ਸ੍ਰੀ ਰਵਿੰਦਰ ਨਾਥ ਟੈਗੋਰ (ਸੰਨ 1861-1941 ਈ:) ਨੋਬਲ ਇਨਾਮ ਜੇਤੂ ਬੰਗਾਲੀ ਭਾਸ਼ਾ ਦੇ ਮਹਾਨ ਸਾਹਿਤਕਾਰ ਸਨ, ਜਿਨ੍ਹਾਂ ਨੇ ਭਾਰਤੀ ਸੰਸਕ੍ਰਿਤੀ, ਧਰਮ ਤੇ ਅਧਿਆਤਮਕ ਜਗਤ ਨੂੰ ਬਹੁਤ ਉੱਚ ਪੱਧਰ ਦਾ ਮੰਨਦਿਆਂ ਇਸ ਦੀ ਮਹਾਨਤਾ ਬਾਰੇ ਕਾਫ਼ੀ ਸਾਹਿਤ ਰਚਨਾ ਕੀਤੀ।
ਸ੍ਰੀ ਰਵਿੰਦਰ ਨਾਥ ਟੈਗੋਰ ਬਚਪਨ ਵਿਚ ਪੰਜਾਬ ਆਏ। ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਦੇ ਦਰਸ਼ਨ ਕੀਤੇ। ਕੀਰਤਨ ਸੁਣਿਆ, ਬੜੇ ਪ੍ਰਭਾਵਿਤ ਹੋਏ। ਉਨ੍ਹਾਂ ਪੰਜਾਬ ਦੇ ਸਿੱਖਾਂ ਦੇ ਬਹਾਦਰੀ ਵਾਲੇ ਕਾਰਨਾਮਿਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਉਨ੍ਹਾਂ ਦੀਆਂ ਚਾਰ ਕਵਿਤਾਵਾਂ- ਸ੍ਰੀ ਗੁਰੂ ਗੋਬਿੰਦ ਸਿੰਘ, ਆਖਰੀ ਉਪਦੇਸ਼, ਵਾਧੂ ਦਾਨ ਅਤੇ ਬੰਦੀ-ਬੀਰ-ਬੰਗਲਾ ਭਾਸ਼ਾ ਵਿਚ ਪ੍ਰਸਿੱਧ ਹਨ, ਜਿਨ੍ਹਾਂ ਦੇ ਹਿੰਦੀ/ਅੰਗ੍ਰੇਜ਼ੀ ਅਨੁਵਾਦ ਵੀ ਹੋਏ ਮਿਲੇ ਹਨ।
‘ਬੰਦੀ ਬੀਰ’ ਕਵਿਤਾ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਜੀਵਨ-ਕਥਾ ਨਾਲ ਸੰਬੰਧਿਤ ਹੈ, ਜਿਸ ਵਿਚ ਉਨ੍ਹਾਂ ਦੇ ਸ਼ਹੀਦੀ ਸਮੇਂ ਦੇ ਹਾਲਾਤ ਨੂੰ ਪੇਸ਼ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ।
