editor@sikharchives.org

ਸੁਲਤਾਨ-ਉਲ-ਕੌਮ ਸ. ਜੱਸਾ ਸਿੰਘ ਆਹਲੂਵਾਲੀਆ : ਇਕ ਅਦੁੱਤੀ ਸ਼ਖ਼ਸੀਅਤ

ਸਰਹਿੰਦ ਦੀ ਜਿੱਤ ਵਿੱਚੋਂ ਸ. ਜੱਸਾ ਸਿੰਘ ਆਹਲੂਵਾਲੀਆ ਦੇ ਹਿੱਸੇ 9 ਲੱਖ ਰੁਪਏ ਆਏ, ਜੋ ਸਾਰੇ ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਦੀ ਸੇਵਾ ਲਈ ਦੇ ਦਿੱਤੇ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਸਿੱਖ ਇਤਿਹਾਸ ਦੇ ਮਹਾਨ ਨਾਇਕ ਸਰਦਾਰ ਜੱਸਾ ਸਿੰਘ ਦਾ ਜਨਮ 3 ਮਈ 1718 ਈ. ਨੂੰ ਸਰਦਾਰ ਬਦਰ ਸਿੰਘ ਦੇ ਘਰ ਪਿੰਡ ਆਹਲੂ, ਜ਼ਿਲ੍ਹਾ ਲਾਹੌਰ ਵਿਖੇ ਹੋਇਆ। ਸ. ਜੱਸਾ ਸਿੰਘ ਅਜੇ ਚਾਰ ਕੁ ਸਾਲ ਦੇ ਹੀ ਸਨ, ਜਦੋਂ ਇਨ੍ਹਾਂ ਦੇ ਪਿਤਾ ਜੀ ਅਕਾਲ ਚਲਾਣਾ ਕਰ ਗਏ। ਸ. ਜੱਸਾ ਸਿੰਘ ਦੇ ਮਾਤਾ ਜੀ ਇਨ੍ਹਾਂ ਨੂੰ ਮਾਤਾ ਸੁੰਦਰੀ ਜੀ ਕੋਲ ਦਿੱਲੀ ਲੈ ਗਏ। ਇਨ੍ਹਾਂ ਦੇ ਰਸ-ਭਿੰਨੇ ਕੀਰਤਨ ਅਤੇ ਸੇਵਾ ਤੋਂ ਪ੍ਰਭਾਵਿਤ ਹੋ ਕੇ ਮਾਤਾ ਸੁੰਦਰੀ ਜੀ ਨੇ ਸ. ਜੱਸਾ ਸਿੰਘ ਨੂੰ ਆਪਣੇ ਪਾਸ ਹੀ ਰੱਖ ਲਿਆ। ਸ. ਜੱਸਾ ਸਿੰਘ ਲਗਭਗ ਸੱਤ ਸਾਲ ਦਿੱਲੀ ਰਹੇ। ਉਥੇ ਆਪ ਜੀ ਨੇ ਪੜ੍ਹਾਈ-ਲਿਖਾਈ ਫ਼ਾਰਸੀ, ਗਣਿਤ ਅਤੇ ਧਾਰਮਿਕ ਸਿੱਖਿਆ ਪ੍ਰਾਪਤ ਕੀਤੀ। ਮਾਤਾ ਸੁੰਦਰੀ ਜੀ ਨੇ ਇਨ੍ਹਾਂ ਵਿਚ ਕੌਮ ਦਾ ਭਵਿੱਖ ਵੇਖਿਆ। ਉਸ ਤੋਂ ਬਾਅਦ ਸ. ਜੱਸਾ ਸਿੰਘ ਪੰਜਾਬ ਆ ਗਏ।

