editor@sikharchives.org
ਸ੍ਰੀ ਗੁਰੂ ਤੇਗ ਬਹਾਦਰ ਜੀ

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ

ਗੁਰੂ ਤੇਗ ਬਹਾਦਰ ਜੀ ਦੀ ਮਹਾਨ ਸ਼ਹਾਦਤ ਇਕ ਵੱਡਾ ਅਦੁੱਤੀ ਸਾਕਾ ਹੈ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਨਿਰਸੰਦੇਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਮਹਾਨ ਸ਼ਹਾਦਤ ਇਕ ਵੱਡਾ ਅਦੁੱਤੀ ਸਾਕਾ ਹੈ। ਐਸੀ ਘਟਨਾ ਦੀ ਉਦਾਹਰਣ ਮਨੁੱਖਤਾ ਦੇ ਇਤਿਹਾਸ ਵਿਚ ਜਾਂ ਧਰਮ ਦੀ ਆਜ਼ਾਦੀ ਦੇ ਸਮੁੱਚੇ ਇਤਿਹਾਸ ਵਿਚ ਮਿਲਣੀ ਕਠਨ ਹੈ ਜਦੋਂ ਕਿਸੇ ਦੂਜੇ ਧਰਮ ਦੇ ਪੈਰੋਕਾਰਾਂ ਉੱਪਰ ਬਣੇ ਧਰਮ-ਸੰਕਟ ਨੂੰ ਠੱਲ੍ਹ ਪਾਉਣ ਲਈ ਕਿਸੇ ਮਹਾਨ ਸ਼ਖ਼ਸੀਅਤ ਨੇ ਆਪਣਾ ਬਲੀਦਾਨ ਦਿੱਤਾ ਹੋਵੇ। ਇਸੇ ਲਈ ਆਪ ਜੀ ਨੂੰ ‘ਗੁਰੂ ਤੇਗ ਬਹਾਦਰ, ਹਿੰਦ ਦੀ ਚਾਦਰ’ ਕਹਿ ਕੇ ਯਾਦ ਕੀਤਾ ਜਾਂਦਾ ਹੈ।

ਆਪ ਜੀ ਦਾ ਜਨਮ ਪਹਿਲੀ ਅਪ੍ਰੈਲ ਸੰਨ 1621 ਈ:, 5 ਵੈਸਾਖ, ਸੰਮਤ ਨਾਨਕਸ਼ਾਹੀ 153 (ਵੈਸਾਖ ਵਦੀ 5, 1678 ਬਿਕਰਮੀ) ਨੂੰ ਪਿਤਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਅਤੇ ਮਾਤਾ ਨਾਨਕੀ ਜੀ ਦੇ ਗ੍ਰਹਿ ਵਿਖੇ ਹੋਇਆ। ਆਪ ਪੰਜਾਂ ਭਰਾਵਾਂ ਵਿੱਚੋਂ ਸਭ ਤੋਂ ਛੋਟੇ ਸਨ। ਆਪ ਜੀ ਦਾ ਬਚਪਨ ਅੰਮ੍ਰਿਤਸਰ ਵਿਖੇ ਬੀਤਿਆ ਜਿੱਥੇ ਭਾਈ ਗੁਰਦਾਸ ਜੀ ਦੀ ਨਿਗਰਾਨੀ ਵਿਚ ਆਪ ਜੀ ਨੇ ਹਰ ਤਰ੍ਹਾਂ ਦੀ ਵਿੱਦਿਆ ਅਤੇ ਗੁਰਬਾਣੀ ਦੀ ਸਿੱਖਿਆ ਪ੍ਰਾਪਤ ਕੀਤੀ ਅਤੇ ਬਾਬਾ ਬੁੱਢਾ ਜੀ ਨੇ ਆਪ ਨੂੰ ਘੋੜ- ਸਵਾਰੀ, ਨੇਜੇਬਾਜ਼ੀ ਅਤੇ ਸੂਰਮਗਤੀ ਦੇ ਕਈ ਕਰਤੱਵ ਸਿਖਾਏ। ਆਪ ਜੀ ਦੀ ਰਾਗ ਵਿੱਦਿਆ ਵਿਚ ਵਿਸ਼ੇਸ਼ ਰੁਚੀ ਸੀ ਅਤੇ ਆਪ ਕਾਫ਼ੀ ਸਮਾਂ ਪ੍ਰਭੂ-ਪਿਆਰ ਅਤੇ ਵੈਰਾਗ ਦੇ ਸ਼ਬਦ ਗਾਇਨ ਕਰਦੇ ਰਹਿੰਦੇ। ਆਪ ਜੀ ਦੀ ਸ਼ਾਦੀ ਬੀਬੀ ਗੁਜਰੀ ਜੀ ਨਾਲ ਹੋਈ ਜੋ ਲਖਨੌਰ ਦੇ ਰਹਿਣ ਵਾਲੇ ਸ੍ਰੀ ਲਾਲ ਚੰਦ ਅਤੇ ਮਾਤਾ ਬਿਸ਼ਨ ਕੌਰ ਦੀ ਸਪੁੱਤਰੀ ਸਨ।

ਸ਼ਾਹ ਜਹਾਨ ਦਿੱਲੀ ਦੇ ਤਖ਼ਤ ’ਤੇ ਬੈਠਿਆ। ਜਹਾਂਗੀਰ ਦੇ ਸਮੇਂ ਤੋਂ ਹੀ ਦਿੱਲੀ ਦਰਬਾਰ ਦਾ ਰੁਖ਼ ਗੁਰੂ-ਘਰ ਵੱਲ ਸੁਖਾਵਾਂ ਨਹੀਂ ਸੀ। ਨਤੀਜੇ ਵਜੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਮੁਗ਼ਲਾਂ ਨਾਲ ਕਈ ਯੁੱਧ ਹੋਏ ਅਤੇ ਵਿਸ਼ੇਸ਼ ਤੌਰ ’ਤੇ ਕਰਤਾਰਪੁਰ ਦੇ ਯੁੱਧ ਵਿਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਬਹਾਦਰੀ ਦੇ ਜ਼ੌਹਰ ਵਿਖਾਏ। ਪਿਤਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ 1644 ਈ. ਵਿਚ ਜੋਤੀ-ਜੋਤਿ ਸਮਾਉਣ ਉਪਰੰਤ ਆਪ ਜੀ ਮਾਤਾ ਨਾਨਕੀ ਜੀ ਅਤੇ ਆਪਣੇ ਮਹਿਲ ਗੁਜਰੀ ਜੀ ਸਣੇ ਬਕਾਲੇ ਆ ਗਏ। ਇਥੇ ਇਕਾਂਤ ਵਿਚ ਰਹਿ ਕੇ ਆਪ ਜੀ ਵਧੇਰੇ ਸਮਾਂ ਭਗਤੀ ਵਿਚ ਲੀਨ ਰਹਿੰਦੇ ਪਰ ਗੁਰੂ-ਘਰ ਵਿਚ ਹੋ ਰਹੇ ਕਾਰਜਾਂ ਨਾਲ ਆਪ ਜੀ ਜੁੜੇ ਰਹੇ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਤੋਂ ਪਿੱਛੋਂ ਸੱਤਵੇਂ ਪਾਤਸ਼ਾਹ ਜੀ ਅਤੇ ਸ੍ਰੀ ਗੁਰੁ ਹਰਿ ਰਾਇ ਸਾਹਿਬ ਤੋਂ ਬਾਅਦ ਉਨ੍ਹਾਂ ਦੇ ਸਪੁੱਤਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਗੁਰਗੱਦੀ ’ਤੇ ਬਿਰਾਜਮਾਨ ਹੋਏ।

