editor@sikharchives.org

ਤੇਰੀ ਘਾਲਿ ਪਰੀ ਅਬਿ ਥਾਇ

ਜਿਸ ’ਤੇ ਸਤਿਗੁਰੂ ਜੀ ਰੀਝ ਜਾਣ ਤਾਂ ਸਮਝੋ ਉਸ ਉੱਤੇ ਤਿੰਨਾਂ ਲੋਕਾਂ ਦੇ ਮਾਲਕ ਵਾਹਿਗੁਰੂ ਜੀ ਦਿਆਲੂ ਹੋ ਗਏ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਸਤਿਗੁਰੂ ਦੀ ਕ੍ਰਿਪਾਲ ਦ੍ਰਿਸ਼ਟੀ, ਇਕ ਬੂੰਦ ਨੂੰ ਮਹਾਨ ਸਾਗਰ ਬਣਾ ਦਿੰਦੀ ਹੈ। ਜਿਨ੍ਹਾਂ ਵੀ ਜੀਵਾਂ ’ਤੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਉਹ ਨਿਹਾਲ ਹੋ ਗਏ, ਉਨ੍ਹਾਂ ਦੀ ਅਗਿਆਨਤਾ ਖਤਮ ਹੋ ਗਈ। ਉਹ ਲੋਕ ਤੇ ਪਰਲੋਕ ਦੀ ਵਡਿਆਈ ਪ੍ਰਾਪਤ ਕਰਕੇ ਆਪ ਵੀ ਤਰ ਗਏ ਤੇ ਹੋਰ ਵੀ ਬਹੁਤ ਸਾਰਿਆਂ ਨੂੰ ਤਾਰ ਕੇ ਲੈ ਗਏ। ਅਜਿਹੇ ਗੁਰਸਿੱਖਾਂ ਵਿਚ ਭਾਈ ਸੱਚਨ ਸਚ ਜੀ ਹੋਏ ਹਨ। ਜ਼ਿਲ੍ਹਾ ਸ਼ੇਖੂਪੁਰਾ ਦੀ ਤਹਿਸੀਲ ਸ਼ਰਕਪੁਰ ਦੇ ਪਿੰਡ ਮੰਦਰ ਦਾ ਵਾਸੀ ਇਕ ਸਧਾਰਣ ਬ੍ਰਾਹਮਣ ਸ੍ਰੀ ਗੁਰੂ ਅਮਰਦਾਸ ਜੀ ਦੀ ਮਹਿਮਾ ਸੁਣ ਕੇ ਗੁਰੂ-ਦਰਬਾਰ ਹਾਜ਼ਰ ਹੋਇਆ। ਉਹ ਪੜਨ-ਸੁਣਨ ਤੇ ਬੋਲਣ ਦੇ ਢੰਗ, ਮਿਲਣ-ਵਰਤਣ ਤੇ ਲੈਣ-ਦੇਣ ਬਾਰੇ ਕੁਝ ਨਹੀਂ ਜਾਣਦਾ ਸੀ। ਜਾਪ ਜਾਂ ਮੰਤਰ ਆਦਿ ਕੁਝ ਵੀ ਜਪਣ ਦੀ ਸਮਝ ਉਸ ਨੂੰ ਨਹੀਂ ਸੀ। ਭਾਵ ਕਿ ਅਤਿ ਸਿੱਧਾ-ਸਾਦਾ। ਜਾਂਦਿਆਂ ਆਉਂਦਿਆਂ, ਉਠਦਿਆਂ, ਬੈਠਦਿਆਂ ਸੱਚਨ-ਸਚ ਸ਼ਬਦ ਬੋਲਦਾ ਰਹਿੰਦਾ ਤੇ ਧਿਆਨ ਸਤਿਗੁਰਾਂ ਵਿਚ ਜੋੜੀ ਰੱਖਦਾ। ਗੁਰੂ ਕੇ ਲੰਗਰ ਲਈ ਰੋਜ਼ਾਨਾ ਲੱਕੜਾਂ ਲਿਆਉਂਦਾ। ਸਿੱਖ ਸੰਗਤ ਉਸ ਨੂੰ ਸੱਚਨ ਸਚ ਨਾਂ ਨਾਲ ਹੀ ਬੁਲਾਉਣ ਲੱਗ ਪਈ। ਆਖਾ ਉਹ ਕਦੇ ਵੀ ਕਿਸੇ ਦਾ ਨਾ ਮੋੜਦਾ। ਸੰਗਤ ਉਸ ਦੀ ਸੇਵਾ ’ਤੇ ਖੁਸ਼ ਹੁੰਦੀ। ਫਿਰ ਜਿਸ ਉੱਤੇ ਸੰਗਤ ਖੁਸ਼ ਹੋਵੇ ਤੇ ਸਤਿਗੁਰੂ ਜੀ ਵੀ ਮਨੋਂ ਉਸ ਉੱਤੇ ਕਿਰਪਾਲੂ ਹੁੰਦੇ ਸਨ। ਜਿਸ ’ਤੇ ਸਤਿਗੁਰੂ ਜੀ ਰੀਝ ਜਾਣ ਤਾਂ ਸਮਝੋ ਉਸ ਉੱਤੇ ਤਿੰਨਾਂ ਲੋਕਾਂ ਦੇ ਮਾਲਕ ਵਾਹਿਗੁਰੂ ਜੀ ਦਿਆਲੂ ਹੋ ਗਏ। ਜਦੋਂ ਪ੍ਰਭੂ ਜੀ ਰੀਝ ਜਾਣ ਤਾਂ ਤਿੰਨਾਂ ਲੋਕਾਂ ਦੀ ਸੋਝੀ ਆ ਜਾਂਦੀ ਹੈ।