ਬਾਬਾ ਬੰਦਾ ਸਿੰਘ ਬਹਾਦਰ ਸੰਨ 1715 ਈ: ਨੂੰ ਗੁਰਦਾਸ ਨੰਗਲ ਦੀ ਛੋਟੀ ਜਿਹੀ ਗੜ੍ਹੀ ਵਿਚ ਸਨ, ਜਿਸ ਨੂੰ ਮੁਗ਼ਲ ਜਰਨੈਲ ਅਬਦੁੱਸਮਦ ਖਾਨ ਦੀਆਂ ਫੌਜਾਂ ਨੇ ਘੇਰ ਰੱਖਿਆ ਸੀ। ਨਾਕਾਬੰਦੀ ਕਰਕੇ ਰਾਸ਼ਨ-ਪਾਣੀ ਤੇ ਹੋਰ ਸਾਮਾਨ ਅੰਦਰ ਨਹੀਂ ਸੀ ਜਾਣ ਦਿੱਤਾ ਗਿਆ। ਕਈ ਮਹੀਨੇ ਮੁੱਠੀ-ਭਰ ਸਿੰਘਾਂ ਨੇ ਮੁਗ਼ਲ ਫੌਜ ਦਾ ਮੁਕਾਬਲਾ ਕੀਤਾ। ਇਸ ਘੇਰਾਬੰਦੀ ਦੌਰਾਨ ਸੈਂਕੜੇ ਸਿੱਖ ਜ਼ਾਲਮਾਂ ਨਾਲ ਲੋਹਾ ਖੜਕਾਉਂਦਿਆਂ ਸ਼ਹੀਦੀ ਪਾ ਜਾਂਦੇ ਹਨ।
ਸ਼ਾਹੀ ਫੌਜ ਦਾ ਜ਼ੋਰ ਪੈ ਜਾਂਦਾ ਹੈ ਅਤੇ ਸ਼ਾਹੀ ਫੌਜਾਂ ਕਿਲ੍ਹੇ ਵਿਚ ਦਾਖਲ ਹੋ ਜਾਂਦੀਆਂ ਹਨ। ਬਾਬਾ ਬੰਦਾ ਸਿੰਘ ਬਹਾਦਰ ਤੇ ਉਨ੍ਹਾਂ ਦੇ ਸਾਥੀ ਸਿੰਘਾਂ ਨੂੰ ਬੰਦੀ ਬਣਾ ਲਿਆ ਜਾਂਦਾ ਹੈ।
ਸ੍ਰੀ ਰਵਿੰਦਰ ਨਾਥ ਟੈਗੋਰ ਕਹਿੰਦੇ ਹਨ, ਗੁਰੂ ਸਾਹਿਬਾਨ ਦੀ ਪ੍ਰੇਰਨਾ ਸਦਕਾ ਪੰਜਾਬ ਵਿਚ ਸਿੱਖ ਹਜ਼ਾਰਾਂ ਦੀ ਗਿਣਤੀ ਵਿਚ ਪੈਦਾ ਹੋ ਗਏ ਤੇ ‘ਵਾਹਿਗੁਰੂ ਜੀ ਕੀ ਫ਼ਤਿਹ’ ਦੇ ਜੈਕਾਰੇ ਗਜਾਉਣ ਲੱਗੇ ਜਿਨ੍ਹਾਂ ਦੀ ਆਵਾਜ਼ ਦੂਰ ਤਕ ਗੂੰਜਣ ਲੱਗੀ।
‘ਸਤਿ ਸ੍ਰੀ ਅਕਾਲ’ ਦੇ ਜੈਕਾਰਿਆਂ ਨੇ ਉਨ੍ਹਾਂ ਦੇ ਮਨਾਂ ’ਚੋਂ ਮੌਤ ਦਾ ਭੈ ਕੱਢ ਦਿੱਤਾ। ਉਨ੍ਹਾਂ ਨੂੰ ਜਾਪਿਆ ਕਿ ਜੂਝਣ ਦੀ ਦੇਰ ਹੈ, ਅਜ਼ਾਦੀ ਉਨ੍ਹਾਂ ਦੀ ਉਡੀਕ ਕਰ ਰਹੀ ਹੈ। ਉਨ੍ਹਾਂ ਜ਼ਾਲਮਾਂ ਨਾਲ ਯੁੱਧ ਕਰਨੇ ਅਰੰਭ ਕੀਤੇ। ਉਹ ਪੂਰੀ ਦਲੇਰੀ ਨਾਲ ਜੂਝੇ। ਸਾਰੇ ਫੱਟ ਸੀਨਿਆਂ ’ਤੇ ਖਾਧੇ ਸਨ। ਉਹ ਅੱਗੇ ਵਧਦੇ ਗਏ ਨਿਰਭੈ ਹੋ ਕੇ! ਜਦੋਂ ਦਿੱਲੀ ਵਿਚ ਬੈਠੇ ਬਾਦਸ਼ਾਹ ਅਤੇ ਉਸ ਦੇ ਅਹਿਲਕਾਰਾਂ ਨੂੰ ਸਿੰਘਾਂ ਦੀ ਦਲੇਰੀ ਤੇ ਚੜ੍ਹਤ ਦਾ ਪਤਾ ਲੱਗਾ ਤਾਂ ਉਨ੍ਹਾਂ ਦੀਆਂ ਨੀਦਾਂ ਉੱਡ ਗਈਆਂ। ਸਿੰਘਾਂ ਦੀਆਂ ਸ਼ਹੀਦੀਆਂ ਹੋਈਆਂ। ਧਰਤੀ ਉੱਪਰ ਵਗੇ ਲਹੂ ਦੇ ਦਰਿਆ ਨੇ ਬੇਅੰਤ ਸਿੰਘਾਂ ਨੂੰ ਮੁਗ਼ਲਾਂ ਵਿਰੁੱਧ ਜੂਝਣ ਲਈ ਤਿਆਰ ਕਰ ਦਿੱਤਾ। ਉਹ ਘਾਇਲ ਪੰਛੀਆਂ ਵਾਂਗ ਪੂਰੀ ਦਲੇਰੀ ਨਾਲ ਯੁੱਧ ਵਿਚ ਮਾਰਾਂ ਮਾਰਦੇ ਸਨ, ਜੈਕਾਰੇ ਗਜਾਉਂਦੇ ਉਹ ਜ਼ਾਲਮਾਂ ’ਤੇ ਟੁੱਟ ਪੈਂਦੇ ਸਨ।
ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੀ ਬਹਾਦਰੀ ਨਾਲ ਜ਼ਾਲਮਾਂ ਨੂੰ ਲੋਹੇ ਦੇ ਚਣੇ ਚਬਾਏ। ਹੁਣ ਉਹ ਗੁਰਦਾਸ ਨੰਗਲ ਦੀ ਗੜ੍ਹੀ ਵਿਚ ਸੀ। ਕਾਫੀ ਲੰਮਾ ਸਮਾਂ ਮੁਕਾਬਲਾ ਕੀਤਾ ਪਰ ਆਖਰ ਜੰਗੀ ਸਾਜ਼ੋ-ਸਾਮਾਨ ਤੇ ਫੌਜ ਦੀ ਕਮੀ ਕਾਰਨ ਜ਼ਾਲਮਾਂ ਦਾ ਮੁਕਾਬਲਾ ਬੜਾ ਔਖਾ ਹੋ ਗਿਆ ਸੀ। ਸਿੰਘਾਂ ਨੇ ਆਖਰੀ ਸਾਹਾਂ ਤੱਕ ਤੇਗ ਦੇ ਜੌਹਰ ਵਿਖਾਏ। ਸੈਂਕੜੇ ਸਿੰਘ ਵੀਰਗਤੀ ਨੂੰ ਪ੍ਰਾਪਤ ਹੋ ਗਏ।
ਬਾਬਾ ਜੀ ਤੇ ਉਨ੍ਹਾਂ ਦੇ ਸਾਥੀ ਸਿੰਘਾਂ ਨੂੰ ਸ਼ਹੀਦ ਕਰਨ ਲਈ ਇਕ ਜਲੂਸ ਦੀ ਸ਼ਕਲ ਵਿਚ ਦਿੱਲੀ ਲਿਆਇਆ ਗਿਆ। ਬਾਬਾ ਜੀ ਨੂੰ ਪਿੰਜਰੇ ਵਿਚ ਕੈਦ ਕੀਤਾ ਗਿਆ ਸੀ। ਜਨਤਾ ਇਹ ਅਨੋਖਾ ਜਲੂਸ ਵੇਖ ਹੈਰਾਨ ਹੋ ਰਹੀ ਸੀ। ਇਹ ਬੀਰ ਯੋਧੇ ਹੱਥਕੜੀਆਂ, ਜ਼ੰਜੀਰਾਂ ਖੜਕਾਉਂਦੇ ਚੜ੍ਹਦੀ ਕਲਾ ਵਿਚ ਸਨ।
