ਗੁਰਮਤਿ ਵਿਚ ਸਾਰੇ ਸੰਸਾਰਕ ਰਿਸ਼ਤਿਆਂ ਤੋਂ ਵੱਡਾ ਅਤੇ ਉੱਤਮ ਰਿਸ਼ਤਾ ਆਤਮਾ ਅਤੇ ਪਰਮ-ਆਤਮਾ ਦਾ ਹੈ। ਇਸ ਤੋਂ ਬਾਅਦ ਗੁਰੂ ਅਤੇ ਸਿੱਖ ਦਾ ਪਵਿੱਤਰ ਅਤੇ ਪਾਕ ਰਿਸ਼ਤਾ ਹੈ। ਜਦੋਂ ਆਤਮਾ ਸੰਸਾਰਕ ਵਿਸ਼ੇ-ਵਿਕਾਰਾਂ, ਲਾਲਸਾਵਾਂ ਅਤੇ ਅਮੁੱਕ ਤ੍ਰਿਸ਼ਨਾਵਾਂ ਤੋਂ ਮੁਕਤ ਹੋ ਜਾਂਦੀ ਹੈ ਅਤੇ ਇਸ ਦੇ ਉੱਪਰੋਂ ਅਭਿਮਾਨ ਅਤੇ ਅਗਿਆਨਤਾ ਦੇ ਬੱਦਲ ਛਟ ਜਾਂਦੇ ਹਨ ਅਤੇ ਆਤਮਾ ਅਤੇ ਪਰਮ-ਆਤਮਾ ਦੇ ਦਰਮਿਆਨ ਵਿੱਚੋਂ “ਕੂੜ ਕੀ ਪਾਲ” ਟੁੱਟ ਜਾਂਦੀ ਹੈ ਤਾਂ ਇਹ
“ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ॥”
ਤਥਾ
“ਏਕ ਜੋਤਿ ਦੁਇ ਮੂਰਤੀ ਧਨ ਪਿਰੁ ਕਹੀਐ ਸੋਇ॥”
ਹੋ ਨਿੱਬੜਦੇ ਹਨ ਅਤੇ ਇਸੇ ਤਰ੍ਹਾਂ ਜਦੋਂ ਸਿੱਖ ਆਪਣੇ ਗੁਰੂ, ਜੋ ਪਰਮੇਸਰ ਰੂਪ ਹੀ ਹੈ”
“ਗੁਰੁ ਪਰਮੇਸਰੁ ਏਕੋ ਜਾਣੁ॥”
ਨੂੰ ਪੂਰਨ ਰੂਪ ਵਿਚ ਸਮਰਪਿਤ ਹੋ ਜਾਂਦਾ ਹੈ, ਸਤਿਗੁਰੂ ਇਸ ਨੂੰ
“ਮਨਿ ਜੀਤੈ ਜਗੁ ਜੀਤੁ॥”
ਆਖ ਕੇ ਸਮਝਾਉਂਦਾ ਹੈ। ਅਜਿਹੀ ਪ੍ਰਾਪਤੀ ਉਪਰੰਤ ਮਨੁੱਖ ਭਾਣੇ ਵਿਚ ਵਿਚਰਨ ਦੀ ਜਾਚ ਸਿੱਖ ਲੈˆਦਾ ਹੈ ਅਤੇ ਉਸ ਦਾ ਜੀਵਨ ਗੁਰਮਤਿ-ਅਨੁਸਾਰੀ
“ਸਿਖੀ ਸਿਖਿਆ ਗੁਰ ਵੀਚਾਰਿ॥”
ਵਾਲਾ ਹੋ ਜਾਂਦਾ ਹੈ ਤਾਂ ਉਹ “ਗੁਰੂ ਸਿਖੁ ਸਿਖੁ ਗੁਰੂ ਹੈ ਏਕੋ ਗੁਰ ਉਪਦੇਸੁ ਚਲਾਏ॥” ਤਥਾ ਗੁਰੂ ਨਾਲ ਇਕ-ਰੂਪ ਹੋ ਜਾਂਦਾ ਹੈ। ਗੁਰੂ-ਸਿੱਖ ਜਾਂ ਗੁਰੂ-ਚੇਲੇ ਦਾ ਇਕ-ਰੂਪ ਹੋਣ ਵਾਲਾ ਰਿਸ਼ਤਾ ਹੋਰ ਕਿਸੇ ਧਰਮ ਵਿਚ ਨਹੀਂ ਹੈ। ਕਿਸੇ ਵੀ ਹੋਰ ਧਾਰਮਿਕ ਰਹਿਬਰ ਨੇ ਆਪਣੇ ਚੇਲੇ ਜਾਂ ਸ਼ਿਸ਼ ਨੂੰ ਆਪਣਾ ਸਥਾਨ ਅਤੇ ਸਤਿਕਾਰ ਨਹੀਂ ਦਿੱਤਾ। ਇਹ ਪਰੰਪਰਾ ਕੇਵਲ ਤੇ ਕੇਵਲ ਸਿੱਖੀ ਵਿਚ ਹੀ ਹੈ ਜੋ ਅਦੁੱਤੀ ਹੈ, ਨਿਰਾਲੀ ਅਤੇ ਵਿਲੱਖਣ ਹੈ। ਨਿਰਸੰਦੇਹ ਭਾਣੇ ਵਿਚ ਵਿਚਰਨਾ ਜਾਂ ਭਾਣਾ ਮੰਨਣਾ ਬਹੁਤ ਕਠਿਨ ਕਾਰਜ ਹੈ। ਸਤਿਗੁਰੂ ਜੀ ਖੁਦ ਹੀ ਇਸ ਸੱਚਾਈ ਨੂੰ ਇਉਂ ਬਿਆਨ ਕਰਦੇ ਹਨ:
ਸੁਹੇਲਾ ਕਹਨੁ ਕਹਾਵਨੁ॥
ਤੇਰਾ ਬਿਖਮੁ ਭਾਵਨੁ॥ (ਪੰਨਾ 51)
ਇਸ ਸਾਰੀ ਪ੍ਰਕ੍ਰਿਆ ਵਿਚ ਸਭ ਤੋਂ ਮਹੱਤਵਪੂਰਨ ਗੱਲ ਹੈ “ਗੁਰੂ, ਸਿਧਾਂਤ ਜਾਂ ਗੁਰਮਤਿ ਸਿਧਾਂਤ” ਦੀ ਜੋ
“ਗੁਰਿ ਕਹਿਆ ਸਾ ਕਾਰ ਕਮਾਵਹੁ॥
ਗੁਰ ਕੀ ਕਰਣੀ ਕਾਹੇ ਧਾਵਹੁ॥”
ਅਤੇ
“ਬੋਲੀਐ ਸਚੁ ਧਰਮੁ ਝੂਠੁ ਨ ਬੋਲੀਐ॥
ਜੋ ਗੁਰੁ ਦਸੈ ਵਾਟ ਮੁਰੀਦਾ ਜੋਲੀਐ॥”
ਦੇ ਧਾਰਨੀ ਹੋਣ ਦੀ। ਗੁਰਸਿੱਖ ਲਈ ਇਹ ਸਭ ਤੋਂ ਉੱਤਮ ਜੀਵਨ-ਜੁਗਤ ਹੈ। ਇਹ ਸਿੱਖ ਦੇ ਗੁਰੂ ਨੂੰ ਪੂਰਨ ਰੂਪ ਵਿਚ ਸਮਰਪਿਤ ਹੋਣ ਦੀ ਖੇਡ ਹੈ, ਜਿਸ ਬਾਰੇ ਸ੍ਰੀ ਗੁਰੂ ਅਮਰ ਦਾਸ ਜੀ ਇਉਂ ਸਮਝਾਉਂਦੇ ਹਨ:
ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ ਹੁਕਮਿ ਮੰਨਿਐ ਪਾਈਐ॥ (ਪੰਨਾ 918)
ਦੁਨੀਆਂ ਦੇ ਅਜ਼ੀਮ ਅਤੇ ਅਦੁੱਤੀ ਰਹਿਬਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੋ “ਜੀਵਨ-ਜੁਗਤ” ਅਤੇ “ਗੁਰਮਤਿ ਸਿਧਾਂਤ” ਜਗਤ ਦੇ ਸਾਹਮਣੇ ਰੱਖੇ ਅਤੇ ਉਨ੍ਹਾਂ ਪਿੱਛੋਂ 9 ਗੁਰੂ ਸਾਹਿਬਾਨ ਨੇ ਕਠਿਨ ਘਾਲਨਾਵਾਂ ਘਾਲ ਕੇ, ਕੁਰਬਾਨੀਆਂ ਦੇ ਕੇ ਅਤੇ ਮਹਾਨ ਸ਼ਹੀਦੀਆਂ ਪਾ ਕੇ ਨਿਭਾਏ ਅਤੇ ਆਪਣੇ ਸਿਧਾਂਤ ਲਈ “ਮਰ-ਮਿਟਣ” ਤਥਾ ਸ਼ਹੀਦੀ ਦੇਣ
“ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ॥
ਅਤੇ
“ਸੀਸ ਦੀਆ ਪਰ ਸਿਰਰੁ ਨ ਦੀਆ” ਦਾ ਨਵਾਂ ਅਤੇ ਨਿਰਾਲਾ ਰਸਤਾ ਦਿਖਾਇਆ। ਗੁਰਮਤਿ ਵਿਚ
“ਗੁਰ ਸਿਖਾ ਇਕੋ ਪਿਆਰੁ ਗੁਰ ਮਿਤਾ ਪੁਤਾ ਭਾਈਆ॥”
ਅਤੇ
“ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ॥”
ਦਾ ਮਹਾਨ ਸਿਧਾਂਤ ਹੈ। ਗੁਰੂ ਇਕ ਹੈ, ਗੁਰ ਸਿਧਾਂਤ ਇਕ ਹੈ, ਜੋ ਸਾਰਿਆਂ ਲਈ ਇੱਕੋ ਜਿਤਨਾ ਜ਼ਰੂਰੀ ਸਤਿਕਾਰਤ ਅਤੇ ਮਹੱਤਵਪੂਰਨ ਹੈ ਤਥਾ ਗੁਰੂ ਅਤੇ ਗੁਰਸਿੱਖਾਂ, ਗੁਰੂ ਪੁੱਤਰਾਂ, ਗੁਰੂ ਭਾਈਆਂ ਅਤੇ ਗੁਰੂ ਮਿਤਾਂ ਲਈ। ਗੁਰਮਤਿ ਦੀ ਇਹੋ ਹੀ ਮਹਾਨਤਾ ਹੈ ਕਿ ਇਸ ਵਿਚ ਕੋਈ ਊਚ-ਨੀਚ ਨਹੀਂ ਹੈ, ਉੱਤਮ ਜਾਂ ਨੀਵਾਂ ਨਹੀਂ ਹੈ, ਛੋਟਾ-ਵੱਡਾ ਨਹੀਂ ਹੈ। ਗੁਰਮਤਿ ਸਿਧਾਂਤ ਦੇ ਸਾਹਮਣੇ ਸਭ ਬਰਾਬਰ ਹਨ।
“ਐ ਜੀ ਨਾ ਹਮ ਉਤਮ ਨੀਚ ਨ ਮਧਿਮ ਹਰਿ ਸਰਣਾਗਤਿ ਹਰਿ ਕੇ ਲੋਗ॥”