ਆਪਣੇ ਮਾਮਾ ਸ. ਬਾਘ ਸਿੰਘ ਰਾਹੀਂ ਆਪ ਨਵਾਬ ਕਪੂਰ ਸਿੰਘ ਦੇ ਸੰਪਰਕ ਵਿਚ ਆ ਗਏ, ਜੋ ਉਸ ਸਮੇਂ ਉਹ ਪੰਥ ਦੀ ਮਹਾਨ ਸ਼ਖ਼ਸੀਅਤ ਸਨ। ਉਹ ਅਤਿ ਦਰਜੇ ਦੇ ਦਲੇਰ, ਸੂਰਬੀਰ ਅਤੇ ਕਹਿਣੀ ਤੇ ਕਰਨੀ ਦੇ ਪੱਕੇ ਸਨ।

ਨਵਾਬ ਕਪੂਰ ਸਿੰਘ ਨੇ ਤੱਕ ਲਿਆ ਸੀ ਕਿ ਸ. ਜੱਸਾ ਸਿੰਘ ਵਿਚ ਜ਼ਿੰਮੇਵਾਰੀ ਦਾ ਅਹਿਸਾਸ ਹੈ ਅਤੇ ਗੁਣਾਂ ਦੀ ਗੁਥਲੀ ਹਨ। ਨਵਾਬ ਕਪੂਰ ਸਿੰਘ ਨੇ ਸ. ਜੱਸਾ ਸਿੰਘ ਨੂੰ ਧਰਮ-ਪੁੱਤਰ ਬਣਾ ਲਿਆ ਅਤੇ ਘੋੜਸਵਾਰੀ, ਤੀਰ-ਅੰਦਾਜ਼ੀ, ਸ਼ਸਤਰ ਵਿੱਦਿਆ ਵਿਚ ਪਰਪੱਕ ਬਣਾ ਦਿੱਤਾ। ਸ. ਜੱਸਾ ਸਿੰਘ ਨੇ ਨਵਾਬ ਕਪੂਰ ਸਿੰਘ ਜੀ ਦਾ ਹਰ ਹੁਕਮ ਮੰਨਿਆ ਅਤੇ ਹਰ ਤਰ੍ਹਾਂ ਸੇਵਾ ਕੀਤੀ। ਫਿਰ ਆਪ ਉਨ੍ਹਾਂ ਨਾਲ ਲੜਾਈਆਂ ਵਿਚ ਵੀ ਜਾਣ ਲੱਗ ਪਏ।

ਉਸ ਵੇਲੇ ਦੀ ਹਕੂਮਤ ਸਿੱਖਾਂ ਉੱਪਰ ਬਹੁਤ ਜ਼ੁਲਮ ਢਾਹ ਰਹੀ ਸੀ। ਜ਼ਾਲਮਾਂ ਦੇ ਜ਼ੁਲਮਾਂ ਨੂੰ ਸਦਾ ਲਈ ਖ਼ਤਮ ਕਰਨ ਦਾ ਕੌਮ ਵਿਚ ਬਹੁਤ ਰੋਹ ਸੀ। ਸਿੱਖਾਂ ਨੇ ਛੋਟੇ-ਛੋਟੇ ਜਥਿਆਂ ਵਿਚ ਗੁਰੀਲਾ ਰਣਨੀਤੀ ਅਪਣਾਈ। ਪਰੰਤੂ ਜਥਿਆਂ ਦਾ ਕੋਈ ਸਾਂਝਾ ਨੇਤਾ ਨਹੀਂ ਸੀ। 1733-34 ਈਸਵੀ ਵਿਚ ਸਾਰੇ ਖਿੰਡੇ-ਪੁੰਡੇ ਜਥਿਆਂ ਨੇ ਇਕੱਠੇ ਹੋ ਕੇ ਸ. ਕਪੂਰ ਸਿੰਘ ਨੂੰ ਸਾਂਝਾ ਨੇਤਾ ਚੁਣ ਲਿਆ। ਪੰਜਾਬ ਵਿਚ ਰਾਜਨੀਤਿਕ ਪ੍ਰਸਥਿਤੀਆਂ ਬਦਲ ਰਹੀਆਂ ਸਨ। ਰਾਜਨੀਤੀ ਵਿਚ ਕੌਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸਥਾਪਿਤ ਕਰਨ ਲਈ ਪਹਿਲਾਂ 1746 ਈ. ਅਤੇ ਫੇਰ 29 ਮਾਰਚ 1748 ਈ. ਨੂੰ ਸਾਰੇ ਜਥਿਆਂ ਦੀ ਸਾਂਝੀ ਮੀਟਿੰਗ ਹੋਈ। ਉਸ ਸਮੇਂ ਸਿੱਖ 65 ਜਥਿਆਂ ਵਿਚ ਵੰਡੇ ਹੋਏ ਸਨ। 29 ਮਾਰਚ 1748 ਈ. ਦੇ ਦਿਨ ਸਮੁੱਚੀ ਕੌਮ ਦੀਆਂ 11 ਮਿਸਲਾਂ ਬਣਾਈਆਂ ਗਈਆਂ। ਸ. ਜੱਸਾ ਸਿੰਘ ਆਹਲੂਵਾਲੀਆ ਮਿਸਲ ਦੇ ਮੁਖੀ ਅਤੇ ਨਾਲ ਹੀ ਸਾਰੀਆਂ ਮਿਸਲਾਂ ਦੇ ਨੇਤਾ ਬਣੇ। ਮਿਸਲਾਂ ਦੇ ਸਮੂਹ ਨੂੰ ਦਲ ਖਾਲਸਾ ਕਿਹਾ ਜਾਣ ਲੱਗਾ।

