ਦੁਨੀਆਂ ਵਿਚ ਹਰ ਮਨੁੱਖ ਆਪਣੇ ਜੀਵਨ ਵਿਚ ਧਨ-ਦੌਲਤ ਦੀ ਖਾਤਰ ਬਹੁਤ ਹੀ ਕਾਰੋਬਾਰ, ਨੌਕਰੀ, ਵਪਾਰ ਜਾਂ ਕਈ ਤਰ੍ਹਾਂ ਦੇ ਵਣਜ ਕਰਦਾ ਹੈ ਅਤੇ ਧਨ-ਪਦਾਰਥਾਂ ਦੀ ਖ਼ਾਤਰ ਦੇਸ਼ਾਂ-ਵਿਦੇਸ਼ਾਂ ਵਿਚ ਵੱਧ ਤੋਂ ਵੱਧ ਪੈਸਾ ਕਮਾਉਣ ਲਈ ਬਹੁਤ ਹੀ ਦੌੜ-ਭੱਜ ਕਰਦਾ ਰਹਿੰਦਾ ਹੈ। ਹਰ ਮਨੁੱਖ ਲਈ ਐਸੀ ਕਿਰਤ-ਕਮਾਈ ਕਰਨੀ ਵੀ ਬਹੁਤ ਜ਼ਰੂਰੀ ਹੈ। ਪਰ ਐਸਾ ਵੀ ਨਾ ਹੋਵੇ ਕਿ ਮਨੁੱਖ ਇਨ੍ਹਾਂ ਦੁਨਿਅਵੀ ਕੰਮਾਂਕਾਰਾਂ ਵਿਚ ਹੀ ਏਨਾ ਧੱਸ ਜਾਵੇ ਕਿ ਜਿਸ ਵਾਹਿਗੁਰੂ ਜੀ ਨੇ ਇਸ ਨੂੰ ਇਸ ਦੁਨੀਆਂ ਵਿਚ ਨਾਮ ਜਪਣ ਅਤੇ ਚੰਗੇ ਕਰਮ ਕਰਨ ਲਈ ਭੇਜਿਆ ਹੋਵੇ, ਉਸ ਵਾਹਿਗੁਰੂ ਜੀ ਨੂੰ ਇਹ ਬਿੱਲਕੁਲ ਹੀ ਭੁੱਲ ਜਾਵੇ। ਆਮ ਹੀ ਧਾਰਨਾ ਹੈ ਕਿ : “ਰਾਮ ਵਧਾਇ ਸੋ ਵਧੇ ਬਲ ਕਰ ਵਧੇ ਨਾ ਕੋਇ।” ਜਿੰਨਾ ਚਿਰ ਮਨੁੱਖ ਦੇ ਹਰ ਕਾਰਜ ਵਿਚ ਰੱਬ ਆਪ ਸਹਾਇਤਾ ਨਾ ਕਰੇ, ਇਸਦੇ ਕਿਸੇ ਵੀ ਕਾਰੋਬਾਰ, ਨੌਕਰੀ ਜਾਂ ਵਪਾਰ ਆਦਿ ਵਿਚ ਕੋਈ ਬਰਕਤ ਨਹੀਂ ਪੈਂਦੀ। ਇਸੇ ਪ੍ਰਥਾਇ ਹੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਸੁਖਮਨੀ ਸਾਹਿਬ ਜੀ ਦੀ 19ਵੀਂ ਅਸਟਪਦੀ ਦੀ ਦੂਜੀ ਪਉੜੀ ਵਿਚ ਮਨੁੱਖ ਨੂੰ ਧਨ, ਸੋਭਾ ਅਤੇ ਸੁਖ ਪ੍ਰਾਪਤ ਕਰਨ ਬਹੁਤ ਹੀ ਪਿਆਰਾ ਉਪਦੇਸ਼ ਅੰਕਿਤ ਕੀਤਾ ਹੈ, ਜਿਹੜਾ ਵੀ ਕੋਈ ਗੁਰੂ ਕਾ ਪਿਆਰਾ ਸਿੱਖ ਪਵਿੱਤਰ ਗੁਰਬਾਣੀ ਦੇ ਇਸ ਪਿਆਰੇ ਉਪਦੇਸ਼ ਦੀ ਆਪਣੇ ਹਿਰਦੇ ਅੰਦਰ ਕਮਾਈ ਕਰਨੀ ਸ਼ੁਰੂ ਕਰ ਦੇਵੇਗਾ, ਐਸੇ ਸਿੱਖ ਦੇ ਜੀਵਨ ਵਿਚ ਧਨ, ਸੋਭਾ ਅਤੇ ਸਾਰੇ ਸੁਖ ਉਸ ਦੇ ਅੱਗੇ ਪਿੱਛੇ ਭੱਜੇ ਫਿਰਨਗੇ। ਸੋ ਹਰ ਸਿੱਖ ਲਈ ਕਮਾਈ ਕਰਨ ਵਾਲਾ ਸਤਿਗੁਰੂ ਜੀ ਦਾ ਮਹਾਨ ਉਪਦੇਸ਼ ਹੈ:
ਜਿਸੁ ਧਨ ਕਉ ਚਾਰਿ ਕੁੰਟ ਉਠਿ ਧਾਵਹਿ॥
ਸੋ ਧਨੁ ਹਰਿ ਸੇਵਾ ਤੇ ਪਾਵਹਿ॥
ਮਹਾਨ ਸਤਿਗੁਰੂ ਜੀ ਸਿੱਖ ਨੂੰ ਬਹੁਤ ਹੀ ਪਿਆਰ ਨਾਲ ਉਪਦੇਸ਼ ਕਰ ਰਹੇ ਹਨ ਕਿ ਪਿਆਰੇ ਸਿੱਖਾ, ਜਿਸ ਧਨ ਦੀ ਖਾਤਰ ਤੂੰ ਦੁਨੀਆਂ ਦੇ ਚੌਹਾਂ ਦਿਸ਼ਾਵਾਂ ਵਿਚ ਜਾਂ ਦੇਸ਼ਾਂ-ਵਿਦੇਸ਼ਾਂ ਵਿਚ ਕਮਾਈ ਕਰਨ ਲਈ ਤੁਰਿਆ ਫਿਰਦਾ ਹੈਂ, ਪਿਆਰਿਆ, ਤੂੰ ਸਤਿਗੁਰੂ ਜੀ ਦਾ ਪਿਆਰਾ ਹੁਕਮ ਮੰਨ ਲੈ ਅਤੇ ਹਰ ਰੋਜ਼ ਅੰਮ੍ਰਿਤ ਵੇਲੇ ਉੱਠ ਕੇ, ਵਾਹਿਗੁਰੂ ਜੀ ਦਾ ਸਿਮਰਨ ਅਤੇ ਪਾਵਨ ਗੁਰਬਾਣੀ ਦਾ ਨਿਤਨੇਮ ਬਹੁਤ ਹੀ ਪਿਆਰ ਨਾਲ ਕਰਿਆ ਕਰ, ਐਸਾ ਕਰਨ ਨਾਲ ਹਰ ਕਾਰਜ ਵਿਚ ਸਤਿਗੁਰੂ ਜੀ ਆਪ ਸਹਾਈ ਹੁੰਦੇ ਰਹਿਣਗੇ। ਤੂੰ ਆਪਣੇ ਹਿਰਦੇ ਅੰਦਰ ਵਾਹਿਗੁਰੂ ਜੀ ਨੂੰ ਬਹੁਤ ਹੀ ਪਿਆਰ ਨਾਲ ਸਦਾ ਯਾਦ ਕਰਦਾ ਰਿਹਾ ਕਰ, ਵੇਖੀਂ ਤੇਰੇ ਮਨੁੱਖਾ ਜੀਵਨ ਵਿਚ ਦੁਨੀਆਂ ਦੀਆਂ ਤਮਾਮ ਬਰਕਤਾਂ ਤੇਰੇ ਪਿੱਛੇ-ਪਿੱਛੇ ਲੱਗੀਆਂ ਫਿਰਨਗੀਆਂ।
ਜਿਸੁ ਸੁਖ ਕਉ ਨਿਤ ਬਾਛਹਿ ਮੀਤ॥
ਸੋ ਸੁਖੁ ਸਾਧੂ ਸੰਗਿ ਪਰੀਤਿ॥
ਜਿਹੜੇ ਸੁਖਾਂ ਨੂੰ ਪ੍ਰਾਪਤ ਕਰਨ ਲਈ ਤੂੰ ਆਪਣੇ ਜੀਵਨ ਵਿਚ ਬਹੁਤ ਹੀ ਦੌੜ-ਭੱਜ ਕਰਦਾ ਹੈਂ, ਤੂੰ ਰੱਬ ਦੇ ਪਿਆਰੇ ਸਿੱਖਾਂ, ਸਾਧੂਆਂ ਨਾਲ ਪਿਆਰ ਕਰ ਕੇ ਤਾਂ ਵੇਖ, ਤੇਰੇ ਲੋਕ ਅਤੇ ਪਰਲੋਕ ਦੇ ਜੀਵਨ ਵਿਚ ਦੁਨਿਆਵੀ ਅਤੇ ਆਤਮਿਕ ਸੁੱਖ ਸਦਾ ਵਰਤਦੇ ਹੀ ਰਹਿਣਗੇ, ਜਿਸ ਨਾਲ ਤੇਰਾ ਜੀਵਨ ਏਸ ਸੁਹਾਵਣੀ ਦੁਨੀਆਂ ਵਿਚ ਬਹੁਤ ਹੀ ਅਨੰਦਮਈ ਹੋ ਜਾਵੇਗਾ।
ਜਿਸੁ ਸੋਭਾ ਕਉ ਕਰਹਿ ਭਲੀ ਕਰਨੀ॥
ਸਾ ਸੋਭਾ ਭਜੁ ਹਰਿ ਕੀ ਸਰਨੀ॥
ਜਿਹੜੀ ਦੁਨਿਆਵੀ ਸੋਭਾ ਦੀ ਖਾਤਰ ਤੂੰ ਰਾਤ-ਦਿਨ ਭੱਜਾ ਫਿਰਦਾ ਹੈਂ ਕਿ ਮੈਨੂੰ ਸੰਸਾਰ ਵਿਚ ਹਰ ਤਰ੍ਹਾਂ ਦੀ ਸੋਭਾ ਮਿਲੇ, ਐਸੀ ਬਿਰਤੀ ਛੱਡ ਕੇ, ਤੂੰ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਸ਼ਰਨ ਵਿਚ ਆ ਕੇ, ਵਾਹਿਗੁਰੂ ਜੀ ਦਾ ਸਿਮਰਨ ਕਰਨ ਲੱਗ ਜਾ, ਮਹਾਨ ਸਤਿਗੁਰੂ ਜੀ ਆਪਣੇ ਪਵਿੱਤਰ ਚਰਨਾਂ ਵਿੱਚੋਂ ਤੈਨੂੰ ਹਰ ਤਰ੍ਹਾਂ ਦੀ ਸੋਭਾ ਆਪ ਦੇ ਕੇ, ਤੇਰਾ ਦੁਨੀਆਂ ਵਿਚ ਹਰ ਤਰ੍ਹਾਂ ਦਾ ਜੱਸ ਆਪ ਵਧਾ ਦੇਣਗੇ।
ਅਨਿਕ ਉਪਾਵੀ ਰੋਗੁ ਨ ਜਾਇ॥
ਰੋਗੁ ਮਿਟੈ ਹਰਿ ਅਵਖਧੁ ਲਾਇ॥
ਤੇਰੇ ਤਨ ਦੇ ਅਤੇ ਮਨ ਦੇ ਰੋਗ, ਤੇਰੇ ਆਪਣੇ ਯਤਨ ਕੀਤਿਆਂ ਠੀਕ ਨਹੀਂ ਹੋਣੇ, ਤੂੰ ਵਾਹਿਗੁਰੂ ਜੀ ਦੇ ਪਿਆਰੇ ਨਾਮ ਸਿਮਰਨ ਦੀ ਦਵਾਈ ਪੀ ਕੇ ਤਾਂ ਵੇਖ, ਤੇਰੇ ਮਨ ਦੀ ਹਉਮੈ ਦੇ ਰੋਗ ਅਤੇ ਤਨ ਦੇ ਹਰ ਤਰ੍ਹਾਂ ਦੇ ਰੋਗ, ਸਤਿਗੁਰੂ ਜੀ ਆਪਣੀ ਰਹਿਮਤ ਸਦਕਾ ਆਪ ਨਾਸ ਕਰ ਦੇਣਗੇ।
ਸਰਬ ਨਿਧਾਨ ਮਹਿ ਹਰਿ ਨਾਮੁ ਨਿਧਾਨੁ॥
ਜਪਿ ਨਾਨਕ ਦਰਗਹਿ ਪਰਵਾਨੁ॥
ਸਤਿਗੁਰੂ ਜੀ ਸ਼ਬਦ ਦੇ ਅਖੀਰ ਵਿਚ ਉਪਦੇਸ਼ ਕਰ ਰਹੇ ਹਨ ਕਿ ਪਿਆਰਿਆ, ਸਭ ਖਜ਼ਾਨਿਆਂ ਦਾ ਮੂਲ, ਵਾਹਿਗੁਰੂ ਜੀ ਦਾ ਨਾਮ ਸਿਮਰਨ ਹੀ ਹੈ, ਤੂੰ ਆਪਣੇ ਹਿਰਦੇ ਅੰਦਰ ਬਹੁਤ ਹੀ ਪਿਆਰ ਨਾਲ ਸਦਾ ‘ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ’ ਜਪਦਾ ਹੀ ਰਿਹਾ ਕਰ, ਵਾਹਿਗੁਰੂ ਜੀ ਦੇ ਸਿਮਰਨ ਕਰਨ ਨਾਲ ਤੂੰ ਰੱਬ ਦੀ ਸੱਚੀ ਦਰਗਾਹ ਵਿਚ ਸਦਾ-ਸਦਾ ਲਈ ਪ੍ਰਵਾਨ ਹੋ ਜਾਵੇਂਗਾ।
ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪਣੀ ਪਾਵਨ ਗੁਰਬਾਣੀ ਦੇ ਪਵਿੱਤਰ ਬੋਲਾਂ ਵਿਚ ਵਾਰ-ਵਾਰ ਉਪਦੇਸ਼ ਕਰ ਰਹੇ ਹਨ ਕਿ ਪਿਆਰਿਆ, ਸਾਰੇ ਸੁਖਾਂ ਦੀ ਪ੍ਰਾਪਤੀ ਨਾਮ-ਸਿਮਰਨ ਵਿੱਚੋਂ ਹੀ ਹੋਣੀ ਹੈ। ਯਾਦ ਰੱਖਿਉ, ਮਨੁੱਖ ਇਸ ਮਾਇਆ ਧਨ ਨਾਲ ਦੁਨੀਆਂ ਦੇ ਤਮਾਮ ਸੁੱਖ ਤਾਂ ਖਰੀਦ ਸਕਦਾ ਹੈ, ਪਰ ਮਨੁੱਖ ਇਸ ਮਾਇਆ ਨਾਲ ਆਪਣੇ ਹਿਰਦੇ ਅੰਦਰ ਦੀ ਸ਼ਾਂਤੀ ਅਤੇ ਅਨੰਦ ਕਦੇ ਵੀ ਨਹੀਂ ਖਰੀਦ ਸਕਦਾ। ਸੋ, ਜਿਸ ਤਰ੍ਹਾਂ ਕੋਈ ਮਨੁੱਖ ਸੂਰਜ ਵੱਲ ਪਿੱਠ ਕਰ ਕੇ ਤੁਰੇ ਤਾਂ ਮਨੁੱਖ ਦਾ ਪਰਛਾਵਾਂ ਉੁਸ ਦੇ ਅੱਗੇ-ਅੱਗੇ ਭੱਜਾ ਜਾਂਦਾ ਹੈ, ਅਤੇ ਜੇ ਕੋਈ ਮਨੁੱਖ ਸੂਰਜ ਵੱਲ ਮੂੰਹ ਕਰ ਕੇ ਤੁਰੇ ਤਾਂ ਉਸ ਦਾ ਪਰਛਾਵਾਂ ਉਸ ਦੇ ਪਿੱਛੇ-ਪਿੱਛੇ ਭੱਜਾ ਆਉਂਦਾ ਹੈ। ਇਸੇ ਤਰ੍ਹਾਂ ਜਿਹੜਾ ਮਨੁੱਖ ਦੁਨੀਆਂ ਵਿਚ ਰਹਿੰਦਾ ਹੋਇਆ ਆਪਣੀ ਪਿੱਠ ਗੁਰੂ ਵੱਲ ਕਰ ਲੈਂਦਾ ਹੈ, ਯਾਨੀ ਕਿ ਉਹ ਆਪਣੇ ਹੰਕਾਰ ਵਿਚ ਹੀ ਮਸਤ ਹੋਇਆ ਫਿਰਦਾ ਹੈ ਐਸੇ ਮਨੁੱਖ ਦੇ ਜੀਵਨ ਵਿਚ ਧਨ ਅਤੇ ਸੁੱਖ ਸਦਾ ਉਸ ਦੇ ਅੱਗੇ-ਅੱਗੇ ਹੀ ਭੱਜਦੇ ਰਹਿੰਦੇ ਹਨ, ਉਹ ਜਿਸ ਕੰਮ ਨੂੰ ਵੀ ਹੱਥ ਪਾਉਂਦਾ ਹੈ, ਉਸ ਨੂੰ ਉਸ ਵਿਚ ਬਹੁਤ ਘੱਟ ਬਰਕਤ ਪੈਂਦੀ ਹੈ। ਪਰ ਦੂਜੇ ਪਾਸੇ ਜਿਹੜਾ ਸਿੱਖ ਦੁਨੀਆਂ ਵਿਚ ਰਹਿੰਦਾ ਹੋਇਆ, ਆਪਣਾ ਮੁੱਖ ਹਮੇਸ਼ਾ ਹੀ ਸਤਿਗੁਰੂ ਜੀ ਵੱਲ ਕਰ ਲੈਂਦਾ ਹੈ, ਯਾਨੀ ਕਿ ਨਾਮ ਜਪਦਾ ਹੋਇਆ ਹਰ ਵਕਤ ਸਤਿਗੁਰੂ ਜੀ ਦੇ ਹੁਕਮ ਵਿਚ ਹੀ ਰਹਿੰਦਾ ਹੈ, ਧਨ, ਸੋਭਾ ਅਤੇ ਸਾਰੇ ਸੁੱਖ ਐਸੇ ਸਿੱਖ ਦੇ ਸਦਾ ਮਗਰ-ਮਗਰ ਹੀ ਭੱਜੇ ਆਉਂਦੇ ਹਨ।