ਜਿਹੜੇ ਮਨੁੱਖ ਆਪਣੇ ਸਿਧਾਂਤ ਤੋਂ ਡੋਲੇ, ਡਿੱਗੇ ਅਤੇ ਬੇਮੁਖ ਹੋਏ ਉਨ੍ਹਾਂ ਨਾਲ ਗੁਰੂ ਜੀ ਨੇ ਆਪਣਾ ਰਿਸ਼ਤਾ ਨਹੀਂ ਰੱਖਿਆ ਕਿਉਂਕਿ ਆਪਣੇ ਨਿੱਜੀ ਸੁਆਰਥਾਂ ਲਈ ਉੱਤਮ ਸਿਧਾਂਤ ਨਾਲ ਸਮਝੌਤਾ ਕਰਨਾ ਤਾਂ ਬਹੁਤ ਵੱਡਾ ਸੱਭਿਆਚਾਰਕ ਅਤੇ ਸਦਾਚਾਰਕ ਵਿਭਚਾਰ ਹੈ। ਗੁਰਮਤਿ ਵਿਚ ਤਾਂ
“ਸਿਰੁ ਧਰਿ ਤਲੀ ਗਲੀ ਮੇਰੀ ਆਉ॥”
ਅਤੇ
“ਸੀਸੁ ਵਢੇ ਕਰਿ ਬੈਸਣੁ ਦੀਜੈ ਵਿਣੁ ਸਿਰ ਸੇਵ ਕਰੀਜੈ॥”
ਅਤੇ
“ਆਗਾਹਾ ਕੂ ਤ੍ਰਾਘਿ ਪਿਛਾ ਫੇਰਿ ਨ ਮੁਹਡੜਾ॥
ਨਾਨਕ ਸਿਝਿ ਇਵੇਹਾ ਵਾਰ ਬਹੁੜਿ ਨ ਹੋਵੀ ਜਨਮੜਾ॥”
ਦਾ ਮਹਾਨ ਸਿਧਾਂਤ ਹੈ। ਇਹੋ ਹੀ ਗੁਰਮਤਿ ਸੱਭਿਆਚਾਰ ਹੈ। ਇਸ ਸਿਧਾਂਤ ਉੱਤੇ ਚੱਲਦਿਆਂ ਹੀ ਗੁਰਸਿੱਖਾਂ, ਗੁਰਮੁਖ ਜਿਉੜਿਆਂ ਨੇ ਪੁੱਠੇ ਲਟਕੇ, ਖੱਲ੍ਹਾਂ ਲੁਹਾ ਲਈਆਂ, ਖੋਪਰ ਲੁਹਾ ਲਏ, ਬੰਦ-ਬੰਦ ਕਟਵਾ ਲਏ, ਕੀਮਾ-ਕੀਮਾ ਹੋ ਗਏ ਪਰੰਤੂ ਉਨ੍ਹਾਂ ਨੇ “ਧਰਮ (ਸਿਧਾਂਤ) ਨਹੀਂ ਹਾਰਿਆ।” ਗੁਰਮਤਿ ਵਿਚ ਲੋਭ, ਲਾਲਚ, ਤਮਾ, ਤ੍ਰਿਸ਼ਨਾਵਾਂ ਅਤੇ ਲਾਲਸਾਵਾਂ ਨਾਲੋਂ ਸਤ, ਸੰਤੋਖ, ਸੰਜਮ ਅਤੇ ਸਬਰ ਨੂੰ ਅਤੀ ਉੱਤਮ ਸਮਝਿਆ ਗਿਆ ਹੈ। ਇਹੋ ਹੀ ਕਾਨੂੰਨੇ-ਕੁਦਰਤ ਹੈ। ਇਸ ਸਬਰ, ਸੰਜਮ ਅਤੇ ਸੰਤੋਖ ਦੇ ਨਿਯਮ ਅਨੁਸਾਰ ਹੀ ਚੰਦ, ਸੂਰਜ, ਧਰਤੀ ਅਤੇ ਤਾਰੇ-ਸਿਤਾਰੇ ਆਪਣੇ-ਆਪਣੇ ਘੇਰੇ ਅੰਦਰ ਘੁੰਮ ਰਹੇ ਹਨ, ਕਾਰਜਸ਼ੀਲ ਹਨ। ਜੇਕਰ ਇੱਥੇ ਸੰਜਮ ਟੁੱਟ ਜਾਏ ਤਾਂ ਸਾਰੇ ਬ੍ਰਹਿਮੰਡ ਵਿਚ ਮੁਕੰਮਲ ਵਿਨਾਸ਼ਕਾਰੀ ਸਥਿਤੀ ਪੈਦਾ ਹੋ ਜਾਵੇਗੀ। ਸਬਰ ਅਤੇ ਸੰਜਮ ਵਿਚ ਵਿਚਰਦਿਆਂ ਮਨੁੱਖ ਕੁਦਰਤ ਦੀ ਮੁੱਖ ਧਾਰਾ ਨਾਲ ਜੁੜ ਕੇ ਮਹਾਨ ਹੋ ਜਾਂਦਾ ਹੈ ਪਰੰਤੂ ਇਸ ਨਾਲੋਂ ਟੁੱਟ ਕੇ ਭਾਵ ਮਨਮਤਿ ਧਾਰਨ ਕਰਕੇ ਇਸ ਮੁੱਖ ਧਾਰਾ ਤੋਂ ਟੁੱਟ ਜਾਂਦਾ ਹੈ ਅਤੇ ਉਹ ਅਲੱਗ-ਥਲੱਗ ਪੈ ਜਾਂਦਾ ਹੈ। ਸਤਿਗੁਰਾਂ ਦਾ ਫੁਰਮਾਨ ਹੈ:
ਸਬਰੁ ਏਹੁ ਸੁਆਉ ਜੇ ਤੂੰ ਬੰਦਾ ਦਿੜੁ ਕਰਹਿ॥
ਵਧਿ ਥੀਵਹਿ ਦਰੀਆਉ ਟੁਟਿ ਨ ਥੀਵਹਿ ਵਾਹੜਾ॥ (ਪੰਨਾ 1384)
ਰਾਮ ਰਾਇ ਨੇ ਸਬਰ, ਸੰਤੋਖ ਅਤੇ ਸੰਜਮ ਨੂੰ ਤਿਆਗ ਕਰਕੇ ਨਿੱਜੀ ਸੁਆਰਥਾਂ ਦੀ ਪ੍ਰਾਪਤੀ ਹਿੱਤ ਰਾਜ-ਦਰਬਾਰ ਦਾ ਪ੍ਰਭਾਵ ਕਬੂਲ ਕਰਕੇ ਵੱਡਾ ਉਪੱਦਰਵ ਕੀਤਾ। ਜਿਸ ਦੀ ਸਜਾ ਉਸ ਨੂੰ ਪਹਿਲਾਂ ਆਪਣੇ “ਗੁਰੂ ਪਿਤਾ” ਅਤੇ ਸਿੱਖ ਸੰਗਤ ਤੋਂ ਛੇਕੇ ਜਾਣ ਅਤੇ ਫਿਰ ਉਸ ਦੇ ਹੀ ਚਾਟੜਿਆਂ, ਜੋ ਕੇਵਲ ਖਾਣ-ਪੀਣ ਅਤੇ ਐਸ਼ੋ ਇਸ਼ਰਤ ਲਈ ਹੀ ਉਸ ਨਾਲ ਸਨ, ਵੱਲੋਂ ਉਸ ਨੂੰ ਜਿਉਂਦੇ-ਜੀਅ ਜਲਦੀ-ਬਲਦੀ ਭੱਠੀ ਵਿਚ ਸੁੱਟ ਕੇ ਸਾੜ ਕੇ ਮਾਰ ਦੇਣ ਨਾਲ ਮਿਲੀ। ਇਸੇ ਲਈ ਕਿਹਾ ਜਾਂਦਾ ਹੈ,“ਲਾਲਚ ਬੁਰੀ ਬਲਾ ਹੈ।” ਇਸੇ ਸਿਧਾਂਤਕ ਪਰਖ ਉੱਤੇ ਪੂਰੇ ਉਤਰਦਿਆਂ ਭਾਈ ਲਹਿਣਾ ਗੁਰੂ ਅੰਗਦ ਦੇਵ ਜੀ ਬਣ ਗਏ, ਭਾਈ ਅਮਰੂ ਜੀ ਨਿਮਾਣਾ-ਨਿਥਾਵਾਂ ਗੁਰੂ ਅਮਰਦਾਸ ਜੀ ਬਣ ਗਏ ਅਤੇ ਘੁੰਗਣੀਆਂ ਵੇਚਣ ਵਾਲਾ ਅਨਾਥ ਭਾਈ ਜੇਠਾ ਜੀ “ਸੋਢੀ ਸੁਲਤਾਨ ਗੁਰੂ ਰਾਮਦਾਸ ਜੀ” ਬਣ ਗਏ, ਪ੍ਰਿਥੀਏ ਦੀ ਥਾਂ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਗੁਰੂ ਬਣ ਗਏ ਅਤੇ ਰਾਮ ਰਾਏ ਦੀ ਥਾਂ “ਅਸ਼ਟਮ ਬਲਬੀਰਾ” ਬਾਲਾ ਪ੍ਰੀਤਮ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਬਣ ਗਏ। ਗੁਰਮਤਿ ਸੱਚ-ਧਰਮ ਉੱਤੇ ਪੱਕੇ ਪੈਰੀਂ ਅਤੇ ਸਾਬਤ-ਕਦਮੀ ਚੱਲਣ ਦਾ ਮਾਰਗ ਹੈ। ਜੋ ਔਖਾ, ਕਠਿਨ, ਬਿਖਮ ਹੈ। ਸ੍ਰੀ ਗੁਰੂ ਅਮਰਦਾਸ ਜੀ ‘ਅਨੰਦ ਸਾਹਿਬ’ ਦੀ ਬਾਣੀ ਵਿਚ ਇਸ ਬਿਖਮ ਮਾਰਗ ਬਾਰੇ ਇਉਂ ਸਪਸ਼ਟ ਕਰਦੇ ਹਨ:
ਭਗਤਾ ਕੀ ਚਾਲ ਨਿਰਾਲੀ॥
ਚਾਲਾ ਨਿਰਾਲੀ ਭਗਤਾਹ ਕੇਰੀ ਬਿਖਮ ਮਾਰਗਿ ਚਲਣਾ॥
ਲਬੁ ਲੋਭੁ ਅਹੰਕਾਰੁ ਤਜਿ ਤ੍ਰਿਸਨਾ ਬਹੁਤੁ ਨਾਹੀ ਬੋਲਣਾ॥
ਖੰਨਿਅਹੁ ਤਿਖੀ ਵਾਲਹੁ ਨਿਕੀ ਏਤੁ ਮਾਰਗਿ ਜਾਣਾ॥ (ਪੰਨਾ 918)
ਇਸ ਲੇਖ ਵਿਚ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਰਾਇ ਜੀ ਬਾਰੇ ਵਿਚਾਰ ਕਰ ਰਹੇ ਹਾਂ ਤਾਂ ਜੋ ਪਾਠਕਾਂ ਨੂੰ ਸਤਿਗੁਰਾਂ ਦੇ ਜੀਵਨ, ਪ੍ਰਾਪਤੀਆਂ ਅਤੇ ਕਾਰਜਸ਼ੀਲਤਾ ਬਾਰੇ ਚਾਨਣਾ ਹੋਣ ਦੇ ਨਾਲ-ਨਾਲ ਇਹ ਵੀ ਸਪਸ਼ਟ ਹੋ ਸਕੇ ਕਿ ਕਿਸ ਪ੍ਰਕਾਰ ਗੁਰਮਤਿ ਸਿਧਾਂਤ ਉੱਤੇ ਸਾਬਤ-ਕਦਮੀ ਪਹਿਰਾ ਦਿੰਦਿਆਂ ਗੁਰੂ ਜੀ ਨੇ ਆਪਣੇ ਪੁੱਤਰ ਨਾਲੋਂ ਸਿਧਾਂਤ ਨੂੰ ਸਰਬਉੱਚ ਸਮਝਿਆ ਅਤੇ ਨਿਜੀ ਸੁਆਰਥ ਹਿੱਤ ਗੁਰਮਤਿ ਸਿਧਾਂਤ, ਗੁਰਬਾਣੀ ਅਤੇ ਗੁਰ ਉਪਦੇਸ਼ ਤੋਂ ਮੂੰਹ ਮੋੜਦਿਆਂ “ਏ ਭੂਪਤਿ ਸਭ ਦਿਵਸ ਚਾਰਿ ਕੇ” ਨੂੰ ਖੁਸ਼ ਕਰਨ ਲਈ ਆਪਣੇ ਵੱਡੇ ਪੁੱਤਰ ਰਾਮ ਰਾਇ ਵੱਲੋਂ ਕੀਤੀ ਕਰਤੂਤ ਕਾਰਨ ਉਸ ਨੂੰ ਸਿਰਫ਼ ਤਿਆਗਿਆ ਹੀ ਨਹੀਂ ਸਗੋਂ ਸਿੱਖ ਸੰਗਤਾਂ ਨੂੰ ਰਾਮ ਰਾਇ ਨੂੰ ਕਦੀ ਵੀ ਮੂੰਹ ਨਾ ਲਾਉਣ ਦਾ ਆਦੇਸ਼ ਵੀ ਕਰ ਦਿੱਤਾ ਜੋ ਗੁਰੂ ਆਦੇਸ਼ ਅੱਜ ਤੀਕ ਵੀ ਸਿੱਖ ਸੰਗਤਾਂ ਲਈ ਪਾਲਣਾ ਕਰਨ ਯੋਗ ਹੈ। ਅਜੋਕੇ ਸਮੇਂ ਜਦੋਂ ਬੱਚਿਆਂ ਦੇ ਮਾਤਾ-ਪਿਤਾ ਬੱਚਿਆਂ ਦੀ ਥੋਥੀ ਅਤੇ ਥੋੜ੍ਹ ਚਿਰੀ ਪਰੰਤੂ ਘਾਤਕ ਖੁਸ਼ੀ ਨੂੰ ਮੁੱਖ ਰੱਖਦਿਆਂ ਆਪਣੇ ਸਾਰੇ ਸਿਧਾਂਤਾਂ, ਸੱਭਿਆਚਾਰ ਅਤੇ ਵਿਰਸੇ ਨੂੰ ਤਿਲਾਂਜਲੀ ਦੇਈ ਜਾ ਰਹੇ ਹਨ, ਸ੍ਰੀ ਗੁਰੂ ਹਰਿ ਰਾਇ ਜੀ ਵੱਲੋਂ ਵਿਖਾਇਆ ਰਸਤਾ ਹੋਰ ਵੀ ਜ਼ਿਆਦਾ ਮਹੱਤਵ ਵਾਲਾ ਹੋ ਜਾਂਦਾ ਹੈ। ਆਓ! ਸਤਿਗੁਰਾਂ ਦੇ ਜੀਵਨ, ਘਾਲਨਾਵਾਂ ਅਤੇ ਸਿਧਾਂਤ ਦੀ ਪਰਪੱਕਤਾ ਬਾਰੇ ਜਾਣਕਾਰੀ ਪ੍ਰਾਪਤ ਕਰੀਏ ਤਾਂ ਜੋ ਅਸੀਂ ਆਪਣੀ ਜੀਵਨਸ਼ੈਲੀ ਵਿਚ ਉਪਯੋਗੀ ਤਬਦੀਲੀ ਲਿਆ ਸਕੀਏ ਅਤੇ ਗੁਰੂ ਜੀ ਵੱਲੋਂ ਦਰਸਾਏ ਮਾਰਗ ਦੇ ਪਾਂਧੀ ਬਣਦਿਆਂ ‘ਇਹ ਲੋਕ ਸੁਖੀਏ ਅਤੇ ਪਰਲੋਕ ਸੁਹੇਲੇ’ ਹੋ ਸਕੀਏ।
ਸ੍ਰੀ ਗੁਰੂ ਹਰਿ ਰਾਇ ਸਾਹਿਬ ਸਿੱਖਾਂ ਦੇ ਸਤਵੇਂ ਗੁਰੂ ਹੋਏ ਹਨ। ਉਹ ਗੁਰੂ ਹਰਿ ਗੋਬਿੰਦ ਸਾਹਿਬ ਜੀ ਦੇ ਪੋਤਰੇ ਅਤੇ ਬਾਬਾ ਗੁਰਦਿੱਤਾ ਜੀ ਅਤੇ ਮਾਤਾ ਨਿਹਾਲ ਕੌਰ ਦੇ ਸਪੁੱਤਰ ਸਨ। ਉਨ੍ਹਾਂ ਦਾ ਜਨਮ 19 ਮਾਘ ਸੰਮਤ 1686 ਬਿ: ਨੂੰ ਕੀਰਤਪੁਰ ਸਾਹਿਬ ਵਿਖੇ ਹੋਇਆ। ਗਿਆਨੀ ਗਿਆਨ ਸਿੰਘ ਅਨੁਸਾਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੇ ਜੋਤੀ ਜੋਤਿ ਸਮਾਉਣ ਤੋਂ ਦੋ ਸਾਲ ਪਹਿਲੇ 1642 ਈ: ਸ੍ਰੀ ਗੁਰੂ ਹਰਿ ਰਾਇ ਸਾਹਿਬ ਨੂੰ ਗੁਰਗੱਦੀ ਉੱਤੇ ਬਿਰਾਜਮਾਨ ਕਰ ਦਿੱਤਾ ਸੀ। ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਬਚਪਨ ਤੋਂ ਹੀ ਸੰਤ-ਸੁਭਾਅ ਅਤੇ ਪਰਮੇਸ਼ਰ ਦੀ ਭਜਨ-ਬੰਦਗੀ ਵਿਚ ਲੱਗੇ ਰਹਿਣ ਵਾਲੇ ਸਤਿ-ਸੰਤੋਖ ਦੀ ਮੂਰਤ ਸਨ। ਉਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨਾਲ ਬਹੁਤ ਸਤਿਕਾਰ ਕਰਦੇ ਅਤੇ ਸਦਾ ਉਨ੍ਹਾਂ ਦੀ ਹਜੂਰੀ ਵਿਚ ਰਹਿੰਦੇ ਸਨ।
ਗੁਰੂ ਜੀ ਬਹੁਤ ਕੋਮਲ ਸੁਭਾਅ ਅਤੇ ਸ਼ਾਂਤ ਰਹਿਣ ਵਾਲੇ ਸਨ। 1644 ਈ: ਵਿਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜੋਤੀ-ਜੋਤਿ ਸਮਾਉਣ ਤੋਂ ਪਿੱਛੋਂ ਗੁਰਗੱਦੀ ਦੀ ਪੂਰੀ ਜ਼ਿੰਮੇਵਾਰੀ ਆਪ ਨੇ ਸੰਭਾਲੀ। ਗੁਰੂ ਜੀ ਦੇ ਨਾਲ ਉੱਚ-ਕੋਟੀ ਦੇ 2200 ਸਿੰਘ ਸੂਰਮੇ ਜਵਾਨਾਂ ਦੀ ਇਕ ਫੌਜੀ ਟੁਕੜੀ ਨਾਲ ਰਹਿੰਦੀ ਸੀ ਜੋ ਖਾਲਸਾ ਪੰਥ ਦਾ ਜੁਝਾਰੂ ਰੂਪ ਉਜਾਗਰ ਕਰਦੀ ਸੀ। ਪਰ ਉਹ ਲੜਾਈ ਝਗੜੇ ਤੋਂ ਸਦਾ ਦੂਰ ਰਹਿੰਦੇ ਸਨ। ਇੱਥੇ ਇਹ ਵੀ ਵਰਣਨਯੋਗ ਹੈ ਕਿ ਕਿਸੇ ਵੀ ਗੁਰੂ ਸਾਹਿਬ ਨੇ ਕਿਸੇ ਉੱਤੇ ਪਹਿਲਾਂ ਹਮਲਾ ਨਹੀਂ ਕੀਤਾ। ਹਾਂ! ਹਮਲਾਵਰ ਦਾ ਮੂੰਹ ਜ਼ਰੂਰ ਮੋੜਿਆ ਅਤੇ ਉਸ ਨੂੰ ਧੂਲ ਚਟਾ ਦਿੱਤੀ। ਆਪ ਜੀ ਦਾ ਬਹੁਤ ਸਮਾਂ ਪਰਮੇਸ਼ਰ ਦੀ ਭਗਤੀ ਵਿਚ ਹੀ ਬਤੀਤ ਹੁੰਦਾ। ਗੁਰੂ ਜੀ ਦਿਆਲੂ ਵੀ ਬਹੁਤ ਸਨ। ਕਿਸੇ ਸਵਾਲੀ ਜਾਂ ਸ਼ਰਨ ਆਏ ਨੂੰ ਕਦੇ ਜਵਾਬ ਨਹੀਂ ਸਨ ਦਿੰਦੇ। ਗੁਰੂ ਜੀ ਦੇ ਖਜ਼ਾਨੇ ਵਿਚ ਬਹੁਤ ਦੁਰਲੱਭ ਅਤੇ ਕੀਮਤੀ ਚੀਜ਼ਾਂ ਜਮ੍ਹਾਂ ਹੋ ਗਈਆਂ ਸਨ। ਸੰਗਤਾਂ ਵੱਲੋਂ ਭੇਟ ਕੀਤੇ ਕੀਮਤੀ ਪਦਾਰਥ ਵਿਸ਼ੇਸ਼ ਤੌਰ ’ਤੇ ਸੰਭਾਲੇ ਜਾਂਦੇ ਸਨ ਕਿਉਂਕਿ ਇਨ੍ਹਾਂ ਨਾਲ ਕਿਸੇ ਦੀ ਵੀ ਸਹਾਇਤਾ ਕੀਤੀ ਜਾ ਸਕਦੀ ਸੀ।