1746 ਈ. ਦੇ ਸ਼ੁਰੂ ਵਿਚ ਸਿੱਖ ਜਥਿਆਂ ਅਤੇ ਸਰਕਾਰੀ ਫੌਜ ਦੀ ਝੜਪ ਹੋ ਗਈ। ਲਾਹੌਰ ਦੇ ਦੀਵਾਨ ਲੱਖਪਤ ਰਾਏ ਦਾ ਭਰਾ ਜਸਪਤ ਰਾਏ ਝੜਪ ਵਿਚ ਮਾਰਿਆ ਗਿਆ। ਲਖਪਤ ਰਾਏ ਨੇ ਬਦਲਾ ਲੈਣ ਲਈ ਲਾਹੌਰ ਅਤੇ ਕਾਹਨੂੰਵਾਨ ਵਿਚ ਘਿਰੇ ਹਜ਼ਾਰਾਂ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ। ਇਸ ਲੜਾਈ ਵਿਚ ਨਵਾਬ ਕਪੂਰ ਸਿੰਘ ਅਤੇ ਸ. ਜੱਸਾ ਸਿੰਘ ਨੇ ਬਹੁਤ ਸੂਰਬੀਰਤਾ ਦਿਖਾਈ। ਇਸ ਕਤਲੇਆਮ ਨੂੰ ਛੋਟਾ ਘੱਲੂਘਾਰਾ ਕਿਹਾ ਜਾਂਦਾ ਹੈ।

1749 ਈ. ਵਿਚ ਦਲ ਖਾਲਸਾ ਨੇ ਦੀਵਾਨ ਕੌੜਾ ਮੱਲ ਨੂੰ ਮੁਲਤਾਨ ਦਾ ਸੂਬੇਦਾਰ ਬਣਨ ਵਿਚ ਫੌਜੀ ਸਹਾਇਤਾ ਦਿੱਤੀ। ਸ. ਜੱਸਾ ਸਿੰਘ ਆਹਲੂਵਾਲੀਆ ਨੇ ਇਸ ਸਹਾਇਤਾ ਦੇ ਬਦਲੇ ਦੀਵਾਨ ਕੌੜਾ ਮੱਲ ਤੋਂ ਗੁਰਦੁਆਰਾ ਬਾਲ ਲੀਲ੍ਹਾ ਨਨਕਾਣਾ ਸਾਹਿਬ ਵਿਖੇ ਬਣਵਾਇਆ ਅਤੇ ਬਹੁਤ ਸਾਰੇ ਗੁਰਦੁਆਰਾ ਸਾਹਿਬਾਨ ਦੀ ਮੁਰੰਮਤ ਕਰਵਾਈ।