ਦਿੱਲੀ ਲੈ ਜਾ ਕੇ ਰੋਜ਼ ਇਕ ਸੌ ਸਿੰਘਾਂ ਨੂੰ ਸ਼ਰ੍ਹੇਆਮ ਸ਼ਹੀਦ ਕੀਤਾ ਜਾਂਦਾ। ਸਿੰਘ ਇਕ ਦੂਸਰੇ ਤੋਂ ਅੱਗੇ ਹੋ ਕੇ ਸ਼ਹੀਦੀ ਪਾਉਣ ਲਈ ਕਾਹਲੇ ਨਜ਼ਰ ਆ ਰਹੇ ਸਨ। ਇਉਂ ਸੱਤ ਦਿਨਾਂ ਵਿਚ ਇਹ ਸਾਰੇ ਸਿੰਘਾਂ ਨੂੰ ਜਲਾਦਾਂ ਨੇ ਸ਼ਹੀਦ ਕਰਕੇ ਜ਼ਾਲਮ ਮੁਗ਼ਲ ਸਾਮਰਾਜ ਦੀ ਕਬਰ ਖੋਦ ਦਿੱਤੀ।
ਸਭ ਤੋਂ ਦਰਦਨਾਕ ਦ੍ਰਿਸ਼ ਸੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਛੋਟੇ ਜਿਹੇ ਬੇਟੇ ਨੂੰ ਲਿਆ ਕੇ ਉਨ੍ਹਾਂ ਨੂੰ ਆਖਿਆ, ਇਸ ਦਾ ਕਤਲ ਤੁਸੀਂ ਕਰੋ। ਦ੍ਰਿਸ਼ ਵੇਖਣ ਵਾਲੇ ਅਹਿਲਕਾਰ ਮੁਗ਼ਲ ਸਭ ਹੈਰਾਨ ਸਨ। ਸੁੰਨ ਹੋ ਗਏ ਸਨ। ਸੋਚਾਂ ਵਿਚ ਗ਼ਲਤਾਨ ਸਨ। ਇਹ ਸਿੱਖ ਕਾਹਦੇ ਬਣੇ ਹੋਏ ਹਨ?
ਅਖੀਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਤਸੀਹੇ ਦੇਣੇ ਸ਼ੁਰੂ ਕੀਤੇ। ਜ਼ੰਬੂਰੇ ਨਾਲ ਉਨ੍ਹਾਂ ਦਾ ਮਾਸ ਨੋਚਿਆ ਗਿਆ। ਅਕਹਿ ਤੇ ਅਸਹਿ ਕਸ਼ਟ ਦਿੱਤੇ ਪਰ ਉਨ੍ਹਾਂ ਇਸ ਸਭ ਨੂੰ ਬਿਨਾਂ ‘ਸੀਅ’ ਆਖਿਆਂ ਗੁਰੂ-ਕਿਰਪਾ ਨਾਲ ਸਹਿਣ ਕੀਤਾ ਤੇ ਅਖੀਰ ਸਰੀਰ ਤਿਆਗ ਦਿੱਤਾ। ਦਰਬਾਰ ਵਿਚ ਹਾਜ਼ਰ ਸਾਰੇ ਦਰਬਾਰੀਆਂ ਨੇ ਇਹ ਭਿਆਨਕ ਸਾਕਾ ਵੇਖ ਕੇ ਅੱਖਾਂ ਮੁੰਦ ਲਈਆਂ ਤੇ ਡੂੰਘੀ ਸੋਚ ਵਿਚ ਡੁੱਬ ਗਏ।