ਇਕ ਵਾਰ ਬਾਦਸ਼ਾਹ ਸ਼ਾਹ ਜਹਾਨ ਦਾ ਬੇਟਾ ਦਾਰਾ ਸ਼ਿਕੋਹ ਬਹੁਤ ਬਿਮਾਰ ਹੋ ਗਿਆ। ਹਕੀਮਾਂ ਨੇ ਦੱਸਿਆ ਕਿ ਇਹਦੇ ਰਾਜ਼ੀ ਕਰਨ ਲਈ ਦਸ ਤੋਲੇ ਦੀ ਹਰੜ ਅਤੇ ਮਾਸੇ ਦਾ ਲੋਂਗ ਚਾਹੀਦੇ ਹਨ। ਇਹ ਚੀਜ਼ਾਂ ਕਿਤੋਂ ਨਾ ਲੱਭੀਆਂ ਤਾਂ ਪੀਰ ਹਸਨ ਅਲੀ ਅਤੇ ਸ਼ੇਖ ਅਲੀ ਗੰਗੋਹੀ ਨੇ ਦੱਸਿਆ ਕਿ ਇਹ ਦੁਰਲੱਭ ਚੀਜ਼ਾਂ ਉਨ੍ਹਾਂ ਨੇ ਗੁਰੂ ਹਰਿ ਰਾਇ ਸਾਹਿਬ ਦੇ ਖਜ਼ਾਨੇ ਵਿਚ ਵੇਖੀਆਂ ਹਨ। ਸ਼ਾਹ ਜਹਾਨ ਨੇ ਆਕਲ ਖਾਂ ਅਤੇ ਗੁਲਬੇਲ ਖਾਂ ਨੂੰ ਗੁਰੂ ਜੀ ਪਾਸੋਂ ਇਹ ਅਮੋਲਕ ਪਦਾਰਥ ਲੈਣ ਲਈ ਭੇਜਿਆ। ਉਨ੍ਹਾਂ ਨੇ ਗੁਰੂ ਜੀ ਨੂੰ ਆ ਕੇ ਬੇਨਤੀ ਕੀਤੀ ਤਾਂ ਗੁਰੂ ਜੀ ਨੇ ਇਹ ਦੋਵੇਂ ਚੀਜ਼ਾਂ ਮੰਗਵਾ ਕੇ ਦਿੱਤੀਆਂ, ਜਿਸ ਤੋਂ ਦਾਰਾ ਸ਼ਿਕੋਹ ਤੰਦਰੁਸਤ ਹੋ ਗਿਆ। 1707 ਬਿ: ਵਿਚ ਦਾਰਾ ਸ਼ਿਕੋਹ ਲਾਹੌਰ ਨੂੰ ਜਾਂਦਾ ਹੋਇਆ ਗੁਰੂ ਜੀ ਦਾ ਧੰਨਵਾਦ ਕਰਨ ਲਈ ਕੀਰਤਪੁਰ ਸਾਹਿਬ ਵਿਖੇ ਆਇਆ। ਮੁਗਲ ਬਾਦਸ਼ਾਹ ਨਾਲ ਭਾਵੇਂ ਗੁਰੂ-ਘਰ ਦੇ ਸੰਬੰਧ ਬਾਬਰ ਦੇ ਸਮੇਂ ਤੋਂ ਹੀ ਟਕਰਾਉ ਵਾਲੇ ਹੋ ਚੁੱਕੇ ਸਨ ਅਤੇ ਸ਼ਾਹ ਜਹਾਨ ਦੇ ਪਿਤਾ ਬਾਦਸ਼ਾਹ ਜਹਾਂਗੀਰ ਨੇ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿਚ ਕੈਦ ਕੀਤਾ ਸੀ ਅਤੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਅਸਹਿ ਅਤੇ ਅਕਹਿ ਤਸੀਹੇ ਦੇ ਕੇ ਸ਼ਹੀਦ ਕੀਤਾ ਸੀ। ਪਰੰਤੂ ਗੁਰੂ-ਘਰ ਦਾ ਬਿਰਦ ਹੈ
“ਜੋ ਸਰਣਿ ਆਵੈ ਤਿਸੁ ਕੰਠਿ ਲਾਵੈ ਇਹੁ ਬਿਰਦੁ ਸੁਆਮੀ ਸੰਦਾ॥”
ਗੁਰੂ ਅਕਾਲ ਰੂਪ ਹੈ ਜੋ ਸਦ ਪਰਉਪਕਾਰੀ ਹੈ। ਇਸੇ ਸਿਧਾਂਤ ਨੂੰ ਮੁੱਖ ਰੱਖਦਿਆਂ ਗੁਰੂ ਜੀ ਨੇ ਉਨ੍ਹਾਂ ਦੀ ਲੋੜ ਵੀ ਪੂਰੀ ਕੀਤੀ। ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸਮੇਂ ਤੋਂ ਚਾਲੂ ਪਰੰਪਰਾਵਾਂ ਅਨੁਸਾਰ ਗੁਰੂ-ਘਰ ਵਿਚ ਆਤਮਿਕ ਉਪਦੇਸ਼ ਦੇ ਨਾਲ-ਨਾਲ ਸ਼ਰਧਾਲੂਆਂ ਦੇ ਸਰੀਰਕ ਰੋਗਾਂ ਦੇ ਇਲਾਜ ਦਾ ਪ੍ਰਬੰਧ ਵੀ ਕੀਤਾ ਜਾਂਦਾ ਸੀ। ਨੌਜੁਆਨਾਂ ਨੂੰ ਸਿਹਤਯਾਬ, ਰਿਸ਼ਟ-ਪੁਸ਼ਟ ਰੱਖਣ ਲਈ ਗੁਰੂ ਜੀ ਨੇ ਮੱਲ ਅਖਾੜਿਆਂ ਦੀ ਸਰਪ੍ਰਸਤੀ ਵੀ ਕੀਤੀ। ਕੁਠਾੜ ਵਾਲਾ ਰਾਣਾ ਗੁਰੂ ਜੀ ਦਾ ਜੱਸ ਸੁਣ ਕੇ ਗੁਰੂ ਜੀ ਦੀ ਸ਼ਰਣ ਵਿਚ ਆਇਆ। ਉਹ ਝੋਲੇ ਦਾ ਮਰੀਜ਼ ਸੀ। ਉਹ ਪਾਲਕੀ ਵਿਚ ਬੈਠ ਕੇ ਆਇਆ ਸੀ। ਗੁਰੂ ਜੀ ਦੀ ਕਿਰਪਾ ਨਾਲ ਠੀਕ ਹੋ ਗਿਆ ਅਤੇ ਘੋੜੇ ਉੱਤੇ ਸਵਾਰ ਹੋ ਕੇ ਘਰ ਗਿਆ।
ਗੁਰੂ ਜੀ ਮਾਲਵੇ ਦੇ ਲੋਕਾਂ ਨੂੰ ਉਪਦੇਸ਼ ਕਰਨ ਆਏ ਤਾਂ ਭਾਈ ਰੂਪਾ, ਕਾਂਗੜ ਆਦਿ ਪਿੰਡਾਂ ਨੂੰ ਹੁੰਦੇ ਹੋਏ ਮਹਿਰਾਜ ਪਿੰਡ ਪਹੁੰਚੇ। ਇੱਥੇ ਭਾਈ ਮੋਹਨ ਦੇ ਪੁੱਤਰ ਚੌਧਰੀ ਕਾਲੇ ਨੇ ਤਨ-ਮਨ-ਧਨ ਨਾਲ ਗੁਰੂ ਜੀ ਦੀ ਟਹਿਲ ਕੀਤੀ। ਇਕ ਦਿਨ ਚੌਧਰੀ ਕਾਲਾ ਆਪਣੇ ਭਤੀਜੇ ਫੂਲ ਅਤੇ ਸੰਦਲੀ ਨੂੰ ਵੀ ਨਾਲ ਲੈ ਕੇ ਆਇਆ। ਉਹ ਦੋਵੇਂ ਬਾਲਕ ਭੁੱਖੇ ਹੋਣ ਕਾਰਨ ਗੁਰੂ ਜੀ ਦੇ ਸਾਹਮਣੇ ਪੇਟ ਉੱਤੇ ਹੱਥ ਮਾਰਨ ਲੱਗੇ। ਗੁਰੂ ਜੀ ਨੇ ਹੱਸ ਕੇ ਕਿਹਾ,“ਬਾਲਕ ਕੀ ਮੰਗਦੇ ਹਨ?” ਚੌਧਰੀ ਕਾਲੇ ਨੇ ਕਿਹਾ ਕਿ ਇਹ ਲੰਗਰ ਮੰਗਦੇ ਹਨ। ਗੁਰੂ ਜੀ ਨੇ ਬਚਨ ਕੀਤਾ ਇੰਨ੍ਹਾਂ ਦੀ ਸੰਤਾਨ ਰਾਜ ਕਰੇਗੀ ਅਤੇ ਕਈ ਥਾਂ ਇਨ੍ਹਾਂ ਦੇ ਲੰਗਰ ਚੱਲਣਗੇ!” ਬਾਬਾ ਫੂਲ ਦੇ ਦੋ ਪੁੱਤਰ ਭਾਈ ਤਰਲੋਕਾ ਅਤੇ ਭਾਈ ਰਾਮਾ ਦੀ ਸੰਤਾਨ ਨੇ ਨਾਭਾ, ਪਟਿਆਲਾ ਅਤੇ ਜੀਂਦ ਰਿਆਸਤਾਂ ਕਾਇਮ ਕੀਤੀਆਂ। ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵੀ ਇਨ੍ਹਾਂ ਹੀ ਫੂਲਕੀਏ ਵਿੱਚੋਂ ਸਰਦਾਰ ਗੱਜਪੱਤ ਸਿੰਘ ਜੀਂਦ ਵਾਲੇ ਦਾ ਦੋਹਤਰਾ ਸੀ। ਇਸ ਤਰ੍ਹਾਂ ਗੁਰੂ ਸਾਹਿਬ ਦਾ ਵਰਦਾਨ ਸੱਚ ਹੋਇਆ। ਇਨ੍ਹਾਂ ਸਰਦਾਰਾਂ ਨਾਲ ਪੰਜਾਬ ਦੀ ਕਿਸਮਤ ਚਮਕ ਉੱਠੀ ਸੀ।
ਭਾਈ ਭਗਤੂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਮਸੰਦ ਸੀ ਜੋ ਸਿੱਧੂ ਬਰਾੜਾਂ ਦਾ ਮੁਖੀਆ ਸੀ। ਭਾਈ ਭਗਤੂ ਦਾ ਪੁੱਤਰ ਭਾਈ ਗੋਰਾ ਸੀ। ਗੁਰੂ ਹਰਿ ਰਾਇ ਸਾਹਿਬ ਜਦੋਂ ਮਾਲਵੇ ਦੇਸ ਵਿਚ ਗਏ ਤਾਂ ਭਾਈ ਗੋਰੇ ਨੇ ਅਨੇਕ ਪਿੰਡਾਂ ਵਿਚ ਉਨ੍ਹਾਂ ਦੀ ਸੇਵਾ ਕਰਵਾਈ। ਭੁੱਖੜੀ ਪਿੰਡ ਵਿਚ ਗੁਰੂ ਜੀ ਦੇ ਚੌਰ-ਬਰਦਾਰ ਭਾਈ ਜੱਸੇ ਨਾਲ ਕਿਸੇ ਗੱਲਬਾਤ ਤੋਂ ਉਨ੍ਹਾਂ ਦੀ ਗੜਬੜ ਹੋ ਗਈ। ਭਾਈ ਗੋਰੇ ਨੇ ਆਪਣੇ ਆਦਮੀਆਂ ਤੋਂ ਭਾਈ ਜੱਸੇ ਦੀ ਹੱਤਿਆ ਕਰਵਾ ਦਿੱਤੀ। ਗੁਰੂ ਜੀ ਨੇ ਜਦੋਂ ਇਹ ਗੱਲ ਸੁਣੀ ਤਾਂ ਹੁਕਮ ਦਿੱਤਾ ਕਿ ਗੋਰਾ ਉਨ੍ਹਾਂ ਸਾਹਮਣੇ ਨਾ ਆਏ। ਭਾਈ ਗੋਰਾ ਗੁਰੂ ਸਾਹਿਬ ਦੀ ਵਹੀਰ ਤੋਂ ਕੁਝ ਦੂਰ ਉਨ੍ਹਾਂ ਨਾਲ ਰਹਿਣ ਲੱਗਾ। ਉਸ ਦੇ ਮਨ ਵਿਚ ਬਹੁਤ ਪਛਤਾਵਾ ਸੀ। ਉਹ ਗੁਰੂ ਜੀ ਤੋਂ ਭੁੱਲ ਬਖਸ਼ਾਉਣਾ ਚਾਹੁੰਦਾ ਸੀ। ਇਕ ਦਿਨ ਗੁਰੂ ਜੀ ਕੀਰਤਪੁਰ ਸਾਹਿਬ ਤੋਂ ਕਰਤਾਰਪੁਰ ਵਿਖੇ ਜਾ ਰਹੇ ਸਨ ਤਾਂ ਗੁਰੂ ਜੀ ਦੇ ਡੋਲੇ ਅਤੇ ਹੋਰ ਸਾਜ-ਸਾਮਾਨ ਪਿੱਛੇ ਰਹਿ ਗਿਆ ਸੀ। ਮੁਹੰਮਦ ਯਾਰ ਖਾਂ, ਜੋ ਕਿ ਇਕ ਹਜ਼ਾਰ ਸਵਾਰ ਲੈ ਕੇ ਦਿੱਲੀ ਨੂੰ ਜਾ ਰਿਹਾ ਸੀ, ਨੇ ਜਦੋਂ ਇਹ ਸੁਣਿਆ ਕਿ ਇਹ ਡੋਲੇ ਦਾ ਸਾਮਾਨ ਗੁਰੂ ਹਰਿ ਰਾਇ ਜੀ ਦਾ ਹੈ ਤਾਂ ਉਸ ਦੇ ਮਨ ਵਿਚ ਆਪਣੇ ਪਿਤਾ ਮੁਖਲਸ ਖਾਂ ਦਾ ਵੈਰ ਲੈਣ ਦੀ ਭਾਵਨਾ ਜਾਗ ਪਈ। ਉਸ ਨੇ ਆਪਣੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਗੁਰੂ ਜੀ ਦੇ ਡੋਲੇ ਅਤੇ ਸਾਜ-ਸਾਮਾਨ ਸਭ ਲੁੱਟ ਲਵੋ। ਭਾਈ ਗੋਰਾ ਜੀ ਜੋ ਕਿ ਗੁਰੂ ਜੀ ਦੀਆਂ ਨਜ਼ਰਾਂ ਤੋਂ ਦੂਰ ਪਿੱਛੇ ਰਹਿੰਦਾ ਸੀ, ਉਹ ਆਪਣੇ ਜਵਾਨ ਲੈ ਕੇ ਮੌਕੇ ’ਤੇ ਪਹੁੰਚ ਗਿਆ। ਦੋਵਾਂ ਪਾਸਿਉਂ ਖੂਬ ਤੇਗ ਚੱਲੀ। ਸਿੱਖਾਂ ਨੇ ਮਾਰ-ਮਾਰ ਕੇ ਤੁਰਕਾਂ ਦੇ ਮੂੰਹ ਮੋੜ ਦਿੱਤੇ। ਭਾਈ ਗੋਰੇ ਨੇ ਤੁਰਕਾਂ ਨੂੰ ਰੋਕੀ ਰੱਖਿਆ। ਵਹੀਰ ਸਹੀ-ਸਲਾਮਤ ਅੱਗੇ ਲੰਘ ਗਿਆ। ਇਸ ਤਰ੍ਹਾਂ ਭਾਈ ਗੋਰੇ ਨੇ ਗੁਰੂ-ਘਰ ਦੀਆਂ ਮਾਈਆਂ ਨੂੰ ਬੇਇੱਜ਼ਤ ਹੋਣ ਤੋਂ ਬਚਾਇਆ। ਇਸ ਦੀ ਖਬਰ ਜਦੋਂ ਵਹੀਰ ਨੇ ਗੁਰੂ ਜੀ ਨੂੰ ਜਾ ਕੇ ਦਿੱਤੀ ਤਾਂ ਗੁਰੂ ਸਾਹਿਬ ਨੇ ਭਾਈ ਗੋਰੇ ਨੂੰ ਸੰਗਤ ਵਿਚ ਲਿਆਉਣ ਲਈ ਅਸਵਾਰ ਭੇਜੇ। ਜਦੋਂ ਭਾਈ ਗੋਰਾ ਗੁਰੂ ਜੀ ਦੇ ਸਾਹਮਣੇ ਗਿਆ ਤਾਂ ਉਨ੍ਹਾਂ ਪ੍ਰਸੰਨ ਹੋ ਕੇ ਭਾਈ ਗੋਰੇ ਦੇ ਸਭ ਗੁਨਾਹ ਬਖਸ਼ ਦਿੱਤੇ। ਗੁਰੂ ਅਤੇ ਸਿੱਖ ਦਾ ਰਿਸ਼ਤਾ ਹੀ ਅਜਿਹਾ ਹੈ ਕਿ ਇਸ ਨੂੰ ਅੱਖਰਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ, ਇਹ ਕੇਵਲ ਸ਼ਰਧਾ ਭਾਵਨਾ ਦੁਆਰਾ ਹੀ ਅਨੁਭਵ ਕੀਤਾ ਜਾ ਸਕਦਾ ਹੈ। ਜੇਕਰ ਸਿੱਖ ਨੇ ਗੁਰੂ-ਆਸ਼ੇ ਦੇ ਉਲਟ ਕੋਈ ਕਾਰਜ ਕੀਤਾ ਵੀ ਹੈ ਅਤੇ ਉਸ ਦੀ ਸੁਧਾਈ ਕਰਨ ਹਿੱਤ ਸਜ਼ਾ ਲਾਈ ਗਈ ਹੈ ਤਾਂ ਵੀ ਸਿੱਖ ਦੇ ਪਸਚਾਤਾਪ ਕਰਨ ਉੱਤੇ ਉਸ ਨੂੰ ਬਖਸ਼ਿਆ ਜਾਂਦਾ ਹੈ ਕਿਉਂਕਿ ਗੁਰੂ ਸਦ ਬਖਸ਼ਿੰਦ ਹੀ ਨਹੀਂ ਸਗੋਂ ਗੁਰੂ ਤਾਂ
“ਸਤਿਗੁਰੁ ਸਿਖ ਕਾ ਹਲਤੁ ਪਲਤੁ ਸਵਾਰੈ॥
ਨਾਨਕ ਸਤਿਗੁਰੁ ਸਿਖ ਕਉ ਜੀਅ ਨਾਲਿ ਸਮਾਰੈ॥”
ਦੇ ਸਮਰੱਥ ਹੈ। ਜਿੱਥੋਂ ਤੀਕ ਸਿੱਖ ਦਾ ਸਵਾਲ ਹੈ, ਉਹ ਸਤਿਗੁਰੂ ਅਤੇ ਗੁਰੂ ਘਰ ਨੂੰ ਪੂਰਨ ਰੂਪ ਵਿਚ ਸਮਰਪਿਤ ਹੁੰਦਾ ਹੈ ਅਤੇ ਗੁਰੂ-ਘਰ ਦੀ ਅਜਮਤ ਲਈ ਆਪਣਾ ਸਭ ਕੁਝ ਜੀਅ-ਪ੍ਰਾਣ ਵੀ ਕੁਰਬਾਨ ਕਰਨ ਲਈ ਤੱਤਪਰ ਰਹਿੰਦਾ ਹੈ। ਪਰ ਅੱਜ ਅਸੀਂ ਇਹ ਗੁਣ ਬੜੀ ਤੇਜ਼ੀ ਨਾਲ ਛੱਡ ਰਹੇ ਹਾਂ। ਸਾਨੂੰ ਇਨ੍ਹਾਂ ਗੁਣਾਂ ਨੂੰ ਨਾ ਗੁਆਉਣ ਪੱਖੋਂ ਬਹੁਤ ਸਜੱਗ ਰਹਿਣਾ ਪਵੇਗਾ। ਗੁਰੂ ਸਾਹਿਬ ਜੀ ਦੇ ਜੀਵਨ ਦੇ ਹੋਰ ਪੱਖਾਂ ਵਿਚ ਉਨ੍ਹਾਂ ਦਾ ਨਰਮ ਅਤੇ ਕੋਮਲ ਸੁਭਾਅ ਪਰੰਤੂ ਗੁਰਮਤਿ ਸਿਧਾਂਤਾਂ ਦੀ ਪਾਲਣਾ ਵਿਚ ਪੱਕੇ ਤੌਰ ਤੇ ਅਚੱਲ ਦ੍ਰਿੜ ਇਰਾਦਾ ਸੀ। ਸਿਧਾਂਤ ਅਤੇ ਮਰਿਆਦਾ ਦੇ ਮਸਲੇ ਵਿਚ ਗੁਰੂ ਜੀ ਕਦੇ ਵੀ ਕਿਸੇ ਕਿਸਮ ਦੀ ਢਿੱਲ ਨੂੰ ਪਸੰਦ ਨਹੀਂ ਕਰਦੇ ਸਨ। ਦੁਸ਼ਟ ਲੋਕਾਂ ਦੇ ਸਿਖਾਏ ਹੋਏ ਔਰੰਗਜ਼ੇਬ ਨੇ ਸ੍ਰੀ ਗੁਰੂ ਹਰਿ ਰਾਇ ਜੀ ਨੂੰ ਦਿੱਲੀ ਬੁਲਾਇਆ। ਗੁਰੂ ਜੀ ਨੇ ਚੋਣਵੇਂ ਗੁਰਸਿੱਖਾਂ ਦੀ ਰਾਇ ਅਨੁਸਾਰ ਆਪਣੀ ਥਾਂ ਆਪਣੇ ਪੁੱਤਰ ਰਾਮ ਰਾਇ ਨੂੰ ਔਰੰਗਜ਼ੇਬ ਪਾਸ ਭੇਜ ਦਿੱਤਾ। ਬਾਬਾ ਰਾਮ ਰਾਇ ਜੀ ਨੇ ਗੁਰੂ ਹਰਿ ਰਾਇ ਜੀ ਦੀ ਆਗਿਆ ਦੇ ਉਲਟ ਬਹੁਤ ਸਾਰੀਆਂ ਕਰਾਮਾਤਾਂ ਦਿਖਾ ਕੇ ਔਰੰਗਜ਼ੇਬ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਪਰ ਔਰੰਗਜ਼ੇਬ ਵੀ ਪੱਕਾ ਜਨੂੰਨੀ ਸੀ। ਉਹ ਵੀ ਵਾਰ-ਵਾਰ ਬਾਬਾ ਰਾਮ ਰਾਇ ਦੀ ਪ੍ਰੀਖਿਆ ਲੈˆਦਾ ਹੀ ਰਿਹਾ। ਇਕ ਦਿਨ ਉਸ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇਹ ਤੁਕ ਪੜ੍ਹੀ,
“ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮ੍ਆਿਰ॥
ਘੜਿ ਭਾਂਡੇ ਇਟਾ ਕੀਆ ਜਲਦੀ ਕਰੇ ਪੁਕਾਰ॥”
ਤਾਂ ਬਾਬਾ ਰਾਮ ਰਾਇ ਜੀ ਨੇ ਔਰੰਗਜ਼ੇਬ ਨੂੰ ਖੁਸ਼ ਕਰਨ ਲਈ ਕਹਿ ਦਿੱਤਾ ਕਿ ਗੁਰੂ ਨਾਨਕ ਜੀ ਨੇ ‘ਮਿੱਟੀ ਬੇਈਮਾਨ ਕੀ’ ਕਿਹਾ ਹੈ। ਕਿਸੇ ਲਿਖਾਰੀ ਨੇ ਗਲਤੀ ਨਾਲ ‘ਮੁਸਲਮਾਨ ਕੀ’ ਲਿਖ ਦਿੱਤਾ ਹੋਵੇਗਾ। ਸ੍ਰੀ ਗੁਰੂ ਹਰਿ ਰਾਇ ਜੀ ਨੂੰ ਜਦੋਂ ਇਸ ਗੱਲ ਦੀ ਖਬਰ ਮਿਲੀ ਤਾਂ ਉਹ ਬਹੁਤ ਨਰਾਜ਼ ਹੋਏ ਅਤੇ ਕਿਹਾ ਕਿ ਰਾਮ ਰਾਇ ਨੇ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਬਦਲਿਆ ਹੈ। ਇਸ ਲਈ ਸਾਨੂੰ ਆਪਣੀ ਸ਼ਕਲ ਨਾ ਦਿਖਾਏ। ਉਨ੍ਹਾਂ ਸਿੱਖ ਸੰਗਤਾਂ ਨੂੰ ਬਾਬਾ ਰਾਮ ਰਾਇ ਨਾਲ ਮੇਲ ਨਾ ਰੱਖਣ ਲਈ ਹੁਕਮਨਾਮੇ ਭੇਜ ਦਿੱਤੇ। ਸਤਿਗੁਰੂ ਗੁਰਬਾਣੀ ਦੀ ਮਹਿਮਾ ਅਤੇ ਵਡਿਆਈ ਇਉਂ ਕਰਦੇ ਹਨ:
“ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ ਹਰਿ ਕਰਤਾ ਆਪਿ ਮੁਹਹੁ ਕਢਾਏ॥”
ਤਥਾ
“ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥
ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ॥”
ਅਤੇ ਇਸੇ ਤਰ੍ਹਾਂ
“ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ॥”
ਤਥਾ
“ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਏ॥
ਅਤੇ ਗੁਰਬਾਣੀ ਸਾਰੇ ਸੰਸਾਰ ਲਈ ਚਾਨਣ ਹੈ। ਸਰਬਸਾਂਝਾ ਹੈ। ਨਿਰੰਕਾਰ ਰੂਪ ਹੈ। ਗੁਰਵਾਕ ਹੈ,
“ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ॥”
ਇਸੇ ਤਰ੍ਹਾਂ ਸ੍ਰੀ ਗੁਰੂ ਅਮਰਦਾਸ ਜੀ ਸਿੱਖ ਸੰਗਤ ਨੂੰ ਸੱਚੀ, ਰੱਬ ਰੂਪ ਗੁਰਬਾਣੀ ਸਰਵਣ ਕਰਨ, ਗਾਉਣ ਲਈ ਪ੍ਰੇਰਨਾ ਕਰਦੇ ਹੋਏ ਸਮਝਾਉਂਦੇ ਹਨ,
“ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ॥
ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆ ਸਿਰਿ ਬਾਣੀ॥”
ਇਸ ਤਰ੍ਹਾਂ ਸਪਸ਼ਟ ਹੈ ਕਿ ਬਾਣੀ ਹੀ ਗੁਰੂ ਹੈ। ਗੁਰੂ ਹੀ ਪਰਮੇਸਰ ਹੈ। ਇਸ ਲਈ ਇਹ ਮਨੁੱਖੀ ਕਿੰਤੂ-ਪਰੰਤੂ ਤੋਂ ਉੱਪਰ ਹੈ। ਇਹ ਅੰਮ੍ਰਿਤ ਰੂਪ ਹੈ। ਰੱਬੀ ਹੁਕਮ ਹੈ। ਨਾਮ ਹੈ। ਇਹ ਧੁਰ ਕੀ ਬਾਣੀ ਹੈ। ਪਾਰਬ੍ਰਹਮ ਪਰਮੇਸ਼ਰ ਦੀ ਉਪਮਾ-ਵਡਿਆਈ-ਪਰਮੇਸ਼ਰ ਰੂਪ ਹੀ ਹੈ। ਇਸ ਲਈ ਗੁਰਬਾਣੀ ਵਿਚ ਕੋਈ ਵੀ ਵਾਧ-ਘਾਟ ਜਾਂ ਰਲਾ ਨਹੀਂ ਕੀਤਾ ਜਾ ਸਕਦਾ।
ਬਾਬਾ ਰਾਮ ਰਾਇ ਜੀ ਪਿਤਾ ਦੀ ਨਰਾਜ਼ਗੀ ਤੋਂ ਫਿਕਰਮੰਦ ਹੋਇਆ-ਹੋਇਆ ਦਿੱਲੀ ਤੋਂ ਚੱਲ ਕੇ ਕੀਰਤਪੁਰ ਸਾਹਿਬ ਆਇਆ ਤਾਂ ਗੁਰੂ ਜੀ ਨੇ ਦਰਵਾਜੇ ਬੰਦ ਕਰਵਾ ਦਿੱਤੇ ਅਤੇ ਅੰਦਰ ਨਾ ਵੜਨ ਦਿੱਤਾ। ਬਾਬਾ ਰਾਮ ਰਾਇ ਇਧਰ-ਉਧਰ ਫਿਰਦਾ ਰਿਹਾ ਕਿਸੇ ਨੇ ਉਸ ਨੂੰ ਮੂੰਹ ਨਾ ਲਾਇਆ। ਉਹ ਕੁਝ ਦੇਰ ਧੀਰ ਮੱਲ ਕੋਲ ਰਿਹਾ। ਫਿਰ ਲਾਹੌਰ ਮੀਆਂ ਮੀਰ ਕੋਲ ਚਲਾ ਗਿਆ ਅਤੇ ਗੱਦੀ ਪ੍ਰਾਪਤ ਕਰਨ ਦੇ ਜਤਨ ਕੀਤੇ ਪਰ ਸਾਂਈਂ ਮੀਆਂ ਮੀਰ ਜੀ ਨੇ ਕੋਈ ਮਦਦ ਨਾ ਕੀਤੀ ਕਿਉਂਕਿ ਉਸ ਦੇ ਮਨ ਵਿਚ ਗੁਰੂ ਅਤੇ ਗੁਰੂ-ਘਰ ਪ੍ਰਤੀ ਬਹੁਤ ਸਤਿਕਾਰ ਸੀ ਅਤੇ ਉਸ ਨੂੰ ਗੁਰੂ- ਘਰ ਦੀ ਰਵਾਇਤ ਅਤੇ ਪਰੰਪਰਾ ਬਾਰੇ ਬਾਖੂਬੀ ਜਾਣਕਾਰੀ ਸੀ। ਅੰਤ ਪੰਜਾਬ ਵਿੱਚੋਂ ਨਿਰਾਸ਼ ਹੋ ਕੇ ਦਿੱਲੀ ਨੂੰ ਤੁਰ ਗਿਆ। ਸ੍ਰੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਇਹ ਗੁਰੂ- ਘਰ ਦੀ ਪਰੰਪਰਾ ਰਹੀ ਹੈ ਕਿ ਪੁੱਤਰਾਂ ਨਾਲੋਂ ਪਰਮੇਸ਼ਰ ਦੀ ਮਰਜ਼ੀ ਅਤੇ ਸਿਧਾਂਤ ਨੂੰ ਪ੍ਰਮੁੱਖ ਸਮਝਿਆ ਜਾਂਦਾ ਹੈ। ਇਸ ਸਿਧਾਂਤ ਨੂੰ ਸਹੀ ਰੂਪ ਵਿਚ ਕਾਇਮ ਰੱਖਣ ਵਾਸਤੇ ਸਾਨੂੰ ਖਾਸ ਸਾਵਧਾਨੀ ਰੱਖਣ ਦੀ ਜ਼ਰੂਰਤ ਹੈ। ਗੁਰੂ ਜੀ ਨੇ ਆਪਣੇ ਛੋਟੇ ਪੁੱਤਰ ਸ੍ਰੀ ਹਰਿ ਕ੍ਰਿਸ਼ਨ ਜੀ ਨੂੰ ਗੁਰਗੱਦੀ ਉੱਤੇ ਬਿਠਾਉਣ ਦੀ ਰਸਮ ਅਦਾ ਕੀਤੀ ਅਤੇ ਆਪ ਜੀ ਕੱਤਕਵਦੀ 9 ਸੰਮਤ 1718 ਬਿਕਰਮੀ ਨੂੰ ਜੋਤੀ-ਜੋਤਿ ਸਮਾ ਗਏ। ਗੁਰੂ ਜੀ ਦੇ ਬਚਨਾਂ ਵਿਚ ਅਥਾਹ ਸ਼ਕਤੀ ਸੀ। ਉਨ੍ਹਾਂ ਨੂੰ ਦਿੱਲੀ ਲਿਜਾਣ ਲਈ ਔਰੰਗਜ਼ੇਬ ਨੇ ਕਈ ਫੌਜਦਾਰ ਭੇਜੇ। ਉਹ ਰਸਤੇ ਵਿਚ ਹੀ ਖ਼ਤਮ ਹੋ ਗਏ। ਜਿਸ ਤਰ੍ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਉੱਤੇ ਹਮਲਾਵਰ ਹੋ ਕੇ ਆਉਂਦੇ ਸੁਲਹੀ ਖਾਨ ਅਤੇ ਸੁਲਬੀ ਖਾਨ ਭੱਠੇ ਵਿਚ ਡਿੱਗ ਕੇ ਮੌਤ ਦਾ ਗ੍ਰਾਸ ਬਣ ਗਏ ਸਨ। ਇਸੇ ਤਰ੍ਹਾਂ ਪਹਿਲਾਂ ਜਾਲਮ ਖਾਂ ਉਮਰਾਵ ਦਸ ਹਜਾਰੀ ਨੂੰ ਭੇਜਿਆ। ਉਹ ਕੱਚਾ ਮਾਸ ਖਾਣ ਕਰਕੇ ਢਿੱਡ ਵਿਚ ਸੂਲ ਉਠਣ ਕਰਕੇ ਮਰ ਗਿਆ। ਫਿਰ ਦੂਦੈ ਖਾਂ ਕੰਧਾਰੀ ਨੂੰ ਤੋਰਿਆ। ਉਸ ਨੂੰ ਉਸ ਦੇ ਵੈਰੀ ਨੇ ਸੁੱਤੇ ਪਏ ਨੂੰ ਵੱਢ ਸੁੱਟਿਆ। ਤੀਜੀ ਵਾਰੀ ਨਾਹਰ ਖਾਂ ਨਵਾਬ ਸਹਾਰਨਪੁਰੀਏ ਨੂੰ ਭੇਜਿਆ। ਉਸ ਦੀ ਫੌਜ ਵਿਚ ਹੈਜ਼ਾ ਫੈਲ ਗਿਆ। ਸਾਰੇ ਸਰਦਾਰ ਡਰਦੇ ਮਾਰੇ ਭੱਜ ਗਏ। ਚੌਥੀ ਵਾਰ ਸ਼ਿਵ ਦਿਆਲ ਦੀਵਾਨ ਨੂੰ ਭੇਜਿਆ ਕਿ ਕਿਸੇ ਤਰ੍ਹਾਂ ਗੁਰੂ ਜੀ ਨੂੰ ਲੈ ਕੇ ਆਵੇ। ਉਨ੍ਹਾਂ ਨੇ ਆ ਕੇ ਗੁਰੂ ਜੀ ਨੂੰ ਬੇਨਤੀ ਕੀਤੀ। ਗੁਰੂ ਜੀ ਨੇ ਆਪਣੇ ਵੱਡੇ ਪੁੱਤਰ ਬਾਬਾ ਰਾਮ ਰਾਇ ਨੂੰ ਹੁਕਮ ਕੀਤਾ। ਉਨ੍ਹਾਂ ਨੇ ਰਾਮ ਰਾਇ ਨੂੰ ਕਿਹਾ, “ਅਸੀਂ ਤੇਰੇ ਅੰਗ-ਸੰਗ ਹੋਵਾਂਗੇ। ਔਰੰਗੇ ਤੋਂ ਡਰਨ ਦੀ ਲੋੜ ਨਹੀਂ। ਤੇਰੀ ਰਸਨਾ ਉੱਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸ਼ਕਤੀ ਨਿਵਾਸ ਕਰੇਗੀ। ਤੂੰ ਜੋ ਚਾਹੇਂਗਾ ਉਹ ਹੋ ਜਾਵੇਗਾ।” ਸੱਚਮੁੱਚ ਉਸੇ ਤਰ੍ਹਾਂ ਹੁੰਦਾ ਰਿਹਾ। ਪਰ ਉਹ ਸ੍ਰੀ ਗੁਰੂ ਨਾਨਕ ਸਾਹਿਬ ਦੀ ਬਾਣੀ ਨੂੰ ਸੱਚ ਸਾਬਤ ਕਰਨ ਤੋਂ ਥਿੜਕ ਗਿਆ। ਗੁਰੂ ਸਾਹਿਬ ਦੀਆਂ ਨਜ਼ਰਾਂ ਵਿਚ ਬਾਬਾ ਰਾਮ ਰਾਇ ਦਾ ਇਹ ਨਾ ਬਖਸ਼ੇ ਜਾਣ ਵਾਲਾ ਅਪਰਾਧ ਸੀ। ਇਸ ਲਈ ਉਨ੍ਹਾਂ ਨੇ ਬਾਬਾ ਰਾਮ ਰਾਇ ਨਾਲੋਂ ਨਾਤਾ ਤੋੜ ਲਿਆ। ਇਹ ਬਚਨ ਵੀ ਉਨ੍ਹਾਂ ਪੂਰਾ ਨਿਭਾਇਆ। ਇਸ ਵਿਚ ਕਿਸੇ ਕਿਸਮ ਦੀ ਕੋਈ ਰਿਆਇਤ ਜਾਂ ਛੋਟ ਨਹੀਂ ਦਿੱਤੀ। ਗੁਰਬਾਣੀ ਵਿਚ ਪੂਰਨ ਸੰਤਾਂ ਮਹਾਂਪੁਰਖਾਂ ਦਾ ਅਜਿਹਾ ਵਰਤਾਰਾ ਪ੍ਰਗਟ ਕੀਤਾ ਗਿਆ ਹੈ:
ਵਰਤਣਿ ਜਾ ਕੈ ਕੇਵਲ ਨਾਮ॥
ਅਨਦ ਰੂਪ ਕੀਰਤਨੁ ਬਿਸ੍ਰਾਮ॥
ਮਿਤ੍ਰ ਸਤ੍ਰੁ ਜਾ ਕੈ ਏਕ ਸਮਾਨੈ॥
ਪ੍ਰਭ ਅਪੁਨੇ ਬਿਨੁ ਅਵਰੁ ਨ ਜਾਨੈ॥
ਕੋਟਿ ਕੋਟਿ ਅਘ ਕਾਟਨਹਾਰਾ॥
ਦੁਖ ਦੂਰਿ ਕਰਨ ਜੀਅ ਕੇ ਦਾਤਾਰਾ॥
ਸੂਰਬੀਰ ਬਚਨ ਕੇ ਬਲੀ॥
ਕਉਲਾ ਬਪੁਰੀ ਸੰਤੀ ਛਲੀ॥ (ਪੰਨਾ 292)
ਭਾਈ ਨੰਦ ਲਾਲ ਜੀ ਨੇ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੀ ਸਿਫ਼ਤ ਕਰਦੇ ਹੋਏ ਲਿਖਿਆ ਹੈ:
ਸ਼ਹਨਸ਼ਾਹਿ ਹੱਕ ਨਸਕ ਗੁਰੂ ਕਰਤਾ ਹਰਿ ਰਾਇ।
ਫ਼ਰਮਾ ਦਿਹੇ ਨਹੁ ਭਬਕ ਗੁਰੂ ਕਰਤਾ ਹਰਿ ਰਾਇ।
ਗਰਦਨ-ਜ਼ਨਿ ਸਰਕਸ਼ਾਂ ਗੁਰੂ ਕਰਤਾ ਹਰਿ ਰਾਇ।
ਯਾਰਿ ਮੁਤਜ਼ਰੱਆਂ ਗੁਰੂ ਕਰਤਾ ਹਰਿ ਰਾਇ।
ਭਾਵ ਸ੍ਰੀ ਗੁਰੂ ਹਰਿ ਰਾਇ ਜੀ ਵਾਹਿਗੁਰੂ ਦੀ ਸੋਝੀ ਦੇਣ ਵਾਲੇ ਸ਼ਹਿਨਸ਼ਾਹ ਹਨ ਅਤੇ ਨੌਂ ਅਕਾਸ਼ਾਂ ਦੇ ਮਾਲਕ ਹਨ। ਉਹ ਨਿੰਦਕਾਂ ਦਾ ਨਾਸ਼ ਕਰਨ ਵਾਲੇ ਹਨ ਅਤੇ ਨਿਰਮਾਣ ਸੇਵਕਾਂ ਦੀ ਸਹਾਇਤਾ ਕਰਦੇ ਹਨ।
ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੇ ਜੀਵਨ ਅਤੇ ਗੁਰਮਤਿ ਸਿਧਾਂਤ ਦੇ ਮਿਸਾਲੀ ਪਹਿਰੇਦਾਰ ਹੋਣ ਬਾਰੇ ਉਕਤ ਚਰਚਾ ਸਾਡੇ ਸਾਰਿਆਂ ਲਈ ਇਕ ਚਾਨਣ-ਮੁਨਾਰੇ ਦਾ ਕਾਰਜ ਕਰੇਗੀ। ਅੱਜ ਜਦੋਂ ਮਨੁੱਖੀ ਰਿਸ਼ਤੇ ਤਾਰ-ਤਾਰ ਹੋ ਰਹੇ ਹਨ। ਨਿੱਜੀ ਸੁਆਰਥਾਂ ਅਤੇ ਔਲਾਦ ਦੇ ਮੋਹ ਕਰਕੇ ਆਪਣੇ ਮਹਾਨ ਸਿਧਾਂਤਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਕੌਮੀ ਨੁਕਸਾਨ ਕੀਤਾ ਜਾ ਰਿਹਾ ਹੈ। ਦੇਸ਼ ਦਾ ਸਭ ਕੁਝ ਦਾਅ ਉੱਤੇ ਲਾਇਆ ਜਾ ਰਿਹਾ ਹੈ। ਧਾਰਮਿਕ ਸਿਧਾਂਤ ਅਤੇ ਮਰਿਆਦਾ ਲੀਰੋ-ਲੀਰ ਕੀਤੀ ਜਾ ਰਹੀ ਹੈ। ਸਮਾਜਿਕ ਸਿਸਟਮ ਤਹਿਸ-ਨਹਿਸ ਹੋ ਰਿਹਾ ਹੈ। ਅਸੀਂ ਆਪਣੇ ਮਹਾਨ ਅਤੇ ਉੱਤਮ ਸੱਭਿਆਚਾਰ ਨੂੰ ਤਿਲਾਂਜਲੀ ਦੇ ਕੇ ਦੂਜਿਆਂ ਦੇ ਸੱਭਿਆਚਾਰ ਨੂੰ ਅਪਣਾ ਰਹੇ ਹਾਂ। ਉਸ ਨਾਲ
“ਖਸਮੁ ਛੋਡਿ ਦੂਜੈ ਲਗੇ ਡੁਬੇ ਸੇ ਵਣਜਾਰਿਆ॥”
ਅਤੇ
“ਹੰਸਾ ਦੇਖਿ ਤਰੰਦਿਆ ਬਗਾ ਆਇਆ ਚਾਉ॥
ਡੁਬਿ ਮੁਏ ਬਗ ਬਪੁੜੇ ਸਿਰੁ ਤਲਿ ਉਪਰਿ ਪਾਉ॥”
ਵਾਲੀ ਸਾਡੀ ਹਾਲਤ ਹੋ ਰਹੀ ਹੈ। ਜੋ ਘਾਤਕ ਹੈ। ਸਾਨੂੰ ਆਪਣੇ ਸਰੋਤ, ਆਪਣੀਆਂ ਜੜ੍ਹਾਂ, ਆਪਣੀ ਵਿਰਾਸਤ ਅਤੇ ਆਪਣੇ ਸੱਭਿਆਚਾਰ ਨਾਲ ਜੁੜਨਾ ਹੋਵੇਗਾ। ਅਸਲ ਵਿਚ ਵਿਗਿਆਨਕ ਤਰੱਕੀ ਪਰੰਤੂ ਅਧਿਆਤਮਕ ਅਤੇ ਸੱਭਿਆਚਾਰਕ ਅਧੋਗਤੀ ਦੇ ਵਰਤਮਾਨ ਦੌਰ ਦੌਰਾਨ ਸਾਡੇ ਲਈ ਸਹੀ ਰਸਤਾ ਆਪਣੇ ਪਿਛੋਕੜ ਨਾਲ ਜੁੜਦਿਆਂ ਹੋਇਆਂ ਆਪਣੇ ਵਰਤਮਾਨ ਵਿਚ ਸੁਚੇਤ ਹੋ ਕੇ ਵਿਚਰਦਿਆਂ ਭਵਿੱਖਮੁਖੀ ਹੋਣਾ ਹੋਵੇਗਾ ਤਥਾ ਸਾਡੇ ਪੈਰ ਸਾਡੀ ਜ਼ਮੀਨ ਉੱਤੇ ਪੱਕੇ ਤੌਰ ਉੱਤੇ ਟਿਕੇ ਰਹਿਣ ਅਤੇ ਵਰਤਮਾਨ ਵਿਚ ਕਿਰਿਆਸ਼ੀਲ ਹੁੰਦਿਆਂ ਸਾਡੇ ਸਿਰ ਅਤੇ ਸੋਚ ਦਾ ਅਸਮਾਨ ਵਿਚ ਹੋਣਾ ਹੀ ਯੋਗ ਹੋਵੇਗਾ, ਜਿਸ ਤਰ੍ਹਾਂ ਕਿ ਇਕ ਅੰਗਰੇਜ਼ ਲਿਖਾਰੀ ਨੇ ਲਿਖਿਆ ਹੈ ਕਿ- WITH OUR FOOT PERMANENTLY PLANTED ON TERAFIRMA AND OUR HEAD SOARING HIGH IN THE SKY.