1761 ਈ. ਵਿਚ ਅਬਦਾਲੀ ਨੇ ਪਾਣੀਪਤ ਵਿਖੇ ਮਰਹੱਟਿਆਂ ਨੂੰ ਹਰਾਇਆ। ਅਬਦਾਲੀ ਮਰਹੱਟਿਆਂ ਦਾ ਸਾਰਾ ਮਾਲ-ਧਨ ਅਤੇ 2200 ਔਰਤਾਂ ਨੂੰ ਬੰਦੀ ਬਣਾ ਕੇ ਆਪਣੇ ਨਾਲ ਲਿਜਾ ਰਿਹਾ ਸੀ। ਸ. ਜੱਸਾ ਸਿੰਘ ਆਹਲੂਵਾਲੀਆ ਨੇ ਦਲ ਖਾਲਸਾ ਦੀ ਅਗਵਾਈ ਕਰਕੇ ਇਨ੍ਹਾਂ ਬੰਦੀ ਔਰਤਾਂ ਨੂੰ ਅਜ਼ਾਦ ਕਰਵਾਇਆ ਅਤੇ ਘਰੋਂ- ਘਰੀਂ ਪਹੁੰਚਾਇਆ।

1761 ਈ. ਵਿਚ ਦਲ ਖਾਲਸਾ ਨੇ ਲਾਹੌਰ ਸ਼ਹਿਰ ਉੱਤੇ ਘੇਰਾ ਪਾ ਲਿਆ। ਲਾਹੌਰ ਦਾ ਮੁਖੀ ਉਬੇਦ ਖਾਂ ਕਿਲ੍ਹੇ ਵਿਚ ਹੀ ਲੁਕਿਆ ਰਿਹਾ। ਦਲ ਖਾਲਸਾ ਨੇ ਲਾਹੌਰ ਉੱਤੇ ਕਬਜ਼ਾ ਕਰ ਲਿਆ। ਇਹ ਦਲ ਖਾਲਸਾ ਦੀ ਪਹਿਲੀ ਇਤਿਹਾਸਕ ਜਿੱਤ ਸੀ। ਕੌਮ ਨੇ ਸ. ਜੱਸਾ ਸਿੰਘ ਆਹਲੂਵਾਲੀਆ ਨੂੰ ‘ਸੁਲਤਾਨ-ਉਲ-ਕੌਮ’ ਦੇ ਖਿਤਾਬ ਨਾਲ ਨਿਵਾਜਿਆ। ਲਾਹੌਰ ਦੀ ਜਿੱਤ ਦੀ ਖੁਸ਼ੀ ਵਿਚ ਨਵਾਂ ਸਿੱਕਾ ਜਾਰੀ ਕੀਤਾ।

1762 ਈ. ਵਿਚ ਅਬਦਾਲੀ ਨੇ ਛੇਵਾਂ ਹਮਲਾ ਸਿਰਫ਼ ਸਿੱਖਾਂ ਨੂੰ ਖ਼ਤਮ ਕਰਨ ਲਈ ਕੀਤਾ। ਮਲੇਰਕੋਟਲਾ ਨੇੜੇ ਕੁੱਪ ਪਿੰਡ ਦੇ ਅਸਥਾਨ ਕੋਲ ਦਲ ਖਾਲਸਾ ਅਤੇ ਅਬਦਾਲੀ ਦੀ ਫੌਜ ਵਿਚਕਾਰ ਘਮਸਾਨ ਦਾ ਯੁੱਧ ਹੋਇਆ। ਇਸ ਯੁੱਧ ਵਿਚ 25000-30000 ਸਿੱਖ ਸ਼ਹੀਦ ਹੋਏ। ਸ. ਜੱਸਾ ਸਿੰਘ ਆਹਲੂਵਾਲੀਆ ਨੂੰ ਇਸ ਯੁੱਧ ਵਿਚ 22 ਫੱਟ ਲੱਗੇ। ਇਸ ਕਤਲੇਆਮ ਨੂੰ ਵੱਡਾ ਘੱਲੂਘਾਰਾ ਕਹਿੰਦੇ ਹਨ।