ਇਸ ਕਵਿਤਾ ਵਿਚ ਸਿੰਘਾਂ ਦੀ ਚੜ੍ਹਤ, ਬਾਬਾ ਬੰਦਾ ਸਿੰਘ ਬਹਾਦਰ ਦੀ ਦਲੇਰੀ, ਸਿੰਘਾਂ ਦੀ ਅਡੋਲਤਾ, ਨਿਰਭੈਤਾ ਤੇ ਸ਼ਹੀਦੀ ਦੇ ਚਾਅ ਬਾਰੇ ਬੜੇ ਸੁਚੱਜੇ ਢੰਗ ਨਾਲ ਕਵੀ ਨੇ ਲਿਖਿਆ ਹੈ। ਇਨ੍ਹਾਂ ਸਿੰਘਾਂ ਦੀਆਂ ਕੁਰਬਾਨੀਆਂ ਦਾ ਸਿੱਟਾ ਇਹ ਨਿਕਲਿਆ ਕਿ ਦੇਸ਼ ਅਜ਼ਾਦ ਹੋਇਆ। ਜ਼ਾਲਮਾਂ-ਜਾਬਰਾਂ ਦਾ ਨਾਮੋ-ਨਿਸ਼ਾਨ ਮਿਟ ਗਿਆ। ਸਿੰਘ ਪੰਜਾਬ ਦੇ ਮਾਲਕ ਬਣੇ। ਸੁਖ-ਸ਼ਾਂਤੀ ਦਾ ਰਾਜ ਹੋਇਆ। ਇਹ ਕਵਿਤਾ ਬਾਬਾ ਬੰਦਾ ਸਿੰਘ ਬਹਾਦਰ ਤੇ ਹੋਰ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਹੈ, ਜਿਸ ਦਾ ਅਨੁਵਾਦ ਪੇਸ਼ ਹੈ :
ਬੰਦੀ ਬੀਰ
ਪੰਜਾਂ ਪਾਣੀਆਂ ਦੀ ਧਰਤੀ ਉੱਪਰ ਨਿਰਭੈ ਤੇ ਬੀਰ ਸਿੱਖ
ਗੁਰੂ ਸਾਹਿਬਾਨ ਦੀ ਪ੍ਰੇਰਨਾ ਨਾਲ ਜਾਗ ਪਏ!
ਸਿੱਖ ਹਜ਼ਾਰਾਂ ਦੀ ਗਿਣਤੀ ਵਿਚ ‘ਵਾਹਿਗੁਰੂ ਜੀ ਕੀ ਫਤਿਹ’ ਗਜਾਉਂਦੇ,
ਗੱਜਣ ਲੱਗੇ ਤੇ ਉਨ੍ਹਾਂ ਦੀ ਆਵਾਜ਼ ਕੋਨੇ-ਕੋਨੇ ਵਿਚ ਗੂੰਜਣ ਲੱਗੀ।
ਸਿੰਘ ਜਾਗੇ! ਉਨ੍ਹਾਂ ਚੜ੍ਹਦੇ ਸੂਰਜ ਵੱਲ ਵੇਖਿਆ,
ਉਨ੍ਹਾਂ ਲਈ ਇਹ ਨਵੇਂ ਯੁੱਗ ਦੀ ਆਸ਼ਾ ਲਿਆਇਆ ਸੀ!
ਪੰਜਾਬੀਆਂ ਨੇ ਸਤਿ ਸ੍ਰੀ ਅਕਾਲ ਦੇ ਜੈਕਾਰੇ ਬੁਲੰਦ ਕੀਤੇ!
ਇਨ੍ਹਾਂ ਜੈਕਾਰਿਆਂ ਨੇ ਉਨ੍ਹਾਂ ਨੂੰ ਨਿਰਭੈ ਬਣਾ ਦਿੱਤਾ!