ਜਲਦੀ ਹੀ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ‘ਬਾਬਾ ਬਕਾਲੇ’ ਦਾ ਐਲਾਨ ਕਰ ਕੇ ਜੋਤੀ-ਜੋਤਿ ਸਮਾ ਗਏ। ਇਥੇ ਆਪ ਜੀ ਨੂੰ ਮੱਖਣ ਸ਼ਾਹ ਲੁਬਾਣੇ ਨੇ ‘ਗੁਰੂ ਲਾਧੋ ਰੇ, ਗੁਰੂ ਲਾਧੋ ਰੇ’ ਪੁਕਾਰ ਕੇ ਪ੍ਰਗਟ ਕੀਤਾ। ਧੀਰਮੱਲ ਅਤੇ ਸ਼ੀਹਾਂ ਮਸੰਦ ਦੇ ਵਿਰੋਧਾਂ ਨੂੰ ਆਪ ਜੀ ਨੇ ਸਹਿਨਸ਼ੀਲਤਾ ਨਾਲ ਨਜਿੱਠਿਆ। 20 ਮਾਰਚ, 1665 ਨੂੰ ਆਪ ਜੀ ਨੂੰ ਰਸਮੀ ਤੌਰ ’ਤੇ ਗੁਰਗੱਦੀ ਸੌਂਪੀ ਗਈ ਅਤੇ ਆਪ ਨੇ ਸਿੱਖ ਪੰਥ ਦੀ ਵਾਗਡੋਰ ਸੰਭਾਲੀ ਅਤੇ ਇਸ ਨੂੰ ਸਹੀ ਸੇਧ ਦੇਣ ਦੇ ਉਪਰਾਲੇ ਸ਼ੁਰੂ ਕਰ ਦਿੱਤੇ। ਗੁਰੂ ਜੀ ਨੇ ਮਸੰਦਾਂ ਰਾਹੀਂ ਅਤੇ ਹੁਕਮਨਾਮੇ ਜਾਰੀ ਕਰ ਕੇ ਦੂਰ-ਦੁਰਾਡੇ ਬੈਠੀਆਂ ਸਿੱਖ ਸੰਗਤਾਂ ਨਾਲ ਸੰਪਰਕ ਕਾਇਮ ਕੀਤਾ। ਆਪ ਤਿੰਨ ਵਾਰੀ ਖ਼ੁਦ ਕੀਰਤਪੁਰ ਗਏ ਅਤੇ ਪੰਜਾਬ ਦੇ ਮਾਝਾ, ਮਾਲਵਾ ਅਤੇ ਬਾਂਗਰ ਇਲਾਕਿਆਂ ਦਾ ਦੌਰਾ ਕਰ ਕੇ ਸਿੱਖ ਸੰਗਤਾਂ ਨੂੰ ਉਤਸ਼ਾਹ ਬਖਸ਼ਿਆ। ਮਈ 1665 ਵਿਚ ਆਪ ਬਿਲਾਸਪੁਰ ਗਏ। ਇਥੋਂ ਦੇ ਰਾਜਾ ਦੀਪ ਚੰਦ ਅਤੇ ਮਹਾਰਾਣੀ ਚੰਪਾ ਤੋਂ ਆਪ ਨੇ ਮਾਖੋਵਾਲ ਦੀ ਧਰਤੀ ਖ਼ਰੀਦੀ ਅਤੇ ਇਥੇ ਨਵੀਂ ਵਸੋਂ ਆਬਾਦ ਕੀਤੀ ਜਿਸ ਦਾ ਨਾਮ ‘ਚੱਕ ਨਾਨਕੀ’ ਰੱਖਿਆ। ਬਾਅਦ ਵਿਚ ਇਹ ਅਸਥਾਨ ਅਨੰਦਪੁਰ ਸਾਹਿਬ ਦੇ ਨਾਮ ਨਾਲ ਪ੍ਰਸਿੱਧ ਹੋਇਆ। ਗੁਰੂ ਕੀਆਂ ਸੰਗਤਾਂ ਨਾਲ ਨਿੱਜੀ ਸੰਪਰਕ ਕਰਨ ਲਈ ਆਪ ਨੇ ਇਕ ਲੰਮੀ ਯਾਤਰਾ ਕੀਤੀ। ਰੋਪੜ, ਬਨੂੜ, ਰਾਜਪੁਰਾ, ਬਹਾਦਰਗੜ੍ਹ, ਧਮਧਾਨ ਤੋਂ ਹੁੰਦੇ ਹੋਏ ਆਪ ਦਿੱਲੀ ਪੁੱਜੇ। ਇਥੋਂ ਮਥਰਾ, ਆਗਰਾ, ਈਟਾਹ, ਕਾਨ੍ਹਪੁਰ, ਫਤਿਹਪੁਰ, ਅਲਾਹਾਬਾਦ, ਮਿਰਜ਼ਾਪੁਰ ਅਤੇ ਬਨਾਰਸ ਦੀਆਂ ਸੰਗਤਾਂ ਨੂੰ ਦਰਸ਼ਨ ਦਿੱਤੇ। ਸਸਰਾਮ ਅਤੇ ਬੋਧ ਗਇਆ ਤੋਂ ਪਟਨੇ ਪੁੱਜੇ ਜਿੱਥੇ ਪਰਵਾਰ ਛੱਡ ਕੇ ਮੰਘੇਰ ਰਾਹੀਂ ਆਪ ਢਾਕਾ ਪੁੱਜੇ। ਇਥੇ ਆਪ ਜੀ ਨੂੰ ਖ਼ਬਰ ਮਿਲੀ ਕਿ ਪਟਨੇ ਵਿਖੇ 1666 ਈ. ਨੂੰ ਬਾਲ ਗੋਬਿੰਦ ਰਾਇ ਜੀ ਨੇ ਅਵਤਾਰ ਧਾਰਿਆ ਹੈ।

