤਿਹਾਸਿਕ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਇਤਿਹਾਸਿਕ ਸ੍ਰੋਤ ਦੱਸਦੇ ਹਨ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਇੱਥੇ ਆਪਣੀ ਤੀਸਰੀ ਉਦਾਸੀ ਦੌਰਾਨ ਆਏ ਸਨ। ਇੱਥੇ ਹੀ ਗੁਰੂ ਸਾਹਿਬ ਨੇ ਜੋਗੀਆਂ ਨਾਲ ਵਿਚਾਰ-ਗੋਸ਼ਟੀ ਕਰਦਿਆਂ ਆਸਾ ਕੀ ਵਾਰ ਦਾ ਸ਼ਬਦ ‘ਲਿਖਿ ਲਿਖਿ ਪੜਿਆ’ ਸ਼ਬਦ ਦਾ ਉਚਾਰਨ ਕੀਤਾ ਸੀ। ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਟੁੰਡੇ ਰਾਜੇ ਨੂੰ ਤੰਦਰੁਸਤ ਕੀਤਾ ਸੀ। ਜਿਸ ਬਉਲੀ ਦੇ ਨੇੜੇ ਟੁੰਡੇ ਰਾਜੇ ਦੀ ਗੁਰੂ ਸਾਹਿਬ ਨਾਲ ਭੇਟ ਹੋਈ ਉਹ ਅੱਜ ਵੀ ਮੌਜੂਦ ਹੈ। ਗੁਰੂ ਸਾਹਿਬ ਦੀ ਯਾਦ ਵਿਚ ਪਹਿਲਾਂ ਇੱਥੇ ਇਕ ਛੋਟਾ ਜਿਹਾ ਥੜ੍ਹਾ ਬਣਾਇਆ ਗਿਆ ਸੀ ਜੋ ਅੱਜ ਵੀ ਮੌਜੂਦ ਹੈ। ਬਾਅਦ ਵਿਚ ਗੁਰਦੁਆਰਾ ਸਾਹਿਬ ਦੀ ਨਵੀਂ ਵਿਸ਼ਾਲ ਇਮਾਰਤ ਦਾ ਨਿਰਮਾਣ ਮਹਾਰਾਜਾ ਕਰਮ ਸਿੰਘ ਨੇ ਕਰਵਾਇਆ।

2. ਗੁਰਦੁਆਰਾ ਸਿੱਧ ਬਟੀ ਥਾਨੇਸਰ:

ਗੁਰਦੁਆਰਾ ਸਿੱਧ ਬਟੀ ਜ਼ਿਲ੍ਹਾ ਕੁਰੂਕਸ਼ੇਤਰ ਵਿਚ ਥਾਨੇਸਰ ਦੇ ਸਥਾਨ ’ਤੇ ਗੁਰੂ ਨਾਨਕ ਸਾਹਿਬ ਜੀ ਦੀ ਪਹਿਲੀ ਉਦਾਸੀ ਵਿਚ ਆਮਦ ਦੀ ਯਾਦ ਵਿਚ ਸੁਸ਼ੋਭਿਤ ਹੈ। ਇਤਿਹਾਸਿਕ ਸ੍ਰੋਤ ਦੱਸਦੇ ਹਨ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੂਰਜ ਗ੍ਰਹਿਣ ਸਮੇਂ ਆ ਕੇ ਮਾਸ ਪਕਾ ਕੇ ਲੋਕਾਂ ਨੂੰ ਉਪਦੇਸ਼ ਦਿੱਤਾ ਸੀ ਕਿ ਸੂਰਜ-ਗ੍ਰਹਿਣ ਇਕ ਕੁਦਰਤੀ ਕ੍ਰਿਆ ਹੈ, ਜਿਸ ਦਾ ਮਨੁੱਖਾਂ ਲਈ ਰੋਟੀ ਬਣਾਉਣ ਜਾਂ ਨਾ ਬਣਾਉਣ ਨਾਲ ਕੋਈ ਸੰਬੰਧ ਨਹੀਂ। ਇਸੇ ਥਾਂ ਹੀ ਗੁਰੂ ਨਾਨਕ ਸਾਹਿਬ ਜੀ ਨੇ ਲੋਕਾਂ ਨੂੰ ਉਪਦੇਸ਼ ਦਿੰਦਿਆਂ “ਮਾਸੁ ਮਾਸੁ ਕਰਿ ਮੂਰਖੁ ਝਗੜੇ” ਸ਼ਬਦ ਦਾ ਉਚਾਰਨ ਕੀਤਾ ਸੀ।

3. ਗੁਰਦੁਆਰਾ ਕਰਹਾ ਸਾਹਿਬ, ਪਿਹੋਵਾ:

ਗੁਰਦੁਆਰਾ ਕਰਹਾ ਸਾਹਿਬ ਕੁਰੂਕਸ਼ੇਤਰ ਦੇ ਇਕ ਪਿੰਡ ਪਿਹੋਵਾ ਦੇ ਨੇੜੇ ਹੈ। ਇਸ ਪਿੰਡ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਇਲਾਵਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਵੀ ਮੁਬਾਰਕ ਚਰਨ-ਛੋਹ ਪ੍ਰਾਪਤ ਹੈ। ਕਿਹਾ ਜਾਂਦਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਇੱਥੇ ਆਪਣੀ ਪਹਿਲੀ ਉਦਾਸੀ ਦੌਰਾਨ ਆਏ ਸਨ।

4. ਗੁਰਦੁਆਰਾ ਬਾਉਲੀ ਸਾਹਿਬ, ਪਿਹੋਵਾ:

ਗੁਰਦੁਆਰਾ ਬਾਉਲੀ ਸਾਹਿਬ ਜ਼ਿਲ੍ਹਾ ਕੁਰੂਕਸ਼ੇਤਰ ਦੇ ਇਕ ਨਗਰ ਪਿਹੋਵਾ ਵਿਖੇ ਸ੍ਰੀ ਗੁਰੂ ਨਾਨਕ ਸਾਹਿਬ ਦੀ ਆਮਦ ਦੀ ਯਾਦ ਵਿਚ ਸੁਸ਼ੋਭਿਤ ਹੈ। ਇਸ ਅਸਥਾਨ ਉੱਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਆਪਣੇ ਪਵਿੱਤਰ ਚਰਨ ਪਾਏ ਹਨ। ਇਸ ਅਸਥਾਨ ’ਤੇ ਸ੍ਰੀ ਗੁਰੂ ਨਾਨਕ ਸਾਹਿਬ ਨੇ ਲੋਕਾਈ ਨੂੰ ਫੋਕੇ ਕਰਮਕਾਂਡਾਂ ਤੋਂ ਹਟਾ ਕੇ ਇਕ ਅਕਾਲ ਪੁਰਖ ਨਾਲ ਜੁੜਨ ਲਈ ਪ੍ਰੇਰਿਆ।

5. ਗੁਰਦੁਆਰਾ ਮੰਜੀ ਸਾਹਿਬ, ਪਿਹੋਵਾ:

ਗੁਰਦੁਆਰਾ ਮੰਜੀ ਸਾਹਿਬ ਜ਼ਿਲ੍ਹਾ ਕੁਰੂਕਸ਼ੇਤਰ ਦੇ ਇਕ ਨਗਰ ਪਿਹੋਵਾ ਵਿਖੇ ਸਰਸਵਤੀ ਨਦੀ ਦੇ ਕੰਢੇ ’ਤੇ ਗੁਰਦੁਆਰਾ ਬਾਉਲੀ ਸਾਹਿਬ ਨਜ਼ਦੀਕ ਸੁਸ਼ੋਭਿਤ ਹੈ। ਇਸ ਅਸਥਾਨ ’ਤੇ ਸ੍ਰੀ ਗੁਰੂ ਨਾਨਕ ਸਾਹਿਬ, ਸ੍ਰੀ ਗੁਰੂ ਅਮਰਦਾਸ ਸਾਹਿਬ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ, ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੇ ਮੁਬਾਰਕ ਕਦਮ ਪਾਏ ਸਨ।

6. ਗੁਰਦੁਆਰਾ ਸਾਹਿਬ ਸ਼ੀਸ਼ ਮਹਿਲ ਪਿਹੋਵਾ :

ਗੁਰਦੁਆਰਾ ਸਾਹਿਬ ਸ਼ੀਸ਼ ਮਹਿਲ ਜ਼ਿਲ੍ਹਾ ਕੁਰੂਕਸ਼ੇਤਰ ਦੇ ਇਕ ਨਗਰ ਪਿਹੋਵਾ ਦੇ ਵਿਚਕਾਰ ਸੁਸ਼ੋਭਿਤ ਹੈ। ਇਤਿਹਾਸਿਕ ਸ੍ਰੋਤਾਂ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਪਹਿਲੀ ਉਦਾਸੀ ਤੋਂ ਵਾਪਸ ਆਉਂਦੇ ਹੋਏ ਇਸ ਜਗ੍ਹਾ ’ਤੇ ਆਪਣੇ ਪਵਿੱਤਰ ਚਰਨ ਪਾਏ ਸਨ ਅਤੇ ਇੱਥੇ ਹੀ ਉਨ੍ਹਾਂ ਨੇ ਲੋਕਾਂ ਨੂੰ ਪਿੱਤਰ-ਪੂਜਾ ਤੋਂ ਵਰਜਦਿਆਂ, ਕਰਮ-ਕਾਂਡਾਂ ਨੂੰ ਛੱਡ ਕੇ ਸੱਚੇ ਅਕਾਲ ਪੁਰਖ ਦੀ ਅਰਾਧਨਾ ਕਰਨ ਲਈ ਪ੍ਰੇਰਿਆ ਸੀ ਅਤੇ ਉਨ੍ਹਾਂ ਨੂੰ ਉਪਦੇਸ਼ ਦਿੱਤਾ ਕਿ ਕੇਵਲ ਮਨੁੱਖ ਦੇ ਕੀਤੇ ਚੰਗੇ ਕਰਮ ਹੀ ਦੋਹਾਂ ਜਹਾਨਾਂ ਵਿਚ ਉਸ ਲਈ ਸਹਾਈ ਹੁੰਦੇ ਹਨ। ਮਨੁੱਖ ਆਪਣੇ ਚੰਗੇ ਕਰਮਾਂ ਕਰਕੇ ਹੀ ਮਾਨ-ਸਨਮਾਨ ਪ੍ਰਾਪਤ ਕਰ ਸਕਦਾ ਹੈ।

7. ਗੁਰਦੁਆਰਾ ਤ੍ਰਿਵੈਣੀ ਸਾਹਿਬ ਕਰੋਹ ਸਾਹਿਬ :

ਗੁਰਦੁਆਰਾ ਤ੍ਰਿਵੈਣੀ ਸਾਹਿਬ ਜ਼ਿਲ੍ਹਾ ਕੁਰਕਸ਼ੇਤਰ ਦੀ ਪਿਹੋਵਾ ਤਹਿਸੀਲ ਦੇ ਪਿੰਡ ਕਰੋਹ ਸਾਹਿਬ ਵਿਖੇ ਸੁਸ਼ੋਭਿਤ ਹੈ। ਇਤਿਹਾਸਿਕ ਸ੍ਰੋਤਾਂ ਅਨੁਸਾਰ ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਇਲਾਵਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਆਪਣੇ ਪਵਿੱਤਰ ਚਰਨ ਪਾਏ ਅਤੇ ਇਸ ਧਰਤੀ ਨੂੰ ਪਾਵਨ ਕੀਤਾ। ਸ੍ਰੀ ਗੁਰੂ ਨਾਨਕ ਦੇਵ ਜੀ ਇੱਥੇ ਆਪਣੀ ਪੂਰਬ ਦੀ ਉਦਾਸੀ ਸਮੇਂ ਆਏ ਸਨ। ਉਸ ਸਮੇਂ ਇੱਥੋਂ ਦਾ ਚੌਧਰੀ ਕਾਲੂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੋਂ ਪ੍ਰਭਾਵਿਤ ਹੋ ਕੇ ਸਿੱਖ ਬਣ ਗਿਆ ਅਤੇ ਉਸ ਨੇ ਗੁਰੂ ਸਾਹਿਬ ਦੀ ਯਾਦ ਵਿਚ ਇੱਥੇ ਇਕ ਬਾਉਲੀ ਦਾ ਨਿਰਮਾਣ ਕਰਵਾਇਆ ਜੋ ਅੱਜ ਵੀ ਮੌਜੂਦ ਹੈ।

8. ਗੁਰਦੁਆਰਾ ਮੰਜੀ ਸਾਹਿਬ, ਕਰਨਾਲ:

ਗੁਰਦੁਆਰਾ ਮੰਜੀ ਸਾਹਿਬ ਹਰਿਆਣੇ ਦੇ ਕਰਨਾਲ ਸ਼ਹਿਰ ਵਿਚ ਸੁਸ਼ੋਭਿਤ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਪਹਿਲੀ ਪ੍ਰਚਾਰ-ਫੇਰੀ ਦੌਰਾਨ ਇੱਥੇ ਆਏ ਸਨ ਅਤੇ ਇੱਥੇ ਹੀ ਗੁਰੂ ਨਾਨਕ ਸਾਹਿਬ ਜੀ ਨੇ ਸ਼ੇਖਾਂ ਅਤੇ ਪੀਰਾਂ ਨੂੰ ਕਰਮਕਾਂਡਾਂ ਦਾ ਤਿਆਗ ਕਰ ਕੇ ਇੱਕੋ-ਇਕ ਅਕਾਲ ਪੁਰਖ ਦੀ ਅਰਾਧਨਾ ਕਰਨ ਦਾ ਉਪਦੇਸ਼ ਦਿੱਤਾ। ਇਸ ਨਗਰ ਵਿਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਦਿੱਲੀ ਤੋਂ ਲਖਨੌਰ ਜਾਣ ਸਮੇਂ ਰੁਕੇ ਸਨ।

9. ਗੁਰਦੁਆਰਾ ਸਾਹਿਬ ਪਾਤਸ਼ਾਹੀ ਪਹਿਲੀ ਕਪਾਲਮੋਚਨ:

ਗੁਰਦੁਆਰਾ ਸਾਹਿਬ ਪਾਤਸ਼ਾਹੀ ਪਹਿਲੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਆਮਦ ਦੀ ਯਾਦ ਵਿਚ ਹਰਿਆਣਾ ਦੇ ਯਮੁਨਾਨਗਰ ਦੇ ਇਕ ਇਲਾਕੇ ਕਪਾਲਮੋਚਨ ਵਿਖੇ ਸੁਸ਼ੋਭਿਤ ਹੈ। ਕਿਹਾ ਜਾਂਦਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਹਰਿਦੁਆਰ ਤੋਂ ਸਹਾਰਨਪੁਰ ਹੁੰਦੇ ਹੋਏ ਕੱਤਕ ਦੀ ਪੂਰਨਮਾਸ਼ੀ ਨੂੰ ਇਸ ਅਸਥਾਨ ’ਤੇ ਪਹੁੰਚੇ ਸਨ। ਇੱਥੇ ਹੀ ਗੁਰੂ ਸਾਹਿਬ ਨੇ ਸਾਧੂਆਂ, ਸੰਨਿਆਸੀਆਂ ਤੇ ਜੋਗੀਆਂ ਨਾਲ ਵਿਚਾਰ-ਚਰਚਾ ਕਰਦਿਆਂ ਉਨ੍ਹਾਂ ਨੂੰ ਸੱਚੇ ਰੱਬੀ ਗਿਆਨ ਦਾ ਉਪਦੇਸ਼ ਦਿੱਤਾ। ਇਤਿਹਾਸਿਕ ਸ੍ਰੋਤ ਦੱਸਦੇ ਹਨ ਕਿ ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ‘ਜੇ ਕਰਿ ਸੂਤਕੁ ਮੰਨੀਐ ਸਭ ਤੈ ਸੂਤਕੁ ਹੋਇ’ ਸ਼ਬਦ ਦਾ ਉਚਾਰਨ ਕਰ ਕੇ ਲੋਕਾਂ ਨੂੰ ਵਹਿਮਾਂ-ਭਰਮਾਂ ਤੋਂ ਮੁਕਤ ਹੋ ਕੇ ਅਕਾਲ ਪੁਰਖ ਦੀ ਅਰਾਧਨਾ ਕਰਨ ਦੀ ਪ੍ਰੇਰਨਾ ਕੀਤੀ ਸੀ।

10. ਗੁਰਦੁਆਰਾ ਚਿੱਲ੍ਹਾ ਸਾਹਿਬ ਪਾਤਸ਼ਾਹੀ ਪਹਿਲੀ, ਸਿਰਸਾ:

ਹਰਿਆਣਾ ਰਾਜ ਦੇ ਸਿਰਸਾ ਨਗਰ ਦੇ ਨਹੋਰੀਆ ਬਜ਼ਾਰ ਵਿਚ ਸ੍ਰੀ ਗੁਰੂ ਨਾਨਕ ਸਾਹਿਬ ਦੀ ਆਮਦ ਦੀ ਯਾਦ ਵਿਚ ਗੁਰਦੁਆਰਾ ਚਿੱਲ੍ਹਾ ਸਾਹਿਬ ਪਾਤਸ਼ਾਹੀ ਪਹਿਲੀ ਸੁਸ਼ੋਭਿਤ ਹੈ। ਇਤਿਹਾਸਿਕ ਸ੍ਰੋਤ ਦੱਸਦੇ ਹਨ ਕਿ ਗੁਰੂ ਸਾਹਿਬ ਨੇ ਇੱਥੇ ਚਾਲੀ ਦਿਨ ਠਹਿਰ ਕੇ ਸੂਫੀ ਫਕੀਰਾਂ ਨਾਲ ਵਿਚਾਰ-ਗੋਸ਼ਟੀਆਂ ਕਰਦਿਆਂ ਸਿੱਖੀ ਦਾ ਪ੍ਰਚਾਰ ਕੀਤਾ।