1764 ਈ. ਨੂੰ ਦਲ ਖਾਲਸਾ ਨੇ ਸਰਹਿੰਦ ਉੱਪਰ ਹਮਲਾ ਕੀਤਾ। ਯੁੱਧ ਵਿਚ ਸਰਹਿੰਦ ਦਾ ਗਵਰਨਰ ਜ਼ਾਲਮ ਖਾਂ ਮਾਰਿਆ ਗਿਆ। ਸਰਹਿੰਦ ਦੀ ਜਿੱਤ ਵਿੱਚੋਂ ਸ. ਜੱਸਾ ਸਿੰਘ ਆਹਲੂਵਾਲੀਆ ਦੇ ਹਿੱਸੇ 9 ਲੱਖ ਰੁਪਏ ਆਏ, ਜੋ ਸਾਰੇ ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਦੀ ਸੇਵਾ ਲਈ ਦੇ ਦਿੱਤੇ। ਛੋਟੇ ਸਾਹਿਬਜ਼ਾਦਿਆਂ ਦੀ ਮਿੱਠੀ ਯਾਦ ਵਿਚ ਗੁਰਦੁਆਰਾ ਫਤਹਿਗੜ੍ਹ ਸਾਹਿਬ ਬਣਵਾਇਆ। 1765-66 ਈ. ਵਿਚ ਅਧੂਰੇ ਪਏ ਸ੍ਰੀ ਦਰਬਾਰ ਸਾਹਿਬ ਦੀ ਕਾਰ ਸੇਵਾ ਸ. ਜੱਸਾ ਸਿੰਘ ਆਹਲੂਵਾਲੀਆ ਦੀ ਦੇਖ-ਰੇਖ ਵਿਚ ਹੋਈ।

ਅਬਦਾਲੀ ਅੰਮ੍ਰਿਤਸਰ ਦੀ ਮੁਹਿੰਮ ਸਮੇਂ ਸ੍ਰੀ ਦਰਬਾਰ ਸਾਹਿਬ ਨੂੰ ਤੋਪਾਂ ਨਾਲ ਉਡਾਉਣਾ ਚਾਹੁੰਦਾ ਸੀ। ਉਸ ਸਮੇਂ ਨੌਸ਼ਹਿਰਾ ਪੰਨੂਆਂ ਦੇ ਚੌਧਰੀ ਸਾਹਿਬ ਰਾਏ ਨੇ 3 ਲੱਖ ਰੁਪਏ ਦੇ ਕੇ ਅਬਦਾਲੀ ਤੋਂ ਸ੍ਰੀ ਦਰਬਾਰ ਸਾਹਿਬ ਗਹਿਣੇ ਕਰ ਲਿਆ ਅਤੇ ਇਹ ਫੈਸਲਾ ਹੋਇਆ ਕਿ ਜਿੰਨੀ ਦੇਰ ਦਲ ਖਾਲਸਾ 3 ਲੱਖ ਰੁਪਏ ਨਹੀਂ ਮੋੜਦਾ, ਉਤਨੀ ਦੇਰ ਸ੍ਰੀ ਦਰਬਾਰ ਸਾਹਿਬ ਦਾ ਚੜ੍ਹਾਵਾ ਚੌਧਰੀ ਦਾ ਹੋਵੇਗਾ। ਸ. ਜੱਸਾ ਸਿੰਘ ਆਹਲੂਵਾਲੀਆ ਨੇ ਚੌਧਰੀ ਦੀ ਰਕਮ ਉਤਾਰ ਕੇ ਸ੍ਰੀ ਦਰਬਾਰ ਸਾਹਿਬ ਸਿੱਖ ਕੌਮ ਦੇ ਹਵਾਲੇ ਕੀਤਾ।