ਉਹ ਆਪਣੇ ਸੀਨਿਆਂ ’ਤੇ ਤਲਵਾਰਾਂ ਦੇ ਵਾਰ ਸਹਿੰਦੇ ਰਹੇ
ਅੱਗੇ ਵਧਦੇ ਰਹੇ!
ਉਹ ਸਮਾਂ ਵੀ ਆਇਆ ਸਿੰਘਾਂ ਨੇ ਕੋਈ ਡਰ ਨ ਮੰਨਿਆ!
ਮੌਤ ਵੀ ਉਨ੍ਹਾਂ ਦੇ ਚਰਨਾਂ ’ਤੇ ਢਹਿ ਪਈ!
ਉਨ੍ਹਾਂ ਦੇ ਹਿਰਦੇ ਨਿਰਭੈ ਹੋ ਗਏ!
ਪੰਜ ਪਾਣੀਆਂ ਦੀ ਧਰਤੀ ਉੱਪਰ,
ਇਕ ਨਵੇਂ ਯੁੱਗ ਦਾ ਪ੍ਰਵੇਸ਼ ਹੋਇਆ।
ਦਿੱਲੀ ਦੇ ਰਾਜ-ਮਹੱਲਾਂ ’ਚ ਮੁਗ਼ਲ ਬਾਦਸ਼ਾਹ,
ਅਨੀਂਦਰੇ ਕੱਟਣ ਲਗੇ।
ਸਿੱਖ ਯੋਧਿਆਂ ਦੀਆਂ ਜਿੱਤਾਂ ਬਾਰੇ ਸੁਣ-ਸੁਣ ਕੇ,
ਪੰਜਾਂ ਦਰਿਆਵਾਂ ਦੀ ਧਰਤੀ ਉੱਪਰ ਸ਼ਹੀਦਾਂ ਦਾ ਲਹੂ;
ਸਮਕਾਲੀ ਜ਼ੁਲਮ ਵਿਰੁੱਧ ਬਗ਼ਾਵਤ ਕਰ ਉਠਿਆ।
ਸਿੰਘ ਅਨਿਆਂ ਵਿਰੁੱਧ ਯੁੱਧ ਕਰਨ ਲਈ ਤਿਆਰ ਹੋ ਗਏ,
ਮੁਗ਼ਲ, ਸਿੰਘ ਯੁੱਧ ਸਮੇਂ ਦੋਨੋਂ ਧਿਰਾਂ,
ਆਪਸ ਵਿਚ ਪੂਰੇ ਬਲ ਨਾਲ ਜ਼ਖ਼ਮੀ ਪੰਛੀਆਂ ਵਾਂਗ,
ਪੂਰੇ ਤਾਣ ਨਾਲ ਲੜੀਆਂ।
ਸਿੰਘ ‘ਵਾਹਿਗੁਰੂ ਜੀ ਕੀ ਫਤਿਹ’ ਗਜਾਉਂਦੇ ਸਨ।
ਮੁਗ਼ਲ ‘ਅੱਲਾਹ ਹੂ ਅਕਬਰ’ ਦਾ ਨਾਦ ਛੇੜਦੇ।
ਗੁਰਦਾਸ ਨੰਗਲ ਦੀ ਗੜ੍ਹੀ ਵਿਚ,
ਬਾਬਾ ਬੰਦਾ ਸਿੰਘ ਬਹਾਦਰ ਜੂਝਿਆ।