11. ਗੁਰਦੁਆਰਾ ਬਾਉਲੀ ਸਾਹਿਬ, ਪੰਚਕੂਲਾ :

ਗੁਰਦੁਆਰਾ ਬਾਉਲੀ ਸਾਹਿਬ ਚੰਡੀਗੜ੍ਹ ਦੇ ਨਜ਼ਦੀਕ ਪੰਚਕੂਲਾ ਨਗਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਆਮਦ ਦੀ ਯਾਦ ਵਿਚ ਸੁਸ਼ੋਭਿਤ ਹੈ। ਇਹ ਗੁਰਦੁਆਰਾ ਹਿੰਦੂ ਮੱਤ ਦੇ ਪ੍ਰਸਿੱਧ ਤੀਰਥ-ਅਸਥਾਨ ਮਾਤਾ ਮਨਸਾ ਦੇਵੀ ਦੇ ਮੰਦਰ ਦੇ ਨਜ਼ਦੀਕ ਹੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ-ਚਰਨ ਛੋਹ ਪ੍ਰਾਪਤ ਇਕ ਪਾਣੀ ਦਾ ਸ੍ਰੋਤ ਇਸ ਜਗ੍ਹਾ ’ਤੇ ਅੱਜ ਵੀ ਮੌਜੂਦ ਹੈ ਜਿਸ ਨੂੰ ਬਾਉਲੀ ਸਾਹਿਬ ਕਿਹਾ ਜਾਂਦਾ ਹੈ।

ਦਿੱਲੀ

1. ਗੁਰਦੁਆਰਾ ਨਾਨਕ ਪਿਆਉ ਸਾਹਿਬ, ਦਿੱਲੀ :

ਗੁਰਦੁਆਰਾ ਨਾਨਕ ਪਿਆਉ ਸਾਹਿਬ ਦਿੱਲੀ ਵਿਖੇ ਅਜ਼ਾਦਪੁਰ ਲਾਗੇ ਸ਼ੇਰ ਸ਼ਾਹ ਸੂਰੀ ਮਾਰਗ ਉੱਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਆਮਦ ਦੀ ਯਾਦ ਵਿਚ ਸੁਸ਼ੋਭਿਤ ਹੈ। ਇੱਥੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਸਿਕੰਦਰ ਲੋਧੀ ਦੇ ਸਮੇਂ ਪਧਾਰੇ ਸਨ ਅਤੇ ਇੱਥੇ ਇਕ ਬਾਗ ਵਿਚ ਠਹਿਰੇ ਸਨ। ਇਹ ਅਸਥਾਨ ਉਸ ਸਮੇਂ ਮੁੱਖ ਸੜਕ ’ਤੇ ਪੈਂਦਾ ਸੀ ਇਸ ਕਾਰਨ ਆਉਣ-ਜਾਣ ਵਾਲੇ ਰਾਹੀ ਕੁਝ ਸਮਾਂ ਇਸ ਬਾਗ ਵਿਚ ਰੁਕ ਕੇ ਗਰਮੀ ਅਤੇ ਥਕਾਵਟ ਤੋਂ ਰਾਹਤ ਪ੍ਰਾਪਤ ਕਰਦੇ ਸਨ। ਇਸ ਲਈ ਇਸ ਅਸਥਾਨ ’ਤੇ ਸ੍ਰੀ ਗੁਰੂ ਨਾਨਕ ਸਾਹਿਬ ਨੇ ਆਉਣ-ਜਾਣ ਵਾਲਿਆਂ ਰਾਹੀਆਂ ਦੀ ਸਹੂਲਤ ਲਈ ਖੂਹ ਪੁਟਵਾਇਆ। ਸਿਕੰਦਰ ਲੋਧੀ ਨੇ ਵੀ ਗੁਰੂ ਸਾਹਿਬ ਜੀ ਦੇ ਦਰਸ਼ਨ ਇਸੇ ਅਸਥਾਨ ’ਤੇ ਆ ਕੇ ਕੀਤੇ ਸਨ।

2. ਗੁਰਦੁਆਰਾ ਮਜਨੂੰ ਟਿੱਲਾ ਸਾਹਿਬ, ਦਿੱਲੀ:

ਗੁਰਦੁਆਰਾ ਮਜਨੂੰ ਟਿੱਲਾ ਸਾਹਿਬ ਦਰਿਆ ਯਮੁਨਾ ਦੇ ਕੰਢੇ ਉੱਪਰ ਇਕ ਟਿੱਲੇ ’ਤੇ ਸਥਿਤ ਹੈ। ਇਤਿਹਾਸਿਕ ਸ੍ਰੋਤਾਂ ਅਨੁਸਾਰ ਸਿਕੰਦਰ ਲੋਧੀ ਦੇ ਸਮੇਂ ਇਕ ਮਜਨੂੰ ਨਾਂ ਦਾ ਮੁਸਲਿਮ ਫਕੀਰ ਇਸ ਟਿੱਲੇ ਉੱਪਰ ਰਹਿੰਦਾ ਸੀ। ਸ੍ਰੀ ਗੁਰੂ ਨਾਨਕ ਸਾਹਿਬ ਜੀ ਆਪਣੀ ਪ੍ਰਚਾਰ-ਫੇਰੀ ਸਮੇਂ ਜਦੋਂ ਦਿੱਲੀ ਆਏ ਤਾਂ ਉਹ ਇੱਥੇ ਠਹਿਰ ਕੇ ਇਸ ਮੁਸਲਿਮ ਫਕੀਰ ਨਾਲ ਗੋਸ਼ਟੀ ਕੀਤੀ। ਮਜਨੂੰ ਫਕੀਰ ਆਪ ਦੀਆਂ ਸਿੱਖਿਆਵਾਂ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਆਪ ਦਾ ਸ਼ਰਧਾਲੂ ਬਣ ਗਿਆ। ਇਤਿਹਾਸਿਕ ਸ੍ਰੋਤਾਂ ਅਨੁਸਾਰ ਹਜ਼ਰਤ ਨਿਜ਼ਾਮੂਦੀਨ ਔਲੀਆ ਵੀ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਇਸ ਅਸਥਾਨ ’ਤੇ ਕਈ ਵਾਰ ਆਇਆ।

ਕਰਨਾਟਕ

1. ਗੁਰਦੁਆਰਾ ਨਾਨਕ ਝੀਰਾ ਸਾਹਿਬ ਬਿਦਰ:

ਗੁਰਦੁਆਰਾ ਨਾਨਕ ਝੀਰਾ ਸਾਹਿਬ ਕਰਨਾਟਕਾ ਦੇ ਇਕ ਨਗਰ ਬਿਦਰ ਵਿਚ ਸੁਸ਼ੋਭਿਤ ਹੈ। ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਇੱਥੇ ਆਏ ਤਾਂ ਉਨ੍ਹਾਂ ਪਿੰਡੋਂ ਬਾਹਰ ਇਕ ਪਹਾੜੀ ਦੇ ਹੇਠਾਂ ਆਪਣਾ ਡੇਰਾ ਲਾਇਆ ਅਤੇ ਭਾਈ ਮਰਦਾਨਾ ਜੀ ਸੰਗ ਕੀਰਤਨ ਕਰਨਾ ਸ਼ੁਰੂ ਕੀਤਾ। ਇੱਥੇ ਹੀ ਮੁਸਲਿਮ ਫਕੀਰ ਪੀਰ ਜਲਾਲ-ਉ-ਦੀਨ ਆਪਣੇ ਸੰਗੀਆਂ ਨਾਲ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਆਇਆ। ਜਿੱਥੇ ਗੁਰੂ ਸਾਹਿਬ ਬੈਠੇ ਸਨ, ਉੱਥੇ ਪਾਣੀ ਦੀ ਘਾਟ ਸੀ। ਇਤਿਹਾਸਿਕ ਸ੍ਰੋਤ ਦੱਸਦੇ ਹਨ ਕਿ ਜਲਾਲ-ਉ-ਦੀਨ ਪੀਰ ਦੀ ਬੇਨਤੀ ’ਤੇ ਗੁਰੂ ਸਾਹਿਬ ਨੇ ਪਾਣੀ ਦਾ ਮਿੱਠਾ ਚਸ਼ਮਾ ਪ੍ਰਗਟ ਕੀਤਾ। ਇਸ ਚਸ਼ਮੇ ਨੂੰ ‘ਨਾਨਕ ਝੀਰਾ’ ਆਖਦੇ ਹਨ।

ਮਹਾਂਰਾਸ਼ਟਰ

1. ਗੁਰਦੁਆਰਾ ਮਾਲ ਟੇਕੜੀ ਸਾਹਿਬ, ਨੰਦੇੜ:

ਗੁਰਦੁਆਰਾ ਮਾਲ ਟੇਕੜੀ ਸਾਹਿਬ ਸੱਚਖੰਡ ਹਜ਼ੂਰ ਸਾਹਿਬ ਦੇ ਨਜ਼ਦੀਕ ਸੁਸ਼ੋਭਿਤ ਹੈ। ਇਤਿਹਾਸਿਕ ਸ੍ਰੋਤ ਦੱਸਦੇ ਹਨ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਾਨਕਪੁਰੀ ਤੋਂ ਨਾਨਕ ਝੀਰਾ ਜਾਂਦੇ ਸਮੇਂ ਆਪਣੇ ਮੁਬਾਰਕ ਕਦਮ ਇੱਥੇ ਰੱਖੇ ਸਨ। ਇਸ ਜਗ੍ਹਾ ਨੂੰ ਗੁਰੂ ਨਾਨਕ ਸਾਹਿਬ ਤੋਂ ਇਲਾਵਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ-ਛੋਹ ਵੀ ਪ੍ਰਾਪਤ ਹੈ।

2. ਗੁਰਦੁਆਰਾ ਨਾਨਕਪੁਰੀ ਸਾਹਿਬ, ਨੰਦੇੜ:

ਗੁਰਦੁਆਰਾ ਨਾਨਕਪੁਰੀ ਸਾਹਿਬ ਗੁਰਦੁਆਰਾ ਰਤਨਾਗੜ੍ਹ ਸਾਹਿਬ ਨੂੰ ਜਾਂਦਿਆਂ ਰਸਤੇ ਵਿਚ ਸੁਸ਼ੋਭਿਤ ਹੈ। ਇੱਥੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀਆਂ ਲੱਕੜ ਦੀਆਂ ਖੜਾਵਾਂ ਅੱਜ ਵੀ ਮੌਜੂਦ ਹਨ।

3. ਗੁਰਦੁਆਰਾ ਸ੍ਰੀ ਚੰਦਨ ਸਾਹਿਬ, ਨੰਦੇੜ :

ਗੁਰਦੁਆਰਾ ਸ੍ਰੀ ਚੰਦਨ ਸਾਹਿਬ ਨੰਦੇੜ, ਗੁਰਦੁਆਰਾ ਰਤਨਾਗੜ੍ਹ ਸਾਹਿਬ ਦੇ ਰਸਤੇ ਵਿਚ ਪੈਂਦੇ ਗੁਰਦੁਆਰਾ ਸ੍ਰੀ ਨਾਨਕਪੁਰੀ ਸਾਹਿਬ ਦੇ ਨਜ਼ਦੀਕ ਸੁਸ਼ੋਭਿਤ ਹੈ। ਇਤਿਹਾਸਿਕ ਸ੍ਰੋਤਾਂ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਬਿਦਰ ਜਾਂਦੇ ਹੋਏ ਰਸਤੇ ਵਿਚ ਇੱਥੇ ਰੁਕੇ ਸਨ ਅਤੇ ਇੱਥੇ ਹੀ ਉਨ੍ਹਾਂ ਨੇ ਗੋਰਖ ਨਾਥ, ਮਛਿੰਦਰ ਨਾਥ ਅਤੇ ਉਨ੍ਹਾਂ ਦੇ ਤਿੰਨ ਚੇਲਿਆਂ ਨੂੰ ਅਕਾਲ ਪੁਰਖ ਦੀ ਅਰਾਧਨਾ ਲਈ ਪ੍ਰੇਰ ਕੇ ਮਨੁੱਖਤਾ ਦੇ ਭਲੇ ਦੇ ਕੰਮ ਕਰਨ ਦੀ ਸਿੱਖਿਆ ਦਿੱਤੀ ਸੀ।

4. ਗੁਰਦੁਆਰਾ ਸ੍ਰੀ ਨਾਨਕਸਰ ਸਾਹਿਬ, ਨੰਦੇੜ :

ਗੁਰਦੁਆਰਾ ਸ੍ਰੀ ਨਾਨਕਸਰ ਸਾਹਿਬ ਨੰਦੇੜ, ਨੰਦੇੜ ਸ਼ਹਿਰ ਦੇ ਬਾਹਰਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਆਮਦ ਦੀ ਯਾਦ ਵਿਚ ਸੁਸ਼ੋਭਿਤ ਹੈ। ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਇਕ ਬੇਰੀ ਦੇ ਦਰੱਖਤ ਹੇਠਾਂ ਠਹਿਰੇ ਸਨ ਅਤੇ ਉਨ੍ਹਾਂ ਦੇ ਇੱਥੇ ਇਕ ਕੋਹੜੀ ਨੂੰ ਤੰਦਰੁਸਤ ਕੀਤਾ ਸੀ। ਇਸ ਅਸਥਾਨ ’ਤੇ ਗੁਰੂ ਸਾਹਿਬ ਦੀ ਯਾਦ ਵਿਚ ਇਕ ਸਰੋਵਰ ਮੌਜੂਦ ਹੈ।

ਰਾਜਸਥਾਨ

1. ਗੁਰਦੁਆਰਾ ਸਾਹਿਬ ਕੁਲਾਯਤ, ਬੀਕਾਨੇਰ:

ਬੀਕਾਨੇਰ ਦੇ ਇਕ ਪ੍ਰਾਚੀਨ ਨਗਰ ਕੁਲਾਯਤ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿਚ ਇਹ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਕਿਹਾ ਜਾਂਦਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਦੂਸਰੀ ਪ੍ਰਚਾਰ-ਫੇਰੀ ਦੌਰਾਨ ਇਸ ਨਗਰ ਵਿਚ ਆਪਣੇ ਮੁਬਾਰਕ ਚਰਨ ਪਾਏ ਸਨ ਅਤੇ ਇੱਥੇ ਉਨ੍ਹਾਂ ਨੇ ਜੈਨ-ਮੁਨੀਆਂ ਨਾਲ ਵਿਚਾਰ-ਗੋਸ਼ਟੀ ਕਰਦਿਆਂ ਉਨ੍ਹਾਂ ਨੂੰ ਸੱਚ ਦੇ ਮਾਰਗ ’ਤੇ ਚੱਲਣ ਦੀ ਪ੍ਰੇਰਨਾ ਕੀਤੀ।

2. ਗੁਰਦੁਆਰਾ ਗੁਰੂ ਸਿੰਘ ਸਭਾ, ਪੁਸ਼ਕਰ:

ਗੁਰਦੁਆਰਾ ਗੁਰੂ ਸਿੰਘ ਸਭਾ ਪੁਸ਼ਕਰ ਰਾਜਸਥਾਨ ਦੇ ਅਜਮੇਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਵਿੱਤਰ ਆਮਦ ਦੀ ਯਾਦ ਵਿਚ ਸੁਸ਼ੋਭਿਤ ਹੈ। ਕਿਹਾ ਜਾਂਦਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਇਕ ਪ੍ਰਚਾਰ-ਫੇਰੀ ਦੇ ਸਮੇਂ ਇੱਥੇ ਆਏ ਸਨ। ਗੁਰਦੁਆਰਾ ਸਾਹਿਬ ਨੂੰ ਲੋਕਲ ਸੰਗਤ ‘ਗੁਰੂ ਨਾਨਕ ਧਰਮਸ਼ਾਲਾ’ ਵੀ ਆਖਦੀ ਹੈ।

3. ਗੁਰਦੁਆਰਾ ਦਮਦਮਾ ਸਾਹਿਬ, ਪੋਖਰਨ :

ਗੁਰਦੁਆਰਾ ਦਮਦਮਾ ਸਾਹਿਬ ਕੋਲਾਇਤ ਤੋਂ ਕੋਈ 150 ਕਿਲੋਮੀਟਰ ਦੂਰ ਜੈਸਲਮੇਰ ਜ਼ਿਲ੍ਹੇ ਦੇ ਇਕ ਨਗਰ ਪੋਖਰਨ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਆਮਦ ਦੀ ਯਾਦ ਵਿਚ ਸੁਸ਼ੋਭਿਤ ਹੈ। ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਦੂਸਰੀ ਪ੍ਰਚਾਰ-ਫੇਰੀ ਦੌਰਾਨ ਆਏ ਸਨ ਅਤੇ ਇਕ ਖੂਹ ਦੇ ਨਜ਼ਦੀਕ ਰੁਕੇ ਸਨ।

ਉੜੀਸਾ

1. ਗੁਰਦੁਆਰਾ ਬਾਉਲੀ ਸਾਹਿਬ, ਜਗਨਨਾਥ ਪੁਰੀ:

ਉੜੀਸਾ ਦੇ ਇਕ ਨਗਰ ਜਗਨਨਾਥ ਪੁਰੀ ਵਿਚ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਆਮਦ ਦੀ ਯਾਦ ਵਿਚ ਗੁਰਦੁਆਰਾ ਬਾਉਲੀ ਸਾਹਿਬ ਸੁਸ਼ੋਭਿਤ ਹੈ। ਇਸ ਨੂੰ ‘ਬਾਉਲੀ ਮੱਠ’ ਵੀ ਆਖਿਆ ਜਾਂਦਾ ਹੈ। ਜਗਨਨਾਥ ਪੁਰੀ ਵਿਚ ‘ਬਾਉਲੀ ਮੱਠ’ ਅਤੇ ‘ਮੰਗੂ ਮੱਠ’ ਨਾਮਕ ਦੋ ਅਸਥਾਨ ਗੁਰੂ ਨਾਨਕ ਸਾਹਿਬ ਜੀ ਨਾਲ ਸੰਬੰਧਿਤ ਹਨ। ਇੱਥੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਧਨਾਸਰੀ ਰਾਗ ਦਾ ਸ਼ਬਦ ‘ਗਗਨ ਮੈ ਥਾਲੁ’ ਦਾ ਉਚਾਰਨ ਕੀਤਾ ਸੀ।

2. ਗੁਰਦੁਆਰਾ ਦਾਤਨ ਸਾਹਿਬ, ਕਟਕ:

ਉੜੀਸਾ ਵਿਚ ਕਟਕ ਦੇ ਕੋਲ ਗੁਰੂ ਨਾਨਕ ਸਾਹਿਬ ਜੀ ਦੀ ਆਮਦ ਦੀ ਯਾਦ ਵਿਚ ਗੁਰਦੁਆਰਾ ਦਾਤਨ ਸਾਹਿਬ ਸੁਸ਼ੋਭਿਤ ਹੈ। ਕਿਹਾ ਜਾਂਦਾ ਹੈ ਕਿ ਉਪਰੋਕਤ ਸਥਾਨ ਉੱਤੇ ਗੁਰੂ ਨਾਨਕ ਸਾਹਿਬ ਜੀ ਨੇ ਜਗਨਨਾਥ ਪੁਰੀ ਜਾਣ ਸਮੇਂ ਆਪਣੇ ਪਵਿੱਤਰ ਚਰਨ ਪਾਏ ਸਨ।

ਉੱਤਰ ਪ੍ਰਦੇਸ਼

1. ਗੁਰਦੁਆਰਾ ਗੁਰੂ ਨਾਨਕ ਟਿੱਲਾ (ਬ੍ਰਿੰਦਾਬਨ):

ਗੁਰਦੁਆਰਾ ਸਾਹਿਬ ਗੁਰੂ ਨਾਨਕ ਟਿੱਲਾ ਬ੍ਰਿੰਦਾਬਨ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਆਮਦ ਦੀ ਯਾਦ ਵਿਚ ਸੁਸ਼ੋਭਿਤ ਹੈ।ਇਤਿਹਾਸਿਕ ਸ੍ਰੋਤਾਂ ਅਨੁਸਾਰ ਇਸ ਅਸਥਾਨ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਇਲਾਵਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਵੀ ਪ੍ਰਾਪਤ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਦੋਂ ਇੱਥੋਂ ਦੇ ਲੋਕਾਂ ਦੀ ਜੀਵਨ-ਜਾਚ ਦੇਖੀ ਤਾਂ ਉਨ੍ਹਾਂ ਨੇ ਦੁਨੀਆਂਦਾਰੀ ਵਿਚ ਖਚਿਤ ਹੋਣ ਦੀ ਬਜਾਏ ਉਨ੍ਹਾਂ ਨੂੰ ਸੱਚ ਦੇ ਮਾਰਗ ਦਾ ਉਪਦੇਸ਼ ਦਿੱਤਾ ਸੀ। ਸਥਾਨਕ ਪਰੰਪਰਾ ਹੈ ਕਿ ਜਦੋਂ ਗੁਰੂ ਨਾਨਕ ਦੇਵ ਜੀ ਇਸ ਅਸਥਾਨ ’ਤੇ ਆਏ ਤਾਂ ਉਨ੍ਹਾਂ ਇਕ ਟਿੱਲੇ ’ਤੇ ਨਿਵਾਸ ਕੀਤਾ ਸੀ। ਮੌਜੂਦਾ ਸਮੇਂ ਵਿਚ ਉੱਥੇ ਇੱਕੋ-ਇੱਕ ਸਿੱਖ ਪਰਵਾਰ ਹੈ ਜਿਸ ਦੇ ਯਤਨਾਂ ਸਦਕਾ ਇਸ ਗੁਰਦੁਆਰੇ ਦੀ ਕਾਰ ਸੇਵਾ ਚੱਲ ਰਹੀ ਹੈ।

2. ਗੁਰਦੁਆਰਾ ਸਾਹਿਬ ਗੁਰੂ ਨਾਨਕ ਬਗੀਚੀ (ਮਥੁਰਾ):

ਦਿੱਲੀ ਤੋਂ ਦੱਖਣ ਵੱਲ ਜਾਂਦੇ ਮਥੁਰਾ ਵਿਖੇ ਜਮਨਾ ਨਦੀ ਦੇ ਕੰਢੇ ’ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ ਇਕ ਗੁਰਦੁਆਰਾ ਸਾਹਿਬ ‘ਗੁਰਦੁਆਰਾ ਗੁਰੂ ਨਾਨਕ ਬਗੀਚੀ’ ਸੁਸ਼ੋਭਿਤ ਹੈ। ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਖਾਰਾ ਪਾਣੀ ਮਿੱਠਾ ਕੀਤਾ ਸੀ। ਕਾਰ-ਸੇਵਾ ਰਾਹੀਂ ਇਸ ਦੀ ਪੁਰਾਤਨ ਇਮਾਰਤ ਨੂੰ ਢਾਹ ਕੇ ਨਵਾਂ ਵੱਡਾ ਗੁਰਦੁਆਰਾ ਬਣਾਇਆ ਗਿਆ ਹੈ। ਦਿੱਲੀ ਤੋਂ ਲੱਗਭਗ ਡੇਢ ਸੌ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਇਹ ਨਗਰ ਸਿੱਖ ਸ਼ਰਧਾਲੂਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਹਰਿਗੋਬਿੰਦ ਜੀ, ਸ੍ਰੀ ਗੁਰੂ ਤੇਗ ਬਹਾਦਰ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਭਾਈ ਗੁਰਦਾਸ ਜੀ, ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਕੌਰ ਜੀ ਆਦਿ ਦੀ ਯਾਦ ਦਿਵਾਉਂਦਾ ਹੈ। ਗਿਆਨੀ ਗਿਆਨ ਸਿੰਘ ਦੱਸਦੇ ਹਨ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੱਖਣ ਤੋਂ ਉੱਤਰ ਵੱਲ ਆਉਂਦੇ ਹੋਏ ਇਸ ਅਸਥਾਨ ’ਤੇ ਆਏ ਸਨ। ਇੱਥੇ ਹੀ ਗੁਰੂ ਸਾਹਿਬ ਨੇ ਇਕ ਪੰਡਿਤ ਕ੍ਰਿਸ਼ਨ ਲਾਲ ਨਾਲ ਵਿਚਾਰ-ਚਰਚਾ ਕੀਤੀ ਸੀ। ਇੱਥੇ ਕਲਯੁਗ ਦੀ ਵਿਆਖਿਆ ਕਰਦੇ ਹੋਏ ਗੁਰੂ ਜੀ ਨੇ ਫ਼ੁਰਮਾਇਆ:

ਸੋਈ ਚੰਦੁ ਚੜਹਿ ਸੇ ਤਾਰੇ ਸੋਈ ਦਿਨੀਅਰੁ ਤਪਤ ਰਹੈ॥
ਸਾ ਧਰਤੀ ਸੋ ਪਉਣੁ ਝੁਲਾਰੇ ਜੁਗ ਜੀਅ ਖੇਲੇ ਥਾਵ ਕੈਸੇ॥1॥
ਜੀਵਨ ਤਲਬ ਨਿਵਾਰਿ॥
ਹੋਵੈ ਪਰਵਾਣਾ ਕਰਹਿ ਧਿਙਾਣਾ ਕਲਿ ਲਖਣ ਵੀਚਾਰਿ॥1॥ਰਹਾਉ॥
ਕਿਤੈ ਦੇਸਿ ਨ ਆਇਆ ਸੁਣੀਐ ਤੀਰਥ ਪਾਸਿ ਨ ਬੈਠਾ॥
ਦਾਤਾ ਦਾਨੁ ਕਰੇ ਤਹ ਨਾਹੀ ਮਹਲ ਉਸਾਰਿ ਨ ਬੈਠਾ॥2॥
ਜੇ ਕੋ ਸਤੁ ਕਰੇ ਸੋ ਛੀਜੈ ਤਪ ਘਰਿ ਤਪੁ ਨ ਹੋਈ॥
ਜੇ ਕੋ ਨਾਉ ਲਏ ਬਦਨਾਵੀ ਕਲਿ ਕੇ ਲਖਣ ਏਈ॥3॥ (ਪੰਨਾ 902)

3. ਗੁਰਦੁਆਰਾ ਸਾਹਿਬ ਗਊ ਘਾਟ (ਮਥੁਰਾ) :

ਮਥੁਰਾ ਵਿਖੇ ਦਰਿਆ ਯਮੁਨਾ ਦੇ ਸੱਜੇ ਕੰਢੇ ਉੱਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਆਮਦ ਦੀ ਯਾਦ ਵਿਚ ਗੁਰਦੁਆਰਾ ਗਊ ਘਾਟ ਸੁਸ਼ੋਭਿਤ ਹੈ। ਇਤਿਹਾਸਿਕ ਸ੍ਰੋਤਾਂ ਅਨੁਸਾਰ ਮਥੁਰਾ ਵਿਖੇ ਆਪਣੇ ਠਹਿਰਾਵ ਦੌਰਾਨ ਗੁਰੂ ਸਾਹਿਬ ਇੱਥੇ ਇਸ਼ਨਾਨ ਕਰਨ ਲਈ ਆਇਆ ਕਰਦੇ ਸਨ।

4. ਗੁਰਦੁਆਰਾ ਸਾਹਿਬ ਗੁਰੂ ਕਾ ਬਾਗ (ਵਾਰਾਨਸੀ):

ਗੁਰਦੁਆਰਾ ਸਾਹਿਬ ਗੁਰੂ ਕਾ ਬਾਗ ਵਾਰਾਨਸੀ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਆਮਦ ਦੀ ਯਾਦ ਵਿਚ ਸੁਸ਼ੋਭਿਤ ਹੈ। ਇਤਿਹਾਸਿਕ ਸ੍ਰੋਤ ਦੱਸਦੇ ਹਨ ਕਿ ਗੁਰੂ ਸਾਹਿਬ ਇੱਥੇ ਸ਼ਿਵਰਾਤਰੀ ਦੇ ਮੌਕੇ ਆਏ ਸਨ ਅਤੇ ਇੱਥੇ ਹੀ ਉਨ੍ਹਾਂ ਦੇ ਪੰਡਤ ਚਤੁਰ ਦਾਸ ਨਾਲ ਵਿਚਾਰ-ਵਿਟਾਂਦਰੇ ਹੋਏ ਸਨ।

5. ਗੁਰਦੁਆਰਾ ਸਾਹਿਬ ਨਾਨਕਮਤਾ ਸਾਹਿਬ ਪੀਲੀਭੀਤ:

ਗੁਰਦੁਆਰਾ ਸਾਹਿਬ ਨਾਨਕਮਤਾ ਸਾਹਿਬ ਉਤਰਾਖੰਡ ਦੇ ਪੀਲੀਭੀਤ ਵਿਖੇ ਸ੍ਰੀ ਗੁਰੂ ਨਾਨਕ ਸਾਹਿਬ ਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਪਵਿੱਤਰ ਆਮਦ ਦੀ ਯਾਦ ਵਿਚ ਸੁਸ਼ੋਭਿਤ ਹੈ। ਪਹਿਲੇ ਇਸ ਨੂੰ ‘ਗੋਰਖਮਤਾ’ ਕਿਹਾ ਜਾਂਦਾ ਸੀ, ਇਸੇ ਅਸਥਾਨ ’ਤੇ ਹੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਤੀਸਰੀ ਉਦਾਸੀ ਸਮੇਂ ਗੋਰਖ ਨਾਥ ਦੇ ਚੇਲੇ ਝੰਗਰਨਾਥ ਅਤੇ ਭੰਗਰਨਾਥ ਨਾਲ ਵਿਚਾਰ ਚਰਚਾ ਕਰਦਿਆਂ ਉਨ੍ਹਾਂ ਨੂੰ ਗਿਆਨ ਦਿੱਤਾ ਸੀ। ਗੁਰੂ ਨਾਨਕ ਸਾਹਿਬ ਦੀ ਪਵਿੱਤਰ ਛੋਹ ਪ੍ਰਾਪਤ ਇਕ ਪਿੱਪਲ ਦਾ ਦਰੱਖ਼ਤ ਅੱਜ ਵੀ ਇੱਥੇ ਮੌਜੂਦ ਹੈ।

6. ਗੁਰਦੁਆਰਾ ਸਾਹਿਬ ਦੁੱਧ ਵਾਲਾ ਖੂਹ:

ਗੁਰਦੁਆਰਾ ਸਾਹਿਬ ਦੁੱਧ ਵਾਲਾ ਖੂਹ, ਗੁਰਦੁਆਰਾ ਨਾਨਕਮਤਾ ਸਾਹਿਬ ਦੇ ਨਜ਼ਦੀਕ ਜ਼ਿਲ੍ਹਾ ਊਧਮ ਸਿੰਘ ਨਗਰ ਵਿਖੇ ਸ੍ਰੀ ਗੁਰੂ ਨਾਨਕ ਸਾਹਿਬ ਦੀ ਪਵਿੱਤਰ ਆਮਦ ਦੀ ਯਾਦ ਵਿਚ ਸੁਸ਼ੋਭਿਤ ਹੈ। ਇਤਿਹਾਸਿਕ ਸ੍ਰੋਤਾਂ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਇੱਥੇ ਆਪਣੀ ਤੀਸਰੀ ਉਦਾਸੀ ਸਮੇਂ ਪਹੁੰਚੇ ਸਨ। ਇੱਥੇ ਗੁਰੂ ਜੀ ਦੀ ਚਰਨ ਛੋਹ ਪ੍ਰਾਪਤ ਇਕ ਖੂਹ ਅੱਜ ਵੀ ਮੌਜੂਦ ਹੈ ਜਿਸ ਦੇ ਪਾਣੀ ਦਾ ਸੁਆਦ ਦੁੱਧ ਵਾਂਗ ਹੈ।

7. ਗੁਰਦੁਆਰਾ ਸਾਹਿਬ ਭੰਡਾਰਾ ਸਾਹਿਬ :

ਗੁਰਦੁਆਰਾ ਭੰਡਾਰਾ ਸਾਹਿਬ, ਗੁਰਦੁਆਰਾ ਨਾਨਕਮਤਾ ਸਾਹਿਬ ਦੇ ਨਜ਼ਦੀਕ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ ਸੁਸ਼ੋਭਿਤ ਹੈ। ਇਤਿਹਾਸਿਕ ਸ੍ਰੋਤਾਂ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਇੱਥੇ ਆਪਣੀ ਤੀਸਰੀ ਉਦਾਸੀ ਸਮੇਂ ਪਹੁੰਚੇ ਸਨ। ਇੱਥੇ ਗੁਰੂ ਜੀ ਨੇ ਯੋਗੀਆਂ ਨੂੰ ਲੰਗਰ ਛਕਾ ਕੇ ਤ੍ਰਿਪਤ ਕੀਤਾ ਸੀ ਅਤੇ ਉਨ੍ਹਾਂ ਨੂੰ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦਾ ਸੰਦੇਸ਼ ਦਿੱਤਾ ਸੀ।

8. ਗੁਰਦੁਆਰਾ ਸਾਹਿਬ ਬਾਉਲੀ ਸਾਹਿਬ :

ਗੁਰਦੁਆਰਾ ਬਾਉਲੀ ਸਾਹਿਬ, ਗੁਰਦੁਆਰਾ ਨਾਨਕਮਤਾ ਸਾਹਿਬ ਦੇ ਨਜ਼ਦੀਕ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ ਸੁਸ਼ੋਭਿਤ ਹੈ। ਇਤਿਹਾਸਿਕ ਸ੍ਰੋਤਾਂ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਇੱਥੇ ਆਪਣੀ ਤੀਸਰੀ ਉਦਾਸੀ ਸਮੇਂ ਪਹੁੰਚੇ ਸਨ। ਇੱਥੇ ਗੁਰੂ ਜੀ ਨੇ ਯੋਗੀਆਂ ਦੇ ਝੂਠੇ ਅਹੰਕਾਰ ਨੂੰ ਤੋੜਿਆ ਸੀ। ਇੱਥੇ ਗੁਰੂ ਜੀ ਦੀ ਪਵਿੱਤਰ ਛੋਹ ਪ੍ਰਾਪਤ ਬਾਉਲੀ ਅੱਜ ਵੀ ਮੌਜੂਦ ਹੈ।

9. ਗੁਰਦੁਆਰਾ ਸਾਹਿਬ ਨਾਨਕਪੁਰੀ ਸਾਹਿਬ, ਟਾਂਡਾ :

ਗੁਰਦੁਆਰਾ ਸਾਹਿਬ ਨਾਨਕਪੁਰੀ ਸਾਹਿਬ ਉਤਰਾਖੰਡ ਦੇ ਜ਼ਿਲ੍ਹਾ ਊਧਮ ਸਿੰਘ ਨਗਰ ਦੇ ਪਿੰਡ ਟਾਂਡਾ ਜੋ ਪਿੰਡ ਗੁਲੇਰੀਆ ਤੋਂ ਦੋ ਕਿਲੋਮੀਟਰ ਅਤੇ ਪਿੰਡ ਕਰੀਮਗੰਜ ਤੋਂ 12 ਕਿਲੋਮੀਟਰ ਦੀ ਦੂਰੀ ’ਤੇ ਹੈ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਆਮਦ ਦੀ ਯਾਦ ਵਿਚ ਸੁਸ਼ੋਭਿਤ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਉਤਰਾਖੰਡ ਦੀ ਪ੍ਰਚਾਰ ਫੇਰੀ ਦੌਰਾਨ ਆਪਣੇ ਇਕ ਸਿੱਖ ਭਾਈ ਹਾਰਾ ਦੀ ਬੇਨਤੀ ’ਤੇ ਟਾਂਡਾ ਵਿਖੇ ਆਏ ਸਨ। ਇੱਥੇ ਉਨ੍ਹਾਂ ਨੇ ਰੁਹੇਲਾ ਨਾਮ ਦੇ ਇਕ ਪਠਾਣ ਜੋ ਕਿ ਬੱਚਿਆਂ ਦੀ ਖ੍ਰੀਦ-ਵੇਚ ਦਾ ਕੰਮ ਕਰਦਾ ਸੀ, ਨੂੰ ਆਪਣੀਆਂ ਸਿੱਖਿਆਵਾਂ ਰਾਹੀਂ ਪ੍ਰੇਰ ਕੇ ਸਿੱਧੇ ਰਸਤੇ ਪਾਇਆ ਸੀ। ਟਾਂਡਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ ਗੁਰਦੁਆਰਾ ਗੁਰੂ ਕਾ ਬਾਗ, ਗੁਰਦੁਆਰਾ ਮਾਰ ਜੀਵਾਲਾ ਸਾਹਿਬ, ਗੁਰਦੁਆਰਾ ਚੱਕੀ ਸਾਹਿਬ ਅਤੇ ਗੁਰਦੁਆਰਾ ਘਾਟ ਸਾਹਿਬ ਵੀ ਸੁਸ਼ੋਭਿਤ ਹਨ।

10. ਗੁਰਦੁਆਰਾ ਸਾਹਿਬ ਸ੍ਰੀ ਨਨਕਾਣਾ ਸਾਹਿਬ ਕਾਸ਼ੀਪੁਰ :

ਗੁਰਦੁਆਰਾ ਸਾਹਿਬ ਸ੍ਰੀ ਨਨਕਾਣਾ ਸਾਹਿਬ ਉਤਰਾਖੰਡ ਦੇ ਇਕ ਸ਼ਹਿਰ ਕਾਸ਼ੀਪੁਰ ਵਿਖੇ ਮੁਹੱਲਾ ਪੱਕਾ ਕੋਟ ਦੇ ਨਾਗਨਾਥ ਮੰਦਿਰ ਦੇ ਨਜ਼ਦੀਕ ਸ੍ਰੀ ਗੁਰੂ ਨਾਨਕ ਸਾਹਿਬ ਦੀ ਪਵਿੱਤਰ ਆਮਦ ਦੀ ਯਾਦ ਵਿਚ ਸੁਸ਼ੋਭਿਤ ਹੈ। ਕਿਹਾ ਜਾਂਦਾ ਹੈ ਕਿ ਗੁਰੂ ਸਾਹਿਬ ਇੱਥੇ ਨਾਨਕਮਤੇ ਤੋਂ ਵਾਪਸੀ ਸਮੇਂ ਇੱਥੇ ਰੁਕੇ ਸਨ।

11. ਗੁਰਦੁਆਰਾ ਸਾਹਿਬ ਸੰਤ ਸਾਗਰ ਬਾਉਲੀ ਸਾਹਿਬ ਹਰਿਦੁਆਰ :

ਗੁਰਦੁਆਰਾ ਸਾਹਿਬ ਸੰਤ ਸਾਗਰ ਬਾਉਲੀ ਸਾਹਿਬ, ਹਰਿਦੁਆਰ ਦੇ ਇਕ ਪਿੰਡ ਗੇਂਦਾਕਠਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਆਮਦ ਦੀ ਯਾਦ ਵਿਚ ਸੁਸ਼ੋਭਿਤ ਹੈ। ਇਹ ਗੁਰਦੁਆਰਾ ਸਾਹਿਬ ਹਰਿਦੁਆਰਾ-ਨਜੀਬਾਬਾਦ ਸੜਕ ’ਤੇ ਸਥਿਤ ਹੈ। ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਛੋਹ ਪ੍ਰਾਪਤ ਇਕ ਬਾਉਲੀ ਵੀ ਮੌਜੂਦ ਹੈ।

12. ਗੁਰਦੁਆਰਾ ਸਾਹਿਬ ਸ੍ਰੀ ਕੋੜਿਆਲ ਘਾਟ ਸਾਹਿਬ ਬੱਬਰਪੁਰ :

ਗੁਰਦੁਆਰਾ ਸਾਹਿਬ ਸ੍ਰੀ ਕੋੜਿਆਲ ਘਾਟ ਸਾਹਿਬ ਉਤਰਾਖੰਡ ਦੇ ਜ਼ਿਲ੍ਹਾ ਲਖੀਮਪੁਰੀ ਵਿਚ ਪਿੰਡ ਬੱਬਰਪੁਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਤੀਸਰੀ ਉਦਾਸੀ ਸਮੇਂ ਆਮਦ ਦੀ ਯਾਦ ਵਿਚ ਸੁਸ਼ੋਭਿਤ ਹੈ। ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਕ ਕੋਹੜੀ ਫ਼ਕੀਰ ਦੇ ਘਰ ਰਾਤ ਗੁਜ਼ਾਰੀ ਸੀ ਅਤੇ ਉਸ ਨੂੰ ਨਾਮ-ਸਿਮਰਨ ਦੀ ਦਾਤ ਦੀ ਮਹੱਤਤਾ ਦੱਸ ਕੇ ਅਰੋਗ ਕੀਤਾ ਸੀ।

13. ਗੁਰਦੁਆਰਾ ਸਾਹਿਬ ਸ੍ਰੀ ਰੀਠਾ ਸਾਹਿਬ :

ਗੁਰਦੁਆਰਾ ਸ੍ਰੀ ਰੀਠਾ ਸਾਹਿਬ, ਉਤਰਾਖੰਡ ਦੇ ਜ਼ਿਲ੍ਹਾ ਚੰਪਾਵਤ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ ਸੁਸ਼ੋਭਿਤ ਹੈ। ਇਹ ਗੁਰਦੁਆਰਾ ਸ੍ਰੀ ਨਾਨਕਮਤਾ ਸਾਹਿਬ ਤੋਂ 209 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਾਥ ਜੋਗੀਆਂ ਨਾਲ ਵਿਚਾਰ ਚਰਚਾ ਕੀਤੀ ਸੀ ਅਤੇ ਕੋੜੇ ਰੀਠਿਆਂ ਨੂੰ ਮਿੱਠੇ ਕੀਤਾ ਸੀ।

14. ਗੁਰਦੁਆਰਾ ਸਾਹਿਬ ਸ੍ਰੀ ਨਾਨਕਵਾੜੀ ਸਾਹਿਬ ਮੁਰਾਦਾਬਾਦ :

ਗੁਰਦੁਆਰਾ ਸਾਹਿਬ ਸ੍ਰੀ ਨਾਨਕਵਾੜੀ ਸਾਹਿਬ ਉਤਰਾਖੰਡ ਦੇ ਜ਼ਿਲ੍ਹਾ ਮੁਰਾਦਾਬਾਦ ਦੇ ਇਕ ਪਿੰਡ ਰਤਨਪੁਰ ਕਲਾਂ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਆਮਦ ਦੀ ਯਾਦ ਵਿਚ ਸੁਸ਼ੋਭਿਤ ਹੈ। ਉਸ ਸਮੇਂ ਇੱਥੇ ਰਾਜਾ ਰਤਨ ਰਾਇ ਦਾ ਰਾਜ ਸੀ। ਉਹ ਗੁਰੂ ਜੀ ਦਾ ਸ਼ਰਧਾਲੂ ਸੀ। ਉਸ ਨੇ ਗੁਰੂ ਜੀ ਦੀਆਂ ਸਿੱਖਿਆਵਾਂ ਤੋਂ ਪ੍ਰਭਾਵਿਤ ਹੋ ਕੇ ਆਪਣੀ ਰਿਆਸਤ ਦੀ ਕਰੀਬ ਇਕ ਸੌ ਏਕੜ ਜ਼ਮੀਨ ਗੁਰੂ-ਘਰ ਦੇ ਨਾਮ ਲਗਾ ਦਿੱਤੀ। ਗੁਰੂ ਨਾਨਕ ਸਾਹਿਬ ਨੇ ਇੱਥੇ ਰਹਿ ਕੇ ਇੱਥੋਂ ਦੇ ਨਿਵਾਸੀਆਂ ਨੂੰ ਅੰਧ-ਵਿਸ਼ਵਾਸ ਤੋਂ ਮੁਕਤ ਕਰ ਇਕ ਅਕਾਲ ਪੁਰਖ ਦੇ ਨਾਮ ਦੀ ਅਰਾਧਨਾ ਕਰਨ ਲਈ ਪ੍ਰੇਰਿਤ ਕੀਤਾ। ਇਸ ਗੁਰਦੁਆਰਾ ਸਾਹਿਬ ਨੂੰ ਨਾਨਕ ਝੂਲੇ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।

15. ਗੁਰਦੁਆਰਾ ਸਾਹਿਬ ਗਿਆਨ ਗੋਦੜੀ ਸਾਹਿਬ, ਹਰਿਦੁਆਰ :

ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੀ ਉਦਾਸੀ ਸਮੇਂ ਕੁਰੂਕਸ਼ੇਤਰ ਤੋਂ ਹੁੰਦੇ ਹੋਏ ਸੂਰਜ ਗ੍ਰਹਿਣ ਦੇ ਮੌਕੇ ਇਤਿਹਾਸਿਕ ਸਥਾਨ ਹਰਿਦੁਆਰ ਪਹੁੰਚੇ ਸਨ। ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਦੋ ਇਤਿਹਾਸਿਕ ਅਸਥਾਨ ਗੁਰੂ ਨਾਨਕ ਵਾੜਾ ਅਤੇ ਗਿਆਨ ਗੋਦੜੀ ਹਨ। ਗੁਰੂ ਨਾਨਕ ਵਾੜਾ ਉਹ ਅਸਥਾਨ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਹਰਿਦੁਆਰ ਫੇਰੀ ਸਮੇਂ ਠਹਿਰੇ ਸਨ। ਇਤਿਹਾਸਿਕ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਗੰਗਾ ਕਿਨਾਰੇ ਹਰਿ ਕੀ ਪਉੜੀ ਦੇ ਨਜ਼ਦੀਕ ਸੁਸ਼ੋਭਿਤ ਹੁੰਦਾ ਸੀ ਜੋ 1979 ਈ: ਵਿਚ ਗੰਗਾ ਕਿਨਾਰੇ ਦੀ ਵਿਕਾਸ-ਸਕੀਮ ਅਧੀਨ ਢਾਹਿਆ ਜਾ ਚੁੱਕਾ ਹੈ। ਇਸ ਅਸਥਾਨ ’ਤੇ ਗੁਰੂ ਸਾਹਿਬ ਨੇ ਗੰਗਾ ਵਿਚ ਖਲੋ ਕੇ ਪਾਂਡਿਆਂ ਨੂੰ ਸੁਚੱਜੀ ਜੀਵਨ-ਜਾਚ ਅਪਣਾ ਕੇ ਆਪਣੇ ਜੀਵਨ ਸਮੇਂ ਹੀ ਚੰਗੇ ਕਰਮ ਕਰਨ ਦਾ ਉਪਦੇਸ਼ ਦੇ ਕੇ ਅਤੇ ਫੋਕਟ ਕਰਮ-ਕਾਂਡਾਂ ਵਿਚ ਅਜਾਈਂ ਸਮਾਂ ਗੁਆਉਣ ਤੋਂ ਪ੍ਰਹੇਜ਼ ਕਰਨ ਦੀ ਪ੍ਰੇਰਨਾ ਕੀਤੀ ਸੀ।

16. ਗੁਰਦੁਆਰਾ ਸਾਹਿਬ ਸਤੀ ਘਾਟ ਸਾਹਿਬ (ਹਰਿਦੁਆਰ):

ਗੁਰਦੁਆਰਾ ਸਾਹਿਬ ਸਤੀ ਘਾਟ ਸਾਹਿਬ ਗੁਰੂ ਨਾਨਕ ਸਾਹਿਬ ਦੀ ਆਮਦ ਦੀ ਯਾਦ ਵਿਚ ਹਰਿਦੁਆਰ ਦੇ ਪਿੰਡ ਕਨਖਲ ਵਿਚ ਸੁਸ਼ੋਭਿਤ ਹੈ। ਗੁਰੂ ਨਾਨਕ ਸਾਹਿਬ ਆਪਣੀ ਪਹਿਲੀ ਪ੍ਰਚਾਰ ਯਾਤਰਾ ਦੌਰਾਨ ਇੱਥੇ ਆਏ ਸਨ। ਕਿਹਾ ਜਾਂਦਾ ਹੈ ਕਿ ਇਸ ਨਗਰ ਵਿਚ ਸ੍ਰੀ ਗੁਰੂ ਅਮਰਦਾਸ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਆਪਣੇ ਪਵਿੱਤਰ ਚਰਨ ਪਾਏ ਸਨ।

17. ਗੁਰਦੁਆਰਾ ਸਾਹਿਬ ਚਰਨ ਪਾਦੁਕਾ ਪਾਤਸ਼ਾਹੀ ਪਹਿਲੀ ਅਤੇ ਨੌਵੀਂ ਨਿਜ਼ਾਮਾਬਾਦ:

ਗੁਰਦੁਆਰਾ ਸਾਹਿਬ ਚਰਨ ਪਾਦੁਕਾ ਪਾਤਸ਼ਾਹੀ ਪਹਿਲੀ ਅਤੇ ਨੌਵੀਂ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਅਜ਼ਮਗੜ੍ਹ ਦੇ ਇਕ ਨਗਰ ਨਿਜ਼ਾਮਾਬਾਦ ਵਿਚ ਸ੍ਰੀ ਗੁਰੂ ਨਾਨਕ ਸਾਹਿਬ ਅਤੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਪਵਿੱਤਰ ਆਮਦ ਦੀ ਯਾਦ ਵਿਚ ਸੁਸ਼ੋਭਿਤ ਹੈ। ਇੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀਆਂ ‘ਲੱਕੜ ਦੀਆਂ ਖੜ੍ਹਾਵਾਂ’ ਦੀ ਜੋੜੀ ਵੀ ਰੱਖੀ ਗਈ ਹੈ।

18. ਗੁਰਦੁਆਰਾ ਸਾਹਿਬ ਅਲਾਹਾਬਾਦ:

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉੱਤਰ ਪ੍ਰਦੇਸ਼ ਦੇ ਨਗਰ ਅਲਾਹਾਬਾਦ ਜੋ ਕਿ ਪਹਿਲਾਂ ਪ੍ਰਯਾਗ ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਵਿਚ ਆਪਣੀ ਪਹਿਲੀ ਉਦਾਸੀ ਸਮੇਂ ਆਉਣ ਦੀ ਯਾਦ ਵਿਚ ਇਕ ਇਤਿਹਾਸਿਕ ਗੁਰਦੁਆਰਾ ਸੁਸ਼ੋਭਿਤ ਹੈ। ਇਤਿਹਾਸਿਕ ਸ੍ਰੋਤਾਂ ਅਨੁਸਾਰ ਇਸ ਅਸਥਾਨ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਇਲਾਵਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਵੀ ਪਵਿੱਤਰ ਚਰਨ ਛੋਹ ਪ੍ਰਾਪਤ ਹੈ।

19. ਗੁਰਦੁਆਰਾ ਸਾਹਿਬ ਅਲਮੋੜਾ:

ਉੱਤਰ ਪ੍ਰਦੇਸ਼ ਦੇ ਇਕ ਪਿੰਡ ਅਲਮੋੜਾ ਵਿਚ ਸ੍ਰੀ ਗੁਰੂ ਨਾਨਕ ਸਾਹਿਬ ਦੀ ਆਮਦ ਦੀ ਯਾਦ ਵਿਚ ਇਤਿਹਾਸਿਕ ਗੁਰਦੁਆਰਾ ਸਾਹਿਬ ਸੁਸ਼ੋਭਿਤ ਸੀ, ਜੋ ਸਮੇਂ ਦੀ ਮਾਰ ਹੇਠ ਅਲੋਪ ਹੋ ਚੁੱਕਾ ਹੈ।ਇਤਿਹਾਸਿਕ ਸ੍ਰੋਤਾਂ ਅਨੁਸਾਰ ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਲਮੋੜਾ ਦੇ ਰਾਜੇ ਅਤੇ ਪਰਜਾ ਨੂੰ ਸਤਿਨਾਮ ਦਾ ਉਪਦੇਸ਼ ਦੇ ਕੇ ਸਿੱਖੀ ਦੀ ਬਖਸ਼ਿਸ਼ ਕੀਤੀ ਸੀ।

20. ਗੁਰਦੁਆਰਾ ਸਾਹਿਬ ਬ੍ਰਹਮ ਕੁੰਡ ਸਾਹਿਬ:

ਅਯੁੱਧਿਆ ਦੀ ਧਰਤੀ ਉੱਤੇ ਤਿੰਨ ਗੁਰੂ ਸਾਹਿਬਾਨ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਵਿੱਤਰ ਚਰਨ ਪਾਏ ਸਨ। ਇੱਥੇ ਉਪਰੋਕਤ ਤਿੰਨਾਂ ਗੁਰੂ ਸਾਹਿਬਾਨ ਦੀ ਆਮਦ ਦੀ ਯਾਦ ਵਿਚ ਗੁਰਦੁਆਰਾ ਬ੍ਰਹਮ ਕੁੰਡ ਸੁਸ਼ੋਭਿਤ ਹੈ। ਗੁਰਦੁਆਰਾ ਸਾਹਿਬ ਵਿਚ ਗੁਰੂ ਸਾਹਿਬਾਨ ਨਾਲ ਸੰਬੰਧਿਤ ਪਵਿੱਤਰ ਨਿਸ਼ਾਨੀਆਂ ਅੱਜ ਵੀ ਦੇਖੀਆਂ ਜਾ ਸਕਦੀਆਂ ਹਨ।

21. ਗੁਰਦੁਆਰਾ ਸਾਹਿਬ ਮਾਈ ਥਾਨ ਸਾਹਿਬ ਆਗਰਾ :

ਆਗਰਾ ਉਹ ਪਵਿੱਤਰ ਧਰਤੀ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਇਲਾਵਾ ਸ੍ਰੀ ਗੁਰੂ ਰਾਮਦਾਸ ਜੀ, ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਵਿੱਤਰ ਚਰਨ ਪਾਏ ਹਨ। ਕਿਹਾ ਜਾਂਦਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਦੱਖਣ ਦੀ ਉਦਾਸੀ ਸਮੇਂ ਇੱਥੇ ਆ ਕੇ ਮੁਹੱਲਾ ਮਾਈ ਥਾਨ ਵਿਖੇ ਰੁਕੇ ਸਨ ਅਤੇ ਇੱਥੇ ਹੀ ਮਾਈ ਜੱਸੀ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੋਂ ਪ੍ਰੇਰਿਤ ਹੋ ਉਨ੍ਹਾਂ ਦੀ ਸਿੱਖ ਬਣੀ ਸੀ। ਮਾਈ ਜੱਸੀ ਦੇ ਘਰ ਵਾਲੀ ਥਾਂ ’ਤੇ ਗੁਰਦੁਆਰਾ ਸਾਹਿਬ ਮਾਈ ਥਾਨ ਸੁਸ਼ੋਭਿਤ ਹੈ।

22. ਗੁਰਦੁਆਰਾ ਸਾਹਿਬ ਦੂਖ ਨਿਵਾਰਨ ਸਾਹਿਬ ਆਗਰਾ :

ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪੁਰਾਣੇ ਆਗਰਾ ਸ਼ਹਿਰ ਵਿਚ ਲੋਹਾਮੰਡੀ ਦੇ ਨਜ਼ਦੀਕ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਆਮਦ ਦੀ ਯਾਦ ਵਿਚ ਸੁਸ਼ੋਭਿਤ ਹੈ।

ਕਲਕੱਤਾ

1. ਗੁਰਦੁਆਰਾ ਸਾਹਿਬ ਬੜੀ ਸੰਗਤ, ਕਲਕੱਤਾ:

ਗੁਰਦੁਆਰਾ ਸਾਹਿਬ ਬੜੀ ਸੰਗਤ ਕਲਕੱਤਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਯਾਦ ਵਿਚ ਸੁਸ਼ੋਭਿਤ ਹੈ। ਸ੍ਰੀ ਗੁਰੂ ਨਾਨਕ ਸਾਹਿਬ ਢਾਕੇ ਤੋਂ ਪੰਜਾਬ ਆਉਂਦੇ ਹੋਏ ਇੱਥੇ ਰੁਕੇ ਸਨ। ਗੁਰੂ ਸਾਹਿਬ ਦੇ ਇੱਥੇ ਠਹਿਰਨ ਦੌਰਾਨ ਇੱਥੋਂ ਦਾ ਰਾਜਾ ਬਹਾਦਰ ਸਿੰਘ ਆਪ ਜੀ ਦੇ ਦਰਸ਼ਨਾਂ ਲਈ ਆਇਆ ਅਤੇ ਆਪ ਜੀ ਦੀਆਂ ਸਿੱਖਿਆਵਾਂ ਤੋਂ ਬਹੁਤ ਪ੍ਰਭਾਵਿਤ ਹੋਇਆ। ਉਸ ਨੇ ਆਪ ਜੀ ਦੀ ਆਮਦ ਨੂੰ ਸਦੀਵੀ ਬਣਾਈ ਰੱਖਣ ਲਈ ਇੱਥੇ ਗੁਰਦੁਆਰਾ ਸਾਹਿਬ ਦਾ ਨਿਰਮਾਣ ਕਰਵਾਇਆ। ਇਤਿਹਾਸਿਕ ਸ੍ਰੋਤਾਂ ਅਨੁਸਾਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਆਪਣੇ ਮੁਬਾਰਕ ਚਰਨ ਇਸ ਧਰਤੀ ’ਤੇ ਪਾਏ ਸਨ।

ਆਂਧਰਾ ਪ੍ਰਦੇਸ਼

1. ਗੁਰਦੁਆਰਾ ਸਾਹਿਬ ਪਾਤਿਸ਼ਾਹੀ ਪਹਿਲੀ ਘੰਟੂਰ :

ਗੁਰਦੁਆਰਾ ਸਾਹਿਬ ਪਾਤਿਸ਼ਾਹੀ ਪਹਿਲੀ ਆਂਧਰਾ ਪ੍ਰਦੇਸ਼ ਦੇ ਮੁੱਖ ਨਗਰ ਘੰਟੂਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਆਮਦ ਦੀ ਯਾਦ ਵਿਚ ਸੁਸ਼ੋਭਿਤ ਹੈ।

ਮਦਰਾਸ

1. ਗੁਰਦੁਆਰਾ ਸਾਹਿਬ ਤਿਲਗੰਜੀ:

ਮਦਰਾਸ ਦੇ ਇਕ ਨਗਰ ਪਾਲੀਪੁਰੰਮ ਅਤੇ ਕੋਟਾਯਮ ਦੇ ਨੇੜੇ ਗੁਰਦੁਆਰਾ ਤਿਲਗੰਜੀ ਸਾਹਿਬ ਸੁਸ਼ੋਭਿਤ ਹੈ। ਇੱਥੇ ਹੀ ਗੁਰੂ ਨਾਨਕ ਸਾਹਿਬ ਨੇ ਸਿੱਧਾਂ ਦੁਆਰਾ ਭੇਟ ਕੀਤੇ ਇਕ ਤਿਲ ਨੂੰ ਪਾਣੀ ਵਿਚ ਘੋਟ ਕੇ ਸਭ ਨੂੰ ਵਰਤਾ ਕੇ ਸਿੱਧਾਂ ਨੂੰ ਵੰਡ ਛਕਣ ਦਾ ਸਿਧਾਂਤ ਸਮਝਾਇਆ ਸੀ।

ਮੱਧ ਪ੍ਰਦੇਸ਼

1. ਗੁਰਦੁਆਰਾ ਸਾਹਿਬ ਸੰਗਤ ਰਾਜਘਾਟ  ਪਾਤਸ਼ਾਹੀ ਪਹਿਲੀ  ਬੁਰਹਾਨਪੁਰ:

ਮੱਧ ਪ੍ਰਦੇਸ਼ ਦੇ ਖਾਂਡਵਾ ਜ਼ਿਲ੍ਹੇ ਦੇ ਇਕ ਨਗਰ ਬੁਰਹਾਨਪੁਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਆਮਦ ਦੀ ਯਾਦ ਵਿਚ ਗੁਰਦੁਆਰਾ ਸੰਗਤ ਰਾਜਘਾਟ ਪਾਤਸ਼ਾਹੀ ਪਹਿਲੀ ਤਾਪਤੀ ਨਦੀ ਦੇ ਕਿਨਾਰੇ ਬੁਰਹਾਨਪੁਰ ਰੇਲਵੇ ਸਟੇਸ਼ਨ ਤੋਂ ਚਾਰ ਕਿਲੋਮੀਟਰ ਦੂਰ ਸੁਸ਼ੋਭਿਤ ਹੈ। ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਇੱਥੇ ਆਏ ਉਸ ਵਕਤ ਇੱਥੇ ਫਾਰੂਕੀ ਰਾਜੇ ਆਦਿਲ ਖਾਨ ਦੂਜੇ ਦਾ ਸਾਸ਼ਨ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਰਾਜਸਥਾਨ ਦੇ ਬਾਂਸਵਾੜਾ ਅਤੇ ਮੱਧ ਪ੍ਰਦੇਸ਼ ਦੇ ਜੌੜਾ, ਇੰਦੌਰ, ਹੌਸ਼ੰਗਾਬਾਦ ਆਦਿ ਤੋਂ ਹੁੰਦੇ ਹੋਏ ਇੱਥੇ ਪਹੁੰਚੇ ਸਨ ਅਤੇ ਇਸ ਤੋਂ ਅੱਗੇ ਉਹ ਰਾਮਟੇਕ ਵੱਲ ਚਲੇ ਗਏ। ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਇਲਾਵਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਇਸ ਧਰਤੀ ਨੂੰ ਆਪਣੇ ਚਰਨ-ਕਮਲਾਂ ਦੀ ਛੁਹ ਨਾਲ ਪਵਿੱਤਰ ਕੀਤਾ।

2. ਗੁਰਦੁਆਰਾ ਸਾਹਿਬ ਮੜ੍ਹਾਤਾਲ, ਜਬਲਪੁਰ, ਪਾਤਸ਼ਾਹੀ ਪਹਿਲੀ:

ਮੱਧ ਪ੍ਰਦੇਸ਼ ਦੇ ਇਕ ਨਗਰ ਜਬਲਪੁਰ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਆਮਦ ਦੀ ਯਾਦ ਵਿਚ ਗੁਰਦੁਆਰਾ ਮੜ੍ਹਾਤਾਲ ਸਾਹਿਬ ਸੁਸ਼ੋਭਿਤ ਹੈ। ਇਤਿਹਾਸਿਕ ਸ੍ਰੋਤਾਂ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਜਗਨਨਾਥਪੁਰੀ ਤੋਂ ਕਟਕ ਹੁੰਦੇ ਹੋਏ ਇੱਥੇ ਪਹੁੰਚੇ ਸਨ। ਇੱਥੇ ਹੀ ਸ੍ਰੀ ਗੁਰੂ ਨਾਨਕ ਸਾਹਿਬ ਨੇ ਕੌਡੇ ਭੀਲ ਨੂੰ ਸਿੱਧੇ ਰਸਤੇ ਪਾਇਆ ਸੀ।

3. ਗੁਰਦੁਆਰਾ ਸਾਹਿਬ ਗਵਾਰੀਘਾਟ :

ਗੁਰਦੁਆਰਾ ਸਾਹਿਬ ਗਵਾਰੀਘਾਟ ਮੱਧ ਪ੍ਰਦੇਸ਼ ਦੇ ਇਕ ਨਗਰ ਜਬਲਪੁਰ ਸ਼ਹਿਰ ਦੇ ਨੇੜੇ ਨਰਮਦਾ ਨਦੀ ਦੇ ਗਵਾਰੀ ਘਾਟ ’ਤੇ ਸੁਸ਼ੋਭਿਤ ਹੈ, ਇਸੇ ਕਰਕੇ ਹੀ ਗੁਰਦੁਆਰਾ ਸਾਹਿਬ ਦਾ ਨਾਂ ਗਵਾਰੀ ਘਾਟ ਰੱਖਿਆ ਗਿਆ ਹੈ। ਗੁਰਦੁਆਰਾ ਸਾਹਿਬ ਦੇ ਇਤਿਹਾਸਿਕ ਪਿਛੋਕੜ ਅਨੁਸਾਰ ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਪਹਿਲੀ ਉਦਾਸੀ ਸਮੇਂ ਸਰਬੰਗ ਰਿਸ਼ੀ ਨਾਲ ਵਿਚਾਰ-ਚਰਚਾ ਕੀਤੀ ਸੀ।

4. ਗੁਰਦੁਆਰਾ ਸਾਹਿਬ ਪਾਤਸ਼ਾਹੀ ਪਹਿਲੀ (ਭੁਪਾਲ) :

ਮੱਧ ਪ੍ਰਦੇਸ਼ ਦੀ ਰਾਜਧਾਨੀ ਭੁਪਾਲ ਵਿਚ ਸ੍ਰੀ ਗੁਰੂ ਨਾਨਕ ਸਾਹਿਬ ਦੀ ਪਵਿੱਤਰ ਆਮਦ ਦੀ ਯਾਦ ਵਿਚ ਗੁਰਦੁਆਰਾ ਸਾਹਿਬ ਪਾਤਸ਼ਾਹੀ ਪਹਿਲੀ ਸੁਸ਼ੋਭਿਤ ਹੈ। ਤਵਾਰੀਖ ਗੁਰੂ ਖਾਲਸਾ ਅਨੁਸਾਰ ਗੁਰੂ ਨਾਨਕ ਦੇਵ ਜੀ ਆਪਣੀ ਪਹਿਲੀ ਉਦਾਸੀ ਸਮੇਂ ਇੱਥੇ ਪਹੁੰਚੇ ਸਨ ਅਤੇ ਇੱਥੇ ਹੀ ਉਨ੍ਹਾਂ ਨੇ ਇਕ ਅਮੀਰ ਆਦਮੀ ਦਾ ਕੋਹੜ ਦੂਰ ਕੀਤਾ ਸੀ।

ਗੁਜਰਾਤ

1. ਗੁਰਦੁਆਰਾ ਸਾਹਿਬ ਚਰਨਪਾਦੁਕਾ, ਜੂਨਾਗੜ੍ਹ :

ਗੁਜਰਾਤ ਦੇ ਇਕ ਇਲਾਕੇ ਜੂਨਾਗੜ੍ਹ, ਜਿਸ ਅਸਥਾਨ ’ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਮੁਬਾਰਕ ਚਰਨ ਪਾਏ ਸਨ, ਉਸ ਥਾਂ ’ਤੇ ਗੁਰਦੁਆਰਾ ਚਰਨਪਾਦੁਕਾ ਸੁਸ਼ੋਭਿਤ ਸੀ ਜਿਸ ਨੂੰ ਗੁਰਦੁਆਰਾ ਨਾਨਕ ਪਾਤਸ਼ਾਹੀ ਵੀ ਕਿਹਾ ਜਾਂਦਾ ਸੀ। ਹੁਣ ਇਹ ਗੁਰਦੁਆਰਾ ਸਾਹਿਬ ਸਮੇਂ ਦੀ ਮਾਰ ਹੇਠ ਆ ਕੇ ਅਲੋਪ ਹੋ ਚੁੱਕਾ ਹੈ।

2. ਗੁਰਦੁਆਰਾ ਸਾਹਿਬ ਚਾਦਰ ਸਾਹਿਬ, ਬੜੂਚ :

ਗੁਰਦੁਆਰਾ ਚਾਦਰ ਸਾਹਿਬ ਗੁਜਰਾਤ ਦੇ ਇਕ ਪ੍ਰਾਂਤ ਬੜੂਚ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਆਮਦ ਦੀ ਯਾਦ ਵਿਚ ਨਰਬਦਾ ਨਦੀ ਦੇ ਕਿਨਾਰੇ ਸੁਸ਼ੋਭਿਤ ਹੈ। ਇਤਿਹਾਸਿਕ ਸ੍ਰੋਤਾਂ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਇੱਥੇ ਦੱਖਣ ਦੀ ਦੂਜੀ ਉਦਾਸੀ ਵੇਲੇ ਆਪਣੇ ਸਾਥੀ ਭਾਈ ਮਰਦਾਨਾ ਜੀ ਨਾਲ ਨਰਬਦਾ ਨਦੀ ਨੂੰ ਪਾਰ ਕਰਕੇ ਪਹੁੰਚੇ ਸਨ।

3. ਗੁਰਦੁਆਰਾ ਸਾਹਿਬ ਨਾਨਕਵਾੜੀ ਸਾਹਿਬ, ਵਡੋਦਰਾ :

ਗੁਰਦੁਆਰਾ ਗੁਰੂ ਨਾਨਕਵਾੜੀ ਸਾਹਿਬ ਗੁਜਰਾਤ ਦੇ ਵਡੋਦਰਾ (ਬੜੋਦਾ) ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਆਮਦ ਦੀ ਯਾਦ ਵਿਚ ਸੁਸ਼ੋਭਿਤ ਹੈ। ਇੱਥੇ ਗੁਰੂ ਸਾਹਿਬ ਜੀ ਬੜੂਚ ਤੋਂ ਆਉਂਦੇ ਹੋਏ ਕੁਝ ਸਮਾਂ ਰੁਕੇ ਸਨ।

4. ਗੁਰਦੁਆਰਾ ਸਾਹਿਬ ਪਹਿਲੀ ਪਾਤਸ਼ਾਹੀ, ਲਖਪਤ :