ਸੋ, ਜਿਸ ਸਿੱਖ ਨੇ ਵੀ ਸਤਿਗੁਰੂ ਜੀ ਦੇ ਪਵਿੱਤਰ ਦਰ ਤੋਂ ਲੋਕ ਅਤੇ ਪਰਲੋਕ ਦੇ ਦੋਵੇਂ ਸੁੱਖ ਪ੍ਰਾਪਤ ਕਰਨੇ ਹੋਣ, ਉਹ ਸਿੱਖ ਸਤਿਗੁਰੂ ਜੀ ਦੇ ਉੱਪਰ ਦਿੱਤੇ ਪਾਵਨ ਗੁਰਬਾਣੀ ਦੇ ਪਵਿੱਤਰ ਉਪਦੇਸ਼ ਦੀ ਆਪਣੇ ਹਿਰਦੇ ਅੰਦਰ ਕਮਾਈ ਜ਼ਰੂਰ ਹੀ ਕਰੇ ਅਤੇ ਸਤਿਗੁਰੂ ਜੀ ਦੇ ਇਸ ਪਿਆਰੇ ਹੁਕਮ ਮੁਤਾਬਕ ਸਦਾ ਹੀ ਅਪਣੇ ਹਿਰਦੇ ਅੰਦਰ ਵਾਹਿਗੁਰੂ ਜੀ ਦਾ ਸਿਮਰਨ ਕਰਦਾ ਹੀ ਰਹੇ।
ਲੇਖਕ ਬਾਰੇ
ਮਜੀਠਾ ਰੋਡ, ਅੰਮ੍ਰਿਤਸਰ
- ਭਾਈ ਰੇਸ਼ਮ ਸਿੰਘhttps://sikharchives.org/kosh/author/%e0%a8%ad%e0%a8%be%e0%a8%88-%e0%a8%b0%e0%a9%87%e0%a8%b6%e0%a8%ae-%e0%a8%b8%e0%a8%bf%e0%a9%b0%e0%a8%98/August 1, 2007
- ਭਾਈ ਰੇਸ਼ਮ ਸਿੰਘhttps://sikharchives.org/kosh/author/%e0%a8%ad%e0%a8%be%e0%a8%88-%e0%a8%b0%e0%a9%87%e0%a8%b6%e0%a8%ae-%e0%a8%b8%e0%a8%bf%e0%a9%b0%e0%a8%98/October 1, 2007
- ਭਾਈ ਰੇਸ਼ਮ ਸਿੰਘhttps://sikharchives.org/kosh/author/%e0%a8%ad%e0%a8%be%e0%a8%88-%e0%a8%b0%e0%a9%87%e0%a8%b6%e0%a8%ae-%e0%a8%b8%e0%a8%bf%e0%a9%b0%e0%a8%98/December 1, 2008
- ਭਾਈ ਰੇਸ਼ਮ ਸਿੰਘhttps://sikharchives.org/kosh/author/%e0%a8%ad%e0%a8%be%e0%a8%88-%e0%a8%b0%e0%a9%87%e0%a8%b6%e0%a8%ae-%e0%a8%b8%e0%a8%bf%e0%a9%b0%e0%a8%98/April 1, 2009