ਆਖਰ ਮੁਗ਼ਲ ਫੌਜ ਦੇ ਹੱਥ ਆ ਗਿਆ।
ਸ਼ੇਰ ਵਾਂਗ ਉਹਨੂੰ ਪਿੰਜ਼ਰੇ ਵਿਚ ਪਾ,
ਦਿੱਲੀ ਲੈ ਆਂਦਾ ਗਿਆ।
ਸਿੱਖਾਂ ਦੇ ਸਿਰ ਬਰਛਿਆਂ ’ਤੇ ਟੰਗ,
ਮੁਗ਼ਲ ਫੌਜ ਅੱਗੇ-ਅੱਗੇ ਤੁਰਦੀ।
ਸੱਤ ਸੌ ਸਿੱਖ ਹੱਥਕੜੀਆਂ-ਜ਼ੰਜੀਰਾਂ ਖੜਕਾਉਂਦੇ,
ਉਨ੍ਹਾਂ ਮਗਰ ਤੁਰ ਰਹੇ ਸਨ।
ਦਿੱਲੀ ਨਿਵਾਸੀ ਹੈਰਾਨੀ ਤੇ ਡਰ ਦੇ ਭਾਵ ਨਾਲ,
ਗਲੀਆਂ-ਬਾਜ਼ਾਰਾਂ ਵਿੱਚੋਂ ਲੰਘਦੇ;
ਇਨ੍ਹਾਂ ਸਿੱਖ ਕੈਦੀਆਂ ਨੂੰ ਨਿਹਾਰ ਰਹੇ ਸਨ।
ਸਿੰਘ ਜੈਕਾਰੇ ਗਜਾ ਰਹੇ ਸਨ
‘ਵਾਹਿਗੁਰੂ ਜੀ ਕੀ ਫਤਿਹ’ ਤੇ ਤੁਰਦੇ ਜਾ ਰਹੇ ਸਨ।
ਹਰ ਕੈਦੀ ਸਿੰਘ ਸਭ ਤੋਂ ਪਹਿਲਾਂ ਸ਼ਹੀਦ ਹੋਣ ਲਈ ਕਾਹਲਾ ਸੀ।
ਹਰ ਚੜ੍ਹਦੇ ਸੂਰਜ ਨਾਲ, ਸੌ ਸਿੱਖ ਕਤਲ ਕਰ ਦਿੱਤੇ ਜਾਂਦੇ।
ਸੱਤ ਦਿਨਾਂ ਵਿਚ ਸੱਤ ਸੌ ਸਿੰਘ ਸ਼ਹੀਦੀਆਂ ਪਾ ਗਏ।
ਕਾਜ਼ੀ ਨੇ ਬੰਦਾ ਸਿੰਘ ਬਹਾਦਰ ਦੇ ਛੋਟੇ ਪੁੱਤਰ ਨੂੰ
ਉਨ੍ਹਾਂ ਦੇ ਹਵਾਲੇ ਕਰ ਦਿੱਤੇ ਤੇ ਆਖਿਆ,
ਤੂੰ ਆਪਣੇ ਹੱਥੀਂ ਬਿਨਾ ਕਿਸੇ ਬਿਲੰਭ ਦੇ,
ਇਸ ਬਾਲ ਨੂੰ ਕਤਲ ਕਰ!