ਗੁਰਦੁਆਰਾ ਸਾਹਿਬ ਪਹਿਲੀ ਪਾਤਸ਼ਾਹੀ ਗੁਜਰਾਤ ਦੇ ਇਕ ਨਗਰ ਲਖਪਤ ਵਿਚ ਸੁਸ਼ੋਭਿਤ ਹੈ। ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਪਹਿਲੀ ਅਤੇ ਚੌਥੀ ਉਦਾਸੀ ਸਮੇਂ ਪਧਾਰੇ ਸਨ। ਇੱਥੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਆਮਦ ਦੀ ਯਾਦ ਵਿਚ ਇਕ ਸਰੋਵਰ ਵੀ ਸੁਸ਼ੋਭਿਤ ਹੈ। ਇਤਿਹਾਸਿਕ ਸ੍ਰੋਤਾਂ ਅਨੁਸਾਰ ਲਖਪਤ ਤੋਂ ਬਾਅਦ ਸ੍ਰੀ ਗੁਰੂ ਨਾਨਕ ਸਾਹਿਬ ਆਪਣੀ ਅਗਲੀ ਸਉਦੀ ਅਰਬ ਦੀ ਪ੍ਰਚਾਰ-ਫੇਰੀ ਉੱਤੇ ਰਵਾਨਾ ਹੋਏ ਸਨ।

ਤਾਮਿਲਨਾਡੂ

1. ਗੁਰਦੁਆਰਾ ਸਾਹਿਬ ਗੁਰੂ ਨਾਨਕ ਧਾਮ ਰਾਮੇਸ਼ਵਰਮ:

ਗੁਰਦੁਆਰਾ ਸਾਹਿਬ ਗੁਰੂ ਨਾਨਕ ਧਾਮ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਆਮਦ ਦੀ ਪਵਿੱਤਰ ਯਾਦ ਵਿਚ ਤਾਮਿਲਨਾਡੂ ਦੇ ਰਾਮੇਸ਼ਵਰਮ ਨਗਰ ਵਿਚ ਸੁਸ਼ੋਭਿਤ ਹੈ। ਇਤਿਹਾਸਿਕ ਸ੍ਰੋਤਾਂ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਸ੍ਰੀਲੰਕਾ ਦੀ ਪ੍ਰਚਾਰ-ਫੇਰੀ ਸਮੇਂ ਇੱਥੇ ਪਹੁੰਚੇ ਸਨ। ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਿੱਠੇ ਜਲ ਦੇ ਇਕ ਚਸ਼ਮੇ ਨੂੰ ਪ੍ਰਗਟ ਕੀਤਾ ਸੀ।

2. ਗੁਰਦੁਆਰਾ ਸਾਹਿਬ ਪਾਤਸ਼ਾਹੀ ਪਹਿਲੀ ਕਾਂਚੀਪੁਰਮ : 

ਤਾਮਿਲਨਾਡੂ ਰਾਜ ਦੇ ਇਕ ਜ਼ਿਲ੍ਹੇ ਚੰਗਲਪਤ ਦੇ ਇਕ ਨਗਰ ਕਾਂਚੀਪੁਰਮ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਆਮਦ ਦੀ ਯਾਦ ਵਿਚ ਗੁਰਦੁਆਰਾ ਸਾਹਿਬ ਪਾਤਸ਼ਾਹੀ ਪਹਿਲੀ ਸੁਸ਼ੋਭਿਤ ਹੈ। ਇਤਿਹਾਸਿਕ ਸ੍ਰੋਤ ਦੱਸਦੇ ਹਨ ਕਿ ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਪਹਿਲੀ ਪ੍ਰਚਾਰ-ਫੇਰੀ ਦੌਰਾਨ ਆਏ ਸਨ।

3. ਗੁਰਦੁਆਰਾ ਸਾਹਿਬ ਪਾਤਸ਼ਾਹੀ ਪਹਿਲੀ  ਤ੍ਰਿਚਨਾਪਾਲੀ : 

ਭਾਰਤ ਦੇ ਦੱਖਣੀ ਰਾਜ ਤਾਮਿਲਨਾਡੂ ਦੇ ਇਕ ਨਗਰ ਤ੍ਰਿਚਨਾਪਾਲੀ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਹਿਲੀ ਪ੍ਰਚਾਰ-ਫੇਰੀ ਦੌਰਾਨ ਪਵਿੱਤਰ ਆਮਦ ਦੀ ਯਾਦ ਵਿਚ ਗੁਰਦੁਆਰਾ ਸਾਹਿਬ ਪਾਤਸ਼ਾਹੀ ਪਹਿਲੀ ਸੁਸ਼ੋਭਿਤ ਸੀ ਪਰੰਤੂ ਹੁਣ ਗੁਰਦੁਆਰਾ ਸਾਹਿਬ ਦੀ ਇਮਾਰਤ ਅਲੋਪ ਹੋ ਚੁੱਕੀ ਹੈ।

4. ਗੁਰਦੁਆਰਾ ਸਾਹਿਬ ਪਾਤਸ਼ਾਹੀ ਪਹਿਲੀ ਤ੍ਰਿਵਨਮਾਲੇ :

ਭਾਰਤ ਦੇ ਦੱਖਣੀ ਰਾਜ ਤਾਮਿਲਨਾਡੂ ਦੇ ਜ਼ਿਲ੍ਹਾ ਅਰਕਟ ਦੇ ਇਕ ਨਗਰ ਤ੍ਰਿਵਨਮਾਲੇ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਆਮਦ ਦੀ ਯਾਦ ਵਿਚ ਗੁਰਦੁਆਰਾ ਸਾਹਿਬ ਪਾਤਸ਼ਾਹੀ ਪਹਿਲੀ ਸੁਸ਼ੋਭਿਤ ਹੈ। ਇਹ ਬੰਗਲੌਰ ਤੋਂ 210 ਅਤੇ ਚੇਨਈ ਤੋਂ 185 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਇੱਥੇ ਅੰਨਾਮਲਾਇ ਪਹਾੜੀ ’ਤੇ ਰਹਿੰਦੇ ਜੋਗੀਆਂ ਅਤੇ ਸਿੱਧਾਂ ਨਾਲ ਗੁਰੂ ਨਾਨਕ ਸਾਹਿਬ ਨੇ ਵਿਚਾਰ-ਚਰਚਾ ਕਰ ਕੇ ਉਨ੍ਹਾਂ ਨੂੰ ਇਕ ਅਕਾਲ ਪੁਰਖ ਦੀ ਅਰਾਧਨਾ ਕਰਨ ਦਾ ਸੰਦੇਸ਼ ਦਿੱਤਾ ਸੀ।

ਅਸਾਮ

1. ਗੁਰਦੁਆਰਾ ਸਾਹਿਬ ਡਾਂਗਮਾਰ ਝੀਲ, ਸਿੱਕਮ:

ਸਿੱਕਮ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਇਕ ਪ੍ਰਚਾਰ-ਯਾਤਰਾ ਦੌਰਾਨ ਤਿੱਬਤ ਵੱਲੋਂ ਗੀਆਗਾਂਗ ਪਲਾਟੋ ਵਿਚ ਦੀ ਹੁੰਦੇ ਹੋਏ ਇੱਥੇ ਪਹੁੰਚੇ ਸਨ। ਇਸ ਅਸਥਾਨ ’ਤੇ ਗੁਰੂ ਨਾਨਕ ਸਾਹਿਬ ਨੇ ਸਿੱਧਾਂ ਨਾਲ ਵਿਚਾਰ-ਗੋਸ਼ਟਾਂ ਕੀਤੀਆਂ। ਇੱਥੇ ਉਨ੍ਹਾਂ ਨੇ ਲੋਕਾਂ ਦੀ ਬੇਨਤੀ ਉੱਤੇ ਧਰਤੀ ਵਿਚ ਡਾਂਗ ਮਾਰ ਕੇ ਨਿਸ਼ਾਨਦੇਹੀ ਕਰਕੇ ਇਕ ਝੀਲ ਪ੍ਰਗਟ ਕਰ ਕੇ ਉਨ੍ਹਾਂ ਦੀ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਦੂਰ ਕੀਤਾ ਸੀ। ਇਸ ਝੀਲ ਨੂੰ ਉਸ ਸਮੇਂ ਤੋਂ ਹੀ ਗੁਰੂ ਡਾਂਗਮਾਰ ਦੇ ਨਾਲ ਯਾਦ ਕੀਤਾ ਜਾਂਦਾ ਹੈ। ਸਿੱਕਮ ਵਿਚ ਗੁਰੂ ਸਾਹਿਬ ਥਾਂਗਾਂ, ਲੈਚਿਨ, ਚੰਗਥੰਗ, ਯਮਥੰਗ ਆਦਿ ਅਸਥਾਨਾਂ ’ਤੇ ਵੀ ਗਏ ਸਨ।

2. ਗੁਰਦੁਆਰਾ ਸਾਹਿਬ ਨਾਨਕਲਾਮਾ ਸਾਹਿਬ, ਚੰਗਥੰਗ :

ਗੁਰਦੁਆਰਾ ਨਾਨਕਲਾਮਾ ਸਾਹਿਬ ਸਿੱਕਮ ਦੇ ਨਗਰ ਚੰਗਥੰਗ ਵਿਖੇ ਸੁਸ਼ੋਭਿਤ ਹੈ। ‘ਚੰਗਥੰਗ’ ਸ਼ਬਦ ਦੇ ਅਰਥ ਪੰਜਾਬੀ ਵਿਚ ‘ਚੰਗਾ ਸਥਾਨ’ ਹਨ। ਇਸ ਅਸਥਾਨ ਨੂੰ ਗੁਰੂ ਨਾਨਕ ਸਾਹਿਬ ਦੇ ਚਰਨ-ਕਮਲਾਂ ਦੀ ਪਵਿੱਤਰ ਛੋਹ ਪ੍ਰਾਪਤ ਹੋਣ ਕਾਰਨ ਇਸ ਨੂੰ ‘ਚੰਗਥੰਗ’ ਬੋਲਦੇ ਹਨ। ਇਤਿਹਾਸਿਕ ਸ੍ਰੋਤਾਂ ਅਨੁਸਾਰ ਗੁਰੂ ਨਾਨਕ ਸਾਹਿਬ ਇੱਥੇ ਆਪਣੀ ਚੀਨ ਅਤੇ ਤਿੱਬਤ ਵੱਲ ਦੀ ਤੀਸਰੀ ਪ੍ਰਚਾਰ-ਫੇਰੀ ਦੌਰਾਨ ਪਧਾਰੇ ਸਨ। ਇੱਥੇ ਗੁਰੂ ਸਾਹਿਬ ਦੀ ਆਮਦ ਦੀ ਨਿਸ਼ਾਨੀ ਵਜੋਂ ਇਕ ਦਰੱਖਤ ਵੀ ਮੌਜੂਦ ਹੈ। ਇੱਥੇ ਗੁਰੂ ਸਾਹਿਬ ਨੇ ਇਕ ਜਲ-ਸ੍ਰੋਤ ਵੀ ਪ੍ਰਗਟ ਕੀਤਾ।

3. ਗੁਰਦੁਆਰਾ ਸਾਹਿਬ ਬਰਛਾ ਸਾਹਿਬ, ਧੰਨਪੁਰ :

ਗੁਰਦੁਆਰਾ ਬਰਛਾ ਸਾਹਿਬ ਧੰਨਪੁਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅਸਾਮ ਦੇ ਧੰਨਪੁਰ ਨਗਰ ਵਿਚ ਆਮਦ ਦੀ ਯਾਦ ਵਿਚ ਸੁਸ਼ੋਭਿਤ ਹੈ। ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਅਸਥਾਨ ਉੱਤੇ ਪਧਾਰੇ ਉਸ ਵਕਤ ਇੱਥੇ ਰਾਣੀ ਨੂਰਸ਼ਾਹ ਦਾ ਰਾਜ ਸੀ ਜੋ ਕਿ ਜਾਦੂਗਰਨੀ ਸੀ। ਉਸ ਨੇ ਗੁਰੂ ਨਾਨਕ ਸਾਹਿਬ ਨੂੰ ਵੀ ਆਪਣੇ ਜਾਦੂ ਨਾਲ ਪ੍ਰਭਾਵਿਤ ਕਰਨਾ ਚਾਹਿਆ, ਪਰ ਉਹ ਅਸਫਲ ਰਹੀ। ਉਪਰੰਤ ਉਸ ਨੂੰ ਗੁਰੂ ਨਾਨਕ ਸਾਹਿਬ ਵਿਚ ਰੱਬੀ ਜੋਤ ਦਾ ਅਹਿਸਾਸ ਹੋਇਆ ਤਾਂ ਉਹ ਗੁਰੂ ਨਾਨਕ ਸਾਹਿਬ ਦੀ ਸ਼ਰਧਾਲੂ ਬਣ ਗਈ ਅਤੇ ਉਸ ਨੇ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਨੂੰ ਅਪਣਾ ਲਿਆ ਅਤੇ ਉਨ੍ਹਾਂ ਕੋਲੋਂ ਉਨ੍ਹਾਂ ਦੀ ਆਮਦ ਦੀ ਯਾਦ ਨੂੰ ਸਦੀਵੀ ਬਣਾਈ ਰੱਖਣ ਲਈ ਕਿਸੇ ਨਿਸ਼ਾਨੀ ਦੀ ਮੰਗ ਕਰਨ ’ਤੇ ਗੁਰੂ ਸਾਹਿਬ ਨੇ ਉਸ ਨੂੰ ਆਪਣਾ ਬਰਛਾ ਦੇ ਕੇ ਨਿਹਾਲ ਕੀਤਾ। ਉਸੇ ਬਰਛੇ ਦੇ ਨਾਲ ਗੁਰੂ ਸਾਹਿਬ ਨੇ ਨਿਸ਼ਾਨਦੇਹੀ ਕਰ ਕੇ ਇਕ ਸਰੋਵਰ ਦੀ ਉਸਾਰੀ ਕਰਨ ਦੀ ਪ੍ਰੇਰਨਾ ਵੀ ਕੀਤੀ।

ਬਿਹਾਰ

1. ਗੁਰਦੁਆਰਾ ਸਾਹਿਬ ਗਊ ਘਾਟ (ਪਟਨਾ):

ਗੁਰਦੁਆਰਾ ਗਊ ਘਾਟ ਬਿਹਾਰ ਦੀ ਰਾਜਧਾਨੀ ਪਟਨਾ ਦੇ ਪੁਰਾਣੇ ਸ਼ਹਿਰ ਵਿਚ ‘ਆਲਮਗੰਜ’ ਸਥਾਨ ’ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਆਮਦ ਦੀ ਯਾਦ ਵਿਚ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਤੋਂ ਚਾਰ ਕਿਲੋਮੀਟਰ ਦੂਰ ਸੁਸ਼ੋਭਿਤ ਹੈ। ਅਸਲ ਵਿਚ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਕ ਸਿੱਖ ਭਾਈ ਜੈਤਾਮੱਲ ਜੀ ਦਾ ਘਰ ਸੀ, ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਪ੍ਰਚਾਰ-ਫੇਰੀ ਦੌਰਾਨ ਰੁਕੇ ਸਨ। ਇਤਿਹਾਸਿਕ ਸ੍ਰੋਤ ਦੱਸਦੇ ਹਨ ਕਿ ਇੱਥੇ ਸ੍ਰੀ ਗੁਰੂ ਨਾਨਕ ਸਾਹਿਬ ਤੋਂ ਇਲਾਵਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਆਪਣੇ ਮੁਬਾਰਕ ਕਦਮ ਪਾਏ ਹਨ। ਇਸ ਗੁਰਦੁਆਰਾ ਸਾਹਿਬ ਵਿਚ ਭਾਈ ਮਰਦਾਨੇ ਦੀ ਰਬਾਬ ਅਤੇ ਮਾਤਾ ਗੁਜਰੀ ਜੀ ਦੀ ਚੱਕੀ ਰੱਖੀ ਹੋਈ ਹੈ।

2. ਗੁਰਦੁਆਰਾ ਸਾਹਿਬ ਸ੍ਰੀ ਸੁਨਾਰਟੋਲੀ (ਪਟਨਾ):

ਗੁਰਦੁਆਰਾ ਸਾਹਿਬ ਸ੍ਰੀ ਸੁਨਾਰਟੋਲੀ ਬਿਹਾਰ ਦੀ ਰਾਜਧਾਨੀ ਪਟਨਾ ਵਿਖੇ ਮੁਹੱਲਾ ਸੁਨਾਰਟੋਲੀ ਵਿਖੇ ਸੁਸ਼ੋਭਿਤ ਹੈ। ਇਤਿਹਾਸਿਕ ਸ੍ਰੋਤ ਦੱਸਦੇ ਹਨ ਕਿ ਪਟਨਾ ਪਹੁੰਚਣ ’ਤੇ ਗੁਰੂ ਸਾਹਿਬ ਗੁਰਦੁਆਰਾ ਗਊ ਘਾਟ ਦੇ ਅਸਥਾਨ ਵਿਖੇ ਰੁਕੇ ਸਨ। ਇੱਥੇ ਹੀ ਸਾਲਸ ਰਾਇ ਜੌਹਰੀ ਆਪ ਜੀ ਦੇ ਦਰਸ਼ਨਾਂ ਲਈ ਆਇਆ ਅਤੇ ਆਪ ਜੀ ਦੀਆਂ ਸਿੱਖਿਆਵਾਂ ਤੋਂ ਪ੍ਰਭਾਵਤ ਹੋ ਆਪ ਜੀ ਸ਼ਰਧਾਲੂ ਬਣ ਗਿਆ। ਉਸ ਦੀ ਬੇਨਤੀ ’ਤੇ ਗੁਰੂ ਸਾਹਿਬ ਮੁਹੱਲਾ ਸੁਨਾਰ ਟੋਲੀ ਵਿਖੇ ਗਏ, ਜਿੱਥੇ ਆਪ ਜੀ ਦੀ ਪਵਿੱਤਰ ਆਮਦ ਦੀ ਯਾਦ ਵਿਚ ਗੁਰਦੁਆਰਾ ਸਾਹਿਬ ਸ੍ਰੀ ਸੁਨਾਰਟੋਲੀ ਸੁਸ਼ੋਭਿਤ ਹੈ।

3. ਤਖ਼ਤ ਸ੍ਰੀ ਹਰਿਮੰਦਰ ਸਾਹਿਬ (ਪਟਨਾ):

ਤਖ਼ਤ ਸ੍ਰੀ ਹਰਿਮੰਦਰ ਸਾਹਿਬ ਬਿਹਾਰ ਦੀ ਰਾਜਧਾਨੀ ਪਟਨਾ ਵਿਖੇ ਮੁਹੱਲਾ ਸੁਨਾਰਟੋਲੀ ਵਿਖੇ ਸੁਸ਼ੋਭਿਤ ਹੈ। ਇਹ ਅਸਲ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਕ ਸਿੱਖ ਸਾਲਸ ਰਾਇ ਜੌਹਰੀ ਦਾ ਘਰ ਸੀ, ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਸਾਲਸ ਰਾਏ ਜੌਹਰੀ ਦੀ ਬੇਨਤੀ ਉਪਰੰਤ ਆਏ ਸਨ। ਇੱਥੇ ਹੀ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਸੀ। ਇਸ ਅਸਥਾਨ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਇਲਾਵਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਵਿੱਤਰ ਚਰਨ-ਛੋਹ ਵੀ ਪ੍ਰਾਪਤ ਹੈ।

4. ਗੁਰਦੁਆਰਾ ਸਾਹਿਬ ਦੀਉ ਘਾਟ (ਗਯਾ):

ਗੁਰਦੁਆਰਾ ਦੀਉ ਘਾਟ ਸਾਹਿਬ ਬਿਹਾਰ ਵਿਚ ਪਟਨਾ ਦੇ ਇਕ ਨਗਰ ਗਯਾ ਵਿਚ ਸਥਿਤ ਹੈ। ਇਸ ਨਗਰ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਇਲਾਵਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਆਪਣੀ ਪ੍ਰਚਾਰ-ਫੇਰੀ ਦੌਰਾਨ ਆਏ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਥੇ ਹੀ ਆਸਾ ਰਾਗ ਵਿਚ ਇਕ ਸ਼ਬਦ ‘ਦੀਵਾ ਮੇਰਾ ਏਕੁ ਨਾਮੁ’ ਦੀ ਰਚਨਾ ਕੀਤੀ ਸੀ।

5. ਗੁਰਦੁਆਰਾ ਸਾਹਿਬ ਸੀਤਲ ਕੁੰਡ ਸਾਹਿਬ:

ਬਿਹਾਰ ਦੇ ਇਕ ਨਗਰ ਗਯਾ ਤੋਂ ਕਰੀਬ 19 ਕਿਲੋਮੀਟਰ ਦੂਰ ਰਾਗਗ੍ਰਿਹ (ਰਾਜਗਿਰਿ) ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਆਮਦ ਦੀ ਯਾਦ ਵਿਚ ਗੁਰਦੁਆਰਾ ਸੀਤਲ ਕੁੰਡ ਸਾਹਿਬ ਸੁਸ਼ੋਭਿਤ ਹੈ।

6. ਗੁਰਦੁਆਰਾ ਸਾਹਿਬ ਗੰਜ (ਬਿਹਾਰ):

ਬਿਹਾਰ ਦੇ ਇਕ ਪਿੰਡ ਸਾਹਿਬ ਗੰਜ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਆਮਦ ਦੀ ਯਾਦ ਵਿਚ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਇਤਿਹਾਸਿਕ ਸ੍ਰੋਤਾਂ ਤੋਂ ਪਤਾ ਚੱਲਦਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਇਲਾਵਾ ਇੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਆਪਣੇ ਪਵਿੱਤਰ ਚਰਨ ਪਾਏ ਸਨ। ਪਹਿਲਾਂ ਇੱਥੇ ਇਕ ਝੌਂਪੜੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਸੀ ਪਰ ਬਾਅਦ ਵਿਚ ਇਕ ਮਾਰਵਾੜੀ ਸ਼ਾਹੂਕਾਰ ਲੱਤੂ ਮੱਲ ਨੇ ਗੁਰਦੁਆਰਾ ਸਾਹਿਬ ਲਈ ਇਕ ਕਮਰਾ ਬਣਵਾ ਦਿੱਤਾ।

ਜੰਮੂ-ਕਸ਼ਮੀਰ

1. ਗੁਰਦੁਆਰਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ (ਜੰਮੂ):

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਆਮਦ ਦੀ ਯਾਦ ਵਿਚ ਜੰਮੂ ਦੇ ਚੌਂਕ ਚਬੂਤਰਾ ਦੇ ਮੁਬਾਰਕ ਮੰਡੀ ਕੰਪਲੈਕਸ ਦੇ ਨਜ਼ਦੀਕ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸੁਸ਼ੋਭਿਤ ਹੈ। ਕਿਹਾ ਜਾਂਦਾ ਹੈ ਕਿ ਕਸ਼ਮੀਰ ਦੇ ਰਸਤੇ ਪੰਜਾਬ ਨੂੰ ਵਾਪਸ ਮੁੜਦੇ ਸਮੇਂ ਗੁਰੂ ਜੀ ਇੱਥੇ ਠਹਿਰੇ ਸਨ।

2. ਗੁਰਦੁਆਰਾ ਸਾਹਿਬ ਭੱਦਰਵਾਹ:

ਭੱਦਰਵਾਹ ਜੰਮੂ ਦਾ ਇਕ ਇਲਾਕਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਆਮਦ ਦੀ ਯਾਦ ਵਿਚ ਇੱਥੇ ਇਤਿਹਾਸਿਕ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਇਤਿਹਾਸਿਕ ਸ੍ਰੋਤ ਦੱਸਦੇ ਹਨ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਥੇ ਲੋਕਾਂ ਨੂੰ ਇਕ ਅਕਾਲ ਪੁਰਖ ਦੀ ਉਸਤਤ ਕਰਨ ਦਾ ਉਪਦੇਸ਼ ਦਿੱਤਾ ਸੀ।

3. ਗੁਰਦੁਆਰਾ ਸਾਹਿਬ ਪਹਿਲਗਾਮ:

ਗੁਰਦੁਆਰਾ ਸਾਹਿਬ ਪਹਿਲਗਾਮ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਆਮਦ ਦੀ ਯਾਦ ਵਿਚ ਸੁਸ਼ੋਭਿਤ ਹੈ। ਕਿਹਾ ਜਾਂਦਾ ਹੈ ਕਿ ਸ੍ਰੀ ਗੁਰੂ ਨਾਨਕ ਸਾਹਿਬ ਅਮਰਨਾਥ ਤੋਂ ਹੋ ਕੇ ਪਹਿਲਗਾਮ ਪੁੱਜੇ ਸਨ।

4. ਗੁਰਦੁਆਰਾ ਸਾਹਿਬ ਕਿਸ਼ਤਵਾੜ:

ਕਿਸ਼ਤਵਾੜ ਜੰਮੂ-ਕਸ਼ਮੀਰ ਦੀ ਇਕ ਪ੍ਰਸਿੱਧ ਵਾਦੀ ਹੈ। ਸਿੱਖ ਇਤਿਹਾਸ ਅਨੁਸਾਰ ਸ੍ਰੀ ਗੁਰੂ ਨਾਨਕ ਸਾਹਿਬ ਨੇ ਕਿਸ਼ਤਵਾੜ ਦੀ ਧਰਤੀ ਨੂੰ ਆਪਣੇ ਚਰਨਾਂ ਨਾਲ ਮੁਬਾਰਕ ਕੀਤਾ। ਇੱਥੇ ਗੁਰੂ ਸਾਹਿਬ ਸਿੱਧਾਂ ਦੀ ਬਗੀਚੀ ’ਚ ਠਹਿਰੇ ਅਤੇ ਉਨ੍ਹਾਂ ਨਾਲ ਵਿਚਾਰ-ਚਰਚਾ ਕੀਤੀ।

5. ਗੁਰਦੁਆਰਾ ਗੁਰੂ ਨਾਨਕ ਚਰਨ ਅਸਥਾਨ, ਬੇਰਵਾ:

ਗੁਰਦੁਆਰਾ ਗੁਰੂ ਨਾਨਕ ਚਰਨ ਅਸਥਾਨ ਦੱਖਣੀ ਵਾਰਾਂ ਕਸ਼ਮੀਰ ਦੇ ਜ਼ਿਲ੍ਹਾ ਬਡਗਾਮ ਦੇ ਇਕ ਨਗਰ ਬੇਰਵਾ ਵਿਖੇ ਸ੍ਰੀ ਗੁਰੂ ਨਾਨਕ ਸਾਹਿਬ ਦੀ ਆਮਦ ਦੀ ਯਾਦ ਵਿਚ ਸੁਸ਼ੋਭਿਤ ਹੈ।

6. ਗੁਰਦੁਆਰਾ ਨਾਨਕਸਰ (ਮਟਨ ਸਾਹਿਬ):

ਅਨੰਤਨਾਗ ਦੇ ਇਕ ਕਸਬੇ ਮਟਨ ਵਿਖੇ ਸ੍ਰੀ ਗੁਰੂ ਨਾਨਕ ਸਾਹਿਬ ਵੱਲੋਂ ਆਪਣੀ ਤੀਸਰੀ ਉਦਾਸੀ ਸਮੇਂ, ਆਮਦ ਦੀ ਪਵਿੱਤਰ ਯਾਦ ਵਿਚ ਗੁਰਦੁਆਰਾ ਨਾਨਕਸਰ ਸੁਸ਼ੋਭਿਤ ਹੈ, ਜਿਸ ਨੂੰ ਮੱਛ ਭਵਨ ਵੀ ਕਿਹਾ ਜਾਂਦਾ ਹੈ। ਸ੍ਰੀ ਗੁਰੂ ਨਾਨਕ ਸਾਹਿਬ ਨੇ ਇੱਥੇ ਪੰਡਤ ਬ੍ਰਹਮ ਦਾਸ ਨਾਲ ਵਿਚਾਰਾਂ ਕਰ ਕੇ ਉਸ ਦਾ ਅਹੰਕਾਰ ਤੋੜਿਆ ਸੀ। ਇੱਥੇ ਹੀ ਗੁਰੂ ਸਾਹਿਬ ਨੇ ‘ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ’ ਸ਼ਬਦ ਦਾ ਉਚਾਰਨ ਕੀਤਾ ਸੀ। ਇਤਿਹਾਸਿਕ ਸ੍ਰੋਤ ਦੱਸਦੇ ਹਨ ਕਿ ਸ੍ਰੀ ਗੁਰੂ ਹਰਿਰਾਇ ਸਾਹਿਬ ਅਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਵੀ ਆਪਣੇ ਪਵਿੱਤਰ ਚਰਨ ਇਸ ਧਰਤੀ ’ਤੇ ਪਾਏ ਹਨ।

7. ਗੁਰਦੁਆਰਾ ਨਾਨਕ ਅਸਥਾਨ ਅਨੰਤਨਾਗ:

ਗੁਰਦੁਆਰਾ ਸਾਹਿਬ ਨਾਨਕ ਅਸਥਾਨ ਕਸ਼ਮੀਰ ਦੇ ਇਕ ਇਲਾਕੇ ਅਨੰਤਨਾਗ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਆਮਦ ਦੀ ਯਾਦ ਵਿਚ ਸੁਸ਼ੋਭਿਤ ਹੈ। ਇਤਿਹਾਸਿਕ ਸ੍ਰੋਤ ਦੱਸਦੇ ਹਨ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਟਨ ਸਾਹਿਬ ਤੋਂ ਹੁੰਦੇ ਹੋਏ ਇੱਥੇ ਪਹੁੰਚੇ ਸਨ। ਕਿਹਾ ਜਾਂਦਾ ਹੈ ਕਿ ਗੁਰੂ ਸਾਹਿਬ ਇੱਥੇ ਅਨੰਤਨਾਗ ਤੋਂ ਬਾਹਰਵਾਰ ਨਾਗਬਲ ਦੇ ਚਸ਼ਮੇ ਕੋਲ ਠਹਿਰੇ ਸਨ।

8. ਗੁਰਦੁਆਰਾ ਗੁਰੂ ਨਾਨਕ ਸਾਹਿਬ ਬੀਜ ਬਿਹਾੜਾ:

ਗੁਰਦੁਆਰਾ ਗੁਰੂ ਨਾਨਕ ਸਾਹਿਬ ਬੀਜ ਬਿਹਾੜਾ ਦੀ ਸ਼ਾਨਦਾਰ ਇਮਾਰਤ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅਵਾਂਤੀਪੁਰਾ ਜਾਣ ਸਮੇਂ ਬੀਜ ਬਿਹਾੜਾ ਨਾਂ ਨਗਰ ਵਿਖੇ ਠਹਿਰਨ ਦੀ ਪਵਿੱਤਰ ਯਾਦ ਵਿਚ ਦਰਿਆ ਜਿਹਲਮ ਦੇ ਕੰਢੇ ’ਤੇ ਸੁਸ਼ੋਭਿਤ ਹੈ।

9. ਗੁਰਦੁਆਰਾ ਗੁਰੂ ਨਾਨਕ ਸਾਹਿਬ ਅਵਾਂਤੀਪੁਰਾ:

ਗੁਰਦੁਆਰਾ ਗੁਰੂ ਨਾਨਕ ਸਾਹਿਬ ਅਵਾਂਤੀਪੁਰਾ ਦੀ ਸ਼ਾਨਦਾਰ ਇਮਾਰਤ ਸ੍ਰੀ ਨਗਰ ਦੇ ਇਕ ਨਗਰ ਅਵਾਂਤੀਪੁਰਾ ਵਿਚ ਸੁਸ਼ੋਭਿਤ ਹੈ। ਕਿਹਾ ਜਾਂਦਾ ਹੈ ਕਿ ਸ੍ਰੀ ਗੁਰੂ ਨਾਨਕ ਸਾਹਿਬ ਅਨੰਤਨਾਗ ਤੋਂ ਸ੍ਰੀ ਨਗਰ ਜਾਣ ਸਮੇਂ ਗੁਰੂ ਨਾਨਕ ਸਾਹਿਬ ਬੀਜ ਬਿਹਾੜਾ ਨਗਰ ਵਿਚ ਰੁਕਣ ਤੋਂ ਬਾਅਦ ਇੱਥੇ ਅਵਾਂਤੀਪੁਰਾ ਵਿਚ ਠਹਿਰੇ ਸਨ।

10. ਗੁਰਦੁਆਰਾ ਗੁਰੂ ਨਾਨਕ ਸਾਹਿਬ ਹਰੀ ਪਰਬਤ:

ਗੁਰਦੁਆਰਾ ਗੁਰੂ ਨਾਨਕ ਸਾਹਿਬ ਹਰੀ ਪਰਬਤ ਸ੍ਰੀ ਨਗਰ ਵਿਖੇ ਸ੍ਰੀ ਗੁਰੂ ਨਾਨਕ ਸਾਹਿਬ ਦੀ ਆਮਦ ਦੀ ਯਾਦ ਵਿਚ ਸੁਸ਼ੋਭਿਤ ਹੈ। ਕਿਹਾ ਜਾਂਦਾ ਹੈ ਕਿ ਸ੍ਰੀ ਗੁਰੂ ਨਾਨਕ ਸਾਹਿਬ ਆਪਣੀ ਪ੍ਰਚਾਰ-ਫੇਰੀ ਦੌਰਾਨ ਜਦੋਂ ਸ੍ਰੀ ਨਗਰ ਪਹੁੰਚੇ ਤਾਂ ਉਹ ਇੱਥੋਂ ਦੇ ਇਕ ਕਿਲ੍ਹੇ ਹਰੀ ਪਰਬਤ ਅੰਦਰ ਬਿਰਾਜੇ ਸਨ। ਕਿਲ੍ਹੇ ਹਰੀ ਪਰਬਤ ਦੇ ਬਾਹਰ ਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਇਤਿਹਾਸਿਕ ਅਸਥਾਨ ਵੀ ਸੁਸ਼ੋਭਿਤ ਹੈ। ਇਤਿਹਾਸਿਕ ਸ੍ਰੋਤ ਦੱਸਦੇ ਹਨ ਕਿ ਇਸ ਅਸਥਾਨ ’ਤੇ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਇਲਾਵਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਅਤੇ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਨੇ ਵੀ ਆਪਣੇ ਪਵਿੱਤਰ ਚਰਨ ਪਾਏ ਹਨ।

11. ਗੁਰਦੁਆਰਾ ਚਰਨ ਕੰਵਲ ਸਾਹਿਬ ਕਾਰਗਿਲ  : 

ਗੁਰਦੁਆਰਾ ਚਰਨ ਕੰਵਲ ਸਾਹਿਬ ਕਾਰਗਿਲ ਵਿਖੇ ਸਰਯੂ ਨਦੀ ਦੇ ਕਿਨਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਆਮਦ ਦੀ ਯਾਦ ਵਿਚ ਸੁਸ਼ੋਭਿਤ ਹੈ। ਕਿਹਾ ਜਾਂਦਾ ਹੈ ਕਿ ਲੇਹ ਤੋਂ ਕਸ਼ਮੀਰ ਦੇ ਰਸਤੇ ਪੰਜਾਬ ਵਾਪਸ ਜਾਂਦੇ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਰਸਤੇ ਵਿਚ ਇੱਥੇ ਠਹਿਰੇ ਸਨ। ਗੁਰਦੁਆਰਾ ਸਾਹਿਬ ਦੀ ਦੇਖ-ਰੇਖ ਭਾਰਤੀ ਫੌਜੀ ਕਰਦੇ ਹਨ।