ਇਸ ਦੇ ਨਾਲ ਹੀ ਇਹ ਤੱਥ ਵੀ ਸਪਸ਼ਟ ਹੋ ਜਾਂਦਾ ਹੈ ਕਿ ਗੁਰੂ ਸਾਹਿਬਾਨ, ਸੰਤਾਂ-ਮਹਾਪੁਰਸ਼ਾਂ, ਭੱਟਾਂ ਅਤੇ ਗੁਰਸਿੱਖਾਂ ਵੱਲੋਂ ਉਚਾਰੀ ਬਾਣੀ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹੈ, ਜਿਸ ਦਾ ਸੰਪਾਦਨ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤਾ ਅਤੇ ਜਿਸ ਦੀ ਸੰਪੂਰਨਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਕੀਤੀ ਗਈ, ਉਸ ਵਿਚ ਕਿਸੇ ਇਕ ਵਿਅਕਤੀ ਜਾਂ ਸੰਸਾਰ ਭਰ ਵਿਚ ਵੱਸ ਰਹੇ ਸਮੁੱਚੇ ਸਿੱਖ-ਜਗਤ ਜਾਂ ਕਿਸੇ ਵੀ ਸੰਸਥਾ ਜਾਂ ਵਿਅਕਤੀ ਭਾਵੇਂ ਉਹ ਕਿਤਨਾ ਵੀ ਸ਼ਕਤੀਸ਼ਾਲੀ ਕਿਉਂ ਨਾ ਹੋਵੇ, ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਬਾਣੀ ਨਾਲ ਛੇੜ-ਛਾੜ ਕਰਨ, ਤਬਦੀਲੀ ਕਰਨ, ਇੱਥੋਂ ਤੀਕ ਕਿ ਗੁਰਬਾਣੀ ਦੀ ਲਗ-ਮਾਤਰ ਵਿਚ ਤਬਦੀਲੀ ਕਰਨ ਦਾ ਵੀ ਅਧਿਕਾਰ ਨਹੀਂ ਹੈ। ਇਹ ਵੀ ਇਕ ਸੱਚਾਈ ਹੀ ਹੈ ਕਿ ਮੁੱਢ ਤੋਂ ਹੀ ਪੰਥ-ਦੋਖੀ ਅਤੇ ਗੁਰਮਤਿ-ਵਿਰੋਧੀ ਸ਼ਕਤੀਆਂ ਗੁਰਬਾਣੀ ਨਾਲ ਛੇੜ-ਛਾੜ ਕਰਨ ਲਈ ਜਤਨਸ਼ੀਲ ਰਹੀਆਂ ਹਨ ਭਾਵੇਂ ਉਨ੍ਹਾਂ ਨੂੰ ਹਮੇਸ਼ਾਂ ਹੀ ਮੂੰਹ ਦੀ ਖਾਣੀ ਪਈ ਹੈ। ਆਧੁਨਿਕ ਸਮੇਂ ਦੇ ਕੁਝ ਨਕਲੀ ਅਭਿਮਾਨੀ ਵਿਦਵਾਨ, ਅਖੌਤੀ ਵਿਗਿਆਨੀ, ਖੋਜੀ, ਤਰਕ ਰਹਿਤ ਤਰਕਸ਼ੀਲ ਅਤੇ ਡੇਰੇਦਾਰ ਮਨਮਤ ਅਤੇ ਹਉਮੈ ਦੇ ਸ਼ਿਕਾਰ ਹੋ ਕੇ ਅਜਿਹੇ ਛੜਯੰਤਰ ਰਚ ਰਹੇ ਹਨ ਪਰੰਤੂ ਉਨ੍ਹਾਂ ਨੂੰ ਕਦੀ ਵੀ ਸਫਲਤਾ ਨਹੀਂ ਮਿਲੇਗੀ ਪਰੰਤੂ ਇਸ ਦੇ ਨਾਲ ਹੀ ਸਿੱਖ ਪੰਥ ਨੂੰ ਵੀ ਸੁਚੇਤ ਰਹਿਣਾ ਹੋਵੇਗਾ ਕਿਉਂਕਿ ਚੋਰਾਂ ਅਤੇ ਡਾਕੂਆਂ ਨੇ ਆਪਣੇ ਕੰਮ ਵਿਚ ਲੱਗੇ ਰਹਿਣਾ ਹੈ ਪਰੰਤੂ ਘਰ ਦੇ ਵਾਰਸਾਂ ਨੂੰ ਸਜੱਗ ਹੋ ਕੇ ਉਸ ਦੀ ਰਾਖੀ ਕਰਨੀ ਹੀ ਹੋਵੇਗੀ। ਘਰ ਹਮੇਸ਼ਾਂ ਹੀ ਸੁੱਤਿਆਂ ਜਾਂ ਅਵੇਸਲਿਆਂ ਦੇ ਹੀ ਲੁੱਟੇ ਜਾਂਦੇ ਹਨ ਪਰੰਤੂ ਜਾਗਦਿਆਂ ਵੱਲ ਤਾਂ ਕੋਈ ਤੱਕਣ ਦਾ ਹੌਸਲਾ ਜਾਂ ਜੁਅਰਤ ਨਹੀਂ ਕਰਦਾ। ਇਸ ਲਈ ਖਾਲਸਾ ਪੰਥ ਨੂੰ ਸਦ ਜਾਗਤ ਹੀ ਰਹਿਣਾ ਹੋਵੇਗਾ। ਇਹ ਘਾਤਕ ਅਤੇ ਕੋਝੇ ਜਤਨ ਵੱਖ-ਵੱਖ ਪੱਧਰਾਂ ਉੱਤੇ ਹੋ ਰਹੇ ਹਨ ਜਿਵੇਂ ਰਾਜਨੀਤਿਕ ਲੋਕਾਂ ਵੱਲੋਂ ਆਪਣੇ ਸੌੜੇ ਰਾਜਨੀਤਿਕ ਲਾਭਾਂ ਹਿੱਤ ਆਪਣੇ ਸਿਧਾਂਤ ਨਾਲ ਸਮਝੌਤਾ ਕਰਨ ਅਤੇ ਦੂਸਰੇ ਆਪਣੇ ਸਿਧਾਂਤ ਨੂੰ ਸਿੱਖ ਸਿਧਾਂਤ ਨਾਲੋਂ ਉੱਤਮ ਦੱਸਣ ਵਾਲਿਆਂ ਵੱਲੋਂ, ਆਪਣੇ ਨਿੱਜੀ ਸੁਆਰਥਾਂ ਹਿੱਤ ਵੱਖ-ਵੱਖ ਭੇਖਾਂ ਵਿਚ ਵਿਚਰ ਰਹੇ ਲੋਕਾਂ ਵੱਲੋਂ ਇਹ ਜਤਨ ਜਾਰੀ ਰਹੇ ਹਨ ਅਤੇ ਅੱਜ ਵੀ ਜਾਰੀ ਹਨ। ਸਭ ਨਾਲੋਂ ਖਤਰਨਾਕ ਗੱਲ ਉਨ੍ਹਾਂ ਦੀ ਹੈ ਜੋ ਆਪਣੇ ਨਿੱਜੀ ਸੁਆਰਥਾਂ ਲਈ ਸਿੱਖੀ ਭੇਸ ਵਿਚ ਵਿਚਰਦਿਆਂ ਵਿਰੋਧੀਆਂ, ਈਰਖਾਲੂਆਂ, ਪੰਥ-ਦੋਖੀਆਂ ਦੇ ਹੱਥ-ਠੋਕੇ ਬਣ ਕੇ ਗੁਰਮਤਿ ਸਿਧਾਂਤ ਉੱਤੇ ਵਾਰ-ਵਾਰ ਹਮਲੇ ਕਰ ਰਹੇ ਹਨ। ਇਹ ਹਮਲੇ ਅੱਜ ਵੀ ਜਾਰੀ ਹਨ ਅਤੇ ਭਵਿੱਖ ਵਿਚ ਵੀ ਜਾਰੀ ਰਹਿਣਗੇ ਕਿਉਂਕਿ ਬਦੀ ਹਮੇਸ਼ਾਂ ਹੀ ਨੇਕੀ ਨਾਲ ਟਕਰਾਉਂਦੀ ਆਈ ਹੈ। ਭਾਵੇਂ ਅੰਤ ਨੂੰ
“ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ॥”
ਅਨੁਸਾਰ ਫ਼ਤਿਹ ਸੱਚ ਅਤੇ ਨੇਕੀ ਦੀ ਹੀ ਹੋਈ ਹੈ ਪਰੰਤੂ ਇਸ ਫ਼ਤਿਹ ਦੀ ਪ੍ਰਾਪਤੀ ਲਈ ਢੇਰ ਕੁਰਬਾਨੀਆਂ ਦੇਣੀਆਂ ਪਈਆਂ ਹਨ ਅਤੇ ਭਵਿੱਖ ਵਿਚ ਵੀ ਦੇਣੀਆਂ ਪੈਣਗੀਆਂ। ਇਸ ਲਈ ਖਾਲਸਾ ਪੰਥ ਨੂੰ ਸਮੇਂ ਦੀਆਂ ਚਣੌਤੀਆਂ ਨੂੰ ਸਮਝਣਾ ਹੋਵੇਗਾ ਅਤੇ ਉਨ੍ਹਾਂ ਚਣੌਤੀਆਂ ਦਾ ਸਾਹਮਣਾ ਕਰਨ ਦੇ ਯੋਗ ਹੋਣਾ ਹੋਵੇਗਾ ਭਾਵ ਸਮੇਂ ਦਾ ਹਾਣੀ ਹੋਣਾ ਹੋਵੇਗਾ। ਨਿਰਸੰਦੇਹ! “ਸ਼ਾਹ ਮੁਹੰਮਦਾ ਅੰਤ ਨੂੰ ਸੋਈ ਹੋਸੀ ਜੋ ਕਰੇਗਾ ਖਾਲਸਾ ਪੰਥ ਮੀਆਂ।” ਆਓ! ਗੁਰੂ ਹਰਿ ਰਾਇ ਸਾਹਿਬ ਵੱਲੋਂ ਦਰਸਾਏ ਅਦੁੱਤੀ ਅਤੇ ਵਿਲੱਖਣ ਮਾਰਗ ਦੇ ਪਾਂਧੀ ਹੋਈਏ। ਧਰਮ ਨਾਲੋਂ ਧੜੇ ਨੂੰ ਬਿਹਤਰ ਨਾ ਸਮਝੀਏ। ਜਿਨ੍ਹਾਂ ਮਹਾਨ ਗੁਰਮੁਖ ਜੀਊੜਿਆਂ ਨੇ ਧਰਮ, ਹੱਕ, ਸੱਚ ਅਤੇ ਸਿਧਾਂਤ ਲਈ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ ਉਨ੍ਹਾਂ ਦੀਆਂ ਜੀਵਨੀਆਂ ਨੂੰ ਆਪਣਾ ਪੱਥ-ਪਰਦਰਸ਼ਕ ਮੰਨੀਏ। “ਧਰ ਪਈਏ ਧਰਮ ਨ ਛੋੜੀਏ” ਦੇ ਸਿਧਾਂਤ ਦੇ ਰਹੱਸ ਨੂੰ ਸਮਝੀਏ ਅਤੇ ਆਪਣੇ ਜੀਵਨ ਵਿਚ ਢਾਲੀਏ!
ਲੇਖਕ ਬਾਰੇ
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/June 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/June 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/August 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/September 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/October 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/December 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/January 1, 2008
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/March 1, 2008
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/May 1, 2008