ਭਾਈ ਸੱਚਨ ਸਚ ਸਰੀਰ ਨੂੰ ਢੱਕਣ ਲਈ ਇਕ ਕੰਬਲ ਲੈਂਦਾ ਸੀ ਜਿਸ ਕਰਕੇ ਲੋਕ ਉਸ ਨੂੰ ਭੂਰੇ-ਵਾਲਾ ਵੀ ਆਖਦੇ ਸਨ। ਇਕ ਦਿਨ ਜਦੋਂ ਆਮ ਵਾਂਗ ਗੁਰੂ ਕੇ ਲੰਗਰ ਲਈ ਬਾਲਣ ਲੈਣ ਗਿਆ ਤਾਂ ਇਕ ਪਾਗ਼ਲ ਇਸਤਰੀ ਜੋ ਨਗਨ ਹਾਲਤ ਵਿਚ ਸੀ ਭਾਈ ਸੱਚਨ ਸਚ ਦੇ ਵੱਲ ਭੱਜੀ ਆਈ। ਇਹ ਹਰੀਪੁਰ ਦੇ ਰਾਜੇ ਦੀ ਨਵ-ਵਿਆਹੀ ਪਤਨੀ ਸੀ ਤੇ ਗੁਰੂ-ਦਰਬਾਰ ਵਿਚ ਘੁੰਡ ਕੱਢ ਕੇ ਸ਼ਾਮਲ ਹੋਈ ਸੀ ਜਿਸ ਨੂੰ ਵੇਖਕੇ ਸ੍ਰੀ ਗੁਰੂ ਅਮਰਦਾਸ ਜੀ ਸਹਿਜ-ਸੁਭਾਅ ਬੋਲੇ ਸਨ, ‘ਇਹ ਕਮਲੀ ਕਾਹਦੇ ਲਈ ਆਈ ਹੈ ਜੇਕਰ ਇਸ ਨੂੰ ਸਾਡੇ ਦਰਸ਼ਨ ਹੀ ਨਹੀਂ ਭਾਉਂਦੇ।’ ਉਹ ਸੁੱਧ-ਬੁੱਧ ਭੁੱਲ ਕੇ ਜੰਗਲਾਂ ਨੂੰ ਭੱਜ ਗਈ ਸੀ। ਉਸ ਨੇ ਸੱਚਨ ਸਚ ਜੀ ਨੂੰ ਫੜ ਲਿਆ ਤੇ ਜ਼ਖ਼ਮੀ ਕਰ ਦਿੱਤਾ। ਭਾਈ ਸੱਚਨ-ਸਚ ਜੀ ਜਦੋਂ ਦਰਬਾਰ ਪਹੁੰਚੇ ਤਾਂ ਡਰੇ ਹੋਏ ਸਨ। ਸਤਿਗੁਰਾਂ ਨੂੰ ਪਤਾ ਲੱਗਾ ਤਾਂ ਪਾਤਿਸ਼ਾਹ ਨੇ ਆਪਣੀ ਇਕ ਖੜਾਂਵ ਦਿੱਤੀ ਤੇ ਕਿਹਾ- ‘ਹੇ ਭਾਈ! ਤੂੰ ਡਰ ਨਾ ਉਹ ਕੋਈ ਬਲਾਅ ਨਹੀਂ ਹੈ। ਹਰੀਪੁਰ ਵਾਲੇ ਰਾਜੇ ਦੀ ਰਾਣੀ ਹੈ ਜੋ ਝੱਲੀ ਹੋ ਗਈ ਸੀ ਫਿਰ ਮਿਲੇ ਤਾਂ ਉਸ ਨੂੰ ਇਹ ਛੁਹਾ ਦੇਵੀਂ, ਉਹ ਰਾਜ਼ੀ ਹੋ ਜਾਵੇਗੀ, ਤੇ ਉਸ ਨੂੰ ਨਾਲ ਹੀ ਲੈ ਆਵੀਂ।’ ਅਗਲੇ ਦਿਨ ਭਾਈ ਸੱਚਨ ਸਚ ਮੁੜ ਉਸ ਪਾਸੇ ਜੰਗਲ ਨੂੰ ਲੱਕੜਾਂ ਲੈਣ ਗਏ। ਉਹ ਇਸਤਰੀ ਦੂਰੋਂ ਵੇਖ ਕੇ ਕੂਕਣ ਲੱਗੀ ਅਤੇ ਦੌੜਦੀ ਹੋਈ ਭਾਈ ਜੀ ਦੇ ਵੱਲ ਵਧੀ। ਜਦੋਂ ਉਹ ਹੱਥ ਮਾਰਨ ਲਈ ਉਛਲੀ ਤਾਂ ਭਾਈ ਸੱਚਨ-ਸਚ ਨੇ ਉਸ ਦੇ ਸਿਰ ਵਿਚ ਖੜਾਂਵ ਜੜ ਦਿੱਤੀ। ਗੁਰੂ ਜੀ ਦੀ ਖੜਾਂਅ ਛੂੰਹਦਿਆਂ ਹੀ ਉਸ ਨੂੰ ਸੋਝੀ ਆ ਗਈ ਤੇ ਉਹ ਸਰੀਰ ਨੂੰ ਸੰਭਾਲਦੀ ਬਹਿ ਗਈ। ਆਪਣੀ ਹਾਲਤ ਦੇਖ ਸ਼ਰਮਸ਼ਾਰ ਹੋ ਗਈ। ਉਸ ਨੂੰ ਗੁਰੂ ਜੀ ਦੀ ਗੱਲ ਯਾਦ ਆਈ ਕਿ ਗੁਰੂ ਜੀ ਨੇ ਉਸ ਨੂੰ ਕਮਲੀ ਆਖ ਦਿੱਤਾ ਸੀ। ਫਿਰ ਉਹ ਬੋਲੀ- ‘ਹੇ ਗੁਰਸਿੱਖ! ਕੋਈ ਕੱਪੜਾ ਦੇ ਤਾਂ ਕੇ ਮੈਂ ਆਪਣਾ ਸਰੀਰ ਕੱਜ ਲਵਾਂ ਅਤੇ ਸਤਿਗੁਰਾਂ ਦੀ ਹਜ਼ੂਰੀ ਵਿਚ ਜਾ ਕੇ ਆਪਣੀ ਭੁੱਲ ਬਖਸ਼ਾਵਾਂ, ਸਤਿਗੁਰਾਂ ਦੇ ਦਰਸ਼ਨ ਕਰਨ ਨਾਲ ਸਾਰੇ ਦੋਸ਼ ਮਿਟ ਜਾਣਗੇ।’ ਭਾਈ ਸੱਚਨ ਸਚ ਜੀ ਨੇ ਆਪਣੀ ਕੰਬਲੀ ਉਸ ਨੂੰ ਦੇ ਦਿੱਤੀ ਅਤੇ ਆਪਣੇ ਨਾਲ ਲੈ ਆਏ। ਜਦੋਂ ਦੋਵੇਂ ਸਤਿਗੁਰਾਂ ਦੇ ਸਨਮੁਖ ਹਾਜ਼ਰ ਹੋਏ ਤਾਂ ਰਹਿਮਤਾਂ ਦੇ ਮਾਲਕ ਦੀ ਕਿਰਪਾ-ਦ੍ਰਿਸ਼ਟੀ ਦੇ ਭੰਡਾਰ ਕੀ ਖੁੱਲ੍ਹੇ, ਭਾਈ ਸੱਚਨ ਸਚ ਦੇ ਭਾਗ ਖੁੱਲ ਗਏ। ਪ੍ਰਸੰਨ-ਚਿੱਤ ਸਤਿਗੁਰਾਂ ਬਚਨ ਕੀਤਾ ‘ਹੇ ਭਾਈ ਸੱਚਨ ਸਚ ਤੇਰੀ ਘਾਲਣਾ ਸਫਲ ਹੋ ਗਈ ਹੈ। ਹੁਣ ਤੁਸੀਂ ਪਤੀ-ਪਤਨੀ ਬਣ ਕੇ ਇਕ ਥਾਂ ’ਤੇ ਰਹੋ। ਇਸ ਲਈ ਘਰ ਜਾ ਕੇ ਮੇਰਾ ਧਿਆਨ ਧਰੋ:

ਕ੍ਰਿਪਾ ਕਰੀ ਪੁਨ ਕਹਯੋ ਸੁਨਹੁ ਪਤਿ ਇਸਤ੍ਰੀ ਬਨ ਰਹੁ ਇਕ ਥਾਇ।
ਤੇਰੀ ਘਾਲਿ ਪਰੀ ਅਬਿ ਥਾਇ ਸੁ ਮੇਰੇ ਧਯਾਨ ਕਰਹੁ ਘਰ ਜਾਇ॥34॥ (ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ, ਰਾਸਿ ਪਹਿਲੀ, ਅਧਿ: 33)

ਸਤਿਗੁਰਾਂ ਨੇ ਭਾਈ ਸੱਚਨ ਸਚ ਨੂੰ ਮੰਜੀਦਾਰ ਬਣਾਇਆ ਤੇ ਰਹਿਮਤ ਕਰਦਿਆਂ ਕਿਹਾ ‘ਆਪਣੇ ਘਰ ਵਸੇ ਰਹੋ। ਥਾਂ-ਪਰ-ਥਾਂ ਗੁਰਮੁਖ ਮਾਰਗ ਦਾ ਪ੍ਰਕਾਸ਼ ਕਰੋ। ਮੇਰੀਆਂ ਰਹਿਮਤਾਂ ਤੇਰੇ ਰਾਹੀਂ ਵਰਸਣਗੀਆਂ:

ਬਚਨ ਫੁਰਹਿ ਤੁਵ ਬਰ ਜੁ ਸ੍ਰਾਪ ਸਭਿ, ਨਿਜ ਗ੍ਰਹਿ ਬਸਹੁ ਚਿੰਤ ਕਿਤ ਖੋਇ।
ਗੁਰਮੁਖ ਪੰਥ ਪ੍ਰਕਾਸ਼ਹੁ ਜਿਤ ਕਿਤ, ਅਜਮਤ ਕਹਤ ਸਹਤ ਭਯੋ ਤਬ ਸੋਇ॥35॥ (ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ, ਰਾਸਿ ਪਹਿਲੀ, ਅਧਿ 33)

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

Balwinder Singh Jorasingha
ਰੀਸਰਚ ਸਕਾਲਰ, ਸਿੱਖ ਇਤਿਹਾਸ ਰੀਸਰਚ ਬੋਰਡ -ਵਿਖੇ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

#160, ਪ੍ਰਤਾਪ ਐਵੀਨਿਊ, ਜੀ. ਟੀ. ਰੋਡ, ਅੰਮ੍ਰਿਤਸਰ

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)