12. ਗੁਰਦੁਆਰਾ ਪੱਥਰ ਸਾਹਿਬ :

 ਗੁਰਦੁਆਰਾ ਪੱਥਰ ਸਾਹਿਬ ਲੇਹ-ਕਾਰਗਿਲ ਮਾਰਗ ’ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਆਮਦ ਦੀ ਯਾਦ ਵਿਚ ਸੁਸ਼ੋਭਿਤ ਹੈ। ਗੁਰਦੁਆਰਾ ਸਾਹਿਬ ਅੰਦਰ ਗੁਰੂ ਨਾਨਕ ਸਾਹਿਬ ਜੀ ਦੀ ਪਵਿੱਤਰ ਛੋਹ ਪ੍ਰਾਪਤ ਪੱਥਰ ਅੱਜ ਵੀ ਮੌਜੂਦ ਹੈ। ਗੁਰਦੁਆਰਾ ਸਾਹਿਬ ਦੀ ਦੇਖ-ਭਾਲ ਲਦਾਖ ਦੇ ਫੌਜੀ ਕਰਦੇ ਹਨ।

13. ਗੁਰਦੁਆਰਾ ਸਾਹਿਬ ਸਿੰਘ ਸਭਾ ਲੇਹ :

ਗੁਰਦੁਆਰਾ ਸਾਹਿਬ ਸਿੰਘ ਸਭਾ ਲੇਹ ਦੇ ਮੁੱਖ ਬਜ਼ਾਰ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਆਮਦ ਦੀ ਯਾਦ ਵਿਚ ਸੁਸ਼ੋਭਿਤ ਹੈ। ਗੁਰਦੁਆਰਾ ਸਾਹਿਬ ਦੇ ਨਜ਼ਦੀਕ ਹੀ ਮੁੱਖ ਬਜ਼ਾਰ ਵਿਚ ਮਸਜਿਦ ਦੇ ਪਿੱਛੇ ਗੁਰੂ ਨਾਨਕ ਸਾਹਿਬ ਦੀ ਪਾਵਨ ਛੋਹ ਪ੍ਰਾਪਤ ਦਾਤਣ ਦਾ ਦਰੱਖਤ ਅੱਜ ਵੀ ਮੌਜੂਦ ਹੈ। ਉਪਰੋਕਤ ਗੁਰਦੁਆਰਾ ਸਾਹਿਬ ਨੂੰ ਧਰਮਸ਼ਾਲਾ ਗੁਰੂ ਨਾਨਕ ਦੇਵ (ਲੇਹ) ਕਰਕੇ ਵੀ ਜਾਣਿਆ ਜਾਂਦਾ ਹੈ।

ਅਫਗਾਨਿਸਤਾਨ

1. ਗੁਰਦੁਆਰਾ ਗੁਰੂ ਨਾਨਕ ਦਰਬਾਰ ਜਲਾਲਾਬਾਦ:

ਅਫਗਾਨਿਸਤਾਨ ਪ੍ਰਦੇਸ਼ ਦੇ ਸ਼ਹਿਰ ਕਾਬਲ ਤੋਂ ਕਰੀਬ 175 ਕਿਲੋਮੀਟਰ ਦੂਰ ਸ਼ਹਿਰ ਜਲਾਲਾਬਾਦ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਆਮਦ ਦੀ ਯਾਦ ਵਿਚ ਗੁਰਦੁਆਰਾ ਗੁਰੂ ਨਾਨਕ ਦਰਬਾਰ ਸੁਸ਼ੋਭਿਤ ਹੈ।  ਇਤਿਹਾਸਿਕ ਸ੍ਰੋਤਾਂ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਇੱਥੇ ਆਪਣੀ ਇਕ ਪ੍ਰਚਾਰ ਫੇਰੀ ਦੌਰਾਨ ਤਕਰੀਬਨ 40 ਦਿਨ ਠਹਿਰੇ ਸਨ।

2. ਗੁਰਦੁਆਰਾ ਚਸ਼ਮਾ ਸਾਹਿਬ ਜਲਾਲਾਬਾਦ:

ਅਫਗਾਨਿਸਤਾਨ ਦੇ ਸ਼ਹਿਰ ਜਲਾਲਾਬਾਦ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਛੋਹ ਪ੍ਰਾਪਤ ਗੁਰਦੁਆਰਾ ਚਸ਼ਮਾ ਸਾਹਿਬ, ਗੁਰਦੁਆਰਾ ਗੁਰੂ ਨਾਨਕ ਦਰਬਾਰ ਦੇ ਨਜ਼ਦੀਕ ਸੁਸ਼ੋਭਿਤ ਹੈ। ਇਤਿਹਾਸਿਕ ਸ੍ਰੋਤਾਂ ਅਨੁਸਾਰ ਇੱਥੇ ਗੁਰੂ ਸਾਹਿਬ ਨੇ ਪਾਣੀ ਦਾ ਚਸ਼ਮਾ ਪ੍ਰਗਟ ਕੀਤਾ ਸੀ।

ਬੰਗਲਾ ਦੇਸ਼

1. ਗੁਰਦੁਆਰਾ ਸਾਹਿਬ ਚਰਨ ਪਾਦੁਕਾ ਢਾਕਾ :

ਬੰਗਲਾ ਦੇਸ਼ ਦੀ ਰਾਜਧਾਨੀ ਢਾਕਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਆਮਦ ਦੀ ਯਾਦ ਵਿਚ ਗੁਰਦੁਆਰਾ ਸਾਹਿਬ ਚਰਨਪਾਦੁਕਾ ਸੁਸ਼ੋਭਿਤ ਹੈ। ਇਤਿਹਾਸਿਕ ਸ੍ਰੋਤਾਂ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਇੱਥੇ 1564 ਈ: ਵਿਚ ਇਕ ਪ੍ਰਚਾਰ ਫੇਰੀ ਦੌਰਾਨ ਪਹੁੰਚੇ ਸਨ। ਇਸ ਸ਼ਹਿਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਇਲਾਵਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਵੀ ਪ੍ਰਾਪਤ ਹੈ।

2. ਗੁਰਦੁਆਰਾ ਨਾਨਕਸ਼ਾਹੀ, ਢਾਕਾ:

ਗੁਰਦੁਆਰਾ ਨਾਨਕਸ਼ਾਹੀ ਨੀਲਖੇਤਰ ਸੜਕ ’ਤੇ ਢਾਕਾ ਯੂਨੀਵਰਸਿਟੀ ਦੇ ਬਿਲਕੁਲ ਸਾਹਮਣੇ ਸੁਸ਼ੋਭਿਤ ਹੈ। ਸ਼ਹਿਰ ਦੇ ਬਿਲਕੁਲ ਅੰਦਰਵਾਰ ਇਕ ਹੋਰ ਗੁਰਦੁਆਰਾ ਸਾਹਿਬ ‘ਗੁਰਦੁਆਰਾ ਸੰਗਤ ਟੋਲਾ’ ਜੋ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ਵਿਚ ਸੁਸ਼ੋਭਿਤ ਹੈ ਦੀ ਖਸਤਾ ਹਾਲ ਇਮਾਰਤ ਕਾਰਨ ਉੱਥੋਂ ਦੀਆਂ ਇਤਿਹਾਸਿਕ ਅਤੇ ਪਵਿੱਤਰ ਯਾਦਗਾਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥ ਲਿਖਤ ਸਰੂਪ ਅਤੇ ਗੁਰੂ ਸਾਹਿਬ ਦੀ ਖੜਾਵਾਂ ਹੁਣ ਗੁਰਦੁਆਰਾ ਨਾਨਕਸ਼ਾਹੀ ਵਿਚ ਸੁਸ਼ੋਭਿਤ ਕਰ ਦਿੱਤੀਆਂ ਗਈਆਂ ਹਨ। ਇਤਿਹਾਸਿਕ ਸ੍ਰੋਤਾਂ ਅਨੁਸਾਰ ਗੁਰੂ  ਸਾਹਿਬ ਮਿਥਿਲਾ, ਕੰਤ ਨਗਰ, ਕਾਮਰੂਪ ਆਦਿ ਤੋਂ ਹੁੰਦੇ ਹੋਏ ਇੱਥੇ ਪਹੁੰਚੇ ਸਨ।

3. ਸਿੱਖ ਟੈਂਪਲ ਚੌਂਕ ਬਜ਼ਾਰ ਚਿਟਾਗਾਂਗ :

ਢਾਕੇ ਸ਼ਹਿਰ ਤੋਂ ਕੋਈ 300 ਕਿਲੋਮੀਟਰ ਦੂਰ ਚਿਟਾਗਾਂਗ ਬੰਦਰਗਾਹ ਦੇ ਚੌਂਕ ਬਜ਼ਾਰ ’ਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਯਾਦ ਵਿਚ ਇਤਿਹਾਸਿਕ ਗੁਰਦੁਆਰਾ ਸਿੱਖ ਟੈਂਪਲ ਸੁਸ਼ੋਭਿਤ ਹੈ। ਭਾਈ ਬਾਲੇ ਵਾਲੀ ਸਾਖੀ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਇਕ ਪ੍ਰਚਾਰ ਫੇਰੀ ਦੌਰਾਨ ਇੱਥੇ ਆਏ ਸਨ।

4. ਸਿੱਖ ਸੰਗਤ (ਧਰਮਸ਼ਾਲਾ) ਸਿਲਹਟ :

ਸਿੱਖ ਵਿਸ਼ਵ ਕੋਸ਼ ਅਨੁਸਾਰ ਜਨਮ ਸਾਖੀ ਸਾਹਿਤ ਵਿਚ ਦਰਜ ਹੈ ਕਿ ਬੰਗਲਾ ਦੇਸ਼ ਦੇ ਇਕ ਨਗਰ ਸਿਲਹਟ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਇਕ ਪ੍ਰਚਾਰ ਫੇਰੀ ਦੌਰਾਨ ਪਹੁੰਚੇ ਸਨ। ਇੱਥੇ ਉਨ੍ਹਾਂ ਦੀ ਇਸ ਪਵਿੱਤਰ ਆਮਦ ਦੀ ਯਾਦ ਵਿਚ ਉੱਥੋਂ ਦੀਆਂ ਸੰਗਤਾਂ ਵੱਲੋਂ ਸਿੱਖ ਸੰਗਤ (ਧਰਮਸ਼ਾਲਾ) ਦੀ ਸਥਾਪਨਾ ਕੀਤੀ ਗਈ। ਇਤਿਹਾਸਿਕ ਸ੍ਰੋਤ ਅਨੁਸਾਰ ਦੇਸ਼ ਵੰਡ ਤੋਂ ਪਹਿਲਾਂ ਤਕ ਇਹ ਧਰਮਸ਼ਾਲਾ ਮੌਜੂਦ ਸੀ ਪਰ ਅੱਜਕਲ੍ਹ ਇੱਥੇ ਦਫ਼ਤਰ ਅਤੇ ਰਿਹਾਇਸ਼ੀ ਮਕਾਨ ਉਸਾਰ ਦਿੱਤੇ ਗਏ ਹਨ।

ਇਰਾਕ

1. ਗੁਰਦੁਆਰਾ ਸਾਹਿਬ ਬਗਦਾਦ :

ਬਗਦਾਦ ਸ਼ਹਿਰ ਤੋਂ ਦਸ-ਬਾਰਾਂ ਮੀਲ ਦੂਰ ਹਜ਼ਰਤ ਬਹਿਲੋਲ ਦੇ ਮਜ਼ਾਰ ਦੇ ਨਜ਼ਦੀਕ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਛੋਹ ਪ੍ਰਾਪਤ ਇਤਿਹਾਸਿਕ ਸਥਾਨ ਸੁਸ਼ੋਭਿਤ ਹੈ। ਇੱਥੇ ਇਕ ਕਮਰੇ ਵਿਚ ਇਕ ਚੌਂਤਰੇ ਉੱਤੇ ਗੁਰਮੁਖੀ, ਉਰਦੂ ਤੇ ਅਰਬੀ ਵਿਚ ਹੇਠ ਲਿਖੇ ਭਾਵ ਦੀ ਵਾਰਤਕਿ ਲਿਖੀ ਮਿਲਦੀ ਹੈ, “ਹਜ਼ਰਤ ਬਾਬਾ ਗੁਰੂ ਨਾਨਕ ਜਦੋਂ ਯਾਤਰਾ ਕਰਦੇ ਹੋਏ ਏਧਰ ਤਸ਼ਰੀਫ ਲਿਆਏ ਤਾਂ ਹਜ਼ਰਤ ਬਹਿਲੋਲ ਦੇ ਮਹਿਮਾਨ ਰਹੇ। ਇੱਥੇ ਹਜ਼ੂਰ ਬਾਬਾ ਜੀ ਨੇ ਚਾਲੀ ਦਿਨ ਗੁਜ਼ਾਰੇ।” ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਪਣੀ ਇਕ ਪ੍ਰਚਾਰ ਫੇਰੀ ਦੌਰਾਨ ਬਗਦਾਦ ਪਹੁੰਚਣ ਦਾ ਜ਼ਿਕਰ ਭਾਈ ਗੁਰਦਾਸ ਜੀ ਆਪਣੀ ਪਹਿਲੀ ਵਾਰ ਵਿਚ ‘ਫਿਰਿ ਬਾਬਾ ਗਇਆ ਬਗਦਾਦਿ ਨੋ’ ਕਰਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਆਮਦ ਦੀ ਯਾਦ ਵਿਚ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਇੱਥੇ ਗੁਰੂ ਸਾਹਿਬ ਨੇ ‘ਪਾਤਾਲਾ ਪਾਤਾਲ ਲਖ ਆਗਾਸਾ ਆਗਾਸ’ ਸ਼ਬਦ ਦਾ ਗਾਇਨ ਕਰਕੇ ਇਥੋਂ ਦੇ ਪੀਰ-ਏ- ਦਸਤਗੀਰ ਬਹਿਲੋਲ ਨੂੰ ਇਕ ਅਕਾਲ ਪੁਰਖ ਦੇ ਰਹੱਸਾਂ ਬਾਰੇ ਦੱਸਿਆ ਸੀ।

ਭਾਈ ਗੁਰਦਾਸ ਜੀ ਦੀਆਂ ਵਾਰਾਂ, ਜਨਮ ਸਾਖੀਆਂ ਅਤੇ ਹੋਰ ਇਤਿਹਾਸਿਕ ਸ੍ਰੋਤਾਂ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਫਗਾਨਿਸਤਾਨ ਵਿਚ ਕੰਧਾਰ, ਕੁਰਮ, ਮਿੱਠੇ ਬਾਗ, ਡੇਰਾ ਅਤੇ ਡਿੱਗੇ, ਸ੍ਰੀ ਲੰਕਾ ਵਿਚ ਡ੍ਰਿਕਨਾਮਲੇ, ਮਿੰਟੀਆਕਲਮ, ਦੀਵਾਰ ਮੱਟੀਆਂ, ਸਵਾਮੀਕਾਰਤਕ, ਬਢੁੱਲੇ, ਬੂਰਮਲੀ ਬਸਤੀ, ਪੁਸਲਾਪੁਰ ਅਤੇ ਦੀਘਰ, ਰੂਸ ਵਿਚ ਬਾਕੂ, ਜੱਦਾ, ਮਸਰਦ, ਕਰਬਲਾ, ਸੋਆਸ, ਤਾਸ਼ਕੰਦ, ਸੁਲੇਮਾਨ ਪਰਬਤ, ਵਾਉਕੰਦ, ਸਮਰਕੰਦ, ਅਰਬ ਦੇਸ਼ਾਂ ਈਰਾਨ, ਇਰਾਕ ਵਿਚ ਮੱਕਾ, ਮਦੀਨਾ, ਉਜੇਬਿਕਸਤਾਨ, ਤਹਿਰਾਨ, ਅਤੇ ਨੇਪਾਲ ਆਦਿ ਵਿਚ ਵੀ ਆਪਣੀਆਂ ਪ੍ਰਚਾਰ ਫੇਰੀਆਂ ਦੌਰਾਨ ਜਾਣ ਦਾ ਉਲੇਖ ਮਿਲਦਾ ਹੈ, ਪਰ ਉੱਥੇ ਉਨਾਂ ਦੀਆਂ ਯਾਦਗਾਰੀ ਬਣੀਆਂ ਸਨ ਜਾਂ ਨਹੀਂ ਜਾਂ ਉਨ੍ਹਾਂ ਵਿੱਚੋਂ ਕਿਹੜੀਆਂ ਅੱਜ ਵੀ ਮੌਜੂਦ ਹਨ ਜਾਂ ਨਹੀਂ ਇਸ ਬਾਰੇ ਕੋਈ ਪੁਖਤਾ ਜਾਣਕਾਰੀ ਨਾ ਹੋਣ ਕਰਕੇ ਲੇਖ ਦੀ ਇਸ ਕੜੀ ਨੂੰ ਇੱਥੇ ਹੀ ਸਮਾਪਤ ਕੀਤਾ ਜਾਂਦਾ ਹੈ ਅਗਲੇ ਅੰਕ ਵਿਚ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਦੁਆਰਾ ਸਾਹਿਬਾਨ ਬਾਰੇ ਜ਼ਿਕਰ ਕੀਤਾ ਜਾਵੇਗਾ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

#8363, ਗਲੀ ਨੰ: 2, ਗੁਰੂ ਰਾਮਦਾਸ ਨਗਰ, ਸੁਲਤਾਨਵਿੰਡ ਰੋਡ, ਸ੍ਰੀ ਅੰਮ੍ਰਿਤਸਰ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)