1777 ਈ. ਨੂੰ ਸ. ਜੱਸਾ ਸਿੰਘ ਆਹਲੂਵਾਲੀਆ ਨੇ ਕਪੂਰਥਲੇ ਉੱਪਰ ਹਮਲਾ ਕਰਨ ਉਪਰੰਤ ਕਬਜ਼ਾ ਕਰ ਲਿਆ ਅਤੇ ਆਪਣੀ ਰਾਜਧਾਨੀ ਬਣਾਇਆ। ਧੀਰ ਮੱਲੀਏ ਪੰਥ ਵਿੱਚੋਂ ਛੇਕੇ ਹੋਏ ਸਨ। ਸ. ਗੁਲਾਬ ਸਿੰਘ ਸੋਢੀ ਦੀ ਬੇਨਤੀ ਉੱਪਰ ਦਲ ਖਾਲਸਾ ਦੀਆਂ ਸ਼ਰਤਾਂ ਅਨੁਸਾਰ ਧੀਰ ਮੱਲੀਏ ਮੁੜ ਸਿੱਖ ਜਗਤ ਦਾ ਅੰਗ ਬਣ ਗਏ। ਇਹ ਫੈਸਲਾ ਸ. ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਵਿਚ ਲਿਆ ਗਿਆ।

ਪੰਥ ਦੇ ਦੋ ਮਹਾਨ ਜਰਨੈਲ ਸ. ਜੱਸਾ ਸਿੰਘ ਆਹਲੂਵਾਲੀਆ ਅਤੇ ਸ. ਬਘੇਲ ਸਿੰਘ ਦੀ ਕਮਾਨ ਹੇਠ ਸਿੱਖਾਂ ਨੇ ਮਾਰਚ 1783 ਈ. ਵਿਚ ਦਿੱਲੀ ਪਹੁੰਚ ਕੇ ਛਾਉਣੀ ਪਾਈ। ਇਸ ਜਗ੍ਹਾ ਨੂੰ ਹੁਣ ਤੀਸ ਹਜ਼ਾਰੀ ਕੋਰਟ ਕਿਹਾ ਜਾਂਦਾ ਹੈ। ਉਸ ਸਮੇਂ ਦਿੱਲੀ ਵਿਚ ਸ਼ਾਹ ਆਲਮ ਦੂਜਾ ਹੁਕਮਰਾਨ ਸੀ। 11 ਮਾਰਚ 1783 ਨੂੰ ਲਾਲ ਕਿਲ੍ਹੇ ਉੱਪਰ ਕਬਜ਼ਾ ਕਰ ਲਿਆ ਗਿਆ। ਸ. ਬਘੇਲ ਸਿੰਘ ਨੇ ਲਾਲ ਕਿਲ੍ਹੇ ਉੱਪਰ ਕੇਸਰੀ ਨਿਸ਼ਾਨ ਲਹਿਰਾਇਆ ਅਤੇ ਦੀਵਾਨੇ-ਆਮ ਵਿਚ ਸ. ਜੱਸਾ ਸਿੰਘ ਆਹਲੂਵਾਲੀਆ ਨੂੰ ਬਾਦਸ਼ਾਹ ਐਲਾਨ ਕੀਤਾ ਗਿਆ। ਪਰੰਤੂ ਸ. ਜੱਸਾ ਸਿੰਘ ਰਾਮਗੜ੍ਹੀਆ ਦੀ ਵਿਰੋਧਤਾ ਕਾਰਨ ਸ. ਜੱਸਾ ਸਿੰਘ ਆਹਲੂਵਾਲੀਆ ਨੇ ਤਖ਼ਤ ਛੱਡ ਦਿੱਤਾ ਕਿਉਂਕਿ ਆਪ ਨਿੱਜ ਤੋਂ ਉੱਪਰ ਸਨ ਅਤੇ ਆਪਸੀ ਲੜਾਈ ਦੇ ਹੱਕ ਵਿਚ ਨਹੀਂ ਸਨ।