ਢਾਕਾ ਵਿਖੇ ਆਪ ਜੀ ਦੇ ਦਰਸ਼ਨ ਕਰਨ ਆਂਬੇਰ ਦਾ ਰਾਜਾ ਰਾਮ ਸਿੰਘ ਆਇਆ ਜਿਸ ਨੂੰ ਔਰੰਗਜ਼ੇਬ ਨੇ ਆਸਾਮ ਦੇ ਔਹਮਾਂ ਨੂੰ ਕਾਬੂ ਕਰਨ ਲਈ ਭੇਜਿਆ ਸੀ। ਗੁਰੂ ਜੀ ਰਾਜਾ ਰਾਮ ਸਿੰਘ ਦੇ ਨਾਲ ਹੀ ਬ੍ਰਹਮਪੁੱਤਰ ਦਰਿਆ ਲੰਘ ਕੇ ਧੂਬੜੀ ਦੇ ਅਸਥਾਨ ’ਤੇ ਪੁੱਜੇ। ਇਥੇ ਆਪ ਜੀ ਨੇ ਰਾਜਾ ਰਾਮ ਸਿੰਘ ਅਤੇ ਔਹਮ ਰਾਜੇ ਚੱਕਰਧਵੱਜ ਵਿਚ ਸੁਲਹ ਕਰਵਾਈ ਜਿਸ ਦੀ ਯਾਦ ਵਿਚ ਸੁੰਦਰ ਗੁਰਦੁਆਰਾ ਬਣਿਆ ਹੋਇਆ ਹੈ। ਇਥੋਂ ਆਪ ਜੀ ਵਾਪਸ ਪਰਵਾਰ ਪਾਸ ਪਟਨਾ ਸਾਹਿਬ ਪੁੱਜੇ। ਪਰਵਾਰ ਨੂੰ ਅਨੰਦਪੁਰ ਸਾਹਿਬ ਜਾਣ ਦਾ ਆਦੇਸ਼ ਦੇ ਕੇ ਆਪ ਦਿੱਲੀ ਦੀਆਂ ਸੰਗਤਾਂ ਨੂੰ ਮਿਲੇ, ਫਿਰ ਆਪ ਮਾਲਵਾ ਹੁੰਦੇ ਹੋਏ ਵਾਪਸ ਅਨੰਦਪੁਰ ਸਾਹਿਬ ਪੁੱਜ ਗਏ।

ਇਸ ਤਰ੍ਹਾਂ ਲੰਮੀਆਂ ਯਾਤਰਾਵਾਂ ਰਾਹੀਂ ਦੂਰ-ਦੁਰਾਡੇ ਦੀਆਂ ਸੰਗਤਾਂ ਨਾਲ ਮੇਲ-ਮਿਲਾਪ ਕਾਰਨ ਆਪ ਜੀ ਹਿੰਦੁਸਤਾਨ ਦੇ ਕਈ ਪ੍ਰਦੇਸਾਂ, ਸ਼ਹਿਰਾਂ ਅਤੇ ਕਸਬਿਆਂ ਵਿਚ ਧਾਰਮਿਕ ਰਹਿਨੁਮਾ ਵਜੋਂ ਉਜਾਗਰ ਹੋ ਗਏ। ਆਮ ਲੋਕ ਮੁਗ਼ਲ ਹਕੂਮਤ ਦੇ ਸਹਿਮ ਵਿਚ ਜੀਅ ਰਹੇ ਸਨ। ਵਿਸ਼ੇਸ਼ ਕਰਕੇ ਜਹਾਂਗੀਰ ਦੇ ਰਾਜ-ਕਾਲ ਤੋਂ ਹਿੰਦੂ ਪਰਜਾ ਨੂੰ ਜਬਰਨ ਮੁਸਲਮਾਨ ਬਣਾਉਣ ਦੀ ਪ੍ਰਕਿਰਿਆ ਜ਼ੋਰ ਪਕੜ ਰਹੀ ਸੀ। ਮੁਸਲਮਾਨ ਸ਼ਾਸਕਾਂ ਵਿਚ ਦੂਜੇ ਧਰਮਾਂ ਪ੍ਰਤੀ ਸਹਿਨਸ਼ੀਲਤਾ ਉੱਕਾ ਹੀ ਨਹੀਂ ਸੀ। ਉਹ ਹਰੇਕ ਨਾਗਰਿਕ ਨੂੰ ਮੁਸਲਮਾਨ ਬਣਾਉਣ ਲਈ ਹਰ ਤਰ੍ਹਾਂ ਦੀ ਸਖ਼ਤੀ ਅਤੇ ਜ਼ੁਲਮ ਕਰਨ ਤੋਂ ਵੀ ਸੰਕੋਚ ਨਹੀਂ ਸੀ ਕਰਦੇ। ਮੁਗ਼ਲ ਬਾਦਸ਼ਾਹ ਔਰੰਗਜ਼ੇਬ ਨੇ 1669 ਈ. ਵਿਚ ਹਿੰਦੂ ਰਈਅਤ ਉੱਪਰ ਮੁੜ ਜਜ਼ੀਆ (ਕਰ) ਲਾ ਦਿੱਤਾ। ਇਸ ਹੁਕਮ ਨੂੰ ਅਮਲੀ ਜਾਮਾ ਦੇਣ ਲਈ ਕਸ਼ਮੀਰ ਵਿਚ ਵਿਸ਼ੇਸ਼ ਤੌਰ ’ਤੇ ਸਖ਼ਤੀ ਵਰਤੀ ਗਈ। ਕਸ਼ਮੀਰ ਦੇ ਗਵਰਨਰ ਇਫ਼ਤਖ਼ਾਰ ਖਾਨ (1671-1675) ਦੇ ਹੁਕਮ ਨਾਲ ਮੁਸਲਮਾਨ ਬਣਨ ਤੋਂ ਨਾਂਹ-ਨੁੱਕਰ ਕਰਨ ਵਾਲਿਆਂ ਨੂੰ ਬਹੁਤ ਦੁੱਖ ਅਤੇ ਤਸੀਹੇ ਦੇਣੇ ਸ਼ੁਰੂ ਕੀਤੇ ਗਏ। ਗ਼ਰੀਬ ਤੇ ਕਮਜ਼ੋਰ ਲੋਕਾਂ ਪਾਸ ਕੋਈ ਚਾਰਾ ਨਹੀਂ ਸੀ, ਉਹ ਮਜਬੂਰਨ ਮੁਸਲਮਾਨ ਬਣਨ ਲੱਗ ਪਏ। ਕਸ਼ਮੀਰ ਦੇ ਪੰਡਤ ਇਸ ਦਸ਼ਾ ਤੋਂ ਬਹੁਤ ਪ੍ਰੇਸ਼ਾਨ ਹੋਏ। ਉਨ੍ਹਾਂ ਨੇ ਇਸ ਮੁਸੀਬਤ ਤੋਂ ਬਚਣ ਲਈ ਸਲਾਹ-ਮਸ਼ਵਰਾ ਕੀਤਾ। ਆਖ਼ਰ ਬ੍ਰਾਹਮਣ ਵਰਗ ਦਾ ਇਕ ਜਥਾ ਮਟਨ ਦੇ ਵਾਸੀ ਕਿਰਪਾ ਰਾਮ ਦੀ ਅਗਵਾਈ ਵਿਚ 25 ਮਈ 1675 ਨੂੰ ਚੱਕ ਨਾਨਕੀ (ਅਨੰਦਪੁਰ ਸਾਹਿਬ) ਪੁੱਜਿਆ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਾਰੀ ਦੁੱਖ ਭਰੀ ਵਿਥਿਆ ਦੱਸੀ ਅਤੇ ਬਹੁੜੀ ਕਰਨ ਲਈ ਬੇਨਤੀ ਕੀਤੀ। ਕਿਰਪਾ ਰਾਮ ਤੋਂ ਦੁੱਖ ਭਰੀ ਵਾਰਤਾ ਸੁਣ ਕੇ ਗੁਰੂ ਮਹਾਰਾਜ ਗੰਭੀਰ ਹੋ ਗਏ ਅਤੇ ਸੋਚਣ ਲੱਗੇ ਕਿ ਇਸ ਜ਼ੁਲਮ ਨੂੰ ਕਿਵੇਂ ਠੱਲ੍ਹ ਪਾਈ ਜਾਵੇ? ਆਪ ਜੀ ਅੰਤਰ-ਧਿਆਨ ਹੋ ਕੇ ਸੋਚ ਹੀ ਰਹੇ ਸੀ ਕਿ ਹੋਣਹਾਰ ਬਾਲ ਗੋਬਿੰਦ ਰਾਇ ਜੀ, ਜਿਨ੍ਹਾਂ ਦੀ ਆਯੂ ਉਸ ਸਮੇਂ 9 ਵਰ੍ਹੇ ਦੱਸੀ ਜਾਂਦੀ ਹੈ, ਪਿਤਾ-ਗੁਰੂ ਪਾਸ ਆ ਪਹੁੰਚੇ। ਪਿਤਾ ਜੀ ਨੂੰ ਗੰਭੀਰਤਾ ਦਾ ਕਾਰਨ ਪੁੱਛਿਆ। ਗੁਰੂ ਜੀ ਨੇ ਬਾਲ ਗੋਬਿੰਦ ਰਾਇ ਜੀ ਨੂੰ ਪਿਆਰ ਕੀਤਾ, ਪਾਸ ਬਿਠਾਇਆ ਅਤੇ ਕਸ਼ਮੀਰੀ ਪੰਡਤਾਂ ਦੀ ਦੁੱਖ-ਭਰੀ ਕਹਾਣੀ ਦੱਸੀ ਅਤੇ ਇਹ ਕਿਹਾ ਕਿ ਇਸ ਜ਼ੁਲਮ ਨੂੰ ਕਿਸੇ ਮਹਾਨ ਆਤਮਾ ਦੀ ਕੁਰਬਾਨੀ ਹੀ ਰੋਕ ਸਕਦੀ ਹੈ। ਬਾਲ ਗੋਬਿੰਦ ਰਾਇ ਜੀ ਨੇ ਦ੍ਰਿੜ੍ਹਤਾ ਨਾਲ ਕਿਹਾ ਕਿ ਆਪ ਜੀ ਤੋਂ ਬਿਨਾਂ, ਮਹਾਨ ਆਤਮਾ ਹੋਰ ਕੌਣ ਹੋ ਸਕਦੀ ਹੈ? ਗੁਰੂ ਜੀ ਇਹ ਉੱਤਰ ਸੁਣ ਕੇ ਬਹੁਤ ਪ੍ਰਸੰਨ ਹੋਏ ਅਤੇ ਉਨ੍ਹਾਂ ਨੂੰ ਤਸੱਲੀ ਹੋ ਗਈ ਕਿ ਬਾਲ ਗੋਬਿੰਦ ਰਾਇ ਜੀ ਸਿੱਖ ਪੰਥ ਦੀ ਅਗਵਾਈ ਕਰਨ ਦੇ ਯੋਗ ਹੋ ਗਏ ਹਨ। ਉਨ੍ਹਾਂ ਨੇ ਆਪਣਾ ਬਲੀਦਾਨ ਦੇਣ ਦੀ ਧਾਰਨਾ ਬਣਾ ਲਈ ਅਤੇ ਕਸ਼ਮੀਰੀ ਪੰਡਤਾਂ ਨੂੰ ਕਿਹਾ ਕਿ ਉਹ ਵਾਪਸ ਕਸ਼ਮੀਰ ਪਰਤ ਜਾਣ ਅਤੇ ਗਵਰਨਰ ਨੂੰ ਕਹਿ ਦੇਣ ਕਿ ਸ੍ਰੀ (ਗੁਰੂ) ਤੇਗ ਬਹਾਦਰ ਜੀ ਉਨ੍ਹਾਂ ਦੇ ਆਗੂ ਹਨ ਅਤੇ ਜੇ ਉਹ ਮੁਸਲਮਾਨ ਬਣਨਾ ਪ੍ਰਵਾਨ ਕਰ ਲੈਣ ਤਾਂ ਅਸੀਂ ਸਾਰੇ ਮੁਸਲਮਾਨ ਬਣ ਜਾਵਾਂਗੇ।

ਗਵਰਨਰ ਨੇ ਜਦੋਂ ਔਰੰਗਜ਼ੇਬ ਨੂੰ ਇਹ ਸੁਨੇਹਾ ਭੇਜਿਆ ਤਾਂ ਉਸ ਨੇ ਤੁਰੰਤ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਗ੍ਰਿਫ਼ਤਾਰੀ ਦੇ ਹੁਕਮ ਜਾਰੀ ਕਰ ਦਿੱਤੇ ਅਤੇ ਅਨੰਦਪੁਰ ਸਾਹਿਬ ਵੱਲ ਸਿਪਾਹੀ ਭੇਜ ਦਿੱਤੇ। ਸਿਪਾਹੀਆਂ ਦੇ ਪੁੱਜਣ ਤੋਂ ਪਹਿਲਾਂ ਹੀ ਗੁਰੂ ਜੀ ਨੇ ਦਿੱਲੀ ਵੱਲ ਯਾਤਰਾ ਸ਼ੁਰੂ ਕਰ ਦਿੱਤੀ ਤਾਂ ਕਿ ਥਾਂ-’ਪੁਰ-ਥਾਂ ਜਾ ਕੇ ਰਸਤੇ ਦੀਆਂ ਸੰਗਤਾਂ ਨੂੰ ਹੋ ਰਹੇ ਅਤਿਆਚਾਰਾਂ ਤੋਂ ਜਾਣੂ ਕਰਵਾਇਆ ਜਾਵੇ।

ਆਪ ’ਤੇ ਹਰ ਤਰ੍ਹਾਂ ਦਾ ਜ਼ੁਲਮ ਕੀਤਾ ਗਿਆ ਤਾਂ ਕਿ ਆਪ ਇਸਲਾਮ ਵਿਚ ਸ਼ਾਮਲ ਹੋਣਾ ਪ੍ਰਵਾਨ ਕਰ ਲੈਣ ਪਰ ਨਾ ਤਾਂ ਸਰੀਰਕ ਕਸ਼ਟ, ਨਾ ਦੁਨਿਆਵੀ ਲਾਲਚ ਆਪ ਨੂੰ ਆਪਣੇ ਇਰਾਦੇ, ਧਰਮ ਅਤੇ ਸੱਚ ਦੇ ਮਾਰਗ ਤੋਂ ਥਿੜਕਾ ਸਕੇ। ਜਦੋਂ ਅਧਿਕਾਰੀਆਂ ਦਾ ਕੋਈ ਵੱਸ ਨਾ ਚੱਲਿਆ ਤਾਂ ਆਪ ਜੀ ਨੂੰ ਆਪਣੇ ਧਰਮ ਦੀ ਉੱਚਤਾ ਸਿੱਧ ਕਰਨ ਲਈ ਕਰਾਮਾਤ ਵਿਖਾਉਣ ਲਈ ਕਿਹਾ ਗਿਆ ਪਰ ਆਪ ਨੇ ਅਜਿਹਾ ਕਰਨ ਤੋਂ ਨਾਂਹ ਕਰਦਿਆਂ ਕਿਹਾ ਕਿ ਪਰਮਾਤਮਾ ਦੇ ਹੁਕਮ ਵਿਚ ਮੁਦਾਖਲਤ ਕਰਨੀ ਸ਼ੋਭਾ ਨਹੀਂ ਦਿੰਦੀ। ਜਦੋਂ ਗੁਰੂ ਜੀ ਨੇ ਹਕੂਮਤ ਦੀ ਕੋਈ ਗੱਲ ਨਾ ਮੰਨੀ ਤਾਂ ਆਪ ਜੀ ਨੂੰ ਚਾਂਦਨੀ ਚੌਂਕ ਵਿਖੇ 11 ਨਵੰਬਰ, 1675 ਨੂੰ ਆਮ ਲੋਕਾਂ ਦੀ ਮੌਜੂਦਗੀ ਵਿਚ ਸ਼ਹੀਦ ਕਰ ਦਿੱਤਾ ਗਿਆ। ਹਕੂਮਤ ਦੀ ਕਰੋਪੀ ਤੋਂ ਡਰਦਿਆਂ ਆਪ ਦੇ ਸਰੀਰ ਦੀ ਸੰਭਾਲ ਲਈ ਕੋਈ ਵੀ ਅੱਗੇ ਨਾ ਆਇਆ। ਸ਼ਾਮ ਦੇ ਹਨੇਰੇ ਵਿਚ ਭਾਈ ਲੱਖੀ ਸ਼ਾਹ ਗੱਡੇ ਲੈ ਕੇ ਆਏ, ਗੁਰੂ ਜੀ ਦਾ ਧੜ ਗੱਡਿਆਂ ਵਿਚ ਰੱਖਿਆ ਅਤੇ ਆਪਣੇ ਘਰ ਲੈ ਗਏ। ਮੁਗ਼ਲਾਂ ਦੇ ਭੈ ਕਾਰਨ ਖੁੱਲ੍ਹੇ ਤੌਰ ’ਤੇ ਸਸਕਾਰ ਕਰਨਾ ਸੰਭਵ ਨਹੀਂ ਸੀ ਇਸ ਲਈ ਲੱਖੀ ਸ਼ਾਹ ਦੇ ਪਰਵਾਰ ਨੇ ਗੁਰੂ ਜੀ ਦਾ ਸਰੀਰ ਆਪਣੇ ਘਰ ਅੰਦਰ ਰੱਖ ਕੇ ਘਰ ਨੂੰ ਹੀ ਅੱਗ ਲਾ ਦਿੱਤੀ। ਸਰੀਰ ਦੇ ਸਸਕਾਰ ਦੇ ਨਾਲ ਘਰ ਵੀ ਜਲ ਕੇ ਰਾਖ ਹੋ ਗਿਆ। (ਇਸ ਅਸਥਾਨ ’ਤੇ ਗੁਰਦੁਆਰਾ ਰਕਾਬ ਗੰਜ ਸਥਿਤ ਹੈ। ਚਾਂਦਨੀ ਚੌਂਕ ਵਿਖੇ, ਜਿੱਥੇ ਗੁਰੂ ਜੀ ਨੂੰ ਸ਼ਹੀਦ ਕੀਤਾ ਗਿਆ, ਉਥੇ ਗੁਰਦੁਆਰਾ ਸੀਸ ਗੰਜ ਸਾਹਿਬ ਸੁਸ਼ੋਭਿਤ ਹੈ।)

ਸ਼ਹਾਦਤ ਦੇ ਤੁਰੰਤ ਬਾਅਦ ਐਸੀ ਭਗਦੜ ਮੱਚੀ ਜਿਸ ਵਿਚ ਭਾਈ ਜੈਤਾ ਜੀ ਨੇ ਗੁਰੂ ਜੀ ਦੇ ਸੀਸ ਦੀ ਸੰਭਾਲ ਕੀਤੀ ਅਤੇ ਸਿੱਧਾ ਅਨੰਦਪੁਰ ਸਾਹਿਬ ਵੱਲ ਚਾਲੇ ਪਾ ਦਿੱਤੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸ਼ਹਾਦਤ ਦਾ ਸਾਰਾ ਪ੍ਰਸੰਗ ਦੱਸਿਆ ਅਤੇ ਪਿਤਾ ਦਾ ਸੀਸ ਭੇਟ ਕੀਤਾ। ਗੁਰੂ ਜੀ ਨੇ ਸਤਿਕਾਰ ਅਤੇ ਪਿਆਰ ਵਿਚ ਮਸਤਕ ਝੁਕਾਇਆ, ਭਾਈ ਜੈਤੇ ਜੀ ਨੂੰ ਗਲਵਕੜੀ ਵਿਚ ਲੈ ਕੇ ਪਿਆਰ ਕੀਤਾ ਤੇ ਕਿਹਾ, “ਰੰਘਰੇਟੇ, ਗੁਰੂ ਕੇ ਬੇਟੇ’। ਜਿਸ ਥਾਂ ’ਤੇ ਸੀਸ ਦਾ ਸਸਕਾਰ ਕੀਤਾ ਗਿਆ, ਉਸ ਅਸਥਾਨ ’ਤੇ ਗੁਰਦੁਆਰਾ ਸੀਸ ਗੰਜ ਅਨੰਦਪੁਰ ਸਾਹਿਬ ਸੁਸ਼ੋਭਿਤ ਹੈ। ਦਿੱਲੀ ਤੋਂ ਲੱਖੀ ਸ਼ਾਹ ਅਤੇ ਹੋਰ ਸੰਗਤ ਵੀ ਪੁੱਜ ਗਈ। ਸਭ ਨੇ ਸ਼ਹੀਦੀ ਦਾ ਦਰਦਨਾਕ ਸਾਕਾ ਗੁਰੂ ਜੀ ਨੂੰ ਸ੍ਰਵਣ ਕਰਵਾਇਆ ਅਤੇ ‘ਗੁਰੂ ਤੇਗ ਬਹਾਦਰ, ਹਿੰਦ ਦੀ ਚਾਦਰ’ ਕਹਿ ਕੇ ਉਨ੍ਹਾਂ ਦੀ ਜੈ,ਜੈਕਾਰ ਕੀਤੀ। ਇਹ ਮਹਾਨ ਸਾਕਾ ਧਰਮ ਦੀ ਰੱਖਿਆ ਹਿਤ ਵਾਪਰਿਆ। ਇਸ ਸ਼ਹਾਦਤ ਨਾਲ ਇਕ ਪਾਸੇ ਹਿੰਦੁਸਤਾਨੀ ਜਨਤਾ ਵਿਚ ਜਾਗ੍ਰਿਤੀ ਆਈ ਕਿ ਉਨ੍ਹਾਂ ਨੂੰ ਧਰਮ ’ਤੇ ਕਾਇਮ ਰਹਿਣਾ ਚਾਹੀਦਾ ਹੈ ਅਤੇ ਜ਼ੁਲਮ ਨੂੰ ਠੱਲ੍ਹ ਪਾਉਣ ਲਈ ਕੁਰਬਾਨੀ ਕਰਨੀ ਚਾਹੀਦੀ ਹੈ। ਦੂਜੇ ਪਾਸੇ ਹਾਕਮ ਸ਼੍ਰੇਣੀ ਨੂੰ ਵੀ ਇਹ ਗਿਆਨ ਹੋ ਗਿਆ ਕਿ ਕਿਸੇ ਨੂੰ ਭੈ-ਭੀਤ ਕਰ ਕੇ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਉਣਾ ਸੁਖਾਲਾ ਕੰਮ ਨਹੀਂ।

ਪਿਤਾ-ਗੁਰੂ ਦੀ ਮਹਾਨ ਸ਼ਹਾਦਤ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਇਕ ਡੂੰਘੀ ਸੋਚ ਵਿਚ ਪਾ ਦਿੱਤਾ ਅਤੇ ਉਹ ਜ਼ੁਲਮ ਦੀ ਰੋਕਥਾਮ ਲਈ ਕਿਸੇ ਮਹਾਨ ਯੋਜਨਾ ਨੂੰ ਸਿਰਜਣ ਅਤੇ ਅਮਲ ਵਿਚ ਲਿਆਉਣ ਲਈ ਗੰਭੀਰ ਹੋ ਗਏ। 1699 ਈ. ਦੀ ਵਿਸਾਖੀ ਨੂੰ ਹੋਈ ਖਾਲਸਾ ਪੰਥ ਦੀ ਸਿਰਜਣਾ ਇਸ ਗੰਭੀਰ ਸੋਚ ਦਾ ਸਿੱਟਾ ਸੀ ਅਤੇ ਇਸ ਸਿਰਜਣਾ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਬਲੀਦਾਨ ਦੀ ਬਹੁਤ ਵੱਡੀ ਦੇਣ ਹੈ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

25/ੜੀ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਮੋਹਾਲੀ- 160061

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)