ਬਾਲ ਦੇ ਹੱਥ ਬੰਨ੍ਹੇ ਹੋਏ ਸਨ,
ਬੰਦਾ ਨਿਰਸ਼ਬਦ ਰਿਹਾ।
ਬਾਲ ਨੂੰ ਹਿੱਕ ਨਾਲ ਲਗਾ ਲਿਆ,
ਆਪਣਾ ਸੱਜਾ ਹੱਥ ਕੁਝ ਪਲਾਂ ਲਈ,
ਬਾਲ ਦੇ ਸਿਰ ’ਤੇ ਰੱਖਿਆ।
ਉਹਦੀ ਲਾਲ ਦਸਤਾਰ ਨੂੰ ਚੁੰਮਿਆ,
ਪੁੱਤਰ ਦੇ ਮੂੰਹ ਵੱਲ ਤੱਕਿਆ।
ਬਾਲ ਦੇ ਕੰਨਾਂ ਵਿਚ ‘ਵਾਹਿਗੁਰੂ ਜੀ ਕੀ ਫਤਹਿ’ ਆਖੀ,
ਤੇ ਨਿਰਭੈ ਹੋਣ ਲਈ ਆਖਿਆ।
ਪੁੱਤਰ ਨੇ ਵੀ ‘ਵਾਹਿਗੁਰੂ ਜੀ ਕੀ ਫਤਹਿ’ ਗਜਾ ਕੇ,
ਜਵਾਬ ਦਿੱਤਾ-
‘ਮੈਂ ਨਿਰਭੈ ਹਾਂ’ ਉਹਨੇ ਆਖਿਆ।
ਬਾਲ ‘ਵਾਹਿਗੁਰੂ ਜੀ ਕੀ ਫਤਹਿ’ ਉਚਾਰਦਿਆਂ,
ਭੌਇਂ ’ਤੇ ਡਿੱਗ ਗਿਆ।
ਰਾਜੇ ਦੇ ਦਰਬਾਰੀ,
ਡੂੰਘੀਆਂ ਸੋਚਾਂ ਵਿਚ ਡੁੱਬ ਗਏ।
ਬੰਦਾ ਬਹਾਦਰ ਦੀ ਦੇਹ ਨੂੰ,
ਜੰਬੂਰਾਂ ਨਾਲ ਨੋਚਿਆ ਗਿਆ।
ਬੋਟੀ-ਬੋਟੀ ਕਰ ਦਿੱਤਾ ਗਿਆ,
ਬਲੀ ਯੋਧਾ ‘ਸੀਅ’ ਨਾ ਆਖਦਿਆਂ,
ਸੁਆਸ ਤਿਆਗ ਗਿਆ।
ਦਰਬਾਰ ਵਿਚ ਹਾਜ਼ਰ ਸਮੂਹ ਦਰਬਾਰੀਆਂ ਨੇ,
ਅੱਖਾਂ ਮੁੰਦ ਲਈਆਂ;
ਸਾਰੇ ਦਰਬਾਰੀ ਡੂੰਘੀਆਂ ਸੋਚਾਂ ਵਿਚ ਡੁੱਬ ਗਏ।
ਲੇਖਕ ਬਾਰੇ
# 8 ਦਸਮੇਸ਼ ਨਗਰ, ਪੁਲੀਸ ਲਾਈਨ ਰੋਡ, ਪਟਿਆਲਾ
- ਪ੍ਰੋ. ਗੁਰਮੁਖ ਸਿੰਘhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%97%e0%a9%81%e0%a8%b0%e0%a8%ae%e0%a9%81%e0%a8%96-%e0%a8%b8%e0%a8%bf%e0%a9%b0%e0%a8%98/October 1, 2007
- ਪ੍ਰੋ. ਗੁਰਮੁਖ ਸਿੰਘhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%97%e0%a9%81%e0%a8%b0%e0%a8%ae%e0%a9%81%e0%a8%96-%e0%a8%b8%e0%a8%bf%e0%a9%b0%e0%a8%98/May 1, 2008
- ਪ੍ਰੋ. ਗੁਰਮੁਖ ਸਿੰਘhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%97%e0%a9%81%e0%a8%b0%e0%a8%ae%e0%a9%81%e0%a8%96-%e0%a8%b8%e0%a8%bf%e0%a9%b0%e0%a8%98/November 1, 2008
- ਪ੍ਰੋ. ਗੁਰਮੁਖ ਸਿੰਘhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%97%e0%a9%81%e0%a8%b0%e0%a8%ae%e0%a9%81%e0%a8%96-%e0%a8%b8%e0%a8%bf%e0%a9%b0%e0%a8%98/August 1, 2009
- ਪ੍ਰੋ. ਗੁਰਮੁਖ ਸਿੰਘhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%97%e0%a9%81%e0%a8%b0%e0%a8%ae%e0%a9%81%e0%a8%96-%e0%a8%b8%e0%a8%bf%e0%a9%b0%e0%a8%98/August 1, 2010