ਸ. ਜੱਸਾ ਸਿੰਘ ਆਹਲੂਵਾਲੀਆ ਨੇ ਆਪਣੀ ਅਖੀਰਲੀ ਉਮਰ ਵਿਚ ਮੁਹਿੰਮਾਂ ਵਿਚ ਜਾਣਾ ਘੱਟ ਕਰ ਦਿੱਤਾ। ਆਪਣੇ ਇਲਾਕੇ ਦਾ ਪ੍ਰਬੰਧ ਸ. ਭਾਗ ਸਿੰਘ ਦੇ ਸਪੁਰਦ ਕਰਕੇ ਜ਼ਿਆਦਾ ਸਮਾਂ ਸ੍ਰੀ ਦਰਬਾਰ ਸਾਹਿਬ ਵਿਚ ਗੁਜ਼ਾਰਦੇ। ਅੰਤ 20 ਅਕਤੂਬਰ 1783 ਨੂੰ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦਾ ਅੰਤਮ ਸਸਕਾਰ ਬਾਬਾ ਅਟੱਲ ਵਿਖੇ ਕੀਤਾ ਗਿਆ।

ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਸਿੱਖਾਂ ਲਈ ਘੋਰ ਅੱਤਿਆਚਾਰ ਦਾ ਸਮਾਂ ਸੀ। ਸਿੱਖ ਨਗਰਾਂ ਨੂੰ ਛੱਡ ਕੇ ਜੰਗਲਾਂ ਅਤੇ ਮਾਰੂਥਲਾਂ ਵਿਚ ਰਹਿਣ ਲਈ ਮਜਬੂਰ ਹੋ ਗਏ। ਇਸ ਸਮੇਂ ਵਿਚ ਸਿੰਘਾਂ-ਸਿੰਘਣੀਆਂ ਨੇ ਸੀਸ ਦਿੱਤੇ, ਬੰਦ-ਬੰਦ ਕਟਵਾਏ, ਆਰਿਆਂ ਨਾਲ ਚੀਰੇ ਗਏ, ਚਰਖੜੀਆਂ ਉੱਪਰ ਚੜ੍ਹਾਏ ਗਏ ਅਤੇ ਸਿੱਖਾਂ ਦੇ ਸਿਰਾਂ ਦਾ ਮੁੱਲ ਪਿਆ। ਇਸ ਘੋਰ ਸਮੇਂ ਵਿਚ ਸ. ਜੱਸਾ ਸਿੰਘ ਆਹਲੂਵਾਲੀਆ ਸਭ ਤੋਂ ਮਹਾਨ ਨਾਇਕ ਹੋ ਕੇ ਉਭਰੇ। ਆਪ ਜੀ ਨੇ ਬਹਾਦਰੀ, ਨਿਡਰਤਾ, ਅਡੋਲਤਾ ਅਤੇ ਸਿਦਕ ਦਾ ਇਤਿਹਾਸ ਰਚਿਆ। ਆਪ ਜੀ ਨੇ ਆਪਣੇ ਆਪ ਨੂੰ ਖੱਬੀ ਖਾਂ ਅਖਵਾਉਣ ਵਾਲੇ ਨਾਦਰ ਸ਼ਾਹ, ਮੀਰ ਮਨੂੰ, ਜ਼ਕਰੀਆ ਖਾਨ, ਅਦੀਨਾ ਬੇਗ, ਸਲਾਬਤ ਖਾਂ ਵਰਗਿਆਂ ਦੇ ਦੰਦ ਖੱਟੇ ਕੀਤੇ। ਉਸ ਸਮੇਂ ਏਸ਼ੀਆ ਦਾ ਸਭ ਤੋਂ ਵੱਡਾ ਧਾੜਵੀ ਅਤੇ ਨਾਪਾਕ ਲੁਟੇਰਾ ਅਹਿਮਦ ਸ਼ਾਹ ਅਬਦਾਲੀ ਸੀ, ਜਿਸ ਨੇ ਭਾਰਤ ਉੱਤੇ ਦਸ ਹਮਲੇ ਕੀਤੇ, ਦਿੱਲੀ ਹਰਾਇਆ, ਮਰਾਠਾ ਸ਼ਕਤੀ ਦਾ ਵਿਨਾਸ਼ ਕੀਤਾ। ਕੌਮ ਦੇ ਸ਼ੇਰ ਸ. ਜੱਸਾ ਸਿੰਘ ਆਹਲੂਵਾਲੀਆ ਨੇ ਇਸ ਦਰਿੰਦੇ ਨੂੰ ਭਾਜੜਾਂ ਪਾਈਆਂ। ਆਪ ਜੀ ਨੇ 40 ਸਾਲ ਕੌਮ ਦੀ ਨਿੱਜ ਤੋਂ ਉੱਪਰ ਹੋ ਕੇ ਸੇਵਾ ਕੀਤੀ ਅਤੇ ਬਿਖੜੇ ਸਮੇਂ ਵਿਚ ਕੌਮ ਦੀ ਅਗਵਾਈ ਕੀਤੀ। ਆਪ ਜੀ ਦੀ ਤੇਗ਼ ਨੇ ਦਿੱਲੀ ਝੁਕਾਈ, ਕਾਬਲ ਨਿਵਾਇਆ ਅਤੇ ਪੰਜਾਬ ਦਾ ਰਾਜ ਪੰਜਾਬ ਦੇ ਵਾਰਸਾਂ ਦੇ ਸਪੁਰਦ ਕੀਤਾ। ਸਿੱਖ ਮਿਸਲਾਂ ਨੇ ਉੱਤਰ ਵਿਚ ਕਾਂਗੜਾ, ਦੱਖਣ ਵਿਚ ਮੁਲਤਾਨ, ਪੂਰਬ ਵਿਚ ਸਹਾਰਨਪੁਰ ਅਤੇ ਪੱਛਮ ਵਿਚ ਅਟਕ ਤਕ ਹਕੂਮਤ ਕੀਤੀ। ਆਪ ਜੀ ਨੂੰ ਸਮੁੱਚੀ ਕੌਮ ਨੇ ਪਿਆਰ ਅਤੇ ਸਤਿਕਾਰ ਦਿੱਤਾ। ਪਟਿਆਲਾ ਅਤੇ ਜੀਂਦ ਦੇ ਮਹਾਰਾਜੇ, ਜੰਮੂ, ਕਾਂਗੜਾ, ਬਿਲਾਸਪੁਰ, ਨਾਲਾਗੜ੍ਹ ਦੇ ਸੂਬੇਦਾਰ, ਕੁੰਜਪੁਰ ਅਤੇ ਮਲੇਰਕੋਟਲਾ ਦੇ ਨਵਾਬ ਆਪ ਜੀ ਦੀ ਸ਼ਖ਼ਸੀਅਤ ਦੀ ਦਾਦ ਦਿੰਦੇ ਸਨ। ਭਾਰਤ ਸਰਕਾਰ ਨੇ 1985 ਈ. ਵਿਚ ਇਸ ਮਹਾਨ ਯੋਧੇ ਦੀ ਯਾਦ ਨੂੰ ਸਮਰਪਿਤ ਡਾਕ ਟਿਕਟ ਜਾਰੀ ਕੀਤਾ। ਇੰਡੀਅਨ ਨੈਸ਼ਨਲ ਟਰੱਸਟ ਫਾਰ ਆਰਟ ਐਂਡ ਕਲਚਰ ਹੈਰੀਟੇਜ ਉਨ੍ਹਾਂ ਦੀ ਯਾਦਗਾਰ ਅਤੇ ਕਿਲ੍ਹੇ ਦੀ ਸੰਭਾਲ ਲਈ ਅੱਗੇ ਆਏ ਹਨ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

#46 AUTUMN BLVD, BRAMPTON, ON. CANADA-L67 2W2.

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)